.

ਜ਼ਫ਼ਰਨਾਮਾ ਪਾ: 10

(ਦਸਮ ਗ੍ਰੰਥ, ਪੰਨਾ 1389 - 1427)

ਭੂਮਿਕਾ:

ਭਾਈ ਚਤਰ ਸਿੰਘ ਜੀਵਨ ਸਿੰਘ ਦੇ ਛਪੇ ਦਸਮ ਗ੍ਰੰਥ ਵਿੱਚ “ਜ਼ਫਰਨਾਮਹ” ਦਾ ਪਹਿਲਾ ਬੰਦ “ਕਮਾਲਿ ਕਰਾਮਾਤ ਕਾਇਮ ਕਰੀਮ।। ਰਜ਼ਾ ਬਖਸ਼ ਰਾਜਿਕ ਰਿਹਾਕੁਨ ਰਹੀਮ।।” ਹੈ। ਇਸ ਦੇ 115 ਬੰਦ ਹਨ।

ਜ਼ਫਰ ਨਾਮਹ ਸਟੀਕ (ਸਿੱਖ ਮਿਸ਼ਨਰੀ ਕਾਲਜ ਲੁਧਿਆਣਾ, ਪੁਸਤਕ ਨੰ. 160) ਵਿੱਚ ਛਾਪੇ ਵਾਲੇ ਦਸਮ ਗ੍ਰੰਥ ਤੋਂ ਪਹਿਲਾਂ 23 ਹੋਰ ਬੰਦ ਹਨ। ਭਾਈ ਸਾਹਿਬ ਭਾਈ ਵੀਰ ਸਿੰਘ ਦੀ ਪੁਸਤਕ “ਕਲਗੀਧਰ ਚਮਤਕਾਰ” ਪੰਨਾ 107, 108, 109 ਵਿੱਚ ਇਹ ਪਹਿਲੇ 23 ਬੰਦ ਹੀ ਅਰਥਾਂ ਸਮੇਤ ਦਿੱਤੇ ਹਨ। ਉਰਦੂ ਬੋਲੀ ਵਿੱਚ ਜ਼ਫਰ ਨਾਮਹ (ਨਾਨਕ ਚੰਦ ਨਾਜ਼) ਇਥੋਂ ਹੀ ਸ਼ੁਰੂ ਹੁੰਦਾ ਹੈ।

ਅਸੀਂ ਜ਼ਫਰ ਨਾਮਹ ਦੀ ਵਿਚਾਰ ਭਾਈ ਸਾਹਿਬ ਵੀਰ ਸਿੰਘ ਦੇ ਅਰਥਾਂ ਤੋਂ ਸ਼ੁਰੂ ਕਰਦੇ ਹਾਂ।

ਨਾਮਹ (ਪੱਤ੍ਰ), ਗੁਰੂ ਗੋਬਿੰਦ ਸਿੰਘ ਬਾ (ਬਨਾਮ) ਔਰੰਗਜ਼ੇਬ

ਬਨਾਮੇ ਖੁਦਾਵੰਦ ਤੇਗੋ ਤਬਰ ਖੁਦਾਵੰਦੇ ਤੀਰੋ ਸਨਾਨੋ ਸਿਪਰਾ

(ਤਲਵਾਰ ਤੇ ਤਬਰ ਦੇ ਮਾਲਕ (ਖ਼ੁਦਾ) ਦੇ ਨਾਮ ਨਾਲ, ਤੀਰ ਅਣੀ ਤੇ ਢਾਲ ਦੇ ਮਾਲਕ (ਖ਼ੁਦਾ ਦੇ ਨਾਮ ਨਾਲ))

(ਨਾਨਕ ਚੰਦ ਨਾਜ਼ ਨੇ ਉਰਦੂ ਭਾਸ਼ਾ ਵਿੱਚ ਜ਼ਫਰਨਾਮੇ ਦਾ ਅਨੁਵਾਦ ਕਰਦਿਆਂ, ਬਨਾਮ ਦੇ ਅਰਥ ਕਸਮ ਕੀਤੇ ਹਨ। ਗੁਰੂ ਜੀ ਨੇ ਹਥਿਆਰਾਂ ਦੀ ਕਸਮ ਖਾਣ ਤੋਂ ਬਾਦ ਚਿੱਠੀ ਦਾ ਆਰੰਭ ਕੀਤਾ ਹੈ।) ਅਸੀਂ ਗੁਰਸਿੱਖ ਕਦੇ ਨਹੀਂ ਮੰਨ ਸਕਦੇ ਕਿ ਪਾ: 10 ਨੇ ਹਥਿਆਰਾਂ ਦੀ ਕਸਮ ਖਾਧੀ ਹੋਵੇ।

ਤ੍ਰਿਆ ਚਰਿਤ੍ਰ ਦੇ ਮੰਗਲਾਚਰਣ ਤੇ ਅੰਕ 1 ਵਿੱਚ ਅਸੀਂ ਵਿਚਾਰ ਕੀਤੀ ਸੀ ਕਿ ਦੁਰਗਾ, ਭਗਉਤੀ ਦੇਵੀ ਦਾ ਉਪਾਸ਼ਕ ਕਵੀ ਮੰਗਲਾਚਰਣ ਵਿੱਚ ਕਹਿੰਦਾ ਹੈ ਸ੍ਰੀ ਭਗਉਤੀ ਜੀ ਸਹਾਇ, ਅੰਕ ਪਹਿਲਾ ਵਿੱਚ ਕਹਿੰਦਾ ਹੈ ਕਿ ਹੇ ਭਗਉਤੀ ਮਾਂ ਤੂੰ ਹੀ ਖੜਗਧਾਰੀ ਹੈ, ਤੂਹੀ ਤਲਵਾਰ ਦਾਤੀ ਆਦਿ ਹੈ, ਤੂੰ ਹੀ ਜੋਗ ਮਾਯਾ ਹੈ। ਕਵੀ ਭਗਉਤੀ ਨੂੰ ਸਭ ਤੋਂ ਉੱਚੀ ਹਸਤੀ, ਕਾਲ ਪੁਰਖ ਤੋਂ ਉਪਜੀ ਭਗਉਤੀ ਨੂੰ ਹੀ ਅਕਾਲ ਪੁਰਖ ਕਹਿੰਦਾ ਹੈ, ਪਰਮੇਸ਼ਰ ਮੰਨਦਾ ਹੈ। ਵੇਦ ਸ਼ਾਸਤਰਾਂ, ਤੇ ਕਵੀ ਨੂੰ ਅਕਾਲ ਪੁਰਖ ਦੀ ਪਛਾਨ ਨਹੀਂ ਤੇ ਇਹ ਕਾਲ ਪੁਰਖ ਨੂੰ ਉਹ ਸਭ ਗੁਣ ਦਿੰਦੇ ਹਨ, ਜੋ ਗੁਣ ਗੁਰਬਾਣੀ ਇੱਕ ਏਕੰਕਾਰ ਇਕੋ ਇੱਕ ਹਸਤੀ, ਅਕਾਲ ਪੁਰਖ ਨੂੰ ਦਿੰਦੀ ਹੈ।

ਗੁਰੂ ਗੋਬਿੰਦ ਸਿੰਘ ਜੀ ਸ਼ਸਤਰਾਂ ਦੀ ਕਸਮ ਨਹੀਂ ਖਾ ਸਕਦੇ। ਦਸਮ ਗ੍ਰੰਥ ਦੀਆਂ ਰਚਨਾਵਾਂ ਵਿਂਚ ਖੜਗਧਾਰੀ ਤੇ ਸ਼ਸਤਰਾ ਅਸਤ੍ਰਾ ਵਾਲੀ ਦੇਵੀ ਭਗੌਤੀ ਤੇ ਦੁਰਗਾ ਨੂੰ ਕਿਹਾ ਗਿਆ ਹੈ। ਇਸ ਮੁਢਲੀ ਵਿਚਾਰ ਤੋਂ ਹੀ ਅਸੀਂ ਕਹਿ ਸਕਦੇ ਹਾਂ ਕਿ ਇਹ ਰਚਨਾਂ ਪਾ: 10 ਦੀ ਨਹੀਂ ਹੈ। ਸ਼ਸਤਰਾਂ ਦੀ ਵਿਚਾਰ ਅਸੀਂ ਸ਼ਸਤਰ ਨਾਮ ਮਾਲਾ ਵਿੱਚ ਵੀ ਕੀਤੀ ਹੈ।

ਸਿੱਖ ਇਤਿਹਾਸ ਦੇ ਉਘੇ ਲਿਖਾਰੀ ਡਾ. ਸੰਗਤ ਸਿੰਘ ਨੇ ਆਪਣੀ ਪੁਸਤਕ ‘ਇਤਿਹਾਸ `ਚ ਸਿੱਖ’ ਪੰਜਾਬੀ ਬੋਲੀ ਵਾਲੀ ਛਾਪ 1999 ਦੇ ਪੰਨਾ 75 ਵਿੱਖ ਲਿਖਿਆ ਹੈ ਕਿ ਮਾਛੀਵਾੜੇ ਦੇ ਜੰਗਲ ਤੋਂ ਬਾਦ ਗੁਰੂ ਗੋਬਿੰਦ ਸਿੰਘ ਜੀ ਦੀਨਾ ਪੁੱਜੇ, ਜਿੱਥੇ ਉਹਨਾਂ ਨੇ ਔਰੰਗਜ਼ੇਬ ਵੱਲ ਦਸੰਬਰ 1705 ਵਿੱਚ ਆਪਣੀ ਫਤਹ ਦਾ ਪੱਤਰ ਜ਼ਫਰਨਾਮਾ ਲਿਖ ਕੇ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਹੱਥ ਭੇਜਿਆ। ਫੁਟਨੋਟ ਵਿੱਚ ਲਿਖਿਆ ਹੈ ਕਿ ਇਨਾਇਤੁੱਲਾ ਦੀ ਇਹਕਾਮਇ ਆਲਮਗੀਰੀ ਵਿੱਚ ਜ਼ਫਰਨਾਮੇ ਨੂੰ ਗੁਰੂ ਜੀ ਵੱਲੋਂ ਦਿੱਤੀ ਦਰਖਾਸਤ (ਬੇਨਤੀ) ਕਹਿ ਕੇ ਇਸ ਦਾ ਜ਼ਿਕਰ ਕੀਤਾ ਹੋਇਆ ਹੈ। Irwin ਵੀ ਵਾਹਿਦ ਦੇ ਆਧਾਰ ਤੇ ਇਹੋ ਜ਼ਿਕਰ ਕਰਦਾ ਹੈ।

