.

ਆਸਟ੍ਰੇਲੀਆ ਤੇ ਮੈ

ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ

ਅੱਜ ਪੰਜਾਬੀਆਂ ਵਾਸਤੇ ਆਸਟ੍ਰੇਲੀਆ ਕੋਈ ਓਪਰਾ ਨਾਂ ਨਹੀ ਹੈ। ਬੇਅੰਤ ਨੌਜਵਾਨ ਵਿਦਿਆਰਥੀ ਬਣ ਕੇ ਏਥੇ ਪੱਕੇ ਹੋਣ ਆਏ ਹਨ ਤੇ ਨਿਤ ਦਿਨ ਹੋਰ ਆ ਰਹੇ ਹਨ। ਇਸ ਤੇ ਕਿਸੇ ਨੂੰ ਵੀ ਕੋਈ ਇਤਰਾਜ ਕਰਨ ਦਾ ਹੱਕ ਨਹੀ ਹੈ, ਇਸਦੇ ਉਲ਼ਟ ਸਗੋਂ ਸਾਨੂੰ ਖ਼ੁਸ਼ੀ ਹੋਣੀ ਚਾਹੀਦੀ ਹੈ ਕਿ ਏਥੇ ਸਾਡੇ ਭਾਈਚਾਰੇ ਵਿੱਚ ਵਾਧਾ ਹੋ ਰਿਹਾ ਹੈ। ਇਸ ਸੰਸਾਰ ਦੇ ਮਹਾਨ ਵਾਲੀ ਵਾਹਿਗੁਰੂ ਜੀ ਦੇ ਸਾਜੇ ਵਿਸ਼ਾਲ ਸੰਸਾਰ ਅੰਦਰ ਹਰ ਕੋਈ ਹੀ ਆਪਣੇ ਚੰਗੇਰੇ ਭਵਿਖ ਦੀ ਆਸ ਤੇ ਕਿਤੇ ਵੀ ਆ/ਜਾ ਤੇ ਵੱਸ ਸਕਦਾ ਹੈ। ਜਦੋਂ ੧੯੭੯ ਦੇ ਅਕਤੂਬਰ ਮਹੀਨੇ ਦੀ ੨੫ ਤਰੀਕ ਨੂੰ ਮੈ ਆਪਣੇ ਨਿੱਕੇ ਭਰਾ, ਸ. ਸੇਵਾ ਸਿੰਘ ਸਮੇਤ, ਪਹਿਲੀ ਵਾਰ ਏਥੇ ਆਇਆ ਸਾਂ ਤਾਂ ਏਥੇ ਕਿਸੇ ਵਿਰਲੇ ਹੀ ਸਿੱਖ ਦੇ ਦਰਸ਼ਨ ਹੁੰਦੇ ਸਨ। ਸਿਡਨੀ ਦੇ ਇੱਕ ਸਬਅਰਬ ਰੀਵਜ਼ਬੀ ਵਿੱਚ ਇੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਹੁੰਦਾ ਸੀ। ਓਥੇ ਦੀਵਾਨ ਵੀ ਮਹੀਨੇ ਵਿੱਚ ਦੋ ਵਾਰ ਹੀ ਲੱਗਦਾ ਸੀ ਤੇ ਲੰਗਰ ਵੀ ਤਾਂ ਹੀ ਪੱਕਦਾ ਸੀ ਜੇਕਰ ਕੋਈ ਪਰਵਾਰ ਰਾਸ਼ਨ ਲਿਆਉਣ, ਪਕਾਉਣ, ਵਰਤਾਉਣ, ਛਕਾਉਣ ਆਦਿ ਦੀ ਖ਼ੁਦ ਜ਼ਿਮੇਵਾਰੀ ਲਵੇ ਤਾਂ। ਅੱਜ ਗੁਰੂ ਜੀ ਦੀ ਕਿਰਪਾ ਸਦਕਾ ਸਿਡਨੀ ਵਿੱਚ ਹੀ ਅੱਠ ਗੁਰਦੁਆਰੇ ਹਨ ਜਿਥੇ ਰੌਣਕਾਂ ਹੀ ਰੌਣਕਾਂ ਹੁੰਦੀਆਂ ਹਨ। ਇਹ ਕੁੱਝ ਏਥੇ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਦੇ ਆਉਣ ਸਦਕਾ ਹੀ ਸੰਭਵ ਹੋਇਆ ਹੈ।

ਮੁਲਕ ਆਸਟ੍ਰੇਲੀਆ ਧਰਤੀ ਦੇ ਦੱਖਣ ਵਾਲ਼ੇ ਪਾਸੇ, ਇੰਡੋਨੇਸ਼ੀਆ ਤੋਂ ਥੱਲੇ ਅਤੇ ਨਿਊ ਜ਼ੀਲੈਂਡ ਦੇ ਤਕਰੀਬਨ ਬਰਾਬਰ ਵਾਕਿਆ ਹੈ। ਇਸਦੀ ਧਰਤੀ ਭਾਰਤ ਨਾਲ਼ੋਂ ਤਕਰੀਬਨ ਢਾਈ ਗੁਣਾਂ ਵੱਡੀ ਹੈ ਤੇ ਆਬਾਦੀ ਸਿਰਫ਼ ਬਾਈ ਮਿਲੀਅਨ; ਅਥਵਾ ਸਵਾ ਦੋ ਕਰੋੜ ਨਾਲੋਂ ਵੀ ਘੱਟ। ਸਮੁੰਦਰ ਦੇ ਕਿਨਾਰੇ ਕਿਨਾਰੇ ਪੰਜ ਸੱਤ ਸ਼ਹਿਰਾਂ ਵਿੱਚ ਹੀ ਲੋਕ ਵੱਸਦੇ ਹਨ, ਅੰਦਰ ਸਾਰਾ ਮੁਲਕ ਖਾਲੀ ਪਿਆ ਹੈ ਜਿਥੇ ਰੇਤ ਦੇ ਟਿੱਬੇ, ਝਾੜੀਆਂ, ਪੱਥਰ ਆਦਿ ਸੋਭਾ ਪਾ ਰਹੇ ਹਨ। ਖੇਤੀ ਪ੍ਰਧਾਨ ਦੇਸ਼ ਹੋਣ ਕਰਕੇ ਤਕਰੀਬਨ ਹਰੇਕ ਫਸਲ ਦੇ ਵੱਡੇ ਵੱਡੇ ਫਾਰਮ ਹਨ। ਕਈ ਫਾਰਮ ਤਾਂ ਹਜ਼ਾਰਾਂ ਏਕੜਾਂ ਵਿੱਚ ਵੀ ਹਨ।

ਏਥੋਂ ਦੇ ਅਸਲੀ ਵਸਨੀਕ, ਦੱਸਿਆ ਜਾਂਦਾ ਹੈ ਕਿ ਪੰਜਾਹ ਹਜਾਰ ਸਾਲਾਂ ਤੋਂ ਏਥੇ ਦੱਖਣੀ ਏਸ਼ੀਆ ਤੋਂ ਆ ਕੇ ਵੱਸ ਰਹੇ ਹਨ। ਇਹਨਾਂ ਨੂੰ ਐਬੋਰੀਜੀਨਜ਼ (Aboriginal) ਆਖਦੇ ਹਨ। ਇਹ ੩੦੦ ਗਰੁਪਾਂ ਵਿੱਚ ਵੰਡੇ ਹੋਏ ਸਨ ਤੇ ੨੫੦ ਜ਼ਬਾਨਾਂ ਤੇ ੭੦੦ ਡਾਇਲੈਕਟਾਂ ਵਿੱਚ ਬੋਲਦੇ ਸਨ। ਅੱਜ ਕਲ੍ਹ ਇਹਨਾਂ ਦੀ ਆਬਾਦੀ, ਆਸਟ੍ਰੇਲੀਆ ਦੀ ਸਮੁਚੀ ਆਬਾਦੀ ਵਿੱਚ ਦੋ ਕੁ ਫੀ ਸਦੀ ਸਮਝੀ ਜਾਂਦੀ ਹੈ। ਕਈ ਗੱਲਾਂ ਵਿੱਚ ਬਾਕੀ ਦੇ ਵਸਿੰਦਿਆਂ ਨਾਲ਼ੋਂ ਇਹਨਾਂ ਦੇ ਕੁੱਝ ਵਿਸ਼ੇਸ਼ ਅਧਿਕਾਰ ਹਨ।

ਭਾਵੇਂ ਕਿ ਇਸ ਦੀ ਖੋਜ ਪਹਿਲਾਂ ਵੀ ਹੋ ਚੁੱਕੀ ਹੋਈ ਸੀ ਪਰ ਜਦੋਂ ਜਾਰਜ ਵਾਸ਼ਿੰਗਟਨ ਦੀ ਅਗਵਾਈ ਹੇਠ ਅਮ੍ਰੀਕਾ ਨੇ ਲੰਮੀ ਲੜਾਈ ਲੜਕੇ ਵਲੈਤੀ ਅੰਗ੍ਰੇਜ਼ਾਂ ਤੋਂ ਆਜ਼ਾਦੀ ਪ੍ਰਾਪਤ ਕਰ ਲਈ ਤਾਂ ਉਹਨਾਂ ਨੂੰ ਫਿਰ ਆਪਣੇ ਅਣਚਾਹੇ ਬੰਦੇ ਸੁੱਟਣ ਲਈ ਹੋਰ ਥਾਂ ਦੀ ਭਾਲ਼ ਕਰਨੀ ਪਈ ਤੇ ਇਸ ਕਾਰਜ ਲਈ ਉਹਨਾਂ ਨੇ ਆਸਟ੍ਰੇਲੀਆ ਨੂੰ ਵਰਤਣਾ ਆਰੰਭ ਦਿਤਾ। ਸਤਾਰਵੀਂ ਸਦੀ ਤੋਂ ਹੀ ਉਹ ਆਸਟ੍ਰੇਲੀਆ ਨੂੰ ਨਿਊ ਹਾਲੈਂਡ ਕਰਕੇ ਜਾਣਦੇ ਤਾਂ ਸਨ ਪਰ ਵਲੈਤੋਂ ਤੁਰ ਕੇ ਪਹਿਲਾ ਜਹਾਜ ਕੈਪਟਨ ਜੇਮਜ਼ ਕੁਕ ਦੀ ਅਗਵਾਈ ਹੇਠ ੧੭੭੦ ਵਿੱਚ ਹੀ ਆਇਆ ਸੀ। ਫਿਰ ੨੬ ਜਨਵਰੀ ੧੭੮੮ ਨੂੰ, ੧੧ ਜਹਾਜਾਂ ਵਿਚ, ੧੫੦੦ ਅਣਚਾਹੇ ਬੰਦੇ ਏਥੇ ਲਿਆਂਦੇ ਗਏ। ਇਹ ਜਹਾਜ ਸਿਡਨੀ ਹਾਰਬਰ ਆ ਕੇ ਲੱਗੇ ਸਨ। ੧੮੬੮ ਤੱਕ ੧੬੦. ੦੦੦ ਦੋਸ਼ੀ ਬੰਦੇ ਬੰਦੀਆਂ ਏਥੇ ਪਹੁੰਚ ਚੁਕੇ ਸਨ। ਨਵੇਂ ਆਇਆਂ ਨੇ ਏਥੇ ਦੇ ਵਸਨੀਕ ਐਬੋਰੀਜੀਨਲ ਲੋਕਾਂ ਦਾ ਸ਼ਿਕਾਰ ਖੇਡ ਖੇਡ ਕੇ ਕੁੱਝ ਭਜਾ ਦਿਤੇ ਕੁੱਝ ਮਾਰ ਦਿਤੇ ਤੇ ਕੁੱਝ ਪਹਿਲਾਂ ਅਣਜਾਣੀਆਂ ਬੀਮਾਰੀਆਂ ਦੇ, ਨਵੇਂ ਆਇਆਂ ਨੇ, ਸ਼ਿਕਾਰ ਬਣਾ ਦਿਤੇ। ਅੱਜ ਆਸਟ੍ਰੇਲੀਆ ਵਿੱਚ ਸ਼ਾਇਦ ਹੀ ਕੋਈ ਸੌ ਫ਼ੀ ਸਦੀ ਸ਼ੁਧ ਐਬੋਰੀਜਨਲ ਬੰਦਾ ਜਾਂ ਬੰਦੀ ਮਿਲ਼ ਸਕੇ।

