.

ਭਗਤ ਸੈਣ ਜੀ ਦੀ ਜਗਾ ਰਾਜੇ ਦੀ ਸੇਵਾ ਕਿਹੜੇ ਰਬ ਨੇ ਕੀਤੀ?

ਸੁਣ ਪਰਤਾਪ ਕਬੀਰ ਦਾ ਦੂਜਾ ਸਿਖ ਹੋਆ ਸੈਣ ਨਾਈ॥

ਪ੍ਰੇਮ ਭਗਤਿ ਰਾਤੀਂ ਕਰੈ ਭਲਕੇ ਰਾਜ ਦੁਆਰੈ ਜਾਈ॥

ਆਏ ਸੰਤ ਪਰਾਹੁਣੇ ਕੀਰਤਨ ਹੋਆ ਰੈਣ ਸਬਾਈ॥

ਛਡ ਨ ਸਕੈ ਸੰਤ ਜਨ ਰਾਜ ਦੁਆਰ ਨ ਸੇਵ ਕਮਾਈ॥

ਸੈਣ ਰੂਪ ਹਰਿ ਜਾਇ ਕੈ ਆਇਆ ਰਾਣੇ ਨੋਂ ਰੀਝਾਈ॥

ਸਾਧ ਜਨਾਂ ਨੋਂ ਵਿਦਾ ਕਰ ਰਾਜਦੁਆਰ ਗਇਆ ਸ਼ਰਮਾਈ॥

ਰਾਣੇ ਦੂਰਹੁੰ ਸਦਕੈ ਗਲਹੁੰ ਕਵਾਇ ਖੋਲ੍ਹ ਪੈਨ੍ਹਾਈ॥

ਵਸ ਕੀਤਾ ਹਉਂ ਤੁਧ ਅਜ ਬੋਲੈ ਰਾਜਾ ਸੁਣੈ ਲੁਕਾਈ॥

ਪਰਗਟ ਕਰੈ ਭਗਤ ਵਡਿਆਈ॥ (੧੦ਵਾਰ/੧੬ ਪਾਉੜੀ)

ਸਿਖੀ ਵੀਚਾਰ ਦੀ ਕਸਵੱਟੀ ਗੁਰੁ ਗ੍ਰੰਥ ਸਾਹਿਬ ਜੀ ਵਿਚਲੇ ਸਿਧਾਤਾਂ ਤੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਮੰਨਿਆ ਜਾ ਸਕਦਾ। ਗੁਰੁ ਗ੍ਰੰਥ ਜੀ ਵਿੱਚ ਉਦਾਹਰਣਾ ਵੀ ਹਨ ਮਿਥਿਹਾਸ ਦਾ ਜ਼ਿਕਰ ਵੀ ਹੈ ਇਹ ਵੀ ਕਸਵੱਟੀ ਨਹੀਂ ਹੋ ਸਕਦੀ ਸਿਰਫ ਤੇ ਸਿਰਫ ਸਿਧਾਂਤ ਹੀ ਕਸਵੱਟੀ ਬਣ ਸਕਦੇ ਹਨ। ਕਿਉਂਕਿ ਮਿਥਿਹਾਸ ਦਾ ਜ਼ਿਕਰ ਲੋਕਾਂ ਵਿੱਚ ਪ੍ਰਚਲਿਤ ਗੱਲ ਦਾ ਹਵਾਲਾ ਦੇ ਕੇ ਸਿਰਫ ਇਹ ਸਮਝਾਉਣਾ ਸੀ ਕਿ ਕਹਾਣੀਆਂ ਪਾਉਣ ਵਾਲਿਉ ਕਹਾਣੀਆਂ ਹੀ ਪਾਉਂਦੇ ਰਹੋਗੇ ਜਾਂ ਤੁਸੀਂ ਵੀ ਕੁੱਝ ਕਰੋਗੇ। ਅਜਾਮਲ ਨੇ ਨਾਮ ਜਪਿਆ, ਹਾਥੀ ਨੇ ਜਪਿਆ, ਗਨਿਕਾ ਨੇ ਜਪਿਆ, ਕੁਬਿਜਾ ਨੇ ਜਪਿਆ ਉਹ ਤਰ ਗਏ ਗੁਰਬਾਣੀ ਕਹਿੰਦੀ ਫਿਰ ਤੁਸੀਂ ਕਿਉਂ ਨਹੀਂ ਜਪਦੇ। ਇਹਨਾਂ ਤੋਂ ਇਲਾਵਾ ਪਸ਼ੂ ਪੰਛੀਆਂ ਦਰੱਖਤਾਂ ਪਥਰਾਂ ਦੀਆਂ ਵੀ ਉਦਾਹਰਣਾ ਦਿਤੀਆਂ ਹਨ ਪਰ ਕਸਵਟੀ ਇਹ ਉਦਾਹਰਣਾ ਨਹੀਂ ਹੋ ਸਕਦੀਆਂ ਕਿਉਂਕਿ ਅਸੀਂ ਜਾਣਦੇ ਹਾਂ ਕਿ ਉਦਾਹਰਣ ਦਾ ਹਮੇਸ਼ਾਂ ਇੱਕ ਪੱਖ ਹੀ ਲਿਆ ਜਾਂਦਾ ਹੈ ਦੂਜਾ ਪੱਖ ਲਿਆਂ ਉਦਾਹਰਣ ਦੇ ਪੱਲੇ ਬਚਦਾ ਹੀ ਕੁੱਝ ਨਹੀਂ। ਜਦੋਂ ਕਿ ਇਸ ਦੇ ਮੁਕਾਬਲੇ ਗੁਰਮਤਿ ਸਿਧਾਂਤ ਹਰ ਪੱਖ ਤੋਂ ਵਿਚਾਰੇ ਜਾ ਸਕਦੇ ਹਨ ਤੇ ਹਰ ਵੇਲੇ ਸਚੇ ਹਨ ਅਤੇ ਬਦਲਦੇ ਵੀ ਨਹੀਂ। ਭਗਤ ਸਾਹਿਬਨਾਂ ਦੇ ਜੀਵਨ ਸਾਡੇ ਬਾਕੀ ਦੇ ਇਤਿਹਾਸ ਵਾਂਗੂੰ ਬ੍ਰਾਹਮਣ ਨੇ ਗੰਧਲੇ ਕਰ ਛਡੇ ਹਨ। ਜੇ ਇੱਕ ਅਕਾਲ, ਨਿਰਭਉ, ਨਿਰਵੈਰ, ਅਜੂਨੀ ਦੇ ਇਹ ਭਗਤ ਪੂਜਾਰੀ ਸਨ ਤਾਂ ਸਿਰਫ ਗੁਰੁ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਹੀ ਇਹ ਸਿਧ ਹੁੰਦਾ ਹੈ। ਬਾਕੀ ਤਾਂ ਇਤਿਹਾਸ ਹੋਰ ਦਾ ਹੋਰ ਬਣਾ ਕੇ ਸਗੋਂ ਮੂਰਤੀ ਦੀ ਵਿਰੋਧਤਾ ਕਰਨ ਵਾਲੇ ਇਹਨਾਂ ਇਨਕਲਾਬੀ ਮਹਾਂਪੁਰਖਾਂ ਦੀਆਂ ਹੀ ਮੂਰਤੀਆਂ ਬਣਾ ਪੂਜਾ ਸ਼ੂਰੂ ਕਰਵਾ ਦਿਤੀ ਗਈ ਹੈ।

