.

ਪਸ਼ੂ ਪੰਛੀ ਅਤੇ ਮਨੁੱਖਾ ਦੇਹ

ਹਰਜਿੰਦਰ ਸਿੰਘ ‘ਸਭਰਾ’

ਮੋ: 98555-98833

ਕੁਦਰਤ ਨੇ ਮਨੁੱਖ ਨੂੰ ਅਮੋਲਕ ਜੀਵਨ ਦੀ ਦਾਤ ਬਖ਼ਸ਼ਿਸ਼ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਮਨੁੱਖਾ ਜੀਵਨ ਨੂੰ ਕੀਮਤੀ, ਹੀਰੇ ਜੈਸਾ, ਦੁਰਲਭ, ਆਦਿ ਕਹਿ ਕੇ ਸਤਿਕਾਰਿਆ ਗਿਆ ਹੈ ਅਤੇ ਇਸ ਦੀ ਅਮੋਲਕਤਾ ਦਾ ਅਹਿਸਾਸ ਵੀ ਕਰਾਇਆ ਗਿਆ ਹੈ। ਮਨੁੱਖ ਨੂੰ ਬਾਕੀ ਜੀਵ ਜੰਤੂਆਂ ਅਤੇ ਜੂਨਾਂ ਤੋਂ ਭਿੰਨ ਅਤੇ ਸ੍ਰੋਮਣੀ ਜੀਵਨ ਦਾ ਮਾਲਕ ਕਿਹਾ ਜਾਂਦਾ ਹੈ। ਗੁਰਬਾਣੀ ਵਾਕ ਹੈ:

