.

ਭੂਤ ਪ੍ਰੇਤ ਕੌਣ ਹਨ?

ਗੁਰਦੇਵ ਸਿੰਘ ਸੱਧੇਵਾਲੀਆ

ਸਾਡੇ ਪਿੰਡ ਦੀ ਇੱਕ ਕਹਾਣੀ ਕਈ ਚਿਰ ਪ੍ਰਚਲਤ ਰਹੀ ਕਿ ਸਾਡੇ ਗੁਆਢੀਆਂ ਦਾ ਕਾਮਾ ਇੱਕ ਰਾਤ ਪਾਣੀ ਲਾ ਕੇ ਆ ਰਿਹਾ ਸੀ ਕਿ ਜਦ ਉਹ ਸੂਏ ਦੇ ਪੁੱਲ ਤੇ ਆਇਆ ਤਾਂ ਉਸ ਨੂੰ ਇੱਕ ਬੱਕਰੀ ਦਾ ਪਠੋਰਾ ਮਿਆਂਕਦਾ ਦਿੱਸਿਆ। ਉਸ ਲਾਲਚ ਵੱਸ ਪਠੋਰਾ ਚੁੱਕ ਕੇ ਮੋਢਿਆਂ ਤੇ ਰੱਖ ਲਿਆ। ਥੋੜੀ ਦੂਰ ਜਦ ਉਹ ਗਿਆ ਤਾਂ ਪਠੋਰਾ ਲਮਕਦਾ-ਲਮਕਦਾ ਉਸ ਦੇ ਪੈਰਾਂ ਤੀਕ ਪਹੁੰਚ ਗਿਆ ਉਸ ਦੀਆਂ ਡਰਦੇ ਦੀਆਂ ਚੀਕਾਂ ਨਿਕਲ ਗਈਆਂ ਤੇ ਪਠੋਰਾ ਉਸ ਚਲਾ ਕੇ ਹੇਠਾਂ ਮਾਰਿਆ ਪਰ ਹੇਠਾਂ ਡਿਗਦਿਆਂ ਹੀ ਉਹ ਪਠੋਰਾ ਸਿਹਾ ਬਣ ਗਿਆ ਤੇ ਇੰਝ ਉਹ ਕਦੇ ਕੁੱਤਾ, ਕਦੇ ਬਿੱਲਾ ਤੇ ਕਦੇ ਝੋਟਾ ਬਣ ਕੇ ਉਸ ਦਾ ਰਾਹ ਰੋਕਦਾ ਰਿਹਾ। ਅਖੇ ਉਹ ਛਲੇਡਾ ਭੂਤ ਸੀ ਜੋ ਕਈ ਰੂਪ ਬਦਲ ਲੈਂਦਾ! ਇਸ ਕਹਾਣੀ ਦਾ ਇਨ੍ਹਾ ਅਸਰ ਹੋਇਆ ਕਿ ਇਹੀ ਛਲੇਡਾ ਪਿੰਡ ਦੇ ਹਰੇਕ ਦੂਜੇ-ਤੀਜੇ ਨੂੰ ਦਿੱਸਿਆ। ਪਿੰਡ ਦਾ ਕੁੱਤਾ ਤੁਰਿਆ ਜਾਂਦਾ ਵੀ ੳਨ੍ਹਾਂ ਨੂੰ ਰਾਤ ਨੂੰ ਛਲੇਡਾ ਹੀ ਜਾਪਣ ਲੱਗ ਪਿਆ।

ਪਾਠਕਾਂ ਨੂੰ ਯਾਦ ਹੋਵੇਗਾ ਕਿ ਜਦ ਗਣੇਸ਼ ਦੀ ਮੂਰਤੀ ਦੁੱਧ ਪੀਣ ਲੱਗੀ ਹੋਈ ਸੀ ਤਾਂ ‘ਸਿੱਖਾਂ’ ਸੋਚਿਆ ਅਸੀਂ ਵੀ ਕੁੱਝ ਕਰੀਏ ਤੇ ਉਨ੍ਹੀ ਗੁਰੂ ਨਾਨਕ ਸਾਹਿਬ ਚੰਨ ਵਿਚੋਂ ਪ੍ਰਗਟ ਕਰ ਦਿਤੇ ਤੇ ਬਹੁਤਿਆਂ ਨੂੰ ਸੱਚਮੁਚ ‘ਦਰਸ਼ਨ’ ਹੋ ਗਏ. . ? ਉਸੇ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਉਨ੍ਹੀ ਮੂਰਤੀਆਂ ਵਿੱਚ ਦੇਖੇ ਹੋਏ ਸਨ। ਕਿਸੇ ਨੂੰ ਨਾਨਕਸਰੀਆਂ ਵਾਲੇ ਤੇ ਕਿਸੇ ਨੂੰ ਸੋਭਾ ਸਿੰਘ ਵਾਲੇ ਗੁਰੂ ਨਾਨਕ ਸਾਹਿਬ ਦਿੱਸੇ। ਇਸ ਨੁਕਤੇ ਨੂੰ ਸਮਝਿਆਂ ਸਾਨੂੰ ਭੁਤਾਂ-ਪ੍ਰੇਤਾਂ ਚੁੜੇਲਾਂ ਵਾਲੀ ਕਹਾਣੀ ਸੌਖਿਆਂ ਸਮਝ ਆ ਸਕਦੀ ਹੈ ਕਿ ਜਿਹੜੀ ਚੀਜ ਤੁਸੀਂ ਮੰਨ ਲਿਆ ਕਿ ਹਾਂ ਹੈ ਉਹ ਹੋਵੇਗੀ ਹੀ। ਬਾਹਰ ਨਹੀ ਬਲਕਿ ਤੁਹਾਡੇ ਅੰਦਰ ਹੀ। ਪਹਿਲਾਂ ਵੀ ਸਾਡੇ ਪਿੰਡ ਦਾ ਸੂਆ ਉਹੀ ਸੀ ਤੇ ਪਠੋਰਾ ਦਿੱਸਣ ਵਾਲੀ ਕਹਾਣੀ ਤੋਂ ਬਾਅਦ ਵੀ। ਪਹਿਲਾਂ ਉਥੇ ਕਿਸੇ ਨੂੰ ਕੁੱਝ ਨਹੀ ਦਿਸਿਆ ਪਰ ਇਹ ਗੱਲ ਧੁੰਮਣ ਤੋ ਬਾਅਦ ਕਈਆਂ ਨੂੰ। ਚੰਨ ਪਹਿਲਾਂ ਵੀ ਸੀ, ਕਿਸੇ ਨੂੰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਨਹੀ ਹੋਏ ਪਰ ‘ਅਫਵਾਹ’ ਤੋਂ ਬਾਅਦ ਹਰੇਕ ਦੂਜੇ ਘਰ ਦਰਸਣ ਹੋਣ ਦੀ ਚਰਚਾ ਸੀ! ਇਸ ਦਾ ਮੱਤਲਬ ਕੀ ਨਿਕਲਿਆ? ਚਾਨਣ ਵਿੱਚ ਬੜਾ ਸੁਹਣਾ ਦਿੱਸਦਾ ਰੁੱਖ ਹਨੇਰਾ ਹੁੰਦਿਆਂ ਹੀ ‘ਕਾਲਾ ਭੂਤ’ ਕਿਉਂ ਜਾਪਦਾ ਹੈ। ਇੱਕ ਦੋਸਤ ਪਿੰਡ ਮਿਲਣ ਆਇਆ ਸਿਆਲੀ ਜਿਹੀ ਸ਼ਾਮ ਨੂੰ ਮੁਨੇਰੇ ਹੋਏ ਅਸੀਂ ਬਾਹਰ ਸੂਏ ਵਲ ਨਿਕਲ ਤੁਰੇ। ਸੂਆ ਉਤਰਦਿਆਂ ਹੀ ਸਾਡੇ ਪਿੰਡ ਦੀਆਂ ਮੜ੍ਹੀਆਂ ਹਨ ਜਦ ਉਸ ਨੂੰ ਪਤਾ ਲੱਗਾ ਕਿ ਅਸੀਂ ਮੜ੍ਹੀਆਂ ਲਾਗੇ ਘੁੰਮ ਰਹੇ ਹਾਂ ਤਾਂ ੳੇੁਹ ਤ੍ਰਬਕ ਪਿਆ ਅਤੇ ਮੁੜਨ ਲਈ ਕਾਹਲੀ ਕਰਨ ਲਗਿਆ ਜਦ ਕਿ ਉਹ ਪਹਿਲਾਂ ਚੰਗਾ-ਭਲਾ ਤੁਰਿਆ ਜਾ ਰਿਹਾ ਸੀ। ਮਾਨਸਿਕ ਤੌਰ ਤੇ ਜਦ ਉਸ ਮੰਨਿਆ ਕਿ ਮੈ ਮੜ੍ਹੀਆਂ ਵਿੱਚ ਹਾਂ ਤਾਂ ਉਹ ਡਰ ਗਿਆ ਕਿਉਂਕਿ ਸਾਡੇ ਮਨਾ ਵਿੱਚ ਡਰ ਹੈ ਉਨ੍ਹਾ ਮਰਿਆਂ ਹੋਇਆਂ ਦਾ ਜੀਹਨਾ ਨਾਲੋਂ ਜਿਉਂਦੇ ਕਿਤੇ ਜਿਆਦਾ ਖਤਰਨਾਕ ਹਨ! ਬੁਸ਼ ਜਿੰਨੀ ਦੁਨੀਆਂ ਕੋਈ ‘ਭੂਤਨਾ’ ਮਾਰ ਦਏਗਾ? ਹਿਟਲਰ, ਚੰਗੇਜ, ਹਲਾਕੂ, ਔਰੰਗਜ੍ਹੇਬ, ਇੰਦਰਾ ਗਾਂਧੀ! ਦਸੋ ਕਿਹੜਾ ਇਨ੍ਹਾ ਨਾਲੋਂ ਖਤਰਨਾਕ ਭੂਤਨਾ ਹੈ ਜਿਹੜਾ ਕਬਰਾਂ ਜਾਂ ਮੜੀਆਂ ਵਿਚੋਂ ਉਠ ਕੇ ਮਨੁੱਖਤਾ ਨੂੰ ਲਹੂ ਲੁਹਾਨ ਕਰ ਸਕੇਗਾ?

