.

“ਤਹ ਜਨਮ ਨ ਮਰਣਾ ਆਵਣ ਜਾਣਾ, ਬਹੁੜਿ ਨ ਪਾਈਐ ਜਨੀਐ” (ਪੰ: 783)

ਜਨਮ ਮਰਣ ਦਾ ਝਮੇਲਾ?

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

“ਜੈਸੇ ਹਰਹਟ ਕੀ ਮਾਲਾ, ਟਿੰਡ ਲਗਤ ਹੈ, ਇੱਕ ਸਖਨੀ ਹੋਰ ਫੇਰ ਭਰੀਅਤ ਹੈ॥

ਤੈਸੋ ਹੀ ਇਹੁ ਖੇਲੁ ਖਸਮ ਕਾ, ਜਿਉ ਉਸ ਕੀ ਵਡਿਆਈ” (ਪੰ: 1329)

ਗੁਰਬਾਣੀ ਆਧਾਰ `ਤੇ ਜਨਮ-ਮਰਣ ਜਾਂ ਆਵਾਗਉਣ ਬਾਰੇ ਗੱਲ ਦਾ ਅਰੰਭ ਕਰਣ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਗੁਰਬਾਣੀ `ਚ ਜਨਮ-ਮਰਣ ਦੇ ਭਿੰਨ ਭਿੰਨ ਰੂਪ ਹਨ ਜਿਨ੍ਹਾਂ ਵਿਚੋਂ ਕੁੱਝ ਮੁੱਖ ਹਨ (੧) ਜੀਉਂਦੇ ਜੀਅ ਜੀਵਨ ਨੂੰ ਵਿਕਾਰਾਂ, ਮੋਹ ਮਾਇਆ ਵਲੋਂ ਮਾਰਨਾ ਤੇ ਜੀਵਨ ਮਨੋਰਥ ਲਈ ਸੁਚੇਤ ਰਹਿਣਾ, ਇਹ ਹੈ ਆਤਮਕ ਜੀਵਨ। ਜਦਕਿ ਗੁਰਬਾਣੀ `ਚ ਹੀ ਇਸ ਤੋਂ ਉਪਰ ਅਵਸਥਾ ਵੀ ਹੈ। ਉਹ ਹੈ ਜਿਉਂਦੇ ਜੀਅ ਆਤਮਕ ਤੌਰ `ਤੇ ਅਕਾਲਪੁਰਖ ਨਾਲ ਇੱਕ ਮਿਕ ਹੋ ਜਾਣਾ। ਇਥੇ ਪੁੱਜ ਕੇ ਮਨੁੱਖ ਪੂਰਣਤਾ ਹਉਮੈ, ਵਿਕਾਰ ਰਹਿਤ ਹੁੰਦਾ ਹੈ। ਉਸ ਦੇ ਜੀਵਨ ਦਾ ਨਿਖਾਰ ਹੀ ਉਸ ਲਈ ਸਬੂਤ ਹੁੰਦਾ ਹੈ ਕਿ ਉਹ ਸਰਬ ਉੱਤਮ ਅਵਸਥਾ ਨੂੰ ਪ੍ਰਾਪਤ ਹੋ ਚੁਕਾ ਹੈ। ਜਿਵੇਂ “ਅਬ ਤਉ ਜਾਇ ਚਢੇ ਸਿੰਘਾਸਨਿ, ਮਿਲੇ ਹੈ ਸਾਰਿੰਗਪਾਣੀ॥ ਰਾਮ ਕਬੀਰਾ ਏਕ ਭਏ ਹੈ, ਕੋਇ ਨ ਸਕੈ ਪਛਾਨੀ” (ਪੰ: ੯੬੯) ਜਾਂ “ਦੂਧੁ ਪੀਆਇ ਭਗਤ ਘਰਿ ਗਇਆ॥ ਨਾਮੇ ਹਰਿ ਕਾ ਦਰਸਨੁ ਭਇਆ” (ਪੰ: ੧੧੬੩) ਅਥਵਾ “ਧੰਨੈ ਧਨੁ ਪਾਇਆ ਧਰਣੀਧਰੁ ਮਿਲਿ ਜਨ ਸੰਤ ਸਮਾਨਿਆ” (ਪੰ: ੪੮੭)।

(੨) ਵਿਕਾਰਾਂ ਤੇ ਮੋਹ ਮਾਇਆ `ਚ ਡੁੱਬੇ ਰਹਿ ਕੇ ਜੀਵਨ ਨੂੰ ਬਤੀਤ ਕਰ ਦੇਣਾ, ਇਹ ਹੈ ਮਨੁੱਖ ਦੀ ਜੀਉਂਦੇ ਜੀਅ ਆਤਮਕ ਮੌਤ (੩) ਮਨੁੱਖਾ ਸਰੀਰ `ਚ ਹੁੰਦਿਆਂ ਵੱਖ ਵੱਖ ਸਮੇਂ, ਵੱਖ ਵੱਖ ਜੀਵਾਂ ਦੇ ਸੁਭਾਅ ਮੁਤਾਬਿਕ ਜੀਵਨ ਬਤੀਤ ਕਰਨਾ। ਜਿਵੇਂ ਜੂਨ ਤਾਂ ਮਨੁੱਖ ਦੀ ਹੈ, ਪਰ ਕਰਣੀ ਹੋਵੇ ਗਧੇ, ਬੈਲ, ਸੱਪ, ਕਛੁਏ, ਘੀਸ ਆਦਿ ਦੀ, ਇਹੀ ਹੈ ਜਿਉਂਦੇ ਜੀਅ ਜੂਨਾਂ ਭੋਗਣਾ। (੪) ਬਹੁਤੀ ਵਾਰੀ ਪ੍ਰਭੂ ਤੋਂ ਅਨਜਾਣ ਮਨੁੱਖ ਸੁਭਾਅ ਕਰਕੇ ਪਲ-ਪਲ ਪਲ ਦੇ ਡਰ-ਸਹਿਮ `ਚ ਹੀ ਰਹਿੰਦਾ ਹੈ; ਇਹ ਵੀ ਆਤਮਕ ਮੌਤ (ਆਵਾਗਉਣ) ਦਾ ਹੀ ਇੱਕ ਹੋਰ ਰੂਪ ਹੈ (੫) ਜੇ ਕਰਤਾਰ ਦੀ ਬਖਸ਼ਿਸ਼ ਹੋ ਜਾਵੇ ਤਾਂ “ਸਤਿਗੁਰ ਕੈ ਜਨਮੇ ਗਵਨੁ ਮਿਟਾਇਆ” (ਪੰ: ੯੪੦) ਭਾਵ ਸਦਾ ਥਿਰ ਗੁਰੂ-ਗੁਰਬਾਣੀ ਤੋਂ ਜੀਵਨ ਸੇਧ ਲੈ ਕੇ, ਪ੍ਰਭੂ ਬਖਸ਼ਿਸ਼ ਦਾ ਪਾਤ੍ਰ ਬਨਣਾ ਤੇ ਜੀਉਂਦੇ ਜੀਅ ਪ੍ਰਭੂ `ਚ ਅਭੇਦ ਹੋ ਜਾਣਾ, ਇਹੀ ਹੈ “ਸਫਲ ਸਫਲ ਭਈ ਸਫਲ ਜਾਤ੍ਰਾ॥ ਆਵਣ ਜਾਣ ਰਹੇ ਮਿਲੇ ਸਾਧਾ” (ਪੰ: ੬੮੭)। ਇਸੇ ਲਈ ਜੀਵਨਮੁਕਤ, ਸਚਿਆਰਾ ਆਦਿ ਨਾਮ ਵੀ ਵਰਤੇ ਹਨ। ਅਜੇਹਾ ਮਨੁੱਖ ਸਰੀਰ ਤਿਆਗਣ ਬਾਅਦ ਵੀ ਜਨਮ-ਮਰਣ `ਚ ਨਹੀਂ ਪੈਂਦਾ। (੬) “ਮਰਿ ਮਰਿ ਜੰਮਹਿ, ਫਿਰਿ ਫਿਰਿ ਆਵਹਿ, ਜਮ ਦਰਿ ਚੋਟਾ ਖਾਵਣਿਆ” (ਪੰ: 115) ਜਾਂ “ਏਊ ਜੀਅ ਬਹੁਤੁ ਗ੍ਰਭ ਵਾਸੇ॥ ਮੋਹ ਮਗਨ ਮੀਠ ਜੋਨਿ ਫਾਸੇ” (ਪੰ: 251) ਅਨੁਸਾਰ ਜਨਮ ਨੂੰ ਅਜ਼ਾਈ ਗੁਆ ਦੇਣਾ, ਅਸਫ਼ਲ ਕਰਕੇ ਫ਼ਿਰ ਤੋਂ ਜੂਨਾਂ `ਚ (ਗ੍ਰਭ ਵਾਸੇ) ਧੱਕੇ ਜਾਣਾ। ਜਨਮ-ਮਰਣ ਦੇ ਗੇੜ `ਚ ਪੈਣਾ। ਜਦਕਿ ‘ਗ੍ਰਭ ਵਾਸੇ’ ਦਾ ਅਰਥ ਗਰਭ ਧਾਰਣ ਕਰਣਾ ਹੀ ਰਵੇਗਾ, ਦੂਜਾ ਨਹੀਂ ਹੋ ਸਕਦਾ।

“ਜਨਮ ਮਰਣ ਦੁਖੁ ਕਟੀਐ” -ਸ਼ੱਕ ਨਹੀਂ, ਮੁੱਖ ਵਣਗੀਆਂ ਤੋਂ ਇਲਾਵਾ ਗੁਰਬਾਣੀ `ਚ ‘ਆਵਾਗਉਣ’ ਦਾ ਵਿਸ਼ਾ ਹੋਰ ਅਰਥਾਂ-ਰੂਪਾਂ `ਚ ਵੀ ਆਇਆ ਹੈ। ਪਰ ਹੱਥਲੇ ਗੁਰਮਤਿ ਪਾਠ ਦਾ ਪਹਿਲੇ ਪੰਜਾਂ ਪੱਖਾਂ ਨਾਲ ਵੀ ਸੰਬੰਧ ਨਹੀਂ। ਇਸ ਪਾਠ ਦਾ ਸੰਬੰਧ ‘ਅਸਫ਼ਲ ਜੀਵਨ’ ਕੇਵਲ ਛੇਵੇਂ ਪੱਖ ਨਾਲ ਹੀ ਹੈ ਜਿਥੇ ਮਨੁੱਖ, ਜਨਮ ਨੂੰ ਅਜ਼ਾਈ ਗੁਆ ਕੇ, ਫ਼ਿਰ ਤੋਂ ਜਨਮ-ਮਰਣ ਦੇ ਗੇੜ `ਚ ਫ਼ਸਦਾ ਹੈ। ਇਸ ਪਾਸੇ ਬਹੁਤਾ ਧਿਆਨ ਦੇਣ ਦੀ ਲੋੜ ਵੀ ਇਸ ਲਈ ਪਈ ਕਿ, ਅੱਜ ਸਾਡੇ ਬਹੁਤੇ ਵਿਦਵਾਨ ਜਦੋਂ ‘ਆਵਾਗਉਣ’ ਦੇ ਵਿਸ਼ੇ `ਤੇ ਗੱਲ ਕਰਦੇ ਹਨ ਤਾਂ ਇਸੇ ਪੱਖ ਤੋਂ ਹੀ ਖੁੰਜੇ ਨਜ਼ਰ ਆਉਂਦੇ ਹਨ। ਇਸ ਤਰ੍ਹਾਂ ਇਹ ‘ਅਸਫ਼ਲ ਜੀਵਨ’ ਹੀ ਹੈ ਜਿਸ ਦਾ ਨਤੀਜਾ, ਸਰੀਰ ਤਿਆਗਣ ਬਾਅਦ ਵੀ ਮਨੁੱਖ, ਮੁੜ-ਮੁੜ ਜੂਨਾਂ, ਜਨਮਾਂ ਦੇ ਗੇੜ `ਚ ਪੈਂਦਾ ਹੈ ਫ਼ਿਰ ਭਾਵੇਂ “ਮਾਟੀ ਏਕ ਅਨੇਕ ਭਾਂਤਿ ਕਰਿ ਸਾਜੀ ਸਾਜਨਹਾਰੈ” (ਪੰ: ੧੩੫੧) ਜੂਨੀ ਕੋਈ ਵੀ ਪ੍ਰਾਪਤ ਕਿਉਂ ਨਾ ਹੋਵੇ।

