ਸਮਰਥ ਗੁਰੂ
ਔਲਾਦ ਹਰੇਕ ਮੱਨੁਖ ਦੀ ਕਮਜੋਰੀ
ਹੈ। ਔਲਾਦ ਪਿਛੇ ਹੀ ਅਨੇਕਾਂ ਗੈਰਕੁਦਰਤੀ ਕਹਾਣੀਆਂ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹਿੰਦੀਆਂ
ਹਨ। ਔਲਾਦ ਨਹੀ ਤਾਂ ਧਾਰਮਿਕ ਅਸਥਾਨਾ ਤੋਂ ਲੈ ਕੇ ਕਬਰਾਂ ਮੜੀਆਂ ਤੱਕ ਵੀ ਬੰਦਾ ਪਹੁੰਚ ਅਪਣਾਉਂਦਾ
ਹੈ ਕਿ ਸ਼ਾਇਦ ਇਥੋਂ ਹੀ ਖੈਰ ਪੈ ਜਾਏ। ਔਲਾਦ ਦੀ ਕਮਜੋਰੀ ਕਾਰਨ ਹੀ ਅਨੇਕਾਂ ਠੱਗੀਆਂ ਦੀਆਂ ਦੁਕਾਨਾ
ਬੜੇ ਜੋਰ-ਸ਼ੋਰ ਨਾਲ ਚਲ ਰਹੀਆਂ ਹਨ ਜਿਸ ਵਿੱਚ ਕਈ ਗੈਬੀ ਸ਼ਕਤੀਆਂ ਵਾਲੇ, ਕੜਿਆਂ ਵਾਲੇ, ਟੂਣਿਆਂ
ਵਾਲੇ, ਮੰਤਰਾਂ ਵਾਲੇ ਅਤੇ ਡੇਰੇਦਾਰ ਬਾਬੇ ਅਪਣੀਆਂ ਲੁੱਟ ਦੀਆਂ ਦੁਕਾਨਾ ਖੋਲ੍ਹੀ ਬੈਠੇ ਹਨ ਜਿਥੇ
ਦੇ ਗਾਹਕਾਂ ਵਿੱਚ ਕਦੇ ਕਮੀ ਨਹੀ ਆਈ।
ਮੇਰੀ ਪਤਨੀ ਵਾਲੇ ਪਾਸਿਓਂ ਇੱਕ ਰਿਸ਼ਤੇਦਾਰ ਹੈ ੳਨ੍ਹੀ ਹਰੇਕ ਕੋਸ਼ਿਸ਼ ਕੀਤੀ ਪਰ ਕਿਤੋਂ ਬੱਚਾ ਨਾ
ਪੈਦਾ ਹੋਇਆ। ਆਖਰ ਉਹ ਕੜਿਆਂ ਵਾਲੇ ਬਾਬੇ ਕੋਲੇ ਵੀ ਗਏ ਜਿਹੜਾ ਕੜਾ ਪਵਾ ਕੇ ਹੀ ਮੁੰਡਾ ਦੇ ਦਿਆ
ਕਰਦਾ ਸੀ। ਪਰ ਜਦ ਉਹ ਜੋੜਾ ਉਥੋਂ ਵੀ ਉਦਾਸ ਹੋ ਗਿਆ ਅਤੇ ਉਮਰ ਵੀ ਵਿਹਾ ਗਈ ਤਾਂ ੳਹ ਭਾਣਾ ਮੰਨ ਕੇ
(?) ਬੈਠ ਗਏ। ਗੱਲ ਚਲਦਿਆਂ ਕੜਿਆਂ ਵਾਲੇ ਦੀ ਗੱਲ ਆਈ ਤਾਂ ਲੇਖਕ ਨੇ ਸੁਭਾਵਕ ਇਸ ਨੂੰ ਠੱਗੀ ਕਹਿ