ਇਹ ਛੋਟੇ-ਛੋਟੇ ਨੁਕਤੇ ਹਨ ਜੀਹਨਾ ਨੂੰ ਸਮਝਿਆਂ ਅਸੀਂ ਬਹੁਤ ਛੇਤੀ ਅਪਣੀ ਮਾਨਸਿਕਤਾ ਵਿੱਚ ਬੈਠੇ ਹੋਏ ‘ਭੂਤਾਂ-ਪ੍ਰੇਤਾਂ’ ਦਾ ਅੰਦਾਜਾ ਲਾ ਸਕਦੇ ਹਾਂ ਜਿਹੜੇ ਕਿ ਅਸਲ ਵਿੱਚ ਸਾਡੀ ਮਾਨਸਿਕਤਾ ਦੀ ਹੀ ਦੇਣ ਹਨ ਪਰ ਉਨ੍ਹਾ ਦੀ ਹੋਂਦ ਕੋਈ ਨਹੀ। ਹੈਰਾਨੀ ਦੀ ਗੱਲ ਇਹ ਕਿ ਏਸ ਧੰਦੇ ਨਾਲ ਮੱਨੁਖਤਾ ਦੀ ਅੰਨ੍ਹੀ ਲੁੱਟ ਹੋ ਰਹੀ ਹੈ ਪਰ ਕੋਈ ਧਾਰਮਿਕ ਅਦਾਰਾ ਸਮੇਤ ਸਿੱਖਾਂ ਦੇ ਗੁਰਦੁਆਰਿਆਂ ਦੇ, ਇਸ ਦੇ ਖਿਲਾਫ ਜੁਬਾਨ ਤੱਕ ਖ੍ਹੋਲਣ ਨੂੰ ਤਿਆਰ ਨਹੀ ਅਤੇ ਯਕੀਨਨ ਸਾਡੇ ਧਾਰਮਿਕ ਅਦਾਰਿਆਂ ਦੇ ਬਹੁਤੇ ਚੌਧਰੀ ਜਾਂ ਉਨ੍ਹਾ ਦੇ ਘਰਾਂ ਵਾਲੀਆਂ ਖੁਦ ਏਸ ਮੱਕੜ ਜਾਲ ਵਿੱਚ ਫਸੀਆਂ ਹੋਈਆਂ ਹਨ। ਬਲਕਿ ਕਈ ਪ੍ਰਬੰਧਕ ਅਤੇ ਗਰੰਥੀ ਖੁਦ ਤਾਂਬੇ ਦੀਆਂ ਗੜਵੀਆਂ ਵਿੱਚ ‘ਜਲ’ ਕਰਕੇ ਦੇਣ ਲੱਗੇ ਹੋਏ ਹਨ। ਇਹੀ ਹਾਲ ਸਾਡੇ ਡੇਰੇਦਾਰਾਂ ਦਾ ਹੈ। ਉਹ ਇਹ ਨਹੀ ਕਹਿੰਦੇ ਕਿ ਇਨ੍ਹਾ ਦਾ ਮੂਲੋਂ ਫਸਤਾ ਵੱਡ ਕੇ ਨਿਡਰ ਹੋਵੋ ਬਲਕਿ ਨਾਲ ਦਸ ਦਿੰਦੇ ਹਨ ਕਿ ਗੁਰਬਾਣੀ ਪੜਨ ਵਾਲੇ ਦੇ ਲਾਗੇ ਇਹ ਚੀਜਾਂ ਨਹੀ ਆਉਂਦੀਆਂ ਬਿਨਾ ਇਸ ਗੱਲ ਨੂੰ ਸਮਝੇ ਕਿ ਗੁਰਬਾਣੀ ਭੂਤਨੇ ਕਹਿ ਕੀਹਨੂੰ ਰਹੀ ਹੈ। ਜਿਵੇਂ ਗੁਰਬਾਣੀ ਸਾਨੂੰ ਭੂਤਨਿਆਂ ਤੋਂ ਬੰਦੇ ਬਣਾਉਂਣ ਲਈ ਨਹੀ ਸਗੋਂ ਸਾਡੇ ਭੂਤਨੇ ਕੱਢਣ ਲਈ ਰਚੀ ਗਈ ਹੋਵੇ ਜਾਂ ਭੂਤਨੇ ਦੜਾਉਂਣ ਵਾਲਾ ਕੋਈ ਮੰਤ੍ਰ ਹੋਵੇ! ਇਸੇ ਗੱਲ ਦਾ ਸਹਾਰਾ ਲੈ ਕੇ ਹੀ ਵਡਭਾਗ ਸਿੰਘੀਏ ਜਾਂ ਹੋਰ ਪਖੰਡੀ ਲੋਕ ਗੁਰੂ ਗਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਹੀ ਚਿਮਟਿਆਂ ਨਾਲ ਭੂਤ ਕੱਢ ਰਹੇ ਹੁੰਦੇ ਹਨ ਤੇ ਸ਼ਬਦ ਗੁਰਬਾਣੀ ਦਾ ਪੜ ਰਹੇ ਹੁੰਦੇ ਹਨ।

ਇਥੇ ਕਹਾਣੀ ਯਾਦ ਆਈ ਨਾਨਕਸਰੀਆਂ ਦੇ ਬਾਬਾ ਸਾਧੂ ਸਿੰਘ ਦਾ ਮੋਗੇ ਵਲ ਦਾ ਇੱਕ ਸ਼ਰਧਾਲੂ ਉਨ੍ਹਾ ਕੋਲੇ ਗਿਆ ਕਿ ਬਾਬਾ ਜੀ ਘਰੇ ਲੜਕੀ ਵਿੱਚ ਕੋਈ ਪ੍ਰੇਤ ਆਉਂਦਾ ਕ੍ਰਿਪਾ ਕਰੋ। ਬਾਬਿਆਂ ਸੰਪਟ ਪਾਠ ਉਹਦੇ ਘਰੇ ਰਖਾ ਦਿਤਾ। ਪਾਠ ਕਰਨ ਗਏ ਬਾਬੇ ਦੇ ਚੇਲੇ ਵਾਪਸ ਆ ਕੇ ਬੜਾ ਤਿੜ-ਤਿੜ ਕੇ ਅਪਣੇ ਬਾਬੇ ਦੀਆਂ ਸਿਫਤਾਂ ਕਰਨ ਕਿ ਬਈ ਭੋਗ ਵਾਲੇ ਦਿਨ ਕੁੜੀ ਸਾਂਭੀ ਨਾ ਜਾਵੇ। ਉਸ ਵਿੱਚ ਕਈ ਪ੍ਰੇਤਾਂ ਬੋਲਣ ਤੇ ਆਖਰ ਪ੍ਰੇਤਾਂ ਦਾ ਸਰਦਾਰ ਕਹਿਣ ਲੱਗਾ ਕਿ ਮੈ ਇਸ ਕੁੜੀ ਨੂੰ ਛੱਡਣਾ ਨਹੀ ਸੀ ਪਰ ਇੱਕ ਚਿੱਟੀ ਗੋਲ ਪੱਗ ਵਾਲਾ ਬਾਬਾ ਸਿਮਰਨਾ ਫੜੀ ਬੈਠਾ ਸਾਡੀ ਪੇਸ਼ ਨਹੀ ਜਾਣ ਦਿੰਦਾ। ਸੋ ਅਸੀਂ ਹੁਣ ਜਾ ਰਹੇ ਹਾਂ ਸਾਡਾ ਪ੍ਰਸ਼ਾਦ ਫਲਾਂਣੇ ਪਿੱਪਲ ਹੇਠ ਰੱਖ ਦਿਓ। ਜਦ ਉਹ ਪ੍ਰੇਤ ਪ੍ਰਸਾਦ ਖਾ ਕੇ ਗਏ ਤਾਂ ਪਿੱਪਲ ਦੇ ਵੱਡੇ-ਵੱਡੇ ਟਾਹਣ ਤੋੜ ਗਏ?

ਇਦਾਂ ਦੀ ਹੀ ਕਹਾਣੀ ਭਾਈ ਰਣਧੀਰ ਸਿੰਘ ਜੀ ਨੇ ਵੀ ਲਿੱਖੀ ਹੈ ਕਿ ਰਾਤ ਉਨ੍ਹਾ ਨੂੰ ਸ਼ਰਾਰਤੀ ਲੋਕਾਂ ਉਸ ਹਵੇਲੀ ਵਲ ਘੱਲ ਦਿਤਾ ਜਿਥੇ ਭੁਤ-ਪ੍ਰੇਤ ਰਹਿੰਦੇ ਸਨ ਤੇ ਉਨ੍ਹਾਂ ਕਿਵੇਂ ਅਪਣੇ ਆਪ ਨੂੰ ਬਚਾਇਆ ਤੇ ਆਖਰ ਭੂਤ ਮਾਫੀਆਂ ਮੰਗ ਕੇ ਛੁੱਟੇ ਅਤੇ ਕੰਧ ਤੇ ਰੱਖਿਆ ਪ੍ਰਸ਼ਾਦ ਵੀ ਛੱਕ ਕੇ ਗਏ. . ? ਰਲਦੀ ਮਿਲਦੀ ਕਹਾਣੀ ਬਾਬਾ ਨੰਦ ਸਿੰਘ ਜੀ ਨਾਲ ਵੀ ਸਬੰਧਤ ਹੈ ਕਿ ਸਾਬਣ ਬਣਾਉਂਣ ਵਾਲੇ ਕੜਾਹਿਆਂ ਹੇਠ ਕਿਸੇ ਨੇ ਤਬੀਤ ਰੱਖੇ ਸਨ ਜਿਸ ਕਰਕੇ ਬਾਬਾ ਜੀ ਦੇ ਸ਼ਰਧਾਲੂ ਦਾ ਬੜਾ ਨੁਕਸਾਨ ਹੁੰਦਾ ਸੀ ਤੇ ਆਖਰ ਬਾਬਾ ਜੀ ਦੀ ਕ੍ਰਿਪਾ ਹੋਈ ਤਾਂ ਟੋਆ ਪੁੱਟਣ ਤੇ ਹੇਠੋਂ ਦੱਬੇ ਹੋਏ ਤਬੀਤ ਨਿਕਲੇ. . ? ਮੰਦਰਾਂ ਵਿੱਚ ‘ਜੈ ਸੀਆ ਰਾਮ’ ਦਾ ਭਜਨ ਗਾਉਂਣ ਵਾਲੇ ਬਾਬਾ ਰਾਮ ਸਿੰਘ ਨਾਨਕਸਰ ਵਾਲੇ ਨੇ ‘ਅਜਮੇਰ’ ਨਾਂ ਦਾ ਅਪਣਾ ਪੱਕਾ ਚੇਲਾ ਭੂਤਾਂ-ਪ੍ਰੇਤਾਂ ਵਾਲਿਆਂ ਦੇ ਕੇਸ ਨਿਪਟਾਣ ਲਈ ਲਾਇਆ ਹੋਇਆ ਹੈ ਉਸੇ ਨੂੰ ਜਦ ਇਸ ਬਾਰੇ ਕਿਸੇ ਸ਼ੰਕਾ ਕੀਤੀ ਤਾਂ ਉਹ ਕਹਿਣ ਲਗਾ ਕਿ ਭੂਤ-ਪ੍ਰੇਤ ਸੱਚਮੁਚ ਲੋਕਾਂ ਵਿੱਚ ਆਉਂਦੇ ਤੇ ਬੋਲਦੇ ਹਨ। ਅਪਣੀ ਇਸ ਗੱਲ ਨੂੰ ਹੋਰ ਜਸਟੀਫਾਈ ਕਰਨ ਲਈ ਉਹ ਕਹਿਣ ਲਗਾ ਕਿ ਇਸੇ ਕਾਰਨ ਬਾਬਾ ਈਸਰ ਸਿੰਘ ਜੀ ਨਾਨਕਸਰ ਵਾਲਿਆਂ ਵੀ ਜੀਤਾ ਸਿਉਂ ਨਾ ਦੇ ਬੰਦੇ ਨੂੰ ਭੂਤਾਂ-ਪ੍ਰੇਤਾਂ ਦਾ ਮਹਿਕਮਾ ਦਿਤਾ ਹੋਇਆ ਸੀ ਅਤੇ ਬੜੇ ਲੋਕ ਰਾਜੀ ਹੋ ਕੇ ਜਾਂਦੇ ਸਨ. . ? ਬਾਬੇ ਰਾਮ ਸਿਉਂ ਦੇ ਚੇਲੇ ਦਾ ਸ਼ਰਾਬੀ ਬੰਦੇ ਨੂੰ ਸ਼ਰਾਬ ਛੁਡਾਉਂਣ ਦਾ ਤਰੀਕਾ ਵੀ ਬੜਾ ਅਜੀਬ ਸੀ। ਉਹ ਸਬੰਧਤ ਬੰਦੇ ਨੂੰ ਕਹਿੰਦਾ ਕਿ ਸ਼ਰਾਬ ਦੀ ਬੋਤਲ ਗੰਦੀ ਨਾਲੀ ਲਾਗੇ ਰੱਖ ਕੇ ਪੰਜ ਵਾਰੀ ‘ਦੈਂਤ’ ਨੂੰ ਕਹਿਣਾ ਕੇ ‘ਬਾਬਾ’ ਮੇਰਾ ਖਹਿੜਾ ਛੱਡ ਤੇ ਅਪਣੇ ਹਿੱਸੇ ਦੀ ਸ਼ਰਾਬ ਤੂੰ ਪੀ ਲੇ। ਇੰਝ ਕਈ ਦਿਨ ਕਰਨ ਨਾਲ ਅਖੇ ਸ਼ਰਾਬ ਛੁੱਟ ਜਾਂਦੀ ਹੈ! ਬਾਬਾ ਈਸਰ ਸਿੰਘ ਜੀ ਰਾੜੇਵਾਲਿਆਂ ਦੇ ਕਾਬੂ ਕੀਤੇ ਪ੍ਰੇਤ ਦੀ ਆਡੀਓ ਕੈਸਟ ਬੜਾ ਚਿਰ ਘਰਾਂ ਵਿੱਚ ਘੁੰਮਦੀ ਰਹੀ ਸੀ ਜਿਸ ਵਿੱਚ ਪ੍ਰੇਤ ਕਿਸੇ ਭਾਈ ਨਾਲ ਹਾ ਹਾ ਹਾ ਕਰਕੇ ਇੰਟਰਵਿਊ ਕਰ ਰਿਹਾ ਸੀ ਜਿਸਦਾ ਕਹਾਣੀ ਮੁਤਾਬਕ ਬਾਬਾ ਈਸ਼ਰ ਸਿੰਘ ਜੀ ਨੇ ਪਾਰ ਉਤਾਰਾ ਕਰਕੇ ‘ਬੈਕੁੰਠ’ ਨੂੰ ਭੇਜ ਦਿੱਤਾ ਸੀ!

