.

ਪ੍ਰਚਲਿਤ ਸਿੱਖ ਆਰਤੀ: ਇੱਕ ਸਿਧਾਂਤਕ ਮਿਲਗੋਭਾ ਰਚਨਾ

ਰਵਿੰਦਰ ਸਿੰਘ ਪਿੰਜੌਰ

ਗੁਰੂ ਨਾਨਕ ਸਾਹਿਬ ਦੇ ਸਮੇਂ ਸਮਾਜ ਦੀ ਹਾਲਾਤ ਬਹੁਤ ਤਰਸਯੋਗ ਸੀ। ਪੁਜਾਰੀ ਸ੍ਰੇਣੀ ਵਲੋਂ ਆਮ ਲੋਕਾਈ ਨੂੰ ਧਰਮ ਦੇ ਨਾਂ ਹੇਠ ਬੁਰੀ ਤਰਾਂ ਲੁਟਿਆ ਅਤੇ ਗੁਮਰਾਹ ਕੀਤਾ ਜਾ ਰਿਹਾ ਸੀ। ‘ਧਰਮ` ਦਾ ਮਤਲਬ ਸਿਰਫ ਅੰਧਵਿਸ਼ਵਾਸ ਅਤੇ ਕਰਮਕਾਂਡ ਮਾਤਰ ਹੀ ਰਹਿ ਗਿਆ ਸੀ। ਧਰਮ ਦੇ ਨਾਂ ਉਤੇ ਹੀ ਕੀਤਾ ਜਾ ਰਿਹਾ ਇੱਕ ਕਰਮਕਾਂਡ ਸੀ ‘ਮੂਰਤੀ ਪੂਜਾ`। ਮੂਰਤੀ ਪੂਜਾ ਦਾ ਇੱਕ ਵਿਸ਼ੇਸ਼ ਅੰਗ ਸੀ ‘ਆਰਤੀ`। ਇਸ ਵਿੱਚ ਇੱਕ ਮੂਰਤੀ ਨੂੰ ‘ਪ੍ਰਭੂ` ਦਸਕੇ ਥਾਲ ਵਿੱਚ ਦੀਵੇ ਬਾਲ ਕੇ, ਥਾਲ ਘੁਮਾ ਕੇ, ਸੰਖ ਆਦਿ ਵਜਾ ਕੇ ਇਸ ਮੂਰਤੀ ਦੀ ਆਰਤੀ ਉਤਾਰੀ ਜਾਂਦੀ ਸੀ ਅਤੇ ਪ੍ਰਚਾਰ ਕੀਤਾ ਜਾਂਦਾ ਸੀ ਕਿ ‘ਰੱਬ` ਦੀ ਆਰਤੀ ਕੀਤੀ ਜਾ ਰਹੀ ਹੈ। ਜਗਨਨਾਥ ਮੰਦਿਰ (ਉੜੀਸਾ) ਵਿੱਚ ਮੂਰਤੀ ਪੂਜਾ ਰੂਪੀ ਆਰਤੀ ਲਈ ਮਸ਼ਹੂਰ ਸੀ।

ਗੁਰੂ ਨਾਨਕ ਸਾਹਿਬ ਜੀ ਨੇ ਉਸ ਸਮੇਂ ਦੇ ਸਮਾਜਿਕ ਮਾਹੌਲ ਦਾ ਬੜੀ ਗੰਭੀਰਤਾ ਨਾਲ ਅਧਿਅਨ ਕੀਤਾ। ਉਹਨਾਂ ਲੋਕਾਈ ਨੂੰ ਇਸ ਅੰਧਵਿਸ਼ਵਾਸੀ, ਲੁਟ ਖਸੁਟ ਅਤੇ ਕਰਮਕਾਂਡੀ ਜੀਵਨ ਜਾਚ ਵਿਚੋਂ ਕੱਢ ਕੇ ਨਿਰੋਲ ਸੱਚ ਆਧਾਰਿਤ ‘ਜੀਵਨ ਜਾਚ` ਦ੍ਰਿੜ ਕਰਵਾਉਣ ਲਈ ਇੱਕ ਬਹੁਤ ਹੀ ਸੁਚੱਜੀ ਯੋਜਨਾ ਬਣਾਈ। ਇਸ ਵਾਸਤੇ ਉਹਨਾਂ ਨੇ ਪ੍ਰਚਾਰਕ ਦੌਰੇ (ਉਦਾਸੀਆਂ) ਸ਼ੁਰੂ ਕੀਤੇ। ਉਹਨਾਂ ਨੇ ਆਮ ਬੰਦੇ ਨੂੰ ਇਹ ਸਮਝਾਉਣ ਦਾ ਬੀੜਾ ਚੁਕਿਆ ਕਿ ਅਸਲ ਵਿੱਚ ‘ਧਰਮ` ਕੀ ਹੈ। ਇਸ ਵਾਸਤੇ ਉਹਨਾਂ ਨੇ ਪ੍ਰਚਾਰਕ ਦੌਰੇ ਸ਼ੁਰੂ ਕੀਤੇ।

ਇਹਨਾਂ ਦੌਰਿਆਂ ਵਿੱਚ ਗੁਰੂ ਸਾਹਿਬ ਜੀ ਨੇ ਅਨੇਕਾਂ ਧਾਰਮਿਕ (ਮੰਨੇ ਜਾਂਦੇ) ਸਥਾਨਾਂ ਦਾ ਸਫਰ ਕੀਤਾ। ਉਹਨਾਂ ਸਥਾਨਾਂ ਉਤੇ ਪੁਜਾਰੀਆਂ ਅਤੇ ਲੋਕਾਂ ਵਲੋਂ ਧਰਮ ਦੇ ਨਾਂ ਉਤੇ ਕਰਮਕਾਂਡਾਂ, ਅੰਧਵਿਸ਼ਵਾਸਾਂ ਦਾ ਦਲੀਲ ਨਾਲ ਖੰਡਨ ਕੀਤਾ ਅਤੇ ਉਹਨਾਂ ਨੂੰ ‘ਸੱਚ` ਦਾ ਰਾਹ ਦਸਿਆ।

ਐਸੇ ਹੀ ਇੱਕ ਪ੍ਰਚਾਰਕ ਦੌਰੇ ਦੌਰਾਨ ਨਾਨਕ ਪਾਤਸ਼ਾਹ ਜਗਨਨਾਥ ਮੰਦਿਰ ਪਹੁੰਚੇ। ਇਹ ਅਸਥਾਨ ਬ੍ਰਾਹਮਣੀ ਮੱਤ ਦਾ ਇੱਕ ਵੱਡਾ ਕੇਂਦਰ ਸੀ। ਇਥੇ ਸ਼ਾਮ ਵੇਲੇ ਪੁਜਾਰੀਆਂ ਵਲੌਂ ਦੀਵੇ ਬਾਲ ਕੇ, ਥਾਲ ਘੁਮਾ ਕੇ, ਟੱਲ ਖੜਕਾ ਕੇ ਮੂਰਤੀ ਦੀ (ਰੱਬ ਸਮਝ ਕੇ) ਆਰਤੀ ਕੀਤੀ ਗਈ। ਉਥੇ ਹਾਜ਼ਰ ਲੋਕਾਂ ਨੂੰ ਨਾਨਕ ਸਾਹਿਬ ਨੇ ਸਮਝਾਇਆ ਕੇ ਪਹਿਲੀ ਗੱਲ ਤਾਂ ਤੁਹਾਡੀ ਇਹ ਸੋਚ ਹੀ ਗਲਤ ਹੈ ਕਿ ਮੂਰਤੀਆਂ ਵਿੱਚ ਰੱਬ ਵਸਦਾ ਹੈ।

ਜੋ ਪਾਥਰ ਕਉ ਕਹਤੇ ਦੇਵ।। ਤਾ ਕੀ ਬਿਰਥਾ ਹੋਵੈ ਸੇਵ।।

ਜੋ ਪਾਥਰ ਕੀ ਪਾਂਈ ਪਾਇ।। ਤਿਸ ਕੀ ਘਾਲ ਅਜਾਂਈ ਜਾਇ"।। (ਪੰਨਾ ੧੧੬੦)

ਇਹ ਤਾਂ ਸਿਰਫ ਇੱਕ ਕਰਮਕਾਂਡ ਹੈ। ਅਕਾਲ ਪੁਰਖ ਤਾਂ ਸਰਬ ਵਿਆਪਕ ਹੈ। ਦੂਜੀ ਗੱਲ, ਇਹ ਜੋ ਤੁਸੀ ਦੀਵੇ ਬਾਲ ਕੇ, ਥਾਲ ਘੁਮਾ ਕੇ ਸਮਝ ਰਹੇ ਹੋ ਕਿ ਰੱਬ ਦੀ ਆਰਤੀ ਹੋ ਰਹੀ ਹੈ, ਇਹ ਸੋਚ ਹੀ ਗਲਤ ਹੈ। ਅਕਾਲ ਪੁਰਖ ਜਿਹੀ ਅਸੀਮ, ਅਕਥ ਹਸਤੀ ਵਾਸਤੇ ਤੁਹਾਡੇ ਇਹ ਛੋਟੇ ਛੋਟੇ ਦੀਵੇ (ਆਰਤੀ ਵਜੋਂ) ਕੋਈ ਮਾਇਨੇ ਨਹੀਂ ਰਖਦੇ। ਅਸਲ ਵਿੱਚ ਰੱਬ ਆਰਤੀ, ਪੂਜਾ ਆਦਿ ਕਰਮਕਾਂਡਾਂ ਆਦਿ ਉਪਰ ਨਹੀਂ ਰੀਝਦਾ। ਉਹ ਤਾਂ ‘ਸੱਚ` ਪ੍ਰਤੀ ਪਿਆਰ ਦਾ ਭੁਖਾ ਹੈ।

ਗੋਬਿੰਦ ਭਾਉ ਭਗਤਿ ਕਾ ਭੁਖਾ”

ਜੇ ਉਸ ਜਿਹੀ ਮਹਾਨ ਹਸਤੀ ਦੀ ਕੋਈ ਆਰਤੀ ਹੋ ਸਕਦੀ ਹੈ ਤਾਂ ਉਹ ਕੁਦਰਤ ਵਿੱਚ ਆਪੇ ਹੀ ਨਿਰਵਿਘਨ ਹੋ ਰਹੀ ਹੈ। ਇਸ ਪ੍ਰਥਾਇ ਉਹਨਾਂ ਨੇ ‘ਗਗਨ ਮੈ ਥਾਲੁ` ਵਾਲਾ ਸ਼ਬਦ ਵੀ ਉਚਾਰਨ ਕੀਤਾ। ਇਸ ਸ਼ਬਦ ਦਾ ਰਹਾਉ (ਕੇਂਦਰੀ ਭਾਵ) ਵਾਲਾ ਬੰਦ ਹੈ

ਕੈਸੀ ਆਰਤੀ ਹੋਇ ਭਵਖੰਡਨਾ ਤੇਰੀ ਆਰਤੀ।।

ਅਨਹਤਾ ਸਬਦ ਵਾਜੰਤ ਭੇਰੀ”।।

ਭਾਵ ਹੇ ਅਕਾਲ ਪੁਰਖ! ਇਸ ਕੁਦਰਤ ਵਿੱਚ ਤੁਹਾਡੀ ਕੈਸੀ ਅਦਭੁਤ ਆਰਤੀ ਹੋ ਰਹੀ ਹੈ। ਸ਼ਬਦ ਦੇ ਬਾਕੀ ਬੰਦਾਂ ਵਿੱਚ ਪ੍ਰਚਲਿਤ ਆਰਤੀ ਵਿੱਚ ਵਰਤੇ ਜਾਂਦੇ ਪਦਾਰਥਾਂ (ਦੀਵੇ, ਥਾਲ, ਮੋਤੀ, ਧੂਪ ਆਦਿ) ਦੀ ਤੁਲਨਾ ਕੁਦਰਤ ਵਿਚਲੀਆਂ ਸ਼ੈਆਂ (ਸੂਰਜ, ਚੰਦ, ਤਾਰੇ ਆਦਿ) ਨਾਲ ਕੀਤੀ ਹੈ। ਅਸਲ ਵਿੱਚ ਨਾਨਕ ਸਾਹਿਬ ਦਾ ਸਮਝਾਉਣ ਦਾ ਮਤਲਬ ਸੀ ਕਿ ਜੇ ਤੁਸੀ ਆਰਤੀ ਨੂੰ ਇਤਨਾ ਹੀ ਮਹੱਤਵ ਦੇਂਦੇ ਹੋ ਤਾਂ ਸਮਝ ਲਵੋ ਕਿ ਆਕਾਂਸ਼, ਚੰਦ, ਸੂਰਜ ਆਦਿ ਰਾਹੀ ਕੁਦਰਤ ਵਿੱਚ ਉਸ ਪ੍ਰਭੂ ਦੀ ਆਰਤੀ ਆਪੇ ਹੀ ਨਿਰਵਿਘਨ ਹੋ ਰਹੀ ਹੈ ਅਤੇ ਤੁਹਾਡੇ ਇਹ ਛੋਟੇ ਛੋਟੇ ਦੀਵੇ ਉਹਨਾਂ ਸਾਹਮਣੇ ਕੋਈ ਪਾਇਆਂ ਨਹੀ ਰਖਦੇ। ਇਥੇ ਇਹ ਸਪਸ਼ਟ ਹੋਣਾ ਜ਼ਰੂਰੀ ਹੈ ਕਿ ਇਥੇ ਗੁਰੂ ਸਾਹਿਬ ਨੇ ਆਰਤੀ ਦੀ ਪ੍ਰੋੜਤਾ ਨਹੀਂ ਕੀਤੀ ਅਤੇ ਨਾ ਹੀ ਉਸ ਨੂੰ ਜ਼ਰੂਰੀ ਦਸਿਆ ਹੈ। ਨਾ ਹੀ ਉਹਨਾਂ ਦਾ ਕਹਿਣ ਦਾ ਮਾਇਨਾ ਇਹ ਹੈ ਕਿ ਚੰਦ, ਸੂਰਜ, ਮਲਆਗਰ ਪਰਬਤ ਆਦਿ ਉਸ ਦੀ ਆਰਤੀ ਵਾਸਤੇ ਕੰਮ ਕਰ ਰਹੇ ਹਨ। ਕੁਦਰਤ ਵਿੱਚ ਉਹਨਾਂ ਦਾ ਆਪਣਾ ਅਪਣਾ ਕੰਮ ਹੈ। ਇਹ ਤਾਂ ਸਿਰਫ ਆਰਤੀ ਕਰਨ ਦੇ ਚਾਹਵਨ ਲੋਕਾਂ ਨੂੰ ਸਮਝਾਉਣ ਦਾ ਇੱਕ ਢੰਗ ਹੈ।

