.

ਰਾਮਕਲੀ ਪਾਤਸ਼ਾਹੀ 10

(ਦਸਮ ਗ੍ਰੰਥ ਪੰਨਾ 709 - 711)

ੴ ਸ੍ਰੀ ਵਾਹਿਗੁਰੂ ਜੀ ਕੀ ਫਤਹ।।

ਰਾਮਕਲੀ ਪਾਤਸ਼ਾਹੀ 10।।

ਖ਼ਿਆਲ ਪਾਤਸ਼ਾਹੀ 10।।

ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਨਾ।।

ਤੁਧੁ ਬਿਨੁ ਰੋਗ ਰਜਾਈਆ ਦਾ ਓਢਨ ਨਾਗ ਨਿਵਾਸਾ ਦੇ ਰਹਣਾ।।

ਸੂਲ ਸੁਰਾਹੀ ਖੰਜਰੁ ਪਿਆਲਾ ਬਿੰਗ ਕਸਾਈਆ ਦਾ ਸਹਿਣਾ।।

ਯਾਰੜੇ ਦਾ ਸਾਨੂੰ ਸਥਰੁ ਚੰਗਾ ਭੱਠ ਖੇੜਿਆਂ ਦਾ ਰਹਿਣਾ।।

ਖ਼ਿਆਲ ਪਾਤਸ਼ਹੀ ਦਸ ਦੀ ਵਿਚਾਰ ਗਿਆਨੀ ਭਾਗ ਸਿੰਘ ਨੇ ਆਪਣੀ ਪੁਸਤਕ ਦੇ ਪੰਨਾ 28 ਤੋਂ ਪੰਨਾ 31 ਤਕ ਕੀਤੀ ਹੈ ਜੋ ਹੇਠਾਂ ਕਾਪੀ ਕੀਤੀ ਗਈ ਹੈ।

ਜਿਵੇਂ ‘ਦੇਹ ਸਿਵਾ ਬਰ ਮੋਹਿ’ ਵਾਲਾ ਗੀਤ ਕਈ ਰਾਗੀ ਸੱਜਣਾਂ ਨੇ (ਅਰਥ ਬੋਧ ਦੀ ਅਣਹੋਂਦ ਕਾਰਨ) ਵੇਖੋ-ਵੇਖੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪੜ੍ਹੀ ਜਾਣਾ ਨੇਮ ਬਣਾ ਲਿਆ ਹੈ, ਤਿਵੇਂ ‘ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ’ ਵਾਲਾ ਗੀਤ ਵੀ ਪ੍ਰਚਲਤ ਕਰ ਦਿੱਤਾ ਹੋਇਆ ਹੈ।

ਉਪ੍ਰੋਕਤ ਗੀਤ ਦੀ ਪ੍ਰੋੜ੍ਹਤਾ ਹਿਤ ਕੋਈ ਕਹਿੰਦਾ ਹੈ ਕਿ ਭਾਈ ਨੰਦ ਲਾਲ ਜੀ ਦੇ ਪ੍ਰਲੋਕ ਗਮਨ ਸਮੇਂ ਗੁਰੂ ਕਲਗੀਧਰ ਜੀ ਨੇ ਭਾਈ ਸਾਹਿਬ ਰਾਹੀਂ ਪਿਤਾ ਗੁਰੂ ਤੇਗ ਬਹਾਦਰ ਜੀ ਨੂੰ ਸੰਦੇਸ਼ ਭੇਜਿਆ। ਕੋਈ ਦੱਸਦਾ ਹੈ ਕਿ ਬੱਚੇ ਸ਼ਹੀਦ ਹੋਣ ਉਪ੍ਰੰਤ ਚਮਕੌਰ ਦੀ ਗੜ੍ਹੀਓਂ ਨਿਕਲ ਕੇ ਮਾਛੀਵਾੜੇ ਵਿੱਚ ਭੁੰਜੇ ਸੁੱਤਿਆਂ ਹੋਇਆਂ ਆਪਣਾ ਖਿਆਲ ਅਕਾਲ ਪੁਰਖ ਪ੍ਰਤੀ ਦਰਸਾਇਆ ਹੈ।