ਇਥੇ ਅਸੀਂ ਕੋਲੋਂ ਕੁੱਝ ਨਹੀ ਕਿਹਾ ਬਲਕਿ ਉਨ੍ਹਾਂ ਬਜ਼ੁਰਗਾਂ ਦੀਆਂ ਕਹੀਆਂ ਕੀਤੀਆਂ ਜਾਂ ਲਿਖੀਆਂ ਕਹਾਣੀਆਂ ਹੀ ਕੋਟ ਕੀਤੀਆਂ ਹਨ। ਉਪਰ ਦਿੱਤੀਆਂ ਕਹਾਣੀਆਂ ਦੱਸਣ ਦਾ ਮੱਕਸਦ ਕੇਵਲ ਇਨ੍ਹਾ ਕਿ ਗੁਰਬਾਣੀ ਦਾ ਚਾਨਣ ਹੁੰਦਿਆਂ ਵੀ ਸਿੱਖ ਭੂਤਾਂ-ਪ੍ਰੇਤਾਂ ਅਤੇ ਜਾਦੂ-ਟੂਣਿਆਂ ਦੇ ਅੰਧਕਾਰ ਵਿਚੋਂ ਨਿਕਲ ਕਿਉਂ ਨਹੀ ਸਕਿਆ? ਸਾਡੇ ਪਿਉ, ਬਾਬੇ-ਦਾਦੇ ਇਨ੍ਹਾ ਬਜ਼ੁਰਗਾਂ ਨੂੰ ਹੀ ਸੁਣਦੇ, ਪੂਜਦੇ ਅਤੇ ਮੰਨਦੇ ਆਏ ਹਨ। ਉਨ੍ਹਾਂ ਕੋਲੋਂ ਹੀ ਇਹ ਅੰਧਕਾਰ ਅਗਲੀਆਂ ਪੀਹੜੀਆਂ ਤੱਕ ਆਇਆ ਹੈ ਜਿਹੜਾ ਚੰਗੇ-ਭਲੇ ਦਿੱਸਦੇ ਸਿੱਖ ਨੂੰ ਮੁਸਲਮਾਨੀ ਪੀਰਾਂ ਸਯਦਾ ਅਤੇ ਪੰਡਤਾਂ ਜੋਤਸ਼ੀਆਂ ਦੇ ਪੈਰਾਂ ਵਿੱਚ ਸੁੱਟ ਰਿਹਾ ਹੈ। ਜਿਹੜੀਆਂ ਗੱਲਾਂ ਦਾ ਕੋਈ ਅਰਥ ਜਾਂ ਹੋਂਦ ਨਹੀ ਸੀ ਜਿਹੜੀਆਂ ਅੱਜ ਚੈਲਿੰਜ ਹੋ ਰਹੀਆਂ ਹਨ ਉਨ੍ਹਾਂ ਪੱਥਰ ਜੁੱਗ ਦੀਆਂ ਘੱਸੀਆਂ-ਪਿੱਟੀਆਂ ਕਹਾਣੀਆਂ ਵਿਚੋਂ ਵੀ ਸਿੱਖ ਨਿਕਲਣ ਲਈ ਤਿਆਰ ਨਹੀ ਕਿਉਂਕਿ ਮਹਾਂਪੁਰਖ ਜਾਂ ‘ਬ੍ਰਹਮਗਿਆਂਨੀ’ ਇਨ੍ਹਾਂ ਉਪਰ ਮੋਹਰ ਲਾ ਗਏ ਸਨ? ਅਜਿਹੇ ਹਾਲਤਾਂ ਵਿੱਚ ਦੱਸੋ ਕਿ ਇਹ ਕੌਮ ਨਿਡਰ ਕਿਵੇਂ ਹੋਵੇਗੀ? ਬਿੱਲੀਆਂ ਦੇ ਰਾਹ ਕੱਟਣ ਤੋਂ ਕਿਉਂ ਨਹੀ ਡਰੇਗੀ? ਪੰਡਤਾਂ, ਸਈਯਦਾ, ਪੀਰਾਂ ਦੇ ਗੇੜ ਵਿੱਚ ਪੈ ਕੇ ਕਿਉਂ ਨਹੀ ਲੁੱਟ ਹੋਵੇਗੀ, ਭੂਤਾਂ ਪ੍ਰੇਤਾਂ ਇਸ ਨੂੰ ਕਿਵੇਂ ਨਹੀ ਦਿੱਸਣਗੀਆਂ ਜੇ ਇਸ ਦੇ ਰਾਹ ਦੱਸਣ ਵਾਲਿਆਂ ਨੂੰ ਖੁਦ ਨਹੀ ਦਿਸਣੋਂ ਹਟੀਆਂ?

ਸਵਾਲ ਅੱਜ ਵੀ ਖੜਾ ਹੈ ਤੇ ਪਹਿਲਾਂ ਵੀ ਰਿਹਾ ਹੈ ਜਿਹੜਾ ਗੁਰੂ ਨਾਨਕ ਪਾਤਸ਼ਾਹ ਨੇ ਵੀ ਉਠਾਇਆ ਸੀ ਕਿ ਇਨ੍ਹਾ ਗੈਬੀ ਰੂਹਾਂ ਕਾਬੂ ਕਰੀ ਫਿਰਨ ਵਾਲਿਆਂ ਅਤੇ ਜਾਦੂ-ਟੂਣਿਆਂ ਨਾਲ ਫੂਕਾਂ ਮਾਰ ਕੇ ਦੁਸ਼ਮਣਾ ਨੂੰ ਭਜਾਉਂਣ ਵਾਲਿਆਂ ਕੋਲੋਂ ਬਾਬਰ ਦਾ ਕੁੱਝ ਨਹੀ ਸਰਿਆ। ਉਹ ਆਇਆ, ਸਭ ਕੁੱਝ ਲੁੱਟ ਕੇ ਪੱਕਾ ਹੀ ਧਰਨਾ ਮਾਰ ਕੇ ਬੈਠ ਗਿਆ ਕਿਸੇ ਦਾ ਮੰਤ੍ਰ-ਟੂਣਾ ਨਹੀ ਚਲਿਆ, ਕੋਈ ਮੰਤ੍ਰਾਂ-ਟੂਣਿਆਂ ਨਾਲ ਨਹੀ ਉਡਿਆ, ਕੋਈ ਅੰਨ੍ਹਾ ਨਹੀ ਹੋਇਆ, ਸਭ ਗੈਬੀ ਰੂਹਾਂ ‘ਹੜਤਾਲ’ ਕਰ ਗਈਆਂ, ਸਭ ਵਸ ਕੀਤੇ ਪੀਰ ਬਾਬਰ ਦੀ ਤਲਵਾਰ ਤੋਂ ਦਰਕਦੇ ਮੰਜਿਆਂ ਹੇਠ ਲੁੱਕ ਗਏ? ਗੁਰੂ ਤੇਗ ਬਹਾਦਰ ਸਾਹਿਬ ਜੀ ਉਪਰ ਗੋਲੀ ਚਲਵਾਉਂਣ ਵਾਲੇ ਧੀਰਮੱਲ ਦਾ ਪੋਤਰਾ, ‘ਬਾਬਾ’ ਵਡਭਾਗ ਸਿਉਂ ਜਲਧੰਰ ਦੇ ਸੂਬੇ ਤੋਂ ਡਰਦਾ ਹੋਇਆ ਗੀਦੀ ਬਣਕੇ ਪਹਾੜੀਂ ਜਾ ਚੜਿਆ। ਸੂਬੇ ਨੇ ਗੁਰਦੁਆਰਾ ਥੰਮ੍ਹ ਸਾਹਬ ਅੱਗ ਲਾ ਕੇ ਫੂਕ ਦਿੱਤਾ, ਡੇਰਾ ਲੁੱਟ ਲਿਆ ਪਰ ਬਾਬੇ ਦਾ ਕੋਈ ਬੀਰ ਸਿਉਂ ਵਰਗਾ ਵੱਸ ਕੀਤਾ ਦੈਂਤ ਅਤੇ ਭੂਤਨੇ-ਚੁੜੇਲਾਂ ਸੂਬੇ ਦਾ ਕੁੱਝ ਨਾ ਵਿਗਾੜ ਸਕੀਆਂ। ‘ਬਾਬਾ’ ਵਡਭਾਗ ਸਿਉਂ ਪਹਾੜਾਂ ਤੋਂ ਉਦੋਂ ਉਤਰਿਆ ਜਦ ਖਾਲਸੇ ਨੇ ਸੂਬੇ ਨੂੰ ਉਸ ਦੀ ਕਰਨੀ ਦੀ ਸਜਾ ਦਿੰਦਿਆਂ ਉਸੇ ਥ੍ਹੰਮ ਨਾਲ ਹੀ ਉਵੇਂ ਹੀ ਉਸ ਨੂੰ ਅੱਗ ਲਾ ਕੇ ਫੂਕਿਆ ਜਿਵੇਂ ਉਸ ਗੁਰਦੁਆਰਾ ਸਾੜਿਆ ਸੀ।

ਅੱਜ ਵੀ ਉਹੀ ਗੈਬੀ ਰੂਹਾਂ ਵਸ ਕਰੀ ਫਿਰਨ ਵਾਲੇ, ਟੂਣਿਆਂ-ਮੰਤ੍ਰਾਂ ਨਾਲ ਦੁਸ਼ਮਣਾ ਦਾ ਨਾਸ ਕਰਨ ਵਾਲੇ ਲੋਕ ਚੈਲਿੰਜ ਹੋ ਰਹੇ ਹਨ ਤੇ ਹਰੇਕ ਥਾਂ ਇਨ੍ਹਾਂ ਨੂੰ ਮੂੰਹ ਦੀ ਖਾਣੀ ਪੈ ਰਹੀ ਹੈ ਪਰ ਕੀ ਕਾਰਨ ਹੈ ਕਿ ਕਿਸੇ ਇੱਕ ਦਾ ਵੀ ਜਾਦੂ-ਟੂਣਾ ਨਹੀ ਚਲ ਰਿਹਾ ਕਿ ਉਹ ਅਪਣੇ ਵਿਰੋਧੀ ਉਪਰ ਕੋਈ ਵਾਰ ਸਕਣ? ਇਨ੍ਹਾਂ ਦੀਆਂ ਭੂਤਾਂ-ਚੁੜੇਲਾਂ ਜਾਂ ਪੀਰ ਹੁਣ ਕਿਤੇ ਛੁਟੀਆਂ ਕੱਟਣ ਗਏ ਹੋਏ ਹਨ ਕਿ ਲੋਕਾਂ ਦੇ ਦੁਸ਼ਮਣਾ ਦਾ 11, 14 ਜਾਂ 24 ਘੰਟਿਆਂ ਵਿੱਚ ਨਾਸ ਕਰਨ ਵਾਲਿਆਂ ਦੇ ਖੁਦ ਦੇ ਦੁਸ਼ਮਣ ਹੀ ਕਾਬੂ ਨਹੀ ਆ ਰਹੇ? ਕਿਸੇ ਇੱਕ ਵਿੱਚ ਵੀ ਕੋਈ ਕਰਾਮਾਤ, ਕਾਲਾ ਜਾਦੂ ਜਾਂ ਟੂਣਾ ਨਹੀ ਕਿ ਇਹ ਕਿਸੇ ਦਾ ਸਾਹਮਣਾ ਕਰ ਸਕਣ? ਕਿਸੇ ਇੱਕ ਦੇ ਵੀ ਆਖੇ ਗੈਬੀ ਰੂਹ ਲੱਗਣੋਂ ਹੱਟ ਗਈ ਕਿ ਇਹ ਅਪਣੇ ਲਲਕਾਰਨ ਵਾਲੇ ਦੁਸ਼ਮਣ ਮਗਰ ਕੋਈ ਭੂਤ-ਚੁੜੇਲ ਲਾ ਕੇ ਅਪਣੀ ਇੱਜਤ ਬਚਾ ਸਕਣ?

