.

ਦਰਗਹ ਕਿੱਥੇ ਹੈ?

ਅੱਜ ਦਾ ਸਧਾਰਣ ਸਿੱਖ ਜਾਂ ਇੰਞ ਕਹਿ ਲਓ ਕਿ ਜਿਸ ਨੇ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਿਆ ਤੇ ਸਮਝਿਆ ਨਹੀਂ ਉਹ ਇਹੀ ਕਹਿੰਦਾ ਹੈ ਕਿ ਮਰਨ ਤੋਂ ਬਾਅਦ ਕਿਧਰੇ ਪ੍ਰਮਾਤਮਾ ਦੀ ਦਰਗਹ ਹੈ। ਮਰਨ ਤੋਂ ਬਾਅਦ ਮਨੁੱਖਾ ਜੀਵ ਦੀ ਆਤਮਾ ਇਸ ਸ਼ਰੀਰ ਵਿਚੋਂ ਨਿਕਲ ਕੇ ਧਰਮ ਰਾਜ ਕੋਲ ਜਾਂਦੀ ਹੈ, ਉਸਦੇ ਕਰਮਾਂ ਦਾ ਲੇਖਾ-ਜੋਖਾ ਹੁੰਦਾ ਹੈ, ਫਿਰ ਚੰਗੇ-ਮਾੜੇ ਲੇਖੇ-ਜੋਖੇ ਮੁਤਾਬਕ ਅਗਲਾ ਜਨਮ ਮਿਲਦਾ ਹੈ। ਇਹ ਹੈ ਉਧਾਰ ਦਾ ਧਰਮ। ਕੰਮ ਅੱਜ ਕਰੋ ਤੇ ਫਲ ਕੱਲ੍ਹ ਨੂੰ ਮਿਲੇਗਾ। ਇਹ ਸਿਧਾਂਤ ਤਾਂ ਮਿਸ਼ਰ ਜੀ/ਪੰਡਿਤ ਜੀ ਪਿਛਲੇ ਕਈ ਹਜ਼ਾਰਾਂ ਸਾਲਾਂ ਤੋਂ ਲਾਗੂ ਕਰਕੇ ਬੈਠੇ ਹੋਏ ਸਨ ਤੇ ਗੁਰੂ ਨਾਨਕ ਸਾਹਿਬ ਨੇ ਆਪਣੀ ਚੜ੍ਹਦੀ ਜਵਾਨੀ ਵਿੱਚ ਪੈਰ ਰੱਖਦਿਆਂ ਹੀ ਇਹ ਨਾਹਰਾ ਜਾਂ ਹੋਕਾ ਦਿੱਤਾ ਕਿ:

ਮਹਲਾ 1॥ ਜਾਲਉ ਐਸੀ ਰੀਤਿ ਜਿਤੁ ਮੈ ਪਿਆਰਾ ਵੀਸਰੈ॥ ਨਾਨਕ ਸਾਈ ਭਲੀ ਪਰੀਤਿ ਜਿਤੁ ਸਾਹਿਬ ਸੇਤੀ ਪਤਿ ਰਹੈ॥ 2॥ {ਪੰਨਾ 590}

ਮੈਂ ਇਹੋ ਜਿਹੀ ਰੀਤ ਨੂੰ ਸਾੜ ਦਿਆਂ ਜਿਸ ਕਰਕੇ ਪਿਆਰਾ ਪ੍ਰਭੂ ਮੈਨੂੰ ਵਿਸਰ ਜਾਏ, ਹੇ ਨਾਨਕ! ਪ੍ਰੇਮ ਉਹੋ ਹੀ ਚੰਗਾ ਹੈ ਜਿਸ ਦੀ ਰਾਹੀਂ ਖਸਮ ਨਾਲ ਇੱਜ਼ਤ ਬਣੀ ਰਹੇ। 2.

ਇਸੇ ਕਰਕੇ ਹੀ ਗੁਰੂ ਜੀ ਨੇ ਕਿਸੇ ਸਾਕ-ਸਰੀਕੇ, ਮਾਂ-ਬਾਪ ਅਤੇ ਹੋਰ ਰਿਸ਼ਤੇਦਾਰਾਂ ਦੀ ਵੀ ਪ੍ਰਵਾਹ ਨਾ ਕਰਦਿਆਂ ਹੋਇਆਂ ਆਪਣੇ ਜੀਵਨ ਦੇ ਮੁਢਲੇ ਸਾਲਾਂ ਵਿੱਚ ਹੀ ਜਨੇਊ ਦੀ ਰਸਮ ਨੂੰ ਨਿਕਾਰ ਦਿੱਤਾ ਤੇ ਇਸ ਤੋਂ ਕਿਤੇ ਵੱਧ ਮੁਸ਼ਕਲ ਉਦੋਂ ਪੇਸ਼ ਆਈ ਹੋਊ ਜਦੋਂ ਉਨ੍ਹਾਂ ਨੇ ਵੇਦੀ ਦੇ ਦੁਆਲੇ ਫੇਰੇ ਲੈਣ ਤੋਂ ਇਨਕਾਰ ਕਰ ਦਿੱਤਾ।

ਮੁਸਲਮਾਨਾ ਧਰਮ ਵਿੱਚ ਮੌਲਵੀ ਵੀ, ਇਸ ਜਨਮ ਵਿੱਚ ਵਿਆਹ, ਇਸ ਕਰਕੇ ਨਹੀਂ ਕਰਵਾਉਂਦੇ ਕਿ ਅਗਲੇ ਜਨਮ ਵਿੱਚ ਹੂਰਾਂ ਮਿਲਣਗੀਆਂ ਤੇ ਇੱਥੇ ਸ਼ਰਾਬ ਵੀ ਇਸੇ ਕਰਕੇ ਨਹੀਂ ਪੈਂਦੇ ਕਿ ਅੱਗੇ/ਬਹਿਸ਼ਤ `ਚ ਅੰਮ੍ਰਿਤ ਦੇ ਘੜੇ ਭਰੇ ਹੋਏ ਮਿਲਣਗੇ। ਇਹ ਕੈਸੀ ਮਨੌਤ ਹੈ?