“ਅਵਰ ਜੋਨਿ ਤੇਰੀ ਪਨਿਹਾਰੀ॥ ਇਸੁ ਧਰਤੀ ਮਹਿ ਤੇਰੀ ਸਿਕਦਾਰੀ॥” ਮ: 5 ਪੰਨਾ 368

ਮਨੁੱਖ ਦਾ ਜੀਵਨ ਬਾਕੀ ਜੀਵ ਜੰਤੂਆਂ ਤੋਂ ਇਸ ਕਰਕੇ ਹੀ ਉੱਤਮ ਨਹੀਂ ਹੈ ਕਿ ਇਸ ਦੀਆਂ ਦੋ ਅੱਖਾਂ ਹਨ ਜਾਂ ਸੋਹਣਾ ਨੱਕ ਹੈ ਜਾਂ ਫਿਰ ਲੱਤਾਂ ਬਾਹਾਂ ਜਾਂ ਬਾਕੀ ਸਰੀਰ ਦੇ ਅੰਗ ਹਨ। ਬਾਕੀ ਜੀਵਾਂ ਦੇ ਵੀ ਸਰੀਰਕ ਅੰਗ ਉਨ੍ਹਾਂ ਦੀ ਸਰੀਰਕ ਬਣਤਰ ਮੁਤਾਬਿਕ ਬੜੇ ਸੋਹਣੇ ਅਤੇ ਫਾਇਦੇ ਮੰਦ ਹਨ। ਬਲਕਿ ਬਾਕੀ ਜੀਵਾਂ ਵਿੱਚ ਕਈ ਅਜਿਹੀਆਂ ਖ਼ੂਬੀਆਂ ਵੀ ਹਨ ਜੋ ਇਸ ਮਨੁੱਖਾ ਸਰੀਰ ਵਿੱਚ ਨਹੀਂ ਹਨ। ਜਿਵੇਂ ਸ਼ੇਰ ਵਰਗੀ ਗ਼ਰਜ ਅਤੇ ਨਿਰਭੈਤਾ, ਹਾਥੀ ਜਿੰਨੀ ਤਾਕਤ, ਪੰਛੀ ਵਰਗੀ ਉੱਡਣ ਤਾਕਤ, ਬਾਜ਼ ਵਰਗੀ ਤਿੱਖੀ ਤੱਕਣੀ, ਬੁਲਬੁਲ ਦੀ ਮਿਠਾਸ ਭਰੀ ਕੂਕ, ਆਦਿ ਕਿੰਨੀਆਂ ਹੀ ਉਦਾਹਰਣਾਂ ਲਈਆਂ ਜਾ ਸਕਦੀਆਂ ਹਨ। ਭਾਵ ਕਿ ਜਿਹੜੀਆਂ ਖ਼ੂਬੀਆਂ ਬਾਕੀ ਜੀਵਾਂ ਵਿੱਚ ਹਨ ਉਹ ਮਨੁੱਖ ਵਿੱਚ ਨਹੀਂ ਹਨ। ਇਵੇਂ ਸਾਰੇ ਹੀ ਜੀਵ ਆਪਣੀ ਆਪਣੀ ਸਰੀਰਕ ਬਣਤਰ ਅਤੇ ਆਪਣੀ ਆਪਣੀ ਵਿਲੱਖਣ ਖ਼ੂਬੀ ਕਰਕੇ ਵੱਖਰੀ ਹੋਂਦ ਰੱਖਦੇ ਹਨ ਅਤੇ ਆਪਣੇ ਆਪਣੇ ਜੀਵਨ ਵਿੱਚ ਸੰਤੁਸ਼ਟ ਹਨ। ਜ਼ਰਾ ਵੀਚਾਰ ਕੇ ਦੇਖੀਏ ਕਿ ਸਾਡੇ ਕਹਿਣ ਮੁਤਾਬਕ ਜੇ ਕਰ ਪਸ਼ੂ ਜਾਂ ਦੂਜੇ ਕਿਸੇ ਜੀਵਾਂ ਦੀ ਜੂਨ ਮਾੜੀ ਹੈ ਤਾਂ ਕੀ ਦੂਜੇ ਜੀਵ ਆਪਣੇ ਜੀਵਨ ਨੂੰ ਸਮਾਪਤ ਕਰ ਦੇਣ ਵਿੱਚ ਖ਼ੁਸ਼ ਹਨ? ਕੀ ਉਹ ਆਪਣੀ ਅਤੇ ਆਪਣੀ ਨਸਲ ਦੀ ਚਿੰਤਾ ਨਹੀਂ ਕਰਦੇ ਹਨ? ਨਹੀਂ ਉਹ ਵੀ ਆਪਣੀ ਹੋਂਦ ਨੂੰ ਉਨ੍ਹਾਂ ਹੀ ਪਿਆਰਦੇ ਹਨ ਜਿੰਨਾਂ ਕਿ ਮਨੁੱਖ। ਉਨ੍ਹਾਂ ਵਿੱਚ ਵੀ ਆਪਣੇ ਆਪ ਨੂੰ ਬਚਾਈ ਰੱਖਣ ਦੀ ਹੋੜ ਹੈ। ਜ਼ਿੰਦਾ ਰਹਿਣ ਲਈ ਉਹ ਵੀ ਆਪਣੇ ਆਪਣੇ ਢੰਗ ਨਾਲ਼ ਆਹਰ ਕਰਦੇ ਹਨ ਜਿਵੇਂ ਮਨੁੱਖ ਕਰਦਾ ਹੈ। ਉਨ੍ਹਾਂ ਅੰਦਰ ਵੀ ਕਿਸੇ ਖ਼ਤਰੇ ਦਾ ਡਰ ਅਤੇ ਅਹਿਸਾਸ ਹੁੰਦਾ ਹੈ ਜਿਵੇਂ ਮਨੁੱਖ ਅੰਦਰ ਹੁੰਦਾ ਹੈ। ਉਹ ਵੀ ਆਪਣੇ ਰਹਿਣ ਹਿਤ ਸੁਰੱਖਿਅਤ ਥਾਂ ਭਾਲਦੇ ਹਨ ਜਿਵੇਂ ਮਨੁੱਖ ਕਰਦਾ ਹੈ। ਗੁਰਬਾਣੀ ਵਿੱਚ ਕਈ ਉਦਾਹਰਣਾਂ ਮਿਲਦੀਆਂ ਹਨ ਜਿੰਨਾਂ ਵਿੱਚ ਪਸ਼ੂ ਆਦਿ ਦਾ ਸੰਕੇਤ ਵਰਤ ਕੇ ਮਨੁੱਖ ਨੂੰ ਚੰਗੇ ਕੰਮ ਕਰਨ ਦੀ ਪ੍ਰੇਰਣਾਂ ਕੀਤੀ ਗਈ ਹੈ। ਉਦਾਹਰਣ ਵਜੋਂ:

“ਪਸੂ ਮਿਲਹਿ ਚੰਗਿਆਈਆ ਖੜੁ ਖਾਵਹਿ ਅੰਮ੍ਰਿਤੁ ਦੇਹਿ॥

ਨਾਮ ਵਿਹੂਣੇ ਆਦਮੀ ਧ੍ਰਿਗੁ ਜੀਵਣ ਕਰਮ ਕਰੇਹਿ॥” ਮ: 1 ਪੰਨਾ 484

“ਗੁਨ ਗੋਬਿੰਦ ਗਾਇਓ ਨਹੀ ਜਨਮੁ ਅਕਾਰਥ ਕੀਨੁ॥

ਕਹੁ ਨਾਨਕ ਹਰਿ ਭਜੁ ਮਨਾ ਜਿਹ ਬਿਧਿ ਜਲ ਕਉ ਮੀਨੁ॥” ਮ: 9 ਪੰਨਾ 1421

“ਸੁਆਮੀ ਕੋ ਗ੍ਰਿਹੁ ਜਿਉ ਸਦਾ ਸੁਆਨ ਤਜਤ ਨਹੀ ਨਿਤ॥

ਨਾਨਕ ਇਹ ਬਿਧਿ ਹਰਿ ਭਜਉ ਇੱਕ ਮਨਿ ਹੁਇ ਇੱਕ ਚਿਤਿ॥” ਮ: 9 ਪੰਨਾ 1422

“ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਚਾਤ੍ਰਿਕ ਮੇਹ॥” ਮ: 9 ਪੰਨਾ 59

“ਜਿਉ ਮਛੁਲੀ ਬਿਨੁ ਪਾਣੀਐ ਕਿਉ ਜੀਵਣੁ ਪਾਵੈ॥
ਬੂੰਦ ਵਿਹੂਣਾ ਚਾਤ੍ਰਿਕੋ ਕਿਉ ਕਰਿ ਤ੍ਰਿਪਤਾਵੈ॥

ਨਾਦ ਕੁਰੰਕਹਿ ਬੇਧਿਆ ਸਨਮੁਖ ਉਠਿ ਧਾਵੈ॥

ਭਵਰੁ ਲੋਭੀ ਕੁਸਮ ਬਾਸੁ ਕਾ ਮਿਲਿ ਆਪੁ ਬੰਧਾਵੈ॥

ਤਿਉ ਸੰਤ ਜਨਾ ਹਰਿ ਪ੍ਰੀਤਿ ਹੈ ਦੇਖਿ ਦਰਸੁ ਅਘਾਵੈ॥” ਮ: 5 ਪੰਨਾ 702

ਭਾਵ ਹੈ ਕਿ ਮਨੁੱਖ ਨੂੰ ਇਨ੍ਹਾਂ ਜੂਨਾਂ ਤੋਂ ਵੀ ਉਨ੍ਹਾਂ ਦੇ ਸੁਭਾਅ ਕਰਕੇ ਪ੍ਰੇਰਣਾਂ ਮਿਲਦੀ ਹੈ ਜਿਸਦਾ ਜ਼ਿਕਰ ਗੁਰਬਾਣੀ ਵਿੱਚ ਉਪਰੋਕਤ ਪੰਕਤੀਆਂ ਵਿੱਚ ਕੀਤਾ ਗਿਆ ਹੈ। ਪਰ ਇਸਦੇ ਨਾਲ਼ ਹੀ ਗੁਰਬਾਣੀ ਵਿੱਚ ਦੂਜਾ ਪੱਖ ਵੀ ਬਿਆਨ ਕੀਤਾ ਗਿਆ ਹੈ ਜਿਵੇਂ ਮਨੁੱਖ ਨੂੰ ਔਗਣਾਂ ਤੋਂ ਬਚਣ ਦੀ ਪ੍ਰੇਰਣਾਂ ਕਰਨ ਹਿਤ ਮਨੁੱਖ ਨੂੰ ਪਸ਼ੂਆਂ ਵਰਗੀ ਜੀਵਨ ਰਹਿਣੀ ਛੱਡਣ ਲਈ ਵੀ ਕਿਹਾ ਹੈ ਅਤੇ ਸਹੀ ਸੰਦਰਭ ਵਿੱਚ ਮਨੁੱਖੀ ਗੁਣਾਂ ਤੇ ਪਹਿਰਾ ਦੇਣ ਲਈ ਕਿਹਾ ਹੈ।