ਇਥੋਂ ਸਾਬਤ ਹੁੰਦਾ ਕਿ ਇਹ ਪਖੰਡ ਹੈ, ਫਰੇਬ ਹੈ ਅਤੇ ਲੋਕਾਂ ਦੀ ਧੋਖੇ ਨਾਲ ਲੁੱਟ ਹੋ ਰਹੀ ਹੈ। ਜਿਸ ਵਿੱਚ ਮੀਡੀਆ ਪੁੱਜ ਕੇ ਭਾਈਵਾਲ ਹੈ ਜਿਹੜਾ ਜਾਣਦਾ ਬੁੱਝਦਾ ਵੀ ਤੁਹਾਡੀ ਲੁੱਟ ਵਿਚੋਂ ਹਿੱਸਾ ਵੰਡਾ ਰਿਹਾ ਹੈ। ਸਿੱਖਾਂ ਦੇ ਪੁੱਤਰੋ ਅਤੇ ਧੀਓ ਨਿਡਰ ਹੋਵੋ ਕੁੱਝ ਨਹੀ ਇਨ੍ਹਾ ਦੇ ਪੱਲੇ। ਇਨ੍ਹਾਂ ਸਤਰਾਂ ਦੇ ਲੇਖਕ ਨਾਲ ਕਈ ਸਾਲ ਪਹਿਲੇ ਖੁਦ ਨਾਲ ਵਾਪਰੀ ਘਟਨਾ ਹੈ ਜਦ ਪਿੰਡ ਖਾਸੇ ਲਾਗੇ ਗੱਦੀ ਲਾ ਕੇ ਬੈਠਦੇ, ਪੁੱਛਾਂ ਦਿੰਦੇ ਅਤੇ ਲੋਕਾਂ ਦੇ ਭੂਤ ਕੱਢਦੇ ਲਹੌਰੇ ਬਾਬੇ ਨਾਲ ਲੇਖਕ ਦਾ ਵਾਹ ਪਿਆ ਤਾਂ ਉਹ ਅੱਖਾਂ ਲਾਲ ਕਰਕੇ ਕਹਿਣ ਲੱਗਾ ਕਿ ‘ਬੈਠ ਫਿਰ ਮੇਰੀ ਗੱਦੀ ਤੇ ਪੰਜ ਮਿੰਟ ਜੇ ਵੇਖਣੇ ਜਲਵੇ’। ਪੰਜ ਦੀ ਬਜਾਇ ਕਈ ਚਿਰ ਮੰਤ੍ਰ ਪੜ੍ਹਨ ਪਿੱਛੋਂ ਵੀ ਜਦ ਬਾਬੇ ਦੇ ਸੱਦੇ ਤੇ ਕੋਈ ਰੂਹ ਨਾ ਆਈ ਤਾਂ ਉਹ ਉਠ ਕੇ ਕਹਿਣ ਲੱਗਾ ਕਿ ਅਗਲੇ ਹਫਤੇ ਤੱਕ ਪਤਾ ਲੱਗ ਜਾਵੇਗਾ। ਪਰ ਅਗਲੇ ਹਫਤੇ ਤੋਂ ਪਹਿਲਾਂ ਹੀ ਉਹ ਘਰੇ ਆ ਕੇ ਦੱਸ ਗਿਆ ਕਿ ਕਲ੍ਹ ਮੇਰੀ ਬੇਇੱਜਤੀ ਕਰਨ ਨਾ ਆਉਂਣਾ ਕੋਈ ਭੂਤ-ਚੁੜੇਲ ਮੇਰੇ ਆਖੇ ਨਹੀ ਲੱਗਦੀ!

ਸਾਡੀ ਆਖਰੀ ਦਲੀਲ ਭੂਤਾਂ-ਚੁੜੇਲਾਂ ਦੇ ਗੇੜ ਵਿੱਚ ਫਸੇ ਰਹਿਣ ਦੀ ਇਹ ਹੁੰਦੀ ਕਿ ਗੁਰਬਾਣੀ ਵਿੱਚ ਵੀ ਇਨ੍ਹਾ ਦਾ ਜ਼ਿਕਰ ਹੈ। ਸਿੱਖ ਦੀ ਜਿੰਦਗੀ ਦਾ ਆਖਰੀ ਸੱਚ ਹੈ ਵੀ ਗੁਰਬਾਣੀ। ਪਰ ਆਓ ਅਸੀਂ ਦੇਖਦੇ ਹਾਂ ਕਿ ਕਿਤੇ ਗੁਰਬਾਣੀ ਨੂੰ ਅਧਾਰ ਬਣਾ ਕੇ ਅਸੀਂ ਗਲਤ ਧਾਰਨਾਵਾਂ ਤਾਂ ਨਹੀ ਬਣਾਈ ਬੈਠੇ। ਜਿਥੋ ਤੱਕ ਗੁਰਬਾਣੀ ਵਿੱਚ ਭੂਤ-ਪ੍ਰੇਤਾਂ ਦਾ ਜ਼ਿਕਰ ਹੈ ਤਾਂ ਸਾਨੂੰ ਇਹ ਵੀ ਮੰਨਣਾ ਪਵੇਗਾ ਕਿ ਜੇ ਜ਼ਿਕਰ ਦੇ ਅਧਾਰ ਤੇ ਹੀ ਅਸੀਂ ਇਨ੍ਹਾਂ ਨੂੰ ਮੰਨੀ ਜਾਣਾ ਹੈ ਤਾਂ ਫਿਰ ਗੁਰਬਾਣੀ ਵਿੱਚ ਕਾਮਧੇਨ ਗਉ, ਪਾਰਜਾਤ ਰੁੱਖ ਜਾਂ ਪਾਰਸ ਵਰਗੀ ਵੱਟੀ ਆਦਿ ਦਾ ਵੀ ਜ਼ਿਕਰ ਹੈ ਪਰ ਇਸਦਾ ਮੱਤਲਬ ਇਹ ਨਹੀ ਕਿ ਇੰਝ ਦੀ ਗਊ, ਪਾਰਜਾਤ ਰੁੱਖ ਜਾਂ ਪਾਰਸ ਵਰਗੇ ਪੱਥਰ ਦੀ ਕੋਈ ਹੋਂਦ ਇਸ ਧਰਤੀ ਤੇ ਹੈ। ਇਹ ਵਿਹਲੜ ਅਤੇ ਨਿਕੰਮੇ ਲੋਕਾਂ ਦੀਆਂ ਘੜੀਆਂ ਅਤੇ ਲੋਕਾਂ ਦੇ ਸਿਰਾਂ ਵਿੱਚ ਵਾੜੀਆਂ ਕਹਾਣੀਆਂ ਸਨ ਕਿ ਕੋਈ ਪਾਰਜਾਤ ਰੁੱਖ ਹੈ ਜਿਸ ਦੇ ਹੇਠਾਂ ਬੈਠ ਜੋ ਮੰਗੋ ਉਹੀ ਦਿੰਦਾ ਜਾਂ ਕਾਮਧੇਨ ਨਾਂ ਦੀ ਕੋਈ ਗਊ ਹੈ ਜਿਹੜੀ ਸਾਰੀਆਂ ਮੁਰਾਦਾਂ ਪੂਰੀਆਂ ਕਰਦੀ ਮੱਤਲਬ ਬਿਨਾ ਕੁੱਝ ਕਰਿਆਂ ਐਸ਼ਾਂ ਕਰੋ। ਜਦ ਕਿ ਅਖੌਤੀ ਕਾਮਧੇਨ ਗਊ ਦਾ ਮਾਲਕ, ਯਾਨੀ ਬ੍ਰਾਹਮਣ ਖੁਦ ਲੋਕਾਂ ਦੇ ਟੁਕੜਿਆਂ ਤੇ ਪਲਦਾ ਅਤੇ ਮਰਿਆਂ ਦੇ ਸਰਾਧਾਂ ਨਾਲ ਗੋਗੜ ਫੁਲਾਉਂਦਾ ਰਿਹਾ ਹੈ। ਗੁਰੂ ਸਾਹਿਬਾਨਾ ਨੇ ਅਪਣੀ ਗੱਲ ਸੌਖਿਆਂ ਲੁਕਾਈ ਨੂੰ ਸਮਝਾਉਂਣ ਲਈ ਇਨ੍ਹਾ ਪ੍ਰਚਲਤ ਨਾਵਾ ਨੂੰ ਵਰਤਿਆ ਕਿ ਆ ਤੈਨੂੰ ਦੱਸਾਂ ਕਾਮਧੇਨ ਗਊ ਕਿਹੜੀ ਹੈ. ਪਾਰਜਾਤ ਰੁੱਖ ਕਿਹੜਾ ਹੈ ਜਿਵੇਂ, “ਪਾਰਜਾਤ ਇਹ ਹਰਿ ਕੋ ਨਾਮ॥ ਕਾਮਧੇਨ ਹਰਿ ਹਰਿ ਗੁਣ ਗਾਮ”॥ ਤੈਨੂੰ ਦੱਸਾਂ ਕਿ ਗੁਰੂ ਦਾ ਸਬਦ ਹੀ ਅਸਲ ਵਿੱਚ ਪਾਰਸ ਹੈ ਜਿਸ ਨਾਲ ਲੱਗ ਕੇ ਸਿੱਖ ਦੀ ਜਿੰਦਗੀ ਸੋਨਾ ਬਣ ਜਾਂਦੀ ਹੈ। ਅਜਿਹੀਆਂ ਅਨੇਕਾਂ ਮਿਸਾਲਾਂ ਹਨ ਗੁਰਬਾਣੀ ਵਿਚ। ਇਹੀ ਕਹਾਣੀ ਭੂਤਾਂ-ਪ੍ਰੇਤਾਂ ਦੀ ਹੈ ਕਿ ਭੂਤ ਉਹ ਨਹੀ ਜਿਹੜੇ ਮਰ ਕੇ ਲੋਕਾਂ ਨੂੰ ਚਿੰਬੜਦੇ ਹਨ ਬਲਕਿ ਉਹ ਲੋਕ ਹੀ ਜਿਉਂਦੇ ਜਾਗਦੇ ਭੂਤਨੇ ਅਤੇ ਚੁੜੇਲਾਂ ਹਨ ਜਿਹੜੇ ਸੱਚ ਨਾਲੋਂ ਟੁੱਟ ਕੇ ਕੂੜ ਦੇ ਵਪਾਰ ਵਿਹਾਝਦੇ ਮਾਇਆ ਮੋਹ ਦੇ ਵਪਾਰਾਂ ਵਿੱਚ ਫਸੇ ਝੂਠ-ਫਰੇਬ ਨਾਲ ਲੁਕਾਈ ਦੀ ਲੁੱਟ ਕਰ ਰਹੇ ਅਤੇ ੳਨ੍ਹਾਂ ਨੂੰ ਅੰਧਕਾਰ ਵਿੱਚ ਸੁੱਟ ਰਹੇ ਹਨ। ਗੁਰਬਾਣੀ ਵਿਚਲੇ ਦੱਸੇ ਭੂਤਨਿਆਂ ਦੇ ਨਜਰੀਏ ਤੋਂ ਵੇਖੀਏ ਤਾਂ ਭੂਤਾਂ ਕੱਢਣ ਵਾਲੇ ਅਤੇ ਭੂਤਾਂ ਵਾਲਿਆਂ ਦੀ ਕੁੰਡੀ ਬਣਨ ਵਾਲੇ ਖੁਦ ਹੀ ਸਭ ਤੋਂ ਵੱਡੇ ਭੂਤਨੇ ਹਨ ਅਤੇ ਉਸ ਤੋਂ ਵੀ ਵੱਡੇ ਭੂਤਨੇ ਗੁਰੁਦਆਰਿਆਂ ਦੇ ਚੌਧਰੀ ਹਨ ਜਿਹੜੇ ਇਸ ਲੁਟੇਰੇ ਨਿਜਾਮ ਨੂੰ ਹਰੇਕ ਸਾਲ ਹਜਾਰਾਂ ਡਾਲਰਾਂ ਦੇ ਗੁਰੂ ਕੀਆਂ ਗੋਲਕਾਂ ਵਿਚੋਂ ਇਸ਼ਤਿਹਾਰ ਦੇ ਕੇ ਹੋਰ ਹੱਲਾਂਸ਼ੇਰੀ ਦੇ ਰਹੇ ਹਨ!

