.

ਕਿਸ਼ੋਰਾਵਸਥਾ ਅਤੇ ‘ਵੈਂਲੇਨਟਾਈਨ ਡੇ’

ਕੁਝ ਧਿਆਨ ਰੱਖਣ ਯੋਗ ਨੁਕਤੇ

ਰਵਿੰਦਰ ਸਿੰਘ ‘ਪਿੰਜੌਰ’

ਫਰਵਰੀ ਮਹੀਨੇ ਵਿੱਚ ਪੈਂਦਾ ਇੱਕ ਤਿਉਹਾਰ ‘ਵੈਂਲੇਨਟਾਈਨ ਡੇ’ ਕਿਸ਼ੋਰਾਂ/ਨੌਜਵਾਨਾਂ ਵਿੱਚ ਖਾਸਾ ਲੋਕਪ੍ਰਿਅ ਹੁੰਦਾ ਜਾ ਰਿਹਾ ਹੈ। ਅਸਲ ਵਿੱਚ ਇਹ ਤਿਉਹਾਰ ਪੱਛਮੀ ਦੇਸ਼ਾਂ ਦਾ ਹੈ ਪਰ ਇਸ ਨੇ ਸਾਰੇ ਵਿਸ਼ਵ ਨੂੰ ਆਪਣੇ ਰੰਗ ਵਿੱਚ ਰੰਗਨਾ ਸ਼ੁਰੂ ਕਰ ਦਿਤਾ ਹੈ। ਭਾਰਤ ਵੀ ਇਸ ਦਾ ਅਪਵਾਦ ਨਹੀਂ ਹੈ। ਇਸ ਤਿਉਹਾਰ ਦੇ ਸ਼ੁਰੂ ਹੋਣ ਦਾ ਇਤਿਹਾਸ ਭਾਂਵੇ ਕੁੱਝ ਵੀ ਹੋਵੇ ਪਰ ਕਿਸ਼ੋਰ/ਨੌਜਵਾਨ ਲੜਕੇ/ਲੜਕੀਆਂ ਵਿੱਚ ਇਹ ਪਿਆਰ, ਇਸ਼ਕ, ਮੁਹੱਬਤ ਆਦਿ ਜ਼ਜ਼ਬਿਆਂ ਕਰਕੇ ਪ੍ਰਚਲਿਤ ਹੋ ਰਿਹਾ ਹੈ। ਸਾਲ ਵਿੱਚ ਦੋ ਦਿਨਾਂ ਦਾ ਅਜੌਕੀ ਨੌਜਵਾਨ ਪੀੜੀ ਨੂੰ ਬੇਸਬਰੀ ਨਾਲ ਇੰਤਜਾਰ ਰਹਿੰਦਾ ਹੈ। ਇੱਕ ਹੈ ਫਰਵਰੀ ਵਿੱਚ ਪੈਂਦਾ ‘ਵੇਲੈਨਟਾਈਨ ਡੇ’ ਅਤੇ ਦੂਜਾ ਅਗਸਤ ਵਿੱਚ ਪੈਂਦਾ ‘ਫਰੇਂਡਸ਼ਿਪ ਡੇ’। ਇਹਨਾਂ ਦੋਨਾਂ ਤਿਉਹਾਰਾਂ ਵਿੱਚ ਨੌਜਵਾਨ ਲੜਕੇ ਲੜਕੀਆਂ ਦਾ ਉਤਸ਼ਾਹ ਵੇਖਣਯੋਗ ਹੁੰਦਾ ਹੈ। ਇੱਕ ਦੁਜੇ ਨੂੰ ਇਜ਼ਹਾਰ ਕਰਨਾ, ਤੋਹਫੇ ਦੇਨਾ, ਕਾਰਡ ਦੇਨੇ, ਫੁਲ ਦੇਨੇ ਆਦਿ ਦਾ ਸਿਲਸਿਲਾ ਬੜੇ ਜ਼ੋਰਾਂ-ਸ਼ੋਰਾਂ ਨਾਲ ਚਲਦਾ ਹੈ। ਮੋਬਾਇਲ ਅਤੇ ਇੰਟਰਨੇਟ ਦੇ ਪ੍ਰਚਲਨ ਕਾਰਨ ਹੁਣ ਖਤਾਂ, ਗਰੀਟਿੰਗ ਕਾਰਡਾਂ ਦੀ ਥਾਂ ਐਸ ਐਮ ਐਸ (SMS), ਐਮ ਐਮ ਐਸ (MMS) ਅਤੇ ਈ-ਕਾਰਡ ਲੈਂਦੇ ਜਾ ਰਹੇ ਹਨ। ਵੇਲੈਂਟਾਈਨ ਡੇ ਦੇ ਇਸ ਮੌਕੇ ਉਪਰ ਕਿਸ਼ੋਰਾਂ ਅਤੇ ਨੌਜਵਾਨਾਂ ਨਾਲ ਕੁੱਝ ਵਿਚਾਰ ਸਾਂਝੇ ਕਰਦੇ ਹਾਂ, ਕਿਸ਼ੋਰਾਵਸਥਾ ਉਹ ਸਮਾਂ ਹੈ ਜਦੋਂ ਲੜਕਾ ਜਾਂ ਲੜਕੀ ਬਚਪਨੇ ਤੋਂ ਨੌਜਵਾਨੀ ਦੇ ਖੇਤਰ ਵਿੱਚ ਪਹਿਲਾ ਪੈਰ ਧਰਦੇ ਹਨ। ਇਹ ਉਮਰ 13 – 20 ਸਾਲ ਦੇ ਵਿੱਚ ਵਿੱਚ ਹੁੰਦੀ ਹੈ। ਇਹ ਸਮਾਂ ਜ਼ਿੰਦਗੀ ਵਿੱਚ ਬਹੁਤ ਹੀ ਅਹਿਮ ਅਤੇ ਨਾਜ਼ੁਕ ਸਮਾਂ ਹੁੰਦਾ ਹੈ। ਇਸ ਉਮਰ ਦੌਰਾਨ ਦਿਲ ਵਿੱਚ ਬਹੁਤ ਉਤਸ਼ਾਹ, ਉਮੰਗਾਂ, ਸੁਪਨੇ ਹੁੰਦੇ ਹਨ। ਇਸ ਸਮੇ ਕਿਸ਼ੋਰ ਬਹੁਤ ਜ਼ਜ਼ਬਾਤੀ ਹੁੰਦੇ ਹਨ। ਸ਼ਰੀਰ ਵਿੱਚ ਹਾਰਮੋਨਾਂ ਕਾਰਨ ਹੋ ਰਹੇ ਬਦਲਾਅ ਵੀ ਇਹਨਾਂ ਦੇ ਮਨ ਵਿੱਚ ਬਹੁਤ ਸਵਾਲ ਪੈਦਾ ਕਰ ਰਹੇ ਹੁੰਦੇ ਹਨ। ਜੋ ਇਸ ਸਮੇ ਸਹੀ ਸੇਧ ਵਿੱਚ ਰਹਿ ਕੇ ਚੰਗੇ ਰਾਹ ਉਤੇ ਤੁਰ ਪਏ, ਉਹ ਕਾਮਯਾਬੀ ਦੀ ਬੁਲੰਦੀਆਂ ਛੂ ਜਾਂਦੇ ਹਨ। ਪਰ ਜੋ ਇਸ ਨਾਜ਼ੁਕ ਸਮੇਂ ਵਿੱਚ ਜ਼ਜ਼ਬਾਤਾਂ ਵਿੱਚ ਬਹਿ ਕੇ ਗਲਤ ਸੇਧ ਅਧੀਨ, ਗਲਤ ਰਾਹ ਉਪਰ ਤੁਰ ਪੈਣ ਉਹਨਾਂ ਦਾ ਭਵਿੱਖ ਬਹੁਤ ਧੁੰਧਲਾ ਹੋ ਜਾਂਦਾ ਹੈ। ਇਸ ਸਮੇਂ ਕੀਤੀਆਂ ਗਲਤੀਆਂ ਦਾ ਸੁਧਾਰ ਕਈਂ ਵਾਰੀ ਪੂਰੀ ਜ਼ਿੰਦਗੀ ਵੀ ਸੰਭਵ ਨਹੀਂ ਹੁੰਦਾ। ਨਾਲ ਹੀ ਦਿਲਚਸਪ ਗੱਲ ਇਹ ਵੀ ਹੈ ਕਿ ਇਸ ਉਮਰ ਵਿੱਚ ਵੱਡਿਆਂ ਵਲੋਂ ਦਿਤੀਆਂ ਨਸੀਹਤਾਂ, ਸੇਧਾਂ, ਉਪਦੇਸ਼ ਸਭ ਫਾਲਤੂ ਅਤੇ ਬੇਮਾਅਨਾ ਲਗਦੇ ਹਨ। ਇਸ ਉਮਰ ਦੀ ਸਭ ਤੋਂ ਅਹਿਮ ਰੂਚੀ ਹੁੰਦੀ ਹੈ ‘ਵਿਪਰੀਤ ਲਿੰਗੀ ਖਿਚਾਅ’ (Opposite Sex Attraction)। ਇਸ ਨੂੰ ਉਹਨਾਂ ਦੀ ਭਾਸ਼ਾ ਵਿੱਚ ਭਾਂਵੇ ਪਿਆਰ ਕਹਿ ਲਵੋ, ਇਸ਼ਕ ਕਹਿ ਲਵੋ ਜਾਂ ਮੁਹੱਬਤ। ਅੱਗੇ ਇਸੀ ਪੱਖ ਬਾਰੇ ਅਸੀਂ ਖੁਲ ਕੇ ਵਿਚਾਰ ਕਰਦੇ ਹਾਂ।

ਨੌਜਵਾਨ ਪੀੜੀ ਕਿਸੇ ਦੇਸ਼ ਅਤੇ ਕੌਮ ਦਾ ਭਵਿੱਖ ਹੁੰਦੀ ਹੈ। ਇਸ ਲਈ ਜ਼ਰੂਰੀ ਹੈ ਕਿ ਉਮਰ ਦੇ ਇਸ ਨਾਜ਼ੁਕ ਦੌਰ ਵਿੱਚ ਉਹ ਰਾਹ ਤੋਂ ਨਾ ਭਟਕੇ ਅਤੇ ਆਪਨੇ ਭਵਿੱਖ ਬਾਰੇ ਥੋੜੀ ਗੰਭੀਰ ਹੋਵੇ। ਇਸ ਵਿੱਚ ਹਰ ਇੱਕ ਧਿਰ ਦਾ ਸਹੀ ਯੋਗਦਾਨ ਬਹੁਤ ਜ਼ਰੂਰੀ ਹੈ ਉਹ ਭਾਂਵੇ ਨੌਜਵਾਨ ਲੜਕੇ ਲੜਕੀਆਂ ਹੋਣ, ਮਾਪੇ ਜਾਂ ਬਜ਼ੁਰਗ ਹੋਣ, ਅਧਿਆਪਕ ਹੋਣ ਜਾਂ ਫੇਰ ਮੀਡੀਆ। ਜੇ ਇਹ ਸਾਰੇ ਆਪਣੇ ਆਪਣੇ ਪੱਖ ਤੋਂ ਸਹੀ ਅਤੇ ਸਟੀਕ ‘ਹਾਂ-ਪੱਖੀ’ ਯੋਗਦਾਨ ਪਾਉਨ ਤਾਂ ਕੋਈ ਸ਼ੱਕ ਨਹੀਂ ਹੈ ਕਿ ਸਭ ਦਾ ਭਵਿੱਖ ਉੱਜਲ ਹੋਵੇਗਾ।

ਪਹਿਲਾਂ ਦੱਸੇ ਅਨੁਸਾਰ ਕਿਸ਼ੋਰਾਵਸਥਾ ਦਾ ਇੱਕ ਬਹੁਤ ਹੀ ਅਹਿਮ ਗੁਣ ਹੈ ‘ਵਿਪਰੀਤ ਲਿੰਗੀ ਖਿਚਾਅ’। ਇਸ ਖਿਚਾਅ ਦਾ ਬਹੁਤ ਵੱਡਾ ਕਾਰਨ ਹਾਰਮੋਨਾਂ ਕਰਕੇ ਸ਼ਰੀਰ ਵਿੱਚ ਤੇਜ਼ੀ ਨਾਲ ਹੋ ਰਹੇ ਬਦਲਾਅ ਹਨ। ਇਸ ਸਮੇਂ ਕਿਸ਼ੋਰਾਂ ਦੇ ਗੁਪਤ ਅੰਗ (Sex Organs) ਅਪਣੇ ਵਿਕਾਸ ਦੀ ਚਰਮ ਸੀਮਾ ਉਤੇ ਹੁੰਦੇ ਹਨ। ਉਮਰ ਦੇ ਇਸ ਦੌਰ ਵਿੱਚ ਕਿਸ਼ੋਰ ਕਿਸੇ ਚੀਜ਼ ਦਾ (ਚੰਗਾ ਭਾਂਵੇ ਮਾੜਾ) ਅਸਰ ਬਹੁਤ ਜਲਦੀ ਕਬੂਲਦੇ ਹਨ। ਇਸ ਲਈ ਜੇ ਉਹਨਾਂ ਨੂੰ ਗਲਤ ਸੇਧਾਂ ਮਿਲ ਜਾਣ ਤਾਂ ਉਹ ਭਟਕ ਸਕਦੇ ਹਨ। ਦੂਜੀ ਤਰਫ ਉਹਨਾਂ ਉਪਰ ਲਾਈ ਜਾਂਦੀਆਂ ਸਖਤ ਬੰਦਿਸ਼ਾਂ ਵੀ ਕੰਮ ਵਿਗਾੜ ਸਕਦੀਆਂ ਹਨ ਅਤੇ ਉਹਨਾਂ ਨੂੰ ਬਾਗੀ ਹੋ ਕੇ ਭਟਕਣ ਦੇ ਰਾਹ ਪਾ ਸਕਦੀਆਂ ਹਨ। ਸੋ ਇਸ ਨਾਜ਼ੁਕ ਸਮੇਂ ਵਿੱਚ ਬਹੁਤ ਹੀ ਨਪੀ ਤੁਲੀ (Balanced) ਪਹੁੰਚ ਅਪਨਾਉਣ ਦੀ ਲੋੜ ਹੈ। ਹੁਣ ਇਸ ਬਾਰੇ ਵਿਸਥਾਰ ਨਾਲ ਵਿਚਾਰ ਕਰਦੇ ਹਾਂ।

ਕੁਝ ਵਿਚਾਰਾਂ ਕਿਸ਼ੋਰ / ਨੌਜਵਾਨ ਲੜਕਿਆਂ ਨਾਲ

ਮੇਰੇ ਨੌਜਵਾਨ ਹੁੰਦੇ ਵੀਰੋ / ਦੋਸਤੋ! ਤੁਹਾਡੇ ਨਾਲ ਕੁੱਝ ਵਿਚਾਰਾਂ ਸਾਂਝੀਆਂ ਕਰਨ ਦੀ ਖੁਲ ਲੈ ਰਿਹਾਂ ਹਾਂ। ਤੁਹਾਡੀ ਉਮਰ ਵਿੱਚ ਮਨ ਵਿੱਚ ਅਥਾਹ ਉਤਸ਼ਾਹ, ਅਨੇਕਾਂ ਹੀ ਆਸਾਂ ਅਤੇ ਉਮੰਗਾਂ ਹੁੰਦੀਆਂ ਹਨ। ਪ੍ਰਚਲਿਤ ਗੀਤਾਂ, ਫਿਲਮਾਂ, ਰੋਮਾਂਟਿਕ ਕਹਿਲਾਂਉਦੀਆਂ ਮੈਗਜ਼ੀਨਾਂ ਆਦਿ ਰਾਹੀਂ ਤੁਹਾਡੇ ਉਪਰ ਇਹ ਪ੍ਰਭਾਵ ਪਾਇਆ ਜਾਂਦਾ ਹੈ ਕਿ ਕੁੜੀ ਅਤੇ ਮੁੰਡੇ ਵਿੱਚ ਪਿਆਰ / ਇਸ਼ਕ / ਮੁਹੱਬਤ ਹੀ ਸਭ ਕੁੱਝ ਹੁੰਦਾ ਹੈ। ਪਹਿਲਾਂ ਗੱਲ ਕਰਦੇ ਹਾਂ ਕਿ ਸਹੀ ਮਾਇਨੇ ਵਿੱਚ ਪਿਆਰ / ਇਸ਼ਕ ਜਾਂ ਮੁਹੱਬਤ ਕੀ ਹੁੰਦਾ ਹੈ। ਇਹ ਬਹੁਤ ਹੀ ਵਧੀਆ ਭਾਵਨਾਵਾਂ ਹਨ ਅਤੇ ਆਦਰਸ਼ ਸਮਾਜ ਲਈ ਬਹੁਤ ਜ਼ਰੂਰੀ ਹਨ। ਪਰ ਤੁਹਾਡੇ ਜ਼ਜ਼ਬਾਤਾਂ, ਕਿਸ਼ੋਰਪਨ ਦਾ ਫਾਇਦਾ ਉਠਾ ਕੇ ਜੋ ਤੁਹਾਨੂੰ ਇਸ ਦਾ ਮਤਲਬ ਸਮਝਾਇਆ ਜਾਂਦਾ ਹੈ ਉਹ ਬਹੁਤ ਗਲਤ ਅਤੇ ਇਕਪਾਸੜ ਹੈ। ਤੁਹਾਨੂੰ ਬਾਰ ਬਾਰ ਅਲਗ ਅਲਗ ਸਾਧਨਾਂ (ਗੀਤਾਂ, ਫਿਲਮਾਂ, ਕਹਾਨੀਆਂ ਆਦਿ) ਰਾਹੀਂ ਹੀਰ-ਰਾਂਝੇ, ਸੱਸੀ-ਪੁੰਨੂ, ਸੋਹਨੀ-ਮਹੀਵਾਲ ਆਦਿਕ ਰੂਪ ਦਾ ਪਿਆਰ ਹੀ ਸਹੀ ਦਸਿਆ ਜਾਂਦਾ ਹੈ ਜਿਸ ਵਿੱਚ ਕਿਸੀ ਕੁੜੀ ਜਾਂ ਮੁੰਡੇ ਨੇ ਇੱਕ ਦੂਜੇ ਦੇ ਵਿਛੋੜੇ ਜਾਂ ਵਿਜੋਗ ਵਿੱਚ ਖੁਦਕੁਸ਼ੀ ਕਰ ਲਈ ਆਦਿ ਆਦਿ …। ਕੀ ਇਹ ਸਚਮੁਚ ਪਿਆਰ ਹੈ? ਨਹੀਂ, ਪਿਆਰ ਜਾਂ ਇਸ਼ਕ ਦਾ ਅਸਲੀ ਮਤਲਬ ਹੈ ਕਿਸੇ ਦਾ ਸ਼ੁਭਚਿੰਤਕ ਹੋਣਾ। ਸਿਰਫ ਗੱਲੀਂ ਬਾਤੀਂ ਹੀ ਸ਼ੁਭਚਿੰਤਕ ਨਹੀਂ ਹੋਣਾ ਬਲਕਿ ਉਸ ਦੀ ਖੁਸ਼ੀ, ਸੁਖ ਵਾਸਤੇ ਉਦਮ ਵੀ ਕਰਨਾ। ਸਭ ਤਰਾਂ ਦੇ ਪਿਆਰ ਦਾ, ਇਸ਼ਕ ਦਾ ਆਧਾਰ ਇਹ ਹੀ ਹੈ ਰਿਸ਼ਤੇ ਅਨੁਸਾਰ ਰੂਪ ਭਾਂਵੇ ਕੁੱਝ ਅਲਗ ਹੋ ਸਕਦੇ ਹਨ। ਜਿਵੇਂ ਪਤੀ-ਪਤਨੀ ਦਾ ਪਿਆਰ, ਮਾਤਾ-ਪਿਤਾ ਦਾ ਪਿਆਰ, ਭੈਣ-ਭਰਾ ਦਾ ਪਿਆਰ, ਪੀਰ-ਮੁਰੀਦ ਦਾ ਪਿਆਰ, ਦੇਸ਼ ਪ੍ਰਤੀ ਪਿਆਰ, ਕੌਮ ਪ੍ਰਤੀ ਪਿਆਰ ਆਦਿ ਆਦਿ।

ਇਕ ਵਾਰ ਮੇਰੇ ਕਿਸੀ ਦੋਸਤ ਨੇ ਇੱਕ ਲੜਕੀ ਦਾ ਜ਼ਿਕਰ ਕਰਕੇ ਕਿਹਾ ਕੇ ਮੈਂ ਉਸ ਨਾਲ ਬੇਪਨਾਹ ਪਿਆਰ ਕਰਦਾਂ ਹਾਂ ਅਤੇ ਉਸਤੋਂ ਬਿਨਾ ਜੀ ਨਹੀਂ ਸਕਦਾ ਆਦਿ। ਮੈਂ ਉਸ ਨੂੰ ਪੁਛਿਆ ਕਿ ਕੀ ਤੂੰ ਅਪਣੇ ਮਾਤਾ ਪਿਤਾ ਨੂੰ ਪਿਆਰ ਨਹੀਂ ਕਰਦਾ, ਅਪਣੀ ਭੈਣ ਨੂੰ ਪਿਆਰ ਨਹੀਂ ਕਰਦਾ? ਉਸਦਾ ਜਵਾਬ ਸੀ ਕਿ ਕਰਦਾ ਹਾਂ। ਮੈਂ ਕਿਹਾ ਫੇਰ ਤੂੰ ਕਦੀ ਨਹੀਂ ਕਿਹਾ ਕਿ ਤੂੰ ਮਾਤਾ ਪਿਤਾ ਜਾਂ ਭੈਣ ਬਿਨਾ ਨਹੀਂ ਜੀ ਸਕਦਾ। ਦੋਹਾਂ ਤਰਾਂ ਦੇ ਪਿਆਰ ਵਿੱਚ ਕੀ ਫਰਕ ਹੈ? ਉਸਨੇ ਕਿਹਾ ਕਿ ਕੋਈ ਫਰਕ ਨਹੀਂ ਹੈ। ਮੈਂ ਕਿਹਾ ਕਿ ਫੇਰ ਤੂੰ ਉਸ ਕੁੜੀ ਨੂੰ ਭੈਣ ਸਮਝ ਕੇ ਪਿਆਰ ਕਿਉਂ ਨਹੀਂ ਕਰ ਲੈਂਦਾ? ਉਹ ਨਾਰਾਜ਼ ਹੋ ਗਿਆ। ਮੈਂ ਉਸ ਨੂੰ ਸਮਝਾਇਆ ਕਿ ਇਹ ਨਾਰਾਜ਼ ਹੋਣ ਦੀ ਗੱਲ ਨਹੀਂ ਵਿਚਾਰ ਕਰਨ ਦੀ ਗੱਲ ਹੈ। ਅਸੀਂ ਕਿਉਂ ਕਿਸੇ ਕੁੜੀ ਨੂੰ ਸਿਰਫ ‘ਪਤਨੀ’ ਦੇ ਰੂਪ ਵਿੱਚ ਹੀ ਪਿਆਰ ਕਰਨਾ ਲੋਚਦੇ ਹਾਂ, ਭੈਣ ਬਣਾ ਕੇ ਕਿਉਂ ਨਹੀਂ? ਉਸ ਨੇ ਕਿਹਾ ਕਿ ਤੂੰ ਦਸ। ਮੈਂ ਕਿਹਾ ਮੇਰੇ ਵਿਚਾਰ ਅਨੁਸਾਰ ਇਸ ਵਿੱਚ ਸਚੇਤ ਜਾਂ ਅਚੇਤ ‘ਸੈਕਸ ਸੰਬੰਧ’ ਦੀ ਇੱਛਾ ਹੀ ਇੱਕ ਕਾਰਨ ਹੈ। ਕਿਉਂਕਿ ਸਮਾਜਿਕ ਨਿਯਮਾਂ ਅਨੁਸਾਰ ਅਸੀਂ ਸਿਰਫ ਪਤਨੀ ਨਾਲ ਹੀ ਉਹ ਸੰਬੰਧ ਬਣਾ ਸਕਦੇ ਹਾਂ ਕਿਸੇ ਹੋਰ ਜ਼ਨਾਨਾ ਰਿਸ਼ਤੇਦਾਰ ਨਾਲ ਨਹੀਂ। ਭਾਂਵੇ ਅਸੀਂ ਜ਼ਜ਼ਬਾਤੀ ਹੋ ਕੇ ਕਹਿ ਦੇਈਏ ਕਿ ਨਹੀਂ ਸਾਡਾ ਪਿਆਰ ਸਿਰਫ ਆਤਮਿਕ ਹੈ, ਸ਼ਰੀਰਕ ਨਹੀਂ ਪਰ ਉਸਨੂੰ ਸਿਰਫ ਪਤਨੀ ਦੇ ਰੂਪ ਵਿੱਚ ਚਾਹਨਾ ਸਿੱਧ ਕਰਦਾ ਹੈ ਕਿ ਇਸ ਵਿੱਚ ਸਿਰਫ ਆਤਿਮਕਤਾ ਹੀ ਨਹੀਂ ਸ਼ਰੀਰਕ ਚਾਹ ਵੀ ਹੈ। ਵਰਨਾ ਸਿਰਫ ਆਤਮਿਕ ਪਿਆਰ ਉਸ ਨੂੰ ਭੈਣ ਬਣਾ ਕੇ ਵੀ ਕੀਤਾ ਜਾ ਸਕਦਾ ਹੈ। ਉਹ ਸੰਤੁਸ਼ਟ ਲਗ ਰਿਹਾ ਸੀ।