ਨਿਰਣਾ

ਪਹਿਲਾਂ ਤਾਂ ਉਪ੍ਰੋਕਤ ਦੋਵੇਂ ਸਬੂਤ ਪ੍ਰਸਪਰ ਵਿਰੋਧੀ ਹੋਣ ਕਰਕੇ ਪ੍ਰਮਾਣੀਕ ਸਿੱਧ ਨਹੀਂ ਹੋ ਸਕਦੇ। ਦੂਜੇ ਇਹਨਾਂ ਸਬੂਤਾਂ ਦੀ ਕੋਈ ਪ੍ਰਮਾਣੀਕ ਇਤਿਹਾਸ ਵੀ ਪੁਸ਼ਟੀ ਨਹੀਂ ਕਰਦਾ ਤੇ ਨਾ ਹੀ ਮਿਤ੍ਰ ਪਿਆਰੇ ਵਾਲੇ ਸ਼ਬਦ ਦੀ ਵਿਚਲੀ ‘‘ਸੂਲ ਸੁਰਾਹੀ ਖੰਜਰ ਪਿਆਲਾ’’ ਵਾਲੀ ਰਚਨਾ ਨਾਲ ਮੇਲ ਖਾਂਦੇ ਹਨ, ਜਿਸ ਹਿਤ ਇਸ ਸਬੰਧੀ ਯਥਾਰਥ ਵਿਚਾਰ ਦੀ ਅਤਿਅੰਤ ਲੋੜ ਅਨੁਭਵ ਕਰਕੇ ਹੇਠ ਲਿਖੀ ਸੰਖੇਪਕ ਵੀਚਾਰ ਦਿੱਤੀ ਹੈ।

ਵੀਚਾਰ

ਉਪ੍ਰੋਕਤ ਸ਼ਬਦ 1428 ਸਫ਼ਿਆਂ ਵਾਲੇ ਪ੍ਰਕਾਸ਼ਤ ਦਸਮ ਗ੍ਰੰਥ ਦੇ ਸਫ਼ਾ 709 ਤੋਂ 712 ਤਕ 10 ਸ਼ਬਦਾਂ ਵਾਲੇ ਸੰਗ੍ਰਹਿ ਵਿੱਚ ਛੇਵਾਂ ਸ਼ਬਦ ਹੈ। ਇਹਨਾਂ ਸ਼ਬਦਾਂ ਦੇ ਸਿਰਲੇਖਾਂ ਨਾਲ ਪਾ:10 ਲਿਖਿਆ ਹੈ ਅਤੇ ਇਹ ਸ਼ਬਦ ਉਪਦੇਸ਼, ਬੇਨਤੀ, ਅਕਾਲ ਉਪਾਸਨਾ ਤਥਾ ਮੂਰਤੀ ਪੂਜਾ ਖੰਡਨ ਰੂਪ ਹਨ ਤੇ ਨਾਲ ਹੀ ਰਾਮਕਲੀ, ਸੋਰਠ, ਕਲਿਆਣ ਆਦਿਕ ਰਾਗਾਂ ਵਿੱਚ ਹਨ, ਪ੍ਰੰਤੂ ਇਹਨਾਂ ਵਿਚੋਂ ਇਸ ਛੇਵੇਂ ਸ਼ਬਦ ਦਾ ਸਿਰਲੇਖ ਇਹਨਾਂ ਤੋਂ ਵਿਲੱਖਣ ‘ਖ਼ਿਆਲ ਪਾਤਸ਼ਾਹੀ 10’ ਹੈ ਅਤੇ ਇਸ ਵਿਚਲੀ ਭਾਵਨਾ ਵੀ ਦੂਜੇ ਸ਼ਬਦਾਂ ਤੋਂ ਅਸੰਗਤਿ ਬਲਕਿ ਬੋਲੀ ਵੀ ਦੂਜੇ ਸ਼ਬਦਾਂ ਵਾਲੀ ਬ੍ਰਿਜ ਭਾਸ਼ਾ ਦੇ ਉਲਟ ਨਿਰੋਲ ਪੰਜਾਬੀ ਹੈ, ਜਿਸ ਤੋਂ ਸਿੱਧ ਹੋਇਆ ਕਿ ਇਹ ਸ਼ਬਦ ਦਸਮ ਪਾਤਸ਼ਾਹ ਦੀ ਰਚਨਾ ਸਿੱਧ ਕਰਨ ਹਿਤ ਜਾਣ-ਬੁੱਝ ਕੇ ਦੂਜੇ ਸ਼ਬਦਾਂ ਵਿੱਚ ਘੁਸੇੜਿਆ ਗਿਆ ਹੈ ਜੋ ਸੁਤੇ ਹੀ ਕਿਸੇ ਨਸ਼ਿਆਂ ਦੇ ਪ੍ਰੇਮੀ ਵੱਲੋਂ ਵਿੱਛੜੇ ਯਾਰ ਲਈ ਕਵੀ ਨੇ ਖ਼ਿਆਲ ਦਿੱਤਾ ਹੈ ਜਿਸ ਦਾ ਸੰਕੋਚਕ ਵੇਰਵਾ ਹੇਠ ਲਿਖੇ ਅਨੁਸਾਰ ਹੈ -

