.

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਆਵਾ ਗਵਣ-ਸਿਧਾਂਤਕ ਤੱਤ

(ਕਿਸ਼ਤ ਨੰ: 02)

੬. ਜਿਉਂਦਿਆਂ ਆਵਾਗਉਣ---

ਜਦੋਂ ਮਨੁੱਖ ਆਪਣੇ ਫ਼ਰਜ਼ ਦੀ ਪਹਿਛਾਣ ਨਹੀਂ ਕਰਦਾ, ਸਾਕਤ ਬਿਰਤੀ ਵਿੱਚ ਵਿਚਰ ਰਿਹਾ ਹੁੰਦਾ ਹੈ ਤਾਂ ਇਸ ਦਾ ਸਿੱਧਾ ਸੰਕਲਪ ਹੈ ਕਿ ਇਹ ਪਰਮਾਤਮਾ ਦਾ ਨਾਂ ਨਹੀਂ ਜਪਦਾ। ਅਜੇਹੀ ਅਵਸਥਾ ਜਦੋਂ ਬਣਦੀ ਹੈ ਤਾਂ ਉਹ ਮਨੁੱਖ ਸਾਕਤ ਬਿਰਤੀ ਦਾ ਧਾਰਨੀ ਹੋ ਕੇ ਏਸੇ ਜਨਮ ਵਿੱਚ ਵੱਖ ਵੱਖ ਜੂਨਾਂ ਭੋਗਦਾ ਹੋਇਆ ਆਵਾਗਵਣ ਦੇ ਚੱਕਰ ਵਿੱਚ ਫਸਿਆ ਪਿਆ ਹੈ----