੧੯ਵੀਂ ਸਦੀ ਦੇ ਸ਼ੁਰੂ ਦੇ ਸਾਲਾਂ ਵਿੱਚ ਬਹੁਤ ਸਾਰੇ ਫੌਜੀ, ਅਫ਼ਸਰ, ਦੋਸ਼ੀ ਆਦਿ ਨੇ ਸਰਕਾਰੋਂ ਜ਼ਮੀਨ ਪ੍ਰਾਪਤ ਹੋਈ ਨੂੰ ਆਬਾਦ ਕਰਕੇ ਫਾਰਮ ਬਣਾ ਲਏ। ਇਹ ਵੇਖ ਕੇ ਬਹੁਤ ਸਾਰੇ ਵਲੈਤੋਂ ਹੋਰ ਉਦਮੀ ਵਿਅਕਤੀ ਜਹਾਜ ਭਰ ਭਰ ਕੇ ਆ ਗਏ। ਇਹ ਲੋਕ ਮਾਰੂ ਹਥਿਆਰਾਂ ਸਹਿਤ ਹੋਰ ਅੰਦਰ ਐਬੋਰੀਜੀਨਲ ਲੋਕਾਂ ਦੇ ਵਸੇਬੇ ਵਾਲ਼ੀ ਧਰਤੀ ਵੱਲ ਵਧਣੇ ਸ਼ੁਰੂ ਹੋ ਗਏ ਤੇ ਇਸ ਤਰ੍ਹਾਂ ਇਹਨਾਂ ਨਵੇ ਆਇਆਂ ਨੇ, ਹੋਰ ਕਈ ਸ਼ਹਿਰ ਵਸਾ ਲਏ। ਫਿਰ ਸੋਨਾ ਲਭਣ ਕਰਕੇ ਵੀ ਬਹੁਤ ਸਾਰੇ ਜਵਾਨ ਲੋਕੀਂ ਵਲੈਤੋਂ ਏਧਰ ਨੂੰ ਭੱਜ ਆਏ। ਬੇੜੀਆਂ ਭਰ ਭਰ ਕੇ ਚੀਨੇ ਵੀ ਏਥੇ ਆ ਵਸੇ। ਕਈ ਮਾੜੇ ਸਮਝੇ ਜਾਣ ਵਾਲ਼ੇ ਧੰਦੇ ਕਰਨ ਵਾਲ਼ੇ ਹੋਰਿ ਲੋਕ ਵੀ ਏਥੇ ਆ ਗਏ। ਦੋਹਾਂ ਸੰਸਾਰ ਜੰਗਾਂ ਤੋਂ ਉਪ੍ਰੰਤ ਲੋੜਵੰਦ, ਰਿਫ਼ੂਜੀ ਆਦਿ ਵੀ ਏਥੇ ਆ ਟਿਕੇ।

ਪਹਿਲਾਂ ਆਸਟ੍ਰੇਲੀਆ ਦੀਆਂ ਛੇ ਸਟੇਟਾਂ ਵੱਖ ਵੱਖ ਸਨ। ਫਿਰ ਇਹਨਾਂ ਨੇ ੧ ਜਨਵਰੀ ੧੯੦੧ ਵਾਲ਼ੇ ਦਿਨ, ਇੱਕ ਸੰਵਿਧਾਨ ਅਧੀਨ ‘ਕਾਮਲਵੈਲਥ ਆਫ਼ ਆਸਟ੍ਰੇਲੀਆ’ ਦੇ ਨਾਂ ਥੱਲੇ ਇੱਕ ਮੁਲਕ ਵਜੂਦ ਵਿੱਚ ਲੈ ਆਂਦਾ। ਹੁਣ ਸਟੇਟਾਂ ਦੀਆਂ ਸਰਕਾਰਾਂ ਤੋਂ ਉਪਰ ਸਾਰੇ ਮੁਲਕ ਦੀ ਆਪਣੀ ਇੱਕ ਸੰਘੀ ਸਰਕਾਰ ਹੈ ਜਿਸਦਾ ਹੈਡ ਕੁਆਰਟਰ, ਨਵੇ ਵਸਾਏ ਸ਼ਹਿਰ ਕੈਨਬਰਾ ਵਿੱਚ ਹੈ। ਇਸ ਦੀ ਪਾਰਲੀਮੈਂਟ ਦੇ ਦੋ ਸਦਨ ਹਨ। ਹੇਠਲੇ ਸਦਨ ਵਿੱਚ ਬਹੁ ਸੰਮਤੀ ਪ੍ਰਾਪਤ ਆਗੂ, ਸਾਡੀ ਲੋਕ ਸਭਾ ਵਾਗ ਹੀ, ਪ੍ਰਧਾਨ ਮੰਤਰੀ ਬਣਦਾ ਹੈ। ਨਾਮ ਮਾਤਰ ਰਾਜ ਦੀ ਮੁਖੀ ਵਲੈਤੀ ਰਾਣੀ ਹੈ ਅਤੇ ਨੋਟਾਂ ਤੇ ਸਿੱਕਿਆਂ ਉਪਰ ਉਸਦੀ ਫੋਟੋ ਛਪਦੀ ਹੈ ਪਰ ਸਿਧਾ ਦਖਲ ਉਸਦਾ ਪ੍ਰਬੰਧ ਵਿੱਚ ਕੋਈ ਨਹੀ। ਪ੍ਰਧਾਨ ਮੰਤਰੀ ਗਵਰਨਰ ਜਨਰਲ ਦਾ ਨਾਂ ਰਾਣੀ ਨੂੰ ਭੇਜਦਾ ਹੈ ਤੇ ਉਹ ਉਸ ਉਪਰ ਮੋਹਰ ਲਾ ਦਿੰਦੀ ਹੈ। ਫੌਜੀ ਤੌਰ ਤੇ ਆਸਟ੍ਰੇਲੀਆ ਦਾ ਅਮ੍ਰੀਕਾ ਨਾਲ ਗੱਠ ਜੋੜ ਹੈ।

ਅਮ੍ਰੀਕਾ ਦੇ ਸਾਬਕ ਪ੍ਰਧਾਨ ਮਿਸਟਰ ਨਿਕਸਨ ਨੇ ਇਸ ਨੂੰ ਆਪਣੀ ਕਿਤਾਬ ਵਿੱਚ ਭਵਿਖ ਦਾ ਦੇਸ਼ ਆਖਿਆ ਸੀ। ਕੁੱਝ ਲੋਕੀਂ ਇਸ ਦੇ ਵਸਨੀਕਾਂ ਦੀ ਮਾਨਸਕਤਾ ਨੂੰ ਵੇਖਦੇ ਹੋਏ ‘ਨੇਸ਼ਨ ਆਫ਼ ਥਰੋ ਅਵੇਜ਼’ ਅਤੇ ‘ਕੰਟਰੀ ਆਫ਼ ਗੈਂਬਲਰਜ਼’ ਵੀ ਆਖਦੇ ਹਨ। ਅਰਥਾਤ ਪੁਰਾਣੀਆਂ ਵਸਤਾਂ ਦੀ ਮੁਰੰਮਤ ਕਰਕੇ ਵਰਤਣ ਦੀ ਖੇਚਲ਼ ਕਰਨ ਦੀ ਬਜਾਇ ਉਹਨਾਂ ਨੂੰ ਬਾਹਰ ਸੁੱਟ ਕੇ ਨਵੀਆਂ ਖ਼ਰੀਦ ਲੈਂਦੇ ਹਨ ਅਤੇ ਹਰੇਕ ਸਾਲ ਨਵੰਬਰ ਦੇ ਪਹਿਲੇ ਮੰਗਲਵਾਰ ਨੂੰ ਏਥੇ ਘੋੜਿਆਂ ਦੀ ਦੌੜ ਦੇ ਜੂਏ ਵਿੱਚ ਪੈਸੇ ਲਾਉਣ ਤੋਂ ਸ਼ਾਇਦ ਹੀ ਕੋਈ ਮੇਰੇ ਵਰਗਾ ਵਾਂਝਾ ਰਹਿੰਦਾ ਹੋਵੇ। ਆਮ ਤੌਰ ਤੇ ਹਰੇਕ ਹੀ ਕੁੱਝ ਨਾ ਕੁੱਝ ਇਸ ਸਮੇ ਦਾ ਉਪਰ ਲਾਉਂਦਾ ਹੈ।

੧੯੭੨ ਵਿੱਚ ਗਫ਼ ਵਿਟਲਮ ਦੀ ਅਗਵਾਈ ਹੇਠ ਲੇਬਰ ਪਾਰਟੀ ਦੀ ਸਰਕਾਰ ਨੇ ਕਈ ਹੋਰ ਚੰਗੇ ਕੰਮ ਕਰਨ ਦੇ ਨਾਲ਼ ਨਾਲ਼ ‘ਵਾਈਟ ਆਸਟ੍ਰੇਲੀਆ’ ਦੀ ਨੀਤੀ ਨੂੰ ਤਿਲਾਂਜਲੀ ਦੇ ਕੇ ਬਹੁ ਸਭਿਆਚਾਰਕ ਆਸਟ੍ਰੇਲੀਆ ਲਈ ਰਾਹ ਖੋਹਲ ਦਿਤਾ। ਇਸ ਕਾਰਨ ਹੁਣ ਏਥੇ ੨੦੦ ਤੋਂ ਉਪਰ ਮੁਲਕਾਂ ਦੇ ਵਿਅਕਤੀ ਵੱਸਦੇ ਹਨ। ਬਹੁਤੇ ਦੇਸਾ ਦੇ ਵਿਅਕਤੀਆਂ ਦਾ ਏਥੇ ਵਸੇਬਾ ਹੋਣ ਕਰਕੇ ਇਸਨੂੰ ‘ਕੰਟਰੀ ਆਫ਼ ਮਾਈਗਰੈਂਟਸ’ ਵੀ ਆਖਦੇ ਹਨ।

ਜਦੋਂ ਦਾ ਮੈ ਏਥੇ ਆਇਆ ਹਾਂ ਓਦੋਂ ਦਾ ਹੀ ਆਸਟ੍ਰੇਲੀਆ ਵਿੱਚ ਸਿੱਖਾਂ ਤੇ ਪੰਜਾਬੀ ਬੋਲਣ ਵਾਲ਼ਿਆਂ ਦੀ ਵਸੋਂ ਦਾ ਪਤਾ ਲਾਉਣ ਦੇ ਯਤਨਾਂ ਵਿੱਚ ਹਾਂ ਪਰ ਇਸ ਦਾ ਸਹੀ ਪਤਾ ਮੇਰੇ ਕੋਲ਼ੋਂ ਨਹੀ ਲੱਗ ਸਕਿਆ। ਕਾਰਨ ਸ਼ਾਇਦ ਇਹ ਹੈ ਕਿ ਹਰੇਕ ਮਰਦਮਸ਼ੁਮਾਰੀ ਸਮੇ ਧਰਮ ਦੇ ਖਾਨੇ ਵਿੱਚ ਸਿੱਖਾਂ ਦੀ ਗਿਣਤੀ ਉਹਨਾਂ ਦੀ ਅਸਲ ਗਿਣਤੀ ਦੇ ਮੁਕਾਬਲੇ ਕਈ ਗੁਣਾਂ ਘੱਟ ਹੁੰਦੀ ਹੈ ਤੇ ਪੰਜਾਬੀ ਬੋਲਣ ਵਾਲ਼ਿਆਂ ਦੀ ਤੇ ਉਸ ਤੋਂ ਵੀ ਕਿਤੇ ਘਟ ਹੁੰਦੀ ਹੈ। ਮੇਰੇ ਅੰਦਾਜ਼ੇ ਅਨੁਸਾਰ ਸਿਖਾਂ ਦੀ ਗਿਣਤੀ ਏਥੇ ਲੱਖਾਂ ਵਿੱਚ ਹੈ ਜਦੋਂ ਕਿ ਮਰਦਮ ਸ਼ੁਮਾਰੀ ਵਿੱਚ ਕੁੱਝ ਹਜਾਰ ਹੀ ਦਿਖਾਈ ਦਿੰਦੇ ਹਨ। ਇਸ ਦੇ ਕਈ ਕਾਰਨ ਹੋ ਸਕਦੇ ਹਨ। ਸਭ ਤੋਂ ਵੱਡਾ ਤਾਂ ਸਾਇਦ ਇਹ ਕਾਰਨ ਹੀ ਹੋਵੇ ਕਿ ਅਸੀਂ ਮਰਦਮ ਸ਼ੁਮਾਰੀ ਸਮੇ ਆਪਣੇ ਧਰਮ ਤੇ ਬੋਲੀ ਦਾ ਪ੍ਰਗਟਾਵਾ ਕਰਨ ਦੀ ਕਿਸੇ ਕਾਰਨ ਕਰਕੇ ਲੋੜ ਹੀ ਨਹੀ ਸਮਝਦੇ।