ਇਸੇ ਸ਼ਬਦ ਵਿੱਚ ਅਗੇ ਦਸਿਆ ਗਿਆ ਹੈ ਕਿ ਅਸਲ ਵਿੱਚ ਉਹ ‘ਆਰਤੀ` ਕਿਹੜੀ ਹੈ ਜੋ ਰੱਬ ਨੂੰ ਭਾਉਂਦੀ ਹੈ। ਧਿਆਨ ਨਾਲ ਵਿਚਾਰੋ, ਅਗੇ ਲਿਖਿਆ ਹੈ

ਜੋ ਤਿਸੁ ਭਾਵੈ ਸੋ ਆਰਤੀ ਹੋਇ”।।

ਭਾਵ ਉਸ ਰੱਬ ਦੀ ਰਜ਼ਾ ਵਿੱਚ ਚਲਨਾ, ਉਸ ਦੇ ਬਣਾਏ ਨਿਯਮਾਂ ਨੂੰ ਸਮਝ ਕੇ ਉਸ ਅਨੁਸਾਰ ਜੀਵਨ ਬਣਾਉਣਾ ਹੀ ਅਸਲੀ ਆਰਤੀ ਹੈ। ਇਹੀ ਨਾਮ ਸਿਮਰਨ ਹੈ, ਇਹੀ ਕੀਰਤਨ ਹੈ ਤੇ ਇਹੀ ਪ੍ਰਭੂ ਪਿਆਰ ਹੈ। ਜਪੁ ਜੀ ਸਾਹਿਬ ਵਿੱਚ ਵੀ ਇਸ ਦੀ ਪ੍ਰੋੜਤਾ ਮਿਲਦੀ ਹੈ।

ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ”।। (ਜਪੁ ਸਾਹਿਬ)

ਗਗਨ ਮੈ ਥਾਲੁ` ਵਾਲੇ ਸ਼ਬਦ ਦੇ ਆਖਰੀ ਬੰਦ ਵਿੱਚ ਵੀ ਨਾਨਕ ਸਾਹਿਬ ਨੇ ਪ੍ਰਭੂ ਪਾਸੋਂ ਇਹੀ ਮੰਗ ਰਖੀ ਹੈ।

ਕ੍ਰਿਪਾ ਜਲੁ ਦੇ ਨਾਨਕ ਸਾਰਿੰਗ ਕਉ ਹੋਇ ਜਾ ਤੇ ਤੇਰੈ ਨਾਮੁ ਵਾਸਾ”।।

ਭਾਵ ਹੇ ਪ੍ਰਭੂ! ਮੈਨੂੰ (ਪਪੀਹੇ ਨੂੰ) ਉਹ ਬਿਬੇਕ ਬੁਧੀ (ਰੂਪੀ ਜਲ) ਬਖਸ਼ੋ ਜਿਸ ਨਾਲ ਮੈਂ ਤੇਰੇ ਬਣਾਏ ਨਿਯਮਾਂ (ਹੁਕਮਾਂ) ਨੂੰ ਸਮਝ ਕੇ ਉਹਨਾਂ ਨੂੰ ਅਪਣੇ ਹਿਰਦੇ ਵਿੱਚ ਵਸਾ ਸਕਾਂ। ਉਹਨਾਂ ਅਨੁਸਾਰ ਅਪਨਾ ਜੀਵਨ ਬਣਾ ਸਕਾਂ।

ਉਸ ਸਮੇ ਬ੍ਰਾਹਮਨੀ ਸਮਾਜ ਵਿੱਚ ਆਰਤੀ ਦੀ ਰਸਮ ਬਹੁਤ ਪ੍ਰਚਲਤ ਸੀ। ਇਹ ਜ਼ਿਆਦਾਤਰ ਸ਼ਾਮ ਵੇਲੇ ਕੀਤੀ ਜਾਂਦੀ ਸੀ। ਗੁਰੂ ਘਰ ਦੇ ਜ਼ਿਆਦਾਤਰ ਸ਼ਰਧਾਲੂ ਇਸੇ ਸਮਾਜ ਵਿਚੋਂ ਆਏ ਸਨ। ਇਸ ਕਰਕੇ ਉਹਨਾਂ ਦੇ ਮਨਾਂ ਵਿਚੋਂ ਪ੍ਰਚਲਿਤ ਆਰਤੀ ਦਾ ਭਰਮ ਕੱਢਣ ਵਾਸਤੇ ਪ੍ਰਚਲਿਤ ਆਰਤੀ ਦਾ ਖੰਡਨ ਕਰਦੇ ਇਸ ਸ਼ਬਦ ਨੂੰ ਸ਼ਾਮ ਵੇਲੇ ਗਾਉਣ ਅਤੇ ਵਿਚਾਰਨ ਦੀ ਰੀਤ ਚਲਾ ਦਿਤੀ ਗਈ ਹੋਵੇਗੀ। ਭਾਈ ਗੁਰਦਾਸ ਜੀ ਦੀ ਰਚਨਾ ਵਿੱਚ ਵੀ ਇਸ ਦਾ ਜ਼ਿਕਰ ਮਿਲਦਾ ਹੈ।

ਰਾਤੀ ਕੀਰਤਿ ਸੋਹਿਲਾ ਕਰਿ ਆਰਤੀ ਪਰਸਾਦੁ ਵੰਡੰਦੇ”।। (ਵਾਰ ੬ ਪਉੜੀ ੩)

ਹੌਲੀ ਹੌਲੀ ਇਹ ਇੱਕ ਮਰਿਆਦਾ ਦਾ ਰੂਪ ਧਾਰਨ ਕਰ ਗਈ। ਸਮੇਂ ਨਾਲ ਸਿੱਖਾਂ ਵਲੋਂ ਜਾਣੇ ਅੰਜਾਣੇ ਵਿੱਚ ਇਸ ‘ਗਗਨ ਮੈ ਥਾਲੁ` ਵਾਲੇ ਸ਼ਬਦ ਨਾਲ ਗੁਰਬਾਣੀ ਦੇ ਹੋਰ ਸ਼ਬਦ ਵੀ ਜੋੜ ਕੇ ਪੜੇ ਜਾਣ ਲਗ ਪਏ। ਜ਼ਿਆਦਾਤਰ ਸ਼ਬਦ ਉਹ ਸਨ ਜਿਹਨਾਂ ਵਿੱਚ ਆਰਤੀ ਸ਼ਬਦ ਜਾਂ ਉਸ ਨਾਲ ਪ੍ਰਚਲਿਤ ਆਰਤੀ ਵਾਲੇ ਪਦਾਰਥਾਂ ਦਾ ਜ਼ਿਕਰ ਕਿਧਰੇ ਆ ਗਿਆ। ਹੋ ਸਕਦਾ ਹੈ ਪ੍ਰਚਲਿਤ ਆਰਤੀ ਦਾ ਖੰਡਨ ਕਰਦੇ ਕੁੱਝ ਸ਼ਬਦ ਗੁਰੂ ਸਾਹਿਬਾਨ ਦੇ ਵੇਲੇ ਹੀ ਨਾਲ ਜੋੜ ਕੇ ਪੜਨੇ ਸ਼ੁਰੂ ਕਰ ਦਿਤੇ ਗਏ ਹੋਣ ਕਿਉਂਕਿ ਉਹਨਾਂ ਦੇ ਭਾਵ ਅਰਥ ਮਿਲਦੇ ਜੁਲਦੇ ਹੀ ਸਨ। ਐਸੇ ਜ਼ਿਆਦਾਤਰ ਸ਼ਬਦ ਧਨਾਸਰੀ ਰਾਗ ਵਿੱਚ ਹੀ ਮਿਲਦੇ ਹਨ ਜਿਸ ਤੋਂ ਅੰਦਾਜ਼ਾ ਲਗਦਾ ਹੈ ਕਿ ਇਸ ਵਿਸ਼ੇ ਨਾਲ ਸੰਬੰਧਤ ਸ਼ਬਦ ਇੱਕ ਰਾਗ ਵਿੱਚ ਇਕੱਠੇ ਕਰ ਦਿਤੇ ਗਏ। ਇਹ ਸ਼ਬਦ ਹਨ।

੧. ਰਵੀਦਾਸ ਜੀ ਦਾ ਧਨਾਸਰੀ ਰਾਗ ਵਿੱਚ ਸ਼ਬਦ

ਨਾਮੁ ਤੇਰੋ ਆਰਤੀ ਮਜਨੁ ਮੁਰਾਰੇ”।। (ਪੰਨਾ ੬੯੪)

੨. ਭਗਤ ਸੈਣ ਜੀ ਦਾ ਧਨਾਸਰੀ ਰਾਗ ਵਿੱਚ ਸ਼ਬਦ

ਧੂਪ ਦੀਪ ਘ੍ਰਿਤ ਸਾਜਿ ਆਰਤੀ”।। (ਪੰਨਾ ੬੯੫)

੩. ਕਬੀਰ ਸਾਹਿਬ ਦਾ ਪ੍ਰਭਾਤੀ ਰਾਗ ਵਿੱਚ ਸ਼ਬਦ

ਸੁੰਨ ਸੰਧਿਆ ਤੇਰੀ ਦੇਵ ਦੇਵਾਕਰ ਅਧਪਤਿ ਆਦਿ ਸਮਾਈ”।। (ਪੰਨਾ ੧੩੫੦)

ਇਹਨਾਂ ਤਿੰਨਾਂ ਸ਼ਬਦਾਂ ਦੇ ਭਾਵ ਅਰਥ ਨਾਨਕ ਪਾਤਸ਼ਾਹ ਦੇ ਸ਼ਬਦ ‘ਗਗਨ ਮੈ ਥਾਲੁ` ਨਾਲ ਮਿਲਦੇ ਹਨ। ਸਮਾਂ ਪਾਕੇ ਸ਼ਰਧਾਲੂ ਸਿੱਖਾਂ ਵਲੋਂ ਧਨਾਸਰੀ ਰਾਗ ਦਾ ਹੀ ਭਗਤ ਧੰਨਾ ਜੀ ਦਾ ਸ਼ਬਦ ‘ਗੋਪਾਲ ਤੇਰਾ ਆਰਤਾ` ਵੀ ਇਸ ਆਰਤੀ ਨਾਲ ਜੋੜ ਦਿਤਾ ਗਿਆ ਲਗਦਾ ਹੈ। ਇਹ ਸ਼ਾਇਦ ਉਹ ਸਮਾਂ ਸੀ ਜਦੋਂ ਆਮ ਸਿੱਖ ਸਮਾਜ ਗੁਰਬਾਣੀ ਵਿਚਾਰ ਤੋਂ ਟੁਟਨਾ ਸ਼ੁਰੂ ਹੋ ਗਿਆ ਸੀ। ਇਥੇ ਸਿਰਫ ‘ਆਰਤਾ` ਲਫਜ਼ ਆਉਣ ਕਰਕੇ ਹੀ ਇਸ ਨੂੰ ਆਰਤੀ ਨਾਲ ਜੋੜ ਦਿਤਾ ਗਿਆ। ਇਥੇ ਆਰਤਾ ਸ਼ਬਦ ਦੇ ਮਾਇਨੇ ਆਰਤੀ ਵਾਲੇ ਨਹੀਂ ਹਨ ਅਤੇ ਨਾ ਹੀ ਬਾਕੀ ਸ਼ਬਦ ਵਿੱਚ ਪ੍ਰਚਲਿਤ ਆਰਤੀ ਨਾਲ ਸੰਬੰਧਿਤ ਕਿਸੇ ਵਸਤੂ (ਦੀਵਾ, ਥਾਲ ਆਦਿ) ਦਾ ਬਿੰਬ ਵਰਤਿਆ ਗਿਆ ਹੈ (ਜਿਵੇਂ ਪਹਿਲਾਂ ਵਾਲੇ ਬਾਕੀ ਸ਼ਬਦਾਂ ਵਿੱਚ ਹੈ)। ਪਰ ਲਗਦਾ ਹੈ ਉਸ ਸਮੇਂ ਤੱਕ ਸਿੱਖ ਸਮਾਜ ਤੋਤਾ ਰਟਨੀਆਂ ਅਤੇ ਅੰਨ੍ਹੀ ਸ਼ਰਧਾ ਵਾਲੇ ਖਾਰੇ ਬ੍ਰਾਹਮਣੀ ਸਮੁੰਦਰ ਦੇ ਰਾਹ ਪੈ ਚੁਕਿਆ ਸੀ। ਹੋ ਸਕਦਾ ਹੈ ਧਨਾਸਰੀ ਰਾਗ ਵਿੱਚ ਆਰਤੀ ਖੰਡਨ ਨਾਲ ਬਾਕੀ ਸਬਦਾਂ ਨਾਲ ਦਰਜ ਹੋਣ ਕਰਕੇ ਇਹ ਭੁਲੇਖਾ ਪੈ ਗਿਆ ਹੋਵੇ। ਕੁੱਝ ਵੀ ਹੋਵੇ ਇਹ ਇੱਕ ਵੱਡੀ ਸਿਧਾਂਤਕ ਅਨਗਹਿਲੀ ਵੱਲ ਇੱਕ ਕਦਮ ਸੀ।

ਅੱਗੇ ਵੱਧਣ ਤੋਂ ਪਹਿਲਾਂ ਉਸ ਸਮੇਂ ਵਿੱਚ ‘ਆਰਤੀ` ਹੇਠ ਪ੍ਰਚਲਿਤ ਹੋ ਚੁਕੇ ਸਬਦਾਂ ਦੇ ਸੰਖੇਪ ਭਾਵ ਅਰਥ ਵਿਚਾਰ ਲੈਂਦੇ ਹਾਂ।