ਉਦਮ ਕਰਹਿ ਅਨੇਕ ਹਰਿ ਨਾਮੁ ਨ ਗਾਵਹੀ॥

ਭਰਮਹਿ ਜੋਨਿ ਅਸੰਖ ਮਰਿ ਜਨਮਹਿ ਆਵਹੀ॥

ਪਸੂ ਪੰਖੀ ਸੈਲ ਤਰਵਰ ਗਣਤ ਕਛੂ ਨ ਆਵਏ॥

ਬੀਜੁ ਬੋਵਸਿ ਭੋਗ ਭੋਗਹਿ ਕੀਆ ਅਪਣਾ ਪਾਵਏ॥

ਰਤਨ ਜਨਮੁ ਹਾਰੰਤ ਜੂਐ ਪ੍ਰਭੂ ਆਪਿ ਨ ਭਾਵਹੀ॥

ਬਿਨਵੰਤਿ ਨਾਨਕ ਭਰਮਹਿ ਭ੍ਰਮਾਏ ਖਿਨੁ ਏਕੁ ਟਿਕਣੁ ਨ ਪਾਵਹੀ॥

ਜੈਤਸਰੀ ਮਹਲਾ ੫ ਪੰਨਾ ੭੦੫

ਪਹਿਲੀ ਤੁਕ ਵਿੱਚ ਸਾਫ਼ ਲਿਖਿਆ ਹੈ ਕਿ ਐ ਇਨਸਾਨ! ਤੂੰ ਸਾਕਤ ਬਿਰਤੀ ਵਾਲੇ ਉਦਮ ਤਾਂ ਬਹੁਤ ਕਰ ਰਿਹਾ ਏਂ – “ਉਦਮ ਕਰਹਿ ਅਨੇਕ” ਪਰ ਤੈਨੂੰ ਆਪਣੇ ਫ਼ਰਜ਼ ਦੀ ਪਹਿਛਾਣ- “ਹਰਿ ਨਾਮੁ ਨ ਗਾਵਹੀ” ਨਹੀਂ ਹੋ ਰਹੀ। ਜਿਸ ਦਾ ਨਤੀਜਾ ਭਟਕਣਾ ਵਿੱਚ ਨਿਕਲਦਾ ਹੈ। ਮੰਨ ਲਓ ਕੋਈ ਵਿਦਿਆਰਥੀ ਡਾਕਟਰੀ ਕਰਨ ਲਈ ਬਾਹਰਲੇ ਮੁਲਕ ਵਿੱਚ ਗਿਆ ਹੈ ਤੇ ਉਹ ਆਪਣੇ ਫ਼ਰਜ਼ ਦੀ ਪਹਿਛਾਣ ਨਾ ਕਰਕੇ ਵਿਕਾਰਾਂ ਵਾਲੇ ਪਾਸੇ ਚਲਿਆ ਜਾਂਦਾ ਹੈ ਤਾਂ ਉਸ ਵਿਦਿਆਰਥੀ ਪਾਸ, ਸਵਾਏ ਭਟਕਣਾ ਦੇ ਹੋਰ ਕੁੱਝ ਵੀ ਨਹੀਂ ਰਹਿ ਜਾਂਦਾ ਕਿਉਂਕਿ ਉਸ ਨੇ ਆਪਣੇ ਕੀਮਤੀ ਵਕਤ ਨੂੰ ਜਾਇਆ ਕਰ ਲਿਆ। ਜਿਸ ਨੂੰ – “ਰਤਨ ਜਨਮੁ ਹਾਰੰਤ ਜੂਐ” ਕਿਹਾ ਹੈ ਤੇ ਏਸੇ ਨੂੰ ਹੀ ਆਵਾਗਵਣਾਂ ਦੀ ਭਟਕਣਾ ਕਿਹਾ ਹੈ। ਵਰਤਮਾਨ ਜੀਵਨ ਦੇ ਵਿੱਚ ਹੀ ਕੀਤੇ ਹੋਏ ਕਰਮ ਦੇ ਅਨੁਸਾਰ ਆਪਣਾ ਕੀਤਾ ਆਪ ਹੀ ਭੋਗ ਰਹੇ ਹਾਂ--- “ਬੀਜੁ ਬੋਵਸਿ ਭੋਗ ਭੋਗਹਿ ਕੀਆ ਅਪਣਾ ਪਾਵਏ” ਇਸ ਭਟਕਣ ਵਾਲੀ ਅਵਸਥਾ ਦਾ ਨਾਂ ਨੀਚ ਸੁਭਾਅ ਵਾਲੀਆਂ ਜੂਨਾਂ ਹਨ— “ਭਰਮਹਿ ਜੋਨਿ ਅਸੰਖ ਮਰਿ ਜਨਮਹਿ ਆਵਹੀ”। ਪਸ਼ੂ-ਪੰਛੀ ਤੇ ਦਰੱਖਤਾਂ (ਚੁੱਪ-ਗੜੁੱਪ) ਵਾਲੀ ਅਵਸਥਾ ਵਿੱਚ ਵਿਚਰਨ ਵਾਲਾ ਖ਼ੁਦ ਆਵਾਗਵਣ ਸਹੇੜੀ ਬੈਠਾ ਹੈ--- “ਬਿਨਵੰਤਿ ਨਾਨਕ ਭਰਮਹਿ ਭ੍ਰਮਾਏ ਖਿਨੁ ਏਕੁ ਟਿਕਣੁ ਨ ਪਾਵਹੀ”।

ਸੋਹਿਲੇ ਦੀ ਬਾਣੀ ਵਿੱਚ ਨਿਤਾ-ਪ੍ਰਤੀ ਗੁਰੂ ਨੂੰ ਮਿਲ ਕੇ – “ਮਨ, ਗੁਰ ਮਿਲਿ ਕਾਜ ਸਵਾਰੇ” ਭਾਵ ਗੁਰੂ ਦੇ ਦਰਸਾਏ ਹੋਏ ਮਾਰਗ `ਤੇ ਚਲਦਿਆਂ, ਵਿਕਾਰਾਂ ਨਾਲ ਲੜਾਈ ਲੜਦਿਆਂ ਹੋਇਆਂ ਗੁਰਮੁਖਾਂ ਵਾਲੇ ਜੀਵਨ ਦੀ ਪਰਵਾਨਗੀ, ਜੋ ਪਰਮਾਤਮਾ ਦੀ ਪ੍ਰਾਪਤੀ ਦਾ ਸਿੱਖਰ ਹੈ, ਜਿਸ ਵਿੱਚ ਆਧਿਆਤਮਕ ਸੁੱਖ ਦੀ ਮੂੰਹ ਬੋਲਦੀ ਤਸਵੀਰ ਹੈ ਤੇ ਨਿਤਾ-ਪ੍ਰਤੀ ਦੇ ਆਵਾਗਵਣ ਤੋਂ ਛੁੱਟਕਾਰਾ ਪਾਉਣਾ ਮੰਨਿਆ ਗਿਆ ਹੈ। -- “ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ”॥ ਇਹ ਵਰਤਮਾਨ ਜੀਵਨ ਦੀ ਸੁਖੀ ਅਵਸਥਾ ਦਾ ਉੱਚਕੋਟੀ ਨਾਂ ਹੈ।

ਗੁਰਬਾਣੀ ਆਨੁਸਾਰ ਹਰ ਮਨੁੱਖ ਨੂੰ ਅਜ਼ਾਦੀ ਨਾਲ ਜ਼ਿੰਦਗੀ ਜਿਉਣ ਦਾ ਅਧਿਕਾਰ ਹੈ। ਜਿਸ ਵਿੱਚ ਵਿਕਾਰਾਂ ਤੋਂ ਉੱਪਰ ਉੱਠ ਕੇ ਆਪੇ ਦੀ ਪਹਿਛਾਣ ਕਰਨੀ, ਸਰਬੱਤ ਦਾ ਅਮਲੀ ਤੌਰ `ਤੇ ਭਲਾ ਮੰਗਣਾ, ਵੈਰ ਭਾਵਨਾ ਦੀ ਬੰਦਸ਼ ਦੀਆਂ ਹੱਦਾਂ ਨੂੰ ਤੋੜਨਾ ਜਿਸ ਵਿੱਚ ਵਿਕਾਰਾਂ ਵਾਲੇ ਜੀਵਨ ਦਾ ਖਾਤਮਾ ਮਿੱਥਿਆ ਗਿਆ ਹੈ। ਆਪਣੇ ਮਨ ਦੇ ਸਿਰਜੇ ਹੋਏ ਆਵਾਗਵਣ ਨੂੰ ਮੁੱਢੋਂ ਮੁਕਾ ਦੇਣਾ ਤੇ ਮੁਕਤੀ ਦੇ ਮੋਕਲ਼ੇ ਰਾਹ ਦਾ ਪਾਂਧੀ ਬਣਨਾ ਮਨ ਦੀ ਜਿੱਤ ਰੱਖੀ ਗਈ ਹੈ---

