.

ੴ ਵਾਹਿਗੁਰੂ ਜੀ ਕੀ ਫ਼ਤਹਿ॥

ਸਪੋਕਸਮੈਨ, ਜੋਗਿੰਦਰ ਸਿੰਘ ਅਤੇ ਜਗਜੀਤ ਕੌਰ ਬਾਰੇ ਸੱਚ ਕੀ ਹੈ?

-ਇਕਵਾਕ ਸਿੰਘ ਪੱਟੀ

ਸੰਨ 2000 ਵਿੱਚ ਜਦ ਮੈਂ ਨੌਂਵੀ ਕਲਾਸ ਵਿੱਚ ਪੜ੍ਹਦਾ ਸੀ ਤਾਂ ਇੱਕ ਵਡੇਰੀ ਉਮਰ ਦੇ ਮਿਸ਼ਨਰੀ ਭਾਈ ਸਾਹਿਬ ਸਾਡੇ ਘਰੇ ਸਪੋਕਸਮੈਨ ਦੀ ਇੱਕ ਮਾਸਕ ਕਾਪੀ ਦੇ ਕੇ ਗਏ। ਘਰ ਦੇ ਬਾਕੀ ਮੈਂਬਰਾਂ ਦਾ ਤਾਂ ਪਤਾ ਨਹੀਂ ਪਰ ਮੈਨੂੰ ਉਹ ਬੜੀ ਚੰਗੀ ਲੱਗੀ। ਉਸ ਤੋਂ ਬਾਅਦ ਫਿਰ ਲੰਮੇ ਸਮੇਂ ਲਈ ਸਪੋਕਸਮੈਨ ਤੋਂ ਦੂਰ ਹੋ ਗਏ, ਕੁਦਰਤੀ ਹੀ ਉਹ ਭਾਈ ਸਾਹਿਬ ਜੀ ਵੀ ਨਹੀਂ ਮਿਲੇ ਕੁੱਝ ਉਮਰ ਵੀ ਛੋਟੀ ਸੀ ਤੇ ਬਹੁੱਤੀ ਸਮਝ ਨਹੀਂ ਸੀ। ਪਰ ਉਸ ਸਮੇਂ ਸਿੱਖ ਮਿਸ਼ਨਰੀ ਕਾਲਜ ਦਾ ਦੋ ਸਾਲਾ ਪੱਤਰ ਵਿਹਾਰ ਕੋਰਸ ਘਰ ਬੈਠ ਕੇ ਕਰ ਰਿਹਾ ਸੀ ਜਿਸ ਕਰਕੇ ਸਿੱਖ ਧਰਮ ਵਿੱਚ ਆ ਰਹੀਆਂ ਬੁਰਾਈਆਂ ਦਾ ਕਾਫੀ ਕੁੱਝ ਪਤਾ ਸੀ ਅਤੇ ਸਪੋਕਸਮੈਨ ਵਿੱਚ ਕੀਤੀਆਂ ਗਈਆਂ ਟਿੱਪਣੀਆਂ ਵੀ ਬਾ-ਕਮਾਲ ਸਨ। ਉਸ ਤੋਂ ਬਾਅਦ ਅਗੱਸਤ 2001 ਵਿੱਚ ਤਬਲਾ ਵਾਦਕ ਦਾ ਕੋਰਸ ਕਰਨ ਲਈ ਸਿੱਖ ਮਿਸ਼ਨਰੀ ਕਾਲਜ, ਸ੍ਰੀ ਅਨੰਦਪੁਰ ਸਾਹਿਬ ਵਿਖੇ ਦਾਖਲਾ ਹੋ ਗਿਆ ਤਾਂ ਪਿਛਲੇ ਇੱਕ ਸਾਲ ਤੋਂ ਜਿਸ ਨੂੰ ਵੇਖਣ ਲਈ ਅੱਖਾਂ ਤਰਸ ਰਹੀਆਂ ਸਨ ਭਾਵ ‘ਸਪੋਕਸਮੈਨ’ ਮੈਂ ਕਾਲਜ ਵਿੱਚ ਵੇਖਿਆ, ਸੀਨੀਅਰ ਵਿਦਿਆਰਥੀਆਂ ਵੱਲੋਂ ਦੱਸੀ ਗਈ ਦੁਕਾਨ ਤੇ ਗਿਆ ਅਤੇ ਸਬੰਧਿਤ ਸਤੰਬਰ 2001 ਮਹੀਨੇ ਦਾ ਰਸਾਲਾ ਲੈ ਆਇਆ। ਜਿਸ ਵਿੱਚ ਸੰਪਾਦਕੀ ਲੇਖ “ਹਰ 50 ਸਾਲ ਮਗਰੋਂ ਸਿੱਖੀ ਸੰਕਟ ਵਿੱਚ ਕਿਉਂ ਘਿਰ ਜਾਂਦੀ ਹੈ ਤੇ ਕੀ ਅੱਜ ਨਵੀਂ ਸਿੰਘ ਸਭਾ ਲਹਿਰ ਸ਼ੁਰੂ ਕਰਨ ਦਾ ਸਮਾਂ ਨਹੀਂ ਗਿਆ?” ਪੜ੍ਹ ਕੇ ਕੌਮ ਵੱਲੋਂ ਕੌਮ ਦੇ ਕੋਹਿਨੂਰ ਹੀਰੇ ਤੋਂ ਵੀ ਮਹਿੰਗੇ ਵਿਦਵਾਨਾਂ, ਬੁਧੀਜੀਵੀਆਂ ਨਾਲ ਕੀਤੇ ਜਾਂਦੇ ਘਟੀਆ ਵਰਤਾਰੇ ਅਤੇ ਉਸਦੇ ਉਲਟ ਸਿੱਖੀ ਨੂੰ ਵਧਾਉਣ ਦੀ ਥਾਂ ਤੇ ਘਟਾਉਣ ਵਾਲੇ ਅਤੇ ਸਮਾਂ ਵਿਆਹ ਚੁੱਕੇ ਧਰਮ ਵਜੋਂ ਪੇਸ਼ ਕਰਨ ਵਾਲੇ ਪੁਜਾਰੀਆਂ, ਅਖੌਤੀ ਸਾਧ ਲਾਣੇ ਨਾਲ ਕੀਤਾ ਜਾਂਦਾ ਅਥਾਹ ਪਿਆਰ, ਦਿੱਤਾ ਜਾਂਦਾ ਕਿਰਤ ਕਮਾਈ ਦਾ ਵੱਡਾ ਹਿੱਸਾ ਆਦਿ ਵੇਖ, ਪੜ੍ਹ, ਸੁਣ ਕੇ ਮਨ ਹੈਰਾਨ ਹੋ ਉਠਿਆ ਕਿ, ਆਹ ਸਿੱਖ ਬਣਾਏ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਪਰਿਵਾਰ ਵਾਰ ਕੇ, ਗੁਰੂ ਨਾਨਕ ਸਾਹਿਬ ਜੀ ਨੇ ਪੈਦਲ ਸਫ਼ਰ ਅਤੇ ਪ੍ਰਚਾਰ ਕਰਕੇ? ਖੈਰ ਉਸ ਤੋਂ ਬਾਅਦ ਮੈਂ ਸਪੋਕਸਮੈਨ ਦਾ ਪੱਕਾ ਪਾਠਕ ਬਣ ਗਿਆ। ਇੱਥੋਂ ਤੱਕ ਕੇ ਹੁਣ ਕਾਲਜ ਵਿੱਚ ਪੜ੍ਹਦੇ ਮੇਰੇ ਬਾਕੀ ਸਾਥੀਆਂ ਨੇ ਵੀ ਜਦ ਇਹ ਪਤਾ ਕਰਨਾ ਹੁੰਦਾ ਸੀ ਕਿ ਇਸ ਮਹੀਨੇ ਦਾ ਨਵਾਂ ਸਪੋਕਸਮੈਨ ਅੰਕ ਆਇਆ ਹੈ ਕਿ ਨਹੀਂ ਤਾਂ ਉਹ ਦੁਕਾਨ ਤੇ ਜਾਣ ਦੀ ਥਾਂ ਆਪਸ ਵਿੱਚ ਇਹ ਗੱਲ ਕਰਦੇ ਸਨ ਕਿ ਬਈ ਇਕਵਾਕ ਨੂੰ ਪੁੱਛੋ, ਜੇ ਉਸ ਕੋਲ ਪੁੱਜ ਗਿਆ ਹੈ ਤਾਂ ਸਮਝੋ ਦੁਕਾਨ ਆ ਗਿਆ ਅਤੇ ਜਾ ਕੇ ਲੈ ਆਵੋ। ਕਿਉਂਕਿ ਸਪੋਕਸਮੈਨ ਸੱਭ ਤੋਂ ਪਹਿਲਾਂ ਮੈਂ ਹੀ ਖਰੀਦਦਾ ਸੀ।

