.

ਪ੍ਰਸ਼ਨ: ‘ਅਰਦਾਸ ਵਿੱਚ ਜਿਹਨਾਂ ਦੇਖ ਕੇ ਅਣਡਿੱਠਾ ਕੀਤਾ’ ਦਾ ਕੀ ਇਹ ਭਾਵ ਹੈ ਕਿ ਅਸੀਂ ਦੂਜਿਆਂ ਦੀਆਂ ਗ਼ਲਤ ਗੱਲਾਂ ਨੂੰ ਦੇਖ ਕੇ ਅਣਦੇਖਿਆਂ ਕਰ ਦੇਈਏ?

ਉੱਤਰ: ‘ਦੇਖ ਕੇ ਅਣਡਿੱਠ ਕਰਨਾ’ ਗੁਰਮਤਿ ਦੇ ਮਾਰਗ `ਤੇ ਚੱਲਣ ਵਾਲਿਆਂ ਦਾ ਇੱਕ ਉੱਘੜਵਾਂ ਲੱਛਣ ਹੈ। ਗੁਰਦੇਵ ਗੁਰਸਿੱਖਾਂ ਦੇ ਕੰਠ ਰੂਪੀ ਹਿਰਦੇ ਵਿੱਚ ਦੈਵੀ ਗੁਣਾਂ ਦੇ ਹਾਰ ਵਿੱਚ ਦੂਜਿਆਂ ਦੇ ਐਬ `ਤੇ ਪਰਦਾ ਪਾਉਣ ਦਾ ਗੁਣ ਰੂਪੀ ਫੁਲ ਵੀ ਵੇਖਣਾ ਚਾਹੁੰਦੇ ਹਨ। ਇਹ ਇੱਕ ਅਜੇਹਾ ਆਤਮ ਗੁਣ ਹੈ ਜਿਸ ਦੀ ਮਹਤੱਤਾ ਨੂੰ ਆਤਮ ਜ਼ਿੰਦਗੀ ਜਿਊਣ ਵਾਲਾ ਹੀ ਸਮਝਦਾ ਹੈ। ਨਿਰਸੰਦੇਹ ਆਪਣੀ ਮੱਤ ਨੂੰ ਮੁੱਖ ਰੱਖਣ ਵਾਲੇ ਮਨਮੱਤੀਏ ਇਸ ਦੈਵੀ ਗੁਣ ਦੀ ਅਹਿਮੀਅਤ ਨੂੰ ਨਹੀਂ ਸਮਝ ਸਕਦੇ। ਚੂੰਕਿ “ਹੋਰਨਾਂ ਦੇ ਅਉਗੁਣਾਂ ਨੂੰ ਨਜ਼ਰ- ਅੰਦਾਜ਼ ਕਰ ਸਕਣਾ ਵੱਡੇ ਆਤਮ -ਬਲ ਦੀ ਨਿਸ਼ਾਨੀ ਹੈ। ਇਹ ਮਨੁੱਖੀ ਆਤਮਾ ਦੀ ਇੱਕ ਅਤਿ ਕੋਮਲ ਪ੍ਰਾਪਤੀ ਹੈ, ਅਤੇ ਉਦਾਰ ਪਹੁੰਚ ਹੈ। ਵੇਖ ਕੇ ਅਣਡਿੱਠ ਕਰਨ ਵਾਲੇ ਦਾ ਹਿਰਦਾ ਬ੍ਰਹਿਮੰਡ ਜੇਡਾ ਮੋਕਲਾ ਹੁੰਦਾ ਹੈ, ਪਰ ਉਸ ਵਿੱਚ ਹੋਰਨਾਂ ਦੇ ਔਗੁਣ ਟਿਕਾਣ ਜੋਗੀ ਰਤਾ ਜਿੰਨੀ ਥਾਂ ਵੀ ਨਹੀਂ ਹੋਂਦੀ।” (ਡਾਕਟਰ ਜਸਵੰਤ ਸਿੰਘ ਨੇਕੀ)

ਕਈ ਸੱਜਨ ‘ਖਿਮਾ’ ਨੂੰ ਹੀ ‘ਦੇਖ ਕੇ ਅਣਡਿੱਠ ਕਰਨ’ ਆਖਦੇ ਹਨ; ਪਰ ਇਹਨਾਂ ਦੋਹਾਂ ਵਿੱਚ ਸਮਾਨਤਾ ਹੁੰਦਿਆਂ ਹੋਇਆਂ ਵੀ ਸੂਖਮ ਅੰਤਰ ਹੈ। ਕਿਸੇ ਦਾ ਅਉਗੁਣ, ਵਧੀਕੀ ਆਦਿ, ਜਿਸ ਦਾ ਸਬੰਧ ਆਮ ਤੌਰ ਤੇ ਸਾਡੇ ਨਿਜ ਨਾਲ ਹੁੰਦਾ ਹੈ, ਨੂੰ ਦੇਖਕੇ ਉਸ ਪ੍ਰਾਣੀ ਨੂੰ ਮਾਫ਼ ਕਰ ਦੇਣਾ ਖਿਮਾ ਹੈ, ਪਰੰਤੂ ਦੂਜਿਆਂ ਦੇ ਐਬ ਆਦਿ, ਜਿਹਨਾਂ ਦਾ ਸਬੰਧ ਜ਼ਰੂਰੀ ਨਹੀਂ ਸਾਡੇ ਨਾਲ ਹੋਵੇ, ਦੇਖ ਕੇ ਉਹਨਾ ਉੱਤੇ ਪੜਦਾ ਪਾਉਣਾ ਅਰਥਾਤ ਉਸ ਵਿਅਕਤੀ ਦੀ ਉਸ ਗ਼ਲਤੀ ਦਾ ਢੰਢੋਰਾ ਪਿੱਟ ਕੇ ਗ਼ਲਤੀ ਕਰਨ ਵਾਲੇ ਨੂੰ ਸ਼ਰਮਸ਼ਾਰ ਨਾ ਕਰਨਾ ‘ਦੇਖ ਕੇ ਅਣਡਿੱਠ ਕਰਨਾ ਹੈ’।

ਸਿੱਖ (ਮਨੁੱਖ) ਨੂੰ ਸਤਿਗੁਰੂ ਜੀ ਨੇ ਉਸ ਪ੍ਰਭੂ ਦੇ ਲੜ ਲਾਇਆ ਹੈ ਜਿਸ ਦੇ ਅਣਗਿਣਤ ਗੁਣਾਂ ਵਿਚੋਂ ਇੱਕ ਗੁਣ ਇਹ ਵੀ ਹੈ ਕਿ ਉਹ ਸਾਡੇ ਐਬ ਢੱਕਣ ਵਾਲਾ ਹੈ। (ਜਿਹ ਪ੍ਰਸਾਦਿ ਤੇਰੇ ਸਗਲ ਛਿਦ੍ਰ ਢਾਕੇ। (ਪੰਨਾ 270) ਪ੍ਰਭੂ ਦੀ ਸਿਫ਼ਤ ਸਾਲਾਹ ਕਰਨ ਵਾਲੇ ਨੂੰ ਅਰਦਾਸ ਵਿਚਲਾ ਇਹ ਸ਼ਬਦ (ਦੇਖ ਕੇ ਅਣਡਿੱਠ ਕਰਨਾ) ਵਾਹਿਗੁਰੂ ਦੇ ਇਸ ਗੁਣ ਨੂੰ ਧਾਰਣ ਕਰਨ ਦੀ ਪ੍ਰੇਰਨਾ ਕਰਦਾ ਹੈ ਕਿ ਜੇਕਰ ਤੂੰ ਦੂਜਿਆਂ ਦੇ ਅਉਗੁਣਾਂ, ਕਮਜ਼ੋਰੀਆਂ ਆਦਿ ਦੇਖੇਂ ਤਾਂ ਉਹਨਾਂ ਨੂੰ ਨਜ਼ਰ - ਅੰਦਾਜ਼ ਕਰ। ਦੂਜਿਆਂ ਦੇ ਅਉਗੁਣਾਂ ਆਦਿ ਨੂੰ ਭੰਡ ਕੇ, ਉਛਾਲ ਕੇ ਉਹਨਾਂ ਦੇ ਜੀਵਨ ਵਿੱਚ ਕਠਿਨਾਈਆਂ ਆਦਿ `ਚ ਵਾਧਾ ਕਰਨ ਦੀ ਬਜਾਇ, ਹੋ ਸਕੇ ਤਾਂ ਉਸ ਵਿਅਕਤੀ ਦੀ ਇਸ ਐਬ ਤੋਂ ਛੁਟਕਾਰਾ ਪਾਉਣ ਵਿੱਚ ਮਦਦ ਕਰ। ਰਹਿਤਨਾਮਿਆਂ ਵਿੱਚ ਵੀ ਸਿੱਖ ਨੂੰ ਗੁਰਮਤਿ ਦੇ ਇਸ ਸਿਧਾਂਤ ਸਬੰਧੀ ਚਰਚਾ ਕਰਦਿਆਂ ਹਿਦਾਇਤ ਕੀਤੀ ਗਈ ਹੈ ਕਿ, “ਗੁਰੂ ਕਾ ਸਿਖ ਪੜਦਾ ਕਿਸੇ ਦਾ ਨ ਉਘਾੜੈ, ਘਾਤੀ ਨ ਹੋਇ।” (ਰਹਿਤਨਾਮਾ ਭਾਈ ਚਉਪਾ ਸਿੰਘ) ਕਿਸੇ ਦੇ ਅਉਗੁਣ ਆਦਿ ਨੂੰ ਦੇਖਕੇ ਉਸ ਦਾ ਢੰਢੋਰਾ ਪਿੱਟ ਕੇ ਉਸ ਮਨੁੱਖ ਨੂੰ ਨੀਵਾਂ ਦਿਖਾਉਣ ਜਾਂ ਕਿਸੇ ਦੀਆਂ ਕਮਜ਼ੋਰੀਆਂ ਵੇਖ ਕੇ ਪ੍ਰਸਨ ਹੋਣ `ਚ ਗੁਰਮਤਿ ਨਹੀਂ ਹੈ। ਦੂਜਿਆਂ ਦੇ ਐਬ ਦੇਖਕੇ ਖ਼ੁਸ਼ ਹੋਣਾ ਮਨਮੁੱਖੀ ਸੁਭਾਅ ਦਾ ਪ੍ਰਤੀਕ ਹੈ। ਸਤਿਗੁਰੂ ਜੀ ਸਾਡੀ ਇਸ ਪੱਖੋਂ ਅਗਵਾਈ ਕਰਦਿਆਂ ਫ਼ਰਮਾਉਂਦੇ ਹਨ, “ਜਉ ਦੇਖੈ ਛਿਦ੍ਰ ਤਉ ਨਿੰਦਕ ਉਮਾਹੈ ਭਲੋ ਦੇਖਿ ਦੁਖ ਭਰੀਐ॥ ਆਠ ਪਹਰ ਚਿਤਵੈ ਨਹੀ ਪਹੁਚੈ ਬੁਰਾ ਚਿਤਵਤ ਚਿਤਵਤ ਮਰੀਐ॥” (ਪੰਨਾ 823) ਅਰਥ: ਹੇ ਭਾਈ! ਜਦੋਂ (ਕੋਈ) ਨਿੰਦਕ (ਕਿਸੇ ਮਨੁੱਖ ਦਾ ਕੋਈ) ਨੁਕਸ ਵੇਖਦਾ ਹੈ ਤਦੋਂ ਖ਼ੁਸ਼ ਹੁੰਦਾ ਹੈ, ਪਰ ਕਿਸੇ ਦਾ ਗੁਣ ਵੇਖ ਕੇ ਨਿੰਦਕ ਦੁੱਖੀ ਹੁੰਦਾ ਹੈ। ਅੱਠੇ ਪਹਰ (ਹਰ ਵੇਲੇ) ਨਿੰਦਕ ਕਿਸੇ ਨਾਲ ਬੁਰਾਈ ਕਰਨ ਦੀਆਂ ਸੋਚਾਂ ਸੋਚਦਾ ਰਹਿੰਦਾ ਹੈ, ਬੁਰਾਈ ਕਰ ਸਕਣ ਤਕ ਅੱਪੜ ਤਾਂ ਸਕਦਾ ਨਹੀਂ, ਬੁਰਾਈ ਦੀ ਵਿਓਂਤ ਸੋਚਦਿਆਂ ਸੋਚਦਿਆਂ ਹੀ ਆਤਮਕ ਮੌਤੇ ਮਰ ਜਾਂਦਾ ਹੈ।

ਦੂਜਿਆਂ ਦੀ ਕਮਜ਼ੋਰੀ ਦੀ ਭਾਲ ਵਿੱਚ ਜੁਟੇ ਰਹਿਣਾ, `ਤੇ ਕਮਜ਼ੋਰੀ ਦੇ ਲੱਭ ਪੈਣ ਤੇ ਪ੍ਰਸੰਨ ਹੋਣਾ, ਗੁਰਮਤਿ ਦੇ ਪਾਂਧੀ ਦੇ ਸੁਭਾਅ ਦੇ ਅਨੁਕੂਲ ਨਹੀਂ ਹੈ। ਇਹ ਗੁਰਮਤਿ ਦਾ ਮਾਰਗ ਨਹੀਂ ਮਨਮਤਿ ਦਾ ਮਾਰਗ ਹੈ, ਜਿਸ ਉੱਤੇ ਗੁਰੂ ਦੀ ਮਤਿ ਨੂੰ ਧਾਰਣ ਕਰਨ ਵਾਲਾ ਕਦਮ ਨਹੀਂ ਰੱਖ ਸਕਦਾ। ਭਾਵ ਇਹ ਹੈ ਕਿ ਸਿੱਖ ਦੂਜਿਆਂ ਦੇ ਐਬ (ਨੁਕਸ) ਫਰੋਲਣ ਵਾਲੀ ਬਿਰਤੀ ਵਾਲਾ ਨਾ ਬਣੇ। ਦੂਜੇ ਦੀ ਕਮਜ਼ੋਰੀ ਨੂੰ ਦੇਖਕੇ ਉਸਨੂੰ ਇਸ ਕਮਜ਼ੋਰੀ ਤੋਂ ਉਪਰ ਉਠਣ `ਚ ਮਦਦ ਕਰੇ ਨਾ ਕਿ ਉਸ ਦਾ ਢੰਢੋਰਾ ਪਿੱਟ ਕੇ ਉਸ ਨੂੰ ਸ਼ਰਮਸ਼ਾਰ ਕਰਕੇ ਉਸ ਦੇ ਰਸਤੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਰੁਕਾਵਟਾਂ ਖੜੀਆਂ ਕਰਕੇ ਉਸ ਦਾ ਜਿਊਣਾ ਮੁਸ਼ਕਲ ਬਣਾ ਦੇਵੇ। ਸਾਨੂੰ ਗੁਰਮਤਿ ਦੇ ਇਸ ਨੁਕਤੇ ਨੂੰ ਧਿਆਨ ਵਿੱਚ ਰੱਖਣ ਦੀ ਲੋੜ ਹੈ ਕਿ ਕਿਸੇ ਦੀ ਕਮਜ਼ੋਰੀ ਨੂੰ ਦੇਖਕੇ ਉਸ ਨੂੰ ਉਸ ਤੋਂ ਸੁਚੇਤ ਨਾ ਕਰਨ `ਚ ਗੁਰਮੁਖਤਾਈ ਨਹੀਂ ਮਨਮੁਖਤਾਈ ਵਾਲਾ ਭਾਵ ਹੈ। ਜੇਕਰ ਕਿਸੇ ਦੀ ਅਜੇਹੀ ਕਮਜ਼ੋਰੀ ਜਾਂ ਅਉਗਣ ਦੇਖੇ ਜਿਹੜਾ ਦੂਜਿਆਂ ਲਈ ਘਾਤਕ ਨਹੀਂ ਹੈ, ਤਾਂ ਉਸ ਵਿਅਕਤੀ ਨੂੰ ਦੂਜਿਆਂ ਦੀਆਂ ਨਜ਼ਰਾਂ `ਚੋਂ ਗਿਰਾਉਣ ਦੀ ਮਨਸ਼ਾ ਨਾਲ, ਉਸ ਪ੍ਰਾਣੀ ਦੀ ਉਸ ਗ਼ਲਤੀ ਦਾ ਦੂਜਿਆਂ ਪਾਸ ਢੰਢੋਰਾ ਨਾ ਪਿੱਟੇ ਬਲਕਿ ਉਸ ਨੂੰ ਸਹਿਜੇ ਨਾਲ ਉਸ ਤੋਂ ਜਾਣੂੰ ਕਰਾਕੇ ਉਸ ਨੁੰ ਸੁਧਾਰਨ ਦਾ ਮੌਕਾ ਪ੍ਰਦਾਨ ਕਰੇ। ਗੁਰਮਤਿ ਦੇ ਪਾਂਧੀ ਨੂੰ ਗੁਰਦੇਵ ਦੂਜਿਆਂ ਦੇ ਅਉਗੁਣ ਲੱਭਣ ਲਈ ਹੱਲਾਸ਼ੇਰੀ ਨਹੀਂ ਦੇਂਦੇ। ਹਾਂ, ਗਾਡੀ ਮਾਰਗ ਦੇ ਇਸ ਰਾਹੀ ਨੂੰ ਆਪਣੇ ਅਉਗੁਣ ਨੂੰ ਸ਼ਿੱਦਤ ਨਾਲ ਭਾਲ ਕੇ ਉਹਨਾਂ ਕਮਜ਼ੋਰੀਆਂ ਤੋਂ ਉੱਪਰ ਉੱਠਣ ਦਾ ਉਪਦੇਸ਼ ਜ਼ਰੂਰ ਕਰਦੇ ਹਨ। ਸਤਿਗੁਰੂ ਸਾਨੂੰ ਆਤਮਕ ਤਲ ਤੇ ਜਿਊਣ ਦੀ ਜੁਗਤੀ ਸਮਝਾਉਂਦਿਆਂ ਹੋਇਆਂ ਫ਼ਰਮਾਉਂਦੇ ਹਨ ਕਿ ਦੂਜਿਆਂ ਦੇ ਐਬ ਫਰੋਲਿਆਂ ਤੇਰਾ ਆਪਣਾ ਆਤਮਕ ਜੀਵਨ ਉੱਚਾ ਨਹੀਂ ਹੋਣ ਲੱਗਾ। ਤੂੰ ਆਤਮਕ ਤਲ `ਤੇ ਤਾਂ ਹੀ ਉਪਰ ਉੱਠ ਸਕੇਂਗਾ ਜੇਕਰ ਤੂੰ ਆਪਣੇ ਅੰਦਰ ਰੱਬੀ ਗੁਣਾਂ ਨੂੰ ਧਾਰਣ ਕਰੇਂਗਾ।

ਅਪਨਾ ਘਰੁ ਮੂਸਤ ਰਾਖਿ ਨ ਸਾਕਹਿ ਕੀ ਪਰ ਘਰੁ ਜੋਹਨ ਲਾਗਾ ॥ ਘਰੁ ਦਰੁ ਰਾਖਹਿ ਜੇ ਰਸੁ ਚਾਖਹਿ ਜੋ ਗੁਰਮੁਖਿ ਸੇਵਕੁ ਲਾਗਾ ॥੧॥ ਮਨ ਰੇ ਸਮਝੁ ਕਵਨ ਮਤਿ ਲਾਗਾ ॥ ਨਾਮੁ ਵਿਸਾਰਿ ਅਨ ਰਸ ਲੋਭਾਨੇ ਫਿਰਿ ਪਛੁਤਾਹਿ ਅਭਾਗਾ ॥ ਰਹਾਉ ॥ ਅਰਥ: ਹੇ ਮਨ! ਹੋਸ਼ ਕਰ, ਕਿਸ ਭੈੜੀ ਮਤ ਵਿਚ ਲਗ ਪਿਆ ਹੈਂ? ਹੇ ਭਾਗ-ਹੀਣ! ਪਰਮਾਤਮਾ ਦਾ ਨਾਮ ਭੁਲਾ ਕੇ ਹੋਰ ਹੋਰ ਸੁਆਦਾਂ ਵਿਚ ਮਸਤ ਹੋ ਰਿਹਾ ਹੈਂ, (ਵੇਲਾ ਬੀਤ ਜਾਣ ਤੇ) ਫਿਰ ਪਛਤਾਵੇਂਗਾ।ਰਹਾਉ।