ਅਸੀਂ ਗੁਰੂਬਾਣੀ ਨੂੰ ਗੁਰੁ ਮੰਨਣ ਵਾਲਿਆਂ ਨੇ ਵੀ ਬਿਨਾਂ ਸੋਚੇ ਸਮਝੇ ਲਾਈਲੱਗਾਂ ਦੀ ਤਰਾਂ ਇਹੋ ਹੀ ਕਹਿ ਛੱਡਿਆ ਕਿ ਇਹ ਪ੍ਰਚਲਿਤ ਕਹਾਣੀਆਂ ਨੂੰ ਜਿਉਂ ਦਾ ਤਿਉਂ ਹੀ ਸੰਭਾਲਿਆ ਹੈ ਪਰ ਇਹ ਕਦੀ ਸੋਚਿਆ ਹੀ ਨਹੀਂ ਕਿ ਕਰਾਮਾਤ ਦੇ ਵਿਸ਼ਵਾਸ਼ ਨੂੰ ਗੁਰੂ ਘਰ ਨੇ ਨਹੀਂ ਪ੍ਰਵਾਨ ਕੀਤਾ ਕਿਉਂਕਿ ਇਹਨਾਂ ਦੀ ਹੋਂਦ ਹੀ ਨਹੀਂ ਹੈ। ਫਿਰ ਜਦੋਂ ਕਰਾਮਾਤ ਦੀ ਹੋਂਦ ਹੀ ਨਹੀਂ, ਤਾਂ ਅਸੀਂ ਕੋਈ ਕੰਮ ਇਸ ਨਾਲ ਹੋਇਆ ਸੀ, ਕਿਵੇਂ ਸਿਧ ਕਰ ਸਕਦੇ ਹਾਂ। ਵਿਚਾਰ ਅਧੀਨ ਇਸ ਭਾਈ ਗੁਰਦਾਸ ਜੀ ਦੀ ਪਉੜੀ ਨੂੰ ਪੜ੍ਹਦਿਆਂ ਦੋ ਗੱਲਾਂ ਬਿਨਾਂ ਵਿਚਾਰਿਆਂ ਗਲਤ ਪਾਸੇ ਘਸੀਟ ਲਈਆਂ ਤੇ ਬਾਕੀ ਇਨਕਲਾਬੀ ਤੱਤ ਨੂੰ ਅਣਗੌਲਿਆਂ ਹੀ ਰਹਿਣ ਦਿਤਾ। ਪਰ ਜੇ ਅਸੀਂ ਦੋ ਤੁਕਾਂ ਦੇ ਅਰਥ ਕਰਨ ਲਗਿਆਂ ਗੁਰੁ ਦੇ ਸਿਧਾਂਤਾਂ ਦਾ ਪੱਲਾ ਨਾ ਛਡਦੇ ਤਾਂ ਇਸ ਦੇ ਅਰਥ ਇਨਕਲਾਬ ਵਾਲੇ ਪਾਸੇ ਤੁਰ ਪੈਣੇ ਸੀ। ਕਿਉਂਕਿ ਜ਼ਿਮੇਵਾਰੀ ਲੈ ਕੇ ਨਾ ਨਿਭਾਉਣਾ ਵੀ ਵੱਡਾ ਅਧਰਮ ਹੈ ਪਾਪ ਹੈ। ਭਗਤੀ ਕਰਨ ਦਾ ਇਹ ਮਤਲਬ ਕਦੀ ਵੀ ਨਹੀਂ ਨਿਕਲਦਾ ਪਈ ਭਗਤ ਦੇ ਬਦਲੇ ਰੱਬ ਨੂੰ ਹੀ ਬਿਪਤਾ ਪੈ ਜਾਏ। ਸਾਰੀ ਸ੍ਰਿਸ਼ਟੀ ਦਾ ਕਾਰਜ ਭਾਰ ਛੱਡ ਕੇ ਇੱਕ ਹੀ ਕੰਮ ਦੇ ਮਗਰ ਲਗ ਜਾਏ। ਗੁਰਬਾਣੀ ਵਿੱਚ ਕਹੀਆਂ ਗਈਆਂ ਅਨੇਕਾਂ ਇਹ ਗੱਲਾਂ ਕਿ ਰਬ ਨੇ ਭਗਤਾਂ ਦਾ ਇਹ ਕਾਰਜ ਆਪ ਸਵਾਰ ਦਿਤਾ। ਇਸਦਾ ਮਤਲਬ ਇਹ ਵੀ ਫਿਰ ਨਿਕਲਦਾ ਹੈ ਕਿ ਕੋਈ ਇਹ ਵੀ ਕਹੇਗਾ ਕਿ ਮੇਰਾ ਕੰਮ ਰਬ ਨੇ ਆਪ ਵਿਗਾੜ ਦਿਤਾ। ਨਹੀਂ ਰਬ ਨਿਰਵੈਰ ਹੈ ਬੁਰਾ ਕਿਸੇ ਦਾ ਵੀ ਨਹੀਂ ਕਰਦਾ ਪਰ ਸਵਾਰਦਾ ਵੀ ਕੋਈ ਸਰੀਰ ਧਾਰਕੇ ਨਹੀਂ, ਸਗੋਂ ਭਗਤੀ ਕਰਨ ਵਾਲਿਆਂ ਵਿੱਚ ਕ੍ਰਾਂਤੀਕਾਰੀ, ਇਨਕਲਾਬੀ ਤੱਤ ਭਾਰੂ ਹੀ ਇੰਨੇ ਹੋ ਜਾਂਦੇ ਹਨ ਕਿ ਉਹ ਹਰ ਕੰਮ ਜਿਸ ਨੂੰ ਵੀ ਹੱਥ ਪਾਉਣ ਸਿਰ ਧੜ ਦੀ ਬਾਜ਼ੀ ਲਾ ਕੇ ਵੀ ਸਿਰੇ ਲਾ ਦਿੰਦੇ ਹਨ। ਫਿਰ ਨਿਮਰਤਾ ਨਾਲ ਆਖਦੇ ਹਨ ਸਾਡੇ ਸਰੀਰ ਦੀ ਤਾਂ ਕੋਈ ਪਾਇਆਂ ਹੀ ਨਹੀਂ ਇਹ ਤਾਂ ਉਸ ਨੇ ਕਰਵਾ ਦਿਤਾ ਕਿਉਂਕਿ ਇਹ ਕੰਮ ਕਰਨ ਵਾਲੇ ਗੁਣ ਮਿਲੇ ਹੀ ਸਾਰੇ ਉਸੇ ਵਿਚੋਂ ਹਨ। ਇਹ ਵਿਹਲੜ ਮਖੱਟੂਆਂ ਦੀਆਂ ਕਾਢਾਂ ਹਨ ਕਿ ਭਗਤੀ ਕਰੀ ਜਾਉ ਕੰਮ ਰਬ ਆਪੇ ਸਵਾਰ ਦੇਵੇਗਾ ਹੋਰ ਕੁੱਝ ਕਰਨ ਦੀ ਲੋੜ ਨਹੀਂ। ਇਸ ਥੋਥੀ ਦਲੀਲ ਦੇ ਪਿਛੇ ਧਰਮ ਦੇ ਇਨਕਲਾਬੀ ਤੱਤ ਖਤਮ ਕਰਕੇ ਲੋਕਾਂ ਨੂੰ ਗੁਲਾਮੀ ਦੇ ਰਾਹ ਪਾਉਣਾ ਹੈ। ਰੱਬੀ ਗੁਣ ਧਾਰਨ ਕਰਨੇ ਹੀ ਮਨੁੱਖ ਦੇ ਜੀਵਨ ਦੀ ਅਸਲ ਕਰਾਮਾਤ ਹੈ। ਜੇ ਭਗਤੀ ਕਰਨ ਨਾਲ ਰੱਬ ਅਪਣੇ ਆਪ ਕਾਰਜ ਸਵਾਰਦਾ ਹੈ ਤਾਂ ਗੁਰੁ ਨਾਨਕ ਜੀ ਨੂੰ ਘਰੋਂ ਨਿਕਲਣ ਦੀ ਲੋੜ ਹੀ ਨਹੀਂ ਸੀ। ਸਜਣ ਠੱਗ, ਕੌਡਾ, ਭੂਮੀਆਂ, ਨੂਰ ਸ਼ਾਹ, ਬਾਬਰ, ਮਲਕ ਭਾਗੋ ਨੇ ਘਰ ਬੈਠਿਆਂ ਹੀ ਠੀਕ ਹੋ ਜਾਣਾ ਸੀ। ਕੀ ਲੋੜ ਸੀ ਬਿਖੜੇ ਪੈਂਡੇ ਜਾਣ ਦੀ ਤੱਤੀ ਤਵੀ, ਉਬਲਦੀ ਦੇਗ ਦਾ ਕਸ਼ਟ ਨਾ ਹੀ ਝੱਲਣਾ ਪੈਂਦਾ ਚਾਂਦਨੀ ਚੌਂਕ ਵਾਲਾ ਦਰਦਨਾਕ ਸਾਕਾ, ਦਸ਼ਮੇਸ਼ ਜੀ ਦੇ ਪਰਿਵਾਰ ਅਤੇ ਹੋਰ ਬੇਅੰਤ ਸਿੰਘਾਂ ਸਿੰਘਣੀਆਂ ਦੀਆਂ ਸ਼ਹੀਦੀਆਂ ਤਕ ਦੀ ਨੌਬਤ ਹੀ ਨਾ ਆਉਂਦੀ। ਇਹ ਤਸ਼ੱਦਦ ਢਾਹੁਣ ਵਾਲੇ ਰਬ ਨੇ ਠੀਕ ਨਾ ਕੀਤੇ ਨਾ ਹੀ ਬੁਰੇ ਕੰਮ ਕਰਨ ਤੋਂ ਪਹਿਲਾਂ ਮਾਰੇ, ਨਾ ਅੰਨੇ ਕੀਤੇ ਕੀ ਇਥੇ ਭਗਤੀ ਵਿੱਚ ਕੋਈ ਕਮੀ ਸੀ? ਇਹ ਦਲੀਲ ਵੀ ਬੜੀ ਹਾਸੋਹੀਣੀ ਬਣੇਗੀ ਜੇ ਇਹ ਕਹੀਏ ਕਿ ਗੁਰੁ ਸਾਹਿਬ ਆਪ ਹੀ ਇਹ ਵਰਤਾਰਾ ਲੋਕਾਂ ਸਾਹਮਣੇ ਪੇਸ਼ ਕਰਨਾ ਲੋਚਦੇ ਸੀ ਤਾਂ ਕਿ ਭਗਤੀ ਦੀ ਤਾਕਤ ਪੇਸ਼ ਕੀਤੀ ਜਾ ਸਕੇ। ਇਸ ਦਾ ਮਤਲਬ ਇਹ ਹੋਇਆ ਜਾਂ ਤੇ ਭਗਤੀ ਕਰਕੇ ਰੱਬ ਨੂੰ ਗੁਲਾਮ ਬਣਾ ਕੇ ਉਸ ਤੋਂ ਕੰਮ ਕਰਾਉ ਤੇ ਜਾਂ ਭਗਤੀ ਕਰਕੇ ਦੁਖ ਸਹੇੜੋ ਤੇ ਫਿਰ ਦੋਸ਼ ਦੂਜੇ ਤੇ ਲਾ ਦਿਉ ਕਿ ਇਹਨਾਂ ਨੇ ਤਸ਼ਦਦ ਕੀਤਾ ਹੈ ਸਜਾ ਦਿਉ। ਫਿਰ ਤਾਂ ਸਾਡਾ ਇਤਿਹਾਸ ਹਾਸੋਹੀਣਾ ਨਹੀ ਹੋ ਜਾਏਗਾ। ਇਤਿਹਾਸ ਜਾਂ ਤਮਾਸ਼ਾ।

