.

ਡੇਰਾਵਾਦ (ਮਿੱਠਾ ਜ਼ਹਿਰ)

ਸੁਖਵਿੰਦਰ ਸਿੰਘ ਸਭਰਾ

ਮੋ: 98760-45142

ਪੰਜਾਬ ਦੇ ਪਿੰਡਾਂ ਵਿੱਚ ਡੇਰਾ ਸ਼ਬਦ ਆਮ ਬੋਲੀ ਵਿੱਚ ਵੀ ਵਰਤਿਆ ਜਾਂਦਾ ਹੈ। ਪਿੰਡਾਂ ਤੋਂ ਬਾਹਰ ਬਹਿਕਾਂ ਨੂੰ ਵੀ ਡੇਰਾ ਕਿਹਾ ਜਾਂਦਾ ਹੈ ਜਦੋਂ ਕਿਤੇ ਕੋਈ ਦੂਰ ਜਾ ਕੇ ਵਾਪਸ ਨਾ ਆਵੇ ਤਾਂ ਉਸ ਦੇ ਘਰ ਵਾਲੇ ਵੀ ਕਹਿ ਦਿੰਦੇ ਹਨ ਕਿ ਇਹ ਤਾਂ ਉੱਥੇ ਹੀ ਡੇਰਾ ਲਾ ਕੇ ਬੈਠ ਗਿਆ। ਗੁਰਬਾਣੀ ਅੰਦਰ ਸੰਕੇਤ ਮਿਲਦੇ ਹਨ ਕਿ ‘ਡਡਾ ਡੇਰਾ ਇਹੁ ਨਹੀ ਜਹ ਡੇਰਾ ਤਹ ਜਾਨੁ॥ ਉਆ ਡੇਰਾ ਕਾ ਸੰਜਮੋ ਗੁਰ ਕੈ ਸਬਦਿ ਪਛਾਨੁ॥ ਭਾਵ ਇੱਥੇ ਘਰ ਨੂੰ ਡੇਰਾ ਆਖਿਆ ਗਿਆ ਹੈ, ।

ਪਰਾਤਨ ਸਮਿਆਂ ਵਿੱਚ ਰਿਸ਼ੀਆਂ-ਮੁਨੀਆਂ, ਜੋਗੀਆਂ ਦੇ ਮੱਠਾ, ਰਹਿਣ ਦੇ ਟਿਕਾਣਿਆ ਨੂੰ ਵੀ ਡੇਰਾ ਕਹਿ ਦਿਆ ਕਰਦੇ ਸੀ। ਧੰਨ ਗੁਰੂ ਨਾਨਕ ਸਹਿਬ ਦੇ ਆਗਮਨ ਸਮੇਂ ਮੁੱਖ ਤੌਰ ਤੇ ਤਿੰਨ ਕਿਸਮ ਦੇ ਧਾਰਮਿਕ ਆਗੂ ਸਨ, ਬ੍ਰਾਹਮਣ, ਜੋਗੀ ਅਤੇ ਕਾਜ਼ੀ। ਇਹ ਤਿੰਨੇ ਹੀ ਸੱਚ ਦੇ ਮਾਰਗ ਤੋਂ ਥਿੜਕੇ ਹੋਏ ਸਨ ਅਤੇ ਸੁਆਰਥ ਵੱਸ ਭੋਲੇ ਭਾਲੇ ਲੋਕਾਂ ਦੀ ਸ਼ਰਧਾ ਦਾ ਨਜ਼ਾਇਜ਼ ਲਾਭ ਉਠਾ ਰਹੇ ਸਨ। ਲੋਕਾਂ ਨੂੰ ਕੁਰਾਹੇ ਪਾ ਰਹੇ ਸਨ। ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ “ਬਾਬਾ ਦੇਖੇ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ॥” “ਵਿਚ ਦੁਨੀਆਂ ਸੇਵ ਕਮਾਈਐ॥” ਦੇ ਕਥਨ ਨੁੰ ਸੱਚ ਕਰਦਿਆਂ ਹੋਇਆਂ ਸਾਫ਼ ਕਹਿ ਦਿੱਤਾ:-

ਕਾਦੀ ਕੂੜੁ ਬੋਲਿ ਮਲੁ ਖਾਇ॥ ਬ੍ਰਾਹਮਣੁ ਨਾਵੈ ਜੀਆ ਘਾਇ॥

ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੇ ਓਜਾੜੇ ਕਾ ਬੰਧੁ॥

ਭਾਵ ਕਾਜ਼ੀ, ਇਸਲਾਮ ਦਾ ਧਾਰਮਿਕ ਆਗੂ ਹੈ ਹੱਥ ਵਿੱਚ ਧਾਰਮਿਕ ਪੁਸਤਕ ਫੜ ਕੇ ਝੂਠ ਬੋਲ ਰਿਹਾ ਹੈ, ਬੇਈਮਾਨੀ, ਧੋਖੇ, ਛਲ, ਕਪਟ, ਵੈਰ ਭਾਵਨਾ ਈਰਖਾ ਰੂਪੀ ਮੈਲ ਖਾਅ ਰਿਹਾ ਹੈ ਅਤੇ ਹੋ ਬ੍ਰਾਹਮਣ ਵਿਸ਼ਵਾਸਘਾਤੀ ਹੋ ਕੇ ਲੋਕਾਂ ਨੂੰ ਫੋਕੇ ਕਰਮਕਾਂਡ, ਦਾਨ ਆਦਿ ਅਤੇ ਹੋਰ ਭਰਮ ਜਾਲ ਵਿੱਚ ਫਸਾ ਰਿਹਾ ਹੈ ਮਾਨੋ ਧਰਮ ਦੇ ਨਾਮ ਤੇ ਲੋਕਾਂ ਦੀ ਲੁੱਟ ਕਰਦਾ ਹੋਇਆ ਲੋਕਾਂ ਦੇ ਖੁਨ ਵਿੱਚ ਇਸ਼ਨਾਨ ਕਰ ਰਿਹਾ ਹੈ। ਤੀਜਾ ਧਾਰਮਿਕ ਆਗੂ ਸੀ ਜੋਗੀ ਜੋ ਅਸਲ ਜੁਗਤ ਤੋਂ ਸੱਖਣਾਂ ਜਤੀ ਸਦਾਵਹਿ ਜੁਗਤਿ ਜਾਣਹਿ ਛਡਿ ਬਹਹਿ ਘਰ ਬਾਰੁ॥ ਦੁਨੀਆਂ ਦੇ ਵਿੱਚ ਰਹਿ ਕੇ ਦੁਨੀਆਂ ਦੀ ਸੇਵਾ ਕਰਨ ਦੀ ਬਜਾਏ ਜੋਗੀ ਨੇ ਕਦੇ ਵੀ ਆਪਣੇ ਆਪ ਨੂੰ ਸਮਾਜ ਦਾ ਅੰਗ ਨਹੀ ਮੰਨਿਆ ਜੰਗਲ ਬੀਆ ਬਾਨ ਅਤੇ ਪਹਾੜਾਂ ਦੀਆਂ ਕੰਧਰਾਂ ਵਿੱਚ ਰੱਬ ਨਾਲ ਜੁੜਿਆ ਹੋਣ ਦਾ ਕੇਵਲ ਨਾਟਕ ਕਰਦਾ ਰਿਹਾ ਦੁਨੀਆਂ ਵਿੱਚ ਰਹਿੰਦਿਆਂ ਹੋਇਆ ਸੱਚ ਪ੍ਰਮਾਤਮਾਂ ਦੀ ਪ੍ਰਾਪਤੀ ਸੱਚ ਦਾ ਮਾਰਗ ਇਸ ਜੋਗੀ ਵਾਸਤੇ ਸਦਾ ਬੁਝਾਰਤ ਬਣਿਆਂ ਰਿਹਾ। ਵਾੜ ਹੀ ਖੇਤ ਨੂੰ ਖਾਅ ਰਹੀ ਸੀ। ਬੁਲੰਦ ਆਵਾਜ਼ ਵਿੱਚ ਗੁਰੂ ਨੇ ਬਚਨ ਕਹੇ ਕਿ ਇਹਨਾਂ ਤਿੰਨਾਂ ਧਾਰਮਿਕ ਆਗੂਆਂ ਨੇ ਉਜਾੜ ਕੇ ਰੱਖ ਦਿੱਤਾ ਹੈ।

ਨਿਰਮਲੇ, ਉਦਾਸੀ, ਸੰਨਿਆਸੀ ਮੱਤ ਵੀ ਚੱਲੇ, ਗੁਰੂ ਸਾਹਿਬਾਂ ਨੇ ਸਮੇਂ-ਸਮੇਂ ਬੜੀ ਦੂਰ ਜਾ ਕੇ ਵੀ ਸਮਝਾਉਣਾ ਕੀਤਾ ਕਿ ਬ੍ਰਾਹਮਣ ਬਣਨਾ ਚਾਹੁੰਦਾ ਹੈਂ ਤਾਂ ਐਸ ਤਰ੍ਹਾਂ ਬਣ, ਤੂੰ ਜੋਗੀ ਬਣਨਾ ਚਾਹੁੰਦਾ ਹੈਂ ਤਾਂ ਐਸ ਤਰ੍ਹਾਂ ਬਣ, ਤੂੰ ਉਦਾਸੀ ਬਣਨਾ ਚਾਹੁੰਦਾ ਹੈਂ ਤਾਂ ਐਸ ਤਰ੍ਹਾਂ ਬਣ, ਤੂੰ ਸੰਨਿਆਸੀ ਬਣਨਾ ਚਾਹੁੰਦਾ ਹੈਂ ਤਾਂ ਐਸ ਤਰ੍ਹਾਂ ਬਣ। ਇਹ ਸਾਰਾ ਜਿਕਰ ਗੁਰਬਾਣੀ ਵਿੱਚ ਵਿਸਥਾਰ ਸਹਿਤ ਦਰਜ ਹੈ। ਰਾਜਨੀਤਿਕ ਤੇ ਧਾਰਮਿਕ ਆਗੂਆਂ ਵੱਲੋਂ ਦੀ ਕੀਤੀ ਜਾ ਰਹੀ ਕੁੱਟ ਮਾਰ, ਲੁੱਟ-ਘਸੁੱਟ ਦੇ ਵਿਰੁੱਧ ਗੁਰੂ ਨਾਨਕ ਸਾਹਿਬ ਨੇ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਭਾਵੇਂ ਗੁਰੂ ਨੂੰ ਮੁਸੀਬਤਾਂ ਦਾ ਸਾਹਮਣਾਂ ਵੀ ਕਰਨਾ ਪਿਆ।