ਮਿਸ਼ਰ/ਪੰਡਿਤ/ਮੌਲਵੀ ਜੀ ਦੀ ਨੀਤੀ ਦੇ ਉਲਟ ਸਿੱਖ ਧਰਮ ਤਾਂ ਨਕਦੀ ਦਾ ਧਰਮ ਹੈ ਤੇ ਬਾਣੀ ਦਾ ਫੁਰਮਾਣ ਹੈ:

ਸਤਜੁਗੁ ਤ੍ਰੇਤਾ ਦੁਆਪਰੁ ਭਣੀਐ ਕਲਿਜੁਗੁ ਊਤਮੋ ਜੁਗਾ ਮਾਹਿ॥ ਅਹਿ ਕਰੁ ਕਰੇ ਸੁ ਅਹਿ ਕਰੁ ਪਾਏ ਕੋਈ ਨ ਪਕੜੀਐ ਕਿਸੈ ਥਾਇ॥ 3॥ {ਪੰਨਾ 406}

ਹੇ ਭਾਈ ! ਸਤਿਜੁਗ ਨੂੰ, ਤ੍ਰੇਤੇ ਨੂੰ, ਦੁਆਪਰ ਨੂੰ (ਚੰਗਾ) ਜੁਗ ਆਖਿਆ ਜਾਂਦਾ ਹੈ (ਪਰ ਪ੍ਰਤੱਖ ਦਿੱਸ ਰਿਹਾ ਹੈ ਕਿ ਸਗੋਂ) ਕਲਿਜੁਗ ਸਾਰੇ ਜੁਗਾਂ ਵਿੱਚ ਸ੍ਰੇਸ਼ਟ ਹੈ (ਕਿਉਂਕਿ ਇਸ ਜੁਗ ਵਿਚ) ਜੇਹੜਾ ਹੱਥ ਕੋਈ ਕਰਮ ਕਰਦਾ ਹੈ, ਓਹੀ ਹੱਥ ਉਸ ਦਾ ਫ਼ਲ ਭੁਗਤਦਾ ਹੈ। ਕੋਈ ਮਨੁੱਖ ਕਿਸੇ ਹੋਰ ਮਨੁੱਖ ਦੇ ਥਾਂ (ਵਿਕਾਰਾਂ ਦੇ ਕਾਰਨ) ਫੜਿਆ ਨਹੀਂ ਜਾਂਦਾ।

ਅਸਲ ਵਿੱਚ ਸਿੱਖ ਸਮਾਜ ਨੇ ਇਲਾਕੇ ਤੇ ਬਹੁਗਿਣਤੀ ਮੁਸਲਮਾਨ ਧਰਮ ਦਾ ਅਸਰ ਕਬੂਲਿਆ ਹੋਇਆ ਹੈ। ਮੁਸਲਮਾਨ ਆਪਣੇ ਧਰਮ ਮੁਤਾਬਕ ਕਿਸੇ ਦੀ ਕਬਰ ਨੂੰ ‘ਦਰਗਹ’ ਕਹਿੰਦੇ ਹਨ ਅਤੇ ਇਸੇ ਸੋਚ ਮੁਤਾਬਕ ਹੀ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਦਰਗਹ/ਦਰਗਹਿ ਲਫਜ਼ ਦਾ ਮਤਲਬ ਇਸ ਜਿੰਦਗੀ ਦੇ ਅੰਤ ਤੋਂ ਬਾਅਦ ਕਿਸੇ ਦਰਗਹ/ਦਰਗਹਿ ਦਾ ਹੋਣਾ ਮੰਨ ਲਿਆ ਹੈ ਜੋ ਗੁਰੂ ਸਾਹਿਬਾਨ ਦੇ ਉਪਦੇਸ਼ ਦੇ ਮੁਤਾਬਕ ਨਹੀਂ।

ਭਾਈ ਕਾਹਨ ਸਿੰਘ ਨਾਭਾ ਦੇ ‘ਮਹਾਨ ਕੋਸ਼’ ਦੇ ਪੰਨਾ 623 ਤੇ ਦਰਗਹ ਦੇ ਨੀਚੇ ਲਿਖੇ ਅਰਥ ਲਿਖੇ ਗਏ ਹਨ:

1. ਦਰਬਾਰ 2. ਕਰਤਾਰ ਦੀ ਨਿਯਯਾਸਭਾ; ਦਰਗਹ ਲੇਖਾ ਮੰਗੀਐ, “ਸੇ ਦਰਗਾਹ ਮਲ” 3. ਸਾਧਸਭਾ, ਸਤਸੰਗ “ਦਰਗਹ ਅੰਦਰਿ ਪਾਈਐ ਤਗੁ ਨ ਤੁਟਸਿ ਪੂਤ” ਸਤਸੰਗ ਕਰਨ ਨਾਲ ਜੋ ਪਵਿਤਰ ਜਨੇਊ ਮਨੁੱਖਾ ਜੀਵ ਪ੍ਰਾਪਤ ਕਰਦਾ ਹੈ ਫਿਰ ਉਹ ਟੁਟਦਾ ਨਹੀਂ।

ਹੋਰ ਝਮੇਲੇ ਸਾਰੇ ਹੱਲ ਹੀ ਹਨ ਸਿਰਫ ਇੱਕ ਇਹੀ ਲੱਭਣਾ ਹੈ ਕਿ ਕਰਤਾਰ ਦਾ ਟਿਕਾਣਾ ਕਿੱਥੇ ਹੈ? ਫਿਰ ਜਿੱਥੇ ਕਰਤਾਰ ਦਾ ਟਿਕਾਣਾ ਹੈ ਤਾਂ ਦਰਗਹ ਵੀ ਉੱਥੇ ਹੈ?

ਜੇ ਇਹ ਸਾਬਤ ਕਰ ਲਈਏ ਕਿ ਪ੍ਰਮਾਤਮਾ ਅੰਦਰ ਹੀ ਹੈ ਤਾਂ ਵੀ ਇਹ ਮੁਸਕਲ ਹੱਲ ਹੋ ਸਕਦੀ ਹੈ। ਕਿਉਂਕਿ ਜੇ ਪ੍ਰਮਾਤਮਾ ਅੰਦਰ ਹੈ ਤਾਂ ਦਰਗਹ ਕਿਧਰੇ ਸੱਤਵੇਂ ਅਕਾਸ਼ ਤੇ ਨਹੀਂ ਹੋ ਸਕਦੀ।

ੴ ਸਤਿਗੁਰ ਪ੍ਰਸਾਦਿ॥ ਧਨਾਸਰੀ ਮਹਲਾ 9॥ ਕਾਹੇ ਰੇ ਬਨ ਖੋਜਨ ਜਾਈ॥ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ॥ 1॥ ਰਹਾਉ॥ ਪੁਹਪ ਮਧਿ ਜਿਉ ਬਾਸੁ ਬਸਤੁ ਹੈ ਮੁਕਰ ਮਾਹਿ ਜੈਸੇ ਛਾਈ॥ ਤੈਸੇ ਹੀ ਹਰਿ ਬਸੇ ਨਿਰੰਤਰਿ ਘਟ ਹੀ ਖੋਜਹੁ ਭਾਈ॥ 1॥ ਬਾਹਰਿ ਭੀਤਰਿ ਏਕੋ ਜਾਨਹੁ ਇਹੁ ਗੁਰ ਗਿਆਨੁ ਬਤਾਈ॥ ਜਨ ਨਾਨਕ ਬਿਨੁ ਆਪਾ ਚੀਨੈ ਮਿਟੈ ਨ ਭ੍ਰਮ ਕੀ ਕਾਈ॥ 2॥ 1॥ {ਪੰਨਾ 684}

ਹੇ ਭਾਈ ! (ਪਰਮਾਤਮਾ ਨੂੰ) ਲੱਭਣ ਵਾਸਤੇ ਤੂੰ ਜੰਗਲਾਂ ਵਿੱਚ ਕਿਉਂ ਜਾਂਦਾ ਹੈਂ ? ਪਰਮਾਤਮਾ ਸਭ ਵਿੱਚ ਵੱਸਣ ਵਾਲਾ ਹੈ, (ਫਿਰ ਭੀ) ਸਦਾ (ਮਾਇਆ ਦੇ ਪ੍ਰਭਾਵ ਤੋਂ) ਨਿਰਲੇਪ ਰਹਿੰਦਾ ਹੈ। ਉਹ ਪਰਮਾਤਮਾ ਤੇਰੇ ਨਾਲ ਹੀ ਵੱਸਦਾ ਹੈ। 1. ਰਹਾਉ।

ਹੇ ਭਾਈ ! ਜਿਵੇਂ ਫੁੱਲ ਵਿੱਚ ਸੁਗੰਧੀ ਵੱਸਦੀ ਹੈ, ਜਿਵੇਂ ਲਕੜੀ ਵਿੱਚ ਨਿਰੰਤਰ ਸੁਆਹ ਹੁੰਦੀ ਹੈ, ਤਿਵੇਂ ਪਰਮਾਤਮਾ ਇਕ-ਰਸ ਸਭਨਾਂ ਦੇ ਅੰਦਰ ਵੱਸਦਾ ਹੈ। (ਇਸ ਵਾਸਤੇ, ਉਸ ਨੂੰ) ਆਪਣੇ ਹਿਰਦੇ ਵਿੱਚ ਹੀ ਲੱਭ। 1.

ਹੇ ਭਾਈ ! ਗੁਰੂ ਦਾ (ਆਤਮਕ ਜੀਵਨ ਦਾ) ਉਪਦੇਸ਼ ਇਹ ਦੱਸਦਾ ਹੈ ਕਿ (ਆਪਣੇ ਸਰੀਰ ਦੇ) ਅੰਦਰ (ਅਤੇ ਆਪਣੇ ਸਰੀਰ ਤੋਂ) ਬਾਹਰ (ਹਰ ਥਾਂ) ਇੱਕ ਪਰਮਾਤਮਾ ਨੂੰ (ਵੱਸਦਾ) ਸਮਝੋ। ਹੇ ਦਾਸ ਨਾਨਕ ! ਆਪਣਾ ਆਤਮਕ ਜੀਵਨ ਪਰਖਣ ਤੋਂ ਬਿਨਾ (ਮਨ ਉੱਤੋਂ) ਭਟਕਣਾ ਦਾ ਜਾਲਾ ਦੂਰ ਨਹੀਂ ਹੋ ਸਕਦਾ (ਤੇ, ਉਤਨਾ ਚਿਰ ਸਰਬ-ਵਿਆਪਕ ਪਰਮਾਤਮਾ ਦੀ ਸੂਝ ਨਹੀਂ ਆ ਸਕਦੀ)। 2. 1.

