.

ਪ੍ਰਸ਼ਨ: ਗੁਰੂ ਗਰੰਥ ਸਾਹਿਬ ਵਿੱਚ ਹਠ ਨੂੰ ਪਰਵਾਣ ਨਹੀਂ ਕੀਤਾ ਗਿਆ, ਪਰ ਅਰਦਾਸ ਵਿੱਚ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਤੋਂ ਬਾਅਦ ਵਿੱਚ ਹਠੀਆਂ ਦਾ ਧਿਆਨ ਧਰਨ ਲਈ ਵੀ ਆਖਿਆ ਗਿਆ ਹੈ। ਕੀ ਅਰਦਾਸ ਦੇ ਇਹ ਸ਼ਬਦ ਗੁਰਬਾਣੀ ਦੇ ਆਸ਼ੇ ਦੇ ਅਨੁਕੂਲ ਹਨ?

ਉੱਤਰ: ਗੁਰੂ ਗਰੰਥ ਸਾਹਿਬ ਵਿੱਚ ਜਿਸ ਹਠ ਦੀ ਨਿਖੇਧ ਕੀਤੀ ਗਈ ਹੈ ਉਹ ਮਨ ਹਠ ਹੈ। ਅਗਿਆਨਮਈ ਹਠ ਨੂੰ ਹੀ ਮਨ ਹਠ ਆਖਿਆ ਗਿਆ ਹੈ। ਜੇਹੜੇ ਹਠ ਕਰਮ `ਚ ਹਠ ਕਰਮੀ ਦਾ ਉਦੇਸ਼ ਆਤਮਕ ਉਨਤੀ ਦੀ ਬਜਾਇ ਕੇਵਲ ਬਾਹਰੀ ਵਿਖਾਵੇ ਰਾਂਹੀ ਆਪਣੀ ਹਉਂਮੈ ਰੋਗ ਨੂੰ ਹੀ ਹੋਰ ਵਧਾਉਣਾ ਹੈ, ਇਸ ਤਰ੍ਹਾਂ ਦੇ ਹਠ ਨੂੰ ਕਿਸੇ ਵੀ ਰੂਪ ਵਿੱਚ ਸਿੱਖੀ ਵਿੱਚ ਸਵੀਕਾਰ ਨਹੀਂ ਕੀਤਾ ਗਿਆ ਹੈ। ਕਿਉਂਕਿ ਇਸ ਤਰ੍ਹਾਂ ਦੇ ਕਰਮ ਦਾ ਅਧਿਆਤਮਕ ਜੀਵਨ ਨਾਲ ਕਿਸੇ ਤਰ੍ਹਾਂ ਦਾ ਵੀ ਸਬੰਧ ਨਹੀਂ ਹੁੰਦਾ। ਇਸ ਲਈ ਗੁਰਮਤਿ ਵਿੱਚ ਤਾਂ ਉਹਨਾਂ ਕਰਮਾਂ ਨੂੰ ਹੀ ਪਰਵਾਣ ਕੀਤਾ ਹੈ ਜਿਹਨਾਂ ਰਾਂਹੀ ਸਾਡੀ ਮਨ ਰੂਪੀ ਅੰਧਕਾਰ ਕੋਠੜੀ ਵਿੱਚ ਗਿਆਨ ਦਾ ਪ੍ਰਕਾਸ ਹੋ ਸਕੇ; ਜੀ ਹਾਂ, ਜਿਹਨਾਂ ਕਰਮਾਂ ਨਾਲ ਸਾਡੇ ਅੰਦਰ ਆਤਮਕ ਗੁਣ ਪੈਦਾ ਹੋ ਸਕਣ। ਅਸੀਂ ਆਤਮਕ ਜ਼ਿੰਦਗੀ ਮਾਣ ਸਕੀਏ। ਅਰਦਾਸ ਵਿੱਚ ਜਿਹਨਾਂ ਹਠੀਆਂ ਦਾ ਜ਼ਿਕਰ ਕੀਤਾ ਗਿਆ ਹੈ ਉਹ ਹਠੀ, ‘ਮਨ ਦੇ ਹਠ’ ਵਾਲੇ ਨਹੀਂ ਹਨ। ਇਹ ਬਿਬੇਕੀ ਹਠੀ ਹਨ। ਗੁਰਮਤਿ ਵਿੱਚ ਬਿਬੇਕੀ ਹੱਠੀਆਂ ਨੂੰ ਹੀ ਗੁਰੂ ਗਰੰਥ ਸਾਹਿਬ ਵਿੱਚ ਸਲਾਹਿਆ ਗਿਆ ਹੈ। ਬਿਬੇਕੀ ਹੱਠ ਤੋਂ ਭਾਵ ਹੈ ਲਾਲਚ, ਭੈ, ਅਤੇ ਮੋਹ ਵਸ ਸੱਚ ਦੀਆਂ ਕਦਰਾਂ ਕੀਮਤਾਂ ਨੂੰ ਨਾ ਤਿਆਗਣਾ। ਸੱਚ `ਤੇ ਅਡੋਲਤਾ ਨਾਲ ਪਹਿਰਾ ਦੇਂਦਿਆਂ ਆਤਮਕ ਜ਼ਿੰਦਗੀ ਜਿਊਣਾ। ਭਾਈ ਕਾਨ੍ਹ ਸਿੰਘ ਨਾਭਾ ਇਸ ਸਬੰਧ ਵਿੱਚ ਲਿੱਖਦੇ ਹਨ, “ਹਠੀ ਦੋ ਪ੍ਰਕਾਰ ਦੇ ਹਨ। ਇੱਕ ਅੰਧਵਾਸ਼ੀ, ਜੋ ਯਥਾਰਥ ਜਾਣਨ ਪੁਰ ਭੀ ਅਗਿਆਨ ਨਾਲ ਦ੍ਰਿੜ ਕੀਤੀ ਗੱਲ ਨੂੰ ਨਾ ਤਿਆਗੇ। ਇਹ ਨਿੰਦਿਤ ਹਠੀ ਹੈ। …ਦੂਜਾ ਉੱਤਮ ਹਠੀ ਹੈ ਜੋ ਸਤਯ ਵਿਚਾਰ ਨੂੰ ਕਿਸੇ ਲਾਲਚ ਅਥਵਾ ਭੈ ਕਰਕੇ ਨਹੀਂ ਤਿਆਗਦਾ ਅਤੇ ਆਤਮਕ ਕਮਜ਼ੋਰੀ ਨਹੀਂ ਦਿਖਾਉਂਦਾ।” (ਮਹਾਨ ਕੋਸ਼)