ਤੀਸਰੇ ਪਾਤਿਸ਼ਾਹ ਨੇ ਸੱਚ ਧਰਮ ਦੇ ਪ੍ਰਚਾਰ ਵਾਸਤੇ 22 ਪ੍ਰਚਾਰਕ ਦੂਰ ਦੂਰ ਭੇਜੇ ਸਨ, ਪੰਜਵੇਂ ਪਾਤਿਸ਼ਾਹ ਦੀ ਸ਼ਹਾਦਤ ਹੋ ਗਈ। ਇਹ ਸਾਰਾ ਕੁੱਝ ਦੁਨੀਆਂ ਨੇ ਅੱਖੀਂ ਵੇਖਿਆ, ਗੁਰੂ ਹਰਿਗੋਬਿੰਦ ਪਾਤਿਸ਼ਾਹ ਨੂੰ ਜੰਗਾਂ ਵੀ ਕਰਨੀਆਂ ਪਈਆਂ। ਨੋਵੇਂ ਪਾਤਿਸ਼ਾਹ ਦੀ ਸ਼ਹਾਦਤ ਹੋਈ। ਦਸਮ ਪਾਤਿਸ਼ਾਹ ‘ਵਾਹੁ ਵਾਹੁ ਪ੍ਰਗਟਿਉ ਮਰਦ ਅਗੰਮੜਾ’ ਨੂੰ ਸਭ ਤੋਂ ਵੱਧ ਕੁਰਬਾਨੀ ਕਰਨੀ ਪਈ। ਸੱਚ ਧਰਮ ਦ੍ਰਿੜ ਕਰਵਾਉਂਦਿਆਂ ਹੱਕ ਸੱਚ ਵਾਸਤੇ, ਮਾਤਾ, ਪਿਤਾ, ਸਾਹਿਜ਼ਾਦਿਆਂ ਸਮੇਤ 27 ਜੀਅ ਕੁਰਬਾਨ ਕਰ ਦਿੱਤੇ। ਜਿਹੜੀ ਮਿੱਟੀ ਨੂੰ ਤੱਕਿਆ ਅੱਖ ਭਰ ਕੇ ਉਹ ਵੀ ਸੋਨਿਓ ਵੱਧ ਚਮਕਦਾਰ ਦਿੱਤੀ। ਜਿਸ ਮੱਥੇ ਨੂੰ ਵੱਡੀਆਂ-ਵੱਡੀਆਂ ਹਕੂਮਤਾਂ ਵੀ ਝੁਕਾਅ ਨਾਂਹ ਸਕੀਆਂ ਇੱਕ ਦਿਨ ਦਸਮ ਪਾਤਿਸ਼ਾਹ ਦਾ ਉਹ ਮੱਥਾ ‘ਧੰਨ ਗੁਰੂ ਗ੍ਰੰਥ ਸਾਹਿਬ ਅੱਗੇ ਝੁਕ ਗਿਆ। ਸਦਾ ਵਾਸਤੇ ਗੁਰਗੱਦੀ ਬਖਸ਼ ਦਿੱਤੀ ਅਤੇ ਸਖ਼ਸ਼ੀ ਪੂਜਾ ਸਦਾ ਵਾਸਤੇ ਬੰਦ ਕਰ ਦਿੱਤੀ। ਦਸਮ ਪਾਤਿਸ਼ਾਹ ਗੁਰੂ ਪੰਥ ਨੂੰ ਸਦਾ ਵਾਸਤੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਕਰਕੇ ਆਪ ਨਿਜਧਾਮ ਨੂੰ ਪਰਤ ਗਏ।

‘ਗੁਰੂ ਗ੍ਰੰਥ ਸਾਹਿਬ’ ਜੀ ਦੇ ਹੱਥ ਲਿਖਤ ਉਤਾਰੇ ਵੀ ਹੋ ਚੁੱਕੇ ਸਨ, ਦਸ਼ਮੇਸ਼ ਦੇ ਸਿੰਘਾਂ ਨੂੰ ਜੰਗਾਂ ਜੁੱਧਾਂ ਸਮੇਂ ਜੰਗਲਾਂ ਵਿੱਚ ਘੋੜਿਆਂ ਦੀਆਂ ਕਾਠੀਆਂ ਉੱਪਰ ਘਰ ਬਣਾ ਕੇ ਰਹਿਣਾ ਪਿਆ ਤਾਂ ਨਿਮਲਿਆਂ ਉਦਾਸੀਆਂ ਨੂੰ ‘ਗੁਰੂ ਗ੍ਰੰਥ ਸਾਹਿਬ’ ਦੀ ਸੇਵਾ ਸੰਭਾਲ ਵਾਸਤੇ ਲਗਾ ਦਿੱਤਾ ਗਿਆ ਇਹਨਾਂ ਨਿਰਮਲਿਆਂ ਉੱਪਰ ਪਹਿਲਾਂ ਹੀ ਬ੍ਰਾਹਮਣੀ ਮੱਤਾਂ ਦਾ ਪ੍ਰਭਾਵ ਸੀ। ਸਿੱਖ ਧਰਮ ਅੰਦਰ ਵੀ ਉਹੀ ਗਿਣਤੀ ਮਿਣਤੀ ਵਾਲੇ ਪਾਠ, ਪਾਠਾਂ ਦੇ ਫ਼ਲ’ ਕੀਤਾ ਕਰਾਏ ਜਾਪ, ਵਰਨੀਆਂ, ਮਾਲਾ, ਦਾਨ ਦਾ ਫ਼ਲ, ਸਵਰਗਾਂ ਦੇ ਲਾਲਚ, ਨਰਕਾਂ ਦਾ ਡਰ ਪੈਣਾ ਸ਼ੁਰੂ ਹੋ ਗਿਆ। ਹਿੰਦੂ ਮੱਤ ਦੇ ਗ੍ਰੰਥਾਂ ਦੀ ਤਰਜ ਉੱਤੇ ਅਤੇ ਜੋਗ ਮੱਤ, ਜੈਨ ਮੱਤ ਦੀ ਧਾਰਨਾ ਅਨੁਸਾਰ ਗੁਰਬਾਣੀ ਦੀ ਵਿਆਖਿਆ ਦਾ ਮੁੱਢ ਇਥੋਂ ਹੀ ਬੱਝਾ ਸੀ, ਗੁਰਮਤਿ ਦਾ ਖੰਡਨ ਕਰਨ ਵਾਲੀ ਵਿਆਖਿਆ, ਟੀਕੇ ਵੀ ਲਿਖੇ ਗਏ, ਗੁੰਨਾਮ ਲਿਖਾਰੀਆਂ ਦੀਆਂ ਲਿਖਤਾਂ ਸਮਾਂ ਪਾ ਕੇ ਸਿੱਖੀ ਦੇ ਵਿਹੜੇ ਵਿੱਚ ਧਰਮ ਦਾ ਲੇਬਲ ਲਗਾ ਕੇ ਸੁੱਟ ਦਿੱਤੀਆਂ ਗਈਆਂ। ਸੂਰਜ ਪ੍ਰਕਾਸ਼ ਦੇ ਕਰਤਾ ਭਾਈ ਸੰਤੋਖ ਸਿੰਘ ਜੀ ਖੁਦ ਇੱਕ ਥਾਂ ਕਹਿੰਦੇ ਹਨ, ਜਦੋਂ ਮੈਂ ਲਿਖਦਾ ਹਾਂ ਤਾਂ ਕੁੱਤੇ ਭੌਂਕਦੇ ਹਨ, ਸੂਰ ਘੁਰ-ਘੁਰ ਕਰਦੇ ਹਨ, ਕਾਂ- ਕਾਂ ਕਾਂ ਕਰਦੇ ਹਨ, ਖੋਤੇ ਹੀਂਗਦੇ ਹਨ। ਇਹ ਕਾਂ ਕੁੱਤੇ ਕੌਣ ਸਨ। ਅੰਦਾਜ਼ਾ ਲਾਗਾਣਾ ਕੋਈ ਔਖਾਂ ਨਹੀਂ ਹੈ। ਸਮਾਂ ਪਾ ਕੇ ਇਹੀ ਨਿਰਮਲੇ ਉਦਾਸੀ ਮਹੰਤਾਂ ਦਾ ਰੂਪ ਧਾਰ ਕੇ ਗੁਰਦੁਆਰਿਆਂ ਉੱਪਰ ਕਾਬਜ਼ ਹੋ ਗਏ। ਸਖਸ਼ੀ ਪੂਜਾ, ਧਰਮ ਦੇ ਨਾਮ ਤੇ ਕਰਮ-ਕਾਂਡ, ਜਾਤ-ਪਾਤ ਦੇ ਨਾਂ ਤੇ ਵੰਡੀਆਂ, ਸੁੱਚ ਭਿੱਟ ਹਰ ਗੁਰਮਤਿ ਵਿਰੋਧੀ ਕਰਮ ਇਹਨਾਂ ਕੀਤਾ। ਯਾਦ ਰਹੇ ਕਿ ਦਸਮ ਪਾਤਿਸ਼ਾਹ ਦੇ ਸਮੇਂ ਵੀ ਮਸੰਦਾਂ ਨੂੰ ਗੁਰਮਤਿ ਵਿਰੋਧੀ ਕਾਰਵਾਈਆਂ ਕਾਰਣ ਤੇਲ ਦੇ ਕੜਾਹਿਆਂ ਵਿੱਚ ਸੁੱਟ ਕੇ ਸਾੜ ਦਿੱਤਾ ਗਿਆ ਸੀ। (ਨੋਟ:- ਇਹ ਗੱਲ ਠੀਕ ਨਹੀਂ ਜਾਪਦੀ। ਗੁਰੂ ਜੀ ਇਸ ਤਰ੍ਹਾਂ ਦੀਆਂ ਅਣ-ਮਨੁੱਖੀ ਸਜ਼ਾਵਾਂ ਨਹੀਂ ਦੇ ਸਕਦੇ ਸਨ-ਸੰਪਾਦਕ) ਵੱਖ-ਵੱਖ ਸੰਪਰਦਾਵਾਂ ਦਾ ਮੁੱਢ ਵੀ ਇਹਨਾਂ ਨਿਰਮਲੇ ਉਦਾਸੀਆਂ ਤੋਂ ਬੱਝਾ। ਅਠਾਰਵੀਂ ਸਦੀ ਵਿੱਚ ਸਿੰਘ ਸਭਾ ਲਹਿਰ ਚੱਲੀ ਇਹਨਾਂ ਮਹੰਤਾਂ ਵਿਰੁੱਧ ਮੋਰਚੇ ਲੱਗੇ, ਬਹੁਤ ਕੁਰਬਾਨੀਆਂ ਕਰਕੇ ਇਹਨਾਂ ਮਹੰਤਾਂ ਪਾਸੋਂ ਗੁਰਦੁਆਰੇ ਅਜ਼ਾਦ ਕਰਵਾਏ ਗਏ। ਇਹਨਾਂ ਮਹੰਤਾਂ ਨੇ ਪਾਸੇ ਜਾ ਕੇ ਵੱਖ-ਵੱਖ ਡੇਰੇ ਬਣਾ ਲਏ। ਅੱਜ ਵੀ ਜੇ ਕਿਸੇ ਗ੍ਰੰਥੀ ਨੂੰ ਗੁਰਦੁਆਰਾ ਸਾਹਿਬ ਵਿਚੋਂ ਕੱਢ ਦਿੱਤਾ ਜਾਵੇ ਤਾਂ ਉਹ ਆਪਣਾ ਵੱਖਰਾ ਗੁਰਦੁਆਰਾ ਉਸਾਰ ਲੈਂਦਾ ਹੈ।