ਜੈ ਕਾਰਣਿ ਤਟਿ ਤੀਰਥ ਜਾਹੀ॥ ਰਤਨ ਪਦਾਰਥ ਘਟ ਹੀ ਮਾਹੀ॥ ਪੜਿ ਪੜਿ ਪੰਡਿਤੁ ਬਾਦੁ ਵਖਾਣੈ॥ ਭੀਤਰਿ ਹੋਦੀ ਵਸਤੁ ਨ ਜਾਣੈ॥ 3॥ {ਪੰਨਾ 152}

ਹੇ ਭਾਈ ! ਜਿਸ (ਨਾਮ-ਰਤਨ) ਦੀ ਖ਼ਾਤਰ ਲੋਕ ਤੀਰਥਾਂ ਦੇ ਕੰਢੇ ਤੇ ਜਾਂਦੇ ਹਨ, ਉਹ ਕੀਮਤੀ ਰਤਨ (ਮਨੁੱਖ ਦੇ) ਹਿਰਦੇ ਵਿੱਚ ਹੀ ਵੱਸਦਾ ਹੈ। (ਵੇਦ ਆਦਿਕ ਪੁਸਤਕਾਂ ਦਾ ਵਿਦਵਾਨ) ਪੰਡਿਤ (ਵੇਦ ਆਦਿਕ ਧਰਮ-ਪੁਸਤਕਾਂ ਨੂੰ) ਪੜ੍ਹ ਪੜ੍ਹ ਕੇ (ਭੀ) ਚਰਚਾ ਕਰਦਾ ਰਹਿੰਦਾ ਹੈ। ਉਹ ਪੰਡਿਤ (ਆਪਣੇ) ਅੰਦਰ ਵੱਸਦੇ ਨਾਮ-ਪਦਾਰਥ ਨਾਲ ਸਾਂਝ ਨਹੀਂ ਪਾਂਦਾ। 3.

ਨਾ ਹਰਿ ਭਜਿਓ ਨ ਗੁਰ ਜਨੁ ਸੇਵਿਓ ਨਹ ਉਪਜਿਓ ਕਛੁ ਗਿਆਨਾ॥ ਘਟ ਹੀ ਮਾਹਿ ਨਿਰੰਜਨੁ ਤੇਰੈ ਤੈ ਖੋਜਤ ਉਦਿਆਨਾ॥ 2॥ ਬਹੁਤੁ ਜਨਮ ਭਰਮਤ ਤੈ ਹਾਰਿਓ ਅਸਥਿਰ ਮਤਿ ਨਹੀ ਪਾਈ॥ ਮਾਨਸ ਦੇਹ ਪਾਇ ਪਦ ਹਰਿ ਭਜੁ ਨਾਨਕ ਬਾਤ ਬਤਾਈ॥ 3॥ 3॥ {ਪੰਨਾ 631-632}

ਹੇ ਭਾਈ ! (ਅਜੇ ਤਕ) ਨਾਹ ਤੂੰ ਪਰਮਾਤਮਾ ਦੀ ਭਗਤੀ ਕੀਤੀ ਹੈ, ਨਾਹ ਗੁਰੂ ਦੀ ਸ਼ਰਨ ਪਿਆ ਹੈਂ, ਨਾਹ ਹੀ ਤੇਰੇ ਅੰਦਰ ਆਤਮਕ ਜੀਵਨ ਦੀ ਸੋਝੀ ਪਈ ਹੈ। ਮਾਇਆ ਤੋਂ ਨਿਰਲੇਪ ਪ੍ਰਭੂ ਤੇਰੇ ਹਿਰਦੇ ਵਿੱਚ ਵੱਸ ਰਿਹਾ ਹੈ, ਪਰ ਤੂੰ (ਬਾਹਰ) ਜੰਗਲਾਂ ਵਿੱਚ ਉਸ ਨੂੰ ਭਾਲ ਰਿਹਾ ਹੈਂ। 2.

ਸੋ ਪ੍ਰਮਾਤਮਾ ਦਾ ਵਾਸਾ ਹਿਰਦੇ ਵਿੱਚ ਹੈ। ਜਦੋਂ ਉਹ ਇਕੇਲਾ ਹੈ ਤਾਂ ਉਹ:

ਜਿਨਿ ਉਪਾਈ ਰੰਗਿ ਰਵਾਈ ਬੈਠਾ ਵੇਖੈ ਵਖਿ ਇਕੇਲਾ॥ ਸਚਾ ਸੋ ਸਾਹਿਬੁ ਸਚੁ ਤਪਾਵਸੁ ਸਚੜਾ ਨਿਆਉ ਕਰੇਗੁ ਮਸੋਲਾ॥ {ਪੰਨਾ 722-723}