ਦਿੱਤਾ ਪਰ ਉਸ ਨੂੰ ਬਹੁਤ ਪਛਤਾਵਾ ਹੋਇਆ ਕਿ ਮੈ ਉਸ ਨੂੰ ਇੰਝ ਕਿਉਂ ਕਿਹਾ ਹੈ। ਕਾਰਨ ਇਹ ਸੀ ਕਿ ਉਸ
ਡਰਾਇਆ ਹੋਇਆ ਸੀ ਜੇ ਮੁੰਡਾ ਨਹੀ ਵੀ ਹੁੰਦਾ ਤਾਂ ‘ਮਹਾਪੁਰਖਾਂ’ ਦੀ ਨਿੰਦਾ ਨਹੀ ਕਰਨੀ ਨੁਕਸਾਨ
ਜਿਆਦਾ ਵੀ ਹੋ ਸਕਦਾ ਹੈ। ਯਾਨੀ ਜੇ ਸਾਡੀ ਠੱਗੀ ਕਾਮਯਾਬ ਨਹੀ ਵੀ ਹੁੰਦੀ ਤਾਂ ਜੁਬਾਨ ਖੋਲ੍ਹ ਕੇ
ਹੋਰ ਲੁੱਟੇ ਜਾਣ ਵਾਲੇ ਗਾਹਕ ਘਟਾਉਂਣ ਦਾ ਤੁਹਾਨੂੰ ਕੋਈ ਹੱਕ ਨਹੀ।
ਮੇਰਾ ਇੱਕ ਬੜਾ ਪਿਆਰਾ ਮਿੱਤਰ ਹੈ ਉਸ ਦੇ ਤਿੰਨ ਕੁੜੀਆਂ ਹਨ। ਉਹ ਦੋ ਕੁੜੀਆਂ ਤੋਂ ਬਿੱਲਕੁਲ
ਸਤੁੰਸ਼ਟ ਸੀ ਕਿ ਇਹ ਵੀ ਅਕਾਲ ਪੁਰਖ ਦੀ ਦਾਤ ਹੈ। ਹੁਣ ਹੋਰ ਬੱਚੇ ਦੀ ਲੋੜ ਨਹੀ। ਅਤੇ ਯਕੀਨਨ ਉਹ
ਕਹਿੰਦਾ ਹੀ ਨਹੀ ਸੀ ਬਲਕਿ ਉਹ ਹੋਰ ਮੁੰਡੇ ਦੀ ਗੱਲ ਚਲਣ ਤੇ ਭੜਕ ਪੈਂਦਾ ਸੀ ਕਿ ਇਨ੍ਹਾਂ ਬੱਚੀਆਂ
ਦੇ ਮਨ ਤੇ ਕੀ ਗੁਜਰੇਗੀ ਸੁਣਕੇ ਕਿ ਅਸੀਂ ਕੀ ਫਾਲਤੂ ਹੀ ਹਾਂ? ਪਰ ਜਿਵੇਂ ਕਿ ਬਜ਼ੁਰਗਾਂ ਦੇ ਮਨਾ
ਵਿੱਚ ਹਾਲੇ ਇਹ ਗੱਲਾਂ ਹਨ ਕਿ ਮੇਰੇ ਮੁੰਡੇ ਦੀ ਅਗੇ ਕੁਲ ਤੁਰਨੀ ਚਾਹੀਦੀ ਉਨ੍ਹੀ ਜੋਰ ਦਿਤਾ ਪਰ
`ਚਾਨਸ’ ਲੈਣ ਤੋਂ ਪਹਿਲਾਂ ਉਹ ‘ਵੱਡੇ ਨਾਨਕਸਰ’ ਉਥੋਂ ਦੇ ਇੱਕ ਬਾਬਾ ਜੀ ਕੋਲੇ ਗਏ, ਜਿਥੇ ਉਹ
ਪੁਰਾਣੇ ਹੀ ਜਾਂਦੇ ਸਨ ਤਾਂ ਉਨੀ 7 ਦਿਨਾ ਵਾਲਾ ਸੰਪਟ ਪਾਠ ਰੱਖਣ ਦੀ ਹਦਾਇਤ ਕੀਤੀ। ਆਮ ਤੌਰ ਤੇ
ਸੰਪਟ “ਅਉਖੀ ਘੜੀ ਨ ਦੇਖਣ ਦੇਂਈ’ ਦਾ ਲੱਗਦਾ ਪਰ ਜਦ ਮੁੰਡਾ ਲੈਣ ਦੀ ਗੱਲ ਹੁੰਦੀ ਫਿਰ ਇਹ ਸੰਪਟ
ਬਦਲ ਕੇ ‘ਸਤਿਗੁਰ ਸਾਚੇ ਦੀਆ ਭੇਜ’ ਲਾ ਕੇ ਪਾਠ ਕਰਦੇ ਹਨ।
ਖੈਰ ਸਾਰਾ ਪਰਿਵਾਰ ਪਿੰਡ ਗਏ। ੳਨ੍ਹੀ ਦਿਨੀ ਅਸੀਂ ਵੀ ਗਏ ਹੋਏ ਸਾਂ ਉਹਨੇ ਸਾਨੂੰ ਵੀ ਸੱਦ ਲਿਆ।
ਨਾਨਕਸਰੀਆਂ ਦੇ ਪਾਠੀ ਆਏ। ੳਨ੍ਹੀ ਰਾਸਣ-ਪਾਣੀ ਦੀ ਚੰਗੀ ਲੰਮੀ ਲਿਸਟ ਬਣਾ ਦਿੱਤੀ ਜਿਹੜੀ ਬਾਹਰੋਂ
ਗਿਆ ਕਰਕੇ ਬਾਹਲੀ ਔਖੀ ਨਾ ਜਾਪੀ। ਨਾਨਕਸਰੀਆਂ ਦੀ ਮਾਰਿਯਾਦਾ ਅਨੁਸਾਰ ਪਾਠ ਸ਼ੁਰੂ ਹੋਇਆ। 7 ਦਿਨ
ਬਾਹਰੋਂ ਗਏ ਬਦਾਮਾ ਅਤੇ ਖਸਖਸ ਦੇ ਚੰਗੇ ਰਗੜੇ ਲੱਗਦੇ ਰਹੇ। ਸ਼ਾਹੀ ਖਰਚ ਦੇਖ ਆਂਢ=ਗੁਆਂਢ ਵੀ ਮੂੰਹ
ਵਿੱਚ ਉਗਲਾਂ ਪਾ ਬੈਠਾ। ਪਿਛੋਂ ਕਈਆਂ ਪੁੱਛਿਆ ਵੀ ਕਿ ਇਹ ਪਾਠ ਕਿੰਨਾ ਕੁ ਮਹਿੰਗਾ ਹੈ ਜੇ ਅਸੀਂ ਵੀ
ਕਰਾਉਂਣਾ ਹੋਵੇ। ਦੋ ਬੰਦੇ ਪੱਕੇ ਹੀ ਪਾਠੀਆਂ ਦੀ ਸੇਵਾ ਵਿੱਚ ਹਾਜਰ ਸਨ ਕਿਉਂਕਿ ਬਾਬਿਆਂ ਕਿਹਾ
ਹੋਇਆ ਸੀ ਪਾਠੀ ਖੁਸ਼ ਤਾਂ ਗੁਰੂ ਖੁਸ਼! ਸ਼ਹਿਰੋਂ ਭੋਗ ਦੇ ਨਾ ਤੇ ਨਵੀ ਤੋਂ ਨਵੀ ਮਠਿਆਈ ਅਤੇ ਦੇਸੀ
ਘਿਓ ਦੀਆਂ ਜਲੇਬੀਆਂ ਆਉਂਣ ਲੱਗੀਆਂ। ਕੋਕਾ ਕੋਲਿਆਂ ਅਤੇ ਲਿਮਕਿਆਂ ਦੀਆਂ ਲਹਿਰਾਂ ਬਹਿਰਾਂ ਲੱਗ