ਪਬਰ ਤੂੰ ਹਰੀਆਵਲਾ ਕਵਲਾ ਕੰਚਨ ਵੰਨਿ-ਇਸੇ ਅਸਫ਼ਲ ਜੀਵਨ ਦਾ ਹੀ ਦੂਜਾ ਪੱਖ ਹੈ ‘ਸਫ਼ਲ ਜੀਵਨ’ ਜਦੋਂ ਮਨੁੱਖ ਜੀਉਂਦੇ ਜੀਅ ਪ੍ਰਭੂ `ਚ ਅਭੇਦ ਹੋ ਜਾਂਦਾ ਹੈ, ਜੀਵਨ ਮੁਕਤ ਹੋ ਜਾਂਦਾ ਹੈ ਇਸਤਰ੍ਹਾਂ ਉਸ ਦਾ ਬਾਰ ਬਾਰ ਦਾ ਜਨਮ-ਮਰਣ ਵਾਲਾ ਗੇੜ ਵੀ ਮੁੱਕ ਜਾਂਦਾ ਹੈ। ਦਰਅਸਲ ਇਹ ਸਫ਼ਲ ਜੀਵਨ ਹੀ ਹੈ ਜਿਸ ਨੂੰ ਗੁਰਬਾਣੀ `ਚ ਮਨੁੱਖਾ ਜਨਮ ਦਾ ਮਨੋਰਥ ਦਸਿਆ ਹੈ। ਇਹ ਅਵਸਥਾ ਹੈ ਜਿੱਥੇ ਜਾ ਕੇ ਜੀਵਨ ਅੰਦਰੋਂ ਮੰਗਾਂ, ਤ੍ਰਿਸ਼ਨਾ, ਵਿਕਾਰ, ਭਟਕਣਾ, ਵਿਤਕਰੇ, ਹੇਰਾ-ਫ਼ਰੀਆਂ, ਠਗੀਆਂ, ਜ਼ੁਲਮ ਆਦਿ ਅਉਗਣ ਮੁੱਕ ਜਾਂਦੇ ਹਨ। ਮਨ ਦਾ ਟਿਕਾਅ, ਸਦੀਵੀ ਅਨੰਦ, ਖਿੜਾਉ ਤੇ ਸਹਿਜ ਅਵਸਥਾ ਆ ਜਾਂਦੀ ਹੈ। ਪਰਉਪਕਾਰ, ਉਚਾ ਆਚਰਣ, ਦਇਆ, ਸੰਤੋਖ, ਸਦਾਚਾਰ ਆਦਿ ਰੱਬੀ ਗੁਣ ਜੀਵਨ `ਚ ਪ੍ਰਵੇਸ਼ ਕਰ ਜਾਂਦੇ ਹਨ। ਗੁਰਬਾਣੀ `ਚ ਦਰਅਸਲ ਅਜੇਹੇ ਹੀ ਸਫ਼ਲ਼ ਜੀਵਨ ਦੀ ਪ੍ਰਾਪਤੀ ਲਈ ਵੱਧ ਤੋਂ ਵਧ ਪ੍ਰੇਰਣਾ ਹੈ। ਅਜੇਹੇ ਜੀਵਨ ਅੰਦਰੋਂ ਮੈ, ਹਉਮੈ ਦਾ ਵਿਨਾਸ ਹੋ ਜਾਂਦਾ ਹੈ। ਜੀਵਨ ਦੀ ਇਸ ਅਨੰਦ ਮਈ, ਮਾਨਸਿਕ ਟਿਕਾਅ ਤੇ ਸ਼ਾਂਤੀ ਵਾਲੀ ਅਵਸਥਾ `ਚ ਪੁੱਜ ਕੇ, ਫ਼ਿਰ ਤੋਂ ਜਨਮ-ਮਰਣ ਦੇ ਗੇੜ ਵਾਲੀ ਗੱਲ ਰਹਿੰਦੀ ਹੀ ਨਹੀਂ। ਇਹੀ ਹੈ ਮਨੁੱਖਾ ਜੂਨ ਦੀ ਅਵਸਥਾ ਜਿਸ ਨੂੰ ਮਨੁੱਖ ਨੇ ਜੀਉਂਦੇ ਜੀਅ ਹਾਸਲ ਕਰਣਾ ਹੁੰਦਾ ਹੈ। ਜੀਵਨ ਦੀ ਇਸੇ ਪ੍ਰਾਪਤੀ ਨੂੰ ਹੀ ਗੁਰਬਾਣੀ `ਚ “ਨਾਨਕ ਸਚੁ ਧਿਆਇਨਿ ਸਚੁ” ਅਤੇ ਇਸੇ ਦੇ ਉਲਟ ਅਸਫ਼ਲ ਭਾਵ ਕਚੇ ਜੀਵਨ ਲਈ “ਜੋ ਮਰਿ ਜੰਮੇ ਸੁ ਕਚੁ ਨਿਕਚੁ” (ਪੰ: ੪੬੩) ਵੀ ਕਿਹਾ ਹੈ। ਇਹੀ ਹੈ “ਤੇਰੈ ਨਾਇ ਰਤੇ ਸੇ ਜਿਣਿ ਗਏ” ਅਤੇ ਉਸੇ ਦਾ ਅਸਫ਼ਲ ਪੱਖ “ਹਾਰਿ ਗਏ ਸਿ ਠਗਣ ਵਾਲਿਆ” (ਪੰ: ੪੬੩)

ਇਸ ਸਫ਼ਲ ਤੇ ਅਸਫ਼ਲ ਜੀਵਨ ਵਾਲੇ ਵਿਸ਼ੇ ਨੂੰ, ਇਸ ਤਰ੍ਹਾਂ ਵੀ ਲੈਣਾ ਚਾਹਾਂਗੇ “ਪਬਰ ਤੂੰ ਹਰੀਆਵਲਾ ਕਵਲਾ ਕੰਚਨ ਵੰਨਿ॥ ਕੈ ਦੋਖੜੈ ਸੜਿਓਹਿ ਕਾਲੀ ਹੋਈਆ ਦੇਹੁਰੀ ਨਾਨਕ ਮੈ ਤਨਿ ਭੰਗੁ॥ ਜਾਣਾ ਪਾਣੀ ਨਾ ਲਹਾਂ ਜੈ ਸੇਤੀ ਮੇਰਾ ਸੰਗੁ॥ ਜਿਤੁ ਡਿਠੈ ਤਨੁ ਪਰਫੁੜੈ ਚੜੈ ਚਵਗਣਿ ਵੰਨੁ” (ਪੰ: 1412) ਭਾਵ, ਗੁਰੂ ਨਾਨਕ ਪਾਤਸ਼ਾਹ ਮਾਨੋ ਸਰੋਵਰ ਨੂੰ ਸੁਆਲ ਕਰਦੇ ਹਨ “ਐ ਸਰੋਵਰ! ਤੂੰ ਤਾਂ ਚੁਫੇਰੇ ਹਰਾ-ਭਰਾ ਭਾਵ ਸਾਫ਼ ਸੁਥਰਾ ਸੀ, ਤੇਰੇ ਅੰਦਰ ਤਾਂ ਸੋਨੇ ਵਾਂਙ ਚਮਕਦੇ ਕੌਲ-ਫੁੱਲ ਖਿੜੇ ਹੋਏ ਸਨ। ਹੁਣ ਤੂੰ ਕਿਸ ਕਾਰਨ ਸੜ ਗਿਆ ਹੈਂ? ਤੇਰਾ ਸੋਹਣਾ ਸਰੀਰ, ਕਾਲਾ ਕਿਉਂ ਹੋ ਗਿਆ ਹੈ? (ਉਪ੍ਰੰਤ ਪਾਤਸ਼ਾਹ ਖੁਦ ਹੀ, ਸਰੋਵਰ ਦੀ ਬਦਤਰ ਹੋ ਚੁਕੀ ਹਾਲਤ ਨੂੰ ਸਰੋਵਰ ਵਲੋਂ ਬਿਆਨਦੇ ਹਨ) “ਪਾਤਸ਼ਾਹ! ਇਸ ਕਾਲਖ ਦਾ ਕਾਰਨ ਹੈ, ਮੇਰੇ ਸਰੀਰ `ਚ ਚਲਦੇ ਪਾਣੀ ਦੀ ਘਾਟ ਦਾ ਆ ਜਾਣਾ। ਮੈਨੂੰ ਸਮਝ ਆ ਰਹੀ ਹੈ ਕਿ ਜਿਸ ਪਾਣੀ ਨਾਲ ਮੇਰਾ ਸਦਾ ਦਾ ਸਾਥ ਸੀ। ਜਿਸ ਦੇ ਦਰਸ਼ਨਾਂ (ਸਦਾ ਬਹਾਵ) ਕਾਰਨ ਮੇਰਾ ਸਰੀਰ ਖਿੜਿਆ ਰਹਿੰਦਾ ਸੀ, ਮੈਨੂੰ ਚੌਗੁਣਾਂ ਰੰਗ ਚੜ੍ਹਿਆ ਰਹਿੰਦਾ ਸੀ, ਉਹ ਪਾਣੀ ਹੁਣ ਮੈਨੂੰ ਨਹੀਂ ਮਿਲ ਰਿਹਾ”

ਠੀਕ ਇਸੇ ਤਰ੍ਹਾਂ ਮਨੁੱਖ ਦੀ ਹਾਲਤ ਹੈ ਜਦੋਂ ਇਸ ਦਾ ਜੀਵਨ ਇਸ ਦੇ ਸੋਮੇ ਅਕਾਲਪੁਰਖ ਨਾਲ ਜੁੜ ਜਾਂਦਾ ਹੈ ਤਾਂ ਇਸ ਅੰਦਰ ਇਲਾਹੀ ਗੁਣ ਆਉਂਦੇ ਹਨ। ਪਰ ਪ੍ਰਭੂ ਤੋਂ ਟੁੱਟ ਕੇ ਮੋਹ-ਮਾਇਆ `ਚ ਫਸ ਜਾਂਦਾ ਹੈ ਤਾਂ ਇਸ ਅੰਦਰ ਤ੍ਰਿਸ਼ਨਾ, ਭਟਕਣਾ, ਹਉਮੈ, ਵਿਕਾਰ ਅਦਿ ਅਉਗਣ ਭਰ ਜਾਂਦੇ ਹਨ। ਇਸ ਤਰ੍ਹਾਂ ਅਉਗਣਾਂ ਵਿਕਾਰਾਂ ਨਾਲ ਭਰਿਆ ਜੀਵਨ ਹੀ ਪ੍ਰਭੂ ਤੋਂ ਦੂਰੀ ਦਾ ਕਾਰਨ ਬਣਦਾ ਹੈ। ਇਹੀ ਹੈ ਅਸਫ਼ਲ ਜੀਵਨ ਤੇ ਗੁਰਬਾਣੀ `ਚ ਜਿਸ ਲਈ ਇੱਕ ਨਹੀਂ ਹਜ਼ਾਰਾਂ ਵਾਰੀ, ਸਰੀਰਕ ਮੌਤ ਬਾਅਦ “ਏਊ ਜੀਅ ਬਹੁਤੁ ਗ੍ਰਭ ਵਾਸੇ” ਭਾਵ ਜੂਨਾਂ ਦਾ ਕਾਰਨ ਵੀ ਦਸਿਆ ਹੈ।