ਸਲੋਕੁ॥ ਸਰਗੁਨ ਨਿਰਗੁਨ ਨਿਰੰਕਾਰ ਸੁੰਨ ਸਮਾਧੀ ਆਪਿ॥ ਆਪਨ ਕੀਆ ਨਾਨਕਾ ਆਪੇ ਹੀ ਫਿਰਿ ਜਾਪਿ॥ 1॥ {ਪੰਨਾ 290} ਜਦੋਂ ਉਹ ਇਕੱਲਾ ਹੈ ਤਾਂ ਸੁੰਨ ਦੀ ਹਾਲਤ ਵਿੱਚ ਹੈ।

ਲਫਜ਼ ‘ਜਨਮ’ ਦੀ ਪ੍ਰੀਭਾਸ਼ਾ ਵੀ ਸਾਨੂੰ ਹੁਣ ਵਿਚਾਰ ਲੈਣੀ ਚਾਹੀਦੀ ਹੈ ਕਿਉਂਕਿ ਇਸੇ ਕਾਰਣ ਹੀ ਕਈ ਭੁਲੇਖੇ ਖੜੇ ਹੁੰਦੇ ਹਨ।

ਕਾਹੇ ਕਲਰਾ ਸਿੰਚਹੁ ਜਨਮੁ ਗਵਾਵਹੁ॥ ਕਾਚੀ ਢਹਗਿ ਦਿਵਾਲ ਕਾਹੇ ਗਚੁ ਲਾਵਹੁ॥ 1॥ ਰਹਾਉ॥ {ਪੰਨਾ 1170-1171}

ਇਨ੍ਹਾਂ ਪੰਗਤੀਆਂ ਵਿੱਚ ਕਿਸੇ ਕੱਲਰੀ ਜ਼ਮੀਨ ਦੀ ਜੋ ਵੀ ਮਨੁੱਖ ਸਿੰਜਾਈ ਕਰ ਰਿਹਾ ਹੈ, ਕੱਚੀ ਦੀਵਾਰ ਨੂੰ ਚੂਨੇ ਨਾਲ ਪਲੱਸਤ ਕਰ ਰਿਹਾ ਹੈ, ਉਸ ਨੂੰ ਸਵਾਲ ਕੀਤਾ ਗਿਆ ਹੈ ਕਿ ਤੂੰ ਕਿਉਂ ਜਨਮ ਗਵਾ ਰਿਹਾ ਹੈਂ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਵਾਕਿਆ ਹੀ ਸਿੰਜਾਈ ਜਾਂ ਕੱਚੀ ਦੀਵਾਰ ਤੇ ਚੂਨੇ ਨਾਲ ਪਲੱਸਤਰ ਕਰਨ ਵਾਲਾ ਮਨੁੱਖ ਆਪਣਾ ਸਾਰਾ ਜਨਮ ਹੀ ਗਵਾ ਲੈਂਦਾ ਹੈ? ਤਾਂ ਉਤਰ ਨਾਂਹ ਵਾਚਕ ਮਿਲੇਗਾ। ਇਨ੍ਹਾਂ ਪੰਗਤੀਆਂ ਵਿੱਚ ‘ਲਫਜ਼’ ਸਾਰੇ ਜਨਮ ਵਾਸਤੇ ਨਹੀਂ ਸਗੋਂ ਕੁੱਝ ਸਮੇਂ ਵਾਸਤੇ ਵਰਤਿਆ ਗਿਆ ਹੈ।

ਬਹੁਤ ਜਨਮ ਬਿਛੁਰੇ ਥੇ ਮਾਧਉ, ਇਹੁ ਜਨਮੁ ਤੁਮਾੑਰੇ ਲੇਖੇ॥ ਕਹਿ ਰਵਿਦਾਸ ਆਸ ਲਗਿ ਜੀਵਉ, ਚਿਰ ਭਇਓ ਦਰਸਨੁ ਦੇਖੇ॥ 2॥ 1॥ {ਪੰਨਾ 694

ਇਵੇਂ ਹੀ ਇਸ ਸਲੋਕ ਵਿੱਚ ਭਗਤ ਰਵੀਦਾਸ ਜੀ ਪਹਿਲੀ ਪੰਗਤੀ ਵਿੱਚ ‘ਸਮੇਂ’ ਵਾਸਤੇ ਲਫਜ਼ ‘ਜਨਮ’ ਵਰਤ ਕੇ ਅਗਲੀ ਪੰਗਤੀ ਵਿੱਚ ਸਮੇਂ ਵਾਸਤੇ ਲਫਜ਼ ‘ਚਿਰ’ ਵਰਤਦੇ ਹਨ ਤਾਂ ਕਿ ਕਿਸੇ ਨੂੰ ਕੋਈ ਭੁਲੇਖਾ ਨਾ ਰਹਿ ਜਾਵੇ ਕਿ ਭਗਤ ਜੀ ਗੱਲ ਇਸ ਜਨਮ ਦੀ ਕਰ ਰਹੇ ਹਨ ਜਾਂ ਅਗਲੇ ਪਿਛਲੇ ਜਨਮਾਂ ਦੀ ਗੱਲ ਕਰਦੇ ਹਨ।

ਸਿਰਿ ਰਾਗੁ ਮਹਲਾ 1॥ ਮਰਣੈ ਕੀ ਚਿੰਤਾ ਨਹੀ ਜੀਵਣ ਕੀ ਨਹੀ ਆਸ॥ ਤੂ ਸਰਬ ਜੀਆ ਪ੍ਰਤਿਪਾਲਹੀ ਲੇਖੈ ਸਾਸ ਗਿਰਾਸ॥ ਅੰਤਰਿ ਗੁਰਮੁਖਿ ਤੂ ਵਸਹਿ ਜਿਉ ਭਾਵੈ ਤਿਉ ਨਿਰਜਾਸਿ॥ 1॥ {ਪੰਨਾ 21}

(ਜੋ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਸਿਮਰਨ ਦੀ ਬਰਕਤਿ ਨਾਲ ਉਸ ਨੂੰ) ਮੌਤ ਦਾ ਡਰ ਨਹੀਂ ਰਹਿੰਦਾ, ਹੋਰ ਹੋਰ ਲੰਮੀ ਉਮਰ ਦੀਆਂ ਉਹ ਆਸਾਂ ਨਹੀਂ ਬਣਾਂਦਾ, (ਉਸ ਨੂੰ ਇਹ ਯਕੀਨ ਹੁੰਦਾ ਹੈ ਕਿ ਹੇ ਪ੍ਰਭੂ!) ਤੂੰ ਸਾਰੇ ਜੀਵਾਂ ਦੀ ਪਾਲਨਾ ਕਰਦਾ ਹੈਂ, ਜੀਵਾਂ ਦਾ ਹਰੇਕ ਸਾਹ ਹਰੇਕ ਗਿਰਾਹੀ ਤੇਰੇ ਹਿਸਾਬ ਵਿੱਚ (ਤੇਰੀ ਨਜ਼ਰ ਵਿਚ) ਹੈ। (ਹੇ ਪ੍ਰਭੂ!) ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੇ ਅੰਦਰ ਤੂੰ ਪ੍ਰਗਟ ਹੋ ਜਾਂਦਾ ਹੈਂ, (ਉਸ ਨੂੰ ਇਹ ਯਕੀਨ ਰਹਿੰਦਾ ਹੈ ਕਿ) ਜਿਵੇਂ ਤੇਰੀ ਰਜ਼ਾ ਹੈ ਤਿਵੇਂ ਤੂੰ (ਸਭ ਦੀ) ਸੰਭਾਲ ਕਰਦਾ ਹੈਂ। 1.

ਸਿਰੀ ਰਾਗੁ ਮਹਲਾ 1॥ ਏਹੁ ਮਨੋ ਮੂਰਖੁ ਲੋਭੀਆ ਲੋਭੇ ਲਗਾ ਲ+ਭਾਨੁ॥ ਸਬਦਿ ਨ ਭੀਜੈ ਸਾਕਤਾ ਦੁਰਮਤਿ ਆਵਨੁ ਜਾਨੁ॥ ਸਾਧੂ ਸਤਿਗੁਰੁ ਜੇ ਮਿਲੈ ਤਾ ਪਾਈਐ ਗੁਣੀ ਨਿਧਾਨੁ॥ 1॥ ਮਨ ਰੇ, ਹਉਮੈ ਛੋਡਿ ਗੁਮਾਨੁ॥ ਹਰਿ ਗੁਰੁ ਸਰਵਰੁ ਸੇਵਿ ਤੂ, ਪਾਵਹਿ ਦਰਗਹ ਮਾਨੁ॥ 1॥ ਰਹਾਉ॥ {ਪੰਨਾ 21}

ਹੇ (ਮੇਰੇ) ਮਨ! ਮੈਂ (ਸਿਆਣਾ) ਹਾਂ, ਮੈਂ (ਸਿਆਣਾ) ਹਾਂ—ਇਹ ਅਹੰਕਾਰ ਛੱਡ, ਤੇ ਪਰਮਾਤਮਾ ਦੇ ਰੂਪ ਗੁਰੂ ਦੀ ਸਰਨ ਪਉ ਜੋ (ਆਤਮਾ ਨੂੰ ਪਵਿਤ੍ਰ ਕਰਨ ਵਾਲਾ) ਸਰੋਵਰ ਹੈ। (ਇਸ ਤਰ੍ਹਾਂ) ਪ੍ਰਭੂ ਦੀ ਹਜ਼ੂਰੀ ਵਿੱਚ ਆਦਰ ਹਾਸਲ ਕਰੇਂਗਾ। 1. ਰਹਾਉ।

ਉਪਰਲੇ ਸਲੋਕ ਵਿੱਚ ਗੱਲ ਵੀ ਵਰਤਮਾਨ ਕਾਲ ਦੀ ਚੱਲ ਰਹੀ ਹੈ ਤੇ ਦਰਗਹ ਦਾ ਮਤਲਬ ਵੀ ਪਰਮਾਤਮਾ ਦੀ ਹਜੂਰੀ ਹੀ ਨਿਕਲ ਆਇਆ ਹੈ। ਜਦੋਂ ਪ੍ਰਭੂ ਦਾ ਵਾਸਾ ਹੀ ਅੰਦਰ ਹੈ ਤਾਂ ਦਰਗਹ ਵੀ ਅੰਦਰ ਹੀ ਹੈ।

ਤਟ ਤੀਰਥ ਹਮ ਨਵ ਖੰਡ ਦੇਖੇ ਹਟ ਪਟਣ ਬਾਜਾਰਾ॥ ਲੈ ਕੈ ਤਕੜੀ ਤੋਲਣਿ ਲਾਗਾ ਘਟ ਹੀ ਮਹਿ ਵਣਜਾਰਾ॥ 4॥ {ਪੰਨਾ 156}