ਗਈਆਂ। ਪਰਿਵਾਰ ਦਾ ਸਾਰਾ ਇੱਕਠ ਪਾਠੀਆਂ ਦੁਆਲੇ ਹੀ ਰਿਹਾ ਜਦ ਕਿ ਗੁਰੂ ਅੰਦਰ ਇੱਕਲਾ ਹੀ ਲ੍ਹੇੜ ਕੇ
ਰੌਲ ਤੇ ਬੈਠੇ ਹੁੰਗਲਾ ਰਹੇ ਪਾਠੀ ਨਾਲ ਸਿੱਝਦਾ ਰਿਹਾ ਜਿਹੜਾ ਪਤਾ ਹੀ ਨਹੀ ਲਗਦਾ ਸੀ ਕਿ ਪੜ ਕੀ
ਰਿਹਾ ਸੀ। ਵਿਚਾਲੇ ਜਿਹੇ ਬਾਬੇ ਖੁਦ ਆ ਕੇ ਵੀ ਚਰਨ ਪਾ ਗਏ। ਪਰਵਾਰ ਨੂੰ ਜਾਪਿਆ ਹੁਣ ਕਿਹੜੀ ਤਾਕਤ
ਜਿਹੜੀ ਮੁੰਡਾ ਦੇਣੋਂ ਰੋਕ ਜਾਊ। ਭੋਗ ਪਿਆ ਪਰਿਵਾਰ ਵਾਪਸ ਮੁੜ ਆਇਆ ਪਰ ਅਗਲੇ ਸਾਲ ਫਿਰ ਲੜਕੀ ਹੋ
ਗਈ। ਪਰਿਵਾਰ ਚੁੱਪ ਜਿਹੀ ਵੱਟ ਕੇ ਬਹਿ ਗਿਆ ਪਰ ਜੇ ‘ਤੁੱਕਾ’ ਲੱਗ ਜਾਂਦਾ ਬਾਬਿਆਂ ਦੀ ਜੈ-ਜੈ ਕਾਰ
ਸੀ।
ਇਸ ਕਹਾਣੀ ਨੂੰ ਦਸਣ ਦਾ ਮੱਕਸਦ ਕੇਵਲ ਇਨਾ ਕਿ ਜੇ ਕੁਦਰਤ ਦੇ ਨਿਯਮ ਸਾਡੇ ਕਹੇ ਬਦਲੇ ਜਾਂਦੇ ਹੁੰਦੇ
ਤਾਂ ਸੋਚਣਾ ਬਣਦਾ ਕਿ ਦੁਨੀਆਂ ਦੀ ਹਾਲਤ ਕੀ ਹੁੰਦੀ। ਕੌਣ ਮੁੰਡਾ ਨਹੀ ਚਾਹੁੰਦਾ ਪਰ ਇੰਝ ਚਾਹੁੰਣ
ਨਾਲ ਸਾਡੀਆਂ ਕੀ ਅਗਲੀਆਂ ਨਸਲਾਂ ਦਾ ਵਜੂਦ ਇਸ ਧਰਤੀ ਤੇ ਰਹਿ ਜਾਏਗਾ? ਜਾਂ ਹੁਣ ਤੱਕ ਕੀ ਅਸੀਂ ਇਸ
ਧਰਤੀ ਉਪਰ ਮੌਜੂਦ ਹੁੰਦੇ? ਸਾਡੇ ਬਾਬੇ ਦਾਦੇ ਵੀ ਤਾਂ ਮੁੰਡੇ ਹੀ ਚਾਹੁੰਦੇ ਸਨ ਪਰ ਉਨ੍ਹਾਂ ਦੇ
ਚਾਹੁਣ ਦੇ ਬਾਵਜੂਦ ਵੀ ਸਾਡੀਆਂ ਦਾਦੀਆਂ, ਨਾਨੀਆਂ ਅਤੇ ਮਾਵਾਂ ਨੇ ਜਨਮ ਲਿਆ ਜੀਹਨਾ ਦੀ ਬਦੌਲਤ