ਸੋ ਰੱਬ ਜੀ ਦੀ ਭਗਤੀ ਦਾ ਮਤਲਬ ਹੈ ਆਪਣੇ ਵਿੱਚ ਚੰਗੇ ਗੁਣ ਪੈਦਾ ਕਰਕੇ ਸਮਾਜ ਦੀ ਭਲਾਈ ਦਾ ਜਤਨ ਕਰਨਾ। ਕੀਰਤਨ ਕਥਾ ਪਾਠ ਦਾ ਵੀ ਇਹ ਮਤਲਬ ਨਹੀਂ ਕਿ ਅੰਦਰ ਬੈਠ ਤੁਸੀਂ ਭਗਤੀ ਕਰਦੇ ਰਹੋ ਕਿ ਬਾਹਰ ਸਭ ਤਬਾਹ ਹੋ ਜਾਏ। ਪਾਠ ਕਥਾ ਕੀਰਤਨ ਦਾ ਮਤਲਬ ਹੈ ਸੁਤੇ ਹੋਏ ਜਗਾਉਣੇ, ਬੁਰਾਈਆਂ ਦੇ ਖਿਲਾਫ ਡਟਣਾ। ਕੋਈ ਟਾਈਮ ਪਾਸ, ਕੰਨ ਰਸ ਜਾਂ ਪਾਖੰਡ ਨਹੀਂ ਹੈ।