ਜਦੋਂ ਸਰਕਾਰਾਂ ਦੇ ਧਿਆਨ ਵਿੱਚ ਇਹ ਗੱਲ ਆਈ ਕਿ ਇਹ ਸਿੱਖ ਕਹਾਉਂਣ ਵਾਲੇ ਤਾਂ ਡੇਰੇਦਾਰ ਸਾਧ ਦੀ ਗੱਲ ਤਾਂ ‘ਗੁਰੂ ਗ੍ਰੰਥ ਸਾਹਿਬ ਜੀ’ ਨਾਲੋਂ ਵੀ ਵੱਧ ਮੰਨਦੇ ਹਨ, ਇਹਨਾਂ ਡੇਰੇਦਾਰ ਸਾਧਾਂ ਰਾਹੀਂ ਸਿੱਖਾਂ ਨੂੰ ਤੱਕੜੀ ਮਾਰ ਮਾਰੀ ਜਾ ਸਕਦੀ ਹੈ ਤਾਂ ਫੌਜ ਵਿੱਚ ਹੀ ਸੰਤਾਂ ਨੂੰ ਮਾਲਾ ਫੜਾ ਦਿੱਤੀਆਂ ਗਈਆਂ। ਉਹਨਾਂ ਦੀ ਸੰਤਗੀਰੀ ਨੂੰ ਚਮਕਾਉਂਣ ਲਈ ਉਨ੍ਹਾਂ ਦੇ ਨਾਵਾਂ ਨਾਲ ਕਈ ਕਰਾਮਾਤੀ ਝੂਠੀਆਂ ਕਹਾਣੀਆਂ ਜੋੜ ਦਿੱਤੀਆਂ ਗਈਆਂ, ਅਫਸਰਾਂ ਸਮੇਤ ਜਲਦੀ ਹੀ ਬਹੁਤ ਸਾਰੇ ਲੋਕ ਇਹਨਾਂ ਸਰਕਾਰੀ ਸੰਤਾਂ ਦੇ ਪ੍ਰਵਚਨ ਸੁਣਨ ਆਉਂਣ ਲੱਗ ਪਏ। ਡੇਰਿਆਂ ਦੀ ਸੋਭਾ ਜਿਉਂ ਹੀ ਜਲਦੀ-ਜਲਦੀ ਵੱਧਣ ਲੱਗੀ। ਖਾਲਸਾ ਪੰਥ ਦੀ ਅਕਾਸ਼ ਉੱਤੇ ਚੜ੍ਹੀ ਹੋਈ ਗੁੱਡੀ ਵੀ ਬੜੀ ਤੇਜ਼ੀ ਨਾਲ ਅਰਸ਼ ਤੋਂ ਫ਼ਰਸ਼ ਵੱਲ ਵੱਧਣੀ ਸ਼ੁਰੂ ਹੋ ਗਈ। ਸਮੇਂ ਦੀਆਂ ਸਰਕਾਰਾਂ ਅਤੇ ਸਿੱਖੀ ਦੇ ਵੈਰੀ ਕਦੋਂ ਦੇ ਚਾਹੁੰਦੇ ਸਨ ਕਿ ਇਹਨਾਂ ਸਿੱਖਾਂ ਦੇ ਹੱਥਾਂ ਵਿਚੋਂ ਕਿਰਪਾਨਾਂ ਸੁੱਟਵਾ ਕੇ ਇਹਨਾਂ ਦੇ ਹੱਥਾਂ ਵਿੱਚ ਮਾਲਾ ਫੜਾ ਦਿੱਤੀਆਂ ਜਾਣ। ਚੇਤੇ ਰਹੇ ਕਿ ਬੁੱਚੜ ਵੱਢ ਕੇ ਕੂਕਿਆਂ ਨੇ ਥੋੜੀ ਬਹਾਦਰੀ ਦਿਖਾਈ ਤਾਂ ਅੰਗਰੇਜ਼ ਨੇ ਉਨ੍ਹਾਂ ਦੇ ਹੱਥਾਂ ਵਿੱਚ ਉੱਨ ਦੀਆਂ ਮਾਲਾਂ ਫੜਾ ਦਿੱਤੀਆਂ ਸਨ। ਅੱਜ ਕੂਕੇ ਇਹੀ ਕਹਿੰਦੇ ਹਨ ਕਿ ਅਸੀਂ ਤਾਂ ਵੈਸ਼ਨੋ ਭਗਤ ਹੁੰਦੇ ਹਾਂ।

ਸੋ ਗੁਰਦੁਆਰਿਆਂ ਦੀ ਥਾਂ ਇਹਨਾਂ ਨੇ ਡੇਰੇ ਪ੍ਰਚੱਲਿਤ ਕਰ ਦਿੱਤੇ, ਸ਼ਾਸਤਰਾਂ ਨਗਾਰਿਆਂ, ਨਿਸ਼ਾਨਾਂ ਨੂੰ ਪਰ੍ਹੇ ਕਰ ਦਿੱਤਾ ਗਿਆ, ਉੱਨ ਦੀਆਂ ਮਾਲਾ ਚਿੱਟੇ ਕੱਪੜੇ ਇਹਨਾਂ ਸਾਧਾਂ ਨੇ ਪਹਿਨ ਲਏ, ਸਿਰਾਂ ਉੱਪਰ ਗੋਲ ਛੋਟੇ ਪਟਕੇ ਬੰਨ੍ਹ ਲਏ, ਇਹਨਾਂ ਸਾਧਾਂ ਨੇ ਜੁੱਤੀ ਦੀ ਥਾਂ ਖੜਾਵਾਂ ਪਾ ਲਈਆਂ। ਤਿੰਨ ਫੁੱਟੀ ਕਿਰਪਾਨ ਦੀ ਥਾਂ 2 ਇੰਚੀ ਛਿੰਙ ਤਬੀਤ ਨਾਲ ਅੰਮ੍ਰਿਤ ਛਕਾਉਂਣ ਨੂੰ ਇੱਕ ਰਸਮ ਬਣਾ ਦਿੱਤਾ ਗਿਆ। ਗੁਰਬਾਣੀ ਨੂੰ ਸਮਝਣ ਮੰਨਣ ਦੀ ਥਾਂ ਮੰਤਰ ਜਾਪ, ਵਰਗੀਆਂ ਰਾਮ-ਰਾਮ ਦੀਆਂ ਮਾਲਾ, ਅਖੰਡ ਪਾਠ, ਸੰਪਟ ਪਾਠ, ਅਤੀ ਸੰਪਟ ਪਾਠ, ਪਾਠਾਂ ਦੀਆਂ ਗਿਣਤੀਆਂ ਸ਼ੁਰੂ ਕਰ ਦਿੱਤੀਆਂ।

ਮੁਸ਼ਕਲ ਸਮੇਂ ਮੰਤਰਾਂ ਦਾ ਸਹਾਰਾ, ਕਿਰਤ ਨਾ ਕਰਕੇ ਲੋਕਾਂ ਦੀ ਕਮਾਈ ਦਾਨ ਦੇ ਨਾਂ ਤੇ ਖਾਣੀ, ਅਖੌਤੀ ਜਤੀ ਹੋਣ ਦਾ ਪ੍ਰਚਾਰ ਕਰਨਾ (ਡੇਰਿਆਂ ਵਿੱਚ ਬਲਾਤਕਾਰ ਦਾ ਰਾਹ ਖੁੱਲਾ), ਡੇਰਿਆਂ ਨੂੰ ਨਿੱਜੀ ਮਾਲਕੀ ਬਣਾਉਂਣਾ, ਚੜਾਵੇ ਦਾ ਪੈਸਾ ਪੰਥਕ ਕਾਰਜਾਂ ਵਾਸਤੇ ਨਾਂਹ ਖਰਚਣਾ, ਸਗੋਂ ਐਸ਼ ਪ੍ਰਸਤੀ ਵਿੱਚ ਰੁਹੜ ਦੇਣਾ, ਸਿੱਖਾਂ ਅੰਦਰੋਂ ਸਵੈਮਾਨ ਖਤਮ ਕਰਕੇ ਆਪਣੇ ਚੇਲੇ ਬਣਾਉਂਣਾ, ਆਪਣੇ ਜੀ ਹਜ਼ੂਰੀਏ, ਬੁਜ਼ਦਿਲ ਕਾਇਰ ਬਣਾਉਂਣਾ, ਗੁਲਾਮ ਬਣਾਉਂਣਾ, ਗੁਰਬਾਣੀ ਤੱਤ ਸੋਚ ਗਿਆਨ ਤੋਂ ਲੋਕਾਂ ਨੂੰ ਦੂਰ ਕਰਨਾ ਅਤੇ ਜੋਗ ਮੱਤ, ਬ੍ਰਾਹਮਣੀ ਮੱਤ, ਜੈਨ ਮੱਤ ਵਾਲੇ ਕਰਮ ਕਾਂਡ ਦੇ ਰਾਹ ਪਾਈ ਰੱਖਣਾ, ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਮੰਨਣ ਦੀ ਬਜਾਏ ਗੁਰੂ ਦੀ ਪੂਜਾ ਕਰਵਾਉਂਣੀ, ਰਾਜਨੀਤਿਕ, ਧਾਰਮਿਕ ਆਗੂਆਂ ਦੇ ਜ਼ਬਰ ਜ਼ੁਲਮ ਦੇ ਖਿਲਾਫ਼ ਕਦੇ ਜ਼ੁਬਾਨ ਨਾ ਖੋਲਣੀ, ਗੁਰਬਾਣੀ ਦੀ ਕਥਾ ਦੀ ਥਾਂ ਤੇ ਆਪਣੀ ਹੀ ਫੋਕੀ ਪ੍ਰਸੰਸਾ, ਫੋਕੀ ਖੁਸ਼ਾਮਦ ਦੀ ਕਥਾ ਚੇਲਿਆਂ ਤੋਂ ਕਰਵਾਉਂਣੀ, ਆਪਣੇ ਆਪ ਨੂੰ ਹੀ ਰੱਬ ਸਿੱਧ ਕਰਨ ਦੀ ਕੋਝੀ ਕੋਸ਼ਿਸ਼ ਕਰਦੇ ਰਹਿਣਾ, ਲਹੂ ਭਿੱਜਾ ਇਤਿਹਾਸ ਨਾ ਸੁਣਾ ਕੇ ਕੇਵਲ ਕਰਾਮਾਤੀ ਕਹਾਣੀਆਂ ਸੁਣਾ ਕੇ ਲੋਕਾਂ ਪਾਸੋਂ ਨੋਟ, ਵੋਟ ਅਤੇ ਝੂਠੀ ਵਡਿਆਈ ਖੱਟਣੀ, ਨਾਂਅ ਨਾਲ ਸਿੰਘ, ਭਾਈ ਦੀ ਥਾਂ ਹਜ਼ੂਰ, ਮਹਾਂਰਾਜ, ਪੂਰਣ, ਸੰਪੂਰਣ, ਸੰਤ, ਬ੍ਰਹਮ ਗਿਆਨੀ, ਸ਼੍ਰੀ 108, 1008 ਮੁਰਾਰੇ, ਸ੍ਰੀ ਸੰਤ ਦੀਨ ਦਿਆਲ, ਗੋਸਾਂਈ, ਸੋਆਮੀ, ਅੰਤਰਯਾਮੀ, ਹਰਿ ਸੰਤ, ਸੰਤ ਅਸਾਧ ਅਪਾਰ, ਸੰਤ ਸਿਰਤਾਜ, ਅਕਾਲ ਰੂਪ, ਪ੍ਰਭੂ, ਨਾਥ, ਸਾਈ, ਹਰਿ ਜੀ, ਮਰਿਯਾਦਾ ਪ੍ਰੋਸ਼ਤਰਾ ਆਦਿ ਵਿਸ਼ੇਸ਼ਣ ਵਰਤਣੇ ਇਹ ਇਹਨਾਂ ਸਾਧਾਂ ਸੰਤਾਂ ਦੇ ਮੁੱਖ ਕੰਮ ਹਨ।

ਗੁਰਦੁਆਰੇ ਅਤੇ ਡੇਰੇ ਵਿੱਚ ਫਰਕ:- ਗੁਰਦੁਆਰਾ ਸਾਹਿਬ ਜਿੱਥੇ ‘ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦਾ ਪ੍ਰਕਾਸ਼ ਹੋਵੇ, ਪੰਥ ਪ੍ਰਵਾਨਿਤ ਰਹਿਤ ਮਰਿਯਾਦਾ ਲਾਗੂ ਹੋਵੇ, ਸਾਰੀ ਚੱਲ ਅਤੇ ਅਚੱਲ ਜਾਇਦਾਦ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੇ ਨਾਂਅ ਹੋਵੇ, ਗੁਰੂ ਦੀ ਗੋਲਕ ਗਰੀਬ ਦੇ ਮੂੰਹ ਨਾਲ ਜੁੜੀ ਹੋਵੇ, ਕੇਵਲ ਤੇ ਕੇਵਲ ਗੁਰੂ ਦਾ ਹੀ ਹੁਕਮ ਮੰਨਿਆ ਜਾਵੇ। ਕੋਈ ਸਖ਼ਸ਼ੀ ਪੁਜਾ ਨਾਂਹ ਹੋਵੇ, ਉਹ ਗੁਰਦੁਆਰਾ ਸਾਹਿਬ ਹੈ। ਗੁਰਦੁਆਰੇ ਗੁਰਮਤਿ ਕੇਂਦਰ ਹੋਣ ਜਿੱਥੋਂ ਗੁਰਬਾਣੀ ਦਾ ਚਾਨਣ ਦੂਰ ਦੂਰ ਤੱਕ ਫੈਲਾਇਆ ਜਾਵੇ।