ਬੇਸ਼ਕ ਉਮਰ ਦੇ ਇਸ ਦੌਰ ਵਿੱਚ (ਜਿਵੇਂ ਪਹਿਲਾ ਦਸਿਆ ਗਿਆ ਹੈ) ‘ਵਿਪਰੀਤ ਲਿੰਗੀ ਖਿਚਾਅ’ ਕੁਦਰਤੀ ਗੱਲ ਹੈ। ਇਸਦਾ ਇੱਕ ਖੁਲਾ ਰੂਪ ‘ਸੈਕਸ’ ਦੀ ਇੱਛਾ ਹੋਣਾ ਹੈ। ਦੂਜਾ ਥੋੜਾ ਬਦਲਿਆ ਰੂਪ ਹੈ ‘ਪਹਿਲੀ ਨਜ਼ਰ ਦਾ ਪਿਆਰ’ (First Sight Love) ਕਹਿਲਾਉਂਦਾ ਹੈ। ਗੱਲ ਕਰਦੇ ਹਾਂ ਪਹਿਲੀ ਨਜ਼ਰ ਦੇ ਪਿਆਰ ਦੀ। ਇਸ ਉਮਰ ਵਿੱਚ ਜਿਸ ਵੀ ਲੜਕੀ ਨਾਲ ਪਹਿਲੀ ਵਾਰ ਕੁੱਝ ਨਜ਼ਦੀਕ ਆਉਣ ਦਾ ਮੌਕਾ ਮਿਲੇ ਉਸ ਨਾਲ ਹੀ ਪਿਆਰ (First Sight Love) ਹੋ ਜਾਂਦਾ ਹੈ। ਇਸ ਦਾ ਜ਼ਿੰਦਾ ਜਾਗਦਾ ਸਬੂਤ ਹੈ ਕਿ 95% ਇਹੋ ਜਿਹੇ ਪਿਆਰ ਸਕੂਲ, ਕਾਲਜ ਜਾਂ ਆਸ ਪੜੋਸ ਵਿੱਚ ਹੀ ਹੁੰਦੇ ਹਨ। ਜੇ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇ ਤਾਂ ਐਸੇ ਪਿਆਰ ਨਤੀਜਿਆਂ ਪਖੋਂ ਕਾਫੀ ਖਤਰਨਾਕ ਹੂੰਦੇ ਹਨ। ਕਾਰਨ ਇਸ ਵਿੱਚ ਲੜਕਾ/ਲੜਕੀ ਬਹੁਤ ਹੀ ਜ਼ਜ਼ਬਾਤੀ ਹੋ ਜਾਂਦੇ ਹਨ। ਕਈਂ ਵਾਰ ਤਾਂ ਇਸ ਹੱਦ ਤੱਕ ਇੱਕ ਦੁਜੇ ਨੂੰ ਸਮਰਪਿਤ ਸਮਝਦੇ ਹਨ ਕਿ ਉਹ ਮਾਨਸਿਕ ਰੋਗ (Cyco Problem) ਦਾ ਸ਼ਿਕਾਰ ਹੋ ਜਾਂਦੇ ਹਨ। ਇਹੀ ਭਾਵਨਾ ਸਭ ਤੋਂ ਜ਼ਿਆਦਾ ਖਤਰਨਾਕ ਹੈ। ਪਹਿਲੀ ਨਜ਼ਰ ਦਾ ਪਿਆਰ ਦੋ ਤਰਾਂ ਦਾ ਹੋ ਸਕਦਾ ਹੈ ਇਕਤਰਫਾ ਜਾਂ ਦੋਤਰਫਾ। ਇੱਕ ਤਰਫਾ ਪਿਆਰ ਵਿੱਚ ਮਾਨਸਿਕ ਰੋਗੀ (Cyco) ਹੋਣ ਦਾ ਖਤਰਾ ਜ਼ਿਆਦਾ ਹੈ। ਆਏ ਦਿਨ ਅਖਬਾਰਾਂ ਵਿੱਚ ਛਪਦੀਆਂ ਖਬਰਾਂ ਜਿਵੇਂ ਕਿਸੇ ਮੁੰਡੇ ਵਲੋਂ ਕੁੜੀ ਉਤੇ ਤੇਜ਼ਾਬ ਸੁਟਨਾ, ਕਤਲ ਕਰਨਾ ਜਾਂ ਹੋਰ ਜ਼ੁਲਮ ਆਦਿ, ਦਾ ਇੱਕ ਵੱਡਾ ਕਾਰਨ ਇੱਕ ਤਰਫਾ ਪਿਆਰ ਵਿੱਚ ਮਿਲੀ ਅਸਫਲਤਾ ਕਾਰਨ ਜ਼ਜ਼ਬਾਤੀਂ ਕਾਰਨਾਂ ਕਰਕੇ ਹੋਇਆ ਮਾਨਸਿਕ ਰੋਗ ਹੇ। ਹਮੇਸ਼ਾ ਇੱਕ ਸੁੰਦਰ ਅਤੇ ਸਪਸ਼ਟ ਵਾਕ ਯਾਦ ਰੱਖੋ ‘ਪਿਆਰ ਕਬਜ਼ਾ ਨਹੀਂ, ਪਹਿਚਾਨ ਹੈ’। ਸੋ ਜਿਸ ਤਰਾਂ ਦੇ ਪਿਆਰ ਵਿੱਚ ਵੀ ਕਬਜ਼ੇ ਦੀ ਭਾਵਨਾ ਆਉਂਦੀ ਹੈ ਸਮਝ ਲਵੋ ਉਹ ਪਿਆਰ ਨਹੀਂ ‘Infaturation’ ਹੈ। Infaturation ਇਸ ਉਮਰ ਦੀ ਇੱਕ ਬਹੁਤ ਵੱਡੀ ਸਮੱਸਿਆ ਹੈ। ਜਿਸ ਰਿਸ਼ਤੇ ਨੂੰ ਅਸੀਂ ਇਸ਼ਕ ਜਾਂ ਮੁਹੱਬਤ ਆਦਿ ਦਾ ਨਾਂ ਦੇਂਦੇ ਹਾਂ ਅਤੇ ਨਾਲ ਹੀ ਇਹ ਦਾਅਵਾ ਕਰਦੇ ਹਾਂ ਕਿ ਅਸੀ ਇੱਕ ਦੁਜੇ ਤੋਂ ਬਿਨਾ ਨਹੀਂ ਜੀ ਸਕਾਂਗੇ, ਜੇ ਨਾ ਮਿਲੇ ਤਾਂ ਖੁਦਕੁਸ਼ੀ ਕਰ ਲਵਾਂਗੇ, ਤਾਂ ਉਥੇ ਸਪਸ਼ਟ ਸਮਝੋ ਕਿ ਉਹ ਪਿਆਰ ਨਹੀਂ ‘Infaturation’ ਹੈ। Infaturation ਵਿੱਚ ਹੀ ਇਹ ਵੀ ਖਿਆਲ ਪਨਪਦੇ ਹਨ ਕਿ ਮੇਰੇ ਸਾਥੀ ਦੇ ਹੋਰ ਕੋਈ ਨੇੜੇ ਨਾ ਆਵੇ, ਹੋਰ ਕੋਈ ਉਸ ਨੂੰ ਨਾ ਵੇਖੇ। ਇਹ ਕਬਜ਼ੇ ਦੀ ਭਾਵਨਾ ਹੀ ਤਾਂ ਹੈ। ਕਿਸ਼ੋਰ ਉਮਰ ਦਾ ਇਹ ਪਿਆਰ ਇੱਕ ਦੁਧ ਦੇ ਉਬਾਲ ਦੀ ਤਰਾਂ ਹੁੰਦਾ ਹੈ। ਜਿਤਨੀ ਜਲਦੀ ਉਪਰ ਜਾਂਦਾ ਹੈ (ਉਬਾਲਾ ਖਾਂਦਾ ਹੈ), ਥੱਲੇ ਗੈਸ ਜਾਂ ਅੱਗ ਖਤਮ ਕਰਨ ਨਾਲ ਫਟਾਫਟ ਥੱਲੇ ਵੀ ਉਤਰ ਜਾਂਦਾ ਹੈ। ਦੋ ਤਰਫਾਂ ਪਿਆਰ ਵਿੱਚ ਇੱਕ ਦੁਜੇ ਦੀਆਂ ਨਜ਼ਦੀਕੀਆਂ ‘ਬਾਲਣ’ (Fuel) ਦਾ ਕੰਮ ਕਰਦੀਆਂ ਹਨ। ਪਹਿਲਾਂ ਦੱਸੇ ਅਨੁਸਾਰ ਇਸ ਉਮਰ ਵਿੱਚ ਕਿਸ਼ੋਰ ਬਹੁਤ ਜ਼ਜ਼ਬਾਤੀਂ ਹੁੰਦੇ ਹਨ।

ਕਈਂ ਨੌਜਵਾਨ ਕਹਿਨਗੇ ਕਿ ਜੇ ਇਹ ਥੋੜੀ ਚਿਰੀ ਅਤੇ ਅਸਥਾਈ ਭਾਵਨਾ ਹੈ ਤਾਂ ਕਈਂ ਲੋਕ (ਪਿਆਰ ਵਿੱਚ ਅਸਫਲ ਰਹਿਨ ਤੇ) ਖੁਦਕੁਸ਼ੀ ਕਿਉਂ ਕਰ ਲੈਂਦੇ ਹਨ? ਖੁਦਕੁਸ਼ੀ ਆਦਿ ਵਾਲਾ ਮਾਮਲਾ ਤੱਦ ਹੀ ਹੁੰਦਾ ਹੈ ਜਦ ਦੋਹਾਂ ਪਾਸਿਆਂ ਤੋਂ ਭਾਵਨਾਵਾਂ ਦਾ ਸਾਥ ਮਿਲਦਾ ਹੈ ਤੇ ਉਹਨਾਂ ਨੂੰ ਨਾ ਚਾਹੁੰਦੇ ਹੋਏ ਜ਼ਬਰਦਸਤੀ ਦੂਰ ਕੀਤਾ ਜਾਂਦਾ ਹੈ ਜਾਂ ਹੋਣਾ ਪੈਂਦਾ ਹੈ। ਇਸ ਵਿੱਚ ਇੱਕ ਸਾਥੀ ਨੂੰ ਇਹ ਲਗਦਾ ਹੈ ਕਿ ਕਿ ਉਸਦਾ ਸਾਥੀ ਤਾਂ ਉਸਨੂੰ ਚਾਹੁੰਦਾ ਸੀ ਪਰ ਜ਼ਮਾਨੇ ਨੇ ਉਹਨਾਂ ਨੂੰ ਜੁਦਾ ਕਰ ਦਿਤਾ। ਪਰ ਜੇ ਇੱਕ ਸਾਥੀ ਦੁਜੇ ਨੂੰ ਇਹ ਇਹਸਾਸ ਕਰਵਾ ਦੇਵੇ ਕਿ ਉਸ ਦੀ ਨਜ਼ਦੀਕੀ Infaturation ਨਹੀ ਹੈ ਅਤੇ ਉਹ ਸਿਰਫ ਉਸਦੀ ਪਸੰਦ ਹੈ ਨਾਕਿ ਜ਼ਨੂੰਨ ਤਾਂ ਸਭ ਕੁੱਝ ਥੋੜੇ ਸਮੇਂ ਵਿੱਚ ਠੀਕ ਹੋ ਜਾਦਾ ਹੈ ਸਿਵਾਏ ਮਾਨਸਿਕ ਰੋਗੀਆਂ ਦੇ ਉਦਾਹਰਨ ਵਾਸਤੇ ਮੇਰੇ ਕਾਲਜ ਦੀ ਇੱਕ ਕੁੜੀ (ਦੋਸਤ ਵੀ ਕਹਿ ਸਕਦੇ ਹਾਂ) ਨੇ ਇੱਕ ਵਾਰ ਮੈਨੁੰ ਆਪਨੀ ਮੁਸ਼ਕਿਲ ਦੱਸੀ, ਕਿਉਂਕਿ ਕਾਲਜ ਦੇ ਸਾਥੀ ਮੈਨੁੰ ਇਸ ਵਿਸ਼ੇ ਦਾ ਫਿਲਾਸਫਰ ਕਹਿੰਦੇ (ਸ਼ਾਇਦ ਮਜ਼ਾਕ ਵਿੱਚ ਹੀ) ਸਨ। ਉਸ ਨੇ ਦੱਸਿਆ ਕਿ ਉਸ ਦੀ ਕਲਾਸ ਦਾ ਇੱਕ ਮੁੰਡਾ ਉਸਨੁੰ ਚੰਗਾ ਲਗਦਾ ਹੈ। ਅਸੀਂ ਕਾਫੀ ਸਮੇਂ ਤੋਂ ਇੱਕ ਦੁਜੇ ਦੇ ਕੁੱਝ ਨੇੜੇ ਹਾਂ। ਉਹ ਵੀ ਮੈਨੁੰ ਬਹੁਤ ਪਿਆਰ ਕਰਦਾ ਹੈ ਤੇ ਮੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ। ਉਸ ਦੀ ਭਾਵਨਾਵਾਂ ਵੀ ਗਲਤ ਨਹੀਂ ਹਨ। ਪਰ ਮੁਸ਼ਕਿਲ ਇਹ ਹੈ ਕਿ ਉਹ ਦੁਜੇ ਧਰਮ ਦਾ ਹੈ। ਪਰ ਮੇਰੇ ਮਾਤਾ ਪਿਤਾ ਮੇਰਾ ਰਿਸ਼ਤਾ ਦੁਜੇ ਧਰਮ ਦੇ ਮੁੰਡੇ ਨਾਲ ਕਰਨ ਲਈ ਕਦੀ ਵੀ ਰਾਜ਼ੀ ਨਹੀਂ ਹੋਣਗੇ। ਵੈਸੇ ਉਹ ਮੇਰੇ ਵਾਸਤੇ ਅਪਣਾ ਧਰਮ ਬਦਲਣ ਨੂੰ ਵੀ ਤਿਆਰ ਹੈ। ਹੁਣ ਮੇਰੇ ਮਾਤਾ ਪਿਤਾ ਮੇਰਾ ਰਿਸ਼ਤਾ ਕਰਨ ਦੀ ਸੋਚ ਰਹੇ ਹਨ। ਮੈਂ ਆਪਣੇ ਮਾਤਾ ਪਿਤਾ ਨੂੰ ਵੀ ਨਾਰਾਜ਼ ਨਹੀਂ ਕਰਨਾ ਚਾਹੁੰਦੀ। ਉਹਨਾਂ ਵਲੋਂ ਦਸਿਆ ਜਾ ਰਿਹਾ ਮੁੰਡਾ ਵੀ ਵਧੀਆ ਲਗ ਰਿਹਾ ਹੈ। ਪਰ ਮੈਨੁੰ ਡਰ ਹੇ ਕਿ ਮੇਰੇ ਕਿਸੇ ਹੋਰ ਨਾਲ ਵਿਆਹ ਕਰ ਲੈਣ ਨਾਲ ਮੇਰੇ ਕਾਲਜ ਦਾ ਦੋਸਤ ਬੁਰੀ ਤਰਾਂ ਟੁਟ ਜਾਵੇਗਾ। ਹੋ ਸਕਦਾ ਹੈ ਉਹ ਖੁਦਕੁਸ਼ੀ ਵੀ ਕਰ ਲਵੇ। ਨਾਲ ਹੀ ਮੈਨੂੰ ਇਹ ਵੀ ਪਤਾ ਹੈ ਕਿ ਮਾਤਾ ਪਿਤਾ ਨੂੰ ਨਾਰਾਜ਼ ਕਰਕੇ ਮੈਂ ਕਾਲਜ ਦੇ ਇਸ ਦੋਸਤ ਨਾਲ ਵੀ ਖੁਸ਼ ਨਹੀ ਰਹਿ ਸਕਾਂਗੀ। ਸਮਝ ਨਹੀ ਆਉਂਦੀ ਕੀ ਕਰਾਂ? ਇੱਕ ਰਾਹ ਤਾਂ ਮੈ ਇਹ ਸੋਚਿਆ ਹੈ ਕਿ ਮੈਂ ਸਾਰੀ ਉਮਰ ਵਿਆਹ ਹੀ ਨਾ ਕਰਾਂ। ਇਸ ਨਾਲ ਉਸ ਮੁੰਡੇ ਨੂੰ ਨੈਤਿਕ ਸਹਾਰਾ (Moral Support) ਮਿਲਦਾ ਰਹੇਗਾ। ਕਿਉਕਿ ਮੇਰਾ ਡਰ ਇਹੀ ਹੈ ਕਿ (ਮੇਰੇ ਕਿਸੀ ਹੋਰ ਨਾਲ ਵਿਆਹ ਕਰਨ ਨਾਲ ਉਹ ਖੁਦਕੁਸ਼ੀ ਕਰ ਲਵੇਗਾ)। ਕਈਂ ਵਾਰ ਜੀ ਕਰਦਾ ਹੈ ਮੈ ਹੀ ਖੁਦਕੁਸ਼ੀ ਕਰ ਲਵਾਂ। ਤੁਸੀ ਦੱਸੋ ਮੈਂ ਕੀ ਕਰਾਂ? ਮੈਂ ਉਸਨੁੰ ਕਿਹਾ ਦੇਖ, ਮੈਂ ਤੈਨੂੰ ਦੋਸਤ ਵੀ ਸਮਝਦਾ ਹਾਂ ਅਤੇ ਭੈਣ ਵੀ ਕਿਉਂਕਿ ਮੇਰੀ ਨਜ਼ਰ ਵਿੱਚ ਪਿਆਰ ਸਭ ਇੱਕ ਤਰਾਂ ਦਾ ਹੀ ਹੁੰਦਾ ਹੈ ਭਾਵੇ ਮਾਂ-ਪਿਉ ਦਾ ਹੋਵੇ, ਭੈਣ ਦਾ, ਦੋਸਤ ਦਾ ਜਾਂ ਪਤਨੀ ਦਾ ਜਾਂ ਹੋਰ ਕੋਈ। ਜ਼ਿੰਦਗੀ ਤੇਰੀ ਅਪਣੀ ਹੈ, ਫੈਸਲਾ ਵੀ ਤੂੰ ਆਪ ਹੀ ਕਰਨਾ ਹੈ। ਪਰ ਤੇਰੀ ਉਮਰ ਐਸੀ ਹੈ ਕਿ ਤੇਰਾ ਦਿਲ (ਭਾਵਨਾਵਾਂ) ਤੇਰੇ ਦਿਮਾਗ (ਦਲੀਲ) ਉਪਰ ਭਾਰੂ ਹੈ। ਪਰ ਇਹ ਵੀ ਗੱਲ ਬਿਲਕੁਲ ਸੱਚ ਹੈ ਕਿ ਦਿਮਾਗ (ਦਲੀਲ) ਦਾ ਲੜ ਛਡ ਕਿ ਸਿਰਫ ਦਿਲ (ਭਾਵਨਾਵਾਂ) ਅਧੀਨ ਕੀਤੇ ਫੈਸਲੇ ਕਿਸੇ ਦਾ ਕੁੱਝ ਨਹੀਂ ਸੰਵਾਰ ਸਕਦੇ ਬਲਕਿ ਸਭਦਾ ਨੁਕਸਾਨ ਹੀ ਕਰਦੇ ਹਨ। ਇਸ ਕਰਕੇ ਵਿਆਹ ਦਾ ਰਿਸ਼ਤਾ ਬਣਾਉਣ ਜਿਹੇ ਮਹੱਤਵਪਪੂਰਨ ਫੈਸਲੇ ਕਰਦੇ ਵਕਤ ਦਿਲ (ਭਾਵਨਾਵਾਂ) ਦੀ ਥਾਂ ਦਿਮਾਗ (ਦਲੀਲ) ਦਾ ਇਸਤੇਮਾਲ ਜ਼ਿਆਦਾ ਕਰਨਾ ਚਾਹੀਦਾ ਹੈ। ਵਿਆਹ ਕੋਈ ਥੋੜ ਚਿਰਾ ਮੇਲ ਨਹੀ, ਪੁਰੇ ਜੀਵਨ ਭਰ ਦਾ ਫੈਸਲਾ ਹੈ। ਇਹ ਇੱਕ ਗਲਤ ਫੈਸਲਾ ਜ਼ਿੰਦਗੀ ਨੂੰ ਨਰਕ ਬਣਾ ਸਕਦਾ ਹੈ। ਫੇਰ ਬਾਅਦ ਵਿੱਚ ਪਛਤਾਵੇ ਤੋਂ ਸਿਵਾ ਕੁੱਝ ਨਹੀਂ ਰਹਿ ਜਾਂਦਾ। ਸਿਰਫ ਜ਼ਜ਼ਬਾਤੀਂ ਹੋ ਕੇ ਭਾਵਨਾਵਾਂ ਅਧੀਨ ਕੀਤੇ ਜਾਂਦੇ ਵਿਆਹਾਂ ਦਾ ਨਤੀਜਾ ਹੈ ਕਿ ਅੰਕੜਿਆਂ ਦੇ ਹਿਸਾਬ ਨਾਲ 90% ‘ਪ੍ਰੇਮ ਵਿਆਹ’ ਅਸਫਲ ਹੁੰਦੇ ਹਨ। ਕਿਉਂਕਿ ਜਦ ਵਿਆਹ ਤੋਂ ਬਾਅਦ ਉਹਨਾਂ ਦਾ ਸਾਹਮਨਾ ਜ਼ਮੀਨੀ ਹਕੀਕਤਾਂ ਨਾਲ ਹੁੰਦਾ ਹੈ ਤਾਂ ਪੇਸ਼ ਆਉਂਦੀਆਂ ਮੁਸ਼ਕਿਲਾਂ ਕਾਰਨ ਨੌਬਤ ਤਲਾਕਾਂ ਤੱਕ ਪਹੁੰਚ ਜਾਂਦੀ ਹੈ ਜਾਂ ਫਿਰ ਆਪਸ ਵਿੱਚ ਖਿੰਚੋਤਾਨ ਬਣੀ ਰਹਿੰਦੀ ਹੈ। ਕਾਰਨ ਸਿਰਫ ਆਪਸੀ ਬਾਹਰੀ ਆਕਰਸ਼ਨ ਹੀ ਸੀ, ਹੋਰ ਕੋਈ ਗੱਲ ਆਪਸ ਵਿੱਚ ਮਿਲਦੀ ਨਹੀ ਸੀ। ਤਾਂ ਹੀ ਸਿਆਣੇ ਕਹਿੰਦੇ ਹਨ ਕਿ ਸਫਲ ਜੋੜੀ (ਵਿਆਹੁਣ ਵਾਸਤੇ) ਲਈ ‘ਪੂਜਾ ਇਸ਼ਟ ਅਰਾਧਣਾ, ਖਾਨ ਪਾਨ ਪਹਿਰਾਨ’ ਦਾ ਮਿਲਨਾ ਬਹੁਤ ਜ਼ਰੂਰੀ ਹੈ। ਕਿਉਂਕਿ ਜਿਸ ਧਰਮ, ਸਮਾਜ, ਪਰਿਵਾਰ ਵਿੱਚ ਕੋਈ ਪਲਦਾ ਹੈ ਉਸ ਦਾ ਅਸਰ, ਉਸਦੇ ਸੰਸਕਾਰ ਉਸ ਦੇ ਸੁਭਾੳੇ ਨੂੰ ਪ੍ਰਭਾਵਿਤ ਕਰਦੇ ਹਨ। ਉਸ ਦੇ ਰਹਿਨ-ਸਹਿਨ, ਖਾਨ-ਪੀਨ ਆਦਿ ਤੇ ਹੋਰ ਵਿਚਾਰ ਉਸ ਮਾਹੌਲ ਦੀ ਹੀ ਦੇਣ ਹੁੰਦੇ ਹਨ। ਸੋ ਸਿਰਫ ਵਕਤੀ ਆਕਰਸ਼ਨ ਜਾਂ ਉਮਰ ਦੇ ਇਸ ਦੌਰ ਵਿੱਚ ਭਾਵਨਾਵਾਂ ਵਿੱਚ ਬਹਿ ਕੇ ਕਈ ਨੌਜਵਾਨ ਲੜਕੇ ਲੜਕੀਆਂ ਦੁਜੇ ਧਰਮੀਆਂ ਨਾਲ ਵਿਆਹ ਤਾਂ ਕਰ ਲੈਂਦੇ ਹਨ (ਇਸ ਸਮੇਂ ਤੱਕ ਉਹਨਾਂ ਨੂੰ ਇਹ ਸਭ ਗੱਲਾਂ ਬੇਮਾਅਣਾ ਲਗਦੀਆਂ ਹਨ) ਪਰ ਬਾਅਦ ਵਿੱਚ ਜਦ ਦੁਜੇ ਦੇ ਘਰ ਜਾਂ ਸਮਾਜ ਦੇ ਮਾਹੌਲ ਵਿੱਚ ਅਪਣੇ ਆਪ ਨੂੰ ਢਾਲਣ ਵਿੱਚ ਮੁਸ਼ਕਿਲਾਂ ਆਉਂਦੀਆਂ ਹਨ ਤਾਂ ਦਰਾੜਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਹਨ। ਫਿਲਮਾਂ, ਕਹਾਨੀਆਂ ਆਦਿ ਵਿੱਚ ਜੋ ਦਿਖਾਇਆ ਜਾਂਦਾ ਹੈ ਉਸ ਵਿੱਚ ਹਕੀਕਤ ਬਹੁਤ ਘੱਟ ਹੁੰਦੀ ਹੈ ਪਰ ਸਾਡੇ ਕੋਮਲ ਮਨਾਂ (ਉਮਰ ਦੇ ਉਸ ਦੌਰ ਕਾਰਨ) ਉਤੇ ਉਸ ਨਾਲ ਇਤਨਾ ਹੁੰਦਾ ਹੈ ਕਿ ਅਸੀ ਉਸ ਨੂੰ ਹੀ ਆਦਰਸ਼ ਸਮਝਣ ਦੀ ਭੁਲ ਕਰ ਲੈਂਦੇ ਹਾਂ। ਵੈਸੇ ਵੀ ਜ਼ਿਆਦਾਤਰ ਫਿਲਮਾਂ ਪ੍ਰੇਮ ਵਿਆਹ ਹੋਣ ਤੇ ਹੀ ਖਤਮ ਹੋ ਜਾਂਦੀਆ ਹਨ। ਪਰ ਉਸ ਤੋਂ ਬਾਅਦ ਜ਼ਿੰਦਗੀ ਕਿਹੋ ਜਿਹੀ ਬੀਤਦੀ ਹੈ ਉਸ ਉਪਰ ਬਹੁਤ ਘੱਟ ਫਿਲਮਾਂ ਬਣਦੀਆਂ ਹਨ।

ਮੈਂ ਉਸ ਨੂੰ ਕਿਹਾ, ਹੁਣ ਤੇਰੇ ਮਾਮਲੇ ਵਿੱਚ ਹੀ ਵੇਖ ਲੈ। ਤੂੰ ਇੱਕ ਸਿੱਖ ਹੈਂ ਤੇ ਇਹ ਵੀ ਚੰਗੀ ਤਰਾਂ ਸਮਝਦੀ ਹੈ ਕਿ ਇੱਕ ਸਹੀ ਸਿੱਖ ਮੂਰਤੀ ਪੂਜਾ, ਕਰਮਕਾਂਡਾਂ (ਵਰਤ ਅਤੇ ਹੋਰ), ਅੰਧਵਿਸ਼ਵਾਸਾਂ ਆਦਿ ਨੂੰ ਬਿਲਕੁਲ ਨਹੀਂ ਮੰਨਦਾ। ਦੇਵੀ ਦੇਵਤਿਆਂ ਵਿੱਚ ਉਸ ਦੀ ਕੋਈ ਆਸਥਾ ਨਹੀਂ ਹੁੰਦੀ। ਹੁਣ ਤੇਰੇ ਦਸੇ ਅਨੁਸਾਰ ਉਹ ਮੁੰਡਾ ਹਿੰਦੁ ਹੈ। ਜੇ ਤੁੰ ਉਸ ਨਾਲ ਵਿਆਹ ਕਰਵਾ ਲੈਂਦੀ ਹੈ ਤਾਂ ਤੈਨੂੰ ਉਸ ਮਾਹੌਲ ਵਿੱਚ ਜੀਣਾ ਪਵੇਗਾ ਜਿਥੇ ਦੇਵੀ-ਦੇਵਤਿਆਂ, ਮੂਰਤੀਆਂ ਦੀ ਪੂਜਾ ਹੁੰਦੀ ਹੈ। ਵਰਤ ਸ਼ਰਾਧ ਆਦਿ ਸਾਰੇ ਕਰਮਕਾਂਡ ਕੀਤੇ ਜਾਂਦੇ ਹਨ। ਤੰਤਰ-ਮੰਤਰ ਆਦਿ ਅੰਧ ਵਿਸ਼ਵਾਸਾ ਨੂੰ ਧਰਮ ਦਾ ਅੰਗ ਸਮਝਿਆ ਜਾਂਦਾ ਹੈ। ਕੀ ਤੂੰ ਇਹ ਸਭ ਕਰ ਸਕੇਂਗੀ? ਜੇ ਜ਼ਮੀਰ ਮਾਰਕੇ ਕਰੇਂਗੀ ਵੀ ਤਾਂ ਕਦੋਂ ਤੱਕ? ਕੀ ਜ਼ਮੀਰ ਮਾਰ ਕੇ ਇਹ ਸਭ ਕਰਨ ਨਾਲ ਤੂੰ ਮਾਨਸਿਕ ਤੌਰ ਤੇ ਸ਼ਾਂਤ ਰਹਿ ਸਕੇਂਗੀ? ਜੇ ਨਹੀਂ ਤਾਂ ਸਬਰ ਦਾ ਘੁਟ ਭਰ ਕੇ ਐਸੇ ਰਿਸ਼ਤੇ ਨੂੰ ਕਦੋਂ ਤੱਕ ਨਿਬਾਹੇਂਗੀ? ਜੇ ਦੁਜੀ ਤਰਫ ਤੂੰ ਇਹ ਸਭ ਨਹੀਂ ਕਰਦੀ ਤਾਂ ਤੇਰੇ ਸੱਸ ਸਹੁਰੇ ਤੇ ਉਸ ਤਰਫ ਦੇ ਹੋਰ ਰਿਸ਼ਤੇਦਾਰ ਤੇਰੇ ਨਾਲ ਨਰਾਜ਼ ਰਹਿਣਗੇ। ਘਰ ਵਿੱਚ ਕਲੇਸ਼ ਪਿਆ ਰਹੇਗਾ। ਉਸ ਮੁੰਡੇ ਦੇ ਭਵਿੱਖ ਬਾਰੇ ਵੀ ਸੋਚ ਜੋ (ਹੁਣੇ ਭਾਂਵੇ ਤੇਰੇ ਆਕਰਸ਼ਨ ਵਿੱਚ ਸੁਧ ਬੁਧ ਖੋਈ ਫਿਰਦਾ ਹੈ) ਤੇਰੇ ਅਤੇ ਅਪਣੇ ਮਾਤਾ-ਪਿਤਾ ਰੂਪੀ ਚੱਕੀ ਦੇ ਦੋ ਪੁੜਾਂ ਵਿੱਚ ਪਿਸਦਾ ਰਹੇਗਾ। ਕੀ ਉਸ ਹਾਲਾਤ ਵਿੱਚ ਕੋਈ ਵੀ ਸੁਖੀ ਰਹਿ ਸਕੇਗਾ? ਫੇਰ ਐਸੇ ਭਵਿੱਖ ਨੂੰ, ਜੋ ਸਭ ਨੂੰ ਦੁਖੀ ਰਖੇਗਾ, ਸਭ ਕੁੱਝ ਜਾਨਦੇ ਬੁਝਦੇ, ਸਿਰਫ ਵਕਤੀ ਜ਼ਜ਼ਬਾਤਾਂ ਵਿੱਚ ਬਹਿ ਕੇ ਕਿਉਂ ਅਪਨਾਉਣਾ?