ਇਹੋ ਜੇਹੇ ਹਠੀ ਅੰਧਵਾਸ਼ੀ ਅਸਫਲ ਹੋਣ `ਤੇ ਵੀ ਆਪਣੀ ਗ਼ਲਤੀ ਮੰਣਨ ਲਈ ਤਿਆਰ ਨਹੀਂ ਹੁੰਦੇ। ਅਜੇਹੇ ਹਠੀਆਂ ਦੀ ਮਨੋਵਿਰਤੀ ਦੀ ਹੀ ਇਹ ਪੰਗਤੀਆਂ ਤਰਜਮਾਨੀ ਕਰਦੀਆਂ ਹਨ:

“ਗਿਦੜ ਦਾਖ ਨ ਅਪੜੈ ਆਖੈ ਥੂਹ ਕਉੜੀ॥

ਨਚਣੁ ਨਚਿ ਨ ਜਾਣਈ ਆਖੈ ਭੁਇ ਸਉੜੀ॥” (ਭਾਈ ਗੁਰਦਾਸ ਜੀ)

ਇਸ ਤਰ੍ਹਾਂ ਦੇ ਹਠੀ ਆਪਣੇ ਅਗਿਆਨ ਭਰਪੂਰ ਹਠ ਨੂੰ ਕਿਸੇ ਵੀ ਕੀਮਤ `ਤੇ ਤਿਆਗਨ ਲਈ ਤਿਆਰ ਨਹੀਂ ਹੁੰਦੇ। ਅਜੇਹੇ ਹਠੀਆਂ ਬਾਰੇ ਹੀ ਭਾਈ ਗੁਰਦਾਸ ਜੀ ਕਹਿੰਦੇ ਹਨ:

“ਕੁਤਾ ਰਾਜਿ ਬਹਾਲੀਐ ਫਿਰਿ ਚਕੀ ਚਟੈ॥ ਸਪੈ ਦੁਧੁ ਪੀਆਲੀਐ ਵਿਹੁ ਮੁਖਹੁ ਸਟੈ॥

ਪਥਰੁ ਪਾਣੀ ਰਖੀਐ ਮਨਿ ਹਠੁ ਨ ਘਟੈ॥ ਚੋਆ ਚੰਦਨੁ ਪਰਹਰੈ ਖਰੁ ਖੇਹ ਪਲਟੈ॥

ਤਿਉ ਨਿੰਦਕ ਪਰ ਨਿੰਦਹੂ ਹਠਿ ਮੂਲਿ ਨ ਹਟੈ॥” (ਵਾਰ 35, ਪਉੜੀ 1)

ਭਾਈ ਸਾਹਿਬ ਅੰਤ ਵਿੱਚ ਲਿੱਖਦੇ ਹਨ ਕਿ ਇਸ ਸੁਭਾਅ ਕਾਰਨ ਹੀ ਉਹ “ਆਪਣ ਹਥੀ ਆਪਣੀ ਜੜ ਆਪਿ ਉਪਟੈ॥”

ਗੁਰੂ ਗਰੰਥ ਸਾਹਿਬ ਵਿੱਚ ਜਿਹਨਾਂ ਨੂੰ ਹਠ ਕਰਮੀ ਆਖਿਆ ਗਿਆ ਹੈ ਉਹ ਨਿਮਨ ਲਿੱਖਤ ਅਨੁਸਾਰ ਹਨ:

ਹਠ ਕਰਕੇ ਆਪਣੇ ਇੰਦ੍ਰਿਆਂ ਨੂੰ ਰੋਕਣ ਦੀ ਕੋਸ਼ਸ਼ ਕਰਨੀ। ਪਰੰਤੂ ਅੰਦਰ ਸ਼ਾਂਤੀ, ਟਿਕਾਓ ਨਾ ਹੋਣਾ:- ਨਾਮ ਬਿਨਾ ਗਤਿ ਕੋਇ ਨ ਪਾਵੈ ਹਠਿ ਨਿਗ੍ਰਹਿ ਬੇਬਾਣੈ ॥ ਨਾਨਕ ਸਚ ਘਰੁ ਸਬਦਿ ਸਿਞਾਪੈ ਦੁਬਿਧਾ ਮਹਲੁ ਕਿ ਜਾਣੈ ॥ (ਪੰਨਾ 243) ਅਰਥ: ਹਠ ਕਰ ਕੇ ਇੰਦ੍ਰਿਆਂ ਨੂੰ ਰੋਕਣ ਦਾ ਜਤਨ ਕਰ ਕੇ ਜੰਗਲ ਵਿੱਚ ਜਾ ਬੈਠਣ ਨਾਲ ਕੋਈ ਮਨੁੱਖ ਉੱਚੀ ਆਤਮਕ ਅਵਸਥਾ ਪ੍ਰਾਪਤ ਨਹੀਂ ਕਰਦਾ, ਜੇ ਉਹ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ।

ਸਰੀਰ ਨੂੰ ਕਈ ਤਰ੍ਹਾਂ ਦੇ ਕਸ਼ਟ ਦੇਕੇ ਆਤਮਕ ਉੱਨਤੀ ਦਾ ਯਤਨ ਕਰਨਾ:-

ਹਠੁ ਕਰਿ ਮਰੈ ਨ ਲੇਖੈ ਪਾਵੈ ॥ (ਪੰਨਾ 226) ਅਰਥ: ਜੇ ਕੋਈ ਮਨੁੱਖ ਮਨ ਦਾ ਹਠ ਕਰ ਕੇ ਧੂਣੀਆਂ ਆਦਿਕ ਤਪਾ ਕੇ) ਸਰੀਰਕ ਔਖ ਸਹਾਰਦਾ ਹੈ, ਤਾਂ ਉਸ ਦਾ ਇਹ ਕਸ਼ਟ ਸਹਾਰਨਾ ਕਿਸੇ ਗਿਣਤੀ ਵਿੱਚ ਨਹੀਂ ਗਿਣਿਆ ਜਾਂਦਾ।

ਸ਼ਰਧਾਲੂਆਂ ਨੂੰ ਪ੍ਰਭਾਵਤ ਕਰਕੇ ਉਹਨਾਂ ਪਾਸੋਂ ਮਾਇਆ ਆਦਿ ਹਥਆਉਣ ਲਈ ਕੇਵਲ ਦਿਖਾਵੇ ਲਈ ਹੱਠ ਕਰਮ ਕਰਨੇ: - ਆਪਨ ਊਚ ਨੀਚ ਘਰਿ ਭੋਜਨੁ ਹਠੇ ਕਰਮ ਕਰਿ ਉਦਰੁ ਭਰਹਿ ॥ ਚਉਦਸ ਅਮਾਵਸ ਰਚਿ ਰਚਿ ਮਾਂਗਹਿ ਕਰ ਦੀਪਕੁ ਲੈ ਕੂਪਿ ਪਰਹਿ ॥ (ਪੰਨਾ 970) ਅਰਥ: ਹੇ ਬ੍ਰਾਹਮਣ! ਤੂੰ ਆਪਣੇ ਆਪ ਨੂੰ ਉੱਚੀ ਕੁਲ ਦਾ (ਸਮਝਦਾ ਹੈਂ), ਪਰ ਭੋਜਨ (ਆਪਣੇ ਤੋਂ) ਨੀਵੀਂ ਕੁਲ ਵਾਲਿਆਂ ਦੇ ਘਰ ਵਿੱਚ ਪਾਂਦਾ ਹੈਂ। ਤੂੰ ਹਠ ਵਾਲੇ ਕਰਮ ਕਰ ਕੇ (ਤੇ ਲੋਕਾਂ ਨੂੰ ਵਿਖਾ ਵਿਖਾ ਕੇ) ਆਪਣਾ ਪੇਟ ਪਾਲਦਾ ਹੈਂ। ਚੌਦੇਂ ਤੇ ਮੱਸਿਆ (ਆਦਿਕ ਥਿੱਤਾਂ ਬਨਾਵਟੀ) ਥਾਪ ਥਾਪ ਕੇ ਤੂੰ (ਜਜਮਾਨਾਂ ਪਾਸੋਂ) ਮੰਗਦਾ ਹੈਂ; ਤੂੰ (ਆਪਣੇ ਆਪ ਨੂੰ ਵਿਦਵਾਨ ਸਮਝਦਾ ਹੈਂ ਪਰ ਇਹ ਵਿੱਦਿਆ-ਰੂਪ) ਦੀਵਾ ਹੱਥਾਂ ਉੱਤੇ ਰੱਖ ਕੇ ਖੂਹ ਵਿੱਚ ਡਿੱਗ ਰਿਹਾ ਹੈਂ।

ਇਸ ਤਰ੍ਹਾਂ ਦੇ ਕਰਮ ਕਰਨ ਵਾਲਿਆਂ ਨੂੰ ਵੀ ਮਨ ਦੇ ਹਠ ਕਰਨ ਵਾਲੇ ਹੀ ਆਖਿਆ ਹੈ:- ਦੇਖਾ ਦੇਖੀ ਮਨਹਠਿ ਜਲਿ ਜਾਈਐ ॥ ਪ੍ਰਿਅ ਸੰਗੁ ਨ ਪਾਵੈ ਬਹੁ ਜੋਨਿ ਭਵਾਈਐ ॥ (ਪੰਨਾ 185)

ਇਸ ਤਰ੍ਹਾਂ ਦੇ ਹਠ ਕਰਮਾਂ ਬਾਰੇ ਗੁਰੂ ਗਰੰਥ ਸਾਹਿਬ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਇਹਨਾਂ ਨਾਲ ਕਦੇ ਵੀ ਕੋਈ ਜੀਵਨ ਮੁਕਤ ਨਹੀਂ ਹੋ ਸਕਿਆ:-

ਮਨਹਠਿ ਕਰਮ ਕਮਾਵਣੇ ਥਾਇ ਨ ਕੋਈ ਪਾਇ ॥ (ਅੰਦਰ ਪ੍ਰਭੂ ਨਾਲ ਪਿਆਰ ਨਾਹ ਹੋਵੇ ਤਾਂ ਨਿਰੇ) ਮਨ ਦੇ ਹਠ ਨਾਲ ਕੀਤੇ ਕਰਮਾਂ ਦੀ ਰਾਹੀਂ ਕੋਈ ਮਨੁੱਖ (ਪਰਮਾਤਮਾ ਦੀ ਹਜ਼ੂਰੀ ਵਿਚ) ਪਰਵਾਨ ਨਹੀਂ ਹੁੰਦਾ। (ਪੰਨਾ 849)

