.

ਨਾਮਦੇਵ ਜੀ ਦਾ ਰੱਬ ਕਿਵੇਂ ਆਇਆ?

ਭੂਮਿਕਾ

ਪ੍ਰੋ: ਇੰਦਰ ਸਿੰਘ ‘ਘੱਗਾ

ਸਿੱਖ ਸਮਾਜ ਦਾ ਆਲਾ-ਦੁਆਲਾ ਬ੍ਰਹਾਮਣੀ ਕਰਮਕਾਂਡਾ ਨਾਲ ਭਰਿਆ ਪਿਆ ਹੈ। ਇਸ ਮਨਮੱਤ ਦਾ ਰੰਗ ਸਿੱਖ ਪਰਿਵਾਰਾਂ ਤੇ ਚੜਿਆ ਸਹਿਜੇ ਹੀ ਵੇਖ ਸਕਦੇ ਹਾਂ। ਸਤਿਗੁਰੂ ਸਾਹਿਬਾਨ ਅਤੇ ਬਾਣੀ ਰਚੈਤਾ ਭਗਤ ਸਾਹਿਬਾਨ, ਕਿਉਂਕਿ ਏਸੇ ਹੀ ਭਾਰਤੀ ਖਿੱਤੇ ਵਿੱਚ ਪ੍ਰਗਟੇ ਸਨ, ਇਸ ਲਈ ਉਨ੍ਹਾਂ ਦੀ ਲਿਖਤ ਵਿੱਚ ਏਥੋਂ ਦੀ ਸ਼ਬਦਾਵਲੀ ਵਰਤੀ ਜਾਣੀ ਸੁਭਾਵਕ ਸੀ। ਜਿਵੇਂ ਭਗਤ ਕਬੀਰ ਜੀ ਨੇ ਆਪਣੇ ਕਿੱਤੇ ਖੱਡੀ, ਤੇ ਇਲਾਕੇ ਦੀ ਸ਼ਬਦਾਵਲੀ ਵਰਤੀ ਹੈ ਇਸੇ ਤਰ੍ਹਾਂ ਭਗਤ ਫਰੀਦ ਜੀ ਨੇ ਵੀ ਮੁਸਲਮਾਨੀ ਉਦਾਹਰਣਾ ਤੇ ਸ਼ਬਦਾਵਲੀ ਵਰਤੀ ਹੈ ਜਿਵੇਂ ਮੁਸੱਲਾ, ਗੋਰ, ਮਸੀਤ, ਬਾਂਗ, ਨਿਮਾਜ਼, ਆਦਿਕ ਅਤੇ ਬਾਕੀ ਸਾਰੇ ਮਹਾਪੁਰਸ਼ਾਂ ਨੇ ਆਪਣੇ ਇਲਾਕੇ ਅਤੇ ਸਮਾਜ ਦੀਆਂ ਪ੍ਰਚੱਲਿਤ ਉਦਾਹਰਣਾਂ ਨੂੰ ਗੁਰਮਤਿ ਦੀ ਰੰਗਤ ਦੇ ਕੇ ਸਾਡੇ ਸਾਹਮਣੇ ਰੱਖਿਆ ਹੈ। ਹਿੰਦੂ ਦੇਵੀ-ਦੇਵਤਿਆਂ ਦੇ ਨਾਮ, ਉਨ੍ਹਾਂ ਵੱਲੋਂ ਕੀਤੇ ਕੁੱਝ ਚੰਗੇ, ਕੁੱਝ ਮੰਦੇ ਕੰਮਾਂ ਦਾ ਭੀ ਜ਼ਿਕਰ ਹੈ। ਇਸੇ ਤਰ੍ਹਾਂ ਨਰਕ-ਸੁਰਗ, ਚੁਰਾਸੀ ਲੱਖ ਜੂਨਾਂ, ਚਾਰ ਜੁੱਗ ਆਦਿਕ ਜਨ ਸਾਧਾਰਣ ਦੀ ਜ਼ੁਬਾਨ ਤੇ ਚੜ੍ਹੇ ਹੋਏ ਸਨ। ਸੋ ਸਿੱਖ ਪੰਥ ਦੇ ਪੈਗੰਬਰਾਂ ਇਸਦੀ ਉਚਿਤ ਵਰਤੋਂ ਕਰ ਲਈ। ਭਾਵੇਂ ਕਿ ਉਹਨਾਂ ਕਿਸੇ ਖ਼ਾਸ ਨੁਕਤੇ ਨੂੰ ਸਮਝਾਉਣ ਲਈ ਇਹ ਤਰੀਕਾ ਵਰਤਿਆ ਸੀ। ਪਰ ਸਿੱਖ ਪ੍ਰਚਾਰਕਾਂ ਦੀ ਕੋਈ ਉਚੇਰੀ ਪੜ੍ਹਾਈ ਨਾ ਹੋਣ ਕਰਕੇ, ਉਹ ਹਿੰਦੂ ਪੌਰਾਣਿਕ ਕਹਾਣੀਆਂ ਨੂੰ ਹੀ ਗੁਰਮਤਿ ਦਾ ਲੇਬਲ ਲਾ ਕੇ ਸਟੇਜਾਂ ਤੇ ਸੁਣਾਈ ਜਾ ਰਹੇ ਸਨ। ਜਦੋਂ ਉਪਰ ਵਰਣਿਤ ਕਹਾਣੀ ਨੂੰ ਰੱਦ ਕਰਨ ਵਾਲਾ ਪ੍ਰਮਾਣ ਭੀ ਗੁਰਬਾਣੀ ਵਿੱਚ ਹੀ ਮੌਜੂਦ ਹੁੰਦੇ ਹਨ। ਫਿਰ ਕੀ ਕੀਤਾ ਜਾਵੇ ਇਨ੍ਹਾਂ ਕਹਾਣੀਆਂ ਦਾ? ਗੁਰਬਾਣੀ ਦੇ ਸਾਰੇ ਪਹਿਲੂ ਵਿਚਾਰ-ਪਰਖ ਕੇ “ੴ “ ਦੀ ਕੇਂਦਰੀ ਵੀਚਾਰਧਾਰਾ ਨੂੰ ਸਨਮੁਖ ਰੱਖ ਕੇ, ਖੰਡਨ ਅਤੇ ਮੰਡਨ ਵਾਲੇ ਸ਼ਬਦਾਂ ਨੂੰ ਸਮਝ ਕੇ ਹੀ ਪਾਵਨ ਗੁਰਬਾਣੀ ਦੇ ਅਰਥ ਕਰਨੇ ਉਚਿਤ ਹਨ। ਚੇਤੇ ਰਹੇ ਕਿ ਖ਼ਾਲਾਸਾ ਪੰਥ ਇੱਕ ਅਕਾਲ ਪੁਰਖ ਨੂੰ ਮੰਨਣ ਵਾਲਾ ਹੈ, ਕਿਸੇ ਕਲਪਤ ਦੇਵੀ-ਦੇਵਤਿਆਂ ਦਾ ਪੁਜ਼ਾਰੀ ਨਹੀਂ ਹੈ। ਗੁਰਬਾਣੀ ਦੇ ਹੀ ਪਵਿੱਤਰ ਬਚਨਾਂ ਦੁਆਰਾ

ਇਸ ਸਚਾਈ ਨੂੰ ਪ੍ਰਗਟ ਕੀਤਾ ਜਾ ਸਕਦਾ ਹੈ। ਵਾਕ ਹਨ:- “ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ।। “ (ਪੰਨਾ - 646) ਇਹ ਭੀ ਸਦਾ ਯਾਦ ਰਹੇ ਕਿ ਗੁਰਬਾਣੀ ਵਿੱਚ ਦਰਸਾਇਆ ਪਰਮੇਸ਼ਰ “ਅਜੂਨੀ” ਹੈ, ਨਿਰ ਅਕਾਰ ਹੈ”। ਫਿਰ ਸਰੀਰ ਧਾਰਨ ਕਰਕੇ, ਛੋਟਾ ਜਿਹਾ ਖਿਲੌਣਾ ਬਣਕੇ, ਸਾਡੇ ਸਾਹਮਣੇ ਕਿਵੇਂ ਆ ਸਕਦਾ ਹੈ? ਜਦੋਂ ਕਿ ਸਾਰੀ ਕਾਇਨਾਤ ਹੀ ਉਸਦਾ ਆਪਣਾ ਜ਼ਹੂਰ (ਸਰਗੁਣ ਰੂਪ) ਹੈ। ਜੇ ਕੋਈ ਇਹ ਆਖੇ ਕਿ ਰੱਬ ਜਨਮ ਲੈਂਦਾ ਹੈ ਤਾਂ ਉਸ ਪਰਥਾਇ ਸਤਿਗੁਰੂ ਜੀ ਦੀ ਸਖ਼ਤ ਤਾੜਨਾ ਇਉਂ ਹੈ “ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰ ਜੋਨੀ” (ਪੰਨਾ -1136) ਇਨ੍ਹਾਂ ਪ੍ਰਚੱਲਤ ਕਥਾ ਕਹਾਣੀਆਂ ਵਿੱਚ ਆਮ ਕਰਕੇ ਵਿੰਗੇ ਟੇਢੇ ਢੰਗ ਦੁਆਰਾ ਬ੍ਰਾਹਮਣ ਵੱਲੋਂ ਪ੍ਰਚਾਰਿਆ ਕੂੜ ਕਬਾੜ ਹੀ ਮਨੁੱਖ ਦੇ ਪੱਲੇ ਪੈਂਦਾ ਹੈ। ਸਦੀਆਂ ਤੋਂ ਭਾਰਤ ਵਰਸ਼ ਗ਼ੁਲਾਮੀ ਦੀਆਂ ਜ਼ੰਜ਼ੀਰਾਂ ਵਿੱਚ ਜਕੜਿਆ ਰਿਹਾ, ਆਜ਼ਾਦੀ ਵਾਸਤੇ ਪ੍ਰੇਰਨਾ ਦੇਣ ਵਾਲੀਆਂ ਕਥਾਵਾਂ ਦੀ ਥਾਂ ਤੇ ਗਊ ਜਿਉਂਦੀ ਕਰਨੀ, ਬ੍ਰਾਹਮਣ ਦੀ ਮੁਸੀਬਤ ਦੂਰ ਕਰਨੀ, ਕਿਸੇ ਗ਼ੈਬੀ ਸ਼ਕਤੀ ਵੱਲੋਂ ਦੁੱਖ ਦੂਰ ਕਰਨੇ, ਵਰ ਦੇ ਕੇ ਮਾਲਾ-ਮਾਲ ਕਰ ਦੇਣਾ, ਸਰਾਪ ਦੇ ਕੇ ਭਸਮਾਭੂਤ ਕਰ ਦੇਣਾ, ਧਾਗੇ-ਮੰਤਰਾਂ, ਜਾਦੂਗਰੀਆਂ ਵਿੱਚ ਹੀ ਕੁਲ ਮਨੁੱਖਤਾ ਨੂੰ ਪਾਗਲ ਬਣਾ ਕੇ ਰੱਖ ਦਿੱਤਾ ਗਿਆ। ਨਾਮਦੇਵ ਜੀ ਦੀ ਸ਼ਾਨਦਾਰ ਦਲੇਰੀ ਅਤੇ ਦ੍ਰਿੜਤਾ ਨੂੰ ਘੱਟੇ ਰੋਲ ਦਿੱਤਾ ਗਿਆ ਹੈ। ਪਹਿਲੋਂ ਕੁੱਝ ਬਹੁਤ ਹੀ ਪ੍ਰਸਿੱਧ ਕਹਾਣੀਆਂ ਦੇ ਦਰਸ਼ਨ ਕਰੋ, ਪੜ੍ਹੋ, ਵੀਚਾਰੋ ਤੇ ਫਿਰ ਨਾਮਦੇਵ ਜੀ ਦੇ ਸ਼ਬਦ ਨੂੰ ਵਿਗਿਆਨਕ ਨਜ਼ਰੀਏ ਤੋਂ ਵਾਚੀਏ:-ਸਤਿਗੁਰੂ ਨਾਨਕ ਸਾਹਿਬ ਜੀ ਦਾ ਵਿਚਾਰਧਾਰਕ ਟਾਕਰਾ ਤਾਂ ਬ੍ਰਹਾਮਣ ਨਾਲ ਉਦੋਂ ਹੀ ਸ਼ੁਰੂ ਹੋ ਗਿਆ ਜਦੋਂ ਬਾਲ ਉਮਰੇ ਪ੍ਰੋਹਿਤ ਹਰਿਦਿਆਲ ਜੰਞੂ ਪਾਉਣ ਦੀ ਰਸਮ ਨਿਭਾਉਣ ਲੱਗਾ ਸੀ। ਇਸ ਪਰਥਾਏ ਸ਼ਬਦ ਆਸਾ ਕੀ ਵਾਰ ਵਿੱਚ ਮੌਜ਼ੂਦ ਹੈ:-

ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ।।

ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ।।

ਨਾ ਏਹੁ ਤੁਟੈ ਨ ਮਲੁ ਲਗੈ ਨ ਏਹੁ ਜਲੈ ਨ ਜਾਇ।।

ਧੰਨੁ ਸੋ ਮਾਣਸ ਨਾਨਕਾ ਜੋ ਗਲਿ ਚਲੇ ਪਾਇ।। (ਪੰਨਾ - 471)

ਫਿਰ ਬਾਅਦ ਵਿੱਚ ਭੀ ਸਤਿਗੁਰੂ ਜੀ ਨੇ ਹਰ ਤਰ੍ਹਾਂ ਦੇ ਪਾਖੰਡ ਜਾਲ ਨੂੰ ਲੀਰੋ-ਲੀਰ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਅਣਗਿਣਤ ਤਰੀਕਿਆਂ ਨਾਲ ਭੋਲੇ ਲੋਕਾਂ ਨੂੰ ਜੋ ਸ਼੍ਰੇਣੀ ਲੁੱਟਦੀ ਆ ਰਹੀ ਸੀ। ਐਸ਼ ਵਾਲੀ ਜ਼ਿੰਦਗੀ ਬਤੀਤ ਕਰ ਰਹੀ ਸੀ ਅਤੇ ਉਨ੍ਹਾਂ ਸੇਵਕਾਂ ਕੋਲੋਂ ਪੂਜਾ ਵੀ ਕਰਵਾ ਰਹੀ ਸੀ, ਭਲਾ ਉਸ ਮੁਫ਼ਤ ਦੀ ਕਮਾਈ ਤੇ ਪਲਣ ਵਾਲੇ “ਪਰਜੀਵੀ” ਨੂੰ ਗੁਰੂ ਨਾਨਕ ਸਾਹਿਬ ਜੀ ਦਾ “ਸੱਚੋ-ਸੱਚ” ਕਿਵੇਂ ਸੰਘੋਂ ਉਤਾਰਦਾ? ਇਸ ਸ਼੍ਰੇਣੀ ਨੂੰ ਸਦੀਆਂ ਤੋਂ ਜਨਮਜ਼ਾਤ ਗੱਦੀ ਖੁੱਸਦੀ ਮਹਿਸੂਸ ਹੋਈ। ਵਿਹਲਿਆਂ ਨੂੰ ਪ੍ਰਾਪਤ ਹੋ ਰਿਹਾ ਹਲਵਾ-ਮੰਡਾ ਬੰਦ ਹੁੰਦਾ ਸਾਫ਼ ਨਜ਼ਰ ਆਇਆ। “ਪੂਜਣਯੋਗ ਦੇਵਤੇ” ਦੀ ਮਹਾਨ ਪਦਵੀ ਖਿਸਕਦੀ ਸਾਫ਼ ਦਿਸ ਪਈ। ਇਹ ਭੀ ਸਪੱਸ਼ਟ ਹੈ ਕਿ ਜੇ ਇਹ ਰਾਖਵੀਆਂ ਪਦਵੀਆਂ ਤੋਂ ਧਰਮਦਾ ਲੇਬਲ ਉੱਤਰ ਗਿਆ ਤਾਂ ਖੇਤਾਂ ਵਿੱਚ ਹੱਡ-ਭੰਨਵੀਂ ਮੁਸ਼ੱਕਤ ਕਰਨੀ ਪਵੇਗੀ। ਰੋਟੀ ਦੇ ਲਾਲੇ ਅਲੱਗ ਪੈ ਜਾਣਗੇ, ਗਿਣਤੀ “ਨੀਵੇਂ ਲੋਕਾਂ” ਵਿੱਚ ਹੋਣ ਲੱਗੇਗੀ। ਇਹ ਸ਼੍ਰੇਣੀ ਭਵਿੱਖ ਬਾਰੇ ਬਹੁਤ ਚੇਤੰਨ ਸੀ। ਇਸ ਲਈ ਇਨ੍ਹਾਂ ਜਥੇਬੰਦਕ ਰੂਪ ਵਿੱਚ ਗੁਰੂ ਘਰ ਵਿਰੁੱਧ ਜੰਗ ਛੇਡ ਦਿੱਤੀ। ਇਸ ਜੰਗ ਦੇ ਰੂਪ ਜਾਂ ਦਿਸ਼ਾਵਾਂ ਅਲੱਗ-ਅਲੱਗ ਸਨ/ਹਨ। ਉਨ੍ਹਾਂ ਸਮਿਆਂ ਵਿੱਚ ਅੱਖਰ ਗਿਆਨ ਤਾਂ ਨਾਂਹ ਦੇ ਬਰਾਬਰ ਹੀ ਸੀ। ਜਿੰਨਾ ਕੁ ਹੈਸੀ ਉਹ “ਰਾਖਵੇਂ ਧਰਮ” ਦੁਆਰਾ ਬ੍ਰਹਾਮਣੀ ਮਲਕੀਅਤ ਸੀ। ਗੁਰੂ ਸਾਹਿਬਾਨ ਬਾਰੇ ਜਦੋਂ ਭੀ ਕੁੱਝ ਲਿਖਿਆ ਗਿਆ ਤਾਂ ਪੜ੍ਹੀ ਲਿਖੀ ਸ਼੍ਰੇਣੀ ਹੋਣ ਕਰਕੇ ਬ੍ਰਾਹਮਣ ਵੱਲੋਂ ਹੀ ਲਿਖਿਆ ਗਿਆ। ਜੇ ਕਿਸੇ ਹੋਰ ਸ਼੍ਰੇਣੀ ਦੇ ਵਿਅਕਤੀ ਨੇ ਲਿਖਿਆ ਭੀ ਤਾਂ ਉਸਨੂੰ “ਅਨਪੜ੍ਹ ਗਵਾਰ” ਆਖਕੇ ਤਾਨ੍ਹੇ ਮਾਰੇ ਗਏ। ਜਾਂ ਫਿਰ ਆਪਣੀ ਲਿਖਤ “ਬ੍ਰਾਹਮਣ ਵਿਦਵਾਨਾਂ ਤੋਂ ਪ੍ਰਵਾਨ” ਕਰਾਉਣੀ ਪਈ। ਸਿੱਖਾਂ ਵਿਚੋਂ ਇਸ ਮਾਰ ਤੋਂ ਭਾਈ ਸਾਹਿਬ ਗੁਰਦਾਸ ਜੀ ਤੇ ਭਾਈ ਨੰਦ ਲਾਲ ਸਿੰਘ ਜੀ ਹੀ ਮੁਕਤ ਹੋ ਸਕੇ ਹਨ। ਜਨਮ ਸਾਖੀਆਂ ਵਿੱਚ “ਸਭ ਅੱਛਾ ਨਹੀਂ ਹੈ। “ ਬਹੁਤ ਸਾਰਾ ਅੰਸ਼ ਗੁਰਬਾਣੀ ਦੀ ਰੋਸ਼ਨੀ ਵਿੱਚ ਸੋਧੇ ਜਾਣ ਦੀ ਮੰਗ ਕਰਦਾ ਹੈ। ਇਸ ਤੋਂ ਬਾਅਦ ਭਾਵੇਂ ਵਿਕਲੋਤਰੇ ਤੌਰ ਤੇ ਕਈ ਇੱਕ ਪੁਸਤਕਾਂ ਲਿਖੀਆਂ ਗਈਆਂ, ਜਿਨ੍ਹਾਂ ਵਿੱਚ ਬ੍ਰਾਹਮਣੀ ਤੱਤ ਖ਼ਤਰਨਾਕ ਹੱਕ ਤੱਕ ਭਾਰੂ ਹਨ। ਇਸ ਮਾਮਲੇ ਵਿੱਚ ਭਾਈ ਸੰਤੋਖ ਸਿੰਘ, ਗੁਰ ਪ੍ਰਤਾਪ ਸੂਰਜ ਗ੍ਰੰਥ (ਪ੍ਰਚੱਲਤ ਨਾਮ ਸੂਰਜ ਪ੍ਰਕਾਸ਼) ਵਰਗਾ ਵੱਡ ਆਕਾਰੀ ਗ੍ਰੰਥ ਲਿਖਕੇ ਸਾਰਿਆਂ ਤੋਂ ਅੱਗੇ ਨਿਕਲ ਗਿਆ। ਇਸ ਵਿੱਚ ਕਿਸੇ ਨੂੰ ਕੋਈ ਸ਼ੱਕ ਨਹੀਂ ਕਿ ਭਾਈ ਸੰਤੋਖ ਸਿੰਘ ਉੱਚ ਕੋਟੀ ਦਾ ਕਵੀ, ਤੇ ਗਿਆਨ ਦਾ ਮਾਲਕ ਸੀ। ਉਸਦੀ ਵਿਦਵਤਾ ਕਾਰਨ ਹੀ ਬਹੁਤ ਸਾਰੇ ਗੁਰੂ-ਘਰਾਂ ਵਿੱਚ ਅੱਜ ਤੱਕ ਸੂਰਜ ਪ੍ਰਕਾਸ਼ ਦੀ ਕਥਾ ਨਿਰੰਤਰ ਹੋ ਰਹੀ ਹੈ। ਪਰ ਇਸ ਗ੍ਰੰਥ ਵਿੱਚ ਅਜੇਹਾ ਮੈਟਰ ਵੱਡੀ ਤਾਦਾਦ ਵਿੱਚ ਪ੍ਰਤੱਖ ਦਿਸ ਪੈਂਦਾ ਹੈ, ਜੋ ਗੁਰਮਤਿ ਦੀ ਕਸਵੱਟੀ, ਗੁਰਬਾਣੀ ਤੇ ਖਰਾ ਨਹੀਂ ਉਤਰਦਾ। ਇਹ ਭੀ ਸੰਭਵ ਹੈ ਕੇ ਭਾਈ ਸਾਹਿਬ ਦੇ ਅਕਾਲ-ਚਲਾਣੇ (1843) ਤੋਂ ਬਾਅਦ, ਪੰਥ ਦੋਖੀਆਂ ਨੇ ਰਲੇ ਪਾ ਦਿੱਤੇ ਹੋਣ। ਇਸ ਲਿਖਤ ਦਾ ਤੱਤਸਾਰ ਇਹ ਹੈ ਕਿ ਪਾਠਕਾਂ ਨੂੰ ਅਹਿਸਾਸ ਕਰਾਇਆ ਜਾ ਸਕੇ ਕਿ ਕਿਵੇਂ ਬ੍ਰਾਹਮਣਾਂ ਅਤੇ ਗਊਆਂ ਤੇ ਮੁਸੀਬਤਾਂ ਆਉਂਦੀਆਂ ਹਨ। ਸਿੱਖ ਕਿਵੇਂ ਉਨ੍ਹਾਂ ਦੀ ਰੱਖਿਆ ਵਾਸਤੇ ਜਾਨਾਂ ਨਿਛਾਵਰ ਕਰਦੇ ਹਨ। ਬਸ ਇਹੋ ਇੱਕ ਨੁਕਤਾ ਖੋਲ੍ਹਣ ਦਾ ਯਤਨ ਕੀਤਾ ਜਾਵੇਗਾ। ਪਈ ਗਊ ਤੇ ਮੁਸ਼ਕਲ ਆਉਂਦੀ ਹੈ, ਕੀ ਕਦੀ ਮੱਝ ਜਾਂ ਘੋੜੀ ਤੇ ਕੋਈ ਕਸ਼ਟ ਨਹੀਂ ਆਉਂਦਾ? ਬ੍ਰਹਾਮਣੀਆਂ ਦੀ ਇੱਜ਼ਤ ਨੂੰ ਖ਼ਤਰਾ ਹੋ ਜਾਂਦਾ ਹੈ, (ਬਹੁਤੀਆਂ ਸਾਖੀਆਂ) ਕੀ ਕਿਸੇ ਹੋਰ ਸ਼ਰੇਣੀ ਦੀ ਔਰਤ ਤੇ