ਸਿੱਖ ਇਤਿਹਾਸ ਦੇ ਪੱਖੋਂ, ਅਸੀਂ ਸਮਝ ਸਕਦੇ ਹਾਂ ਕਿ ਗੁਰੂ ਜੀ ਨੇ ਇੱਕ ਚਿੱਠੀ ਔਰੰਗਜ਼ੇਬ ਬਾਦਸ਼ਾਹ ਨੂੰ ਲਿਖੀ। ਇਤਿਹਾਸ ਸਾਨੂੰ ਇਹ ਨਹੀਂ ਦੱਸਦਾ ਕਿ ਗੁਰੂ ਜੀ ਨੇ ਚਿੱਠੀ ਵਿੱਚ ਕੀ ਸ਼ਬਦ ਵਰਤੇ ਸਨ।

ਗੁਰਸਿੱਖਾਂ ਨੇ ਦਸਮ ਗ੍ਰੰਥ ਵਿੱਚ ਦਰਜ ਚਿੱਠੀ, ‘ਜ਼ਫਰਨਾਮਾ ਪਾ: 10’, 1 ਓਅੰ ਹੁਕਮ ਸੱਤ, ਸ੍ਰੀ ਵਾਹਿਗੁਰੂ ਜੀ ਕੀ ਫਤਹ, ਜ਼ਫਰਨਾਮਾ ਸ੍ਰੀ ਮੁਖਵਾਕ ਪਾਤਸ਼ਾਹੀ 10, ਪੜ੍ਹ ਕੇ ਇਹ ਸਮਝ ਲਿਆ ਕਿ ਇਹ ਫ਼ਾਰਸੀ ਵਿੱਚ ਕਵਿਤਾ ਰੂਪ ਚਿੱਠੀ, ਪਾ: 10 ਨੇ ਲਿਖੀ ਸੀ।

ਅਸੀਂ ਚਿੱਠੀ ਦਾ ਅਨੁਵਾਦ ਕਰਕੇ ਇਹ ਫੈਸਲਾ ਕਰਨਾ ਹੈ ਕਿ ਇਹ ਚਿੱਠੀ ਭਗਉਤੀ ਦੇ ਪੁਜਾਰੀ ਕਿਸੇ ਕਵੀ ਨੇ, ਗੁਰੂ ਜੀ ਵੱਲੋਂ ਲਿਖੀ ਦਰਸਾਈ ਹੈ, ਤੇ ਸਾਨੂੰ ਭੁਲੇਖੇ ਵਿੱਚ ਪਾਉਣ ਲਈ ਮੰਗਲਾਚਰਣ ਵਿੱਚ ਪਾ: 10 ਦਾ ਨਾਮ ਲਿਖ ਦਿੱਤਾ ਹੈ। ਰਚਨਾ ਨੂੰ ਪੜ੍ਹਨ ਵਿਚਾਰਨ ਨਾਲ ਇਹ ਸਪਸ਼ਟ ਹੋ ਜਾਂਦਾ ਹੈ ਕਿ ਇਹ ਫਤਹ ਦੀ ਚਿੱਠੀ ਨਹੀਂ, ਗੁਜ਼ਾਰਿਸ਼ ਦੀ ਚਿੱਠੀ ਬਣ ਕੇ ਉਭਰੀ ਹੈ। ਅਸੀਂ ਇਹ ਨਿਰਣਾ ਕਰਨਾ ਹੈ ਕਿ ਕੀ ਨਿਰਭੈ ਯੋਧਾ, ਪਾ: 10, ਔਰੰਗਜ਼ੇਬ ਕੋਲ ਆਪਣੀ ਲਾਚਾਰੀ ਦੱਸ ਕੇ, ਬਾਦਸ਼ਾਹ ਨਾਲ ਮੁਲਾਕਾਤ ਲਈ ਹਾੜੇ ਕੱਢਦੇ ਹਨ।

ੴ ਹੁਕਮਸੱਤ

ਸ੍ਰੀ ਵਾਹਿਗੁਰੂ ਜੀ ਕੀ ਫਤਹ।।

ਜ਼ਫਰਨਾਮਾ ਸ੍ਰੀ ਮੁਖਵਾਕ ਪਾਤਿਸਾਹੀ 10. ।

ਜ਼ਫਰਨਾਮਾ ਦੇ ਅਰਥ ਹਨ ਫਤਹ ਦੀ ਚਿੱਠੀ। ਕਵੀ ਨੇ ਇਹ ਚਿੱਠੀ ਪਾ: 10 ਦੇ ਮੁੱਖ ਤੋਂ ਉਚਾਰੀ ਦਰਸਾਈ ਹੈ।

ਕਮਾਲੇ ਕਰਾਮਾਤ ਕਾਇਮੁ ਕਰੀਮੁ।।

ਰਜਾਬਖਸ਼ ਰਾਜਿਕ ਰਹਾਕੁਨੰ ਰਹੀਮ।। (1)

(ਉਹ ਕਰਾਮਾਤ ਵਿੱਚ ਪੂਰਾ ਹੈ, ਅਚਲ ਹੈ, ਕ੍ਰਿਪਾਲੂ ਹੈ। ਜਿਹੜਾ ਉਸ ਦੇ ਭਾਣੇ ਵਿੱਚ ਚਲਦਾ ਹੈ, ਉਸ ਤੇ ਬਖਸ਼ਿਸ਼ ਕਰਨ ਵਾਲਾ, ਅੰਨ ਦਾਤਾ ਤੇ ਬੰਧਨ ਕਟਣ ਵਾਲਾ ਦਇਆਲ ਹੈ।)

ਗੁਜਾਰਿੰਦ ਏ ਕਾਰਿ ਆਲਮ ਕਬੀਰ।

ਸਨਾਜਿੰਦ ਏ ਇਲਮਿ ਆਲਮ ਅਮੀਰ। (12)

(ਜੋ ਸਾਰਿਆਂ ਤੋਂ ਵੱਡਾ ਜਗਤ ਦੇ ਕੰਮਾਂ ਨੂੰ ਚਲਾਉਣ ਵਾਲਾ ਹੈ, ਅਤੇ ਸੰਸਾਰ ਦੇ ਇਲਮ ਨੂੰ ਪਛਾਣਨ ਵਾਲਾ ਹੈ।)

ਪਹਿਲੇ 12 ਅੰਕਾਂ ਵਿੱਚ ਮੰਗਲਾਚਰਣ ਹੈ, ਅਕਾਲ ਪੁਰਖ ਦੀ ਉਸਤਤਿ ਮਾਲੂਮ ਹੁੰਦੀ ਹੈ। ਅਸੀਂ ਵਿਚਾਰ ਕਰ ਚੁਕੇ ਹਾਂ ਕਿ ਕਵੀ ਕਾਲ ਨੂੰ ਅਕਾਲ ਵੀ ਕਹਿੰਦਾ ਹੈ। ਵਾਸਤਵ ਵਿੱਚ ਇਹ ਕਾਲ ਉਸਤਤਿ ਹੈ।

ਜ਼ਫਰਨਾਮਾ ਦੀਆਂ 12 ਹਿਕਾਇਤਾਂ ਹਨ। ਪਹਿਲੀ ਹਿਕਾਇਤ ਔਰੰਗਜ਼ੇਬ ਨੂੰ ਚਿੱਠੀ ਦੇ ਰੂਪ ਵਿੱਚ ਹੈ। ਹਿਕਾਇਤ ਨੰ. 2 ਤੋਂ 12 ਤਕ ਤ੍ਰਿਯਾ ਚਰਿਤ੍ਰ ਵਰਗੀਆਂ ਫ਼ਾਰਸੀ ਬੋਲੀ ਵਿੱਚ ਵਿਭਚਾਰੀ ਤ੍ਰੀਮਤਾਂ ਦੀਆਂ ਕਹਾਣੀਆਂ ਹਨ। ਅਸੀਂ ਤ੍ਰਿਯਾ ਚਰਿਤ੍ਰ ਦੀ ਵਿਚਾਰ ਵਿੱਚ ਸਮਝ ਚੁੱਕੇ ਹਾਂ ਕਿ ਲਿਖਾਰੀ ਕਵੀ ਭਗਉਤੀ ਦੇਵੀ ਦਾ ਉਪਾਸ਼ਕ ਹੈ।

ਦਾਸਤਾਨ।। ਹਿਕਾਯਤ ਪਹਿਲੀ।।

ਮਰਾ ਏਤਬਾਰ ਬਰੀ ਕਸਤ ਨੇਸਤ।।

ਕਿ ਏਜਦ ਗੁਵਾਹ ਹਸਤੁ ਯਜਦਾ ਯਕੇਸਤ।। (13)