੧. ਪਹਿਲਾ ਸ਼ਬਦ ਹੈ ਨਾਨਕ ਪਾਤਸ਼ਾਹ ਜੀ ਦਾ ਧਨਾਸਰੀ ਰਾਗ ਵਿੱਚ ਉਚਾਰਨ ਕੀਤਾ ‘ਗਗਨ ਮੈ ਥਾਲੁ` ਵਾਲਾ। ਇਸ ਦੇ ਸੰਖੇਪ ਵਿਚਾਰ ਅਸੀਂ ਪਹਿਲਾਂ ਕਰ ਆਏ ਹਾਂ।

੨. ਦੂਜਾ ਸ਼ਬਦ ਹੈ ਧਨਾਸਰੀ ਰਾਗ ਵਿੱਚ ਹੀ ਭਗਤ ਰਵੀਦਾਸ ਜੀ ਦਾ। ਇਸ ਸ਼ਬਦ ਦਾ ਰਹਾਉ ਵਾਲਾ ਬੰਦ ਹੈ।

ਨਾਮੁ ਤੇਰੋ ਆਰਤੀ ਮਜਨੁ ਮੁਰਾਰੇ।। ਹਰਿ ਕੇ ਨਾਮ ਬਿਨਾ ਝੂਠੇ ਸਗਲ ਪਸਾਰੇ”।।

ਭਾਵ ਕਿ ਸੱਚ ਦੇ ਗਿਆਨ (ਨਾਮ) ਨਾਲ ਜੁੜਨਾ ਹੀ ਪ੍ਰਭੂ ਦੀ ਆਰਤੀ ਹੈ। ਸੱਚ ਦੇ ਗਿਆਨ ਨਾਲ ਜੁੜਨ ਤੋਂ ਸਿਵਾ (ਧਰਮ ਦੇ ਨਾਂ ਉਤੇ ਕੀਤੇ ਜਾਂਦੇ) ਹੋਰ ਸਾਰੇ ਕੰਮ ਕੱਚੇ, ਝੂਠੇ ਹਨ, ਕਰਮਕਾਂਡ ਹਨ। ਉਸ ਤੋਂ ਬਾਅਦ ਪ੍ਰਚਲਿਤ ਆਰਤੀ ਨਾਲ ਸੰਬੰਧਿਤ ਪਦਾਰਥਾਂ (ਕੇਸਰ, ਫੁਲਾਂ ਦੀ ਮਾਲਾ, ਜਲ, ਦੀਵਾ, ਬੱਤੀ ਆਦਿ) ਦੇ ਜ਼ਿਕਰ ਨਾਲ ਦਸਿਆਂ ਹੈ ਕਿ ਸਹੀ ਧਰਮੀ ਬੰਦਿਆਂ ਵਾਸਤੇ ਸੱਚ ਦਾ ਗਿਆਨ ਹੀ ਇਹ ਪਦਾਰਥ ਹਨ। ਪ੍ਰਭੂ ਦੀ ਸਹੀ ਆਰਤੀ ਵਾਸਤੇ ਸੱਚ ਦੇ ਗਿਆਨ ਤੋਂ ਸਿਵਾ ਹੋਰ ਕਿਸੇ ਪਦਾਰਥ ਦੀ ਲੋੜ ਨਹੀਂ ਹੈ। ਭਗਤ ਜੀ ਸਮਝਾਉਂਦੇ ਹਨ ਕਿ ਉਸ ਗਿਆਨ ਅਨੁਸਾਰ ਅਪਣਾ ਜੀਵਨ ਬਣਾਉਣਾ ਹੀ ਮੇਰੇ ਵਾਸਤੇ ਆਰਤੀ ਹੈ ਅਤੇ ਭੋਗ ਲਾਉਣਾ ਹੈ।

੩. ਤੀਜਾ ਸ਼ਬਦ ਹੈ ਧਨਾਸਰੀ ਰਾਗ ਵਿੱਚ ਹੀ ਭਗਤ ਸੈਣ ਜੀ ਦਾ। ਇਸਦਾ ਰਹਾਉ ਵਾਲਾ ਬੰਦ ਹੈ

ਮੰਗਲਾ ਹਰਿ ਮੰਗਲਾ।। ਨਿਤ ਮੰਗਲੁ ਰਾਜਾ ਰਾਮ ਰਾਇ ਕੋ”।।

ਭਾਵ ਜੋ ਪ੍ਰਭੂ ਨਾਲ ਜੁੜੇ ਹੁੰਦੇ ਹਨ ਉਹ ਅਨੰਦ ਦੀ, ਖੇੜੇ ਦੀ, ਸਹਿਜ ਦੀ ਅਵਸਥਾ ਵਿੱਚ ਰਹਿੰਦੇ ਹਨ। ਇਸ ਸ਼ਬਦ ਦੇ ਬਾਕੀ ਬੰਦਾ ਵਿੱਚ ਪ੍ਰਚਕਿਤ ਆਰਤੀ ਨਾਲ ਸੰਬੰਧਿਤ ਪਦਾਰਥਾਂ ਦੇ ਬਿੰਬ ਵਰਤੇ ਹਨ। ਜਿਵੇਂ ਲਿਖਿਆ ਹੈ ਕਿ ਪ੍ਰਭੂ ਦੇ ਬਣਾਏ ਨਿਯਮਾਂ ਨੂੰ ਸਮਝ ਕੇ ਉਸ ਅਨੁਸਾਰ ਅਪਣਾਉਣਾ (ਪ੍ਰਭੂ ਤੋਂ ਵਾਰਨੇ ਜਾਨਾ) ਹੀ ਮੇਰੇ ਵਾਸਤੇ ਘਿਉ, ਧੂਪ, ਦੀਪ ਆਦਿ ਵਾਲੀ ਆਰਤੀ ਹੈ। ਮਤਲਬ ਉਸ ਆਰਤੀ ਤੋਂ ਬੇਹਤਰ ਹੈ। ਸੱਚ ਦੇ ਗਿਆਨ ਨਾਲ ਜੁੜ ਕੇ ਉਤਮ (ਉਚੇ –ਸੁਚੇ) ਵੀਚਾਰ ਬਣਾਉਣਾ ਹੀ ਅਸਲੀ ਦੀ ਦੀਵਾ (ਪ੍ਰਕਾਸ਼) ਹੈ ਅਤੇ ਉਹਨਾਂ ਵਿਚਾਰਾਂ ਸਦਕੇ ਨਿਰਮਲ ਕਰਮ ਕਰਨਾ ਹੀ ਉਸ ਦੀਵੇ ਦੀ ਵੱਟੀ (ਬਾਤੀ) ਹੈ।

੪. ਚੌਥਾ ਸ਼ਬਦ ਭਗਤ ਕਬੀਰ ਜੀ ਦਾ ਪ੍ਰਭਾਤੀ ਰਾਗ ਵਿੱਚ ਵਾਲਾ ਹੈ। ਇਸ ਦਾ ਰਹਾਉ ਵਾਲਾ ਬੰਦ ਹੈ।

ਲੇਹੁ ਆਰਤੀ ਹੋ ਪੁਰਖ ਨਿਰੰਜਨ ਸਤਿਗੁਰ ਪੁਜਹੂ ਭਾਈ।।

ਠਾਢਾ ਬ੍ਰਹਮਾ ਨਿਗਮ ਬੀਚਾਰੈ ਅਲਖੁ ਨਾ ਲਖਿਆ ਜਾਈ”।।

ਭਾਵ ਸੱਚ ਦੇ ਗਿਆਨ ਰੂਪੀ ਗੁਰੂ ਨਾਲ ਜੁੜਨਾ (ਪੂਜਾ ਕਰਨਾ) ਹੀ ਅਸਲ ਆਰਤੀ ਹੈ। ਹੇ! ਲ਼ੋਕੋ ਤੁਸੀ ਇਹੀ ਆਰਤੀ ਕਰੋ। ਜਿਹੜੇ ਲੋਗ ਵੇਦਾਂ ਆਦਿ ਦੀ ਵੀਚਾਰ ਅਨੁਸਾਰ ‘ਬ੍ਰਹਮਾ ਵਿਸ਼ਨੂੰ ਮਹੇਸ਼` ਆਦਿਕ ਤਿਕੜੀ ਨੂੰ ਜਗਤ ਚਲਾਉਣ ਵਾਲਾ ਮੰਨਦੇ ਹਨ ਉਹ ਸੱਚ ਤੋਂ ਭਟਕੇ ਹੋਏ ਹਨ, ਗੁੰਮਰਾਹ ਹਨ। ਉਹ ਇਹ ਨਹੀ ਸਮਝ ਪਾ ਰਹੇ ਕਿ ਅਸਲੀ ਪ੍ਰਭੂ ਤਾਂ ਇਹਨਾਂ ਪ੍ਰਚਲਿਤ ਦੇਵਤਿਆਂ (ਗੁਰਬਾਣੀ ਅਨੁਸਾਰ ਜਿਹਨਾਂ ਦੀ ਹੋਂਦ ਹੀ ਸ਼ੱਕੀ ਹੈ) ਤੋਂ ਬਹੁਤ ਵੱਡਾ ਹੈ। ਉਹ ਨਿਰਵਿਕਾਰ ਹੈ ਜਦਕਿ ਇਹਨਾਂ ਪ੍ਰਚਲਿਤ ਦੇਵਤਿਆਂ ਵਿੱਚ ਆਪ ਹੀ ਬ੍ਰਾਹਮਣ ਨੇ ਅਪਣੇ ਧਰਮ ਗ੍ਰੰਥਾਂ ਵਿੱਚ ਅਨੇਕਾਂ ਕਮਜ਼ੋਰੀਆਂ, ਅਵਗੁਣ ਵਿਖਾਏ ਹਨ। ਸ਼ਬਦ ਦੇ ਬਾਕੀ ਬੰਦਾਂ ਵਿੱਚ ਕਬੀਰ ਸਾਹਿਬ ਸਮਝਾਉਂਦੇ ਹਨ ਕਿ ਸੱਚ ਦੇ ਗਿਆਨ (ਤੱਤ) ਰੂਪੀ ਤੇਲ ਨਾਲ ਜਲ ਰਹੇ ਪ੍ਰਕਾਸ਼ ਰੂਪੀ ਦੀਵੇ (ਸੁਚੱਜੀ ਜੀਵਨ ਜਾਚ) ਨਾਲ ਹੀ ਮੈਂ ਪ੍ਰਭੂ ਦੀ ਆਰਤੀ ਕਰਦਾਂ ਹਾਂ। ਇਸ ਨਾਲ ਹੀ ਮੇਰੇ ਜੀਵਨ ਵਿੱਚ ਅਨੰਦ (ਖੇੜੇ) ਦੇ ਅਣਗਿਣਤ ਨਿਰਵਿਘਨ ਵਾਜੇ ਬਜ ਰਹੇ ਹਨ।

੫. ਪ੍ਰਚਲਿਤ ਸਿੱਖ ਆਰਤੀ ਵਿੱਚ ਗਲਤੀ ਜਾਂ ਸਾਜ਼ਿਸ਼ ਅਧੀਨ ਜੁੜਿਆ ਪਹਿਲਾ (ਗਿਣਤੀ ਵਿੱਚ ਪੰਜਵਾਂ) ਸ਼ਬਦ ਧਨਾਸਰੀ ਰਾਗ ਵਿੱਚ ਭਗਤ ਧੰਨਾ ਜੀ ਦਾ ਹੈ। ਇਸ ਦੀ ਵਿਚਾਰ ਥੋੜੀ ਖੁਲ ਕੇ ਕਰਾਂਗੇ ਕਿਉਂਕਿ ਹੁਣ ਤੱਕ ਦੇ ਵਿਆਖਿਆਕਾਰਾਂ ਵਲੋਂ ਕੀਤੇ ਅਰਥ ਕਈ ਸ਼ੰਕੇ ਪੈਦਾ ਕਰਦੇ ਹਨ। ਇਸ ਲਈ ਪਹਿਲਾਂ ਪੂਰਾ ਸ਼ਬਦ ਪੜਦੇ ਹਾਂ। ਸ਼ਬਦ ਹੈ

।। ਧੰਨਾ।। ਗੋਪਾਲ ਤੇਰਾ ਆਰਤਾ।। ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ।। ੧।। ਰਹਾਉ।। ਦਾਲਿ ਸੀਧਾ ਮਾਗਉ ਘੀਉ।। ਹਮਰਾ ਖੁਸੀ ਕਰੈ ਨਿਤ ਜੀਉ।। ਪਨੀੑਆ ਛਾਦਨੁ ਨੀਕਾ।। ਅਨਾਜੁ ਮਗਉ ਸਤ ਸੀ ਕਾ।। ੧।। ਗਊ ਭੈਸ ਮਗਉ ਲਾਵੇਰੀ।। ਇੱਕ ਤਾਜਨਿ ਤੁਰੀ ਚੰਗੇਰੀ।। ਘਰ ਕੀ ਗੀਹਨਿ ਚੰਗੀ।। ਜਨੁ ਧੰਨਾ ਲੇਵੈ ਮੰਗੀ।। ੨।। ੪।।

ਹੁਣ ਤੱਕ ਦੇ ਜ਼ਿਆਦਾਤਰ ਵਿਆਖਿਆਕਾਰਾਂ ਵਲੋਂ ਇਸਦੀ ਵਿਆਖਿਆ ਵਿੱਚ ਦਸਿਆ ਜਾਂਦਾ ਹੈ ਕਿ ਜੋ ਲੋਕ ਪ੍ਰਭੂ ਦੀ ਭਗਤੀ (ਪ੍ਰਚਲਿਤ ਸਿਮਰਨ ਆਦਿ ਦੇ ਰੂਪ ਵਿਚ) ਕਰਦੇ ਹਨ ਪ੍ਰਭੂ ਉਹਨਾਂ ਦੇ ਕਾਰਜ ਸੰਵਾਰ ਦੇਂਦਾ ਹੈ। ਸ਼ਬਦ ਦੇ ਬਾਕੀ ਬੰਦਾਂ ਦੀ ਵਿਆਖਿਆ ਵਿੱਚ ਦਸਿਆ ਜਾਂਦਾ ਹੈ ਕਿ ਭਗਤ ਧੰਨਾ ਜੀ ਪ੍ਰਭੂ ਕੋਲੋਂ ਘਰੇਲੂ ਸਾਮਾਨ ਅਤੇ ਚੰਗੀ ਵਹੁਟੀ ਆਦਿ ਦੀ ਮੰਗ ਕਰਦੇ ਹਨ। ਇਹ ਵਿਆਖਿਆ ਇੱਕ ਜਾਗਰੂਕ ਸਿੱਖ ਦੇ ਮਨ ਵਿੱਚ ਕਈਂ ਸ਼ੰਕੇ ਪੈਦਾ ਕਰਦੀ ਹੈ। ਕੁੱਝ ਸ਼ੰਕੇ ਹੇਠ ਲਿਖੇ ਹਨ।

(ਉ) ਕੀ ਜੋ ਰੱਬ ਦੀ ਭਗਤੀ ਨਹੀਂ ਕਰਦੇ ਪ੍ਰਭੂ ਉਹਨਾਂ ਦੇ ਕਾਰਜ ਨਹੀਂ ਸੰਵਾਰਦਾ? ਉਹਨਾਂ ਨੂੰ ਦਾਤਾਂ (ਸ਼ਬਦ ਵਿੱਚ ਦਰਸਾਈਆਂ) ਨਹੀ ਬਖਸ਼ਦਾ?