ਸਾਨੂੰ ਕਦੇ ਨਹੀ ਭੁੱਲਣਾ ਚਾਹੀਦਾ ਕਿ ਲੁਟੇਰੇ ਨਿਜਾਮ ਵਲੋਂ ਹੀ ਨਰਕ-ਸੁਰਗ ਦੀ ਤਰ੍ਹਾਂ ਪਹਿਲਾਂ ਭੂਤ-ਪ੍ਰੇਤ ਖੜੇ ਕੀਤੇ ਗਏ ਤੇ ਫਿਰ ਉਨ੍ਹਾਂ ਨੂੰ ਲੁੱਟਣ ਲਈ ਮੰਤ੍ਰਾਂ ਟੂਣਿਆਂ ਦੀ ਕਾਢ ਕੱਢੀ ਗਈ। ਭੂਤਾਂ-ਪ੍ਰੇਤਾਂ ਦੀ ਬੇਹੱਦ ਡਰਾਉਂਣੀ ਤਸਵੀਰ ਪੇਸ਼ ਕੀਤੀ ਗਈ। ਕਾਰਨ ਕਿ ਜਿੰਨਾ ਬੰਦਾ ਜਿਆਦਾ ਡਰੇਗਾ ਉਨ੍ਹਾਂ ਹੀ ਉਹ ਲੁੱਟਿਆ ਸੌਖਾ ਜਾਵੇਗਾ। ਬ੍ਰਹਾਮਣ ਦਾ ਪੂਰਾ ਇੱਕ ਵੇਦ ਹੀ ਜਾਦੂ-ਟੂਣਿਆਂ ਤੇ ਮੰਤ੍ਰਾਂ ਨਾਲ ਭਰਿਆ ਪਿਆ ਹੈ। ਜੇ ਗੁਰੂ ਸਾਹਿਬਾਨ ਨੇ ਵੀ ਸਾਨੂੰ ਭੂਤਨਿਆਂ ਤੋਂ ਹੀ ਡਰਾਉਂਣਾ ਸੀ ਤੇ ਫਿਰ ਗੁਰਬਾਣੀ ਪੜ੍ਹਕੇ ਭੂਤਨੇ ਭਜਾਉਂਣ ਲਈ ਹਦਾਇਤ ਕਰਨੀ ਸੀ ਤਾਂ ਫਰਕ ਕੀ ਹੋਇਆ ਉਹ ਤਾਂ ਪਹਿਲਾਂ ਹੀ ਸਭ ਕੁੱਝ ਮੌਜੂਦ ਸੀ ਪਰ ਹੇਠਾਂ ਦੇਖੋ ਗੁਰਬਾਣੀ ਦੇ ਪਾਵਨ ਬੋਲ ਤੇ ਸਮਝੋ ਅਸਲੀ ਭੂਤਨਿਆਂ ਨੂੰ।

ਪਉੜੀ॥ ਮਾਇਆ ਮੋਹੁ ਪਰੇਤੁ ਹੈ ਕਾਮੁ ਕ੍ਰੋਧੁ ਅਹੰਕਾਰਾ॥ ਏਹ ਜਮ ਕੀ ਸਿਰਕਾਰ ਹੈ ਏਨਾੑ ਉਪਰਿ ਜਮ ਕਾ ਡੰਡੁ ਕਰਾਰਾ॥ ਮਨਮੁਖ ਜਮ ਮਗਿ ਪਾਈਅਨਿੑ ਜਿਨੑ ਦੂਜਾ ਭਾਉ ਪਿਆਰਾ॥ ਜਮਪੁਰਿ ਬਧੇ ਮਾਰੀਅਨਿ ਕੋ ਸੁਣੈ ਨ ਪੂਕਾਰਾ॥ ਜਿਸ ਨੋ ਕ੍ਰਿਪਾ ਕਰੇ ਤਿਸੁ ਗੁਰੁ ਮਿਲੈ, ਗੁਰਮੁਖਿ ਨਿਸਤਾਰਾ॥ 12॥ {ਪੰਨਾ 513}

ਅਰਥ : —ਮਾਇਆ ਦਾ ਮੋਹ, ਕਾਮ, ਕ੍ਰੋਧ ਤੇ ਅਹੰਕਾਰ (ਇਹ, ਮਾਨੋ) ਭੂਤ ਹਨ; ਇਹ ਸਾਰੇ ਜਮਰਾਜ ਦੀ ਰਈਅਤ ਹਨ, ਇਹਨਾਂ ਉੱਤੇ ਜਮਰਾਜ ਦਾ ਜ਼ੋਰ ਚੱਲਦਾ ਹੈ। ਆਪਣੇ ਮਨ ਦੇ ਪਿਛੇ ਤੁਰਨ ਵਾਲੇ ਬੰਦੇ ਜਿਨ੍ਹਾਂ ਨੂੰ ਮਾਇਆ ਦਾ ਪਿਆਰ ਮਿੱਠਾ ਲੱਗਦਾ ਹੈ ਜਮਰਾਜ ਦੇ ਰਾਹ ਤੇ ਪਾਏ ਜਾਂਦੇ ਹਨ (ਭਾਵ, ਉਹ ਜਮ ਦੀ ਰਈਅਤ ਕਾਮਾਦਿਕਾਂ ਦੇ ਵੱਸ ਪੈ ਜਾਂਦੇ ਹਨ), ਉਹ ਮਨਮੁਖ ਜਮ-ਪੁਰੀ ਵਿੱਚ ਬੱਝੇ ਹੋਏ (ਭਾਵ, ਜਮ ਦੀ ਰਈਅਤ ਕਾਮਾਦਿਕਾਂ ਦੇ ਵੱਸ ਵਿੱਚ ਪਏ ਹੋਏ) ਮਾਰੀਦੇ ਹਨ (ਦੁਖੀ ਹੁੰਦੇ ਹਨ), ਕੋਈ ਉਹਨਾਂ ਦੀ ਪੁਕਾਰ ਨਹੀਂ ਸੁਣਦਾ (ਭਾਵ, ਇਹਨਾਂ ਕਾਮਾਦਿਕਾਂ ਦੇ ਪੰਜੇ ਤੋਂ ਕੋਈ ਉਹਨਾਂ ਨੂੰ ਛੁਡਾ ਨਹੀਂ ਸਕਦਾ)।

ਜਿਸ ਮਨੁੱਖ ਤੇ ਪ੍ਰਭੂ ਆਪ ਮਿਹਰ ਕਰੇ ਉਸ ਨੂੰ ਗੁਰੂ ਮਿਲਦਾ ਹੈ, ਗੁਰੂ ਦੀ ਰਾਹੀਂ (ਇਹਨਾਂ ਭੂਤਾਂ ਤੋਂ) ਛੁਟਕਾਰਾ ਹੁੰਦਾ ਹੈ। 12.

ਸਲੋਕ ਮਃ 1॥ ਕਲੀ ਅੰਦਰਿ ਨਾਨਕਾ ਜਿੰਨਾਂ ਦਾ ਅਉਤਾਰੁ॥ ਪੁਤੁ ਜਿਨੂਰਾ ਧੀਅ ਜਿੰਨੂਰੀ ਜੋਰੂ ਜਿੰਨਾ ਦਾ ਸਿਕਦਾਰੁ॥ 1॥ {ਪੰਨਾ 556}।

ਅਰਥ : —ਹੇ ਨਾਨਕ ! ਕਲਜੁਗ ਵਿੱਚ (ਵਿਕਾਰੀ ਜੀਵਨ ਵਿਚ) ਰਹਿਣ ਵਾਲੇ (ਮਨੁੱਖ ਨਹੀਂ) ਭੂਤਨੇ ਜੰਮੇ ਹੋਏ ਹਨ, ਪੁਤ੍ਰ ਭੂਤਨਾ, ਧੀ ਭੂਤਨੀ ਤੇ ਇਸਤ੍ਰੀ (ਸਾਰੇ) ਭੂਤਨਿਆਂ ਦੀ ਸਿਰਦਾਰ ਹੈ (ਭਾਵ; ਨਾਮ ਤੋਂ ਸੱਖਣੇ ਸਭ ਜੀਵ ਭੂਤਨੇ ਹਨ)। 1.

ਪ੍ਰੇਤ ਪਿੰਜਰ ਮਹਿ ਦੂਖ ਘਨੇਰੇ॥ ਨਰਕਿ ਪਚਹਿ ਅਗਿਆਨ ਅੰਧੇਰੇ ਧਰਮ ਰਾਇ ਕੀ ਬਾਕੀ ਲੀਜੈ ਜਿਨਿ ਹਰਿ ਕਾ ਨਾਮੁ ਵਿਸਾਰਾ ਹੇ॥ 6॥

(ਜੇਹੜੇ ਜੀਵ ਪ੍ਰਭੂ ਦਾ ਨਾਮ ਨਹੀਂ ਸਿਮਰਦੇ ਉਹ, ਮਾਨੋ, ਪ੍ਰੇਤ-ਜੂਨ ਹਨ । ਉਹਨਾਂ ਦੇ ਇਹ ਮਨੁੱਖਾ ਸਰੀਰ ਭੀ ਪ੍ਰੇਤਾਂ ਦੇ ਰਹਿਣ ਲਈ ਪਿੰਜਰ ਹੀ ਹਨ) ਇਹਨਾਂ ਪ੍ਰੇਤ-ਪਿੰਜਰਾਂ ਵਿੱਚ ਉਹ ਬੇਅੰਤ ਦੁੱਖ ਸਹਿੰਦੇ ਹਨ । ਅਗਿਆਨਤਾ ਦੇ ਹਨੇਰੇ ਵਿੱਚ ਪੈ ਕੇ ਉਹ (ਆਤਮਕ ਮੌਤ ਦੇ) ਨਰਕ ਵਿੱਚ ਖ਼ੁਆਰ ਹੁੰਦੇ ਹਨ 

ਸੂਰਜੁ ਤਪੈ ਅਗਨਿ ਬਿਖੁ ਝਾਲਾ॥ ਅਪਤੁ ਪਸੂ ਮਨਮੁਖੁ ਬੇਤਾਲਾ॥ ਆਸਾ ਮਨਸਾ ਕੂੜੁ ਕਮਾਵਹਿ ਰੋਗੁ ਬੁਰਾ ਬੁਰਿਆਰਾ ਹੇ॥ 7॥

ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ, ਮਾਨੋ, ਭੂਤ ਹੈ, (ਮਨੁੱਖਾ ਸਰੀਰ ਹੁੰਦਿਆਂ ਭੀ ਅੰਤਰ ਆਤਮੇ) ਪਸ਼ੂ ਹੈ, ਉਸ ਨੂੰ ਕਿਤੇ ਆਦਰ ਨਹੀਂ ਮਿਲਦਾ । (ਮਨਮੁਖ ਦੇ ਅੰਦਰ ਮਾਨੋ, ਮਾਇਆ ਦੇ ਮੋਹ ਦਾ) ਸੂਰਜ ਤਪਦਾ ਰਹਿੰਦਾ ਹੈ, ਉਸ ਦੇ ਅੰਦਰ ਵਿਹੁਲੀ ਤ੍ਰਿਸ਼ਨਾ-ਅੱਗ ਦੀਆਂ ਲਾਟਾਂ ਨਿਕਲਦੀਆਂ ਰਹਿੰਦੀਆਂ ਹਨ 