ਇਸ ਵਿਚਾਰ ਅਧੀਨ ਪਾਉੜੀ ਵਿੱਚ ਵੀ ਵੇਖੋ ਕਬੀਰ ਜੀ ਦੇ ਜੀਵਨ ਤੋਂ ਸੈਣ ਜੀ ਪ੍ਰਭਾਵਿਤ ਹੋਏ। ਇਹ ਅਜ ਦੇ ਸਾਧਾਂ ਵਾਲਾ ਫੋਕਾ ਹੀ ਧੂੰਏ ਦੇ ਪਹਾੜ ਵਰਗਾ ਜੀਵਨ ਨਹੀਂ ਸੀ ਜੋ ਸਮਾਜ ਵਿੱਚ ਵਿਹਲੜ ਪੁਣੇ ਦਾ ਕੈਂਸਰ ਫੈਲਾਅ ਰਹੇ ਹਨ। ਕਬੀਰ ਜੀ ਦੀ ਬਾਣੀ ਪੜਿਆਂ ਪਤਾ ਲਗਦਾ ਹੈ ਜੀਵਨ ਕਿਸ ਨੂੰ ਕਹਿੰਦੇ ਹਨ ਇਹੋ ਕਾਰਨ ਸੀ ਗੁਰੁ ਨਾਨਕ ਜੀ ਨੂੰ ਇਹ ਲੋਕ ਚੰਗੇ ਲਗੇ ਕਿਉਂਕਿ ਇਹ ਬੁਰਾਈਆਂ ਖਿਲਾਫ ਜੂਝ ਰਹੇ ਸਨ ਤੇ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਸਨ ਕਿਸੇ ਕੰਮ ਤੋਂ ਭਗੌੜੇ ਨਹੀਂ ਸਨ ਸਗੋਂ ਭਗੌੜਿਆਂ ਦੇ ਖਿਲਾਫ ਸਨ। ਸਚਾਈ ਨੂੰ ਪੱਲੇ ਬੰਨਣ ਦਾ ਮਤਲਬ ਹੀ ਇਹ ਹੈ ਕਿ ਰੱਬੀ ਗੁਣਾ ਦੀ ਰੌਸ਼ਨੀ ਵਿੱਚ ਬੁਰਾਈਆਂ ਖਿਲਾਫ ਡਟ ਕੇ ਖਲੋਣਾ ਤੇ ਆਮ ਜਨਤਾ ਨੂੰ ਜਾਗਰੂਕ ਕਰਨਾ। ਤਾਂ ਹੀ ਤਾਂ ਗੁਰੁ ਨਾਨਕ ਦੇ ਰਾਹ ਨੂੰ ਰੋਕਣ ਲਈ ਹਰ ਤਰਾਂ ਦੇ ਹਥਕੰਡੇ ਅਪਣਾਏ ਗਏ ਤੇ ਅਪਣਾਏ ਜਾ ਰਹੇ ਹਨ। ਨਹੀਂ ਤਾਂ ਅੰਦਰ ਬਹਿ ਕੇ ਅਖੌਤੀ ਨਾਮ ਜਪਣ ਨਾਲ ਕਿਸੇ ਨੂੰ ਕੀ ਦੁਖ ਹੈ ਬਥੇਰੇ ਸਾਧ ਜਪ ਹੀ ਰਹੇ ਸਨ ਕਿਸੇ ਨੂੰ ਕਿਸੇ ਹਕੂਮਤ ਨੇ ਹਥ ਤਕ ਨਹੀਂ ਲਾਇਆ। ਨਾਮ ਅੱਜ ਵੀ ਬਹੁਤ ਜਪਿਆ ਜਾ ਰਿਹਾ ਪਰ ਅੰਦਰ ਵੜਕੇ ਜਿਸ ਨਾਲ ਇਹ ਨਾਮੀ ਕਿਸੇ ਅਗੇ ਬੁਰੇ ਨਾ ਬਣਕੇ ਸਗੋਂ ਸਰਕਾਰੇ ਦਰਬਾਰੇ ਮਾਣ ਸਨਮਾਨ ਪਾਉਂਦੇ ਹਨ। ਇਸ ਨੂੰ ਗੁਰਮਤਿ ਨੇ ਨਾਮ ਜਪਣਾ ਨਹੀਂ ਆਖਿਆ ਇਹ ਤਾਂ ਪੜਾਈ ਹੀ ਹੋਰ ਹੈ ਜੋ ਦੂਜਿਆਂ ਨੂੰ ਲੈ ਡੁਬਣ ਦੇ ਕੰਮ ਆਉਂਦੀ ਹੈ:-

ਮਃ ੧॥ ਹਰਣਾਂ ਬਾਜਾਂ ਤੈ ਸਿਕਦਾਰਾਂ ਏਨਾੑ ਪੜਿੑਆ ਨਾਉ॥ ਫਾਂਧੀ ਲਗੀ ਜਾਤਿ ਫਹਾਇਨਿ ਅਗੈ ਨਾਹੀ ਥਾਉ॥

ਸੋ ਪੜਿਆ ਸੋ ਪੰਡਿਤੁ ਬੀਨਾ ਜਿਨੀੑ ਕਮਾਣਾ ਨਾਉ॥ ਪਹਿਲੋ ਦੇ ਜੜ ਅੰਦਰਿ ਜੰਮੈ ਤਾ ਉਪਰਿ ਹੋਵੈ ਛਾਂਉ॥

ਰਾਜੇ ਸੀਹ ਮੁਕਦਮ ਕੁਤੇ॥ ਜਾਇ ਜਗਾਇਨਿੑ ਬੈਠੇ ਸੁਤੇ॥ ਚਾਕਰ ਨਹਦਾ ਪਾਇਨਿੑ ਘਾਉ॥ ਰਤੁ ਪਿਤੁ ਕੁਤਿਹੋ ਚਟਿ ਜਾਹੁ॥

ਜਿਥੈ ਜੀਆਂ ਹੋਸੀ ਸਾਰ॥ ਨਕੀਂ ਵਢੀਂ ਲਾਇਤਬਾਰ॥ ੨॥ (੧੨੮੮-ਪੰਨਾ)

(ਵਧੇਰੇ ਜਣਕਾਰੀ ਲਈ ਇਸ ਸਲੋਕ ਦੇ ਅਰਥ ਪ੍ਰੋ: ਸਾਹਿਬ ਸਿੰਘ ਜੀ ਦੇ ਕੀਤੇ ਹੋਏ ਇਥੇ ਨਾਲ ਦਿਤੇ ਜਾ ਰਹੇ ਹਨ) ਪਦ ਅਰਥ: —ਤੈ—ਅਤੇ। ਸਿਕਦਾਰ—ਅਹਲਕਾਰ। ਏਨਾੑ ਪੜਿਆ ਨਾਉ—ਇਹਨਾਂ ਦਾ ਨਾਮ ਹੈ “ਪੜ੍ਹੇ ਹੋਏ।” (ਨੋਟ: — ਗਿਝਾਇਆ ਹੋਇਆ ਹਰਨ ਤੇ ਬਾਜ਼ ਆਪਣੇ ਹੀ ਜਾਤਿ-ਭਰਾਵਾਂ ਨੂੰ ਲਿਆ ਫਸਾਂਦਾ ਹੈ ਤਿਵੇਂ ਹੀ ਅਹਲਕਾਰ ਆਪਣੇ ਹੀ ਹਮ-ਜਿਨਸ ਮਨੁੱਖਾਂ ਦਾ ਲਹੂ ਪੀਂਦਾ ਹੈ)। ਫਾਂਧੀ—ਫਾਹੀ। ਅਗੈ—ਪ੍ਰਭੂ ਹੀ ਹਜ਼ੂਰੀ ਵਿਚ। ਥਾਉ ਨਾਹੀ—ਕਬੂਲ ਨਹੀਂ ਹਨ। ਬੀਨਾ—ਸਿਆਣਾ। ਪਹਿਲੋ ਦੇ—ਸਭ ਤੋਂ ਪਹਿਲਾ। ਮੁਕਦਮ—ਮੁਕੱਦਮ, ਮੁਸਾਹਿਬ। ਨਹਦਾ—ਨਹੁੰਦ੍ਰਾਂ। ਘਾਉ—ਜ਼ਖ਼ਮ। ਰਤੁ ਪਿਤੁ—ਲਹੂ ਤੇ ਪਿੱਤਾ। ਕੁਤਿਹੋ— (ਮੁਕੱਦਮ) ਕੁੱਤਿਆਂ ਦੀ ਰਾਹੀਂ। ਲਾਇਤਬਾਰ—ਬੇ-ਇਤਬਾਰੇ। ਸਾਰ—ਪਰਖ, ਕਦਰ। ਨਕੀਂ ਵਢੀਂ—ਵੱਢੇ ਨੱਕਾਂ ਨਾਲ, ਨੱਕ-ਵੱਢੇ।