“ਮੂਲੁ ਨ ਬੂਝਹਿ ਆਪਣਾ ਸੇ ਪਸੂਆ ਸੇ ਢੋਰ ਜੀਉ॥” ਮ: 1 ਪੰਨਾ 745

“ਮਨਮੁਖ ਤਤੁ ਨ ਜਾਣਨੀ ਪਸੂ ਮਾਹਿ ਸਮਾਨਾ॥” ਮ: 1 ਪੰਨਾ 1003

“ਜਿਉ ਕੂਕਰੁ ਹਰਕਾਇਆ ਧਾਵੈ ਦਹ ਦਿਸ ਜਾਇ॥

ਲੋਭੀ ਜੰਤੁ ਨ ਜਾਣਈ ਭਖੁ ਅਭਖੁ ਸਭ ਖਾਇ॥” ਮ: 5, ਪੰਨਾ 50

ਇਵੇਂ ਦੋਵੇਂ ਪੱਖ ਵਰਤ ਕੇ ਮਨੁੱਖ ਨੂੰ ਉੱਤਮ ਜੀਵਨ ਵਾਲ਼ੇ ਪਾਸੇ ਪਰਤਾਣ ਦੀ ਜੁਗਤ ਵਰਤੀ ਗਈ ਹੈ। ਪਸ਼ੂ ਦੀ ਚੰਗਿਆਈ ਅਤੇ ਬੁਰਾਈ ਦੇ ਜੀਵਨ ਪੱਖ ਨੂੰ ਲੈ ਕੇ ਮਨੁੱਖ ਨੂੰ ਬੁਰਾਈ ਛੱਡਣ ਲਈ ਵੀ ਕਿਹਾ ਗਿਆ ਹੈ ਅਤੇ ਪਸ਼ੂ ਤੋਂ ਉੱਤਮ ਹੋਣ ਦਾ ਅਹਿਸਾਸ ਵੀ ਕਰਾ ਦਿਤਾ ਗਿਆ ਹੈ। ਪਰ ਅਜਿਹੀ ਕਿਹੜੀ ਚੀਜ਼ ਹੈ ਜਿਸ ਕਰਕੇ ਮਨੁੱਖ ਦਾ ਜੀਵਨ ਪਸ਼ੂ ਤੋਂ ਭਿੰਨ ਹੋ ਜਾਂਦਾ ਹੈ ਅਤੇ ਇਸ ਦੇ ਜੀਵਨ ਨੂੰ ਉੱਤਮ ਅਤੇ ਜੂਨਾਂ ਦੇ ਸਿਰਦਾਰ ਦੀ ਉਪਾਧੀ ਮਿਲ਼ ਜਾਂਦੀ ਹੈ? ਉਹ ਹੈ ਮਨੁੱਖ ਕੋਲ਼ ਉਹ ਸਮਰੱਥਾ ਜਿਸ ਦੁਆਰਾ ਇਹ ਆਪਣੇ ਆਪ ਵਿੱਚ ਹੈਰਾਨੀ ਭਰਿਆ ਬਦਲਾਵ ਲਿਆ ਸਕਦਾ ਹੈ। ਆਪਣੀ ਹਰ ਤਰ੍ਹਾਂ ਦੀ ਤਾਕਤ ਤੇ ਕੰਟਰੋਲ ਕਰ ਸਕਦਾ ਹੈ। ਆਪਣੀ ਹਰ ਅਦਾ, ਸੰਸਕਾਰ, ਸੁਭਾਅ, ਅਤੇ ਪ੍ਰਕ੍ਰਿਆ ਨੂੰ ਤਬਦੀਲ ਕਰ ਸਕਦਾ ਹੈ ਅਤੇ ਇਹ ਸਾਰਾ ਕੁੱਝ ਹੁੰਦਾ ਹੈ ਕੁਦਰਤ ਦੀ ਬਖ਼ਸ਼ੀ ਸ੍ਰੇਸ਼ਟ ਮਤ ਬੁੱਧ ਸਦਕਾ। ਜਿਹੜੀ ਕੁਦਰਤ ਨੇ ਇਸ ਰੂਪ ਵਿੱਚ ਇਸ ਨੂੰ ਹੀ ਬਖ਼ਸ਼ੀ ਹੈ। ਮਨੁੱਖ ਆਪਣੀ ਸੋਚਣੀ ਤੇ ਕਾਬੂ ਪਾ ਸਕਦਾ ਹੈ ਆਪਣੇ ਬੋਲ-ਚਾਲ, ਰਹਿਣ ਸਹਿਣ ਵਿੱਚ ਫਰਕ ਪੈਦਾ ਕਰ ਸਕਦਾ ਹੈ ਆਪਣੇ ਜਿੰਦਾ ਰਹਿਣ ਦੇ ਭਿੰਨ-ਭਿੰਨ ਵਸੀਲੇ ਲੱਭ ਸਕਦਾ ਹੈ। ਅਤੇ ਹਰ ਚੀਜ਼ ਨੂੰ ਆਪਣੇ ਹਿਤ ਵਿੱਚ ਵਰਤ ਸਕਦਾ ਹੈ। ਇਸ ਦੀ ਖੋਜ ਬੁੱਧੀ ਵਿੱਚ ਅਥਾਹ ਤਕਨੀਕਾਂ ਅਤੇ ਜੀਵਨ ਜੁਗਤਾਂ ਦਾ ਖ਼ਜ਼ਾਨਾ ਭਰਿਆ ਪਿਆ ਹੈ। ਕਹਿੰਦੇ ਹਨ ਮਨੁੱਖ ਵੀ ਆਪਣੀ ਕਿਸਮ ਦਾ ਇੱਕ ਪਸ਼ੂ ਹੀ ਸੀ ਜਿਸਨੇ ਬਾਕੀ ਜੂਨਾਂ ਵਿੱਚ ਰਹਿ ਕੇ ਹੀ ਕਿਸੇ ਵਕਤ ਉਨ੍ਹਾਂ ਵਾਂਗ ਜੀਵਨ ਬਿਤਾਇਆ ਅਤੇ ਫਿਰ ਹੌਲੀ ਹੌਲੀ ਆਪਣਾ ਜੀਵਨ ਵਿਕਾਸ ਦੇ ਰਾਹ ਤੇ ਪਾਉਂਦਾ ਪਾਉਂਦਾ ਅੱਜ ਇਥੋਂ ਤੱਕ ਪਹੁੰਚ ਗਿਆ ਹੈ। ਇਹ ਸਭ ਇਸ ਨੂੰ ਪ੍ਰਾਪਤ ਹੋਈ ਸੁਰਤ ਸੋਝੀ ਦਾ ਹੈਰਾਨੀ ਭਰਿਆ ਵਰਤਾਰਾ ਹੀ ਹੈ। ਹਰ ਪੱਖ ਤੋਂ ਇਸਨੇ ਅਚੰਭੇ ਭਰਿਆ ਵਿਕਾਸ ਕੀਤਾ ਅਤੇ ਇੰਨਾਂ ਪੈਂਡਾ ਮੁਕਾ ਕੇ ਅੱਜ ਵਾਲ਼ੀ ਹਾਲਤ ਵਿੱਚ ਪਹੁੰਚਿਆ ਹੈ। ਕੁਦਰਤੀ ਸੋਮਿਆਂ ਦੀ ਵਰਤੋਂ ਦਾ ਜੋ ਸਲੀਕਾ ਇਸ ਕੋਲ਼ ਹੈ ਭਲਾ ਹੋਰ ਕਿਸ ਨੂੰ ਲੱਭਾ ਹੈ? ਆਪਣੇ ਤੋਂ ਭਿੰਨ ਤਾਕਤ ਰੱਖਣ ਵਾਲ਼ੇ ਬਾਕੀ ਜੀਵਾਂ ਨੂੰ ਨਕੇਲ ਪਾਉਣ ਦੀ ਜੁਗਤ ਇਸ ਨੇ ਲੱਭੀ ਹੈ। ਬਲਵਾਨ ਹਾਥੀ ਨੂੰ ਇਸ ਆਪਣਾ ਗ਼ੁਲਾਮ ਬਣਾਇਆ ਹੈ ਅਤੇ ਸ਼ੇਰ ਵਰਗੇ ਸ਼ਕਤੀਸ਼ਾਲੀ ਜੀਵ ਨੂੰ ਮੰਨੋਰੰਜਨ ਬਣਾ ਲਿਆ ਹੈ। ਕੁੱਤੇ ਇਸਦੀ ਰਖਵਾਲੀ ਕਰਦੇ ਹਨ ਅਤੇ ਪੰਛੀਆਂ ਨਾਲ ਇਹ ਭਾਂਤ ਭਾਂਤ ਗੱਲਾਂ ਕਰਦਾ ਹੈ। ਸਮੰਦਰਾਂ ਦੀ ਗਹਿਰਾਈ ਅਤੇ ਅਸਮਾਨ ਦੀ ਉਚਾਈ ਤੱਕ ਅਦਨਾ ਜਿਹਾ ਇਨਸਾਨ ਆਪਣੀ ਪਹੁੰਚ ਬਣਾਈ ਬੈਠਾ ਹੈ। ਹੁਣ ਤਾਂ ਇਸ ਗੰਭੀਰ ਸਵਾਲਾਂ ਨੂੰ ਖ਼ੁਦ ਹੀ ਜਨਮ ਦੇ ਦੇ ਕੇ ਉਨ੍ਹਾਂ ਦੇ ਹੱਲ ਲੱਭਣ ਦੀ ਅਲੌਕਿਕ ਖੇਡ ਵੀ ਖੇਡਣ ਲੱਗ ਗਿਆ ਹੈ। ਪਰ ਕੀ ਪਸ਼ੂ ਜਾਂ ਹੋਰ ਜੀਵ ਸ਼੍ਰੇਣੀਆਂ ਨੇ ਇੰਨੀ ਤਰੱਕੀ ਕੀਤੀ? ਇੰਨਾਂ ਵਿਕਾਸ ਦਾ ਪੈਂਡਾ ਤੈਅ ਕੀਤਾ? ਜਵਾਬ ਹੈ ਨਹੀਂ। ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਪਸ਼ੂ ਜਿਥੇ ਖੜਾ ਸੀ ਅੱਜ ਵੀ ਉਥੇ ਹੀ ਖੜਾ ਹੈ ਉਸ ਵਿੱਚ ਜੀਵਨ ਪ੍ਰਤੀ ਆਪਣੀਆਂ ਮੁਸ਼ਕਲਾਂ ਪ੍ਰਤੀ ਕੋਈ ਹੈਰਾਨੀ ਭਰੀ ਤਬਦੀਲੀ ਨਹੀਂ ਆਈ ਹੈ। ਉਹ ਕਿਸੇ ਖੜੋਤ ਦਾ ਸ਼ਿਕਾਰ ਹੈ। ਆਪਣੀਆਂ ਖ਼ੂਬੀਆਂ ਨੂੰ ਵਰਤ ਨਹੀਂ ਸਕਿਆ ਅਤੇ ਆਪਣੀ ਹੋਂਦ ਨੂੰ ਬਚਾਉਣ ਵਿੱਚ ਵੀ ਅਸਫਲ ਜਿਹਾ ਪ੍ਰਤੀਤ ਹੋ ਰਿਹਾ ਹੈ। (ਇਹ ਵੀ ਵੀਚਾਰ ਦਾ ਵਿਸ਼ਾ ਹੈ ਕਿ ਮਨੁੱਖੀ ਤਾਕਤ ਵੀ ਮਨੁੱਖੀ ਹੋਂਦ ਦਾ ਪਤਨ ਬਣਨ ਦੇ ਰਾਹ ਪੈ ਰਹੀ ਹੈ ਪਰ ਇਸਦਾ ਹੱਲ ਤਾਂ ਹੈ ਜੇਕਰ ਇਸ ਨੂੰ ਤਾਕਤਵਰ ਹੋਣ ਦਾ ਪਾਗਲਪਨ ਨਾ ਹੋਵੇ) ਕਿਤਨੀਆਂ ਹੀ ਪਸ਼ੂ ਜੂਨਾਂ ਦਾ ਖ਼ਾਤਮਾ ਇਸਦਾ ਪਰਮਾਣ ਹੈ। ਗੁਰਬਾਣੀ ਵਿੱਚ ਪਸ਼ੂ ਅਤੇ ਮਾਨਵ ਦਾ ਇਹੀ ਫਰਕ ਦੱਸਿਆ ਗਿਆ ਹੈ।