ਕਬੀਰ ਜਾ ਘਰ ਸਾਧ ਨ ਸੇਵੀਅਹਿ, ਹਰਿ ਕੀ ਸੇਵਾ ਨਾਹਿ॥ ਤੇ ਘਰ ਮਰਹਟ ਸਾਰਖੇ, ਭੂਤ ਬਸਹਿ ਤਿਨ ਮਾਹਿ॥ 192॥ {ਪੰਨਾ 1374}

ਅਰਥ: — ਹੇ ਕਬੀਰ! (ਠਾਕੁਰਾਂ ਦੀ ਪੂਜਾ ਤੇ ਹਰੇਕ ਦਿਨ-ਦਿਹਾਰ ਸਮੇ ਬ੍ਰਾਹਮਣ ਦੀ ਸੇਵਾ—ਬੱਸ! ਇਹ ਹੈ ਸਿੱਖਿਆ ਜੋ ਬ੍ਰਾਹਮਣ ਦੇਵਤਾ ਆਪਣੇ ਸ਼ਰਧਾਲੂਆਂ ਨੂੰ ਦੇ ਰਿਹਾ ਹੈ। ਸ਼ਰਧਾਲੂ ਵਿਚਾਰੇ ਭੀ ਠਾਕੁਰ-ਪੂਜਾ ਤੇ ਬ੍ਰਾਹਮਣ ਦੀ ਸੇਵਾ ਕਰ ਕੇ ਆਪਣੇ ਆਪ ਨੂੰ ਸੁਚੱਜੇ ਤੇ ਸੁੱਚੇ ਹਿੰਦੂ ਸਮਝ ਲੈਂਦੇ ਹਨ; ਪਰ ਅਸਲ ਗੱਲ ਇਹ ਹੈ ਕਿ) ਜਿਨ੍ਹਾਂ ਘਰਾਂ ਵਿੱਚ ਨੇਕ ਬੰਦਿਆਂ ਦੀ ਸੇਵਾ ਨਹੀਂ ਹੁੰਦੀ, ਤੇ ਪਰਮਾਤਮਾ ਦੀ ਭਗਤੀ ਨਹੀਂ ਕੀਤੀ ਜਾਂਦੀ, ਉਹ ਘਰ (ਭਾਵੇਂ ਕਿਤਨੇ ਹੀ ਸੁੱਚੇ ਤੇ ਸਾਫ਼ ਰੱਖੇ ਜਾਂਦੇ ਹੋਣ) ਮਸਾਣਾਂ ਵਰਗੇ ਹਨ, ਉਹਨਾਂ ਘਰਾਂ ਵਿੱਚ (ਮਨੁੱਖ ਨਹੀਂ) ਭੂਤਨੇ ਵੱਸਦੇ ਹਨ। 192.

ਅਜਿਹੇ ਭੂਤਨਿਆਂ ਬਾਰੇ ਹੀ ਸੁਖਮਨੀ ਸਾਹਿਬ ਜੀ ਦੀ ਪੰਗਤੀ ਹੈ ਕਿ ‘ਕਈ ਕੋਟ ਭੂਤ ਪ੍ਰੇਤ ਸੂਗਰ ਮ੍ਰਿਗਾਚ॥ ਭਾਵ ਇਸ ਧਰਤੀ ਉਪਰ ਅਨੇਕਾਂ ਹੀ ਭੂਤ, ਪ੍ਰੇਤ, ਸੂਰ ਅਤੇ ਮ੍ਰਿਗਾਂ ਨੂੰ ਖਾਣ ਵਾਲੇ ਸ਼ੇਰ ਤੁਰੇ ਫਿਰਦੇ ਹਨ। ਅਜਿਹੇ ਹੀ ਭੂਤਨੇ ਪ੍ਰੇਤਾਂ ਅਤੇ ਪਸ਼ੂਆਂ ਤੋਂ ਗੁਰਬਾਣੀ ਨੇ ਚੰਗੇ ਮੱਨੁਖ ਬਣਾਏ, ਭੂਤਨਿਆਂ ਪਸ਼ੂਆਂ ਵਰਗੀ ਜਿੰਦਗੀ ਤੋਂ ਚੰਗੇ ਬਣੇ ਮਨੁੱਖਾਂ ਬਾਰੇ ਹੀ ਗੁਰਬਾਣੀ ਕਹਿ ਰਹੀ ਹੈ,

ਅਖੀਰ ਤੇ ਗੁਰੁ ਨਾਨਕ ਪਾਤਸ਼ਾਹ ਦੇ ਬਹੁਤ ਕਰੜੇ ਬੱਚਨ ਹਨ ੳਨ੍ਹਾਂ ਲੋਕਾਂ ਲਈ ਜਿਹੜੇ ਲੁਟੇਰੇ ਨਿਜਾਮ ਦੀ ਲੁੱਟ ਵਿਚੋਂ ਹਿੱਸਾ ਲੈ ਕੇ ਮਨੁੱਖਤਾ ਨੂੰ ਅੰਧਕਾਰ ਵਲ ਧੱਕ ਰਹੇ ਹਨ ਅਤੇ ੳਨ੍ਹਾ ਚੌਧਰੀਆਂ ਲਈ ਵੀ ਜਿਹੜੇ ਇਨ੍ਹਾਂ ਹਨੇਰਿਆਂ ਨੂੰ ਹੋਰ ਕਾਲਾ ਕਰਨ ਵਾਲੇ ਲੋਕਾਂ ਨਾਲ ਯਾਰੀਆਂ ਪਾਲਦੇ ਅਤੇ ਗੁਰੂ ਕੀਆਂ ਗੋਲਕਾਂ ਵਿਚੋਂ ਇਨ੍ਹਾਂ ਨੂੰ ਇਸ਼ਤਿਹਾਰ ਬਾਜੀ ਕਰਕੇ ਹੋਰ ਹੱਲਾਸ਼ੇਰੀ ਦੇ ਰਹੇ ਹਨ। ਇਨ੍ਹਾਂ ਸਾਰੇ ਭਾਈਵਾਲਾਂ ਦੀ ਗੁਰੁ ਪਾਤਸ਼ਾਹ ਨੇ ਤਸਵੀਰ ਇਉਂ ਖਿੱਚੀ ਹੈ।

ਸਲੋਕ ਮਃ 1॥ ਚੋਰਾ ਜਾਰਾ ਰੰਡੀਆ ਕੁਟਣੀਆ ਦੀਬਾਣੁ॥ ਵੇਦੀਨਾ ਕੀ ਦੋਸਤੀ ਵੇਦੀਨਾ ਕਾ ਖਾਣੁ॥ ਸਿਫਤੀ ਸਾਰ ਨ ਜਾਣਨੀ ਸਦਾ ਵਸੈ ਸੈਤਾਨੁ॥ ਗਦਹੁ ਚੰਦਨਿ ਖਉਲੀਐ ਭੀ ਸਾਹੂ ਸਿਉ ਪਾਣੁ॥ ਨਾਨਕ ਕੂੜੈ ਕਤਿਐ ਕੂੜਾ ਤਣੀਐ ਤਾਣੁ॥ ਕੂੜਾ ਕਪੜੁ ਕਛੀਐ ਕੂੜਾ ਪੈਨਣੁ ਮਾਣੁ॥ 1॥ {ਪੰਨਾ 790}

ਅਰਥ : —ਚੋਰਾਂ, ਲੁੱਚੇ ਬੰਦਿਆਂ, ਵਿਭਚਾਰਨ ਔਰਤਾਂ ਤੇ ਦੱਲੀਆਂ ਦਾ ਆਪੋ ਵਿੱਚ ਬਹਿਣ ਖਲੋਣ ਹੁੰਦਾ ਹੈ, ਇਹਨਾਂ ਧਰਮ ਤੋਂ ਵਾਂਜਿਆਂ ਦੀ ਆਪੋ ਵਿੱਚ ਮਿਤ੍ਰਤਾ ਤੇ ਆਪੋ ਵਿੱਚ ਖਾਣ ਪੀਣ ਹੁੰਦਾ ਹੈ; ਰੱਬ ਦੀ ਸਿਫ਼ਤਿ-ਸਾਲਾਹ ਕਰਨ ਦੀ ਇਹਨਾਂ ਨੂੰ ਸੂਝ ਨਹੀਂ ਹੁੰਦੀ, (ਇਹਨਾਂ ਦੇ ਮਨ ਵਿਚ, ਮਾਨੋ) ਸਦਾ ਸ਼ੈਤਾਨ ਵੱਸਦਾ ਹੈ। (ਸਮਝਾਇਆਂ ਭੀ ਸਮਝਦੇ ਨਹੀਂ, ਜਿਵੇਂ) ਖੋਤੇ ਨੂੰ ਜੇ ਚੰਦਨ ਨਾਲ ਮਲੀਏ ਤਾਂ ਭੀ ਉਸ ਦੀ ਵਰਤੋਂ ਵਿਹਾਰ ਸੁਆਹ ਨਾਲ ਹੀ ਹੁੰਦੀ ਹੈ (ਪਿਛਲੇ ਕੀਤੇ ਕਰਮਾਂ ਦਾ ਗੇੜ ਇਸ ਮੰਦੇ ਰਾਹ ਤੋਂ ਹਟਣ ਨਹੀਂ ਦੇਂਦਾ)।

ਹੇ ਨਾਨਕ ! "ਕੂੜ" (ਦਾ ਸੂਤਰ) ਕੱਤਣ ਨਾਲ "ਕੂੜ" ਦਾ ਹੀ ਤਾਣਾ ਚਾਹੀਦਾ ਹੈ, "ਕੂੜ" ਦਾ ਹੀ ਕੱਪੜਾ ਕੱਛੀਦਾ ਹੈ ਤੇ ਪਹਿਨੀਦਾ ਹੈ (ਇਸ "ਕੂੜ"-ਰੂਪ ਪੁਸ਼ਾਕ ਦੇ ਕਾਰਨ "ਕੂੜ" ਹੀ ਵਡਿਆਈ ਮਿਲਦੀ ਹੈ (ਭਾਵ, "ਖਤਿਅਹੁ ਜੰਮੇ ਖਤੇ ਕਰਨਿ ਤ ਖਤਿਆ ਵਿਚਿ ਪਾਹਿ")। 1.