“ਵਿਚਿ ਦੁਨੀਆ ਕਾਹੇ ਆਇਆ” -ਸਫ਼ਲ ਜੀਵਨ ਦਾ ਹੀ ਦੂਜਾ ਪੱਖ ਹੈ ਅਸਫ਼ਲ ਜੀਵਨ, ਵੱਖਰੀ ਚੀਜ਼ ਨਹੀਂ। ਬਹੁਤਾ ਕਰਕੇ ਇਸੇ ਦੀ ਗੱਲ ਇਸ ਗੁਰਮਤਿ ਪਾਠ `ਚ ਕਰ ਰਹੇ ਹਾਂ। ਦਰਅਸਲ ਅਜੇਹੇ ਜੀਵਨ ਤੋਂ ਬਚਣ ਲਈ ਹੀ ਗੁਰਬਾਣੀ `ਚ ਬਾਰ ਬਾਰ ਪ੍ਰੇਰਣਾ ਹੈ। ਜਿਵੇਂ “ਮੂਰਖ ਸਚੁ ਨ ਜਾਣਨੀੑ, ਮਨਮੁਖੀ ਜਨਮੁ ਗਵਾਇਆ॥ ਵਿਚਿ ਦੁਨੀਆ ਕਾਹੇ ਆਇਆ” (ਪੰ: 467) ਭਾਵ ਅਗਿਆਣਤਾ ਵੱਸ ਜਨਮ ਨੂੰ ਅਜ਼ਾਈ ਗੁਆ ਦਿੱਤਾ, ਜਿਸ ਤੋਂ ਮਨੁੱਖ ਦਾ ਜਨਮ ਲੈਣਾ ਨਾ ਲੈਣਾ ਬਰਾਬਰ ਹੋ ਕੇ ਰਹਿ ਗਿਆ। ਇਸ ਲਈ ਜੇਕਰ ਸਾਡੇ ਸੰਬੰਧਤ ਵਿਦਵਾਨ, ਆਪਣੇ ਸਰੀਰ ਦੀ ਸੀਮਾ ਤੋਂ ਥੋਹੜਾ ਉੱਤੇ ਉਠ ਕੇ ਗੁਰਬਾਣੀ ਸਿਧਾਂਤ “ਜੋ ਬ੍ਰਹਮੰਡੇ, ਸੋਈ ਪਿੰਡੇ, ਜੋ ਖੋਜੈ ਸੋ ਪਾਵੈ’ (ਪੰ: ੩੯੫) ਦੇ ਆਧਾਰ `ਤੇ ਹੀ ਮਨੁੱਖਾ ਸਰੀਰ ਦੀ ਪਹਿਚਾਣ ਕਰ ਲੈਣ ਤਾਂ ਵੀ ਉਹਨਾਂ ਨੂੰ ਗੁਰਮਤਿ ਪੱਖੋਂ ਜੂਨਾ ਵਾਲੀ ਗੱਲ ਸਮਝਦੇ ਦੇਰ ਨਹੀਂ ਲਗੇਗੀ। ਇਸ ਲਈ ਮੁੜ ਮੁੜ ਜੂਨਾ ਵਾਲੀ ਸਚਾਈ ਨੂੰ ਸਮਝਣ ਲਈ ਮੁੱਖ ਰਸਤਾ ਹੈ ਗੁਰਬਾਣੀ ਚੋਂ “ਅਸਫ਼ਲ ਜੀਵਨ’ ਨੂੰ ਸਮਝਣਾ ਤੇ ਪਹਿਚਾਨਣਾ। ਬਲਕਿ ਸਾਡਾ ਇਹ ਵਹਿਮ ਵੀ ਮੁੱਕ ਜਾਵੇਗਾ ਕਿ ਜਿਵੇਂ ਮਰਜ਼ੀ ਅਸੀਂ ਆਪਣੇ ਜੀਵਨ ਨੂੰ ਧੱਕੇ ਦੇਵੀਏ, ਸਾਡੇ ਸਰੀਰ ਦੀ ਖੇਡ ਤਾਂ ਇਥੋਂ ਤੀਕ ਹੀ ਹੈ, ਨਾ ਅਗੇ ਨਾ ਪਿਛੇ ਜਾਂ ਇਹ ਸਮਝ ਲਈਏ ਕਿ ਹੁਣ ਅਸੀਂ ‘ਸਫ਼ਲ ਜੀਵਨ’ ਹੋ ਹੀ ਗਏ ਹਾਂ।

ਇਸ ਦਾ ਵੱਡਾ ਲਾਭ ਹੋਵੇਗਾ ਕਿ ਗੁਰਬਾਣੀ ਅਨੁਸਾਰ ਸਫ਼ਲ ਜੀਵਨ, ਵਡਭਾਗੀ ਮਨੁੱਖ ਤੇ ਪ੍ਰਭੂ ਦੇ ਨਿਰਮਲ ਭਉ ਆਦਿ ਵਾਲੇ ਵਿਸ਼ੇ ਵੀ ਉਘੜ ਆਉਣਗੇ। ਹੋਰ ਲਾਭ ਹੋਵੇਗਾ ਕਿ “ਜਨਮ ਮਰਣ ਦੁਖੁ ਕਟੀਐ ਪਿਆਰੇ, ‘ਜਬ’ ਭੇਟੈ ਹਰਿ ਰਾਇ” (ਪੰ: ੪੩੧) `ਚੋਂ ‘ਜਬ’ ਵਾਲੀ ਸ਼ਰਤ ਪੂਰੀ ਕਰਣ ਲਈ ਵੀ ਸੁਚੇਤ ਹੋ ਜਾਵਾਂਗੇ। ਇਸ ਤਰ੍ਹਾਂ ਪ੍ਰਭੂ ਦੀ ਵਿਸ਼ੇਸ਼ ਬਖਸ਼ਿਸ਼ “ਭਈ ਪਰਾਪਤਿ ਮਾਨੁਖ ਦੇਹੁਰੀਆ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ” (ਪੰ: ੧੨) ਕੇਵਲ ਸਾਡੇ ਗਾਇਣ ਤੀਕ ਹੀ ਨਹੀਂ ਰਵੇਗੀ ਬਲਕਿ ਸਾਡੇ ਜੀਵਨ ਦਾ ਮਨੋਰਥ ਹੋਵੇਗਾ ਜਿਸ ਤੋਂ “ਵਿਚਿ ਦੁਨੀਆ ਕਾਹੇ ਆਇਆ” ਵਾਲਾ ਉਲ੍ਹਾਮਾ ਵੀ ਸਾਡੇ `ਤੇ ਲਾਗੂ ਨਹੀਂ ਹੋਵੇਗਾ।

ਇਸ ਲਈ ਜੇ ਕੁੱਝ ਲਫ਼ਜ਼ਾਂ `ਚ ਹੀ ਗੁਰਮਤਿ ਵਿਚਲੇ ਇਸ ‘ਜਨਮ ਮਰਣ ਵਾਲੇ ਝਮੇਲੇ’ ਨੂੰ ਸਮਝਣਾ ਜਾਂ ਕਹਿਣਾ ਹੋਵੇ ਤਾਂ ਕਹਿਣਾ ਪਵੇਗਾ ਕਿ, ਅੱਜ ਪੰਥ ਨੂੰ ਇੱਕ ਬਹੁਤ ਵੱਡਾ ਖੱਤਰਾ ਹੈ, ਤੇ ਇਹ ਖਤਰਾ ਹੈ ਇੱਕ ‘ਫ਼ਨੀਅਰ ਸੱਪ’ ਤੋਂ, ਜੋ ਦਿਨ ਦੀਵੀਂ ਕੌਮ ਨੂੰ ਡੱਸ ਰਿਹਾ ਹੈ। ਚੂੰਕਿ ਸਿੱਖ ਧਰਮ ਦਾ ਜਨਮ ਹੀ ਬ੍ਰਾਹਮਣੀ ਵਾਤਾਵਰਣ `ਚ ਹੋਇਆ ਹੈ। ਇਸ ਲਈ ਇਥੇ, ਇਸ ਪੱਖੋਂ ਇੱਕ ਪਾਸੇ ਤਾਂ ਹੈ ਵੈਦਿਕ ਅਥਵਾ ਬ੍ਰਾਹਮਣ ਮੱਤ ਰਾਹੀਂ ਪ੍ਰਗਟ ‘ਜਨਮ ਮਰਣ’ ਤੇ ਆਵਾਗਉਣ ਵਾਲਾ ਸਿਧਾਂਤ; ਜਿਸ ਬਾਰੇ ਜੇ ਕਿਹਾ ਜਾਵੇ ਕਿ ਗੁਰਮਤਿ ਨੇ ਜਿਸ ਨੂੰ ਸੌ ਪ੍ਰਤੀਸ਼ਤ (100%) ਹੀ ਨਹੀਂ ਬਲਕਿ ਦੋ ਸੌ ਪ੍ਰਤੀਸ਼ਤ (200%) ਨਕਾਰਿਆ ਹੈ ਤਾਂ ਵੀ ਗ਼ਲਤ ਨਹੀਂ ਹੋਵੇਗਾ। ਉਂਝ ਇਸਦਾ ਮੁੱਖ ਫ਼ਰਕ ਵੀ ਗੁਰਮਤਿ ਪਾਠ ੧੫੫ “ਜਨਮ ਮਰਣ ਨਿਵਾਰਿ ਲੇਹੁ” `ਚ ਦੇ ਚੁਕੇ ਹਾਂ, ਇਥੇ ਲੋੜ ਨਹੀਂ। ਦੂਜੇ ਪਾਸੇ ਹੈ ਗੁਰਮਤਿ ਵਲੋਂ ਪ੍ਰਗਟ ‘ਜਨਮ ਮਰਣ ਦਾ ਸਿਧਾਂਤ’, ਜੋ ਬਿਲਕੁਲ ਨਿਵੇਕਲਾ ਤੇ ਦਲੀਲ ਭਰਪੂਰ ਹੈ। ਉਪ੍ਰੰਤ ਇਸ ਦੀ ਸਮਝ ਵੀ ਨਿਰੋਲ ਗੁਰਬਾਣੀ ਤੋਂ ਹੀ ਮਿਲੇਗੀ ਬਾਹਰੋਂ ਕਿਧਰੋਂ ਨਹੀਂ। ਕਹਿਣਾ ਪਵੇਗਾ, ‘ਜਨਮ ਮਰਣ’ ਬਾਰੇ ਗੁਰਮਤਿ ਦੀ ਨਿਵੇਕਲੀ ਵਿਚਾਰਧਾਰਾ ਨੂੰ ਸਮਝਣ ਲਈ ਕੇਵਲ ਬ੍ਰਾਹਮਣੀ ਹੀ ਨਹੀਂ ਬਲਕਿ ਇਸ ਬਾਰੇ ਸੰਸਾਰ ਭਰ ਦੀਆਂ ਵਿਚਾਰਧਾਰਾਵਾਂ ਤੋਂ ਹੱਟ ਕੇ ਸਮਝਣ ਦੀ ਲੋੜ ਹੈ, ਨਹੀਂ ਤਾਂ ਭੰਵਰ `ਚ ਫ਼ਸੇ ਰਹਿ ਜਾਂਵਾਂਗੇ। ਨਾ ਹੀ ਇਸ ਬਾਰੇ ਗੁਰਬਾਣੀ ਦਾ ਸੱਚ ਸਾਡੀ ਸਮਝ `ਚ ਆਵੇਗਾ ਤੇ ਨਾ ਇਹ ਸਿਧਾਂਤ ਕਿਧਰੇ ਹੋਰ ਮੇਲ ਖਾਵੇਗਾ।