੧੯੮੮ ਵਿੱਚ ਏਥੋਂ ਦੀ ਸਰਕਾਰ ਨੇ ਬਾਹਰੋਂ ਵਿਦਿਆਰਥੀ ਫੀਸਾਂ ਦੇ ਕੇ ਪੜ੍ਹਨ ਲਈ ਆਉਣ ਹਿਤ ਪ੍ਰਚਾਰ ਕੀਤਾ। ਇਸਦੇ ਕਈ ਕਾਰਨ ਸਨ। ਓਦੋਂ ਤੋਂ ਲੈ ਕੇ ਵਿਦਿਆਰਥੀਆਂ ਦਾ ਹੜ੍ਹ ਹੀ ਆ ਗਿਆ ਹੈ। ਚਾਰ ਚੌਫੇਰੇ ਵਿਦਿਆਰਥੀਆਂ ਦਾ ਬੋਲ ਬਾਲਾ ਹੈ। ਇਹਨਾਂ ਵਿੱਚ ਪੰਜਾਬੀ ਨੌਜਵਾਨਾਂ ਦੀ ਵੀ ਸੱਬਰਕੱਤੀ ਗਿਣਤੀ ਹੈ। ਇਹਨਾਂ ਵਿੱਚ ਬਹੁਤ ਸਾਰੇ ਸਾਬਤ ਸੂਰਤ ਵੀ ਹਨ। ਪੰਜਾਬੀ ਨੌਜਵਾਨ ਬੱਚੇ ਬੱਚੀਆਂ ਜੋ ਕਿ ਆਪਣਾ ਆਰਥਿਕ ਭਵਿਖ ਸੁਧਾਰਨ ਦੀ ਤਸਵੀਰ ਲੈ ਕੇ ਏਥੇ ਆਉਂਦੇ ਹਨ ਉਹਨਾਂ ਦੇ ਦਰਸ਼ਨ ਕਰਕੇ ਬੜਾ ਹੀ ਮਨ ਪ੍ਰਸੰਨ ਹੁੰਦਾ ਹੈ। ਸ਼ੁਰੂ ਵਿੱਚ ਉਹਨਾਂ ਵਿਚੋਂ ਬਹੁਤਿਆਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਪ੍ਰੰਤੂ ਅੰਤ ਵਿੱਚ ‘ਸਭ ਭਲਾ’ ਹੀ ਹੋ ਨਿੱਬੜਦਾ ਹੈ। ਕੋਈ ਵਿਰਲਾ ਹੀ ਮੁਸ਼ਕਲਾਂ ਦਾ ਸਾਹਮਣਾ ਨਾ ਕਰ ਸਕਣ ਕਰਕੇ ਵਾਪਸ ਮੁੜਦਾ ਹੈ। ਇਹਨਾਂ ਵਿਦਿਆਰਥੀਆਂ ਕਰਕੇ ਹੀ ਸਾਰੇ ਸ਼ਹਿਰਾਂ ਵਿਚਲੇ ਗੁਰਦੁਆਰਾ ਸਾਹਿਬਾਨ ਵਿੱਚ ਰੌਣਕਾਂ ਹੁੰਦੀਆਂ ਹਨ। ਕਿਸੇ ਵੀ ਗੁਰਦੁਆਰੇ ਵਿੱਚ ਦੀਵਾਨਾਂ ਤੇ ਲੰਗਰਾਂ ਦੀ ਕੋਈ ਤੋਟ ਨਹੀ। ਸੰਸਥਾਵਾਂ ਦੇ ਸੀਮਤ ਵਸੀਲਿਆਂ ਰਾਹੀਂ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕ ਵੀ ਸਮੇ ਸਮੇ ਇਹਨਾਂ ਵਿਦਿਆਰਥੀਆਂ, ਹੋਰ ਯਾਤਰੂਆਂ ਅਤੇ ਲੋੜਵੰਦਾਂ ਦੀ ਸਹਾਇਤਾ ਕਰਨ ਦਾ ਯਤਨ ਕਰਦੇ ਹਨ। ਸੰਗਤਾਂ ਰਾਸ਼ਨ ਲਿਆਉਂਦੀਆਂ ਹਨ, ਪਕਾਉਂਦੀਆਂ ਹਨ, ਵਰਤਾਉਂਦੀਆਂ ਹਨ, ਖ਼ੁਦ ਛਕਦੀਆਂ ਤੇ ਹੋਰਨਾਂ ਨੂੰ ਛਕਾਉਂਦੀਆਂ ਹਨ। ਲੰਗਰ ਦੀ ਸੇਵਾ ਕਰਨ ਵਾਲ਼ਿਆਂ ਨੂੰ ਕਈ ਵਾਰ ਵਾਰੀ ਨਹੀ ਮਿਲਦੀ। ਲੰਗਰ ਦੀ ਸੇਵਾ ਲੈਣ ਵਾਸਤੇ ਕਈ ਕਈ ਮਹੀਨੇ ਵਾਰੀ ਲੈਣ ਲਈ ਵੀ ਉਡੀਕਣਾ ਪੈਂਦਾ ਹੈ। ਸਾਰੇ ਆਸਟ੍ਰੇਲੀਆ ਵਿੱਚ ਪੰਝੀ ਕੁ ਦੇ ਕਰੀਬ ਗੁਰਦੁਆਰੇ ਬਣ ਚੁਕੇ ਹਨ ਜਿਥੇ ਹਰ ਵੀਕ ਐਂਡ ਤੇ ਸੰਗਤਾਂ ਦੀ ਗਹਿਮਾ ਗਹਿਮ ਹੁੰਦੀ ਹੈ।

ਹੁਣ ਮੈ ਆਪਣੇ ਆਸਟ੍ਰੇਲੀਆ ਆਉਣ ਦੀ ਗੱਲ ਵੀ ਕਰ ਹੀ ਲਵਾਂ।

ਗੱਲ ਇਹ ੧੯੬੪ ਦੀਆਂ ਗਰਮੀਆਂ ਦੀ ਹੈ। ਮੈ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਕੀਰਤਨ ਦੀ ਸੇਵਾ ਕਰਨ ਦੇ ਨਾਲ਼ ਨਾਲ਼ ਪੜ੍ਹਾਈ ਕਰਨ ਦੇ ਯਤਨਾਂ ਵਿੱਚ ਵੀ ਸਾਂ। ਮੇਰੇ ਮਿੱਤਰ ਰਾਗੀ ਸਿੰਘ ਭਾਈ ਕਰਮ ਸਿੰਘ ਦੇ ਕਮਰੇ ਦੀ ਕੰਧ ਉਪਰ ਦੁਨੀਆ ਦਾ ਨਕਸ਼ਾ ਲੱਗਾ ਹੋਇਆ ਮੈਨੂੰ ਦਿਸਿਆ। ਐਵੇਂ ਆਪਣੀ ਅੱਖਰਾਂ ਨਾਲ ਮੱਥਾ ਮਾਰੀ ਜਾਣ ਦੀ ਆਦਤ ਵੱਸ ਮੈ ਉਹ ਵੇਖਣ ਲਗ ਪਿਆ। ਹੋਰ ਤਾਂ ਸਭ ਆਮ ਵਾਂਗ ਹੀ ਸੀ ਪਰ ਜਦੋਂ ਦੁਨੀਆ ਤੋਂ ਬਿਲਕੁਲ ਨਿਵੇਕਲੇ ਜਿਹੇ ਇੱਕ ਹਰੇ ਹਰੇ ਹਿੱਸੇ ਉਪਰ ਨਿਗਾਹ ਗਈ ਤਾਂ ਲਿਖਿਆ ਪੜ੍ਹਿਆ: ਆਸਟ੍ਰੇਲੀਆ। ਇਸ ਨਕਸ਼ੇ ਦੀ ਲਿਖਤ ਹਿੰਦੀ ਵਿੱਚ ਸੀ ਨਹੀ ਤਾਂ ਅੰਗ੍ਰੇਜ਼ੀ ਵਿੱਚ ਹੋਣ ਕਰਕੇ ਸ਼ਾਇਦ ਮੈ ਪੜ੍ਹ ਹੀ ਨਾ ਸਕਦਾ ਕਿਉਂਕਿ ਓਦੋਂ ਅਜੇ ਅੰਗ੍ਰੇਜ਼ੀ ਦੇ ਅੱਖਰ ਉਠਾਲ਼ ਸਕਣ ਦੇ ਮੈ ਕਾਬਲ ਨਹੀ ਸਾਂ ਹੋਇਆ। ਇੱਕ ਤਾਂ ਹਰੇ ਰੰਗ ਨੇ ਮੇਰਾ ਧਿਆਨ ਖਿੱਚਿਆ। ਪਤਾ ਨਹੀ ਕਿਉਂ ਚਿੱਟਾ, ਗੂੜਾ ਨੀਲਾ ਤੇ ਗੂਹੜਾ ਹੀ ਹਰਾ ਰੰਗ ਮੈਨੂੰ ਬਚਪਨ ਤੋਂ ਹੀ ਪ੍ਰਭਾਵਤ ਕਰਦੇ ਆ ਰਹੇ ਹਨ। ਇਹ ਮੇਰੀ ‘ਕਮਜ਼ੋਰੀ’ ਹੁਣ ਵੀ ਮੇਰਾ ਪੂਰਾ ਸਾਥ ਦੇ ਰਹੀ ਹੈ; ਕਾਰਨ ਦਾ ਪਤਾ ਨਹੀ। ਇਸ ਤੋਂ ਵੀ ਵਧ ਮੈਨੂੰ ਧਰਤੀ ਦੇ ਇਸ ਭੂ ਭਾਗ ਨੇ ਜਿਸ ਗੱਲ ਦੀ ਖਿੱਚ ਪਾਈ ਉਹ ਇਹ ਸੀ ਕਿ ਇਸਦੀਆਂ ਵੱਖ ਵੱਖ ਸਟੇਟਾਂ ਦਰਮਿਆਨ ਇਹਨਾਂ ਨੂੰ ਵਖਰਿਆਉਣ ਵਾਲ਼ੀਆਂ ਲੀਕਾਂ ਬਿਲਕੁਲ ਸਿਧੀਆਂ ਵਾਹੀਆਂ ਹੋਈਆਂ ਸਨ। ਆਮ ਦੇਸ਼ਾਂ ਦੀ ਤੇ ਉਹਨਾਂ ਦੇ ਸੂਬਿਆਂ ਦੀ ਵੰਡ ਕਰਦੀਆਂ ਲਕੀਰਾਂ ਬੜੀਆਂ ਉਧੜ ਗੁਧੜ ਜਿਹੀਆਂ ਨਕਸ਼ਿਆਂ ਉਪਰ ਦਿਸਦੀਆਂ ਹਨ ਪਰ ਆਸਟ੍ਰੇਲੀਆ ਦੀਆਂ ਸਟੇਟਾਂ ਦੀ ਇਸ ਵੰਡ ਨੇ ਮੈਨੂੰ ਬੜਾ ਪ੍ਰਭਾਵਤ ਕੀਤਾ। ਜਦੋਂ ਵੀ ਭਾਈ ਕਰਮ ਸਿੰਘ ਦੇ ਕਮਰੇ ਵਿੱਚ ਜਾਣਾ ਜ਼ਿਆਦਾ ਸਮਾ ਮੇਰਾ ਉਸ ਨਕਸ਼ੇ ਨੂੰ ਵੇਖਣ ਉਤੇ ਅਤੇ ਸਭ ਤੋਂ ਵਧ ਆਸਟ੍ਰੇਲੀਆ ਵਾਲ਼ੇ ਹਿੱਸੇ ਉਪਰ ਹੀ ਧਿਆਨ ਕੇਂਦ੍ਰਿਤ ਰਹਿਣਾ। ਇਹ ਵੀ ਮੈਨੂੰ ਯਾਦ ਹੈ ਕਿ ਉਸ ਨਕਸ਼ੇ ਉਪਰ ਸਮੁੰਦਰੀ ਜਹਾਜ ਦੀ ਫੋਟੋ ਬਣਾ ਕੇ ਇੱਕ ਰੂਟ ਇਹ ਵੀ ਦਰਸਾਇਆ ਹੁੰਦਾ ਸੀ ਜਿਸ ਉਪਰ, ਹਿੰਦੀ ਵਿੱਚ ਬੰਬੇ ਸੇ ਸਿਡਨੀ ਤੇ ਸਿਡਨੀ ਸੇ ਬੰਬੇ ਲਿਖਿਆ ਹੋਇਆ ਹੁੰਦਾ ਸੀ।