(ਜਨਮ ਜਨਮਾਂਤਰਾਂ-ਬਹੁਤ ਲੰਮੇ ਸਮੇਂ ਵਿੱਚ ਕੀਤੇ ਕੁਕਰਮਾਂ ਦੇ ਅਸਰ ਹੇਠ ਹੀ) ਮਨੁੱਖ ਸ਼ਹਰਾਂ ਦੀਆਂ ਹੱਟੀਆਂ ਭੰਨਦਾ ਹੈ, ਪੱਕੇ ਘਰ ਭੰਨਦਾ ਹੈ (ਸੰਨ੍ਹ ਲਾਂਦਾ ਹੈ), ਚੋਰੀ ਕਰ ਕੇ (ਮਾਲ ਲੈ ਕੇ) ਆਪਣੇ ਘਰ ਆਉਂਦਾ ਹੈ, (ਚੋਰੀ ਦਾ ਮਾਲ ਲਿਆਉਂਦਾ) ਅੱਗੇ ਪਿੱਛੇ ਤੱਕਦਾ ਹੈ (ਕਿ ਕੋਈ ਆਦਮੀ ਵੇਖ ਨ ਲਏ, ਪਰ ਮੂਰਖ ਇਹ ਨਹੀਂ ਸਮਝਦਾ ਕਿ ਹੇ ਪ੍ਰਭੂ!) ਤੇਰੇ ਪਾਸੋਂ ਕਿਤੇ ਲੁਕਾ ਨਹੀਂ ਕਰ ਸਕਦਾ। 3. ਕਿਉਂ? ‘ਘਟ ਹੀ ਮਹਿ’ ਦਾ ਮਤਲਬ ਹੈ ਕਿ ਉਹ ਪਰਮਾਤਮਾ ਤਾਂ ਮੂਰਖ ਦੇ ਅੰਦਰ ਹੈ ਤੇ ਨਾਲੋ ਨਾਲ ਉਹ ਵੇਖ ਰਿਹਾ ਹੈ।।

ਪਉੜੀ॥ ਅੰਦਰਿ ਰਾਜਾ ਤਖਤੁ ਹੈ ਆਪੇ ਕਰੇ ਨਿਆਉ॥ ਗੁਰ ਸਬਦੀ ਦਰੁ ਜਾਣੀਐ ਅੰਦਰਿ ਮਹਲੁ ਅਸਰਾਉ॥ ਖਰੇ ਪਰਖਿ ਖਜਾਨੈ ਪਾਈਅਨਿ ਖੋਟਿਆ ਨਾਹੀ ਥਾਉ॥ ਸਭੁ ਸਚੋ ਸਚੁ ਵਰਤਦਾ ਸਦਾ ਸਚੁ ਨਿਆਉ॥ ਅੰਮ੍ਰਿਤ ਕਾ ਰਸੁ ਆਇਆ ਮਨਿ ਵਸਿਆ ਨਾਉ॥ 18॥ {ਪੰਨਾ 1092}

(ਜੀਵ ਦੇ) ਅੰਦਰ ਹੀ (ਜੀਆਂ ਦਾ) ਮਾਲਕ (ਬੈਠਾ) ਹੈ, (ਜੀਵ ਦੇ) ਅੰਦਰ ਹੀ (ਉਸ ਦਾ) ਤਖ਼ਤ ਹੈ, ਉਹ ਆਪ ਹੀ (ਅੰਦਰ ਬੈਠਾ ਹੋਇਆ, ਜੀਵ ਦੇ ਕੀਤੇ ਕਰਮਾਂ ਦਾ) ਨਿਆਂ ਕਰੀ ਜਾਂਦਾ ਹੈ; (ਜੀਵ ਦੇ) ਅੰਦਰ ਹੀ (ਉਸ ਦਾ) ਮਹਲ ਹੈ, (ਜੀਵ ਦੇ) ਅੰਦਰ ਹੀ (ਬੈਠਾ ਜੀਵ ਨੂੰ) ਆਸਰਾ (ਦੇਈ ਜਾ ਰਿਹਾ) ਹੈ, ਪਰ ਉਸ ਦੇ ਮਹਲ ਦਾ ਬੂਹਾ ਗੁਰੂ ਦੇ ਸ਼ਬਦ ਦੀ ਰਾਹੀਂ ਲੱਭਦਾ ਹੈ

(ਜੀਵ ਦੇ ਅੰਦਰ ਹੀ ਬੈਠੇ ਹੋਏ ਦੀ ਹਜ਼ੂਰੀ ਵਿਚ) ਖਰੇ ਜੀਵ ਪਰਖ ਕੇ ਖ਼ਜ਼ਾਨੇ ਵਿੱਚ ਰੱਖੇ ਜਾਂਦੇ ਹਨ (ਭਾਵ, ਅੰਦਰ ਬੈਠਾ ਹੋਇਆ ਹੀ ਖਰੇ ਜੀਵਾਂ ਦੀ ਆਪ ਸੰਭਾਲ ਕਰੀ ਜਾਂਦਾ ਹੈ), ਖੋਟਿਆਂ ਨੂੰ ਥਾਂ ਨਹੀਂ ਮਿਲਦੀ। ਉਹ ਸਦਾ-ਥਿਰ ਰਹਿਣ ਵਾਲਾ ਪ੍ਰਭੂ ਹਰ ਥਾਂ ਮੌਜੂਦ ਹੈ, ਉਸ ਦਾ ਨਿਆਂ ਸਦਾ ਅਟੱਲ ਹੈ; ਉਨ੍ਹਾਂ ਨੂੰ ਉਸ ਦੇ ਨਾਮ-ਅੰਮ੍ਰਿਤ ਦਾ ਸੁਆਦ ਆਉਂਦਾ ਹੈ ਜਿਨ੍ਹਾਂ ਦੇ ਮਨ ਵਿੱਚ ਨਾਮ ਵੱਸਦਾ ਹੈ। 18.