ਬ੍ਰਾਹਮਣੀ ਫ਼ੋਬੀਆ- ‘ਜਨਮ ਮਰਣ ਦੇ ਗੇੜ੍ਹ’ ਲਈ ਇੱਕ ਪਾਸੇ ਤਾਂ ਹੈ ਗੁਰਬਾਣੀ ਵਿਚਾਰਧਾਰਾ ਤੋਂ ਬਹੁਤ ਦੂਰ ਕੀਤੀ ਜਾ ਚੁੱਕੀ, ਸਿੱਖ ਸੰਗਤ। ਜਿਸ ਨੂੰ ਬਾਬਾ ਬੰਦਾ ਸਿੰਘ ਜੀ ਦੀ ਸ਼ਹਾਦਤ (ਸੰਨ1716) ਤੋਂ ਬਾਅਦ ਅੱਜ ਤੀਕ ਲਗਾਤਾਰ ਬ੍ਰਾਹਮਣੀ ਖੀਰ ਸਮੁੰਦਰ `ਚ ਧੱਕਣ ਲਈ ਅਨੇਕਾਂ ਵਿਰੋਧੀ ਹਮਲੇ ਹੋ ਚੁਕੇ ਹਨ, ਅਨੇਕਾਂ ਸਾਜ਼ਿਸ਼ਾਂ ਹੋਈਆਂ ਤੇ ਅੱਜ ਤੀਕ ਜਾਰੀ ਵੀ ਹਨ। ਦੂਜੇ ਹਨ, ਸਾਡੇ ਆਪਣੇ ਹੀ ਸਤਿਕਾਰਜੋਗ ਕੁੱਝ ਗੁਰਮਤਿ ਪੱਖੋਂ ਸੋਝੀਵਾਨ ਵਿਦਵਾਨ, ਜਿਨ੍ਹਾਂ ਨੂੰ ਸ਼ਾਇਦ ਇਤਨਾ ਵੱਧ ਬ੍ਰਾਹਮਣੀ ਫੋਬੀਆ ਹੋਇਆ ਪਿਆ ਹੈ, ਕਿ ਅਕਾਲਪੁਰਖ ਹੀ ਮੇਹਰ ਕਰੇ। ਇਹ ਸੱਜਨ ਬ੍ਰਾਹਮਣੀ ਪ੍ਰਭਾਵ ਤੋਂ ਡਰਦੇ ਡਰਦੇ, ਅਣਜਾਣੇ ਹੀ ਇਸ ਪੱਖੋਂ ਗੁਰਮਤਿ ਦੀ ਵੀ ਪਹਿਚਾਣ ਨਹੀਂ ਕਰ ਪਾ ਰਹੇ। ਉਹ ਤਾਂ ਸ਼ਾਇਦ ਬ੍ਰਾਹਮਣ ਤੋਂ ਹੀ ਇਤਨੇ ਵੱਧ ਡਰੇ ਹੋਏ ਹਨ ਕਿ ਬਹੁਤੀ ਵਾਰੀ ਤਾਂ ਗੁਰਬਾਣੀ ਅਰਥਾਂ ਨੂੰ ਵੀ ਤੋੜ-ਮਰੋੜ ਤੇ ਬਦੋ ਬਦੀ ਦੇ ਅਰਥ ਕਰਣ ਤੀਕ ਪੁੱਜ ਜਾਂਦੇ ਹਨ। ਅਜੇਹੇ ਵਿਦਵਾਨਾਂ ਦੇ ਚਰਣਾਂ `ਚ ਸਨਿਮ੍ਰ ਬੇਨਤੀ ਹੈ ਵੀਰੋ ਜਾਗੋ! ਜਾਗੋ! ਨਹੀਂ ਤਾਂ ਕਿਧਰੇ ਅਸੀਂ ਖੁਦ “ਜਿਨਿ ਗੁਰੁ ਗੋਪਿਆ ਆਪਣਾ, ਤਿਸੁ ਠਉਰ ਨ ਠਾਉ॥ ਹਲਤੁ ਪਲਤੁ ਦੋਵੈ ਗਏ, ਦਰਗਹ ਨਾਹੀ ਥਾਉ” (ਪੰ: ੩੧੪) ਜਾਂ “ਜਿਨਾ ਗੁਰੁ ਗੋਪਿਆ ਆਪਣਾ, ਤੇ ਨਰ ਬੁਰਿਆਰੀ॥ ਹਰਿ ਜੀਉ ਤਿਨ ਕਾ ਦਰਸਨੁ ਨਾ ਕਰਹੁ, ਪਾਪਿਸਟ ਹਤਿਆਰੀ” (ਪੰ: ੮੫੧) ਦੇ ਭਾਗੀ ਹੀ ਨਾ ਬਣ ਕੇ ਰਹਿ ਜਾਵੀਏ। ਜਿਸ ਤੋਂ, ਸਿਦਕ ਦਿਲੀ ਨਾਲ ਗੁਰੂ ਦੇ ਬਨਣਾ ਚਾਹੁੰਦੇ ਹੋਏ ਵੀ, ਗੁਰੂ ਦੇ ਹੀ ਦੇਣਦਾਰ ਬਣ ਜਾਵੀਏ।

ਅਜੇਹਾ ਨਾ ਹੋ ਜਾਵੇ ਕਿ ਵਿਰੋਧੀਆਂ ਤੋਂ ਸੰਭਲਦੇ ਸੰਭਲਦੇ, ਆਪਣਾ ਹੀ ਘਰ ਕੁੱਲਾ ਲੁਟਾ ਬੈਠੀਏ। ਇਸ ਪੱਖੋਂ ਸਾਡਾ ਜਿਹੜਾ ਨੁਕਸਾਨ, ਵਿਰੋਧੀਆਂ ਦੇ ਚਿੱਤ ਚੇਤੇ ਵੀ ਨਾ ਹੋਵੇ ਉਹ ਨੁਕਸਾਨ ਕਰਣ ਦੇ ਜ਼ਿਮੇਂਵਾਰ ਅਸੀਂ ਆਪ ਬਣ ਜਾਵੀਏ। ਇਥੇ ਫ਼ਿਰ ਦੌਰਾਨਾ ਚਾਹੁੰਦੇ ਹਾਂ ਕਿ, ਗੁਰਮਤਿ `ਚ ‘ਜਨਮ ਮਰਣ’ ਦਾ ਸਿਧਾਂਤ ਤਾਂ ਹੈ ਪਰ ਉਸ ਦੀ ਸਮਝ ਵੀ ਕੇਵਲ ਤੇ ਕੇਵਲ ਗੁਰਬਾਣੀ ਚੋਂ ਹੀ ਆਵੇਗੀ, ਬਾਹਰੋਂ ਕਿਧਰੋਂ ਨਹੀਂ। ਕਿਉਂਕਿ ਗੁਰਬਾਣੀ ਅਨੁਸਾਰ “ਜਨਮ ਮਰਣ ਦਾ ਸਿਧਾਂਤ” ਬਿਲਕੁਲ ਨਿਵੇਕਲਾ ਹੈ, ਜਿੱਥੇ ਬ੍ਰਾਹਮਣ ਤਾਂ ਕੀ, ਕਿਸੇ ਵੀ ਵਿਚਾਰਧਾਰਾ ਦੀ ਪਹੁੰਚ ਹੈ ਹੀ ਨਹੀਂ। ਲੋੜ ਹੈ, ਪਹਿਲਾਂ ਇਸ ਨੂੰ ਆਪ ਸਮਝੀਏ ਫ਼ਿਰ ਨਿਰੋਲ ਗੁਰਮਤਿ ਪੱਖੋਂ ਇਸ ਤੋਂ ਗੁਰੂ ਕੀਆਂ ਸੰਗਤਾਂ ਨੂੰ ਜਾਣੂ ਕਰਵਾਈਏ ਤਾਕਿ ਉਹ ਬ੍ਰਾਹਮਣੀ ਤੇ ਅਨਮਤੀ ਪ੍ਰਭਾਵਾਂ ਤੋਂ ਬਚ ਸਕਣ।

“ਬੰਦੇ ਖੋਜੁ ਦਿਲ ਹਰ ਰੋਜ, ਨਾ ਫਿਰੁ ਪਰੇਸਾਨੀ ਮਾਹਿ” - (ਪੰ: ੭੨੭) ਗੁਰਮਤਿ ਪਖੋਂ ‘ਜਨਮ ਮਰਣ’ ਦੇ ਸਿਧਾਂਤ ਨੂੰ ਸਮਝਣ ਲਈ ਸਭ ਤੋਂ ਆਸਾਨ ਤਰੀਕਾ ਹੈ ਗੁਰਬਾਣੀ `ਚੋਂ ‘ਮਨੁੱਖੀ ਮਨ’ ਦੀ ਪਹਿਚਾਣ ਕਰਨੀ। ਪ੍ਰਭੂ ਬਖਸ਼ੇ ਇਸ ‘ਮਨ’ ਦੀ ‘ਯੋਗ-ਅਯੋਗ’ ਵਰਤੋਂ ਤੇ ‘ਮਨੁਖੀ ਮਨ ਦੀ ਹੋਂਦ’ ਦੇ ਮੂਲ਼ ਨੂੰ ਪਹਿਚਾਨਣਾ। ਇਸ ਤਰ੍ਹਾਂ ਇਸੇ ਤੋਂ ਅਗੇ ਵੱਧ ਕੇ ਆਪਣੇ ਸਰੀਰ ਨੂੰ “ਜੋ ਬ੍ਰਹਮੰਡੇ ਸੋਈ ਪਿੰਡੇ” ਦੇ ਦਾਇਰੇ `ਚ ਸਮਝਣਾ। ਕਿਉਂਕਿ “ਪਵਨੈ ਮਹਿ ਪਵਨੁ ਸਮਾਇਆ॥ ਜੋਤੀ ਮਹਿ ਜੋਤਿ ਰਲਿ ਜਾਇਆ॥ ਮਾਟੀ ਮਾਟੀ ਹੋਈ ਏਕ” (ਪੰ: ੮੮੫) ਅਨੁਸਾਰ ਸਾਡਾ ਸਰੀਰ ਹੋਵੇ ਜਾਂ ਸੰਪੂਰਣ ਰਚਨਾ। ਜਿਵੇਂ ਸਾਡੀ ਸਰੀਰਕ ਮੌਤ ਤੋਂ ਬਾਅਦ, ਪ੍ਰਭੂ ਦੀ ਜੋਤ, ਜੋਤ `ਚ ਰਲ ਜਾਂਦੀ ਹੈ ਤੇ ਹਵਾ, ਮਿਟੀ ਆਦਿ ਤੱਤ, ਤੱਤਾਂ `ਚ ਮਿਲ ਜਾਂਦੇ ਹਨ। ਇਹੀ ਰੱਬੀ ਨਿਯਮ ਸਾਰੀ ਰਚਨਾ `ਤੇ ਵੀ ਉਸੇ ਤਰ੍ਹਾਂ ਹੀ ਲਾਗੂ ਹੁੰਦਾ ਹੈ। ਬਲਕਿ ਸੰਪੂਰਣ ਰਚਨਾ ਪੱਧਰ `ਤੇ ਤਾਂ ਜੋਤ, ਚੇਤਨਾ ਸ਼ਕਤੀ ਜਾਂ ਪ੍ਰਭੂ ਦੀ ਹੋਦ ਹੀ ਰਹਿ ਜਾਂਦੀ ਹੈ। ਉਥੇ ਤਾਂ “ਦੁਯੀ ਕੁਦਰਤਿ ਸਾਜੀਐ” ਅਨੁਸਾਰ ਰਚਨਾ ਵਾਲੇ ਪੰਜ ਤੱਤਾਂ ਦੀ ਹੋਂਦ ਵੀ ਮੁੱਕ ਜਾਂਦੀ ਹੈ। ਉਥੇ ਤਾਂ “ਤਿਸੁ ਭਾਵੈ ਤਾ ਕਰੇ ਬਿਸਥਾਰੁ॥ ਤਿਸੁ ਭਾਵੈ ਤਾ ਏਕੰਕਾਰੁ” (ਪੰ: ੨੯੪) ਵਾਲਾ ਨਿਯਮ ਲਾਗੂ ਹੁੰਦਾ ਹੈ। ਇਸ ਤਰ੍ਹਾਂ ਬਾਕੀ ਰਹਿ ਜਾਂਦਾ ਹੈ “ਆਦਿ ਸਚੁ ……. ਹੋਸੀ ਭੀ ਸਚੁ” ਜਿਸ ਨੂੰ ਗੁਰਬਾਣੀ ਅਨੁਸਾਰ ਪ੍ਰਭੂ ਦੀ “ਸੁੰਨ” ਅਵਸਥਾ ਵੀ ਕਿਹਾ ਹੈ। ਜਦਕਿ ਮਨੁੱਖ ਬਾਰੇ ਤਾਂ ਇੱਕ ਗੱਲ ਹੋਰ ਵੀ ਹੈ ਤੇ ਉਹ ਹੈ ਮਨੁੱਖੀ ‘ਮਨ’, ਭਾਵ ਮਨੁੱਖ ਦੀ ਅੱਡਰੀ ਹੋਂਦ ਜੋ ਜਿਉਂਦੇ ਜੀਅ ‘ਪਬਰ’ ਜੋ ਕਿ “ਹਰੀਆਵਲਾ, ਕਵਲਾ ਕੰਚਨ ਵੰਨਿ” ਤਾਂ ਸੀ ਪਰ “ਜਾਣਾ ਪਾਣੀ ਨਾ ਲਹਾਂ ਜੈ ਸੇਤੀ ਮੇਰਾ ਸੰਗੁ” (ਪੰ: 1412) ਵਾਂਙ ਪ੍ਰਭੂ ਨੂੰ ਵਿਸਾਰਣ ਕਾਰਨ ਵਿਥ ਬਣ ਜਾਂਦੀ ਹੈ। ਇਸ ਤਰ੍ਹਾਂ ਮਨੁੱਖ ਦਾ ‘ਮਨ’ ਹੀ ਇਸ ਦੇ ਲਈ ਹੋਰ ਹੋਰ ਜੂਨਾਂ ਤੇ ਜਨਮ ਮਰਣ ਦਾ ਕਾਰਨ ਬਣਦਾ ਹੈ। ਫ਼ਿਰ ਵੀ ਚੇਤੇ ਰਹੇ ਕਿ ਇਹ ‘ਮਨੁੱਖੀ ਮਨ’ ਅਥਵਾ ‘ਸੰਸਕਾਰਾਂ ਦਾ ਸਮੂਹ’ ਵੀ “ਬ੍ਰਾਹਮਣੀ ਸੂਖਮ ਸਰੀਰ ਨਹੀਂ” ਬਲਕਿ ਉਸ ਤੋਂ ਨਿਰੋਲ ਵੱਖਰਾ ਵਿਸ਼ਾ ਹੈ। ਇਸ ਤਰ੍ਹਾਂ ਗੁਰਬਾਣੀ ਆਧਾਰ `ਤੇ ਜਨਮ ਮਰਣ ਦੇ ਝਮੇਲੇ ਨੂੰ ਸਮਝਣ ਲਈ ਸਾਨੂੰ ਪਹਿਲਾਂ ‘ਮਨ’ ਦੇ ਆਧਾਰ `ਤੇ ਅਸਫ਼ਲ ਜੀਵਨ ਦੀ ਪਹਿਚਾਣ ਕਰਣੀ ਜ਼ਰੂਰੀ ਹੈ। ਉਪ੍ਰੰਤ ਅਸਫ਼ਲ ਜੀਵਨ ਦਾ ਅਗਲਾ ਸਿਰਾ ਢੂੰਡਣਾ ਹੈ ਕਿ ਗੁਰਬਾਣੀ ਅਨੁਸਾਰ ਇਹ ਜਾ ਕਿਥੇ ਰਿਹਾ ਹੈ। ਗੁਰਬਾਣੀ ਵਿਚਲੇ ਮਨਮੁਖ-ਗੁਰਮੁਖ ਦੇ ਵਖ੍ਰੇਵੇਂ ਨੂੰ ਸਮਝਣਾ ਤੇ ਦੇਖਣਾ ਹੈ ਕਿ ਗੁਰਦੇਵ ਨੇ ਮਨਮੁਖ ਲਈ ਇੰਨੀ ਸਖ਼ਤ ਸ਼ਬਦਾਵਲੀ ਵਰਤੀ ਹੈ ਤਾਂ ਉਸ ਦਾ ਆਧਾਰ ਕੀ ਹੈ? ਸਾਰੀ ਗੱਲ ਸਮਝ `ਚ ਆ ਜਾਵੇਗੀ।