ਅਰਥ: —ਹਰਨ, ਬਾਜ਼ ਤੇ ਅਹਲਕਾਰ, ਇਹਨਾਂ ਦਾ ਨਾਮ ਲੋਕ “ਪੜ੍ਹੇ ਹੋਏ” ਰੱਖਦੇ ਹਨ (ਪਰ ਇਹ ਵਿੱਦਿਆ ਕਾਹਦੀ ਹੈ? ਇਹ ਤਾਂ) ਫਾਹੀ ਲੱਗੀ ਹੋਈ ਹੈ ਜਿਸ ਵਿੱਚ ਆਪਣੇ ਹੀ ਜਾਤਿ-ਭਰਾਵਾਂ ਨੂੰ ਫਸਾਂਦੇ ਹਨ; ਪ੍ਰਭੂ ਦੀ ਹਜ਼ੂਰੀ ਵਿੱਚ ਐਸੇ ਪੜ੍ਹੇ ਹੋਏ ਕਬੂਲ ਨਹੀਂ ਹਨ। ਜਿਸ ਜਿਸ ਨੇ ‘ਨਾਮ’ ਦੀ ਕਮਾਈ ਕੀਤੀ ਹੈ ਉਹੀ ਵਿਦਵਾਨ ਹੈ ਪੰਡਿਤ ਹੈ ਤੇ ਸਿਆਣਾ ਹੈ (ਕਿਉਂਕਿ ਰੁੱਖ ਦੀ) ਜੜ੍ਹ ਸਭ ਤੋਂ ਪਹਿਲਾਂ (ਜ਼ਮੀਨ ਦੇ) ਅੰਦਰ ਜੰਮਦੀ ਹੈ ਤਾਂ ਹੀ (ਰੁੱਖ ਉੱਗ ਕੇ) ਬਾਹਰ ਛਾਂ ਬਣਦੀ ਹੈ (ਸੋ, ਸੁਖਦਾਤੀ ਵਿੱਦਿਆ ਉਹੀ ਹੈ ਜੇ ਪਹਿਲਾਂ ਮਨੁੱਖ ਆਪਣੇ ਮਨ ਵਿੱਚ ‘ਨਾਮ’ ਬੀਜੇ)। ( ‘ਨਾਮ’ ਤੋਂ ਸੱਖਣੀ ਵਿੱਦਿਆ ਦਾ ਹਾਲ ਤੱਕੋ), ਰਾਜੇ (ਮਾਨੋ) ਸ਼ੇਰ ਹਨ (ਉਹਨਾਂ ਦੇ, ਪੜ੍ਹੇ ਹੋਏ) ਅਹਲਕਾਰ (ਮਾਨੋ) ਕੁੱਤੇ ਹਨ, ਬੈਠੇ-ਸੁੱਤੇ ਬੰਦਿਆਂ ਨੂੰ (ਭਾਵ, ਵੇਲੇ ਕੁਵੇਲੇ) ਜਾ ਜਗਾਂਦੇ ਹਨ (ਭਾਵ, ਤੰਗ ਕਰਦੇ ਹਨ)। ਇਹ ਅਹਲਕਾਰ (ਮਾਨੋ ਸ਼ੇਰਾਂ ਦੀਆਂ) ਨਹੁੰਦ੍ਰਾਂ ਹਨ, ਜੋ (ਲੋਕਾਂ ਦਾ) ਘਾਤ ਕਰਦੀਆਂ ਹਨ, (ਰਾਜੇ-ਸ਼ੀਂਹ ਇਹਨਾਂ ਮੁਕੱਦਮ) ਕੁੱਤਿਆਂ ਦੀ ਰਾਹੀਂ (ਲੋਕਾਂ ਦਾ) ਲਹੂ ਪੀਂਦੇ ਹਨ। ਪਰ ਜਿੱਥੇ ਜੀਵਾਂ ਦੀ (ਕਰਣੀ ਦੀ) ਪਰਖ ਹੁੰਦੀ ਹੈ, ਓਥੇ ਅਜੇਹੇ (ਪੜ੍ਹੇ ਹੋਏ ਬੰਦੇ) ਬੇ-ਇਤਬਾਰੇ ਨੱਕ-ਵੱਢੇ (ਸਮਝੇ ਜਾਂਦੇ ਹਨ)। ੨।

ਸੋ ਗੁਰਮਤਿ ਇਸ ਨੂੰ ਨਾਮ ਜਪਣਾ ਨਹੀਂ ਮੰਨਦੀ ਆਪ ਸਨਮਾਨ ਹਾਸਲ ਕਰਨਾ ਤੇ ਆਪਣੇ ਭਰਾਵਾਂ ਨੂੰ ਗੁਲਾਮੀ ਵਲ ਧਕੇਲ ਦੇਣਾ। ਗੁਰਮਤਿ ਦਾ ਨਾਮ ਜਪਣਾ ਤੇ ਹੈ ਆਪ ਗੁਣ ਭਰਭੂਰ ਜ਼ਿੰਦਗੀ ਜਿਉਣੀ ਤੇ ਭਰਮ, ਮਨਮਤ ਪਖੰਡ ਵਿੱਚ ਫਸੇ ਅਪਣੇ ਆਲੇ ਦੁਆਲੇ ਨੂੰ ਮੁਕਤ ਕਰਨਾ ਭਾਵ ਗੁਲਾਮੀ ਗਲੋਂ ਲਾਹੁਣ ਲਈ ਲਾਮਬੰਦੀ ਕਰਨੀ। ਉਪਰੋਕਤ ਸਲੋਕ ਦਸਦਾ ਹੈ ਕਿ ਨਾਮ ਜਪਣ ਦਾ ਮਤਲਬ ਬੁਰਾਈ ਨਾਲ ਸਹਿਮਤੀ ਨਹੀਂ ਸਗੋਂ ਪੂਰੀ ਦਲੇਰੀ ਨਾਲ ਜਾਲਮਾਂ ਨੂੰ ਫਿਟਕਾਰ ਪਾਈ ਹੈ ਹੋਰਨਾ ਉਤੇ ਜ਼ੁਲਮ ਕਰਵਾਉਣ ਵਾਲੇ ਨਾਮੀਆਂ ਨੂੰ ਵੀ ਨਕਾਰ ਦਿਤਾ ਹੈ। ਤੋ ਯਕੀਨਨ ਕਬੀਰ ਜੀ ਇਹੋ ਜਿਹਾ ਹੀ ਨਾਮ ਜਪਦੇ ਸਨ ਜੋ ਉਹਨਾ ਦੀ ਬਾਣੀ ਤੋਂ ਸਾਫ ਜ਼ਾਹਿਰ ਹੈ ਇਸ ਤੋਂ ਉਲਟ ਹੋਰ ਕੋਈ ਨਾਮ ਹੋ ਹੀ ਨਹੀਂ ਸਕਦਾ। ਫਿਰ ਸੈਣ ਜੀ ਇਹੋ ਜਿਹੀ ਜਾਗਰੂਕਤਾ ਲਿਆ ਦੇਣ ਵਾਲਾ ਹਰ ਤਰ੍ਹਾਂ ਦੀ ਗੁਲਾਮੀ ਗਲੋਂ ਲਾਹ ਦੇਣ ਵਾਲਾ ਨਾਮ ਜਪਦਿਆਂ ਤੇ ਜਪਾਉਂਦਿਆਂ ਜਦੋਂ ਕਬੀਰ ਜੀ ਨੂੰ ਵੇਖਿਆ ਤਾਂ ਸਚਮੁਚ ਪ੍ਰਭਾਵਿਤ ਹੋ ਕੇ ਕਬੀਰ ਜੀ ਨਾਲ ਹਰ ਤਰਾਂ ਦਾ ਸਹਿਯੋਗ ਦੇਣ ਲਈ ਮੋਢੇ ਨਾਲ ਮੋਢਾ ਜੋੜ ਖਲੋਣ ਦਾ ਪ੍ਰਣ ਲੈ ਲਿਆ। ਅਜ ਦੇ ਸਿਖ ਅਖੌਤੀ ਨਾਮ ਜਪਣ ਲਗ ਪਏ ਤੇ ਹਾਲਤ ਇਹ ਬਣ ਖੜੀ ਹੈ ਕਿ ਗੁਰਬਾਣੀ ਦੇ ਸ਼ਬਦਾਂ ਦੀ ਵਿਆਖਿਆ ਤਾਂ ਇੱਕ ਪਾਸੇ ਅਰਥ ਵੀ ਕਰਦੇ ਹੋਏ ਤ੍ਰਬਕਦੇ ਹਨ ਅਸੀਂ ਕਿਸੇ ਦੇ ਖਿਲਾਫ ਨਹੀਂ ਬੋਲਣਾ, ਕਿਸੇ ਦੀ ਨਿੰਦਿਆ ਨਹੀਂ ਕਰਨੀ, ਦਿਲ ਨਹੀਂ ਦੁਖਾਉਣਾ। ਲਪੇਟ ਲਪੇਟ ਕੇ ਅਰਥ ਕਰਨਗੇ ਮਿਥਿਹਾਸ ਦੀਆਂ ਦੇਵੀ ਦੇਵਤਿਆਂ ਦੀਆਂ ਕਹਾਣੀਆਂ ਪਾ ਪਾ ਕੇ। ਪ੍ਰਹਿਲਾਦ, ਧ੍ਰੂ, ਗਨਿਕਾ ਅਜਾਮਲ ਹਾਥੀ ਨਾਮ ਜਪਦੇ ਸੀ ਸਾਧ ਸੰਗਤ ਤੁਸੀ ਵੀ ਜਪੋ ਹੀਂ ਹੀਂ ਹੀਂ ਹੀਂ ਹੀਂ ………. ।