ਮੈਂ ਵਿਚਾਰ ਅੱਗੇ ਤੋਰਿਆ ਕਿਹਾ, ਮੈਂ ਦੁਨੀਆਂ ਦੇ ਜ਼ਿਆਦਾਤਰ ਧਰਮਾਂ ਦਾ ਤੁਲਨਾਤਮਕ ਅਧਿਐਨ ਕੀਤਾ ਹੈ। ਇਸ ਉਪਰੰਤ ਮੈਂ ਇਸ ਨਤੀਜੇ ਉਤੇ ਪਹੁੰਚਿਆ ਹਾਂ ਕਿ ਸਿੱਖ ਧਰਮ ਦੀ ਫਿਲਾਸਫੀ ਹੀ ਹੈ ਜੋ ਦਲੀਲ ਅਤੇ ਵਿਗਿਆਨ ਦੀ ਕਸਵੱਟੀ ਉਤੇ ਖਰੀ ਉਤਰਦੀ ਹੈ। ਇਹ ਮੈਂ ਸਿੱਖ ਹੋਣ ਕਰਕੇ ਨਹੀਂ ਕਹਿ ਰਿਹਾ ਬਲਕਿ ਬਹੁਧਰਮੀ ਅਧਿਐਨ ਕਰਨ ਵਾਲੇ ਜ਼ਿਆਦਾਤਰ ਵਿਦਵਾਨਾਂ ਦਾ ਵੀ ਇਹੀ ਵਿਚਾਰ ਹੈ। ਸੋ ਆਦਰਸ਼ ਸਮਾਜ ਵਾਸਤੇ ਇਹੋ ਜੀਵਨ –ਜਾਚ ਹੀ ਲਾਭਦਾਇਕ ਹੈ। ਵਰਨਾ ਬਾਕੀ ਸਭ ਧਰਮਾਂ ਵਿੱਚ ਵੱਧ ਜਾਂ ਘੱਟ ਮਾਤਰਾ ਵਿੱਚ ਅੰਧਵਿਸ਼ਵਾਸ, ਕਰਮਕਾਂਡ, ਨਾਬਰਾਬਰੀ ਆਦਿ ਸਿਧਾਂਤਕ ਤੌਰ ਉਤੇ ਸ਼ਾਮਿਲ ਹੈ। ਅਸਲ ਵਿੱਚ ਧਰਮ ਦਾ ਤਾਂ ਮਤਲਬ ਹੀ ਆਦਰਸ਼ ਸਮਾਜ ਦੀ ਸਥਾਪਨਾ ਹੈ ਤੇ ਇਸ ਸਮੇਂ ਸਿੱਖ (ਸਿਧਾਂਤਕ ਤੌਰ ਉਤੇ) ਜੀਵਨ ਜਾਚ ਹੀ ਉਸ ਪਰਿਭਾਸ਼ਾ ਦੇ ਸਭ ਤੋਂ ਨੇੜੇ ਹੈ। ਸੋ ਵਕਤੀ ਜ਼ਜ਼ਬਾਤਾਂ ਵਿੱਚ ਬਹਿ ਕੇ, ਸਿਰਫ ਬਾਹਰੀ ਆਕਰਸ਼ਨ ਕਾਰਨ, ਕਿਸੇ ਹੋਰ ਧਰਮ ਦੇ ਮੁੰਡੇ ਨਾਲ ਵਿਆਹ ਕਰਵਾ ਕੇ ਐਸੀ ਸੁਚੱਜੀ ਜੀਵਨ ਜਾਚ (ਸਿੱਖੀ) ਤੋਂ ਮੁੰਹ ਮੌੜ ਲੈਣ ਨੂੰ ਮੈਂ ‘ਮਹਾਂਮੁਰਖਤਾ’ ਜਾਂ ‘ਬੌਧਿਕ ਖੁਦਕੁਸ਼ੀ’ ਤੋਂ ਵੱਧ ਹੋਰ ਕੁੱਝ ਨਹੀ ਕਹਿ ਸਕਦਾ। ਉਸਨੇ ਕਿਹਾ ਗੱਲ ਤਾਂ ਤੁਹਾਡੀ ਬਿਲਕੁਲ ਠੀਕ ਹੈ ਪਰ ਇਹ ਵੀ ਤਾਂ ਸੋਚੋ ਕਿ ਉਹ ਤਾਂ ਮੇਰੀ ਖਾਤਿਰ ਆਪਣਾ ਧਰਮ ਬਦਲਣ ਨੂੰ ਵੀ ਤਿਆਰ ਹੈ। ਜੇ ਉਹ ਸਿੱਖ ਬਣ ਜਾਂਦਾ ਹੈ ਤਾਂ ਕੀ ਫੇਰ ਵੀ ਇਹ ਵਿਆਹ ਗਲਤ ਹੋਵੇਗਾ? ਮੈਂ ਕਿਹਾ ਮੇਰੀਏ ਭੇਣੇ, ਬੇਸ਼ਕ ਗਲਤ ਹੋਵੇਗਾ। ਧਰਮ ਕੋਈ ਕਪੜਾ ਨਹੀਂ ਜੋ ਇਤਨੀ ਆਸਾਨੀ ਨਾਲ ਬਦਲਿਆ ਜਾ ਸਕੇ। ਧਰਮ ਦਾ ਅਸਲੀ ਹਿੱਸਾ ਤਾਂ ‘ਵਿਚਾਰਧਾਰਾ’ (ਜੀਵਨਜਾਚ) ਹੈ। ਸਿਰਫ ਕੇਸ ਰੱਖ ਲੈਣ ਨਾਲ ਤਾਂ ਕੋਈ ਸਿੱਖ ਨਹੀਂ ਬਣ ਜਾਂਦਾ। ਇਤਿਹਾਸ ਵਿੱਚ ਦੁਜੇ ਧਰਮਾਂ ਵਿਚੋਂ ਸਿੱਖ ਸਜਣ ਵਾਲਿਆਂ ਦੀਆਂ ਅਨੇਕਾਂ ਉਦਾਹਰਨਾਂ ਮਿਲਦੀਆਂ ਹਨ। ਉਹਨਾਂ ਵਿਚੋਂ ਕਈ ਬਹੁਤ ਉਚੇ ਅਤੇ ਮਹਾਨ ਸਿੱਖ ਵੀ ਹੋਏ ਹਨ ਜਿਵੇਂ ਵੀਹਵੀਂ ਸਦੀ ਵਿੱਚ ਪ੍ਰੋ. ਸਾਹਿਬ ਸਿੰਘ ਜੀ, ਮਾਸਟਰ ਤਾਰਾ ਸਿੰਘ ਜੀ ਆਦਿ। ਪਰ ਉਹਨਾਂ ਦੇ ਮਹਾਨ ਸਿੱਖ ਹੋਣ ਦਾ ਇੱਕ ਖਾਸ ਕਾਰਨ ਇਹ ਸੀ ਕਿ ਉਹ ਕਿਸੇ ਲਾਲਚ ਜਾਂ ਸਵਾਰਥ ਅਧੀਨ (ਪੈਸੇ ਜਾਂ ਕਿਸੀ ਕੁੜੀ ਖਾਤਿਰ) ਸਿੱਖ ਨਹੀ ਬਣੇ ਬਲਕਿ ਉਹਨਾਂ ਨੇ ਸਿੱਖ ਧਰਮ ਦੇ ਚੰਗੇ ਗੁਣਾਂ / ਨਿਯਮਾਂ (ਜੀਵਨਜਾਚ) ਤੋਂ ਪ੍ਰਭਾਵਤ ਹੋ ਕੇ ਸਿੱਖੀ ਧਾਰਨ ਕੀਤੀ। ਹੁਣ ਜੇ ਤੁਹਾਡਾ ਦੋਸਤ ਵੀ ਸਿੱਖੀ ਜੀਵਨਜਾਚ ਤੋਂ ਪ੍ਰਭਾਵਤ ਹੋ ਕੇ ਸਿੱਖੀ ਧਾਰਨ ਕਰਦਾ ਤਾਂ ਉਸ ਨਾਲ ਤੁਹਾਡੇ ਸਮੇਤ ਕਿਸੀ ਵੀ ਸਿੱਖ ਕੁੜੀ ਦੇ ਵਿਆਹ ਕਰਨ ਵਿੱਚ ਕੋਈ ਗਲਤੀ ਨਹੀਂ ਹੋਣੀ ਸੀ। ਪਰ ਤੁਹਾਡੇ ਮਾਮਲੇ ਵਿੱਚ ਸਪਸ਼ਟ ਹੈ ਕਿ ਉਹ ਤੁਹਾਡੇ ਪ੍ਰਤੀ ਆਕਰਸ਼ਨ (Infaturation) ਕਰਕੇ ਸਿੱਖੀ ਧਾਰਨ ਕਰ ਰਿਹਾ ਹੈ। ਮੈਂ ਤਾਂ ਉਸ ਨੂੰ ਸਗੋਂ ‘ਬੁਜ਼ਦਿਲ’ ਅਤੇ ‘ਬੇਵਕੂਫ’ ਕਹਾਂਗਾ ਜੋ ਕਿਸੇ ਕੁੜੀ ਪਿਛੇ ਝੱਲਾ ਹੋ ਕੇ ਧਰਮ ਬਦਲਨ ਨੂੰ ਫਿਰਦਾ ਹੈ। ਉਸਨੇ ਕਿਹਾ ਗੱਲ ਤਾਂ ਤੁਹਾਡੀ ਬਿਲਕੁਲ ਠੀਕ ਹੈ।

ਉਸ ਨੇ ਵਿਚਾਰ ਨੂੰ ਅੱਗੇ ਤੋਰਦਿਆਂ ਕਿਹਾ ਪਰ ਮੇਰੀ ਉਲਝਨ ਤਾਂ ਉਥੇ ਦੀ ਉਥੇ ਹੀ ਰਹੀ। ਚਲੋ ‘ਦਿਮਾਗ’ ਦੀ ਸੁਣ ਕੇ ਮੈਂ ਕਿਧਰੇ ਹੋਰ ਵਿਆਹ ਕਰਵਾ ਲਿਆ ਤਾਂ ਵੀ ਮੈਨੂੰ ਡਰ ਹੈ ਕਿ ਉਹ ਖੁਦਕੁਸ਼ੀ ਕਰ ਲਵੇਗਾ। ਕੀ ਉਸ ਹਾਲਾਤ ਵਿੱਚ ਮੈਂ ਆਪਣੇ ਆਪ ਨੂੰ ਕਦੀਂ ਮਾਫ ਕਰ ਸਕਾਂਗੀ, ਸਾਰੀ ਉਮਰ ਇਹ ਇਲਜ਼ਾਮ ਮੇਰਾ ਪਿਛਾ ਨਹੀ ਛਡੇਗਾ। ਮੇਰਾ ਜ਼ਮੀਰ ਮੈਨੂੰ ਲਾਹਨਤਾਂ ਪਾਏਗਾ। ਤਾਂ ਹੀ ਮੈਂ ਫੈਸਲਾ ਕੀਤਾ ਹੈ ਕਿ ਮੈਂ ਵਿਆਹ ਹੀ ਨਹੀਂ ਕਰਵਾਵਾਂਗੀ। ਇਸ ਨਾਲ ਉਸ ਨੂੰ ਮਾਨਸਿਕ ਅਤੇ ਨੈਤਿਕ ਸਹਾਰਾ (Mental and Moral Support) ਮਿਲਦਾ ਰਹੇਗਾ ਕਿ ਮੈਂ ਉਸ ਨੂੰ ਪਿਆਰ ਕਰਦੀ ਹਾਂ ਤਾਂ ਹੀ ਵਿਆਹ ਨਹੀਂ ਕਰਵਾ ਰਹੀ। ਕੀ ਤੁਹਾਡੀ ਰਾਇ ਵਿੱਚ ਮੇਰਾ ਇਹ ਫੈਸਲਾ ਠੀਕ ਨਹੀ ਹੈ?

ਮੈਂ ਬੜੇ ਠਰੰਮੇ ਨਾਲ ਕਿਹਾ, ਮੇਰੀਏ ਭੋਲੀਏ ਭੈਣੇ, ਇਹ ਇਸ ਸਮੱਸਿਆ ਦਾ ਸਭ ਤੋਂ ਖਤਰਨਾਕ ਅਤੇ ਗਲਤ ਹਲ ਹੈ। ਇਸ ਨਾਲ ਕਈਂ ਜ਼ਿੰਦਗੀਆਂ ਨਰਕ ਬਣ ਜਾਣਗੀਆਂ। ਤੇਰੀ, ਉਸਦੀ ਅਤੇ ਤੁਹਾਡੇ ਮਾਤਾ-ਪਿਤਾ ਦੀ ਵੀ। ਅਸਲ ਵਿੱਚ ਤੁਹਾਡੇ ਪ੍ਰਤੀ ਉਸ ਦਾ ਇਹ ਆਕਰਸ਼ਨ ਇੱਕ ‘ਨੁਕਸਾਨਦਾਇਕ ਅੱਗ’ ਵਾਂਗੂ ਹੈ ਅਤੇ ਉਸ ਅੱਗ ਵਿੱਚ ‘ਬਾਲਣ’ ਦਾ ਕੰਮ ਕਰ ਰਿਹਾ ਹੈ, ਤੁਹਾਡਾ ਉਸ ਦੇ ਇਸ ਆਕਰਸ਼ਨ ਪ੍ਰਤੀ (ਚਾਹੁੰਦੇ ਜਾਂ ਨਾ ਚਾਹੁੰਦੇ) ਹਾਂ ਪੱਖੀ ਵਤੀਰਾ (Moral Support)। ਜਦ ਤੱਕ ਤੁਹਾਡੇ ਹਾਂ-ਪੱਖੀ ਵਤੀਰੇ ਦਾ ‘ਬਾਲਣ’ ਇਸ ਅੱਗ ਨੂੰ ਮਿਲਦਾ ਰਹੇਗਾ ਇਹ ਅੱਗ ਨਹੀਂ ਬੁਝ ਸਕਦੀ। ਹੌਲੀ-ਹੋਲੀ ਤੁਹਾਡੀ ਜ਼ਿੰਦਗੀਆਂ ਨੂੰ ‘ਨੁਕਸਾਨਦਾਇਕ ਸੇਕ’ ਪਹੁਚਾਂਦੀ ਰਹੇਗੀ। ਤੁਹਾਡੇ ਕੁੰਆਰਾ ਰਹਿਨ ਰੁਪੀ ਨੈਤਿਕ ਸਹਾਰੇ (Moral support) ਦਾ ਬਾਲਣ ਜਦੋਂ ਖਤਮ ਹੋਵੇਗਾ ਤਾਂ ਹੀ ਇਹ ਅੱਗ ਬੁਝ ਸਕਦੀ ਹੈ। ਤੁਹਾਡੇ ਵਿਆਹ ਕਰਵਾ ਲੈਣ ਨਾਲ ਕੁੱਝ ਸਮਾਂ ਤੱਕ ਤਾਂ ਉਸ ਨੂੰ ਤਕਲੀਫ ਜ਼ਰੂਰ ਹੋ ਸਕਦੀ ਹੈ ਪਰ ਹੌਲੀ ਹੌਲੀ ਉਸਦੀ ਇਹ ਆਕਰਸ਼ਨ ਰੂਪੀ ਅੱਗ ਬੁਝ ਜਾਵੇਗੀ ਕਿਉਂਕਿ ਹੁਣ ਤੁਹਾਡੇ ਵਲੋਂ ਮਿਲਨ ਵਾਲਾ ਬਾਲਣ (Moral Support) ਨਹੀਂ ਮਿਲੇਗਾ। ਇਸ ਨਾਲ ਇਹ ਵੀ ਜ਼ਰੂਰੀ ਹੈ ਕਿ ਤੁਸੀ ਇੱਕ ਵਾਰ ਉਸ ਨੂੰ ਮਿਲ ਕੇ ਜ਼ਮੀਨੀ ਹਕੀਕਤਾਂ ਚੰਗੀ ਤਰਾਂ ਸਮਝਾਉਣ ਦੀ ਕੋਸ਼ਿਸ਼ ਕਰੋ। ਨਾਲ ਹੀ ਸਖਤੀ ਨਾਲ ਉਸ ਨੂੰ ਇਹ ਵੀ ਸਮਝਾਉ ਕਿ ਇਸ ਸਭ ਨੂੰ ਦੁਖ / ਨੁਕਸਾਨ ਪਹੁਚਾਉਣ ਵਾਲੀ ਖੇਡ ਵਿੱਚ ਮੈਂ ਸ਼ਾਮਿਲ ਨਹੀਂ ਹੋ ਸਕਦੀ।

ਉਸਨੇ ਪੁਛਿਆਂ ਕਿ ਕੀ ਤੁਹਾਨੂੰ ਲਗਦਾ ਹੈ ਕਿ ਇਸ ਨਾਲ ਇਹ ਸਮੱਸਿਆ ਹਲ ਹੋ ਜਾਵੇਗੀ। ਮੈਂ ਕਿਹਾ ਕਿ ਤੁਸੀ ਕਈਂ ਵਾਰੀ ਖਬਰਾਂ ਵਿੱਚ ਪੜਿਆ ਹੋਵੇਗਾ ਕਿ ਵਿਆਹ ਨਾ ਹੋਣ ਕਰਕੇ (ਕਾਰਨ ਕੋਈ ਵੀ ਹੋ ਸਕਦੇ ਹਨ) ਮੁੰਡੇ ਕੁੜੀ ਨੇ ਖੁਦਕੁਸ਼ੀ ਕਰ ਲਈ। 90% ਖੁਦਕੁਸ਼ੀ ਵਾਲੇ ਕੇਸ ਤੱਦ ਹੁੰਦੇ ਹਨ ਜਦ ਮੁੰਡਾ-ਕੁੜੀ ਦੋਵੇਂ ਸ਼ਾਮਿਲ ਹੋਣ। ਉਮਰ ਦੇ ਇਸ ਦੌਰ ਵਿੱਚ ਵਕਤੀ ਜ਼ਜ਼ਬਾਤਾਂ ਦੇ ਜ਼ਬਰਦਸਤ ਦਬਾਅ ਹੇਠ ਉਸ ਸਮੇਂ ਐਸਾ ਕਰਨਾ ਮੁਸ਼ਕਿਲ ਨਹੀਂ ਹੁੰਦਾ। ਇਸ ਉਮਰ ਵਿੱਚ ਖੁਦਕੁਸ਼ੀ ਦੇ ਕੁੱਝ ਐਸੇ ਮਾਮਲੇ ਵੀ ਸਾਹਮਣੇ ਆਏ ਹਨ ਜਦ ਕਿਸੇ ਕਿਸ਼ੋਰ ਵਲੋਂ ਸਿਰਫ ਇੱਕ ਪੇਪਰ ਖਰਾਬ ਹੋ ਜਾਣ ਦੇ ਕਾਰਨ ਹੀ ਖੁਦਕੁਸ਼ੀ ਕਰ ਲਈ। ਤੁਹਾਡੇ ਕੇਸ ਵਿੱਚ 95% ਚਾਂਸ ਹਨ ਕਿ ਉਹ ਤੁਹਾਡੇ ਕਿਸੇ ਹੋਰ ਨਾਲ ਵਿਆਹ ਤੋਂ ਬਾਅਦ, ਤੁਹਾਡੇ ਮਿਲਣ ਦੀ ਆਸ ਖਤਮ ਹੋ ਜਾਣ ਕਰਕੇ, ਕੁੱਝ ਸਮੇਂ ਬਾਅਦ ਨਾਰਮਲ ਹੋ ਜਾਵੇਗਾ। 5% ਮੌਕੇ ਇਹ ਵੀ ਹਨ ਕਿ ਉਹ ਮਾਨਸਿਕ ਰੋਗੀ ਹੋ ਜਾਵੇ ਅਤੇ ਤੁਹਾਨੂੰ ਨੁਕਸਾਨ ਪਹੁੰਚਾਨ ਦੀ ਕੋਸ਼ਿਸ਼ ਕਰੇ ਜਾਂ ਫੇਰ ਖੁਦਕੁਸ਼ੀ ਕਰ ਲਵੇ। ਜੇ ਇਸ ਤਰਾਂ ਦਾ ਕੁੱਝ ਹੁੰਦਾ ਹੈ ਤਾਂ ਵੀ ਤੁਹਾਡੇ ਵਾਸਤੇ ਚੰਗਾ ਹੈ, ਕਿਉਂਕਿ ਐਸੇ ਬੰਦੇ ਨਾਲ ਜੋ ਸਿਰਫ ਕਬਜ਼ੇ ਦੀ ਭਾਵਨਾ (Infaturation) ਕਾਰਨ ਮਾਨਸਿਕ ਰੋਗੀ ਹੋ ਜਾਵੇ। ਉਸ ਨਾਲ ਪੁਰੀ ਜ਼ਿੰਦਗੀ ਬਿਤਾਨਾ ਮਤਲਬ ਨਰਕ ਭੋਗਨਾ ਹੈ। ਜੇ ਤੁਹਾਡੇ ਪ੍ਰਤੀ ਉਸ ਦੇ ਮਨ ਵਿੱਚ ਥੋੜਾ ਜਿਹਾ ਵੀ ਸੱਚਾ ਪਿਆਰ (ਸ਼ੁਭਚਿੰਤਕ ਵਾਲਾ, ਜਿਵੇਂ ਮੇਰੇ ਮਨ ਵਿੱਚ ਸਿਰਫ ਤੁਹਾਡੇ ਲਈ ਹੀ ਨਹੀਂ ਸਾਰੇ ਸਮਾਜ ਲਈ ਹੈ) ਤਾਂ ਉਹ ਹਕੀਕਤ ਨੂੰ ਸਮਝ ਜਾਵੇਗਾ। ਜੇ ਉਹ ਖੁਦਕੁਸ਼ੀ ਕਰਨ ਜਿਹੀ ਕੋਈ ਹਰਕਤ ਕਰ ਵੀ ਲੈਂਦਾ ਹੈ (ਜਿਸ ਦੀ ਸੰਭਾਵਨਾ ਬਹੁਤ ਹੀ ਘੱਟ ਹੈ) ਤਾਂ ਇਹ ਬਹੁਤ ਵੱਡੀ ਬੁਜ਼ਦਿਲੀ ਹੋਵੇਗੀ। ਜਿਹੜੇ ਲੋਕ ਜ਼ਿੰਦਗੀ ਜਿਹੀ ਕੀਮਤੀ ਸ਼ੈ ਨੂੰ ਇਤਨਾ ਸਸਤਾ ਸਮਝਦੇ ਹਨ ਉਹ ਨਿਹਾਇਤ ਬੁਜ਼ਦਿਲ, ਬੇਵਕੂਫ ਅਤੇ ਜ਼ਾਲਮ ਹੁੰਦੇ ਹਨ। ਦੇਸ਼, ਕੌਮ ਅਤੇ ਸਮਾਜ ਦੀ ਭਲਾਈ / ਤਰੱਕੀ ਵਿੱਚ ਜ਼ਿੰਦਗੀ ਲਾਉਣ ਦੀ ਥਾਂ ਜੋ ਇੱਕ ਵਕਤੀ, ਬਾਹਰੀ ਅਤੇ ਝੁਠੇ ਆਕਰਸ਼ਨ ਕਾਰਨ ‘ਖੁਦਕੁਸ਼ੀ’ ਕਰ ਲੈਣ ਉਹਨਾਂ ਨਾਲ ਤਾਂ ਹਮਦਰਦੀ ਵੀ ਕਰਨੀ ਗਲਤ ਹੈ। ਇਹੋ ਜਿਹੇ ਲੋਕਾਂ ਤੋਂ ਬਿਨਾ ਸਮਾਜ ਦਾ ਕੀ ਥੁੜਿਆ ਹੈ? ਇਹ ਬੇਸ਼ਕ ਸਮਾਜ ਲਈ ਭਵਿੱਖ ਵਿੱਚ ਨਿਕੰਮੇ ਅਤੇ ਹਾਨੀਕਾਰਕ ਸਾਬਿਤ ਹੁੰਦੇ ਹਨ (ਸ਼ਾਇਦ ਪਾਠਕਾਂ ਨੂੰ ਇਹ ਲਫਜ਼ ਬਹੁਤ ਸਖਤ ਲਗਣ ਪਰ ਇਹ ਖਰਾਸੱਚ ਹਨ)। ਜੋ ਜ਼ਿੰਦਗੀ ਦਾ ਸਾਹਮਨਾ ਕਰਨ ਦੀ ਹਿੰਮਤ ਨਹੀਂ ਰਖਦੇ ਉਹ ਤਾਂ ਪਸ਼ੁਆਂ ਤੋਂ ਵੀ ਬਦਤਰ ਹਨ। ਕੀ ਐਸੇ ਬੰਦਿਆਂ ਨੂੰ ਆਪਣੀ ਸਾਰੀ ਜ਼ਿੰਦਗੀ ਦਾਅ ਉਤੇ ਲਾ ਕੇ ਨੈਤਿਕ ਸਹਾਰਾ (Moral Support) ਦੇਣਾ ਜ਼ਾਇਜ਼ ਹੈ?

ਉਸਦਾ ਚਿਹਰਾ ਗੰਭੀਰ ਹੋ ਗਿਆ। ਉਸਨੇ ਕਿਹਾ ਅੱਜ ਤੁਸੀ ਮੇਰੀਆਂ ਅੱਖਾਂ ਖੋਲ ਦਿਤੀਆਂ। ਸ਼ੁਕਰ ‘ਵਾਹਿਗੁਰੂ’ ਦਾ ਮੈਂ ਤੁਹਾਡੇ ਨਾਲ ਅਪਣੀ ਉਲਝਣ ਸਾਂਝੀ ਕਰ ਲਈ ਵਰਨਾ ਪਤਾ ਨਹੀਂ ਵਕਤੀ ਜ਼ਜ਼ਬਾਤਾਂ ਵਿੱਚ ਬਹਿ ਕੇ ਕੀ ਅਨਰਥ ਕਰ ਲੈਂਦੀ। ਮੈਂ ਜਲਦੀ ਹੀ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੀ। ਜੇ ਲੋੜ ਪਈ ਤਾਂ ਤੁਸੀ ਵੀ ਉਸ ਨਾਲ ਗੱਲ ਕਰਕੇ ਉਸ ਨੂੰ ਸਮਝਾਉਣਾ। ਮੈਂ ਕਿਹਾ ਜ਼ਰੂਰ, ਮੈਂ ਹਮੇਸ਼ਾ ਤਿਆਰ ਹਾਂ। ਕੁੱਝ ਦਿਨਾਂ ਬਾਅਦ ਉਹ ਦੁਬਾਰਾ ਮਿਲੀ ਤਾ ਉਸ ਨੇ ਦੱਸਿਆ ਕਿ ਉਹ (ਮੁੰਡਾ) ਮੇਰੇ ਵਿਚਾਰ ਸੁਣ ਕੇ ਦੁਖੀ ਤਾਂ ਜ਼ਰ੍ਰਰ ਸੀ ਪਰ ਕੁੱਝ ਸੰਭਲਿਆ ਲਗ ਰਿਹਾ ਸੀ। ਬੇਹਤਰ ਹੋਵੇਗਾ ਤੁਸੀ ਵੀ ਇੱਕ ਵਾਰ ਉਸ ਨੂੰ ਸਮਝਾ ਦੇਵੋ। ਮੈਂ ਉਸ ਮੁੰਡੇ ਨਾਲ ਮਿਲ ਕੇ ਕਾਫੀ ਸਮਾਂ ਉਸ ਨਾਲ ਵਿਚਾਰ ਕੀਤੀ। ਉਹ ਕੁੱਝ ਉਦਾਸ ਤਾਂ ਸੀ ਪਰ ਸੰਤੁਸ਼ਟ ਸੀ।