ਤ੍ਰਿਗਦ ਜੋਨਿ ਅਚੇਤ ਸੰਭਵ ਪੁੰਨ ਪਾਪ ਅਸੋਚ

ਮਾਨੁਖਾ ਅਵਤਾਰ ਦੁਲਭ ਤਿਹੀ ਸੰਗਤਿ ਪੋਚ॥ ਰਵਿਦਾਸ ਜੀ ਪੰਨਾ 480

ਕਰਤੂਤਿ ਪਸੂ ਕੀ ਮਾਨਸ ਜਾਤਿ॥ ਮ: 5 ਪੰਨਾ 261

ਜਬ ਲਗੁ ਜੋਤਿ ਕਾਇਆ ਮਹਿ ਬਰਤੈ ਆਪਾ ਪਸੂ ਬੂਝੈ॥ ਕਬੀਰ ਜੀ ਪੰਨਾ 686

ਗਿਆਨ ਤੋਂ ਹੀਣਾ, ਬਿਬੇਕ ਤੋਂ ਵਿਰਵਾ, ਚੰਗੇ ਬੁਰੇ ਦੀ ਵੀਚਾਰ ਤੋਂ ਅਭਿਜ, ਕਰਤੂਤ-ਕਰਮ, ਆਪੇ ਬਾਰੇ ਸੁਚੇਤਪੁਣਾ ਅਤੇ ਕੁੱਝ ਅਜਿਹੇ ਹੀ ਹੋਰ ਪੱਖ ਗੁਰਬਾਣੀ ਨੇ ਬਿਆਨ ਕੀਤੇ ਹਨ ਜਿਨ੍ਹਾਂ ਕਰਕੇ ਮਨੁੱਖ ਦਾ ਅਤੇ ਪਸ਼ੂ ਦਾ ਅੰਤਰ ਹੈ ਇਹੀ ਅੰਤਰ ਮਨੁੱਖ ਦੇ ਵਿਕਾਸ ਅਤੇ ਪਸ਼ੂ ਦੇ ਪਛੜੇਪਨ ਦਾ ਕਾਰਣ ਹੈ। ਪਰ ਇਹ ਵੀ ਯਾਦ ਰੱਖਣ ਯੋਗ ਹੈ ਕਿ ਮਨੁੱਖ ਨੂੰ ਆਪਣੀ ਵਿਲੱਖਣ ਹੋਂਦ ਦੇ ਅਹਿਸਾਸ ਅਤੇ ਮਨੁੱਖੀ ਗੁਣਾਂ ਤੋਂ ਸੱਖਣਾ ਹੋਣ ਤੇ ਗੁਰਬਾਣੀ ਨੇ ਪਸ਼ੂ ਦੀ ਸੰਗਿਆ ਹੀ ਦਿੱਤੀ ਹੈ।