(ਐ ਔਰੰਗਜ਼ੇਬ, ਮੈਨੂੰ ਤੇਰੀ ਇਸ ਸੌਂਹ ਤੇ ਯਕੀਨ ਨਹੀਂ ਕਿ ਇੱਕ ਖ਼ੁਦਾ ਹੀ ਸਾਡੇ ਦੋਹਾਂ ਵਿੱਚ ਗਵਾਹ ਹੈ।)

ਨ ਕਰਤਹ ਮਰਾ ਏਤਬਾਰੇ ਬਰੋਸੁ।।

ਕਿ ਬਖਸੀ ਵਦੀਵਾਂ ਹਮਹ ਕਿਜਬਗੋਸਤ।। (14)

(ਤੇਰੇ ਫੌਜੀ ਜਰਨੈਲ ਤੇ ਮੁਸਾਹਬ ਸਭ ਝੂਠ ਬੋਲਣ ਵਾਲੇ ਹਨ। ਮੈਨੂੰ ਉਹਨਾਂ ਉਤੇ ਜ਼ਰਾ ਵੀ ਇਤਬਾਰ ਨਹੀਂ।)

ਸੁਰਿਜਨਹ ਚਿ ਕਾਰੇ ਕੁਨਦ ਚਿਹਲ ਨਰ।।

ਕਿ ਦਹਲਕ ਬਰਾਬਦ ਬਰੇ ਬੇਖਬਰ।। (19)

(ਮੇਰੇ ਚਾਲੀ ਭੁੱਖੇ ਆਦਮੀਆਂ ਤੇ ਦਸ ਲੱਖ ਫੌਜੀ ਅਚਾਨਕ ਆ ਪਏ, ਉਸ ਸਮੇਂ ਉਹ ਕੀ ਕਰ ਸਕਦੇ ਸਨ।)

ਨੋਟ: ਕੀ ਪਾ: 10 ਆਪਣੀ ਲਾਚਾਰੀ ਦੀ ਗਾਥਾ ਔਰੰਗਜ਼ੇਬ ਨੂੰ ਦੱਸਣਾ ਚਾਹੁੰਦੇ ਸਨ? (ਸਿੱਖ ਇਤਿਹਾਸ ਅਨੁਸਾਰ 40 ਸਿੰਘ ਜੰਗ ਵਿੱਚ ਜੂਝ ਕੇ ਸ਼ਹੀਦ ਹੋਏ ਸਨ।)

ਨ ਦਾਨਮ ਕਿ ਈਂ ਮਰਦ ਪੈਮਾਂ ਸ਼ਿਕਨ।।

ਕਿ ਦੌਲਤ ਪਰਸਤਸਤ ਓ ਈਮਾਂ ਫਿਕਨ।। (45)

(ਮੈਂ ਨਹੀਂ ਜਾਣਦਾ ਕਿ ਇਹ ਮਰਦ (ਔਰੰਗਜ਼ੇਬ) ਇਕਰਾਰ ਤੋੜਨ ਵਾਲਾ ਦੌਲਤ ਦਾ ਪੁਜਾਰੀ ਤੇ ਧਰਮ ਨੂੰ ਧੱਕਾ ਦੇਣ ਵਾਲਾ ਹੈ। ਭਾਵ ਇਸ ਆਦਮੀ ਦਾ ਧਰਮ ਤੇ ਕੋਈ ਯਕੀਨ ਨਹੀਂ।)

ਅਗਰ ਚਹਿ ਤੁਰਾ ਏਤਬਾਰ ਆਮਦੇ।।

ਕਮਰ ਬਸਤ ਏ ਪੇਸਵਾਰ ਆਮਦੇ।। (50)

ਅਗਰ ਹਜਰਤੇ ਖ਼ੁਦ ਸਿਤਾਦਹ ਸ਼ਵਦ।।

ਬ ਜਾਨੋ ਦਿਲੇ ਕਾਰ ਵਾਜ਼ਿਹ ਸ਼ਵਦ।। (52)

(ਐ ਬਾਦਸ਼ਾਹ! ਜੇ ਤੂੰ ਆਪ ਇਥੇ ਖੜਾ ਹੁੰਦਾ ਤਾਂ ਸਾਰੀ ਗੱਲ ਪੂਰੀ ਤਰ੍ਹਾਂ ਸਪਸ਼ਟ ਹੋ ਜਾਂਦੀ।)

ਸ਼ੁਮਾ ਰਾ ਫਰਜ਼ ਅਸਤ ਕਾਰੇ ਕੁਨੀ।।

ਬਮੂਜਬ ਨਵਿਸ਼ਤਹ ਸ਼ੁਮਾਰੇ ਕੁਨੀ।। (53)

(ਹੁਣ ਤੇਰਾ ਫਰਜ਼ ਬਣਣਾ ਹੈ ਕਿ ਤੂੰ ਜੋ ਵੀ ਅਮਲ ਕਰੇ, ਉਹ ਆਪਣੇ ਲਿਖੇ ਅਨੁਸਾਰ ਵਿਚਾਰ ਕਰਕੇ ਕਰੇ।)

ਬਿਯਾ ਤਾ ਸੁਖਨ ਖੁਦ ਜ਼ੁਬਾਨੀ ਕੁਨੇਮ।।

ਬਰੂਏ ਸ਼ੁਮਾ ਮਿਹਰਬਾਨੀ ਕੁਨੇਮ।। (60)

(ਤੂੰ ਏਥੇ ਕਾਂਗੜ ਵਿੱਚ ਆ ਜਾ, ਤਾਂ ਕਿ ਆਹਮੋ ਸਾਹਮਣੇ ਹੋ, ਜ਼ਬਾਨੀ ਗੱਲਬਾਤ ਕਰ ਲਈਏ।)

ਯਕੋ ਅਸਪ ਸ਼ਾਇਸਤਏ ਯਕ ਹਜ਼ਾਰ।।

ਬਯਾ ਤਾ ਬਗੀਰੀ ਬ ਮਨ ਈਂ ਦਿਯਾਰ।। (61)

(ਇੱਕ ਬਹੁਤ ਸੁੰਦਰ ਇੱਕ ਹਜ਼ਾਰ ਕੀਮਤ ਵਾਲਾ ਘੋੜਾ ਲੈ ਕੇ ਆ, ਫਿਰ ਮੇਰੇ ਕੋਲੋਂ ਇਹ ਇਲਾਕਾ ਲੈ ਲਵੀਂ।)

ਨੋਟ: ਪਾ: 10 ਔਰੰਗਜ਼ੇਬ ਨੂੰ ਘੋੜਾ ਲਿਆਉਣ ਲਈ ਨਹੀਂ ਕਹਿ ਸਕਦੇ। ਪਾ: 10 ਕਿਸੇ ਇਲਾਕੇ ਦੇ ਹੁਕਮਰਾਨ ਜਾਂ ਮਾਲਕ ਨਹੀਂ ਸਨ।

ਸ਼ਹਨਸ਼ਾਹਿ ਰਾ ਬੰਦਹੇ ਚਾਕਰੇਮ।।

ਅਗਰਹੁਕਮ ਆਬਦ ਬ ਜਾਂ ਹਾਜਰੇਮ।। (62)

(ਗਿਆਨੀ ਨਰੈਣ ਸਿੰਘ ਨੇ ਇਹ ਅਰਥ ਕੀਤੇ ਹਨ: ਅਕਾਲ ਪੁਰਖ ਜੋ ਬਾਦਸ਼ਾਹ ਹੈ ਉਸ ਦਾ ਮੈਂ ਚਾਕਰ ਤੇ ਸੇਵਕ ਹਾਂ। ਜੇ ਉਸ ਦਾ ਹੁਕਮ ਆ ਜਾਵੇ ਤਾਂ ਮੈਂ ਜਾਨ ਸਮੇਤ ਹਾਜ਼ਰ ਹਾਂ।) ਨਿਰਪੱਖ ਵਿਚਾਰ ਕਰੀਏ ਤਾਂ, ਸ਼ਾਹਨਸ਼ਾਹ ਨੂੰ ਚਿੱਠੀ ਲਿਖਦਿਆਂ ਕਵੀ ਪਾ: 10 ਵੱਲੋਂ ਇਹ ਕਹਿ ਰਿਹਾ ਹੈ, ਔਰੰਗਜ਼ੇਬ ਸ਼ਾਹਿਨਸ਼ਾਹ ਮੈਂ ਤੇਰਾ ਚਾਕਰ ਤੇ ਸੇਵਕ ਹਾਂ। ਜੇ ਤੇਰਾ ਹੁਕਮ ਆ ਜਾਵੇ ਤਾਂ ਮੈਂ ਜਾਨ ਸਮੇਤ ਹਾਜ਼ਰ ਹਾਂ।

ਨੋਟ: ਚਿੱਠੀ ਵਿੱਚ ਔਰੰਗਜ਼ੇਬ ਨੂੰ ਕਹਿਣਾ ਕਿ ਜੇ ਤੇਰਾ ਹੁਕਮ ਹੋਵੇ ਪਾਤਸ਼ਾਹੀ 10 ਦੀ ਸ਼ਖ਼ਸੀਅਤ ਦੇ ਵਿਪਰੀਤ ਹੈ, ਪਾ: 10 ਦੀ ਤੌਹੀਨ ਹੈ।

ਅਗਰਚੇ ਬਿਯਾਮਦ ਬਫੁਰਮਾਨੇ ਮਨ।।

ਹਜੂਰਤ ਬਿਆਯਮ ਹਮਹ ਜਾਨੇ ਤਨ।। (63)

(ਜੇ ਮੈਨੂੰ ਹੁਕਮ ਆ ਗਿਆ ਤਾਂ ਮੈਂ ਤੇਰੇ ਸਾਹਮਣੇ ਜਾਨ ਤੇ ਸਰੀਰ ਕਰਕੇ ਆ ਜਾਵਾਂਗਾ।)