ਮੁਸੀਬਤਾਂ ਨਹੀਂ ਆਈਆਂ? ਕੀ ਸਾਰੇ ਇਨਸਾਨ ਤੇ ਸਾਰੇ ਪਸ਼ੂ (ਡੰਗਰ) ਇੱਕੋ ਜਿਹੇ ਨਹੀਂ? ਅਗਲੇ ਪੰਨਿਆਂ ਤੇ ਇਸ ਵਿਚਾਰ ਨੂੰ ਖੋਲ੍ਹਿਆ ਜਾ ਰਿਹਾ ਹੈ:-

1. ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਦੀ ਪੰਡਿਤ ਨੇ ਭਵਿੱਖ-ਬਾਣੀ ਕੀਤੀ। ਅਖੇ ਇਨ੍ਹਾਂ ਦੇ ਚਰਨਾਂ ਤੇ ਦੁਨੀਆਂ ਝੁਕੇਗੀ, ਬਾਦਸ਼ਾਹ ਭੀ ਨਮਸ਼ਕਾਰਾਂ ਕਰਨਗੇ, ਨਾਮ ਇਨ੍ਹਾਂ ਦਾ ਨਾਨਕ ਰੱਖੋ … ਪਰ ਕੀ ਸੱਚ-ਮੁੱਚ ਬ੍ਰਾਹਮਣ ਲੋਕ ਭਵਿੱਖ ਬਾਰੇ ਜਾਣਦੇ ਸਨ/ਹਨ? ਫਿਰ ਜਦੋਂ ਸਦੀਆਂ ਤੱਕ ਭਾਰਤ ਲੁਟੀਂਦਾ ਰਿਹਾ, ਬੀਬੀਆਂ ਟਕੇ-ਟਕੇ ਨੂੰ ਨਿਲਾਮ ਹੁੰਦੀਆਂ ਰਹੀਆਂ, ਮੰਦਰ ਢਹਿੰਦੇ ਰਹੇ, ਕਤਲੋ-ਗਾਰਤ ਹੁੰਦੀ ਰਹੀ … ਕੀ ਇਨ੍ਹਾਂ ਦੁੱਖਾਂ-ਮੁਸੀਬਤਾਂ ਦਾ ਭੀ ਬ੍ਰਾਹਮਣਾਂ ਨੂੰ ਪਹਿਲਾਂ ਪਤਾ ਲੱਗ ਗਿਆ ਸੀ? ਫਿਰ ਬਚਾਉ ਦਾ ਕੋਈ ਪ੍ਰਬੰਧ ਕਿਉਂ ਨਾ ਕੀਤਾ ਗਿਆ? ਅਸਲ ਗੱਲ ਇਹ ਹੈ ਕਿ ਪੁਰਾਤਨ ਜਨਮ ਸਾਖੀ (ਸਾਰਿਆਂ ਤੋਂ ਪੁਰਾਣੀ) ਸੰਨ 1630 ਦੇ ਨੇੜੇ, ਕਿਸੇ ਸਿੱਖ ਵੱਲੋਂ ਲਿਖੀ ਗਈ ਹੈ। ਉਦੋਂ ਤੱਕ ਜੋ ਗੱਲਾਂ ਗੁਰੂ ਨਾਨਕ ਸਾਹਿਬ ਜੀ ਬਾਰੇ ਪ੍ਰਚੱਲਤ ਸਨ, ਉਨ੍ਹਾਂ ਨੂੰ ਹੀ ਤਰਤੀਬ ਦੇ ਕੇ ਲਿਖ ਦਿੱਤਾ ਗਿਆ ਹੈ। ਕਈ ਇੱਕ ਬਾਅਦ ਵਾਲੀਆਂ ਸਾਖੀਆਂ ਨੂੰ ਭਵਿੱਖ ਵਿੱਚ ਉਚਾਰੀਆਂ ਲਿਖ ਦਿੱਤਾ ਹੈ, ਜੋ ਉਚਿਤ ਨਹੀਂ ਹੈ। ਸੁਚੇਤ ਹੋਣ ਦੀ ਲੋੜ ਹੈ।

2. ਸਤਿਗੁਰੂ ਅਮਰਦਾਸ ਜੀ ਦੇ ਪੈਰ ਵਿੱਚ “ਪਦਮ” ਵੇਖ ਕੇ ਪੰਡਿਤ ਦੁਰਗਾ ਦੱਤ ਨੇ ਭਵਿੱਖਬਾਣੀ ਕੀਤੀ ਕਿ “ਤੁਸੀਂ ਵੱਡੇ ਚਕਰਵਰਤੀ ਰਾਜੇ ਜਾਂ ਸਤਿਕਾਰਯੋਗ ਧਾਰਮਕ ਸਖਸ਼ੀਅਤ ਬਣੋਗੇ। “ ਅਗਰ ਪੰਡਿਤ ਭਵਿੱਖ-ਬਾਣੀ ਨਾ ਕਰਦਾ ਫਿਰ ਕੀ ਬਣਦਾ? ਗੁਰੂ ਅੰਗਦ ਸਾਹਿਬ ਕਿਸੇ ਪੰਡਿਤ ਦੀ ਭਵਿੱਖ-ਬਾਣੀ ਤੋਂ ਬਿਨਾਂ ਹੀ ਗੁਰੂ ਦਰ ਤੇ ਪ੍ਰਵਾਨ ਹੋ ਗਏ। ਸਤਿਗੁਰੂ ਨਾਨਕ ਸਾਹਿਬ ਜੀ ਨੇ ਉਨ੍ਹਾਂ ਨੂੰ ਆਪਣੀ ਗੱਦੀ ਦੇ ਵਾਰਿਸ ਕਿਸੇ ਬ੍ਰਾਹਮਣ ਦੇ ਆਖੇ ਤਾਂ ਨਹੀਂ ਬਣਾਇਆ?

3. ਚੌਥੇ ਪਾਤਸ਼ਾਹ ਸਤਿਗੁਰੂ ਰਾਮਦਾਸ ਅਤਿ ਦੀ ਗ਼ਰੀਬੀ ਵਿੱਚ ਪਲੇ, ਕਿਸੇ ਬ੍ਰਾਹਮਣ ਨੇ ਉਨ੍ਹਾਂ ਬਾਰੇ ਭਵਿੱਖਬਾਣੀ ਨਹੀਂ ਕੀਤੀ। ਸਤਿਗੁਰੂ ਅਰਜਨ ਸਾਹਿਬ ਜੀ ਬਾਰੇ ਭਵਿੱਖਬਾਣੀ ਕਰਨ ਲਈ ਕੋਈ ਬ੍ਰਾਹਮਣ ਨਾ ਬਹੁੜਿਆ। ਭਰ ਛੇਵੇਂ ਸਤਿਗੁਰੂ ਜੀ ਨੂੰ ਬ੍ਰਾਹਮਣੀ ਗ੍ਰਹਿਣ ਲਾ ਦਿੱਤਾ ਗਿਆ। ਵਰ ਦੁਆਰਾ ਉਨ੍ਹਾਂ ਦਾ ਜਨਮ ਤੇ ਫਿਰ ਬਾਲਕ ਹਰਿਗੋਬਿੰਦ ਜੀ ਨੂੰ ਬ੍ਰਾਹਮਣ ਵੱਲੋਂ ਦਹੀਂ ਵਿੱਚ ਜ਼ਹਿਰ ਮਿਲਾਕੇ ਖੁਆਉਣ ਦਾ ਯਤਨ ਕੀਤਾ ਗਿਆ, ਪਰ ਕਾਮਯਾਬੀ ਨਾ ਮਿਲੀ। ਫਿਰ ਇੱਕ ਦਾਈ ਨੂੰ ਭੇਜਿਆ ਗਿਆ ਪੈਸੇ ਦੇ ਕੇ। ਦਾਈ ਨੇ ਆਪਣੀਆਂ ਦੁਧੀਆਂ ਨੂੰ ਜ਼ਹਿਰ ਲਾ ਲਿਆ, ਪਰ ਜ਼ਹਿਰ ਬੜਾ ਤੇਜ ਸੀ। ਬਾਲ ਹਰਿਗੋਬਿੰਦ ਨੂੰ ਦੁੱਧ ਚੁੰਘਾਉਣ (ਪਿਲਾਉਣ) ਤੋਂ ਪਹਿਲਾਂ ਹੀ ਜ਼ਹਿਰ ਦੇ ਮਾਰੂ ਅਸਰ ਕਾਰਨ ਦਾਈ ਦੀ ਮੌਤ ਹੋ ਗਈ। ਵਾਰ ਖ਼ਾਲੀ ਗਿਆ।

4. ਸਤਿਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਬੇਟਾ ਬਾਬਾ ਅਟੱਲ ਜੀ ਬਾਲ ਅਵਸਥਾ ਵਿੱਚ ਹਾਣੀਆਂ ਨਾਲ ਕੋਈ ਖੇਢ ਖੇਢਦੇ ਸਨ। ਹਨੇਰਾ ਪੈ ਜਾਣ ਤੇ, ਸ਼ਾਮ ਨੂੰ ਸਾਰੇ ਸਾਥੀ ਘਰਾਂ ਨੁੰ ਚਲੇ ਗਏ। ਜਿਸ ਸਿਰ ਵਾਰੀ ਸੀ ਬ੍ਰਾਹਮਣ ਦਾ ਲੜਕਾ ਮੋਹਣ, ਉਹ ਭੀ ਖੇਢ ਅਧੂਰੀ ਛੱਡਕੇ ਚਲਾ ਗਿਆ। ਅਗਲੇ ਦਿਨ ਬਾਲਕ ਅਟੱਲ ਜੀ ਉਸ ਨੂੰ ਘਰੋਂ ਸੱਦਣ ਵਾਸਤੇ ਚਲੇ ਗਏ। ਮਾਤਾ-ਪਿਤਾ ਨੇ ਦਸਿਆ ਕਿ ਮੋਹਣ ਰਾਤੀ ਸੱਪ ਲੜਕੇ ਮਰ ਗਿਆ, ਅਟੱਲ ਜੀ ਆਖਣ ਨਹੀਂ ਤੁਸੀਂ ਝੂਠ ਬੋਲਦੇ ਹੋ, ਮੇਰੀ ਖੇਢ ਦੀ ਵਾਰੀ ਦੇਣ ਤੋਂ ਡਰਦਾ ਅੰਦਰ ਲੁਕ ਗਿਆ ਹੈ। ਤੇ ਅਟੱਲ ਜੀ ਨੇ ਜ਼ੋਰਦਾਰ ਆਵਾਜ਼ ਦਿੱਤੀ, ਮੋਹਣ ਓਏ! ਓਏ ਮੋਹਣ …। ਤੇ ਮਰਿਆ ਪਿਆ ਮੋਹਣ ਠੁਮਕ-ਠੁਮਕ ਟੁਰਦਾ ਬਾਹਰ ਆ ਗਿਆ। ਇਸ ਘਟਨਾ ਦੀ ਖ਼ਬਰ ਸਾਰੇ ਕਿਤੇ ਫੈਲ ਗਈ ਕਿ ਅਟੱਲ ਜੀ ਨੇ ਮੋਇਆ ਮੋਹਣ ਜਿੰਦਾ ਕਰ ਦਿੱਤਾ … ਵੱਡੀ ਕਰਾਮਾਤ …। ਜਦੋਂ ਸਤਿਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਪਤਾ ਲੱਗਾ ਤਾਂ ਉਨ੍ਹਾਂ ਉਸੇ ਵਕਤ ਅਟੱਲ ਜੀ ਨੂੰ ਬੁਲਾਇਆ। ਸਾਰੀ ਹੋਈ ਬੀਤੀ ਸੁਣੀ, ਤੇ ਫੈਸਲਾ ਸੁਣਾਇਆ: “ਬੇਟਾ! ਤੂੰ ਰੱਬ ਦੀ ਬਰਾਬਰੀ ਕੀਤੀ ਹੈ, ਕਰਾਮਾਤ ਕਰਕੇ ਮੋਹਣ ਨੂੰ ਜਿਉਂਦਾ ਕੀਤਾ ਹੈ, ਹੁਣ ਮੋਹਣ ਦੀ ਜਗ੍ਹਾਂ ਤੂੰ ਪ੍ਰਾਣ ਤਿਆਗ ਦੇਹ … “। ਬਾਲਕ ਅਟੱਲ ਜੀ ਚਾਦਰ ਲੈ ਕੇ ਲੰਮੇ ਪੈ ਗਏ, ਪ੍ਰਾਣ ਤਿਆਗ ਦਿੱਤੇ। ਕਹਾਣੀ ਦਾ ਤੱਤਸਾਰ ਇਹ ਪਈ ਸਤਿਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਬੇਟੇ ਦੀ ਮੌਤ ਹੋ ਜਾਵੇ, ਕੋਈ ਗੱਲ ਨਹੀਂ, ਪਰ ਬ੍ਰਾਹਮਣਾਂ ਦਾ ਬੇਟਾ ਨਹੀਂ ਮਰਨਾ ਚਾਹੀਦਾ। ਜੇ ਮਰ ਗਿਆ ਤਾਂ ਜਿਉਂਦਾ ਹੋ ਜਾਣਾ ਚਾਹੀਦਾ ਹੈ। ਤੀਰ ਟਿਕਾਣੇ ਵੱਜਾ।

5. ਸਤਿਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪੁੱਤਰ ਬਾਬਾ ਗੁਰਦਿੱਤਾ ਜੀ ਸਾਥੀਆਂ ਸਮੇਤ ਸ਼ਿਕਾਰ ਖੇਡਣ ਗਏ। ਹਿਰਨ ਜਾਣਕੇ ਤੀਰ ਚਲਾਇਆ ਪਰ ਤੀਰ ਇੱਕ ਗਊ ਨੂੰ ਜਾ ਵੱਜਾ ਤੇ ਗਊ ਤੜਫ-ਤੜਫ ਕੇ ਮਰ ਗਈ। ਨੇੜੇ ਰਹਿ ਰਿਹਾ ਗਊ ਦਾ ਮਾਲਕ ਬ੍ਰਾਹਮਣ ਸਣੇ ਪਰਿਵਾਰ ਆਣ ਪੁੱਜਿਆ। ਗਊ ਮਰੀ ਵੇਖ ਕੇ ਸਾਰਿਆਂ ਬਹੁਤ ਵਿਰਲਾਪ ਕੀਤਾ। ਤਰਸ ਵਿੱਚ ਭਰਕੇ ਬਾਬਾ ਗੁਰਦਿੱਤਾ ਜੀ ਨੇ ਮਰੀ ਹੋਈ ਗਾਂ ਜੀਵਤ ਕਰ ਦਿੱਤੀ। ਜਦੋਂ ਇਸ ਅਨਹੋਣੀ ਘਟਨਾ ਦਾ ਸਤਿਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਪਤਾ ਲੱਗਾ ਤਾਂ ਉਹ ਬਹੁਤ ਨਰਾਜ਼ ਹੋਏ ਤੇ ਆਖਿਆ “ਤੂੰ ਰੱਬ ਦਾ ਸ਼ਰੀਕ ਬਣ ਗਿਆ ਹੈਂ ਜੀਵਨ ਤੇ ਮੌਤ ਆਪਣੇ ਵੱਸ ਵਿੱਚ ਕਰ ਲਈ, ਮੈਂ ਤੈਨੂੰ ਆਦੇਸ਼ ਦੇਂਦਾ ਹਾਂ ਕਿ ਸਰੀਰ ਤਿਆਗ ਦੇਹ। ਬਾਬਾ ਗੁਰਦਿੱਤਾ ਜੀ ਚਾਦਰ ਲੈ ਕੇ ਲੇਟ ਗਏ ਤੇ ਚੋਲ਼ਾ ਛੱਡ ਦਿੱਤਾ। ਇੱਕ ਗਊ ਦੀ ਜਾਨ ਕੀਮਤੀ ਹੈ, ਗੁਰੂ ਦੇ ਸਪੁੱਤਰ ਦੀ ਜਾਨ ਸਸਤੀ ਹੈ। ਗਊ ਜੀਵਤ ਕਰਨ ਬਦਲੇ ਗੁਰਦਿੱਤਾ ਜੀ ਨੂੰ ਸਰੀਰ ਤਿਆਗਣਾ ਪਿਆ। ਤੀਰ ਨਿਸ਼ਾਨੇ ਤੇ ਬੈਠਾ