ਮੇਰੇ ਦੋਸਤੋ, ਤੁਸੀ ਇਹ ਵੀ ਜਾਨਣ ਲਈ ਉਤਾਵਲੇ ਹੋਵਗੇ ਕਿ ਇਸ (ਸੱਚੀ) ਕਹਾਨੀ ਦਾ ਅੰਤ ਕੀ ਹੋਇਆ। ਮੈਂ ਇੰਤਜ਼ਾਰ ਨਹੀਂ ਕਰਵਾਵਾਂਗਾ। ਉਸ ਲੜਕੀ ਨੇ 3-4 ਮਹੀਨੇ ਵਿੱਚ ਹੀ ਮਾਤਾ –ਪਿਤਾ ਵਲੋਂ ਪਸੰਦ ਕੀਤੇ ਉਸ ਚੰਗੇ ਮੁੰਡੇ ਨਾਲ ਸ਼ਾਦੀ ਕਰ ਲਈ। ਮੇਰੇ ਸੁਝਾਅ ਅਨੁਸਾਰ ਉਸਨੇ ਵਿਆਹ ਤੋਂ ਪਹਿਲਾਂ ਅਪਣੇ ਹੋਣ ਵਾਲੇ ਜੀਵਨਸਾਥੀ ਨੂੰ ਇਸ ਮਾਮਲੇ ਬਾਰੇ ਵਿਸਥਾਰ ਵਿੱਚ ਸਭ ਕੁੱਝ ਦਸ ਦਿਤਾ। 1- 1½ ਮਹੀਨੇ ਤਕ ਉਸ ਮੁੰਡੇ ਦੇ ੩-੪ ਦੁਖ ਭਰੇ ਫੋਨ ਵੀ ਉਸ ਕੁੜੀ ਨੂੰ ਆਏ। ਪਰ ੩-੪ ਮਹੀਨਿਆਂ ਬਾਅਦ ਹੀ ਉਸ ਮੁੰਡੇ ਨੇ ਵੀ ਚੰਗੀ ਕੁੜੀ (ਮਾਪਿਆਂ ਦੀ ਰਜ਼ਾ ਮੁਤਾਬਕ) ਵੇਖ ਕੇ ਸ਼ਾਦੀ ਕਰ ਲਈ। ਮਜ਼ੇਦਾਰ ਗੱਲ, ਉਸ ਮੁੰਡੇ ਦੇ ਘਰ ਇਸ ਸਿੱਖ ਕੁੜੀ ਤੋਂ ਵੀ ਪਹਿਲਾਂ ਔਲਾਦ ਹੋ ਗਈ। ਹੁਣ ਦੋਵੇਂ ਅਪਣੇ – ਅਪਣੇ ਪਰਿਵਾਰ ਵਿੱਚ ਖੁਸ਼ੀ ਵਸਦੇ ਹਨ। ਅਸਲ ਵਿੱਚ ਐਸੇ ਨਾਜ਼ੁਕ ਸਮੇਂ ਵਿੱਚ ਸਾਨੂੰ ਸਲਾਹ ਦੇਣ ਵਾਲੇ ਠੀਕ ਨਹੀਂ ਮਿਲਦੇ। ਮਾਤ ਪਿਤਾ ਪਿਆਰ ਅਤੇ ਦਲੀਲ ਨਾਲ ਸਮਝਾਉਣ ਦੀ ਥਾਂ ਜ਼ੋਰ ਜ਼ਬਰਦਸਤੀ, ਬਲੇਕਮੈਲਿੰਗ ਕਰਦੇ ਹਨ ਜੋ ਹੋਰ ਵੀ ਕੰਮ ਵਿਗਾੜ ਸਕਦੀ ਹੈ। ਦੁਜੀ ਤਰਫ ਕੁੜੀ – ਮੁੰਡੇ ਦੇ ਹਮਉਮਰ ਦੋਸਤ (ਜਾਨੇ ਅੰਜਾਨੇ ਵਿਚ, ਕਿਉਕਿ ਉਹ ਵੀ ਉਮਰ ਦੇ ਉਸ ਦੌਰ ਵਿੱਚ ਹੀ ਹੁੰਦੇ ਹਨ) ਉਹਨਾਂ ਦੇ ਜ਼ਜ਼ਬਾਤਾਂ ਨੂੰ ਭੜਕਾਉਂਦੇ ਰਹਿੰਦੇ ਹਨ ਤਾਂ ਹੀ ਕਈਂ ਜ਼ਿੰਦਗੀਆਂ ਤਬਾਹ ਹੋ ਜਾਂਦੀਆਂ ਹਨ। ਸੋ ਅੇਸੇ ਸਮੇਂ ਜ਼ਰੂਰੀ ਹੈ ਕਿ ਫੇਸਲੇ ਜ਼ਮੀਨੀ ਹਕੀਕਤਾਂ, ਦਲੀਲ (ਦਿਮਾਗ) ਦੇ ਆਧਾਰ ਤੇ ਲਏ ਜਾਣ। ਇਸ ਸਮੇਂ ਕਿਸੋਰਾਂ / ਨੌਜਵਾਨਾਂ ਨੂੰ ਬੜੇ ਠਰੰਮੇ, ਪਿਆਰ, ਦਲੀਲ ਨਾਲ ਸਮਝਾਇਆ ਜਾਵੇ।

ਇਹ ਤਾਂ ਵਿਚਾਰ ਸੀ ਕਿਸੀ ਕੁੜੀ ਪ੍ਰਤੀ ਹੋਏ ਗੰਭੀਰ ਆਕਰਸ਼ਨ ਦੀ। ਹੁਣ ਗੱਲ ਕਰਦੇ ਹਾਂ ਉਹਨਾਂ ਕਿਸ਼ੋਰ /ਨੌਜਵਾਨ ਲੜਕਿਆਂ ਦੀ ਜੋ ਗੰਭੀਰ ਆਕਰਸ਼ਨ (Infaturation) ਦੇ ਸ਼ਿਕਾਰ ਨਹੀਂ ਹੁੰਦੇ ਬਲਕਿ ਉਹ ਤਾਂ ਇਹੋ ਜਿਹੇ ਗੀਤਾ ਤੋਂ ਪ੍ਰਭਾਵਿਤ ਹੁੰਦੇ ਹਨ:-

“ਇਹ ਦੁਨੀਆ ਇਹ ਦੁਨੀਆ ਇਹ ਦੁਨੀਆ ਮੇਲਾ ਦੋ ਦਿਨ ਦਾ

ਹਸ ਗਾ ਲੈ ਮੋਹਬਤਾਂ ਪਾ ਲੈ ਕੀ ਲੈ ਜਾਵੇਂਗਾ

ਜਦੋ ਢਲੀ ਜਵਾਨੀ ਬੁਢੀ ਉਮਰੇ ਰਹਿ ਰਹਿ ਕੇ ਪਛਤਾਵੇਂਗਾ”

ਉਹਨਾਂ ਵਿੱਚ ਕਿਸ਼ੋਰਾਵਸਥਾ ਕਾਰਨ ਪੈਦਾ ਹੋ ਰਹੇ ਸ਼ਰੀਰਕ ਬਦਲਾਵਾਂ ਕਾਰਨ ਕੁੜੀਆਂ ਪ੍ਰਤੀ ਆਕਰਸ਼ਨ ਪੈਦਾ ਹੂੰਦਾ ਹੇ। ਕੁੜੀਆਂ ਨੂੰ ਦੋਸਤ ਬਣਾਉਣਾ, ਉਹਨਾਂ ਨਾਲ ਘੁਮਣਾ ਫਿਰਨਾ, ਫਿਲਮਾਂ ਵੇਖਨੀਆਂ ਆਦਿ ਬਹੁਤ ਭਾਉਂਦਾ ਹੈ। ਇਸ ਰੁਚੀ ਰੂਪੀ ਅੱਗ ਨੂੰ ਭੜਕਾਉਣ ਵਿੱਚ ਯੋਗਦਾਨ ਪਾਉਂਦੀਆਂ ਹਨ ਅੱਜ ਕਲ ਦੀਆਂ ਫਿਲਮਾਂ, ਗਾਣੇ, ਮਿਉਜ਼ਿਕ ਵੀਡੀਉ (ਖਾਸਕਰ ਪੰਜਾਬੀ) ਆਦਿ। ਇਸ ਸਭ ਪਿਛੇ ਘੱਟ ਜਾਂ ਵੱਧ ਸੈਕਸ ਦੀ ਚਾਹ ਇੱਕ ਮੁਖ ਕਾਰਨ ਹੁੰਦੀ ਹੈ। ਇੱਕ ਹੋਰ ਕਾਰਨ ਇਹ ਵੀ ਹੁੰਦਾ ਹੈ ਕਿ ਜ਼ਿਆਦਾ ਕੁੜੀਆਂ ਨਾਲ ਦੋਸਤੀ ਕਰ ਕੇ ਅਪਣੇ ਦੋਸਤਾਂ ਉਪਰ ਰੋਬ ਪਾਉਣ ਦੀ ਭਾਵਨਾ। ਇਸ ਉਮਰ ਵਿੱਚ ਕਬਜ਼ੇ ਦੀ ਭਾਵਨਾ ਵੀ ਬਹੁਤ ਬਲਵਾਨ ਹੂੰਦੀ ਹੈ। ਸ਼ਰੀਰਕ ਬਦਲਾਆਂ ਕਾਰਨ ਸੈਕਸ ਬਾਰੇ ਜਾਨਣ ਅਤੇ ਉਸਦਾ ਲੁਤਫ ਉਠਾਉਣ ਦੀ ਇੱਛਾ ਵੀ ਹੁਲਾਰੇ ਮਾਰਦੀ ਹੈ। ਤੇ ਇਸ ਉਮਰ ਵਿੱਚ ਉਹਨਾ ਨੂੰ ਸਹੀ ਸੇਧ ਘੱਟ ਹੀ ਮਿਲਦੀ ਹੈ। ਲੋੜ ਹੈ ਕਿ ਇਸ ਸਮੇਂ ਉਹਨਾਂ ਨੂੰ ਸੈਕਸ ਬਾਰੇ ਸਹੀ ਗਿਆਨ ਦਿਤਾ ਜਾਵੇ। ਪਰ ਮਾਤਾ-ਪਿਤਾ ਇਸ ਬਾਰੇ ਗੱਲ ਕਰਨ ਤੋਂ ਝਿਝਕਦੇ ਹਨ। ਫਿਲਮਾਂ, ਗੀਤ, ਵੀਡੀਉ ਆਦਿ ਉਹਨਾਂ ਨੂੰ ਕੁਰਾਹੇ ਪਾ ਰਹੇ ਹੁੰਦੇ ਹਨ (ਵਿਰਲਿਆਂ ਨੂੰ ਛੱਡ ਕੇ)। ਅਪਣੇ ਹਮਉਮਰਾਂ ਰਾਹੀਂ ਉਹਨਾਂ ਦਾ ਵਾਹ ਪੈ ਜਾਂਦਾ ਹੇ ‘ਕਾਮ ਉਕਸਾਉ’, ਅਸ਼ਲੀਲ ਪੁਸਤਕਾਂ, ਬਲਿਉ ਫਿਲਮਾਂ ਆਦਿ ਨਾਲ ਜੋ ਉਹਨਾਂ ਨੂੰ ਗਲਤ ਰਾਹ ਉਪਰ ਲੈ ਜਾਣ ਦਾ ਕਾਰਨ ਬਣਦੀਆਂ ਹਨ। ਜੇ ਇਸ ਸਮੇਂ ਇਹਨਾਂ ਨੂੰ ਸਹੀ ਸੇਧ ਦਿਤੀ ਜਾਵੇ ਤਾਂ ਕੋਈ ਕਾਰਨ ਨਹੀਂ ਕਿ ਉਹ ਭਟਕ ਜਾਨ। ‘ਸੈਕਸ’ ਬਾਰੇ ਜਾਨਣ ਦੀ ਉਤਸੁਕਤਾ ਉਸ ਸਮੇਂ ਹੋਣਾ ਬਿਲਕੁਲ ਕੁਦਰਤੀ ਹੈ, ਨਾਰਮਲ ਗੱਲ ਹੈ। ਵੱਡਿਆਂ ਮਾਤਾ-ਪਿਤਾ, ਅਧਿਆਪਕਾਂ ਵਲੋਂ ਇਸ ਉਤਸੁਕਤਾ ਨੂੰ ਗਲਤ ਮੰਨਨਾ ਵੀ ਇਸ ਸਮੱਸਿਆ ਦਾ ਇੱਕ ਕਾਰਨ ਹੈ। ਜ਼ਰੁਰਤ ਹੈ ਕਿ ਉਹਨਾਂ ਨੂੰ ਇਸ ਬਾਰੇ ਸਹੀ ਗਿਆਨ ਦਿਤਾ ਜਾਵੇ। ਇਹੀ ਸਮਾ ਹੁੰਦਾ ਹੈ ਜਦੋਂ ਘਰਵਾਲਿਆਂ, ਮਾਂ-ਪਿਉ ਵਲੋਂ ਤ੍ਰਿਸਕਾਰੇ ਜਾਂਦੇ ਬੱਚੇ, ਅਪਣੇ ਦੋਸਤਾਂ ਦੀ ਗਲਤ ਸੋਹਬਤ ਵਿੱਚ ਫਸ ਕੇ ਨਸ਼ਿਆਂ ਅਤੇ ਹੋਰ ਗਲਤ ਕੰਮਾਂ ਵਿੱਚ ਗਲਤਾਨ ਹੋ ਜਾਂਦੇ ਹਨ।

ਮੇਰੇ ਦੋਸਤੋ, ਇਸ ਉਮਰ ਵਿੱਚ ਤੁਹਾਡੇ ਅੰਦਰ ਸੈਕਸ ਬਾਰੇ ਜਾਨਣ ਅਤੇ ਉਸ ਦਾ ਅਨੰਦ ਮਾਨਣ ਦੀ ਇੱਛਾ ਹੋਣਾ ਕੁਦਰਤੀ ਗੱਲ ਹੈ। ਇਸ ਵਿੱਚ ਕੁੱਝ ਵੀ ਗਲਤ ਨਹੀਂ ਹੈ। ਪਰ ਜ਼ਰੂਰੀ ਹੈ ਕਿ ਇਸ ਬਾਰੇ ਤੁਸੀ ਸਹੀ ਜਾਨਕਾਰੀ ਅਤੇ ਸੇਧਾਂ ਲਵੋ। ਮੇਰੇ ਇੱਕ ਦੋਸਤ ਨੇ ਜੋ 19-20 ਸਾਲ ਦਾ ਸੀ ਨੇ ਮੈਨੂੰ ਸਵਾਲ ਕੀਤਾ ਕਿ ਜੇ ਸਾਰੇ ਜਾਣਦੇ/ ਮੰਨਦੇ ਹਨ ਕਿ ਸੈਕਸ ਕਰਨ ਵਿੱਚ ਅਨੰਦ ਆਉਂਦਾ ਹੈ ਤਾਂ ਇਸ ਤੋਂ ਰੋਕਿਆ ਕਿਉਂ ਜਾਂਦਾ ਹੈ? ਸਿੱਖ ਸਿਧਾਂਤ ਇਸ ਬਾਰੇ ਕੀ ਕਹਿੰਦੇ ਹਨ? ਮੈਂ ਕਿਹਾ ਸਿੱਖ ਸਿਧਾਂਤ ਨਹੀਂ ਕਹਿੰਦੇ ਕਿ ਸੈਕਸ ਨਾ ਕਰੋ। ਗੁਰਬਾਣੀ ਤਾਂ ਕਹਿੰਦੀ ਹੈ ਕਿ

‘ਬਿੰਦਰਾਖ ਜੇ ਤਰੀਐ ਭਾਈ, ਖੁਸਰੇ ਕਿਉ ਨ ਪਰਮਗਤਿ ਪਾਈ’

ਮਤਲਬ ਜੇ ਸਿਰਫ ਬ੍ਰਹਮਚਾਰੀ ਰਹਿਨ ਨਾਲ ਹੀ ਕੁੱਝ ਪ੍ਰਾਪਤੀ ਹੁੰਦੀ ਤਾਂ ਖੁਸਰੇ ਨੂੰ ਇਹ ਪ੍ਰਾਪਤੀ ਹੋਣੀ ਚਾਹੀਦੀ ਹੈ ਕਿਉਂਕਿ ਉਸ ਵਿੱਚ ਤਾਂ ਸੈਕਸ ਦੀ ਇੱਛਾ ਹੀ ਨਹੀਂ ਹੁੰਦੀ। ਤੇਰਾ ਸਵਾਲ, ਜੇ ਸੈਕਸ ਵਿੱਚ ਅਨੰਦ ਆਉਂਦਾ ਹੈ ਤਾਂ ਫੇਰ ਮਨਾਂ ਕਿਉਂ ਕੀਤਾ ਜਾਂਦਾ ਹੈ? ਮੇਰੇ ਦੋਸਤ, ਮਿੱਠੀ ਚੀਜ਼ ਖਾਣ ਵਿੱਚ ਵੀ ਸਵਾਦ ਆਉਂਦਾ ਹੈ ਪਰ ਜੇ ਮਿੱਠਾ ਹੱਦ ਤੋਂ ਜ਼ਿਆਦਾ ਖਾਈਏ ਤਾਂ ‘ਸ਼ੂਗਰ’ ਦਾ ਰੋਗ ਹੋਣ ਦਾ ਖਤਰਾ ਰਹਿੰਦਾ ਹੈ। ਨਮਕ ਤੋਂ ਬਿਨਾ ਜ਼ਿਆਦਾਤਰ ਸਬਜ਼ੀਆਂ, ਦਾਲਾਂ ਆਦਿ ਪਦਾਰਥ ਬੇਸਵਾਦ ਲਗਦੇ ਹਨ ਪਰ ਜੇ ਨਮਕ ਦੀ ਮਾਤਰਾ ਵੱਧ ਜਾਵੇ ਤਾਂ ਵੀ ਬੇਸੁਆਦੀ ਹੋ ਜਾਂਦੀ ਹੇ ਅਤੇ ‘ਹਾਈ ਬਲਡ ਪ੍ਰੈਸ਼ਰ’ ਨਾਮਕ ਬਿਮਾਰੀ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਕਰਕੇ ਜ਼ਰੂਰੀ ਹੈ ਕਿ ਹਰ ਚੀਜ਼ ਦਾ ਅਨੰਦ ਮਾਣਿਆ ਜਾਵੇ ਪਰ ਸੰਜਮ ਵਿੱਚ ਰਹਿ ਕੇ। ਬੇਮੁਹਾਰਾ ਤੁਰਨ ਵਾਲੀ ਹਰ ਸ਼ੈ (ਉਹ ਭਾਵੇ ਅੱਗ ਹੋਵੇ, ਪਾਣੀ ਹੋਵੇ, ਹਵਾ ਹੋਵੇ ਜਾਂ ਕੁੱਝ ਹੋਰ) ਨੁਕਸਾਨ ਹੀ ਪਹੁੰਚਾਂਦੀ ਹੈ ਕੋਈ ਫਾਇਦਾ ਨਹੀਂ ਕਰਦੀ। ਇਸੇ ਤਰਾਂ ਸੈਕਸ ਦਾ ਅਨੰਦ ਵੀ ਇੱਕ ਸੰਜਮ ਵਿੱਚ ਰਹਿ ਕੇ ਹੀ ਮਾਣਿਆ ਜਾ ਸਕਦਾ ਹੇ। ਬੇਮੁਹਾਰੇ ਹੋ ਕੇ ਸੈਕਸ ਮਾਨਣ ਦੀ ਕੋਸ਼ਿਸ਼ ਨਾਲ ਕਿਤਨੀਆਂ ਖਤਰਨਾਕ ਬਿਮਾਰੀਆਂ ਫੈਲ ਰਹੀਆਂ ਹਨ, ਸਭ ਜਾਨਦੇ ਹਨ। ਜਿਹੜੀ ਅੱਜ ਕਲ ‘ਖੁਲੇ ਸੈਕਸ’ ਦੀ ਵਕਾਲਤ ਚਲ ਰਹੀ ਹੇ ਉਹ ਬੇਮੁਹਾਰੇਪਨ ਦਾ ਹੀ ਇੱਕ ਰੂਪ ਹੈ। ਮੇਰੇ ਦੋਸਤ ਖੁਲੇ ਸੈਕਸ ਦੀ ਭਾਵਨਾ ਪਸ਼ੁਆਂ ਵਿੱਚ ਹੁੰਦੀ ਹੈ ਜਿਥੇ ਕਿਸੀ ਤਰਾਂ ਦਾ ਪਰਦਾ, ਸੰਗ ਆਦਿ ਨਹੀਂ ਹੁੰਦੀ। ਸੋ ਖੁਲੇ ਸੈਕਸ ਦੀ ਮੰਗ ਕਰਨਾ ਵਾਪਿਸ ‘ਪਸ਼ੂਬਿਰਤੀ’ ਵੱਲ ਪਰਤਨਾ ਹੀ ਹੈ। ਸਮਾਜ ਵਿੱਚ ਸੈਕਸ ਦੇ ਇਸ ਬੇਮੁਹਾਰੇਪਨ ਨੂੰ ਰੋਕਨ ਵਾਸਤੇ ਹੀ ਸਿਆਣਿਆਂ ਵਲੋਂ ਪਤੀ ਪਤਨੀ ਦਾ ਰਿਸ਼ਤਾ ਬਣਾਇਆ ਗਿਆ ਤਾਂ ਕਿ ਸੰਜਮ ਵਿੱਚ ਰਹਿ ਕੇ ਸੈਕਸ ਦਾ ਅਨੰਦ ਮਾਣ ਸਕੀਏ। ਤਾਂ ਹੀ ਗੁਰਬਾਣੀ ਵਿੱਚ ਜਿਥੇ ਸੈਕਸ ਇੱਛਾ ਨੂੰ ਦਬਾਉਣ ਦੀ ਮਨਾਹੀ ਹੈ, ਉਥੇ ਸਿਰਫ ਸੈਕਸ ਅਤੇ ਉਸ ਦੀਆਂ ਸੋਚਾਂ ਵਿੱਚ ਗਲਤਾਨ ਰਹਿਨ ਰੂਪੀ ਬਿਮਾਰੀ ਨੂੰ ‘ਕਾਮ’ ਦਾ ਦਰਜਾ ਦੇ ਕੇ ਇਸ ਤੋਂ ਬਚਨ ਦੀ ਚੇਤਾਵਨੀ ਵੀ ਦਿਤੀ ਗਈ ਹੈ ਜਿਵੇਂ

1.”ਕਾਮ ਕ੍ਰੋਧ ਕਾਇਆ ਕੋ ਗਾਲੇ, ਜਿਉ ਕੰਚਨ ਸੋਹਾਗਾ ਢਾਲੇ।”

2.”ਹੇ ਕਾਮੰ ਨਰਕ ਬਿਸ੍ਰਾਮੰ, ਬਹੁ ਜੋਨੀ ਭ੍ਰਮਾਵਣਹ”

ਸੰਜਮ ਵਿੱਚ ਰਹਿ ਕੇ ਇੱਕ ਆਦਰਸ਼ ਸਮਾਜ ਬਣਾਉਣ ਲਈ ਗੁਰਬਾਣੀ, ਭਾਈ ਗੁਰਦਾਸ ਜੀ ਦੀ ਰਚਨਾ ਅਤੇ ਰਹਿਤਨਾਮਿਆਂ ਵਿੱਚ ਸੇਧਾਂ ਦਿਤੀਆਂ ਗਈਆਂ ਹਨ। ਭਾਈ ਗੁਰਦਾਸ ਜੀ ਕਹਿੰਦੇ ਹਨ

1.’ਵੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਨੇ’।

2.”ਏਕਾ ਨਾਰੀ ਜਤੀ ਹੋਇ, ਪਰ ਨਾਰੀ ਧੀ ਭੈਣ ਵਖਾਣੈ”

ਰਹਿਤਨਾਮੇ ਵਿੱਚ ਵੀ ਦਰਜ ਹੈ:-

‘ਪਰ ਬੇਟੀ ਕੋ ਬੇਟੀ ਜਾਨੇ, ਪਰ ਦਾਰਾ ਕੋ ਮਾਤ ਬਖਾਨੇ

ਅਪਨੀ ਇਸਤ੍ਰੀ ਸਿਉ ਰਤ ਹੋਈ ਰਹਿਤਵਾਨ ਗੁਰ ਕਾ ਸਿੱਖ ਸੋਈ’

ਮੈਂ ਉਸ ਨੂੰ ਕਿਹਾ ਜੇ ਕੱਚੇ ਘੜੇ ਵਿੱਚ ਪਾਣੀ ਭਰ ਦੇਈਏ ਤਾਂ ਉਸ ਨੇ ਖੁਰ ਹੀ ਜਾਨਾ ਹੈ। ਇਵੇਂ ਹੀ ਕੱਚੇ ਘੜੇ ਦੇ ਸਹਾਰੇ ਨਦੀ ਪਾਰ ਕਰਨ ਦੀ ਕੋਸ਼ਿਸ਼ ਕਰਨ ਦਾ ਮਤਲਬ ਡੁਬ ਕੇ ਖੁਦਕੁਸ਼ੀ ਕਰਨ ਵਾਲੀ ਗੱਲ ਹੈ। ਕੁੱਝ ਇਵੇਂ ਹੀ ਕਿਸ਼ੋਰ ਵਿੱਚ ਪੈਦਾ ਹੁੰਦੀਆਂ ਸੈਕਸ ਭਾਵਨਾਵਾਂ ਅਧੀਨ ਸ਼ਰੀਰ ‘ਕੱਚੇ ਘੜੇ’ ਵਾਂਗੂ ਹੁੰਦੀਆਂ ਹਨ। ਜੇ ਇਹਨਾਂ ਉਤੇ ਕਾਬੂ ਨਾ ਰੱਖਿਆ ਜਾਵੇ ਤਾਂ ਨਤੀਜਾ ਉਹੀ ਹੁੰਦਾ ਹੈ ਜੋ ਕੱਚੇ ਘੜੇ ਵਾਲਾ ਹੀ ਹੁੰਦਾ ਹੈ। ਮੈਡੀਕਲ ਖੋਜਾਂ ਰਾਹੀਂ ਪਤਾ ਚਲਦਾ ਹੈ ਕਿ ਕੱਚੀ ਉਮਰ ਵਿੱਚ ਸੈਕਸ (ਜਾਂ ਉਸ ਦੀ ਸੋਚਾਂ) ਵਿੱਚ ਗਲਤਾਨ ਰਹਿਨ ਨਾਲ ਅੱਗੇ ਚਲ ਕੇ ਕਮਜ਼ੋਰੀ ਜਾਂ ਨਾਮਰਦੀ ਜੈਸੇ ਰੋਗ ਪੈਦਾ ਹੋ ਸਕਦੇ ਹਨ। ਤਾਂ ਹੀ ਪੁਰਾਨੇ ਜਮਾਨੇ ਤੋਂ ਸਿਆਨੇ ਵਿਆਹ ਤੋਂ ਪਹਿਲਾਂ ‘ਬ੍ਰਹਮਚਰਜ’ ਦਾ ਪਾਲਨ ਕਰਨ ਦਾ ਉਪਦੇਸ਼ ਦਿੰਦੇ ਸਨ। ਉਹ ਨੌਜਵਾਨ ਕਾਫੀ ਸੰਤੁਸ਼ਟ ਲਗ ਰਿਹਾ ਸੀ।

ਮੇਰੇ ਨੌਜਵਾਨ ਦੋਸਤੋ ਵੀਰੋ! ਤੁਸੀ ਸੋਚ ਰਹੇ ਹੋਵੇਗੇ ਕਿ ਜੇ ਇਸ ਉਮਰ ਵਿੱਚ ਐਸੀਆਂ ਭਾਵਨਾਵਾਂ ਪੈਦਾ ਕਰਨਾ ਕੁਦਰਤੀ ਹੈ ਤਾਂ ਫੇਰ ਕਾਬੂ ਕਿਵੇਂ ਰੱਖਿਆ ਜਾਵੇ। ਤੁਹਾਡੇ ਨਾਲ ਇੱਕ ਬਹੁਤ ਹੀ ਖਰੀ ਅਤੇ ਸੱਚੀ ਗੱਲ ਸਾਂਝੀ ਕਰਦਾ ਹੈ। ਥੋੜੀ ਦੇਰ ਵਾਸਤੇ ਅਪਣੇ ਵਕਤੀ ਜ਼ਜ਼ਬਾਤਾਂ ਨੂੰ ਪਾਸੇ ਰੱਖ ਕੇ, ਦਲੀਲ ਅਤੇ ਦਿਮਾਗ ਨਾਲ, ਸੋਚੋ। ਕੀ ਰਾਂਝਾ, ਮਹੀਵਾਲ, ਮਿਰਜ਼ਾ, ਪੁਨੂੰ ਆਦਿ ਆਸ਼ਿਕ ਕਹਿਲਾਉਂਦੇ ਮਹਾਨ ਸਨ? ਜਿਹਨਾਂ ਨੇ ਸਿਰਫ ਇੱਕ ਕੁੜੀ ਨਾ ਮਿਲਨ ਕਰਕੇ ਖੁਦਕੁਸ਼ੀ ਕਰ ਲਈ। ਕੀ ਉਹਨਾਂ ਦੀ ਸਮਾਜ ਨੂੰ ਕੋਈ ਦੇਣ ਸੀ? ਕੀ ਉਹਨਾਂ ਨੂੰ ਬੁਜ਼ਦਿਲ ਕਹਿਨਾ ਠੀਕ ਨਹੀਂ ਹੈ ਜੋ ਜ਼ਮੀਨੀ ਹਕੀਕਤਾਂ ਅਤੇ ਜ਼ਿੰਦਗੀ ਦਾ ਸਾਹਮਨਾ ਨਹੀਂ ਕਰ ਸਕੇ? ਕੀ ਉਹ ਦੇਵਦਾਸ ਮਹਾਨ ਸੀ ਜਿਸ ਨੇ ਸਿਰਫ ਇੱਕ ਕੁੜੀ ਨਾਲ ਵਿਆਹ ਨਾ ਹੋਵਣ ਕਰਕੇ ਸਾਰੀ ਉਮਰ ਨਖਿੱਧ ਸ਼ਰਾਬ ਨੂੰ ਗੱਲ ਲਾਈ ਰਖਿਆ? ਕੀ ਇਹ ਚੰਗਾ ਨਹੀਂ ਹੁੰਦਾ ਜੇ ਉਹ ਸਾਰੀ ਉਮਰ ਸਮਾਜ ਦੀ ਭਲਾਈ ਲਈ ਕੋਈ ਕੰਮ ਕਰਦਾ? ਉਸ ਨਿਕੰਮੇ ਦੀ ਸਮਾਜ ਨੂੰ ਕੀ ਦੇਣ ਸੀ? ਅਸਲ ਵਿੱਚ ਇਹ ਪਾਤਰ ਜ਼ਿਆਦਾਤਰ ਕਾਲਪਨਿਕ ਹੀ ਹਨ ਪਰ ਇਹਨਾਂ ਦਾ ਨੁਕਸਾਨ ਇਹ ਹੈ ਕਿ ਇਹਨਾਂ ਪਾਤਰਾਂ ਤੋਂ ਸੇਧ ਲੈਣ ਵਾਲੇ ਕਿਸ਼ੋਰ / ਨੌਜਵਾਨ ਜ਼ਮੀਨੀ ਹਕੀਕਤਾਂ ਤੋਂ ਟੁਟ ਕੇ ਰਾਹ ਤੋਂ ਭਟਕ ਜਾਂਦੇ ਹਨ। ਜੇ ਤੁਸੀ ਇਹਨਾਂ ਪਾਤਰਾਂ ਨੂੰ ਠੀਕ ਸਮਝਦੇ ਹੋ ਤਾਂ ਕਿ ਤੁਹਾਡੇ ਵਿਚੋਂ ਕੋਈ ਚਾਹੇਗਾ ਕਿ ਉਸਦੀ ਭੈਣ ਹੀਰ, ਸੱਸੀ ਸੋਹਨੀ ਆਦਿ ਵਾਲੀ ਜੀਵਨ ਰਾਹ ਅਪਨਾਏ? ਜੇ ਨਹੀਂ ਤਾਂ ਕਿਉਂ ਚਾਹੁੰਦੇ ਹੋ ਕਿ ਤੁਸੀ ਰਾਂਝੇ, ਮਹੀਵਾਲ, ਮਜਨੂੰ ਬਣੋ ਤੇ ਕੋਈ ਦੂਜੀ ਲੜਕੀ ਸੋਹਨੀ, ਹੀਰ, ਲੈਲਾ ਆਦਿ ਬਣੇ? ਇਹ ਦੋਗਲਾਪਨ ਕਿਉਂ? ਇਹੋ ਜਿਹੇ ਬੁਜ਼ਦਿਲ, ਨਿਕੰਮੇ ਅਤੇ ਸਮਾਜ ਉਪਰ ਬੋਝ ਪਾਤਰ (ਰਾਂਝੇ, ਮਹੀਵਾਲ ਆਦਿ) ਤੁਹਾਡੇ ਆਦਰਸ਼ ਕਿਉਂ ਬਨਣ?