ਗੱਲ ਆਈ ਗਈ ਹੋ ਗਈ।

ਜਦੋਂ ਮੈ ਮਲਾਵੀ ਤੋਂ ੧੯੭੭ ਦੇ ਮਾਰਚ ਮਹੀਨੇ ਵਿੱਚ ਰੁਖ਼ਸਤ ਲਈ ਤਾਂ ਦੁਨੀਆ ਦੇ ਦੁਆਲ਼ੇ ਦੀ ਟਿਕਟ ਇਸ ਤਰ੍ਹਾਂ ਬਣਵਾਈ: ਮਲਾਵੀ ਤੋਂ ਨੈਰੋਬੀ, ਕੰਪਾਲਾ, ਕੈਰੋ, ਏਥਨਜ਼, ਰੋਮ, ਫ਼ਟੈਂਕਫ਼ਟ, ਲਕਸਮ ਬਰਗ, ਪੈਰਿਸ, ਐਮਸਟਰਡੈਮ, ਲੰਡਨ, ਨਿਊ ਯਾਰਕ, ਵੈਨਕੂਵਰ, ਹੋਨੋਲੋਲੋ, ਔਕਲੈਂਡ, ਸਿਡਨੀ, ਸਿੰਘਾਪੁਰ, ਬੰਬਈ, ਦਿਲੀ, ਅੰਮ੍ਰਿਤਸਰ। ਪਰ ਲੰਡਨ ਪਹੁੰਚ ਕੇ ਸੱਤ ਕੁ ਮਹੀਨੇ ਓਥੇ ਹੀ ਕਿਸੇ ਖਾਸ ਕਾਰਨ ਰੁਕਿਆ ਰਿਹਾ। ਇਸ ਦੌਰਾਨ ਮੇਰਾ ਕੀਤਾ ਖ਼ਰਚ ਪੱਠਾ ਵੀ ਲੰਡਨੋ ਪੂਰਾ ਹੋ ਗਿਆ। ਇੱਕ ਦਿਨ ਏਥੇ ਲੰਡਨ ਸਥਿਤ ਆਸਟ੍ਰੇਲੀਅਨ ਹਾਈ ਕਮਿਸ਼ਨ ਦੇ ਜਾ ਕੇ ਵੀਜ਼ੇ ਆਦਿ ਬਾਰੇ ਜਾਣਕਾਰੀ ਵੀ ਪ੍ਰਾਪਤ ਕੀਤੀ। ਜਾਣ ਦਾ ਪ੍ਰਯੋਜਨ ਕਵੀਨਜ਼ਲੈਂਡ ਵਿੱਚ ਪੁਰਾਣੇ ਫਾਰਮਰ ਸਿੱਖਾਂ ਨਾਲ਼ ਮੇਲ਼ ਮਿਲ਼ਾਪ ਕਰਨਾ ਦੱਸਿਆ। ਉਹਨਾਂ ਆਖਿਆ ਕਿ ਮੈ ਵੀਜ਼ੇ ਲਈ ਅਪਲਾਈ ਕਰਾਂ ਪਰ ਮੈ ਫਿਰ ਅੰਮ੍ਰਿਤਸਰ ਜਾ ਵੜਿਆ। ਓਥੋਂ ਫਿਰ ਲੰਡਨ ਆ ਕੇ ਵੰਨ ਵੇ ਸਟੈਂਡ ਬਾਈ ਸਸਤੀ ੬੪ ਪੌਂਡ ਦੀ ਟਿਕਟ ਲੈ ਕੇ, ੧੩ ਅਪ੍ਰੈਲ ੧੯੭੮ ਵਾਲ਼ੇ ਦਿਨ, ਨਿਊਯਾਰਕ ਜਾ ਉਤਰਿਆ। ਇਮੀਗ੍ਰੇਸ਼ਨ ਅਫ਼ਸਰ ਵੱਲੋਂ ਅੱਗੇ ਦੀ ਟਿਕਟ ਪੁੱਛਣ ਤੇ ਆਖ ਦਿਤਾ ਕਿ ਮੇਰੇ ਪਾਸ ਪੈਸੇ ਹੈਗੇ ਨੇ; ਮੈ ਜਦੋਂ ਮੁੜਨਾ ਜਾਂ ਅੱਗੇ ਜਾਣਾ ਹੋਊ ਤਾਂ ਏਥੋਂ ਖ਼ਰੀਦ ਲਊਂਗਾ।

ਪੌਣਾ ਕੁ ਸਾਲ ਅਮ੍ਰੀਕਾ ਤੇ ਕੈਨੇਡਾ ਦੇ ਦੋਹਾਂ ਮੁਲਕਾਂ ਦੇ ਪੂਰਬੀ ਸਿਰੇ ਤੋਂ ਲੈਕੇ ਪੱਛਮੀ ਸਿਰੇ ਤੱਕ ਬੱਸਾਂ ਤੇ ਕਾਰਾਂ ਰਾਹੀਂ ਯਾਤਰਾ ਕੀਤੀ। ਇਸ ਯਾਤਰਾ ਦੌਰਾਨ ਕੈਲੇਫ਼ੋਰਨੀਆ ਦੇ ਸਹਿਰ, ਸਨ ਫ਼੍ਰਾਂਸਿਸਕੋ ਸਥਿਤ ਆਸਟ੍ਰੇਲੀਅਨ ਕੌਂਸੂਲੇਟ ਵਿੱਚ ਜਾ ਕੇ, ਵੀਜ਼ੇ ਬਾਰੇ ਫਿਰ ਗੱਲ ਕੀਤੀ ਤਾਂ ਰੀਸੈਪਸ਼ਨਿਸਟ ਲੜਕੀ ਮੇਰਾ ਪਾਸਪੋਰਟ ਲੈ ਕੇ ਅੰਦਰ ਗਈ ਤੇ ਕੁੱਝ ਮਿੰਟਾਂ ਪਿਛੋਂ ਮੈਨੂੰ ਪਾਸਪੋਰਟ ਮੋੜਦਿਆਂ ਆਖਿਆ ਕਿ ਮੈ ਟਿਕਟ ਤੇ ਪੈਸੇ ਲੈ ਕੇ ਆ ਜਾਵਾਂ ਤੇ ਵੀਜ਼ਾ ਲੈ ਜਾਵਾਂ। ਲਾਸ ਏਂਜਲਸ ਵਿਖੇ ਸ੍ਰੀ ਸਿੰਘ ਸਾਹਿਬ ਭਾਈ ਸਾਹਿਬ ਯੋਗੀ ਹਰਿਭਜਨ ਸਿੰਘ ਖ਼ਾਲਸਾ ਜੀ ਨੇ ਮੇਰਾ ਵਿਚਾਰ ਬਦਲ ਦਿਤਾ। ਉਹਨਾਂ ਨੇ ਮੈਨੂੰ ਪ੍ਰੇਰ ਕੇ ਅੱਗੇ ਜਾਣ ਦੀ ਬਜਾਇ ‘ਯੂ ਟਰਨ’ ਕਰਵਾ ਕੇ ਮੇਰਾ ਮੂੰਹ ਅੰਮ੍ਰਿਤਸਰ ਵੱਲ ਮੋੜ ਦਿਤਾ। ਇਸਦਾ ਵੀ ਖਾਸ ਕਾਰਨ ਸੀ। ੨੫ ਜੁਲਈ ੧੯੭੯ ਨੂੰ ਮੈ ਲਾਸ ਏਂਜਲਸ ਤੋਂ ੧੨੫ ਡਾਲਰ ਦੀ ਵਨ ਵੇ ਟਿਕਟ ਲੈ ਕੇ ਲੰਡਨ ਜਾ ਉਤਰਿਆ ਤੇ ਓਥੋਂ ਇੱਕ ਮਹੀਨੇ ਪਿੱਛੋਂ ੮੦ ਪੌਂਡ ਦੀ ਆਰੀਆਨਾ ਏਅਰਵੇਜ਼ ਦੀ ਵਨ ਵੇ ਟਿਕਟ ਲੈ ਕੇ ਫਰਵਰੀ ਵਿੱਚ ਅੰਮ੍ਰਿਤਸਰ ਜਾ ਉਤਰਿਆ।

ਚੌਥੀ ਵਾਰ ਦੇਸੋਂ ਬਾਹਰ ਨਿਕਲ਼ਨ ਵਾਸਤੇ ਫਿਰ ਤਿਆਰੀਆਂ ਆਰੰਭੀਆਂ। ਆਪਣੇ ਨਿੱਕੇ ਭਰਾ ਸ. ਸੇਵਾ ਸਿੰਘ ਨੂੰ ਨਾਲ਼ ਲੈ ਕੇ, ੨੯ ਅਪ੍ਰੈਲ ੧੯੭੯ ਨੂੰ ਦਿੱਲੀ ਤੋਂ ਜਹਾਜ ਰਾਹੀਂ ਅਸੀਂ ਦੋਵੇਂ ਬੈਂਕਾਕ ਆ ਉਤਰੇ। ਦੋ ਹਫ਼ਤੇ ਥਾਈਲੈਂਡ ਵਿੱਚ ਵਿਚਰਨ ਉਪ੍ਰੰਤ ਸੜਕ ਰਸਤੇ ਹੀ ਥਾਈਲੈਂਡ ਤੇ ਮਲੇਸ਼ੀਆ ਦੇ ਸ਼ਹਿਰਾਂ ਵਿੱਚ ਦੀ ਹੁੰਦੇ ਹੋਏ ਸਿੰਘਾਪੁਰ ਆ ਰੁਕੇ। ਇਹ ਗੱਲ ਸ਼ਾਇਦ ਪਾਠਕਾਂ ਨੂੰ ਅਜੀਬ ਲੱਗੇ ਪਰ ਮੇਰੇ ਨਾਲ਼ ਤਾਂ ਵਾਪਰੀ ਹੋਣ ਕਰਕੇ ਅਜੀਬ ਨਹੀ ਲੱਗਦੀ। ਜਦੋਂ ਮੈ ਏਧਰ ਦਾ ਚੱਕਰ ਲਾਉਣ ਦੀ ਉਧੇੜ ਬੁਣ ਜਿਹੀ ਵਿੱਚ ਸਾਂ ਤਾਂ ਇੱਕ ਰਾਤ ਸੁਪਨਾ ਆਇਆ ਕਿ ਇਸ ਆਪਣੀ ਚੌਥੀ ਸੰਸਾਰ ਯਾਤਰਾ ਸਮੇ ਮੈ ਦੱਖਣ ਦੇ ਦੇਸਾਂ ਵੱਲ ਗਿਆ ਹਾਂ ਤੇ ਓਥੇ ਹੀ ਰਹਿ ਗਿਆ ਹਾਂ। ਜਦੋਂ ਮਾਰਚ ੧੯੭੭ ਵਿੱਚ ਮਲਾਵੀ ਤੋਂ ਤੁਰਨ ਦਾ ਪ੍ਰੋਗਰਾਮ ਬਣਾ ਰਿਹਾ ਸਾਂ ਤਾਂ ਇੱਕ ਨੌਜਵਾਨ ਇੰਜੀਨੀਅਰ ਨੇ ਐਵੇਂ ਹੀ ਮੇਰਾ ਹੱਥ ਫੜ ਕੇ ਗਹੁ ਨਾਲ਼ ਵੇਖਦਿਆਂ ਹੋਇਆਂ ਆਖਿਆ ਕਿ ਮੈ ਦੁਨੀਆ ਦੇ ਉਤਰੀ ਖਿੱਤੇ ਦੇ ਕਿਸੇ ਮੁਲਕ ਵਿੱਚ ਨਹੀ ਟਿਕਾਂਗਾ; ਦੱਖਣੀ ਹਿੱਸੇ ਵਿੱਚ ਹੀ ਟਿਕ ਸਕਦਾ ਹਾਂ। ਗੱਲ ਮੈ ਉਸਦੀ ਕੋਈ ਗੌਲ਼ੀ ਨਾ।