ਨੋਟ: ਅੱਜ ਸਾਡੇ ਵਿੱਚ ਕਈ ਅਜੇਹੇ ਸੱਜਣ ਹਨ ਜੇਹੜੇ ਆਪਣੇ ਵਲੋਂ ਤਾਂ ਗੁਰਮਤਿ ਦੇ ਧਾਰਨੀ ਬਣਨ ਲਈ ਕੁੱਝ ਅਜੇਹੇ ਹੀ ਕਰਮ ਧਰਮ ਕਰਦੇ ਹਨ, ਪਰ ਅਸਲ ਵਿੱਚ ਅਜੇਹੇ ਕਰਮ ਮਨ ਦੇ ਹਠ ਦੀ ਸ਼੍ਰੇਣੀ ਵਿੱਚ ਆਉਣ ਕਾਰਨ, ਇਹਨਾਂ ਰਸਮੀ ਧਰਮਾਂ ਕਰਮਾਂ ਦਾ ਕੋਈ ਆਤਮਕ ਲਾਭ ਨਹੀਂ ਹੁੰਦਾ। ਇਸ ਲਈ ਸਾਨੂੰ ਗੁਰਮਤਿ ਦੇ ਧਾਰਨੀ ਬਣਨ ਲਈ ਗੁਰਬਾਣੀ ਨੂੰ ਵਿਚਾਰ ਸਹਿਤ ਪੜ੍ਹ ਕੇ, ਇਸ ਦੇ ਭਾਵ ਨੂੰ ਹਿਰਦੇ ਵਿੱਚ ਧਾਰਨ ਦੀ ਲੋੜ ਹੈ।)

ਅਰਦਾਸ ਵਿੱਚ ਜਿਨ੍ਹਾਂ ਹਠੀਆਂ ਦਾ ਜ਼ਿਕਰ ਕੀਤਾ ਗਿਆ ਹੈ ਉਹ ਦੂਜੀ ਪ੍ਰਕਾਰ ਦੇ ਹਠੀ ਹਨ। ਭਾਵ “ਜੋ ਧਰਮ ਤੇ ਸੱਚ ਤੇ ਪੱਕਿਆਂ ਰਹਿਣ ਦਾ ਹੱਠ ਕਰਦੇ ਹਨ। ਐਸੇ ਹੱਠੀ ਆਪਣੇ ਆਦਰਸ਼ਾਂ ਤੋਂ ਨਹੀ ਟਲਦੇ, ਸੱਚ - ਨਿਆਂ ਤੇ ਮੁਹਕਮ ਰਹਿੰਦੇ ਹਨ। …ਇਹਨਾਂ ਦਾ ਹੱਠ ਕੱਟੜਤਾ ਦਾ ਹੱਠ ਨਹੀਂ ਹੋਂਦਾ, ਸਹਿਜ - ਹੱਠ ਹੋਂਦਾ ਹੈ। ਇਹ ਅਹੰਕਾਰੀ ਹੱਠ ਨਹੀਂ ਹੋਂਦਾ, ਆਤਮ - ਦ੍ਰਿੜਤਾ ਦਾ ਹੱਠ ਹੋਂਦਾ ਹੈ। …ਉਹ ਸਦਾ ਨਿਰਭੈ ਤੇ ਨਿਰਲੋਭ ਹੋਕੇ ਅਡੋਲਤਾ ਵਿੱਚ ਵਿਚਰਦੇ ਹਨ।” (ਡਾ: ਜਸਵੰਤ ਸਿੰਘ ਨੇਕੀ)

ਇਸ ਤਰ੍ਹਾਂ ਦੇ ਹਠੀਆਂ ਦੇ ਸਬੰਧ ਵਿੱਚ ਹੀ ਗੁਰੂ ਗਰੰਥ ਸਾਹਿਬ ਵਿੱਚ ਵਰਣਨ ਕਰਦਿਆਂ ਕਿਹਾ ਗਿਆ ਹੈ: -

(1) ਕਬੀਰ ਸੰਤੁ ਨ ਛਾਡੈ ਸੰਤਈ ਜਉ ਕੋਟਿਕ ਮਿਲਹਿ ਅਸੰਤ ਮਲਿਆਗਰੁ ਭੁਯੰਗਮ ਬੇਢਿਓ ਤ ਸੀਤਲਤਾ ਨ ਤਜੰਤ (1373)

ਅਰਥ:- ਹੇ ਕਬੀਰ! (ਹਰਿ-ਚਰਨਾਂ ਵਿੱਚ ਚਿੱਤ ਲਾਣ ਦੀ ਹੀ ਇਹ ਬਰਕਤਿ ਹੈ ਕਿ) ਸੰਤ ਆਪਣਾ ਸ਼ਾਂਤ ਸੁਭਾਉ ਨਹੀਂ ਛੱਡਦਾ, ਭਾਵੇਂ ਉਸ ਨੂੰ ਕ੍ਰੋੜਾਂ ਭੈੜੇ ਬੰਦਿਆਂ ਨਾਲ ਵਾਹ ਪੈਂਦਾ ਰਹੇ। ਚੰਦਨ ਦਾ ਬੂਟਾ ਸੱਪਾਂ ਨਾਲ ਘਿਰਿਆ ਰਹਿੰਦਾ ਹੈ, ਪਰ ਉਹ ਆਪਣੀ ਅੰਦਰਲੀ ਠੰਢਕ ਨਹੀਂ ਤਿਆਗਦਾ। ਤਾਂ ਆਪ ਇਸੇ ਬਿਬੇਕੀ ਹੱਠ ਦਾ ਹੀ ਵਰਣਨ ਕਰ ਰਹੇ ਹਨ।

(2) ਕਲਰ ਕੇਰੀ ਛਪੜੀ ਆਇ ਉਲਥੇ ਹੰਝ ॥ ਚਿੰਜੂ ਬੋੜਨ੍ਹ੍ਹਿ ਨਾ ਪੀਵਹਿ ਉਡਣ ਸੰਦੀ ਡੰਝ ॥੬੪॥ (ਪੰਨਾ 1381)

ਅਰਥ:- ਕੱਲਰ ਦੀ ਛੱਪਰੀ ਵਿੱਚ ਹੰਸ ਆ ਉਤਰਦੇ ਹਨ, (ਉਹ ਹੰਸ ਛੱਪੜੀ ਵਿੱਚ ਆਪਣੀ) ਚੁੰਝ ਡੋਬਦੇ ਹਨ, (ਪਰ, ਉਹ ਮੈਲਾ ਪਾਣੀ) ਨਹੀਂ ਪੀਂਦੇ, ਉਹਨਾਂ ਨੂੰ ਉਥੋਂ ਉੱਡ ਜਾਣ ਦੀ ਤਾਂਘ ਲੱਗੀ ਰਹਿੰਦੀ ਹੈ। 64.

(3) ਹੰਸੁ ਉਡਰਿ ਕੋਧ੍ਰੈ ਪਇਆ ਲੋਕੁ ਵਿਡਾਰਣਿ ਜਾਇ ॥ ਗਹਿਲਾ ਲੋਕੁ ਨ ਜਾਣਦਾ ਹੰਸੁ ਨ ਕੋਧ੍ਰਾ ਖਾਇ ॥੬੫॥ (ਪੰਨਾ 1381)

ਅਰਥ:- ਹੰਸ ਉੱਡ ਕੇ ਕੋਧਰੇ ਦੀ ਪੈਲੀ ਵਿੱਚ ਜਾ ਬੈਠਾ ਤਾਂ ਦੁਨੀਆ ਦੇ ਬੰਦੇ ਉਸ ਨੂੰ ਉਡਾਣ ਜਾਂਦੇ ਹਨ। ਕਮਲੀ ਦੁਨੀਆ ਇਹ ਨਹੀਂ ਜਾਣਦੀ ਕਿ ਹੰਸ ਕੋਧਰਾ ਨਹੀਂ ਖਾਂਦਾ।

ਇਹੋ ਜੇਹੇ ਗੁਰਮਤਿ ਅਨੁਸਾਰ ਜੀਵਨ ਜਿਊਣ ਵਾਲੇ ਪ੍ਰਾਣੀ ਸਹਿਜ ਵਿੱਚ ਵਿਚਰਦਿਆਂ ਹੋਇਆਂ ਮਨ ਦੇ ਹਠ ਤੋਂ ਰਹਿਤ ਹੋ ਜਾਂਦੇ ਹਨ। (ਗੁਰਮੁਖਿ ਸਹਜਿ ਨਿਵਾਸੁ ਮਨ ਹਠ ਮਾਰਿਆ॥) (ਭਾਈ ਗੁਰਦਾਸ ਜੀ) ਅਜੇਹੇ ਹਠੀਆਂ ਨੇ ਉਬਲਦੀਆਂ ਦੇਗਾਂ ਵਿੱਚ ਉਬਾਲੇ ਖਾਧੇ, ਤਨ ਆਰਿਆਂ ਨਾਲ ਚਿਰਾਏ, ਚਰਖੜੀਆਂ ਤੇ ਚੜ੍ਹੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ। ਜੀ ਹਾਂ, ਇਹਨਾਂ ਹਠੀਆਂ ਨੂੰ ਸਾਲਾਹਿਆ ਗਿਆ ਹੈ।

