.

ਪ੍ਰਸ਼ਨ: ਗੁਰੂ ਗਰੰਥ ਸਾਹਿਬ ਵਿੱਚ ਕਈ ਥਾਂਈ ਆਇਆ ਹੈ ਕਿ ਪ੍ਰਭੂ ਦਾ ਸਿਮਰਨ ਕਰਨ ਵਾਲੇ ਦੇ ਦੁਸ਼ਮਨਾਂ ਦਾ ਨਾਸ਼ ਹੋ ਜਾਂਦਾ ਹੈ, ਸ਼ਤ੍ਰੂ ਸਿਮਰਨ ਕਰਨ ਵਾਲੇ ਪ੍ਰਾਣੀ ਦਾ ਕੁੱਝ ਵਿਗਾੜ ਨਹੀਂ ਸਕਦੇ; ਪਰ ਦੂਜੇ ਪਾਸੇ ਅਸੀਂ ਇਤਿਹਾਸ ਵਿੱਚ ਪੜ੍ਹਦੇ ਅਥਵਾ ਦੇਖਦੇ ਹਾਂ ਕਿ ਗੁਰਸਿੱਖਾਂ ਨਾਲ ਹੀ ਨਹੀਂ ਸਗੋਂ ਗੁਰੂ ਸਾਹਿਬ ਦੇ ਨਾਲ ਸ਼ਤਰੂਤਾ ਭਾਵ ਰੱਖਣ ਵਾਲੇ ਮੌਜੂਦ ਸਨ। ਫਿਰ ਅਜੇਹੇ ਕਥਨ ਦਾ ਕੀ ਭਾਵ ਹੋਇਆ ਕਿ ਪ੍ਰਭੂ ਦੀ ਆਰਾਧਨਾ ਕਰਨ ਵਾਲੇ ਦੇ ਦੁਸ਼ਮਨਾਂ ਦਾ ਨਾਸ ਹੋ ਜਾਂਦਾ ਹੈ, ਅਤੇ ਸ਼ਤਰੂ ਪ੍ਰਭੂ ਪਿਆਰਿਆਂ ਦਾ ਕੁੱਝ ਵਿਗਾੜ ਨਹੀਂ ਸਕਦੇ?

ਉੱਤਰ: ਇਸ ਗੱਲ ਨੂੰ ਸਮਝਣ ਲਈ ਸਾਨੂੰ ਪਹਿਲ਼ਾਂ ਇਹ ਸਮਝਣਾ ਪਵੇਗਾ ਕਿ ਗੁਰੂ ਗਰੰਥ ਸਾਹਿਬ ਅਨੁਸਾਰ ਅਕਾਲ ਪੁਰਖ ਨੂੰ ਸਿਮਰਨ ਵਾਲੇ ਵਿਅਕਤੀਆਂ ਦੇ ਕੇਹੜੇ ਦੁਸ਼ਮਨਾਂ ਦਾ ਨਾਸ਼ ਹੋ ਜਾਂਦਾ ਹੈ, ਅਤੇ ਗੁਰਮੁਖਾਂ ਨੂੰ ਸ਼ਤਰੂ ਕਿਹੋ ਜੇਹਾ ਨੁਕਸਾਨ ਨਹੀਂ ਪਹੁੰਚਾ ਸਕਦੇ ਅਰਥਾਤ ਨੁਕਸਾਨ ਦਾ ਸਰੂਪ ਕੀ ਹੈ।

ਗੁਰੂ ਗਰੰਥ ਸਾਹਿਬ ਵਿੱਚ ਵਿਕਾਰਾਂ ਅਥਵਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਨਿੰਦਾ- ਚੁਗਲੀ, ਈਰਖਾ, ਦਵੈਸ਼, ਮੇਰ ਤੇਰ, ਆਤਮਕ ਮੌਤ, ਆਪਾ ਭਾਵ ਆਦਿ ਨੂੰ ਹੀ ਇਨਸਾਨ ਦੇ ਭਿਆਨਕ ਦੁਸ਼ਮਨ ਆਖਿਆ ਹੈ। ਇਹ ਦੁਸ਼ਮਨ ਹੀ ਮਨੁੱਖ ਦੀ ਆਤਮਕ ਮੌਤ ਦਾ ਕਾਰਨ ਬਣਦੇ ਹਨ। ਇਹਨਾਂ ਸ਼ਤਰੂਆਂ ਦੀ ਹੀ ਗੱਲ ਕਰਦਿਆਂ ਮਹਾਰਾਜ ਆਖਦੇ ਹਨ ਕਿ ਜੇਹੜਾ ਪ੍ਰਾਣੀ ਵਾਹਿਗੁਰੂ ਦਾ ਨਾਮ ਜਪਦਾ ਹੈ, ਉਹ ਇਹਨਾਂ ਦੁਸ਼ਮਨਾਂ ਨੂੰ ਮਾਰ ਮੁਕਾਉਂਦਾ ਹੈ, ਇਹ ਆਤਮਕ ਮੌਤ ਉਸ ਦੇ ਨੇੜੇ ਨਹੀਂ ਆਉਂਦੀ: “ਦੁਸਮਨ ਦੂਤ ਜਮਕਾਲੁ ਠੇਹ ਮਾਰਉ ਹਰਿ ਸੇਵਕ ਨੇੜਿ ਨ ਜਾਈ ਜੀਉ ॥