ਗੁਰੂ ਸਹਿਬਾਨ ਦੀ ਬਾਣੀ ਇਸ ਮਰਨ ਤੋਂ ਬਾਅਦ ਦੇ ਸਾਰੇ ਝਮੇਲੇ ਖਤਮ ਕਰਦੀ ਹੈ ਤੇ ਮਨੁੱਖਾ ਜੀਵ ਨੂੰ ਇਸੇ ਜਨਮ ਵਿੱਚ ਚੰਗਾ ਮਨੁੱਖ ਬਣ ਕੇ ਚੰਗੇ ਸਮਾਜ ਦੀ ਉਸਾਰੀ ਵਾਸਤੇ ਕੰਮ ਕਰਨ ਦੀ ਪ੍ਰੇਰਨਾ ਦਿੱਤੀ ਹੈ। ਜਿਸ ਐਸ਼ੋ ਇਸ਼ਰਤ ਨੂੰ ਅਸੀਂ ਸੁਖਾਂ ਭਰੀ ਜਿੰਦਗੀ ਮੰਨਦੇ ਹਾਂ ਗੁਰੂ ਸਾਹਿਬ ਉਸ ਨੂੰ ਨਰਕ ਭਰੀ ਐਲਾਣਦੇ ਹਨ। ਜਿਵੇਂ:

ਪਉੜੀ॥ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ॥ ਗ੍ਰਿਹ ਸੋਇਨ ਚੰਦਨ ਸੁਗੰਧ ਲਾਇ ਮੋਤੀ ਹੀਰੇ॥ ਮਨ ਇਛੇ ਸੁਖ ਮਾਣਦਾ ਕਿਛੁ ਨਾਹਿ ਵਿਸੂਰੇ॥ ਸੋ ਪ੍ਰਭੁ ਚਿਤਿ ਨ ਆਵਈ ਵਿਸਟਾ ਕੇ ਕੀਰੇ॥ ਬਿਨੁ ਹਰਿ ਨਾਮ ਨ ਸਾਂਤਿ ਹੋਇ ਕਿਤੁ ਬਿਧਿ ਮਨੁ ਧੀਰੇ॥ 6॥ {ਪੰਨਾ 707}

ਗਉੜੀ ਮਹਲਾ 5॥ ਵਡੇ ਵਡੇ ਜੋ ਦੀਸਹਿ ਲੋਗ॥ ਤਿਨ ਕਉ ਬਿਆਪੈ ਚਿੰਤਾ ਰੋਗ॥ 1॥ ਕਉਨ ਵਡਾ ਮਾਇਆ ਵਡਿਆਈ॥ ਸੋ ਵਡਾ ਜਿਨਿ ਰਾਮ ਲਿਵ ਲਾਈ॥ 1॥ ਰਹਾਉ॥ {ਪੰਨਾ 188}

ਗੁਰੂ ਸਾਹਿਬ ਪੈਸੇ ਵਾਲੇ ਲੋਕਾਂ ਦੀ ਅੰਦਰਲੀ ਹਾਲਤ ਬਿਆਨ ਕਰਦੇ ਦੱਸਦੇ ਹਨ ਕਿ ਧਨਾਢ ਲੋਕ ਵੀ ਦੁਖੀ ਹਨ। ਸੁਖੀ ਸਿਰਫ ਉਹ ਹੈ ਜਿਸ ਕੋਲ ਕੋਈ ਤ੍ਰਿਸਨਾ ਨਹੀਂ ਭਾਵੇਂ ਉਹ ਨਦੀ ਕਿਨਾਰੇ ਨੰਗ-ਧੜੰਗਾ ਵੀ ਕਿਉਂ ਨਾ ਪਿਆ ਹੋਵੇ।

ਪਉੜੀ॥ ਬਸਤਾ ਤੂਟੀ ਝੁੰਪੜੀ ਚੀਰ ਸਭਿ ਛਿੰਨਾ॥ ਜਾਤਿ ਨ ਪਤਿ ਨ ਆਦਰੋ ਉਦਿਆਨ ਭ੍ਰਮਿੰਨਾ॥ ਮਿਤ੍ਰ ਨ ਇਠ ਧਨ ਰੂਪ ਹੀਣ ਕਿਛੁ ਸਾਕੁ ਨ ਸਿੰਨਾ॥ ਰਾਜਾ ਸਗਲੀ ਸ੍ਰਿਸਟਿ ਕਾ ਹਰਿ ਨਾਮਿ ਮਨੁ ਭਿੰਨਾ॥ ਤਿਸ ਕੀ ਧੂੜਿ ਮਨੁ ਉਧਰੈ ਪ੍ਰਭੁ ਹੋਇ ਸੁਪ੍ਰਸੰਨਾ॥ 7॥ {ਪੰਨਾ 707}

ਗੁਰੂ ਪੰਥ ਦਾ ਦਾਸ,

ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ, ਕੈਨੇਡਾ।

www.singhsabhacanda.com




.