ਸਾਡੇ ਇਤਿਹਾਸ `ਚ ਅਜੇਹੇ ਹਠੀਆਂ ਦੀਆਂ ਅਨੇਕਾਂ ਉਦਾਹਰਣਾਂ ਮਿਲਦੀਆਂ ਹਨ। ਇੱਥੇ ਅਸੀਂ ਪ੍ਰਿੰਸੀਪਲ ਹਰਿਭਜਨ ਸਿੰਘ ਜੀ ਦੀ ਕਿਤਾਬ - ਗੁਰਮਤਿ ਵਿਆਖਿਆਨ ਵਿੱਚ ਅੰਕਤ ਖ਼ਾਫ਼ੀ ਖ਼ਾਨ ਦੀ ਇੱਕ ਅੱਖੀਂ ਦੇਖੀ ਘਟਨਾ ਦਾ ਵਰਣਨ ਕਰ ਰਹੇ ਹਾਂ। “ਬਾਬਾ ਬੰਦਾ ਸਿੰਘ ਬਹਾਦਰ ਨਾਲ ਜੋ ਸਿੱਖ ਗ੍ਰਿਫਤਾਰ ਕੀਤੇ ਗਏ ਉਨ੍ਹਾਂ ਵਿੱਚ ਛੋਟੀ ਉਮਰ ਦਾ ਇੱਕ ਬੱਚਾ ਵੀ ਸੀ। ਇਸ ਬੱਚੇ ਦੀ ਬੁੱਢੀ ਮਾਂ ਨੇ ਕਿਸੇ ਤਰ੍ਹਾਂ ਦਿੱਲੀ ਪੁੱਜ ਕੇ ਇਹ ਕਹਿ ਕੇ ਕਿ ਉਸ ਦਾ ਬੱਚਾ ਸਿੱਖ ਨਹੀਂ, ਜਿਵੇਂ ਕਿਵੇਂ ਉਸ ਦੀ ਰਿਹਾਈ ਦਾ ਪਰਵਾਨਾ ਹਾਸਿਲ ਕਰ ਲਿਆ। ਜਿਸ ਦਿਨ ਤੇ ਜਿਸ ਸਮੇਂ ਉਹ ਬੀਰ ਬੱਚਾ ਕਤਲ ਹੋਣ ਲਈ ਅਗੇ ਵਧਿਆ, ਉਸ ਦੀ ਮਾਤਾ ਭੀੜ ਨੂੰ ਚੀਰਦੀ ਅਗੇ ਆਈ ਤੇ ਸਬੰਧਤ ਅਧਿਕਾਰੀ ਨੂੰ ਉਸ ਦੀ ਰਿਹਾਈ ਲਈ ਪ੍ਰਾਪਤ ਕੀਤਾ ਪਰਵਾਨਾ ਇਹ ਆਖ ਕੇ ਪੇਸ਼ ਕੀਤਾ ਕਿ ਉਸ ਦਾ ਬੱਚਾ ਸਿੱਖ ਨਹੀਂ, ਐਂਵੇ ਗ਼ਲਤੀ ਨਾਲ ਸਿੱਖਾਂ ਵਿੱਚ ਫੜਿਆ ਗਿਆ ਹੈ। ਮਮਤਾ ਦੀ ਮਾਰੀ ਮਾਤਾ ਦੀ ਇਸ ਲਿਲਕੜੀ ਉਤੇ ਜਦ ਮੁਫ਼ਤੀ ਨੇ ਉਸ ਸਿੱਖ ਬੱਚੇ ਦੀ ਰਿਹਾਈ ਦਾ ਹੁਕਮ ਦੇ ਦਿੱਤਾ ਤਾਂ …ਉਹ ਬਹਾਦਰ ਬੱਚਾ ਅੱਗੋਂ ਬੜੇ ਰੋਹ ਤੇ ਜਲਾਲ ਵਿੱਚ ਪੁਕਾਰ ਉਠਿਆ:- ‘ਮਾਦਰਮ ਦਰੋਗ਼ ਮੇ ਗੋਇਦ। ਮਨ ਬਦਿੱਲੋ ਜਾਨ ਅਜ਼ ਮੋਅਤਕਿਦਾਂ ਵ ਫ਼ਿਦਾਇਆਨੇ ਜਾਂ ਨਿਸਾਰਿ ਮੁਰਸ਼ਦਿ ਖ਼ੁਦਮ। ਮਰਾ ਜ਼ੂਦ ਬਾ ਰਫ਼ੀਕਾਨਿ ਮਨ ਰਸਾਨੇਦ।’ (ਖ਼ਾਫ਼ੀ ਖ਼ਾਨ)