ਡੇਰਾ:- ਜਿੱਥੇ ਭਾਵੇਂ ਦਿਖਾਵੇ ਮਾਤਰ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੇ ਪ੍ਰਕਾਸ਼ ਵੀ ਕੀਤੇ ਹੋਣ, ਸਿੱਖ ਰਹਿਤ ਮਰਿਯਾਦਾ ਲਾਗੂ ਨਹੀਂ ਹੈ। ਸਖ਼ਸ਼ੀ ਪੂਜਾ (ਬੰਦੇ ਦੀ ਪੂਜਾ) ਬੰਦੇ ਦਾ ਹੁਕਮ, ਸੰਪਰਦਾਈ, ਕਰਮ-ਕਾਂਡੀ ਮਰਯਾਦਾ ਹੋਰ ਕਰਮ ਰਸਮੀ ਤੌਰ ਤੇ ਦਿਖਾਵੇ ਵਾਸਤੇ, ਆਪਣੀ ਦੁਕਾਨਦਾਰੀ ਜੋ ਝੂਠ ਦੀ ਹੈ ਪਰ ਸੱਚ ਦਾ ਲੇਬਲ ਲਗਾ ਕੇ ਖੋਲ੍ਹੀ ਹੋਈ ਹੈ। ਉਹ ਚਲਾਉਂਣ ਵਾਸਤੇ ਕੇਵਲ ਭੀੜਾਂ ਨੂੰ ਪ੍ਰਭਾਵਿਤ ਕਰਨ ਵਾਸਤੇ ਕੀਤਾ ਜਾਂਦਾ ਹੈ ਸਾਰੀ ਚੱਲ ਅਤੇ ਅਚੱਲ ਜਾਇਦਾਦ ਡੇਰਾ ਮੁਖੀ ਬੰਦੇ ਨਾਂਅ ਹੈ ਉਹ ਡੇਰਾ ਹੈ।

ਡੇਰਾਵਾਦ ਪ੍ਰਫ਼ੁਲਿੱਤ ਕਿਉਂ ਹੋਇਆ:- ਇਸ ਸਬੰਧ ਵਿੱਚ ਉਪਰ ਕਾਫ਼ੀ ਕੁੱਝ ਲਿਖ ਆਏ ਹਾਂ। ਡੇਰੇਦਾਰਾਂ ਨੇ ਆਪਣੇ ਆਪ ਨੂੰ ਰੱਬ ਵੀ ਉਪਰ ਸਿੱਧ ਕੀਤਾ, ਬੜੀ ਲੱਛੇਦਾਰ ਸ਼ਬਦਾਵਲੀ ਰਾਹੀਂ ਕਹਿੰਦੇ ਹਨ ਕਿ ਰੱਬ ਦੀ ਬੱਧੀ ਛੁੱਟ ਜਾਂਦੀ ਹੈ, ਪਰ ਸਾਧ ਦੀ ਬੱਧੀ ਨਹੀਂ ਛੁੱਟਦੀ, ਪਾਪਾਂ ਦੀ ਕਮਾਈ ਵਿਚੋਂ ਕੁੱਝ ਹਿੱਸਾ ਡੇਰੇਦਾਰ ਸਾਧ ਨੂੰ ਦੇ ਦਿਉ, ਤੁਹਾਡਾ ਕਾਲਾ ਧਨ, ਚਿੱਟੇ ਧਨ ਵਿੱਚ ਬਦਲ ਜਾਏਗਾ। ਤੁਹਾਨੂੰ ਕੁੱਝ ਵੀ ਕਰਨ ਦੀ ਲੋੜ ਨਹੀਂ ਸਾਧ ਹੀ ਤੁਹਾਡੇ ਵਾਸਤੇ ਮੰਤਰ ਜਾਪ ਕਰ ਦੇਵੇਗਾ, ਪੁੱਤਰ, ਨੌਕਰੀ, ਸੁੱਖ, ਸ਼ਾਂਤੀ, ਨਰਕ, ਸਵਰਗ ਦੇਣਾ ਕੇਵਲ ਸਾਦਾਂ ਦੇ ਵੱਸ ਹੈ। ਅਮੀਰੀ, ਗਰੀਬੀ ਵੀ ਡੇਰੇਦਾਰ ਸਾਧ ਦੇ ਅੱਗੇ ਹੱਥ ਬੰਨ ਕੇ ਖੜ੍ਹੀਆਂ ਰਹਿੰਦੀਆਂ ਹਨ। ਭਾਵ ਕਿ ਦਾਤਾਂ ਦੇਣ ਵਾਲਾ ਪ੍ਰਮਾਤਮਾਂ ਨਹੀਂ ਹੈ, ਇਹ ਸਾਧ ਹੈ। ਕੇਵਲ ਇਹਦੇ ਪੈਰਾਂ ਦੀ ਮਿੱਟੀ ਮੱਥੇ ਨੂੰ ਲਾਉਂਣ ਨਾਲ ਰੇਖ ਵਿੱਚ ਮੇਖ ਵੱਜ ਜਾਂਦੀ ਹੈ। ਕੇਵਲ ਇਸ ਦੇ ਹੀ ਤਲਵੇ ਚੱਟਣ ਦੀ ਲੋੜ ਹੈ। ਬਾਕੀ ਸਾਰਾ ਕੁੱਝ ਇਸ ਡੇਰੇ ਦਾਰ ਸਾਧ ਨੇ ਆਪੇ ਹੀ ਕਰ ਦੇਣਾ ਹੈ। ਭੋਲੇ-ਭਾਲੇ ਲੋਕ ਸਾਧ ਦੇ ਵਰਾਂ ਦੇ ਲਾਲਚ ਅਤੇ ਸਰਾਪ ਦੇ ਡਰੋਂ ਇਹਨਾਂ ਸਾਧਾਂ ਸੰਤਾਂ ਵੱਲ ਖਿੱਚੇ ਗਏ। ਪਾਖੰਡ ਤੋਂ ਵੈਸੇ ਵੀ ਲੋਕ ਜਲਦੀ ਪ੍ਰਭਾਵਿਤ ਹੁੰਦੇ ਹਨ। ਸੋਚਦੇ ਹਨ ਕਿ ਹਰ ਤਰ੍ਹਾਂ ਦੀ ਤਰੱਕੀ ਸਾਧ ਦੇ ਵੱਸ ਹੈ, ਰਾਜਨੀਤਿਕ ਲੋਕ, ਵੱਡੇ-ਵੱਡੇ ਅਮੀਰ ਲੋਕ ਇਥੋਂ ਤੱਕ ਕਿ ਪੜ੍ਹੇ ਲਿਖੇ ਲੋਕ ਵੀ ਗੁਰਬਾਣੀ ਸਿੱਖਿਆ ਵੱਲੋਂ ਕੋਰੇ ਅਨਪੜ੍ਹ ਹੋਣ ਕਰਕੇ ਜਾਂ ਕਈ ਵਾਰੀ ਆਪਣੇ ਕੀਤੇ ਪਾਪਾਂ ਤੇ ਲੀਕ ਮਰਵਾਉਂਣ ਕਾਰਣ ਸਾਧਾਂ ਦੇ ਡੇਰਿਆਂ ਤੇ ਜਾਂਦੇ ਹਨ ਤਾਂ ਹੋਰ ਲੋਕ ਬਹੁਤ ਪ੍ਰਭਾਵਿਤ ਹੁੰਦੇ ਹਨ। ਇਹ ਕਹਿੰਦੇ ਵੀ ਸੁਣੇ ਹਨ ਕਿ ਬਾਦਲ, ਕੈਪਟਨ, ਤਖ਼ਤਾਂ ਦੇ ਜਥੇਦਾਰ ਐਵੇਂ ਥੋੜੀ ਹਨ, ਉਹ ਵੀ ਤਾਂ ਉੱਥੇ ਡੇਰੇ ਜਾਂਦੇ ਹਨ। ਫੋਕੀ ਰਾਜਨੀਤੀ ਦੀ ਖੇਡ ਖੇਡਣ ਵਾਲੇ ਲੀਡਰਾਂ ਨੇ ਅਤੇ ਭ੍ਰਿਸ਼ਟ ਬੇਈਮਾਨ ਅਫ਼ਸਰਾਂ ਨੇ ਵੀ ਇਹਨਾਂ ਡੇਰਿਆਂ ਨੂੰ ਬਹੁਤ ਪ੍ਰਫ਼ੁਲਿਤ ਕੀਤਾ ਹੈ, ਪਸ ਵਿੱਚ ਨੋਟਾਂ ਅਤੇ ਵੋਟਾਂ ਦੀ ਸਾਂਝ ਹੈ। ਅਗਿਆਨਤਾ, ਅਨਪੜ੍ਹਤਾ, ਬੇਰੁਜ਼ਗਾਰੀ ਵੀ ਅੱਜ ਇਹਨਾਂ ਡੇਰਿਆਂ ਦੇ ਹੱਕ ਵਿੱਚ ਭੁਗਤ ਰਹੀ ਹੈ।