ਨੋਟ: ਕੀ ਗੁਰੂ ਜੀ ਔਰੰਗਜ਼ੇਬ ਨੂੰ ਚਿੱਠੀ ਲਿਖ ਕੇ ਉਸਦੇ ਹੁਕਮ ਦੀ ਉਡੀਕ ਕਰ ਰਹੇ ਸਨ? ਇਹ ਕਿਸੇ ਬੇਬਸ ਇਨਸਾਨ ਦਾ ਕਹਿਣਾ ਹੀ ਹੋ ਸਕਦਾ ਹੈ। ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਔਰੰਗਜ਼ੇਬ ਦੀ ਹਰ ਕੋਸ਼ਿਸ਼ ਦੇ ਬਾਵਜੂਦ ਉਸਨੂੰ ਦਰਸ਼ਨ ਨਹੀਂ ਦਿੱਤੇ।

ਅਗਰ ਤੂੰ ਬਯੁਜਦਾਂ ਪਰਤਸੀ ਕੁਨੀ।।

ਬ ਕਾਰੇ ਮਰਾ ਈਂ ਨ ਸੁਸਤੀ ਕੁਨੀ।।

(ਜੇਕਰ ਤੂੰ ਪ੍ਰਭੂ ਦਾ ਪੁਜਾਰੀ ਹੈ, ਤਾਂ ਮੇਰੇ ਇਸ ਕੰਮ ਵਿੱਚ ਆਲਸ ਨਾ ਕਰੀ, ਭਾਵ ਮੈਨੂੰ ਮਿਲਨ ਵਿੱਚ ਢਿੱਲ ਨਾ ਕਰੀਂ।)

ਨੋਟ: ਕੀ ਪਾ: 10 ਹਰ ਤਰ੍ਹਾਂ ਨਾਲ ਪਰਮੇਸਰ ਦਾ ਵਾਸਤਾ ਪਾ ਕੇ ਔਰੰਗਜ਼ੇਬ ਨੂੰ ਮਿਲਣ ਲਈ ਬੇਨਤੀ ਕਰ ਰਹੇ ਹਨ?

ਇਸ ਪਹਿਲੀ ਹਿਕਾਯਤ ਦੀ ਕਹਾਣੀ ਵਿੱਚ 115 ਬੰਦ ਹਨ। ਇਸ ਸਾਰੀ ਚਿੱਠੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਲਾਚਾਰ, ਬੇਬਸ, ਵਕਤ ਦੇ ਬਾਦਸ਼ਾਹ ਕੋਲ ਉਸ ਦੇ ਜਰਨੈਲਾਂ, ਤੇ ਕਾਜ਼ੀਆਂ ਦੀਆਂ ਸ਼ਿਕਾਇਤਾਂ, ਆਪਣੇ ਉਪਰ ਜ਼ੁਲਮ ਕਰਨ ਵਾਲੇ ਔਰੰਗਜ਼ੇਬ ਕੋਲ ਕੀਤੀਆਂ ਦਰਸਾਈਆਂ ਗਈਆਂ ਹਨ। ਇਹ ਉਸ ਨਿਰਭੈ ਯੋਧਾ, ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖ਼ਸੀਅਤ ਦੇ ਉਲਟ ਸੰਦੇਸ਼ ਦੇਣ ਵਾਲੀ ਰਚਨਾ ਹੈ। ਗੁਰੂ ਗੋਬਿੰਦ ਸਿੰਘ ਤੇ ਜੰਗਾਂ ਵਿੱਚ ਸ਼ਹੀਦ ਹੋਏ ਸਿੰਘਾਂ ਤੇ ਹੋਰ ਸਿੰਘ ਬਹਾਦਰਾਂ ਦੀ ਤੌਹੀਨ ਹੈ। ਇਸ ਰਚਨਾ ਨੂੰ ਨਿਰਪੱਖ ਹੋ ਕੇ ਪੜ੍ਹਨ ਨਾਲ ਇਹ ਹੀ ਨਤੀਜਾ ਨਿਕਲਦਾ ਹੈ। ਕਿਸੇ ਹਿੰਦੂ, ਮੁਸਲਮਾਨ, ਈਸਾਈ ਜਾਂ ਹੋਰ ਨਿਰਪੱਖ ਇਨਸਾਨ ਨੂੰ ਇਹ ਰਚਨਾ ਪੜ੍ਹ ਕੇ ਪੁਛੋ ਕਿ ਉਹ ਗੁਰੂ ਗੋਬਿੰਦ ਸਿੰਘ ਬਾਰੇ ਇਸ ਆਧਾਰ ਤੇ ਕੀ ਸੋਚਦਾ ਹੈ? ਇਸ ਪਹਿਲੀ ਹਿਕਾਅਤ ਤੋ ਅਗੇ ਦੂਸਰੀ ਹੈ ਤੇ ਜਫਰਨਾਮਾ ਦੀ ਸਾਰੀ ਰਚਨਾ 12ਵੀਂ ਹਿਕਾਅਤ ਤੇ ਸਮਾਪਤ ਹੁੰਦੀ ਹੈ।

ਗਿਆਨੀ ਭਾਗ ਸਿੰਘ ਆਪਣੀ ਪੁਸਤਕ ਵਿੱਚ ਕੁੱਝ ਹਿਕਾਇਤਾਂ ਦੀ ਵਿਚਾਰ ਵਿਸਥਾਰ ਨਾਲ ਕਰਦੇ ਹਨ। ਹਿਕਾਇਤਾਂ ਤ੍ਰਿਯ ਚਰਿਤ੍ਰ ਵਰਗੀਆਂ ਫ਼ਾਰਸੀ ਬੋਲੀ ਵਿੱਚ ਵਿਭਚਾਰੀ ਤ੍ਰੀਮਤਾਂ ਦੀਆਂ ਕਹਾਣੀਆਂ ਹਨ। ਇਸ ਤੋਂ ਅੱਗੇ ਗਿਆਨੀ ਭਾਗ ਸਿੰਘ ਜੀ ਦੀ ਪੁਸਤਕ ਦੇ ਪੰਜ ਪੰਨਿਆਂ ਦੀ ਨਕਲ ਹੈ (ਪੰਨਾ 101 ਤੋਂ 105) -

ਦੂਜੀ ਹਿਕਾਇਤ ਦੇ 139 ਬੰਦ ਹਨ ਜਿੰਨ੍ਹਾਂ ਦਾ ਸੰਖੇਪਕ ਸਾਰ ਇਹ ਹੈ ਕਿ ਇੱਕ ਉੱਤਰ ਦੇਸ਼ ਦਾ ਰਾਜਾ ਹਰਿਦੁਆਰ ਆ ਕੇ ਆਪਣੀ ਕੰਨਯਾ ਬਚਿਤ੍ਰਮਤੀ ਦਾ ਸ੍ਹਯੰਬਰ ਰਚਦਾ ਹੈ। ਉਹ ਅਨੇਕਾਂ ਰਾਜਕੁਮਾਰਾਂ ਵਿਚੋਂ ਇੱਕ ਸੂਰਮਾ ਸੁਭਟ ਸਿੰਘ ਪਸੰਦ ਕਰਦੀ ਹੈ। … ਸੁਭਟ ਸਿੰਘ ਕਹਿੰਦਾ ਹੈ ਕਿ ਮੇਰੀ ਇੱਕ ਰਾਣੀ ਅਗੇ ਹੈ, ਇਸ ਲਈ ਮੈਂ ਦੂਜਾ ਵਿਆਹ ਨਹੀਂ ਕਰਾਉਂਦਾ … ਰਾਜੇ ਵਲੋਂ ਇੱਕ ਮੰਨਿਆ-ਪ੍ਰਮੰਨਿਆ ਕਰਮ-ਕਾਂਡੀ ਬ੍ਰਾਹਮਣ ਜਾ ਕੇ ਸੁਭਟ ਸਿੰਘ ਨੂੰ ਬਚਿਤ੍ਰਮਤੀ ਲਈ ਮਜਬੂਰ ਕਰਦਾ ਹੈ … ਸੁਭਟ ਸਿੰਘ ਕੁਰਾਨ ਅਤੇ ਰਸੂਲ ਦੀ ਕਸਮ ਚੁਕ ਕੇ ਕਹਿੰਦਾ ਹੈ ਕਿ ਮੈਂ ਦੂਜਾ ਵਿਆਹ ਨਹੀਂ ਕਰਾਉਣਾ, ਜਿਵੇਂ ਕਿ-

ਕਿ ਈਂ ਰਾ ਮਨ ਹਰਗਿਜ਼ ਨ ਕਰਦਮ ਕਬੂਲ,

ਕਿ ਕਉਲੇ ਕੁਰਾਨਸਤ ਕਸਮੇ ਰਸੂਲ।। (ਬੰਦ 35)