ਨਹੀਂ ਤਾਂ ਹੁਣ ਤੀਕ ਇਸ ਪੱਖੋਂ ਸਾਡੇ ਵਿਦਵਾਨ ਜਿਹੜੀ ਗੱਲ ਕਰ ਰਹੇ ਹਨ, ਉਹ ਕੇਵਲ ਸਫ਼ਲ ਜੀਵਨ ਤੀਕ ਹੀ ਸੀਮਿਤ ਹੈ। ਸਚਮੁਚ ਜੇਕਰ ਅਕਾਲਪੁਰਖ ਬਖਸ਼ਿਸ਼ ਕਰ ਦੇਵੇ ਤਾਂ ਤੇ ਗੁਰੂ-ਗੁਰਬਾਣੀ ਵਾਲੇ ਜੀਵਨ `ਚ ਆ ਕੇ ‘ਜਨਮ-ਮਰਣ’ ਵਾਲੀ ਗੱਲ ਹੀ ਮੁੱਕ ਜਾਂਦੀ ਹੈ। ਗੁਰਬਾਣੀ ਆਗਿਆ `ਚ ਚਲਣ ਦਾ ਮਨੋਰਥ ਹੀ, ਅਸਫ਼ਲ ਜੀਵਨ ਤੋਂ ਛੁਟਕਾਰਾ ਤੇ ਜੀਵਨ ਅਜ਼ਾਈਂ ਨਾ ਗੁਆਉਣਾ ਹੈ। ਧਿਆਨ ਰਹੇ! ਸਫ਼ਲ ਜੀਵਨ ਦਾ ਸੰਬੰਧ ਕੇਵਲ ਸਰੀਰ ਤਿਆਗਣ ਤੋਂ ਬਾਅਦ ਨਾਲ ਨਹੀਂ, ਬਲਕਿ ਪ੍ਰਾਪਤ ਜਨਮ ਨੂੰ ਹੀ ਵਿਕਾਰ ਰਹਿਤ, ਸੰਤੋਖੀ, ਉਚੇ ਆਚਰਣ ਵਾਲਾ, ਗੁਣਵਾਣ, ਸਦਾਚਾਰਕ, ਖਿੜਾਓ ਤੇ ਆਨੰਦ ਮਈ ਬਨਾਉਣਾ ਵੀ ਹੈ। ਦਰਅਸਲ ਇਸੇ ਲਈ ਹੀ ਤਾਂ ਅਕਾਲਪੁਰਖ ਨੇ ਸਾਨੂੰ ਮਨੁੱਖਾ ਜਨਮ ਬਖਸ਼ਿਆ ਹੈ ਤੇ ਇਸ ਦੇ ਲਈ ਗੁਰਬਾਣੀ `ਚ ਬੇਅੰਤ ਪ੍ਰਮਾਣ ਵੀ ਹਨ। ਇਸ ਲਈ ਇਸ ਬਾਰੇ ਗੁਰਬਾਣੀ ਸੱਚ ਨੂੰ ਖੁਦ ਸਮਝਣ ਤੋਂ ਬਾਅਦ, ਸਾਡੇ ਲਈ ਪਹਿਲਾ ਮਸਲਾ ਇਹੀ ਹੈ, ਇਸ ਪੱਖੋਂ ਆਪਣੇ ਘਰ ਦੀ ਸੰਭਾਲ। ਇਸ ਸਮੇਂ ਜਦੋਂ ਇਸ ਬਾਰੇ ਅਸੀਂ ਆਪ ਹੀ ਆਪਣੇ ਬਣ ਚੁਕੇ ਵਿਚਾਰਾਂ ਨੂੰ ਹੀ ਸਾਬਤ ਕਰਣ ਲਈ, ਗੁਰਬਾਣੀ ਦੇ ਉਲਟੇ ਪੁਲਟੇ ਤੇ ਬਦੋਬਦੀ ਦੇ ਅਰਥ ਕਰਦੇ ਨਜ਼ਰ ਆਉਂਦੇ ਹਾਂ ਤਾਂ ਮਸਲਾ ਹੋਰ ਵੀ ਪੇਚੀਦਾ ਹੋ ਜਾਂਦਾ ਹੈ। ਬਲਕਿ ਗੁਰਬਾਣੀ ਦੇ ਬਦੋਬਦੀ ਦੇ ਉਲਟੇ ਸਿਧੇ ਅਰਥ ਦੇਖ ਕੇ ਤਾਂ ਦਿਲ ਵੀ ਰੋ ਉਠਦਾ ਹੈ। ਇਸ ਵੱਕਤ ਤਾਂ ਇਉਂ ਹੈ, ਜਿਵੇਂ ਵਾੜ ਹੀ ਖੇਤ ਨੂੰ ਖਾ ਰਹੀ ਹੋਵੇ, ਜਿਸ ਤੋਂ ਤਤਕਾਲ ਸੰਭਲਣ ਦੀ ਲੋੜ ਹੈ।

“ਹੈਨਿ ਵਿਰਲੇ ਨਾਹੀ ਘਣੇ” - ਜਨਮ ਮਰਣ ਦੇ ਵਿਸ਼ੇ ਨੂੰ ਗੁਰਬਾਣੀ ਪੱਖੋਂ ਸਮਝਣ ਲਈ, ਜ਼ਰੂਰੀ ਹੈ, ਗੁਰਬਾਣੀ `ਚੋਂ ਆਵਾਗਉਣ ਦੀਆਂ ਬਾਕੀ ਵੰਣਗੀਆਂ ਤੋਂ ਅੱਡ ਹੋ ਕੇ (੧) ਪਾਤਸ਼ਾਹ ਨੇ ਸਾਨੂੰ ਜੋ ਮਨੁੱਖਾ ਜੂਨ ਬਖਸ਼ੀ ਹੈ ਇਸ ਦੀ ਸਰੀਰ ਗੁਫ਼ਾ ਚੋਂ ਬਾਹਿਰ ਆ ਕੇ, “ਜੋ ਬ੍ਰਹਮੰਡੇ ਸੋਈ ਪਿੰਡੇ” ਦੇ ਆਧਾਰ `ਤੇ ਨਿਰੋਲ ਗੁਰਬਾਣੀ ਰੋਸ਼ਨੀ `ਚ ਇਸ ਵਿਸ਼ੇ `ਤੇ ਝਾਤ ਮਾਰਣੀ। (੨) ਅੱਜ ਸਫ਼ਲ ਜੀਵਨ ਦੇ ਤਾਂ ਅਸੀਂ ਸਾਰੇ ਹੀ ਦਾਅਵੇਦਾਰ ਬਣ ਗਏ। ਜਦ ਕਿ ਇਸ ਬਾਰੇ ਗੁਰਬਾਣੀ ਦਾ ਫ਼ੈਸਲਾ ਹੈ “ਹੈਨਿ ਵਿਰਲੇ ਨਾਹੀ ਘਣੇ ਫੈਲ ਫਕੜੁ ਸੰਸਾਰੁ” (ਪੰ: ੧੪੧੧)। ਇਸ ਦੇ ਉਲਟ, ਇਹ ਵੀ ਦੇਖੀਏ ਕਿ ਸਰੀਰ ਦੇ ਮੁੱਕਣ ਤੋਂ ਬਾਅਦ ਅਸਫ਼ਲ ਜੀਵਨ ਦੀ ਦਸ਼ਾ ਨੂੰ ਗੁਰਬਾਣੀ `ਚ ਕਿਵੇਂ ਬਿਆਨਿਆ ਹੈ। (੩) ਕੁੱਝ ਸਮੇਂ ਲਈ ਆਪਣੇ ਸਰੀਰ ਤੋਂ ਵੱਖ ਹੋ ਕੇ ਗੁਰਬਾਣੀ `ਚ ਜੋ ਮਨੁੱਖਾ ਸਰੀਰ ਦੇ ਅਗੇ-ਪਿਛੇ ਭਾਵ ਜਨਮ ਤੋਂ ਪਹਿਲਾਂ ਤੇ ਮੁੱਕਣ ਤੋਂ ਬਾਅਦ ਲਈ ਵੇਰਵੇ ਹਨ, ਜੇਕਰ ਉਹਨਾਂ `ਤੇ ਹੀ ਕੇਂਦ੍ਰਤ ਹੋ ਕੇ ਵਿਸ਼ੇ ਨੂੰ ਵਿਚਾਰੀਏ ਤਾਂ ਵੀ ਸਾਨੂੰ ਭੁੱਲ ਦੀ ਸਮਝ ਆ ਸਕਦੀ ਹੈ।