(ਅ) ਕੀ ਪ੍ਰਭੂ ਉਪਰ ਦੱਸੀਆਂ ਤੇ ਹੋਰ ਦਾਤਾਂ ਬਿਨਾਂ ਮੰਗਿਆਂ ਨਹੀਂ ਦੇਂਦਾ? ਕੀ ਉਹਨਾਂ ਨੂੰ ਮੰਗਨ ਦੀ ਲੋੜ ਹੈ?

(ੲ) ਗੁਰਬਾਣੀ ਤਾਂ ਸਮਝਾਉਂਦੀ ਹੈ ਕਿ ਰੱਬ ਤੋਂ ਜੇ ਕੁੱਝ ਮੰਗਨਾ ਹੈ ਤਾਂ ਉਹ ਹੈ ਸਿਰਫ ਸੱਚ ਦਾ ਗਿਆਨ, ਹਰੀ ਜਸ, ਉਸ ਨਾਲ ਪਿਆਰ (ਇਹ ਸਭ ਸਮਾਨ ਅਰਥੀ ਹਨ ਅਲਗ ਅਲਗ ਨਹੀਂ)। ਇਹੀ ਸਮਝਾਉਂਦਾ ਇੱਕ ਗੁਰਵਾਕ ਹੈ

ਮਾਗਨਾ ਮਾਗਨੁ ਨੀਕਾ ਹਰਿ ਜਸੁ ਗੁਰ ਤੇ ਮਾਗਨਾ।। ੪।। (੧੦੧੮-੧੧, ਮਾਰੂ, ਮਃ ੫)

ਕੀ ਇਸ ਦਾ ਮਤਲਬ ਇਹ ਨਹੀਂ ਨਿਕਲਦਾ ਕਿ ਗੁਰੂ ਗ੍ਰੰਥ ਸਾਹਿਬ (ਰਾਗ ਮਾਲਾ ਤੋਂ ਬਗੈਰ) ਵਿੱਚ ਵਿਰੋਧਾਭਾਸ ਹੈ? ਪਰ ਐਸਾ ਮੰਨ ਲੈਣ ਵਾਲਾ ਸੱਚਾ ਸਿੱਖ ਨਹੀਂ ਹੋ ਸਕਦਾ। ਉਪਰੋਕਤ ਵਿਚੋਂ ਕਈਂ ਸ਼ੰਕੇ ਖੜੇ ਕਰਕੇ ਕਈਂ ਸੰਸਥਾਵਾਂ ਅਤੇ ਵੀਰ ਭਗਤ ਬਾਣੀ ਨੂੰ ਰੱਦ ਵੀ ਕਰਦੇ ਹਨ। ਉਹ ਭਗਤ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮਿਲਾਵਟ ਦਸਦੇ ਹਨ। ਬੇਸ਼ਕ ਉਹਨਾਂ ਦਾ ਇਹ ਨਿਰਣਾ ਗਲਤ ਹੈ। ਪਰ ਉਹਨਾਂ ਦਾ ਇਸ ਨਤੀਜੇ ਉਪਰ ਪਹੁੰਚਨ ਦਾ ਇੱਕ ਕਾਰਨ ਕਈਂ ਸ਼ਬਦਾਂ ਦੀ ਗਲਤ ਪ੍ਰਚਲਤ ਵਿਆਖਿਆ ਵੀ ਹੈ।

ਅੱਗੇ ਦਾਸ ਅਪਣੀ ਤੁਛ ਬੁਧੀ ਅਨੁਸਾਰ ਗੁਰਮਤਿ ਦੀ ਰੋਸ਼ਨੀ ਵਿੱਚ ਇਸ ਸ਼ਬਦ ਦੇ ਭਾਵ ਅਰਥ ਕਰਨ ਦੀ ਨਿਮਾਨੀ ਜਿਹੀ ਕੋਸ਼ਿਸ਼ ਕਰੇਗਾ। ਆਸ ਹੈ ਪਾਠਕ ਸਹਿਜ ਭਾਉ ਨਾਲ ਗੌਰ ਕਰਨਗੇ। ਪਹਿਲੀ ਜ਼ਰੂਰੀ ਗੱਲ ਹੈ ਕਿ ‘ਭਗਤੀ` ਦੇ ਸਹੀ ਮਾਇਨੇ ਸਮਝਨ ਦੀ। ਸਾਡੀ ਉਲਝਨ ਇਹ ਹੈ ਕਿ ਅਸੀਂ ਗੁਰਬਾਣੀ ਵਿਚਾਰਦੇ ਸਮੇਂ ਸ਼ਬਦਾਂ ਦੇ ਅਰਥ ਉਹੀ ਲੈਂਦੇ ਹਾਂ ਜੋ ਨਾਨਕ ਸਾਹਿਬ ਤੋਂ ਪਹਿਲਾਂ ਪ੍ਰਚਲਿਤ ਸਨ ਤਾਂ ਹੀ ਭੁਲੇਖੇ ਪੈਦਾ ਹੁੰਦੇ ਹਨ। ਨਾਨਕ ਸਾਹਿਬ ਤੋਂ ਪਹਿਲਾਂ ‘ਰੱਬ` ਦਾ ਕੋਈ ਇੱਕ ਨਾਂ ਮਿੱਥ ਕੇ, ਸਮਾਧੀਆਂ ਲਾਕੇ, ਉਸ ਲਫਜ਼ ਦੇ ਰਟਨ ਨੂੰ ਹੀ ਭਗਤੀ ਸਮਝਿਆ, ਪ੍ਰਚਾਰਿਆ ਜਾਂਦਾ ਸੀ। ਉਸੇ ਤਰਜ਼ ਉਪਰ ਜ਼ਿਆਦਾਤਰ ਸਿੱਖ ਵਿਆਖਿਆਕਾਰਾਂ ਨੇ ਰੱਬ ਦਾ ਨਾਂ ‘ਵਾਹਿਗੁਰੂ` ਮਿੱਥ ਕੇ, ਉਸ ਦੇ ਅਲਗ ਅਲਗ ਤਰੀਕੇ ਰਟਨ ਨੂੰ ਸਿਮਰਨ ਦੱਸ ਕੇ ‘ਭਗਤੀ` ਦੇ ਨਾਂ ਹੇਠ ਪ੍ਰਚਾਰਿਆ। ਜੇ ਗੁਰਬਾਣੀ ਦੇ ਆਧਾਰ ਤੇ ਭਗਤੀ ਦੇ ਅਰਥ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਜਪੁ ਸਾਹਿਬ ਵਿੱਚ ਆਉਂਦਾ ਹੈ

ਵਿਣੁ ਗੁਣ ਕੀਤੇ ਭਗਤਿ ਨ ਹੋਇ”।। (ਜਪੁ ਸਾਹਿਬ)

ਸਪਸ਼ਟ ਹੈ ਚੰਗੇ ਗੁਣਾਂ ਨੂੰ ਧਾਰਨ ਕਰਨਾ ਹੀ ਭਗਤੀ ਹੈ। ਚੰਗੇ ਗੁਣਾਂ ਨੂੰ ਧਾਰਨ ਕਰਨ ਤੋਂ ਸਿਵਾ ਭਗਤੀ ਦੇ ਨਾਂ ਹੇਠ ਕੀਤਾ ਜਾਂਦਾ ਸਭ ਕੁੱਝ ਕਰਮਕਾਂਡ ਹੈ, ਭੁਲੇਖਾ ਹੈ। ਹੁਣ ਵਿਚਾਰਨਾ ਹੈ ਕਿ ਚੰਗੇ ਗੁਣ ਧਾਰਨ ਕਿਵੇਂ ਹੋਣਗੇ? ਉਸ ਦੇ ਲਈ ਸੱਚ ਦੇ ਗਿਆਨ (ਨਾਮ) ਨੂੰ ਸਮਝ ਵੀਚਾਰ ਕੇ ਉਸ ਅਨੁਸਾਰ ਅਪਣਾ ਜੀਵਨ ਬਣਾਉਣਾ ਪੈਂਦਾ ਹੈ। ਆਉ ਹੁਣ ਸ਼ਬਦ ਦੀ ਵਿਚਾਰ ਕਰੀਏ ਤਾਂ ਕਿ ਉਪਰ ਉਠੇ ਸਾਰੇ ਸੰਕਿਆਂ ਦੀ ਨਿਵਰਤੀ ਹੋ ਸਕੇ।

ਰਹਾਉ ਵਾਲੀ ਤੁਕ ਵਿੱਚ ਭਗਤ ਧੰਨਾ ਜੀ ਦਸਦੇ ਹਨ ਕਿ ਹੇ ਪ੍ਰਭੂ! ਮੈਂ ਤੇਰੇ ਦਰ ਦਾ ਮੰਗਤਾ ਹਾਂ, ਸੇਵਕ ਹਾਂ। ‘ਆਰਤਾ` ਦਾ ਇਥੇ ਮਤਲਬ ਹੈ ਸੇਵਕ, ਭਿਖਾਰੀ ਆਦਿ। ਜੋ ਮਨੁੱਖ ਸੱਚ ਦੇ ਗਿਆਨ (ਨਾਮ, ਹੁਕਮ) ਆਦਿ ਨੂੰ ਸਮਝ ਕੇ ਉਸ ਅਨੁਸਾਰ ਅਪਣੀ ਜੀਵਨ ਜਾਚ ਬਣਾਉਂਦੇ ਹਨ (ਭਗਤੀ ਕਰਦੇ ਹਨ) ਉਹਨਾਂ ਦੇ ਸਾਰੇ ਕੰਮ ਸੰਵਰ ਜਾਂਦੇ ਹਨ। ਕਾਰਨ ਉਹਨਾਂ ਵਿਚੋਂ ਸਾਰੇ ਵਿਕਾਰ ਨਿਕਲ ਜਾਂਦੇ ਹਨ, ਸੰਤੋਖ ਆ ਜਾਂਦਾ ਹੈ। ਉਹ ਹਮੇਸ਼ਾ ਸਹਿਜ ਅਵਸਥਾ ਵਿੱਚ ਰਹਿੰਦੇ ਹਨ। ਇੱਕ ਜ਼ਰੂਰੀ ਗੱਲ ਅਜਿਹੀ ਅਵਸਥਾ ਵਾਲੇ ਮਨੁਖਾਂ ਨੂੰ ਗੁਰਬਾਣੀ ਵਿੱਚ ‘ਜਨ` ਦੀ ਪਦਵੀ ਦਿਤੀ ਗਈ ਹੈ। ਸ਼ਬਦ ਦੇ ਬਾਕੀ ਬੰਦਾਂ ਵਿੱਚ ਭਗਤ ਜੀ ਦਸਦੇ ਹਨ ਕਿ ਕੋਈ ਰੱਬ ਕੋਲੋਂ ਖਾਨ ਪੀਨ ਦਾ ਸਮਾਨ (ਆਟਾ, ਦਾਲ, ਘਿਉ ਆਦਿ) ਮੰਗਦਾ ਹੈ। ਉਹਨਾਂ ਭਾਣੇ ਇਹਨਾਂ ਪਦਾਰਥਾਂ ਦੀ ਪ੍ਰਾਪਤੀ ਮਾਤਰ ਹੀ ਅਸਲੀ ਖੁਸ਼ੀ ਹੈ। ਕੁੱਝ ਲੋਗ ਰੱਬ ਕੋਲੋਂ ਚੰਗੇ ਪਹਿਰਾਵੇ (ਸੋਹਣੇ ਕਪੜੇ, ਚੰਗੀ ਜੁਤੀ ਆਦਿ) ਦੀ ਮੰਗ ਕਰਦੇ ਹਨ। ਕੋਈ ਲੋਗ ਰੱਬ ਕੋਲੋਂ ਅਨਾਜ ਦੀ ਮੰਗ ਕਰਦੇ ਹਨ। ਕਈ ਲੋਗ ਚੰਗੀ ਗਾਂ, ਮੱਝ ਆਦਿ ਮੰਗਦੇ ਹਨ। ਕੋਈ ਚੰਗੀ ਸਵਾਰੀ ਜਿਵੇਂ ਘੋੜੀ ਆਦਿ (ਅੱਜ ਕਲ ਕਾਰ, ਮੋਟਰ ਸਾਇਕਲ) ਮੰਗਦੇ ਹਨ। ਕੋਈ ਅਪਣੇ ਵਾਸਤੇ ਚੰਗੀ ਪਤਨੀ ਜਾਂ ਚੰਗੇ ਪਤੀ ਦੀ ਮੰਗ ਕਰਦਾ ਹੈ। ਮਤਲਬ ਹਰ ਕੋਈ ਅਪਣੀ ਲੋੜ ਦੇ ਹਿਸਾਬ ਨਾਲ ਰੱਬ ਕੋਲੋਂ ਮੰਗਾਂ ਮੰਗਦਾ ਹੈ। ਪਰ ਉਹ ਸਭ ਭੁਲੇਖੇ ਵਿੱਚ ਹਨ। ਇਹ ਸਭ ਪਦਾਰਥ ਦਾ ਪ੍ਰਭੂ ਦੇ ਬਣਾਏ ਅਟਲ ਨਿਯਮਾਂ ਅਨੁਸਾਰ ਹਰ ਇੱਕ ਨੂੰ, ਬਿਨਾ ਮੰਗਿਆਂ ਹੀ, ਅਪਣੇ ਆਪ ਮਿਲ ਰਹੇ ਹਨ। ਆਖਰੀ ਤੁਕ ਵਿੱਚ ਭਗਤ ਧੰਨਾ ਜੀ ਦਸਦੇ ਹਨ ਕਿ ਰੱਬ ਕੋਲੋਂ ਮੰਗਨ ਵਾਲੀ ਅਸਲ ਚੀਜ਼ ਕੀ ਹੈ? ਉਹ ਹੈ ‘ਜਨ` ਵਾਲੀ ਅਵਸਥਾ, ਸਹਿਜ ਅਵਸਥਾ, ਸੁਚੱਜੀ ਜੀਵਨ ਜਾਚ। ਧੰਨਾ ਜੀ ਕਹਿੰਦੇ ਹਨ ਕਿ ਅਸੀ ਪ੍ਰਭੂ ਕੋਲੋਂ ਬਸ ਇਹੀ ਸੁਚੱਜੀ ਜੀਵਨ ਜਾਚ ਹੀ ਮੰਗਦੇ ਹਾਂ।

