.

ਗੁਰਮਤਿ ਅਨੁਸਾਰ ਖ਼ਾਲਸਾਈ ਨਿਜਾਮ ਸਥਾਪਤ ਕਿਵੇਂ ਹੋਵੇ?

ਹਰਜਿੰਦਰ ਸਿੰਘ ‘ਸਭਰਾ’

ਮੋ: 98555-98833

ਗੁਰੂ ਜੋਤ ਨੇ ਦਸ ਜਾਮਿਆਂ ਦੀ ਸਰੀਰਕ ਜੁਗਤ ਰਾਹੀਂ ਜੋ ਮਹਾਨ ਸੰਦੇਸ਼ ਮਨੁੱਖਤਾ ਹਿਤ ਦਿੱਤਾ ਨੂੰ ਗੁਰਬਾਣੀ ਵਿੱਚ ‘ਧੁਰ ਕੀ ਬਾਣੀ’ ‘ਸਚ ਕੀ ਬਾਣੀ’ ‘ਹੁਕਮਾਉ’ ਆਦਿ ਕਿਹਾ ਗਿਆ ਹੈ। ਗੁਰੂ ਸਾਹਿਬਾਨ ਦੁਆਰਾ ਵੰਡੇ ਇਸ ਸੰਦੇਸ਼ ਦੀ ਮਹੱਤਤਾ ਇਹ ਸੀ ਕਿ ਪ੍ਰਚੱਲਤ ਧਰਮਾਂ ਮੱਤਾਂ ਮਤਾਂਦਰਾਂ ਅਤੇ ਫਿਰਕੇਬਾਜ਼ੀਆਂ ਦੇ ਪੱਧਰ ਤੋਂ ਬਹੁਤ ਅਲਹਿਦਾ ਅਤੇ ਨਿਵੇਕਲਾ ਸੀ। ਗੁਰਬਾਣੀ ਸੰਦੇਸ਼ ਜਿਥੇ ਬਾਹਰੀ ਕਰਮਕਾਂਡਾਂ, ਅਤੇ ਕਰਮਾਂ ਦੀ ਪਲੀਤਤਾਈ ਨੂੰ ਰੱਦ ਕਰਦਾ ਹੈ ਉਥੇ ਮਨੁੱਖ ਦੀਆਂ ਅੰਦਰੂਨੀ ਰੋਕਾਂ ਤੇ ਰੁਕਾਵਟਾਂ ਨੂੰ ਵੀ ਤਹਿਸ਼ ਨਹਿਸ਼ ਕਰ ਦਿੰਦਾ ਹੈ ਕਿਉਂਕਿ ਅੰਦਰ ਦੀ ਸ਼ਪੱਸ਼ਟਤਾ ਅਤੇ ਸਰਲਤਾ ਬਿਨ੍ਹਾਂ ਮਨੁੱਖੀ ਵਿਕਾਸ ਕਿਸੇ ਵੀ ਪੜਾਅ ਤੇ ਸੰਭਵ ਨਹੀਂ ਹੈ। ਗੁਰੂ ਬਾਣੀ ਦੀ ਵੀਚਾਰਧਾਰਾ ਜਦੋਂ ਮਨੁੱਖੀ ਵਿਕਾਸ ਦਾ ਟੀਚਾ ਮਿਥਦੀ ਹੈ ਤਾਂ ਖ਼ਾਸ ਤੌਰ ਤੇ ਧਾਰਮਿਕ ਜੀਵਨ ਨੂੰ ਆਧਾਰ ਬਣਾਉਂਦੀ ਹੈ। ਧਾਰਮਿਕ ਜੀਵਨ ਦਾ ਗੁਰਮਤਿ ਵਿੱਚ ਇੱਕ ਵੱਖਰਾ ਹੀ ਨਜ਼ਰੀਆ ਹੈ। ਗੁਰਮਤਿ ਵੀਚਾਰਧਾਰਾ ਨੇ ਧਾਰਮਿਕ ਜੀਵਨ ਦਾ ਜੋ ਮਾਡਲ ਚਿਤਰਿਆ ਹੈ ਗੁਰੂ ਸਾਹਿਬਾਨ ਨੇ ਆਪਣੀ ਕਰਣੀ ਰਾਹੀਂ ਉਸ ਨੂੰ ਅਮਲੀ ਜਾਮਾ ਪਹਿਨਾਉਣ ਦਾ ਔਖਾ ਅਤੇ ਮਹਾਨ ਕਾਰਜ ਕੀਤਾ ਹੈ। ਗੁਰੂ ਦੁਆਰਾ ਸਵਾਰੇ ਹੋਏ ਧਰਮੀ ਜੀਵਨ ਵਾਲੇ ਮਨੁੱਖ ਨੂੰ ਜਦੋਂ ਅਸੀਂ ਧਾਰਮਿਕ ਧਰਾਤਲ `ਤੇ ਵੇਖਦੇ ਹਾਂ ਤਾਂ ਉਸ ਨੂੰ ਧਰਮ ਦੀ ਰੂਹ ਤੱਕ ਪਹੁੰਚਿਆ ਹੋਇਆ ਮਹਿਸੂਸ ਕਰਦੇ ਹਾਂ। ਉਸ ਦੀ ਸੁਰਤ ਦੀ ਬੁਲੰਦੀ ਜਿਸ ਨੇ ਅੰਦਰ ਦੀਆਂ ਤੰਗ ਦਿਲੀਆਂ ਨੂੰ ਤੋੜ ਕੇ ਅਗਿਆਨਤਾ, ਭਰਮ ਦੇ ਨਿਖਿੱਧ ਪੜਾਵਾਂ ਨੂੰ ਛੱਡ ਕੇ ਅਕਾਲ ਤੱਕ ਦਾ ਸਫਰ ਤੈਅ ਕੀਤਾ ਹੈ ਪਾਣੀ ਸੰਗ ਪਾਣੀ ਵਾਂਗ ਖੁਦਾਈ ਪਸਾਰੇ ਨਾਲ ਇੱਕ ਮਿਕ ਹੋਈ ਦਿਸਦੀ ਹੈ। ਬਾਹਰੀ ਰੂਪ ਵਿੱਚ ਅਜਿਹੇ ਜੀਵਨ ਵਾਲੇ ਦੀ ਕਰਣੀ ਕਮਾਈ ਸੰਸਾਰ ਅੰਦਰ ਇੱਕ ਨਵੀ ਕਿਸਮ ਦੇ ਮਨੁੱਖ ਦੀ ਹੋਂਦ ਦਾ ਅਹਿਸਾਸ ਕਰਵਾਉਂਦੀ ਹੈ। ਗੁਰਮਤਿ ਨੇ ਅਜਿਹੇ ਮਨੁੱਖ ਨੂੰ ਇੱਕ ਨਵੀਂ ਦ੍ਰਿਸ਼ਟੀ ਅਤੇ ਨਵੇਕਲਾ ਨਜ਼ਰੀਆ ਪ੍ਰਦਾਨ ਕੀਤਾ ਹੈ। ਜਿਸ ਦੁਆਰਾ ਉਹ ਆਪਣੇ ਜੀਵਨ ਤੋਂ ਲੈਕੇ ਸਾਰੇ ਸਮਾਜ ਦੇ ਹਰ ਪਹਿਲੂ ਨੂੰ ਇੱਕ ਨਵੇਂ ਢੰਗ ਨਾਲ ਨਿਰਖਦਾ ਪਰਖਦਾ ਅਤੇ ਵੇਖਦਾ ਹੈ। ਸਹੀ ਇਤਿਹਾਸ ਦੇ ਸਹੀ ਸੰਦਰਭ ਵਿਚੋਂ ਜਦੋਂ ਅਸੀਂ ਗੁਰੂ ਸਾਹਿਬਾਨ ਦੁਆਰਾ ਸਿਰਜੇ ਸੁਆਰੇ ਜੀਵਨ ਨੂੰ ਵਿਚਰਦਾ ਵੇਖਦੇ ਹਾਂ ਤਾਂ ਗੁਰੂ ਸਾਹਿਬਾਨ ਦੀਆਂ ਮਹਾਨ ਪ੍ਰਾਪਤੀਆਂ ਬਾਰੇ ਸੁਭਾਵਕ ਹੀ ਅਨੁਭਵ ਹੋ ਜਾਂਦਾ ਹੈ। ਅਜਿਹੇ ਜੀਵਨ ਨੂੰ ਵੇਖਣ ਦੇ ਚਾਹਵਾਨ ਸੱਚੇ ਸਤਿਗੁਰੂ ਜੀ ਨੇ ਜੋ ਗਿਆਨ ਉਪਦੇਸ ਬਾਣੀ ਰੂਪ ਵਿੱਚ ਅਤੇ ਜੋ ਵਿਰਾਸਤ ਅਤੇ ਜੀਵਨ ਨਿਯਾਮਾਵਲੀ ਆਪਣੀ ਜੀਵਨ ਕਰਣੀ ਦੇ ਰੂਪ ਵਿੱਚ ਸਾਡੇ ਸਨਮੁੱਖ ਰੱਖੀ ਇਹ ਆਪਣੇ ਆਪ ਵਿੱਚ ਮਹਾਨ ਖੁਦਾਈ ਰਹਿਮਤਾਂ ਹਨ। ਗੁਰੂ ਕਾ ਸਿਰਜਿਆ ਹੋਇਆ ਪੰਥ ਗੁਰੂ ਦੇ ਉਹਨਾਂ ਮਹਾਨ ਸੁਪਨਿਆਂ ਦਾ ਵਾਰਸ ਹੈ ਜੋ ਗੁਰੂ ਨੇ ਇਸ ਲਈ ਚਿਤਰੇ ਸਨ। ਗੁਰੂ ਸਾਹਿਬਾਨ ਦੀ ਵੀਚਾਰਧਾਰਕ ਜੋਤ ਨੂੰ ਆਪਣੀ ਕਰਣੀ ਰੂਪ ਜੁਗਤ ਰਾਹੀਂ ਪੰਥ ਨੇ ਹੀ ਸਮਾਜ ਵਿੱਚ ਸਥਾਪਿਤ ਕਰਣਾ ਹੈ। ਗੁਰੁ ਘਰ ਦੀ ਇਸ ਮਹਾਨ ਵਿਰਾਸਤ ਨੂੰ ਅਮਲੀ ਨਿਯਮਾਵਲੀ ਦਾ ਹਿੱਸਾ ਬਣਾਉਣਾ ਇਹ ਪੰਥ ਸਿਰ ਮਹਾਨ ਜ਼ਿੰਮੇਵਾਰੀ ਹੈ। ਇਤਿਹਾਸ ਵਿਚੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਬਾਅਦ ਪੰਥ ਦੇ ਇਸ ਉੱਪਰ ਅਮਲ ਕਰਨ ਦੇ ਅਨੇਕਾਂ ਤਰਾਂ ਦੇ ਪੱਖ ਵਿਖਾਈ ਦਿੰਦੇ ਹਨ। ਸਮੇਂ ਦੀਆਂ ਮਾਰਾਂ, ਹਲਾਤਾਂ ਦੇ ਗੰਭੀਰ ਪ੍ਰਭਾਵ ਅਤੇ ਸੰਸਾਰੀ ਸੋਚਾਂ ਦੇ ਉਤਰਾਵਾਂ ਚੜਾਵਾਂ ਵਿੱਚ ਫਸਦਿਆਂ ਉਲਝਦਿਆਂ ਇਸ ਨੂੰ ਵੇਖਿਆ ਜਾ ਸਕਦਾ ਹੈ। ਕਿਤੇ ਇਸ ਦੀ ਚੜ੍ਹਤ, ਆਪਣੇ ਮਿੱਥੇ ਨਿਸ਼ਾਨੇ ਨੂੰ ਪੂਰਿਆਂ ਕਰਣ ਲਈ ਇਸ ਦੀ ਅੰਦਰੂਨੀ ਲਗਨ ਦਾ ਬਾਹਰੀ ਪ੍ਰਗਟਾਅ, ਆਦਿ ਵੀ ਵਿਖਾਈ ਦੇ ਜਾਂਦੇ ਹਨ। ਪਰ ਇਸ ਸਭ ਕੁੱਝ ਵਿੱਚ ਗੰਭੀਰਤਾ ਨਾਲ ਇਸ ਪੱਖ ਦਾ ਅਧਿਐਨ ਘੱਟ ਹੀ ਵੇਖਿਆ ਗਿਆ ਹੈ ਕਿ ਪੰਥ ਆਪਣੇ ਸਾਹਮਣੇ ਖੜੀਆਂ ਹੋਈਆਂ ਚੁਣੌਤੀਆਂ ਦਾ ਹੱਲ ਕੱਢਣ ਲਈ ਗੁਰੂ ਦੀਆਂ ਬਖਸਿਸ਼ਾਂ ਅਤੇ ਗੁਰੂ ਵਲੋਂ ਮਿਲੀ ਇਸ ਨੂੰ ਪ੍ਰਭੂਸੱਤਾ ਨੂੰ ਮਹਿਸੂਸ ਕਰੇ। ਸਿੱਖ ਪੰਥ ਨੇ ਉਹਨਾਂ ਸਮਿਆਂ ਦੀਆਂ ਮਾਰਾਂ ਵੀ ਆਪਣੇ ਜਿਸਮ `ਤੇ ਝਲੀਆਂ ਹਨ ਜਦੋਂ ਇਸ ਨਾਲ ਸਬੰਧ ਰੱਖਣ ਵਾਲੇ ਇੱਕ ਇੱਕ ਸ਼ਖਸ ਨੂੰ ਮਹੱਤਵਪੂਰਨ ਜਾਣ ਕੇ ਸਮੇਂ ਦੀਆਂ ਤਾਕਤਾਂ ਮਾਰ ਮੁਕਾਉਣ ਦਾ ਯਤਨ ਕਰਦੀਆਂ ਰਹੀਆਂ ਦੁਨੀਆਂ ਵਿੱਚ ਅਜਿਹੀ ਕੋਈ ਕੌਮ ਨਹੀਂ ਜਿਸ ਦੇ ਬੱਚਿਆਂ ਤਕ ਦੀ ਜ਼ਿੰਦਗੀ ਦੇ ਮੁੱਲ ਵੱਟੇ ਜਾਂਦੇ ਰਹੇ। ਪਰ ਅਜਿਹੇ ਬਿਖੜੇ ਰਾਹ `ਤੇ ਚਲਦਿਆਂ ਵੀ ਪੰਥਕ ਵੇਗ ਵਿੱਚ ਡਗਮਗਾਉਣ ਦੀ ਸਥਿਤੀ ਨਹੀਂ ਆਈ ਕਿਉਂਕਿ ਪੰਥ ਆਪਣੀ ਹੋਂਦ ਅਤੇ ਗੁਰੂ ਦੁਆਰਾ ਬਖਸ਼ੇ ਧਰਮੀ ਜੀਵਨ ਨੂੰ ਰੂਹ ਤੋਂ ਪਿਆਰ ਕਰਦਾ ਅਤੇ ਇਸ ਨੂੰ ਅਮਲ ਵਿੱਚ ਲਿਆਉਂਦਾ ਸੀ। ਚੁਣੌਤੀਆਂ ਅਤੇ ਸਮਸਿਆਵਾਂ ਦਾ ਰਾਹਾਂ ਵਿੱਚ ਆਉਣਾ ਕੋਈ ਅਨੋਖੀ ਗੱਲ ਨਹੀਂ ਹੈ। ਅਜਿਹਾ ਹੋਣਾ ਇੱਕ ਕੁਦਰਤੀ ਅਮਲ ਹੈ ਜਿਸ ਨਾਲ ਕੌਮ ਦੀ ਹੋਂਦ ਹੋਰ ਮਜ਼ਬੂਤ ਹੋ ਜਾਇਆ ਕਰਦੀ ਹੈ। ਪਰ ਅਜਿਹਾ ਵੀ ਉਦੋਂ ਤੱਕ ਹੀ ਵਾਪਰਦਾ ਹੈ ਜਦੋਂ ਕੋਈ ਕੌਮ ਆਪਣੇ ਅਸਲੇ ਨਾਲ ਜੁੜੀ ਰਹੇ। ਪਰ ਜਦੋਂ ਹੀ ਇਸ ਨਿਸ਼ਾਨੇ ਤੋਂ ਥਿੜਕਣ ਪੈਦਾ ਹੁੰਦੀ ਹੈ ਤਾਂ ਕੌਮਾਂ ਮਿੱਟੀ ਦੇ ਭਾਂਡੇ ਵਾਂਗ ਮੁਸੀਬਤਾਂ ਦੇ ਪੱਥਰਾਂ ਅੱਗੇ ਟਿੱਕ ਨਹੀਂ ਪਾਉਂਦੀਆਂ ਅਤੇ ਚੂਰ ਚੂਰ ਹੋ ਜਾਂਦੀਆਂ ਹਨ। ਅਜੋਕੇ ਸਮੇਂ ਵਿੱਚ ਸਿੱਖ ਪੰਥ ਅਨੇਕਾਂ ਤਰਾਂ ਦੀਆਂ ਸਮਸਿਆਵਾਂ ਵਿੱਚ ਘਿਰਿਆ ਹੋਇਆ ਅਤੇ ਅਨੇਕਾਂ ਹੀ ਉਲਝਣਾਂ ਦਾ ਬੋਝ ਢੋਅ ਰਿਹਾ ਹੈ। ਪਰ ਇੱਥੇ ਹੈਰਾਨੀ ਦੀ ਗੱਲ ਇਹ ਹੈ ਕਿ ਪੰਥਕ ਸੁਰਤ ਵਿੱਚ ਇਨ੍ਹਾਂ ਦਾ ਹੱਲ ਲੱਭਣ ਲਈ ਨਾ ਤਾਂ ਸੰਜੀਦਗੀ ਹੈ ਅਤੇ ਨਾ ਹੀ ਚੇਤਨਾ। ਮੌਜੂਦਾ ਹਾਲਤਾਂ ਨਾਲ ਸਿੱਝਣ ਲਈ ਬਾਹਰੀ ਖਾਨਾਪੂਰਤੀਆਂ ਦਾ ਹੀ ਆਸਰਾ ਲਿਆ ਜਾ ਰਿਹਾ ਹੈ। ਸਿੱਖੀ ਆਤਮਾ ਸਿੱਖ ਵਿਰਾਸਤ, ਸਿਧਾਂਤ, ਅਤੇ ਸਪਿਰਟ ਨੂੰ ਅਪਨਾਉਣ ਅਤੇ ਪ੍ਰਚੰਡ ਕਰਣ ਦੀ ਬਜਾਇ ਫੋਕੇ ਦਮਗਜਿਆਂ, ਭੇਖਾਂ ਅਤੇ ਕਰਮਕਾਂਡੀ ਰੀਤਾਂ ਨੂੰ ਮੁਕੰਮਲ ਰਸਤਾ ਸਮਝਿਆ ਜਾ ਰਿਹਾ ਹੈ। ਗੁਰਦੁਆਰਿਆਂ ਦੀ ਵਧਦੀ ਗਿਣਤੀ, ਅੰਮ੍ਰਿਤ ਸੰਚਾਰਾਂ ਦਾ ਬਾਹਰੀ ਰੌਲਾ, ਨਗਰ ਕੀਰਤਨਾਂ ਅਤੇ ਕੀਰਤਨ ਦਰਬਾਰਾਂ ਦੀਆਂ ਝੜੀਆਂ ਅਤੇ ਇਹੋ ਜਿਹੇ ਹੋਰ ਤਰੀਕਿਆਂ ਨਾਲ ਸਿੱਖੀ ਦੇ ਪ੍ਰਫੁਲਿਤ ਹੋਣ ਦਾ ਭਰਮ ਤਾਂ ਬਣ ਸਕਦਾ ਹੈ ਪਰ ਹਕੀਕੀ ਪੱਧਰ ਉੱਤੇ ਸਿੱਖੀ ਜੀਵਨ ਦਾ ਮਿਆਰ ਘੱਟਦਾ ਅਤੇ ਡੋਲਦਾ ਹੀ ਪ੍ਰਤੀਤ ਹੁੰਦਾ ਹੈ। ਕਿਉਂਕਿ ਪੰਥ ਨੂੰ ਜਿੰਨਾਂ ਸਿੱਖ ਸਿਧਾਂਤ ਅਤੇ ਸਿੱਖ ਵਿਰਾਸਤ ਅਤੇ ਆਪਣੀ ਪ੍ਰਭੂਸੱਤਾ ਤੇ ਮਾਣ ਕਰਦਿਆਂ ਇਸ ਨੂੰ ਉਭਾਰਣਾ ਚਾਹੀਦਾ ਸੀ ਉਸ ਪੱਧਰ ਤੋਂ ਨਿਹਾਯਤ ਅਵੇਸਲਾਪਨ ਪ੍ਰਗਟ ਹੋਇਆ ਹੈ। ਧਾਰਮਿਕ, ਰਾਜਨਿਤਕ, ਆਰਥਿਕ ਅਤੇ ਸਮਾਜਿਕ ਤੌਰ `ਤੇ ਸਿੱਖ ਪੰਥ ਵੀ ਉਹਨਾਂ ਹੀ ਉਲਝਣਾਂ ਦਾ ਸ਼ਿਕਾਰ ਹੈ ਜੋ ਬਾਕੀ ਸਮਾਜ `ਤੇ ਪਕੜ ਬਣਾਈ ਬੈਠੀਆਂ ਹਨ। ਬਾਹਰੀ ਸਰੂਪ ਦਾ ਨਿਵੇਕਲਾਪਨ ਹੀ ਪ੍ਰਚਾਰਿਆ ਜਾ ਰਿਹਾ ਹੈ ਜਦੋਂ ਕਿ ਆਪਣੀ ਹੋਂਦ ਹਸਤੀ ਦੇ ਨਿਵੇਕਲੇਪਨ ਨੂੰ ਭੁਲਾ ਕੇ ਗੁਰੂ ਦੇ ਰਾਹ `ਤੇ ਚੱਲਣ ਦਾ ਦਾਅਵਾ ਕਰਣ ਵਾਲਾ ਬਾਕੀ ਲੋਕਾਂ ਵਾਲੀ ਮਰਜ਼ ਦਾ ਹੀ ਸ਼ਿਕਾਰ ਹੈ। ਗੁਰੂ ਸਾਹਿਬਾਨ ਨੇ ਜੋ ਨਿਯਮਾਵਲ਼ੀ ਇਸ ਲਈ ਨਿਯਤ ਕੀਤੀ ਸੀ ਉਸ ਤੋਂ ਹਟ ਕੇ ਖ਼ੁਆਰੀ ਤੋਂ ਸਿਵਾ ਇਸ ਨੂੰ ਕੁੱਝ ਵੀ ਪ੍ਰਾਪਤ ਨਹੀਂ ਹੋਵੇਗਾ। ਬਾਹਰੀ ਵਿਵਹਾਰ ਕੌਮਾਂ ਦੇ ਸਰੀਰ ਰੂਪ ਹੀ ਹੁੰਦੇ ਹਨ ਪਰ ਇਹਨਾਂ ਵਿੱਚ ਅਸਲ ਜਿੰਦ ਜਾਨ ਤਾਂ ਉਹ ਸਿਸਟਮ ਹੁੰਦੇ ਹਨ ਜੋ ਕਿਸੇ ਕੌਮ ਦੀ ਬੁਨਿਆਦ ਰੱਖਣ ਵਾਲਾ ਉਸ ਨੂੰ ਦਿਆ ਕਰਦਾ ਹੈ। ਜਿਵੇਂ ਜਿੰਦ ਜਾਨ ਤੋਂ ਬਿਨਾਂ ਸਰੀਰ ਮੁਰਦਾ ਹੀ ਹੈ ਉਵੇਂ ਬਾਹਰੀ ਵਿਉਹਾਰ ਕੌਮਾਂ ਵਿੱਚ ਉਨ੍ਹਾਂ ਚਿਰ ਨਿਰਾਸਤਾ ਅਤੇ ਬੇਵਸੀ ਹੀ ਲੈਕੇ ਆਉਂਦੇ ਹਨ ਜਿੰਨਾਂ ਚਿਰ ਉਹਨਾਂ ਵਿੱਚ ਉਹ ਸਪਿਰਟ ਅਤੇ ਨਿਸ਼ਾਨਿਆਂ ਦੀ ਪੂਰਤੀ ਦੀ ਲਗਨ ਨਹੀਂ ਹੁੰਦੀ। ਗੁਰਬਾਣੀ ਦਾ ਸਿਰਜਿਆ ਹੋਇਆ ਮਹਾਨ ਇਨਕਲਾਬੀ ਵਿਰਸਾ ਸਿੱਖ ਪੰਥ ਨੂੰ ਆਈਆਂ ਖੜੋਤਾਂ ਤੋੜਣ ਲਈ ਵੰਗਾਰ ਪਾਉਂਦਾ ਹੋਇਆ ਆਪਣੇ ਮਹਾਨ ਨਿਸ਼ਾਨਿਆਂ ਪ੍ਰਤੀ ਸੁਚੇਤ ਹੋਣ ਅਤੇ ਉਹਨਾਂ ਨੂੰ ਪੂਰਿਆਂ ਕਰਣ ਦਾ ਸੱਦਾ ਦਿੰਦਾ ਹੈ। ਆਗਾਹਾ ਕੂ ਤ੍ਰਾਘਿ ਪਿਛਾ ਫੇਰਿ ਨ ਮੁਹਡੜਾ॥ ਨਾਨਕ ਸਿਝਿ ਇਵੇਹਾ ਵਾਰ ਬਹੁੜਿ ਨ ਹੋਵੀ ਜਨਮੜਾ॥ (1096)

ਕਿਉਂਕਿ ਪੰਥ ਗੁਰੁ ਗ੍ਰੰਥ ਨੂੰ ਪ੍ਰਣਾਏ ਹੋਏ ਗੁਰਮੁਖਾਂ ਦਾ ਸੰਗ੍ਰਹਿ ਹੈ ਇਸ ਲਈ ਉਪਰੋਕਤ ਕਾਰਜਾਂ ਦੀ ਜ਼ਿੰਮੇਵਾਰੀ ਅਖੌਤੀ ਪਦਵੀਦਾਰਾਂ ਦੇ ਸਿਰ `ਤੇ ਨਹੀਂ ਸੁੱਟੀ ਜਾ ਸਕਦੀ ਪੰਥਕ ਇਕਾਗਰਤਾ ਤੋਂ ਬਿਨਾਂ ਇਸ ਕਾਰਜ ਦੀ ਪੂਰਤੀ ਹਰਚੰਦਉਰੀ ਵਾਂਗ ਭਰਮ ਤੋਂ ਸਿਵਾ ਕੁੱਝ ਨਹੀਂ ਹੈ। ਗੁਰੂ ਸਾਹਿਬਾਨ ਨੇ ਆਪਣੇ ਆਪ ਨੂੰ ਸਮੂਹ ਪੰਥ ਵਿੱਚ ਅਭੇਦ ਕੀਤਾ ਹੈ। ਗੁਰਸਿਖਾਂ ਅੰਦਰਿ ਸਤਿਗੁਰੂ ਵਰਤੈ ਜੋ ਸਿਖਾਂ ਨੋ ਲੋਚੈ ਸੋ ਗੁਰ ਖੁਸੀ ਆਵੈ॥ (317) ਅਤੇ ਗੁਰਮਤਿ ਜੁਗਤਿ ਵਰਤਾਉਣ ਦਾ ਜ਼ਿੰਮਾ ਵੀ ਇਸ ਸਿਰ ਪਾਇਆ ਹੈ। ਸਭ ਤੋਂ ਪਹਿਲਾਂ ਪੰਥਕ ਚੇਤਨਾ ਨੂੰ ਉਭਾਰ ਦੇਣ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ ਤਾਂ ਹੀ ਆਪਣੀ ਇਕਸੁਰ ਹੋਂਦ ਦੁਆਰਾ ਗੁਰਮਤਿ ਖਾਲਸਈ ਨਿਜ਼ਾਮ ਨੂੰ ਸਥਾਪਿਤ ਕੀਤਾ ਜਾ ਸਕਦਾ ਹੈ।
.