ਸਪੋਕਸਮੈਨ ਦੀਆਂ ਬੇਬਾਕ ਲਿਖਤਾਂ ਅਤੇ ਨਿਧੜਕ, ਨਿਡਰ, ਉਸਾਰੂ ਅਤੇ ਕੌਮ ਨੂੰ ਚੜ੍ਹਦੀ ਕਲਾ ਵੱਲ ਲਿਜਾਣ ਵਾਲੀਆਂ ਸ. ਜੋਗਿੰਦਰ ਸਿੰਘ ਦੀਆਂ ਸੰਪਾਦਕੀਆਂ ਨੇ ਸਿੱਖੀ ਵਾਸਤੇ ਕੁੱਝ ਕਰਨ ਲਈ ਪ੍ਰੇਰਿਆ ਅਤੇ ਗਿਆਨ ਦੀ ਖੜਗ (ਕਲਮ) ਨਾਲ ਹੀ ਦੁਸ਼ਮਣਾਂ ਨੂੰ ਚਿੱਤ ਕਰਨ ਦੀ ਮੁਹਾਰਤ ਜੋ ਆਪ ਜੀ ਕੋਲ ਸੀ, ਉਸਦੀ ਵੀ ਕੀ ਸਿਫਤ ਕਰੀਏ, ਕਿ ਅੱਖਰ ਹੀ ਨਹੀਂ ਹਨ। ਮਨ ਨੇ ਹਮੇਸ਼ਾਂ ਸੋਚਿਆ ਕਿ ਇਸ ਤਰ੍ਹਾਂ ਦੀ ਮਹਾਨ ਆਤਮਾ ਦੇ ਇੱਕ ਵਾਰ ਦਰਸ਼ਨ ਜ਼ਰੂਰ ਕਰਨੇ ਚਾਹੀਦੇ ਸਨ, ਪਰ ਮਨ ਵਿੱਚ ਇੱਕ ਅਜੀਬ ਜਿਹਾ ਡਰ ਸੀ ਕਿ ਉਹਨਾਂ ਕੋਲੋ ਤਾਂ ਸਮਾਂ ਹੀ ਨਹੀਂ ਹੋਵੇਗਾ ਕਿਉਂਕਿ ਉਹਨਾਂ ਦਾ ਸਾਰਾ ਕੁੱਝ ਤਾਂ ਪੰਥ ਅਤੇ ਕੌਮ ਨੂੰ ਸਮਰਪਤ ਹੈ। ਪਰ ਫਿਰ ਵੀ ਦਿਲ ਦੀ ਤਮੰਨਾ ਸੀ, ਕਿ ਇੱਕ ਵਾਰ ਜ਼ਰੂਰ ਮਿਲਿਆ ਜਾਵੇ। ਪਰ ਕਾਲਜ ਦੇ ਸਮੇਂ ਦੌਰਾਨ ਅਗੱਸਤ 2001 ਤੋਂ ਜੁਲਾਈ 2004 ਤੱਕ ਤਾਂ ਬਹੁੱਤ ਮੁਸ਼ਕਲ ਸੀ ਕਿਉਂਕਿ ਕਾਲਜ ਵੱਲੋਂ ਛੁੱਟੀ ਬਹੁੱਤ ਹੀ ਘੱਟ ਮਿਲਦੀ ਸੀ। ਉਧਰੋਂ ਹਰ ਤਿੰਨ ਮਹੀਨੇ ਬਾਅਦ ਇਮਤਿਹਾਨ ਵੀ ਹੁੰਦੇ ਸਨ, ਸੋ ਸਾਰਾ ਸਮਾਂ ਇਸ ਤਰ੍ਹਾਂ ਹੀ ਲ਼ੰਘ ਜਾਣਾ। ਫਿਰ ਆਪ ਜੀ ਵੱਲੋਂ ਸਰਬੱਤ ਖਾਲਸਾ ਸੱਦਿਆ ਗਿਆ। 26 ਅਕਤੂਬਰ ਨੂੰ ਸਮਾਗਮ ਵਿੱਚ ਪੁਜੱਣ ਲਈ ਮੈਂ ਵੀ ਆਪਣੀ ਪੂਰੀ ਜਾਣਕਾਰੀ ਭੇਜੀ ਸੀ ਅਤੇ ਮੈਨੂੰ ਸੱਦਾ ਪੱਤਰ ਵੀ ਆ ਗਿਆ ਸੀ, ਪਰ ਅਫਸੋਸ ਉਸੇ ਹੀ ਦਿਨ ਸਾਡਾ ਗੁਰਬਾਣੀ ਪੇਪਰ ਵਿੱਚ ਆ ਗਿਆ ਜਿਸ ਕਰਕੇ ਮੇਰਾ ਪਹੁੰਚਣਾ ਰੱਦ ਹੋ ਗਿਆ। ਜਿਸ ਕਰਕੇ ਸ. ਜੋਗਿੰਦਰ ਸਿੰਘ ਜੀ, ਸਰਦਾਰਨੀ ਜਗਜੀਤ ਕੌਰ ਅਤੇ ਆਪਣੇ ਪਿਆਰੇ ਸਪੋਕਸਮੈਨ ਨੂੰ ਮਿਲਣ ਦੀ ਤਾਂਘ ਇੱਕ ਵਾਰ ਫਿਰ ਧਰੀ ਧਰਾਈ ਰਹਿ ਗਈ। ਮੇਲ ਤੇ ਨਾ ਹੋ ਸਕਿਆ, ਪਰ ਮਾਸਕ ਤੋਂ ਸਪੋਕਸਮੈਨ ਨੂੰ ਅਖਬਾਰ ਬਣਨ ਤੱਕ ਦਾ ਸਫਰ ਆਪਣੀ ਅੱਖੀਂ ਵੇਖਿਆ। ਜਦ ਅਖਬਾਰ ਪਹਿਲੀ ਵਾਰ ਘਰ ਦੇ ਦਰਵਾਜੇ ਤੇ ਦਸਤਕ ਦੇ ਕੇ ਗਈ ਉਸਤੋਂ ਬਾਅਦ ਤਾਂ ਅਖਬਾਰ ਸ਼ੁਰੂ ਕਰਨ ਦੀ ਵਧਾਈ ਦੇਣ ਦਾ ਬਹਾਨਾ ਵੀ ਮਿਲ ਗਿਆ ਕਿ ਚਲੋ ਇਸੇ ਬਹਾਨੇ ਹੀ ਚੰਡੀਗੜ੍ਹ ਜਾ ਆਉਨੇ ਹਾਂ। ਜਾਂ ਮਨ ਵਿੱਚ ਅਕਸਰ ਵੀਚਾਰ ਕਰਦਾ ਕਿ ਕਿਉਂ ਨਾ ਇੱਕਲਾ ਹੀ ਜਾ ਕੇ ਮਿਲ ਆਵਾਂ, ਫਿਰ ਸੋਚਦਾ ਉੱਥੇ ਜਾ ਕੇ ਕੀ ਕਹਾਂਗਾ? ਉਹ ਇੱਕ ਇਤਨੀ ਵੱਡੀ ਕੰਪਨੀ ਅਤੇ ਅਖਬਾਰ ਦੇ ਸੰਪਾਦਕ ਨੂੰ ਮਿਲਣਾ ਕੋਈ ਛੋਟੀ ਗੱਲ ਨਹੀਂ। ਮਨ ਵਿੱਚ ਕਈ ਤਰ੍ਹਾਂ ਦੇ ਖਿਆਲ ਆਉਂਦੇ ਕਿ ਸ. ਜੋਗਿੰਦਰ ਸਿੰਘ ਜੀ ਕਿਸ ਤਰ੍ਹਾਂ ਦੇ ਹੋਣਗੇ? ਕੀ ਉਹ ਮੈਨੂੰ ਸਮਾਂ ਮਿਲਣ ਲਈ ਦੇਣਗੇ? ਮੇਰੇ ਨਾਲ ਗੱਲ ਕਰਨਗੇ? ਜੇ ਕਰਨਗੇ ਤਾਂ ਕਿੰਨੀ ਦੇਰ? ਜਾਂ ਸੋਚਦਾ ਕਿ ਉਹਨਾਂ ਕੋਲ ਤਾਂ ਫਾਲਤੂ ਸਮਾਂ ਹੁੰਦਾ ਹੀ ਨਹੀ? ਇੱਕ ਗੱਲ ਹੋਰ ਵੀ ਸੋਚਦਾ ਕਿ ਉਹ ਤਾਂ ਕੀਮਤੀ ਜਿਹੇ ਲਿਬਾਸ ਵਿੱਚ ਆਪਣੇ ਦਫਤਰ ਵਿੱਚ ਬੈਠਦੇ ਹੋਣਗੇ। ਜਾਂ ਸੋਚਦਾ ਕਿ ਨਹੀਂ ਇਸ ਤਰ੍ਹਾਂ ਨਹੀਂ ਹੋ ਸਕਦਾ ਕਿਉਂ ਕਿ ਉਹਨਾਂ ਦੀਆਂ ਲਿਖਤਾਂ, ਸੰਪਾਦਕੀਆਂ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਘਰ ਨਾਲ ਗੂੜ੍ਹਾ ਪਿਆਰ ਡੁੱਲ੍ਹ-ਡੁੱਲ੍ਹ ਪੈਂਦਾ ਹੈ, ਇਸ ਲਈ ਉਹ ਇੱਕ ਨਿਮਾਣੇ ਸਿੱਖ ਵਜੋਂ ਸਾਰਿਆਂ ਨਾਲ ਹੀ ਬੜੇ ਪ੍ਰੇਮ-ਪਿਆਰ ਨਾਲ ਪੇਸ਼ ਆਉਂਦੇ ਹੋਣਗੇ ਅਤੇ ਸਾਦੇ ਜਿਹੇ ਲਿਬਾਸ ਵਿੱਚ ਹੀ ਰਹਿੰਦੇ ਹੋਣਗੇ। ਖੈਰ! ਫਿਰ ਸੋਚਿਆ ਮੈਂ ਜਦ ਵੱਡਾ ਹੋ ਜਾਵਾਂਗਾ ਤਾਂ ਉਹਨਾਂ ਨੂੰ ਮਿਲਣ ਜਾਵਾਂਗਾ। ਮੈਂ ਆਪਣੇ ਕੁੱਝ ਲੇਖ ਵੀ ਸਪੋਕਸਮੈਨ ਅਖਬਾਰ ਵਿੱਚ ਛਪਣ ਹਿਤ ਭੇਜੇ, ਪਰ ਦੋ ਸਾਲ ਤੱਕ ਕੋਈ ਵੀ ਲੇਖ ਨਾ ਛਪਿਆ। ਫਿਰ ਮਨ ਵਿੱਚ ਆਇਆ ਕਿ ਸਪੋਸਮੈਨ ਇੱਕ ਬਹੁਤ ਵੱਡਾ ਅਖਬਾਰ ਹੈ, ਜਿਸ ਵਿੱਚ ਛੋਟੇ-ਮੋਟੇ ਲੇਖਕਾਂ ਨੂੰ ਕੋਈ ਥਾਂ ਨਹੀਂ।