ਖ਼ਿਆਲ

ਖ਼ਿਆਲ ਸ਼ਬਦ ਤੋਂ ਧਿਆਨ, ਵਿਚਾਰ, ਸੰਕਲਪ ਆਦਿਕ ਕਈ ਭਾਵ ਲਏ ਜਾ ਸਕਦੇ ਹਨ, ਜਿਵੇਂ ਕਿ -

ਧਿਆਨ : ਤੇਰਾ ਧਿਆਨ ਕਿੱਧਰ ਹੈ, ਤੇਰਾ ਖ਼ਿਆਲ ਕਿੱਧਰ ਹੈ।

ਵਿਚਾਰ : ਤੇਰੀ ਹੁਣ ਕੀ ਵਿਚਾਰ ਹੈ, ਤੇਰਾ ਹੁਣ ਕੀ ਖ਼ਿਆਲ ਹੈ।

ਸੰਕਲਪ : ਮੇਰੇ ਅੰਦਰ ਸੰਕਲਪ ਫੁਰਿਆ, ਮੇਰੇ ਅੰਦਰ ਖ਼ਿਆਲ ਆਇਆ।

ਇਤਿਆਦਿਕ ਹੋਰ ਵੀ ਅਨੇਕਾਂ ਭਾਵ ਲਏ ਜਾ ਸਕਦੇ ਹਨ।

ਨੋਟ - ਮੁਸਲਮਾਨ ਗਵੱਈਏ ਰਾਗ ਗਾਉਣ ਸਮੇਂ ਜਦੋਂ ਵਿੱਚ-ਵਿੱਚ ਅਲਾਪਕ ਪ੍ਰਮਾਣ ਦਿੰਦੇ ਹਨ, ਉਨ੍ਹਾਂ ਨੂੰ ਵੀ ‘ਖ਼ਿਆਲ’, ‘ਦੋਹੜਾ’ ਜਾਂ ‘ਟੱਪਾ’ ਆਖਦੇ ਹਨ।

ਹੁਣ ਲੋੜ ਇਹ ਹੈ ਕਿ ‘‘ਯਾਰੜੇ ਦਾ ਸਾਨੂੰ ਸੱਥਰ ਚੰਗਾ’’ ਵਾਲਾ ਖ਼ਿਆਲ ਜਿਸਨੇ ਪ੍ਰਗਟ ਕੀਤਾ ਹੈ, ਉਹ ਵਿਅਕਤੀ ਦਰਸਾਇਆ ਜਾਵੇ।