ਵਾਪਿਸ ਪਰਤਦੇ ਹਾਂ ਅਪਣੇ ਮੁੱਖ ਵਿਸ਼ੇ ਪ੍ਰਚਲਿਤ ਸਿੱਖ ਆਰਤੀ ਵੱਲ। ਇਥੋਂ ਤੱਕ ਦੀ ‘ਆਰਤੀ` ਉਸ ਸਮੇਂ ਤੱਕ ਦੀ ਪ੍ਰਚਲਿਤ ਸਿੱਖ ਆਰਤੀ ਹੋਵੇਗੀ ਜਦੋਂ ਤੱਕ ਗੁਰਦੁਆਰਿਆਂ ਉਪਰ (ਹਮਦਰਦ ਬਣ ਕੇ) ਬ੍ਰਾਹਮਣਵਾਦੀ ਸੋਚ ਵਾਲੀ ਪੁਜਾਰੀ (ਅਨੇਕਾਂ ਨਾਵਾਂ ਹੇਠ) ਸ਼੍ਰੇਣੀ ਕਾਬਜ਼ ਹੋਣਾ ਸ਼ੁਰੂ ਹੋ ਗਈ ਸੀ। ਆਮ ਸਿੱਖ ਤਾਂ ਉਸ ਸਮੇਂ ਸਮਕਾਲੀ ਸਰਕਾਰਾਂ ਦੇ ਜ਼ਾਲਮ ਰਵੱਯੇ ਕਾਰਨ ਘਰ-ਘਾਟ ਛੱਡ ਕੇ ਜੰਗਲਾਂ, ਬੀਆਬਾਨਾਂ, ਪਹਾੜਾਂ ਆਦਿ ਵਿੱਚ ਰੁਪੋਸ਼ ਜ਼ਿੰਦਗੀ ਜੳਿੁਣ ਲਈ ਮਜ਼ਬੂਰ ਸੀ। ਇਸ ਮਜ਼ਬੂਰੀ ਦਾ ਪੂਰਾ ਫਾਇਦਾ ਇਸ ਬ੍ਰਾਹਮਣਵਾਦੀ ਪੁਜਾਰੀ ਸ਼੍ਰੇਣੀ ਨੇ ਉਠਾਇਆ। ਇਸੇ ਸਮੇਂ ਸਿੱਖ ਸਮਾਜ ਨੇ ਤੋਤਾਰਟਨੀਆਂ ਅਤੇ ਅੰਨ੍ਹੀ ਸ਼ਰਧਾ ਵਾਲੀ ਰੂਚੀ ਵੱਲ ਵਧਨਾ ਸ਼ੁਰੂ ਕੀਤਾ। ਇਸੀ ਦੌਰਾਨ ਬ੍ਰਾਹਮਣਵਾਦੀ (ਨਾਨਕਵਾਦ ਦੀ ਦੁਸ਼ਮਣ) ਸ਼ਕਤੀਆਂ ਵਲੋਂ ਸਿੱਖ ਸਮਾਜ ਦੇ ਵਿਹੜੇ ਵਿੱਚ ਖੰਡ ਵਿੱਚ ਲਪੇਟੇ ਜ਼ਹਿਰ ਵਾਂਗੂ ਬ੍ਰਾਹਮਣਵਾਦੀ ਲਿਖਤਾਂ ਸੁਟੀਆਂ ਗਈਆਂ। ਇਹੋ ਜਿਹੀ ਇੱਕ ਲਿਖਤ ਸੀ ‘ਬਚਿਤ੍ਰ ਨਾਟਕ` ਜਿਸ ਨੇ ਸਿੱਖ ਸਮਾਜ ਦੀ ਜੀਵਨ ਜਾਚ ਨੂੰ ਗੁਰਮਤਿ ਨਾਲੋਂ ਤੋੜਣ ਵਿੱਚ ਬਹੁਤ ਵੱਡਾ ਰੋਲ ਅਦਾ ਕੀਤਾ। ਇਸ ਨੂੰ ਦਸਵੇਂ ਨਾਨਕ ਜੀ ਦੀ ਰਚਨਾ ਕਹਿ ਕੇ ਪ੍ਰਚਾਰਿਆਂ ਗਿਆ। ਵਿਸ਼ਵਾਸ ਦਿਲਾਉਣ ਲਈ ਇਹ ਝੂਠਾ ਪ੍ਰਾਪੇਗੰਡਾ ਕੀਤਾ ਗਿਆ ਕਿ ਇਸ ਗ੍ਰੰਥ ਦਾ ਸੰਕਲਨ ਭਾਈ ਮਨੀ ਸਿੰਘ ਜੀ ਨੇ ਕੀਤਾ ਹੈ। ਨਾਲ ਹੀ ਅੰਨ੍ਹੀ ਸ਼ਰਧਾ ਦਾ ਫਾਇਦਾ ਉਠਾਉਣ ਖਾਤਿਰ ਇਸ ਦਾ ਨਾਂ ਬਦਲ ਕੇ ‘ਦਸਮ ਗ੍ਰੰਥ` ਰੱਖ ਦਿਤਾ ਗਿਆ।

ਗੱਲ ਚਲ ਰਹੀ ਸੀ ਪ੍ਰਚਲਿਤ ਆਰਤੀ ਦੀ। ਇਸ ਸਮੇਂ ਗੁਰਦੁਆਰਿਆਂ ਉਪਰ ਬ੍ਰਾਹਮਣਵਾਦੀ ਤਾਕਤਾਂ ਦੇ ਏਜੰਟ ‘ਪੁਜਾਰੀ` ਪੂਰੀ ਤਰਾਂ ਕਾਬਜ਼ ਹੋ ਗਏ ਸਨ। ਇਹਨਾਂ ਆਰਤੀ ਵਿਚਲੇ ਸ਼ਬਦਾਂ ਨਾਲ ਦਸਮ ਗ੍ਰੰਥ ਦੀਆਂ ਕੁੱਝ ਕੱਚੀਆਂ ਰਚਨਾਵਾਂ ਵੀ ਸ਼ਾਮਿਲ ਕਰ ਦਿਤੀਆਂ। ਇਹ ਰਚਨਾਵਾਂ ਹਨ: ਚੰਡੀ ਚਰਿਤ੍ਰ ਵਿਚੋਂ ਦੋ ਸਵੱਯੇ, ਕ੍ਰਿਸ਼ਨਾਅਵਤਾਰ ਦਾ ਇੱਕ ਬੰਦ, ਰਾਮਾ ਅਵਤਾਰ ਦਾ ਇੱਕ ਬੰਦ, ਪ੍ਰਚਲਿਤ ਨਿਤਨੇਮ ਵਿੱਚ ਬੇਨਤੀ ਚੌਪਈ ਤੋਂ ਬਾਅਦ ਪੜਿਆ ਜਾਂਦਾ ਇੱਕ ਦੋਹਰਾ, ਦਸਮ ਗ੍ਰੰਥ ਵਿਚੋਂ ਹੀ ਇੱਕ ਹੋਰ ਦੋਹਰਾ ਅਤੇ ਪ੍ਰਚਲਿਤ ਨਿਤਨੇਮ ਦੀ ਰਚਨਾ ‘ਜਾਪ` ਦਾ ਆਖਰੀ ਬੰਦ। ਜ਼ਰੂਰੀ ਨਹੀ ਕਿ ਦਸਮ ਗ੍ਰੰਥ ਦੀਆਂ ਇਹ ਕੱਚੀਆਂ ਰਚਨਾਵਾਂ ਇਕੋ ਸਮੇਂ ਹੀ ਪ੍ਰਚਲਿਤ ਆਰਤੀ ਨਾਲ ਜੋੜ ਦਿਤੀਆਂ ਗਈਆਂ ਹੋਣ। ਹੋ ਸਕਦਾ ਹੈ ਇਹ ਰਚਨਾਵਾਂ ਸਮੇਂ ਅਨੁਸਾਰ ਹੋਲੀ ਹੋਲੀ ਨਾਲ ਜੋੜੀਆਂ ਹੋਣ। ਜੋ ਵੀ ਹੈ ਇਤਨਾ ਤਾਂ ਸਪਸ਼ਟ ਹੈ ਕਿ ਇਹ ਰਚਨਾਵਾਂ ਗੁਰਮਤਿ ਦੀ ਖੰਡਨਾ ਕਰਨ ਵਾਲੀਆਂ ਹਨ। ਇਹਨਾਂ ਦੀ ਵਾਰੀ ਵਾਰੀ ਸੰਖੇਪ ਵਿਚਾਰ ਕਰ ਲੈਣੀ ਵੀ ਗੈਰ ਵਾਜ਼ਿਬ ਨਹੀ ਹੋਵੇਗੀ।

੧. ਪਹਿਲੇ ਦੋ ਸਵੱਯੇ ਚੰਡੀ ਚਰਿਤ੍ਰ ਨਾਮਕ ਰਚਨਾ ਵਿਚੋਂ ਹਨ। ਇਹ ਹਨ।

(ਉ) ‘ਯਾਤੇ ਪ੍ਰਸੰਨਿ ਭਏ ਹੈ ਮਹਾਮੁਨਿ ਦੇਵਨ ਕੇ ਤਪ ਮੈ ਸੁਖ ਪਾਵੈਂ।।

ਝਗ ਕਰੈ ਇੱਕ ਬੇਦ ਰਰੈ ਭਵਤਾਪ ਹਰੈ ਮਿਲਿ ਧਿਆਨਹਿ ਲਾਵੈਂ।।

ਝਾਲਰ ਤਾਲ ਮ੍ਰਿਦੰਗ ਉਪੰਗ ਰਬਾਬ ਲੀਏ ਸੁਰ ਸਾਜ ਮਿਲਾਵੈਂ।।

ਕਿੰਨਰ ਗੰਧ੍ਰਬ ਗਾਨ ਕਰੈ ਗਨਿ ਜੱਛ ਅਪੱਛਰ ਨਿਰਤ ਦਿਖਾਵੈਂ।। `

(ਅ) ‘ਸੰਖਨ ਕੀ ਧੁਨਿ ਘੰਟਨਿ ਕੀ ਕਰਿ ਫੂਲਨ ਕੀ ਬਰਖਾ ਬਰਖਾਵੈ।।

ਆਰਤੀ ਕੋਟ ਕਰੈ ਸੁਰ ਸੁੰਦਰ ਪੇਖ ਪੁਰੰਦਰ ਕੇ ਬਲਿ ਜਾਵੈਂ।।

ਦਾਨਤ ਦੱਛਨ ਦੈ ਕੇ ਪ੍ਰਦੱਛਨ ਭਾਲ ਮੈ ਕੁੰਕਮ ਅੱਛਤ ਲਾਵੈਂ।।

ਹੋਤ ਕੁਲਾਹਲ ਦੇਵਪੁਰੀ ਮਿਲਿ ਦੇਵਨ ਕੇ ਕੁਲਿ ਮੰਗਲਿ ਗਾਵੈਂ।। `

ਚੰਡੀ ਚਰਿਤ੍ਰ ਵਿੱਚ ਮਿਥਿਹਾਸਕ ਦੇਵੀ ਦੁਰਗਾ ਦੇ ਦੈਂਤਾ ਨਾਲ ਜੁਧ ਦਾ ਵਰਨਣ ਹੈ। ਇਹ ਰਚਨਾ ਪੂਰੀ ਤਰਾਂ ਗੁਰਮੱਤਿ ਵਿਰੋਧੀ ਹੈ। ਵਿਚਾਰ ਅਧੀਨ ਸਵੱਯੇ ਇਸ ਮਿਥਿਹਾਸਕ ਕਥਾ ਅਨੁਸਾਰ ਉਸ ਸਮੇਂ ਦਾ ਵਰਨਣ ਕਰਦੇ ਹਨ ਜਦੋਂ ਦੁਰਗਾ ਨੇ ਮਹਿਂਖਾਸੁਰ ਦੈਂਤ ਨੂੰ ਮਾਰ ਕੇ ਇੰਦਰ ਨੂੰ ਦੁਬਾਰਾ ਰਾਜ ਗੱਦੀ ਦਾ ਤਿਲਕ ਲਗਾਇਆ। ਉਸ ਵੇਲੇ ਦੇਵਤਿਆਂ ਵਲੋਂ ਖੁਸ਼ੀਆਂ ਮਨਾਈਆਂ ਗਈਆਂ, ਨਿਰਤ ਕੀਤੇ ਗਏ। ਨਾਲ ਹੀ ਦੇਵਤਿਆਂ ਵਲੋਂ ਦੁਰਗਾ ਦੇਵੀਂ ਦੀ ਆਰਤੀ ਉਤਾਰੀ ਗਈ। ਇਹ ਦੋਵੇਂ ਸਵੱਯੇ ਦੇਵੀ ਪੂਜਾ ਨਾਲ ਸੰਬੰਧਿਤ ਹਨ ਜਿਸ ਦਾ ਗੁਰਮਤਿ ਨਾਲ ਕੋਈ ਦੂਰ ਦਾ ਵੀ ਲੈਣਾ ਦੇਣਾ ਨਹੀਂ ਹੈ। ਗੁਰਮਤਿ ਦੀ ਕਸਵੱਟੀ ਤੇ ਪਰਖਿਆਂ ਦੋਨੋਂ ਸਵੱਯੇ ਗੁਰਮਤਿ ਤੋਂ ਉਲਟ ਸਾਬਿਤ ਹੁੰਦੇ ਹਨ। ਵੈਸੇ ਤਾਂ ਪੂਰਾ ਚੰਡੀ ਚਰਿਤ੍ਰ (ਦਸਮ ਗ੍ਰੰਥ ਦੀਆਂ ਬਾਕੀ ਰਚਨਾਵਾਂ ਵਾਂਗੂ) ਹੀ ਗੁਰਮਤਿ ਦੇ ਉਲਟ ਹੈ। ਗੁਰਬਾਣੀ ਐਸੇ ਦੇਵੀ ਦੇਵਤਿਆਂ ਬਾਰੇ ਸਮਝਾਉਂਦੀ ਹੈ