6. ਕੀਰਤਪੁਰ ਸਾਹਿਬ ਵਿਖੇ ਇੱਕ ਬ੍ਰਾਹਮਣ ਤੇ ਉਸਦੀ ਪਤਨੀ ਆਪਣੇ ਜਵਾਨ ਬੇਟੇ ਦੀ ਲਾਸ਼ (ਮੁਰਦਾ ਸਰੀਰ) ਚੁੱਕ ਲਿਆਏ। ਆਕੇ ਲੱਗੇ ਵਿਲਕਣ “ਸਤਿਗੁਰੂ ਜੀਓ! ਤੁਸੀਂ ਸਮਰੱਥ ਹੋ, ਰੱਬ ਨੂੰ ਪੁੱਜੇ ਹੋਏ ਹੋ, ਕਿਰਪਾ ਕਰਕੇ ਸਾਡੇ ਹੋਣਹਾਰ ਪੁੱਤਰ ਨੂੰ ਜੀਵਤ ਕਰੋ। “ ਸਤਿਗੁਰੂ ਜੀ ਕਹਿਣ ਲੱਗੇ, “ਭਾਈ ਭਾਣਾ ਮੰਨੋ ਮਰੇ ਵਿਅਕਤੀ ਕਦੀ ਜੀਵਤ ਨਹੀਂ ਹੋਇਆ ਕਰਦੇ”। ਤਾਂ ਬ੍ਰਾਹਮਣ ਨੇ ਤਾਨ੍ਹਾ ਝਾੜਿਆ,” ਸਤਿਗੁਰੂ ਜੀਓ! ਫਿਰ ਤੁਸੀਂ ਐਵੇਂ ਗੁਰੂ ਹੋਣ ਦਾ ਐਲਾਨ ਕੀਤਾ ਹੋਇਆ ਹੈ? ਤੁਹਾਡੇ ਸਿੱਖ ਤਾਂ ਰੋਜ਼ ਆਖਦੇ ਹਨ ਕਿ ਸਤਿਗੁਰੂ ਮੋਇਆਂ ਨੂੰ ਜਿਊਂਦਾ ਕਰ ਸਕਦਾ ਹੈ, “ਸਤਿਗੁਰ ਮੇਰਾ ਮਾਰਿ ਜਿਵਾਲੈ … “ ਜਾਂ ਫਿਰ ਸਵੀਕਾਰ ਕਰ ਲਵੋ ਕਿ ਤੁਹਾਡੇ ਕੋਲ ਕੋਈ ਸ਼ਕਤੀ ਨਹੀਂ … “? ਜਾਣੀ-ਜਾਣ ਸਤਿਗੁਰੂ ਜੀ ਸ਼ਾਂਤ ਚਿੱਤ ਬੈਠੇ ਅੰਤਰ ਧਿਆਨ ਹੋ ਗਏ। ਕੁੱਝ ਸਮੇਂ ਤੋਂ ਬਾਅਦ ਨੇਤਰ ਖੋਲ੍ਹੇ ਆਖਣ ਲੱਗੇ “ਪੰਡਿਤ ਜੀ ਤੁਹਾਡਾ ਪੁੱਤਰ ਜੀਵਤ ਹੋ ਸਕਦਾ ਹੈ, ਪਰ ਇੱਕ ਸ਼ਰਤ ਤੇ … “ਕੀ ਸ਼ਰਤ ਮਹਾਰਾਜ ਜੀ …? “ਤੁਹਾਡੇ ਵਿਚੋਂ ਜੋ ਕੋਈ ਇਸ ਨੂੰ ਬਹੁਤ ਪਿਆਰ ਕਰਦਾ ਹੈ, ਇਸ ਦੀ ਥਾਵੇਂ ਉਹ ਆਪਣੀ ਜਾਨ ਦੇਵੋ, ਜੇ ਮਨਜ਼ੂਰ ਹੈ ਤਾਂ …। “ ਪੰਡਿਤ ਪੰਡਤਾਣੀ ਨੂੰ ਆਖੇ ਤੂੰ ਜਾਨ ਦੇਹ ਤੇ ਪੰਡਤਾਣੀ ਪੰਡਤ ਨੂੰ ਹੁੱਜਾਂ ਮਾਰੇ, ਤੇਰਾ ਲਾਡਲਾ ਸੀ”। ਤੁਸੀਂ ਜਾਨ ਦੇ ਦੇਵੋ, ਅੰਤ ਜਕੋ-ਤੱਕੀ ਤੋਂ ਬਾਅਦ ਬ੍ਰਾਹਮਣ ਆਖਣ ਲੱਗਾ ਕੇ ਮੈਂ ਇਸ਼ਨਾਨ ਕਰ ਆਵਾਂ, ਫਿਰ ਜਾਨ ਵਾਰ ਦਿਆਂਗਾ। ਉਹ ਗਿਆ ਤੇ ਵਾਪਸ ਨਾ ਪਰਤਿਆ। ਬ੍ਰਾਹਮਣੀ ਆਖਣ ਲੱਗੀ, ਪਾਤਿਸ਼ਾਹ ਜੀ! ਮੈਂ ਉਸਨੂੰ ਬੁਲਾਅ ਕੇ ਹੁਣੇ ਆਈ, ਥੋੜੀ ਉਡੀਕ ਕਰੋ। ਉਹ ਭੀ ਵਾਪਸ ਨਾ ਪਰਤੀ। ਲੰਮੀ ਉਡੀਕ ਕਰਨ ਤੇ ਭੀ ਉਨ੍ਹਾਂ ਵਿਚੋਂ ਕੋਈ ਵਾਪਸ ਨਾ ਬਹੁੜਿਆ। ਸਤਿਗੁਰੂ ਜੀ ਆਖਣ ਲੱਗੇ ਭਾਈ ਵੇਖ ਲਿਆ, ਇਨ੍ਹਾਂ ਦਾ ਪੁੱਤਰ ਨਾਲ ਪਿਆਰ, ਇਹ ਅਸਲ ਵਿੱਚ ਪੁੱਤਰ ਵੱਟੇ ਸਾਨੂੰ ਮਾਰਨਾ ਚਾਹੁੰਦੇ ਸਨ ਜਾਂ ਕਿਸੇ ਗੁਰਸਿੱਖ ਦੀ ਬਲ਼ੀ ਲੈਣੀ ਚਾਹ ਰਹੇ ਸਨ। ਪਰ ਅੱਜ ਇਹਨਾਂ ਦਾ ਇਹ ਵਾਰ ਵੀ ਖ਼ਾਲੀ ਗਿਆ ਤੇ ਉਸ ਮਰੇ ਲੜਕੇ ਦੀ ਲਾਸ਼ ਯੋਗ ਥਾਂ ਤੇ ਪੁਚਾ ਦਿੱਤੀ ਗਈ ਲੇਖੇ ਲਾ ਦਿੱਤੀ ਗਈ। ਗੱਲ ਨਾ ਬਣੀ।

7. ਅੱਠਵੇਂ ਸਤਿਗੁਰੂ ਹਰਿਕ੍ਰਿਸ਼ਨ ਜੀ ਕੋਲ ਪੰਜੋਖਰੇ (ਅੰਬਾਲਾ) ਦੇ ਸਥਾਨ ਤੇ ਇੱਕ ਬ੍ਰਾਹਮਣ ਲਾਲ ਚੰਦ ਆਇਆ ਗੁੱਸੇ ਵਿੱਚ ਭਰਿਆ। ਕੌੜੇ ਬਚਨਾਂ ਦੀ ਬੁਛਾੜ ਕਰਦਿਆਂ ਆਖਣ ਲੱਗਾ, “ਤੁਸੀਂ ਆਪਣਾ ਨਾਮ ਹਰਿਕ੍ਰਿਸ਼ਨ ਰਖਵਾਇਆ ਹੈ, ਕ੍ਰਿਸ਼ਨ ਜੀ ਨੇ ਮਹਾਨ ਧਾਰਮਕ ਗ੍ਰੰਥ ਗੀਤਾ ਦੀ ਰਚਨਾ ਕੀਤੀ। ਪਰ ਤੁਸੀਂ ਤਾਂ ਸੰਸਕ੍ਰਿਤ ਦੇ ਦੋ ਅੱਖਰ ਭੀ ਨਹੀਂ ਪੜ੍ਹ ਸਕਦੇ, ਗੀਤਾ ਲਿਖਣੀ ਤਾਂ ਦੂਰ ਦੀ ਗੱਲ, ਹਾਂ ਤੁਸੀਂ ਇਸ ਦੇ ਅਰਥ ਹੀ ਕਰਕੇ ਵਿਖਾ ਦਿਉ … “। ਸਤਿਗੁਰੂ ਜੀ ਸ਼ਾਂਤ ਚਿੱਤ ਆਖਣ ਲੱਗੇ, “ਪੰਡਿਤ ਜੀ ਗੀਤਾ ਵਰਗੇ ਗ੍ਰੰਥ ਦੇ ਅਰਥ ਤਾਂ ਸਾਡਾ ਤਿਆਰ ਕੀਤਾ ਸਾਧਾਰਣ ਤੋਂ ਸਾਧਾਰਣ ਸਿੱਖ ਭੀ ਸਹਿਜੇ ਹੀ ਕਰ ਸਕਦਾ ਹੈ। ਇਹ ਤਾਂ ਤੁਹਾਡੇ ਵਡੇਰਿਆਂ ਦਾ ਕੀਤਾ ਹੋਇਆ ਪਾਪ ਸੀ ਕਿ ਕਿਸੇ ਅਖੌਤੀ ਛੋਟੀ ਜ਼ਾਤੀ ਵਾਲੇ ਨੂੰ ਵਿਦਿਆ ਨਹੀਂ ਪੜ੍ਹਨ ਦਿੱਤੀ ਜਾਂਦੀ ਸੀ। ਗੁਰੂ ਨਾਨਕ ਸਾਹਿਬ ਜੀ ਦੇ ਘਰ ਤਾਂ ਸਾਰਿਆਂ ਨੂੰ ਬਰਾਬਰ ਜਾਣਕੇ ਸਤਿਕਾਰ ਕੀਤਾ ਜਾਂਦਾ ਹੈ, ਵਿਦਿਆ ਪੜ੍ਹਾਈ ਜਾਂਦੀ ਹੈ। ਸ਼ੱਕ ਹੋਵੇ ਤਾਂ ਪੰਡਿਤ ਜੀ ਕਿਸੇ ਵੀ ਸਿੱਖ ਨੂੰ ਆਖ ਵੇਖੋ ਉਹੀ ਗੀਤਾ ਦੇ ਅਰਥ ਵਿਵੇਕ ਪੂਰਨ ਕਰ ਦੇਵੇਗਾ। “ ਪੰਡਿਤ ਨੇ ਅਨਜਾਣ ਸਮਝਕੇ ਭਾਈ ਛੱਜੂ ਜੀ ਨੂੰ ਲਿਆਂਦਾ। ਸਤਿਗੁਰੂ ਜੀ ਦਾ ਇਸ਼ਾਰਾ ਪਾ ਕੇ ਛੱਜੂ ਜੀ ਨੇ ਪੁੱਛੇ ਗਏ ਸਵਾਲਾਂ ਦੇ ਪੂਰੀ ਨਿਡਰਤਾ ਅਤੇ ਵਿਵੇਕ ਪੂਰਨ ਜੁਆਬ ਦਿੱਤੇ। ਪੰਡਿਤ ਸਤਿਗੁਰੂ ਜੀ ਦੇ ਚਰਨੀਂ ਝੁਕਿਆ। ਵਾਰ ਖ਼ਾਲੀ ਗਿਆ।

8. ਸਤਿਗਰੂ ਤੇਗ ਬਹਾਦਰ ਸਾਹਿਬ ਜੀ ਹਿੰਦੂ ਤੀਰਥਾਂ ਤੇ ਗਏ, ਕੋਈ ਬੁਰਾਈ ਨਹੀਂ ਸੀ, ਅਗਰ ਸਤਿਗੁਰੂ ਨਾਨਕ ਸਾਹਿਬ ਵਾਂਗ ਭੁੱਲਿਆਂ ਨੂੰ ਰਾਹ ਪਾਉਣ ਵਾਸਤੇ ਗਏ ਲਿਖਿਆ ਹੁੰਦਾ। ਕਿਉਂਕਿ ਲੰਮੇ ਅਰਸੇ ਤੱਕ ਨੌਵੇਂ ਸਤਿਗੁਰੂ ਜੀ ਦੇ ਘਰ ਬਾਲਕ ਨਾ ਜਨਮਿਆ। ਫਿਰ ਤੀਰਥਾਂ ਤੇ ਜਾ ਕੇ ਬ੍ਰਾਹਮਣਾਂ ਨੂੰ ਅਨੇਕਾਂ ਗਊਆਂ ਦਾਨ ਕੀਤੀਆਂ, ਰੁਪਏ, ਚਾਂਦੀ-ਸੋਨਾ, ਬਸਤਰ ਆਦਿ ਦਾਨ ਕੀਤੇ। “ਤੀਰਥਾਂ ਦੇ ਇਸ਼ਨਾਨ, ਦਿੱਤਾ ਗਿਆ (ਸਿੱਖਾਂ ਦੀ ਖ਼ੂਨ ਪਸੀਨੇ ਵਾਲੀ ਭੇਟਾ ਕੀਤੀ ਕਮਾਈ) ਬ੍ਰਾਹਮਣ ਨੂੰ ਦਾਨ, ਉਨ੍ਹਾਂ ਵੱਲੋਂ ਪੜ੍ਹੇ ਗਏ ਮੰਤਰਾਂ ਦੀ ਬਦੌਲਤ, ਪ੍ਰਯਾਗ ਵਿਖੇ ਹੀ ਬਾਲ ਗੋਬਿੰਦ ਰਾਏ ਮਾਤਾ ਗੁਜਰੀ ਜੀ ਦੇ ਗਰਭ ਵਿੱਚ ਪ੍ਰਵੇਸ਼ ਕਰ ਗਏ … “ ਕੀ ਸਤਿਗੁਰੂ ਤੇਗ ਬਹਾਦਰ ਜੀ ਨੂੰ ਵਾਹਿਗੁਰੂ ਦੇ ਭਾਣੇ ਜਾਂ ਨਿਆ ਦਾ ਭਰੋਸਾ ਨਾ ਰਿਹਾ ਤੇ ਡੋਲ ਗਏ? ਕੀ ਉਨ੍ਹਾਂ ਅੰਦਰ ਗੁਰੂ ਨਾਨਕ ਸਾਹਿਬ ਜੀ ਦੀ ਅਕਾਲੀ ਜੋਤਿ ਨਹੀਂ ਸੀ? ਫਿਰ ਔਲਾਦ ਪ੍ਰਾਪਤੀ ਵਾਸਤੇ ਸਾਰੇ ਬ੍ਰਾਹਮਣੀ ਕਰਮ ਕਿਉਂਕੀਤੇ? ਸਾਡੇ ਬਹੁਤੇ ਗਿਆਨੀ ਤੇ ਮਹਾਂਪੁਰਖ ਇਹੀ ਕੂੜ ਪ੍ਰਚਾਰ ਬੇਖ਼ੌਫ ਕਰ ਰਹੇ ਹਨ ਤੇ ਸੰਗਤਾਂ ਵਿਚਾਰੀਆਂ … ਰੱਬ ਰਾਖਾ। ਤੀਰ ਟਿਕਾਣੇ ਵੱਜਿਆ।

9. ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਬਾਰ ਅਨੰਦਪੁਰ ਸਾਹਿਬ ਵਿਖੇ ਕੇਵਲ ਬ੍ਰਾਹਮਣ ਹੀ ਆਣ ਫਰਿਆਦੀ ਹੋਏ “ਸਾਡਾ ਧਰਮ ਬਚਾਓ … “ ਜਿਸ ਬ੍ਰਾਹਮਣੀ ਧਰਮ ਨੂੰ ਸਤਿਗੁਰੂ ਨਾਨਕ ਸਾਹਿਬ, ਭਗਤ ਸਾਹਿਬ ਰੱਦ ਕਰ ਚੁੱਕੇ ਹਨ, ਉਸੇ ਨੂੰ ਬਚਾਉਣ ਦਾ ਮਤਲਬ …? ਕੀ ਇਸ ਭਾਰਤ ਦੇਸ਼ ਵਿੱਚ ਧਰਮ ਕੇਵਲ ਬ੍ਰਾਹਮਣਾਂ ਦੀ ਹੀ ਮਲਕੀਅਤ ਸੀ? ਕੀ ਹੋਰ ਕਿਸੇ ਧਰਮਵਾਲੇ ਤੇ ਹਕੂਮਤ ਵੱਲੋਂ ਜ਼ੁਲਮ ਨਹੀਂ ਕੀਤਾ ਗਿਆ? ਬਸ ਇਸੇ “ਤਿਲਕ ਜੰਞੂ” ਦੀ ਰਾਖੀ ਵਾਸਤੇ ਨੌਵੇ ਪਾਤਿਸ਼ਾਹ ਸ਼ਹੀਦ ਹੋ ਗਏ? ਜਿਸ ਬ੍ਰਾਹਮਣੀ ਧਰਮ ਨੇ ਹਜ਼ਾਰ ਸਾਲ ਤੋਂ ਭਾਰਤ ਨੂੰ ਤਬਾਹ ਕੁਨ ਸਿਸਟਮ ਦਿੱਤਾ। ਜਾਤਪਾਤੀ ਨਫ਼ਰਤ ਦਿੱਤੀ, ਔਰਤ ਨੂੰ ਪੈਰਾਂ ਹੇਠ ਰੋਲਿਆ। ਦੇਸ਼ ਗ਼ੁਲਾਮ ਹੁੰਦਾ ਵੇਖ ਮਸਤ ਮੰਤਰ ਪੜ੍ਹਦੇ ਰਹੇ। ਹਾਕਮਾਂ ਦੇ ਜੀ ਹਜ਼ੂਰੀਏ ਜਾ ਬਣੇ। ਧੀਆਂ ਦੇ ਡੋਲੇ ਦੇ ਕੇ ਸੁੱਖ ਸਹੂਲਤਾਂ ਪ੍ਰਾਪਤ ਕਰਨ ਵਾਲੇ ਕਾਇਰਾਂ ਦਾ ਧਰਮ ਬਚਾਣਾ ਬਹੁਤ ਜ਼ਰੂਰੀ ਸੀ? ਜਦੋਂ ਕਿ ਅਸਲ ਵਿੱਚ ਇਹ ਕੋਈ ਧਰਮ ਹੀ ਨਹੀਂ ਹੈ, ਧਰਮ ਦੇ ਨਾਮ ਤੇ ਕਲੰਕ ਹੈ। ਪਰ ਫਿਰ ਵੀ ਇਨ੍ਹਾਂ ਦੀ ਤਰਸਯੋਗ ਹਾਲਤ ਵੇਖ ਕੇ ਸਤਿਗੁਰੂ ਜੀ ਨੇ ਮੱਦਦ ਕਰਨ ਦਾ ਫੈਸਲਾ ਕੀਤਾ। ਅਸਲ ਵਿੱਚ ਮਨੁੱਖੀ ਹੱਕਾਂ ਦੀ ਰਾਖੀ ਕੀਤੀ।

10. ਸਤਿਗੁਰੂ ਦਸਮ ਪਾਤਸ਼ਾਹ ਹਜ਼ੂਰ ਨੂੰ ਬ੍ਰਾਹਮਣ ਕੇਸੋ ਰਾਮ ਨੇ ਹਵਨ ਕਰਾਉਣ ਦੀ ਨੇਕ ਸਲਾਹ ਦਿੱਤੀ। ਹਵਨ ਦੀ ਸੰਪੂਰਨਤਾ ਤੇ ਦੇਵੀ ਮਾਤਾ ਪ੍ਰਗਟ ਹੋਵੇਗੀ ਫਿਰ ਤੁਸੀਂ ਜੋ ਵਰ ਮੰਗਣਾ ਚਾਹੋ ਮੰਗ ਲੈਣਾ। ਸਾਖੀ ਮੁਤਾਬਕ ਸਤਿਗੁਰੂ ਜੀ ਨੇ ਨੈਣਾ ਦੇਵੀ ਦੇ ਅਸਥਾਨ ਤੇ ਹਵਨ ਸ਼ੁਰੂ ਕਰ ਦਿੱਤਾ। ਸਿੱਖਾਂ ਦੀ ਕਿਰਤ ਕਮਾਈ ਹਵਨ ਰੂਪੀ ਅੱਗਨੀ ਵਿੱਚ ਬੇ ਕਿਰਕੀ ਨਾਲ ਸਾੜੀ ਜਾਣ ਲੱਗੀ। ਅਥਾਹ ਸਮੱਗਰੀ ਖ਼ਤਮ ਹੋ ਜਾਣ ਤੇ ਵੀ ਦੇਵੀ ਪ੍ਰਸੰਨ ਨਾ ਹੋਈ। ਕੇਸੋ ਰਾਮ ਜੀ ਆਖਣ ਲੱਗੇ, ਕਿਸੇ ਮਹਾਂਪੁਰਖ ਨਾਮ ਰਸੀਏ ਦੀ ਬਲੀ ਦੇਣੀ ਪਵੇਗੀ, ਤਾਂ ਦੇਵੀ ਮਾਤਾ ਪ੍ਰਗਟ ਹੋਵੇਗੀ। ਇਸਾਰਾ ਸਾਫ਼ ਸੀ ਕਿ ਨਾਟਕੀ ਢੰਗ ਨਾਲ ਦਸਵੇਂ ਨਾਨਕ ਨੂੰ ਖ਼ਤਮ ਕਰ ਦਿੱਤਾ ਜਾਵੇ। ਦਸਮ ਪਾਤਸ਼ਾਹ ਆਖਣ ਲੱਗੇ “ਪੰਡਿਤ ਕੇਸੋ ਰਾਮ ਜੀ! ਤੁਹਾਡੇ ਨਾਲੋਂ ਵਧੀਆ ਨਾਮ ਰਸੀਆ ਮਹਾਂਪੁਰਖ ਹੋਰ ਕੌਣ ਹੋ ਸਕਦਾ ਹੈ? “ ਤੁਸੀਂ ਵੇਦਾਂ ਸ਼ਾਸਤਰਾਂ ਦੇ ਗਿਆਤਾ, ਹਵਨ ਜੱਗ ਕਰਾਉਣ ਵਿੱਚ ਨਿਪੁੰਨ, ਸਭ ਤੋਂ ਉੱਚੀ ਕੁੱਲ ਦੇ ਬ੍ਰਾਹਮਣ …। ਫਿਰ ਤੁਸੀਂ ਹੀ ਕੁਰਬਾਨੀ ਦਿਉ। “ ਕੇਸੋ ਰਾਮ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਪ੍ਰੀਤਤ ਹੋਈ। ਪਸੀਨੇ ਛੁਟ ਪਏ। “ਸਤਿਗੁਰੂ ਜੀ ਮੈਂ ਇਸ਼ਨਾਨ ਕਰਕੇ ਛੇਤੀ ਆ ਰਿਹਾ …। “ ਪਰ ਕੇਸੋ ਰਾਮ ਜੀ ਕਦੀ ਭੀ ਵਾਪਸ ਨਾ ਪਰਤੇ। ਵਾਰ ਖ਼ਾਲੀ ਗਿਆ।

11. ਅਨੰਦਪੁਰ ਸਾਹਿਬ ਵਿਖੇ ਸਤਿਗੁਰੂ ਜੀ ਦੇ ਦਰਬਾਰ ਵਿੱਚ ਇੱਕ ਹੋਰ ਬ੍ਰਾਹਮਣ ਆਣ ਫਰਿਆਦੀ ਹੋਇਆ “ਸਾਹਿਬ ਜੀਓ ਮੇਰੀ ਪਿਆਰੀ ਨਵ-ਵਿਹੁਅਤਾ ਪੰਡਤਾਣੀ (ਪਤਨੀ) ਹਰਨ ਕਰ ਲਈ ਗਈ ਹੈ। ਪਾਪੀ ਹਾਕਮਾਂ ਨੇ ਸਾਡੀਆਂ ਕੂਕਾਂ ਤੇ ਕੋਈ ਤਰਸ ਨਾ ਕੀਤਾ। ਬਹੁੜੀ ਕਰੋ, ਮੇਰੀ ਗ਼ਰੀਬ ਦੀ ਬ੍ਰਾਹਮਣੀ ਵਾਪਸ ਦਿਵਾਓ … “। ਸਾਖੀ ਮੁਤਾਬਕ ਦਸਮ ਪਾਤਸ਼ਾਹ ਹਜ਼ੂਰ ਨੇ ਸਾਹਿਬਜ਼ਾਦਾ ਅਜੀਤ ਸਿੰਘ ਤੇ ਭਾਈ ਉਦੈ ਸਿੰਘ ਦੀ ਕਮਾਣ ਵਿਚ, ਇੱਕ ਵੱਡਾ ਸਿੱਖਾਂ ਦਾ ਜੱਥਾ ਵਿਦਾ ਕੀਤਾ। ਉਨ੍ਹਾਂ ਅਚਨਚੇਤੀ ਧਾਵਾ ਬੋਲਿਆ। ਹਾਕਮਾਂ ਨੂੰ ਕਰਾਰੀਆਂ ਸਜ਼ਾਵਾਂ ਦਿੱਤੀਆਂ। ਬ੍ਰਾਹਮਣੀ ਛੁਡਾ ਕੇ ਅਨੰਦਪੁਰ ਸਾਹਿਬ ਲਿਆਂਦੀ ਤੇ ਸਤਿਕਾਰ ਸਹਿਤ ਪੰਡਤ ਜੀ ਦੇ ਹਵਾਲੇ ਕੀਤੀ ਤੇ ਪੁੱਛਿਆ “ਪੰਡਿਤ ਜੀ ਕੋਈ ਹੋਰ ਸੇਵਾ ਹੋਵੇ ਤਾਂ ਦੱਸਣਾ” ਇਸ ਹਮਲੇ ਵਿੱਚ ਕੁੱਝ ਕੁ ਸਿੱਖ ਸ਼ਹੀਦ ਹੋਏ, ਕੁੱਝ ਜਖ਼ਮੀ ਹੋਏ ਤੇ ਕਈ ਸਾਰੇ ਮੁਸਲਮਾਨ ਮਾਰੇ ਗਏ। ਕਾਹਦੇ ਵਾਸਤੇ ਬ੍ਰਾਹਮਣੀ ਵਾਸਤੇ? ? ? ਕੇਵਲ ਇੱਕ ਬ੍ਰਾਹਮਣ ਦੇ ਆਖੇ ਲੱਗ ਕੇ ਇਹ ਕੰਮ? ਗੱਲ ਚੱਲ ਗਈ …।