੨॥” (ਪੰਨਾ 998) ਇਹਨਾਂ ਦੁਸ਼ਮਨਾਂ ਨੂੰ ਹੀ ਪ੍ਰਭੂ ਮਾਰ ਮੁਕਾਉਂਦਾ ਹੈ। ਪ੍ਰਮਾਤਮਾ ਦਾ ਸਿਮਰਨ ਕਰਨ ਵਾਲਿਆਂ ਦੇ ਇਹ ਵਿਕਾਰ ਰੂਪੀ ਦੁਸ਼ਮਨ ਹੀ ਸੱਜਣ ਬਣ ਜਾਂਦੇ ਹਨ। ਭਾਵ ਇਹਨਾਂ ਸ਼ਕਤੀਆਂ ਤੋਂ ਗੁਰਮੁਖ ਜਨ ਉਸਾਰੂ ਕੰਮ ਲੈਂਦੇ ਹਨ: “ਦੂਤ ਦੁਸਮਣ ਸਭਿ ਸਜਣ ਹੋਏ ਏਕੋ ਸੁਆਮੀ ਆਹਿਆ ਜੀਉ॥ (ਪੰਨਾ 107) (ਅਰਥ: ਜਿਸ ਦਾ ਪਿਆਰ ਮਾਲਕ ਪ੍ਰਭੂ ਨਾਲ ਹੀ ਬਣ ਜਾਏ, ਸਾਰੇ ਦੋਖੀ ਦੁਸ਼ਮਨ ਉਸ ਦੇ ਸੱਜਣ ਮਿੱਤ੍ਰ ਬਣ ਜਾਂਦੇ ਹਨ (ਕਾਮਾਦਿਕ ਵੈਰੀ ਉਸ ਦੇ ਅਧੀਨ ਹੋ ਜਾਂਦੇ ਹਨ)। ਭਾਵ, ਇਹਨਾਂ ਵੈਰੀਆਂ ਉੱਤੇ ਗੁਰਮੁਖ ਦਾ ਪੂਰਾ ਕੰਟਰੋਲ ਹੁੰਦਾ ਹੈ; ਉਹ ਇਹਨਾਂ ਵਿਕਾਰਾਂ ਦਾ ਗ਼ੁਲਾਮ ਨਹੀਂ ਹੁੰਦਾ ਬਲਕਿ ਇਹ ਵਿਕਾਰ ਉਸ ਦੇ ਗ਼ੁਲਾਮ ਹੋ ਜਾਂਦੇ ਹਨ। ਸਤਿਗੁਰੂ ਇਹਨਾਂ ਸ਼ਤਰੂਆਂ ਦਾ ਹੀ ਜ਼ਿਕਰ ਕਰਦਿਆਂ ਆਖਦੇ ਹਨ ਵਾਹਿਗੁਰੂ ਦੇ ਸਿਮਰਨ ਦੀ ਬਰਕਤ ਨਾਲ ਇਹ ਵਿਕਾਰ ਰੂਪ ਸ਼ਤ੍ਰੂ ਹੁਣ ਮਿਤ੍ਰ ਬਣ ਗਏ ਹਨ; ਮੇਰਾ ਬੁਰਾ ਨਹੀਂ ਚਿਦਵਦੇ: “ਏਹਿ ਵੈਰੀ ਮਿਤ੍ਰ ਸਭਿ ਕੀਤਿਆ ਨਹਿ ਮੰਗਹਿ ਮੰਦਾ।” (ਪੰਨਾ 1096) ਸਿਮਰਨ ਕਰਨ ਵਾਲਾ ਮਨੁੱਖ ਇਹਨਾਂ ਸ਼ਕਤੀਆਂ ਤੋਂ ਆਪਣੇ ਦੈਵੀ ਗੁਣਾਂ ਦੀ ਰਾਸ ਪੂੰਜੀ ਨੂੰ ਬਚਾਉਣ ਦਾ ਕੰਮ ਲੈਂਦਾ ਹੈ। ਹਜ਼ੂਰ ਦਾ ਇਹ ਫ਼ਰਮਾਣ ਇਸ ਭਾਵ ਦੀ ਤਰਫ ਹੀ ਸੰਕੇਤ ਕਰਦਾ ਹੈ: “ਕਾਮੁ ਕ੍ਰੋਧੁ ਦੁਇ ਕਰਹੁ ਬਸੋਲੇ ਗੋਡਹੁ ਧਰਤੀ ਭਾਈ ॥ ਜਿਉ ਗੋਡਹੁ ਤਿਉ ਤੁਮ੍ਹ੍ਹ ਸੁਖ ਪਾਵਹੁ ਕਿਰਤੁ ਨ ਮੇਟਿਆ ਜਾਈ ॥” (ਪੰਨਾ 1171) (ਅਰਥ: ਹੇ ਭਾਈ! ਆਪਣੇ ਸਰੀਰ-ਧਰਤੀ ਨੂੰ ਗੋਡ, ਪਿਆਰ ਅਤੇ ਗੁੱਸਾ ਇਹ ਦੋ ਰੰਬੇ ਬਣਾ (ਦੈਵੀ ਗੁਣਾਂ ਨੂੰ ਪਿਆਰ ਨਾਲ ਬਚਾਈ ਰੱਖ, ਵਿਕਾਰਾਂ ਨੂੰ ਗੁੱਸੇ ਨਾਲ ਜੜ੍ਹੋਂ ਪੁੱਟਦਾ ਜਾਹ)। ਜਿਉਂ ਜਿਉਂ ਤੂੰ ਇਸ ਤਰ੍ਹਾਂ ਗੋਡੀ ਕਰੇਂਗਾ, ਤਿਉਂ ਤਿਉਂ ਆਤਮਕ ਸੁਖ ਮਾਣੇਂਗਾ। ਤੇਰੀ ਕੀਤੀ ਇਹ ਮੇਹਨਤ ਵਿਅਰਥ ਨਹੀਂ ਜਾਇਗੀ।)

ਜਿੱਥੋਂ ਤੱਕ ਗੁਰਮੁਖਾਂ ਨੂੰ, ਦੁਸ਼ਮਨਾਂ ਵਲੋਂ ਨੁਕਸਾਨ ਪਹੁੰਚਾਉਣ ਦਾ ਸਵਾਲ (ਸਰੂਪ) ਹੈ, ਇਸ ਦਾ ਗੁਰੂ ਗਰੰਥ ਸਾਹਿਬ ਵਿੱਚ ਭਾਵ ਇਹ ਹੈ ਕਿ ਇਹ ਵਿਕਾਰ ਰੂਪੀ ਸ਼ਤਰੂ ਪ੍ਰਭੂ ਪਿਆਰਿਆਂ ਦੇ ਆਤਮਕ ਜੀਵਨ ਨੂੰ ਭ੍ਰਿਸਟ ਨਹੀਂ ਕਰ ਸਕਦੇ। ਕਿਸੇ ਵੀ ਪਰਿਸਥਿਤੀ ਵਿੱਚ ਵਾਹਿਗੁਰੂ ਦੇ ਪਿਆਰੇ ਇਹਨਾਂ ਵਿਕਾਰਾਂ ਨੂੰ ਆਪਣੇ ਉੱਤੇ ਹਾਵੀ ਨਹੀਂ ਹੋਣ ਦੇਂਦੇ। ਉਹਨਾਂ ਦਾ ਆਪਣੇ ਗਿਆਨ ਅਤੇ ਕਰਮ ਇੰਦ੍ਰਿਆਂ `ਤੇ ਪੂਰਾ ਕੰਟਰੋਲ ਹੁੰਦਾ ਹੈ: “ਸਭਿ ਇੰਦ੍ਰੀਆ ਵਸਿ ਕਰਿ ਦਿਤੀਓ ਸਤਵੰਤਾ ਸਾੜਾ ॥ ਜਿਤੁ ਲਾਈਅਨਿ ਤਿਤੈ ਲਗਦੀਆ ਨਹ ਖਿੰਜੋਤਾੜਾ ॥” (ਪੰਨਾ 1097-98) (ਅਰਥ:- ਤੂੰ ਮੇਰਾ ਸਤਵੰਤਾ ਸਾਈਂ (ਮੇਰੇ ਸਿਰ ਉਤੇ) ਹੈਂ, ਤੂੰ ਮੇਰੀਆਂ ਸਾਰੀਆਂ ਇੰਦ੍ਰੀਆਂ ਮੇਰੇ ਕਾਬੂ ਵਿੱਚ ਕਰ ਦਿੱਤੀਆਂ ਹਨ, ਹੁਣ ਇਹਨਾਂ ਨੂੰ ਜਿਸ ਪਾਸੇ ਲਾਈਦਾ ਹੈ ਉਧਰ ਹੀ ਲੱਗਦੀਆਂ ਹਨ, ਕੋਈ ਖਿੱਚੋਤਾਣ ਨਹੀਂ (ਕਰਦੀਆਂ)।) ਅਜੇਹੇ ਗੁਰਮੁਖਾਂ ਨੇ ਹੀ ਆਪਣੇ ਮਨ ਨੂੰ ਜਿੱਤਿਆ ਹੈ। ਇਹੋ ਜੇਹੇ ਪ੍ਰਾਣੀਆਂ ਨੂੰ ਹੀ ਗੁਰਬਾਣੀ ਵਿੱਚ ਅਜਿਤ ਸੂਰਮਿਆਂ ਦੀ ਫ਼ੌਜ ਆਖਿਆ ਹੈ, ਜਿਹਨਾਂ ਨੇ ਗੁਣਾਂ ਰੂਪੀ ਸ਼ਸ਼ਤਰਾਂ ਨਾਲ ਇਹਨਾਂ ਦੁਸ਼ਮਨਾ ਨੂੰ ਪਛਾੜਿਆ ਹੈ: ਸੈਨਾ ਸਾਧ ਸਮੂਹ ਸੂਰ ਅਜਿਤੰ ਸੰਨਾਹੰ ਤਨਿ ਨਿੰਮ੍ਰਤਾਹ ॥ ਆਵਧਹ ਗੁਣ ਗੋਬਿੰਦ ਰਮਣੰ ਓਟ ਗੁਰ ਸਬਦ ਕਰ ਚਰਮਣਹ ॥ ਆਰੂੜਤੇ ਅਸ੍ਵ ਰਥ ਨਾਗਹ ਬੁਝੰਤੇ ਪ੍ਰਭ ਮਾਰਗਹ ॥ ਬਿਚਰਤੇ ਨਿਰਭਯੰ ਸਤ੍ਰੁ ਸੈਨਾ ਧਾਯੰਤੇ ਗੋਪਾਲ ਕੀਰਤਨਹ ॥ ਜਿਤਤੇ ਬਿਸ੍ਵ ਸੰਸਾਰਹ ਨਾਨਕ ਵਸ੍ਯ੍ਯੰ ਕਰੋਤਿ ਪੰਚ ਤਸਕਰਹ” ॥ (ਪੰਨਾ 1356) (ਅਰਥ:-  ਸੰਤ-ਜਨ ਅਜਿੱਤ ਸੂਰਮਿਆਂ ਦੀ ਸੈਨਾ ਹੈ। ਗ਼ਰੀਬੀ ਸੁਭਾਉ ਉਹਨਾਂ ਦੇ ਸਰੀਰ ਉਤੇ ਸੰਜੋਅ ਹੈ; ਗੋਬਿੰਦ ਦੇ ਗੁਣ ਗਾਉਣੇ ਉਹਨਾਂ ਪਾਸ ਸ਼ਸਤ੍ਰ ਹਨ; ਗੁਰ-ਸ਼ਬਦ ਦੀ ਓਟ ਉਹਨਾਂ ਦੇ ਹੱਥ ਦੀ ਢਾਲ ਹੈ। ਸੰਤ-ਜਨ ਪਰਮਾਤਮਾ (ਦੇ ਮਿਲਾਪ) ਦਾ ਰਸਤਾ ਭਾਲਦੇ ਰਹਿੰਦੇ ਹਨ—ਇਹ, ਮਾਨੋ, ਉਹ ਘੋੜੇ ਰਥ ਹਾਥੀਆਂ ਦੀ ਸਵਾਰੀ ਕਰਦੇ ਹਨ।

ਸੰਤ-ਜਨ ਪਰਮਾਤਮਾ ਦੀ ਸਿਫ਼ਤਿ-ਸਾਲਾਹ (ਦੀ ਸਹੈਤਾ) ਨਾਲ (ਕਾਮਾਦਿਕ) ਵੈਰੀ-ਦਲ ਉਤੇ ਹੱਲਾ ਕਰਦੇ ਹਨ, ਅਤੇ (ਇਸ ਤਰ੍ਹਾਂ ਉਹਨਾਂ ਵਿਚ) ਨਿਡਰ ਹੋ ਕੇ ਤੁਰੇ ਫਿਰਦੇ ਹਨ। ਹੇ ਨਾਨਕ! ਸੰਤ-ਜਨ ਉਹਨਾਂ ਪੰਜਾਂ ਚੋਰਾਂ ਨੂੰ ਆਪਣੇ ਵੱਸ ਵਿੱਚ ਕਰ ਲੈਂਦੇ ਹਨ ਜੋ ਸਾਰੇ ਸੰਸਾਰ ਨੂੰ ਜਿੱਤ ਰਹੇ ਹਨ।)

ਜਿੱਥੋਂ ਤੱਕ ਬਾਹਰਲੇ ਸ਼ਤਰੂਆਂ ਦਾ ਸਵਾਲ ਹੈ, ਇਸ ਬਾਰੇ ਸਤਿਗੁਰੂ ਫ਼ਰਮਾਉਂਦੇ ਹਨ: “ਨਾ ਕੋ ਮੇਰਾ ਦੁਸਮਨ ਰਹਿਆ ਨਾ ਕੋ ਬੈਰਾਈ॥ …ਸਭ ਕੋ ਮੀਤਿ ਹਮ ਆਪਣ ਕੀਨਾ ਹਮ ਸਭਨਾ ਕੇ ਸਾਜਨ॥ ਦੂਰ ਪਰਾਇਓ ਮੇਰੇ ਮਨ ਕਾ ਬਿਰਹਾ ਤਾ ਮੇਲਿ ਕੀਓ ਮੇਰੈ ਰਾਜਨ॥”