ਪ੍ਰੇਤ ਅਤੇ ਘੋੜੇ

ਕਹਾਣੀ ਹੈ ਕਿ ਇੱਕ ਥਾਂ ਤੇ ਇੱਕ ਬੜਾ ਵੱਡਾ ਪ੍ਰੇਤ ਰਹਿੰਦਾ ਸੀ। ਉਧਰੋ ਜਦ ਵੀ ਕੋਈ ਲੰਘਦਾ ਤਾਂ ਉਹ ਮਾਰ ਦਿੰਦਾ। ਲੋਕ ਡਰ ਦੇ ਮਾਰੇ ਉਧਰ ਦੀ ਜਾਣੋਂ ਹੀ ਹੱਟ ਗਏ। ਦਹਿਸ਼ਤ ਸੀ ਓਸ ਇਲਾਕੇ ਵਿੱਚ ਪ੍ਰੇਤ ਦੀ। ਉਥੋਂ ਦਾ ਰਾਜਾ ਬੜਾ ਪ੍ਰੇਸ਼ਾਨ ਕਿ ਇਸ ਪ੍ਰੇਤ ਦਾ ਕੀ ਇਲਾਜ ਕੀਤਾ ਜਾਏ ਪਰਜਾ ਬੜੀ ਦੁਖੀ ਕੀਤੀ ਪਈ ਏਸ ਨੇ।

ਤੁਰਦਾ ਫਿਰਦਾ ਇੱਕ ਦਿਨ ਉਧਰ ਕੋਈ ‘ਸਿਆਣਾ’ ਨਿਕਲ ਆਇਆ। ਗੱਲ ਪੁੱਜਦੀ ਪੁੱਜਦੀ ਰਾਜੇ ਦੇ ਕੰਨੀ ਪਈ। ਰਾਜੇ ਨੇ ਉਸ ‘ਸਿਆਣੇ’ ਨੂੰ ਦਰਬਾਰ ਵਿੱਚ ਸੱਦਿਆ ਅਤੇ ਪ੍ਰੇਤ ਤੋਂ ਛੁਟਕਾਰਾ ਪਾਉਂਣ ਦਾ ਇਲਾਜ ਪੁੱਛਿਆ। ‘ਸਿਆਣਾ’ ਕਹਿਣ ਲਗਾ ਕਿ ਇਲਾਜ ਤਾਂ ਹੋ ਜੇ ਗਾ ਪਰ ਮੈਨੂੰ ਕੁੱਝ ਘੋੜਿਆਂ ਦੀ ਬਲੀ ਚਾਹੀਦੀ। ਰਾਜੇ ਨੇ ਖੁਸ਼ ਹੋ ਕੇ ਘੋੜੇ ਹਾਜਰ ਕਰ ਦਿਤੇ।

ਮਿਥੀ ਜਗ੍ਹਾ ਤੇ ਲੋਕ ਵੀ ਆਣ ਇਕੱਠੇ ਹੋੇਏ ਕਿ ਦੇਖੋ ਅੱਜ ਪ੍ਰੇਤ ਨਾਲ ਪੰਗਾ ਹੈ ਕੀ ਬਣਦਾ ਸਿਆਣਾ ਬੱਚਦਾ ਜਾਂ ਪ੍ਰੇਤ। ਆਖਰ ‘ਸਿਆਣੇ’ ਨੇ ਅਪਣੀ ਸਕੀਮ ਮੁਤਾਬਕ ਪ੍ਰੇਤ ਵਾਲੇ ਰਾਹ ਨੂੰ ਪਹਿਲਾਂ ਇੱਕ ਘੋੜਾ ਛੱਡਿਆ। ਘੋੜਾ ਜਦ ਪ੍ਰੇਤ ਵਾਲੇ ਇਲਾਕੇ ਵਿੱਚ ਦੀ ਲੰਘਿਆ ਤਾਂ ਪ੍ਰੇਤ ਨੇ ਘੋੜਾ ਮਾਰ ਦਿਤਾ। ‘ਸਿਆਣੇ’ ਨੇ ਹੁਣ ਦੋ ਘੋੜੇ ਉਧਰ ਨੂੰ ਤੋਰੇ। ਪ੍ਰੇਤ ਨੇ ਉਹ ਦੋਵੇਂ ਘੋੜੇ ਵੀ ਮਾਰ ਦਿੱਤੇ। ਹੁਣ ‘ਸਿਆਣੇ’ ਨੇ ‘ਹਾਰਸ ਪਾਵਰ’ ਵਧਾਉਂਦਿਆਂ ਘੋੜੇ ਤਿੰਨ ਕਰ ਦਿਤੇ। ਪ੍ਰੇਤ ਨੇ ਤਿੰਨੇ ਘੋੜੇ ਵੀ ਮਾਰ ਦਿਤੇ। ਲੋਕ ਵੀ ਅਤੇ ਰਾਜਾ ਵੀ ਪ੍ਰੇਸ਼ਾਨ ਕਿ ਇਹ ਤਾਂ ਬਿਨਾ ਵਜ੍ਹਾ ਘੋੜੇ ਮਰਵਾਈ ਜਾ ਰਿਹਾ। ਪਰ ‘ਸਿਆਣਾ’ ਕਹਿਣ ਲਗਾ ਕਿ ਤੁਸੀਂ ਇਲਾਜ ਕਰਾਉਂਣਾ ਕਿ ਨਹੀ? ਤਾਂ ਰਾਜਾ ਫਿਰ ਚੁੱਪ ਹੋ ਕੇ ਤਮਾਸ਼ਾ ਦੇਖਣ ਲੱਗ ਗਿਆ। ‘ਸਿਆਣੇ’ ਨੇ ਚਾਰ ਘੋੜੇ ਮਰਵਾਉਂਣ ਤੋਂ ਬਾਅਦ ਘੋੜਿਆਂ ਦੀ ਗਿਣਤੀ ਪੰਜ ਕਰ ਦਿੱਤੀ।

ਪੰਜ ਘੋੜੇ ਜਦ ਬੜੇ ਅਰਾਮ ਨਾਲ ਲੰਘ ਗਏ ਤਾਂ ਸਮੇਤ ਰਾਜੇ ਲੋਕ ਬੜੇ ਖੁਸ਼ ਹੋਏ। ਉਸ ਤੋਂ ਬਾਅਦ ਇੱਕ ਬੰਦਾ ਭੇਜ ਕੇ ਦੇਖਿਆ ਉਹ ਵੀ ਲੰਘ ਗਿਆ ਪ੍ਰੇਤ ਨੇ ਕੁੱਝ ਨਹ ਕਿਹਾ। ਤੇ ਆਖਰ ਲਾਂਘਾ ਖੁਲ੍ਹ ਗਿਆ। ਰਾਜਾ ਬੜਾ ਹੈਰਾਨ ਤੇ ਉਹ ‘ਸਿਆਣੇ’ ਨੂੰ ਪੁੱਛਣ ਲੱਗਾ ਕਿ ਆਖਰ ਰਹੱਸ ਕੀ ਹੈ। ਹੁਣ ਪ੍ਰੇਤ ਕਿਉਂ ਨਹੀ ਮਾਰਦਾ? ‘ਸਿਆਣਾ’ ਕਹਿਣ ਲੱਗਾ ਕਿ ਗੱਲ ਕੁੱਝ ਵੀ ਨਹੀ ਸੀ ਪ੍ਰੇਤ ਕੇਵਲ ਚਾਰ ‘ਹਾਰਸ ਪਾਵਰ’ ਦਾ ਸੀ ਆਪਾਂ ਪਹਿਲਾਂ ਉਸ ਨੂੰ ਥਕਾ ਲਿਆ ਤੇ ਮੁੜ ਪੰਜ ‘ਹਾਰਸ ਪਾਵਰ’ ਭੇਜ ਕੇ ਉਸ ਨੂੰ ਜਿੱਤ ਲਿਆ। ਹੁਣ ਜਿਵੇਂ ਮਰਜੀ ਜਾਓ ਆਓ ਕੁੱਝ ਨਹੀ ਕਰਨ ਜੋਗਾ।

ਬਾਬੇ ਫੋਜਾ ਸਿੰਘ ਨੂੰ ਇਹ ਕਹਾਣੀ ਬੜੀ ਦਿਲਚਸਪ ਲੱਗੀ ਜਿਹੜੀ ਹੈ ਤਾਂ ਕੇਵਲ ਕਹਾਣੀ ਹੀ ਪਰ ਸਿੱਖਿਆ ਸਾਨੂੰ ਇਹ ਦਿੰਦੀ ਕਿ ਕਿਸੇ ਬੂਬਨੇ, ਪੀਰ, ਸਯਦਾਂ ਵਰਗਿਆਂ ਪ੍ਰੇਤਾਂ ਤੋਂ ਡਰਨ ਦੀ ਬਜਾਇ ਤੁਸੀਂ ਅਪਣੀ ‘ਹਾਰਸ ਪਾਵਰ’ ਹੀ ਯਾਨੀ ਆਤਮ ਵਿਸਵਾਸ਼ ਕਿਉਂ ਨਹੀ ਇਨਾ ਵਧਾ ਲੈਂਦੇ ਕਿ ਹਰੇਕ ਹਵਾ ਦੇ ਬੁੱਲੇ ਜਾਂ ਛੋਟੇ ਜਿਹੇ ਦੁੱਖ ਤਕਲੀਫ ਤੋਂ ਡਰਕੇ ਇਨਾ ਦੀ ਪੈਰੀਂ ਡਿਗਣ ਦੀ ਬਜਾਇ ਗੁਰਬਾਣੀ ਤੋਂ ਅਗਵਾਈ ਲੈ ਕੇ ਖੁਦ ਅਪਣਾ ਮਸਲਾ ਹੱਲ ਕਰ ਲਿਆ ਜਾਵੇ।

ਭੂਤ, ਪ੍ਰੇਤ ਦੌੜੇ! ਜਾਦੂ ਮੰਤ੍ਰ ਹੋਏ ਫ੍ਹੇਲ! ਗੈਬੀ ਰੂਹਾ ਦੀ ਹੜਤਾਲ! ਜੋਤਸ਼ੀ, ਪੀਰ, ਸਯਦ ਖਮੋਸ਼!

ਪੰਜਾਬ ਗਾਰਡੀਅਨ ਬਿਉਰੋ/ਟਰੰਟੋ: ਜਿਥੇ ਮਨੁੱਖ ਅੱਜ 21ਵੀਂ ਸਦੀ ਵਿੱਚ ਪ੍ਰਵੇਸ਼ ਕਰ ਚੁੱਕਾ ਹੈ, ਧਰਤੀ ਇੱਕ ਪਿੰਡ ਬਣ ਗਈ ਹੈ, ਦੁਨੀਆਂ ਦੇ ਹਰੇਕ ਕੋਨੇ ਉਪਰ ਘਰ ਬੈਠਿਆਂ ਝਾਤ ਮਾਰੀ ਜਾ ਸਕਦੀ ਹੈ ਉਥੇ ਉਹ ਲੋਕ ਹਾਲੇ ਵੀ ਮੌਜੂਦ ਹਨ ਜਿਹੜੇ ਪੱਥਰ ਜੁੱਗ ਦੇ ਵਿਸਵਾਸ਼ਾਂ ਵਿੱਚ ਜੀ ਰਹੇ ਹਨ ਜੀਹਨਾ ਵਿੱਚ ਕਿਸੇ ਵਿੱਚ ਕਦੇ ਕੋਈ ਭੂਤ ਆਣ ਵੜਦਾ, ਕਿਸੇ ਉਪਰ ਪ੍ਰੇਤ ਦੀ ਛਾਇਆ, ਕਿਸੇ ਦੀ ਘਰ ਵਾਲੀ ਲੜਦੀ, ਕਿਸੇ ਦਾ ਪਤੀ ਵੱਸ ਨਹੀ ਹੁੰਦਾ ਤੇ ਇਨ੍ਹਾਂ ਦਾ ਇਲਾਜ ਕਰਾਇਆ ਜਾ ਰਿਹਾ ਹੈ ਲੁਟੇਰੇ ਨਿਜਾਮ ਕੋਲੋ ਜਿਹੜੇ ਜਾਦੂ, ਮੰਤ੍ਰਾਂ ਅਤੇ ਟੂਣਿਆਂ ਨਾਲ ‘ਗਰੰਟੀ ਸ਼ੁਦਾ’ ਇਲਾਜ ਦੇ ਥੋਥੇ ਦਾਅਵੇ ਕਰ ਕੇ ਲੁਕਾਈ ਨੂੰ ਲੁੱਟ ਰਹੇ ਹਨ। ਇਹ ਗੱਲ ਸਿੰਘ ਸਭਾ ਇੰਟਰਨੈਸ਼ਨਲ ਦੇ ਭਾਈ ਜਸਬੀਰ ਸਿੰਘ ਨੇ ਕਹੀ ਜੀਹਨਾਂ ਸਿੰਘ ਸਭਾ ਅਤੇ ਸਿੱਖ ਲਹਿਰ ਕਨੇਡਾ ਵਲੋਂ ਸਾਂਝੇ ਤੌਰ ਤੇ ਪਿਛਲੇ ਦਿਨੀਂ ਪੰਜਾਬ ਗਾਰਡੀਅਨ ਰਾਹੀਂ ਜਾਦੂ ਮੰਤ੍ਰਾਂ ਨਾਲ ਇਲਾਜ ਕਰਨ ਦੇ ਥੌਥੇ ਦਾਅਵੇ ਕਰਨ ਵਾਲੇ ਜੋਤਸ਼ੀਆਂ, ਪੀਰਾਂ ਅਤੇ ਸਯਦਾਂ ਨੂੰ ਖੁਲ੍ਹਾ ਚੈਲਿੰਜ ਦਿਤਾ ਸੀ ਕਿ ਅਪਣੇ ਜਾਦੂ ਟੂਣਿਆਂ ਮੰਤ੍ਰਾਂ ਨਾਲ ਸਾਡੇ ਵਲੋਂ ਅਯੋਯਤ ਕੀਤੇ ਮਰੀਜ ਰਾਜੀ ਕੀਤੇ ਜਾਣ ਜਾਂ ਸਾਡੇ ਉਪਰ ਕੋਈ ਮੰਤ੍ਰ ਜਾਦੂ ਕਰਕੇ ਕੋਈ ‘ਜਲਵਾ’ ਦਿਖਾਇਆ ਜਾਵੇ। ਪਰ ਹੈਰਾਨੀ ਦੀ ਗੱਲ ਕਿ ਕਿਸੇ ਜੋਤਸ਼ੀ ਸਯਦ ਵਿੱਚ ਜੁਅਰਤ ਨਹੀ ਪਈ ਕਿ ਉਹ ਇਸ ਚੈਲਿੰਜ ਨੂੰ ਕਬੂਲ ਕਰੇ ਜਦ ਕਿ ਜਿੱਤਣ ਦੀ ਸੂਰਤ ਵਿੱਚ 10 ਹਜਾਰ ਡਾਲਰ ਦਾ ਇਨਾਮ ਵੀ ਰੱਖਿਆ ਗਿਆ ਸੀ। ਸ੍ਰ ਜਸਬੀਰ ਸਿੰਘ ਨੇ ਹੈਰਾਨੀ ਪ੍ਰਗਟ ਕੀਤੀ ਕਿ 10 ਹਜਾਰ ਡਾਲਰ ਖਾਤਰ ਇਹ ਲੋਕ ਜੇ ਅਪਣੀਆਂ ਗੈਬੀ ਰੂਹਾਂ ਨਹੀ ਸੱਦ ਸਕਦੇ ਤਾਂ 100-50 ਡਾਲਰ ਦੀ ਖਾਤਰ ਇਨ੍ਹਾਂ ਦੀਆਂ ਰੂਹਾਂ ਕਿੰਨਾ ਕੁ ਇਨ੍ਹਾ ਦੇ ਆਖੇ ਲੱਗਦੀਆਂ ਹੋਣਗੀਆਂ!