ਸਿੱਕੇ ਦਾ ਦੁਜਾ ਪਹਿਲੂ ਵੀ ਨਾਲੋਂ ਨਾਲ ਵਿਚਾਰ ਲੈਂਦੇ ਹਾਂ। ਗੁਰੁ ਨਾਨਕ ਸਾਹਿਬ ‘ਸੱਚ ਦੀ ਵਿਚਾਰ’ ਦੇ ਪ੍ਰਚਾਰ ਖਾਤਿਰ, ਅਤਿਅੰਤ ਬਿਖੜੇ ਪੈਂਡੇ ਤੈਅ ਕਰਕੇ ਇਰਾਕ, ਇਰਾਨ, ਚੀਨ ਆਦਿ ਤੱਕ ਗਏ। ਉਹਨਾਂ ਨੂੰ ਵੀ ਅਪਣੇ ਪਰਿਵਾਰ ਨਾਲ ਪਿਆਰ ਸੀ। ਉਹ ਵੀ ਅਪਣੇ ਪਰਿਵਾਰ ਨਾਲ ਐਸ਼ੋ ਅਰਾਮ ਭਰੀ ਜ਼ਿੰਦਗੀ ਬਿਤਾ ਸਕਦੇ ਸਨ। ਪਰ ਨਹੀਂ, ਉਹਨਾਂ ਦੇ ਦਿਲ ਵਿੱਚ ‘ਸੱਚ ਤੋਂ ਭਟਕੀ’ ਲੁਕਾਈ ਦਾ ਦਰਦ ਸੀ। ਉਹ ਸਮਾਜ ਨੂੰ ਇੱਕ ਸੱਚੀ ਜੀਵਨ ਜਾਚ ਦਸਨਾ ਚਾਹੁੰਦੇ ਸਨ। ਤਾਂ ਹੀ ਉਹਨਾਂ ਨੇ ਕਸ਼ਟਾਂ, ਕਠਿਨਾਈਆਂ ਦੀ ਚਿੰਤਾ ਛਡ, ਕਈ ਵਰੇ ਪਰਿਵਾਰ ਤੋਂ ਦੂਰ ਰਹਿ ਕੇ ਪ੍ਰਚਾਰ ਕੀਤਾ, ਲੰਬੇ ਪੈਂਡੇ ਤੈਅ ਕੀਤੇ। ਕੀ ਉਹ ਸਾਡਾ ਆਦਰਸ਼ ਨਹੀਂ ਹੋਣੇ ਚਾਹੀਦੇ? ਗੁਰੁ ਗੋਬਿੰਦ ਸਿੰਘ ਦੇ ਪਰਿਵਾਰ ਵਿੱਚ ਵੀ ਚਾਰ ਪਿਆਰੇ ਪਿਆਰੇ ਬਾਲ ਸਨ। ਜੇ ਉਹ ਚਾਹੁੰਦੇ ਤਾਂ ਪਰਿਵਾਰ ਨਾਲ ਐਸ਼ੋ ਆਰਾਮ ਦੀ ਜ਼ਿੰਦਗੀ ਬਿਤਾ ਸਕਦੇ ਸਨ। ਪਰ ਮਜ਼ਲੂਮਾਂ ਦੀ ਖਾਤਿਰ, ਸੱਚ ਅਤੇ ਸਿਧਾਂਤ ਨੂੰ ਬਚਾਉਣ ਲਈ ਉਹਨਾਂ ਨੇ ਅਪਣੇ ਪੁਤਰਾਂ ਸਣੇ ਸਾਰਾ ਪਰਿਵਾਰ ਵਾਰ ਦਿਤਾ, ਅਪਣਾ ਆਪ ਵੀ ਵਾਰ ਦਿਤਾ। ਉਹਨਾਂ ਦੀ ਸਮਾਜ ਨੂੰ ਦੇਨ ਅਮੁੱਲ ਹੈ। ਕੀ ਉਹ ਸਾਡਾ ਆਦਰਸ਼ ਨਹੀਂ ਹੋਣੇ ਚਾਹੀਦੇ? ਕਈ ਬਹਾਦੁਰ ਕੌਮ ਲਈ, ਦੇਸ਼ ਲਈ ਅਪਣਾ ਸਭ ਕੁੱਝ ਵਾਰ ਗਏ। ਕੀ ਉਹ ਸਾਡਾ ਆਦਰਸ਼ ਨਹੀਂ ਹੋਣੇ ਚਾਹੀਦੇ? ਅਨੇਕਾਂ ਵਿਗਿਆਨਿਕ, ਰੋਜ਼ ਘੰਟਿਆਂ ਬੱਧੀ ਲੈਬਾਂ ਵਿੱਚ ਕੰਮ ਕਰਕੇ, ਨਵੀਆਂ ਕਾਢਾਂ, ਨਵੀਆਂ ਦਵਾਈਆਂ ਖੋਜਦੇ ਹਨ ਤਾਂ ਕਿ ਸਾਡੀ ਜ਼ਿੰਦਗੀ ਸੁਖਾਲੀ ਅਤੇ ਸਿਹਤਮੰਦ ਹੋ ਸਕੇ। ਉਹਨਾਂ ਦੀ ਵੀ ਸਮਾਜ ਨੂੰ ਬਹੁਤ ਦੇਣ ਹੈ। ਕੀ ਉਹ ਸਾਡਾ ਆਦਰਸ਼ ਨਹੀਂ ਹੋਣੇ ਚਾਹੀਦੇ? ਮੇਰੇ ਦੋਸਤੋ ਅਪਣੇ ਜ਼ਮੀਰ ਦੀ ਅਵਾਜ਼ ਸੁਣ ਕੇ, ਦਲੀਲ ਅਤੇ ਦਿਮਾਗ ਨਾਲ ਜਵਾਬ ਦੇਣਾ।

ਹੁਣ ਗੱਲ ਕਰਦੇ ਹਾਂ ਕਿ ਅਪਣੀਆਂ ਐਸੀ ਭਾਵਨਾਵਾਂ ਨੂੰ ਕਾਬੂ ਵਿੱਚ ਕਿਵੇਂ ਰਖੀਏ? ਮਿਤਰੋ ਇਹ ਭਾਵਨਾਵਾਂ ਜ਼ਿਆਦਾ ਤੰਗ ਤਾਂ ਹੀ ਕਰਦੀਆਂ ਹਨ ਜਦ ਅਸੀਂ ਵਿਹਲੇ ਹੁੰਦੇ ਹਾਂ ਜਾਂ ਇਕਾਂਤ ਵਿੱਚ ਹੁੰਦੇ ਹਾਂ। ਸੋ ਕੋਸ਼ਿਸ਼ ਕਰੋ ਕਿ ਅਪਣੇ ਆਪ ਨੂੰ ਜ਼ਿਆਦਾ ਵਿਅਸਤ ਰਖੋ। ਇਕੱਲੇਪਨ ਤੋਂ ਬਚਿਆ ਜਾਵੇ। ਅਪਣੀ ਪੜਾਈ / ਕੈਰੀਅਰ ਵਿੱਚ ਧਿਆਨ ਲਾਇਆ ਜਾਵੇ। ਫੇਰ ਜੋ ਸਮਾਂ ਬਚ ਜਾਵੇ ਉਸ ਵਿੱਚ ਖੇਡਾਂ ਅਤੇ ਕਸਰਤ ਆਦਿ ਰਾਹੀਂ ਆਪਣੇ ਸ਼ਰੀਰ ਨੂੰ ਨਰੋਆ ਤੇ ਤਕੜਾ ਬਣਾਇਆ ਜਾਵੇ। ਕੁੱਝ ਸਮਾਂ ਚੰਗੀਆਂ ਅਤੇ ਸਿਖਿਆਦਾਇਕ ਪੁਸਤਕਾਂ ਪੜਨ ਵਿੱਚ ਵੀ ਲਾਇਆ ਜਾ ਸਕਦਾ ਹੈ। ਜੇ ਫੇਰ ਵੀ ਸਮਾਂ ਬਚ ਜਾਵੇ ਤਾਂ ਲੋਕ ਭਲਾਈ ਦੇ ਕੰਮਾਂ ਵਿੱਚ ਵੀ ਲਾਇਆ ਜਾ ਸਕਦਾ ਹੈ। ਮਿਸ਼ਨਰੀ ਕਾਲਜਾਂ ਨਾਲ ਜੁੜੇ ਨੌਜਵਾਨ ਇਸਦਾ ਵਧੀਆ ਉਦਾਹਰਨ ਹਨ। ਸੈਕਸ ਬਾਰੇ ਜਾਨਨ ਦੀ ਉਤਸੁਕਤਾ ਹੋਵੇ ਵੀ ਤਾਂ ਕੋਈ ਵਧੀਆ ਜਿਹੀ ਉਚ ਪਾਏ ਦੀ, ਸੈਕਸ ਸੰਬੰਧੀ ਗਿਆਨ ਦੇਂਦੀ ਪੁਸਤਕ ਪੜ ਸਕਦੇ ਹੋ। ਪਰ ਇਸ ਵਿੱਚ ਖਿਆਲ ਰੱਖਣਾ ਜ਼ਰੂਰੀ ਹੈ ਕਿ ਬਾਜ਼ਾਰੂ, ਘਟੀਆ ਪਧਰ ਦੀਆਂ, ਕਾਮ ਉਕਸਾਉ ਪੁਸਤਕਾਂ ਤੋ ਸਾਵਧਾਨ ਰਹਿਨਾ ਚਾਹੀਦਾ ਹੈ। ਅਪਨੇ ਦੋਸਤਾਂ ਦੇ ਸਰਕਲ ਵਿੱਚ ਵਿਚਰਦੇ ਸਮੇਂ ਐਸੀ ਕਾਮ ਉਕਸਾਉ, ਅਸ਼ਲੀਲ ਪੁਸਤਕਾਂ ਅਤੇ ਫਿਲਮਾਂ ਤੋਂ ਬੱਚਨਾ ਚਾਹੀਦਾ ਹੈ।

ਕੁੜੀਆਂ ਨਾਲ ਦੋਸਤੀ ਬਣਾਉਣਾ, ਗੱਲਬਾਤ ਕਰਨਾ, ਵਿਚਾਰ ਕਰਨਾ ਗਲਤ ਨਹੀਂ ਹੈ। ਪਰ ਅਪਣੀਆਂ ਹੱਦਾਂ ਦਾ ਧਿਆਨ ਜ਼ਰੂਰ ਰਖਿਆ ਜਾਵੇ। ਦੋਸਤੀ ਉਥੇ ਤਕ ਹੀ ਰਹੇ ਜਿਥੇ ਤਕ ਤੁਸੀ ਸਹਿਜ ਰਹਿ ਸਕੋ। ਕਿਸੇ ਖਾਸ ਕੁੜੀ ਨੂੰ ਪਸੰਦ ਕਰਨਾ ਵੀ ਗਲਤ ਨਹੀਂ ਹੈ। ਪਰ ਸਿਰਫ ਬਾਹਰੀ ਆਕਰਸ਼ਨ ਤੇ ਹੀ ਨਿਰਭਰ ਨਹੀ ਹੋਣਾ ਚਾਹੀਦਾ। ਉਸਦੇ ਵਿਚਾਰ, ਉਸਦੇ ਰਹਿਨ ਸਹਿਨ ਤੇ ਹੋਰ ਗੁਣਾਂ ਨੂੰ ਵੀ ਜਾਂਚ ਲੈਣਾ ਚਾਹੀਦਾ ਹੈ। ਜੇ ਉਹ ਸਭ ਹਿਸਾਬ ਨਾਲ ਤੁਹਾਨੂੰ ਠੀਕ ਲਗੇ ਤਾਂ ਤੁਸੀ ਉਸ ਨਾਲ ਗਲ ਵੀ ਕਰ ਸਕਦੇ ਹੋ। ਉਸ ਦਾ ਇਸ ਬਾਰੇ ਕੀ ਪ੍ਰਤੀਕਰਮ ਹੈ ਉਹ ਵੀ ਜਾਨ ਲੈਣਾ ਜ਼ਰੂਰੀ ਹੈ। ਪਰ ਮਨ ਵਿੱਚ ਇਹ ਵਿਚਾਰ ਕਦੇ ਨਾ ਆਉਣ ਦੇਵੋ ਕਿ ਉਸਨੂੰ ਹਾਸਿਲ ਹੀ ਕਰਕੇ ਰਹਿਨਾ ਹੈ। ਇਹੀ ਸੋਚ ਮਾਨਸਿਕ ਰੋਗ ਪੈਦਾ ਕਰਦੀ ਹੈ। ਜੇ ਦੋਹਾਂ ਦਾ ਰਹਿਨ ਸਹਿਨ, ਵਿਚਾਰ ਮਿਲਦੇ ਹਨ ਤਾਂ ਮਾਤਾ ਪਿਤਾ ਜਾਂ ਵਡਿਆਂ ਰਾਹੀਂ ਇਸ ਰਿਸ਼ਤੇ ਬਾਰੇ ਗਲਬਾਤ ਕਰ ਸਕਦੇ ਹੋ। ਪਰ ਪਹਿਲਾਂ ਜ਼ਰੂਰੀ ਹੈ ਕਿ ਤੁਸੀ ਅਪਨਾ ਕੈਰੀਅਰ ਬਣਾਉ ਅਤੇ ਕੁੱਝ ਬਣ ਜਾਉ। ਰੋਮਾਂਟਿਕ ਸੰਗੀਤ, ਗੀਤ, ਗਜ਼ਲਾਂ, ਕਹਾਨੀਆਂ (ਜੋ ਕਾਮਉਕਸਾਉ ਅਤੇ ਅਸ਼ਲੀਲ ਨਾ ਹੋਵਨ) ਦਾ ਅਨੰਦ ਵੀ ਮਾਨ ਸਕਦੇ ਹੋ ਪਰ ਹਮੇਸ਼ਾ ਧਿਆਨ ਵਿੱਚ ਰੱਖੋ ਕਿ ਇਸ ਸਭ ਸਿਰਫ ਕਲਪਨਾ ਹਨ ਕੋਈ ਆਦਰਸ਼ ਜਾਂ ਸਿਧਾਂਤ ਨਹੀਂ। ਉਹਨਾਂ ਨੂੰ ਵੇਖ ਸੁਨ ਕੇ ਸਿਰਫ ਕੰਨ ਰਸ ਮਾਨਨ ਦੀ ਹੱਦ ਤਕ ਰਹੋ ਉਹਨਾਂ ਨੂੰ ਅਪਨਾ ਆਦਰਸ਼ ਜਾਂ ਜੀਵਨ ਦੀ ਸੇਧ ਨਾ ਬਣਾਉ। ਜੇ ਤੁਸੀ ਉਪਰੋਕਤ ਦਸੇ ਵਿਚਾਰਾਂ ਉਪਰ ਗੰਭੀਰਤਾ ਨਾਲ ਗੌਰ ਫਰਮਾਉਗੇ ਤਾਂ ਕੋਈ ਕਾਰਨ ਨਹੀਂ ਕਿ ਤੁਸੀ ਰਾਹ ਤੋਂ ਭਟਕ ਜਾਵੋ। ਜ਼ਰੂਰਤ ਹੈ ਤਾਂ ਸਿਰਫ ਥੋੜਾ ਸਾਵਧਾਨ ਰਹਿਨ ਦੀ ਅਤੇ ਦ੍ਰਿੜ ਇੱਛਾ ਸ਼ਕਤੀ ਦੀ।

ਕੁਝ ਖਾਸ ਗੱਲਾਂ ਸਿੱਖ ਕਿਸ਼ੋਰ / ਨੌਜਵਾਨ ਲੜਕਿਆਂ ਨਾਲ। ਸਿੱਖ ਪਰਿਵਾਰ ਦੇ ਕਿਸ਼ੋਰ / ਨੌਜਵਾਨ ਲੜਕਿਆਂ ਵਿੱਚ ਇਹ ‘ਗਲਤਫਹਿਮੀ’ ਘਰ ਕਰਦੀ ਜਾ ਰਹੀ ਹੈ ਕਿ ਕੇਸ ਕਤਲ ਕਰਵਾ ਕੇ ਉਹ ਜ਼ਿਆਦਾ ‘ਸਮਾਰਟ’ (ਸੋਹਣੇ) ਲਗਦੇ ਹਨ। ਇਸ ਗਲਤਫਹਿਮੀ ਨੂੰ ਵਧਾਉਣ ਵਿੱਚ ਬਹੁਤ ਵੱਡਾ ਯੋਗਦਾਨ ਅਜੌਕਾ ‘ਸਿੱਖ ਵਿਰੋਧੀ’ ਮੀਡੀਆ ਪਾ ਰਿਹਾ ਹੈ। ਇਸ ਵਲੋਂ ਫਿਲਮਾਂ, ਸੀਰੀਅਲਾਂ ਆਦਿ ਵਿੱਚ ਸਿੱਖ ਭੇਖ ਵਾਲੇ ਕਿਰਦਾਰਾਂ ਨੂੰ (ਇਕ ਸਾਜ਼ਿਸ਼ ਅਧੀਨ) ਜੋਕਰ, ਬੇਵਕੁਫ, ਹੋਛੇ ਆਦਿ ਦੇ ਰੂਪ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਦੁਜੀ ਤਰਫ ਪੰਜਾਬੀ ਫਿਲ਼ਮਾਂ ਵਿੱਚ ‘ਹੀਰੋ’ ਕਹਾਉਂਦੇ ਪਾਤਰ ਜ਼ਿਆਦਾ ਸਿਰਗੁੰਮ (ਕਲੀਨ ਸ਼ੇਵ) ਵਿਖਾਏ ਜਾ ਰਹੇ ਹਨ। ਜ਼ਿਆਦਾ ਸਿਤਮ ਵਾਲੀ ਗੱਲ ਇਹ ਹੈ ਕਿ ਉਹਨਾਂ ਪਾਤਰਾਂ ਦੇ ਪਰਿਵਾਰ ਅਤੇ ਨਾਂ ਸਿੱਖਾਂ ਵਾਲੇ ਹੁੰਦੇ ਹਨ। ਇਹ ਸਭ ਅਜੌਕੇ ਕਿਸ਼ੋਰਾਂ/ਨੌਜਵਾਨਾਂ ਨੂੰ ਕੇਸ ਕਤਲ ਕਰਵਾਉਣ ਲਈ ਪ੍ਰੇਰਿਤ ਕਰਦਾ ਹੈ।

ਪਰ ਮੇਰੇ ਨੌਜਵਾਨ ਵੀਰੋ! ਥੋੜਾ ਜਿਹਾ ਦਿਮਾਗ ਅਤੇ ਦਲੀਲ ਦੀ ਵਰਤੋਂ ਕਰਕੇ ਸੋਚੋ। ਇਹ ਫਿਲਮਾਂ, ਸੀਰੀਅਲ ਆਦਿ ਸਭ ਕਾਲਪਨਿਕ ਹਨ। ਤੁਸੀ ਇਤਿਹਾਸ ਅਤੇ ਵਰਤਮਾਨ (ਜੋ ਕਲਪਨਾ ਨਹੀ, ਸੱਚ ਹਨ) ਉਤੇ ਨਜ਼ਰ ਮਾਰ ਕੇ ਵੇਖੋ। ਹਿੰਦੁਸਤਾਨ ਜਾਂ ਪੰਜਾਬ ਦਾ ਇਤਿਹਾਸ ਹੀ ਵੇਖ ਲਵੋ। ਆਪੇ ਹੀ ਸਮਝ ਜਾਵੋਗੇ ਕਿ ਜ਼ਾਲਮਾਂ ਦੇ ਵਿਰੋਧ, ਦੇਸ਼ ਦੀ ਆਜ਼ਾਦੀ ਵਿੱਚ ਸਭ ਤੋਂ ਵੱਧ ਯੋਗਦਾਨ ਸਿੱਖਾਂ (ਕੇਸਾਧਾਰੀ) ਦਾ ਹੀ ਹੈ। ਹੋਰ ਤਾਂ ਹੋਰ ਜ਼ਿਆਦਾਤਰ ਮਹਾਨ ਲੋਕ ਵੀ ਕੇਸਾਧਾਰੀ (ਭਾਂਵੇ ਕਿਸੇ ਧਰਮ ਦੇ ਹੋਣ) ਹੀ ਮਿਲਦੇ ਹਨ। ਇਹ ਨਾ ਸਮਝੋ ਕਿ ਗੁਰੁ ਸਾਹਿਬਾਨ ਨੇ ਕੇਸ ਸਾਨੂੰ ਸਿਰਫ ਅਲਗ ਦਿਖ ਵਾਸਤੇ ਹੀ ਰਖਵਾਏ ਸਨ। ਇਹਨਾਂ ਪਿੱਛੇ ਕਈ ਹੋਰ ਵੀ ਕਾਰਨ (ਵਿਗਿਆਨਿਕ ਆਦਿ) ਵੀ ਸਨ, ਜੋ ਸ਼ਰੀਰ ਵਾਸਤੇ ਫਾਇਦੇਮੰਦ ਹਨ। ਵਰਤਮਾਨ ਸਮੇਂ ਵਿਚ, ਇਸ਼ਮੀਤ ਸਿੰਘ ਅਤੇ ਮਿਸਟਰ ਸਿੰਘ ਇੰਟਰਨੇਸ਼ਨਲ ਆਦਿ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ‘ਸਾਬਤ-ਸੂਰਤ’ ਨੌਜਵਾਨਾਂ ਨੇ ਇਸ ‘ਗਲਤਫਹਿਮੀ’ ਜਾਂ ਜਾਨਬੁਝ ਕੇ ਫੈਲਾਈ ਜਾ ਰਹੀ ਮਿੱਥ ਨੂੰ ਗਲਤ ਸਾਬਿਤ ਕਰ ਦਿਤਾ ਹੈ ਕਿ ਸਾਬਤ-ਸੂਰਤ ਸਿੱਖ ਸਮਾਰਟ ਨਹੀਂ ਲਗਦੇ। ਜੇ ਥੋੜੀ ਜਿਹੀ ਪੜਚੋਲਵੀਂ ਨਜ਼ਰ ਨਾਲ ਵੇਖੀਏ ਤਾਂ ਸਪਸ਼ਟ ਹੋ ਜਾਵੇਗਾ ਕਿ ਕੌਮ, ਸਮਾਜ ਦੀ ਭਲਾਈ ਵਿੱਚ ਸਿੱਖਾਂ ਦੀ ਹਿੱਸੇਦਾਰੀ ਹੋਲੀ-ਹੋਲੀ ਘਟਦੀ ਜਾ ਰਹੀ ਹੈ। ਕਾਰਨ ਉਹਨਾਂ ਵਿਚੋਂ ਸਿੱਖੀ ਗੁਣ (ਸਮੇਤ ਸਾਬਤ-ਸੂਰਤ ਰਹਿਨ ਦੇ) ਅਲੋਪ ਹੁੰਦੇ ਜਾ ਰਹੇ ਹਨ। ਅੱਜ ਲੋੜ ਹੈ ਕਿ ਅਸੀਂ ਸਾਰੇ (ਕਿਸ਼ੋਰ/ਨੌਜਵਾਨ ਸਿੱਖ ਲੜਕੇ) ‘ਸਾਬਤ-ਸੂਰਤ’ ਰਹਿੰਦੇ ਹੋਏ ਚੰਗੇ ਅਤੇ ਕਾਮਯਾਬ ਨਾਗਰਿਕ ਬਣ ਕੇ ‘ਸਿੱਖ ਵਿਰੋਧੀ ਮੀਡੀਆ’ ਵਲੋਂ (ਇਕ ਸਾਜ਼ਿਸ਼ ਅਧੀਨ) ਫੈਲਾਈ ਜਾ ਰਹੀ ਇਸ ਗਲਤਫਹਿਮੀ (ਮਿੱਥ) ਦਾ ਮੁੰਹ-ਤੋੜ ਜਵਾਬ ਦੇਈਏ। ਅਸੀੇਂ ਗੁਰਸਿੱਖ (ਚੰਗੇ) ਡਾਕਟਰ, ਇੰਜੀਨੀਅਰ, ਲੇਖਕ, ਪੇਂਟਰ, ਖਿਲਾੜੀ ਆਦਿ ਬਨਣ ਦੀ ਕੋਸ਼ਿਸ਼ ਕਰੀਏ। ਕਿਉਂਕਿ ਸਾਡੇ ਵਿੱਚ ਦਮ ਹੈ ਕਿ ਅਸੀਂ ਐਸੀ ਕਿਸੀ ਵੀ ਗਲਤਫਹਿਮੀ ਦਾ ਅਪਣੀ `ਚੰਗਿਆਈ’ (ਸਿੱਖੀ ਗੁਣਾਂ ਨਾਲ ਭਰਪੂਰ) ਨਾਲ ਮੁੰਹ-ਤੋੜ ਜਵਾਬ ਦੇ ਸਕਦੇ ਹਾਂ।

ਕੁਝ ਗੱਲਾਂ ਕਿਸ਼ੋਰ/ਨੌਜਵਾਨ ਲੜਕੀਆਂ ਨਾਲ

ਮੇਰੀ ਦੋਸਤੋ / ਨਿਕੀ ਭੇਣੋ! ਹੁਣ ਤੁਹਾਡੇ ਨਾਲ ਕੁੱਝ ਵਿਚਾਰ ਸਾਂਝੇ ਕਰਨ ਦੀ ਖੁਲ ਲੈ ਰਿਹਾਂ ਹਾਂ। ਤੁਸੀ ਲੇਖ ਦਾ ਪਹਿਲਾ ਹਿੱਸਾ (ਮੁੰਡਿਆ ਵਾਲਾ) ਪੜ ਹੀ ਲਿਆ ਹੈ। ਕਈਂ ਗੱਲਾਂ ਤੁਹਾਡੇ ਦੋਨਾਂ ਵਾਸਤੇ ਸਾਂਝੀਆਂ ਹਨ। ਪਰ ਸ਼ਰੀਰਕ ਫਰਕ ਅਤੇ ਸਮਾਜ ਦੇ ਮਾਹੌਲ ਕਾਰਨ ਤੁਹਾਡੇ ਧਿਆਨ ਰੱਖਣ ਯੋਗ ਕੁੱਝ ਖਾਸ ਗੱਲਾਂ ਵੀ ਹਨ। ਇਸ ਉਮਰ ਵਿੱਚ ਤੁਹਾਡੇ ਸ਼ਰੀਰ ਵਿੱਚ ਵੀ ਤੇਜ਼ੀ ਨਾਲ ਜ਼ਰੂਰੀ ਬਦਲਾਅ ਆਉਂਦੇ ਹਨ। ਕਾਰਨ ਉਹੀ ਹੈ ਹਾਰਮੋਨ। ਪਰ ਇਹ ਬਦਲਾਅ ਮੁੰਡਿਆਂ ਨਾਲੋਂ ਕੁੱਝ ਵਖਰੇ ਹੁੰਦੇ ਹਨ। ਪਰ ਧਿਆਨ ਰਹੇ ਇਹ ਸਭ ਕੁਦਰਤੀ ਅਤੇ ਨਾਰਮਲ ਹਨ, ਇਹਨਾਂ ਵਿੱਚ ਕੁੱਝ ਵੀ ਗਲਤ ਨਹੀਂ। ਇਹਨਾਂ ਵਿਚੋਂ ਮੁਖ ਬਦਲਾਅ ਹਨ ਗੁਪਤ ਅੰਗਾਂ ਦਾ ਤੇਜ਼ੀ ਨਾਲ ਵਿਕਾਸ ਅਤੇ ਮਾਸਿਕ ਧਰਮ ਦੀ ਸ਼ੁਰੁਆਤ। ਇਸ ਨਾਲ ਚਿੰਤਾ ਕਰਨ ਦੀ ਜਾਂ ਤਨਾਅ ਵਿੱਚ ਆਉਣ ਦੀ ਕੋਈ ਲੋੜ ਨਹੀਂ ਹੈ। ਬੇਹਤਰ ਹੈ ਕਿ ਤੁਸੀ ਇਸ ਬਾਰੇ ਘਰ ਦੀ ਕਿਸੀ ਵੱਡੀ ਇਸਤਰੀ (ਮਾਂ, ਭਰਜਾਈ ਜਾਂ ਭੈਣ) ਨਾਲ ਗੱਲ ਕਰੋ ਅਤੇ ਇਸ ਬਾਰੇ ਗਿਆਨ ਹਾਸਿਲ ਕਰੋ। ਹਮਉਮਰਾਂ ਵਲੋਂ ਇਸ ਸਮੇਂ ਦਿਤਾ ਗਿਆਨ ਕਚਘਰੜ ਅਤੇ ਖਤਰਨਾਕ ਹੋ ਸਕਦਾ ਹੈ। ਤੁਹਾਡੇ ਵਿੱਚ ਵੀ ‘ਵਿਪਰੀਤ ਲਿੰਗੀ ਖਿਚਾਅ’ (Opposite Sex Attraction) ਪੈਦਾ ਹੋ ਜਾਨਾ ਕੁਦਰਤੀ ਹੈ। ਇਸ ਤੋਂ ਘਬਰਾਉਣ ਦੀ ਲੋੜ ਨਹੀ ਹੈ। ਲੋੜ ਹੈ ਸਹੀ ਸੇਧ ਅਧੀਨ ਸੰਜਮ ਵਿੱਚ ਰਹਿਨ ਦੀ। ਤੁਹਾਨੂੰ ਜ਼ਿਆਦਾ ਸਾਵਧਾਨ ਰਹਿਨ ਦੀ ਲੋੜ ਹੈ ਕਿਉਕਿ ਸਾਡੇ ਸਮਾਜ ਦਾ ਮਾਹੌਲ ਕੁੱਝ ਇਹੋ ਜਿਹਾ ਹੇ। ਦੂਜਾ ਕੁਦਰਤ ਵਲੋਂ ਬਨਾਏ ਨਿਯਮਾਂ ਅਧੀਨ ਨਾਰੀ ਸ਼ਰੀਰ ਉਪਰ ‘ਨਜ਼ਾਇਜ਼ ਸੰਬੰਧਾਂ’ ਦਾ ਬੁਰਾ ਅਸਰ ਜ਼ਿਆਦਾ ਪੈਂਦਾ ਹੈ।

ਪਹਿਲਾਂ ਦਸੇ ਅਨੁਸਾਰ, ਤੁਹਾਨੂੰ ਵੀ ਦਲੀਲ ਅਤੇ ਦਿਮਾਗ ਨਾਲ (ਵਕਤੀ ਜ਼ਜ਼ਬਾਤਾਂ ਅਤੇ ਕੱਚੀਆਂ ਭਾਵਨਾਵਾਂ ਨੂੰ ਪਾਸੇ ਰੱਖ ਕੇ) ਇਹ ਸੋਚਨ ਦੀ ਲੋੜ ਹੈ ਕਿ ਕੀ ਹੀਰ, ਸੱਸੀ, ਸੋਹਨੀ ਆਦਿ ਪਾਤਰਾਂ, ਜੋ ਇੱਕ ਮੁੰਡੇ ਖਾਤਿਰ ਅਪਣੇ ਬਜ਼ੁਰਗਾਂ, ਮਾਤਾ-ਪਿਤਾ ਆਦਿ ਦੀ ਇਜ਼ਤ ਮਿੱਟੀ ਵਿੱਚ ਰੋਲ ਕੇ, ਵਕਤੀ ਜ਼ਜ਼ਬਾਤਾਂ ਆਕਰਸ਼ਨ ਹੇਠ ਗਲਤ ਰਾਹ ਉਤੇ ਤੁਰੀਆਂ, ਤੁਹਾਡਾਂ ਆਦਰਸ਼ ਹੋਣੀਆਂ ਚਾਹੀਦੀਆਂ ਹਨ? ਉਨਾ ਦੀ ਸਮਾਜ ਨੂੰ ਕੀ ਦੇਨ ਹੈ? ਦੁਜੀ ਤਰਫ ਬੀਬੀ ਭਾਨੀ, ਬੀਬੀ ਭਾਗ ਕੌਰ, ਮੈਡਮ ਕਿਉਰੀ ਆਦਿ ਦੀ ਸਮਾਜ ਨੂੰ ਮਹਾਨ ਦੇਨ ਹੈ। ਕੀ ਉਹ ਤੁਹਾਡੀਆਂ ਆਦਰਸ਼ ਨਹੀਂ ਹੋਣੀ ਚਾਹੀਦੀਆਂ? ਤੁਹਾਨੂੰ ਹਜ਼ਾਰਾ ਸਾਲਾਂ ਤੋਂ ਇੱਕ ਭੋਗ ਦੀ ਵਸਤੂ ਬਣਾ ਕੇ ਪੇਸ਼ ਕੀਤਾ ਜਾਂਦਾ ਰਿਹਾ ਹੈ। ਅੱਜ ਵੀ ਫੈਸ਼ਨ ਸ਼ੋ, ਆਈਟਮ ਗਰਲ, ਕਾਮਉਕਸਾਉ ਗੀਤਾਂ ਫਿਲਮਾਂ, ਵਿਗਿਆਪਨਾਂ ਰਾਹੀਂ ਤੁਹਾਨੂੰ ਉਸੇ ਰੂਪ ਵਿੱਚ ਧੜੱਲੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਇਹਨਾਂ ਸਭ ਦਾ ਸਮਰਥਨ ਕਰਕੇ ਕੀ ਤੁਸੀ ਉਸ ਗੁਨਾਹ (ਨਾਰੀ ਨੂੰ ਭੋਗ ਦੀ ਵਸਤੂ ਸਮਝਨਾ) ਦੀ ਭਾਗੀਦਾਰ ਨਹੀਂ ਬਣ ਰਹੀਆਂ? ਤੁਹਾਡਾ ਟੀਚਾ ਚੰਗੀ ਡਾਕਟਰ, ਚੰਗੀ ਇੰਜੀਨੀਅਰ, ਚੰਗੀ ਵਕੀਲ ਆਦਿ ਬਨਣ ਦਾ ਕਿਉਂ ਨਾ ਹੋਵੇ? ਕਿਉਂ ਤੁਸੀ ਸਿਰਫ ਵਧੀਆ ਸ਼ਰੀਰਕ ਖੁਬਸੂਰਤੀ ਵਾਲੀ ਮਾਡਲ (Item girl), ਵਧੀਆ ਨਰਤਕੀ ਬਣ ਕੇ ਤਮਾਸ਼ੇ ਅਤੇ ਭੋਗ ਦੀ ਵਸਤੂ ਦੇ ਰੂਪ ਵਿੱਚ ਪੇਸ਼ ਹੋਣਾ ਪਸੰਦ ਕਰਦੀਆਂ ਹੋ? ਇਥੇ ਨ੍ਰਿਤ ਤੋਂ ਮਤਲਬ ਅੱਜ ਕਲ ਪੇਸ਼ ਕੀਤੇ ਜਾ ਰਹੇ ਬੇਤਰਤੀਬੇ, ਭੜਕਾਉ, ਖਪ ਪਾਉ ਨਾਚਾਂ ਅਤੇ ਸੰਗੀਤ ਤੋਂ ਹੈ।

ਹੁਣ ਗੱਲ ਕਰਦੇ ਹਾਂ ਹਮਉਮਰ ਲੜਕਿਆਂ ਨਾਲ ਦੋਸਤੀ, ਪ੍ਰਚਲਿਤ ਪਿਆਰ ਬਾਰੇ। ਸੱਚਾ ਪਿਆਰ ਕੀ ਹੈ ਇਸ ਬਾਰੇ ਪਹਿਲਾਂ ਵਿਚਾਰ ਕਰ ਆਏ ਹਾਂ। ਰੋਮਾਂਟਿਕ ਕਹਾਉਂਦੀਆਂ ਕਹਾਨੀਆਂ, ਫਿਕਮਾਂ, ਮੈਗਜ਼ੀਨਾਂ ਵਿੱਚ ਪੇਸ਼ ਕੀਤਾ ਜਾ ਰਿਹਾ ਪਿਆਰ ਸਿਰਫ ਵਕਤੀ ਜ਼ਜ਼ਬਾਤਾਂ ਤੋਂ ਪੈਦਾ ਹੋਇਆਂ ਬਾਹਰੀ ਆਕਰਸ਼ਨ, ਕਾਮ ਵਾਸਨਾ, Infaturation ਆਦਿ ਹੀ ਹਨ। ਪਰ ਤੁਹਾਨੂੰ ਜ਼ਿਆਦਾ ਸਾਵਧਾਨ ਰਹਿਨ ਦੀ ਲੋੜ ਹੈ। ਅੱਜ ਦੇ ਸਮੇ ਵਿੱਚ ਹਮਉਮਰ ਮੁੰਡਿਆ ਨਾਲ ਬੈਠਨਾ, ਗੱਲਬਾਤ ਕਰਨਾ, ਵਿਚਾਰ ਕਰਨਾ ਆਦਿ ਵਿੱਚ ਕੁੱਝ ਗਲਤ ਨਹੀਂ ਹੈ। ਪਰ ਇਹ ਤਦ ਤਕ ਹੀ ਕਰੋ ਜਦੋ ਤਕ ਸਹਿਜ ਅਤੇ ਸੰਜਮ ਵਿੱਚ ਰਹਿ ਸਕੋ। ਇਸ ਗੱਲ ਦਾ ਵੀ ਖਾਸ ਖਿਆਲ ਰੱਖਨ ਦੀ ਲੋੜ ਹੈ ਕਿ ਭਾਰਤੀ ਸਮਾਜ ਦਾ ਮਾਹੌਲ ਐਸਾ ਹੈ ਕਿ ਇਥੇ ਕਿਸੀ ਕੁੜੀ ਨੂੰ ਸਿਰਫ ਦੋਸਤ ਸਮਝਨ ਦੀ ਮਾਨਸਿਕਤਾ ਹਾਲਾਂ ਇਤਨੀ ਵਿਕਸਿਤ ਨਹੀਂ ਹੋਈ। ਸੋ ਅਪਣੇ ਹਮਉਮਰ, ਸਹਿਪਾਠੀ ਮੁੰਡਿਆਂ ਵਿੱਚ ਵਿਚਰਦੇ ਸਮੇ ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਕਿਧਰੇ ਕੋਈ ਮੁੰਡਾ ਪ੍ਰਚਲਿਤ ਪਿਆਰ ਦੇ ਨਜ਼ਰੀਏ ਤੋਂ ਤੁਹਾਡੇ ਵਿੱਚ ਜ਼ਿਆਦਾ ਦਿਲਚਸਪੀ ਤਾਂ ਨਹੀ ਲੈ ਰਿਹਾ। ਜੇ ਐਸਾ ਕੋਈ ਹੈ ਤਾਂ ਸੰਭਲ ਜਾਵੋ। ਉਸ ਨੂੰ ਸ਼ੁਰੂ ਵਿੱਚ ਹੀ ਸਪਸ਼ਟ ਕਰ ਦੇਵੋ ਕਿ ਉਹ ਐਸੀ ਕੋਈ ਗਲਤਫਹਿਮੀ ਨਾ ਰਖੇ। ਤੁਹਾਡੇ ਵਲੋ ਜਾਨੇ ਜਾਂ ਅੰਜਾਨੇ ਵਿੱਚ ਦਿਤਾ ਇੱਕ ਵੀ ਗਲਤ ਸਿਗਨਲ ਉਸ ਮੁੰਡੇ ਵਿੱਚ ਤੁਹਾਡੇ ਪ੍ਰਤੀ ਆਕਰਸਨ ਨੂੰ ਖਤਰਨਾਕ ਹੱਦ ਤੱਕ ਵਧਾ ਸਕਦਾ ਹੈ। ਹਮੇਸ਼ਾ ਯਾਦ ਰਖੋ ਕਿ ਤੁਸੀ ਉਸ ਸਮਾਜ ਵਿੱਚ ਵਿਚਰ ਰਹੇ ਹੋ ਜਿਥੇ ‘ਹਸੀ ਕਿ ਫਸੀ’ ਵਾਲੀ ਮਾਨਸਿਕਤਾ ਹਾਲਾਂ ਵੀ ਭਾਰੂ ਹੈ। ਉਮਰ ਦੇ ਇਸ ਨਾਜ਼ੁਕ ਦੋਰ ਵਿੱਚ ਇੱਕ ਸਮਝਦਾਰ ਕੁੜੀ ਨੂੰ ਦੋ ਚੀਜ਼ਾਂ (ਮੁੰਡਿਆਂ ਵਲੋਂ) ਤੋਂ ਬੇਹਦ ਸੰਕੋਚ ਕਰਨਾ ਚਾਹੀਦਾ ਹੈ। ਉਹ ਹਨ ਇੱਕ ਗਿਫਟ (ਤੋਹਫਾ) ਅਤੇ ਦੂਜਾ ਲਿਫਟ (ਸਵਾਰੀ)। ਕਿਸੇ ਵੀ ਹਮਉਮਰ ਜਾਂ ਸਹਿਪਾਠੀ ਮੁੰਡੇ ਕੋਲੋਂ (ਨੇੜਲੇ ਰਿਸ਼ਤਰਦਾਰ ਛੱਡ ਕੇ) ਕੋਈ ਵੀ ਗਿਫਟ ਲੈਣ ਦੀ ਗਲਤੀ ਨਾ ਕਰੋ, ਇਸ ਨਾਲ ਗਲਤ ਇਸ਼ਾਰਾ ਜਾ ਸਕਦਾ ਹੈ। ਹੋ ਸਕਦਾ ਹੈ ਕਿ 100 ਵਿਚੋਂ 2-3 ਗਿਫਟ ਦੇਣ ਵਾਲਿਆ ਦੀ ਮਾਨਸਿਕਤਾ ਵੈਸੀ ਨਾ ਹੋਵੇ ਪਰ ਚਾਂਸ ਕਿਉ ਲੈਣਾ। ਤੁਹਾਡਾ ਇੱਕ ਗਿਫਟ ਸਵੀਕਾਰ ਕਰਨਾ ਵੀ ਕਈ ਵਾਰ ਬਹੁਤ ਗਲਤ ਸਿਗਨਲ ਦੇ ਸਕਦਾ ਹੈ। ਦੁਜੀ ਗੱਲ, ਹਮੇਸ਼ਾ ਕੋਸ਼ਿਸ਼ ਕਰੋ ਕਿ ਕਿਸੇ ਹਮਉਮਰ, ਸਹਿਪਾਠੀ ਆਦਿ ਕੋਲੋਂ ਮੋਟਰਸਾਇਕਲ, ਕਾਰ ਆਦਿ ਉਤੇ ਲਿਫਟ ਲੈਣ ਤੋਂ (ਜਦ ਤਕ ਬਹੁਤ ਐਮਰਜੈਂਸੀ ਨਾ ਹੋਵੇ) ਸੰਕੋਚ ਕਰੋ। ਪੈਦਲ ਚਲਨਾ ਪਵੇ ਜਾਂ ਬਸ ਰਾਹੀਂ ਸਫਰ ਕਰਨਾ ਪਵੇ ਤਾਂ ਕੋਈ ਗਲ ਨਹੀ, ਥੋੜਾ ਕਸ਼ਟ ਸਹਿਨ ਕਰ ਲਵੋ। ਤੁਹਾਨੂੰ ਇਹ ਬੇਸ਼ਕ ਛੋਟੀਆਂ ਅਤੇ ਅਜੀਬ ਗੱਲਾਂ ਲਗਨ ਪਰ ਇਹ ਬਿਲਕੁਲ ਸੱਚ ਕਿ ਤੁਹਾਡੀ ਨਾਰਮਲ ਸਮਝ ਕਿ ਕੀਤੀ ਗਈ ਇਹ ਹਰਕਤ ਵੀ ਕਿਸੇ ਮੁੰਡੇ ਨੂੰ ਤੁਹਾਡੇ ਪ੍ਰਤੀ ਗਲਤ ਸਿਗਨਲ ਬਣ ਸਕਦੀ ਹੈ। ਬਾਅਦ ਵਿੱਚ ਕਈ ਵਾਰੀ ਗੱਲ ਬਹੁਤ ਹੱਦ ਤਕ ਵੱਧ ਜਾਂਦੀ ਹੈ। ਮੁੰਡਿਆਂ ਨਾਲ ਕੀਤੀ ਮੇਰੀ ਵਿਚਾਰ ਵਿੱਚ ਤੁਸੀ ਮੇਰੀ ਉਸ ਸਹਿਪਾਠੀ ਲੜਕੀ ਦੀ ਸੱਚੀ ਕਹਾਨੀ ਤਾਂ ਪੜ ਲਈ ਹੋਵੇਗੀ। ਜੇ ਉਹ ਉਸ ਨਾਜ਼ੁਕ ਸਮੇ ਵਿਚ, ਗਲਤ ਸੇਧ ਹੇਠ, ਕੋਈ ਦੁਜਾ ਕਦਮ ਚੁਕ ਲੈਂਦੀ ਤਾਂ ਕਈ ਜਿੰਦਗੀਆਂ ਨਰਕ ਬਣ ਜਾਂਦੀਆਂ ਜਾਂ ਕਲੇਸ਼ ਵਿੱਚ ਉਮਰ ਬੀਤਦੀ। ਤੁਹਾਡੀ ਹਮਉਮਰ ਕੁੜੀਆਂ (ਨਾਸਮਝੀ, ਅੰਜਾਨਪੁਨੇ ਵਿਚ) ਤੁਹਾਨੂੰ ਉਕਸਾ ਸਕਦੀਆਂ ਹਨ ਕਿ ਯਾਰ ਛੋਟੇ ਮੋਟੇ ਇਸ਼ਕ (Flirt) ਨਾਲ ਕੁੱਝ ਨਹੀ ਵਿਗੜਦਾ, ਇਹਨਾਂ ਦਾ ਅਨੰਦ ਮਾਨਣਾ ਚਾਹੀਦਾ ਹੈ। ਪਰ ਯਾਦ ਰਖਨਾ ਇਸ ਉਮਰ ਵਿੱਚ ਛੋਟਾ ਮੋਟਾ ਸਮਝ ਕਿ ਕੀਤਾ ਗਿਆ ਟਾਈਮਪਾਸ (Flirt) ਜਾਂ ਹਾਂ-ਪੱਖੀ ਹੁੰਗਾਰਾ ਵੀ ਕਈ ਵਾਰ ਸਾਰੀ ਉਮਰ ਦਾ ਦਰਦ ਬਣ ਸਕਦਾ ਹੈ। ਕਿਸੇ ਵੀ ਮੁੰਡੇ ਨੂੰ ਪਿਆਰ (ਪ੍ਰਚਲਿਤ) ਭਰੇ ਖਤ ਆਦਿ ਲਿਖਣ, ਅਪਨੀਆਂ ਫੋਟੋਆ ਦੇਣ ਜਾਂ ਉਸ ਨਾਲ ਨਜ਼ਦੀਕੀ ਭਰੀਆਂ ਫੋਟੋਆਂ ਖਿਚਵਾਨ ਦੀ ਬੇਵਕੁਫੀ ਕਦੀ ਨਾ ਕਰੋ। ਹੋ ਸਕਦਾ ਹੈ ਕਿ ਇਹਨਾਂ ਦਾ ਇਸਤੇਮਾਲ ਕਰਕੇ ਬਾਅਦ ਵਿੱਚ ਤੁਹਾਨੂੰ ਬਲੈਕਮੇਲ ਕੀਤਾ ਜਾ ਸਕਦਾ ਹੈ। ਨਾਲ ਹੀ ਬਹੁਤ ਹੀ ਜ਼ਰੂਰੀ ਗੱਲ ਕਿਸੇ ਵਲੋਂ ਵੀ ਬਲੈਕਮੇਲ ਕਰਨ ਦੀ ਸੂਰਤ ਵਿੱਚ ਉਸ ਦੀ ਕੋਈ ਵੀ ਸ਼ਰਤ ਜਾਂ ਗੱਲ (ਭਾਂਵੇ ਕਿਤਨੀ ਵੀ ਮਾਮੁਲੀ ਕਿਉ ਨਾ ਹੋਵੇ) ਨਾ ਮੰਨੋ। ਬਲਕਿ ਇਸ ਬਾਰੇ ਇਕਦਮ ਅਪਣੇ ਵਡਿਆਂ (ਮਾਤਾ, ਭਰਜ਼ਾਈ) ਆਦਿ ਨਾਲ ਖੁਲ ਕੇ ਗੱਲ ਕਰੋ। ਜੇ ਤੁਹਾਡੀ ਗਲਤੀ ਵੀ ਸੀ ਤਾਂ ਮੰਨ ਲਵੋ। ਪਰ ਕਦੀ ਵੀ ਕਿਸੇ ਵੀ (ਵੱਡੀ ਤੋਂ ਵੱਡੀ ਗਲਤੀ ਵਾਸਤੇ ਵੀ) ਬਲੇਕਮੇਲ ਨਾ ਹੋਵੋ।

ਦੂਜੀ ਤਰਫ ਜੇ ਤੁਹਾਨੂੰ ਕੋਈ ਮੁੰਡਾ ਚੰਗਾ ਲਗਦਾ ਵੀ ਹੈ ਤਾਂ ਇਹ ਨਾਰਮਲ ਗੱਲ ਹੈ। ਪਰ ਤੁਸੀ ਦਿਮਾਗ ਅਤੇ ਦਲੀਲ ਦਾ ਸਹਾਰਾ ਲੈ ਕੇ ਸੋਚੋ ਕਿ ਕਿਧਰੇ ਤੁਹਾਡਾ ਇਹ ਆਕਰਸ਼ਨ ਕੇਵਲ ਬਾਹਰੀ ਜਾਂ ਸ਼ਰੀਰਕ ਹੀ ਤਾਂ ਨਹੀ? ਉਸ ਦੇ ਗੁਣ, ਵਿਚਾਰ, ਰਹਿਨ ਸਹਿਨ ਬਾਰੇ ਵੀ ਜਾਨਣ ਦੀ ਕੋਸ਼ਿਸ਼ ਕਰੋ। ਅੱਜ ਦੇ ਮੀਡੀਆ ਵਲੋਂ ਇੰਟਰ-ਰੀਲੀਜਿਅਸ ਵਿਆਹ (Inter religious Marriage) ਨੂੰ ਬਹੁਤ ਉਤਸਾਹਿਤ ਕੀਤਾ ਜਾ ਰਿਹਾ ਹੈ ਪਰ ਸੱਚ ਜਾਨਿਉ, ਇਹ ਪਹੁੰਚ ਬਹੁਤ ਖਤਰਨਾਕ ਹੈ। ਕਿਉਕਿ ਦੁਜੇ ਧਰਮ ਨਾਲ ਤੁਹਾਡੇ ਵਿਚਾਰ, ਗੁਣ, ਪੁਜਾ ਪੱਧਤੀ, ਰਹਿਨ ਸਹਿਨ ਨਹੀ ਮਿਲਦਾ। ਸੋ ਜੋਸ਼ ਵਿੱਚ ਆਕੇ ਕੀਤੇ ਵਿਆਹ ਕਰਨ ਤੋਂ ਬਾਅਦ ਮਨ ਮਾਰ ਕੇ ਬੇਲੋੜੇ ਸਮਝੋਤੇ ਕਰਨੇ ਪੈਂਦੇ ਹਨ। ਦੂਜਾ ਜਦ ਜ਼ਮੀਨੀ ਹਕੀਕਤਾਂ ਸਾਹਮਨੇ ਆਂਦੀਆਂ ਹਨ ਤੱਦ ਆਪਸੀ ਸੰਬੰਧਾਂ ਵਿੱਚ ਤਰੇੜਾਂ ਪੈਣੀਆਂ ਸ਼ੁਰੂ ਹੋ ਜਾਂਦੀਆ ਹਨ। ਨਤੀਜਾ ਗੱਲ ਤਲਾਕ ਤੱਕ ਪਹੁੰਚ ਜਾਂਦੀ ਹੈ ਜਾਂ ਘਰ ਵਿੱਚ ਕਲੇਸ਼ ਪਿਆ ਰਹਿੰਦਾ ਹੈ। ਮਾ ਪਿਉ ਦੀ ਇੱਜ਼ਤ ਮਿੱਟੀ ਵਿੱਚ ਰੋਲਣ ਕਰਕੇ ਉਹਨਾ ਅਤੇ ਸਮਾਜ ਵਲੋਂ ਜੋ ਖੁਆਰੀ ਮਿਲਦੀ ਹੈ ਸੋ ਅਲਗ। ਇਹ ਗੱਲਾਂ ਹੁਣੇ ਤੁਹਾਨੂੰ ਭਾਂਵੇ ‘ਸੰਕੀਰਨ ਸੋਚ’ ਲਗਨ ਪਰ ਹਨ ਇਹ ਜ਼ਮੀਨੀ ਹਕੀਕਤਾ। ਜੇ ਤੁਹਾਡੀ ਪਸੰਦ ਦਾ ਮੁੰਡਾ ਤੁਹਾਡੇ ਧਰਮ ਦਾ ਹੈ, ਗੁਣ ਵਿਚਾਰ ਅਤੇ ਰਹਿਨ ਸਹਿਨ ਆਦਿ ਵੀ ਤੁਹਾਨੂੰ ਠੀਕ ਲਗਦਾ ਹੈ ਤਾਂ ਉਸ ਨਾਲ ਨੇੜਤਾ ਇੱਕ ਹਦ ਤਕ ਵਧਾ ਸਕਦੇ ਹੋ ਤਾਂ ਕਿ ਉਸ ਬਾਰੇ ਹੋਰ ਜਾਣਕਾਰੀ ਲੈ ਸਕੋ। ਪਰ ਫੇਰ ਵੀ ਇਸ ਨਜ਼ਦੀਕੀ ਨੂੰ ਪ੍ਰਚਲਿਤ ਪਿਆਰ ਦੀ ਹੱਦ ਤੱਕ ਨਾ ਲੈ ਜਾਵੋ। ਬਲਕਿ ਇਸ ਬਾਰੇ ਅਪਣੀ ਮਾਤਾ, ਭਰਜਾਈ ਜਾਂ ਵੱਡੀ ਭੈਣ ਨਾਲ ਗੱਲ ਕਰੋ। ਇਸ ਜ਼ਮੀਨੀ ਹਕੀਕਤ ਨੂੰ ਵੀ ਸਾਹਮਣੇ ਜ਼ਰੂਰ ਰੱਖੋ ਕਿ ਕੀ ਉਹ ਮੁੰਡਾ ਗ੍ਰਿਹਸਥੀ ਦਾ ਬੋਝ ਸੰਭਾਲਨ ਲਾਇਕ ਹੋਵੇ (ਖਾਸਕਰ ਆਰਥਿਕ ਪੱਖੋਂ)। ਦਿਮਾਗ ਵਿੱਚ ਇਹ ਗੱਲ ਵੀ ਹਮੇਸ਼ਾ ਯਾਦ ਰੱਖੋ ਕਿ ਤੁਹਾਡੇ ਮਾਤਾ- ਪਿਤਾ, ਬਜ਼ੁਰਗ ਤੁਹਾਡੇ ਸ਼ੁਭਚਿੰਤਕ ਹਨ, ਦੁਸ਼ਮਨ ਨਹੀਂ ਉਹਨਾਂ ਦੇ ਹਰ ਕਦਮ ਨੂੰ ਗਲਤ ਨਾ ਸਮਝੋ। ਮਾਤਾ-ਪਿਤਾ, ਬਜ਼ੁਰਗਾਂ ਨੂੰ ਵੀ ਚਾਹੀਦਾ ਹੈ ਕਿ ਜੇ ਮੁੰਡਾ ਹਰ ਲਿਹਾਜ਼ ਤੋਂ ਠੀਕ ਲਗਦਾ ਹੈ ਤਾਂ ਉਸ ਦੇ ਵਡੇਰਿਆਂ ਨਾਲ ਇਸ ਰਿਸ਼ਤੇ ਬਾਰੇ ਗੱਲ ਚਲਾਉਣ। ਸਿਰਫ ਕੁੜੀ ਦੇ ਅਪਣੇ ਆਪ ਗੱਲ ਨਾ ਕਰਨ ਜਿਹੇ ਰੁੜੀਵਾਦੀ ਵਿਚਾਰਾਂ ਹੇਠ ਉਸਦੀ ਠੀਕ ਪਸੰਦ ਨੂੰ ਵੀ, ਬਿਨਾ ਸੋਚੇ ਵਿਚਾਰੇ, ਰੱਦ ਕਰਨਾ ਬਿਲਕੁਲ ਵੀ ਜ਼ਾਇਜ਼ ਨਹੀਂ ਬਲਕਿ ਔਲਾਦ ਨੂੰ ਭਟਕਾ ਸਕਦਾ ਹੈ।