“ਸੁਭਾਗੇ, ਵਡਭਾਗੀ ਤੇ ਅਭਾਗੇ, ਭਾਗਹੀਣ” ? - ਇਹਨਾ ਲਫ਼ਜ਼ਾਂ ਦਾ ਸੰਬੰਧ ਤਾਂ ਹੈ ਹੀ ਇਸ ਜਨਮ ਨਾਲ। ਇਹਨਾ ਲਫ਼ਜ਼ਾਂ ਦਾ ਪਿਛਲੇ ਜਨਮਾਂ-ਕਰਮਾ ਨਾਲ ਸੰਬੰਧ ਹੈ ਹੀ ਨਹੀਂ। ਇਸ ਲਈ ਇਹਨਾ `ਚੋਂ (ੳ) ਠੀਕ ਹੈ, ਸੁਭਾਗੇ, ਵਡਭਾਗੀ ਦੀ ਗੱਲ ਤਾਂ ਜੀਵਨਮੁਕਤ ਲਈ ਹੀ ਹੈ। ਫ਼ਿਰ ਵੀ ਪਤਾ ਨਹੀਂ ਕਿਵੇਂ? ਅੱਜ ਉਸ ਲਈ ਅਸੀਂ ਦਾਅਵੇਦਾਰ ਵੀ ਬਣ ਗਏ ਤੇ ਆਪਣੇ ਲਈ ਫ਼ੈਸਲਾ ਵੀ ਦੇ ਦਿੱਤਾ। ਜਦਕਿ ਫ਼ੈਸਲਾ ਹੈ “ਕਚ ਪਕਾਈ ਓਥੈ ਪਾਇ॥ ਨਾਨਕ ਗਇਆ ਜਾਪੈ ਜਾਇ” (ਜਪੁ)। ਇਥੇ ਤਾਂ ਆਪਣੇ ਜੀਵਨ ਲਈ ਬਦੋਬਦੀ ਦੇ ਨਿਆਂ ਕਾਰ (Judge) ਅਸੀਂ ਆਪ ਹੀ ਬਣ ਬੈਠੇ। “ਪੁੰਨੀ ਪਾਪੀ ਆਖਣੁ ਨਾਹਿ॥ ਕਰਿ ਕਰਿ ਕਰਣਾ ਲਿਖਿ ਲੈ ਜਾਹੁ॥ ਆਪੇ ਬੀਜਿ ਆਪੇ ਹੀ ਖਾਹੁ॥ ਨਾਨਕ ਹੁਕਮੀ ਆਵਹੁ ਜਾਹੁ” (ਜਪੁ) (ਅ) ਜਦਕਿ ਦੇਖਣਾ ਹੈ ਕਿ ਗੁਰਬਾਣੀ ਅਨੁਸਾਰ ਅਭਾਗੇ ਜਾਂ ਭਾਗਹੀਣ ਦਾ ਅਗਲਾ ਸਿਰਾ ਕਿੱਥੇ ਹੈ? ਜਿਸ ਦੇ ਲਈ ਜ਼ਿਮੇਵਾਰ ਤਾਂ ਹੈ ਹੀ ਇਹੀ ਜਨਮ। ਇਹਨਾ ਲਫ਼ਜ਼ਾਂ ਦਾ ਸੰਬੰਧ ਪਿਛਲੇ ਜਨਮਾ-ਕਰਮਾਂ ਨਾਲ ਤਾਂ ਹੈ ਹੀ ਨਹੀਂ। (ਸ) ਚੂੰਕਿ ਅਭਾਗੇ ਜਾਂ ਭਾਗਹੀਣ ਆਦਿ ਅਜੇਹੇ ਲਫ਼ਜ਼ ਤਾਂ ਗੁਰਦੇਵ ਨੇ ਮਨੁੱਖ ਦੀ ਇਸੇ ਜਨਮ ਦੀ ਕਰਣੀ ਲਈ ਵਰਤੇ ਹਨ। ਇਸ ਅਭਾਗੇ, ਭਾਗਹੀਣ ਵਾਲੇ ਵਿਸ਼ੇ ਨੂੰ ਸਮਝਣ ਲਈ ਗੁਰਬਾਣੀ ਵਿਚੋਂ ਹੀ ਇੱਕ ਹੋਰ ਪ੍ਰਮਾਣ ਲੈਣਾ ਚਾਹਾਂਗੇ। ਗੁਰਦੇਵ ਫ਼ੁਰਮਾਉਂਦੇ ਹਨ “ਆਪੇ ਭਾਂਡੇ ਸਾਜਿਅਨੁ ਆਪੇ ਪੂਰਣੁ ਦੇਇ॥ ਇਕਨੀੑ ਦੁਧੁ ਸਮਾਈਐ ਇਕਿ ਚੁਲੈੑ ਰਹਨਿੑ ਚੜੇ॥ ਇਕਿ ਨਿਹਾਲੀ ਪੈ ਸਵਨਿੑ ਇਕਿ ਉਪਰਿ ਰਹਨਿ ਖੜੇ॥ ਤਿਨਾੑ ਸਵਾਰੇ ਨਾਨਕਾ ਜਿਨੑ ਕਉ ਨਦਰਿ ਕਰੇ”॥ (ਪੰ: 475) ਭਾਵ ਜੀਵਨ ਦੀਆਂ ਸਹੂਲਤਾਂ-ਉਖਿਆਈਂਆਂ ਤਾਂ ਅਕਾਲਪੁਰਖ ਵਲੋਂ ਪਹਿਲਾਂ ਤੋਂ ਘੜ ਕੇ ਭੇਜੇ ਹੋਏ ਜੀਵਨ ਨਾਲ ਸੰਬੰਧਤ ਹਨ ਜਦਕਿ “ਤਿਨਾੑ ਸਵਾਰੇ ਨਾਨਕਾ ਜਿਨੑ ਕਉ ਨਦਰਿ ਕਰੇ” ਜੀਵਨ ਦੀ ਸੰਭਾਲ ਅਥਵਾ ਅਭਾਗੇ-ਭਾਗਹੀਨ-ਵਡਭਾਗੀ ਆਦਿ ਦਾ ਸੰਬੰਧ ਸਾਡੇ ਇਸ ਜਨਮ ਦੀ ਤਿਆਰੀ ਨਾਲ ਹੈ। ਇਸ ਲਈ ਗੁੰਝਲਦਾਰ ਬਨਾਏ ਜਾ ਚੁਕੇ ਇਸ ਵਿਸ਼ੇ ਨੂੰ ਗੁਰਬਾਣੀ ਪਖੋਂ ਸੁਚੇਤ ਹੋ ਕੇ ਘੋਖਣ ਲਈ ਅਭਾਗੇ-ਭਾਗਹੀਨ-ਵਡਭਾਗੀ ਆਦਿ ਲਫ਼ਜ਼ ਸਾਡੀ ਵੱਡੀ ਮਦਦ ਕਰ ਸਕਦੇ ਹਨ। ਸ਼ਰਤ ਇਥੇ ਵੀ ਉਹੀ ਹੈ ਕਿ ਉਹ ਅਰਥ ਵੀ ਆਪਣੇ-ਆਪਣੇ ਪੱਕ ਚੁਕੇ ਵਿਸ਼ਵਾਸਾਂ ਦੇ ਆਧਾਰ ਤੇ ਦਾਇਰੇ `ਚ ਨਾ ਲਏ ਜਾਣ।

ਜਾਲਣ ਗੋਰਾਂ ਨਾਲਿ ਉਲਾਮੇ ਜੀਅ ਸਹੇ” -ਦਰਅਸਲ ਗੁਰਬਾਣੀ `ਚ ਇਹ ‘ਮਨ’ ਵਾਲਾ ਵਿਸ਼ਾ ਹੀ ਹੈ, ਜਿਥੋਂ ਕਿ ਸਾਡੇ ਬਹੁਤੇ ਵਿਦਵਾਨ ਖੁੰਜੇ ਨਜ਼ਰ ਆਉਂਦੇ ਹਨ। ਬੱਸ ਇਹੀ ਇੱਕ ਵਿਸ਼ਾ ਹੈ ਕਿ ਜਿਸ ਤੋਂ ਖੁੰਜ ਕੇ ਅਸੀਂ ਕਹਿ ਰਹੇ ਹਾਂ ਗੁਰਮਤਿ ਅਨੁਸਾਰ ਜਨਮ ਮਰਣ ਦਾ ਗੇੜ ਹੈ ਹੀ ਨਹੀਂ। ਗਹੁ ਨਾਲ ਦੇਖਿਆ ਜਾਵੇ ਤਾਂ ਸੰਪੂਰਣ ਗੁਰਬਾਣੀ `ਚ ਮਨੁੱਖਾ ਸਰੀਰ ਅੰਦਰ ਪ੍ਰਭੂ ਅੰਸ਼ ਤੋਂ ਬਾਅਦ ‘ਮਨ’ ਹੀ ਮੁੱਖ ਵਿਸ਼ਾ ਹੈ। ਇਸੇ ਤਰ੍ਹਾਂ ਆਪਣੇ ਸਰੀਰ ਅੰਦਰੋਂ ਇਸ ‘ਮਨ’ ਨੂੰ ਭੁਲਾ ਕੇ ਹੀ ਅਸੀਂ ਬੇਲੋੜੀ ਖਿਚਾਤਾਣੀ `ਚ ਫਸ ਰਹੇ ਹਾਂ ਤੇ ‘ਜਨਮ ਮਰਨ’ ਦੇ ਵਿਸ਼ੇ ਨੂੰ ਨਹੀਂ ਸਮਝ ਪਾ ਰਹੇ। ਮਨ ਨੂੰ ਹੀ ਬਾਣੀ `ਚ ‘ਜੀਅ’ ਵੀ ਕਿਹਾ ਹੈ ਜਿਵੇਂ “ਜਾਲਣ ਗੋਰਾਂ ਨਾਲਿ ਉਲਾਮੇ ਜੀਅ ਸਹੇ” (ਪੰ: ੪੮੮) ਜਾਂ “ਜੀਉ ਤਪਤੁ ਹੈ ਬਾਰੋ ਬਾਰ……ਜਿਉ ਪਕਾ ਰੋਗੀ ਵਿਲਲਾਇ” (ਪੰ: ੬੬੧) ਧਿਆਨ ਰਹੇ! ਇਥੇ ‘ਜੀਅ’ ਜਾਂ ‘ਜੀਉ’ ਲਫ਼ਜ਼ ਪ੍ਰਭੂ ਅੰਸ਼ ਲਈ ਨਹੀਂ ਆਏ। ਇਥੇ ‘ਜੀਅ’ ਜਾਂ ‘ਜੀਉ’ ਜੀਵਨ ਦਾ ਉਹ ਤੱਤ ਹੈ ਜੋ ਸਰੀਰ ਦੇ ਸੜਣ-ਮੁੱਕਣ ਨਾਲ ਵੀ ਸੜਦਾ-ਮੁੱਕਦਾ ਨਹੀਂ। ਸਰੀਰ ਦੇ ਸੜਣ-ਮੁੱਕਣ ਤੋਂ ਬਾਅਦ ਜਦੋਂ ਪ੍ਰਭੂ ਦੀ ਜੋਤ, ਜੋਤ `ਚ ਰਲ ਗਈ, ਤੱਤ, ਤੱਤਾਂ `ਚ ਰਲ ਗਏ ਤਾਂ ਵੀ ਇਹ ਕਿਹੜਾ ਜੀਉ ਹੈ ਜੋ ‘ਗੋਰਾਂ’ `ਚ ਪੈਣ ਤੋਂ ਬਾਅਦ ਵੀ ‘ਉਲਾਮੇ’ ਸਹਿ ਰਿਹਾ ਹੈ? ਇਹ ਹੈ ਸਾਡਾ ‘ਮਨ’, ਜੀਅ’ ਜਾਂ ‘ਜੀਉ’ ਜਿਸ ਕਾਰਣ ਸਾਨੂੰ ਅਨੇਕਾਂ ਜੂਨਾਂ ਭੋਗਣੀਆਂ ਪੈ ਸਕਦੀਆਂ ਹਨ। ਇਸਦੇ ਉਲਟ ਜੇ ਜੀਉਂਦੇ ਜੀਅ, ਸਤਿਗੁਰੂ ਨਾਲ ਜੁੜ ਕੇ ਆਪਣੀ ਸੰਭਾਲ ਕਰ ਲਵੀਏ ਤਾਂ ਇਸ ‘ਮਨ’ ਵਾਲੀ ਖੇਡ ਹੀ ਮੁੱਕ ਜਾਂਦੀ ਹੈ। ਕਿਉਂਕਿ ‘ਮਨ’ ਦੀ ਹੋਂਦ ਹੀ ਪ੍ਰਭੂ ਕੋਲੋਂ ਵਿਛੋੜੇ ਦਾ ਦੂਸਰਾ ਨਾਮ ਹੈ। ਨਹੀਂ ਤਾਂ ਜਨਮ-ਮਰਣ ਜਾਂ ਜੂਨਾਂ ਵਾਲੀ ਗੱਲ ਰਹਿੰਦੀ ਹੀ ਨਹੀਂ। ਇਸ ਦੇ ਉਲਟ ਜੂਨਾਂ ਉਦੋਂ ਤੀਕ ਭੋਗਣੀਆਂ ਹਨ, ਜਦੋਂ ਤੀਕ “ਭਈ ਪਰਾਪਤਿ ਮਾਨੁਖ ਦੇਹੁਰੀਆ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ” (ਪੰ: 12) ਵਾਲੀ ਗੱਲ ਫ਼ਿਰ ਤੋਂ ਨਹੀਂ ਬਣ ਜਾਂਦੀ। ਉਥੇ ਵੀ ਸ਼ਰਤ ਹੈ “ਅਨੇਕ ਜੂਨੀ ਭਰਮਿ ਆਵੈ, ਵਿਣੁ ਸਤਿਗੁਰ ਮੁਕਤਿ ਨ ਪਾਏ” (ਪੰ: ੯੨੦)। ਜਦਕਿ ਇਸ ਪ੍ਰਮਾਣ `ਚ ਜੋ ਜੂਨੀਆਂ ਦੀ ਗੱਲ ਹੈ; ਇਹ ਜੂਨੀਆਂ ਉਸ ਪਲ ਤੀਕ ਇਸ ਜਨਮ ਦੀਆਂ ਹੋਣ ਜਦੋਂ ਕਿ ਜੀਵ ਸਤਿਗੁਰੂ ਦੀ ਸ਼ਰਣ `ਚ ਆਇਆ ਜਾਂ ਪਹਿਲੇ ਜਨਮਾਂ ਦੀਆਂ, ਜਾਂ ਦੋਂਵੇ। ਉਪ੍ਰੰਤ “ਸਤਿਗੁਰ ਕੈ ਜਨਮੇ ਗਵਨੁ ਮਿਟਾਇਆ” (ਪੰ: ੯੪੦) ਜਾਂ “ਜਨਮ ਮਰਣ ਦੁਹਹੂ ਤੇ ਛੂਟਹਿ, ਭਵਜਲੁ ਜਗਤੁ ਤਰਾਇਣ” (ਪੰ: ੭੧੪)।