ਕਿਸਮਾਂ ਡੇਰਿਆਂ ਦੀਆਂ:- ਮੁੱਖ ਡੇਰੇ ਤਿੰਨ ਕਿਸਮ ਦੇ ਹਨ:-

1. ਦੇਹਧਾਰੀ ਡੰਮ੍ਹ ਡੇਰਾਵਾਦ 2. ਸਿੱਖ ਸੰਪਰਦਾਈ ਡੇਰਾਵਾਦ 3. ਫੁੱਟਕਲ ਡੇਰਾਵਾਦ

1. ਦੇਹਧਾਰੀ ਡੰਮ੍ਹ ਡੇਰਾਵਾਦ:- ਵਿਅਕਤੀਗਤ ਸਖ਼ਸ਼ੀ ਪੂਜਾ ਦਾ ਦਾਅਵਾ ਇਹ ਕਰਦੇ ਹਨ। ਇਹਨਾਂ ਵਿਚੋਂ ਕਈ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਗੁਰਬਾਣੀ ਦੀਆਂ ਤੁਕਾਂ ਲੈ ਕੇ ਮਰਜ਼ੀ ਦੇ ਅਰਥ ਕਰਕੇ ਆਪਣਾ ਵੱਖਰਾ ਡੰਮ੍ਹ ਚਲਾਉਣ ਵਿੱਚ ਸਫ਼ਲ ਹੋ ਗਏ ਹਨ ਹੋਰ ਧਰਮਾਂ ਦੇ ਲੋਕਾਂ ਦੇ ਨਾਲ ਨਾਲ ਅਗਿਆਨੀ ਭੋਲੇ ਸਿੱਖਾਂ ਨੂੰ ਵੀ ਭਾਰੀ ਗਿਣਤੀ ਵਿੱਚ ਇਹਨਾਂ ਨੇ ਆਪਣੇ ਭਰਮ ਜਾਲ ਵਿੱਚ ਫਸਾਇਆ ਹੋਇਆ ਹੈ। ਇਹ ਵੱਖ-ਵੱਖ ਥਾਵਾਂ ਤੇ ਗੱਦੀਆਂ ਲਾਈ ਬੈਠੇ ਹਨ। ਕੋਈ ਬਿਆਸਾ ਗੱਦੀ ਲਾਈ ਬੈਠਾ ਹੈ, ਕੋਈ ਆਗਰੇ, ਕੋਈ ਢੇਸੀਆਂ, ਨੂਰਮਹਿਲ, ਕੋਈ ਭਨਿਆਰੀਆ, ਕੋਈ ਵਡਭਾਗੀਆ, ਕੋਈ ਨਿਰੰਕਾਰੀ, ਕੋਈ ਨਾਮਧਾਰੀਆ, ਕੋਈ ਸਰਸੇ ਝੂਠੇ ਸੌਦੇ ਵਾਲਾ, ਕੋਈ ਕਿਤੇ ਅਤੇ ਕੋਈ ਕਿਤੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਿਆਈ ਨੂੰ ਇਹ ਸਿੱਧਾ ਚੈਲਿਜ ਕਰਦੇ ਹਨ। ਉੱਪਰ ਲਿਖੇ ਮੁਤਾਬਿਕ ਜੈਮਲ ਸਿਹੁੰ ਜੋ ਬਿਆਸ ਵਾਲੀ ਗੱਦੀ ਦੇ ਮਾਲਿਕ ਰਹੇ ਇਹ ਵੀ ਫੌਜ਼ ਵਿਚੋਂ ਹੀ ਤਿਆਰ ਹੋ ਕੇ ਆਏ ਸਨ। ਸਾਰੇ ਦੇਹਧਾਰੀ ਦੰਭੀ ਨਾਮ ਦਾਨ ਦੇਂਦੇ ਹਨ ਕਿਸੇ ਕੋਲ ਪੰਜ ਸ਼ਬਦ ਹਨ ਕਿਸੇ ਕੋਲ ਤਿੰਨ ਅਤੇ ਕਿਸੇ ਕੋਲ ਇੱਕ ਸ਼ਬਦ ਹੈ। ਇਹਨਾਂ ਦੇ ਚੇਲੇ ਚਾਟੜੇ ਇਹਨਾਂ ਵੱਲ ਲੋਕਾਂ ਨੂੰ ਖਿੱਚਣ ਲਈ ਝੂਠ ਬੋਲਣ ਵਿੱਚ ਬੜੇ ਮਾਹਿਰ ਹਨ। ਇੱਕ ਚਾਟੜਾ ਕਹਿੰਦਾ ਕਿ ਇੱਕ ਆਦਮੀ ਨੇ ਸਾਡੇ ਡੇਰੇ ਦਾ ਨਾਮ ਲਿਆ ਹੋਇਆ ਸੀ। ਗਆ, ਉਸ ਨੂੰ ਸਾੜ ਵੀ ਆਏ, ਪਰ ਜਦੋਂ ਸ਼ਾਮਾਂ ਪਈਆਂ ਤਾਂ ਖਿਆ ਕਿ ਉਹੀ ਬੰਦਾ ਘਰ ਆ ਗਿਆ, ਉਹ ਜ਼ਿੰਦਾ ਹੋ ਗਿਆ। ਭਾਈ ਗੁਰਦਾਸ ਜੀ ਕਹਿੰਦੇ ਹਨ ‘ਕੂੜ ਨਾ ਪਹੁੰਚੇ ਸਚੁ ਨੂੰ ਸੌ ਘਾਵਤ ਘੜੀਏ!’ ਸਮੇਂ ਸਮੇਂ ਤੇ ਇਹ ਗੁਰੂ ਸਾਹਿਬਾਂ ਦੀ ਰੀਸ ਵੀ ਕਰਦੇ ਰਹੇ ਇਹਨਾਂ ਵਿਚੋਂ ਕਈਆਂ ਨੇ ਆਪਣੀਆਂ ਕਵਿਤਾਵਾਂ ਨੂੰ ਆਪਣੀ ਬਾਣੀ ਕਹਿ ਕੇ ਪ੍ਰਚਾਰਿਆ। ਗੁਰੂ ਫੁਰਮਾਣ ਹੈ (“ਸਤਿਗੁਰ ਕੀ ਰੀਸੈ ਹੋਰਿ ਕੱਚ ਪਿਚ ਬੋਲਦੇ ਸੇ ਕੂੜੀਆਰ ਕੂੜੈ ਝੜਿ ਪੜੀਐ”)। ਵੱਡੇ ਵੱਡੇ CM ਅਤੇ MP ਆਪ ਖੁਦ ਇਹਨਾਂ ਦੇ ਡੇਰਿਆ ਤੇ ਜਾ ਕੇ ਨੱਕ ਰਗੜਦੇ ਹਨ। ਸਰਕਾਰਾਂ ਨਾਲ ਮਿਲ ਕੇ ਇਹਨਾਂ ਦੰਭੀਆਂ ਨੇ ਆਪਣੀ ਬੜੀ-ਬੜੀ ਤਾਕਤ ਬਣਾ ਲਈ ਹੈ, ਪੰਜਾਬ ਦੀਆਂ ਲੜਕੀਆਂ ਇਹਨਾਂ ਨੇ ਆਪਣੇ ਡੇਰਿਆਂ ਤੇ ਬੰਦੀ ਬਣਾ ਕੇ ਰੱਖੀਆਂ ਹੋਈਆਂ ਹਨ। ਉਹਨਾਂ ਲੜਕੀਆਂ ਨਾਲ ਕੀ ਕੁੱਝ ਕਰਦੇ ਹਨ, ਜੱਗ ਜ਼ਾਹਿਰ ਹੋ ਚੁੱਕਾ ਹੈ। ਭਾਵੇਂ ਇਹ ਗੁਰੂ ਦੋਖੀ ਇਹ ਸ਼ਰੀਕ ਗੁਰੂ ਸਾਹਿਬਾਂ ਦੇ ਸਮੇਂ ਤੋਂ ਹੀ ਕਈ ਕਿਸਮ ਦੇ ਫੋਕੇ ਦਾਅਵੇ ਕਰਦੇ ਆ ਰਹੇ ਹਨ। ਪਰ ਸਿੱਖ ਸੰਗਤ ਨੇ ਅੱਜ ਤੱਕ ਪੰਥਕ ਤੌਰ ਤੇ ਇਹਨਾਂ ਨੂੰ ਕਦੇ ਮਾਨਤਾ ਨਹੀਂ ਦਿੱਤੀ।

2. ਸਿੱਖ ਸੰਪਰਦਾਈ ਡੇਰਾਵਾਦ:- ਇਹ ਉਹ ਲੋਕ ਹਨ ਜੋ ਚੋਰ ਮੋਰੀਆਂ ਰਾਹੀਂ ਸਿੱਖ ਧਰਮ ਅੰਦਰ ਆ ਗਏ ਹਨ ਇਹਨਾਂ ਵਿਚੋਂ ਕਈਆਂ ਦੇ ਕੰਮ ਤਾਂ ਦੇਹਧਾਰੀ ਦੰਭੀਆਂ ਵਾਲੇ ਹੀ ਹਨ, ਡੇਰਿਆਂ ਵਿੱਚ ਗੱਦੀਆਂ ਲਗਾਉਂਦੇ ਹਨ ਗੁਰੂ ਗ੍ਰੰਥ ਸਾਹਿਬ ਨੂੰ ਪੂਜਣ ਦੀ ਗੱਲ ਇਹ ਕਰਦੇ ਹਨ, ਭੇਖ ਪਹਿਰਾਵਾ ਬੜਾ ਪ੍ਰਭਾਵਸ਼ਾਲੀ ਹੈ, ਖੰਡੇ ਬਾਟੇ ਦੀ ਪਾਹੁਲ ਛਕਦੇ ਹਨ ਤੇ ਛਕਾਉਂਦੇ ਵੀ ਹਨ ਵਿੱਚ ਪ੍ਰਕਾਸ਼ ਵੀ ਕਰਦੇ ਹਨ, ਹਰ ਡੇਰੇ ਦੀ ਮਰਿਯਾਦਾ ਵੱਖ-ਵੱਖ ਹੈ। ਮਰਜ਼ੀ ਹੁਕਮ ਸਭ ਡੇਰੇਵਾਦ ਦਾ ਚੱਲਦਾ ਹੈ, ਸਾਰੀ ਜਾਇਦਾਦ ਡੇਰੇ ਦੇ ਨਾਮ ਤੇ ਹੈ, ਇਹਨਾਂ ਕਦੇ ਵੀ ਆਪਣੇ ਆਪ ਨੂੰ ਪੰਥ ਦਾ ਅੰਗ ਨਹੀਂ ਮੰਨਿਆ, ਜਦੋਂ ਡੇਰੇਦਾਰ ਸਾਧ ਮਰਦਾ ਹੈ ਤਾਂ ਪੱਗ ਦਾ ਝਗੜਾ ਪੈ ਜਾਂਦਾ ਹੈ। ਡੇਰੇ ਵੰਡੇ ਜਾਂਦੇ ਹਨ। ਗੁਰ ਫੁਰਮਾਨ ਚੇਤੇ ਰੱਖਣਾ “ਕੁਲਹਾ ਦੇਂਦੇ ਬਣਾ ਲੈ ਲੈਂਦੇ ਵੱਡੇ ਨਿੱਜ॥ ਚੂਹਾ ਖੱਡ ਨ ਮਾਣਈ ਤਿਲਕ ਬੀਨੈ ਛੱਜ” ਭਾਵ ਅਰਥ – ਪੱਗਾਂ (ਗੱਦੀਆਂ) ਦੇਣ ਵਾਲੇ ਪਾਗਲ ਹਨ ਅਤੇ ਗੱਦੀਆਂ ਲੈਣ ਵਾਲੇ ਵੱਡੇ ਬਿਸ਼ਰਮ ਹਨ। ਜਿਵੇਂ ਚੂਹੇ ਦੀ ਲੱਕ ਨਾਲ ਕੋਈ ਛੱਜ ਬੰਨ੍ਹ ਦੇਵੇ ਖੁੱਡ ਦੀ ਸ਼ਰਨ ਤੋਂ ਵਾਂਝਾ ਰਹਿ ਜਾਂਦਾ ਹੈ। ਭਾਵ ਉਹ ਛੱਜ ਉਹਨੂੰ ਖੁੱਡ ਵਿੱਚ ਨਹੀ ਵੜਨ ਦਿੰਦਾ। ਸੰਤ ਪੁਣੇ ਦੇ ਛੱਜ ਨੇ ਇਹਨਾਂ ਸਾਧਾਂ ਸੰਤਾਂ ਨੂੰ ਹਮੇਸ਼ਾ ਗੁਰਸਿੱਖੀ ਤੋਂ ਕੋਹਾਂ ਦੂਰ ਰੱਖਿਆ। ਇਹਨਾਂ ਵਿੱਚ ਵੀ ਕਈ ਕਿਸਮਾਂ ਹਨ। ਇਹਨਾਂ ਵਿੱਚ ਵੀ ਕਈ ਕਿਸਮਾਂ ਹਨ ਕੋਈ ਕਾਰ ਸੇਵਾ ਵਾਲੇ, ਕੋਈ ਲੰਗਰਾਂ ਵਾਲੇ, ਕੋਈ ਸੇਵਾ ਪੰਥੀ, ਕੋਈ ਛੋਟੇ, ਕੋਈ ਵੱਡੇ ਬ੍ਰਹਮਗਿਆਨੀ, ਢੋਲਕੀ, ਚਿਮਟਾ ਕਲਚਰ ਨੇ ਵੀ ਇਹਨਾਂ ਨੂੰ ਬਹੁਤ ਵਧਾਇਆ ਫੈਲਾਇਆ ਹੈ। ਇਹਨਾਂ ਦੇ ਘਰੀਂ ਜੋ ਬੱਚੇ ਜੰਮਦੇ ਹਨ ਉਨ੍ਹਾਂ ਨੂੰ ਵੀ ਇਹ ਕਿਸੇ ਨਾ ਕਿਸੇ ਅਵਤਾਰ ਨਾਲ ਜੋੜ ਦੇਂਦੇ ਹਨ। ਕਾਬੇ ਵਿਚੋਂ ਨੁਫ਼ਰ ਉੱਠ ਪਿਆ ਹੈ ਕੱਲ ਦੇ ਜੰਮੇ ਛੋਕਰੇ ਅੱਜ ਹਜ਼ੂਰ ਮਹਾਰਾਜ ਕਹਾਉਂਦੇ ਹਨ। ਵੱਖ-ਵੱਖ ਸੰਪਰਦਾਵਾਂ ਦੇ ਖੁਬਾਂ ਵਾਗੂੰ ਤੇਜ਼ੀ ਨਾਲ ਪੈਦਾ ਹੋਏ ਸਾਧਾਂ ਸੰਤਾਂ ਦੇ ਵੱਡੇ ਮੋਢੀ ਸੰਤ ਜਿਆਦਾ ਗਿਣਤੀ ਵਿੱਚ ਫੌਜ਼ ਵਿਚੋਂ ਹੀ ਤਿਆਰ ਕਰਕੇ ਲਿਆਂਦੇ ਗਏ ਸਨ। ਪੌਰਾਣਕ ਕਹਾਣੀਆਂ ਦੇ ਮੁਤਾਬਿਕ ਇੰਦਰ ਦੇਵਤੇ ਵਰਗੇ ਚੰਦਰਮਾਂ ਦੀ ਮੱਦਦ ਨਾਲ ਅਕਾਸ਼ਾਂ ਵਿਚੋਂ ਗੌਤਮ ਦੀ ਅਹਿੱਲਿਆ ਵਰਗੀਆਂ ਦਾ ਸਤ ਭੰਗ ਕਰਕੇ ਤੁਰਦੇ ਬਣਦੇ। ਇਹਨਾਂ ਸਾਧਾਂ ਸੰਤਾਂ ਨਾਲ ਜੋੜੀਆਂ ਕਹਾਣੀਆਂ ਮੁਤਾਬਿਕ ਰੱਬ ਆ ਕੇ ਇਹਨਾਂ ਸਾਧਾਂ ਸੰਤਾਂ ਦੀ ਰਾਈਫ਼ਲ ਫਵਕੇ ਡਿਉਟੀ ਦਿੰਦਾ ਰਿਹਾ ਇਹ ਨਾਵਾਂ ਕਟਾ ਕੇ ਆ ਜਾਂਦੇ ਰਹੇ ਪਰ ਰਜ਼ਿਸਟਰਾਂ ਵਿੱਚ ਕਦੇ ਇਹਨਾਂ ਦਾ ਨਾਅ ਨਹੀਂ ਲੱਭਾ। ਕਈ ਸ਼ਾਂਦਾ ਸ਼ਮਥਾ ਧੈ ਆ ਜਾਣ ਬਾਅਦ ਵੀ ਉਨਹਾਂ ਦੀ ਤਨਖਾਹ ਉਨ੍ਹਾਂ ਦੇ ਘਰੀਂ ਪਹੁੰਚਦੀ ਰਹੀ। ਚੇਤੇ ਰਹੇ ਕਿ 1911 ਵਿੱਚ ਮਸਤੂਆਣੇ ਦੇ ਇੱਕ ਸੰਤ ਨੂੰ ਆਪ ਸੰਤ ਦੀ ਪਦਵੀ ਜਾਰਜ ਪੰਚਮ ਨੇ ਦਿੱਤੀ ਸੀ। ਇਸ ਬਦਲੇ ਕਿ ਸੰਤ ਨੇ ਅਰਦਾਸ ਕੀਤੀ ਕਿ ਅੰਗਰੇਜ਼ਾਂ ਦਾ ਰਾਜ ਭਾਗ ਅਟੱਲ ਰਹੇ। ਸ਼ੇਕ ਸਾਅਦੀ ਨੇ ਘੜੇ ਹੋਏ ਪੱਥਰ ਦੇ ਘੜੇ ਹੋਏ ਬੁੱਤਾਂ ਨਾਲ ਇੱਕ ਵਾਰੀ ਇੱਕ ਗੱਲ ਸਾਂਝੀ ਕੀਤੀ ਸੀ ਕਹਿੰਦਾ ਸ਼ਾਬਾਸ਼ ਬੁੱਤੋ ਤਰੱਕੀ ਇਸੀ ਕੋ ਕਹਿਤੇ ਹੈ ਜਬ ਤਰਾਸ਼ੇ ਨਾ ਥੇ ਤੋ ਪੱਥਰ ਥੇ ਅਬ ਤਰਾਸ਼ੇ ਗਏ ਤੋ ਖੁਦਾ ਬਨ ਗਏ’ ਸੋ ਹਿੰਦੂ ਮੱਤ ਪੱਥਰ ਦੀਆਂ ਮੂਰਤੀਆਂ ਬੁੱਤਾਂ ਨੂੰ ਪੂਜਦਾ ਰਿਹਾ ਪਰ ਸਿਖ ਜੋ ਹਨ ਇਹ ਇਨ੍ਹਾ ਚਮੜੇ ਦੇ ਬਗਵਾਨਾਂ ਦੀ ਪੂਜਾ ਕਰ ਰਹੇ ਹਨ। ਹਿਮਦੂ ਮੱਤ ਦਾ ਰਸਤਾ ਤੇਤੀ ਕਰੋੜ ਦੇਵਤਿਆਂ ਨੇ ਰੋਕੀ ਰੱਖਿਆ ਇਧਰ ਸਿਖ ਮੱਤ ਦਾ ਰਸਤਾ ਇਨ੍ਹਾਂ ਚਮੜੇ ਦੇ ਭਗਵਾਨਾਂ ਨੇ (ਸਾਧਾ ਸੰਤਾਂ ਨੇ) ਰੋਕਿਆ ਹੋਇਆ ਹੈ। ਸਿਖ ਪੰਥ ਦੀ ਤਰੱਕੀ ਇਨ੍ਹਾਂ ਨੇ ਰੋਕੀ ਹੋਈ ਹੈ। ਕਦੋਂ ਸਮਝ ਆਵੇਗੀ ਜਿਸ ਤਰੀਕੇ ਨਾਲ ਇਨ੍ਹਾਂ ਡੇਰੇਦਾਰਾਂ ਸਾਧਾਂ ਸੰਤਾਂ ਨੇ ਸਿਖੀ ਦੀਆਂ ਕਦਰਾਂ ਕੀਮਤਾਂ ਨੂੰ ਖੂਹ ਵਿੱਚ ਪਾਇਆ ਹੈ ਇਹ ਇੱਕ ਗੁੰਝਲਦਾਰ ਬੁਝਾਰਤ ਹੈ ਸਾਰੇ ਸਿਖਾਂ ਨੂੰ ਸਮਝਾਉਣ ਦੀ ਲੋੜ ਹੈ। ਹਰ ਸਿਖ ਗੁਰੂ ਗ੍ਰੰਥ ਅਤੇ ਪੰਥ ਨੂੰ ਸਮਰਪਿਤ ਹੋਵੇ।