ਫਾਹੇ ਕਾਟੇ ਮਿਟੇ ਗਵਨ ਫਤਿਹ ਭਈ ਮਨਿ ਜੀਤ॥

ਨਾਨਕ ਗੁਰ ਤੇ ਥਿਤਿ ਪਾਈ ਫਿਰਨ ਮਿਟੇ ਨਿਤ ਨੀਤ॥

ਸਲੋਕ ਮ: ੫ ਪੰਨਾ ੨੫੮

ਅਰਥ--- ਹੇ ਨਾਨਕ ! ਜੇ ਆਪਣੇ ਮਨ ਨੂੰ ਜਿੱਤ ਲਈਏ, (ਵੱਸ ਵਿੱਚ ਕਰ ਲਈਏ) ਤਾਂ (ਵਿਕਾਰਾਂ ਉਤੇ) ਜਿੱਤ ਪ੍ਰਾਪਤ ਹੋ ਜਾਂਦੀ ਹੈ, ਮਾਇਆ ਦੇ ਮੋਹ ਦੇ ਬੰਧਨ ਕੱਟੇ ਜਾਂਦੇ ਹਨ, ਤੇ (ਮਾਇਆ ਪਿਛੇ) ਭਟਕਣਾ ਮੁੱਕ ਜਾਂਦੀ ਹੈ। ਜਿਸ ਮਨੁੱਖ ਨੂੰ ਗੁਰੂ ਪਾਸੋਂ ਮਨ ਦੀ ਅਡੋਲਤਾ ਮਿਲ ਜਾਂਦੀ ਹੈ, ਉਸ ਦੇ ਹੱਥਲੇ ਜੀਵਨ ਦੇ ਜਨਮ ਮਰਨ ਦੇ ਗੇੜ ਭਾਵ ਰੋਜ਼ ਰੋਜ਼ ਦੇ ਆਵਾਗਵਣ ਦੇ ਚੱਕਰ ਸਦਾ ਲਈ ਮੁੱਕ ਜਾਂਦੇ ਹਨ। ਭਾਵ ਘੜੀ ਘੜੀ ਦਾ ਜੰਮਣਾ ਮਰਨਾ ਮੁੱਕ ਜਾਂਦਾ ਹੈ।

੭. ਭਰਮਾਂ ਦਾ ਜਾਲ ਆਵਾਗਉਣ--

ਹਨ੍ਹੇਰੇ ਵਿੱਚ ਪਈ ਹੋਈ ਰੱਸੀ ਸੱਪ ਲੱਗਦੀ ਹੈ ਜੋ ਭਰਮ ਦੀ ਮੂੰਹ ਬੋਲਦੀ ਤਸਵੀਰ ਹੈ। ਇਹ ਭਰਮ ਸਾਡੀ ਆਗਿਆਨਤਾ ਦੇ ਰੂਪ ਵਿੱਚ ਸਾਡੀ ਅਗਵਾਈ ਕਰ ਰਿਹਾ ਹੈ। ਅਸਲ ਵਿੱਚ ਇਹ ਭਰਮ ਤੇ ਅਗਿਆਨਤਾ ਹੀ ਆਵਾਗਵਣ ਦੇ ਚੱਕਰ ਵਿੱਚ ਪਾਈ ਰੱਖਦੀ ਹੈ---

ਤਪਤਿ ਮਾਹਿ ਠਾਢਿ ਵਰਤਾਈ॥ ਅਨਦੁ ਭਇਆ ਦੁਖ ਨਾਠੇ ਭਾਈ॥

ਜਨਮ ਮਰਨ ਕੇ ਮਿਟੇ ਅੰਦੇਸੇ॥ ਸਾਧੂ ਕੇ ਪੂਰਨ ਉਪਦੇਸੇ॥

ਭਉ ਚੂਕਾ ਨਿਰਭਉ ਹੋਇ ਬਸੇ॥ ਸਗਲ ਬਿਆਧਿ ਮਨ ਤੇ ਖੈ ਨਸੇ॥

ਜਿਸ ਕਾ ਸਾ ਤਿਨਿ ਕਿਰਪਾ ਧਾਰੀ॥ ਸਾਧ ਸੰਗਿ ਜਪਿ ਨਾਮੁ ਮੁਰਾਰੀ॥

ਥਿਤਿ ਪਾਈ ਚੂਕੇ ਭ੍ਰਮ ਗਵਨ॥ ਸੁਨਿ ਨਾਨਕ ਹਰਿ ਹਰਿ ਜਸੁ ਸ੍ਰਵਨ॥

ਪੰਨਾ ੨੮੭

ਜੇ ਤਾਂ ਇਹਨਾਂ ਵਾਕਾਂ ਨੂੰ ਅਸੀਂ ਅੱਜ ਦੇ ਜੀਵਨ `ਤੇ ਢੁਕਾਅ ਕੇ ਦੇਖਦੇ ਹਾਂ ਤਾਂ ਇਹ ਸਾਰਾ ਉਪਦੇਸ਼ ਸਾਡੇ `ਤੇ ਲਾਗੂ ਹੁੰਦਾ ਹੈ ਪਰ ਅਸੀਂ ਆਪਣਾ ਅਵਗੁਣਾਂ ਵਾਲਾ ਸੁਭਾਅ ਛੱਡਣਾ ਨਹੀਂ ਚਾਹੁੰਦੇ। ਇਸ ਲਈ ਇਸ ਉਪਦੇਸ਼ ਨੂੰ ਅਸੀਂ ਮਰਣ ਦੇ ਉਪਰੰਤ ਲਈ ਰਾਖਵਾਂ ਰੱਖ ਕੇ ਅੱਜ ਦੀ (ਵਰਤਮਾਨ) ਜ਼ਿੰਮੇਵਾਰੀ ਤੋਂ ਸਰਖੁਰੂ ਹੋਣਾ ਚਾਹੁੰਦੇ ਹਾਂ। ਸੜ੍ਹ ਰਹੇ ਹੱਥਲੇ ਜੀਵਨ ਵਿੱਚ ਅਨੰਦ ਭਰਨ ਦੀ ਤੇ ਦੁੱਖਾਂ ਨੂੰ ਖਤਮ ਕਰਨ ਦੀ ਗੁਰ-ਉਪਦੇਸ਼ ਦੀ ਪਕੜ ਦੱਸੀ ਹੈ— “ਜਨਮ ਮਰਨ ਕੇ ਮਿਟੇ ਅੰਦੇਸੇ॥ ਸਾਧੂ ਕੇ ਪੂਰਨ ਉਪਦੇਸ”॥

ਘੜੀ ਘੜੀ ਦਾ ਜਨਮ ਮਰਣ ਇਸ ਦਾ ਭਾਵ ਅਰਥ ਹੈ ਤ੍ਰਿਸ਼ਨਾ ਦੀ ਚਾਹਤ ਵਿੱਚ ਹਮੇਸ਼ਾਂ ਜਨਮ ਲੈਣਾ ਅਤੇ ਹੰਕਾਰ ਵਿੱਚ ਹਰ ਵੇਲੇ ਮਰਦੇ ਰਹਿਣ ਨੂੰ ਜਨਮ ਮਰਣ ਕਿਹਾ ਹੈ ਪਰ ਇਸ ਦੇ ਖਾਤਮੇ ਦੀ ਵਿਵਸਥਾ ਵੀ ਰੱਖੀ ਹੋਈ ਹੈ ‘ਸਾਧੂ ਕੇ ਪੂਰਨ ਉਪਦੇਸ’ ਸਾਧੂ ਉਪਦੇਸ਼ ਸਿੱਖ ਲਈ ਗੁਰੂ ਗ੍ਰੰਥ ਸਾਹਿਬ ਜੀ ਦਾ ਆਤਮਕ ਗਿਆਨ ਹੈ। ਪਤੀਲਾ ਜਾਂ ਤਵਾ ਦਿਨ ਵਿੱਚ ਦੋ ਤਿੰਨ ਵਾਰ ਗਰਮ ਹੁੰਦਾ ਹੈ ਪਰ ਮਨੁੱਖ ਚੌਵੀ ਘੰਟੇ ਕਈ ਵਾਰੀ ਬਿਨਾ ਕਿਸੇ ਗੱਲ ਦੇ ਤਪਿਆ ਰਹਿੰਦਾ ਹੈ। ਇਸ ਤਪਸ਼ ਦਾ ਸਮਾਧਾਨ ਪੂਰੇ ਗੁਰੂ ਦੇ ਉਪਦੇਸ਼ ਦੁਆਰਾ ਨਿਰਭਉ ਹੋਣਾ ਹੈ--- “ਭਉ ਚੂਕਾ ਨਿਰਭਉ ਹੋਇ ਬਸੇ॥ ਸਗਲ ਬਿਆਧਿ ਮਨ ਤੇ ਖੈ ਨਸੇ” (ਸਾਰਾ) ਡਰ ਮੁੱਕ ਗਿਆ ਹੈ, ਹੁਣ ਨਿਡਰ ਵੱਸਦੇ ਹਾਂ ਸਾਰੇ ਰੋਗ ਨਾਸ ਹੋ ਕੇ ਮਨੋਂ ਵਿਸਰ ਗਏ ਹਨ। ‘ਸਗਲ ਬਿਆਧਿ’ ਹਮੇਸ਼ਾਂ ਆਵਾ ਗਵਣ ਦਾ ਚੱਕਰ ਖਤਮ ਹੋ ਗਿਆ।