। (ਪੰਨਾ 671) ਹਜ਼ੂਰ ਕਹਿੰਦੇ ਹਨ ਕਿ ਮੇਰਾ ਕੋਈ ਦੁਸ਼ਮਨ ਨਹੀਂ ਹੈ, ਮੈਂ ਸਾਰਿਆਂ ਦਾ ਸੱਜਨ ਹਾਂ। ਸਤਿਗੁਰੂ ਦਾ ਕੋਈ ਦੁਸ਼ਮਨ ਹੋਵੇ ਵੀ ਕਿਵੇਂ? ਗੁਰੂ ਦੀ ਦ੍ਰਿਸ਼ਟੀ ਵਿੱਚ ਤਾਂ ਆਪਣੇ ਬਿਗਾਨੇ ਵਾਲਾ ਭਾਵ ਹੈ ਹੀ ਨਹੀਂ ਹੈ; ਸਤਿਗੁਰੂ ਤਾਂ ਹਰੇਕ ਮਨੁੱਖ ਦਾ ਭਲਾ ਚਾਹੁਣ ਵਾਲੇ ਹਨ: “ਸਤਿਗੁਰੁ ਨਿਰਵੈਰੁ ਪੁਤ੍ਰ ਸਤ੍ਰ ਸਮਾਨੇ ਅਉਗਣ ਕਟੇ ਕਰੇ ਸੁਧੁ ਦੇਹਾ” ॥ (960) (ਅਰਥ: ਸਤਿਗੁਰੂ ਨੂੰ ਕਿਸੇ ਨਾਲ ਵੈਰ ਨਹੀਂ, ਉਸ ਨੂੰ ਪੁਤ੍ਰ ਤੇ ਵੈਰੀ ਇਕੋ ਜਿਹੇ ਪਿਆਰੇ ਹਨ (ਜੋ ਕੋਈ ਭੀ ਉਸ ਦੀ ਸਰਨ ਆਵੇ ਉਸ ਦੇ) ਔਗੁਣ ਕੱਟ ਕੇ (ਗੁਰੂ) ਉਸ ਦੇ ਸਰੀਰ ਨੂੰ ਸੁੱਧ ਕਰ ਦੇਂਦਾ ਹੈ।) ਹਾਂ, ਕੋਈ ਦੂਜੀ ਧਿਰ ਸਤਿਗੁਰੂ ਨੂੰ ਆਪਣਾ ਸ਼ਤਰੂ ਸਮਝਦੀ ਹੈ ਤਾਂ ਇਹ ਉਸ ਦੀ ਆਪਣੀ ਸੋਚਣੀ ਦਾ ਨਤੀਜਾ ਹੈ। ਕੋਈ ਦੂਜੇ ਬਾਰੇ ਕੀ ਸੋਚਦਾ ਹੈ, ਇਹ ਉਸ ਤੇ ਹੀ ਨਿਰਭਰ ਕਰਦਾ ਹੈ। ਮਹਾਰਾਜ ਤਾਂ ਸਪਸ਼ਟ ਕਰਦੇ ਹਨ: “ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ ॥” (ਪੰਨਾ 1299) ਅਰਥ: (ਹੁਣ) ਮੈਨੂੰ ਕੋਈ ਵੈਰੀ ਨਹੀਂ ਦਿੱਸਦਾ, ਕੋਈ ਓਪਰਾ ਨਹੀਂ ਦਿੱਸਦਾ; ਸਭਨਾਂ ਨਾਲ ਮੇਰਾ ਪਿਆਰ ਬਣਿਆ ਹੋਇਆ ਹੈ।

ਇਹੀ ਕਾਰਨ ਹੈ ਕਿ ਹਜ਼ੂਰ ਨੇ ਪਾਪ ਨਾਲ ਨਫਰਤ ਕੀਤੀ ਹੈ, ਪਾਪੀ ਨਾਲ ਨਹੀਂ। ਚੂੰਕਿ ਵਡੇ ਤੋਂ ਵੱਡੇ ਪਾਪੀ `ਚ ਵੀ ਪਾਪਾਂ ਤੋਂ ਉਪਰ ਉਠਣ ਦੀ ਸੰਭਾਵਨਾ ਮੌਜੂਦ ਹੁੰਦੀ ਹੈ। ਹਜ਼ੂਰ ਦੇ ਇਹ ਬਚਨ ਇਸ ਸਚਾਈ ਵਲ ਹੀ ਇਸ਼ਾਰਾ ਕਰਦੇ ਹਨ: “ਕੋਟਿ ਪਰਾਧ ਹਮਾਰੇ ਖੰਡਹੁ ਅਨਿਕ ਬਿਧੀ ਸਮਝਾਮਉ॥ ਹਮ ਅਗਿਆਨ ਅਲਪ ਮਤਿ ਥੋਰੀ ਤੁਮ ਆਪਨ ਬਿਰਧ ਰਖਾਵਹੁ॥ (674) ਗੁਰੂ ਨਾਨਕ ਦੇ ਘਰ ਦਾ ਦਰਵਾਜ਼ਾ ਵੱਡੇ ਤੋਂ ਵੱਡੇ ਗੁਨਹਗਾਰਾਂ ਲਈ ਵੀ ਬੰਦ ਨਹੀਂ ਹੁੰਦਾ, ਜਦੋਂ ਵੀ ਕੋਈ ਗੁਨਹਗਾਰ ਆਪਣੇ ਗੁਨਾਹਾਂ ਤੋਂ ਤੋਬਾ ਕਰਕੇ ਆਤਮਕ ਜੀਵਨ ਜਿਊਂਣਾ ਚਾਹੁੰਦਾ ਹੈ ਤਾਂ ਇਹ ਦਰਵਾਜ਼ਾ ਖੁਲ੍ਹਾ ਹੀ ਮਿਲਦਾ ਹੈ, ਬੰਦ ਨਹੀਂ। (ਨੋਟ: ਅਸੀਂ ਇੱਥੇ ਗੁਰੂ ਨਾਨਕ ਸਾਹਿਬ ਦੇ ਘਰ ਦੀ ਗੱਲ ਕਰ ਰਹੇ ਹਾਂ, ਕਿਸੇ ਅਖਾਉਤੀ ਖ਼ਾਲਸੇ ਜਾਂ ਜਥੇਦਾਰਾਂ ਆਦਿ ਦੀ ਨਹੀਂ, ਜਿਹੜੇ ਗੁਰੂ ਨਾਨਕ ਦੇ ਘਰ ਦੇ ਦਰਵਾਜ਼ੇ ਉਹਨਾਂ ਲਈ ਵੀ ਬੰਦ ਕਰ ਦੇਂਦੇ ਹਨ, ਜੇਹੜੇ ਖ਼ਾਲਸਾ ਪੰਥ ਨੂੰ ਵਹਿਮਾਂ ਭਰਮਾਂ `ਚੋਂ ਕੱਢ ਕੇ, ਗੁਰੂ ਗਰੰਥ ਸਾਹਿਬ ਦੇ ਨਿਰਮਲ ਗਿਆਨ ਨਾਲ ਜੋੜਨ ਦੀ ਕੋਸ਼ਸ਼ ਕਰਦੇ ਹਨ।)

ਪਰ ਹਾਂ, ਜੇਕਰ ਸ਼ਤਰੂਤਾ ਵਾਲਾ ਭਾਵ ਰੱਖਣ ਵਾਲਾ ਵਿਅਕਤੀ ਸੱਚ ਦੇ ਮਾਰਗ ਉੱਤੇ ਚਲਣ ਵਾਲੇ ਦੇ ਰਸਤੇ ਵਿੱਚ ਰੁਕਾਵਟ ਖੜੀ ਕਰਕੇ, ਉਸ ਨੂੰ ਉੱਚ ਅਦਰਸ਼ ਵਲ ਵੱਧਣ ਤੋਂ ਰੋਕਣ ਦੀ ਕੋਸ਼ਸ਼ ਕਰਦਾ ਹੈ (ਜਾਂ ਆਮ ਮਨੁੱਖ ਦੀ ਜ਼ਿੰਦਗੀ ਨੂੰ ਨਰਕ ਬਣਾਉਣ ਦੀ ਕੁਚੇਸ਼ਟਾ ਕਰਦਾ ਹੈ), ਤਾਂ ਗੁਰਮੁਖ ਜਨ ਉਸ ਬਦੀ ਦੀ ਤਾਕਤ ਦੀ ਸਾਕਾਰ ਮੂਰਤ ਨਾਲ ਸਮਝੌਤਾ ਕਰਕੇ ਆਪਣੇ ਉੱਚ ਅਦਰਸ਼ ਤੋਂ ਮੂੰਹ ਨਹੀਂ ਮੋੜਦਾ ਸਗੋਂ ਅਜੇਹੀਆਂ ਤਾਕਤਾਂ ਨੂੰ ਵੰਗਾਰਦਾ ਹੋਇਆ ਆਪਣੇ ਅਦਰਸ਼ ਦੀ ਤਰਫ ਵਧਦਾ ਹੀ ਚਲਾ ਜਾਂਦਾ ਹੈ। ਸੱਚ ਦੇ ਰਸਤੇ `ਚ ਰੁਕਾਵਟ ਬਣੀਆਂ ਤਾਕਤਾਂ ਨੂੰ ਲਾਂਭੇ ਕਰਨ ਲਈ ਜੇਕਰ ਉਸ ਨੂੰ ਸ਼ਕਤੀ ਦੀ ਵੀ ਵਰਤੋਂ ਕਰਨੀ ਪਵੇ ਤਾਂ ਉਹ ਨਿਰਸੰਕੋਚ ਇਸ ਦੀ ਵਰਤੋਂ ਕਰਦਾ ਹੈ। ਗੁਰੂ ਗਰੰਥ ਸਾਹਿਬ ਵਿੱਚ ਇਹ ਗੱਲ ਚੰਗੀ ਤਰ੍ਹਾਂ ਸਪਸ਼ਟ ਕੀਤੀ ਗਈ ਹੈ ਕਿ ਅਜੇਹੇ ਗੁਰਮੁਖ ਦਾ ਕਿਸੇ ਵਿਅਕਤੀ, ਕੌਮ, ਆਦਿ ਨਾਲ ਵਿਰੋਧ ਨਹੀਂ ਬਲਕਿ ਵਿਰੋਧ ਬੁਰਾਈ ਨਾਲ ਹੁੰਦਾ ਹੈ। ਗੁਰੁ ਸਾਹਿਬਾਨ ਦੇ ਜੀਵਨ `ਚ ਅਸੀਂ ਦੇਖਦੇ ਹਾਂ ਜਦ ਵੀ ਕਿਸੇ ਨੇ ਬੁਰਾਈ ਦਾ ਤਿਆਗ ਕਰ ਗੁਰਮੁਖਾਂ ਵਾਲਾ ਜੀਵਨ ਜਿਊਂਣਾ ਚਾਹਿਆ (ਭਾਂਵੇ ਉਹ ਕਿੰਨਾ ਵੀ ਵਡਾ ਅਪਰਾਧੀ ਸੀ), ਤਾਂ ਗੁਰਦੇਵ ਨੇ ਉਸ ਨੂੰ ਗਲ਼ ਨਾਲ ਲਾਇਆ ਹੈ। ਗੁਰੂ ਗੋਬਿੰਦ ਸਿੰਘ ਜੀ ਨਾਲ ਬਾਈਧਾਰ ਦੇ ਕੁੱਝ ਰਾਜੇ ਕਈ ਵਾਰ ਸੁਲਹ ਕਰਦੇ ਹਨ, ਪਰ ਫਿਰ ਕੁਛ ਚਿਰ ਪਿੱਛੋਂ ਹਜ਼ੂਰ ਉੱਤੇ ਧਾਵਾ ਬੋਲ ਦੇਂਦੇ ਹਨ। ਹਾਰ ਜਾਣ ਉਪਰੰਤ ਫਿਰ ਸਤਿਗੁਰੂ ਪਾਸ ਆਕੇ ਮਾਫ਼ੀ ਮੰਗਕੇ ਇਕਰਾਰ ਕਰਦੇ ਹਨ ਕਿ ਅੱਗੇ ਲਈ ਉਹ ਕਦੇ ਵੀ ਅਜੇਹੀ ਗ਼ਲਤੀ ਨਹੀਂ ਕਰਨ ਗੇ। ਪਰੰਤੂ ਫਿਰ ਉਹੀ ਗ਼ਲਤੀ ਕਰਕੇ ਜਦ ਦੋਬਾਰਾ ਮਹਾਰਾਜ ਕੋਲ ਆਉਂਦੇ ਹਨ ਤਾਂ ਗੁਰੂ ਗੋਬਿੰਦ ਸਿੰਘ ਜੀ ਇੱਕ ਵਾਰੀ ਵੀ ਉਹਨਾਂ ਨੂੰ ਇੰਝ ਨਹੀਂ ਕਹਿੰਦੇ ਕਿ ਹੁਣ ਉਹਨਾਂ ਨੂੰ ਮਾਫ਼ ਨਹੀਂ ਕੀਤਾ ਜਾ ਸਕਦਾ। ਜੀ ਹਾਂ, ਹਰੇਕ ਵਾਰ ਹੀ ਗੁਰਦੇਵ ਉਹਨਾਂ ਨੂੰ ਇਸ ਤਰ੍ਹਾਂ ਮਾਫ ਕਰਦੇ ਹਨ ਜਿਵੇਂ ਪਹਿਲੀ ਹੀ ਵਾਰ ਉਹਨਾਂ ਨੂੰ ਮਾਫ਼ ਕਰ ਰਹੇ ਹੋਣ। ਔਰੰਗਜ਼ੇਬ ਜੇਹੜਾ ਗੁਰੁ ਸਾਹਿਬ ਦੀ ਹਸਤੀ ਨੂੰ ਮਿਟਾਉਣ ਲਈ ਹਰ ਹੀਲਾ ਵਰਤਦਾ ਹੈ, ਪਰੰਤੂ ਜਦ ਗੁਰਦੇਵ ਨੂੰ ਮਿਲਣ ਦੀ ਇੱਛਾ ਜ਼ਾਹਰ ਕਰਦਾ ਹੈ ਤਾਂ ਗੁਰੂ ਸਾਹਿਬ ਉਸ ਨੂੰ ਮਿਲਣ ਲਈ ਦੱਖਣ ਵਲ ਰਵਾਨਾ ਹੋ ਜਾਂਦੇ ਹਨ। ਅਜੇਹਾ ਵਿਸ਼ਾਲ ਹਿਰਦਾ ਕੇਵਲ ਉਹਨਾਂ ਸੂਰਮਿਆਂ ਕੋਲ ਹੀ ਹੈ, ਜਿਹਨਾਂ ਨੇ ਸਿਮਰਨ ਦੀ ਬਰਕਤ ਨਾਲ ਆਪਣੇ ਅੰਦਰਲੇ ਦੁਸ਼ਮਨਾਂ ਨੂੰ ਆਪਣੇ ਵੱਸ `ਚ ਕਰ ਲਿਆ ਹੈ।