ਉਂਝ ਲਫ਼ਜ਼ ‘ਜੀਉ’ ਗੁਰਬਾਣੀ `ਚ ਹੀ ਕੇਵਲ ਮਨ ਲਈ ਨਹੀਂ, ਪ੍ਰਭੂ ਅੰਸ਼ ਲਈ ਵੀ ਕਈ ਵਾਰੀ ਆਇਆ ਹੈ ਜਿਵੇਂ “ਹਰਿ ਜੀਉ ਗੁਫਾ ਅੰਦਰਿ ਰਖਿ ਕੈ ਵਾਜਾ ਪਵਣੁ ਵਜਾਇਆ” (ਪੰ: ੯੨੨)। ਹੋਰ ਲਵੋ! ‘ਜੀਅ’ ਜਾਂ ‘ਜੀਉ’ ਲਫ਼ਜ਼ ਸਮੁਚੇ ਤੌਰ `ਤੇ ਜੀਵ ਧਾਰੀ ਲਈ ਵੀ ਆਏ ਹਨ ਜਿਵੇਂ “ਪਕਰਿ ਜੀਉ ਆਨਿਆ” (ਪੰ: ੩੫੦) ਤੇ “ਜੀਅ ਜੁ ਮਾਰਹਿ ਜੋਰੁ ਕਰਿ. .” (ਪੰ: ੧੩੭੫)। ਇਸ ਲਈ ਇਸ ਦੇ ਅਰਥ ਪ੍ਰਕਰਣ ਅਨੁਸਾਰ ਹੀ ਸਮਝਣੇ ਹਨ। ਹੁਣ ਜਨਮ-ਮਰਣ ਦੇ ਝਮੇਲੇ ਬਾਰੇ ਅਗਲੀ ਗੱਲ ਨੂੰ ਸਮਝਣ ਲਈ “ਨਾਨਕ ਮੇਰੁ ਸਰੀਰ ਕਾ, ਇਕੁ ਰਥੁ ਇਕੁ ਰਥਵਾਹੁ” ਅਨੁਸਾਰ ਸਾਨੂੰ ਆਪਣੇ ਸਰੀਰ ਅੰਦਰੋਂ ‘ਮਨ’ ਤੇ ‘ਸਰੀਰ’ ਨੂੰ ਵੱਖ ਵੱਖ ਕਰਕੇ ਸਮਝਣ ਦੀ ਲੋੜ ਹੈ। ਇਸ ਦੇ ਉਲਟ ਇਸ ਵਿਸ਼ੇ `ਤੇ ਗੁਰਬਾਣੀ ਦੇ ਨਿਰਮਲ ਭਉ `ਚ ਆ ਕੇ ਜਾਗਣ ਦੀ ਗੱਲ ਨਾ ਕੀਤੀ ਤੇ ਆਪਣੀ ਬਣੀ ਬਨਾਈ ਵਿਚਾਰ ਨੂੰ ਹੀ ਥੋਪਦੇ ਰਹੇ ਤਾਂ ਯਕੀਨਣ ਸਾਡੀ ਹਾਲਤ ਵੀ “ਸਚੁ ਕਿਨਾਰੇ ਰਹਿ ਗਿਆ, ਖਹਿ ਮਰਦੇ ਬਾਮ੍ਹਣਿ ਮਉਲਾਣੇ” (ਵਾਰ ੧ ਭਾ: ਗੁ: ) ਵਾਲੀ ਬਣ ਕੇ ਰਹਿ ਜਾਵੇਗੀ ਤੇ ਗੁਰਬਾਣੀ ਦੇ ਸਦੀਵੀ ਸੱਚ ਤੀਕ ਨਹੀਂ ਪਹੁੰਚ ਸਕਾਂਗੇ। ਵੈਸੇ ਵੀ ਇਸ ਵਿਸ਼ੇ ਸੰਬੰਧੀ ਹੋਰ ਵੇਰਵੇ ਲਈ ਗੁਰਮਤਿ ਪਾਠ ਨੰ: ੮੧ “ਮਨੁੱਖਾ ਸਰੀਰ ਤੇ ਮਨ ਦਾ ਆਪਸੀ ਰਿਸ਼ਤਾ” ਸੰਗਤਾਂ ਲਈ ਪ੍ਰਾਪਤ ਹੈ ਜੀ।

“ਨਾਂਗੋ ਬੰਧਿ ਚਲਾਇਆ” -ਵਿਸ਼ੇ ਅਨੁਸਾਰ ਬਾਣੀ ਅਲਾਹਣੀਆਂ `ਚ ਗੁਰਦੇਵ ਦਾ ਫ਼ੁਰਮਾਨ ਹੈ “ਬਾਬਾ ਨਾਂਗੜਾ ਆਇਆ ਜਗ ਮਹਿ ਦੁਖੁ ਸੁਖੁ ਲੇਖੁ ਲਿਖਾਇਆ॥ ਲਿਖਿਅੜਾ ਸਾਹਾ ਨਾ ਟਲੈ ਜੇਹੜਾ ਪੁਰਬਿ ਕਮਾਇਆ॥ ਬਹਿ ਸਾਚੈ ਲਿਖਿਆ ਅੰਮ੍ਰਿਤੁ ਬਿਖਿਆ ਜਿਤੁ ਲਾਇਆ ਤਿਤੁ ਲਾਗਾ॥ ਕਾਮਣਿਆਰੀ ਕਾਮਣ ਪਾਏ ਬਹੁ ਰੰਗੀ ਗਲਿ ਤਾਗਾ॥ ਹੋਛੀ ਮਤਿ ਭਇਆ ਮਨੁ ਹੋਛਾ ਗੁੜੁ ਸਾ ਮਖੀ ਖਾਇਆ॥ ਨਾ ਮਰਜਾਦੁ ਆਇਆ ਕਲਿ ਭੀਤਰਿ ਨਾਂਗੋ ਬੰਧਿ ਚਲਾਇਆ॥   ॥ ਬਾਬਾ ਰੋਵਹੁ ਜੇ ਕਿਸੈ ਰੋਵਣਾ ਜਾਨੀਅੜਾ ਬੰਧਿ ਪਠਾਇਆ ਹੈ॥ ਲਿਖਿਅੜਾ ਲੇਖੁ ਨ ਮੇਟੀਐ ਦਰਿ ਹਾਕਾਰੜਾ ਆਇਆ ਹੈ ….” (ਪੰ: 593) ਸੰਖੇਪ: ਜੀਵ ਕੀਤੇ ਕਰਮਾਂ ਅਨੁਸਾਰ, ਪ੍ਰਮਾਤਮਾ ਦੀ ਦਰਗਾਹ `ਚੋਂ ਹੀ ਇਸ ਨਵੇਂ ਜੀਵਨ ਲਈ ਮੱਥੇ `ਤੇ ਦੁਖ-ਸੁਖ ਦੇ ਲੇਖ ਲਿਖਾ ਕੇ ਜਗਤ ਚ ਨੰਗਾ (ਖਾਲੀ ਹੱਥ) ਆਉਂਦਾ ਹੈ। ਜਨਮ ਦੇ ਨਾਲ ਹੀ ਸਮਾਂ ਭੀ ਨੀਯਤ ਹੁੰਦਾ ਹੈ ਜਦੋਂ ਇਸਨੇ ਸੰਸਾਰ ਤੋਂ ਵਾਪਸ ਜਾਣਾ ਹੈ। ਜਾਣ ਵਾਲਾ ਨੀਯਤ ਸਮਾਂ ਤੇ ਉਹ ਦੁਖ ਸੁਖ ਵਾਪਰਦੇ ਹਨ ਜੋ ਪਿਛਲੇ ਜਨਮਾਂ `ਚ ਉਸ ਨੇ ਕਮਾਈ ਕੀਤੀ ਹੁੰਦੀ ਹੈ।