ਪਰ ਅਚਾਨਕ ਹੀ ਮੇਰਾ ਇੱਕ ਛੋਟਾ ਜਿਹਾ ਲੇਖ ਪਿਛਲੇ ਸਾਲ 3 ਫਰਵਰੀ 08 ਐਤਵਾਰ ਨੂੰ ਸਪੋਕਸਮੈਨ ਸਪਤਾਹਿਕੀ ਵਿੱਚ ਛੱਪਿਆ। ਮੈਂ ਹੈਰਾਨ ਰਹਿ ਗਿਆ ਕਿ 3 ਤੋਂ 5 ਘੰਟਿਆਂ ਵਿੱਚ ਹੀ ਸਪੋਕਸਮੈਨ ਦੇ ਲਗਭਗ 50 ਤੋਂ ਵਧੇਰੇ ਪਾਠਕਾਂ ਨੇ ਉਸ ਲੇਖ ਦੀ ਸ਼ਲਾਘਾ ਕਰਦਿਆਂ ਮੈਨੂੰ ਵਧਾਈ ਦਿੱਤੀ ਅਤੇ ਮੇਰਾ ਹੌਂਸਲਾ ਵਧਾਇਆ। ਕਮਾਲ ਹੀ ਹੋ ਗਈ ਕਿ ਸਪੋਕਸਮੈਨ ਨੂੰ ਪੜ੍ਹਨ ਵਾਲੇ ਪਾਠਕਾਂ ਦੀ, ਕਿ ਇਤਨਾ ਪਿਆਰ ਸਪੋਕਸਮੈਨ ਲਈ ਅਤੇ ਸਪੋਕਸਮੈਨ ਦੇ ਲੇਖਕਾਂ ਲਈ। ਇਸ ਤਰ੍ਹਾਂ ਸਾਰਾ ਹਫ਼ਤਾ ਹੀ ਫੋਨ ਆਉਂਦੇ ਰਹੇ। ਹੁਣ ਮਨ ਵਿੱਚ ਇੱਕ ਵਾਰ ਫਿਰ ਰੀਜ਼ ਪੈਦਾ ਹੋ ਗਈ ਕਿ ਹੁਣ ਤਾਂ ਸਰਦਾਰ ਸਾਹਿਬ ਸਰਦਾਰ ਜੋਗਿੰਦਰ ਸਿੰਘ ਜੀ ਹੁਰਾਂ ਨੂੰ ਮਿਲਕੇ ਧੰਨਵਾਦ ਕਰ ਹੀ ਆਈਏ। ਕਿ ਆਪ ਜੀ ਵੱਲੋਂ ਅਖਬਾਰ ਵਿੱਚ ਮੈਨੂੰ ਦਿੱਤੀ ਜਗ੍ਹਾ ਬਦਲੇ ਮੇਰਾ ਕਿੰਨਾ ਮਾਣ-ਸਨਮਾਨ ਹੋਇਆ ਹੈ ਅਤੇ ਗੁਰਸਿੱਖੀ ਦੀ ਗੱਲ ਕਿਤਨੇ ਲੋਕਾਂ ਦੇ ਹੱਥਾਂ ਵਿੱਚ ਪੁੱਜੀ ਹੈ।