12. ਕਸੂਰ ਦੇ ਹਾਕਮ ਉਸਮਾਨ ਖ਼ਾਨ (ਪ੍ਰਸਿੱਧ ਨਾਮ ਜਾਲਮ ਖ਼ਾਨ) ਨੇ ਇੱਕ ਬ੍ਰਾਹਮਣ ਦੀ ਨਵ-ਵਿਹੁਅਤਾ ਬ੍ਰਾਹਮਣੀ ਜ਼ਬਰੀ ਖੋਹ ਲਈ। ਆਪਣੇ ਮਹਿਲੀਂ ਲੈ ਪੁੱਜਿਆ। ਪੰਡਿਤ ਜੀ ਚੁੱਪ-ਚਾਪ ਨੀਵੀਂ ਪਾਈ ਸੈਕੜੇ ਮੀਲਾਂ ਦਾ ਪੈਂਡਾ ਤਹਿ ਕਰਕੇ, ਅੰਮ੍ਰਿਤਸਰ ਸ੍ਰੀ ਅਕਾਲ ਤਖ਼ਤ ਸਾਹਿਬ ਸਨਮੁਖ ਜੁੜੇ ਸਿੰਘਾਂ ਦੇ ਇਕੱਠ ਵਿੱਚ ਆ ਫਰਿਆਦੀ ਹੋਏ, “ਜੀ ਮੇਰੀ ਪਿਆਰੀ ਸੁੰਦਰ ਪਤਨੀ, ਉਸਮਾਨ ਖ਼ਾਨ, ਕਸੂਰ ਦਾ ਨਵਾਬ ਖੋਹ ਕੇ ਲੈ ਗਿਆ ਹੈ। ਬਹੁੜੀ ਜੇ, ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦੀ, ਮੇਰੀ ਮੱਦਦ ਕਰੋ …। “ ਸਰਦਾਰ ਹਰੀ ਸਿੰਘ ਭੰਗੀ, ਜੱਸਾ ਸਿੰਘ ਆਹਲੂਵਾਲੀਆ, ਆਦਿ ਸਿੰਘ ਸੂਰਮੇ ਹਥਿਆਰ ਸਾਂਭ ਕੇ ਘੋੜਿਆਂ ਤੇ ਸਵਾਰ ਹੋ ਕੇ ਚੱਲ ਪਏ। ਉਸਮਾਨ ਖ਼ਾਨ ਨੂੰ ਜਾ ਦਬੋਚਿਆ। ਬੜੀ ਭਿਆਨਕ ਜੰਗ ਹੋਈ, ਬਹੁਤ ਸਿੰਘ ਲੇਖੇ ਲਗ ਗਏ, ਬਹੁਤ ਸਾਰੇ ਜਖ਼ਮੀ ਹੋ ਗਏ। ਪਰ ਫਿਰ ਭੀ ਸਭ ਤੋਂ ਵੱਡੀ ਪ੍ਰਾਪਤੀ ਕਰ ਲਈ, ਕੀ? ਬ੍ਰਹਾਮਣੀ ਛੁਡਾਅ ਲਿਆਂਦੀ ਤੇ ਵਿਚਾਰੇ ਵਿਲਕ ਰਹੇ ਪੰਡਤ ਜੀ ਦੇ ਹਵਾਲੇ ਕਰਕੇ ਅਸ਼ੀਰਵਾਦ ਪ੍ਰਾਪਤ ਕੀਤਾ … ਕਿੰਨੀ ਕੀਮਤ ਤਾਰ ਕੇ …? …? …?

ਇਹ ਕੁੱਝ ਕੁ ਕਥਾਵਾਂ ਪਾਠਕਾਂ ਸਨਮੁਖ ਰੱਖੀਆਂ ਹਨ, ਇਨ੍ਹਾਂ ਸਾਰੀਆਂ ਕਹਾਣੀਆਂ ਵਿੱਚ ਸਿੱਖਾਂ, ਜਾਂ ਸਤਿਗੁਰੂ ਸਾਹਿਬਾਨ ਦਾ ਲੇਖੇ ਲਗਣਾ ਪਰਤੱਖ ਦਿਸ ਰਿਹਾ ਹੈ। ਬ੍ਰਾਹਮਣੀਆਂ ਤੇ ਬ੍ਰਾਹਮਣਾਂ ਦਾ ਬਚਾਇਆ ਜਾਣਾ ਹੀ ਸਰਬ ਉੱਤਮ ਕਾਰਜ ਮੰਨਿਆ ਗਿਆ ਹੈ। ਕੀ ਗੁਰਮਤਿ ਵਿਚਾਰਧਾਰਾ ਕੇਵਲ ਬ੍ਰਾਹਮਣਾਂ ਦੀ ਹੀ ਰਾਖੀ ਕਰਦੀ ਹੈ? ਜਾਂ ਹੋਰ ਕਿਸੇ ਇਨਸਾਨ ਤੇ ਕਦੀ ਮੁਸੀਬਤ ਹੀ ਨਹੀਂ ਪੈਂਦੀ? ਜਿਨ੍ਹਾਂ ਬ੍ਰਾਹਮਣਾਂ ਨੇ ਜਾਤੀ ਹੰਕਾਰ ਤਿਆਗ ਕੇ ਸਤਿਗੁਰੂ ਜੀ ਦੀ ਸਿੱਖੀ ਧਾਰਨ ਕੀਤੀ। ਸਤਿਗੁਰੂ ਜੀ ਦੀ ਸਿੱਖੀ ਖਾਤਰ ਸਰਬੱਤ ਦੇ ਭਲੇ ਹਿਤ ਆਪਣਾ ਆਪਾ ਕੁਰਬਾਨ ਕੀਤਾ, ਉਹ ਧੰਨਤਾ ਦੇ ਯੋਗ ਹਨ। ਉਨ੍ਹਾਂ ਦੀ ਦੇਣ ਅਮੁੱਲ ਹੈ। ਪੰਦਰਾਂ ਬ੍ਰਾਹਮਣ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਸੁਭਾਇਮਾਨ ਹੈ, ਤਿਨ੍ਹਾਂ ਨੂੰ ਨਿੱਤ ਨਮਸ਼ਕਾਰਾਂ ਹੁੰਦੀਆਂ ਹਨ। ਭਾਈ ਮਤੀਦਾਸ ਤੇ ਸਤੀ ਦਾਸ ਜੀ ਗੁਰੂ ਤੇਗ ਬਹਾਦਰ ਜੀ ਦੀਆਂ ਅੱਖਾਂ ਸਾਹਮਣੇ ਸ਼ਹੀਦ ਹੋਏ ਉਹਨਾਂ ਨੂੰ ਪ੍ਰਣਾਮ ਹੈ। ਪਰ ਇਸ ਬ੍ਰਾਹਮਣੀ ਭਰਮ ਜਾਲ਼ ਤੋਂ ਸਦਾ ਚੌਕੰਨੇ ਰਹਿਣ ਦੀ ਜ਼ਰੂਰਤ ਹੈ। ਇਤਿਹਾਸ ਨੂੰ ਸੋਧਕੇ ਲਿਖਣ ਪ੍ਰਚਾਰਨ ਦੀ ਲੋੜ ਹੈ। ਸਤਿਗੁਰੂ ਸਾਨੂੰ ਸਾਰਿਆਂ ਨੂੰ ਗੁਰਮਤਿ ਗਿਆਨ ਬਖਸ਼ਿਸ਼ ਕਰਨ। ਇਸ ਬਿਪਰਵਾਦੀ ਤਾਣੇ ਬਾਣੇ ਨੂੰ ਸਮਝਣ ਤੋਂ ਬਾਅਦ ਆਉ ਹੁਣ ਸਬੰਧਤ ਸ਼ਬਦ ਵਿਚਾਰੀਏ, ਕਿ ਗਰੁੜ ਤੇ ਸਵਾਰ ਹੋਕੇ ਪਰਮੇਸਰ ਕਿਵੇਂ ਆਇਆ?

ਸ਼ਬਦ ਵੀਚਾਰ ਪ੍ਰੋ. ਸੁਖਵਿੰਦਰ ਸਿੰਘ ਮਝੈਲ

98555 98855

= ਸੁਲਤਾਨ ਪੂਛੈ ਸੁਨੁ ਬੇ ਨਾਮਾ।। ਦੇਖਉ ਰਾਮ ਤੁਮਾਰੇ ਕਾਮਾ।। ੧।।

ਬਾਦਸ਼ਾਹ ਮੁਹੰਮਦ ਬਿਨ ਤੁਗਲਕ ਪੁਛਦਾ ਹੈ ਹੇ ਨਾਮ ਦੇਵ ਸੁਣ! ਮੈਂ ਤੇਰੇ ਰਾਮ ਦੀ ਸ਼ਕਤੀ ਵੇਖਣੀ ਚਾਹੁੰਦਾ ਹਾਂ।

= ਨਾਮਾ ਸੁਲਤਾਨੇ ਬਾਧਿਲਾ।। ਦੇਖਉ ਤੇਰਾ ਹਰਿ ਬੀਠੁਲਾ।। ੧।। ਰਹਾਉ।।

ਬਾਦਸ਼ਾਹ ਨੇ ਮੈਨੂੰ (ਨਾਮਦੇਵ ਨੂੰ) ਗ੍ਰਿਫਤਾਰ ਕਰ ਕੇ ਬੰਨ ਲਿਆ ਹੈ ਆਖਣ ਲੱਗਾ ਜਿਸ ਰੱਬ ਦੇ ਭਰੋਸੇ ਤੂੰ ਦੂਜਿਆਂ (ਬ੍ਰਾਹਮਣਾ ਕਾਜ਼ੀਆਂ) ਦੀ ਸ਼ਰਧਾ ਨੂੰ ਰੱਦ ਕਰਦਾ ਹੈਂ ਮੈਂ ਤੇਰਾ ਉਹ ਰੱਬ ਵੇਖਣਾ ਹੈ।

= ਬਿਸਮਿਲ ਗਊ ਦੇਹੁ ਜੀਵਾਇ।। ਨਾਤੁਰ ਗਰਦਨਿ ਮਾਰਉ ਠਾਇ।। ੨।।

ਬਿਸਮਿਲ ਕੀਤੀ ਗਊ ਜੀਉਂਦੀ ਕਰ ਦੇ ਨਹੀਂ ਤਾਂ ਤੇਰੀ ਧੌਣ ਵੱਢ ਦਿਆਂਗੇ। (ਬਿਸਮਿੱਲਾ:- ਅੱਲਾ ਦੇ ਨਾਮ ਦੇ ਜ਼ਿਬਾਹ ਕੀਤਾ ਗਿਆ ਜਾਨਵਰ, ਮਹਾਨ ਕੋਸ਼ ੮੬੨ ਪੰਨਾ)

ਨੋਟ:- (ਬਿਸਮਿਲ ਤੋਂ ਭਾਵ ਮੰਤਰ ਪੜ੍ਹ ਕੇ ਧਰਮ ਦੀ ਓਟ ਚ ਸਹਿਜੇ ਸਹਿਜੇ ਮਾਰਨਾ) ਧਰਮ ਦੇ ਨਾਂ ਤੇ ਦੇਰ ਤੋਂ ਹੁੰਦੇ ਆ ਰਹੇ ਜ਼ੁਲਮਾਂ ਕਾਰਨ ਸਹਿਮੇ ਆਮ ਲੋਕ ਜਿਹੜੇ ਮੁਰਦਿਆਂ ਸਮਾਨ ਹੋ ਚੁੱਕੇ ਸਨ। ਬਾਦਸ਼ਾਹ ਨੇ ਆਖਿਆ ਮੇਰੇ ਕੋਲ ਪਹੁੰਚੀ ਸ਼ਕਾਇਤ ਮੁਤਾਬਕ ਜਿਹੜੇ ਤੇਰੇ ਨਾਲ ਰਲ ਕੇ ਬਗਾਵਤ ਕਰਨੀ ਚਾਹੁੰਦੇ ਸਨ ਤੇਰੇ ਪੱਖ ਦੀ ਗੱਲ ਹੁਣ ਕਰਨ, ਨਹੀਂ ਤਾਂ ਤੈਨੂੰ ਮਾਰ ਦਿਆਂਗਾ। ਇਹਨਾਂ ਲਈ ਹੀ ਗਊ ਦਾ ਪ੍ਰਤੀਕ ਵਰਤਿਆ ਹੈ। (ਗਊ-ਗਰੀਬ ਮਹਾਨ ਕੋਸ਼ ਪੰਨਾ ੩੮੯)

= ਬਾਦਸ਼ਾਹ ਐਸੀ ਕਿਉਂ ਹੋਇ।। ਬਿਸਮਿਲ ਕੀਆ ਨਾ ਜੀਵੈ ਕੋਹਿ।। ੩।।

ਮੈਂ ਆਖਿਆ ਕੇ ਐਸੀ ਅਣਹੋਂਣੀ ਕਿਵੇਂ ਹੋ ਸਕਦੀ ਹੈ, ਗੱਲੀਂ ਬਾਤੀਂ ਵੀ ਮੁਰਦੇ ਜਿੰਦਾ ਹੋਏ ਹਨ? (ਸਦੀਆਂ ਤੋਂ ਧਾਰਮਿਕ ਸ਼ਰਧਾ ਵਿੱਚ ਜਿਨਾਂ ਨੂੰ ਕਰਮ ਕਾਂਡਾਂ ਦੀ ਜ਼ਹਿਰ ਦੇ ਕੇ ਮਾਰਿਆ ਹੈ ਉਹ ਕੇਵਲ ਆਖਣ ਨਾਲ ਹੀ ਕਿਵੇਂ ਸੱਚ ਨਾਲ ਖਲੋ ਜਾਣਗੇ?)

= ਮੇਰਾ ਕੀਆ ਕਛੂ ਨਾ ਹੋਇ।। ਕਰਿ ਹੈ ਰਾਮ ਹੋਇ ਹੈ ਸੋਇ।। ੪।।

ਬਾਦਸ਼ਾਹ! ਮੇਰੀ ਕੀਤਿਆਂ ਕੁੱਝ ਨਹੀਂ ਹੋ ਸਕਦਾ ਜਿਸ ਨੂੰ ਰੱਬ ਜਿੰਦਾ ਕਰੇ ਉਹੀ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਿੰਦਾ ਮਨੁਖ ਦੀ ਪ੍ਰਭਾਸ਼ਾ ਇਉਂ ਹੈ:-

ਆਖਾ ਜੀਵਾ ਵਿਸਰੈ ਮਰਿ ਜਾਉ।। ਆਖਣਿ ਅਉਖਾ ਸਾਚਾ ਨਾਉ।। (ਪੰਨਾ ੧0)

ਜੇ ਮੈਂ ਸੱਚ ਦੀ ਸਿਫਤ ਸਲਾਹ ਆਖਦਾ ਹਾਂ ਤਾਂ ਜਿਉਂਦਾ ਹਾਂ ਨਹੀਂ ਤਾਂ ਮੈਂ ਆਤਮਿਕ (ਜ਼ਮੀਰ ਦੀ) ਮੌਤੇ ਮਰਦਾ ਹਾਂ। ਇਸ ਗੱਲ ਦਾ ਪਤਾ ਹੋਣ ਦੇ ਬਾਵਜੂਦ ਮੈਨੂੰ ਸੱਚੇ ਦਾ ਨਾਮ ਔਖਾ ਲਗਦਾ ਹੈ।

ਸੋ ਜੀਵਿਆ ਜਿਸੁ ਮਨਿ ਵਸਿਆ ਸੋਇ।।

ਨਾਨਕ ਅਵਰੁ ਨ ਜੀਵੈ ਕੋਇ।। (ਮਾਝ ਕੀ ਵਾਰ ਪੰਨਾ ੧੪੪)

ਜਿਸ ਮਨੁੱਖ ਦੇ ਮਨ ਵਿੱਚ ਰੱਬ ਵੱਸ ਗਿਆ ਉਹੀ ਜਿਉਂਦਾ ਸਮਝੋ। ਨਾਨਕ ਜੀ ਕਹਿੰਦੇ ਹਨ ਹੋਰ ਕੋਈ ਨਹੀਂ ਜਿਉਂਦਾ, ਭਾਵ ਸਭ ਜ਼ਮੀਰ ਕਰਕੇ ਮਰੇ ਹੋਏ ਹਨ।

= ਬਾਦਸ਼ਾਹ ਚੜਿਓ ਅਹੰਕਾਰਿ।। ਗਜ ਹਸਤੀ ਦੀਨੋ ਚਮਕਾਰਿ।। ੫।।

ਮੇਰੇ ਵਲੋਂ ਦਿੱਤੀਆਂ ਦਲੀਲਾਂ ਅਤੇ ਸੱਚ ਤੋਂ ਨਾਂ ਥਿੜਕਦਾ ਵੇਖ, ਬਾਦਸ਼ਾਹ ਗੁੱਸੇ ਵਿੱਚ ਆ ਗਿਆ, ਮੇਰੇ ਉਤੇ ਹਾਥੀ ਚਾੜ੍ਹਨ ਦਾ ਹੁਕਮ ਦਿੱਤਾ। ਕਿਉਂਕਿ ਖਾਸ ਕਰ ਬ੍ਰਾਹਮਣ ਤੇ ਕਾਜ਼ੀ ਮੁਲਾਣਿਆਂ ਦੀ ਚੁੱਕਣਾ ਵਿੱਚ ਸਾਡੀ ਅਵਾਜ਼ ਦਬਾਉਣੀ ਚਾਹੁੰਦਾ ਸੀ।

= ਰੁਦਨ ਕਰੈ ਨਾਮੇ ਕੀ ਮਾਇ।। ਛੋਡਿ ਰਾਮੁ ਕੀ ਨ ਭਜਹਿ ਖੁਦਾਇ।। ੬।।

ਅਜਿਹੇ ਹਾਲਾਤਾਂ ਨੂੰ ਵੇਖ ਕੇ ਮਮਤਾ ਮਾਰੀ ਮੇਰੀ ਮਾਂ ਘਬਰਾ ਗਈ ਤੇ ਵਿਰਲਾਪ ਕਰਦੀ ਹੋਈ ਆਖਣ ਲੱਗੀ, ਪੁੱਤਰ! ਤੇਰੇ ਨਿਰੰਕਾਰੀ ਰੱਬ ਵਾਲੀ ਗੱਲ ਇਹਨਾਂ ਨੂੰ ਪਸੰਦ ਨਹੀਂ, ਤੂੰ ਆਪਣੀ ਜਾਨ ਬਚਾਉਣ ਲਈ ਇਹਨਾਂ ਦੇ ਅਨੁਸਾਰ ਖੁਦਾ ਆਖ ਦੇਹ। ਭਾਵ ਇਹਨਾਂ ਦੀ ਬੋਲੀ ਬੋਲ।

= ਨ ਹਉ ਤੇਰਾ ਪੂੰਗੜਾ ਨ ਤੂ ਮੇਰੀ ਮਾਇ।। ਪਿੰਡੁ ਪੜੈ ਤਉ ਹਰਿ ਗੁਨ ਗਾਇ।। । ੭।।

ਹੇ ਮਾਂ! ਤੂੰ ਮੈਨੂੰ ਜਨਮ ਦਿਤਾ ਪਾਲਿਆ ਤੇਰਾ ਧੰਨਵਾਦ। ਪਰ ਅਜਿਹੀ ਗੁਲਾਮੀ ਵਾਲੀ ਸਿਖਿਆ ਦੇਣ ਵਾਲੀ ਤੂੰ ਮੇਰੀ ਮਾਂ ਹੀ ਨਹੀਂ ਹੋ ਸਕਦੀ। ਮੈਂ ਤੇਰਾ ਪੁੱਤਰ ਹੋਣ ਤੋਂ ਇਨਕਾਰ ਕਰਦਾ ਹਾਂ। ਮੇਰਾ ਸਰੀਰ ਭਾਵੇਂ ਟੁਕੜੇ ਟੁਕੜੇ ਹੋ ਜਾਵੇ, ਪਰ ਸੱਚ ਹੱਕ ਵਾਲੇ ਅਸੂਲ ਨਹੀਂ ਛੱਡਾਂਗਾ। (ਅੱਜ ਵੀ ਗੁਰਬਾਣੀ ਦੇ ਸੱਚ ਹੱਕ, ਅਜ਼ਾਦੀ ਵਾਲੇ ਵਿਚਾਰਾ ਤੋਂ ਡੇਗਣ ਵਾਲਿਆਂ ਤੋਂ ਸੁਚੇਤ ਹੋਣ ਦੀ ਲੋੜ ਹੈ, ਜਿਨ੍ਹਾਂ ਵਿੱਚ ਰਾਜਨੀਤਕ ਆਗੂ, ਜਥੇਦਾਰ, ਅਖੌਤੀ ਸੰਤ ਬ੍ਰਹਮਗਿਆਨੀ, ਇਥੋ ਤੱਕ ਕਿ ਆਪਣੇ ਨੇੜੇ ਵਾਲਿਆਂ ਦੀ ਕਮਜ਼ੋਰ ਸਲਾਹ ਦੀ ਵੀ ਲੋੜ ਨਹੀ।)