ਭਾਈ ਤਾਰੂ ਸਿੰਘ, ਮਨੀ ਸਿੰਘ, ਤਾਰਾ ਸਿੰਘ ਵਾਂ, ਸ਼ੁਬੇਗ ਸਿੰਘ ਸ਼ਾਹਬਾਜ਼ ਸਿੰਘ ਵਾਲਾ ਨਾਮ ਜਪਣਾ ਨਹੀਂ ਸੁਣਾਉਣਗੇ। ਅਸਲ ਵਿੱਚ ਇਹੀ ਸੀ ਨਾਮ ਜਪਣਾ। ਗੁਰਬਾਣੀ ਦੇ ਅਸੂਲਾਂ ਤੇ ਪਹਿਰਾ ਦੇਂਦਿਆਂ ਪੈਰ ਪਿਛੇ ਨਾ ਹਟਾਉਣਾ ਸਿਰ ਧੜ ਦੀ ਬਾਜ਼ੀ ਲਾ ਦੇਣੀ ਪਰ ਜ਼ਾਲਮ ਦਾ, ਬੁਰਾਈ ਦਾ ਸਾਥ ਨਾ ਦੇਣਾ। ਸ਼ੂਦਰਾਂ ਤੇ ਹੋ ਰਹੇ ਜ਼ੁਲਮ, ਪਈ ਹਰ ਪ੍ਰਕਾਰ ਦੀ ਗੁਲਾਮੀ ਦੀ ਜਦੋਂ ਕਬੀਰ ਸਾਹਿਬ ਜੀ ਹੋਰਾਂ ਨਾਲ ਬੈਠ ਕੇ ਸਮਝ ਆਈ ਤਾਂ ਸੈਣ ਇਸ ਗਰੁਪ ਵਿਚੋਂ ਬਾਹਰ ਕਿਵੇਂ ਰਹਿ ਸਕਦਾ ਸੀ। ਗੁਲਾਮੀਆਂ ਵਿਚੋਂ ਸਭ ਤੋਂ ਖਤਰਨਾਕ ਹੈ ਧਾਰਮਿਕ ਗੁਲਾਮੀ। ਇਸ ਅਜ਼ਾਦੀ ਦੇ ਸ਼ੰਘਰਸ਼ ਵਿੱਚ ਬਣਦਾ ਯੋਗਦਾਨ ਪਾਇਆ ਸੈਣ ਜੀ ਨੇ ਵੀ। ਜਿਥੇ ਅਜ਼ਾਦੀ ਦੀ ਖਾਤਿਰ ਮਰਜੀਵੜੇ ਮੈਦਾਨ ਵਿੱਚ ਨਿਤਰਦੇ ਹਨ ਉਥੇ ਇਨਾਂ ਦੀ ਕਦਰ ਜਾਨਣ ਵਾਲੇ ਜਨ ਸਧਾਰਣ ਵੀ ਯਥਾ ਸ਼ਕਤ ਹਿਸਾ ਪਾਉਂਦੇ ਹਨ। ਇਥੋਂ ਤਕ ਕਿ ਮੈਦਾਨੇ ਜੰਗ ਵਿੱਚ ਜੂਝ ਰਹੇ ਅਜ਼ਾਦੀ ਘੁਲਾਟੀਆਂ ਨਾਲੋਂ ਵੀ ਵਧੇਰੇ ਕੁਰਬਾਨੀ ਕਰ ਜਾਂਦੇ ਹਨ। ਆਗੂ ਨੂੰ ਸੁਰਖਿਅਤ ਰਖਣ ਖਾਤਿਰ ਵੱਡੇ ਵੱਡੇ ਦੁਖਾਂ ਦੇ ਪਹਾੜ ਸਾਹਮਣੇ ਆਪਣੀਆਂ ਛਾਤੀਆਂ ਡਾਹ ਖਲੋਂਦੇ ਹਨ। ਸੋ ਗੁਰਮਤਿ ਸਿਧਾਂਤਾਂ ਅਤੇ ਇਤਿਹਾਸ ਦੀ ਰੌਸ਼ਨੀ ਵਿੱਚ ਇਸ ਪਾਉੜੀ ਦੇ ਭਾਵ ਅਰਥ ਸਮਝਣ ਦੀ ਆਉ ਕੋਸ਼ਿਸ਼ ਕਰੀਏ:-

੧. ਕਬੀਰ ਜੀ ਦਾ ਪ੍ਰਤਾਪ (ਇਨਕਲਾਬੀ ਸਮਾਜਿਕ ਕੰਮ) ਸੁਣ ਕੇ ਸੈਣ ਜੀ ਇਸ ਕਾਫਲੇ ਵਿੱਚ ਸ਼ਾਮਿਲ ਹੋ ਗਏ।