ਫੁਟਕਲ ਡੇਰੇਦਾਰ—

ਵੰਨ ਸੁਵੰਨੇ ਤਾਂਤਰਿਕ ਪੁਛਾਂ ਦੱਸਣਾ ਦੇਣ ਵਾਲੇ ਨਾਂਗੇ ਸਾਧ ਧਾਗੇ ਤਵੀਤ ਲਾਚੀਆਂ ਪਾਣੀ ਪੇੜੇ ਦੇਣ ਵਾਲੇ ਭੁਤ ਪ੍ਰੇਤ ਕੱਢਣ ਵਾਲੇ, ਕੀਤਾ ਕਰਾਇਆ ਦੱਸਣ ਵਾਲੇ, ਕਾਲੇ ਇਲਮ ਦੇ ਫੋਕੇ ਦਾਹਵੇ ਕਰਨ ਵਾਲੇ ਸਾਧਾਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਹੈ। ਭੋਲੇ ਭਾਲੇ ਲੋਕਾਂ ਨੂੰ ਅੰਧਵਿਸ਼ਵਾਸ਼, ਵਹਿਮਾਂ ਭਰਮਾਂ ਵਿੱਚ ਪਾ ਕੇ ਲੁੱਟ ਰਹੇ ਹਨ। ਸਰਕਾਰਾਂ ਅਤੇ ਹੋਰ ਜ਼ਿੰਮੇਵਾਰ ਇਨ੍ਹਾਂ ਉੱਪਰ ਕਾਨੂੰਨੀ ਕਾਰਵਾਈ ਕਰਨ ਦੀ ਬਜਾਏ ਕੇਵਲ ਮੂਕ ਦਰਸ਼ਕ ਬਣੇ ਹੋਏ ਹਨ। ਵਾੜ ਹੀ ਖੇਤ ਨੂੰ ਖਾ ਰਹੀ ਹੈ ਸੁਚੇਤ ਹੋਣ ਦੀ ਲੋੜ ਹੈ।