ਅਸੀਂ ਇਸ ਧਰਤੀ ਉਪਰ ਸਾਹ ਲੈਣ ਜੋਗ ਹੋਏ।
ਗੁਰੂ ਸਮਰਥ ਹੈ। ਬਿੱਲਕੁਲ ਗੁਰੂ ਸਮਰਥ ਹੈ। ਪਰ ਗੁਰੂ ਸਮਰਥ ਹੀ ਇਸ ਕਰਕੇ ਹੈ ਕਿ ਗੁਰੂ ਅਕਾਲ ਪੁਰਖ
ਦੀ ਰਜਾ ਵਿਚੋਂ ਇੱਕ ਇੰਚ ਵੀ ਬਾਹਰ ਨਹੀ ਗਿਆ। ਤੁਸੀਂ ਸੋਚੋ ਜੇ ਗੁਰੂ ਅਪਣੀ ਸਮਰਥਾ ਵਰਤਕੇ ਤੱਪਦੀ
ਲੋਹ ਠੰਡੀ ਕਰ ਦਿੰਦਾ ਤਾਂ ਇਤਿਹਾਸ ਕੀ ਹੁੰਦਾ। ਗੁਰੂ ਦੀ ਸਮਰਥਾ ਉਪਰ ਸਿੱਖ ਨੂੰ ਕੋਈ ਸ਼ੱਕ ਨਹੀ
ਹੋਣਾ ਚਾਹੀਦਾ। ਬਲਕਿ ਸ਼ੱਕੀ ਬੰਦਾ ਸਿੱਖ ਹੋ ਹੀ ਨਹੀ ਸਕਦਾ ਪਰ ਸਾਨੂੰ ਗੁਰਬਾਣੀ ਵਿਚੋਂ ਗੁਰੂ ਦੇ
ਹੁਕਮ ਵੀ ਸਮਝਣੇ ਪੈਣਗੇ। ਜੇ ਗੁਰੂ ਨੂੰ ਵੀ ਅਸੀਂ ਕੇਵਲ ਮੁੰਡਿਆਂ ਦੇ ਹੀ ਵਰ ਦੇਣੇ ਸੋਚ ਲਿਆ ਤਾਂ
ਅਸੀਂ ਅਨਜਾਣੇ ਹੀ ਗੁਰੂ ਦੀ ਸਖਸ਼ੀਅਤ ਉਪਰ ਸਵਾਲੀਆ ਚਿੰਨ ਲਾ ਰਹੇ ਹੋਵਾਂਗੇ। ਕਿਉਂਕਿ ਗੁਰੂ
ਬਾਰ-ਬਾਰ ਜਾਤ-ਪਾਤ ਅਤੇ ਲਿੰਗ ਭੇਦ ਨੂੰ ਰੱਦ ਕਰਦਾ ਹੈ। ਗੁਰੂ ਦੀ ਸਮਰਥਾ ਨੂੰ ਅਸੀ ਕਿਉਂ ਨਹੀ ਇਸ
ਨਜਰੀਏ ਤੋਂ ਦੇਖਦੇ ਕਿ ਗੁਰੂ ਸਾਨੂੰ ਅਕਾਲ ਪੁਰਖ ਦੀ ਰਜਾ ਵਿੱਚ ਰਹਿਣ ਦੀ ਬੁੱਧ-ਮੱਤ ਬਖਸ਼ਸ਼ ਕਰੇ।
ਜਦ ਤੱਕ ਅਸੀਂ ਗੁਰੂ ਦੀ ਸਮਰਥਾ ਨੁੰ ਅਪਣੇ ਨਿੱਜੀ ਮੁਫਾਦ ਲਈ ਵਰਤਦੇ ਰਹਾਂਗੇ ਉਦੋਂ ਤਾਂਈ ਅਸੀਂ
ਗੁਰੂ ਤੋਂ ਦੂਰ ਹੁੰਦੇ ਚਲੇ ਜਾਵਾਂਗੇ ਕਿਉਂਕਿ ਜਦ ਸਾਡੀ ਮਰਜੀ ਮੁਤਾਬਕ ਗੁਰੂ ਦੀ ਸਮਰਥਾ ਨੇ ਕੰਮ