ਦੇਵੀ ਦੇਵਾ ਮੂਲਿ ਹੈ ਮਾਇਆ”।।

“ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ।।

ਪਾਹਣੁ ਨੀਰਿ ਪਖਾਲੀਐ ਭਾਈ ਜਲ ਮਹਿ ਬੂਡਹਿ ਤੇਹਿ”।।

ਭਾਵ ਇਹਨਾਂ ਦੇਵੀ ਦੇਵਤਿਆਂ ਦੀ (ਕਾਲਪਨਿਕ) ਉਤਪਤੀ ਮਨੁੱਖ ਦੇ ਲਾਲਚ, ਡਰ ਆਦਿਕ ਮਾਇਆ ਕਾਰਨ ਹੋਈ ਹੈ ਅਤੇ ਇਹਨਾਂ ਦੀ ਪੂਜਾ ਪਾਣੀ ਉਤੇ ਪੱਥਰ ਤਰਾਉਣ ਦੀ ਕੋਸ਼ਿਸ਼ ਵਰਗਾ ਵਿਅਰਥ ਕੰਮ ਹੈ।

੨. ਉਸ ਤੋਂ ਬਾਅਦ ਦਸਮ ਗ੍ਰੰਥ ਦੀ ਇੱਕ ਰਚਨਾ ਚੌਬੀਸ ਅਵਤਾਰ ਦੇ ਭਾਗ ‘ਕ੍ਰਿਸ਼ਨਾਵਤਾਰ` ਵਿਚੋਂ ਲਿਆ ਇੱਕ ਬੰਦ ਹੈ। ਉਹ ਹੈ

‘ਹੇ ਰਵਿ ਹੇ ਸਸਿ ਹੇ ਕਰੁਣਾਨਿਧ ਮੇਰੀ ਅਬੈ ਬਿਨਤੀ ਸੁਨ ਲੀਜੈ।।

ਔਰ ਨ ਮਾਂਗਤ ਹਉ ਤੁਮ ਤੇ ਕਛੁ ਚਾਹਤ ਹੋਂ ਚਿਤ ਮੈਂ ਸੋਈ ਕੀਜੈ।।

ਸ਼ਸਤ੍ਰਨ ਸੋਂ ਅਤਿ ਰਣ ਭੀਤਰ ਜੁਝ ਮਰੋਂ ਤਊ ਸਾਚ ਪਤੀਜੈ।।

ਸੰਤ ਸਹਾਇ ਸਦਾ ਜਗ ਮਾਇ ਕਿਰਪਾ ਕਰ ਸਯਾਮ ਇਹੈ ਬਰ ਦੀਜੈ।। `

ਇਹ ਕਵੀ ਸਯਾਮ ਦੀ ਰਚਨਾ ਹੈ। ਕ੍ਰਿਸ਼ਨਾਵਤਾਰ ਕਵੀ ਸਯਾਮ ਦੀ ਰਚਨਾ ਹੈ ਜਿਸ ਵਿੱਚ ਅਸ਼ਲੀਲਤਾ ਅਤੇ ਬ੍ਰਾਹਮਣਵਾਦੀ ਅੰਸ਼ ਬਹੁਤ ਭਾਰੂ ਹਨ। ਕਵੀ ਸਯਾਮ ਚੰਡੀ ਅਤੇ ਮਹਾਂ ਕਾਲ ਦਾ ਪੁਜਾਰੀ ਸਾਕਤ ਮੱਤ ਦਾ ਕਵੀ ਸੀ। ਇਸ ਵਿੱਚ ਵੀ ਚੰਡੀ ਨੂੰ ਜਗਤ ਮਾਤਾ ਦੱਸ ਕੇ ਉਸ ਤੋਂ ਵਰ ਮੰਗ ਰਿਹਾ ਹੈ। ਜੋ ਗੁਰਮਤਿ ਸਿਧਾਂਤਾਂ ਦੀ ਸ਼ਰੇਆਮ ਵਿਰੋਧਤਾ ਹੈ। ਸਿਰਫ ਜੁਧ ਵਿੱਚ ਜੁਝਨ ਵਾਲੀ ਗੱਲ ਪੜ ਕੇ ਕੁੱਝ ਭੁਲੜ ਤੇ ਨਾਸਮਝ ਵੀਰ ਇਸ ਦੇ ਗੁਰਮਤਿ ਅਨੁਸਾਰੀ ਹੋਣ ਦਾ ਭੁਲੇਖਾ ਖਾ ਲੈਂਦੇ ਹਨ।

੩. ਉਸ ਤੋਂ ਅਗਲਾ ਸਵੈਯਾ ਚੌਬੀਸ ਅਵਤਾਰ ਦੀ ਇੱਕ ਭਾਗ ‘ਰਾਮ ਅਵਤਾਰ` ਵਿਚੋਂ ਲਿਆ ਗਿਆ ਹੈ। ਇਹ ਵੀ ਕਵੀ ਸਯਾਮ ਦੀ ਰਚਨਾ ਹੈ। ਇਹ ਸਵੈਯਾ ਪੰਥ ਦੀ ਨਾਸਮਝੀ, ਅਨਗਹਿਲੀ ਜਾਂ ਮਜ਼ਬੂਰੀਆਂ ਕਾਰਨ ‘ਸਿੱਖ ਰਹਿਤ ਮਰਿਯਾਦਾ` ਬਣਾਉਣ ਵੇਲੇ ਨਿਤਨੇਮ ਦਾ ਹਿੱਸਾ ਰਹਿਣ ਦਿਤਾ ਗਿਆ। ਉਪਰੀ ਨਜ਼ਰ ਨਾਲ ਵੇਖਿਆਂ ਇਸ ਦੇ ਅਰਥ ਗੁਰਮਤਿ ਅਨੁਸਾਰੀ ਲਗਦੇ ਹਨ। ਪਰ ਜੇ ਪੁਰੀ ਰਚਨਾ (ਜਿਸ ਵਿਚੋਂ ਇਹ ਲਿਆ ਗਿਆ ਹੈ) ਵਿਚਾਰੀਏ ਤਾਂ ਇਹ ਗੁਰਮਤਿ ਤੋਂ ਉਲਟ ਸਾਬਿਤ ਹੋ ਜਾਂਦਾ ਹੈ। ਇਹ ਸਵੈਯਾ ਹੈ

‘ਪਾਇ ਗਹੇ ਜਬ ਦੇ ਤੁਮਰੇ ਤਬ ਤੇ ਕੋਊ ਆਂਖ ਤਰੇ ਨਹੀਂ ਆਨਯੋ।।

ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈਂ ਮਤ ਏਕ ਨ ਮਾਨਯੋ।।

ਸਿੰਮ੍ਰਿਤ ਸਾਸਤ੍ਰ ਬੇਦ ਸਬੈ ਬਹੁ ਭੇਦ ਕਹੈ ਹਮ ਏਕ ਨ ਜਾਨਯੋ।।

ਸ੍ਰੀ ਅਸਪਾਨ ਕ੍ਰਿਪਾ ਤੁਮਰੀ ਕਰਿ ਮੈ ਨ ਕਹਯੋ ਸਭ ਤੋਹਿ ਬਖਾਨਯੋ।। `

ਅਸਲ ਗੱਲ ਹੈ ਕਿ ਬ੍ਰਾਹਮਨੀ ਮੱਤ ਵਿੱਚ ਬਹੁਤ ਵਿਰੋਧਾਭਾਸ ਹੈ। ਉਹਨਾਂ ਦੇ ਫਿਰਕੇ ਵੀ ਅਨੇਕਾਂ ਹਨ। ਹਰ ਇੱਕ ਫਿਰਕੇ ਦਾ ਮੁੱਖ ਇਸ਼ਟ ਵੀ ਅਲਗ ਅਲਗ ਹਨ। ਜਦ ਕੋਈ ਇੱਕ ਫਿਰਕੇ ਨਾਲ ਸੰਬੰਧਿਤ ਕਵੀ ਲਿਖਦਾ ਹੈ ਤਾਂ ਉਹ ਅਪਣੇ ‘ਇਸ਼ਟ` ਨੂੰ ਸਰਬ ਸ਼ਕਤੀਮਾਨ ਦਸਦਾ ਹੈ ਅਤੇ ਬਾਕੀ ਮਿਥਹਾਸਿਕ ਦੇਵੀ ਦੇਵਤਿਆਂ, ਅਵਤਾਰਾਂ ਨੂੰ ਨਖਿੱਧ ਜਾਂ ਤੁੱਛ ਵਿਖਾਉਣ ਦੀ ਕੋਸ਼ਿਸ਼ ਕਰਦਾ ਹੈ। ਸਯਾਮ ਕਵੀ ਮਹਾਂ ਕਾਲ ਦਾ ਉਪਾਸਕ ਹੈ। ਤਾਂ ਹੀ ਇਸ ਸਵੱਯੇ ਵਿੱਚ ਉਸਨੇ ਮਹਾਂ ਕਾਲ ਦੇ ਖੜਗ ਧਾਰੀ ਸਰੂਪ ਨੂੰ ਬਾਕੀ ਦੇਵਤਿਆਂ, ਅਵਤਾਰਾਂ ਤੋਂ ਸ਼੍ਰੋਮਣੀ ਦਸਿਆ ਹੈ। ਨਿਤਨੇਮ ਦਾ ਹਿੱਸਾ ਬਣ ਜਾਨ ਕਾਰਨ ਧੱਕੇ ਨਾਲ ਹੀ ਜ਼ਿਆਦਾਤਰ ਵਿਆਖਿਆਕਾਰਾਂ ਨੇ ਇਥੇ ‘ਅਸਿਪਾਨ` ਦਾ ਮਾਇਨਾ ‘ਵਾਹਿਗੁਰੂ` ਕਰ ਦਿਤਾ ਹੈ।

੪. ਇਸ ਤੋਂ ਅੱਗੇ ਦਸਮ ਗ੍ਰੰਥ ਦਾ ਹੀ ਇੱਕ ਦੋਹਰਾ ਦਰਜ ਕੀਤਾ ਗਿਆ ਹੈ ਜੋ ਪ੍ਰਚਲਿਤ ਨਿਤਨੇਮ ਵਿੱਚ ਬੇਨਤੀ ਚੌਪਈ ਤੋਂ ਬਾਅਦ ਉਪਰ ਵਾਲੇ ਸਵੱਯੇ (ਪਾਇ ਗਏ ਜਬ ਤੇ ਤੁਮਰੇ) ਤੋਂ ਬਾਅਦ ਪੜਿਆ ਜਾਂਦਾ ਹੈ। ਇਹ ਦੋਹਰਾ ਹੈ

‘ਸਗਲ ਦੁਆਰ ਕੋ ਛਾਡਿ ਕੇ ਗਹਿਉ ਤੁਹਾਰੋ ਦੁਆਰ।।

ਬਾਂਹਿ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ।। `

ਨਾਲ ਹੀ ਦਸਮ ਗ੍ਰੰਥ ਦਾ ਹੀ ਇੱਕ ਦੋਹਰਾ ਹੋਰ ਵੀ ਜੋੜਿਆ ਗਿਆ ਹੈ। ਉਹ ਹੈ

‘ਐਸੇ ਚੰਡ ਪ੍ਰਤਾਪ ਤੇ ਦੇਵਨਿ ਬਡਿਉ ਪ੍ਰਤਾਪ।।

ਤੀਨ ਲੋਕ ਜੈ ਜੈ ਕਰੇ ਰਰੈ ਨਾਮ ਸਤਿ ਜਾਪਿ।। `

ਇਥੇ ਪਹਿਲੇ ਦੋਹੇ ਵਿੱਚ ਕਵੀ ਨੇ ਭੁਲੇਖਾ ਪਾਉਣ ਵਾਸਤੇ ‘ਗੋਬਿੰਦ` ਪਦ ਵਰਤ ਲਿਆ ਹੈ ਤਾਂ ਕਿ ਇਹ ਦਸਵੇਂ ਪਾਤਸ਼ਾਹ ਦੀ ਰਚਨਾ ਜਾਪੇ। ਦੂਜੇ ਦੋਹੇ ਵਿੱਚ ਫਿਰ ਉਹੀ ਦੇਵੀ ਦੇਵਤਿਆਂ ਵਲੋਂ ਜੈ ਜੈ ਕਾਰ ਦਾ ਜ਼ਿਕਰ ਹੈ ਜੋ ਗੁਰਮਤਿ ਸਿਧਾਂਤਾਂ ਦੇ ਉਲਟ ਹੈ।