ਉਹ ਵਿਅਕਤੀ ਹੀਰ ਹੈ, ਜਿਸਨੇ ਰਾਂਝੇ ਦੇ ਵਿਛੋੜੇ ਵਿੱਚ ਉਪ੍ਰੋਕਤ ਖ਼ਿਆਲ ਪ੍ਰਗਟ ਕੀਤਾ ਹੈ, ਜਿਸ ਸਬੰਧੀ ‘ਵਾਰਸਸ਼ਾਹ’ ਅਤੇ ‘ਦਮੋਦਰ’ ਆਦਿਕਾਂ ਵੱਲੋਂ ਕਿੱਸੇ ਵੀ ਬਣੇ ਹੋਏ ਹਨ ਅਤੇ ਭਾਈ ਗੁਰਦਾਸ ਜੀ ਨੇ ਵੀ ਦ੍ਰਿਸ਼ਟਾਂਤ ਵਜੋਂ ਲਿਖਿਆ ਹੈ ਕਿ - ‘‘ਰਾਂਝਾ ਹੀਰ ਵਖਾਣੀਐ ਉਹ ਪਿਰਮ ਪਿਰਾਤੀ’’।

ਹਰੇਕ ਜਾਣਦਾ ਹੈ ਕਿ ‘ਰਾਂਝਾ ਜਾਤਿ’ ਦਾ ਇੱਕ ਨੌਜੁਆਨ, ਧੀਦੋ ਨਾਮ ਕਰਕੇ ਤਖ਼ਤ ਹਜ਼ਾਰੇ (ਪਾਕਿਸਤਾਨ) ਦਾ ਵਸਨੀਕ ਸੀ ਅਤੇ ਝੰਗ ਸ਼ਹਿਰ (ਪਾਕਿਸਤਾਨ) ਦੀ ਹੀਰ ਨਾਮ ਕਰ ਕੇ, ‘ਸਿਆਲ ਜਾਤਿ’ ਦੀ ਜੱਟੀ ਚੂਚਕ ਦੀ ਧੀ ਹੈ ਸੀ। ਰਾਂਝੇ ਤੇ ਹੀਰ ਦਾ ਆਪੋ ਵਿੱਚ ਅਥਾਹ ਪਿਆਰ ਪੈ ਗਿਆ, ਪਰ ਮਾਪਿਆਂ ਨੇ ਜ਼ਬਰਦਸਤੀ ਹੀਰ ਦਾ ਵਿਆਹ ‘ਰੰਗਪੁਰ ਖੇੜਿਆਂ’ ਵਿੱਚ ਕਰ ਦਿੱਤਾ।

ਖੇੜੇ ਇੱਕ ਮੰਨੀ ਪ੍ਰਮੰਨੀ ਉੱਘੀ ਜਾਤਿ ਹੈ ਅਤੇ ਜ਼ਿਲਾ ਝੰਗ ਵਿੱਚ ਇਹਨਾਂ ਦੇ ਨਾਮ ਉੱਤੇ ਰੰਗਪੁਰ ਖੇੜਿਆਂ ਦਾ ਇੱਕ ਪਿੰਡ ਹੈ। ਇਹ ਖੇੜੇ ਭਾਵੇਂ ਸਰਦੇ-ਪੁੱਜਦੇ ਬਹੁਤ ਹੀ ਅਮੀਰ ਸਨ ਪਰ ਹੀਰ ਦਾ ਖ਼ਿਆਲ (ਧਿਆਨ) ਹਰ ਸਮੇਂ ਰਾਂਝੇ ਵੱਲ ਹੀ ਸੀ, ਜਿਸ ਲਈ ਉਹ ਰਾਂਝੇ ਪ੍ਰਤੀ ਆਪਣਾ ਖ਼ਿਆਲ ਇੰਝ ਪ੍ਰਗਟ ਕਰਦੀ ਹੈ ਕਿ ਤੇਰੇ ਵਿਛੋੜੇ ਵਿੱਚ ਇਹ ਰਜਾਈਆਂ ਮੇਰੇ ਵਾਸਤੇ ਰੋਗ ‘ਦੁਖਦਾਈ’ ਹਨ ਬਲਕਿ ਨਾਗਾਂ ਵਾਂਗੂ ਡੱਸਦੀਆਂ ਹਨ।