ਹੇ ਮਨ! ਤੇਰਾ ਆਪਣਾ ਆਤਮਕ ਜੀਵਨ ਲੁੱਟਿਆ ਜਾ ਰਿਹਾ ਹੈ ਉਸ ਨੂੰ ਤੂੰ ਬਚਾ ਨਹੀਂ ਸਕਦਾ, ਪਰਾਏ ਐਬ ਕਿਉਂ ਫੋਲਦਾ ਫਿਰਦਾ ਹੈਂ? ਆਪਣਾ ਘਰ ਬਾਰ (ਲੁੱਟੇ ਜਾਣ ਤੋਂ ਤਦੋਂ ਹੀ) ਬਚਾ ਸਕੇਂਗਾ ਜੇ ਤੂੰ ਪ੍ਰਭੂ ਦੇ ਨਾਮ ਦਾ ਸੁਆਦ ਚੱਖੇਂਗਾ (ਨਾਮ-ਰਸ ਉਹੀ) ਸੇਵਕ (ਚੱਖਦਾ ਹੈ) ਜੋ ਗੁਰੂ ਦੇ ਸਨਮੁਖ ਰਹਿ ਕੇ (ਸੇਵਾ ਵਿਚ) ਲੱਗਦਾ ਹੈ। (ਪੰਨਾ 599)

ਗੁਰੂ ਗਰੰਥ ਸਾਹਿਬ ਵਿੱਚ ਤਾਂ ਮਨੁੱਖ ਨੂੰ ਗੁਣਾਂ ਦੀ ਸਾਂਝ ਦੀ ਸਿੱਖਿਆ ਹੀ ਦ੍ਰਿੜ ਕਰਾਈ ਗਈ ਹੈ। ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ‘ਦੇਖ ਕੇ ਅਣਡਿੱਠਾ ਕਰਨ’ ਦਾ ਇਹ ਬਿਲਕੁਲ ਹੀ ਭਾਵ ਨਹੀਂ ਕਿ ਕਿਸੇ ਦੀ ਭਿਅੰਕਰ ਭੁੱਲ, ਕੁਕਰਮ, ਜਾਂ ਕਮਜ਼ੋਰੀ ਆਦਿ ਨੂੰ ਦੇਖ ਕੇ ਉਸ ਨੂੰ ਨਜ਼ਰ - ਅੰਦਾਜ਼ ਕਰ ਦਿੱਤਾ ਜਾਵੇ। ਜੇਕਰ ਅਜੇਹਾ ਹੀ ਭਾਵ ਹੁੰਦਾ ਤਾਂ ਗੁਰੂ ਗਰੰਥ ਸਾਹਿਬ ਵਿੱਚ ਪਾਖੰਡੀਆਂ, ਵੱਢੀਖੋਰਾਂ, ਜ਼ੁਲਮ ਢਾਉਣ ਵਾਲਿਆਂ, ਅਨਿਆਂ ਆਦਿ ਕਰਨ ਵਾਲਿਆਂ ਦਾ ਵਰਣਨ ਨਾ ਕੀਤਾ ਗਿਆ ਹੁੰਦਾ। ਜੀ ਹਾਂ, ਇਹਨਾਂ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਨਾ ਕੀਤੀ ਗਈ ਹੁੰਦੀ। ਇਸ ਲਈ ਜੇਕਰ ਕਿਸੇ ਵਿੱਚ ਕੁੱਝ ਅਜੇਹਾ ਨਜ਼ਰ ਆਉਂਦਾ ਹੈ, ਜਿਸ ਨਾਲ ਉਸ ਦਾ ਆਪਣਾ ਜਾਂ ਦੂਜਿਆਂ ਨੂੰ ਨੁਕਸਾਨ ਪਹੁੰਚਣ ਦੀ ਸੰਭਾਵਨਾ ਹੈ, ਤਾਂ ਉਸ ਨੂੰ ਨਜ਼ਰ - ਅੰਦਾਜ਼ ਕਰਨਾ ਗੁਰਮੁਖਤਾਈ ਨਹੀਂ ਮਨਮੁਖਤਾਈ ਹੈ। ਇਸ ਲਈ ਉਸ ਦੇ ਇਸ ਖੋਟ ਤੋਂ ਉਸ ਨੂੰ ਅਤੇ ਦੂਜਿਆਂ ਨੂੰ ਜਾਣੂੰ ਕਰਾਉਣ `ਚ ਹੀ ਗੁਰਮੁਖਤਾਈ ਹੈ। ਸਾਡੀ ਇਹ ਕਮਜ਼ੋਰੀ ਹੈ ਕਿ ਅਸੀਂ ਦੂਜਿਆਂ ਦੇ ਅਜੇਹੇ ਕੁਕਰਮਾਂ ਨੂੰ ਦੇਖਕੇ ਕਈ ਵਾਰੀ ਉਸ ਨੂੰ ਨਜ਼ਰ - ਅੰਦਾਜ਼ ਕਰ ਦੇਂਦੇ ਹਾਂ, ਇਸ ਖ਼ਿਆਲ ਨਾਲ ਕਿ ਸਾਨੂੰ ਅਜੇਹਾ ਕਰਨ ਦੀ ਕੀ ਲੋੜ ਹੈ। ਇਸ ਨੂੰ ਅਸੀਂ ਸਾਊਪੁਣਾ ਸਮਝਦੇ ਹਾਂ, ਪਰੰਤੂ ਇਹ ਸਾਊਪੁਣਾ ਗੁਰਮਤਿ ਦੇ ਘੇਰੇ `ਚ ਨਹੀਂ ਆਉਂਦਾ। ਗੱਲ ਕੀ, ਚੋਰ, ਵਿਭਚਾਰੀ, ਮਨੁੱਖਤਾ ਦੇ ਕਾਤਲ, ਬਲੈਕ ਮੇਲ ਕਰਨ ਵਾਲੇ, ਡਰੱਗ ਦਾ ਧੰਧਾ ਕਰਨ ਵਾਲੇ, ਖਾਣ ਪੀਣ ਦੀਆਂ ਵਸਤੂਆਂ ਵਿੱਚ ਮਿਲਾਵਟ ਆਦਿ ਕਰਨ ਵਾਲੇ, ਵੱਢੀ ਖ਼ੋਰ, ਬਲਾਤਕਾਰ ਵਰਗਾ ਅਤਿ ਘਿਣਾਉਣਾ ਕਰਮ ਕਰਨ ਵਾਲੇ, ਇਹਨਾਂ ਇਨਸਾਨੀਅਤ ਦੇ ਦੁਸ਼ਮਨਾਂ ਦੀਆਂ ਗਤੀ ਵਿਧੀਆਂ ਨੂੰ ਦੇਖ ਕੇ ਅਣਦੇਖਿਆਂ ਕਰਨਾ ‘ਦੇਖ ਕੇ ਅਣਡਿੱਠ ਕਰਨ’ ਨਹੀਂ ਹੈ। ਅਤੇ ਨਾ ਹੀ ਧਾਰਮਿਕ ਦੁਨੀਆਂ ਵਿੱਚ ਕਿਸੇ ਵੀ ਕਥਿੱਤ ਧਾਰਮਿਕ ਵਿਅਕਤੀ ਦੇ ਪਾਖੰਡ, ਦੰਭ, ਕੁਕਰਮ ਅਤੇ ਰੱਬ ਦੇ ਨਾਮ `ਤੇ ਲੁੱਟ- ਖਸੁੱਟ ਨੂੰ ਦੇਖ ਕੇ ਅਣਡਿੱਠ ਕਰਨ ਦਾ ਆਦੇਸ਼ ਹੈ। ਜੇਕਰ ਇਹਨਾਂ ਨੂੰ ਦੇਖ ਕੇ ਅਣਡਿੱਠ ਕਰਨ ਦਾ ਭਾਵ ਹੁੰਦਾ ਤਾਂ ਗੁਰੂ ਗਰੰਥ ਸਾਹਿਬ ਵਿੱਚ ਅਨਿਆਂ, ਜ਼ੁਲਮ, ਪਾਖੰਡ ਆਦਿ ਦੇ ਖ਼ਿਲਾਫ ਗੁਰੂ ਸਾਹਿਬਾਨ ਅਤੇ ਭਗਤ ਆਦਿ ਅਵਾਜ਼ ਨਾ ਉਠਾਉਂਦੇ। ਗੁਰੂ ਗਰੰਥ ਸਾਹਿਬ ਵਿੱਚ ਹੇਠ ਲਿਖੇ ਸ਼ਬਦ ਦਰਜ ਨਾ ਹੁਂਦੇ:

(ੳ) ਧੋਤੀ ਖੋਲਿ ਵਿਛਾਏ ਹੇਠਿ ॥ ਗਰਧਪ ਵਾਂਗੂ ਲਾਹੇ ਪੇਟਿ ॥੧॥ ….ਪੂਜਾ ਤਿਲਕ ਕਰਤ ਇਸਨਾਨਾਂ ॥ ਛੁਰੀ ਕਾਢਿ ਲੇਵੈ ਹਥਿ ਦਾਨਾ ॥੨॥ ਬੇਦੁ ਪੜੈ ਮੁਖਿ ਮੀਠੀ ਬਾਣੀ ॥ ਜੀਆਂ ਕੁਹਤ ਨ ਸੰਗੈ ਪਰਾਣੀ ॥੩॥