ਬਚਿਤ੍ਰਮਤੀ ਗੁੱਸੇ ਵਿੱਚ ਆ ਕੇ ਕਹਿੰਦੀ ਹੈ ਕਿ ਹੁਣ ਮੈਂ ਉਸ ਨੂੰ ਵਰ੍ਹਾਂਗੀ ਜੋ ਮੇਰੇ ਨਾਲ ਜੁੱਧ ਕਰਕੇ ਮੈਨੂੰ ਹਰਾਵੇ … ਜੰਗ ਛਿੜਦੀ ਹੈ ਜਿਸ ਵਿੱਚ ਬੰਦੀ, ਜੋਧਪੁਰ, ਅੰਬੇਰ, ਚੀਨ ਆਦਿਕ ਵਡਿਆਂ-ਵਡਿਆਂ ਮੁਲਕਾਂ ਦੇ ਅਨੇਕਾਂ ਰਾਜੇ ਇਕੱਲੀ ਬਚਿਤ੍ਰਮਤੀ ਹਥੋਂ ਮਾਰੇ ਜਾਂਦੇ ਹਨ। ਸੁਭਟ ਸਿੰਘ ਦੀ ਵਾਰੀ ਆਉਂਦੀ ਹੈ ਜਿਸ ਨੂੰ ਮੱਥੇ ਵਿੱਚ ਤੀਰ ਮਾਰ ਕੇ ਡੇਗਦੀ ਹੈ … ਇੱਕ ਹੋਰ ਤੀਰ ਉਸਦੀ ਸ਼ਾਹਰੱਗ ਵਿੱਚ ਮਾਰ ਕੇ ਬੇਹੋਸ਼ ਕਰ ਦਿੰਦੀ ਹੈ, ਫਿਰ ਉਸਦੀ ਪਹਿਲੀ ਰਾਣੀ ਦਾ ਰੂਪ ਬਣਾ ਕੇ ਪਾਣੀ ਪਿਲਾਉਂਦੀ ਹੋਈ, ਉਸਨੂੰ ਹੋਸ਼ ਵਿੱਚ ਲਿਆਉਂਦੀ ਹੈ … ਸੁਭਟ ਸਿੰਘ ਉਸਨੂੰ ਆਪਣੀ ਪਹਿਲੀ ਰਾਣੀ ਸਮਝ ਕੇ ਆਉਣ ਦਾ ਕਾਰਣ ਪੁੱਛਦਾ ਹੈ ਜਿਸ ਦਾ ਉਤਰ ਇਹ ਦਿੰਦੀ ਹੈ ਕਿ ਤੁਸੀਂ ਜਿਊਂਦੇ ਹੋਵੋ ਤਾਂ ਮਲ੍ਹਮ-ਪੱਟੀ ਆਦਿਕ ਦੀ ਸੇਵਾ ਕਰਾਂਗੀ, ਨਹੀਂ ਤਾਂ ਤੁਹਾਡੀ ਲਾਸ਼ ਲੈ ਆਵਾਂਗੀ … ਸੁਭਟ ਸਿੰਘ ਪ੍ਰਸੰਨ ਹੋ ਕੇ ਕਹਿੰਦਾ ਹੈ ਕਿ ਕੁੱਝ ਮੰਗ … ਉਤਰ ਇਹ ਦਿੰਦੀ ਹੈ ਕਿ ਤੁਸੀਂ ਮਰ ਕੇ ਨਵੇਂ ਸਿਰ ਜਨਮ ਲਿਆ ਹੈ, ਇਸ ਲਈ ਤੁਸੀਂ ਮੇਰੇ ਨਾਲ ਨਵੇਂ ਸਿਰਿਓਂ ਲਾਵਾਂ ਲੈ ਲਵੋ। ਫਿਰ ਅਗਨੀ ਪ੍ਰਚੰਡ ਕਰਕੇ ਚਾਰ ਫੇਰੇ ਲੈਣ ਉਪ੍ਰੰਤ ਰਥ ਵਿੱਚ ਬਿਠਾ ਕੇ ਆਪਣੇ ਡੇਰੇ ਲਿਆਉਂਦੀ ਹੈ। ਸੁਭਟ ਸਿੰਘ ਚੰਗੀ ਹੋਸ਼ ਆ ਜਾਣ ਤੇ ਪੁੱਛਦਾ ਹੈ ਕਿ ਹੁਣ ਮੈਂ ਕਿਥੇ ਹਾਂ ਅਤੇ ਤੂੰ ਕੌਣ ਹੈ, ਜਿਸਦਾ ਉਤਰ ਇਹ ਦਿੰਦੀ ਹੈ ਕਿ ਮੈਂ ਬਚਿਤ੍ਰਮਤੀ ਹਾਂ ਜਿਸਨੇ ਤੁਸਾਨੂੰ ਜੰਗ ਵਿੱਚ ਬੇਹੋਸ਼ ਕਰਨ ਉਪ੍ਰੰਤ ਤੁਸਾਡੇ ਨਾਲ ਫੇਰੇ ਲੈ ਕੇ ਵਿਆਹ ਕਰਾ ਲਿਆ ਹੈ … ਇਸ ਤੋਂ ਅੱਗੇ ਅਸ਼ਲੀਲਕ ਵਰਨਣ ਹੈ, ਉਹ ਲਿਖਣ ਤੋਂ ਲੇਖਣੀ ਕੰਬਦੀ ਹੈ - ਪਾਠਕ ਆਪ ਹੀ ਵੇਖ ਸਕਦੇ ਹਨ।

ਨੋਟ: ਇਸ ਹਿਕਾਇਤ ਅਤੇ 52ਵੇਂ ਤ੍ਰਿਯਾ ਚਰਿਤ੍ਰ ਵਿੱਚ ਕੋਈ ਭਿੰਨ-ਭੇਦ ਨਹੀਂ, ਕੇਵਲ ਹਿੰਦੀ ਭਾਸ਼ਾ ਅਤੇ ਫ਼ਾਰਸੀ ਜ਼ਬਾਨ ਦਾ ਅੰਤਰ ਹੈ। ਤ੍ਰਿਯਾ ਚਰਿਤ੍ਰ ਵਿੱਚ ਬਚਿਤ੍ਰਮਤੀ ਦੇ ਪਿਤਾ ਦਾ ਨਾਮ ਬਿਜੈ ਸਿੰਘ ਹੈ ਅਤੇ ਉਸਨੂੰ ਸੂਰਜਬੰਸ਼ੀ ਲਿਖਿਆ ਹੈ ਪਰ ਕੁਰਾਨ ਆਦਿਕ ਦੀ ਸੌਗੰਧ ਨਹੀਂ ਲਿਖੀ। ਕਦੇ ਇਸ ਹਿਕਾਇਤ ਦੇ ਸ਼ਾਇਰ ਤੋਂ ਪੁਛਿਆ ਜਾਵੇ ਕਿ ਹਿੰਦੂ ਧਰਮ ਦੇ ਇੱਕ ਮੰਨੇ-ਪ੍ਰਮੰਨੇ ਮਹਾਨ ਤੀਰਥ ਹਰਿਦੁਆਰ ਉਤੇ ਇੱਕ ਸੂਰਜਬੰਸ਼ੀ ਹਿੰਦੂ ਰਾਜੇ ਵਲੋਂ ਸੁਅੰਬਰ ਹੈ ਅਤੇ ਇੱਕ ਕਰਮਕਾਂਡੀ ਬ੍ਰਾਹਮਣ ਵਿਚੋਲਗੀ ਕਰ ਰਿਹਾ ਹੈ ਪਰ ਇੱਕ ਹਿੰਦੂ ਸੁਭਟ ਸਿੰਘ ਕੁਰਾਨ ਸ਼ਰੀਫ਼ ਅਤੇ ਹਜ਼ਰਤ ਮੁਹੰਮਦ ਸਾਹਿਬ ਦੀ ਕਸਮ ਚੁਕਦਾ ਹੈ, ਤਾਂ ਕੀ ਉਤਰ ਦੇਵੇਗਾ।

ਮੁੱਕਦੀ ਗੱਲ ਇਹ ਕਿ ਇਹ ਹਿਕਾਇਤ ਜੋ ਤ੍ਰੀਯਾ ਚਰਿਤ੍ਰਾਂ ਵਿਚੋਂ 52ਵੇਂ ਚਰਿਤ੍ਰ ਦਾ ਦੂਜਾ ਰੂਪ ਅਤੇ ਨਿਰਾ ਕੁਫ਼ਰ ਤੋਲਿਆ ਹੋਇਆ ਹੈ, ਉਹ ਦਸਵੇਂ ਗੁਰਦੇਵ ਵਲੋਂ ਔਰੰਗਜ਼ੇਬ ਨੂੰ ਲਿਖ ਭੇਜਣੀ ਸਿੱਧ ਕਰਨ ਵਾਲਾ ਜਾਣ-ਬੁੱਝ ਕੇ ਗੁਰਸਿੱਖਾਂ ਨੂੰ ਧੋਖਾ ਨਹੀਂ ਦੇ ਰਿਹਾ, ਤਾਂ ਹੋਰ ਕੀ ਹੈ?

ਹਿਕਾਇਤ ਚੌਥੀ ਦੇ ਕੁਲ 51 ਬੰਦ ਹਨ, ਜਿੰਨ੍ਹਾਂ ਦਾ ਨਿਚੋੜ ਇਹ ਹੈ ਕਿ ਇੱਕ ਕਾਜ਼ੀ ਦੀ ਔਰਤ ਇੱਕ ਰਾਜੇ ਉਤੇ ਮੋਹਿਤ ਹੋ ਕੇ ਆਪਣੀ ਮਲੀਨ ਵਾਸ਼ਨਾ ਪ੍ਰਗਟ ਕਰਦੀ ਹੈ … ਰਾਜਾ ਕਹਿੰਦਾ ਹੈ ਕਿ ਤੂੰ ਪਹਿਲਾਂ ਆਪਣੇ ਘਰਵਾਲੇ ਦਾ ਸਿਰ ਵੱਢ ਲਿਆਵੇਂ ਤਾਂ ਮੈਂ ਤੈਨੂੰ ਆਪਣੇ ਘਰ ਰਖ ਲਵਾਂਗਾ … ਤੁਰਕਨੀ ਘਰ ਆ ਕੇ ਸੁੱਤੇ ਪਏ ਕਾਜ਼ੀ ਦਾ ਸਿਰ ਵੱਢ ਕੇ ਲਹੂ ਲਿਬੜਿਆ ਸਿਰ ਰਾਜੇ ਨੂੰ ਆ ਕੇ ਵਿਖਾਉਂਦੀ ਹੈ … ਰਾਜਾ ਸਿਰ ਵੇਖ ਕੇ ਡਰਦਾ ਹੋਇਆ ਕਹਿੰਦਾ ਹੈ ਕਿ ਤੂੰ ਆਪਣੇ ਖਸਮ ਨੂੰ ਵੱਢ ਛੱਡਿਆ ਹੈ, ਰੱਬ ਜਾਣੇ ਕਿ ਤੂੰ ਮੇਰੇ ਨਾਲ ਕੀ ਕੁੱਝ ਕਰੇਂਗੀ, ਇਸ ਲਈ ਇਥੋਂ ਚਲੀ ਜਾ।