ਇਸ ਤਰ੍ਹਾਂ ਕੁੱਝ ਫੋਨ ਵਿਰੋਧੀ ਧਿਰਾਂ ਵੱਲੋਂ ਵੀ ਆਏ, ਜਿਹਨਾਂ ਨੇ ਸਪੋਕਸਮੈਨ ਵਿੱਚ ਨਾ ਲਿਖਣ ਲਈ ਹੁਕਮ ਵੀ ਚਾੜ੍ਹੇ ਅਤੇ ਮਿਤੀ 8 ਫਰਵਰੀ 08 ਸ਼ੁਕਰਵਾਰ ਨੂੰ ਇੱਕ ਅਜਿਹੇ ਸੱਜਣ ਦਾ ਵੀ ਫੋਨ ਆ ਗਿਆ ਜਿਨੇ ਤਾਂ ਸਖਤੀ ਨਾਲ ਮਨਾਹੀ ਕੀਤੀ ਅਤੇ ਕਈ ਦਲੀਲਾਂ ਵੀ ਦਿੱਤੀਆਂ ਕਿ ਮੈਂ ਸਪੋਕਸਮੈਨ ਵਿੱਚ ਨਾ ਲਿਖਾਂ। ਕਹਿੰਦੇ “ਮੇਰੇ ਲੇਖ ਵੀ ਸਪੋਕਸਮੈਨ ਵਿੱਚ ਛਪਦੇ ਰਹੇ ਹਨ, ਪਰ ਹੁਣ ਬੰਦ ਕਰ ਦਿੱਤੇ ਹਨ ਅਤੇ ਸਪੋਕਸਮੈਨ ਵਾਲੇ ਹੁਣ ਮੇਰੇ ਲੇਖ ਛਾਪਣ ਬਦਲੇ ਮੇਰੇ ਕੋਲੋਂ ਹਜ਼ਾਰਾਂ ਰੁਪਿਆਂ ਦੀ ਮੰਗ ਕਰਦੇ ਹਨ। ਇਹ ਪਹਿਲਾਂ-ਪਹਿਲਾਂ ਤਾਂ ਲੇਖ ਛਾਪ ਦਿੰਦੇ ਹਨ, ਪਰ ਬਾਅਦ ਵਿੱਚ ਪੈਸੇ ਮੰਗਣੇ ਸ਼ੁਰੂ ਕਰ ਦਿੰਦੇ ਹਨ”। ਫਿਰ ਮੈਨੂੰ ਕਹਿਣ ਲੱਗੇ: “ਤੁਸੀਂ ਆਪ ਕਦੇ ਜੋਗਿੰਦਰ ਸਿੰਘ ਨੂੰ ਮਿਲੇ ਓ?” ਮੈਂ ਕਿਹਾ, ਮਿਲਿਆ ਤਾਂ ਨਹੀਂ, ਪਰ ਛੇਤੀ ਹੀ ਮਿਲਣ ਦੀ ਖਾਹਿਸ਼ ਹੈ। ਤਾਂ ਉਹ ਸੱਜਣ ਉੱਚੀ-ਉੱਚੀ ਹੱਸਣ ਲੱਗ ਪਏ, ਕਹਿੰਦੇ ਇਸ ਤਰ੍ਹਾਂ ਕਦੇ ਵੀ ਨਹੀਂ ਹੋ ਸਕਦਾ। ਕਿਉਂਕਿ “ਜੋਗਿੰਦਰ ਸਿੰਘ ਨੇ ਆਪਣੇ ਆਪ ਨੂੰ ਜੇਲ੍ਹ ਬੰਦ ਕੀਤਾ ਹੋਇਆ। ਉਹ ਕਿਸੇ ਨੂੰ ਨਹੀਂ ਮਿਲਦਾ, ਉਸਨੇ ਲੋਕਾਂ ਦਾ ਲੱਖਾਂ ਰੁਪਿਆ ਆਪਣੇ ਕਬਜ਼ੇ ਵਿੱਚ ਕੀਤਾ ਹੋਇਆ ਹੈ। ਤੁਸੀ ਕਦੇ ਵੀ ਨਹੀਂ ਮਿਲ ਸਕਦੇ ਉਸਨੇ ਤੁਹਾਨੂੰ ਮਿਲਣਾ ਹੀ ਨਹੀਂ।” ਮੈਂ ਕਿਹਾ ਕੋਈ ਗੱਲ ਨਹੀਂ ਮੈਂ ਕੋਸ਼ਿਸ਼ ਕਰਾਂਗਾ ਤਾਂ ਅੱਗੋਂ ਖਚਰਾ ਜਿਹਾ ਹੱਸਦਿਆਂ ਸਪੋਕਸਮੈਨ ਤੇ ਕਈ ਤਰ੍ਹਾਂ ਦੇ ਇਲਜ਼ਾਮ ਲਾਉਂਦਿਆਂ ਉਹਨਾਂ ਫੋਨ ਕੱਟ ਦਿੱਤਾ।