ਸਿਖ ਕੌਮ ਅਤੇ ਮਨੁੱਖੀ ਸਮਾਜ ਉੱਤੇ ਪ੍ਰਭਾਵ----

ਜਿਹੜੀ ਸਿਖੀ ਤਲਵਾਰਾਂ ਨਾਲ ਨਾ ਮਰੀ ਰਾਈਫਲਾਂ, ਤੋਪਾਂ, ਟੈਂਕਾਂ ਨਾਲ ਵੀ ਖਤਮ ਨਾ ਹੋਈ ਤਾਂ ਹਮਲਾਵਰਾਂ ਨੇ ਵੀ ਤਰੀਕੇ ਬਦਲ ਲਏ ਉਨ੍ਹਾਂ ਨੂੰ ਸਭ ਤੋਂ ਵਧੀਆ ਤਰੀਕਾ ਫੁੱਟ ਪਾਉਣ ਵਾਲਾ ਲੱਭਾ। ਆਵਾਜ਼ਾਂ ਮਾਰੀਆਂ ਗਈਆਂ ਕਿ ਐਸੇ ਬੰਦੇ ਅੱਗੇ ਆਉਣ ਜੋ ਵੱਡੀ ਪੱਧਰ ਉੱਤੇ ਸਿਖਾਂ ਵਿੱਚ ਫੁੱਟ ਪਾਉਣ। ਨਾਲ ਲਾਲਚ ਦਿੱਤੇ ਗਏ ਕਿ ਜਿਹੜਾ ਸ਼ਖ਼ਸ਼ ਇਹ ਕੰਮ ਤਨਦੇਹੀ ਨਾਲ ਕਰੇਗਾ ਭਾਵੇਂ ਖੋਤੇ ਉੱਤੇ ਚੜਨ ਵਾਲਾ ਹੋਵੇ ਉਸ ਨੂੰ ਹਵਾਈ ਜਹਾਜ ਉੱਤੇ ਚੜ੍ਹਾ ਦੇਵਾਂਗੇ। ਜੋ ਇਸ ਕੰਮ ਵਾਸਤੇ ਅੱਗੇ ਆਏ ਉਹ ਬਹੁਤ ਵੱਡੇ ਵੱਡੇ ਡੇਰਾਦਾਰਾਂ ਦੇ ਰੂਪ ਵਿੱਚ ਦੁਨੀਆਂ ਦੇ ਸਾਹਮਣੇ ਆਏ ਹਾਕਮਾਂ ਨੇ ਉਹਨਾਂ ਨੂੰ ਗੁਰੂ ਕਿਹਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੁਰਿਆਈ ਨੂੰ ਚੈਲੰਜ ਕੀਤਾ ਗਿਆ। ਭੇਖੀ ਡੇਰੇਦਾਰਾਂ ਨੇ ਬੜੀ ਵੱਡੀ ਦੁਬਿਦਾ ਖੜੀ ਕਰ ਦਿੱਤੀ ਭਾਰੀ ਗਿਣਤੀ ਵਿੱਚ ਸਿੱਖ ਭੁਲੇਖਾ ਖਾ ਗਏ ਕਿ ਗੁਰੂ ਬਾਣੀ ਕਿ ਕੋਈ ਵਿਅਕਤੀ? ਵਿਚੋਲੇ ਦੀ ਗੱਲ ਦੇਹਧਾਰੀ ਗੁਰੂ ਉੱਤੇ ਬੜਾ ਜੋਰ ਦਿੱਤਾ ਗਿਆ। ਨਾਮਧਾਰੀਆਂ ਨੇ ਸਿੱਧਾ ਚੈਲੰਜ ਕੀਤਾ ਕਿ ਗੁਰਿਆਈ ਤਾਂ ਦਸਮ ਪਾਤਿਸ਼ਾਹ ਦੇ ਜੋਤੀ ਜੋਤਿ ਸਮਾਉਣ ਤੋਂ 100 ਸਾਲ ਬਾਅਦ ਬਾਬਾ ਬਾਲਕ ਸਿੰਘ ਨੂੰ ਦਿੱਤੀ ਗਈ ਹੈ ਇਹ ਆਪਣੇ ਡੇਰੇਦਾਰਾਂ ਨੂੰ ਸਿੱਧਾ ਹੀ 11ਰਵੀਂ, 12ਰਵੀ ਪਾਤਿਸ਼ਾਹੀ ਲਿਖਦੇ ਹਨ। ਕੋਈ ਇਹਨਾਂ ਨੂੰ ਪੁੱਛਣ ਵਾਲਾ ਨਹੀਂ ਭੇਖੀ ਡੇਰੇਦਾਰਾਂ ਨੇ ਸਾਰੇ ਸਾਰੇ ਧਰਮਾਂ ਦੇ ਸਤਿਕਾਰ ਦਾ ਫੋਕਾ ਦਾਅਵਾ ਕੀਤਾ ਹੋਇਆ ਹੈ। ਭੇਖੀ ਡੇਰੇਦਾਰਾਂ ਨੇ ਗੁਰੂ ਸਾਹਿਬਾਂ ਵੱਲੋਂ ਖਤਮ ਕੀਤੀ ਜਾਤਿ-ਪਾਤਿ ਫਿਰ ਵਾਪਸ ਲੈ ਆਂਦੀ ਕਈ ਸੰਤ ਸਾਧ ਅੱਜ ਨੀਵੀਂ ਜਾਤਿ ਵਾਲਿਆਂ ਨੂੰ ਵੱਖਰੀ ਖੰਡੇ ਦੀ ਪਾਹੁਲ ਦੇਂਦੇ ਹਨ। ਗੁਰੂ ਦੀ ਹਜ਼ੂਰੀ ਵਿੱਚ ਵਿਤਕਰੇ ਕਰਦੇ ਹਨ। ਇਸੇ ਕਰਕੇ ਵੀ ਕਈ ਸਿੱਖ ਸਿੱਖੀ ਤੋਂ ਦੂਰ ਜਾ ਰਹੇ ਹਨ। ਸੰਗਤ-ਪੰਗਤ ਵਿੱਚ ਵੀ ਇਹਨਾਂ ਸਾਧਾਂ ਸੰਤਾਂ ਨੇ ਵੰਡੀਆਂ ਪਾ ਦਿੱਤੀਆਂ, ਕਿਸਮਾਂ ਬਣਾ ਦਿੱਤੀਆਂ ਸੰਗਤ ਤੇ ਪੰਗਤ ਦੀਆਂ। ਵੰਨ-ਸੁਵੰਨੇ ਭੇਖਾਂ ਨੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਨਾਵਾਂ ਦੇ ਨਾਲ ਲੱਗੀਆਂ ਡਿਗਰੀਆਂ ਗੁਰੂ, ਸਤਿਗੁਰੂ, ਹਜ਼ੂਰ, ਮਹਾਂਰਾਜ, ਪਾਤਸ਼ਾਹ, 108, ਪੂਰਨ ਸੰਤ, ਬ੍ਰਹਮ ਗਿਆਨੀ ਦੇਖ ਕੇ ਲੋਕਾਂ ਨੇ ਵਿਸ਼ਵਾਸ਼ ਕਰ ਲਿਆ ਪਰ ਇਹਨਾਂ ਨੇ ਸ਼ਿਵਾਸ਼ਘਾਤ ਕੀਤਾ। ਭੇਖੀ ਡੇਰੇਦਾਰਾਂ ਦੇ ਸਬੰਧ ਵਿੱਚ ਇਹਨਾਂ ਦੇ ਚਾਟੜਿਆਂ ਵੱਲੋਂ ਜੋੜੀਆਂ ਕਹਾਣੀਆਂ ਵਿੱਚ ਇਹੀ ਸ਼ੋ ਕਰਦੇ ਹਨ ਕਿ ਇਹ ਹੀ ਰੱਬ, ਇਹੀ ਦਾਤੇ ਹਨ, ਲੋਕ-ਪਰਲੋਕ ਦੇ ਵਾਰਿਸ ਇਹੀ ਹਨ, ਤਾਂ ਲੋਕ ਲੁੱਟੇ ਗਏ। ਚੇਤੇ ਰਹੇ ਕਿ ਜਿੰਨਾ ਝੂਠ ਡੇਰੇਦਾਰੀ ਵਿੱਚ ਬੋਲਿਆ ਗਿਆ ਹੈ ਇਤਨਾਂ ਆਮ ਦੁਨੀਆਂ ਵਿੱਚ ਨਹੀ ਬੋਲਿਆ ਗਿਆ। ਇਹ ਕਿਰਤ ਕਾਰ ਕੋਈ ਨਹੀਂ ਕਰਦੇ ਵਿਹਲੜ ਜਮਾਤ ਹੈ। ਲੋਕਾਂ ਦੇ ਸਿਰੋਂ ਖਾਂਦੇ ਹਨ ਲੋਕਾਂ ਦੀ ਕਮਾਈ ਤੇ ਐਸ਼ ਕਰਦੇ ਹਨ। ਆਰਥਿਕ ਤੌਰ ਤੇ ਵੀ ਇਹਨਾਂ ਨੇ ਬਹੁਤ ਨੁਕਸਾਨ ਕੀਤਾ ਹੈ ਭੇਖੀ ਡੇਰੇਦਾਰ ਕਹਿੰਦੇ ਹਨ ਕਿ ਗੁਰਬਾਣੀ ਪੜ੍ਹਨਾ ਹਰ ਇੱਕ ਦੇ ਵੱਸ ਨਹੀਂ, ਇਹ ਸੰਤ ਹੀ ਪੜ੍ਹ ਸਕਦੇ ਹਨ, ਸਮਾਜ ਨੂੰ ਗੁਰਬਾਣੀ ਨਾਲੋਂ ਤੋੜ ਕੇ ਆਪਣੇ ਪੈਰਾਂ ਨਾਲ ਜੋੜਦੇ ਹਨ, ਭੁਲੇਖਾ ਪਾ ਰਹੇ ਹਨ ਕਿ ਅਸੀਂ ਤਾਂ ਗੁਰੂ ਨਾਲ ਜੋੜਦੇ ਹਾਂ ਜੋ ਵੀ ਧਾਰਮਿਕ ਆਗੂ ਆਪਣੇ ਸੁਆਰਥ ਵਾਸਤੇ ਗਿਆਨ ਦੀਆਂ ਗੱਲਾਂ ਲੋਕਾਂ ਤੋਂ ਲਕੋ ਕੇ ਰੱਖੇ ਉਹ ਗਿਆਨ ਦਾ ਚੋਰ ਹੈ। ਇਹ ਸਾਰੇ ਭੇਖੀ ਡੇਰੇਦਾਰ ਗਿਆਨ ਦੇ ਚੋਰ ਹਨ ਕਈ ਡੇਰੇਦਾਰ ਇਹ ਵੀ ਕਹਿੰਦੇ ਰਹੇ ਹਨ ਕਿ ਸੰਸਾਰੀ ਪੜ੍ਹਾਈ ਨਹੀਂ ਕਰਨੀ ਲੋਕ ਅਨਪੜ੍ਹ ਰਹਿ ਗਏ। ਇਹਨਾਂ ਕਿਹਾ ਜਤੀ ਰਹਿਣਾ ਹੈ ਵਿਆਹ ਪਾਪ ਹੈ। ਤਾਂ ਲੋਕ ਬਲਾਤਕਾਰਾਂ ਵਾਲੇ ਰਾਹ ਪੈ ਗਏ ਅੰਧ ਵਿਸ਼ਵਾਸ਼, ਕਰਮ-ਕਾਂਡ ਵਹਿਮ-ਭਰਮ, ਪੁੱਛਣਾ ਤਾਗੇ-ਤਵੀਤ, ਕੀਤਾ ਕਰਾਇਆ ਆਦਿ ਚੱਕਰਾਂ ਵਿੱਚ ਪਾ ਕੇ ਇਹਨਾਂ ਨੇ ਲੋਕਾਂ ਨੂੰ ਮਾਨਸਿਕ ਰੋਗੀ ਬਣਾਇਆ। ਇਹਨਾਂ ਨੇ ਲੋਕਾਂ ਨੂੰ ਕਬਰਾਂ, ਫੱਕਰਾਂ ਦੀ ਪੂਜਾ ਵਾਲੇ ਰਾਹ ਪਾਇਆ।

ਕਾਰ ਸੇਵਾ ਵਾਲੇ ਡੇਰੇਦਾਰਾਂ ਨੇ ਲੋਕਾਂ ਨੂੰ ਸੋਨੇ ਅਤੇ ਪੱਥਰ ਸੰਗਮਰਮਰ ਨਾਲ ਜੋੜਿਆ। ਲੋਕਾਂ ਦੀ ਕਿਰਤ ਕਮਾਈ ਨੂੰ ਰੋੜਿਆ, ਪੁਰਾਤਨ ਇਮਾਰਤਾਂ ਨੂੰ ਢਾਹ ਕੇ ਇਤਿਹਾਸਿਕ ਸਰੋਤਾਂ ਨੂੰ ਖਤਮ ਕੀਤਾ ਨਾਲ ਹੀ ਇਹਨਾਂ ਵਿਚੋਂ ਬਹੁਤਿਆਂ ਨੇ ਭੰਗ, ਪੋਸਤ, ਅਫ਼ੀਮ ਨਸ਼ੇ ਵਾਲੀਆਂ, ਗੋਲੀਆਂ ਖਵਾ ਕੇ ਟੋਕਰੀ ਢੁਆਈ, ਤੂਤ ਦੀਆਂ ਛਮਕਾਂ ਦੀ ਬਣੀ ਟੋਕਰੀ ਨੂੰ ਨਾਨਕਸ਼ਾਹੀ ਟੋਕਰੀ ਕਹਿੰਦੇ ਰਹੇ। ਇਸ ਟੋਕਰੀ ਵਿਚੋਂ ਰੱਬ ਪਾ ਲੈਣ ਦੀਆਂ ਗੱਲਾਂ ਕਰਦੇ ਰਹੇ। ਇਹ ਵੀ ਕਹਿੰਦੇ ਰਹੇ ਟੋਕਰੀ ਢੋਅ ਲਓ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨਾਂ ਦੀ ਕੋਈ ਲੋੜ ਨਹੀਂ ਹੈ। ਇਹਨਾਂ ਨੇ ਲੋਕਾਂ ਨੂੰ ਅਨਪੜ੍ਹ ਨਸ਼ੇੜੀ ਗਵਾਰ ਬਣਾਇਆ। ਇਸ ਤਰ੍ਹਾਂ ਇਹਨਾਂ ਡੇਰੇਦਾਰਾਂ ਨੇ ਗੁਰਮਤਿ ਹਰ ਸਿਧਾਂਤ ਨੂੰ ਕਰਾਰੀ ਸੱਟ ਮਾਰੀ। ਦੁਬਿਧਾ ਈਰਖਾ, ਧੜੇਬੰਦੀ, ਸਾਰੀ ਇਹਨਾਂ ਨੇ ਪੈਦਾ ਕੀਤੀ ਧਾਰਮਿਕ ਆਗੂ ਲੋਕਾਂ ਸਾਹਮਣੇ ਰੋਲ ਮਾਡਲ ਬਣਨ ਵਿੱਚ ਬੁਰੀ ਤਰ੍ਹਾਂ ਫੇਲ ਹੋਇਆ। ਭੇਖੀ ਡੇਰੇਦਾਰਾਂ ਦੀ ਹਾਲਤ ਦੇਖ ਕੇ ਸਿੱਖ ਸਿੱਖੀ ਤੋਂ ਕੋਹਾਂ ਦੂਰ ਹੋ ਗਏ।