ਸੋ, ਗੁਰੂ ਗਰੰਥ ਸਾਹਿਬ ਵਿੱਚ ਜਦ ਇਹ ਆਖਿਆ ਗਿਆ ਹੈ ਕਿ ਪ੍ਰਭੂ ਦੇ ਸਿਮਰਨ ਨਾਲ ਦੁਸ਼ਮਨ ਖ਼ਤਮ ਹੋ ਜਾਂਦੇ ਹਨ ਤਾਂ ਇਸ ਦਾ ਭਾਵ ਬਾਹਰਲੇ ਦੁਸ਼ਮਨਾਂ ਤੋਂ ਨਹੀਂ ਅੰਦਰਲੇ ਸ਼ਤ੍ਰੂਆਂ ਤੋਂ ਹੈ। ਗੁਰਮੁਖਾਂ ਦਾ ਇਹ ਵਿਕਾਰ ਰੂਪੀ ਸ਼ਤਰੂ ਕੁੱਝ ਵਿਗਾੜ ਨਹੀਂ ਸਕਦੇ ਅਰਥਾਤ ਵਾਹਿਗੁਰੂ ਦੇ ਪਿਆਰਿਆਂ ਨੂੰ ਇਹ ਆਪਣਾ ਗ਼ੁਲਾਮ ਨਹੀਂ ਬਣਾ ਸਕਦੇ। ਇਹਨਾਂ ਸ਼ਤਰੂਆਂ ਦਾ, ਜਿਹੜੇ ਸਾਡੀ ਸ਼ੁਭ ਗੁਣਾਂ ਦੀ ਰਾਸ ਪੂੰਜੀ ਨੂੰ ਦਿਨ ਰਾਤ ਲੁੱਟਦੇ ਰਹਿੰਦੇ ਹਨ, ਗੁਰਮੁਖਾਂ ਉੱਤੇ ਕੋਈ ਜ਼ੋਰ ਨਹੀਂ ਚਲਦਾ। ਹਰਿ ਜਨਾਂ ਅੱਗੇ ਇਹਨਾਂ ਦੁਸ਼ਮਨਾਂ ਦੀ ਪੇਸ਼ ਨਹੀਂ ਜਾਂਦੀ, ਜਿਹਨਾਂ ਦੀ ਮੌਜੂਦਗੀ ਵਿੱਚ ਆਮ ਇਨਸਾਨ, ਮਨੁੱਖ ਹੁੰਦਾ ਹੋਇਆ ਵੀ ਮਨੁੱਖ ਨਹੀਂ ਰਹਿੰਦਾ। ਜਿਹਨਾਂ ਦੇ ਪ੍ਰਭਾਵ ਕਾਰਨ ਅਸੀਂ ਆਪਣੇ ਗਿਆਨ ਅਤੇ ਕਰਮ ਇੰਦਰਿਆਂ ਦੀ ਯੋਗ ਵਰਤੋਂ ਨਹੀਂ ਕਰ ਸਕਦੇ। ਸਾਡੇ ਹਰੇਕ ਉਦਮ ਨੂੰ ਹਜ਼ੂਰ ਦੇ ਕਥਨ ਅਨੁਸਾਰ ਕੁੱਝ ਅਜੇਹੇ ਫਲ ਹੀ ਲੱਗਦੇ ਹਨ: “ਨਉਮੀ ਨਵੇ ਗ੍ਰਿਹਿ ਅਪਵੀਤ॥ ਨਉਮੀ ਨਵੇ ਛਿਦ੍ਰ ਅਪਵੀਤ ॥ ਹਰਿ ਨਾਮੁ ਨ ਜਪਹਿ ਕਰਤ ਬਿਪਰੀਤਿ ॥ ਪਰ ਤ੍ਰਿਅ ਰਮਹਿ ਬਕਹਿ ਸਾਧ ਨਿੰਦ ॥ ਕਰਨ ਨ ਸੁਨਹੀ ਹਰਿ ਜਸੁ ਬਿੰਦ ॥ ਹਿਰਹਿ ਪਰ ਦਰਬੁ ਉਦਰ ਕੈ ਤਾਈ ॥ ਅਗਨਿ ਨ ਨਿਵਰੈ ਤ੍ਰਿਸਨਾ ਨ ਬੁਝਾਈ ॥ ਹਰਿ ਸੇਵਾ ਬਿਨੁ ਏਹ ਫਲ ਲਾਗੇ ॥ ਨਾਨਕ ਪ੍ਰਭ ਬਿਸਰਤ ਮਰਿ ਜਮਹਿ ਅਭਾਗੇ ॥ ” {ਪੰਨਾ 298}

ਜਸਬੀਰ ਸਿੰਘ ਵੈਨਕੂਵਰ
.