= ਕਰੈ ਗਜਿੰਦੁ ਸੁੰਡ ਕੀ ਚੋਟ।। ਨਾਮਾ ਉਬਰੈ ਹਰਿ ਕੀ ਓਟ।। ੮।।

ਹਾਥੀ ਸੁੰਡ ਨਾਲ ਸੱਟਾਂ ਮਾਰਦਾ ਹੈ, ਪਰ ਮੈਂ ਰੱਬ ਜੀ ਦੀ ਕਿਰਪਾ ਨਾਲ ਬਚ ਜਾਂਦਾ ਰਿਹਾ। (ਨੋਟ: ਇਥੋਂ ਨਾਮਦੇਵ ਜੀ ਦੇ ਸਾਥੀ ਆ ਗਏ ਲਗਦੇ ਹਨ ਕਿਉਂਕਿ ਇਸ ਤੋਂ ਅੱਗੇ ਬਾਦਸ਼ਾਹ ਦਾ ਵਤੀਰਾ ਬਦਲਦਾ ਪ੍ਰਤੀਤ ਹੁੰਦਾ ਹੈ।)

= ਕਾਜੀ ਮੁਲਾਂ ਕਰਹਿ ਸਲਾਮੁ।। ਇਨਿ ਹਿੰਦੂ ਮੇਰਾ ਮਲਿਆ ਮਾਨੁ।। ੯।।

ਬਾਦਸ਼ਾਹ ਆਖਦਾ ਹੈ ਕਾਜ਼ੀ ਮੁਲਾਂ ਸਮੇਤ ਸਾਰੇ ਮੈਨੂੰ ਨਮਸਕਾਰਾਂ ਕਰਦੇ ਹਨ ਪਰ ਇੱਕ ਹਿੰਦੂ ਝੁਕਣ ਤੋਂ ਇਨਕਾਰੀ ਹੈ, ਇਸ ਤਰਾਂ ਤਾਂ ਮੇਰੀ ਬਹੁਤ ਬੇਇਜ਼ਤੀ ਹੋ ਰਹੀ ਹੈ। (ਭਾਵੇਂ ਨਾਮਦੇਵ ਹਿੰਦੂ ਹੋਣ ਤੋਂ ਇਨਕਾਰ ਕਰਦੇ ਹਨ, “ਹਿੰਦੂ ਅੰਨਾ ਤੁਰਕੁ ਕਾਣਾ” ਪਰ ਮੁਸਲਮਾਨ ਹਿੰਦੂ ਕਹਿ ਕੇ ਹੀ ਪੁਕਾਰਦਾ ਸੀ ਜਿਵੇਂ ਸਿਖਾਂ ਨੂੰ ਹਿੱਕ ਦੇ ਜੋਰ ਅਜੇ ਤੱਕ ਹਿੰਦੂ ਹੀ ਕਿਹਾ ਜਾ ਰਿਹਾ ਹੈ।

= ਬਾਦਸ਼ਾਹ ਬੇਨਤੀ ਸੁਨੇਹੁ।। ਨਾਮੇ ਸਰ ਭਰਿ ਸੋਨਾ ਲੇਹੁ।। ੧0. ।

ਮੇਰੇ (ਨਾਮਦੇਵ ਦੇ) ਹਮਦਰਦ ਲੋਕਾਂ ਇੱਕਠੇ ਹੋ ਕੇ ਰਾਜੇ ਅੱਗੇ ਨਿਮਰਤਾ ਨਾਲ ਬੇਨਤੀ ਕੀਤੀ ਕਿ ਅਸੀਂ ਨਾਮਦੇਵ ਦੇ ਬਰਾਬਰ ਸੋਨਾ ਤੋਲ ਕੇ ਦੇਣ ਨੂੰ ਤਿਆਰ ਹਾਂ, ਪਰ ਇਸ ਨੇਕ ਇਨਸਾਨ ਨੂੰ ਛੱਡ ਦਿਉ। ਗਰੀਬ ਲੋਕਾਂ ਕੋਲ ਇੰਨਾ ਸੋਨਾ ਹੋਣਾ ਔਖਾ ਹੈ, ਪਰ ਪਿਆਰੇ ਲਈ ਕੁੱਝ ਵੀ ਹੋ ਸਕਦਾ ਹੈ।

= ਮਾਲੁ ਲੇਉ ਤਉ ਦੋਜਕਿ ਪਰਉ।। ਦੀਨੁ ਛੋਡਿ ਦੁਨੀਆਂ ਕਉ ਭਰਉ।। ੧੧।।

ਰਾਜੇ ਆਖਿਆ ਨਹੀ, ਮੇਰਾ ਮਜ਼ਹਰਬ ਮੈਨੂੰ ਰਿਸ਼ਵਤ ਲੈਣ ਦੀ ਆਗਿਆ ਨਹੀਂ ਦਿੰਦਾ। ਇਸ ਤਰਾਂ ਮੈਂ ਧਰਮ ਤੋਂ ਗਿਰ ਕੇ ਨਰਕਾਂ ਦਾ ਭਾਗੀਦਾਰ ਨਹੀਂ ਬਣਨਾ ਚਾਹੁੰਦਾ।

= ਪਾਵਹੁ ਬੇੜੀ ਹਾਥਹੁ ਤਾਲ।। ਨਾਮਾ ਗਾਵੈ ਗੁਨ ਗੋਪਾਲ।। ੧੨।।

ਮੈਨੂੰ ਬੇੜੀਆਂ ਹੱਥਕੜੀਆਂ ਨਾਲ ਜਕੜਿਆ ਹੋਇਆ ਸੀ। ਫਿਰ ਵੀ ਜਿਵੇਂ ਹੱਸ ਕੇ ਬੇਖੌਫ ਰੱਬ ਦੀ ਰਜ਼ਾ ਵਿੱਚ ਉਸਦੇ ਗੁਣ ਗਾਉਂਦਾ ਰਿਹਾ। (ਸ਼ਾਇਦ ਨਾਮਦੇਵ ਜੀ ਨੇ ਕਰਾਰੀ ਝਾੜ ਮਾਰੀ ਹੋਣੀ, ਹੇ ਰਾਜਨ! ਰਿਸ਼ਵਤ ਲੈਣੀ ਦੋਜ਼ਕ ਪੈਣਾ ਹੈ ਤਾਂ ਸਚਾਈ ਕੁਚਲਣਾ ਗਰੀਬਾਂ ਤੇ ਜ਼ੁਲਮ ਕਰਨਾ ਕਿਹੜਾ ਧਰਮ ਹੈ?)

= ਗੰਗ ਜਮੁਨ ਜਉ ਉਲਟੀ ਬਹੈ।। ਤਉ ਨਾਮਾ ਹਰਿ ਕਰਤਾ ਰਹੈ।। ੧੩।।

ਗੰਗਾ ਜਮੁਨਾ ਦਰਿਆਵਾਂ ਦੇ ਵਹਿਣ ਤਾਂ ਬੇਸ਼ੱਕ ਉਲਟੇ ਵਹਿਣ, ਪਰ ਮੈਂ ਕਿਸੇ ਤਰਾਂ ਦੇ ਡਰਾਵਿਆਂ ਅੱਗੇ ਨਹੀਂ ਝੁਕਾਂਗਾ। (ਨੋਟ:-੮ ਬੰਦ ਤੋਂ ਲੈ ਕੇ ੧੩ ਬੰਦ ਤਕ ਪੱਖ ਪੇਸ਼ ਕਰਦਿਆਂ ਸਜਾ ਤੇ ਰੋਕ ਵੀ ਲਗ ਗਈ ਜਾਪਦੀ ਹੈ, ਅਤੇ ਹੋਰ ਸਮਾਂ ਵੀ ਮਿਲ ਗਿਆ ਜਾਪਦਾ ਹੈ, ਕਿਉਂਕਿ ਪਹਿਲਾਂ ਹਾਥੀ ਦੇ ਪੈਰਾਂ ਥੱਲੇ ਕੁਚਲਣ ਦਾ ਹੁਕਮ ਹੋ ਚੁਕਾ ਸੀ।)

= ਸਾਤ ਘੜੀ ਜਬ ਬੀਤੀ ਸੁਣੀ।। ਅਜਹੁ ਨ ਆਇਓ ਤ੍ਰਿਭਵਣ ਧਣੀ।। ੧੪।।

ਬਾਦਸ਼ਾਹ ਨੇ ਸੱਤ ਘੜੀਆਂ ਮਸਲੇ ਨੂੰ ਸੁਲਝਾਉਂਦਆਂ ਲਗਾ ਦਿੱਤੀਆ, ਤੇ ਹੋਰ ਸਮਾਂ ਨਾਂ ਦੇਣ ਬਾਰੇ ਵੀ ਆਖਿਆ ਤੇ ਹੋਰ ਉਲਝਾਉਂਦਿਆਂ ਇਹ ਵੀ ਆਖਿਆ ਤੇਰਾ ਰੱਬ (ਪੱਖ) ਅਜੇ ਤੱਕ ਪ੍ਰਗਟ ਨਹ਼ੀ ਹੋਇਆ। ਸਿਰਫ ਆਪਣੇ ਗਲਤ ਫੈਸਲੇ ਨੂੰ ਵੀ ਧੱਕੇ ਨਾਲ ਠੀਕ ਸਾਬਤ ਕਰਨਾ ਚਾਹੁੰਦਾ ਸੀ। (ਇਵੇਂ ਹੋ ਰਿਹਾ ਪ੍ਰਤੀਤ ਹੁੰਦਾ ਹੈ ਜਿਵੇਂ ਗਵਾਹ ਤੇ ਸਬੂਤ ਹੁੰਦਿਆਂ ੧੯੪੭ ਤੋਂ ਪਹਿਲਾ ੧੯੪੭ ਤੋਂ ਬਾਅਦ ਤੇ ੧੯੮੪ ਵੇਲੇ ਦੇ ਕਤਲਿਆਮ ਦਾ ਸਿਖਾਂ ਨੂੰ ਕੋਈ ਇਨਸਾਫ ਜਾਣ ਬੁਝ ਕੇ ਨਾ ਦਿਤਾ ਗਿਆ।)

= ਪਾਖੰਤਣ ਬਾਜ ਬਜਾਇਲਾ।। ਗਰੁੜ ਚੜੇ ਗੋਬਿੰਦ ਆਇਲਾ।। ੧੫।।

ਇਕ ਦਮ ਖੰਬਾਂ ਦੀ ਫੜਫੜਾਹਟ ਸੁਣੀ ਕਿਉਂਕਿ ਗਰੁੜ ਤੇ ਚੜ ਕੇ ਗੋਬਿੰਦ ਆ ਗਿਆ।

(ਨੋਟ:- ਗੁਰਮਤਿ ਰੱਬ ਨੂੰ ਅਜੂਨੀ ਮੰਨਦੀ ਹੈ ਉਹ ਕਦੀ ਵੀ ਜੂਨਾਂ ਵਿੱਚ ਨਹੀਂ ਆਉਂਦਾ, ਸਗੋਂ ਕਰੜੀ ਚਿਤਾਵਨੀ ਦਿਤੀ ਹੈ:-ਸੋ ਮੁਖ ਜਲਉ ਜਿਤ ਕਹਹਿ ਠਾਕੁਰ ਜੋਨੀ।। ਪੰਨਾ ੧੧੩੬) ਗਰੁੜ ਕੀ ਹੈ:- ਵਿਨਤਾ ਦੇ ਗਰਭ ਤੋਂ ਕਸ਼ਯਪ ਦਾ ਪੁੱਤਰ, ਜੋ ਵਿਸ਼ਨੂੰ ਦੀ ਸਵਾਰੀ ਅਤੇ ਪੰਛੀਆਂ ਦਾ ਰਾਜਾ ਲਿਖਿਆ ਹੈ। ਇਸ ਦਾ ਅੱਧਾ ਧੜ ਪੰਛੀ ਦਾ ਤੇ ਉਪਰਲਾ ਭਾਗ ਮਨੁਖ ਦਾ ਹੈ। (ਜੋ ਹੋ ਹੀ ਨਹੀਂ ਸਕਦਾ) ਮਹਾਂਭਾਰਤ ਵਿੱਚ ਲਿਖਿਆ ਹੈ ਕਿ ਜਦ ਗਰੁੜ ਦੇਵਤਿਆਂ ਨੂੰ ਜਿਤ ਕੇ ਸੁਰਗ ਤੋਂ ਅੰਮ੍ਰਿਤ ਲੈ ਆਇਆ ਤਾਂ ਵਿਸ਼ਨੂੰ ਨੇ ਰੀਝ ਕੇ ਆਖਿਆ ਕਿ ਵਰ ਮੰਗ, ਗਰੁੜ ਨੇ ਕਿਹਾ ਕਿ ਮੈਂ ਸਦਾ ਆਪ ਦੇ ਉਪਰ ਰਹਾਂ, ਵਿਸ਼ਨੂੰ ਨੇ ਇਹ ਗੱਲ ਮੰਨ ਲਈ, ਪਰ ਗਰੁੜ ਨੇ ਮਨ ਵਿੱਚ ਸੋਚਿਆ ਕਿ ਇਹ ਗੱਲ ਚੰਗੀ ਨਹੀਂ ਹੋਈ, ਕਿਉਂਕਿ ਅਜਿਹਾ ਹੋਣ ਤੋਂ ਵਿਸ਼ਨੂੰ ਦਾ ਅਪਮਾਨ ਹੋਵਾਗੇ। ਗਰੁੜ ਨੇ ਵਿਸ਼ਨੂ ਨੂੰ ਆਖਿਆ ਕਿ ਆਪ ਮੇਰੇ ਤੋਂ ਕੋਈ ਵਰ ਲੈ ਲਓ, ਵਿਸ਼ਨੂ ਨੇ ਆਖਿਆ ਕਿ ਤੂ ਮੇਰੀ ਸਵਾਰੀ ਬਣ ਜਾ। ਹੁਣ ਚਿੰਤਾ ਇਹ ਹੋਈ ਕਿ ਦੋਹਾਂ ਨੂੰ ਇੱਕ ਦੂਜੇ ਦੇ ਹੇਠ ਉਤੇ ਹੋਣਾ ਪਿਆ, ਅੰਤ ਵੱਡੀ ਵਿਚਾਰ ਪਿਛੋਂ ਇਹ ਫੈਸਲਾ ਹੋਇਆ ਕਿ ਗਰੁੜ ਵਿਸ਼ਨੂ ਦੇ ਝੰਡੇ ਉਪਰ ਰਹੇ (੩੯੯ ਪੰਨਾ ਮਹਾਨ ਕੋਸ਼) (ਇਹ ਹੇਠਾਂ ਉਤੇ ਵਾਲਾ ਸਿਲਸਲਾ ਆਪਣੇ ਆਪ ਵਿੱਚ ਵੱਡਾ ਭੰਬਲਭੂਸਾ ਹੈ, ਅਜਿਹੀਆਂ ਕਹਾਣੀਆਂ ਨਾ ਹੀ ਸੱਚ ਹਨ ਅਤੇ ਨਾ ਹੀ ਮਨੁੱਖਤਾ ਦਾ ਕੁੱਝ ਸੰਵਾਰ ਸਕਦੀਆਂ ਹਨ।) ਗਰੁੜੁ:- ਸੱਪ ਦਾ ਵਿਹੁ ਦੂਰ ਕਰਨ ਦੀ ਦਵਾਈ, ਗੁਰ ਸ਼ਬਦ ਰੂਪ ਗਰੁੜ ਚੱਟਿਆ। (੪00 ਪੰਨਾ ਮਹਾਨ ਕੋਸ਼)

“ਸੌ ਹੱਥ ਰੱਸਾ” ! ਪਹਿਲੀ ਗੱਲ ਤਾਂ ਇਹ, ਪਈ ਰੱਬ ਸਰੀਰ ਧਾਰਕੇ ਕਦੀ ਨਹੀਂ ਆਉਂਦਾ। ਇਹ ਨਿਰੋਲ ਕਲਪਣਾ ਹੈ ਕਿ ਰੱਬ ਕੋਈ ਅਵਤਾਰੀ ਪੁਰਸ਼ ਜਾਂ ਜੀਵ ਜੰਤੂਆਂ ਦੇ ਰੂਪ ਵਿੱਚ ਆਉਂਦਾ ਹੈ। ਫਿਰ ਗਰੁੜ ਇੱਕ ਛੋਟਾ ਪੰਛੀ ਹੈ, ਅਕਾਲ ਪੁਰਖ ਕੁਲ ਕਾਇਨਾਤ ਦਾ ਮਾਲਕ। ਕੀ ਮਾਮੂਲੀ ਨਿਕੇ ਜਿਹੇ ਪੰਛੀ ਦੀ ਸਵਾਰੀ ਕਰਦਾ ਆ ਗਿਆ? ਫਿਰ ਉਹ ਕਿਹੜਾ ਗਰੁੜ ਸੀ ਜਿਸ ਰਾਹੀਂ ਰੱਬ ਬਹੁੜਿਆ? (ਨੋਟ:-੧ ਗਰੁੜ ਇੱਕ ਪੰਛੀ, ੨ ਸੱਪ ਦਾ ਜ਼ਹਿਰ ਉਤਾਰਨ ਵਾਲਾ ਗਾਰੁੜੀ ਮੰਤ੍ਰ, ੩ ਮਾਇਆ ਨਾਗਣੀ ਦਾ ਜ਼ਹਿਰ ਉਤਾਰਨ ਲਈ ਸ਼ਬਦ ਰੂਪੀ ਮੰਤ੍ਰ) ਜਿਵੇਂ:-

(੧) ਬਿਖੁ ਕਾ ਮਾਰਣੁ ਹਰਿ ਨਾਮ ਹੈ ਗੁਰ ਗਰੁੜ ਸਬਦੁ ਮੁਖਿ ਪਾਇ।। (ਸਲੋਕ ਵਾਰਾਂ ਤੇ ਵਧੀਕ ਮ: ੩ ਪੰਨਾ ੧੪੧੫)

(੨) ਗਰੁੜੁ ਸਬਦੁ ਮੁਖਿ ਪਾਇਆ ਹਉਮੈ ਬਿਖੁ ਹਰਿ ਮਾਰੀ।। (ਮਲਾਰ ਮ: ੩ ਪੰਨਾ ੧੨੬0)

(੩) ਚਹੁ ਦਿਸ ਫੂਲਿ ਰਹੀ ਬਿਖਿਆ ਬਿਖੁ ਗੁਰ ਮੰਤ੍ਰ ਮੂਖਿ ਗਰੁੜਾਰੀ।। (ਸਾਰਗ ਮ: ੫ ਪੰਨਾ ੧੨0੯)

(੪) ਬਿਸੀਅਰ ਬਿਸੂ ਭਰੇ ਹੈ ਪੂਰਨ ਗੁਰੁ ਗਰੁੜ ਸਬਦੁ ਮੁਖਿ ਪਾਵੈਗੋ।। (ਕਾਨਡਾ ਮ: ੪ ਪੰਨਾ ੧੩੧0)

(੫) ਹਰਿ ਪ੍ਰਭ ਆਨਿ ਮਿਲਾਵਉ ਗੁਰ ਸਾਧੂ ਘਸਿ ਗਰੁੜੁ ਸਬਦੁ ਮੁਖਿ ਲੀਠਾ।। (ਗਉੜੀ ਮ: ੪ ਪੰਨਾ ੧੭੧)

ਵਿਚਾਰ ਅਧੀਨ ਉਪਰੋਕਤ ਸ਼ਬਦ ਵਿੱਚ ਸਿਧੇ ਅੱਖਰੀ ਅਰਥ ਨਹੀਂ ਹੋ ਸਕਦੇ, ਬਹੁਤੀਂ ਥਾਈਂ ਭਾਵ ਅਰਥ ਕਰਨੇ ਪੈਣਗੇ, ਹੋਰ ਵੀ ਸ਼ਬਦ ਹਨ ਜਿਵੇਂ:-

(੧) ਫੀਲੁ ਰਬਾਬੀ ਬਲਦੁ ਪਖਾਵਜ ਕਉਆ ਤਾਲ ਬਜਾਵੈ।।

ਪਹਿਰਿ ਚੋਲਨਾ ਗਦਹਾ ਨਾਚੈ ਭੈਸਾ ਭਗਤਿ ਕਰਾਵੈ।। ੧।। (ਆਸਾ ਕਬੀਰ ਪੰਨਾ ੪੭੧)

(੨) ਕੋਈ ਬੋਲੈ ਨਿਰਵਾ ਕੋਈ ਬੋਲੈ ਦੂਰਿ।।

ਜਲ ਕੀ ਮਾਛੁਲੀ ਚਰੈ ਖਜੂਰਿ।। ੧।। (ਟੋਡੀ ਨਾਮਦੇਵ ਪੰਨਾ ੭੨੯)