ਅੰਮ੍ਰਿਤਸਰੋਂ ਤੁਰਨ ਸਮੇ ਸੋਚ ਵਿੱਚ ਨਿਸ਼ਾਨਾ ਸੀ ਕਿ ਵਧ ਤੋਂ ਵਧ ਦੇਸ਼ਾਂ ਤੇ ਸਥਾਨਾਂ ਥਾਣੀ ਹੁੰਦੇ ਹੋਏ ਧਰਤੀ ਦੇ ਨਾਲ਼ ਨਾਲ਼ ਹੀ ਈਸਟ ਤੀਮੋਰ ਦੀ ਰਾਜਧਾਨੀ ਦਿੱਲੀ ਤੋਂ ਕੋਈ ਬੋਟ ਜਾਂ ਸਮੁੰਦਰੀ ਜਹਾਜ ਫੜ ਕੇ ਆਸਟ੍ਰੇਲੀਆ ਦੇ ਉਤਰੀ ਸ਼ਹਿਰ ਡਾਰਵਿਨ ਜਾ ਕੇ ਫਿਰ ਅੱਗੋਂ ਸੜਕਾਂ ਰਾਹੀਂ ਹੀ ਆਸਟ੍ਰੇਲੀਆ ਘੁੰਮਿਆ ਜਾਵੇ ਪਰ ਜਦੋਂ ਇਸ ਕਾਰਜ ਲਈ ਇੰਡੋਨੇਸ਼ੀਆ ਦੇ ਵੀਜ਼ੇ ਲਈ ਅਪਲਾਈ ਕੀਤਾ ਤਾਂ ਅਗਲੇ ਦਿਨ ਮੇਰਾ ਵੀਜ਼ਾ ਲੱਗਿਆ ਹੋਇਆ ਤੇ ਭਰਾ ਦਾ ਖਾਲੀ ਪਾਸਪੋਰਟ ਤੇ ਨਾਲ਼ ਹੀ ਉਸਦੇ ਵੀਜ਼ੇ ਵਾਲੀ ਫੀਸ ਦੇ ਪੈਸੇ ਮੈਨੂੰ ਫੜਾ ਦਿਤੇ ਗਏ। ਵੀਜ਼ਾ ਨਾ ਮਿਲ਼ਣ ਦਾ ਕਾਰਨ ਪੁਛਣ ਤੇ ਐਂਬੈਸੀ ਦੇ ਨੌਜਵਾਨ ਕਰਮਚਾਰੀ ਵਾਹਦ ਨੇ, “ਸੇਵਾ ਸਿੰਘ ਇਜ਼ ਗੱਬਰ ਸਿੰਘ ਟੂ ਇੰਡੋਨੇਸ਼ੀਆ।” (ਸੇਵਾ ਸਿੰਘ ਇੰਡੋਨੇਸ਼ੀਆ ਵਾਸਤੇ ਗੱਬਰ ਸਿੰਘ ਹੈ।) ਆਖ ਕੇ ਗੱਲ ਮੁਕਾ ਦਿਤੀ। ਓਹਨੀਂ ਦਿਨੀਂ ਸ਼ੋਅਲੇ ਫਿਲਮ ਦੇ ਖਲ ਨਾਇਕ ਗੱਬਰ ਸਿੰਘ ਦੇ ਡਾਇਲਾਗ ਬੜੇ ਪ੍ਰਸਿਧ ਸਨ। ਗੱਲ ਇਹ ਸੀ ਕਿ ਸੇਵਾ ਸਿੰਘ ਨਾਂ ਦਾ ਕੋਈ ਬਹੁਰੂਪੀਆ ਓਥੇ ਸ਼ਾਇਦ ਕੋਈ ਠੱਗੀ ਠੁੱਗੀ ਮਾਰ ਆਇਆ ਹੋਣ ਕਰਕੇ, ਇਸ ਨਾਂ ਦੇ ਬੰਦਿਆਂ ਲਈ ਇੰਡੋਨੇਸ਼ੀਆ ਦਾ ਵੀਜ਼ਾ ਬੰਦ ਸੀ। ਉਸਦੀ ਰਾਜਧਾਨੀ ਜਕਾਰਤਾ ਤੋਂ ਮਿਲ਼ ਮਿਲ਼ਾ ਕੇ ਭਰਾ ਦੇ ਵੀਜ਼ੇ ਦੀ ਪ੍ਰਾਪਤੀ ਦੀ ਆਸ ਤੇ ਮੈ ਰੂਸੀ ਸਮੁੰਦਰੀ ਜਹਾਜ ਰਾਹੀਂ ਜਕਾਰਤਾ ਜਾ ਅੱਪੜਿਆ। ਕੁੱਝ ਸੱਜਣਾਂ ਨਾਲ਼ ਗੱਲ ਬਾਤ ਕੀਤੀ ਪਰ ਸਭ ਨੇ ਨਾਕਾਰਤਮਿਕ ਹੁੰਗਾਰਾ ਹੀ ਭਰਿਆ। ਮੈ ਇਹ ਸਲਾਹ ਛੱਡ ਕੇ ਓਥੋਂ ਸ਼ਿਪ ਰਾਹੀਂ ਇੰਡੋਨੇਸ਼ੀਆ ਦੇ ਵੱਡੇ ਟਾਪੂ ਸੁਮਾਤਰਾ ਦੀ ਰਾਜਧਾਨੀ ਮੈਦਾਨ ਜਾਣ ਦਾ ਵਿਚਾਰ ਬਣਾ ਲਿਆ। ਓਥੇ ਇੱਕ ਸਿੰਧੀ ਪ੍ਰੇਮੀ ਦੇ ਘਰ ਟਿਕਾਣਾ ਕਰਨ ਉਪ੍ਰੰਤ ਸ. ਮਹਿੰਦਰ ਸਿੰਘ ਜੀ ਨੇ ਆਪਣੀ ਵੈਨ ਵਿੱਚ ਕਈ ਸ਼ਹਿਰਾਂ ਦੀ ਯਾਤਰਾ ਕਰਵਾ ਦਿਤੀ। ਮੈਦਾਨੋ ਜਹਾਜ, ਬੱਸਾਂ ਆਦਿ ਰਾਹੀਂ ਫਿਰ ਸਿੰਘਾਪੁਰ ਪਹੁੰਚ ਗਿਆ।

ਸਾਨ ਫ਼੍ਰਾਸਿਸਕੋ ਦੇ ਕੌਂਸੂਲੇਟ ਵਾਲ਼ੀ ਲੜਕੀ ਨੇ ਮੇਰੇ ਪਾਸਪੋਰਟ ਨਾਲ਼ ਅੰਦਰ ਜਾ ਕੇ ਕੀ ਕੀਤਾ, ਇਸ ਗੱਲ ਦਾ ਪਤਾ ਸਿੰਘਾਪੁਰ ਵਿਚਲੇ ਆਸਟ੍ਰੇਲੀਅਨ ਹਾਈ ਕਮਿਸ਼ਨ ਵਿਚੋਂ ਵੀਜ਼ਾ ਮੰਗਣ ਸਮੇ ਲੱਗਾ। ਉਸ ਬੀਬੀ ਨੇ ਮੇਰੇ ਪਾਸਪੋਰਟ ਉਪਰ ਇੱਕ ਨਿਸ਼ਾਨੀ ਲਾ ਦਿਤੀ ਸੀ ਜਿਸ ਕਰਕੇ ਸਿੰਘਾਪੁਰ ਵਾਲ਼ੇ ਹਾਈ ਕਮਿਸ਼ਨ ਵਾਲ਼ਿਆਂ ਨੇ ਮੈਨੂੰ ਵੀਜ਼ਾ ਦੇਣ ਤੋਂ ਪਹਿਲਾਂ ਦਿੱਲੀ ਦੇ ਨਾਲ਼ ਨਾਲ਼ ਓਥੋਂ ਵੀ ਮੇਰੇ ਬਾਰੇ ਪਤਾ ਮੰਗਾਇਆ। ਨਿਸ਼ਾਨੀ ਸੀ SFO 79। ਇਸ ਤਰ੍ਹਾਂ ਵੀਜ਼ਾ ਦੇਣ ਲਈ ਦੋ ਦਿਨ ਲੱਗਣ ਦੀ ਬਜਾਇ ਸਾਨੂੰ ਤੇਰਵੇਂ ਦਿਨ ਫ਼ਸਟ ਸੈਕਟਰੀ ਨੇ ਸੱਦ ਕੇ, ਦੋਹਾਂ ਭਰਾਵਾਂ ਨੂੰ ਆਪਣੇ ਦਫ਼ਤਰ ਅੰਦਰ ਕੁਰਸੀਆਂ ਤੇ ਬਹਾ ਕੇ, ਵੀਜ਼ੇ ਤੋਂ ਕੁੱਝ ਕਾਰਨ ਦੱਸ ਕੇ ਨਾਂਹ ਕਰ ਦਿਤੀ। ਮੇਰੇ ਵਿਆਖਿਆ ਕਰਨ ਤੇ ਉਸਨੇ ਫਿਰ ਸਾਨੂੰ ਦੋ ਮਹੀਨੇ ਦਾ ਵੀਜ਼ਾ ਦੋਹਾਂ ਭਰਾਵਾਂ ਨੂੰ ਲਾ ਦਿਤਾ। ਇਹ ਕਰਾਮਾਤ ਹੀ ਵਾਪਰੀ ਕਿ ਮੇਰੇ ਭਰਾ ਸ. ਸੇਵਾ ਸਿੰਘ ਨੂੰ ਇਡੋਨੇਸ਼ੀਆ ਨੇ ਤਾਂ ਵੀਜ਼ਾ ਦੇਣ ਤੋਂ ਨਾਂਹ ਕਰ ਦਿਤੀ ਪਰ ਆਸਟ੍ਰੇਲੀਆ ਤੇ ਨਿਊ ਜ਼ੀਲੈਂਡ ਵਾਲ਼ਿਆਂ ਨੇ ਵੀਜ਼ੇ ਦੇ ਦਿਤੇ।

ਅਖੀਰ ਸਿੰਘਾਪੁਰੋਂ ਫ਼ਰਾਂਸ ਦੀ ਯੂਨਾਈਟਡ ਏਅਰ ਲਾਈਨ ਰਾਹੀਂ, ਫ਼੍ਰਾਸੀਸੀ ਇਲਾਕਾ ਨੌਮੀਆਂ ਤੋਂ ਹੁੰਦੇ ਹੋਏ ਅਸੀਂ ਦੋਵੇਂ ਭਰਾ, ੨੫ ਅਕਤੂਬਰ ੧੯੭੯ ਦੀ ਸ਼ਾਮ ਨੂੰ ਸਿਡਨੀ ਆ ਉਤਰੇ। ਹਵਾਈ ਅੱਡੇ ਦੇ ਇਨਫ਼ਰਮੇਸ਼ਨ ਡੈਸਕ ਤੋਂ ਯੂਥ ਸੈਂਟਰ ਦਾ ਪਤਾ ਪੁੱਛ ਕੇ ਬੱਸ ਫੜ ਕੇ ਓਥੇ ਜਾ ਡੇਰਾ ਲਾਇਆ। ਉਹ ਅਲੈਜ਼ਬੈਥ ਬੇ, ਕਿੰਗ ਕਰਾਸ ਦੇ ਨੇੜੇ ਸਥਾਨ ਸੀ। ਦੋ ਕੁ ਰਾਤਾਂ ਏਥੇ ਰਹਿਣਾ ਪਿਆ। ਫੇਰ ਓਥੋਂ ਸਿੰਘ ਸਭਾ ਦੇ ਸਕੱਤਰ ਸ. ਚਰਨ ਸਿੰਘ ਕੂੰਨਰ ਹੋਰਾਂ ਦੇ ਭੇਜੇ ਹੋਏ, ਸਿੰਘ ਸਭਾ ਦੇ ਖ਼ਜਾਨਚੀ ਸ. ਬਾਵਾ ਸਿੰਘ ਜਗਦੇਵ ਜੀ, ਸਾਨੂੰ ਚੁੱਕ ਕੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰੀਵਜ਼ਬੀ ਲੈ ਗਏ। ਏਥੇ ਨਿਰੰਕਾਰੀ ਗੁਰਪੁਰਬ ਸਮੇ ਅਖੰਡ ਪਾਠ ਤੇ ਦੀਵਾਨ ਵਿੱਚ ਹਾਜਰੀ ਭਰੀ। ਦੋ ਮਹੀਨੇ ਦਾ ਸਾਡੇ ਪਾਸ ਵਿਜ਼ਟਰ ਵੀਜ਼ਾ ਸੀ। ਦੋ ਮਹੀਨੇ ਪਿਛੋਂ ਮੇਰਾ ਭਰਾ ਤੇ ਅੱਗੇ ਨਿਊ ਜ਼ੀਲੈਂਡ ਨੂੰ ਤੁਰ ਗਿਆ ਤੇ ਮੇਰੇ ਲਈ ਗੁਰੂ ਨਾਨਕ ਫ਼ਾਊਂਡੇਸ਼ਨ ਵਾਲ਼ਿਆਂ ਨੇ ਪੱਕੇ ਵੀਜ਼ੇ ਲਈ ਅਪਲਾਈ ਕਰ ਦਿਤਾ।