ਜੀਵ ਦੇ ਕੀਤੇ ਕਰਮਾਂ ਅਨੁਸਾਰ, ਸਦਾ-ਥਿਰ ਪ੍ਰਮਾਤਮਾ ਨੇ ਸੋਚ-ਵਿਚਾਰ ਕੇ ਲਿਖ ਦਿੱਤਾ ਹੁੰਦਾ ਹੈ ਕਿ ਜੀਵ ਨੇ ਨਵੇਂ ਜੀਵਨ-ਸਫ਼ਰ `ਚ ਨਾਮ-ਅੰਮ੍ਰਿਤ ਦਾ ਵਪਾਰੀ ਬਨਣਾ ਹੈ ਜਾਂ ਮਾਇਆ-ਜ਼ਹਿਰ `ਚ ਹੀ ਡੁੱਬੇ ਰਹਿਣਾ ਹੈ, ਤਾਂ ਤੇ ਕੀਤੇ ਕਰਮਾਂ ਅਨੁਸਾਰ ਹੀ ਪ੍ਰਭੂ ਦੀ ਰਜ਼ਾ `ਚ ਜਿਧਰ ਜੀਵ ਨੂੰ ਲਾਇਆ ਜਾਂਦਾ ਹੈ, ਜੀਵ ਓਧਰ ਹੀ ਲਗਦਾ ਹੈ। ਜੀਵ ਦੇ ਕੀਤੇ ਕਰਮਾਂ ਅਨੁਸਾਰ ਹੀ, ਆਪਣੇ ਮਾਇਆ ਜਾਲ `ਚ ਫ਼ਸਾਉਣ ਵਾਲੀ (ਜਾਦੂ ਟੂਣੇ ਕਰਣ ਵਾਲੀ) ਮਾਇਆ, ਜੀਵ `ਤੇ ਆਪਣਾ ਜਾਦੂ ਪਾ ਦੇਂਦੀ ਹੈ, ਜੀਵ ਦੇ ਗਲ `ਚ ਕਈ ਰੰਗਾਂ ਵਾਲਾ ਧਾਗਾ ਭਾਵ ਆਪਣੇ ਕਈ ਢੰਗਾਂ ਨਾਲ ਮਾਇਆ ਇਸ ਨੂੰ ਮੋਹ ਲੈਂਦੀ ਹੈ। ਇਸ ਮਨਮੋਹਣੀ ਮਾਇਆ ਦੇ ਪ੍ਰਭਾਵ `ਚ ਫ਼ਸਿਆ ਜੀਵ ਆਪਣੀ ਹੋਛੀ ਮੱਤ ਕਾਰਣ ਥੋੜ੍ਹ-ਵਿਤਾ ਹੋ ਜਾਂਦਾ ਹੈ ਭਾਵ, ਇਸ `ਚ ਵਿਤਕਰੇ-ਮੇਰ-ਤੇਰ-ਸੁਆਰਥ ਆਦਿ ਕਈ ਅਉਗੁਣ ਆ ਜਾਂਦੇ ਹਨ। ਆਪਣੇ ਨਿੱਕੇ ਨਿੱਕੇ ਸੁਅਰਥਾਂ `ਚ ਫਸਿਆ ਮਨੁੱਖ ਠੀਕ ਉਸੇ ਤਰ੍ਹਾਂ ਜਿਵੇਂ ਗੁੜ ਖਾਂਦੀ-ਖਾਂਦੀ ਮੱਖੀ ਗੁੜ ਨਾਲ ਚੰਬੜ ਕੇ ਹੀ ਮਰ ਜਾਂਦੀ ਹੈ, ਤਿਵੇਂ ਇਹ ਜੀਵ ਮਾਇਕ ਸੁਆਦਾਂ ਦੀ ਪਕੜ `ਚ ਹੀ ਆਤਮਕ ਮੌਤੇ ਮਰ ਜਾਂਦਾ ਹੈ। ਉਸੇ ਦਾ ਨਤੀਜਾ-ਜੀਵ ਜਗਤ `ਚ ਨੰਗਾ (ਖਾਲੀ ਹੱਥ) ਆਉਂਦਾ ਤੇ ਨੰਗਾ (ਖਾਲੀ ਹੱਥ) ਹੀ ਬੰਨ੍ਹ ਕੇ ਅੱਗੇ ਲਾ ਲਿਆ ਜਾਂਦਾ ਹੈ … “ਇਸ ਤਰ੍ਹਾਂ ਬਾਣੀ ‘ਅਲਾਹਣੀਆ’ ਉਹ ਮਹਾਨ ਰਚਨਾ ਹੈ ਜਿਸ ਨੂੰ ਹਰੇਕ ਪ੍ਰਾਣੀ ਦੇ ਚਲਾਣੇ ਸਮੇਂ ਪੜ੍ਹਣ ਦਾ ਰਿਵਾਜ ਤਾਂ ਜ਼ਰੂਰ ਬਣਾ ਰਖਿਆ ਹੈ ਤੇ ਠੀਕ ਵੀ ਹੈ। ਪਰ ਜਿਸ ਦੇ ਅਰਥਾਂ ਨੂੰ ਸ਼ਾਇਦ ਸਮਝਣ ਦੀ ਸਾਨੂੰ ਲੋੜ ਹੀ ਨਹੀਂ, ਕਿ ਗੁਰਦੇਵ ਸਮਝਾ ਕੀ ਰਹੇ ਹਨ।

“ਜਮ ਮਾਰਗਿ ਨਹੀਂ ਜਾਣਾ ਸਬਦਿ ਸਮਾਣਾ “- ਬਾਣੀ ‘ਅਲਾਹਣੀਆ’ ਦੇ ਉਪ੍ਰੋਕਤ ਬੰਦ `ਚ ਇਹ ਦੋ ਪੰਕਤੀਆਂ “ਬਾਬਾ ਨਾਂਗੜਾ ਆਇਆ ਜਗ ਮਹਿ…. . ਨਾਂਗੋ ਬੰਧਿ ਚਲਾਇਆ” ਖਾਸ ਧਿਆਨ ਮੰਗਦੀਆਂ ਹਨ। ਗੁਰਦੇਵ ਫ਼ੁਰਮਾਅ ਰਹੇ ਹਨ ਕਿ ਮਨੁੱਖ ਸੰਸਾਰ `ਚ ਇਸ ਕਾਰਨ ਆਇਆ ਸੀ ਕਿਉਂਕਿ ਉਹ ‘ਖਾਲੀ ਹੱਥ’ ਸੀ, ‘ਉਸ ਦੇ ਪਲੇ ਕੁੱਝ ਨਹੀਂ ਸੀ’, ‘ਉਹ ਨੰਗਾ ਸੀ’। ਭਾਵ ਇਸ ਤੋਂ ਪਹਿਲਾਂ ਵੀ ਉਸ ਨੇ ਆਪਣੇ ਮਨੁੱਖਾ ਜਨਮ ਦੀ ਸੰਭਾਲ ਨਹੀਂ ਸੀ ਕੀਤੀ, ਤੇ ਇਸ ਵਾਰੀ ਵੀ ਨੰਗਾ ਭਾਵ ਖਾਲੀ ਹੱਥ ਹੀ ਗਿਆ। ਉਹ ਖਾਲੀ ਹੱਥ ਕਿਉਂ ਗਿਆ ਹੈ ਇਸ ਦਾ ਵੇਰਵਾ ਸਾਰੇ ਬੰਦ `ਚ ਦੇਖ ਚੁੱਕੇ ਹਾਂ। ਜਦਕਿ ਇਸ ਤੋਂ ਪਹਿਲੇ ਬੰਦ ਨੰ: ੨ `ਚ ਗੁਰਦੇਵ ਸਫ਼ਲ ਜਨਮ ਨੂੰ ਇਸ ਤਰ੍ਹਾਂ ਬਿਆਨਦੇ ਹਨ “ਬਾਬਾ ਆਵਹੁ ਭਾਈਹੋ ਗਲਿ ਮਿਲਹ ਮਿਲਿ ਮਿਲਿ ਦੇਹ ਆਸੀਸਾ ਹੇ॥ ਬਾਬਾ ਸਚੜਾ ਮੇਲੁ ਨ ਚੁਕਈ ਪ੍ਰੀਤਮ ਕੀਆ ਦੇਹ ਅਸੀਸਾ ਹੇ॥ ਆਸੀਸਾ ਦੇਵਹੋ ਭਗਤਿ ਕਰੇਵਹੋ ਮਿਲਿਆ ਕਾ ਕਿਆ ਮੇਲੋ॥ ਇਕਿ ਭੂਲੇ ਨਾਵਹੁ ਥੇਹਹੁ ਥਾਵਹੁ ਗੁਰ ਸਬਦੀ ਸਚੁ ਖੇਲੋ॥ ਜਮ ਮਾਰਗਿ ਨਹੀਂ ਜਾਣਾ, ਸਬਦਿ ਸਮਾਣਾ ਜੁਗਿ ਜੁਗਿ ਸਾਚੈ ਵੇਸੇ॥ ਸਾਜਨ ਸੈਣ ਮਿਲਹੁ ਸੰਜੋਗੀ ਗੁਰ ਮਿਲਿ ਖੋਲੇ ਫਾਸੇ॥   ॥” ਸੰਖੇਪ- ਗੁਰੂ ਦੇ ਸ਼ਬਦ ਵਿੱਚ ਜੁੜ ਕੇ ਸਦਾ ਕਾਇਮ ਰਹਿਣ ਵਾਲੇ ਮਾਲਕ-ਪ੍ਰਭੂ ਨਾਲ ਸਾਂਝ ਪੈ ਸਕਦੀ ਹੈ। ਪ੍ਰਭੂ ਆਪ ਹੀ (ਜੀਵ ਨੂੰ) ਆਪਣੇ ਨਾਲ ਮਿਲਾ ਲੈਂਦਾ ਹੈ। ਜਿਹੜੀ ਜੀਵ-ਇਸਤ੍ਰੀ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਲੈਂਦੀ ਹੈ ਉਹ ਪ੍ਰਭੂ-ਪਤੀ ਦੇ ਪ੍ਰੇਮ-ਰੰਗ `ਚ ਰੰਗੀ ਜਾਂਦੀ ਹੈ। ਇਸ ਤਰ੍ਹਾਂ ਜਿਹੜੀ ਜੀਵ-ਇਸਤ੍ਰੀ ਆਪਣੇ ਅੰਦਰੋਂ ਆਪਾ-ਭਾਵ ਗੁਆ ਲੈਂਦੀ ਹੈ, ਉਸ ਨੂੰ ਕਦੇ ਆਤਮਕ ਮੌਤ ਨਹੀਂ ਵਾਪਰਦੀ, ਗੁਰੂ ਦੀ ਸ਼ਰਨ `ਚ ਪੈ ਕੇ ਉਹ ਪ੍ਰਮਾਤਮਾ ਨਾਲ ਡੂੰਘੀ ਸਾਂਝ ਪਾਈ ਰੱਖਦੀ ਹੈ। ਉਸ ਦੀ ਚਿਰਾਂ ਦੀ ਪ੍ਰਭੂ-ਮਿਲਾਪ ਵਾਲੀ ਇੱਛਾ ਪੂਰੀ ਹੋ ਜਾਂਦੀ ਹੈ। ਉਹ ਅੰਦਰੋਂ (ਨਾਮ-ਰਸ ਨਾਲ) ਭਿੱਜ ਜਾਂਦੀ ਹੈ। ਉਸ ਨੂੰ ਜਗਤ ਦੇ ਜੀਵਨ ਦਾ ਦਾਤਾ, ਪ੍ਰਭੂ ਮਿਲ ਪੈਂਦਾ ਹੈ। ਤਾਂ ਤੇ ਜਿਹੜੀ ਜੀਵ-ਇਸਤ੍ਰੀ ਗੁਰ-ਸ਼ਬਦ ਦੇ ਰੰਗ `ਚ ਰੰਗੀ ਜਾਂਦੀ ਹੈ, ਉਹ ਨਾਮ ਰੰਗ `ਚ ਹੀ ਮਸਤ ਰਹਿੰਦੀ ਹੈ। ਉਹ ਜੀਵ ਇਸਤ੍ਰੀ ਗੁਰੂ ਦੇ ਸ਼ਬਦ ਰਾਹੀਂ, ਸਦਾ-ਥਿਰ ਮਾਲਕ-ਪ੍ਰਭੂ ਨਾਲ ਜਾਣ-ਪਛਾਣ ਬਣਾ ਲੈਂਦੀ ਹੈ। ਉਸ ਨੂੰ ਜਨਮ-ਮਰਣ ਦੇ ਗੇੜ `ਚ (ਜਮ ਮਾਰਗਿ ਨਹੀਂ ਜਾਣਾ ਸਬਦਿ ਸਮਾਣਾ) ਨਹੀਂ ਪੈਣਾ ਪੈਂਦਾ। ਉਹ ਸਦਾ ਲਈ ਸ਼ਬਦ ਗੁਰੂ ਨਾਲ ਜੁੜ ਕੇ ਤੇ ਸਤਸੰਗੀਆਂ ਨਾਲ ਮਿਲ ਕੇ ਪ੍ਰਭੂ `ਚ ਸਮਾ ਜਾਂਦੀ ਹੈ। (ਗੁਰ ਮਿਲਿ ਖੋਲੇ ਫਾਸੇ) ਗੁਰੂ ਉਸ ਦੇ ਜਨਮ-ਮਰਣ ਦੇ ਬੰਧਨ ਕੱਟ ਦੇਂਦਾ ਹੈ। ੨। #165s09.02s09##

Including this Self Learning Gurmat Lesson No 165

ਜਨਮ ਮਰਣ ਦਾ ਝਮੇਲਾ?

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.org
.