ਸੋ ਨਾਮਦੇਵ ਜੀ ਦੀ ਨੇਕੀ ਦੇ ਤਦੋਂ ਚਾਰੇ ਪਾਸੇ ਡੰਕੇ ਵੱਜ ਚੁਕੇ ਸਨ। ਬ੍ਰਾਹਮਣਾਂ, ਮੌਲਾਣਿਆਂ ਨੂੰ ਉਹ ਪਹਿਲਾਂ ਵੀ ਕਈ ਵਾਰ ਵੰਗਾਰ ਚੁਕੇ ਸਨ। ਇਸ ਤਰਾਂ ਇਹਨਾਂ ਦੀ ਨੇ ਕੀ, ਪਰਉਪਕਾਰ, ਨਿਡਰਤਾ, ਸੱਚ ਤੇ ਪਹਿਰਾ ਦੇਣ ਵਾਲਾ, ਗਰੀਬਾਂ ਦਾ ਸਮੱਰਥਕ ਹੋਣ ਕਰਕੇ ਕਾਫੀ ਲੋਕ ਇਹਨਾਂ ਦੇ ਇੱਕ ਇਸ਼ਾਰੇ ਤੇ ਜਾਨ ਵਾਰਨ ਵਾਲੇ ਪੈਦਾ ਹੋਣ ਲਗ ਪਏ ਸਨ। ਜਦੋਂ ਹਮੈਤੀਆਂ ਨੂੰ ਪਤਾ ਲਗਦਾ ਗਿਆ ਕਿ ਨਾਮਦੇਵ ਜੀ ਨੂੰ ਬਗੈਰ ਕਸੂਰ ਤੋਂ ਬੰਨ ਕੇ ਹਾਥੀ ਅੱਗੇ ਸੁੱਟਿਆ ਗਿਆ ਹੈ ਤਾਂ ੳਹੁ ਵੀ ਵਹੀਰਾਂ ਘੱਤ ਕੇ ਉਧਰ ਨੂੰ ਚੱਲ ਪਏ। ਗੁਰਬਾਣੀ ਵਿੱਚ ਬੇਅੰਤ ਜਗਾ ਸੰਗਤ ਦੀ ਮਹਿਮਾ ਗਾਈ ਹੈ ਜਿਵੇਂ “ਵਿਚਿ ਸੰਗਤਿ ਹਰਿ ਪ੍ਰਭੁ ਵਸੈ ਜੀਉ।।” (ਪੰਨਾ ੯੪) ਜਦੋਂ ਨਾਮਦੇਵ ਜੀ ਦਾ ਛੱਪਰ ਬਣਾਉਣ ਸਬੰਧੀ ਸ਼ਬਦ ਪੜਦੇ ਹਾਂ ਤਾਂ ਓਥੇ ਵੀ ਸਤਸੰਗੀ ਜਨਾਂ ਦੇ ਨਾਮੇ ਨੇ ਪਿਆਰ ਵਿੱਚ ਭਿੱਜ ਕੇ, ਬਹੁਤ ਛੇਤੀ ਉਨਾਂ ਦਾ ਸੁੰਦਰ ਮਕਾਨ ਤਿਆਰ ਕਰ ਦਿੱਤਾ। ਇਸ ਸੋਹਣੇ ਮਕਾਨ ਨੂੰ ਵੇਖ ਕੇ ਗੁਆਂਢਣ ਭੈਣ ਪੁਛਦੀ ਹੈ ਕਿ ਕਿਵੇਂ ਤਿਆਰ ਕੀਤਾ ਇਹ ਮਕਾਨ? (ਅਸਲ ਵਿੱਚ ਇਥੇ ਵੀ ਜੀਵਨ ਛੱਪਰੀ ਦਾ ਸਤਸੰਗੀਆਂ ਦੁਆਰਾ ਸੋਹਣਾ ਬਣਨਾ ਹੀ ਹੈ) ਤਾਂ ਨਾਮਦੇਵ ਜੀ ਦਸਦੇ ਹਨ:-

ਪਾੜ ਪੜੋਸਣਿ ਪੂਛ ਲੇ ਨਾਮਾ ਕਾ ਪਹਿ ਛਾਨਿ ਛਵਾਈ ਹੋ।।

ਤੋ ਪਹਿ ਦੁਗਣੀ ਮਜੂਰੀ ਦੈਹਉ ਮੋ ਕਉ ਬੇਢੀ ਦੇਹੁ ਬਤਾਈ ਹੋ।। ੧।।

ਰੀ ਬਾਈ ਬੇਢੀ ਪ੍ਰਾਨ ਅਧਾਰਾ।। ੧।। ਰਹਾਉ।। (ਘਰੁ ੪ ਸੋਰਠਿ ਨਾਮਦੇਵ ਪੰਨਾ ੬੬੬)

ਇਥੇ ਵੀ ਛੱਪਰੀ ਰੱਬ ਨੇ ਸਰੀਰ ਧਾਰਨ ਕਰਕੇ ਨਹੀਂ ਬਣਾਈ ਸਗੋਂ ਸਤਸੰਗੀ ਜਨਾਂ ਨੂੰ ਹੀ ਰੱਬ ਰੂਪ ਗੁਰਮਤਿ ਪਰਵਾਨ ਕਰਦੀ ਹੈ ਜਿਵੇ:-

ਕਬੀਰ ਪਾਨੀ ਹੂਆ ਤ ਕਿਆ ਭਇਆ ਸੀਰਾ ਤਾਤਾ ਹੋਇ।।

ਹਰਿ ਜਨ ਐਸਾ ਚਾਹੀਐ ਜੈਸਾ ਹਰਿ ਹੀ ਹੋਇ।। ੧੪੯।। (ਸਲੋਕ ਕਬੀਰ ਪੰਨਾ ੧੩੯੮)

ਜਿਨਾ ਨ ਵਿਸਰੈ ਨਾਮ ਸੇ ਕਿਨੇਹਿਆ।। ਭੇਦ ਨਾ ਜਾਣਹੁ ਮੂਲਿ ਸਾਈ ਜੇਹਿਆ।। (ਆਸਾ ਮ: ੫ ਪੰਨਾ: ੪0੧)

ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ।। ਕਨਿਕ ਕਟਿਕ ਜਲ ਤਰੰਗ ਜੈਸਾ।। (ਸਿਰੀਰਾਗੁ ਰਵਿਦਾਸ ਜੀ ਪੰਨਾ ੯੪)

ਸੁਖੁ ਦੁਖੁ ਜਿਹ ਪਰਸੈ ਨਹੀ ਲੋਭੁ ਮੋਹੁ ਅਭਿਮਾਨੁ।।

ਕਹੁ ਨਾਨਕ ਸੁਨੁ ਰੇ ਮਨਾ ਸੋ ਮੂਰਤਿ ਭਗਵਾਨ।। ੧੩।। (ਸਲੋਕ ਮ: ੯ ਪੰਨਾ: ੧੪੨੮)

ਅਬ ਤਉ ਜਾਇ ਚਢੇ ਸਿੰਘਾਸਨਿ ਮਿਲੇ ਹੈ ਸਾਰਿੰਗਪਾਨੀ।।

ਰਾਮ ਕਬੀਰਾ ਏਕ ਭਏ ਹੈ ਕੋਇ ਨ ਸਕੈ ਪਛਾਨੀ।। (ਰਾਮਕਲੀ ਕਬੀਰ ਪੰਨਾ: ੯੮੬)

ਸੋ ਇਹਨਾ ਸਤਸੰਗੀ ਜਨਾਂ ਨੇ ਹੀ ਰੱਬ ਰੂਪ ਅਖਵਾਉਣਾ ਹੈ। ਹੁਣ ਸਮਝ ਪਈ ਕਿ ਨਾਮਦੇਵ ਜੀ ਕੋਲ ਕਿਹੜਾ ਭਗਵਾਨ ਕਿਹੜੇ ਗਰੁੜ ਤੇ ਚੜ ਕੇ ਆਇਆ ਹੈ। ਗਰੁੜ:- ਸ਼ਬਦ ਉਪਦੇਸ਼ ਰੂਪੀ ਗਰੁੜ। ਗੋਬਿੰਦ:- ਗੋਬਿੰਦ ਰੂਪ ਸਤਸੰਗੀ ਜਨ। ਰੱਬ ਵਰਗੇ ਸਤਸੰਗੀ ਜਨ ਜਿਵੇਂ ਨਾਮਦੇਵ ਜੀ ਦੇ ਮਕਾਨ ਤਿਆਰ ਕਰਨ ਲਈ ਬਣਦਾ ਸਰਦਾ ਖਰਚਾ ਵੀ ਪੱਲਿਓਂ ਕੀਤਾ ਸੇਵਾ ਵੀ ਹੱਥੀਂ ਕੀਤੀ ਸੋਹਣਾ ਮਕਾਨ ਵੇਖਦਿਆਂ ਹੀ ਤਿਆਰ ਹੋ ਗਿਆ। ਇਸੇ ਤਰ੍ਹਾਂ ਬਾਦਸ਼ਾਹ ਦੀ ਕਚਿਹਰੀ ਵਿੱਚ ਵੀ ਨਾਮਦੇਵ ਦੇ ਹਮੈਤੀ ਕਾਫੀ ਗਿਣਤੀ ਵਿੱਚ ਪੁੱਜੇ।

= ਅਪਨੇ ਭਗਤ ਪਰਿ ਕੀ ਪ੍ਰਤਿਪਾਲ।। ਗਰੁੜ ਚੜੇ ਆਏ ਗੋਪਾਲ।। ੧੯।।

ਆਪਣੇ ਸੇਵਕ ਦੀ ਰੱਖਿਆ ਲਈ ਗਰੁੜ ਤੇ (ਸੱਚ ਸ਼ਬਦ) ਪ੍ਰਭੂ ਜੀ (ਸਤਸੰਗੀ ਰੂਪ) ਆਏ। ਬਹੁਤ ਸਿਰ ਖਪਾਈ ਤੋਂ ਬਾਅਦ ਫਿਰ ਵੀ ਗਰੀਬਾਂ, ਸੱਚ ਦੇ ਪਾਂਧੀਆਂ ਨੂੰ ਕੋਈ ਨਿਆਂ ਦੀ ਆਸ ਨਾ ਬੱਝੀ ਤਾਂ ਗਰੁੜ ਤੇ ਚੜ ਕੇ ਆਏ ਗੋਪਾਲ (ਬਹਾਦਰ ਲੋਕਾਂ) ਮੈਨੂੰ ਆਖਿਆ:-

= ਕਹਹਿ ਤ ਧਰਣਿ ਇਕੋਡੀ ਕਰਉ।। ਕਹਹਿ ਤ ਲੇ ਕਰਿ ਉਪਰਿ ਧਰਉ।। ੧੭।।

ਪ੍ਰਭੂ ਪਿਆਰ ਵਾਲੇ ਸਤਸੰਗੀਆਂ ਨੇ ਕਿਹਾ ਨਾਮਦੇਵ ਜੀ! ਜੇ ਇਜ਼ਾਜ਼ਤ ਦਿਓ ਤਾਂ ਧਰਤੀ ਟੇਢੀ ਕਰ ਦੇਈਏ? ਆਖੇਂ ਤਾਂ ਹੇਠਲੀ ਉਪਰ ਕਰ ਦੇਈਏ? (ਨੋਟ:- ਇਸ਼ਾਰਾ ਰਾਜ ਭਾਗ ਟੇਡਾ ਕਰਨ ਵਲ ਹੈ। ਰਾਜ ਭਾਗ ਟੇਡਾ ਕਰਨ ਲਈ ਬਹੁ ਗਿਣਤੀ ਹੋਣੀ ਜ਼ਰੂਰੀ ਨਹੀਂ, ਦ੍ਰਿੜ ਇਰਾਦੇ ਦਾ ਹੋਣਾ ਜ਼ਰੂਰੀ ਹੈ। ੧੭0੮ ਈ: ਤੋਂ ਬਾਅਦ ਸਿਖਾਂ ਨੇ ਬਾਬਾ ਬੰਦ ਸਿੰਘ ਬਹਾਦਰ ਵੇਲੇ ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜਭਾਗ ਵੇਲੇ ਅਤੇ ਬੋਤਾ ਸਿੰਘ ਗਰਜਾ ਸਿੰਘ ਦੀ ਹੀ ਮਿਸਾਲ ਕਾਫੀ ਹੈ ਇਸ ਤੋਂ ਇਲਾਵਾ ਸਿੱਖਾਂ ਨੇ ਹੋਰ ਵੀ ਬਹੁਤ ਬਹਾਦਰੀ ਦੇ ਜ਼ੌਹਰ ਦਿਖਾਏ, ਗਿਣਤੀ ਭਾਵੇਂ ਥੋੜੀ ਸੀ।)

= ਕਹਹਿ ਤ ਮੁਈ ਗਉ ਦੇਊ ਜੀਆਇ।। ਸਭੁ ਕੋਈ ਦੇਖੈ ਪਤੀਆਇ।। ੧੮।।

ਜੇ ਆਖੇਂ ਤਾਂ ਮੁਰਦਿਆਂ ਵਰਗੇ (ਸੱਚ ਤੋਂ ਬੇਮੁਖ) ਹੋ ਚੁਕੇ ਲੋਕਾਂ ਕੋਲੋਂ ਬਹਾਦਰੀ ਵਾਲੇ ਕਾਰਜ ਕਰਵਾ ਦੇਈਏ ਭਾਵ ਜ਼ੁਲਮ ਦੀ ਹਾਮੀ ਇਹ ਵੀ ਨਹੀਂ ਭਰ ਸਕਦੇ। ਸਾਰੇ ਤਸੱਲੀ ਨਾਲ ਦੇਖ ਲੈਣਗੇ ਕਿ ਨਾਮਦੇਵ ਦੇ ਨਿਰਗੁਣ ਸਰਗੁਣ ਸਰੂਪ ਪ੍ਰਭੂ ਦੇ ਸਿਧਾਂਤ ਕਿੰਨੇ ਬਲਸ਼ਾਲੀ ਹਨ।

= ਨਾਮਾ ਪ੍ਰਣਵੈ ਸੇਲਮ ਸੇਲ।। ਗਊ ਦੁਹਾਈ ਬਛਰਾ ਮੇਲਿ।। ੧੯।।

ਨਾਮਦੇਵ ਨੇ ਆਖਿਆ ਰੱਸੀ ਪਾ ਕੇ ਗਾਂ ਵੱਸ ਕਰੋ। ਵੱਛਾ ਛੱਡ ਕੇ ਗਾਂ ਚੋ ਲਈ। (ਸੇਲਮ ਸੇਲ:-ਰੱਸੀ ਨਾਲ ਪਿਛਲੇ ਖੁਰ (ਪੈਰ) ਬੰਨ ਕੇ, ਮਹਾਨ ਕੋਸ਼ ਪੰਨਾ ੨੨੮) (ਗਊ:-ਗਰੀਬ ਜੰਤਾ, ਮਹਾਨ ਕੋਸ਼ ੩੮੯) ਜਿਵੇਂ ਵਸ ਵਿੱਚ ਕਰਕੇ ਗਊ ਚੋ ਲਈਦੀ ਹੈ ਇਸੇ ਤਰਾਂ ਧੀਰਜ ਵਿੱਚ ਰਹਿ ਕੇ ਹਕੂਮਤ ਨਾਲ ਸਿਝਣਾ ਹੈ। ਮੈ (ਨਾਮਦੇਵ) ਕੁੱਝ ਆਗੂਆਂ ਨੂੰ ਕਿਹਾ ਨਾਂ ਭਾਈ ਧੱਕਾ ਨਹੀਂ ਕਰਨਾ ਆਪਣੇ ਅਤੇ ਲੋਕਾਂ ਦੇ ਰੋਹ ਨੂੰ ਕਾਬੂ ਵਿੱਚ ਰਖਕੇ ਪੱਖ ਪੇਸ਼ਕਰਨਾ ਹੈ। ਐਨੀ ਛੇਤੀ ਸਹਿਜ ਸੱਚ ਦਾ ਪੱਲਾ ਨਹੀਂ ਛੱਡੀਦਾ।

ਖਿਮਾ ਧੀਰਜੁ ਕਰਿ ਗਊ ਲਵੇਰੀ ਸਹਜੇ ਬਛਰਾ ਖੀਰੁ ਪੀਐ।। (ਪ੍ਰਭਾਤੀ ਮ: ੧ ਪੰਨਾ 1359)

ਖਿਮਾ ਤੇ ਧੀਰਜ ਦੀ ਗਾਂ ਸਹਿਜ (ਟਿਕਾਅ) ਦਾ ਵੱਛਾ ਦੁੱਧ ਪੀਵੇ। (ਨੋਟ - ਹਿੰਸਾ ਗੁਰਮਤ ਦਾ ਅੰਗ ਨਹੀਂ ਹੈ। ਜੇ ਪਾਣੀ ਸਿਰੋਂ ਲੰਘ ਜਾਵੇ ਇਨਸਾਫ ਨਾਹ ਮਿਲੇ, ਸਾਰੇ ਹੀਲੇ ਵਸੀਲੇ ਖਤਮ ਹੋ ਜਾਣ ਫਿਰ ਸੰਘਰਸ਼ ਕਰਨਾ ਜਾਇਜ ਹੈ)

ਚੂੰ ਕਾਰ ਅਜ਼ ਹਮਾ ਹੀਲਤੇ ਦਰ ਗੁਜ਼ਸ਼ਤ।।

ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ।। (ਜ਼ਫ਼ਰਨਾਮਾ)

= ਦੂਧਹਿ ਦੁਹਿ ਜਬ ਮਟੁਕੀ ਭਰੀ।। ਲੇ ਬਾਦਿਸਾਹ ਕੇ ਆਗੈ ਧਰੀ।। ੨0. ।

ਦੁਧ ਚੋ ਕੇ ਮਟੁਕੀ (ਬਰਤਨ) ਭਰ ਕੇ ਬਾਦਸਾਹ ਦੇ ਅੱਗੇ ਧਰ ਦਿਤੀ, ਭਾਵ ਗੁਰਮੁਖਾਂ ਵੱਲੋਂ ਬਾਦਸਾਹ ਦੇ ਨੂਮਾਇਦਿਆਂ ਨਾਲ ਸਾਰੇ ਪੱਖ ਵਿਚਾਰਨ ਤੋਂ ਬਾਅਦ ਆਖ਼ਰ ਨਿਚੋੜ ਬਾਦਸ਼ਾਹ ਅੱਗੇ ਧਰ ਦਿਤਾ। (ਮਸਲਾ ਤਾਂ ਸਿਰਫ ਗਾਂ ਜਿੰਦਾ ਕਰਨ ਦਾ ਸੀ ਦੁਧ ਚੋਣ ਦੀ ਸ਼ਰਤ ਤਾਂ ਰੱਖੀ ਨਹੀਂ ਸੀ। ਕੁਦਰਤ ਨਾਲ ਖਿਲਵਾੜ ਕਰਨਾ, ਮਦਾਰੀਆਂ ਵਾਂਗ ਤਮਾਸ਼ੇ ਕਰਨੇ, ਗੁਰਮਤਿ ਦਾ ਅਸੂਲ ਨਹੀ। ਭਗਤ ਜਨ ਰਜ਼ਾ ਵਿੱਚ ਰਾਜ਼ੀ ਰਹਿੰਦੇ ਹੋਏ ਸੱਚ ਤੇ ਪਹਿਰਾ ਦਿੰਦੇ ਹੋਏ ਜੁਲਮ ਨਾਲ ਟਕਰਾ ਜਾਂਦੇ ਹਨ।)

= ਬਾਦਿਸਾਹੁ ਮਹਲ ਮਹਿ ਜਾਇ।। ਅਉਘਟ ਕੀ ਘਟ ਲਾਗੀ ਆਇ।। ੨੧।।

ਅਉਘਟ - ਔਖੀ ਘੜੀ, ਦੁਖਦਾਈ ਵੇਲਾ ਮਹਾਨ ਕੋਸ਼ ਪੰਨਾ: ੨੪)

ਇਸ ਸਾਰੇ ਘਟਨਾ ਕ੍ਰਮ ਤੋਂ ਬਾਅਦ ਰਾਜਾ ਆਪਣੇ ਮਹਿਲ ਵਿੱਚ ਚਲਾ ਗਿਆ, ਪਰ ਉਸਦਾ ਮਨ ਬਹੁਤ ਪ੍ਰੇਸ਼ਾਨ ਸੀ। (ਨੋਟ:- ਜਦੋਂ ਗਾਂ ਜਿੰਦਾ ਹੋ ਗਈ ਤਾਂ ਔਖਿਆਈ ਕਾਹਦੀ, ਕੰਮ ਨਿਬੜ ਗਿਆ, ਰੱਖੀ ਸ਼ਰਤ ਤੋਂ ਕੰਮ ਵੱਧ ਹੋ ਚੁਕਾ ਸੀ।

= ਕਾਜੀ ਮੁਲਾਂ ਬਿਨਤੀ ਫੁਰਮਾਇ।। ਬਖਸੀ ਹਿੰਦੂ ਮੈ ਤੇਰੀ ਗਾਇ।। ੨੨।।

ਰਾਜੇ ਵੱਲੋਂ ਭੇਜੇ ਕਾਜ਼ੀ ਮਉਲਾਣੇ ਮੇਰੇ (ਨਾਮਦੇਵ) ਕੋਲ ਆਏ, ਅਤੇ ਦੱਬੀ ਅਵਾਜ਼ ਨਾਲ ਆਖਣ ਲੱਗੇ, ਭਗਤ ਜੀ ਸਾਡੇ ਕੋਲੋਂ ਜ਼ਿਆਦਤੀ ਹੋ ਗਈ ਹੈ, ਰਾਜਾ (ਮੁਹੰਮਦ ਬਿਨ ਤੁਗਲਕ) ਵੀ ਮਹਿਸੂਸ ਕਰਦੇ ਹਨ। ਅਸੀਂ ਵੀ ਤੁਹਾਡੀਆਂ ਗਊਆਂ ਹਾਂ ਸਾਨੂੰ ਬਖਸ਼ ਦਿਉ।

ਰਾਜਾ ਜੀ ਇਹ ਵੀ ਚਾਹੁੰਦੇ ਹਨ ਕਿ ਤੁਸੀਂ ਦੱਸੋ ਤੁਹਾਡੀ ਅਤੇ ਤੁਹਾਡੇ ਸਾਥੀਆਂ ਦੀ ਕੀ ਸੇਵਾ ਕਰ ਸਕਦੇ ਹਾਂ?