ਸਿੱਖ ਕੌਮ ਜਿਉਂਦੀ ਹੈ ਇਹਨਾਂ ਭੇਖੀ ਡੇਰੇਦਾਰਾਂ ਨੂੰ ਮੂੰਹ ਤੋੜਵਾਂ ਜਵਾਬ ਦੇਵੇਗੀ, ਹਰ ਸਿੱਖ ਦੇ ਅੰਦਰ ਇਹ ਗੱਲ ਘਰ ਕਰ ਜਾਣੀ ਚਾਹੀਦੀ ਹੈ ਕਿ ‘ਰਹੇਗਾ ਨਾ ਪੰਥ ਤੋਂ ਗ੍ਰੰਥ ਕੋ ਕੌਨ ਮਾਨੇਗਾ’ ? ਹਰ ਸਿੱਖ ਇਹ ਗੱਲ ਮੰਨ ਕੇ ਚੱਲੇ ਕਿ ਗੁਰਬਾਣੀ ਵਿੱਚ ਆਏ ਸੰਤ, ਸੰਤਨ, ਬ੍ਰਹਮ ਗਿਆਨੀ ਸ਼ਬਦ ਕਿਸੇ ਭੇਖੀ ਡੇਰੇਦਾਰ ਵਾਸਤੇ ਨਹੀਂ ਲਿਖੇ, ਇਹ ਤਾਂ। ਪ੍ਰਮਾਤਮਾ ਵਾਸਤੇ, ਗੁਰੂ ਵਾਸਤੇ ਸਿੱਖ ਸੰਗਤ ਵਾਸਤੇ ਹਨ। ਬਚਣ ਦੇ ਤਰੀਕੇ ਹੇਠ ਲਿਖੇ ਹਨ –

1. ਦੇਹਧਾਰੀ ਦੰਭੀਆਂ ਦਾ ਪੂਰਨ ਤੌਰ ਤੇ ਬਾਈਕਾਟ ਕੀਤਾ ਜਾਵੇ। ਜਿਹੜੇ ਸਿੱਖ ਉੱਤੇ ਜਾਂਦੇ ਹਨ ਉਹਨਾਂ ਨਾਲ ਬੈਠ ਕੇ ਵਿਚਾਰਾਂ ਕੀਤੀਆਂ ਜਾਣ ਪੰਥਕ ਤੌਰ ਤੇ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਲੱਭਿਆ ਜਾਵੇ।

2. ਇਤਿਹਾਸਿਕ ਗੁਰਦੁਆਰਿਆਂ ਦੇ ਦੇ ਸਾਰੇ ਮੈਨਜਰਾਂ ਨੂੰ ਸੂਚਿਤ ਕੀਤਾ ਜਾਵੇ ਕਿ ਗੁਰਦੁਆਰਿਆਂ ਦੀਆਂ ਕੰਧਾਂ ਉੱਥੇ ਜਾਂ ਬੋਰਡਾਂ ਉੱਤੇ ਮਰ ਚੁੱਕੇ ਅਖੌਤੀ ਸੰਤਾਂ, ਬ੍ਰਹਮਗਿਆਨੀਆਂ ਦੇ ਸਬੰਧ ਵਿੱਚ ਗੁਰਮਤਿ ਸਮਾਗਮਾਂ ਦੇ ਪੋਸਟਰ ਨਾ ਲੱਗਣ ਦੇਣ ਤਾਂ ਜੋ ਆਪਾਂ ਸੰਗਤਾਂ ਨੂੰ ਸ਼ਬਦ ਗੁਰੂ ਨਾਲੋਂ ਤੋੜ ਕੇ ਡੇਰੇਦਾਰਾਂ ਦੇ ਸੇਵਕ ਬਣਾਉਂਣ ਤੋਂ ਬਚਾ ਸਕੀਏ।

3. ਗੁਰੂ ਗ੍ਰੰਥ ਸਾਹਿਬ ਦੇ ਅਦਬ ਸਤਿਕਾਰ ਲਈ ਜਿੰਨੇ ਵੀ ਸੇਵਾਦਾਰ ਹੋਣ ਗੁਰਸਿੱਖ ਹੋਣ, ਇਹ ਸ਼ਰਤ ਬਹੁਤ ਜਰੂਰੀ ਹੈ ਕਿ ਉਹ ਕਿਸੇ ਭੇਖੀ ਡੇਰੇਦਾਰ ਨੂੰ ਨਾ ਮੰਨਦੇ ਹੋਣ।

4. ਨਾਵਾਂ ਨਾਲ ਡਿਗਰੀਆਂ ਲਾਉਣ ਤੇ ਪੂਰਣ ਤੌਰ ਤੇ ਪਾਬੰਦੀ ਲੱਗੇ। ਨਵਾਂ ਡੇਰਾ ਬਣਾਉਂਣ ਤੇ ਪਾਬੰਦੀ ਲੱਗੇ। ਪਹਿਲੇ ਡੇਰੇ ਗੁਰਮਤਿ ਪ੍ਰਚਾਰ ਕੇਂਦਰ ਬਣਾਏ ਜਾਣ।

5. ਜਿਹੜਾ ਵੀ ਡੇਰੇਦਾਰ ‘ਸਿੱਖ ਰਹਿਤ ਮਰਿਯਾਦਾ ਨੂੰ ਨਹੀਂ ਮੰਨਦਾ ਉੱਥੇ ‘ਗੁਰੂ ਗ੍ਰੰਥ ਸਾਹਿਬ ਜੀ’ ਦੇ ਪ੍ਰਕਾਸ਼ ਨਾ ਹੋਣ ਦਿੱਤੇ ਜਾਣ।

6. ਗੋਲਕ ਨੂੰ ਵੇਲ ਤੇ ਕੇਵਲ ਗਰੀਬ ਦੇ ਮੂੰਹ ਨਾਲ ਜੋੜਿਆ ਜਾਵੇ।

7. ਨਸ਼ੇ ਵਰਤਾਉਂਣ ਵਾਲੇ ਡੇਰੇਦਾਰਾਂ ਦੀ ਅਤੇ ਜੋ ਇਹਨਾਂ ਨੇ ਸੰਗਤ ਦੇ ਫੈਸੇ ਨਾਲ ਨਿੱਜੀ ਜਾਇਦਾਦ ਬਣਾਈ ਹੈ ਉਸਦੀ ਨਿਰਪੱਖ ਜਾਂਚ ਕਰਵਾ ਕੇ ਕਸੂਰਵਾਰਾਂ ਦੇ ਖਿਲਾਫ਼ ਮੁਕੱਦਮੇ ਦਰਜ ਕਰਵਾਏ ਜਾਣ। ਗੁਰਮਤਿ ਅਤੇ ਮਨਮਤਿ ਦਾ ਨਿਖੇੜਾ ਕੀਤਾ ਜਾਵੇ।

ਧਾਰਮਿਕ ਗ੍ਰੰਥਾਂ ਵਿਚੋਂ ਸਾਰਾ ਬ੍ਰਾਹਮਣਵਾਦ ਬਾਹਰ ਕੱਢਿਆ ਜਾਵੇ, ‘ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੇ ਸਰੂਪ ਕੇਵਲ ਇੱਕ ਜਗ੍ਹਾ ਤੋਂ ਪੂਰੇ ਸਤਿਕਾਰ ਸਹਿਤ ਭੇਟਾ ਰਹਿਤ ਮਿਲਣ। ਜਿੱਥੇ-ਜਿੱਥੇ ਵੀ ਅਯੋਗ ਥਾਵਾਂ ਕਬਰਾਂ, ਮੜ੍ਹੀਆਂ, ਮੰਦਰਾਂ ਆਦਿ ਵਿੱਚ ਸਰੂਪ ਹਨ ਉੱਥੋਂ ਵਾਪਸ ਲਿਆਂਦੇ ਜਾਣ।

ਸਭ ਤੋਂ ਪਹਿਲਾ ਕੰਮ ਤਾਂ ਅਸਲ ਵਿੱਚ ਇਹ ਹੈ ਕਿ ਧਾਰਮਿਕ ਸਥਾਨਾਂ ਨੂੰ ਪੁਜਾਰੀਵਾਦ ਅਤੇ ਸ਼੍ਰੋਮਣੀ ਕਮੇਟੀ ਨੂੰ ਅਖੌਤੀ ਸਿਆਸੀਆਂ ਤੋਂ ਮੁਕਤ ਕਰਾਇਆ ਜਾਵੇ। ਅਕਾਲ ਤਖ਼ਤ ਸਾਹਿਬ ਨੂੰ ਅਜ਼ਾਦ ਕਰਵਾਇਆ ਜਾਵੇ ਸਰਬੱਤ ਖਾਲਸਾ ਬੁਲਾ ਕੇ ਫੈਸਲੈ ਲੈਣ ਦੀ ਰਵਾਇਤ ਬਹਾਲ ਕੀਤੀ ਜਾਵੇ। ਐਸੇ ਯਤਨ ਕਰਨ ਨਾਲ ਸਿੱਖ ਕੌਮ ਦੀ ਏਕਤਾ ਸੰਭਵ ਹੋ ਸਕਦੀ ਹੈ। ਸਿੱਖੀ ਤੋਂ ਕੋਹਾਂ ਦੂਰ ਗਏ ਨੌਜਵਾਨਾਂ ਨੂੰ ਆਪਣੇ ਮਹਾਨ ਵਿਰਸੇ ਤੋਂ ਜਾਣੂ ਕਰਵਾ ਕੇ ਸਿੱਖੀ ਵਾਲੇ ਪਾਸੇ ਮੋੜਿਆ ਜਾ ਸਕਦਾ ਹੈ। ਗਰੁਬਾਣੀ, ਗੁਰੂ ਦੀ ਵਿਚਾਰਧਾਰਾ ਘਰ-ਘਰ ਪਹੁੰਚਾਉਣ ਵਾਸਤੇ ਟੀ. ਵੀ. ਚੈਨਲਾਂ ਮੀਡੀਆ ਦੀ ਮੱਦਦ ਲਈ ਜਾ ਸਕਦੀ ਹੈ। ਸਾਰੇ ਦੇ ਸਾਰੇ ਅਸੀਂ ਜਿੰਨੇ ਵੀ ਹਾਂ ਜਿੱਥੇ ਵੀ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅਤੇ ਗੁਰੂ ਪੰਥ ਪ੍ਰਤੀ ਸਮਰਪਿਤ ਭਾਵਨਾ ਰੱਖੀਏ, ਆਪਣੇ ਫ਼ਰਜ਼ਾਂ ਨੂੰ ਪਛਾਣੀਏ ਤਾਂ ਹੀ ਸੱਚ ਦੇ ਦਰਬਾਰ ਵਿੱਚ ਮੁੱਖ ਉੱਜਲੇ ਹੋਣਗੇ ਅਤੇ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਪਾਤਰ ਬਣ ਕੇ ਗੁਰੂ ਦੀਆਂ ਖੁਸ਼ੀਆਂ ਹਾਸਿਲ ਕਰ ਸਕਾਂਗੇ। ਨਹੀਂ ਤਾਂ ਬਹੁਤ ਦੇਰ ਹੋ ਜਾਵੇਗੀ।

ਨੋਟ - ਡੇਰੇਦਾਰ ਸਾਧਾਂ ਸੰਤਾਂ ਬਾਰੇ ਵਿਸ਼ੇਸ਼ ਤੌਰ ਤੇ ਪੜ੍ਹੋ ਪੁਸਤਕ ਸੰਤਾਂ ਦੇ ਕੌਤਕ ਭਾਗ 1, 2, 3, 4, 5, ਸੁਖਮਨੀ ਦਰਸ਼ਨ।

ਸੰਤਾਂ ਦੇ ਕੌਤਕ – ਲੇਖਕ ਸੁਖਵਿੰਦਰ ਸਿੰਘ ਸਭਰਾ

ਕੌਮੀ ਪੰਚ - ਸ਼੍ਰੋਮਣੀ ਖਾਲਸਾ ਪੰਚਾਇਤ।
.