ਇਸ ਤਰ੍ਹਾਂ ਪੰਜ ਮਹੀਨੇ ਹੋਰ ਕੁੱਲ ਸੱਤ ਮਹੀਨੇ ਮੈਨੂੰ ਬਿਨਾ ਕਿਸੇ ਕੰਮ ਦੇ ਏਥੇ ਵੇਹਲੇ ਹੀ ਰਹਿਣਾ ਪਿਆ ਜਿਸ ਕਰਕੇ ਮੇਰਾ ਮਨ ਏਥੋਂ ਉਪ੍ਰਾਮ ਹੋ ਗਿਆ। ਫਿਰ ਇਸ ਸਮੇ ਦੌਰਾਨ ਦੋ ਅੰਗ੍ਰੇਜ਼ੀ ਦੀਆਂ ਕਿਤਾਬਾਂ ਨੇ ਮੇਰੀ ਇਸ ਉਪਰਾਮਤਾ ਵਿੱਚ ਹੋਰ ਵੀ ਵਾਧਾ ਕਰ ਦਿਤਾ। ਉਹ ਦੋ ਕਿਤਾਬਾਂ ਸਨ ਇੱਕ ‘ਦ ਰੂਟਸ’ ਅਤੇ ਦੂਜੀ ‘ਦ ਆਸਟ੍ਰੇਲੀਅਨ ਐਟ ਰਿਸਕ’। ‘ਦ ਰੂਟਸ’ ਇੱਕ ਅਫ਼੍ਰੀਕਨ ਮੂਲ ਦੇ ਅਮ੍ਰੀਕਨ ਦਾ ਲਿਖਿਆ ਹੋਇਆ ਜਗਤ ਪ੍ਰਸਿਧ ਨਾਵਲ ਹੈ ਜਿਸ ਵਿੱਚ ਅਮ੍ਰੀਕਾ ਵਿੱਚ ਰਹਿਣ ਵਾਲ਼ੇ ਕਾਲ਼ੇ ਗ਼ੁਲਾਮਾਂ ਦੀ ਹਾਲਤ ਦਾ ਵਰਨਣ ਹੈ। ਦੂਜੀ ਕਿਤਾਬ ‘ਦਾ ਆਸਟ੍ਰੇਲੀਅਨ ਐਟ ਰਿਸਕ’ ਆਸਟ੍ਰੇਲੀਅ ਇੱਕ ਸਟੇਟ ਕਵੀਨਜ਼ਲੈਂਡ ਦੀ ਸਰਕਾਰ ਵੱਲੋਂ ਸਥਾਪਤ ਕਮਿਸ਼ਨ ਦੀ ਰੀਪੋਰਟ ਹੈ। ਇਸ ਵਿੱਚ ਆਸਟ੍ਰੇਲੀਅਨ ਲੋਕਾਂ ਦੇ ਵੱਖ ਵੱਖ ਸਮੂਹਾਂ ਦਾ ਹਨੇਰਾ ਪੱਖ ਦੱਸਿਆ ਹੋਇਆ ਹੈ। ਇਸ ਲਈ ਮੈ ੩੦ ਮਈ ੧੯੮੦ ਨੂੰ ਬਿਨਾ ਵੀਜ਼ੇ ਤੇ ਬਿਨਾ ਅੱਗੇ ਕਿਸੇ ਮੁਲ਼ਕ ਦੀ ਟਿਕਟ ਦੇ ਸਿਡਨੀ ਤੋਂ ਨਿਊ ਜ਼ੀਲੈਂਡ ਨੂੰ ਉਡਾਰੀ ਮਾਰ ਗਿਆ। ਇਹ ਯਾਤਰਾ ਨਿਊ ਜ਼ੀਲੈਂਡ ਦੇ ਵੀਜ਼ੇ ਤੋਂ ਬਿਨਾ ਹੀ ਕਰਨੀ ਪਈ। ਦੋ ਵਾਰ ਪਹਿਲਾਂ ਵੀਜ਼ਾ ਨਿਊ ਜ਼ੀਲੈਂਡ ਦਾ ਪ੍ਰਾਪਤ ਕੀਤਾ ਸੀ ਪਰ ਉਹ ਦੋਵੇਂ ਵਾਰ ਆਪਣੀ ਮਿਆਦ ਪੁਗਾ ਚੁੱਕਾ ਸੀ। ਤੀਜੀ ਵਾਰ ਸਿਡਨੀ ਵਿਖੇ ਉਹਨਾਂ ਦੇ ਕੌਂਸੂਲੇਟ ਵਿਚਲੀ ਵੀਜ਼ੇ ਦੀ ਇਨਚਾਰਜ ਬੀਬੀ ਨੇ ਵੀਜ਼ਾ ਦੇਣ ਤੋਂ ਨਾਂਹ ਕਰ ਦਿਤੀ। ਓਦੋਂ ਮੈ ਹੁਣ ਨਾਲ਼ੋਂ ਦਲੇਰ ਹੁੰਦਾ ਸਾਂ। ਉਸਦੇ ਦਫ਼ਤਰ ਵਿੱਚ ਹੀ ਉਸ ਵੱਲ ਉਂਗਲ਼ ਕਰਕੇ, ਉਹਨੂੰ ਕੁੱਝ ਇਸ ਤਰ੍ਹਾਂ, “ਭਲਕੇ ਮੈ ਨਿਊ ਜ਼ੀਲੈਂਡ ਜਾ ਰਿਹਾ ਹਾਂ ਅਤੇ ਇੱਕ ਹਫ਼ਤਾ ਓਥੇ ਰੁਕਾਂਗਾ। ਵੇਖਦਾ ਹਾਂ ਮੈਨੂੰ ਕੌਣ ਰੋਕਦਾ ਹੈ!” ਆਖਦਾ ਹੋਇਆ, ਉਸਦੇ ਦਫ਼ਤਰੋਂ ਬਾਹਰ ਆ ਗਿਆ। ਉਹ ਵਿਚਾਰੀ ਹੈਰਾਨੀ ਨਾਲ਼ ਮੇਰੇ ਵੱਲ ਵੇਖਦੀ ਹੀ ਰਹਿ ਗਈ। ਨੇੜੇ ਹੀ ਕਾਂਟਾਜ਼ ਏਅਰ ਲਾਈਨ ਦਾ ਦਫ਼ਤਰ ਸੀ। ਓਥੇ ਜਾ ਕੇ ਕਾਊਂਟਰ ਵਾਲੀ ਬੀਬੀ ਨੂੰ ‘ਟਿਮ’ ਨਾਮੀ ਕਿਤਾਬ ਖੋਹਲ ਕੇ, ਇੰਡੀਅਨ ਸਿਟੀਜ਼ਨ ਲਈ ਨਿਊ ਜ਼ੀਲੈਂਡ ਦਾ ਇਮੀਗ੍ਰੇਸ਼ਨ ਕਾਨੂੰਨ ਵੇਖਣ ਲਈ ਆਖਿਆ। ਮੇਰੇ ਇਸ ਸਵਾਲ ਕਿ ਮੈ ਓਥੇ ਵੀਜ਼ੇ ਬਿਨਾ ਕਿੰਨੇ ਘੰਟੇ ਰੁਕ ਸਕਦਾ ਹਾਂ ਦੇ ਜਵਾਬ ਵਿੱਚ ਕਿਤਾਬ ਵੇਖ ਕੇ ਉਸਨੇ ਜਦੋਂ ੪੮ ਘੰਟੇ ਆਖਿਆ ਤਾਂ ਮੈ ਇੱਕ ਰਾਤ ਦੀ ਰੁਕਾਵਟ ਪਾ ਕੇ ਅੱਗੇ ਦੀ ਨੰਦੀ ਵਾਸਤੇ ਸੀਟ ਬੁੱਕ ਕਰਵਾ ਕੇ ਔਕਲੈਂਡ ਜਾ ਉਤਰਿਆ। ਸਿਡਨੀ ਹਵਾਈ ਅੱਡੇ ਤੇ ਇੱਕ ਦਿਲਚਸਪ ਘਟਨਾ ਘਟੀ। ਮੈ ਆਪਣੇ ਪਾਸ ਪੋਰਟ ਤੇ ਏਥੋਂ ਨਿਕਲ਼ਨ ਵਾਲ਼ੀ ਇਮੀਗ੍ਰੇਸ਼ਨ ਵੱਲੋਂ ਲੱਗੀ ਮੋਹਰ ਵੇਖੀ ਤਾਂ ਉਸ ਦੇ ਸ਼ਬਦ departed ਵਿਚਲਾ a ਚੰਗੀ ਤਰ੍ਹਾਂ ਨਾ ਪੜ੍ਹਿਆ ਜਾਣ ਕਰਕੇ ਮੈਨੂੰ ਭੁਲੇਖਾ ਲੱਗ ਗਿਆ ਕਿ ਇਹ ਕਿਤੇ Departed ਨਾ ਹੋ ਕੇ Deported ਨਾ ਲੱਗਾ ਹੋਵੇ! ਮੈ ਤਸੱਲੀ ਲਈ ਵਾਪਸ ਜਾ ਕੇ ਸਬੰਧਤ ਅਫ਼ਸਰ ਪਾਸੋਂ ਜਦੋਂ ਪੁਛਿਆ ਤਾਂ ਉਸਨੇ ਹੱਸ ਕੇ ਆਖਿਆ ਕਿ ਨਹੀ ਇਹ Departed ਹੀ ਹੈ Deported ਨਹੀ। ਜਦੋਂ ਉਸਦੇ ਦੂਜੇ ਸਾਥੀਆਂ ਨੂੰ ਪਤਾ ਲੱਗਾ ਤਾਂ ਉਹ ਵੀ ਹੱਸ ਪਏ। ਮੈਨੂੰ ਸ਼ੱਕ ਦੋ ਗੱਲਾਂ ਕਰਕੇ ਪਿਆ। ਇੱਕ ਤਾਂ ਮੈ ਦੋ ਮਹੀਨੇ ਦੇ ਵੀਜ਼ੇ ਦੀ ਬਹਾਇ ਸੱਤ ਮਹੀਨੇ ਰਹਿ ਲਿਆ ਸੀ ਤੇ ਇਸਦਾ ਜ਼ਿਕਰ ਮੇਰੇ ਪਾਸਪੋਰਟ ਉਪਰ ਨਹੀ ਸੀ ਕਿ ਮੈ ਏਥੇ ਗ਼ੈਰ ਕਾਨੂੰਨੀ ਨਹੀ ਹਾਂ ਤੇ ਦੂਜਾ a ਅੱਖਰ ਕੁੱਝ ਘਸਿਆ ਜਿਹਾ ਹੋਣ ਕਰਕੇ ਭੁਲੇਖਾ ਪੈਂਦਾ ਸੀ।

ਖ਼ੈਰ, ਸਿਡਨੀ ਤੋਂ ਔਕਲੈਂਡ ਲਈ ੩੦ ਮਈ ਨੂੰ ਜਹਾਜੇ ਚੜ੍ਹ ਗਿਆ। ਓਥੇ ਦੇ ਇਮੀਗ੍ਰੇਸ਼ਨ ਵਾਲ਼ਿਆਂ ਜਦੋਂ ਮੈਨੂੰ ਵੀਜ਼ਾ ਨਾ ਹੋਣ ਬਾਰੇ ਸਵਾਲ ਕੀਤਾ ਤਾਂ ਮੈ ਆਖਿਆ ਕਿ ਭਲਕੇ ਮੈ ਅੱਗੇ ਤੁਰ ਜਾਣਾ ਹੈ। ਇਸ ਲਈ ਵੀਜ਼ੇ ਦੀ ਕੋਈ ਲੋੜ ਨਹੀ। ਦੋ ਚਾਰ ਦਿਨ ਪਿਛੋਂ ਜਦੋਂ ਮੈ ਹਵਾਈ ਅੱਡੇ ਉਪਰ ਅੱਗੇ ਫਿਜੀ ਜਾਣ ਲਈ ਗਿਆ ਤਾਂ ਮੈਨੂੰ ਕੋਈ ਜਹਾਜ ਨਾ ਚੁੱਕੇ। ਭੁਲੇਖੇ ਵਿੱਚ ਇੱਕ ਜਹਾਜ ਵਾਲ਼ਿਆਂ ਨੇ ਮੇਰਾ ਸਾਮਾਨ ਅੰਦਰ ਭੇਜ ਦਿਤਾ ਪਰ ਜਦੋਂ ਉਹਨਾਂ ਨੇ ਵੇਖਿਆ ਕਿ ਮੇਰੇ ਪਾਸ ਅੱਗੇ ਦੀ ਕੋਈ ਟਿਕਟ ਨਹੀ ਤੇ ਨਾ ਹੀ ਕਿਸੇ ਮੁਲਕ ਦਾ ਵੀਜ਼ਾ, ਤਾਂ ਉਹਨਾਂ ਫੌਰਨ ਸਾਮਾਨ ਵਾਪਸ ਮੰਗਵਾ ਕੇ ਮੈਨੂੰ ਠੁੱਠ ਵਿਖਾ ਦਿਤਾ। ਇਸ ਲਈ ਮੈਨੂੰ ਓਥੇ ਦਸ ਦਿਨ ਤੱਕ ਰੁਕਣਾ ਪੈ ਗਿਆ। ਪਹਿਲਾਂ ਮੇਰਾ ਵਿਚਾਰ ਦੋ ਚਾਰ ਦਿਨ ਰੁਕਣ ਦਾ ਹੀ ਸੀ।

