.

ਸਿਖ ਰਹਿਣੀ ਤੇ ਚੜ੍ਹਾਈ ਜਾ ਰਹੀ ਅਨਮਤੀ ਰੰਗਤ

ਹਰਜਿੰਦਰ ਸਿੰਘ ‘ਸਭਰਾ’
ਮੋ: 98555-98833

ਧਰਮ ਇੱਕ ਅਜਿਹਾ ਅਜਿਹਾ ਵਿਸ਼ਾ ਹੈ ਜਿਸਨੂੰ ਪਰਖਣ ਨਿਰਖਣ ਅਤੇ ਸਮਝਣ ਦੀ ਕੋਸ਼ਿਸ਼ ਬਹੁਤ ਘੱਟ ਕੀਤੀ ਜਾਂਦੀ ਹੈ ਸਗੋਂ ਅੱਖਾਂ ਬੰਦ ਕਰਕੇ ਪ੍ਰਚਲਿਤ ਧਾਰਨਾਵਾਂ ਨੂੰ ਮੰਨੀ ਜਾਣਾ ਹੀ ਧਰਮ ਸਮਝ ਲਿਆ ਜਾਂਦਾ ਹੈ। ਇਸ ਤਰ੍ਹਾਂ ਧਰਮ ਦੇ ਨਾਂ ਤੇ ਅਨੇਕਾਂ ਹੀ ਅੰਧ ਵਿਸ਼ਵਾਸ਼ ਅਤੇ ਫੋਕਟ ਕਰਮਕਾਂਡ ਸ਼ੁਰੂ ਹੋ ਜਾਂਦੇ ਹਨ ਜਿਨ੍ਹਾਂ ਨੂੰ ਲੰਮੇ ਸਮੇਂ ਤੱਕ ਨਿਭਾਇਆ ਜਾਂਦਾ ਹੈ ਅਤੇ ਹੌਲੀ ਹੌਲੀ ਇਹੀ ਚੀਜ਼ਾਂ ਅਸਲ ਧਰਮ ਲੱਗਣ ਲੱਗ ਪੈਂਦੀਆਂ ਹਨ। ਸਮਾਜ ਵਿੱਚ ਧਰਮ ਦੇ ਨਾਂ ਤੇ ਸਥਾਪਤ ਹੋ ਚੁਕਿਆ ਗ਼ਲਤ ਨਿਜ਼ਾਮ ਤੋੜਨਾ ਅਤੇ ਬਦਲਣਾ ਭਾਰੀ ਜਦੋਜਹਿਦ ਦਾ ਕੰਮ ਬਣ ਜਾਂਦਾ ਹੈ। ਗੁਰੂ ਨਾਨਕ ਸਾਹਿਬ ਜੀ ਅਤੇ ਬਾਕੀ ਬਾਣੀ ਰਚੇਤਾ ਮਹਾਪੁਰਖਾਂ ਨੇ ਧਰਮ ਦੇ ਨਾਂ ਤੇ ਫੈਲੇ ਅੰਧਵਿਸ਼ਵਾਸ਼ ਦਾ ਭਰਵਾਂ ਖੰਡਨ ਕੀਤਾ ਅਤੇ ਮਾਨਵਤਾ ਨੂੰ ਸੱਚ ਧਰਮ ਦਾ ਗਿਆਨ ਦ੍ਰਿੜ ਕਰਵਾਉਣ ਹਿਤ ਵੱਡੀਆਂ ਘਾਲਨਾਵਾਂ ਘਾਲੀਆਂ। ਭਾਵੇਂ ਸੱਚ ਧਰਮ ਦੀ ਵਿਆਖਿਆ ਕਰਨ ਅਤੇ ਇਸ ਦੀ ਸਥਾਪਤੀ ਦਾ ਯਤਨ ਕਰ ਰਹੇ ਮਹਾਂਪੁਰਖਾਂ ਨੂੰ ਸਮੇਂ ਦੇ ਪ੍ਰਚਲਿਤ ਅਤੇ ਸਥਾਪਤ ਅਖੌਤੀ ਧਾਰਮਿਕ ਪ੍ਰਬੰਧ ਵਲੋਂ ਬੜੀਆਂ ਚੁਣੌਤੀਆਂ ਖੜੀਆਂ ਕੀਤੀਆਂ ਜਾਂਦੀਆਂ ਰਹੀਆਂ ਪਰ ਇਨ੍ਹਾਂ ਅੱਗੇ ਨਾ ਝੁਕਦਿਆਂ ਹੋਇਆ ਉਨ੍ਹਾਂ ਨੇ ਧਰਮ ਦੀ ਮਹਾਨ ਅਤੇ ਨਿਵੇਕਲੀ ਵੀਚਾਰਧਾਰਾ ਨੂੰ ਨਿਰੋਲ ਰੂਪ ਵਿੱਚ ਪ੍ਰਚਾਰਨਾ ਜਾਰੀ ਰੱਖਿਆ। ਸਤਿਗੁਰੂ ਸਾਹਿਬਾਨ ਦੀ ਉਸ ਵਿਲੱਖਣ ਵੀਚਾਰਧਾਰਕ ਵਿਆਖਿਆ ਦਾ ਨਾਉਂ ਹੀ ਸਿਖ ਧਰਮ ਹੈ। ਆਪਣੀ ਬਾਣੀ ਦੇ ਰੂਪ ਵਿੱਚ ਸਮਾਜ ਨੂੰ ਨਵੀਂ ਸੇਧ ਦੇ ਕੇ ਅਤੇ ਹਰ ਸਮੇਂ ਦੀ ਨਿਰਖ ਪਰਖ ਕਰਨ ਹਿਤ ਸਿਧਾਂਤਕ ਕਸਵੱਟੀ ਬਖ਼ਸ਼ਿਸ਼ ਕੀਤੀ ਜੋ ਹਰ ਸਮੇਂ ਧਾਰਮਿਕ ਜਗਿਆਸੂਆਂ ਦੀ ਅਗਵਾਈ ਕਰਦੀ ਹੈ। ਅਸਲ ਵਿੱਚ ਅੰਧ ਵਿਸ਼ਵਾਸ਼, ਵਹਿਮ ਭਰਮ ਅਤੇ ਕਰਮਕਾਂਡਾ ਦਾ ਮੱਕੜਜਾਲ ਮਨੁਖੀ ਸੋਚ ਨੂੰ ਹਰ ਸਮੇਂ ਉਲਝਾਈ ਰੱਖਦਾ ਹੈ ਅਤੇ ਕਦੇ ਵੀ ਧਰਮ ਦੀ ਅਸਲ ਅਤੇ ਪਵਿੱਤਰ ਭਾਵਨਾ ਵੱਲ਼ ਪਰਤਣ ਨਹੀਂ ਦਿੰਦਾ। ਇਵੇਂ ਧਰਮ ਨੂੰ ਜੀਵਨ ਵਿਹਾਰ ਦਾ ਹਿੱਸਾ ਨਾ ਬਣਾ ਕੇ ਮਨੁੱਖ ਕੇਵਲ ਉਸਦੇ ਬਾਹਰੀ ਰੂਪਾਂ ਦੀ ਪੂਜਾ ਵਿੱਚ ਰੁਝਿਆ ਰਹਿੰਦਾ ਹੈ। ਇਵੇਂ ਮਨੁੱਖੀ ਚਿੰਤਨ ਮਨਮਤੀ ਅਤੇ ਅੰਧਵਿਸ਼ਵਾਸ਼ੀ ਦੀ ਗੰਦਗੀ ਵਿੱਚ ਪਿਆ ਗੰਭੀਰ ਮਾਨਸਿਕ, ਆਤਮਿਕ ਬੀਮਾਰੀਆਂ ਦਾ ਕਾਰਣ ਬਣ ਜਾਂਦਾ ਹੈ। ਗੁਰਬਾਣੀ ਗਿਆਨ ਨੇ ਇਨ੍ਹਾਂ ਪੱਖਾਂ ਤੇ ਡੂੰਘਾ ਚਾਨਣਾ ਪਾਇਆ ਹੈ ਅਤੇ ਬਾਣੀ ਰਚੇਤਾ ਰੱਬੀ ਪਿਆਰਿਆਂ ਨੇ ਆਪਣੀ ਕਰਣੀ ਰਾਹੀਂ ਵੀ ਇਸ ਦੀਆਂ ਮਿਸਾਲਾਂ ਕਾਇਮ ਕੀਤੀਆਂ ਹਨ। ਪਰ ਅੱਜ ਅਸੀਂ ਦੇਖਦੇ ਹਾਂ ਕਿ ਸਾਡਾ ਸਮਾਜ ਅਤੇ ਸਿਖ ਸੰਗਤਾਂ ਫਿਰ ਉਨ੍ਹਾਂ ਹੀ ਕਮੀਆਂ ਦਾ ਸ਼ਿਕਾਰ ਹੋ ਰਹੇ ਹਨ ਜਿਨ੍ਹਾਂ ਤੋਂ ਗੁਰਬਾਣੀ ਸਿਧਾਂਤ ਸੁਚੇਤ ਕਰਦੇ ਹਨ। ਵਰਤ, ਸ਼ਰਾਧ, ਮੂਰਤੀ ਪੂਜਾ, ਦੇਵੀ ਦੇਵ ਦੀ ਅਰਾਧਣਾ, ਕੁਦਰਤੀ ਚੀਜ਼ਾਂ ਪ੍ਰਤੀ ਆਸਥਾ, ਸਰੀਰਾਂ ਦੀ ਪੂਜਾ, ਮੰਤ੍ਰ-ਜੰਤ੍ਰ, ਤਿਥਾਂ-ਵਾਰਾਂ ਦਾ ਭਰਮ, ਆਦਿ ਕਿਹੜੀ ਅਜਿਹੀ ਮਨਮਤੀ ਰਸਮ ਜਾ ਕਰਮ ਹੈ ਜੋ ਸਾਡੇ ਸਮਾਜ ਵਿੱਚ ਹੋ ਨਹੀਂ ਰਹੇ। ਦਰਅਸਲ ਅਜਿਹਾ ਸਾਰਾ ਕੁੱਝ ਬਹੁਗਿਣਤੀ ਅਤੇ ਸਥਾਪਿਤ ਹੋ ਚੁਕੇ ਕਰਮਕਾਂਡ ਦੀ ਨਕਲ ਹੈ ਜੋ ਸਾਡਾ ਸਮਾਜ ਕਰ ਰਿਹਾ ਹੈ। ਹਰ ਤਿਉਹਾਰ ਵੀ ਬਹੁਗਿਣਤੀ ਦੇ ਰੰਗ ਵਿੱਚ ਰੰਗਿਆ ਹੋਇਆ ਹੀ ਬਸਰ ਹੋ ਜਾਂਦਾ ਹੈ। ਅਨਮਤੀ ਤਿਉਹਾਰਾਂ ਦਾ ਭਾਰੀ ਗਿਣਤੀ ਵਿੱਚ ਮਨਾਇਆ ਜਾਣਾ ਸਾਡੇ ਸਮਾਜ ਦੇ ਸਿਧਾਂਤ ਹੀਣੇ ਹੋਣ ਦਾ ਪ੍ਰਤੱਖ ਪ੍ਰਮਾਣ ਹੈ। ਖੇਦ ਦੀ ਗੱਲ ਹੈ ਕਿ ਸਿਖ ਸੰਗਤਾਂ ਜਾਣੇ ਅਨਜਾਣੇ ਵਿੱਚ ਆਪਣੇ ਹਰ ਕਾਰ ਵਿਹਾਰ ਨੂੰ ਬਹੁਗਿਣਤੀ ਬ੍ਰਾਹਮਣੀ ਕਰਮਕਾਂਡਾਂ ਦੀ ਹੀ ਸ਼ਕਲ ਦੇਣ ਲੱਗ ਪਈਆਂ ਹਨ। ਅਜਿਹਾ ਕਰਨ ਵਿੱਚ ਸਿਖ ਧਰਮ ਦਾ ਪ੍ਰਚਾਰਕ ਅਖਵਾਉਂਦਾ ਤਬਕਾ ਸਭ ਤੋਂ ਮੋਹਰੀ ਹੁੰਦਾ ਹੈ। ਗਿਣਤੀ ਮਿਣਤੀ ਦੇ ਪਾਠਾਂ, ਅਤੇ ਗੁਰਮਤਿ ਸਮਾਗਮਾਂ ਨੂੰ ਜਪ ਤਪ ਸਮਾਗਮ, ਮਹਾਂ ਪਵਿੱਤਰ ਸਮਾਗਮ, ਜਪ ਤਪ ਚੁਪਹਿਰਾ ਸਮਾਗਮ ਆਦਿ ਨਾਂ ਦੇ ਕੇ ਇੱਕ ਵੱਡਾ ਭੰਭਲਭੂਸਾ ਖੜਾ ਕੀਤਾ ਜਾ ਰਿਹਾ ਹੈ। ਗੁਰਮਤਿ ਸਮਾਗਮ ਦਾ ਉਦੇਸ਼ ਅਤੇ ਮਹੱਤਵ ਦੋਵੇਂ ਬਦਲਦੇ ਜਾ ਰਹੇ ਹਨ ਅਤੇ ਉਨ੍ਹਾਂ ਦੀ ਥਾਂ ਮਨਮਤੀ ਨਾਂ ਰੱਖ ਕੇ ਉਨ੍ਹਾਂ ਦੀ ਬਾਹਰੀ ਰੂਪਰੇਖਾ ਹੀ ਨਹੀਂ ਬਦਲੀ ਜਾ ਰਹੀ ਸਗੋਂ ਉਸਦੀ ਅੰਦਰੂਨੀ ਕਾਰਜਵਿਧੀ ਵੀ ਤਬਦੀਲ ਕੀਤੀ ਜਾ ਰਹੀ ਹੈ। ਦਰਅਸਲ ਸਿਖ ਸਮਾਗਮਾਂ ਅਤੇ ਗੁਰਮਤਿ ਸਮਾਗਮਾਂ ਨੂੰ ਹਿੰਦੂਤਵੀ ਅਤੇ ਬ੍ਰਾਹਮਣੀ ਰੰਗਤ ਵਿੱਚ ਬਿਆਨਿਆ ਜਾ ਰਿਹਾ ਹੈ। ਜਿਸ ਸਮਾਗਮ ਨੂੰ ਜਪ ਤਪ ਕਹਿੰਦਿਆਂ ਜ਼ਰਾ ਜਿੰਨੀ ਸੋਚ ਵੀਚਾਰ ਨਹੀਂ ਕੀਤੀ ਜਾਂਦੀ ਉਥੇ ਕੱਲ੍ਹ ਨੂੰ ਸਿਮਰਨ ਸਾਧਨਾ ਦੇ ਬੈਨਰ ਹੇਠ ਹਵਨ ਕ੍ਰਿਆ ਬਣਾ ਦਿੱਤਾ ਜਾਵੇਗਾ ਇਸ ਗੱਲ ਦਾ ਕੀ ਦਾਅਵਾ ਕਿ ਅਜਿਹਾ ਨਹੀਂ ਹੋਵੇਗਾ? ਕੀ ਗੁਰਮਤਿ ਸਮਾਗਮ ਲਫਜ਼ ਛੋਟਾ ਜਾਂ ਹੀਣਾ ਹੈ? ਯਾਦ ਰੱਖਣਾ ਚਾਹੀਦਾ ਹੈ ਕਿ ਜਿਥੇ ਕੋਈ ਵੀਚਾਰਧਾਰਾ ਆਪਣੇ ਆਪ ਵਿੱਚ ਵਿਲੱਖਣ ਹੁੰਦੀ ਹੈ ਉਥੇ ਉਸ ਦਾ ਸਿਧਾਂਤਕ ਅਮਲ ਵੀ ਵਿਲੱਖਣ ਹੁੰਦਾ ਹੈ ਭਾਵ ਉਸਦੀ ਬਾਹਰੀ ਰੂਪ ਰੇਖਾ ਵੀ ਅੱਡਰੀ ਹੋਂਦ ਰੱਖਣ ਵਾਲ਼ੀ ਹੁੰਦੀ ਹੈ। ਫਿਰ ਮਹਾਂ ਪਵਿੱਤਰ ਗੁਰਮਤਿ ਸਮਾਗਮ ਦਾ ਭਾਵ ਕੀ ਹੈ? ਕਿ ਕੀ ਬਾਕੀ ਸਮਾਗਮ ਅਪਵਿੱਤਰ ਜਾਂ ਘੱਟ ਪਵਿੱਤਰ ਹਨ? ਕੀ ਧਰਮ ਦੇ ਨਾਂ ਤੇ ਗੁਰਮਤਿ ਦੀ ਦੁਰਵਰਤੋਂ ਕਰਦਿਆਂ ਇਹ ਉਲਝਾਊ ਭਾਸ਼ਾ ਵਰਤ ਕੇ ਸਿਖ ਸੱਭਿਆਚਾਰ ਦੀ ਅਣਦੇਖੀ ਨਹੀਂ ਕੀਤੀ ਜਾ ਰਹੀ। ਗੁਰਮਤਿ ਸਮਾਗਮਾਂ ਤੇ ਅਨਮਤੀ ਰੰਗਤ ਚਾੜ੍ਹਨ ਦਾ ਕੀ ਮੰਤਵ ਹੋ ਸਕਦਾ ਹੈ? ਜਿਵੇਂ ਤੰਤਰ ਸ਼ਾਸ਼ਤਰ ਅਤੇ ਹੋਰ ਪੌਰਾਣਕ ਗ੍ਰੰਥਾਂ ਦੀ ਨਕਲ ਕਰਦਿਆਂ ਗੁਰਬਾਣੀ ਪਾਠ ਨੂੰ ਵਿਭਿੰਨ ਹਿੱਸਿਆਂ ਵਿੱਚ ਵੰਡ ਕੇ ਗੁਰਬਾਣੀ ਪਾਠ ਦਾ ਮਤਲਬ ਅਤੇ ਉਦੇਸ਼ ਹੀ ਬਦਲ ਦਿੱਤਾ ਗਿਆ ਹੈ ਉਵੇਂ ਹੀ ਹੁਣ ਬ੍ਰਾਹਮਣਵਾਦੀ ਨਾਵਾਂ ਹੇਠ ਗੁਰਮਤਿ ਸਮਾਗਮਾਂ ਨੂੰ ਸਨਾਤਨੀ ਪ੍ਰਚਾਰ ਦਾ ਅਖਾੜਾ ਬਣਾਉਣ ਦੀ ਤਿਆਰੀ ਹੋ ਰਹੀ ਹੈ। ਚੁਪਹਿਰੇ, ਦੁਪਹਿਰੇ ਕਿਹੜੀ ਸਿਖ ਨਿਯਮਾਵਲੀ ਵਿਚੋਂ ਜਨਮ ਲੇ ਰਹੇ ਹਨ? ਗੁਰਬਾਣੀ ਦਾ ਇਹ ਪ੍ਰਮਾਣ:
ਜੇ ਵੇਲਾ ਵਖਤੁ ਵੀਚਾਰੀਐ ਤਾ ਕਿਤੁ ਵੇਲਾ ਭਗਤਿ ਹੋਇ॥ (35)
ਕਿਸ ਭਾਵਨਾ ਵੱਲ ਸੇਧਤ ਹੈ? ਦਰਅਸਲ ਗੁਰਬਾਣੀ ਵੀਚਾਰ ਤੋਂ ਟੁੱਟ ਕੇ ਵਾਧੂ ਕਰਮਾਂ ਅਤੇ ਅਡੰਬਰਾਂ ਨੂੰ ਤਰਜ਼ੀਹ ਦੇਣ ਦਾ ਭਾਵ ਹੀ ਇਹੀ ਹੈ ਕਿ ਕਿਧਰੇ ਗੁਰਬਾਣੀ ਸਿਧਾਂਤ ਦੀ ਸਥਾਪਤੀ ਨਾ ਹੋ ਜਾਵੇ। ਅਤੇ ਅਜਿਹਾ ਸਾਰਾ ਕੁੱਝ ਅਜਿਹੇ ਅਮਲ ਵਿਚੋਂ ਹੀ ਪੈਦਾ ਹੋ ਰਿਹਾ ਹੈ ਜਿਸਨੂੰ ਜਾਣੇ ਅਨਜਾਣੇ ਸਿਖ ਪ੍ਰਚਾਰਕ ਅਤੇ ਪ੍ਰਬੰਧਕ ਸਿਰੇ ਚਾੜ੍ਹ ਰਹੇ ਹਨ। ਸਿਖ ਧਰਮ ਤੇ ਜਿਸ ਤਰੀਕੇ ਨਾਲ਼ ਸਮੇਂ ਦੀ ਸਥਾਪਤ ਬ੍ਰਾਹਮਣਵਾਦੀ ਵੀਚਾਰਧਾਰਾ ਆਪਣਾ ਗ਼ਲਬਾ ਪਾ ਰਹੀ ਹੈ ਸਿਖ ਸੰਗਤਾਂ ਨੂੰ ਇਸ ਪ੍ਰਕ੍ਰਿਆ ਤੋਂ ਭਲੀ ਭਾਂਤ ਜਾਣੂੰ ਹੋਣਾ ਪਵੇਗਾ। ਅੱਜ ਗੁਰਦੁਆਰਿਆਂ ਦੀ ਰੁਪ ਰੇਖਾ ਸਿਖ ਧਰਮਸ਼ਾਲ ਵਾਲ਼ੀ ਨਾ ਰਹਿ ਕੇ ਮੰਦਰ ਦਾ ਬਦਲਵਾਂ ਰੂਪ ਬਣਦੀ ਜਾ ਰਹੀ ਹੈ ਅਤੇ ਸਿਖ ਮਰਯਾਦਾ ਵਿੱਚ ਅਨਮਤੀ ਅੰਸ਼ ਘੁਸੇੜੇ ਜਾ ਰਹੇ ਹਨ। ਸਿਖਾਂ ਵਿੱਚ ਹਿੰਦੂ ਆਚਾਰੀਆਂ ਦੀ ਨਕਲ਼ ਸਾਧ ਸੰਤ ਪੈਦਾ ਹੋ ਕੇ ਆਪਣੀ ਪੁਜਾ ਕਰਵਾ ਰਹੇ ਹਨ। ਅਜਿਹਾ ਸਾਰਾ ਕੁੱਝ ਸਾਡੇ ਸਮਾਜ ਦਾ ਗੁਰਬਾਣੀ ਸਿਧਾਂਤ ਤੋਂ ਅਨਜਾਣ ਹੋਣ ਦਾ ਨਤੀਜਾ ਹੈ ਅਤੇ ਸਿਖ ਧਾਰਮਕ ਲਾਬੀ ਵਲੋਂ ਸਿਖ ਸਿਧਾਂਤਾਂ ਦੇ ਅਮਲੀ ਸਿਸਟਮ ਵਿੱਚ ਕਮੀਆਂ ਹੋਣ ਕਰਕੇ ਹੋ ਰਿਹਾ ਹੈ। ਜਿਥੇ ਸਿਧਾਂਤ ਸਮਝਣਾਂ ਜ਼ਰੂਰੀ ਹੁੰਦਾ ਹੈ ਉਥੇ ਉਸ ਨੂੰ ਸਹੀ ਅਤੇ ਸੁਚੱਜੀ ਜੁਗਤ ਨਾਲ਼ ਲਾਗੂ ਕਰਨਾ ਵੀ ਸਿਧਾਂਤ ਨੂੰ ਸਮਝਣ ਤੋਂ ਬਾਅਦ ਦੂਜਾ ਵੱਡਾ ਕਾਰਜ ਹੁੰਦਾ ਹੈ ਤਾਂ ਹੀ ਸਿਧਾਂਤ ਦੀ ਸਥਾਪਤੀ ਹੁੰਦੀ ਹੈ। ਕਾਸ਼’ ਸਾਡੇ ਧਾਰਮਿਕ ਅਦਾਰੇ ਅਤੇ ਧਾਰਮਿਕ ਲੋਕ ਇਸ ਨੂੰ ਸਮਝਣ ਦਾ ਯਤਨ ਕਰਦੇ।




.