(ਨੋਟ:- ਜਦੋਂ ਗਾਂ ਜੀਵਤ ਹੋ ਗਈ ਦੁਧ ਦੀ ਮਟਕੀ ਰਾਜੇ ਅੱਗੇ ਪੇਸ਼ਕਰ ਦਿਤੀ ਗਈ ਤਾਂ ਬਾਦਸ਼ਾਹ ਨੂੰ ਬਿਪਤਾ ਕਾਹਦੀ? ਜੇ ਕਰਾਮਾਤ ਰਾਹੀਂ ਨਾਮਦੇਵ ਜੀ ਗਊ ਜੀਵਤ ਕਰ ਸਕਦੇ ਹਨ, ਮੋਈ ਗਾਂ ਤੋਂ ਦੁਧ ਚੋ ਸਕਦੇ ਹਨ, ਤਾਂ ਕਰਾਮਾਤ ਦੁਆਰਾ ਜ਼ਾਲਮ ਬਾਦਸ਼ਾਹ ਨੂੰ ਹੀ ਖਤਮ ਕਿਉਂ ਨ ਕਰ ਦਿੱਤਾ? ਕਾਜ਼ੀਆਂ ਮੌਲਾਣਿਆਂ ਨੂੰ ਸਜ਼ਾ ਹੀ ਦੇ ਦਿੰਦੇ। ਇੱਕ ਗਊ ਜਿਵਾਲਣ ਤੇ ਨਾਮਦੇਵ ਜੀ ਕਿਤਨੇ ਕੁ ਮਹਾਨ ਬਣ ਗਏ? ਮੁਸਲਮਾਨ ਬਾਦਸ਼ਾਹ ਗਾਂ ਜਿੰਦਾ ਕਿਉਂ ਕਰਨਾ ਚਾਹੁੰਦਾ ਸੀ?

ਬਾਦਸ਼ਾਹ ਦੇ ਡਰਨ ਦਾ ਅਸਲ ਕਾਰਨ ਸ਼ਬਦ ਵਿਚਲਾ “ਕਹਹਿ ਤ ਧਰਣਿ ਇਕੋਡੀ ਕਰਉ।। ਕਹਹਿ ਤ ਲੇ ਕਰਿ ਊਪਰਿ ਧਰਉ।।” (ਪੰਨਾ ੧੧੬੬) ਇਹੋ ਜਿਹੇ ਰੋਹ ਭਰੇ ਸ਼ਬਦਾਂ ਤੋਂ ਸਪਸ਼ਟ ਹੋ ਜਾਂਦਾ ਹੈ। ਧਰਤੀ ਕਿਸੇ ਦੇ ਆਖਿਆ ਉਲਟੀ ਟੇਡੀ ਨਹੀਂ ਹੋ ਜਾਂਦੀ। ਅਸਲ ਵਿੱਚ ਲੋਕ ਪ੍ਰੇਮ ਨਾਲ ਸਿਆਣੇ ਰਹਿਬਰ ਦੀ ਅਗਵਾਈ ਵਿੱਚ ਬਗਾਵਤਾਂ ਕਰਦੇ ਹਨ, ਰਾਜ ਪਲਟਾ ਵੀ ਲੈ ਆਉਂਦੇ ਹਨ, ਜ਼ੁਲਮ ਦੀ ਜੜ ਪੁੱਟ ਦਿੰਦੇ ਹਨ। ਜ਼ਾਲਮ ਹਾਕਮਾਂ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਹਨ। ਸ਼ਬਦ ਅਰਥਾਂ ਨਾਲ ਜਿਥੇ ਗੱਲ ਸ਼ਪਸ਼ਟ ਨਾ ਹੋਵੇ ਉਥੇ ਭਾਵ ਅਰਥ ਕਰਨੇ

ਪੈਂਦੇ ਹਨ। ਹੋਰ ਵੇਖੋ ਇਹੋ ਮੁਹੰਮਦ ਬਿਨ ਤੁਗਲਕ ਪਹਿਲਾਂ ਹਾਥੀ ਅੱਗੇ ਸੁੱਟਣ ਦਾ ਹੁਕਮ ਕਰਦਾ ਹੈ, ਮੁਈ ਗਾਂ ਜਿੰਦਾ ਕਰਨ ਦੀ ਗੱਲ ਕਹਿੰਦਾ ਹੈ, ਫਿਰ ਆਪ ਹੀ ਕਹਿੰਦਾ ਹੈ “ਬਖਸੀ ਹਿੰਦੂ ਮੈ ਤੇਰੀ ਗਾਇ”। ਬਖਸ਼ਣ ਦੀ ਗੱਲ ਵੀ ਤੇ ਮੈ ਤੇਰੀ ਗਾਂ ਹਾਂ, ਹੇ ਨਾਮਦੇਵ ਮੈਨੂੰ ਮੁਆਫ ਕਰ ਦੇ ਮੈਂ ਇਹਨਾਂ ਬ੍ਰਾਹਮਣਾ ਦੇ ਆਖੇ ਪਾਪ ਕਰ ਚਲਿਆ ਸਾਂ ਮੈਂ ਅੱਗੋਂ ਕਦੀ ਅਜਿਹਾ ਫੁਰਮਾਣ ਤੁਹਾਡੇ ਖਿਲਾਫ ਨਹੀਂ ਕਰਾਂਗਾ।

= ਨਾਮਾ ਕਹੈ ਸੁਨਹੁ ਬਾਦਿਸਾਹ।। ਇਹੁ ਕਿਛੁ ਪਤੀਆ ਮੁਝੈ ਦਿਖਾਇ।। ੨੩।।

ਮੈਂ (ਨਾਮਦੇਵ) ਆਖਿਆ ਬਾਦਸ਼ਾਹ ਇਸ ਤਰ੍ਹਾਂ ਜ਼ੁਬਾਨੀ ਕਲਾਮੀ ਮੁਆਫੀ ਮੰਗਣ ਨਾਲ ਕੁੱਝ ਨਹੀਂ ਸਵਰਨਾ, ਜੇ ਸਚਮੁਚ ਹੀ ਤੁਹਾਡੇ ਅੰਦਰ ਕੋਈ ਪਛਤਾਵਾ ਹੈ ਤਾਂ ਫਿਰ ਮੈਨੂੰ ਇਹ ਵਿਸ਼ਵਾਸ਼ ਦਿਵਾਉ।

= ਇਸ ਪਤੀਆ ਕਾ ਇਹੈ ਪਰਵਾਨੁ।। ਸਾਚਿ ਸੀਲਿ ਚਾਲਹੁ ਸੁਲਿਤਾਨ।। ੨੪।।

(ਸੀਲਿ-ਸ਼ਿਸ਼ਟਾਚਾਰ, ਮਿਤ੍ਰਤਾ, ਸ਼ਾਂਤੀ ਭਾਵ ਮਹਾਨ ਕੋਸ਼ ਪੰਨਾ: ੨0੫)

ਇਸ ਮੁਆਫੀ ਨਾਮੇ ਦਾ ਅਸਲ ਮਕਸਦ ਇਹ ਹੈ ਬਾਦਸ਼ਾਹ! ਤੂੰ ਅੱਗੋਂ ਕਿਸੇ ਗਰੀਬ ਤੇ ਜ਼ੁਲਮ ਨ ਕਰੇਂ ਪਰਜਾ ਨੂੰ ਸੁਖੀ ਰੱਖੇਂ, ਸਚਾਈ ਦੇ ਰਾਹ ਤੇ ਖੁਦ ਚੱਲੇਂ, ਤੇ ਇਨਸਾਫ ਵਾਲਾ ਸੱਚਾ ਧਰਮੀ ਰਾਜ ਕਰੇਂ।

= ਨਾਮਦੇਉ ਸਭ ਰਹਿਆ ਸਮਾਇ।। ਮਿਲਿ ਹਿੰਦੂ ਸਭ ਨਾਮੇ ਪਹਿ ਜਾਹਿ।। ੨੫।।

ਇਸ ਸ਼ਾਨਦਾਰ ਮਾਣ ਭਰੀ ਸੱਚ ਦੀ ਜਿਤ ਤੋਂ ਬਾਅਦ ਨਾਮਦੇਵ ਜੀ ਦੀ ਸੋਭਾ ਘਰ ਘਰ ਹੋਣ ਲੱਗੀ। ਹਮਦਰਦ ਸਤਸੰਗੀ ਲੋਕ ਖੁਸ਼ੀ ਵਿੱਚ ਆਏ ਤੇ ਜਥੇ ਬਣਾ ਕੇ ਵਡੀ ਗਿਣਤੀ ਵਿੱਚ ਨਾਮਦੇਵ ਜੀ ਨੂੰ ਮਿਲੇ।

= ਜਉ ਅਬ ਕੀ ਬਾਰ ਨ ਜੀਵੈ ਗਾਇ।। ਤ ਨਾਮਦੇਵ ਕਾ ਪਤੀਆ ਜਾਇ।। ੨੬।।

(ਪਤੀਆ-ਪਰਤਾਵਾ, ਇਮਤਿਹਾਨ, ਵਿਸ਼ਵਾਸ਼ ਪੰਨਾ ਮਹਾਨ ਕੋਸ਼ ੭੩੯)

ਸਾਰੇ ਸਤਸੰਗੀ ਭਰਾ ਆ ਕੇ ਵਧਾਈ ਦੇਣ ਲੱਗੇ ਅਤੇ ਆਖਿਆ ਭਗਤ ਜੀ! ਬੜਾ ਵੱਡਾ ਇਮਤਿਹਾਨ ਸੀ ਤੁਹਾਡਾ, ਜੇ ਐਤਕੀਂ ਤੁਸੀਂ ਦਲੇਰੀ ਤੇ ਸਿਆਣਪ ਨਾ ਦਿਖਾਉਂਦੇ ਤਾਂ ਤੁਹਾਡੇ ਸਮੇਤ ਸਾਨੂੰ ਸਾਰਿਆਂ ਨੂੰ ਵੀ ਜ਼ਾਲਮ ਨੇ ਰੋਲ ਰੋਲ ਮਾਰਨਾ ਸੀ। ਤੁਹਾਡੀ ਨੇਕੀ ਪਰਉਪਕਾਰ ਕਾਰਨ ਜਨ ਸਮੂਹ ਨੇ ਵੀ ਤੁਹਾਡਾ ਸਾਥ ਦਿਤਾ। ਇਸੇ ਲਈ ਸਾਂਝੇ ਰੋਹ ਅਤੇ ਸੱਚ ਨੂੰ ਦੱਬਾ ਨਹੀਂ ਸਕਿਆ। ਧਾਰਮਿਕ ਤੇ ਰਾਜਨੀਤਕ ਲੋਕਾਂ ਨੇ ਸਾਨੂੰ ਤਾਂ ਪਸ਼ੂ ਬਣਾ ਕੇ ਰੱਖਿਆ ਹੋਇਆ ਸੀ। ਤੁਹਾਡੀ ਕਿਰਪਾ ਨਾਲ ਥੋੜੀ ਜਿਊਣ ਦੀ ਸਮਝ ਪਈ ਹੈ, ਨਹੀ ਤਾਂ ਸਾਡੇ ਵਰਗੇ ਹੋਰ ਵੀ ਸਾਡੇ ਭਰਾ ਹਨ ਜੋ ਅਜੇ ਵੀ ਇਸ ਸੱਚ ਤੋਂ ਕੋਹਾਂ ਦੂਰ ਹਨ ਤੇ ਨਰਕ ਮਈ ਜ਼ਿੰਦਗੀ ਜਿਊਦੇ ਹਨ।

= ਨਾਮੇ ਕੀ ਕੀਰਤਿ ਰਹੀ ਸੰਸਾਰਿ।। ਭਗਤ ਜਨਾ ਲੇ ਉਧਰਿਆ ਪਾਰਿ।। ੨੭।।

ਇਸ ਸਿਆਣਪ ਅਤੇ ਦਲੇਰੀ ਕਾਰਨ ਨਾਮਦੇਵ ਦੀ ਵਡਿਆਈ ਘਰ ਘਰ ਹੋਣ ਲਗ ਪਈ ਲੋਕ ਧੰਨ ਨਾਮਦੇਵ ਧੰਨ ਨਾਮਦੇਵ ਆਖਣ ਲਗੇ। ਕਿਉਂਕਿ ਨਾਮਦੇਵ ਭਗਤ ਜਨਾਂ ਨੂੰ ਨਾਲ ਲੈ ਕੇ ਸੰਸਾਰਕ ਕਲੇਸ਼ ਤੋਂ ਪਾਰ ਹੋ ਗਿਆ ਸੀ।

= ਸਗਲ ਕਲੇਸ ਨਿੰਦਕ ਭਇਆ ਖੇਦੁ।।

ਨਾਮੇ ਨਾਰਾਇਨ ਨਾਹੀ ਭੇਦੁ।। ੨੮।। (ਪੰਨਾ ੧੧੬੬)

(ਖੇਦ-ਸ਼ੋਕ, ਘਬਰਾਹਟ ਮਹਾਨ ਕੋਸ਼ ਪੰਨਾ ੩੮੪)

ਨਾਮਦੇਵ ਦੇ ਫਿਰ ਬਚ ਜਾਣ ਤੇ ਨਿਦਕਾਂ (ਬ੍ਰਾਹਮਣਾਂ ਕਾਜ਼ੀਆਂ) ਨੂੰ ਸਾਰੇ ਕਲੇਸ਼ ਚੋਂ ਸ਼ੋਕ, ਘਬਰਾਹਟ ਪੈਦਾ ਹੋਈ, ਇਹਨਾਂ ਨੂੰ ਮੂੰਹ ਦੀ ਖਾਣੀ ਪਈ। ਨਾਮਦੇਵ ਤੇ ਨਾਰਾਇਨ (ਰੱਬ) ਵਿੱਚ ਕੋਈ ਅੰਤਰ ਨਹੀਂ ਹੈ। ਨਿੰਦਕਾਂ ਚੁਗਲਾਂ ਨੂੰ ਬਹੁਤ ਦੁਖ ਹੋਇਆ, ਕਿਉਂਕਿ ਨਾਮਦੇਵ ਨੂੰ ਸਜ਼ਾ ਦੇ ਉਲਟ ਰਾਜੇ ਨੇ ਮੁਆਫੀ ਮੰਗੀ। ਵਿਰੋਧੀ ਇਹ ਸਾਰਾ ਕੁੱਝ ਨਹੀਂ ਚਾਹੁੰਦੇ ਸਨ ਉਹਨਾਂ ਨੂੰ ਭਾਰੀ ਦੁਖ ਹੋਇਆ। ਉਹ ਨਹੀ ਸਨ ਚਾਹੁੰਦੇ ਕਿ ਨਾਮਦੇਵ ਨੂੰ ਧਾਮਿਕ ਵਿਅਕਤੀ ਸਵੀਕਾਰ ਕੀਤਾ ਜਾਏ ਸਗੋਂ ਉਹ ਤਾਂ ਝੂਠਾ ਬਗਾਵਤ ਦਾ ਦੋਸ਼ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁਚਾਉਣ ਦੇ ਦੋਸ਼ ਵਿੱਚ ਮਰਵਾਉਣਾ ਚਾਹੁੰਦੇ ਸਨ।

ਨੋਟ:- ਇੱਕ ਫਰਕ ਇਥੇ ਸਮਝ ਲੈਣਾ ਚਾਹੀਦਾ ਹੈ, ਅੱਜ ਅਖੌਤੀ ਸਾਧਾਂ ਦੀ ਗੰਦੀ ਜ਼ਿੰਦਗੀ ਦੇ ਜਦੋਂ ਭਾਂਡੇ ਭਜਦੇ ਹਨ ਤਾਂ ਭਰਮ ਮਾਰੇ ਅਗਿਆਨੀ ਲੋਕ ਇਹਨਾਂ ਸਾਧਾਂ ਦੇ ਮਗਰ ਵੀ ਸ਼ਕਤੀ ਪ੍ਰਦਰਸ਼ਨ ਕਰਦੇ ਹਨ ਤੇ ਸਰਕਾਰ ਨੂੰ ਕਾਰਵਾਈ ਤੋਂ ਰੋਕਦੇ ਹਨ ਤੇ ਆਪਣਾ ਧਾਰਮਿਕ, ਆਰਥਿਕ, ਸਰੀਰਕ ਸ਼ੋਸ਼ਣ ਕਰਵਾਉਂਦੇ ਹਨ। ਨਾਮਦੇਵ ਤੇ ਕਬੀਰ ਜੀ ਵਰਗੇ ਭਗਤ ਸਹਿਬਾਨ ਨਾਲ ਝੂਠੇ ਧਰਮੀਆਂ ਦਾ ਅਤੇ ਰਾਜਨੀਤਕਾਂ ਦਾ ਜ਼ਾਲਮਾਨਾਂ ਹੱਦ ਤੱਕ ਇਸ ਲਈ ਉਤਰ ਆਉਣਾ, ਕਿਉਂਕਿ ਗਰੀਬ ਪਛੜੇ ਲੋਕਾਂ ਦਾ ਇਨਕਲਾਬੀ, ਕ੍ਰਾਂਤੀਕਾਰੀ ਸੋਚ ਵੱਲ

ਵਧਣਾ, ਇਹਨਾਂ ਅਖੌਤੀ ਧਰਮੀਆਂ ਨੂੰ ਭਾਉਂਦਾ ਨਹੀਂ ਸੀ। ਗੁਰੂ ਸਾਹਿਬਾਨ ਨਾਲ ਇਸੇ ਲੁੱਟ ਖਾਣੀ ਚੰਡਾਲ ਚੌਂਕੜੀ ਨੇ ਭਾਰੀ ਜ਼ੁਲਮ ਕੀਤੇ। ਗੁਰੂ ਸਾਹਿਬਾਨ ਅਤੇ ਭਗਤ ਸਾਹਿਬਾਨ ਦੀ ਸੋਚ, ਜੀਵਨ ਦੇ ਪਰਉਪਕਾਰ ਨੂੰ ਸਾਹਮਣੇ ਰੱਖ ਕੇ ਸਭ ਤੋਂ ਵੱਧ ਗਰੀਬਾਂ ਨੇ ਸਾਥ ਦਿਤਾ ਤੇ ਸਮੇਂ ਸਮੇਂ ਹਕੂਮਤ ਦੇ ਲੋਟੂਆਂ ਦੇ ਦੰਦ ਖੱਟੇ ਕੀਤੇ। ਗੁਰਬਾਣੀ ਤੇ ਇਤਿਹਾਸ ਗੁਰੂ ਸਾਹਿਬਾਨ ਅਤੇ ਭਗਤ ਸਾਹਿਬਾਨ ਦੇ ਪਵਿੱਤਰ ਜੀਵਨ ਦੇ ਸ਼ਾਖਸ਼ਾਤ ਗਵਾਹ ਹਨ। ਪਰ ਅੱਜ ਦੇ ਇਹਨਾਂ ਠੱਗਾਂ ਪਿਛੇ ਕੀਤੇ ਪ੍ਰਦਰਸ਼ਨ ਕਿੰਨਾ ਬੇੜਾ ਗਰਕ ਕਰ ਰਹੇ, ਇਸ ਦਾ ਪਤਾ ਉਦੋਂ ਲਗੂ ਜਦੋਂ ਇਨਕਲਾਬੀ ਸੋਚ ਮਾਰ ਕੇ ਤਬਾਹ ਕਰ ਦੇਣਗੇ, ਉਦੋਂ ਰੋਣ ਤੋਂ ਸਿਵਾ ਹੋਰ ਕੁਛ ਨਹੀਂ ਹੋਣਾ, ਜਾਂ ਪੁਛੋ ਉਹਨਾਂ ਨੂੰ ਜਿਨਾ ਨਾਲ ਬੀਤੀ ਜਾਂ ਪੜੋ ਮਜੂਦਾ ਹਾਲਾਤਾਂ ਨੂੰ ਕਿੰਨੇ ਸਾਧ ਸੰਤ ਸਮਾਜ ਵਿੱਚ ਗੰਦ ਖਿਲਾਰ ਰਹੇ ਹਨ, ਸਿਖੀ ਬੇੜੇ ਨੂੰ ਵੀ ਲੈ ਡੁੱਬਣ ਲਈ ਤਿਆਰ ਹਨ। ਪੰਜਾਬ ਦੀ ਅੱਜ ਦੀ ਤਰਾਸਦੀ ਅਖੌਤੀ ਸੰਤਾਂ, ਜਥੇਦਾਰਾਂ, ਆਗੂਆਂ ਦਾ ਹੀ ਨਤੀਜਾ ਹੈ। ਕਈ ਤਾਂ ਸਮਝਣ ਲਗ ਪਏ ਹਨ, ਕਈ ਥੋੜੇ ਸਮੇਂ ਵਿੱਚ ਸਮਝ ਜਾਣਗੇ।

ਸਾਰੰਸ਼:- ਇਸ ਸ਼ਬਦ ਦੀ ਅੱਖਰੀ ਬਣਤਰ ਤੋਂ ਓਪਰੀ ਨਜ਼ਰੇ ਵੇਖਿਆ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਪ੍ਰਮਾਤਮਾ ਸਰਬ ਸ਼ਕਤੀਮਾਨ ਇੱਕ ਨਿਕੇ ਜਿਹੇ ਪੰਛੀ ਤੇ ਸਵਾਰੀ ਕਰਦਿਆਂ ਨਾਮਦੇਵ ਜੀ ਦੀ ਸਹਾਇਤਾ ਵਾਸਤੇ ਆਣ ਪੁੱਜਾ। ਉਸਦੀ ਸਹਾਇਤਾ ਨਾਲ ਨਾਮੇਦਵ ਜੀ ਨੇ ਗਊ ਜੀਵਤ ਕਰ ਦਿਤੀ। ਬਲਕਿ ਦੁਧ ਚੋ ਕੇ ਰਾਜੇ ਅੱਗੇ ਜਾ ਰੱਖਿਆ। ਪਰ ਕੀ ਨਾਮਦੇਵ ਜੀ ਅਜਿਹੇ ਰੱਬ ਦੇ ਪੂਜਾਰੀ ਸਨ? ਕੀ ਗੁਰਬਾਣੀ ਕਰਾਮਾਤਾਂ ਵਿੱਚ ਵਿਸ਼ਵਾਸ਼ ਰੱਖਦੀ ਹੈ? ਗੁਰੂ ਸਾਹਿਬਾਨਾਂ ਤੇ ਅਨੇਕ ਔਕੜਾਂ ਆਈਆਂ ਕੀ ਉਹਨਾਂ ਨੇ ਕਰਾਮਾਤਾਂ ਨਾਲ ਮੁਸ਼ਕਲਾਂ ਤੇ ਫਤਿਹ

ਪਾਈ? ਸਿਖਾਂ ਦਾ ਰੱਬ ੴ ਸਰੂਪ ਵਾਲਾ ਹੈ। ਉਹ ਜਨਮ ਮਰਨ ਤੋਂ ਰਹਿਤ ਹੈ। ਉਹ ਅਕਾਲ ਮੂਰਤਿ ਹੈ, ਅਜੂਨੀ ਹੈ, ਸੈਭੰ ਹੈ।

ਸੰਕਟਿ ਨਹੀ ਪਰੈ ਜੋਨਿ ਨਹੀਂ ਆਵੈ ਨਾਮੁ ਨਿਰੰਜਨ ਜਾ ਕੋ ਰੇ।।

ਕਬੀਰ ਕੋ ਸੁਆਮੀ ਐਸੋ ਠਾਕੁਰੁ ਜਾ ਕੈ ਮਾਈ ਨ ਬਾਪੋ ਰੇ।। ੨।। ੧੯।। ੭0. । (ਗਉੜੀ ਕਬੀਰ ਜੀ ਪੰਨਾ: ੩੩੯)

ਅਚੱਲ ਵਟਾਲੇ ਵਿਖੇ ਸਿਧ ਜੋਗੀਆਂ ਨੇ ਗੁੱਸੇ ਨਾਲ ਭਰ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਇੱਕ ਗੱਲ ਕਹੀ ਸੀ ਕੇ ਤੁਸੀ ਕਰਾਮਾਤ ਵਿਖਾਓ। ਦੇਰੀ ਕਿਉਂ ਲਾਈ ਹੈ? ਜੋ ਜਵਾਬ ਗੁਰੁ ਨਾਨਕ ਸਾਹਿਬ ਜੀ ਨੇ ਦਿਤਾ, ਭਾਈ ਗੁਰਦਾਸ ਜੀ ਨੇ ਲਿਖਿਆ ਹੈ:-

ਸਿਧਿ ਬੋਲਣਿ ਸੁਣਿ ਨਾਨਕਾ ਤੁਹਿ ਜਗ ਨੋ ਕਿਆ ਕਰਾਮਾਤ ਦਿਖਾਈ?