ਬਿਨੁ ਬੂਝੇ ਪਸੂ ਕੀ ਨਿਆਈ ਭ੍ਰਮਿ ਮੋਹਿ ਬਿਆਪਿਓ ਮਾਇਆ॥ ਮ: 5 ਪੰਨਾ 1294

ਸ਼ਪੱਸ਼ਟ ਹੈ ਕਿ ਗੁਰਮਤਿ ਸਿਧਾਂਤ ਮਨੁੱਖ ਨੂੰ ਉਸਦੀ ਹੋਂਦ ਜੋ ਕਿ ਉਸਦੇ ਵਿਲੱਖਣ ਗੁਣਾਂ ਅਤੇ ਕੁਦਰਤੀ ਨਿਯਮਾਂ ਦੇ ਅਨੁਕੂਲ ਸੁਭਾਅ ਅਤੇ ਸੰਸਕਾਰ ਸਦਕਾ ਹੀ ਉੱਤਮ ਜੂਨ ਮੰਨਦੇ ਹਨ ਅਤੇ ਹੀਰੇ ਜੈਸਾ ਜਨਮ, ਦੁਰਲਭ ਜੀਵਨ ਆਦਿ ਦੀ ਉਪਮਾ ਦਿੰਦੇ ਹਨ। ਮਨੁੱਖੀ ਜੀਵਨ ਨੂੰ ਇਸ ਅਵਸਥਾ ਤਕ ਲੈ ਕੇ ਆਉਣਾ ਹੀ ਗੁਰਬਾਣੀ ਦਾ ਮਕਸਦ ਹੈ ਅਤੇ ਇਸ ਦੀ ਕਮਾਈ ਮਨੁੱਖ ਨੂੰ ਸਹੀ ਸੰਦਰਭ ਵਿੱਚ ਮਨੁੱਖ ਹੋਣ ਦਾ ਅਹਿਸਾਸ ਕਰਵਾਉਂਦੀ ਹੈ। ਇਹ ਅਹਿਸਾਸ ਹੀ ਆਤਮਾ ਪ੍ਰਮਾਤਮਾ ਦੀ ਅਭੇਦਤਾ ਦਾ ਜਾਮਨ ਹੈ। ਇਹੀ ਅਹਿਸਾਸ ਮਨੁੱਖ ਨੂੰ ਮਹਾਨਤਾ ਦਾ ਅਧਿਕਾਰੀ ਬਣਾ ਕੇ ਬਾਕੀ ਪਸ਼ੂ ਬਿਰਤੀ ਗ੍ਰਸੇ ਸਮਾਜ ਨੂੰ ਬਦਲਣ ਦੀ ਤਾਕਤ ਦਿੰਦਾ ਹੈ। ਇਥੇ ਹੀ ਧਰਮ ਅਧਰਮ ਦਾ ਸੰਘਰਸ਼ ਜਨਮ ਲੈਂਦਾ ਹੈ। ਇਹੀ ਧਰਮ ਦਾ ਖੇਤਰ ਹੈ ਅਤੇ ਇਹੀ ਧਰਮੀ ਦਾ ਕਰਤੱਵ ਹੈ। ਪਰ ਇਸ ਨੂੰ ਕਈ ਪੱਖਾਂ ਤੋਂ ਸਮਝਣ ਦੀ ਲੋੜ ਖ਼ਤਮ ਨਹੀਂ ਹੁੰਦੀ।




.