ਤੇਰੇ ਵਿਜੋਗ ਵਿੱਚ ਹੁਣ ਮੈਨੂੰ ਸੁਰਾਹੀ (ਸ਼ਰਾਬ ਵਾਲੀ ਮਟਕੀ) ਅਤੇ (ਸ਼ਰਾਬ ਪੀਣ ਵਾਲਾ) ਪਿਆਲਾ ਸੂਲੀ ਅਤੇ ਖੰਜਰ ਦਿੱਸਦੇ ਹਨ।

ਤੇਰਾ ਵਿਛੋੜਾ ਕਸਾਈਆਂ ਦੇ ਬਿੰਗ ਸਹਾਰਣ ਵਾਂਗੂ ਹੈ। ਕਸਾਈ ਲੋਕ ਇੱਕ ਲੋਹੇ ਦਾ ਬਿੰਗ ਜਿਸ ਨੂੰ ‘ਸੂਆ’ ਵੀ ਆਖਦੇ ਹਨ, ਜੋ ਵਿਚੋਂ ਪੋਲਾ ਹੁੰਦਾ ਹੈ, ਗਰਮ ਕਰਕੇ ਦੁੰਬੇ ਦੀ ਪਿਛਲੀ ਚੱਕੀ ਵਿੱਚ ਖੋਭ ਕੇ ਪੰਘਰੀ ਹੋਈ ਚਰਬੀ ਕੱਢ ਕੇ ਪੀਂਦੇ ਹਨ। ਦੁੰਬਾ ਵਿਚਾਰਾ ਤੜਫਦਾ ਰਹਿੰਦਾ ਹੈ।

‘‘ਯਾਰੜੇ ਦਾ ਸਾਨੂੰ ਸੱਥਰ ਚੰਗਾ’’ ਭਾਵ ਤੇਰੇ ਕੋਲ ਹੁੰਦਿਆਂ ਸਾਨੂੰ (ਮੈਨੂੰ) ਸੱਥਰ (ਭੁੰਜੇ ਸੌਣਾ) ਵੀ ਚੰਗਾ ਸੁਖਦਾਈ ਸੀ ਪਰ ਖੇੜਿਆਂ ਵਿੱਚ ਰਹਿਣਾ ਮੇਰੇ ਵਾਸਤੇ ਤਪਦਾ-ਬਲਦਾ ਭੱਠ ਹੈ।

ਉਪ੍ਰੋਕਤ ਵਿਛੋੜੇ ਅਤੇ ਮਿਲਾਪ ਦੇ ਦੁਖ-ਸੁਖ ਗੁਰਬਾਣੀ ਵਿੱਚ ਵੀ ਦਰਸਾਏ ਹਨ, ਜਿਵੇਂ ਕਿ -

ਨਾਨਕ ਬਿਜੁਲੀਆ ਚਮਕੰਨਿ ਘੁਰਨਿ੍ਯ੍ਯ ਘਟਾ ਅਤਿ ਕਾਲੀਆ ॥

ਬਰਸਨਿ ਮੇਘ ਅਪਾਰ ਨਾਨਕ ਸੰਗਮਿ ਪਿਰੀ ਸੁਹੰਦੀਆ ॥

(ਸਲੋਕ ਮਾਰੂ ਵਾਰ ਮ: 5, 1102)