ਤੁਰਕਨੀ ਗੁੱਸੇ ਨਾਲ ਭਰੀ ਹੋਈ ਰਾਜੇ ਦੀ ਅਖੋਂ ਬਚਾ ਕੇ ਵੱਢਿਆ ਹੋਇਆ ਸਿਰ ਉਥੇ ਹੀ ਰਖ ਦਿੰਦੀ ਹੈ ਤੇ ਘਰ ਆ ਕੇ ਰੋਣ-ਪਿੱਟਣ ਲਗ ਜਾਂਦੀ ਹੈ … ਲੋਕਾਂ ਦਾ ਇਕੱਠ ਹੋ ਜਾਣ ਤੇ ਕਹਿੰਦੀ ਹੈ ਕਿ ਕੋਈ ਜ਼ਾਲਮ ਕਾਜ਼ੀ ਸਾਹਿਬ ਦਾ ਸਿਰ ਵੱਢ ਕੇ ਲੈ ਗਿਆ ਹੈ … ਫਿਰ ਵੱਢੇ ਹੋਏ ਸਿਰ ਵਿਚੋਂ ਡੁਲ੍ਹਦੇ ਲਹੂ ਦੇ ਨਿਸ਼ਾਨਾਂ ਉਤੇ ਲੋਕਾਂ ਨੂੰ ਲਿਜਾ ਕੇ ਸਿਰ ਵਿਖਾਉਂਦੀ ਹੈ … ਲੋਕ ਵੱਢੇ ਹੋਏ ਸਿਰ ਸਮੇਤ ਰਾਜੇ ਨੂੰ ਜਹਾਂਗੀਰ ਦੇ ਪੇਸ਼ ਕਰਦੇ ਹਨ … ਜਹਾਂਗੀਰ ਰਾਜੇ ਨੂੰ ਤੁਰਕਨੀ ਦੇ ਹਵਾਲੇ ਕਰ ਦਿੰਦਾ ਹੈ। ਤੁਰਕਨੀ ਉਸਨੂੰ ਜਲਾਦਾਂ ਦੇ ਹਵਾਲੇ ਕਰਨ ਲਗਦੀ ਹੈ ਤਾਂ ਰਾਜੇ ਵਲੋਂ ਅੱਖ ਦੇ ਇਸ਼ਾਰੇ ਰਾਹੀਂ ਤੁਰਕਨੀ ਦੀ ਰਜ਼ਾਮੰਦੀ ਮੰਨ ਜਾਣ ਉਤੇ ਉਸਦੀ ਜਾਨ ਬਖਸ਼ੀ ਕਰਕੇ ਆਪ ਮੱਕੇ ਵੱਲ ਨੂੰ ਟੁਰ ਪੈਂਦੀ ਹੈ … ਕੁੱਝ ਦੂਰ ਜਾ ਕੇ ਲੋਕਾਂ ਵਲੋਂ ਅੱਖ ਬਚਾਉਂਦੀ ਹੋਈ ਰਾਜੇ ਕੋਲ ਆ ਜਾਂਦੀ ਹੈ।

ਹੁਣ ਵੇਖੋ ਤ੍ਰੀਯਾ ਚਰਿਤ੍ਰਾਂ ਵਿਚੋਂ 267ਵਾਂ ਚਰਿਤ੍ਰ ਜਿਸਦੇ ਕੁਲ 22 ਬੰਦ ਹਨ ਅਤੇ ਇੰਨ-ਬਿੰਨ ਉਤੇ ਲਿਖੀ ਚੌਥੀ ਹਿਕਾਇਤ ਦਾ ਹਿੰਦੀ ਭਾਸ਼ਾ ਵਿੱਚ ਰੂਪ ਚਿਤਰਿਆ ਹੈ ਤੇ ਨਾਲ ਹੀ ਉਸ ਰਾਜੇ ਦਾ ਨਾਮ ਵੀ ਰੂਪ ਸੈਨ ਲਿਖਿਆ ਹੋਇਆ ਹੈ।

ਸ਼ੋਕ ਕਿ ਇਹੋ ਜਿਹੇ ਗਪੌੜ (ਜਿੰਨ੍ਹਾਂ ਤੋਂ ਵੱਡੇ-ਵੱਡੇ ਗਪੌੜੀ ਵੀ ਨੱਕ ਵੱਟ ਲੈਣ) ਵੀ ਅਰਸ਼ੀ ਪ੍ਰੀਤਮ ਦਸ਼ਮੇਸ਼ ਵਲੋਂ ਔਰੰਗਜ਼ੇਬ ਨੂੰ ਲਿਖ ਭੇਜਣੇ ਦਰਸਾਉਣ ਵਾਲੇ ਵਿਦਵਾਨ ਸੱਜਣ ਜ਼ਫ਼ਰਨਾਮੇ ਤੋਂ ਪਿਛਲੀਆਂ ਹਿਕਾਇਤਾਂ ਅਤੇ ਤ੍ਰੀਯਾ ਚਰਿਤ੍ਰਾਂ ਦਾ ਪਾਜ ਉਘੇੜਨ ਦੀ ਥਾਵੇਂ ਉਲਟੀ ਦਸ਼ਮੇਸ਼ ਸਿੱਧ ਕਰਨ ਉਤੇ ਤੁਲੇ ਹੋਏ ਹਨ।

ਜ਼ਫ਼ਰਨਾਮੇ ਤੋਂ ਬਿਨਾ 11ਵੀਂ ਅੰਤਲੀ ਹਿਕਾਇਤ ਦੇ 21 ਬੰਦ ਹਨ ਜਿੰਨ੍ਹਾਂ ਦਾ ਸਿੱਟਾ ਇਹ ਹੈ ਕਿ ਇੱਕ ਰਹੀਮ ਖ਼ਾਨ ਪਠਾਣ ਦੀ ਔਰਤ ਆਪਣੇ ਯਾਰ ਹਸਨ ਖ਼ਾਨ ਨੂੰ ਘਰ ਬੁਲਾ ਕੇ ਵਿਭਚਾਰ ਕਰਦੀ ਹੈ … ਕੋਈ ਆਦਮੀ ਰਹੀਮ ਖ਼ਾਨ ਨੂੰ ਖਬਰ ਦਿੰਦਾ ਹੈ … ਉਹ ਗੁੱਸੇ ਭਰਿਆ ਤਲਵਾਰ ਫੜ ਕੇ ਘਰ ਆਉਂਦਾ ਹੈ … ਪਠਾਣੀ ਆਪਣੇ ਯਾਰ ਨੂੰ ਵੇਖ ਕੇ ਦੇਗ਼ ਅੰਦਰ ਗੋਸ਼ਤ ਰਿੰਨ੍ਹ ਕੇ ਰਹੀਮ ਖ਼ਾਨ ਨੂੰ ਖੁਆ ਕੇ ਖੁਸ਼ ਕਰ ਦਿੰਦੀ ਹੈ, ਉਹ ਖਬਰ ਦੇਣ ਵਾਲੇ ਨੂੰ ਉਲਟਾ ਝੂਠਾ ਸਮਝ ਕੇ ਵੱਢ ਛੱਡਦਾ ਹੈ।

ਕੁਰਬਾਨ ਜਾਈਏ ਇਸ ਸ਼ਾਇਰ ਤੋਂ ਜੋ ਅੱਖ ਦੇ ਪਲਕਾਰੇ ਵਿੱਚ ਹਸਨ ਖ਼ਾਨ ਨੂੰ ਵੱਢ ਕੇ ਉਸਦਾ ਖੂਨ ਅਤੇ ਹੱਡੀ-ਪਸਲੀ ਆਦਿਕ ਉਸੇ ਵੇਲੇ ਕਿਨਾਰੇ ਲਾ ਕੇ ਗੋਸ਼ਤ ਵੀ ਖਾ-ਖੁਵਾ ਦਿੰਦਾ ਹੈ, ਹਾਲਾਂਕਿ ਇਹ ਘਟਨਾ ਸੁਪਨੇ ਵਿੱਚ ਵੀ ਵੇਖੀ ਜਾਵੇ ਤਾਂ ਵੀ ਕੁੱਝ ਨਾ ਕੁੱਝ ਵਕਤ ਜ਼ਰੂਰ ਲਗ ਜਾਂਦਾ ਹੈ।

ਹੁਣ ਵੇਖੋ ਤ੍ਰੀਯਾ ਚਰਿਤ੍ਰ 221 ਜਿਸਦੇ ਕੇਵਲ 7 ਬੰਦ ਹਨ ਪਰ ਹਿੰਦੀ ਭਾਸ਼ਾ ਦੇ ਲਿਬਾਸ ਵਿੱਚ ਪ੍ਰਤੱਖ ਹੀ ਉਪਰਲੀ ਹਿਕਾਇਤ ਦਿੱਸਦੀ ਹੈ। ਹਾਂ, ਕੁੱਝ ਨਾਵਾਂ ਵਿੱਚ ਅਦਲਾ-ਬਦਲੀ ਹੈ ਜਿਵੇਂ ਕਿ ਹਿਕਾਇਤ ਵਿੱਚ ਪਠਾਣ ਦਾ ਨਾਮ ਰਹੀਮਖ਼ਾਨ ਲਿਖਿਆ ਹੈ ਪਰ ਇਥੇ ਸੰਮਨਖ਼ਾਨ ਹੈ ਅਤੇ ਪਠਾਣੀ ਦਾ ਨਾਮ ਹਿਕਾਇਤ ਵਿੱਚ ਤਾਂ ਹੈ ਹੀ ਨਹੀਂ ਪਰ ਇਥੇ ‘ਸ੍ਰੀ ਮ੍ਰਿਗਰਾਜਮਤੀ’ ਲਿਖਿਆ ਹੈ (ਵਾਹ ਰੇ ਕਵੀ ਜੀ ਮਹਾਰਾਜ) ਘਰਵਾਲੇ ਦਾ ਨਾਮ ਸੰਮਨਖ਼ਾਨ ਪਰ ਘਰਵਾਲੀ ਦਾ ਨਾਮ ਸ੍ਰੀ ਮ੍ਰਿਗਰਾਜਮਤੀ - ‘ਮੂੰਹ ਗਊ ਦਾ, ਧੜ ਗਧੇ ਦਾ’ ਵਾਲੀ ਕਹਾਵਤ ਵਾਂਗੂ ਕਿਹਾ ਢੁਕਵਾਂ ਜੋੜ ਹੈ। ਪਠਾਣੀ ਦੇ ਯਾਰ ਦਾ ਹਿਕਾਇਤ ਵਿੱਚ ਨਾਮ ਹਸਨਖ਼ਾਨ ਹੈ ਪਰ ਇਥੇ ਸ਼ਾਦੀਖ਼ਾਨ ਲਿਖਿਆ ਹੈ।

8 ਵੀਂ ਹਿਕਾਇਤ ਦੇ 47 ਬੰਦ ਹਨ ਪਰ ਕਹਾਣੀ 40 ਬੰਦਾਂ ਉੱਤੇ ਮੱਕ ਜਾਂਦੀ ਹੈ, ਬਾਕੀ ਦੇ ਅੰਕ ਅਉਕਵੇਂ ਜਿਹੇ ਹਨ ਭਾਵ ਹਿਕਾਇਤ ਨਾਲ ਮੇਲ ਨਹੀਂ ਖਾਂਦੇ। ਹਿਕਾਇਤ ਦਾ ਸੰਕੋਚਵਾਂ ਸਾਰ ਇਹ ਹੈ ਕਿ ਬਾਦਸ਼ਾਹ ਆਜ਼ਮਸ਼ਾਹ ਦੀ ਬੇਗ਼ਮ ਆਪਣੇ ਯਾਰ ਨੂੰ ਘਰ ਬੁਲਾਉਂਦੀ ਹੈ, ਜਿਸ ਦੇ ਦੋ-ਦੋ ਨੌਜਵਾਨ ਹਾਥੀਆਂ ਵਰਗੀ ਡੀਲ-ਡੌਲ ਵਾਲੇ ਪੁੱਤਰਾਂ ਨੂੰ ਸੁਤਿਆਂ ਵੇਖ ਉਹ ਘਬਰਾ ਕੇ ਕਹਿੰਦਾ ਹੈ ਕਿ ਇਹਨਾਂ ਨੂੰ ਜਾਗ ਆ ਗਈ ਤਾਂ ਮੈਨੂੰ ਮਾਰ ਸੁਟਣਗੇ, ਇਸ ਲਈ ਪਹਿਲੇ ਇਹਨਾਂ ਦਾ ਕੋਈ ਬੰਦੋਬਸਤ ਕਰਕੇ ਫਿਰ ਮੈਨੂੰ ਬੁਲਾਈਂ, ਇਹ ਕਹਿ ਕੇ ਵਾਪਸ ਚਲਾ ਜਾਂਦਾ ਹੈ।

ਬੇਗ਼ਮ ਦੋਹਾਂ ਪੁੱਤਰਾਂ ਨੂੰ ਸ਼ਰਾਬ ਰਾਹੀਂ ਮਸਤ ਕਰਕੇ ਵੱਢ ਸੁੱਟਣ ਉਪ੍ਰੰਤ ਰੋਣ-ਪਿੱਟਣ ਲਗ ਜਾਂਦੀ ਹੈ … ਲੋਕਾਂ ਦਾ ਇਕੱਠ ਵੇਖ ਕੇ ਇਹ ਦੱਸਦੀ ਹੈ ਕਿ ਇਹਨਾਂ ਦੋਹਾਂ ਸ਼ਰਾਬ ਪੀ ਕੇ ਬੇਹੋਸ਼ੀ ਵਿੱਚ ਇਕ-ਦੈਜੇ ਨੂੰ ਕਤਲ ਕਰ ਦਿੱਤਾ ਹੈ … ਫਿਰ ਫਟੇ-ਪੁਰਾਣੇ ਕਪੜੇ ਪਾ ਕੇ ਫਕੀਰਨੀ ਰੂਪ ਵਿੱਚ ਜੰਗਲ ਚਲੀ ਜਾਂਦੀ ਹੈ … ਉਜਾੜ ਵਿੱਚ ਸ਼ਿਵ ਜੀ ਮਹਾਰਾਜ ਦਰਸ਼ਨ ਦੇ ਕੇ ਪੁੱਛਦੇ ਹਨ ਕਿ ਤੂੰ ‘ਹੂਰ’ ਹੈ ਜਾਂ ‘ਪਰੀ’ ਅਥਵਾ ਆਕਾਸ਼ੋਂ ਉਤਰਿਆ ਚੰਦ੍ਰਮਾ ਹੈ … ਉਤਰ ਦਿੰਦੀ ਹੈ ਕਿ ਮੈਂ ਬਿਲਸ਼ਿਤਾਂ ਦੇਸ਼ ਦੇ ਬਾਦਸ਼ਾਹ ਦੀ ਬੇਟੀ ਹਾਂ … ਸ਼ਿਵ ਜੀ ਪ੍ਰਸੰਨ ਹੋ ਕੇ ਕਹਿੰਦੇ ਹਨ ਕਿ ਵਰ ਮੰਗ … ਵਰ ਇਹ ਮੰਗਦੀ ਹੈ ਕਿ ਮੈਂ ਬੁਢਿਉਂ ਜਵਾਨ ਹੋ ਕੇ ਆਪਣੇ ਯਾਰ ਨੂੰ ਮਿਲ ਪਵਾਂ।

ਵਰ ਪ੍ਰਾਪਤੀ ਉਪ੍ਰੰਤ ਯਾਰ ਦੇ ਖੂਹ ਉਤੇ ਜਾ ਬੈਠਦੀ ਹੈ … ਯਾਰ ਨੂੰ ਆਉਂਦਿਆਂ ਵੇਖ ਬਾਰ੍ਹਾਂਸਿੰਗ੍ਹੇ ਦਾ ਰੂਪ ਧਾਰ ਕੇ ਦੌੜਦੀ ਹੈ … ਯਾਰ ਵੀ ਉਸਦੇ ਪਿਛੇ-ਪਿਛੇ ਘੋੜਾ ਦੁੜਾਉਂਦਾ ਹੈ … ਬਹੁਤ ਦੂਰ ਜਾ ਕੇ ਖ਼ੂਬਸੂਰਤ ਨੌਜਵਾਨ ਬਣ ਜਾਂਦੀ ਹੈ ਅਤੇ ਯਾਰ ਨਾਲ ਚਲੀ ਜਾਂਦੀ ਹੈ।

ਹੁਣ ਉਤੇ ਲਿਖੇ ਕੋਰੇ ਦੇ ਕੋਰੇ ਝੂਠ ਨੂੰ ਸੱਚ ਮੰਨਿਆ ਜਾਵੇ ਤਾਂ ਇਹ ਵੀ ਮੰਨਣਾ ਪਵੇਗਾ ਕਿ ਬਾਦਸ਼ਾਹ ਦੀ ਬੇਗ਼ਮ ਨੇ ਬੁਢਾਪੇ ਵਿੱਚ ਹੁੰਦਿਆਂ ਵੀ ਯਾਰ ਦੀ ਪ੍ਰਸੰਨਤਾ ਲਈ ਆਪਣੇ ਪਾਲੇ-ਪੋਸੇ ਵੱਡੀ ਡੀਲ-ਡੌਲ ਵਾਲੇ ਦੋਹਾਂ ਪੁੱਤਰਾਂ ਨੂੰ ਆਪਣੀ ਹਥੀਂ ਕੋਹ ਸੁੱਟਿਆ …. ਫਿਰ ਹਾਲ ਪਾਹਰਿਆ ਸੁਣ ਕੇ ਆਏ ਲੋਕਾਂ ਵਿਚੋਂ ਕਿਸੇ ਨੂੰ ਵੀ ਉਸਦੀ ਕੋਝੀ ਕਰਤੂਤ ਦਾ ਪਤਾ ਨਾ ਲੱਗਾ … ਫਿਰ ਉਜਾੜ ਵਿੱਚ ਜਾਂਦੀ ਹੋਈ ਵਿਭਚਾਰਣ ਨੂੰ ਸ਼ਿਵ ਜੀ ਮਹਾਰਾਜ ਦੇ ਦਰਸ਼ਨ ਹੋ ਜਾਣ ਵਾਲੀ ਗੱਪ ਵੀ ਮੰਨਣੀ ਪਵੇਗੀ, ਇਤਨਾ ਹੀ ਨਹੀਂ ਇਹ ਨਿਸ਼ਚਾ ਵੀ ਕਰਨਾ ਪਵੇਗਾ ਕਿ ਤ੍ਰਿਕਾਲਿਗ (ਭੂਤ ਭਵਿਖਯਾਤ ਵਰਤਮਾਨ ਦੇ ਗਯਾਤਾ) ਸ਼ਿਵ ਜੀ ਭਗਵਾਨ ਨੂੰ ਵੀ ਉਸਦੇ ਘੋਰ ਪਾਪ ਦੀ ਗਿਆਤ ਨਾ ਹੋਈ ਜਿਸ ਲਈ ਉਨ੍ਹਾਂ ਨੇ ਪੁੱਛਿਆ ਕਿ ਤੂੰ ‘ਹੂਰ’ ਹੈਂ ਜਾਂ ‘ਪਰੀ’ ਅਥਵਾ …