੫. ਪ੍ਰਚਲਿਤ ਆਰਤੀ ਦੇ ਅੰਤ ਵਿੱਚ ਜੋੜਿਆ ਗਿਆ ਬੰਦ ਦਸਮ ਗ੍ਰੰਥ ਦੀ ਇੱਕ ਰਚਨਾ ‘ਜਾਪ` (ਜੋ ਪ੍ਰਚਲਿਤ ਨਿਤਨੇਮ ਦਾ ਵੀ ਹਿੱਸਾ ਹੈ। ਇਹ ਬੰਦ ਹੈ

“ਚਤ੍ਰ ਚਕ੍ਰ ਵਰਤੀ ਚਤ੍ਰ ਚਕ੍ਰ ਭੁਗਤੇ।। ਸੁਯੰਭਵ ਸੁਭੰ ਸਰਬ ਦਾ ਸਰਬ ਜੁਗਤੇ।।

ਦੁਕਾਲੰ ਪ੍ਰਣਾਸੀ ਦਇਆਲੰ ਸਰੂਪੇ।। ਸਦਾ ਅੰਗ ਸੰਗੇ ਅਭੰਗੰ ਬਿਭੁਤੇ”।।

ਤੱਤ ਗੁਰਮਤਿ ਨਾਲ ਸੰਬੰਧਿਤ ਕਈ ਲੇਖਕਾਂ ਨੇ ਦਲੀਲਾਂ ਅਤੇ ਖੋਜ ਨਾਲ ਇਹ ਸਾਬਿਤ ਕਰ ਦਿਤਾ ਹੈ ਕਿ ਦਸਮ ਗ੍ਰੰਥ ਦੀ ਕੋਈ ਵੀ ਰਚਨਾ ਗੁਰੂ ਕ੍ਰਿਤ ਨਹੀਂ ਹੈ। ਨਾਲ ਹੀ ਦਸਮ ਗ੍ਰੰਥ ਦੀ ਦੀਆਂ ੯੯% ਰਚਨਾਵਾਂ ਗੁਰਮਤਿ ਸਿਧਾਂਤਾਂ ਤੋਂ ਉਲਟ ਹਨ। ਦਿਲਚਸਪ ਗੱਲ ਇਹ ਹੈ ਕਿ ਜਿਥੇ ਦਸਮ ਗ੍ਰੰਥ ਦੇ ਰਚਨਹਾਰਿਆਂ ਨੇ ਇਸ ਨੂੰ ‘ਗੁਰੂ ਗੁਰੂ ਗ੍ਰੰਥ` ਜੀ ਦੇ ਬਰਾਬਰ ਸਾਈਜ਼ ਦੇ ਦਿਤਾ (ਗੁਰੂ ਗ੍ਰੰਥ – ੧੪੨੮ ਪੰਨੇ ਆਖਰੀ ਦੋ ਪੰਨੇ ਰਾਗਮਾਲਾ ਹੈ ਜੋ ਗੁਰਬਾਣੀ ਨਹੀ ਹੈ ਦਸਮ ਗ੍ਰੰਥ -੧੪੨੮ ਪੰਨੇ)। ਉਸੀ ਤਰਜ਼ ਤੇ ਇਸ ਪ੍ਰਚਲਿਤ ਆਰਤੀ ਵਿੱਚ ਵੀ ਗੁਰੂ ਗ੍ਰੰਥ ਸਾਹਿਬ (ਸੱਚੀ ਬਾਣੀ) ਅਤੇ ਦਸਮ ਗ੍ਰੰਥ (ਕੱਚੀ ਬਾਣੀ) ਦਾ ਵੀ ਸਾਈਜ਼ ਕਰੀਬ ਕਰੀਬ ਬਰਾਬਰ ਹੀ ਹੈ।

ਉਪਰੋਕਤ ਵਿਚਾਰ ਉਪਰੰਤ ਸਪਸ਼ਟ ਹੋ ਗਿਆ ਕਿ ਇਸ ਪ੍ਰਚਲਿਤ ਸਿੱਖ ਆਰਤੀ ਵਿੱਚ ਵਰਤੇ ਜਾਂਦੇ ਦਸਮ ਗ੍ਰੰਥ ਦੇ ਪਦ ਗੁਰਮਤਿ ਸਿਧਾਂਤਾਂ ਦੇ ਖਿਲਾਫ ਹਨ। ਹੋ ਸਕਦਾ ਹੈ ਇਸ ਮਿਲਾਵਟ ਦੇ ਵਿਰੁਧ ਕੁੱਝ ਅਵਾਜ਼ਾਂ ਉਠੀਆਂ ਹੋਵਨ ਪਰ ਵਿਰੋਧ ਸ਼ਾਇਦ ਬਹੁਤ ਤਿੱਖਾ ਨਹੀਂ ਸੀ। ਕਾਰਨ ਗੁਰ ਅਸਥਾਨਾਂ ਤੇ ਕਾਬਜ਼ ਬ੍ਰਾਹਨਵਾਦੀ ਸੋਚ ਪੁਜਾਰੀਆਂ ਸੋਚ ਵਾਲੇ ਪੁਜਾਰੀਆਂ ਨੇ ਆਮ ਸਿੱਖਾਂ ਨੂੰ ਗੁਰਬਾਣੀ ਵਿਚਾਰ ਤੋਂ ਹਟਾ ਕੇ ਤੋਤਾ ਰਟਨੀਆਂ, ਗੁਰਮਤਿ ਵਿਰੋਧੀ ਕਰਾਮਾਤੀ ਸਾਖੀਆਂ ਦੀ ਕਥਾ ਅਤੇ ਅੰਨ੍ਹੀ ਸ਼ਰਧਾ ਆਦਿ ਦੇ ਜਾਲ ਵਿੱਚ ਫਸਾ ਦਿਤਾ ਸੀ। ਬਾਕੀ ਰਹਿੰਦੀ ਸਹਿੰਦੀ ਕਸਰ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ (ਕਹਿਲਾਉਂਦੇ) ਰਾਜ ਵੇਲੇ ਪੂਰੀ ਹੋ ਗਈ। ਉਸਨੇ ਖਾਲਸਾਈ ਰਵਾਇਤਾਂ ਅਪਨਾਉਣ ਦੀ ਥਾਂ ਬ੍ਰਾਹਮਨਵਾਦੀ ਸੋਚ ਵਾਲੇ ਲੋਕਾਂ ਨੂੰ ਆਪਣੇ ਸਲਾਹਕਾਰ ਨਿਯੁਕਤ ਕਰ ਲਿਆ ਸੀ ਜਿਸ ਦਾ ਇੱਕ ਵੱਡਾ ਕਾਰਨ ਪੁਤਰ ਮੋਹ ਸੀ। ਤਾਂ ਹੀ ਉਸ ਸਮੇਂ ਤੱਕ ਸਿੱਖ ਸਮਾਜ ਦਾ ਸਿਧਾਂਤਕ ਪੱਧਰ ਇਤਨਾ ਗਿਰ ਗਿਆ ਸੀ ਕਿ ਆਮ ਕੇਸਾਧਾਰੀ ਹਿੰਦੂ ਦਾ ਹੀ ਰੂਪ ਸੀ। ਵਿਆਹ ਵੇਲੇ ਬੇਦੀ ਦੇ ਫੇਰੇ ਲਏ ਜਾਂਦੇ ਸਨ। ਸਿੱਖਾਂ ਵਿੱਚ ਸਾਰੇ ਬ੍ਰਾਹਮਨੀ ਕਰਮਕਾਂਡ ਅਤੇ ਅੰਧ ਵਿਸ਼ਵਾਸ ਪ੍ਰਚਲਿਤ ਹੋ ਚੁਕੇ ਸਨ। ਇਹ ਵੀ ਕਿਹਾ ਜਾਂਦਾ ਸੀ ਕਿ ਮਹਾਰਾਜਾ ਆਪ ਹਰ ਕੰਮ ਜੋਤਸ਼ੀ ਦੀ ਸਲਾਹ ਲੈ ਕੇ ਕਰਦਾ ਸੀ।

ਸਿੱਖ ਭੇਖ ਵਾਲੇ ਬ੍ਰਾਹਮਨਵਾਦੀ ਪੁਜਾਰੀਆਂ ਨੇ ਜਦ ਵੇਖਿਆ ਕਿ ਪ੍ਰਚਲਿਤ ਆਰਤੀ ਵਿੱਚ ਕੱਚੀਆਂ ਰਚਨਾਵਾਂ ਰਲਾਉਣ ਤੇ ਵੀ ਜ਼ਿਆਦਾ ਵਿਰੋਧ ਨਹੀ ਹੋਇਆ ਤਾਂ ਉਹਨਾਂ ਦੇ ਹੌਸਲੇ ਬਹੁਤ ਵੱਧ ਗਏ। ਹੁਣ ਉਹਨਾਂ ਨੇ ਅਗਲਾ ‘ਸਿਧਾਂਤ ਮਾਰੂ` ਕਦਮ ਚੁਕਿਆ। ਉਹਨਾਂ ਨੇ ਸ਼ਾਮ ਵੇਲੇ ਪ੍ਰਚਲਿਤ ਆਰਤੀ ਕਰਦੇ ਸਮੇਂ ਟੱਲ ਖੜਕਾ ਕੇ, ਦੀਵੇ ਬਾਲ ਕੇ, ਕੇਸਰ ਆਦਿ ਦਾ ਟਿੱਕਾ ਲਾ ਕੇ, ਥਾਲ ਘੁਮਾ ਕੇ, ਫੁਲਾਂ ਦੀ ਬਰਖਾ ਆਦਿ ਰਾਹੀਂ ‘ਆਰਤੀ` ਕਰਨੀ ਸ਼ੁਰੂ ਕਰ ਦਿਤੀ ਗਈ। ਗੁਰਦੁਆਰੇ ਨੂੰ ਬ੍ਰਾਹਮਨੀ ਮੰਦਿਰ ਦਾ ਰੂਪ ਦੇ ਦਿਤਾ ਗਿਆ। ਆਮ ਸਿੱਖ ਤਾਂ ਤੋਤਾ ਰਟਨੀਆਂ, ਅੰਨ੍ਹੀ ਸ਼ਰਧਾ ਦੀ ਨੀਂਦਰ ਸੁਤਾ ਪਿਆ ਸੀ (ਹੁਣ ਵੀ ਸੁਤਾ ਪਿਆ ਹੈ)। ਜਿਸ ਆਰਤੀ ਖੰਡਨ ਵਾਲੇ ਸ਼ਬਦ ਰਾਹੀ ਬ੍ਰਾਹਮਨੀ ਆਰਤੀ ਦਾ ਖੰਡਨ ਦ੍ਰਿੜ ਕਰਵਾਇਆ ਗਿਆ ਸੀ ਉਸੇ ਸ਼ਬਦ ਨੂੰ ਪੜਦੇ ਹੋਏ ਆਮ ਸਿੱਖ ਉਹੀ ਬ੍ਰਾਹਮਨੀ ਆਰਤੀ ਕਰਨ ਲਗ ਪਿਆ। ਇਸ ਤੋਂ ਵੱਡਾ ਧ੍ਰੋਹ ਗੁਰੂ ਨਾਲ ਹੋਰ ਕੀ ਹੋ ਸਕਦਾ ਹੈ? ਹਾਲਾਤ ਇਥੋਂ ਤੱਕ ਬੱਦਤਰ ਹੋ ਗਏ ਕਿ ਸਮੇਤ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਜ਼ਿਆਦਾਤਰ ਗੁਰਦੁਆਰਿਆਂ ਵਿੱਚ ਦੇਵੀ ਦੇਵਤਿਆਂ ਦੀ ਮੂਰਤੀਆਂ ਰੱਖ ਕੇ ਪੂਜਾ ਸ਼ੁਰੂ ਕਰ ਦਿਤੀ ਗਈ। ਸਿੱਖ ਸਮਾਜ ਵਾਪਿਸ ਉਸੀ ਹਾਲਤ ਵਿੱਚ ਪਹੂੰਚ ਗਿਆ ਜਿਥੋਂ ਨਾਨਕ ਸਾਹਿਬ ਨੇ ਸ਼ੁਰੂ ਕੀਤਾ ਸੀ।