ਭਾਵਅਰਥ - ਮੇਰੀ ਮਾਂ ਝੂਠ ਬੋਲਦੀ ਹੈ (ਕਿ ਮੈਂ ਸਿੱਖ ਨਹੀਂ ਹਾਂ। ॥) ਮੈਂ (ਸ੍ਰੀ ਗੁਰੂ ਗੋਬਿੰਦ ਸਿੰਘ ਉਤੇ) ਈਮਾਨ ਰਖਣ ਵਾਲਿਆਂ ਅਤੇ ਆਪਣੇ ਮੁਰਸ਼ਦ (ਗੁਰੂ) ਤੋਂ ਜਿੰਦ ਵਾਰਨ ਵਾਲਿਆਂ ਵਿਚੋਂ ਹੀ ਇੱਕ ਹਾਂ। (ਇਸ ਲਈ) ਮੈਨੂੰ ਛੇਤੀ ਮੇਰੇ (ਸ਼ਹੀਦ ਹੋ ਚੁਕੇ) ਸਾਥੀਆਂ ਪਾਸ ਪਹੁੰਚਾਵੋ।” ਇਹੋ ਜੇਹੇ ਸੂਰਬੀਰ ਹਠੀਆਂ ਦਾ ਅਰਦਾਸ ਵਿੱਚ ਜ਼ਿਕਰ ਕੀਤਾ ਗਿਆ ਹੈ।

ਸੋ, ਗੁਰੂ ਗਰੰਥ ਸਾਹਿਬ ਵਿੱਚ ਜਿਨ੍ਹਾਂ ਹਠੀਆਂ ਦੀ ਨਿਖੇਧੀ ਕੀਤੀ ਗਈ ਹੈ ਉਹ ਮਨ ਦੇ ਹਠ ਵਾਲੇ ਹਠੀ ਹਨ, ਜੇਹੜੇ ਗੁਰੂ ਦੀ ਨਹੀਂ ਬਲਕਿ ਆਪਣੀ ਹੀ ਮਤ (ਅਗਿਆਨਮਈ ਮਤ) ਨੂੰ ਮੁੱਖ ਰੱਖ ਕੇ ਉਹ ਕਰਮ ਕਰਦੇ ਹਨ ਜਿਨ੍ਹਾਂ ਦਾ ਕੋਈ ਆਤਮਕ ਲਾਭ ਨਹੀਂ ਹੁੰਦਾ। ਪਰੰਤੂ ਅਰਦਾਸ ਵਿੱਚ ਜਿਨ੍ਹਾਂ ਹਠੀਆਂ ਦਾ ਜ਼ਿਕਰ ਕੀਤਾ ਗਿਆ ਹੈ ਉਹ ਬਿਬੇਕੀ ਹੱਠੀ ਹਨ ਜਿਹਨਾਂ ਨੇ ਗੁਰਮਤਿ ਦੇ ਸਿਧਾਂਤਾਂ ਨੂੰ ਅਖ਼ੀਰਲੇ ਸਵਾਸਾਂ ਤੱਕ ਨਿਭਾਇਆ ਹੈ। ਇਹਨਾਂ ਹਠੀਆਂ ਨੂੰ ਖ਼ਾਲਸਾ ਪੰਥ ਨਿਤ ਅਰਦਾਸ ਵਿੱਚ ਯਾਦ ਕਰਦਾ ਹੈ।

ਜਸਬੀਰ ਸਿੰਘ ਵੈਨਕੂਵਰ
.