(ਅ) ਹਰਣਾਂ ਬਾਜਾਂ ਤੈ ਸਿਕਦਾਰਾਂ ਏਨ੍ਹ੍ਹਾ ਪੜ੍ਹ੍ਹਿਆ ਨਾਉ ॥ ਫਾਂਧੀ ਲਗੀ ਜਾਤਿ ਫਹਾਇਨਿ ਅਗੈ ਨਾਹੀ ਥਾਉ ॥ ……ਰਾਜੇ ਸੀਹ ਮੁਕਦਮ ਕੁਤੇ ॥ ਜਾਇ ਜਗਾਇਨ੍ਹ੍ਹਿ ਬੈਠੇ ਸੁਤੇ .॥ ਚਾਕਰ ਨਹਦਾ ਪਾਇਨ੍ਹ੍ਹਿ ਘਾਉ ॥ ਰਤੁ ਪਿਤੁ ਕੁਤਿਹੋ ਚਟਿ ਜਾਹੁ ॥ (ਪੰਨਾ 1288)

(ੲ) ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ ॥ ਗਲੀ ਜਿਨ੍ਹ੍ਹਾ ਜਪਮਾਲੀਆ ਲੋਟੇ ਹਥਿ ਨਿਬਗ ॥ ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ ॥੧॥ ਐਸੇ ਸੰਤ ਨ ਮੋ ਕਉ ਭਾਵਹਿ ॥ ਡਾਲਾ ਸਿਉ ਪੇਡਾ ਗਟਕਾਵਹਿ ॥੧॥ ਰਹਾਉ ॥ ਬਾਸਨ ਮਾਂਜਿ ਚਰਾਵਹਿ ਊਪਰਿ ਕਾਠੀ ਧੋਇ ਜਲਾਵਹਿ ॥ ਬਸੁਧਾ ਖੋਦਿ ਕਰਹਿ ਦੁਇ ਚੂਲ੍ਹ੍ਹੇ ਸਾਰੇ ਮਾਣਸ ਖਾਵਹਿ ॥੨॥ ਓਇ ਪਾਪੀ ਸਦਾ ਫਿਰਹਿ ਅਪਰਾਧੀ ਮੁਖਹੁ ਅਪਰਸ ਕਹਾਵਹਿ ॥ ਸਦਾ ਸਦਾ ਫਿਰਹਿ ਅਭਿਮਾਨੀ ਸਗਲ ਕੁਟੰਬ ਡੁਬਾਵਹਿ ॥੩॥ (ਪੰਨਾ 476) ਇਤਿਆਦਿਕ।

ਸੋ, ਦੂਜਿਆਂ ਦੀਆਂ ਸਾਧਾਰਨ ਗਲਤੀਆਂ ਅਥਵਾ ਕਮਜ਼ੋਰੀਆਂ ਨੂੰ, ਜੇਹੜੀਆਂ ਇਨਸਾਨੀਅਤ ਲਈ ਘਾਤਕ ਨਹੀਂ ਹਨ, ਉਹਨਾਂ ਨੂੰ ਦੇਖ ਕੇ, ਉਸ ਵਿਅਕਤੀ ਨੂੰ ਦੂਜਿਆਂ ਦੀਆਂ ਨਜ਼ਰਾਂ `ਚ ਗਿਰਾਉਣ ਜਾਂ ਭੰਡਣ ਤੋਂ ਗੁਰੇਜ਼ ਕਰਨਾ ਹੀ ‘ਦੇਖ ਕੇ ਅਣਡਿੱਠ ‘ਕਰਨਾ ਹੈ। ਪਰ ਇਸ ਦਾ ਇਹ ਅਰਥ ਵੀ ਨਹੀਂ ਕਿ ਦੂਜਿਆਂ ਦੀਆਂ ਭਿਅੰਕਰ ਗ਼ਲਤੀਆਂ ਨੂੰ ਵੀ ਦੇਖ ਕੇ ਨਜ਼ਰ - ਅੰਦਾਜ਼ ਕੀਤਾ ਜਾਵੇ, ਬਲਕਿ ਇਤਨਾ ਹੀ ਹੈ ਕਿ ਸਾਡੇ `ਚ ਦੂਜਿਆਂ ਦੇ ਅਉਗੁਣ ਫਰੋਲਣ ਵਾਲੀ ਰੁਚੀ ਦੀ ਪ੍ਰਧਾਨਤਾ ਨਾ ਹੋਵੇ। ਅਸੀਂ ਦੂਜਿਆਂ ਦੀਆਂ ਕਮਜ਼ੋਰੀਆਂ ਲੱਭਣ `ਚ ਹੀ ਰਸ ਨਾ ਲਈਏ ਅਥਵਾ ਪ੍ਰਸੰਨ ਨਾ ਹੋਈਏ।