ਕੁਛ ਵਿਖਾਲੋ ਅਸਾਂ ਨੋ ਤੁਹਿ ਕਿਉਂ ਢਿਲ ਅਵੇਹੀ ਲਾਈ?

ਬਾਬਾ ਬੋਲੇ ਨਾਥ ਜੀ! ਅਸਾਂ ਤੇ ਵੇਖਣ ਜੋਗ ਵਸਤੁ (ਕਰਾਮਾਤ) ਨਾ ਕਾਈ।

ਗੁਰ ਸੰਗਤਿ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ (ਵਾਰ ੧/੪੨)

ਸਤਿਗੁਰੂ ਜੀ ਜਪੁ ਬਾਣੀ ਵਿੱਚ ਫੁਰਮਾਣ ਕਰਦੇ ਹਨ “ਰਿਧਿ ਸਿਧ ਅਵਰਾ ਸਾਦ” (ਪੰਨਾ ੭) ਸਤਿਗੁਰੂ ਪੰਜਵੇਂ ਨਾਨਕ ਨੂੰ ਕਰਾਮਾਤਾਂ ਵਿਖਾਉਣ ਲਈ ਆਖਿਆ ਗਿਆ। ਉਹਨਾਂ ਨੇ ਨਾਹ ਕਰ ਦਿਤੀ। ਸਤਵੇਂ ਗੁਰੂ ਜੀ ਨੇ ਕਰਾਮਾਤਾਂ ਦੇ ਵਿਰੁਧ ਫਤਵਾ ਦਿਤਾ। ਅੱਠਵੇਂ ਗੁਰੂ ਜੀ ਅੱਗੇ ਇਹੀ ਸਵਾਲ ਆਇਆ ਤੇ ਉਹਨਾਂ ਨੇ ਕਰਾਮਾਤਾਂ ਤੋਂ ਇਨਕਾਰ ਕੀਤਾ। ਗੁਰੂ ਤੇਗ ਬਹਾਦੁਰ ਜੀ ਨੂੰ ਕਰਾਮਾਤ ਜਾਂ ਮੌਤ ਕਬੂਲਣ ਲਈ ਕਿਹਾ, ਉਹਨਾਂ ਮੌਤ ਪਰਵਾਨ ਕੀਤੀ। ਕਰਾਮਾਤ ਤੋਂ ਇਨਕਾਰ ਕੀਤਾ। ਦਸਵੇਂ ਗੁਰੂ ਜੀ ਉਤੇ ਕਿੰਨੀਆਂ ਵੱਡੀਆਂ ਮੁਸੀਬਤਾਂ ਆਈਆਂ, ਕਰਾਮਾਤ ਨਾਲ ਬਚ ਜਾਂਦੇ। ਕਰਾਮਾਤ ਨਾ ਦੀ ਕੋਈ ਚੀਜ਼ ਹੋਵੇ ਤਾਂ ਹੋ ਵੀ ਸਕਦੀ ਹੈ। ਜਦੋਂ ਹੈ ਹੀ ਕੋਈ ਨਹੀਂ ਤਾਂ ਕੀਤਾ ਕੀ ਜਾਵੇ। ਸਾਰਾ ਸਿੱਖ ਇਤਿਹਾਸ ਲਸਾਨੀ ਬਹਾਦੁਰੀ ਵਾਲੀਆਂ ਘਟਨਾਵਾਂ ਨਾਲ ਭਰਿਆ ਪਿਆ ਹੈ। ਸਿੰਘਾ-ਸਿੰਘਣੀਆਂ ਭੁਝੰਗੀਆਂ ਨੇ ਅਨੇਕਾਂ ਤਸੀਹੇ ਝੱਲੇ, ਮੌਤ ਪਰਵਾਨ ਕੀਤੀ ਪਰ ਝੁਕੇ ਨਹੀਂ। ਸਿਦਕ ਤੇ ਅੜੇ ਰਹਿਣਾ ਹੀ ਅਸਲ ਕਰਾਮਾਤ ਹੈ। ਭਾਰਤ ਵਿੱਚ ਲਗਭਗ ਪੰਜਾਹ ਲੱਖ ਵਿਹਲੜ ਸਾਧ, ਕਰਾਮਾਤੀ ਹੋਣ ਦਾ ਦਾਹਵਾ ਕਰਦੇ ਹਨ। ਪਰ ਇਹਨਾਂ ਲੁਟੇਰਿਆਂ ਨੇ ਦੇਸ਼ ਦੀ ਅਜ਼ਾਦੀ ਵਿੱਚ ਕੋਈ ਯੋਗਦਾਨ ਨਹੀਂ ਪਾਇਆ। ਦੇਸ਼ ਦੀ ਜੰਤਾ ਦਾ ਕਰਾਮਾਤਾਂ ਨਾਲ ਇਨ੍ਹਾਂ ਕੁੱਝ ਨਹੀਂ ਸੰਵਾਰਿਆ। ਸਗੋਂ ਰੋਟੀ ਕਪੜਾ ਭੀ ਦੂਜਿਆਂ ਤੋਂ ਲੈ ਕੇ ਵਰਤਦੇ ਹਨ। ਕਰਾਮਾਤਾਂ ਨਾਲ ਕੁੱਝ ਬਣ ਸਕਦਾ ਹੁੰਦਾ ਤਾਂ ਕਿਸੇ ਇਨਸਾਨ ਨੂੰ ਖੇਚਲ ਕਰਨ ਦੀ ਲੋੜ ਨਹੀਂ ਸੀ। ਗ਼ੈਬੀ ਸ਼ਕਤੀਆਂ ਨਾਲ ਹੀ ਸਾਰੇ ਕੰਮ ਕਰਵਾ ਲੈਣੇ ਸਨ। ਪਰ ਇਹ ਕਰਾਮਾਤਾਂ ਨਿਰਾ ਇੱਕ ਫਰੇਬ ਹੈ, ਠੱਗੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਬਾਬਰ ਦੇ ਹਮਲੇ ਦੀ ਖਬਰ ਅਗਾਊਂ ਦੇ ਕੇ, ਆਖਿਆ ਸੀ ਮੁਕਾਬਲਾ ਕਰਨ ਲਈ ਤਿਆਰ ਰਹੋ। ਇਹਨਾਂ ਪਠਾਣਾਂ ਨੇ ਠੋਕ ਕੇ ਆਖਿਆ ਸੀ ਸਾਡੇ ਕੋਲ ਬੜੇ ਵਡੇ ਵਡੇ ਪੀਰ ਫਕੀਰ ਹਨ ਜਾਦੂ ਟੂਣੇ ਮੰਤਰ ਕਰਨਗੇ ਮੁਗਲ ਬਾਬਰ ਦੀ ਫੌਜ਼ ਅੰਨੀ ਹੋ ਜਾਵੇਗੀ, ਭੱਜ ਜਾਵੇਗੀ। ਫਿਰ ਜੋ ਹਾਲਤ ਇਹਨਾਂ ਦੀ ਹੋਈ ਉਹ ਗੁਰੂ ਨਾਨਕ ਜੀ ਨੇ ਬਾਣੀ ਰਾਹੀਂ ਸਾਨੂੰ ਇਉਂ ਸਮਝਾਈ ਹੈ ਤਾਂ ਕਿ ਕਰਾਮਾਤਾਂ ਨਾਲ ਕੰਮ ਰਾਸ ਕਰਵਾਉਣ ਦਾ ਭਰਮ ਨਿਕਲ ਜਾਵੇ:-

ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਧਾਇਆ।।

ਥਾਨ ਮੁਕਾਮ ਜਲੇ ਬਿਜ ਮੰਦਰ ਮੁਛਿ ਮੁਛਿ ਕੁਇਰ ਰੁਲਾਇਆ।।

ਕੋਈ ਮੁਗਲੁ ਨ ਹੋਆ ਅੰਧਾ ਕਿਨੈ ਨ ਪਚਾ ਲਾਇਆ।। ੪।। (ਆਸਾ ਮ: ੧ ਪੰਨਾ ੪੨੨)

ਰਾਜਨੀਤੀ, ਪੈਸਾ ਤੇ ਗਿਆਨ ਅਜਿਹੇ ਸ਼ਕਤੀਸ਼ਾਲੀ ਹਥਿਆਰ ਹਨ ਜਿਨਾਂ ਅੱਗੇ ਹਰ ਐਰਾ-ਗੈਰਾ ਝੁਕ ਜਾਂਦਾ ਹੈ। ਪਰ ਪ੍ਰਭੂ ਪਿਆਰ ਵਾਲੇ ਮਰਜੀਵੜੇ ਸਤਿਗੁਰੂ ਜੀ ਵਲੋਂ ਵਰੋਸਾਏ ਸਿਖ ਭਗਤ, ਜ਼ਾਲਮ ਦਾ ਮੂੰਹ ਤੋੜ ਜੁਆਬ ਦੇ ਸਕਦੇ ਹਨ। ਗੰਗਾ ਜਮੁਨਾ ਉਲਟੀਆਂ ਵਗ ਪੈਣ ਬੇਸ਼ੱਕ, ਪਰ “ਜਨ ਪਰਉਪਕਾਰੀ” ਆਪਣੇ ਅਸੂਲ ਤੋਂ ਪੈਰ ਪਿਛਾਂਹ ਨਹੀਂ ਹਟਾਉਂਦੇ। ਉਹਨਾਂ ਦੀ ਬਿਰਤੀ ਹੁੰਦੀ ਹੈ ਕਿ “ਮਨੁ ਨ ਡਿਗੈ ਤਨੁ ਕਾਹੇ ਕਉ ਡਰਾਇ।। ਚਰਨ ਕਮਲ ਚਿਤੁ ਰਹਿਓ ਸਮਾਇ।। ਰਹਾਉ।।” (ਪੰਨਾ ੧੧੬੬)

ਗੁਰਬਾਣੀ ਦੇ ਇਨਕਲਾਬੀ ਤੱਤ ਨੂੰ ਖਤਮ ਕਰਕੇ ਆਮ ਲੇਖਕਾਂ ਪ੍ਰਚਾਰਕਾਂ ਸੰਤਾਂ ਵਲੋਂ ਸਿੱਖ ਸਮਾਜ ਨੂੰ, ਕਰਾਮਾਤਾਂ ਦੇ ਚੱਕਰਵਿਊ ਵਿੱਚ ਉਲਝਾ ਕੇ, ਅਜਿਹਾ ਕੁਰਾਹੇ ਪਾਇਆ ਗਿਆ ਹੈ ਕਿ ਵਾਪਸ ਮੁੜਨਾ ਅਸੰਭਵ ਹੋਇਆ ਪਿਆ ਹੈ। ਗ਼ੈਬੀ ਸ਼ਕਤੀਆਂ ਦੀ ਝੂਠੀ ਟੇਕ ਕਾਇਰ ਤੇ ਡਰਪੋਕ ਲੋਕ ਰਖਦੇ ਹਨ। ਉਹ ਖੁਦ ਵੀ ਬਰਬਾਦ ਹੁੰਦੇ ਹਨ ਤੇ ਆਪਣੇ ਸੰਗੀ ਸਾਥੀਆਂ ਨੂੰ ਵੀ ਗਲਤ ਸਿਖਿਆ ਦੁਆਰਾ ਕੁਰਾਹੇ ਪਾ ਕੇ ਮਰਵਾ ਦਿੰਦੇ ਹਨ। ਬਾਬਰ, ਜਹਾਂਗੀਰ, ਸ਼ਾਹਜਹਾਨ ਤੇ ਔਰੰਗਜ਼ੇਬ ਬਹੁਤ ਜ਼ਾਲਮ ਸਨ। ਸਤਿਗੁਰੂ ਸਾਹਿਬਾਨ ਬਹੁਤ ਸਿਆਣੇ ਸਨ, ਪਰ ਕੀ ਇਹ ਜ਼ਾਬਰ ਰਾਜੇ ਰੱਤ ਪੀਣੇ ਜਰਨੈਲ ਕਰਾਮਾਤਾਂ ਨਾਲ ਖਤਮ ਕੀਤੇ ਜਾ ਸਕੇ? ਸੌ ਸਾਲ ਤੱਕ ਸਿੱਖਾਂ ਤੇ ਘੋਰ ਸੰਕਟ ਦਾ ਸਮਾਂ ਰਿਹਾ, ਸਿਰਾਂ ਦੇ ਮੁਲ ਪਏ, ਸਰਬਨਾਸ਼ ਦੀ ਕਗਾਰ ਤੇ ਪੁੱਜ ਗਏ। ਤਦੋਂ ਬਹੁਤ ਨਾਮ ਰਸੀਏ ਭਜਨੀਕ ਸਿੱਖ ਸਨ। ਕੀ ਕਰਾਮਾਤ ਰਾਹੀਂ ਸਿਖਾਂ ਤੇ ਜੁਲਮ ਹੋਣੋ ਰੋਕਿਆ? ਕੀ ਇਹ ਸੰਭਵ ਹੈ? ਅੱਜ ਵੀ ਅਣਗਿਣਤ ਅਖੌਤੀ ਸੰਤ ਬ੍ਰਹਮਗਿਆਨੀ ਤੁਰੇ ਫਿਰਦੇ ਨਜ਼ਰ ਆਉਂਦੇ ਹਨ, ਪਰ ਸਿਖ ਪੰਥ ਜਾਂ ਮਨੁੱਖੀ ਸਮਾਜ ਦਾ ਇਹਨਾਂ ਕੁੱਝ ਸਵਾਰਿਆ ਹੈ? ਹੁਣ ਇਹਨਾਂ ਦੀਆਂ ਕਰਾਮਾਤਾਂ ਖੁੰਢੀਆਂ ਹੋ ਗਈਆਂ ਹਨ? ਕਰਾਮਾਤਾਂ ਤੇ ਟੇਕ ਰੱਖਣ ਵਾਲਿਆਂ ਨੇ ਜਾਨਮਾਲ ਦੀ ਤਬਾਹੀ ਕਰਵਾਉਣ ਤੋਂ ਬਿਨਾਂ ਹੋਰ ਕੁੱਝ ਹਾਸਲ ਕੀਤਾ ਹੋਵੇ ਤਾਂ ਦੱਸੋ? ਗਵਾਹੀ ਬਾਬਰ ਦੇ ਹਮਲੇ ਦੀ ਗੁਰੂ ਨਾਨਕ ਦੇ ਗਏ ਹਨ। ਗੁਰੂ ਨਾਨਕ ਸਾਹਿਬ ਜੀ ਕੋਲ ਗੋਬਿੰਦ ਗਰੁੜ ਤੇ ਸਵਾਰ ਹੋ ਕੇ ਨਹੀਂ ਆਇਆ। ਪੰਜਵੇਂ ਪਾਤਸ਼ਾਹ, ਛੇਵੇਂ ਪਾਤਸ਼ਾਹ, ਨੌਵੇਂ ਪਾਤਸ਼ਾਹ, ਦਸਵੇਂ ਪਾਤਸ਼ਾਹ ਜੀ ਕੋਲ ਕਦੀ ਗੋਬਿੰਦ ਗਰੁੜ ਤੇ ਸਵਾਰ ਹੋ ਕੇ ਨਹੀਂ ਆਇਆ? ਕੀ ਇਹਨਾਂ ਵਿੱਚ ਘੱਟ ਸ਼ਕਤੀ ਸੀ? ਇਹ ਰੱਬ ਦੇ ਪਿਆਰੇ ਨਹੀਂ ਸਨ? ਸਤਿਗੁਰੂ ਜੀ ਨੇ ਸ਼ਪਸ਼ਟ ਜੋ ਸਾਨੂੰ ਸਿਖਿਆ ਦਿਤੀ ਹੈ ਉਹ ਹੈ ਪੀਰੀ ਤੇ ਮੀਰੀ, ਭਗਤੀ ਤੇ ਸ਼ਕਤੀ, ਸੰਤ ਤੇ ਸਿਪਾਹੀ, ਬਾਣੀ ਤੇ ਬਾਣਾ। ਸ਼ਾਸ਼ਤਰ ਤੇ ਸ਼ਸ਼ਤਰ ਦਾ ਸੁਮੇਲ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਨੇ ਇੱਕ ਅਕਾਲ ਦੇ ਪੁਜਾਰੀ ਬਣਾ ਕੇ ਏਕਤਾ ਦੇ ਸੂਤਰ ਵਿੱਚ ਪਰੋਇਆ ਸੀ ਤੇ ਇਸੇ ਦੀ ਬਦੌਲਤ, ਸਿਖ ਸਭ ਬਰਕਤਾਂ, ਤਾਕਤਾਂ, ਤਖਤਾਂ ਦੇ ਮਾਲਕ ਬਣ ਗਏ ਸਨ। ਜਦੋਂ ਤੋਂ ਬ੍ਰਾਹਮਣੀ ਰੀਤਾਂ ਕਰਾਮਾਤਾਂ ਦੀ ਟੇਕ ਰੱਖਣ ਲੱਗੇ ਹਾਂ ਹੋਰ ਨਿਵਾਣਾ ਵਿਚ, ਡੂੰਘੀ ਦਲਦਲ ਵਿੱਚ ਧੱਸਦੇ ਜਾ ਰਹੇ ਹਾਂ। ਜੇ ਨਾਮਦੇਵ ਜੀ ਵਕਤ ਉਹਨਾਂ ਦੀ ਰੱਖਿਆ ਵਾਸਤੇ ਭਗਵਾਨ ਗਰੁੜ ਤੇ ਸਵਾਰ ਹੋ ਕੇ ਆ ਪੁੱਜਾ ਸੀ, ਕੀ ਅੱਜ ਇੱਕ ਵੀ ਅਜਿਹਾ ਸਿੱਖ, ਸਾਧ, ਬ੍ਰਹਮਗਿਆਨੀ ਨਹੀਂ, ਜੋ ਖਾਲਸਾ ਪੰਥ ਰੂਪੀ ਬੇੜੇ ਨੂੰ ਡੁਬਣੋ ਬਚਾ ਲਵੇ? ਜਾਂ ਤਾਂ ਹੈ ਹੀ ਕੋਈ ਨਹੀ, ਜਾਂ ਭਲਾ ਕਰਨਾ ਹੀ ਨਹੀਂ ਚਾਹੁੰਦੇ, ਦੋਵਾਂ ਗੱਲਾਂ ਵਿਚੋਂ ਇਕਤਾਂ ਸੱਚ ਜਰੂਰ ਹੈ ਵੀਰੋ ਭੈਣੋ! ਵੇਲਾ ਹੈ ਜਾਗਣ ਦਾ, ਗੁਰਬਾਣੀ ਨੂੰ ਸਮਝਣ ਦਾ, ਜੀਵਨ ਨੂੰ ਗੁਰੂ ਆਸੇ ਅਨੁਸਾਰ ਗੁਣਵਾਨ ਬਣਾਉਣ ਦਾ। ਫਿਰ ਸਭੇ ਖੈਰਾਂ ਹੋਣਗੀਆਂ।

ਸਲੋਕ: ਫਾਹੇ ਕਾਟੇ ਮਿਟੇ ਗਵਨ ਫਤਿਹ ਭਈ ਮਨਿ ਜੀਤ।।

ਨਾਨਕ ਗੁਰ ਤੇ ਥਿਤ ਪਾਈ ਫਿਰਨ ਮਿਟੇ ਨਿਤ ਨੀਤ।। ੧।। (ਮ: ੫ ਪੰਨਾ ੨੫੮) (ਚਲਦਾ)




.