ਕਾਰਨ ਇਹ ਸੀ ਕਿ ਜਦੋਂ ਤੱਕ ਓਥੋਂ ਦੀ ਸਵਾਰੀ ਕੋਲ਼ ਟਿਕਟ ਨਾ ਹੋਵੇ ਜਿਸ ਮੁਲਕ ਦਾ ਉਹ ਵਨਸੀਕ ਹੈ, ਜਹਾਜ ਵਾਲ਼ੇ ਨਹੀ ਚੁੱਕਦੇ। ਜੇਕਰ ਉਹ ਅਜਿਹੀ ਗ਼ਲਤੀ ਕਰ ਲੈਣ ਤਾਂ ਜੇਕਰ ਅਗਲਾ ਮੁਲਕ ਉਸਨੂੰ ਆਪਣੇ ਦੇਸ਼ ਵਿੱਚ ਨਾ ਵੜਨ ਦੇਵੇ ਤਾਂ ਹਵਾਈ ਜਹਾਜ ਵਾਲ਼ਿਆਂ ਨੂੰ, ਉਸ ਸਵਾਰੀ ਨੂੰ ਆਪਣੇ ਖ਼ਰਚ ਤੇ, ਜਿਥੋਂ ਲਿਆਂਦੀ ਹੈ ਓਥੇ ਵਾਪਸ ਲਿਜਾਣਾ ਪੈਂਦਾ ਹੈ। ਇਹ ਜਾਣਕਾਰੀ ਭਾਵੇਂ ਮੇਰੇ ਮਿੱਤਰ ਲੰਡਨ ਵਾਸੀ ਪ੍ਰਸਿਧ ਰਾਗੀ ਭਾਈ ਭਗਵੰਤ ਸਿੰਘ ਜੀ ਨੇ ੧੯੭੭ ਵਿੱਚ ਲੰਡਨ ਵਿਖੇ ਮੈਨੂੰ ਦਿਤੀ ਸੀ ਪਰ ਮੈ ਇਸ ਤੇ ਯਕੀਨ ਨਹੀ ਸੀ ਸੀਤਾ ਕਿਉਂਕਿ ਮੈ ਤਾਂ ਸਦਾ ਹੀ ਅਜਿਹੀ ਲਾਪਰਵਾਹੀ ਨਾਲ਼ ਸਾਰੀ ਦੁਨੀਆ ਤੇ ਤੁਰਿਆ ਫਿਰਦਾ ਸਾਂ ਤੇ ਕਦੀ ਕਿਤੇ ਇਸ ਕਾਰਨ ਰੁਕਾਵਟ ਨਹੀ ਸੀ ਪਈ। ਇਸ ਲਈ ਮੈ ਉਹਨਾਂ ਦੀ ਗੱਲ ਕਿਵੇਂ ਮੰਨ ਲੈਂਦਾ! ਹੁਣ ਵੀ ਮੇਰਾ ਏਹੋ ਹਾਲ ਹੈ। ਫਿਰ ੧੯੮੦ ਦੇ ਜੂਨ ਮਹੀਨੇ ਸਮੇ ਨਿਊ ਜ਼ੀਲੈਂਡ ਵਿੱਚ ਆ ਕੇ ਉਹਨਾਂ ਦੀ ਗੱਲ ਦੀ ਅਸਲੀਅਤ ਦਾ ਪਤਾ ਲੱਗਾ। ਠੀਕ ਹੀ ਸਿਆਣੇ ਆਖਦੇ ਨੇ, “ਔਲ਼ੇ ਦਾ ਖਾਧਾ ਤੇ ਸਿਆਣੇ ਦਾ ਆਖਿਆ ਬਾਅਦ ਵਿੱਚ ਸਵਾਦ ਦਿੰਦਾ ਹੈ।”

ਅਖੀਰ ਇੱਕ ਪੰਜਾਬੀ ਟ੍ਰੈਵਲ ਏਜੰਟ ਮਿਸਰ ਬਜਾਜ ਦੀ ਪ੍ਰੋਫ਼ੈਸਨਲ ਯੋਗਤਾ ਦਾ ਸਦਕਾ ਮੈਨੂੰ ਜਹਾਜ ਨੇ ਫਿਜੀ ਲਈ ਚੁੱਕ ਹੀ ਲਿਆ। ਉਸਨੇ ਮੇਰੇ ਲਈ ਨਵੀ ਟਿਕਟ, ਮੇਰੀ ਪਹਿਲੀ ਟਿਕਟ ਨੂੰ ਵਿੱਚ ਲੈ ਕੇ ਇਸ ਤਰ੍ਹਾਂ ਬਣਾ ਦਿਤੀ: ਔਕਲੈਂਡ ਤੋਂ ਨੰਦੀ, ਨੰਦੀ ਤੋਂ ਸਿਆਟਲ ਤੇ ਸਿਆਟਲ ਤੋਂ ਵੈਨਕੂਵਰ। ਨਾਲ਼ ਆਖਿਆ ਕਿ ਮੈ ਸਿਆਟਲ ਤੋਂ ਜਹਾਜ ਦੀ ਬਜਾਇ ਬੱਸ ਰਾਹੀਂ ਵੈਨਕੂਵਰ ਚਲਿਆ ਜਾਵਾਂ। ਇਸ ਬਾਰੇ ਮੈ ਉਸਨੂੰ ਆਖਿਆ ਕਿ ਉਹ ਕੋਈ ਫਿਕਰ ਨਾ ਕਰੇ। ਮੈ ਉਸ ਪਾਸੇ ਬੱਸਾਂ ਰਾਹੀਂ ਵਿਚਰਦਾ ਰਿਹਾ ਹਾਂ। ਇਸ ਸਾਰੇ ਕੁੱਝ ਦੇ ਉਸਨੇ ੫੨੫ ਡਾਲਰ ਲਏ। ਖ਼ੈਰ, ਰੱਬ ਰੱਬ ਕਰਕੇ ਮੈ ਔਕਲੈਂਡ ਤੋਂ, ਦਸ ਦਿਨ ਪਿਛੋਂ, ੮ ਜੂਨ ਨੂੰ, ਫਿਜੀ ਲਈ ਜਹਾਜ ਤੇ ਬੈਠ ਗਿਆ। ਜਦੋਂ ਜਹਾਜ ਨੇ ਔਕਲੈਂਡ ਅੱਡੇ ਤੋਂ ਉਡ ਕੇ, ਆਸਮਾਨ ਵਿੱਚ ਮਛਲੀ ਤਾਰੀ ਲਾਉਣੀ ਸ਼ੁਰੂ ਕਰ ਦਿਤੀ ਤਾਂ ਮੈਨੂੰ ਖ਼ਿਆਲ ਆਇਆ ਕਿ ਮੇਰਾ ਉਹ ਸੁਪਨਾ, ਜੋ ਮੈਨੂੰ ਅਪ੍ਰੈਲ ੧੯੭੯ ਵਿੱਚ ਅੰਮ੍ਰਿਤਸਰ ਵਿੱਚ ਆਇਆ ਸੀ, ਉਹ ਝੂਠਾ ਹੋ ਗਿਆ; ਅਰਥਾਤ ਮੈ ਇਹਨਾਂ ਦੋਹਾਂ ਦੱਖਣੀ ਮੁਲਕਾਂ ਵਿੱਚ ਨਹੀ ਰਿਹਾ ਤੇ ਹੁਣ ਅੱਗੇ ਤੋਂ ਮੈਨੂੰ ਕਦੀ ਵੀ ਆਸਟ੍ਰੇਲੀਆ ਤੇ ਨਿਊ ਜ਼ੀਲੈਂਡ ਦੇ ਵਿਜ਼ਟਰ ਵੀਜ਼ੇ ਵੀ ਨਹੀ ਮਿਲ਼ਨਗੇ ਕਿਉਂਕਿ ਮੈ ਦੋਹਾਂ ਮੁਲਕਾਂ ਦੇ ਇਮੀਗ੍ਰੇਸ਼ਨ ਕਰਮਚਾਰੀਆਂ ਨਾਲ਼ ਕੀਤੇ ਇਕਰਾਰ ਨਿਭਾਏ ਨਹੀ ਅਤੇ ਦਿਤੇ ਗਏ ਸਮੇ ਤੋਂ ਵਧ ਸਮਾ ਇਹਨਾਂ ਮੁਲਕਾਂ ਵਿੱਚ ਠਹਿਰ ਗਿਆ ਸਾਂ। ਆਸਟ੍ਰੇਲੀਆ ਵਿੱਚ ਦੋ ਮਹੀਨੇ ਦੀ ਬਜਾਇ ਸੱਤ ਮਹੀਨੇ ਤੇ ਨਿਊ ਜ਼ੀਲੈਂਡ ਵਿੱਚ ਇੱਕ ਰਾਤ ਦੀ ਬਜਾਇ ਦਸ ਦਿਨ ਰਿਹਾ।

ਓਥੋਂ ਤਿੰਨ ਹਫ਼ਤਿਆਂ ਪਿਛੋਂ ਫੇਰ ਦੋ ਹਫ਼ਤਿਆਂ ਦਾ ਵਿਜ਼ਟਰ ਵੀਜ਼ਾ ਲੈ ਕੇ ਵਾਪਸ ਸਿਡਨੀ ਆ ਗਿਆ। ਫਾਰਮ ਭਰਦਿਆਂ ਏਧਰੋਂ ਓਧਰੋਂ ਕਾਗਜ਼ ਪੂਰੇ ਕਰਦਿਆਂ ਸੱਤ ਕੁ ਮਹੀਨੇ ਦਾ ਸਮਾ ਹੋਰ ਵੇਹਲੇ ਰਹਿਣਾ ਪਿਆ; ਜਿਸ ਵੇਹਲ ਤੋਂ ਉਕਤਾ ਕੇ ਮੈ ਆਸਟ੍ਰੇਲੀਆ ਤਿਆਗਿਆ ਸੀ। ਅਖੀਰ, “ਕੁਫ਼ਰ ਟੂਟਾ ਖ਼ੁਦਾ ਖ਼ੁਦਾ ਕਰਕੇ।” ਅਨੁਸਾਰ ੧੯ ਦਸੰਬਰ ੧੯੮੦ ਨੂੰ ਮੇਰੇ ਅੱਠ ਖੂੰਜੀ ਪੱਕੀ ਮੋਹਰ ਲੱਗ ਗਈ ਪਰ ਕੁੱਝ ਸ਼ਰਤਾਂ ਸਮੇਤ। ਇਹ ਵੀ ਤਾਂ ਲੱਗੀ ਜਦੋਂ ਮੈ ਉਹਨਾਂ ਦੇ ਦਫ਼ਤਰ ਜਾ ਕੇ ਗੁੱਸੇ ਨਾਲ਼ ਆਖਿਆ ਕਿ ਮੈਨੂੰ ਨਹੀ ਤੁਹਾਡੀ ਇਮੀਗ੍ਰੇਸ਼ਨ ਚਾਹੀਦੀ। ਮੇਰਾ ਪਾਸਪੋਰਟ ਦੇ ਦਿਓ; ਮੈ ਵਾਪਸ ਚਲੇ ਜਾਣਾ ਹੈ। ਮੇਰੀ ਦਾਦੀ ਮਾਂ ਬੀਮਾਰ ਹੈ। ਅਫ਼ਸਰ ਵਿਚਾਰਾ ਭਲਾ ਲੋਕ ਸੀ। ਉਹ ਅੰਦਰ ਗਿਆ ਤੇ ਕੁੱਝ ਮਿੰਟਾਂ ਬਾਅਦ ਮੋਹਰ ਲੱਗਾ ਪਾਸਪੋਰਟ ਮੇਰੇ ਹੱਥ ਫੜਾਉਂਦਾ ਹੋਇਆ ਵਧਾਈ ਦੇ ਕੇ ਆਖਣ ਲੱਗਾ, “ਪਰ ਇਹ ਮੋਹਰ ਲਾਗੂ ੩੦ ਜਵਰੀ ੧੯੮੧ ਤੋਂ ਹੀ ਸਮਝੀ ਜਾਵੇਗੀ; ਲਾ ਭਾਵੇਂ ਮੈ ਹੁਣ ਦਿਤੀ ਹੈ।”