ਭਾਵ - ਉਪ੍ਰੋਕਤ ਭਿਆਨਕ ਦ੍ਰਿਸ਼ ਵੀ ਪਿਰੀ (ਪਰਮਾਤਮਾ) ਦੇ ਮਿਲਾਪ ਨਾਲ ਸੁਖਦਾਈ ਹੈ, ਇਸਦੇ ਉਲਟ

ਜਲ ਥਲ ਨੀਰਿ ਭਰੇ ਸੀਤਲ ਪਵਣ ਝੁਲਾਰਦੇ ॥

ਸੇਜੜੀਆ ਸੋਇੰਨ ਹੀਰੇ ਲਾਲ ਜੜੰਦੀਆ ॥

ਸੁਭਰ ਕਪੜ ਭੋਗ ਨਾਨਕ ਪਿਰੀ ਵਿਹੂਣੀ ਤਤੀਆ ॥

(ਮਾਰੂ ਵਾਰ ਮ: 5, 1102)

ਭਾਵ - ਉਪ੍ਰੋਕਤ ਸੁਹਾਵਣਾ ਅਤੇ ਮਨੋਰੰਜਕ ਦ੍ਰਿਸ਼ ਵੀ ਪ੍ਰਭੂ ਵਿਛੋੜੇ ਵਿੱਚ ਦੁਖਦਾਈ ਹੈ।

ਧਣੀ ਵਿਹੂਣਾ ਪਾਟ ਪਟੰਬਰ ਭਾਹੀ ਸੇਤੀ ਜਾਲੇ ॥

ਧੂੜੀ ਵਿਚਿ ਲੁਡੰਦੜੀ ਸੋਹਾਂ ਨਾਨਕ ਤੈ ਸਹ ਨਾਲੇ

(ਸਲੋਕ ਵਾਰਾਂ ਤੇ ਵਧੀਕ ਮ: 5, 1425)

ਹੁਣ ਪਾਠਕ ਆਪ ਹੀ ਵਿਚਾਰਨ ਕਿ ਇੱਕ ਗੋਰੀ, ਚਿੱਟੀ ਚਮੜੀ ਨਾਲ ਪਿਆਰ ਕਰਨ ਵਾਲੀ ਜੱਟੀ ਹੀਰ ਦਾ ਵਿਜੋਗੀ ਖ਼ਿਆਲ ਕਿੱਥੇ ਤੇ ਨਿਰੰਕਾਰ, ਅਕਾਲ ਪੁਰਖ ਪ੍ਰੀਤਮ ਦੇ ਪ੍ਰੇਮੀਆਂ ਦਾ ਪਿਆਰ ਕਿੱਥੇ।

ਇੱਕ ਹੋਰ ਗੱਲ ਇਹ ਕਿ ਮਿਤ੍ਰ ਪਿਆਰੇ ਵਾਲੇ ਸ਼ਬਦ ਵਿੱਚ ‘‘ਸੂਲ ਸੁਰਾਹੀ ਖੰਜਰ ਪਿਆਲਾ’’, ਜੋ ਮੁਹਾਵਰਾ ਵਰਤਿਆ ਹੈ, ਉਸਦਾ ਅਰਥ ਪਾਣੀ ਵਾਲੀ ਸੁਰਾਹੀ ਤਾਂ ਹੋ ਹੀ ਨਹੀਂ ਸਕਦਾ। ਤਾਂ ਤੇ ਇਹ ਮੁਹਾਵਰਾ ਕੋਈ ਸ਼ਰਾਬ ਪੀਣ ਵਾਲਾ ਸ਼ਰਾਬੀ ਤੇ ਵਿੱਸ਼ਈ ਹੀ ਯਾਰ ਦੇ ਵਿਛੋੜੇ ਵਿੱਚ ਵਰਤ ਸਕਦਾ ਹੈ ਜੋ ਹੀਰ ਜੱਟੀ ਨੇ ਰਾਂਝੇ ਯਾਰ ਦੇ ਵਿਛੋੜੇ ਵਿੱਚ ਵਰਤਿਆ, ਜਿਸ ਨੂੰ ਕਵੀ ਨੇ ਕਵਿਤਾ ਦਾ ਰੂਪ ਦਿੱਤਾ ਹੈ। ਪਰ ਧੰਨ ਹਨ ਅਜੋਕੇ ਉਹ ਗੁਰਸਿੱਖ ਵੀਰ ਜੋ ਬਿਨਾ ਵਿਚਾਰੇ ਹੀਰ ਜੱਟੀ ਦੇ ਖ਼ਿਆਲ ਆਦਿਕ ਕੱਚੀਆਂ ਬਾਣੀਆਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਝੂਮ-ਝੂਮ ਕੇ ਪੜ੍ਹਦੇ ਹੋਏ ਫੁੱਲੇ ਨਹੀਂ ਸਮਾਉਂਦੇ, ਹਾਲਾਂਕਿ ਭੱਠ ਖੇੜਿਆਂ ਦਾ ਰਹਿਣਾ ਅਤੇ ‘ਸੁਰਾਹੀ-ਪਿਆਲਾ’ ਕੇਵਲ ਹੀਰ ਹੀ ਆਖ ਸਕਦੀ ਹੈ।