ਖੈਰ ਮੈਨੂੰ ਤਾਂ ਕੋਈ ਪਰਵਾਹ ਨਹੀਂ ਇਹੋ ਜਿਹੇ ਫੋਨਾਂ ਦੀ। 8 ਫਰਵਰੀ ਸ਼ੁੱਕਰਵਾਰ ਨੂੰ ਫੋਨ ਆਇਆ ਜਿਸਨੇ ਦਾਅਵਾ ਕੀਤਾ ਕਿ ਸ. ਜੋਗਿੰਦਰ ਸਿੰਘ ਜੀ ਤੁਹਾਨੂੰ ਨਹੀਂ ਮਿਲਣਗੇ ਕਿਉਂਕਿ………. ਕਾਰਣ ਉਪਰ ਲਿਖ ਦਿੱਤੇ ਗਏ ਹਨ। ਅਤੇ 9 ਫਰਵਰੀ 08 ਨੂੰ ਭਾਵ ਅਗਲੇ ਹੀ ਦਿਨ ਸ਼ਨੀਵਾਰ ਨੂੰ ਰਾਤ ਦੇ ਕੋਈ ਸਾਢੇ ਸੱਤ, ਅੱਠ ਵਜੇ ਦੇ ਕਰੀਬ ਅੰਮ੍ਰਿਤਸਰ ਤੋਂ ਸਿੱਖ ਵਿਦਵਾਨ ਡਾ. ਗੁਰਸ਼ਰਨਜੀਤ ਸਿੰਘ ਜੀ ਦਾ ਫੋਨ ਆ ਗਿਆ, ਕਹਿਣ ਲੱਗੇ ਕਿ ਚੰਡੀਗੜ੍ਹ ਤੋਂ ਸ. ਜੋਗਿੰਦਰ ਸਿੰਘ ਜੀ ਦਾ ਫੋਨ ਆਇਆ ਸੀ ਅਤੇ 10 ਫਰਵਰੀ ਐਤਵਾਰ ਨੂੰ ਹੋਣ ਵਾਲੀ ਮੀਟਿੰਗ ਵਿੱਚ ਤੁਹਾਨੂੰ ਵਿਸ਼ੇਸ਼ ਤੌਰ ਤੇ ਸੱਦਿਆ ਹੈ। ਇਸ ਲਈ ਜੇ ਕੋਈ ਰੁਝੇਵਾਂ ਨਹੀਂ ਹੈ ਤਾਂ ਸਵੇਰੇ ਚੱਲ ਪੈਣਾ। ਮੈਂ ਤੁਰੰਤ ਹਾਂ ਕਰ ਦਿੱਤੀ। ਕਿਉਂਕਿ ਪਿਛਲੇ 8 ਸਾਲਾਂ ਤੋਂ ਮਨ ਵਿੱਚਲੀ ਅਧੂਰੀ ਪਈ ਖਾਹਿਸ਼ ਪੂਰੀ ਹੋਣ ਜਾ ਰਹੀ ਸੀ। ਫੋਨ ਕੱਟਣ ਤੋਂ ਬਾਅਦ ਇੱਕ ਹੋਰ ਮੁਸ਼ਕਿਲ ਆ ਪਈ ਕਿ ਉਸ ਸਮੇਂ ਮੈਂ ਪੱਟੀ ਵਿਖੇ ਅਕੈਡਮੀ ਵਿੱਚ ਆਪਣੀ ਡਿਊਟੀ ਤੇ ਸੀ ਅਤੇ ਉੱਥੋਂ ਪਹਿਲਾਂ ਅੰਮ੍ਰਿਤਸਰ ਪੁੱਜਣਾ ਪੈਣਾ ਸੀ ਕਿਉਂਕਿ ਕੱਪੜੇ, ਪੈਸੇ ਆਦਿ ਸਾਰਾ ਸਮਾਨ ਤਾਂ ਅੰਮ੍ਰਿਤਸਰ ਘਰ ਵਿੱਚ ਹੀ ਸੀ। ਦੂਜੇ ਪਾਸੇ ਹਨੇਰਾਂ ਵੀ ਕਾਫੀ ਸੀ ਅਤੇ ਠੰਢ ਵੀ ਪੂਰੇ ਜੋਬਨ ਤੇ ਸੀ। ਪਰ ਇਹ ਮੌਕਾ ਵੀ ਗੁਆਉਣਾ ਨਹੀਂ ਸੀ। ਇਸ ਲਈ ਰਾਤ ਨੂੰ ਹੀ ਪੱਟੀ ਆਪਣੀ ਅਕੈਡਮੀ ਵਿੱਚੋਂ ਛੁਟੱੀ ਲਈ ਮੌਕੇ ਤੇ ਹੀ ਦਸਤਖਤ ਕਰਵਾ ਕੇ ਰਾਤ ਨੌਂ ਵਜੇ ਪੂਰੀ ਸਰਦੀ ਅਤੇ ਧੁੰਦ ਵਿੱਚ ਮੈਂ ਮੋਟਰਸਾਇਕਲ ਤੇ ਸਵਾਰ ਹੋ ਅੰਮਿਰਤਸਰ ਨੂੰ ਤੁਰ ਪਿਆ। ਮੈਨੂੰ ਕੋਈ ਵੀ ਠੰਡ ਮਹਿਸੂਸ ਨਹੀਂ ਹੋ ਰਹੀ ਸੀ, ਕਿਉਂਕਿ ਮਨ ਵਿੱਚ ਸਰਦਾਰ ਸਾਹਿਬ ਨੂੰ ਮਿਲਣ ਦਾ ਉਤਸ਼ਾਹ, ਉਮੰਗ, ਅਤੇ ਖੁਸ਼ੀ ਨੇ ਠੰਡ ਮਹਿਸੂਸ ਹੀ ਨਾ ਹੋਣ ਦਿੱਤੀ। ਦੂਜਾ ਮਨ ਵਿੱਚ 8 ਫਰਵਰੀ ਨੂੰ ਫੋਨ ਕਰਨ ਵਾਲੇ ਸੱਜਣ ਦੀਆਂ ਗੱਲਾਂ ਯਾਦ ਕਰਕੇ ਵੀ ਹਾਸਾ ਆ ਰਿਹਾ ਸੀ ਅਤੇ ਪ੍ਰਮਾਤਮਾ ਦੀ ਬੇਅੰਤਤਾ `ਤੇ ਵੀ ਮਨ ਪ੍ਰਸੰਨ ਹੋ ਰਿਹਾ ਸੀ।