ਭਰਮ ਜਾਲ ਕਰਕੇ ਬਹੁਤ ਵੱਡਾ ਆਵਾਗਵਣ ਦਾ ਚੱਕਰ ਪਿਆ ਹੋਇਆ ਹੈ ਪਰ ਇਸ ਤੋਂ ਸ਼ਾਤੀ ਮਿਲ ਸਕਦੀ ਹੈ ਜੇ ਧਿਆਨ ਨਾਲ ਗੁਰ-ਗਿਆਨ ਨੂੰ ਸੁਣ ਕੇ ਮਨ ਵਿੱਚ ਵਸਾਇਆ ਜਾਏ -- ਥਿਤਿ ਪਾਈ ਚੂਕੇ ਭ੍ਰਮ ਗਵਨ॥ ਸੁਨਿ ਨਾਨਕ ਹਰਿ ਹਰਿ ਜਸੁ ਸ੍ਰਵਨ॥ ਇਹਨਾਂ ਤੁਕਾਂ ਵਿੱਚ ਭਰਮ ਰੂਪੀ ਆਵਾਗਉਣ, ਹਰ ਜੱਸ ਸਰਵਣ ਕਰਨ ਨਾਲ ਵਰਤਮਾਨ ਜੀਵਨ ਵਿਚੋਂ ਦੂਰ ਕਰਨ ਦੀ ਸਥਿਤੀ ਬਿਆਨ ਕੀਤੀ ਗਈ ਹੈ।

੮. ਖੋਟੀ ਮਤ ਹੀ ਆਵਾਗਉਣ ਦਾ ਸਾਕਾਰ ਰੂਪ ਹੈ---

ਵਰਤਮਾਨ ਜੀਵਨ ਦੀ ਗੱਲ ਕਰਦਿਆਂ ਦੁਰਮਤ ਤੇ ਹਉਮੇ ਵਾਲੀ ਬੁੱਧੀ ਦੀ ਪਹਿਛਾਣ ਕਰਕੇ ਇਸ ਵਲੋਂ ਕਿਨਾਰਾ ਕਰਨ ਦੀ ਗੱਲ ਕਹੀ ਗਈ ਹੈ ---

ਟੂਟੇ ਬੰਧਨ ਬਹੁ ਬਿਕਾਰ ਸਫਲ ਪੂਰਨ ਤਾ ਕੇ ਕਾਮ॥

ਦੁਰਮਤਿ ਮਿਟੀ ਹਉਮੈ ਛੁਟੀ ਸਿਮਰਤ ਹਰਿ ਕੋ ਨਾਮ॥ -----

ਸਰਨਿ ਗਹੀ ਪਾਰਬ੍ਰਹਮ ਕੀ ਮਿਟਿਆ ਆਵਾਗਵਨ॥

ਆਪਿ ਤਰਿਆ ਕੁਟੰਬ ਸਿਉ ਗੁਣ ਗੁਬਿੰਦ ਪ੍ਰਭ ਰਵਨ॥

ਪੰਨਾ ੩੦੦

ਉਪਰੋਕਤ ਤੁਕਾਂ ਵਿੱਚ – “ਸਿਮਰਤ ਹਰਿ ਕੋ ਨਾਮ” ਜੋ ਰੱਬੀ ਗੁਣਾਂ ਦਾ ਅੀਧਐਨ ਕਰਨ ਦਾ ਰਾਹ ਖੋਹਲਦਾ ਹੈ ਤੇ “ਸਰਨਿ ਗਹੀ ਪਾਰਬ੍ਰਹਮ ਕੀ” ਪਰਮਾਤਮਾ ਦੀ ਸ਼ਰਨ ਲੈਣ ਦਾ ਭਾਵ ਅਰਥ – ਗੁਣਾਂ ਦਾ ਅਧਿਐਨ ਕਰਕੇ ਉਹਨਾਂ ਨੂੰ ਜੀਵਨ ਵਿੱਚ ਢਾਲਣ ਦਾ ਯਤਨ ਕਰਨਾ ਜਨੀ ਕਿ ਇਹਨਾਂ ਗੁਣਾਂ ਵਿੱਚ ਹਰ ਵੇਲੇ ਵਿਚਰਦੇ ਰਹਿਣਾ ਤੇ ਇੰਜ ਕਰਨ ਨਾਲ ਰੋਜ਼-ਮਰਾ ਜ਼ਿੰਦਗੀ ਦਾ ਆਵਾਗਵਣ ਕੱਟਿਆ ਜਾਏਗਾ। ‘ਮਿਟਿਆ ਆਵਾਗਵਨ’ ਜਿਸ ਨਾਲ ਆਪ ਤੇ ਕੁਟੰਬ ਤਰਨ ਦੀ ਜੁਗਤੀ ਆਉਂਦੀ ਹੈ— ‘ਆਪਿ ਤਰਿਆ ਕੁਟੰਬ ਸਿਉ’। ਸਵਾਲ ਪੈਦਾ ਹੁੰਦਾ ਹੈ ਕਿ ਆਪ ਤੇ ਅਸੀਂ ਤਰ ਗਏ ਪਰ ਕੁਟੰਬ ਕਿਸ ਤਰ੍ਹਾਂ ਤਰ ਸਕਦਾ ਹੈ? ਕੁਟੰਬ ਦਾ ਸਿੱਧਾ ਅਰਥ ਕਰਦੇ ਹਾਂ ਤਾਂ ਪਰਵਾਰ ਬਣਦਾ ਹੈ ਪਰ ਪਰਵਾਰ ਦੇ ਸਾਰੇ ਜੀਅ ਕਦੇ ਚੰਗੀ ਗੱਲ `ਤੇ ਵੀ ਸਹਿਮਤ ਨਹੀਂ ਹੁੰਦੇ। ਹੁਣ ਪ੍ਰਿਥੀ ਚੰਦ ਗੁਰੂ ਰਾਮਦਾਸ ਜੀ ਦਾ ਬੇਟਾ ਹੋਣ ਦੇ ਨਾਤੇ ਵੀ ਨਹੀਂ ਤਰ ਸਕਿਆ ਤੇ ਜੇ ਅੰਤਰੀਵ ਭਾਵ ਲੈਂਦੇ ਹਾਂ ਤਾਂ ਕੁਟੰਬ ਸਰੀਰ ਦੇ ਗਿਆਨ ਇੰਦਰੇ ਬਣਦੇ ਹਨ। ਜੇ ‘ਗੁਣ ਗੋਬਿੰਦ’ ਦੀ ਅਵਸਥਾ ਤੇ ਪਕੜ ਮਜਬੂਤ ਹੋ ਜਾਏ ਤਾਂ ਅਸੀਂ ਅੰਦਰੋਂ ਬਾਹਰੋਂ ਇੱਕ ਹੋ ਸਕਦੇ ਹਾਂ ਜੋ ਹਰ ਵੇਲੇ ਦੇ ਆਵਾਗਵਣ ਤੋਂ ਮੁਕਤ ਕਰਨ ਦਾ ਪੱਥ ਪਰਦਰਸ਼ਕ ਹੈ। ਮੌਜੂਦਾ ਜੀਵਨ ਵਿਚੋਂ ਵਿਕਾਰਾਂ ਵਾਲਾ ਆਵਾਗਵਣ ਕੱਟਿਆ ਜਾ ਸਕਦਾ ਹੈ।