ਮੁੱਕਦੀ ਗੱਲ, ਸੁਰਾਹੀ ਅਤੇ ਪਿਆਲਾ ਤਥਾ ਖੇੜੇ ਆਦਿਕ ਸ਼ਬਦਾਂ ਦੀ ਵਰਤੋਂ ਗੁਰੂ ਪਾਤਸ਼ਾਹ ਕਦੇ ਵੀ ਨਹੀਂ ਕਰ ਸਕਦੇ। ਇਹ ਕੇਵਲ ਨਸ਼ਿਆਂ ਦੇ ਪ੍ਰੇਮੀ ਸਾਕਤ ਮਤੀਏ ਕਵੀ ਨੇ ਗੁਰਸਿੱਖਾਂ ਨੂੰ ਧੋਖਾ ਦਣ ਵਾਸਤੇ ਆਪਣੀ ਰਚਨਾ ਗੁਰੂ ਪਾਤਸ਼ਾਹ ਵੱਲੋਂ ਦਰਸਾਉਣ ਹਿਤ ‘ਮਿਤ੍ਰ ਪਿਆਰੇ’ ਵਾਲੇ ਦਾ ਸਿਰਲੇਖ ਪਾ:10 ਲਿਖਿਆ ਹੈ।

ਨੋਟ - ਪਾਠਕਾਂ ਨੂੰ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਜੋ ਬੀੜ ਸਭ ਤੋਂ ਪਹਿਲਾਂ ਭਾਈ ਮਨੀ ਸਿੰਘ ਵਾਲੀ 1770 ਵਿੱਚ ਲਿਖੀ ਦੱਸੀ ਜਾਂਦੀ ਹੈ ਅਤੇ ਗੁਰਪੁਰਵਾਸੀ ਰਾਜਾ ਗੁਲਾਬ ਸਿੰਘ ਸੇਠੀ ਦੇ ਘਰ ਦਿੱਲੀ ਵਿੱਚ ਸੀ ਹੁਣ ਨਹੀ ਹੈ। ਉਸ ਵਿੱਚ ਉਪ੍ਰੋਕਤ ‘‘ਮਿਤ੍ਰ ਪਿਆਰੇ’’ ਵਾਲਾ ਗੀਤ ਸ਼ਬਦ ਹਜ਼ਾਰੇ ਵਾਲੇ 10 ਸ਼ਬਦਾਂ ਸਮੇਤ ਹੈ ਹੀ ਨਹੀਂ।

ਕਈ ਬੀੜਾਂ ਵਿੱਚ ਉਪ੍ਰੋਕਤ ‘‘ਮਿਤ੍ਰ ਪਿਆਰੇ’’ ਵਾਲੇ ਖ਼ਿਆਲ ਪਾਤਸ਼ਾਹੀ 10 ਨੂੰ ਛੱਡ ਕੇ ਕੇਵਲ 9 ਸ਼ਬਦ ਹੀ ਹਨ।