ਮੇਰੀ ਨਿੱਕੀ ਭੈਣੋ, ਕਿਸੇ ਵੀ ਮੂੰਡੇ ਨਾਲ ਜੇ ਮਿਲਦੇ ਹੋ ਤਾਂ ਇਕਾਂਤ ਵਿੱਚ ਮਿਲਨ ਤੋਂ ਹਮੇਸ਼ਾਂ ਬਚੋ। ਐਸੇ ਮੌਕਿਆਂ ਅਤੇ ਮਾਹੌਲ ਤੋਂ ਬਚੋ ਜਿਥੇ ਤੁਹਾਡੇ ਜ਼ਜ਼ਬਾਤ ਭਟਕ ਸਕਦੇ ਹੋਣ। ਕਿਉਕਿ ਤੁਹਾਡੀ ਇਸ ਉਮਰ ਵਿੱਚ ਭਟਕ ਜਾਨਾ ਬਹੁਤ ਆਸਾਨ ਹੂਦਾ ਹੈ। ਕੱਲੇ ਮੁੰਡੇ ਨਾਲ ਫਿਲਮਾਂ ਵੇਖਨਾ, ਡੇਟ ਉਤੇ ਜਾਨਾ ਆਦਿ ਰੁਮਾਂਚਕਾਰੀ ਤਾਂ ਲਗਦਾ ਹੈ ਪਰ ਇਸ ਦੇ ਨਤੀਜੇ ਖਤਰਨਾਕ ਹੋ ਸਕਦੇ ਹਨ। ਜੇ ਦੋਸਤਾਂ ਨਾਲ ਜਾਨਾ ਹੋਵੇ ਤਾਂ ਗਰੁਪ ਵਿੱਚ ਪਿਕਨਿਕ ਆਦਿ ਤੇ ਜਾ ਸਕਦੇ ਹੋ। ਪਰ ਇਹ ਵੀ ਧਿਆਨ ਰੱਖੋ ਕਿ ਜਿਸ ਥਾਂ ਵੀ ਜਾਵੋ ਉਸ ਦਾ ਮਾਹੌਲ ਇਹੋ ਜਿਹਾ ਨਾ ਹੋਵੇ ਜੋ ਤੁਹਾਡੇ ਜ਼ਜ਼ਬਾਤ ਭਟਕਾ ਸਕਦਾ ਹੋਵੇ ਜਿਵੇਂ ਡਿਸਕੋ, ਪਬ ਆਦਿ। ਸ਼ਰਾਬ, ਤੰਬਾਕੂ ਜਾਂ ਹੋਰ ਨਸ਼ਿਆਂ ਤੋਂ ਅਤੇ ਉਸ ਦਾ ਸੇਵਨ ਕਰਨ ਵਾਲਿਆਂ ਤੋਂ ਜਿਤਨਾ ਦੂਰ ਰਹਿ ਸਕੋ ਉਤਨਾਂ ਚੰਗਾ ਹੈ। ਇਹਨਾਂ ਨਸ਼ਿਆਂ ਬਾਰੇ ਗੁਰਬਾਣੀ ਕਹਿੰਦੀ ਹੈ ਕਿ ਇਹਨਾਂ ਦੇ ਸੇਵਨ ਨਾਲ ਮੱਤ ਮਾਰੀ ਜਾਂਦੀ ਹੈ ਅਤੇ ਚੰਗੇ-ਮੰਦੇ ਦੀ ਸੁਧ ਨਹੀ ਰਹਿੰਦੀ (ਖਾਸਕਰ ਉਮਰ ਦੇ ਇਸ ਨਾਜ਼ੁਕ ਦੌਰ ਵਿਚ)। ਗੁਰਵਾਕ ਹੈ-

‘ਜਿਤੁ ਪੀਤੇ ਮਤਿ ਦੂਰਿ ਹੋਏ, ਬਰਲਿ ਪਵੈ ਵਿੱਚ ਆਇ’

ਅੰਤ ਵਿੱਚ ਇੱਕ ਬਹੁਤ ਹੀ ਜ਼ਰੂਰੀ ਗੱਲ। ਵਿਆਹ ਤੋਂ ਪਹਿਲਾਂ ਭਾਵੇ ਕੁੱਝ ਵੀ ਹੋ ਜਾਵੇ, ਧਰਤੀ ਵੀ ਫਟ ਜਾਵੇ, ਕਿਸੇ ਮੁੰਡੇ ਨਾਲ ਸ਼ਰੀਰਕ ਸੰਬੰਧ (Sex Relations) ਨਾ ਬਣਾਉ। ਕੁਆਰੀ ਕੁੜੀ ਵਲੋਂ ਇੱਕ ਵਾਰ ਸੈਕਸ ਕਰਨ ਦਾ ਮਤਲਬ ਹੇਠ ਲਿਖੇ ਖਤਰਿਆਂ ਦਾ ਸਾਹਮਨਾ ਕਰਨਾ ਹੈ।

1. ਤੁਸੀ ਅਪਣਾ ਕੁਆਰਾਪਨ ਗੰਵਾ ਦਿਤਾ (ਨਜ਼ਾਇਜ਼ ਤਰੀਕੇ ਨਾਲ)।

2. ਤੁਸੀ ਇੱਕ ਅਣਚਾਹਿਆ ਗਰਭ (Pregnancy) ਧਾਰਨ ਕਰਨ ਦਾ ਖਤਰਾ ਮੁੱਲ ਲੈ ਲਿਆ।

3. ਤੁਸੀ ਏਡਜ਼ ਜਾਂ ਐਸੀ ਹੋਰ ਕਿਸੀ ਜਾਨਲੇਵਾ ਸੈਕਸ ਬਿਮਾਰੀ ਦਾ ਖਤਰਾ ਮੁੱਲ ਲੈ ਲਿਆ।

4. ਤੁਸੀ ਧਰਮ ਤੋਂ ਵੀ ਡਿੱਗ ਗਏ।

ਮੇਰੀ ਸਿੱਖ ਭੈਣੋ, ਗੁਰਬਾਣੀ ਵਿੱਚ ਇੱਕ ਚੰਗੀ ਇਸਤਰੀ ਬਨਣ ਲਈ ਉਪਦੇਸ ਹੈ। ਜੇ ਘਰ ਰਾਖਹਿ, ਬੁਰਾ ਨ ਚਾਖਹਿ, ਹੋਵਹਿ ਕੰਤ ਪਿਆਰੀ (ਪੰਨਾ 1171)

ਮਤਲਬ ਜੋ ਇਸਤਰੀ ਗ੍ਰਿਹਸਤ ਧਰਮ ਦਾ ਚੰਗੀ ਤਰਾਂ ਪਾਲਨ ਕਰਦੀ ਹੈ ਤੇ ਕਿਸੀ ਦੁਜੇ ਦੀ ਝਾਕ ਨਹੀ ਰੱਖਦੀ ਉਹੀ ਸੁਚੱਜੀ ਨਾਰੀ ਹੈ।

ਨਾਲ ਭੈੜੀ ਇਸਤਰੀ ਦੇ ਅਵਗੁਣ ਵੀ ਦਸੇ ਹਨ।

“ਮਨਮੁਖ ਮੈਲੀ ਕਾਮਣੀ, ਕੁਲਖਨੀ ਕੁਨਾਰਿ

ਪਿਰ ਛੋਡਿਆ ਘਰ ਆਪਨਾ, ਪਰ ਪੁਰਖੈ ਨਾਲਿ ਪਿਆਰ” (ਪੰਨਾ 89)

ਇਸ ਵਾਸਤੇ ਜ਼ਰੂਰੀ ਹੈ ਕਿ ਐਸੇ ਮਾਹੌਲ ਤੋਂ ਦੂਰ ਰਵੋ ਜਿਥੇ ਤੁਹਾਡੇ ਜ਼ਜ਼ਬਾਤ ਭੜਕਨ ਦਾ ਖਤਰਾ ਹੋਵੇ। ਕਿਸੇ ਦੇ ਵੀ ਬਹਿਕਾਵੇ, ਚੁਕਨਾ, ਉਕਸਾਹਟ ਵਿੱਚ ਨਾ ਆਵੋ, ਖਾਸ ਕਰ ਤੁਹਾਡੀ ਸੁੰਦਰਤਾ ਪ੍ਰਤੀ ਕੀਤੀ ਚਾਪਲੁਸੀ ਤੋਂ। ਜੇ ਕੋਈ ਵੀ ਮੁੰਡਾ (ਜਾਂ ਕੁੜੀ) ਤੁਹਾਨੂੰ ਐਸੇ ਸੰਬੰਧਾਂ ਦੀ ਮੰਗ ਕਰਦਾ ਹੈ ਜਾਂ ਉਸ ਵਾਸਤੇ ਉਕਸਾਂਦਾ ਹੈ, ਬਿਨਾ ਸ਼ੱਕ ਮੰਨ ਲੈਣਾ ਕਿ ਉਹ ਤੁਹਾਡਾ ਦੋਸਤ, ਸ਼ੁਭਚਿੰਤਕ ਨਹੀਂ, ਤੁਹਾਡਾ ਦੁਸ਼ਮਨ ਹੈ। ਇਸ ਦੀ ਸ਼ੁਰੂਆਤ ਚੁੰਬਨ (Kiss) ਆਦਿ ਵਗੈਰਹ ਤੋਂ ਹੀ ਹੁੰਦੀ ਹੈ। ਸਾਡੇ ਸਮਾਜ ਦਾ ਮਾਹੌਲ ਅਤੇ ਕੁਦਰਤ ਦਾ ਨਿਯਮ ਇਹੋ ਜਿਹਾ ਹੈ ਕਿ ਨਜ਼ਾਇਜ਼ ਸੰਬੰਧਾ ਦਾ ਖਮਿਆਜ਼ਾ ਕੁੜੀ ਨੂੰ ਹੀ ਜ਼ਿਆਦਾ ਭੁਗਤਨਾ ਪੈਂਦਾ ਹੈ। ਸ਼ਰੀਰਕ ਸੰਬੰਧ ਵਾਸਤੇ ਤਾਂ ਵਿਆਹ ਤੋਂ ਇੱਕ ਦਿਨ ਪਹਿਲਾਂ ਤੱਕ ਵੀ ਸਹਿਮਤ ਨਹੀ ਹੋਣਾ ਚਾਹੀਦਾ। ਕੁੱਝ ਪਲਾਂ ਦੇ, ਵਕਤੀ ਜ਼ਜ਼ਬਾਤਾਂ ਵਿੱਚ ਆ ਕੇ ਜ਼ਿੰਦਗੀਆਂ ਤਬਾਹ ਹੋ ਸਕਦੀਆਂ ਹਨ। ਗੁਰਬਾਣੀ ਵੀ ਸਮਝਾਂਦੀ ਹੈ ਕਿ ਭੜਕਿਆ ਹੋਇਆ ਸੈਕਸ (ਕਾਮ) ਅਤੇ ਭੜਕਿਆ ਹੋਇਆ ਕਰੋਧ ਥੋੜੇ ਸਮੇ ਵਿੱਚ ਹੀ ਜ਼ਿੰਦਗੀਆਂ ਨਰਕ ਬਣਾ ਸਕਦਾ ਹੈ, ਬਰਬਾਦ ਕਰ ਸਕਦਾ ਹੈ। ਸੈਕਸ ਬੇਸ਼ਕ ਮਾਨਨ ਦੀ ਚੀਜ਼ ਹੈ ਪਰ ਪਤੀ-ਪਤਨੀ ਵਿੱਚ ਅਤੇ ਹੱਦਾਂ ਵਿੱਚ ਰਹਿ ਕੇ। ਇਹ ਸਿਰਫ ਲੈਕਚਰ ਨਹੀ, ਜ਼ਮੀਨੀ ਹਕੀਕਤਾਂ ਅਤੇ ਸੱਚਾਈਆਂ ਹਨ। ਉਮਰ ਦੇ ਇਸ ਦੌਰ ਵਿੱਚ ਅਪਣੇ ਆਪ ਨੂੰ ਕਦੇ ਵਿਹਲਾ ਨਾ ਰਹਿਨ ਦੇਵੋ ਖਾਸ ਕਰ ਇਕਾਂਤ ਵਿਚ। ਅਪਣੇ ਕੈਰੀਅਰ ਵਿੱਚ ਜੁਟ ਜਾਵੋ, ਖੇਡਾਂ ਵਿੱਚ ਰੁਚੀ ਲਵੋ, ਚੰਗੀਆਂ ਕਿਤਾਬਾਂ ਪੜੋ। ਉਪਰੋਕਤ ਵਿਚਾਰ ਅਨੁਸਾਰ ਜੇ ਤੁਸੀ ਸੰਭਲ ਕੇ, ਸੰਜਮ ਵਿੱਚ ਚਲੋਗੇ ਤਾਂ ਕੋਈ ਕਾਰਨ ਨਹੀਂ ਕਿ ਤੁਸੀ ਰਾਹ ਤੋਂ ਭਟਕ ਜਾਵੋ। ਬਲਕਿ ਤੁਸੀ ਅਪਣੇ ਸਾਥੀਆਂ ਲਈ ਵੀ ਚਾਨਣ ਮੁਨਾਰਾ ਬਣ ਸਕਦੇ ਹੋ।

ਕੁਝ ਖਾਸ ਵਿਚਾਰ ਸਿੱਖ ਕਿਸ਼ੋਰ/ਨੌਜਵਾਨ ਕੁੜੀਆਂ ਨਾਲ। ਮੇਰੀ ਭੈਣੋ/ਦੋਸਤੋ! ਤੁਹਾਡੇ ਬਾਰੇ ਵੀ (ਸਿੱਖ ਮੁੰਡਿਆ ਵਾਂਗੂ) ਮੀਡੀਆ ਜਾਂ ਅਫਵਾਹਾਂ ਰਾਹੀ ਇਹ ਦੁਸ਼-ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਸਿੱਖ ਲੜਕੀਆਂ ‘ਅਨਧਰਮੀ’ ਜਾਂ ‘ਕਲੀਨਸ਼ੇਵ’ ਮੁੰਡਿਆਂ ਨੂੰ ਜ਼ਿਆਦਾ ਪਸੰਦ ਕਰਦੀਆਂ ਹਨ। ਐਸੀਆਂ ਇਕਾ-ਦੁਕਾ ਘਟਨਾਵਾਂ ਨੂੰ ਵੀ ਬਹੁਤ ਵਧਾ-ਚੜਾ ਕੇ ਪੇਸ਼ ਕੀਤਾ ਜਾਂਦਾ ਹੈ। ਤੁਸੀ ਵੀ ਬੇਸ਼ਕ ਇਸ ਦੁਸ਼ਪ੍ਰਚਾਰ ਦੇ ਪ੍ਰਭਾਵ ਹੇਠ ਆ ਸਕਦੇ ਹੋ (ਆਤਮ ਵਿਸ਼ਵਾਸ ਦੀ ਕਮੀ ਕਾਰਨ)। ਲੋੜ ਹੈ ਕਿ ਤੁਸੀ ਇਸ ਦੁਸ਼ਪ੍ਰਚਾਰ ਦੇ ਪ੍ਰਭਾਵ ਹੇਠ ਰਾਹ ਭਟਕਣ ਤੋਂ ਬਚੋ। ਬਲਕਿ ਤੁਸੀ ਸਾਰੀਆਂ ਨੇ ਮਿਲਕੇ ਅਪਣੇ ਆਤਮ ਵਿਸ਼ਵਾਸ ਰਾਹੀਂ ਇਸ ਦੁਸ਼ਪ੍ਰਚਾਰ ਦਾ ਮੁੰਹ-ਤੋੜ ਜਵਾਬ ਦੇਨਾ ਹੈ। ਯਾਦ ਰੱਖੋ ਅਸਲੀ ਸੁੰਦਰਤਾ ਗੁਣਾਂ ਕਾਰਨ ਹੁੰਦੀ ਹੈ ਜੋ ਉਮਰ ਨਾਲ ਨਹੀ ਢਲਦੀ। ਤੁਸੀ ਅਪਨੇ ਵਿਆਹਾਂ ਵਾਸਤੇ ਖੁਦ ਅਪਨੇ ਮਾਪਿਆਂ ਨੂੰ ਕਹੋ ਕਿ ਸਾਨੂੰ ਚੰਗੇ ਪੜਿਆ-ਲਿਖਿਆ ਕਾਮਯਾਬ ਗੁਰਸਿੱਖ ਲੜਕਾ ਚਾਹੀਦਾ ਹੈ। ਤੁਸੀ ਆਪ ਵੀ ਚੰਗੇ ਮਨੁੱਖ ਵਾਲੇ (ਗੁਰਸਿੱਖੀ) ਗੁਣ ਧਾਰਨ ਕਰਨ ਦੀ ਕੋਸ਼ਿਸ਼ ਕਰੋ। ਭਰਮਾਉ ਅਤੇ ਭੜਕਾਉ ਵਿਗਿਆਪਨਾਂ ਦੇ ਪ੍ਰਭਾਵ ਹੇਠ ਆ ਕੇ ਬੇਲੋੜੇ ਫੈਸ਼ਨਾਂ ਤੋਂ ਬਚੋ। ਜੇ ਤੁਸੀ ਗੁਰਸਿੱਖੀ ਗੁਣ ਧਾਰਨ ਕਰ ਲਏ ਤਾਂ ਸਮਝੋ ਕਿ ਸਾਡੀ ਅਗਲੀ ਪੀੜੀ ਦਾ ਭਵਿੱਖ ਸੁਧਰ ਗਿਆ ਕਿਉਂਕਿ ਤੁਸੀ ਹੀ ਭਵਿੱਖ ਦੀਆਂ ਮਾਵਾ ਹੋ। ਤੁਹਾਡੇ ਇਸ ਕਦਮ ਨਾਲ ਸਿੱਖ ਮੁੰਡਿਆਂ ਦਾ ਆਤਮ-ਵਿਸ਼ਵਾਸ ਵੀ ਵਧੇਗਾ।

ਕੁਝ ਵਿਚਾਰ ਇਹੋ ਜਿਹੀ ਉਮਰ ਦੇ

ਬੱਚਿਆਂ ਦੇ ਮਾਤਾ-ਪਿਤਾ ਨਾਲ

ਬਜ਼ੁਰਗੋ! ਬੇਸ਼ਕ ਇਹੋ ਜਿਹੀ ਉਮਰ ਦੇ ਬੱਚਿਆਂ ਦਾ ਮਾਤਾ-ਪਿਤਾ ਹੋਣਾ ਅਪਣੇ ਆਪ ਵਿੱਚ ਹੀ ਚਿੰਤਾ ਦਾ ਇੱਕ ਵੱਡਾ ਕਾਰਨ ਹੈ। ਬੱਚਿਆਂ ਦੇ ਕੈਰੀਅਰ ਦੀ ਚਿੰਤਾ, ਉਹ ਭਟਕ ਨਾ ਜਾਉਣ ਇਸ ਦੀ ਚਿੰਤਾ। ਪਰ ਜੇ ਮਾਤਾ-ਪਿਤਾ, ਬਜ਼ੁਰਗ ਇਸ ਉਮਰ ਦੇ ਕਿਸ਼ੋਰਾਂ/ ਨੌਜਵਾਨਾਂ ਦੇ ਸੁਭਾਅ ਨੂੰ ਗੰਭੀਰਤਾ ਨਾਲ ਸਮਝ ਕੇ ਕਦਮ ਚੁਕਨ ਤਾਂਸਾਰੀਆਂ ਚਿੰਤਾਵਾਂ ਮੁਕ ਸਕਦੀਆਂ ਹਨ। ਇਹ ਗੱਲ ਹਮੇਸ਼ਾਂ ਯਾਦ ਰੱਖੋ ਕਿ ਇਸ ਉਮਰ ਵਿੱਚ ਬੱਚਿਆਂ ਨੂੰ ਲੈਕਚਰ ਬਿਲਕੁਲ ਚੰਗੇ ਨਹੀਂ ਲਗਦੇ। ਉਹਨਾਂ ਨਾਲ ਜ਼ਬਰਦਸਤੀ ਕਰਕੇ, ਗੁੱਸਾ ਕਰਕੇ ਉਹਨਾਂ ਨੂੰ ਬਿਲਕੁਲ ਨਹੀ ਸਮਝਾਇਆ ਜਾ ਸਕਦਾ ਬਲਕਿ ਉਹਨਾਂ ਨੂੰ ਬਾਗੀ ਹੋ ਕੇ ਭਟਕਣ ਲਈ ਜ਼ਰੂਰ ਪ੍ਰੇਰਿਤ ਕਰ ਸਕਦਾ ਹੈ। ਇਹ ਉਮਰ ਹੀ ਐਸੀ ਹੈ ਕਿ ਇਸ ਵਿੱਚ ਜ਼ਜ਼ਬਾਤ ਬਹੁਤ ਭਾਰੂ ਹੁੰਦੇ ਹਨ। ਜੋਸ਼ ਬਹੁਤ ਹੁੰਦਾ ਹੈ, ਸਵਾਲ ਬਹੁਤ ਹੂੰਦੇ ਹਨ, ਉਤਸੁਕਤਾ ਬੇਹਦ ਹੁੰਦੀ ਹੈ। ਬਸ ਜ਼ਰੁਰਤ ਹੈ ਤਾਂ ਇਹਨਾਂ ਸਭ ਚੀਜਾਂ ਨੂੰ ਸਹੀ ਤਰੀਕੇ ਨਾਲ ਸਹੀ ਢਾਂਚੇ ਵਿੱਚ ਢਾਲਣ ਦੀ। ਇਸ ਉਮਰ ਵਿੱਚ ਉਹਨਾਂ ਦਾ ਦਿਲ ਕਰਦਾ ਹੈ ਕਿ ਉਹ ਅਪਣੇ ਫੈਸਲੇ ਆਪ ਕਰਨ। ਤੁਹਾਡਾ ਗੁੱਸਾ ਉਹਨਾਂ ਨੂੰ ਭਟਕਾ ਸਕਦਾ ਹੈ। ਤੁਹਾਡੀ ਜ਼ਬਰਦਸਤੀ, ਬੇਲੋੜੀਆਂ ਬੰਦਿਸ਼ਾਂ ਉਹਨਾਂ ਨੂੰ ਬਾਗੀ ਬਣਾ ਸਕਦੀਆਂ ਹਨ, ਨਸ਼ਿਆਂ ਆਦਿ ਬੁਰਾਈਆਂ ਵੱਲ ਧਕੇਲ ਸਕਦੀਆਂ ਹਨ। ਉਹਨਾਂ ਨੂੰ ਪਿਆਰ ਨਾਲ, ਠਰੰਮੇ ਨਾਲ, ਦਲੀਲ ਨਾਲ ਦੋਸਤਾਂ ਦੀ ਤਰਾਂ ਵਿਸ਼ਵਾਸ ਵਿੱਚ ਲੈਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਉਹਨਾਂ ਦੀ ਗੱਲ / ਵਿਚਾਰ ਠਰੰਮੇ ਨਾਲ ਸਹਿਜ ਹੋ ਕੇ ਸੁਣੋ। ਫੇਰ ਉਸਦੇ ਚੰਗੇ ਮਾੜੇ ਨਤੀਜੇ ਦਲੀਲ ਨਾਲ ਸਮਝਾਉ। ਇਹ ਨਾ ਸਮਝੋ ਕਿ ਉਹਨਾਂ ਦਾ ਹਰ ਫੈਸਲਾ ਗਲਤ ਹੋਵੇਗਾ। ਪਰ ਇਹ ਵੀ ਧਿਆਨ ਰੱਖੋ ਕਿ ਉਸ ਨੂੰ ਖਰਚ ਵਾਸਤੇ ਬੇਲੋੜਾ ਪੈਸਾ, ਐਸ਼ੋ ਇਸ਼ਰਤ ਦਾ ਸਾਮਾਨ, ਖੁਲਾਂ ਵੀ ਨਾ ਦੇਵੋ ਜੋ ਉਸਨੂੰ ਭਟਕਾਉਣ ਵਿੱਚ ਸਹਾਈ ਹੋਵੇ। ਇਸ ਉਮਰ ਵਿੱਚ ਬਚਿਆਂ ਨਾਲ ਦੋਸਤ ਵਾਂਗੂ ਪੇਸ਼ ਆਵੋ।

ਮਾਂ ਵਾਸਤੇ ਜ਼ਰੂਰੀ ਹੈ ਕਿ ਉਹ ਅਪਣੀ ਜਵਾਨ ਹੁੰਦੀ ਬੇਟੀ ਦੀ ਦੋਸਤ ਬਣ ਕੇ ਰਹੇ। ਉਸ ਨੂੰ ਉਸ ਦੇ ਸ਼ਰੀਰ ਵਿੱਚ ਹੁੰਦੇ ਬਦਲਾਵਾਂ, ਉਤਸੁਕਤਾ ਦਾ ਸਹੀ ਕਾਰਨ ਦੱਸੇ।