੨. ਭਗਤ ਸੈਣ ਜੀ ਰਾਤ ਦੇ ਵਕਤ ਸਤਸੰਗੀਆਂ ਨਾਲ ਡੂੰਘੇ ਜ਼ਿੰਦਗੀ ਦੇ ਫਲਸਫੇ ਸਾਂਝੇ ਕਰਦੇ ਸਨ ਤੇ ਤੜਕੇ ਇਲਕੇ ਦੇ ਕਿਸੇ ਰਾਜੇ ਦੇ ਦਰਬਾਰ ਕੋਈ ਕਿਰਤ ਵੀ ਕਰਨ ਜਾਂਦੇ ਸਨ। {ਬਾਂਧਵਗੜ (ਰੀਵਾ) ਦੇ ਰਾਜਾ “ਰਾਜਾ ਰਾਮ” ਦੇ ਦਰਬਾਰ ਦੀ ਸੇਵਾ ਕਰਦਾ ਸੀ।} ਮਹਾਨ ਕੋਸ਼ ਪੰਨਾ-੨੨੯।

੩. ਇੱਕ ਦਿਨ ਆਮ ਰੋਟੀਨ ਤੋਂ ਹਟ ਕੇ ਕੁੱਝ ਹੋਰ ਗੁਰਮੁਖ ਵੀ ਆ ਗਏ ਅਤੇ ਸਾਰੀ ਰਾਤ ਪ੍ਰਭੂ ਕੀਰਤੀ ਦੇ ਗੁਝੇ ਭੇਦ ਸਾਂਝੇ ਹੁੰਦੇ ਰਹੇ। (ਨੋਟ:-ਕਿਸੇ ਨੇ ਰੈਣ ਸਬਾਈ ਕੀਰਤਨ ਦਰਬਾਰ, ਅਤੇ ਹੋਰ ਇਸ ਤਰਾਂ ਦੇ ਵਨ ਸੁਵਨੇ ਨਾਂ ਘੜ ਘੜ ਕੇ ਆਪਣਾ ਮਾਇਕ ਉਲੂ ਸਿਧਾ ਕਰਨ ਦਾ ਇੱਕ ਵਧੀਆ ਤਰੀਕਾ ਨਿਰਿਯਾਤ ਕੀਤਾ ਹੈ। ਪਰ ਕੌਮੀ ਮਸਲੇ ਅਤੇ ਇਨਕਲਾਬ ਬਿਨਾ ਡੂੰਘੀ ਚਰਚਾ ਦੇ ਸਮਝ ਨਹੀਂ ਆਉਂਦੇ। ਸੋ ਕੀਰਤਨ ਦਾ ਸਿਧਾ ਅਰਥ ਸੰਗੀਤ ਨਹੀਂ ਹੈ ਭਾਵ ਕੀਰਤੀ, ਜਸ ਹੀ ਹੈ।)

੪ ਗੁਰਮੁਖਾਂ ਦੀ ਵਿਚਾਰ ਚਰਚਾ ਦਾ ਐਸਾ ਅਨੰਦ ਬਣਿਆ ਕੇ ਭਗਤ ਜੀ ਸਵੇਰੇ ਸਵੇਰ ਰਾਜ ਦੁਆਰ ਜਾ ਹੀ ਨਾ ਸਕੇ।

੫. ਜਦੋਂ ਸੈਣ ਜੀ ਸਤਸੰਗੀਆਂ ਨਾਲ ਬੈਠ ਰੱਬੀ ਗੁਣਾਂ ਦੀ ਸਾਂਝ ਕਰਦਿਆਂ ਸਮਾਜਿਕ ਇਨਕਲਾਬ ਬਾਰੇ ਚਰਚਾ ਕਰਦੇ ਹੋਏ ਆਪਣੇ ਰੋਜ਼ਾਨਾ ਦੇ ਕੰਮ ਤੇ ਜਾਣ ਤੋਂ ਅਸਮਰਥ ਨਜ਼ਰ ਆਏ ਤਾਂ ਸੈਣ ਜੀ ਦੀ ਸਲਾਹ ਨਾਲ ਉਹਨਾਂ ਦੀ ਥਾਂ ਕਿਸੇ ਰੱਬ ਰੂਪ ਸਤਸੰਗੀ ਨੇ ਇਹ ਸੇਵਾ ਜਾ ਨਿਭਾਈ। (ਨੋਟ:- ਸੈਣ ਜੀ ਨੇ ਜਿਸ ਸਤਸੰਗੀ ਨੂੰ ਆਪਣੀ ਜਗਾ ਨਿਸਚਿਤ ਕੀਤਾ ਸੀ ਉਸ ਦੀ ਰਾਜੇ ਦੇ ਦਰਬਾਰ ਵਿੱਚ ਪੁਛਗਿੱਛ ਤਾਂ ਜਰੂਰ ਹੋਣੀ ਹੀ ਸੀ ਕਿ ਭਾਈ ਸੈਣ ਆਪ ਕਿਧਰ ਗਿਆ ਹੈ ਤਾਂ ਯਕੀਨਨ ਸਤਸੰਗੀ ਨੇ ਸਾਰਾ ਬਿਰਤਾਂਤ ਸੁਣਾਇਆ ਹੋਏਗਾ ਕਿ ਉਹ ਜੀ ਇਸ ਨੌਕਰੀ ਦੇ ਨਾਲ ਨਾਲ ਸਮਾਜ ਭਲਾਈ ਦੇ ਹੋਰ ਕਾਰਜਾਂ ਵਿੱਚ ਵੀ ਵਧ ਚੜਕੇ ਹਿਸਾ ਲੈਂਦੇ ਹਨ। ਇਸ ਲਈ ਅਜ ਕਿਸੇ ਜਰੂਰੀ ਵਿਚਾਰ ਵਿੱਚ ਹਿਸਾ ਲੈਣ ਕਰਕੇ ਉਹ ਆਪ ਨਹੀਂ ਆ ਸਕੇ।)

੬ ਗੁਰਮੁਖ ਸਤਸੰਗੀਆਂ ਨੂੰ ਵਿਦਾ ਕਰਕੇ ਭਗਤ ਸੈਣ ਜੀ ਰਾਜੇ ਦੇ ਦਰਬਾਰ ਪਹੁੰਚੇ ਪਰ ਇਸ ਗੱਲ ਨੂੰ ਮਹਿਸੂਸ ਕਰ ਰਹੇ ਸਨ ਕਿ ਰਾਜੇ ਦਾ ਰਵੱਈਆ ਕਿਵੇਂ ਦਾ ਹੋਏਗਾ।

੭. ਸੈਣ ਜੀ ਅਪਣੇ ਵਲੋਂ ਸੋਚ ਰਹੇ ਸਨ ਕਿ ਜੋ ਬ੍ਰਿਤਾਂਤ ਸਤਸੰਗੀ ਤੋਂ ਰਾਜੇ ਨੇ ਜਾਣਿਆਂ ਹੈ ਸ਼ਾਇਦ ਮੇਰੇ ਇਸ ਕੰਮ ਤੋਂ ਰਾਜਾ ਖੁਸ਼ ਨਹੀਂ ਹੋਇਗਾ, ਪਰ ਸੈਣ ਜੀ ਦੀ ਸ਼ਖਸੀਅਤ ਬਾਰੇ ਸੁਣ ਕੇ ਰਾਜਾ ਪ੍ਰਭਾਵਿਤ ਤੇ ਪ੍ਰਸੰਨ ਹੀ ਇੰਨਾ ਸੀ ਕਿ ਦੂਰੋਂ ਹੀ ਅਵਾਜ਼ ਦੇ ਕੇ, ਸੈਣ ਜੀ ਨੂੰ ਕੋਲ ਸਦ ਕੇ, ਰਾਜੇ ਨੇ ਆਪਣੀ ਕੀਮਤੀ ਪੁਸ਼ਾਕ ਹੀ ਸਨਮਾਨ ਵਜੋਂ ਸੈਣ ਜੀ ਨੂੰ ਦੇ ਦਿਤੀ।