ਫਿਰ ਕਈ ਬੀੜਾਂ ਵਿੱਚ ਮੁਰੀਦਾਂ ਦੀ ਥਾਵੇਂ ‘‘ਹਾਲ ਫਕੀਰਾਂ ਦਾ’’ ਲਿਖਿਆ ਹੈ। ਸੱਚ ਪੁੱਛੋ ਤਾਂ ਉਪ੍ਰੋਕਤ ਸੰਗ੍ਰਹਿ ਵਾਲੇ ਸਾਰੇ 10 ਸ਼ਬਦ ਹੀ ਦਸ਼ਮੇਸ਼ ਰਚਨਾ ਮੰਨਣ ਸਬੰਧੀ ਦੀਰਘ ਵਿਚਾਰ ਗੋਚਰੇ ਹਨ।

ਤਿਲੰਗ ਕਾਫੀ 10 (ਪੰਨਾ 711, ਦਸਮ ਗ੍ਰੰਥ)

ਕੇਵਲ ਕਾਲ ਈ ਕਰਤਾਰ।

ਆਦਿ ਅੰਤ ਅਨੰਤ ਮੂਰਤਿ ਗੜਨ ਭੰਜਨਹਾਰ। ....

ਕਵੀ ਕਾਲ ਨੂੰ ਕਰਤਾਰ ਕਹਿੰਦਾ ਹੈ। ਗੁਰਬਾਣੀ ਅਕਾਲ ਪੁਰਖ ਨੂੰ ਕਰਤਾਰ ਜਾਂ ਕਰਤਾ ਪੁਰਖ ਕਹਿੰਦੀ ਹੈ। ਗੁਰੂ ਗੋਬਿੰਦ ਸਿੰਘ ਜੀ ਕਾਲ ਨੂੰ ਕਰਤਾਰ ਨਹੀਂ ਮੰਨ ਸਕਦੇ। ਰਚਨਾ ਕਵੀ ਦੀ ਸਿੱਧ ਹੁੰਦੀ ਹੈ।

ਦਸਮ ਗ੍ਰੰਥ ਦੀਆਂ ਰਚਨਾਵਾਂ ਦੀ ਵਿਚਾਰ ਕਰਦੇ ਹੋਏ ਅਸੀਂ ਚੰਗੀ ਤਰ੍ਹਾਂ ਸਮਝ ਲਿਆ ਹੈ ਕਿ ਕਵੀ ਰਚਨਹਾਰ ਕਰਤਾਰ ਕਾਲ ਨੂੰ ਹੀ ਸਮਝਦਾ ਹੈ। ਗੁਰਬਾਣੀ ਇੱਕ ਏਕੰਕਾਰ ਜੋਤਿ ਰੂਪ ਪਾਰਬ੍ਰਹਮ ਨੂੰ ਅਕਾਲ ਪੁਰਖ ਕਹਿੰਦੀ ਹੈ। ਤੇ ਗੁਰਬਾਣੀ ਉਪਦੇਸ਼ ਅਨੁਸਾਰ ਅਕਾਲ ਪੁਰਖ, ਹੀ ਸਭ ਸੰਸਾਰ ਦਾ ਕਰਤਾ ਹੈ। ਇਹ ਰਚਨਾ ਤਿਲੰਗ ਕਾਫੀ ਗੁਰਬਾਣੀ ਉਪਦੇਸ਼ ਦੇ ਵਿਰੁੱਧ ਹੈ।

ਰਾਮਕਲੀ ਪਾ:10 ਦੇ ਹੋਰ ਸ਼ਬਦ ਵੀ ਕਾਲ ਨੂੰ ਪ੍ਰਭੂ ਸਮਝ ਕੇ ਉਚਾਰੇ ਗਏ ਪ੍ਰਤੀਤ ਹੁੰਦੇ ਹਨ। ਪਾ:10 ਨੇ ਕੋਈ ਬਾਣੀ ਰਚੀ ਹੁੰਦੀ ਤਾਂ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਨਾਨਕ ਛਾਪ ਨਾਲ ਦਰਜ ਕਰ ਦਿੰਦੇ।

ਡਾ: ਗੁਰਮੁਖ ਸਿੰਘ




.