ਪਰ ਅਫਸੋਸ ਪੱਟੀ ਤੋਂ ਅੰਮ੍ਰਿਤਸਰ ਦਾ 50 ਕਿਲੋਮੀਟਰ ਦਾ ਸੰਘਣੀ ਧੁੰਦ ਅਤੇ ਸਰਦੀ ਵਿੱਚ ਸਫਰ ਕਰਨ ਨਾਲ ਮੈਨੂੰ ਬਹੁੱਤ ਜਿਆਦਾ ਬੁਖਾਰ ਹੋ ਗਿਆ ਜੋ ਬਾਅਦ ਵਿੱਚ ਟਾਈਫਾਈਡ ਦਾ ਰੂਪ ਧਾਰਨ ਕਰ ਗਿਆ। ਆਪਣੇ ਆਪ ਤੇ ਗੱਸਾ ਵੀ ਆਇਆ, ਪਰ ਕੁੱਝ ਵੀ ਨਾ ਕਰ ਸਕਿਆ ਅਤੇ ਇਹ ਮੌਕਾ ਵੀ ਹੱਥੋਂ ਗਿਆ।

ਪਰ ਮੇਰੇ ਲੇਖ ਸਪੋਕਸਮੈਨ ਵਿੱਚ ਅਕਸਰ ਪ੍ਰਕਾਸ਼ਤ ਹੁੰਦੇ ਰਹੇ। ਜਿਸ ਤਰ੍ਹਾਂ ਕਿ ਉਸ ਸੱਜਣ ਦੀਆਂ ਗੱਲਾਂ ਸਨ, ਐਸਾ ਕੁੱਝ ਨਹੀਂ ਹੋਇਆ। ਪਰ ਅਗਲੇ ਮਹੀਨੇ ਮਾਰਚ ਵਿੱਚ ਏਕਸ ਕੇ ਬਾਰਕ ਦੀ ਮੀਟਿੰਗ ਵਿੱਚ ਮੈਂ ਸ਼ਾਮਿਲ ਹੋਇਆ। ਮਨ ਵਿੱਚ ਬੇਅੰਤ ਖੁਸ਼ੀ ਹੋਈ ਜਦ ਸਰਦਾਰ ਸਾਹਿਬ ਨੂੰ ਮਿਲੇ (ਦੇਖਿਆ), ਸਰਦਾਰਨੀ ਜਗਜੀਤ ਕੌਰ ਜੀ ਨੇ ਵੀ ਆਸ਼ੀਰਵਾਦ ਅਤੇ ਪਿਆਰ ਦਿੱਤਾ ਅਤੇ ਛੋਟੀ ਉਮਰ ਵਿੱਚ ਹੀ ਗੁਰਮਤਿ ਵਾਲੇ ਰਸਤੇ ਤੇ ਤੁਰਣ ਲਈ ਸ਼ਾਬਾਸ਼ ਦਿੰਦਆਂ ਇਸੇ ਤਰ੍ਹਾਂ ਨਾਲ ਹੀ ਦ੍ਰਿੜਤਾ ਨਾਲ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਸਿਧਾਂਤਾਂ ਤੇ ਪਹਿਰਾ ਦਿੰਦੇ ਰਹਿਣ ਲਈ ਪ੍ਰੇਰਿਆ। ਸਰਦਾਰ ਜੋਗਿੰਦਰ ਸਿੰਘ ਜੀ ਅਤੇ ਸਮੂਹ ਸਪੋਕਸਮੈਨ ਪਰਿਵਾਰ ਦਾ ਮਿੱਠਾ ਸੁਭਾਅ, ਅਤਿ ਦੀ ਸਾਦਗੀ, ਨਿਮਰਤਾ ਨੇ ਸਾਬਿਤ ਕਰ ਦਿੱਤਾ ਕਿ ਗੁਰੂ ਨਾਨਕ ਸਾਹਿਬ ਜੀ ਦੇ ਸੱਚੇ ਸਿੱਖ ਐਸੇ ਤਰ੍ਹਾਂ ਦੇ ਹੀ ਹੁੰਦੇ ਨੇ, ਜਿਹੋ ਜਿਹੀ ਗੁਰੂ ਜੀ ਨੇ ਵੀ ਕਲਪਨਾ ਕੀਤੀ ਸੀ।

ਨਹੀਂ ਤਾਂ ਦੂਸਰੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਆਮ ਜਿਹਾ ਮੁਲਾਜ਼ਮ ਹੀ ਮਾਣ ਨਹੀਂ ਹੁੰਦਾ। ਬਹੁਤੇ ਮੈਂਬਰਾਂ ਦੀ ਤਾਂ ਗੱਲ ਹੀ ਛੱਡੋ, ਇਹਨਾਂ ਨੂੰ ਲਾਲ ਬੱਤੀ ਵਾਲੀਆਂ ਗੱਡੀਆਂ ਚਾਹੀਦੀਆਂ ਨੇ। ਸਤਿਗੁਰੂ ਜੀ ਦੀ ਬਖਸ਼ਿਸ਼ ਹੈ ਜੋ ਆਪ ਜੀ ਸਿੱਖੀ ਦੀ ਸੱਭ ਤੋਂ ਵੱਡੀ ਸੇਵਾ ਕਰ ਰਹੇ ਹੋ, ਪ੍ਰਮਾਤਮਾ ਅੱਗੇ ਇਹੀ ਅਰਦਾਸ ਹੈ ਕਿ ਸਪੋਕਸਮੈਨ ਦਿਨ ਦੁਗੁਣੀ ਅਤੇ ਰਾਤ ਚੋਗੁਣੀ ਤਰੱਕੀ ਕਰੇ। ਅਤੇ ਗੁਰੂ ਨਾਨਕ ਸਾਹਿਬ ਜੀ ਦੀ ਵੀਚਾਰਧਾਰਾ ਪੂਰੇ ਸੰਸਾਰ ਵਿੱਚ ਝੁਲੇ।