ਪਹਿਲੀ ਵਾਰੀ ਨਿਰੰਕਾਰੀ ਲਹਿਰ ਰਾਹੀਂ ਬਾਬਾ ਦਿਆਲ ਜੀ ਨੇ ਇਸ ਸਿਧਾਂਤਕ ਗਿਰਾਵਟ ਨੂੰ ਠੱਲ ਪਾਉਣ ਦੀ ਹਿੰਮਤ ਕੀਤੀ। ਪਰ ਪੁਜਾਰੀਆਂ ਅਤੇ ਅਗਿਆਨ ਕਾਰਨ ਅੰਨ੍ਹੇ ਹੋਏ ਆਮ ਸਿੱਖਾਂ ਨੇ ਉਹਨਾਂ ਦਾ ਬਾਈਕਾਟ ਕੀਤਾ। ਨਾਲ ਹੀ ਸਿੱਖ ਵਿਰੋਧੀ ਸ਼ਕਤੀਆਂ ਦੀ ਸਾਜਿਸ਼ਾਂ ਕਾਰਨ ਇਹ ਲਹਿਰ ਵੀ ਕੁੱਝ ਸਮੇਂ ਬਾਅਦ ਸਿਧਾਂਤਾਂ ਤੋਂ ਟੁਟ ਕੇ ਦੇਹਧਾਰੀ ਗੁਰੂਡੰਮ ਦੇ ਖਾਰੇ ਸਮੁੰਦਰ ਵਿੱਚ ਗਰਕ ਹੋ ਗਈ। ਦੁਜਾ ਵੱਡਾ ਜਤਨ ਸਿੰਘ ਸਭਾ ਲਹਿਰ ਵੇਲੇ ਹੋਇਆ। ਇਸ ਲਹਿਰ ਵਲੋਂ ਸਿਧਾਂਤਕ ਦ੍ਰਿੜਤਾ ਵਾਸਤੇ ਕਾਫੀ ਕੰਮ ਕੀਤਾ ਗਿਆ। ਪਰ ਪੁਜਾਰੀਆਂ ਅਤੇ ਉਹਨਾਂ ਦੇ ਹਥਠੋਕਿਆਂ ਨੇ ਇਹਨਾਂ ਵਿਚੋਂ ਕੁੱਝ ਵਿਦਵਾਨਾਂ ਦੇ ਬਾਈਕਾਟ (ਛੇਕਨ) ਦਾ ਡਰਾਮਾ ਕੀਤਾ। ਇਸ ਲਹਿਰ ਦਾ ਮੁੱਖ ਕੰਮ ਇਹ ਸੀ ਕਿ ਇਹਨਾਂ ਨੇ ਜ਼ਿਆਦਾਤਰ ਗੁਰਦੁਆਰਿਆਂ ਵਿਚੋਂ ਮੂਰਤੀਆਂ ਚੁਕਵਾ ਦਿਤੀਆਂ। ਨਾਲ ਹੀ ਜ਼ਿਆਦਾਤਰ ਗੁਰਦੁਆਰਿਆਂ ਵਿਚੋਂ ਥਾਲ ਘੁਮਾ ਕੇ ਕੀਤੀ ਜਾਂਦੀ ਆਰਤੀ ਬੰਦ ਕਰਵਾ ਦਿਤੀ। ਪਰ ਕਈਂ ਡੇਰੇਦਾਰਾਂ ਅਤੇ ਪੰਜਾਬ ਤੋਂ ਦੂਰ ਗੁਰਦੁਆਰਿਆਂ (ਹਜ਼ੂਰ ਅਤੇ ਪਟਨਾ ਸਾਹਿਬ ਆਦਿ) ਨੇ ਬ੍ਰਾਹਮਨਵਾਦੀ ਪ੍ਰਭਾਵ ਕਾਰਨ ਇਸ ਕਰਮਕਾਂਡੀ ਮਨਮੱਤ ਨੂੰ ਨਹੀਂ ਤਿਆਗਿਆ। ਦੁਜੀ ਗੱਲ ਸਿੰਘ ਸਭਾ ਲਹਿਰ ਵੇਲੇ ਬੇਸ਼ਕ ਥਾਲ ਘੁਮਾ ਕੇ ਆਰਤੀ ਕਰਨਾ ਬੰਦ ਹੋ ਗਿਆ ਪਰ ਕੱਚੀਆਂ ਰਚਨਾਵਾਂ ਦੀ ਮਿਲਾਵਟ ਵਾਲੀ ਆਰਤੀ ਪੜਨਾ ਬੰਦ ਨਹੀਂ ਹੋਇਆ। ਅੱਜ ਵੀ ੯੫% ਗੁਰਦੁਆਰਿਆਂ (ਸਮੇਤ ਕਈ ਇਤਿਹਾਸਕ ਗੁਰਦੁਆਰਿਆਂ ਦੇ) ਇਹ ਮਿਲਗੋਭਾ ‘ਆਰਤੀ` ਬੇਰੋਕਟੋਕ ਪੜੀ ਜਾ ਰਹੀ ਹੈ। ਕੁੱਝ ਦੋਸ਼ ਉਹਨਾਂ ਰਾਗੀਆਂ, ਕੀਰਤਨੀਆਂ ਦਾ ਵੀ ਹੈ ਜੋ ਬਿਨਾ ਸਮਝੇ ਵਿਚਾਰੇ ਇਸ ਦੀ ਤੋਤਾ ਰਟਨੀ ਕਰੀ ਜਾ ਰਹੇ ਹਨ। ਨਾਲ ਹੀ ਉਹ ਪ੍ਰਕਾਸ਼ਕ ਵੀ ਘੱਟ ਦੋਸ਼ੀ ਨਹੀਂ ਜਿਹੜੇ ਸਭ ਕੁੱਝ ਸਮਝਦੇ ਬੁਝਦੇ ਇਸ ਮਿਲਗੋਭੇ ਨੂੰ ਛਾਪੀ ਜਾ ਰਹੇ ਹਨ। ਮੌਜੂਦਾ ਸਮੇ ਵਿੱਚ ਵੀ ਤੱਤ ਗੁਰਮਤਿ ਦੇ ਕਈ ਪ੍ਰਵਾਨੇ ਇਹਨਾਂ ਮਨਮਤਾਂ ਦੇ ਖਿਲਾਫ ਪ੍ਰਚਾਰ ਵਿੱਚ ਲਗੇ ਹੋਏ ਹਨ। ਉਹਨਾਂ ਵਿਚੋਂ ਕਈਂ ਉਪਰ ਤਾਂ ਪੁਜਾਰੀਆਂ ਦੀ ਛੇਕਣ ਵਾਲਾ ਨਜ਼ਲਾ ਗਿਰ ਚੁਕਿਆ ਹੈ।

ਉਪਰੋਕਤ ਵਿਚਾਰ ਉਪਰੰਤ ਸਪਸ਼ਟ ਹੈ ਕਿ ਸਿੱਖ ਸਮਾਜ ਵਿੱਚ ਪ੍ਰਚਲਿਤ ਆਰਤੀ ਇੱਕ ਸਿਧਾਂਤਕ ਮਿਲਗੋਭਾ ਰਚਨਾ ਹੈ। ਪਰ ਫੇਰ ਵੀ ਜ਼ਿਆਦਾਤਰ ਸਿੱਖ ਗਿਆਨ ਦੀਆਂ ਅੱਖਾਂ ਅਤੇ ਕੰਨ ਬੰਦ ਕਰਕੇ ਇਸ ਉਤੇ ਝੂਮਦੇ ਵੇਖੇ ਜਾ ਸਕਦੇ ਹਨ। ਕਾਰਨ ਸਿਰਫ ਇੱਕ ਹੈ ਕਿ ਉਹ ਗੁਰਬਾਣੀ ਨੂੰ ਸਮਝਨ ਵਿਚਾਰਨ ਦੀ ਚੀਜ਼ ਨਹੀ ਸਮਝਦੇ ਬਲਕਿ ਸਿਰਫ ਕੰਨ ਰਸ ਵਾਸਤੇ ਕੀਰਤਨ ਸੁਣਦੇ ਹਨ ਜਾਂ ਫੇਰ ਤੋਤਾ ਰਟਨੀ ਵਾਂਗੂ ਪਾਠ ਕਰਦੇ ਹਨ। ਤਾਂ ਹੀ ਉਹਨਾਂ ਨੂੰ ਕੋਈ ਕੀਰਤਨ ਜਾਂ ਕਥਾ ਦੇ ਨਾਂ ਉਪਰ ਚਾਹੇ ਕਿਤਨੀ ਵੀ ਗੁਰਮੱਤਿ ਵਿਰੋਧੀ ਅਤੇ ਊਲ ਜਲੂਲ ਵਿਚਾਰ ਸੁਣਾ ਜਾਵੇ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੁੰਦਾ (ਵਿਰਲੀਆਂ ਜਾਗਰੂਕ ਰੂਹਾਂ ਨੂੰ ਛੱਡ ਕੇ)।

ਇਸ ਨਿਰਾਸ਼ਾਜਨਕ ਹਾਲਾਤ ਨੂੰ ਤਾਂ ਹੀ ਮੋੜਾ ਪਾਇਆ ਜਾ ਸਕਦਾ ਹੈ ਜੇ ਸਿੱਖ ਸਮਾਜ ਵਿੱਚ ਗੁਰਬਾਣੀ ਨੂੰ ਸਮਝਣ ਵਿਚਾਰਨ ਦਾ ਰੁਝਾਣ ਪੈਦਾ ਕੀਤਾ ਜਾ ਸਕੇ। ਨਾਲ ਹੀ ਇਹ ਵੀ ਯਾਦ ਰੱਖੋ ਨਾਨਕ ਸਾਹਿਬ ਨੇ ਧਰਮ ਵਿੱਚ ਪੁਜਾਰੀ ਸ਼੍ਰੇਣੀ ਦੀ ਹੋਂਦ ਨੂੰ ਮਾਰੂ ਦਸਿਆ ਸੀ। ਇਹ ਵੀ ਸੱਚ ਹੈ ਕਿ ਸਿੱਖਾਂ ਵਿੱਚ ਸਿਧਾਂਤਕ ਗਿਰਾਵਟ ਦੀ ਸ਼ੁਰੂਆਤ ਤਾਂ ਹੋਈ ਜਦੋਂ ਇਸ ਵਿੱਚ ਪੁਜਾਰੀ ਸ਼੍ਰੇਣੀ (ਪੂਜਾ ਦੇ ਧਨ ਤੇ ਪਲਣ ਵਾਲੀ) ਪਨਪਨਾ ਸ਼ੁਰੂ ਹੋਈ। ਵਾਪਿਸ ਗੁਰਮਤਿ ਦੇ ਰਾਹ ਤੇ ਆਉਣ ਵਿੱਚ ਵੀ ਤਾਂ ਹੀ ਕਾਮਯਾਬ ਹੋ ਸਕਾਂਗੇ ਜੇ ਸਿੱਖ ਧਰਮ ਵਿਚੋਂ ਪੁਜਾਰੀ ਸ਼੍ਰੇਣੀ ਦੀ ਹੋਂਦ ਨੂੰ ਖਤਮ ਕਰਨ ਦੇ ਉਪਰਾਲੇ ਕਰ ਸਕੀਏ। ਤਾਂ ਹੀ ਸਿੱਖ ਸਮਾਜ ਦਾ ਖਹਿੜਾ ਸਿਧਾਂਤਕ ਮਿਲਗੋਭਾ ਰੂਪੀ ਪ੍ਰਚਲਿਤ ਆਰਤੀ ਸਮੇਤ ਸਾਰੇ ਬ੍ਰਾਹਮਨਵਾਦੀ ਕਰਮਕਾਂਡਾਂ ਤੋਂ ਛੁਟ ਸਕਦਾ ਹੈ। ਤਾਂ ਹੀ ਅਸੀ ਨਾਨਕ ਸਾਹਿਬ ਜੀ ਦੇ ਸੱਚੇ ਸਿੱਖ ਕਹਿਲਾਉਣ ਲਾਇਕ ਹੋਵਾਂਗੇ। ਸਾਡੇ ਕੌਲ ਅਗਵਾਈ ਵਾਸਤੇ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਸੱਚ ਦੇ ਗਿਆਨ ਰੂਪੀ ਗੁਰੂ ਹੈ ਪਰ ਜੇ ਅਸੀਂ ਅਗਵਾਈ ਲੈਣਾ ਹੀ ਨਾ ਚਾਹੀਏ ਤਾਂ ਇਹ ਉਹੀ ਗੱਲ ਹੈ ਜਿਸ ਬਾਰੇ ਗੁਰਵਾਕ ਹੈ

ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜੋ ਸਿਖਾ ਮਹਿ ਚੂਕ।।

ਅੰਧੇ ਏਕ ਨਾ ਲਾਗਈ ਜਿਉ ਬਾਂਸ ਬਜਾਈਐ ਫੂਕ”।।

ਪ੍ਰਚਲਿਤ ਸਿੱਖ ਆਰਤੀ ਦੇ ‘ਸਿਧਾਂਤਕ ਮਿਲਗੋਭੇਪਨ` ਬਾਰੇ ਪੰਥ ਦੇ ਪ੍ਰਸਿੱਧ ਵਿਦਵਾਨ ਭਾਈ ਕਾਨ ਸਿੰਘ ਜੀ ਨਾਭਾ ਦੀ ਟਿੱਪਣੀ ਨਾਲ ਲੇਖ ਸਮਾਪਤ ਕਰਦੇ ਹਾਂ। ਉਹ ਗੁਰਮੱਤਿ ਮਾਰਤੰਡ ਭਾਗ ਪਹਿਲਾ ਦੇ ਪੰਨਾ ੭੦ ਉਪਰ ਲਿਖਦੇ ਹਨ “ਸਿੱਖ ਨਿਯਮਾਂ ਤੋਂ ਅਗਿਆਤ ਕਈਂ ਸਿੱਖ ਭਾਈ ਦੀਵੇ ਮਚਾ ਕੇ ਆਰਤੀ ਕਰਦੇ ਅਤੇ ਚੰਡੀ ਚਰਿਤ੍ਰ ਦਾ ਸਵੈਯਾ ‘ਸੰਖਨ ਕੀ ਧੁਨਿ ਘੰਟਨ ਕੀ ਕਰਿ ਫੂਲਨ ਕੀ ਬਰਖਾ ਬਰਖਾਵੈ` ਪੜ ਕੇ ਸੰਖ ਵਜਾਉਂਦੇ, ਘੰਟੇ ਖੜਕਾਉਂਦੇ ਹੋਏ ਫੁਲ ਬਰਸਾਉਂਦੇ ਹਨ, ਜੋ ਦੇਵਤਿਆਂ ਵਲੋਂ ਕੀਤੀ ਦੁਰਗਾ ਦੀ ਆਰਤੀ ਦੀ ਨਕਲ ਹੈ”। ਇਸੇ ਸਫੇ ਤੇ ਭਾਈ ਸਾਹਿਬ ਅੱਗੇ ਲਿਖਦੇ ਹਨ “ਅਸੀਂ ਹੈਰਾਨ ਹਾਂ ਉਹਨਾਂ ਭਾਈਆਂ ਦੀ ਬੁੱਧਿ ਪਰ, ਜੋ ਮੁਹੋਂ ਦੀਵਿਆਂ ਦੀ ਆਰਤੀ ਦਾ ਖੰਡਨ ਰੂਪ ਸ਼ਬਦ ਪੜਦੇ ਹਨ ਅਤੇ ਹੱਥਾਂ ਨਾਲ ਦੀਵੇ ਬਾਲ ਕੇ ਘੁਮਾਉਂਦੇ ਹਨ ਅਰਥਾਤ ਗੁਰੂ –ਸ਼ਬਦ ਵਿਰੁਧ ਕ੍ਰਿਆ ਕਰਦੇ ਹਨ”।




.