ਸਿਖ ਲਹਿਰ ਦੇ ਸ੍ਰ ਸੁਚੇਤ ਸਿੰਘ ਨੇ ਕਨੂੰਨੀ ਨੁਕਤੇ ਤੋਂ ਗੱਲ ਕਰਦਿਆ ਕਿਹਾ ਕਿ ਇਹ ਗੱਲ ਅਸੀਂ ਭਲੀ-ਭਾਂਤ ਜਾਣ ਚੁੱਕੇ ਹਾਂ ਕਿ ਇਨ੍ਹਾ ਪਖੰਡੀਆਂ ਦੇ ਪੱਲੇ ਕੁੱਝ ਨਹੀ ਹੈ, ਜੇ ਹੁੰਦਾ ਤਾਂ ਇਹ ਅਪਣੀ ਇੱਜਤ ਬਚਾਉਂਣ ਖਾਤਰ ਜਰੂਰ ਅਪਣੀ ਕੋਈ ‘ਗੈਬੀ ਰੂਹ’ ਲੈ ਕੇ ਆਉਂਦੇ ਅਤੇ ਦੂਜਿਆਂ ਦੇ ਦੁਸ਼ਮਣਾ ਉਪਰ ‘ਗੈਬੀ ਰੂਹਾਂ’ ਛੱਡਣ ਵਾਲੇ ਖੁਦ ਦੇ ਵਿਰੋਧੀਆਂ ਤੇ ਕੋਈ ਮੰਤ੍ਰ ਫੂਕਦੇ। ਉਨ੍ਹਾ ਕਿਹਾ ਕਿ ਸਾਨੂੰ ਇਨ੍ਹਾਂ ਦੇ ਡਰ ਦੀ ਛੱਟ ਲਾਹਕੇ ਇਨ੍ਹਾਂ ਦੇ ਖਿਲਾਫ ਖਲੋਣਾ ਚਾਹੀਦਾ ਹੈ ਤਾਂ ਕਿ ਭਵਿੱਖ ਵਿੱਚ ਲੁੱਟੇ ਜਾਣ ਵਾਲਿਆਂ ਦਾ ਬਚਾਅ ਹੋ ਸਕੇ। ਜਿਹੜੇ ਸਾਡੇ ਭਰਾ ਜਾਂ ਭੈਣਾਂ ਇਨ੍ਹਾ ਹੱਥੋਂ ਲੁੱਟੇ ਜਾ ਚੁੱਕੇ ਹਨ ਉਹ ਪਰੂਫ ਜਾਂ ਦਿੱਤੇ ਪੈਸੇ ਦੀਆਂ ਰਸੀਦਾਂ ਜਾਂ ਕਰੈਡਿਟ ਕਾਰਡਜ਼ ਜਾਂ ਫਿਰ ਐਫੀਡੇਵਟ ਜਾਂ ਬਿੱਲ ਆਦਿ ਲੈ ਕੇ ਅੱਗੇ ਆਉਣ ਉਨ੍ਹਾ ਦੀ ਕਨੂੰਨੀ ਲੜਾਈ ਅਸੀਂ ਅਪਣੇ ਵਲੋਂ ਲੜਾਂਗੇ ਅਤੇ ਸਾਡੀ ਕੋਸ਼ਿਸ਼ ਹੋਵੇਗੀ ਕਿ ਉਨ੍ਹਾ ਦਾ ਲੁੱਟਿਆ ਪੈਸਾ ਵਾਪਸ ਮੁੜਾਇਆ ਜਾ ਸਕੇ ਅਤੇ ਇਨ੍ਹਾਂ ਨੂੰ ਕਨੂੰਨ ਦੇ ਕਟਹਿਰੇ ਵਿੱਚ ਖੜਿਆਂ ਕਰਕੇ ਪੁੱਛਿਆ ਜਾ ਸਕੇ ਕਿ ਕਿਥੇ ਹਨ ਤੁਹਾਡੀਆਂ ਗੈਬੀ ਰੂਹਾਂ? ਸ੍ਰ ਸੁਚੇਤ ਸਿੰਘ ਨੇ ਮੀਡੀਏ ਉਪਰ ਵਰ੍ਹਦਿਆਂ ਕਿਹਾ ਕਿ ਖੁਦ ਅਸੀਂ ‘ਇਨਸਾਨ’ ਬਣਨ ਦੇ ਦਾਅਵੇ ਕਰਨ ਦੇ ਖੇਖਨ ਕਰ ਰਹੇ ਹਾਂ ਪਰ ਭੋਲੀ ਲੁਕਾਈ ਨੂੰ ਕਿਉਂ ਅਸੀਂ ਅੰਧਕਾਰ ਵਿੱਚ ਰੱਖ ਕੇ ਪਸ਼ੂ ਬਣਾਈ ਰੱਖਣਾ ਚਾਹੁੰਦੇ ਹਾਂ। ਉਨ੍ਹਾ ਕਿਹਾ ਕਿ 21 ਵੀਂ ਸਦੀ ਦੀਆਂ ਬਾਤਾਂ ਪਾਉਂਣ ਵਾਲਾ ਮੀਡੀਆ ਪੱਥਰ ਜੁੱਗ ਨੂੰ ਪ੍ਰਚਾਰਦਾ ਕਿੰਨਾ ਕੁ ਇਮਾਨਦਾਰ ਹੋ ਸਕਦਾ, ਇਹ ਸੋਚਣਾ ਬਣਦਾ ਹੈ ਅਤੇ ਇਸ ਤੋਂ ਵੀ ਅਗੇ ਹੈਰਾਨ-ਕੁਨ ਵਰਤਾਰਾ ਇਹ ਹੇ ਕਿ ਅਜਿਹੇ ਮੀਡੀਏ ਨੂੰ ਜਿਹੜੇ ਲੋਕ ਅਪਣੀਆਂ ਮੂਰਤੀਆਂ ਲਵਾਉਂਣ ਜਾਂ ਵਿਰੋਧੀ ਪਾਰਟੀ ਦਾ ਥੱਲਾ ਲਾਉਂਣ ਲਈ ਗੁਰੂ ਕੀਆਂ ਗੋਲਕਾਂ ਲੁਟਾ ਰਹੇ ਹਨ ਉਹ ਅਪਣੇ ਲੋਕਾਂ ਜਾਂ ਸਿੱਖ ਕੋਮ ਦੀ ਕਿੰਨੀ ਕੁ ਭਲਾਈ ਸੋਚਦੇ ਹੋਣਗੇ, ਇਹ ਹੋਰ ਵੀ ਗੰਭੀਰ ਵਿਸ਼ਾ ਹੈ।

ਉਨ੍ਹਾਂ ਅਗੇ ਚਲ ਕੇ ਕਿਹਾ ਕਿ ਜੇ ਜੋਤਸ਼ੀ ਪੰਡਤ ਜਾਂ ਸੱਯਦ ਭਵਿੱਖ ਵਿੱਚ ਹੋਣ ਬਾਰੇ ਬਹੁਤ ਜਾਣਦੇ ਹਨ ਤਾਂ ਅਮਰੀਕਾ ਦਾ 9-11 ਜਾਂ ਮਾਲਗਉਂ ਧਮਾਕੇ ਜਾਂ ਹੁਣੇ ਬੰਬਈ ਵਿੱਚ ਹੋਏ ਹਮਲਿਆਂ ਬਾਰੇ ਲੋਕਾਂ ਨੂੰ ਕਿਉਂ ਨਹੀ ਦਸਿਆ ਗਿਆ ਤਾਂ ਕਿ ਲੋਕਾਂ ਦੀਆਂ ਜਾਨਾ ਬਚਾਈਆ ਜਾ ਸਕਦੀਆਂ। ਦੁਨੀਆਂ ਉਪਰ ਕਿੰਨੇ ਬੰਬ ਧਮਾਕੇ ਜਾਂ ਹੋਰ ਕਤਲੋਗਾਰਤ ਹੋ ਰਹੀ ਹੈ ਕਰਨ ਵਾਲੇ ਕਰਕੇ ਫੜੇ ਵੀ ਨਹੀ ਜਾਂਦੇ ਅਤੇ ਮੱਨੁਖਤਾ ਲਹੂ ਵਿੱਚ ਭਿੱਜ ਕੇ ਰਹਿ ਜਾਂਦੀ ਹੈ, ਬੀਬੀਆਂ ਵਿਧਵਾ ਹੋ ਜਾਂਦੀਆਂ, ਬੱਚੇ ਯਤੀਮ ਹੋ ਜਾਂਦੇ ਹਨ, ਘਰ ਉੱਜੜ ਜਾਂਦੇ ਹਨ ਪਰ ਭੱਵਿਖ ਦੇ ਜਾਨਣਹਾਰੇ ਇਹ ਲੋਕ ਕੀ ਟੱਲੀਆਂ ਖੜਕਾ ਰਹੇ ਹੁੰਦੇ ਹਨ? ਇਸ ਤੋਂ ਸਾਬਤ ਹੁੰਦਾ ਕਿ ਇਨ੍ਹਾਂ ਦੀਆਂ ਅਖੌਤੀ ਗੈਬੀ ਸ਼ਕਤੀਆਂ ਦਾ ਪਖੰਡ ਕੇਵਲ ਤੇ ਕੇਵਲ ਲੁਕਾਈ ਨੂੰ ਲੁੱਟਣ ਲਈ ਹੀ ਹੈ ਪਰ ਪੱਲੇ ਇਨ੍ਹਾਂ ਦੇ ਕੁੱਝ ਨਹੀ।




.