ਨੋਟ: ਅਰਦਾਸ ਵਿਚਲੇ ਇਹਨਾਂ ਸ਼ਬਦਾਂ ਨੂੰ ਅਮਲੀ ਰੂਪ ਵਿੱਚ ਅਸੀਂ ਕਿੰਨਾ ਕੁ ਅਪਣਾਇਆ ਹੈ, ਇਹ ਗੱਲ ਵਧੇਰੇ ਵਿਆਖਿਆ ਦੀ ਮੁਥਾਜ਼ ਨਹੀਂ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਦੂਜਿਆਂ ਵਿਅਕਤੀਆਂ ਦੀਆਂ ਜਿਹਨਾਂ ਕਮਜ਼ੋਰੀਆਂ ਦਾ ਪਤਾ ਲੱਗਣ `ਤੇ ਅਸੀਂ ਢੰਢੋਰਾ ਪਿੱਟ ਕੇ ਉਹਨਾਂ ਪ੍ਰਾਣੀਆਂ ਨੂੰ ਨੀਵਾਂ ਦਿਖਾਉਣ ਦੀ ਕੋਸ਼ਸ਼ ਕਰਦੇ ਹਾਂ, ਉਹਨਾਂ ਕਮਜ਼ੋਰੀਆਂ ਦੇ ਕਈ ਵਾਰ ਅਸੀਂ ਖ਼ੁਦ ਵੀ ਸ਼ਿਕਾਰ ਹੁੰਦੇ ਹਾਂ। ਆਪਣੀਆਂ ਕਮਜ਼ੋਰੀਆਂ ਨੂੰ ਛੁਪਾਉਣ ਉੱਤੇ ਜ਼ੋਰ ਲਗਾਉਂਦੇ ਹਾਂ, ਪਰੰਤੂ ਦੂਜਿਆਂ ਨੂੰ ਲੋਕ ਕਚਹਿਰੀ ਵਿੱਚ ਭੰਡਣ ਦਾ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦੇਂਦੇ। ਆਪਣੀਆਂ ਜਾਂ ਆਪਣੇ ਧੜੇ ਆਦਿ ਦੀਆਂ ਕਮਜ਼ੋਰੀਆਂ ਨੂੰ ਦੂਰ ਕਰਨ ਦੀ ਬਜਾਇ ਉਹਨਾਂ ਨੂੰ ਲਕਾਉਣ ਦਾ ਯਤਨ ਕਰਨਾ ਅਤੇ ਉਹੀ ਕਮਜ਼ੋਰੀ ਦੂਜੇ ਵਿਅਕਤੀ ਜਾਂ ਵਿਰੋਧੀ ਧੜੇ `ਚ ਦੇਖ ਕੇ ਉਹਨਾਂ ਨੂੰ ਭੰਡਣ `ਚ ਗੁਰਮੁਖੱਤਾ ਨਹੀਂ ਸਗੋਂ ਮਨਮੁੱਖਤਾ ਹੈ। ਇਹ ਗੁਰਮਤਿ ਦਾ ਮਾਰਗ ਨਹੀਂ ਸ਼ੈਤਾਨੀਅਤ ਵਾਲਾ ਰਸਤਾ ਹੈ। ਗੁਰੂ ਕੇ ਸਿੱਖਾਂ ਨੂੰ ਗੁਰਮੁਖਾਂ ਵਾਲਾ ਮਾਰਗ ਹੀ ਅਪਣਾਉਣਾ ਬਣ ਆਇਆ ਹੈ। ਕਿਸੇ ਦੇ ਐਬ ਨੂੰ ਦੇਖ ਕੇ ਅਣਡਿੱਠ ਕਰਨ ਅਤੇ ਜੇਕਰ ਉਸੇ ਐਬ ਦੇ ਆਪ ਸ਼ਿਕਾਰ ਹਾਂ ਤਾਂ ਆਪਣੇ ਆਪ ਨੂੰ ਉਸ ਐਬ ਤੋਂ ਬਚਾਉਣ ਦਾ ਯਤਨ, ਗੁਰਮਤਿ ਦੇ ਮਾਰਗ ਦਾ ਇੱਕ ਸੁਨਹਿਰੀ ਸਿਧਾਂਤ ਹੈ।

ਜਸਬੀਰ ਸਿੰਘ ਵੈਨਕੂਵਰ
.