ਇੱਕ ਆਖਰੀ ਗੱਲ ਜ਼ਰੂਰ ਕਹਿਣੀ ਚਾਹਵਾਂਗਾ, ਸਪੋਕਸਮੈਨ ਵਿੱਚ ਲਿਖਣ ਬਦਲੇ ਜਿੱਥੇ ਗੁਰੂ ਨਾਨਕ ਸਾਹਿਬ ਜੀ ਦੇ ਸੱਚੇ ਸ਼ਰਧਾਲ਼ੂਆਂ ਨੇ ਸ਼ਾਬਾਸ਼ ਦਿੱਤੀ ਉਥੇ ਕੁੱਝ ਈਰਖਾਲੂ ਕਿਸਮ ਦੇ ਲੋਕਾਂ ਨੇ ਮੈਨੂੰ ਨੌਕਰੀ ਦੇਣ ਲੱਗਿਆਂ ਇਹ ਕਹਿ ਦਿੱਤਾ ਕਿ ਤੁਹਾਡੇ ਵੀਚਾਰ, ਅਤੇ ਯੋਗਤਾ ਤਾਂ ਪੂਰੀ ਹੈ, ਪਰ ਤੁਹਾਡੇ ਲਿੰਕ ਜਿਹੜੇ ਨੇ ਉਹ ਸਪੋਕਸਮੈਨ ਨਾਲ ਹੋਣ ਕਰਕੇ ਨੌਕਰੀ ਤੁਹਾਨੂੰ ਨਹੀਂ ਦਿੱਤੀ ਜਾ ਸਕਦੀ। ਜਦਕਿ ਉਹ ਸੰਸਥਾਵਾਂ ਆਪਣੇ ਆਪ ਨੂੰ ਸਿੱਖੀ ਦਾ ਸੱਭ ਤੋਂ ਵੱਧ ਪ੍ਰਚਾਰ ਕਰਨ ਦੀਆਂ ਦਾਅਵੇਦਾਰ ਹਨ। ਪਰ ਮੈਂ ਇੱਕ ਗੱਲ ਹੀ ਕਹੀ ਕਿ ਮੈਂ ਸੱਚ ਦੇ ਨਾਲ ਹਾਂ ਅਤੇ ਰਹਾਂਗਾ। ਕਿਉਂਕਿ ਮੇਰਾ ਮੰਨਣਾ ਹੈ, ਸੱਚ ਦਾ ਦੂਜਾ ਨਾਮ ਬਾਬਾ ਨਾਨਕ। ਦੋ ਸਾਲ ਦੀ ਬੇਰੁਜ਼ਗਾਰੀ ਤੋਂ ਬਾਅਦ ਸਤਿਗੁਰੂ ਜੀ ਨੇ ਆਪੇ ਹੀ ਹੁਣ ਇੱਕ ਸਕੂਲ ਵਿੱਚ ਰੁਜਗਾਰ ਦਿਵਾ ਦਿੱਤਾ ਹੈ। ਸੱਚ ਨਾਲ ਖਲੋਵੋ, ਪ੍ਰਮਾਤਮਾ ਤੁਹਾਡਾ ਸਾਥ ਆਪ ਦੇਵੇਗਾ।

ਅੰਤ ਵਿੱਚ ਇਹੀ ਅਰਦਾਸ ਕੇ ਸਪੋਕਸਮੈਨ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹੇ ਅਤੇ ਸੱਚ ਦੇ ਨਾਲ ਡੱਟਿਆ ਰਹੇ। ਬੇਸ਼ੱਕ ਛੱਤੀ ਪ੍ਰਕਾਰ ਦੇ ਧਰੂ ਤਾਰਿਆਂ ਦੇ ਗਰੁੱਪ ਜਬਲੀਆਂ ਮਾਰਦੇ ਹੋਏ, ਸਪੋਕਸਮੈਨ ਵਿਰੁੱਧ ਪ੍ਰਚਾਰ ਕਰੀ ਜਾਣ। ਸੱਚ ਨੇ ਇੱਕ ਦਿਨ ਪ੍ਰਗਟ ਹੋ ਕੇ ਹੀ ਰਹਿਣਾ ਹੈ। ਕੋਈ ਅੱਧੀ ਦਰਜਨ ਦੇ ਕਰੀਬ ਕਿਸ਼ਤਾਂ ਤੇ ਛਪਣ ਵਾਲੇ ਰਸਾਲੇ ਵੀ ਸਪੋਕਸਮੈਨ ਵਿਰੁੱਧ ਪ੍ਰਚਾਰ ਕਰਦੇ ਹਨ, ਜੋ ਉਸ ਆਪਸ ਵਿੱਚ ਹੀ ਵੰਡ ਲੈਂਦੇ ਹਨ। ਖੈਰ! ਰੱਬ ਇਹਨਾਂ ਨੂੰ ਵੀ ਸੁਮੱਤ ਦੇਵੇ।

-ਇਕਵਾਕ ਸਿੰਘ ਪੱਟੀ

ਸੁਲਤਾਨਵਿੰਡ ਰੋਡ, ਅੰਮ੍ਰਿਤਸਰ।




.