ਨਾ ਕੀਤਾ ਜਿਹੜਾ ਕਿ ਉਸ ਕਰਨਾ ਵੀ ਨਹੀ ਤਾਂ ਅਸੀਂ ਹੋਰ ਕੋਈ ਨਕਲੀ ਗੁਰੂ ਲੱਭਣ ਤੁਰ ਪਵਾਂਗੇ ਅਤੇ
ਕਿਸੇ ਰਾਧਾ ਸੁਆਮੀ ਜਾਂ ਸੌਦੇ ਸਾਧ ਜਾਂ ਕਿਸੇ ਹੋਰ ਡੇਰੇਦਾਰ ਦੀ ਭੀੜ ਬਣ ਕੇ ਰਹਿ ਜਾਵਾਂਗੇ।
ਥੋੜੇ ਦਿਨ ਹੋਏ ਸਾਡਾ ਇੱਕ ਰਿਸ਼ਤੇਦਾਰ ਪਰਿਵਾਰ ਰੋਟੀ ਤੇ ਸਾਡੇ ਘਰੇ ਆਇਆ। ਗੱਲਾਂ ਚੋਂ ਗੱਲ ਨਿਕਲੀ
ਉਹ ਕਹਿਣ ਲੱਗਾ ਕਿ ਮੈ ਪਰਸੋਂ ਅਰਦਾਸ ਕੀਤੀ ਮੇਰੀ ਜ੍ਹਾੜ ਦੁਖਣੋਂ ਹਟ ਗਈ। ਸੁਭਾਵਕ ਮੈ ਉਸ ਨੂੰ
ਕਿਹਾ ਕਿ ਆਹ ਤੇ ਕਮਾਲ ਹੋ ਗਈ! ਪਰ ਵੀਰ ਮੇਰੇ! ਤੈਨੂੰ ਕੀ ਵਾਕਿਆ ਹੀ ਗੁਰੁ ਉਪਰ ਇੰਨਾ ਵਿਸਵਾਸ਼
ਹੈ? ਉਹ ਕਹਿਣ ਲੱਗਾ ਕਿ ਬਿੱਲਕੁਲ ਮੈਨੂੰ ਵਿਸਵਾਸ਼ ਹੈ। ਹਾਲੇ ਪਰਸੋਂ ਦੀ ਗੱਲ ਤਾਂ ਹੈ। ਇਸ ਗੱਲ ਦੀ
ਤਸਦੀਕ ਉਸ ਦੀ ਪਤਨੀ ਨੇ ਵੀ ਕਰ ਦਿੱਤੀ। ਮੈ ਉਸ ਨੂੰ ਫਿਰ ਕਿਹਾ ਕਿ ਇੱਕ ਵਾਰ ਹੋਰ ਸੋਚ ਕਿ ਤੈਨੂੰ
ਵਾਕਿਆ ਹੀ ਅਪਣੇ ਗੁਰੂ ਉਪਰ ਵਿਸਵਾਸ਼ ਹੈ। ਉਸ ਫਿਰ ਉਵੇਂ ਜਵਾਬ ਦਿੱਤਾ। ਮੇਰਾ ਅਗਲਾ ਸਵਾਲ ਸੀ ਕਿ
ਚਲ ਇੰਝ ਦਸ ਗੁਰੂ ਸਿਆਣਾ ਕਿ ਤੂੰ? ਉਹ ਹੈਰਾਨ ਜਿਹਾ ਹੋਇਆ ਕਿ ਇਹ ਬੇਹੂਦਾ ਸਵਾਲ ਹੈ। ਪਰ ਮੈ ਉਸ
ਨੂੰ ਅਰਜ ਕੀਤੀ ਕਿ ਵੀਰ ਮੇਰੇ ਤੇਰਾ ਵਿਸਵਾਸ਼ ਜ੍ਹਾੜ ਦੁੱਖਦੀ ਹਟਣ ਤੱਕ ਹੈ। ਜੇ ਤੂੰ ਗੁਰੁ ਦੀ ਮੱਤ