“ਕਢਿ ਕਸੀਦਾ ਪਹਿਰਹਿ ਚੋਲੀ ਤਾਂ ਤੁਮ ਜਾਨਹੁ ਨਾਰੀ ਜੀਓ। ਉਸਦੀ ਵਿਚਾਰ, ਗੱਲ ਠਰੰਮੇ ਨਾਲ ਸੁਣੇ। ਉਸ ਨੂੰ ਸੈਕਸ ਬਾਰੇ ਸਹੀ ਜਾਨਕਾਰੀ ਦੇਵੇ। ਸਾਵਧਾਨੀਆਂ ਵੀ ਦਸੇ। ਜੇ ਉਸ ਨੂੰ ਕੋਈ ਮੁੰਡਾ ਪਸੰਦ ਹੈ ਤਾਂ ਸੁਣ ਕੇ ਇੱਕ ਦਮ ਗੁੱਸੇ ਹੋਣ ਦੀ ਲੋੜ ਨਹੀਂ ਹੈ। ਜੇ ਉਹ ਮੁੰਡਾ ਤੁਹਾਡੇ ਹਿਸਾਬ ਨਾਲ ਹਰ ਲਿਹਾਜ਼ ਤੋਂ ਠੀਕ ਹੈ ਤਾਂ ਗਲਬਾਤ ਅੱਗੇ ਵਧਾਉਣ ਵਿੱਚ ਕੋਈ ਬੁਰਾਈ ਨਹੀ ਹੈ। ਜੇ ਕੁੱਝ ਕਮੀ ਹੈ ਤਾਂ ਬੇਟੀ ਨੂੰ ਦਲੀਲ ਨਾਲ, ਪਿਆਰ ਨਾਲ ਸਮਝਾਉ। ਬੇਟੀ ਕੀ ਕਰਦੀ ਹੈ, ਉਸ ਦੇ ਦੋਸਤ ਅਤੇ ਸਹੇਲੀਆਂ ਕਿਹੋ ਜਿਹੀਆਂ ਹਨ, ਉਸਦੀ ਕਿਤਾਬਾਂ, ਪਹਿਰਾਵੇ ਆਦਿ ਉਤੇ ਸਾਵਧਾਨੀ ਨਾਲ ਨਜ਼ਰ ਰੱਖ ਸਕਦੇ ਹੋ। ਤੁਹਾਡਾ ਉਸ ਨਾਲ ਵਿਉਹਾਰ ਇਹੋ ਜਿਹਾ ਦੋਸਤਾਨਾ ਹੋਵੇ ਕਿ ਉਹ ਅਪਣੀਆਂ ਸਾਰੀਆਂ ਗੱਲਾਂ (ਖਾਸਕਰ ਕਿਸੇ ਮੂੰਡੇ ਦੇ ਪ੍ਰਤੀ ਆਕਰਸ਼ਨ ਵਾਲੀ) ਤੁਹਾਡੇ ਨਾਲ ਸਾਂਝੀਆਂ ਕਰੇ। ਉਸ ਉਤੇ ਫਾਲਤੂ ਜਿਹੇ ਸ਼ਕ ਕਰਨੇ, ਬੇਲੋੜੀਆਂ ਬੰਦਿਸ਼ਾਂ ਲਾਉਣਾ ਉਸ ਨੂੰ ਭਟਕਾ ਸਕਦਾ ਹੈ। ਉਸ ਨੂੰ ਚੰਗੇ ਮਾੜੇ ਦੀ ਪਹਿਚਾਨ ਕਰਨ ਦੀ ਜਾਚ ਵੀ ਪਿਆਰ ਨਾਲ ਸਮਝਾਵੋ। ਅਪਣੇ ਬੱਚਿਆਂ ਨੂੰ ਪੂਰਾ ਪਿਆਰ ਅਤੇ ਸਮਾਂ ਦੇਵੋ। ਪਿਤਾ ਵੀ ਅਪਣੇ ਬੇਟੇ ਨਾਲ ਕੁੱਝ ਇਹੋ ਜਿਹਾ ਹੀ ਵਰਤਾਅ ਕਰੇ। ਜੇ ਐਸਾ ਹੋਵੇਗਾ ਤਾਂ ਕੋਈ ਕਾਰਨ ਨਹੀਂ ਹੈ ਕਿ ਬੱਚੇ ਗਲਤ ਰਾਹ ਉਤੇ ਤੁਰ ਪੈਣ। ਲੋੜ ਹੈ ਤਾਂ ਸਿਰਫ ਸਮਝ ਭਰੀ ਅਤੇ ਸੰਤੁਲਿਤ ਪਹੂੰਚ ਦੀ। ਮਾਤਾ-ਪਿਤਾ ਅਤੇ ਬਜ਼ੁਰਗਾਂ ਵਾਸਤੇ ਇੱਕ ਬਹੁਤ ਹੀ ਜ਼ਰੂਰੀ ਅਤੇ ਧਿਆਨਯੋਗ ਗੱਲ। ਮਾਤ- ਪਿਤਾ ਵੀ ਬੱਚਿਆਂ ਲਈ ਰੋਲ ਮਾਡਲ ਹੂੰਦੇ ਹਨ। ਜੇ ਉਹਨਾਂ ਦੇ ਅਪਣੇ ਜੀਵਨ ਨਿਚ ਹੀ ਖਾਮੀਆਂ ਹੋਵਣਗੀਆਂ (ਨਸ਼ੇ, ਦੋਗਲਾਪਨ ਆਦਿ) ਤਾਂ ਇਸ ਦਾ ਬੁਰਾ ਅਸਰ ਬੱਚਿਆ ਉਪਰ ਜ਼ਰੂਰ ਪਵੇਗਾ। ਇੱਕ ਜ਼ਰੂਰੀ ਗੱਲ ਖਾਸ ਸਿੱਖ ਮਾਪਿਆਂ ਨਾਲ। ਤੁਹਾਨੂੰ ਅਪਣੇ ਬਚਿਆਂ ਨਾਲ ਹਮੇਸ਼ਾਂ ਸ਼ਿਕਾਇਤ ਰਹਿੰਦੀ ਹੈ ਕਿ ਉਹ ਸਿੱਖ ਪਰੰਪਰਾਵਾਂ ਤੋਂ ਮੁਨਕਰ ਹੋ ਰਹੇ ਹਨ। ਪਰ ਕੀ ਤੁਸੀ ਕਦੀਂ ਸਵੈਪੜਚੋਲ ਕੀਤੀ ਹੈ ਕਿ ਕਦੀ ਤੁਸੀ ਅਪਣਾ ਜੀਵਨ ਅਤੇ ਪਰਿਵਾਰ ਦਾ ਮਾਹੌਲ ਸਿੱਖੀ ਵਾਲਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ? ਕੀ ਤੁਹਾਡਾ ਜੀਵਨ ਸਿਰਫ ਧਰਮ ਦੇ ਨਾਂ ਉਤੇ ਕਰਮਕਾਂਡਾਂ ਨਾਲ ਹੀ ਭਰਪੂਰ ਨਹੀ ਹੈ? ਜੇ ਤੁਸੀ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਸਿੱਖੀ ਜੀਵਨ ਜਾਚ ਅਪਨਾਉਣ ਤਾਂ ਜ਼ਰੂਰੀ ਹੈ ਕਿ ਤੁਸੀ ਅਪਣੇ ਜੀਵਨ ਵਿੱਚ ਸਭ ਤੋਂ ਪਹਿਲਾਂ ਸਹੀ ਗੁਰਮਤਿ ਸਿਧਾਂਤਾਂ ਨੂੰ ਅਪਨਾਉ।

ਕੁਝ ਵਿਚਾਰ ਮੀਡੀਆ ਦੀ ਭੁਮਿਕਾ ਬਾਰੇ

ਇਹ ਇੱਕ ਮੰਨੀ ਪ੍ਰਮੰਨੀ ਸੱਚਾਈ ਹੈ ਕਿ ਅੱਜ ਦੇ ਸਮੇ ਵਿੱਚ ਮੀਡੀਆ (ਖਾਸਕਰ ਇਲੈਕਟ੍ਰਾਨਿਕ ਮੀਡੀਆ) ਸਮਾਜ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ। ਪਰ ਇਹ ਵੀ ਉਤਨੀ ਹੀ (ਕੜਵੀ) ਸੱਚਾਈ ਹੈ ਕਿ ਅਜੋਕੇ ਕਿਸ਼ੋਰਾਂ / ਨੌਜਵਾਨਾਂ ਨੂੰ ਭਟਕਾਉਣ ਵਿੱਚ ਅਜੋਕੇ ਇਲੈਕਟ੍ਰੋਨਿਕ ਅਤੇ ਪ੍ਰਿੰਟ ਮੀਡੀਆ ਦਾ ਬਹੁਤ ਵੱਡਾ ਹੱਥ ਹੈ (ਵਿਰਲਿਆਂ ਨੂੰ ਛੱਡ ਕੇ)। ਮੀਡੀਆ ਰਾਹੀ ਹੀ ਨੌਜਵਾਨ ਕੁੜੀ –ਮੁੰਡੇ ਵਿੱਚ ਸ਼ਰੀਰਕ ਆਕਰਸ਼ਨ ਨੂੰ ਇਸ ਹੱਦ ਤੱਕ ਵਧਾ ਚੜਾ ਕੇ, ਆਦਰਸ਼ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਕਿ ਇਹ ਪੀੜੀ ਉਸ ਨੂੰ ਸੱਚ ਸਮਝਨ ਦੀ ਭੁਲ ਕਰ ਬੈਠਦੀ ਹੈ। ਭੜਕੀਲੇ ਅਤੇ ਕਾਮ ਉਕਸਾਉ ਗੀਤ, ਸੰਗੀਤ, ਵੀਡੀਓਜ਼ ਰਾਹੀ ਇਸ ਪੀੜੀ ਨੂੰ ਰਾਹ ਤੋਂ ਭਟਕਾਇਆ ਜਾ ਰਿਹਾ ਹੈ। ਇੱਕ ਕੁੜੀ ਪਿਛੇ ਝੱਲੇ ਹੋਏ, ਨਿਕੰਮੇ ਜਿਹੇ ਪਾਤਰਾਂ ਨੂੰ ‘ਹੀਰੋ’ (ਆਦਰਸ਼) ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਹੋਰ ਤਾਂ ਹੋਰ, ਇੱਕ ਪਾਸੜ ਆਕਰਸ਼ਨ ਵਿੱਚ ਮਾਨਸਿਕ ਰੋਗੀ ਹੋਏ ਪਾਤਰ (ਫਿਲਮ ਡਰ ਆਦਿ) ਨੂੰ ਵੀ ‘ਹੀਰੋ’ ਪੇਸ਼ ਕੀਤਾ ਜਾ ਰਿਹਾ ਹੈ। ਪੰਜਾਬੀ ਗੀਤਾਂ / ਵੀਡੀਓਜ਼ ਨੇ ਤਾਂ ਇਸ ਮਾਮਲੇ ਵਿੱਚ ਗੰਦ ਹੀ ਖਿਲਾਰਿਆ ਹੋਇਆ ਹੈ (ਵਿਰਲਿਆਂ ਨੁੰ ਛੱਡ ਕੇ)। ਨੌਜ਼ਵਾਨਾ ਵਿੱਚ ਕਬਜ਼ੇ ਦੀ ਭਾਵਨਾ ਵਧਾਉਂਦੇ ਗੀਤ ਜਿਵੇ ‘ਨੀ ਤੁੰ ਜੱਟ ਦੀ ਪਸੰਦ ਜੱਟ ਨੇ ਵਿਆਹੁਣੀ ਆ’, ਚੁੱਕ ਲੋ ਰਾਈਫਲਾ ਦੁਨਾਲੀਆਂ ਵੇ ਕਬਜ਼ਾ ਲੈਣਾ ਹੈ’ ਧੜਾਧੜ ਆ ਰਹੇ ਹਨ। ਨੌਜਵਾਨਾਂ ਨੂੰ ਨਸ਼ਿਆਂ ਲਈ ਉਕਸਾਂਦੇ ਗੀਤ ਜਿਵੇ ‘ਘਰ ਦੀ ਸ਼ਰਾਬ ਹੋਵੇ’, ‘ਲੋਕਾਂ ਨੇ ਪੀਤੀ ਤੁਬਕਾ ਤੁਬਕਾ ਮੈਂ ਤਾਂ ਪੀਤੀ ਬਾਟੇ ਨਾਲ’, ‘ਮੇਂ ਹੋ ਗਿਆ ਸ਼ਰਾਬੀ ਮੈਨੂੰ ਹੋਰ ਨਾ ਪਿਲਾਉ’, ‘ਮੁਕ ਗਈ ਫੀਮ ਡੱਬੀ ਚੋਂ ਯਾਰੋ ਅੱਜ ਕੋਈ ਅਮਲੀ ਦਾ ਡੰਗ ਸਾਰੋ’ ਆਦਿ ਆਦਿ। ਇਹਨਾ ਦੇ ਕਾਰਨ ਸਮਾਜ ਵਿੱਚ ਨੈਤਿਕਤਾ ਦਾ ਕਿਤਨਾ ਘਾਣ ਹੋ ਰਿਹਾ ਹੈ ਜੇ ਉਸਦੀ ਝਲਕ ਵੇਖਣੀ ਹੋਵੇ ਤਾ ਆਮ ਪੰਜਾਬੀ ਪਰਿਵਾਰ ਦਾ ਵਿਆਹ ਵੇਖ ਸਕਦੇ ਹੋ? ਬੰਦਰਾਂ ਵਾਂਗੂ ਟਪੁਸੀਆਂ ਮਾਰਦੇ, ਕੀ ਛੋਟੇ ਕੀ ਨੌਜਵਾਨ, ਕੀ ਬਜ਼ੁਰਗ, ਕੀ ਧੀਆਂ ਭੈਣਾਂ ਆਦਿ ਸਾਰੇ ਇਕੋ ਥਾਂ ਅਖੌਤੀ ਭੰਗੜੇ ਦੇ ਨਾਂ ਉਤੇ ਉਹ ਖਰੂਦ ਪਾਉਂਦੇ ਹਨ ਕਿ ਬਸ ਰੱਬ ਹੀ ਰਾਖਾ ਹੈ। ਜੇ ਕੋਈ ਥੋੜਾ ਜਿਹਾ ਵਿਚਾਰਵਾਨ ਬੰਦਾ ਇਹੋ ਜਿਹੇ ਸਮਾਗਮਾਂ ਉਤੇ ਚਲਾ ਜਾਵੇ ਤਾਂ ਉਸ ਦਾ ਦਿਮਾਗ ਸੁੰਨ ਹੋ ਜਾਂਦਾ ਹੈ। ਉਦਾਹਰਨ ਵਾਸਤੇ ਸਿਰਫ ਇੱਕ ਸੀਨ ਪੇਸ਼ ਕਰ ਰਿਹਾ ਹਾਂ ਜੋ ਆਮ ਵਿਆਹਾਂ ਵਿੱਚ ਹੂੰਦਾ ਹੈ। ਅਖੌਤੀ ਭੰਗੜੇ ਵਿੱਚ ਪਿਉ-ਧੀ, ਚਾਚਾ-ਭਤੀਜੀ, ਸਹੁਰਾ –ਨੂੰਹ, ਭੈਣ –ਭਰਾ ਆਦਿ ਇੱਕ ਦੁਜੇ ਨੂੰ ਇਸ਼ਾਰੇ ਕਰਦੇ ਹਨ (ਪਿਛੇ ਚਲ ਰਹੇ ਗੀਤ ਦੀ ਤਰਜ਼ ਉਪਰ)। ਇਵੇਂ ਲਗਦਾ ਹੈ ਜਿਵੇਂ ਭਤੀਜੀ ਚਾਚੇ ਨੂੰ, ਨੂੰਹ ਸਹੁਰੇ ਨੂੰ, ਭੈਣ ਭਰਾ ਨੂੰ ਕਹਿ ਰਹੀ ਹੋਵੇ, “ਮੇਰੇ ਪਿਛੇ ਐਂਵੇ ਪਟਰੋਲ ਫੂਕ ਕੇ ਨੀ ਤੈਨੂੰ ਕੀ ਮਿਲਦਾ” (ਪਿਛੇ ਚਲ ਰਿਹਾ ਗੀਤ ਜਾਂ ਭਰਾ ਭੈਣ ਨੂੰ, ਸਹੁਰਾ ਨੂੰਹ ਨੂੰ, ਚਾਚਾ ਭਤੀਜੀ ਨੂੰ ਕਹਿ ਰਿਹਾ ਹੋਵੇ “ਹਾਏ ਸੋਹਨੀਏ ਨੀ ਕਾਹਤੋਂ ਦੇਰ ਕਰੇ, ਮੇਰੀ ਹੋ ਜਾ ਮੈਨੂੰ ਅਪਣਾ ਬਣਾ ਲੈ” (ਪਿੱਛੇ ਚਲਦਾ ਗੀਤ)। ਬਾਕੀ ਅੰਦਾਜ਼ਾ ਪਾਠਕ ਆਪ ਹੀ ਲਾ ਸਕਦੇ ਹਨ। ਇਵੇਂ ਹੀ ਇੱਕ ਹੋਰ ਬਹੁਤ ਗਲਤ ਪ੍ਰਚਲਿਤ ਹੋ ਰਿਹਾ ਹੈ ਆਰਕੈਸਟ੍ਰਾ ਦੇ ਨਾਂ ਉਤੇ ਕੁੜੀਆਂ ਦਾ ਅਧ-ਨੰਗਾ ਨਾਚ। ਇੱਕ ਵਿਆਹ ਵਿੱਚ ਮੈਂ ਉਸੇ ਪਰਿਵਾਰ ਦੇ ਕਿਸੇ ਬਜ਼ੁਰਗ ਨੂੰ ਪੁਛ ਲਿਆ ਕਿ ਕੀ ਕੁੜੀਆਂ ਨੂੰ ਇਸ ਤਰਾਂ (ਪੈਸੇ ਦੇ ਜ਼ੋਰ ਤੇ) ਨਚਵਾਨਾ ਠੀਕ ਹੈ? ਉਹ ਬੋਲਿਆ ਕਿ ਇਸ ਵਿੱਚ ਕੀ ਗਲਤ ਹੈ? ਜਿਸ ਤਰਾਂ ਅਸੀ ਨੌਕਰੀ ਕਰਦੇ ਹਾਂ ਇਹ ਵੀ ਉਹਨਾਂ ਦਾ ਕਾਰੋਬਾਰ ਜਾਂ ਨੌਕਰੀ ਹੈ। ਮੈਂ ਕਿਹਾ ਫੇਰ ਕੀ ਤੁਸੀ ਅਪਣੀ ਬੇਟੀਆਂ ਵਲੋਂ ਵੀ ਐਸੀ ਨੌਕਰੀ ਕਰਨਾ ਪਸੰਦ ਕਰੋਗੇ? ਸ਼ਾਇਦ ਤੁਹਾਨੂੰ ਕੋਈ ਇਤਰਾਜ਼ ਨਹੀ ਹੋਵੇਗਾ? ਉਹ ਮੁੰਹ ਫੁਲਾ ਕੇ ਚਲਾ ਗਿਆ। ਅਸਲ ਵਿੱਚ ਸਾਨੂੰ ਦੋਗਲਾ ਜੀਵਨ ਜੀਣ ਦੀ ਆਦਤ ਪੈ ਗਈ ਹੈ। ਸ਼ਰਾਬ ਦੀ ਵਰਤੋਂ ਬਾਰੇ ਤਾਂ ਕੀ ਕਹਿਣਾ?

ਸੰਖੇਪ ਵਿੱਚ ਕਿਸ਼ੋਰ / ਨੌਜਵਾਨ ਪੀੜੀ ਨੂੰ ਭਟਕਾਉਣ ਅਤੇ ਸਮਾਜਿਕ ਕਦਰਾਂ ਕੀਮਤਾਂ ਦੇ ਘਾਣ ਵਿੱਚ ਅਜੌਕਾ ਮੀਡੀਆ ਬਹੁਤ ਵੱਡੀ ਭੁਮਿਕਾ ਨਿਭਾ ਰਿਹਾ ਹੈ (ਵਿਰਲਿਆਂ ਨੂੰ ਛੱਡ ਕੇ)। ਲੋੜ ਹੈ ਮੀਡੀਆ ਵਲੋਂ ਹਾਂ-ਪੱਖੀ ਅਤੇ ਉਸਾਰੂ ਭੁਮਿਕਾ ਨਭਾਉਣ ਦੀ। ਜੇ ਮੀਡੀਆ ਅਪਣੀ ਭੁਮਿਕਾ ਸਹੀ ਤਰੀਕੇ ਨਾਲ ਨਿਭਾਏ ਤਾਂ ਇਸ ਪੀੜੀ ਨੂੰ ਭਟਕਨ ਤੋਂ ਬਹੁਤ ਆਸਾਨੀ ਨਾਲ ਰੋਕਿਆ ਜਾ ਸਕਦਾ ਹੈ।

ਅੰਤਿਕਾ

ਮੇਰੇ ਕਿਸ਼ੋਰ / ਨੌਜਵਾਨ ਦੋਸਤੋ, ਵੀਰੋ, ਭੈਣੋ! ਤੁਸੀ ਸੋਚਦੇ ਹੋਵੋਗੇ ਕਿ ਮੈਂ ਇਤਨੀ ਲੰਬੀ ਵਿਚਾਰ ਤਾਂ ਕਰ ਦਿਤੀ ਪਰ ਅਪਣੇ ਕਿਸ਼ੋਰਪਨ ਬਾਰੇ ਕੁੱਝ ਨਹੀ ਦਸਿਆ। ਸੰਖੇਪ ਵਿੱਚ ਜ਼ਰੂਰ ਦਸਾਂਗਾ। ਮੇਰਾ ਕਿਸ਼ੋਰਪਨ ਵੀ ਹਰ ਆਮ ਲੜਕੇ ਵਾਂਗੂ ਸੀ। ਸੈਕਸ ਬਾਰੇ, ਕੁੜੀਆਂ ਬਾਰੇ ਜਾਨਨ ਦੀ ਉਤਸੁਕਤਾ ਸੁਭਾਵਿਕ ਹੀ ਸੀ। ਪਰ ਥੋੜਾ ਧਾਰਮਿਕ (ਗੰਭੀਰਤਾ ਵਾਲਾ, ਕਰਮਕਾਂਡੀ ਨਹੀ) ਸੋਚ ਹੋਣ ਕਰਕੇ ਮੈਂ ਇਹਨਾਂ ਭਾਵਨਾਵਾਂ ਨੂੰ ਅਪਣੇ ਉਪਰ ਘੱਟ ਹੀ ਭਾਰੂ ਹੋਣ ਦਿਤਾ। ਖਾਸਕਰ ਕਾਮ ਉਕਸਾਉ ਭਾਵਨਾਵਾਂ ਨੂੰ। ਪਰ ਕਿਸ਼ੋਰਪਨ ਅਤੇ ਜਵਾਨੀ ਦੀ ਵਿਚਲੇ ਪੜਾਅ (17-18 ਸਾਲ) ਵਿੱਚ ਮੈਂ ਇੱਕ ਕੁੜੀ ਪ੍ਰਤੀ ਬਾਹਰੀ ਆਕਰਸ਼ਨ (Infaturation) ਦਾ ਸ਼ਿਕਾਰ ਹੋ ਗਿਆ। ਦਿਲਚਸਪ ਗੱਲ ਕੇ ਉਹ ਕੁੜੀ ਦੁਜੇ ਧਰਮ ਦੀ ਸੀ। ਹਮੇਸ਼ਾਂ ਉਸ ਦੇ ਖਿਆਲਾਂ ਵਿੱਚ ਖੋਏ ਰਹਿਨਾ। ਲਗਦਾ ਸੀ ਕਿ ਸਾਡਾ ਪਿਆਰ ਆਦਰਸ਼ ਹੈ। ਸੋਚਦਾ ਸੀ ਕਿ ਕੀ ਹੋਇਆ ਜੋ ਉਸਦਾ ਧਰਮ ਅਲਗ ਹੈ ਮੈਂ ਉਸ ਨੂੰ ਅਪਣੇ ਧਰਮ ਅਨੁਸਾਰ ਢਾਲ ਲਵਾਂਗਾ। ਇਹ ਵੀ ਲਗਦਾ ਸੀ ਕਿ ਜੇ ਉਹ ਕੁੜੀ ਜੀਵਨ ਸਾਥੀ ਨਾ ਬਣੀ ਤਾਂ ਜੀਣਾ ਮੁਸ਼ਕਿਲ ਹੋ ਜਾਵੇਗਾ। ਦੋਸਤਾਂ ਵਿੱਚ ‘ਫੜਾਂ’ ਵੀ ਮਾਰਦਾ ਸੀ ਕਿ ਜੇ ਉਸ ਨਾਲ ਵਿਆਹ ਨਾ ਹੋਇਆ ਤਾਂ ਸਾਰੀ ਉਮਰ ਕੁੰਆਰਾ ਰਹਾਂਗਾ। ਕਿਸੇ ਹੋਰ ਬਾਰੇ ਸੋਚਾਂਗਾ ਵੀ ਨਹੀਂ। ਇਹ ਬੇਫਜ਼ੁਲ (ਉਸ ਸਮੇ ਆਦਰਸ਼ ਲਗਦੇ) ਖਿਆਲ ਵੀ ਮਨ ਵਿੱਚ ਆਉਂਦੇ ਕਿ, ਕੀ ਹੋਇਆ ਜੇ ਇਸ ਜਨਮ ਵਿੱਚ ਉਹ ਨਹੀ ਮਿਲੇ ਅਗਲੇ ਜਨਮ ਵਿੱਚ ਜ਼ਰੂਰ ਮਿਲਾਂਗੇ। ਐਸੇ ਉਲ-ਜ਼ਲੂਲ ਵਿਚਾਰਾਂ ਨਾਲ ਭਰੇ (ਉਸ ਸਮੇ ਦੀ ਸੋਚ ਅਨੁਸਾਰ ਪਿਆਰ ਭਰੇ) 2-3 ਖੱਤ ਵੀ ਉਸਨੂੰ ਲਿਖੇ। ਮਾਤਾ-ਪਿਤਾ ਨੂੰ ਵੀ ਕਈ ਵਾਰ ਦੁਖੀ ਕੀਤਾ। ਬਸ ਹਮੇਸ਼ਾ ਇਹੀ ਲਗਦਾ ਕੇ ਮੈਂ ਹੀ ਸਹੀ ਹਾਂ ਬਾਕੀ ਸਭ ਗਲਤ ਹਨ। ਪਰ ਅੱਜ ਵੀ ਮੈਂ ਸ਼ੁਕਰਗੁਜ਼ਾਰ ਹਾਂ ਉਸ ਕੁੜੀ ਦਾ ਜਿਸਨੇ ਭਟਕਨਾ ਦੇ ਇਸ ਦੌਰ ਵਿੱਚ ਕਦੀ ਵੀ ਪੁਰੀ ਤਰਾਂ ਮੇਰਾ ਸਾਥ ਨਹੀਂ ਦਿਤਾ (ਉਸ ਸਮੇ ਭਾਂਵੇ ਇਸ ਗੱਲ ਉਤੇ ਬਹੁਤ ਗੁੱਸਾ ਆਉਂਦਾ ਸੀ)। ਨਾਲ ਹੀ ਅਪਣੇ ਪਾਗਲਪਨ ਵਿੱਚ ਉਸ ਨੂੰ ਦਿਤੀਆਂ ਮਾਨਸਿਕ ਤਕਲੀਫਾਂ (ਜੇ ਉਸ ਨੂੰ ਕੁੱਝ ਮਹਿਸੂਸ ਹੋਈਆਂ ਹੋਣ) ਵਾਸਤੇ ਉਸ ਕੋਲੋਂ ਮਾਫੀ ਵੀ ਮੰਗਦਾ ਹਾਂ। ਹੁਣ ਪਤਾ ਨਹੀ ਉਹ ਕਿਧਰ ਹੈ? ਮੈਂ ਹੁਣ ਵੀ ਉਸ ਨੂੰ ਪਿਆਰ ਕਰਦਾ ਹਾਂ ਪਰ ਨਜ਼ਰੀਆ ਅਲਗ ਹੈ। ਹੁਣ ਉਸਨੂੰ ਮੈਂ ਉਸ ਸ਼ੁਭਚਿੰਤਕ ਵਾਲਾ ‘ਪਿਆਰ’ ਕਰਦਾ ਹਾਂ ਜਿਸ ਤਰਾਂ ਸਮਾਜ ਦੇ ਹਰ ਇੰਸਾਨ ਨਾਲ ਕਰਦਾ ਹਾਂ। ਜਿਸ ਤਰਾਂ ਅਪਣੀ ਭੈਣ ਨਾਲ ਕਰਦਾ ਹਾਂ, ਮਾਤਾ-ਪਿਤਾ ਨਾਲ ਕਰਦਾ ਹਾਂ, ਅਪਣੀ ਪਤਨੀ ਨਾਲ ਕਰਦਾ ਹਾਂ।

ਦੋਸਤੋ ਮੇਰਾ ਇਹ ‘ਪਾਗਲਪਨ’ ਡੇੜ- ਦੋ ਸਾਲ ਚਲਿਆ। ਪਰ ਉਸ ਤੋਂ ਬਾਅਦ ਮੈਨੂੰ ਇੱਕ ਮਿਸ਼ਨਰੀ ਵੀਰ ਮਿਲਿਆ ਜਿਸ ਨੇ ਮੈਨੂੰ ਬਹੁਤ ਠਰੰਮੇ ਨਾਲ, ਦੋਸਤ ਵਾਂਗੂ ਜ਼ਮੀਨੀ ਹਕੀਕਤਾਂ ਬਾਰੇ ਸਮਝਾਇਆ। ਮੈਂ ਉਸ ਦਾ ਹਮੇਸ਼ਾਂ ਖੁਸ਼ੀ –ਖੁਸ਼ੀ ਜ਼ਿੰਦਗੀ ਬਤੀਤ ਕਰ ਰਿਹਾਂ ਹਾਂ। ਜੇ ਉਮਰ ਦੇ ਉਸ ਨਾਜ਼ੁਕ ਦੌਰ ਵਿੱਚ ਉਹ ਕੁੜੀ ਸੁਚੱਜੇ ਤਰੀਕੇ ਨਾਲ ਮੇਰੇ ਮਾਮਲੇ ਨੂੰ ਨਾ ਸੰਭਾਲਦੀ ਜਾਂ ਫੇਰ ਉਹ ਮਿਸ਼ਨਰੀ ਵੀਰ ਦੀ ਸਹੀ ਸੇਧ ਨਾ ਮਿਲਦੀ ਤਾਂ ਸ਼ਾਇਦ ਅੱਜ ਵੀ ਮੈਂ ਉਸ ਭਟਕਣਾ ਵਿੱਚ ਭਟਕ ਰਿਹਾ ਹੁੰਦਾ। ਪਤਾ ਨਹੀ ਅਪਣਾ ਜਾਂ ਦੁਜਿਆਂ ਦਾ ਕਿਤਨਾ ਨੁਕਸਾਨ ਕਰ ਚੁਕਿਆ ਹੁੰਦਾ। ਸੋ ਲੋੜ ਹੈ ਐਸੇ ਸਮੇਂ ਜ਼ਜ਼ਬਾਤਾਂ ਦੀ ਥਾਂ ਦਿਮਾਗ, ਦਲੀਲ ਤੋਂ ਕੰਮ ਲੈਣ ਦੀ ਅਤੇ ਸਹੀ ਸੇਧ ਦੀ। ਮੇਰੇ ਨੌਜਵਾਨ ਹੁੰਦੇ ਵੀਰੋ / ਭੈਣੋ! ਆਸ ਹੈ ਤੁਸੀ ਇਸ ਵਿਚਾਰ ਚਰਚਾ ਤੋਂ ਜ਼ਰੂਰ ਲਾਭ ਉਠਾਉਗੇ। ਆਸ ਹੈ ਕਿ ਤੁਸੀ ਅਪਣੀ ਇਸ ਮਸਤੀ ਭਰੀ ਉਮਰ ਦਾ, ਸਹੀ ਸੇਧ ਅਧੀਨ, ਸੰਜਮ ਵਿੱਚ ਰਹਿ ਕੇ, ਖੂਬ ਅਨੰਦ ਮਾਣੋਗੇ।
.