੮. ਰਾਜਾ ਆਖਣ ਲੱਗਾ, ਹੇ ਸੈਣ ਜੀ! ਇਨਾਂ ਸੋਹਣਾ ਕੰਮ ਲੋਕਾਂ ਦੇ ਜੀਵਨ ਵਿਕਾਸ ਦਾ ਤੁਸੀ ਕਰ ਰਹੇ ਹੋ ਤੇ ਮੈਨੂੰ ਦਸਿਆ ਤਕ ਨਹੀਂ। ਮੈਨੂੰ ਤਾਂ ਤੁਹਾਡੀ ਸ਼ਖਸ਼ੀਅਤ ਨੇ ਕਾਇਲ ਹੀ ਕਰ ਲਿਆ ਹੈ। ਰਾਜ ਦਰਬਾਰ ਦੇ ਜਿਹੜੇ ਹੋਰ ਲੋਕ ਸਮਝਦੇ ਸਨ ਕਿ ਸੈਣ ਦੀ ਗੈਰ ਹਾਜ਼ਰੀ ਦੀਆਂ ਸੈਣ ਨੂੰ ਝਿੜਕਾਂ ਪੈਣਗੀਆਂ ਜਦੋਂ ਰਾਜੇ ਵਲੋਂ ਸਨਮਾਨ ਮਿਲਿਆ ਤੇ ਹਰ ਪ੍ਰਕਾਰ ਦਾ ਸਹਿਯੋਗ ਦੇਣ ਦੇ ਨਾਲ ਨਾਲ ਹੋਰ ਵਡਿਆਈ ਦੇ ਬੋਲ ਸੁਣੇ ਤਾਂ ਲੋਕ ਦੰਗ ਰਹਿ ਗਏ।

੯. ਰੱਬ ਜੀ ਦੀ ਇਨਕਲਾਬੀ ਭਗਤੀ ਕਰਦਿਆਂ ਜਿਥੇ ਭਗਤ ਜਨ ਵਡਿਆਈ ਪਾਉਂਦੇ ਹਨ ਉਥੇ ਆਮ ਜਨ ਸਧਾਰਣ ਨੂੰ ਵੀ ਰਬੀ ਭਗਤੀ ਦੀ ਅਸਲੀਅਤ ਸਮਝ ਆ ਜਾਂਦੀ ਹੈ ਕਿ ਅਸਲ ਵਿੱਚ ਰੱਬ ਦੀ ਭਗਤੀ ਦਾ ਕੀ ਅਰਥ ਹੈ।

ਸਾਡੇ ਇਤਿਹਾਸ ਦੇ ਅਨੇਕਾਂ ਹੀ ਐਸੇ ਵਾਕੇ ਹਨ ਜਿਨਾਂ ਰਾਹੀਂ ਰਾਜੇ ਪ੍ਰਭਾਵਿਤ ਵੀ ਹੁੰਦੇ ਰਹੇ ਤੇ ਕਈ ਭਰਮ ਮਾਰੇ ਵਧਦੀ ਤਾਕਤ ਦੇਖ ਕ੍ਰੋਧਤ ਵੀ ਹੁੰਦੇ ਰਹੇ। ਸੋ ਗੁਰਮਤਿ ਦੀ ਰੌਸ਼ਨੀ ਵਿੱਚ ਭਗਤੀ ਦਾ ਅਰਥ ਹੀ ਇਹ ਹੈ ਕਿ ਆਪ ਸੁਚੇਤ ਹੋਣਾ ਤੇ ਪਰਜਾ ਨੂੰ ਆਪਣੇ ਫਰਜ਼ਾਂ ਅਤੇ ਹੱਕਾਂ ਲਈ ਜਾਗਰੂਕ ਕਰਨਾ। ਮਾਲਾ, ਭੋਰੇ, ਤੇ ਫੋਕੀਆਂ ਸਿਮਰਨ ਵਿਧੀਆਂ ਕਦੀ ਇਨਕਲਾਬ ਨਹੀਂ ਲਿਆ ਸਕਦੀਆਂ। ਭਗਤੀ ਦਤ ਦੂਜਾ ਗੁਣ ਉਦਮ ਸ਼ੀਲ ਹੋਣਾ ਹੈ। ਵਿਹਲੜ ਧਾੜਾਂ ਕਦੀ ਇਸ ਤਰਾਂ ਦੀ ਭਗਤੀ ਪ੍ਰਵਾਨ ਨਹੀਂ ਕਰਦੀਆਂ ਸਗੋਂ ਇਸ ਦਾ ਵਿਰੋਧ ਕਰਦੀਆਂ ਹਨ ਤੇ ਲੋਕਾਂ ਨੂੰ ਕਮਲੇ ਬੋਲੇ ਬਣਾਉਂਦੀਆਂ ਹਨ। ਇਥੇ ਇਹ ਵੀ ਧਿਆਨ ਗੋਚਰਾ ਹੈ ਕਿ ਸੈਣ ਜੀ ਕੋਈ ਸਿਰ ਮੁੰਨਣ ਦਾ ਧੰਧਾ ਨਹੀਂ ਕਰਦੇ ਸਨ। ਰਾਜੇ ਦੇ ਦਰਬਾਰ ਕੋਈ ਖਾਸਮਖਾਸ ਕੰਮ ਹੀ ਕਰਦੇ ਹੋਣਗੇ ਕਿਸੇ ਮਾੜੇ ਮੋਟੇ ਕੰਮ ਤੇ ਨਹੀਂ। ਫਿਰ ਉਹ ਰਾਜਾ ਵੀ ਕਿੰਨਾ ਚੰਗਾ ਹੋਏਗਾ ਜਿਹੜਾ ਪਰਜਾ ਦੀ ਜਗਰੂਕਤਾ ਲਈ ਕੰਮ ਕਰਨ ਵਾਲੇ ਨੂੰ ਸਤਕਾਰਦਾ ਹੈ ਨਹੀਂ ਤਾਂ ਬਹੁਤੇ ਆਗੂ ਤਾਂ ਹਨੇਰ ਗਰਦੀ ਫੈਲਾ ਕੇ ਲੁਟ ਖਸੁਟ ਕਰਨ ਵਿੱਚ ਹੀ ਰੁਝੇ ਰਹਿੰਦੇ ਹਨ। ਜਾਗਰੂਕਤਾ ਦੀ ਗਲ ਕਰਨ ਵਾਲਾ ਤਾਂ ਰੋਲ ਦਿਤਾ ਜਾਂਦਾ ਹੈ। ਹਨੇਰਾ ਪਸੰਦ ਉਲੂ ਆਗੂਆਂ ਤੇ ਲੋਕਾਂ ਦੇ ਪ੍ਰਤੀ ਤਾਂ ਗੁਰਬਾਣੀ ਦਾ ਮੁਖਵਾਕ ਹੈ:- ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ॥ ਆਪਿ ਮੁਸੈ ਮਤਿ ਹੋਛੀਐ ਕਿਉ ਰਾਹੁ ਪਛਾਣੈ॥ (੭੬੭)

ਸੁਖਵਿੰਦਰ ਸਿੰਘ ਮਝੈਲ ੯੮੫੫੫. ੯੮੮੫੫




.