ਨੂੰ ਅਪਣੀ ਮੱਤ ਤੋਂ ਉਪਰ ਸਮਝਦਾ ਤਾਂ ਗੁਰੂ ਦੇ ਹੁਕਮ ਦੇ ਉਲਟ ਤੂੰ ਇਹ ਸਿਰ ਮੂੰਹ ਕਿਉਂ ਛਿੱਲਦਾ।
ਉਹ ਹਾਲੇ ਚੁੱਪ ਹੀ ਸੀ ਪਤਨੀ ਮੇਰੀ ਗੱਲ ਟਾਲਣ ਦੇ ਇਰਾਦੇ ਨਾਲ ਕਹਿਣ ਲੱਗੀ ਕਿ ਨਹੀ ਇਨੇ ਹੁਣ
ਦਸਤਾਰ ਸਜਾ ਕੇ ਗੁਰੂ ਦੀ ਮੱਤ ਵਿੱਚ ਆ ਜਾਣਾ। ਉਸ ਨੂੰ ਜਾਪਿਆ ਕਿ ਇਹ ਕਹਾਣੀ ਹੋਰ ਪਾਸੇ ਤੁਰ ਪਈ।
ਉਹ ਕਹਿਣ ਲੱਗਾ ਭੈਣ ਜੀ ਮੈ ਤਾਂ ਇਦਾ ਦੀ ਕੋਈ ਗੱਲ ਹੀ ਨਹੀ ਕੀਤੀ! ਉਸ ਨੂੰ ਗੁਰੂ ਉਪਰ ਵਿਸਵਾਸ਼
ਵਾਲੀ ਗੱਲ ਪਲ ਵਿੱਚ ਹੀ ਵਿਸਰ ਗਈ।
ਗੁਰੂ ਨੇ ਕਿਉਂਕਿ ਮੇਰੀ ਜ੍ਹਾੜ ਹਟਾ ਦਿਤੀ, ਮੈਨੂੰ ਵਿਸਵਾਸ਼ ਹੈ ਤੇ ਗੁਰੂ ਮੇਰਾ ਹੈ ਪਰ ਗੁਰੂ
ਮੈਨੂੰ ਹੁਕਮ ਕੀ ਕਰਦਾ, ਇਥੇ ਮੇਰਾ ਕੋਈ ਵਿਸਵਾਸ਼ ਨਹੀ। ਮੈਨੂੰ ਗੁਰੂ ਤੇ ਭਰੋਸਾ ਹੈ, ਕਿਉਂਕਿ ਮੈ
ਅਰਦਾਸ ਕਰ ਕੇ ਤੁਰਿਆ ਸਾਂ ਤਾਂ ਗੁਰਦੁਆਰੇ ਦਾ ਮੁਕੱਦਮਾ ਜਿੱਤ ਹੋ ਗਿਆ ਪਰ ਗੁਰੂ ਕਬਜੇ ਤੋੜਦਾ
ਕਹਿੰਦਾ ਕਿ ਛੱਡ ਹਉਮੈ ਅਤੇ ਬੰਦਿਆਂ ਵਾਂਗ ਰਹਿ, ਉਥੇ ਆ ਕੇ ਗੁਰੂ ਦਾ ਰਾਹ ਹੋਰ ਤੇ ਮੇਰਾ ਹੋਰ। ਜੇ
ਮੈ ਸੱਚਮੁਚ ਗੁਰੂ ਨੂੰ ਸਮਰਥ ਸਮਝਿਆ ਹੁੰਦਾ ਤਾਂ ਗੁਰੂ ਦਾ ਭੈਅ ਨਾ ਹੁੰਦਾ ਮੇਰੇ ਮਨ ਵਿਚ? ਕਿਉਂ
ਮੈ ਗੁਰੂ ਦੇ ਕਿਰਤੀ ਸਿੱਖਾਂ ਦੀ ਕਿਰਤ ਨੂੰ ਵਕੀਲ ‘ਬਾਬਿਆਂ’ ਦੀ ਭੇਟ ਕਰਦਾ?