ਇਥੇ ਹੀ ਬਸ ਨਹੀਂ, ਇਹ ਪ੍ਰਤੀਤ ਵੀ ਕਰਨੀ ਪਵੇਗੀ ਕਿ ਉਸ ਕਾਮਾਗਨੀ ਵਿੱਚ ਸੜੀ-ਭੁੱਜੀ ਵਿਭਚਾਰਣ ਉਤੇ ਸ਼ਿਵਸ਼ੰਕਰ ਇਤਨਾ ਰੀਝੇ ਜੋ ਉਸ ਦੀ ਇੱਛਿਆ ਅਨੁਸਾਰ ਜੋ ਕੁੱਝ ਵੀ ਬਣਨਾ ਚਾਹੇ, ਉਹ ਰੂਪ ਧਾਰ ਕੇ ਯਾਰ ਨੂੰ ਮਿਲ ਪੈਣ ਦਾ ਵਰ ਦੇਣ ਤਕ ਵੀ ਤਿਆਰ ਹੋ ਗਏ, ਜਿਸ ਕਰਕੇ ਉਸ ਨੇ ਪਹਿਲਾਂ ਬਾਰਾਂਸਿੰਗ੍ਹੇ ਦਾ ਰੂਪ ਧਾਰ ਲਿਆ, ਫਿਰ ਨੌਜਵਾਨ ਕੁੜੀ ਬਣ ਗਈ … ਇਤਿਆਦਿਕ ਉਪ੍ਰੋਕਤ ਸਾਰੇ ਦੇ ਸਾਰੇ ਗਪੌੜੇ ਸੱਤ-ਸੱਤ ਕਰਕੇ ਮੰਨਣੇ ਪੈਣਗੇ।

ਸੱਚ ਪੁਛੋ ਤਾਂ ਇਹਨਾਂ ਹਿਕਾਇਤਾਂ ਵਿੱਚ ਸ਼ਾਇਰ ਨੇ ਫ਼ਾਰਸੀ ਜ਼ਬਾਨ ਵਰਤ ਕੇ ਹੇਠ ਲਿਖੀ ਪ੍ਰਚਲਤ ਕਹਾਵਤ ਪ੍ਰਤੱਖ ਕਰਕੇ ਵਿਖਾ ਦਿੱਤੀ ਹੈ ਕਿ - ਝੂਠ ਬੋਲੋ ਰੱਜ ਰੱਜ ਕੇ, ਫਿਰ ਸੌਂ ਜਾਵੋ ਮੂੰਹ ਕੱਜ ਕੇ।

ਹਿਕਾਇਤ 9ਵੀਂ ਦੇ 44 ਬੰਦ ਹਨ ਜਿੰਨ੍ਹਾਂ ਦਾ ਸੰਖੇਪਕੀ ਵੇਰਵਾ ਇਹ ਹੈ ਕਿ ਫਿਰੰਗ-ਦੇਸ਼ ਦੇ ਬਾਦਸ਼ਾਹ ਦੀ ਰਾਣੀ ਆਪਣੇ ਯਾਰ ਨੂੰ ਬੁਲਾ ਕੇ ਇੱਕ ਨਾਈਂ (ਹਜਾਮ) ਕੋਲੋਂ ਮੋਚਨੇ ਨਾਲ ਉਸ ਦੀ ਦਾੜ੍ਹੀ ਦੇ ਵਾਲ ਪੁਟਵਾ ਕੇ ਜਨਾਨੇ ਕਪੜਿਆਂ ਵਿੱਚ ਗੋਲੀ ਦੇ ਰੂਪ ਅੰਦਰ ਆਪਣੇ ਕੋਲ ਵਿਭਚਾਰ ਹਿਤ ਰਖਦੀ ਹੈ।

ਇਕ ਦਿਨ ਬਾਦਸ਼ਾਹ ਉਸ ਨੂੰ ਖੂਬਸੂਰਤ ਔਰਤ ਸਮਝ ਕੇ ਕਾਮ-ਵਾਸ਼ਨਾ ਅਧੀਨ ਇੱਕ ਨੌਕਰਾਨੀ ਭੇਜ ਕੇ ਬੁਲਾਉਂਦਾ ਹੈ ਜਿਸ ਦਾ ਉਤਰ ਦਿੱਤੇ ਬਿਨਾ ਚੁਪ-ਚਾਪ ਰਾਣੀ ਕੋਲ ਜਾ ਕੇ ਕਹਿੰਦੀ ਹੈ ਕਿ ਮੈਨੂੰ ਸਚ-ਮੁਚ ਦੀ ਇਸਤਰੀ ਸਮਝ ਕੇ ਬਾਦਸ਼ਾਹ ਨੇ ਬੁਲਾਇਆ ਹੈ, ਕਿਹਾ ਚੰਗਾ ਹੋਵੇ ਕਿ ਮੈਂ ਇਥੋਂ ਚਲਾ ਜਾਵਾਂ, ਨਹੀਂ ਤੇ ਭੇਦ ਖੁਲ੍ਹ ਜਾਣ ਉਤੇ ਤੂੰ ਅਤੇ ਮੈਂ ਦੋਵੇਂ ਹੀ ਮਾਰੇ ਜਾਵਾਂਗੇ … ਰਾਣੀ ਕਹਿੰਦੀ ਹੈ ਕਿ ਡਰ ਨਹੀਂ, ਮੈਂ ਤੈਨੂੰ ਚਾਰ ਮਹੀਨੇ ਹੋਰ ਵੀ ਆਪਣੇ ਕੋਲ ਰਖ ਕੇ ਰੰਗ-ਰਲੀਆਂ … ਰਾਤ ਨੂੰ ਬਾਦਸ਼ਾਹ ਕਾਮਵਸ ਹੋ ਕੇ ਨਵੀਂ ਬਣੀ ਗੋਲੀ ਕੋਲ ਆਉਂਦਾ ਹੈ … ਰਾਣੀ ਉਸ ਗੋਲੀ ਨੂੰ ਆਪਣੇ ਕੋਲ ਸੁਵਾ ਲੈਂਦੀ ਹੈ। ਬਾਦਸ਼ਾਹ ਸਮਝਦਾ ਹੈ ਕਿ ਇਸ ਗੋਲੀ ਨੇ ਰਾਣੀ ਨੂੰ ਮੇਰੇ ਬਾਬਤ ਦੱਸ ਦਿੱਤਾ ਹੋਣਾ ਹੈ, ਜਿਸ ਲਈ ਰਾਣੀ ਨੇ ਖਬਰਦਾਰ ਹੋ ਕੇ ਇਸਨੂੰ ਆਪਣੇ ਕੋਲ ਸੁਵਾ ਲਿਆ ਹੈ, ਬਾਦਸ਼ਾਹ ਵਾਪਸ ਚਲਾ ਜਾਂਦਾ ਹੈ।

ਦੂਜੀ ਰਾਤ ਨੂੰ ਫਿਰ ਆਉਂਦਾ ਹੈ ਤਾਂ ਉਸਨੂੰ ਰਾਣੀ ਕੋਲ ਸੁਤਿਆਂ ਵੇਖ ਵਾਪਸ ਮੁੜ ਜਾਂਦਾ ਹੈ … ਇਸੇ ਤਰ੍ਹਾਂ ਪੰਜ-ਛੇ ਰਾਤਾਂ ਫੇਰ ਮਾਰ-ਮਾਰ ਕੇ ਮੁੜਦਾ ਹੋਇਆ ਕਾਮਾਤੁਰ ਹੋ ਕੇ ਕਚੀਚੀਆਂ ਵੱਟਦਾ-ਵੱਟਦਾ ਆਪਣੇ ਆਪ ਇਹੋ ਜਿਹੀਆਂ ਬੇਸ਼ਰਮ ਗੱਲਾਂ ਕਰਦਾ ਹੈ ਜੋ ਲਿਖਣ ਤੋਂ ਕਲਮ ਰੁੱਕਦੀ ਹੈ ਅਤੇ ਵਿਚਾਰ ਸ਼ਕਤੀ ਵੀ ਲਿਖਣ ਦੀ ਆਗਿਆ ਦੇਣ ਤੋਂ ਅਸਮਰੱਥ ਹੈ।

ਕੁਝ ਵੀ ਹੋਵੇ ਇਹ ਜ਼ਰੂਰ ਮੰਨਣਾ ਪਵੇਗਾ ਕਿ ਇਹ ਹਿਕਾਇਤਾਂ ਅਤੇ ਚਰਿਤ੍ਰ ਅਸੰਭਵ ਤੋਂ ਵੀ ਅਸੰਭਵ ਹਨ, ਜਿੰਨ੍ਹਾਂ ਨੂੰ ਦਸਮ ਪਿਤਾ ਵਲੋਂ ਔਰੰਗਜ਼ੇਬ ਨੂੰ ਲਿਖ ਭੇਜਣਾ ਸਹੇ ਦੇ ਸਿੰਗਾਂ ਵਾਂਗੂ ਤ੍ਰੈ ਕਾਲ ਅਸੰਭਵ ਹੈ।

ਡਾ: ਗੁਰਮੁਖ ਸਿੰਘ




.