ਫਿਰ ਗੁਜ਼ਾਰੇ ਲਈ ਨੌਕਰੀ ਲਭਣ ਤੁਰਿਆ। “ਵੇਲ਼ੇ ਦਾ ਰਾਗ ਤੇ ਕੁਵੇਲ਼ੇ ਦੀਆਂ ਟੱਕਰਾਂ।” ਅਨੁਸਾਰ ਆਪਣੇ ਦਾਇਰੇ ਤੋਂ ਬਾਹਰ ਕੰਮ ਲਭਣਾ ਬੜਾ ਮੁਸ਼ਕਲ ਹੋਇਆ। ਠੀਕ ਹੈ, “ਤਾਲੋਂ ਘੁੱਥੀ ਡੂਮਣੀ ਗਾਵੇ ਆਲ ਬੇਤਾਲ।” ਵਾਲ਼ੀ ਹੀ ਮੇਰੇ ਨਾਲ਼ ਹੋਈ। ਏਧਰ ਓਧਰ ਕਈ ਥਾਵਾਂ ਤੇ ਝਖਾਂ ਮਾਰੀਆਂ। ਕਦੀ ਕਿਸੇ ਫ਼ੈਕਟਰੀ ਵਿੱਚ ਤੇ ਕਦੀ ਕਿਸੇ ਹੋਰ ਫ਼ੈਕਟਰੀ ਵਿਚ। ਦੋ ਵਾਰੀਂ ਡਾਕਖਾਨੇ ਵਿਚ, ਬੱਸ ਕੰਡਕਟਰੀ, ਰੇਲਵੇ ਵਿਚ। ੨੮ ਮਾਰਚ ੧੯੮੧ ਨੂੰ ਤਿੰਨ ਮੈਬਰੀ ਪਰਵਾਰ ਵੀ ਏਥੇ ਆ ਗਿਆ। ਛੇ ਕੁ ਸਾਲ ਦਾ ਪੁੱਤਰ ਸੰਦੀਪ ਤੇ ਪੰਜ ਕੁ ਸਾਲ ਦੀ ਬੱਚੀ ਰਵੀਨ ਤੇ ਦਸ ਕੁ ਮਹੀਨਿਆਂ ਦੀ ਦੂਜੀ ਬੱਚੀ ਕੁਲਬੀਰ ਏਥੇ ਆ ਪਹੁੰਚੇ। ਫਿਰ ਇਹਨਾਂ ਵਾਸਤੇ ਰੈਣ ਬਸੇਰੇ ਹਿਤ ਸਿਰ ਦੀ ਛੱਤ ਦਾ ਪ੍ਰਬੰਧ ਕਰਨ ਦਾ ਫਿਕਰ ਲੱਗਾ। ਚੌਥਾ ਬੱਚਾ ਗੁਰਬਾਲ, ਜੂਨ ੧੯੮੩ ਵਿੱਚ ਏਥੇ ਪੈਦਾ ਹੋਇਆ ਸੀ। ਕੁੱਝ ਪੈਸੇ ਮੈ ੧੯੭੭ ਤੋਂ ਟਰੈਵਲ ਚੈਕਾਂ ਦੇ ਰੂਪ ਵਿੱਚ ਪੱਲੇ ਬੰਨ੍ਹੀ ਫਿਰਦਾ ਸਾਂ, ਜਿਨ੍ਹਾਂ ਦੇ ਹਾਥੀ ਦੇ ਬਾਹਰਲੇ ਸੋਹਣੇ ਦੰਦਾਂ ਵਾਂਗ ਵਿਖਾਵੇ ਨਾਲ਼, ਮੈਨੂੰ ਹਰੇਕ ਮੁਲਕ ਦਾ ਵੀਜ਼ਾ ਮਿਲ਼ ਜਾਂਦਾ ਸੀ। ਕੁੱਝ ਹੋਰ ਏਥੇ ਮਜ਼ਦੂਰੀ ਵਿਚੋਂ ਬਚਾਏ ਸਨ। ੩੦੦੦੦ ਸਰਕਾਰੋਂ ਕਰਜ਼ਾ ਮਿਲ਼ ਗਿਆ। ਇਸ ਤਰ੍ਹਾਂ ਉਸ ਸਮੇ ਪੰਜਾਹ ਕੁ ਹਜ਼ਾਰ ਦਾ ਘਰ ਖ਼ਰੀਦ ਕੇ ਇਸ ਵਿੱਚ ਝੰਡੇ ਬੁੰਗੇ ਗੱਡ ਲਏ। ਟੱਬਰੀ ਦੇ ਸਿਰ ਤੇ ਛੱਤ ਦਾ ਸਾਇਆ ਮਿਲ਼ ਜਾਣ ਕਰਕੇ ਏਧਰੋਂ ਬੇਫਿਕਰ ਹੋ ਗਿਆ। ਕਰਜ਼ਾ ਆਪੇ ਕਿਸ਼ਤਾਂ ਵਿੱਚ ਲਹਿੰਦਾ ਰਹੇਗਾ ਸੋਚ ਲਿਆ। ਭਾਵੇਂ ਕਿ ਪਹਿਲੀ ਵਾਰ ਬਿਆਜ਼ੀ ਕਰਜ਼ਾ ਬੈਂਕ ਤੋਂ ਲੈਣ ਕਰਕੇ ਤੇ ਉਸਨੂੰ ਭਾਰਤੀ ਕਰੰਸੀ ਵਿੱਚ ਦਸ ਗੁਣਾਂ ਵਾਲ਼ੀ ਸੋਚ ਹੋਣ ਕਰਕੇ, ਇਸਦਾ ਫਿਕਰ ਤਾਂ ਸੀ ਪਰ ਇਸ ਤੋਂ ਬਿਨਾ ਹੋਰ ਚਾਰਾ ਕੋਈ ਨਹੀ ਸੀ।

੯ ਨਵੰਬਰ ੧੯੮੧ ਦਾ ਦਿਨ ਮੇਰੇ ਸੰਸਾਰਕ ਤੇ ਪਰਵਾਰਕ ਜੀਵਨ ਲਈ ਖਾਸ ਹੋ ਨਿੱਬੜਿਆ। ਇੱਕ ਤਾਂ ਇਸ ਦਿਨ ਮੈਨੂੰ ਸਿੱਖ ਸੰਸਾਰ ਤੋਂ ਬਾਹਰ ਜਾ ਕੇ ਬਿਲਕੁਲ ਆਪਣੇ ਪਿਛੋਕੜ, ਵਿਦਿਆ, ਤਜੱਰਬਾ ਆਦਿ ਤੋਂ ਵੱਖਰੀ ਨੌਕਰੀ ‘ਵੈਸਟਪੈਕ’ ਬੈਂਕ ਵਿੱਚ ਮਿਲ਼ ਗਈ। ਓਦੋਂ ਇਸ ਦਾ ਨਾਂ ‘ਬੈਂਕ ਆਫ਼ ਵੇਲਜ਼’ ਹੁੰਦਾ ਸੀ। ਇਹ ਮੇਰੇ ਪੈਰ ਹੇਠ ਬਟੇਰਾ ਆਉਣ ਵਾਂਗ ਹੀ ਸੀ। ਏਸੇ ਦਿਨ ਹੀ ਜੀਵਨ ਵਿੱਚ ਮੈ ਸਭ ਤੋਂ ਪਹਿਲਾਂ ਤੇ ਹੁਣ ਤੱਕ ਆਖਰੀ ਘਰ ਖ਼ਰੀਦਿਆ। ਉਹ ਵੀ ਆਸਟ੍ਰੇਲੀਆ ਦੇ ਸਭ ਤੋਂ ਮਹਿੰਗੇ ਸ਼ਹਿਰ ਸਿਡਨੀ ਵਿਚ। ਅਜਿਹਾ ਕੁੱਝ ਹੋ ਜਾਣ ਦੀ ਮੇਰੇ ਵਾਸਤੇ ਕੋਈ ਸੋਚ ਅੰਦਰ ਆ ਸਕਣ ਵਾਲ਼ੀ ਗੱਲ ਵੀ ਨਹੀ ਸੀ। ਭਾਵੇਂ ਕਿ ਬੈਂਕ ਦੀ ਚੰਗੀ ਨੌਕਰੀ ਮਿਲ਼ ਗਈ ਪਰ ਮਨ ਕਿਤੇ ਵੀ ਨਾ ਟਿਕਿਆ। ਦੋ ਢਾਈ ਸਾਲ ਏਥੇ ਕੰਮ ਕੀਤਾ। ਇਸ ਨਾਲ਼ ਆਸਟ੍ਰੇਲੀਆ ਵਿੱਚ ਮੇਰੇ ਪਰਵਾਰਕ ਤੌਰ ਤੇ ਤਾਂ ਪੈਰ ਬਝ ਗਏ ਪਰ ਮਾਨਸਿਕ ਪੱਖੋਂ ਮੈ ਚਾਵਾਂ ਚੁਲ੍ਹਾ ਹੀ ਰਿਹਾ। ਕਦੀ ਅੰਗ੍ਰੇਜ਼ੀ ਪੜ੍ਹਨ ਤੇ ਕੰਪਿਊਟਰ ਸਿੱਖਣ ਲਈ ਨੌਕਰੀਆਂ ਦਾ `ਚੱਕਰ’ ਛੱਡ ਕੇ, ਕਦੀ ਕਿਸੇ ਯੂਨੀਵਰਸਿਟੀ ਤੇ ਕਦੀ ਕਿਸੇ ਕਾਲਜ ਵਿੱਚ ‘ਪੜ੍ਹਨ’ ਲਈ ਜਾ ਬੈਠਦਾ। ਘਰ ਵਾਲ਼ੀ ਨੇ ਵਾਹਵਾ ਚਿਰ ਚੰਗੀ ਨੌਕਰੀ ਕਰ ਲਈ। ਹੌਲ਼ੀ ਹੌਲ਼ੀ ਮਕਾਨ ਦੀਆਂ ਕਿਸ਼ਤਾਂ ਵੀ ਉਤਰ ਗਈਆਂ ਅਤੇ ਬੱਚੇ ਵੀ ਹੁਸ਼ਿਆਰ ਹੋ ਕੇ ਨੌਕਰੀਆਂ ਤੇ ਲੱਗ ਗਏ। ਇਸ ਤਰ੍ਹਾਂ ਸਭ ਪਾਸੇ ਤੋਂ ਵੇਹਲੇ ਹੋ ਕੇ ਹੁਣ ਫਿਰ ਘੁਮੱਕੜਪੁਣਾ ਕਰਨਾ ਅਤੇ ਇਹ ਝਰੀਟਾਂ ਵਾਹੁਣੀਆਂ ਹੀ ਸ਼ੁਰੂ ਕੀਤੀਆਂ ਹੋਈਆਂ ਹਨ।

ਆਸਟ੍ਰੇਲੀਆ ਵਿੱਚ ਰਿਹਾਇਸ਼ ਦੇ ਸਮੇ ਦੌਰਾਨ ਹੀ ਸਾਢੇ ਕੁ ਛੇ ਸਾਲ ਘਰੋਂ ਘਰ ਗਵਾ ਕੇ ਬਾਹਰੋਂ ਭੜੂਆ ਅਖਵਾਉਣ ਵਾਂਗ, ਪੰਜਾਬੀ ਤੇ ਅੰਗ੍ਰੇਜ਼ੀ ਦਾ ਪਰਚਾ ਵੀ ਚਲਾਇਆ। ਡੇਢ ਕੁ ਸਾਲ ਵੀਕਲੀ ਤੇ ਫਿਰ ਮੰਥਲੀ ਪਰ ਇਹ ਪੰਗਾ ਸਮੇ ਤੋਂ ਬਹੁਤ ਪਹਿਲਾਂ ਲੈ ਲੈਣ, ਵਸੀਲਿਆਂ ਦੀ ਪੂਰੀ ਦੀ ਪੂਰੀ ਥੁੜ ਅਤੇ ਇਸ ਪਾਸੇ ਦਾ ਕੋਈ ਗਿਆਨ ਨਾ ਹੋਣ ਕਰਕੇ, ਅੰਨ੍ਹੇ ਦੇ ਸੌਣ ਵਾਂਗ, ਇਹ ਵੀ ਚੁੱਪ ਹੀ ਹੋ ਗਿਆ।

ਚਾਰਾਂ ਵਿਚੋਂ ਤਿੰਨ ਬੱਚੇ ਵਿਆਹੇ ਹੋਏ, ਨੌਕਰੀਆਂ ਕਰਦੇ, ਆਪੋ ਆਪਣੇ ਘਰਾਂ ਤੇ ਪਰਵਾਰਾਂ ਵਿਚ, ਸਤਿਗੁਰਾਂ ਦੀ ਅਪਾਰ ਕਿਰਪਾ ਸਦਕਾ ਰਹਿ ਰਹੇ ਹਨ। ਚੌਥਾ ਬੱਚਾ ਗੁਰਬਾਲ ਸਿੰਘ ਯੂਨੀ ਤੋਂ ਡਿਗਰੀ ਕਰਕੇ, ਆਪਣੀ ਵਿੱਦਿਆ ਵਾਲੀ ਹੀ ਨੌਕਰੀ ਉਪਰ ਲੱਗਾ ਹੋਇਆ ਸੀ, ਸਭ ਕੁੱਝ ਛੱਡ ਕੇ ਲੰਡਨ ਜਾ ਬੈਠਾ ਹੈ। ਮੇਰੇ ਵਾਂਗ ਹੀ ਘੁਮੱਕੜ ਜਿਹੀ ਸੋਚ ਵਾਲਾ ਹੈ। ਜਿਵੇਂ ਰੱਬ ਨੂੰ ਮਨਜ਼ੂਰ! “ਜਿਉ ਜਿਉ ਤੇਰਾ ਹੁਕਮ ਤਿਵੈ ਤਿਵ ਹੋਵਣਾ॥” ਦੇ ਮਹਾਂਵਾਕ ਅਨੁਸਾਰ, ਉਸ ਦੇ ਹੁਕਮ ਦੇ ਅੰਦਰ ਰਹਿਣ ਦੇ ਯਤਨਾਂ ਵਿੱਚ ਹਾਂ।

ਉਪ੍ਰੋਕਤ ਤੋਂ ਇਲਾਵਾ ਦੋ ਛੋਟੇ ਭਰਾ ਵੀ ਆਪੋ ਆਪਣੇ ਪਰਵਾਰਾਂ ਸਮੇਤ ਏਥੇ ਵੱਸ ਰਹੇ ਹਨ। ਸਭਨਾਂ ਉਪਰ ਰੱਬ ਦੀ ਰਹਿਮਤ ਦਾ ਸਾਇਆ ਹੈ। ਉਸ ਦਾਤਾਰ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਉਹ ਬਾਕੀ ਸੰਸਾਰ ਦੇ ਜੀੳਆਂ ਵਾਂਗ ਇਹਨਾਂ ਸਾਰਿਆਂ ਦੇ ਸਿਰਾਂ ਉਪਰ ਵੀ ਆਪਣੀ ਮੇਹਰ ਦਾ ਹੱਥ ਰੱਖੇ!




.