ਗੁਰੂ ਦੀ ਸਮਰਥਾ ਨੂੰ ਜਦ ਤੱਕ ਅਸੀਂ ਅਪਣੀਆਂ ਬਹੁਤ ਛੋਟੀਆਂ ਅਤੇ ਨਿਗੂਣੀਆਂ ਲੋੜਾਂ ਲਈ ਪਰਖਾਂਗੇ
ਤਾਂ ਅਸੀਂ ਬੇਮੁੱਖਤਾ ਵਾਲਾ ਰਸਤਾ ਖੋਲ੍ਹ ਰਹੇ ਹੋਵਾਂਗੇ। ਗੁਰੂ ਦੀ ਸਮਰਥਾ ਦਾ ਬੇਸ ‘ਹੁਕਮ ਰਜਾਈ
ਚਲਣਾ’ ਹੈ। ਜੇ ਇਸ ਬੇਸ ਨੂੰ ਮੰਨ ਕੇ ਨਹੀ ਚਲਾਂਗੇ ਤਾਂ ਅਸੀਂ ਅਪਣਾ ਸਿਰ ਪੀੜ, ਢਿਡ ਪੀੜ,
ਮੁੰਡਾ-ਕੁੜੀ ਹੋਣਾ, ਘਰ ਵਾਲੇ ਜਾਂ ਘਰਵਾਲੀ ਦਾ ਆਖੇ ਲੱਗਣਾ, ਸੱਸ-ਨੂੰਹ ਦਾ ਲੜਾਈ ਝਗੜਾ ਜਾਂ
ਲਾਟਰੀ ਨਿਕਲ ਕੇ ਰਾਤੋ-ਰਾਤ ਕ੍ਰੋੜਾਂ ਪਤੀ ਬਣਨਾ ਆਦਿ ਸਭ ਗੁਰੂ ਕੋਲੇ ਲੈ ਕੇ ਜਾਵਾਂਗੇ ਅਤੇ ਜਰੂਰੀ
ਨਹੀ ਕਿ ਅਜਿਹੀਆਂ ਹਾਸੋਹੀਣੀਆਂ ਜਿਹੀਆਂ ਸਾਡੀਆਂ ਸਾਰੀਆਂ ਮੰਨੀਆਂ ਜਾਣ ਤੇ ਇਸ ਦਾ ਨਤੀਜਾ ਇਹ
ਹੋਵੇਗਾ ਕਿ ਜਾਂ ਤਾਂ ਬੰਦਾ ਪੱਕਾ ਨਾਸਤਿਕ ਹੋ ਜਾਏਗਾ ਜਾਂ ਗੁਰੂ ਤੋਂ ਮੁੱਖ ਮੋੜ ਕੇ ਕਿਸੇ
ਡੇਰੇਦਾਰ ਜਾਂ ਸਾਧ-ਪੀਰ ਦੇ ਸਿਕੰਜੇ ਵਿੱਚ ਅਜਿਹਾ ਫਸੇਗਾ ਕਿ ਮੁੜ ਵਾਪਸ ਨਹੀ ਆਏਗਾ। ਇੰਝ ਦੀਆਂ
ਬਚਕਾਨਾ ਗੱਲਾਂ ਮੁੱਢੋਂ ਹੀ ਕੁਦਰਤ ਦੇ ਨਿਯਮਾਂ ਦੇ ਖਿਲਾਫ ਹਨ। ਗੁਰਬਾਣੀ ਸਾਰੀ ਦੀ ਸਾਰੀ ਸਾਨੂੰ
ਹੁਕਮ ਵਿੱਚ ਚਲਣ ਦਾ ਉਪਦੇਸ਼ ਦਿੰਦੀ ਹੈ। ਹੁਕਮ ਵਿੱਚ ਚਾਹੇ ਮੁੰਡਾ ਜਾਂ ਕੁੜੀ ਉਹ ਮੈਨੂੰ ਮੰਨਣੀ
ਪਵੇਗੀ। ਪਰ ਜੇ ਮੈ ਅਪਣੀ ਅਕਲ ਜੋਰ ਜਾਂ ਕਿਸੇ ਹੋਰ ਸਾਧਨ ਨਾਲ ਕੁਦਰਤ ਤੋਂ ਉਲਟ ਚਲ ਰਿਹਾ ਹਾਂ ਤਾਂ
ਇਸ ਦਾ ਮੱਤਲਬ ਸਾਫ ਹੈ ਕਿ ਮੈ ਗੁਰੂ ਦੇ ਹੁਕਮ ਦੀ ਉਲੰਘਣਾ ਕਰਨ ਦਾ ਭਾਗੀ ਹਾਂ।
ਗੁਰਦੇਵ ਸਿੰਘ ਸੱਧੇਵਾਲੀਆ