੯. ਵਿਕਾਰ ਹੀ ਆਵਾਗਉਣ ਨੇ---

ਦਿਨ ਦੇ ਚਿੱਟੇ ਚਾਨਣੇ ਵਾਂਗ ਗੁਰਬਾਣੀ ਕਾਮ, ਕ੍ਰੋਧ, ਲੋਭ, ਮੋਹ ਇਤਿ-ਆਦਿਕ ਨੀਵੇਂ ਤਲ਼ ਦੇ ਰੋਗਾਂ ਨੂੰ ਆਵਾਗਵਣ ਕਹਿ ਰਹੀ ਹੈ ਪਰ ਅਸੀਂ ਬਿਪਰਵਾਦੀ ਪ੍ਰੰਪਰਾ ਦੇ ਅਧੀਨ ਮਰਣ ਤੋਂ ਬਾਅਦ ਵਾਲੇ ਆਵਾਗਵਣ ਦੀ ਆਸ ਲਾਈ ਬੈਠੇ ਹਾਂ। ਕਿੰਨਾ ਸਰਲ਼ ਉਪਦੇਸ਼ ਹੈ ਜਿਸ ਨੂੰ ਅਸੀਂ ਸਮਝਿਆ ਨਹੀਂ ਹੈ---

ਕਾਮ ਕ੍ਰੋਧ ਲੋਭ ਮੋਹ ਮੂਠੇ ਸਦਾ ਆਵਾਗਵਣ॥

ਪ੍ਰਭ ਪ੍ਰੇਮ ਭਗਤਿ ਗੁਪਾਲ ਸਿਮਰਣ ਮਿਟਤ ਜੋਨੀ ਭਵਣ॥

ਗੂਹਰੀ ਮਹਲਾ ੫ ਪੰਨਾ ੫੦੨

ਅਰਥ--- ਹੇ ਭਾਈ ! ਜੇਹੜੇ ਮਨੁੱਖ ਕਾਮ ਕ੍ਰੋਧ ਲੋਭ (ਆਦਿਕ ਚੋਰਾਂ) ਪਾਸੋਂ (ਆਪਣਾ ਆਤਮਕ ਜੀਵਨ) ਲੁਟਾਂਦੇ ਰਹਿੰਦੇ ਹਨ, ਉਹਨਾਂ ਵਾਸਤੇ ਜਨਮ ਮਰਨ (ਤ੍ਰਿਸ਼ਨਾ ਵਿੱਚ ਜਨਮ ਤੇ ਹੰਕਾਰ ਵਿੱਚ ਮਰਣ) ਦਾ ਗੇੜ ਸਦਾ ਬਣਿਆ ਰਹਿੰਦਾ ਹੈ। ਹੇ ਭਾਈ ! ਪਰਮਾਤਮਾ ਨਾਲ ਪਿਆਰ ਪਾਇਆਂ, ਗੋਪਾਲ ਦੀ ਭਗਤੀ ਕੀਤਿਆਂ, ਹਰਿ-ਨਾਮ ਦਾ ਸਿਮਰਨ ਕੀਤਿਆਂ ਭਾਵ ਉਸ ਦੇ ਗੁਣਾਂ ਨੂੰ ਸਮਝ ਕੇ ਜੀਵਨ ਵਿੱਚ ਅਪਨਾਉਣ ਨਾਲ, ਆਤਮਕ ਤਲ਼ `ਤੇ ਅਨੇਕਾਂ ਜੂਨਾਂ ਵਾਲੀ ਭਟਕਣਾ ਮੁੱਕ ਜਾਂਦਾ ਹੈ।

ਸਾਰਾ ਸੰਸਾਰ ਹੀ ਆਵਾਗਉਣ ਹੈ—

ਸਾਰਾ ਸੰਸਾਰ ਹੀ ਆਵਾਗਉਣ ਦੇ ਚੱਕਰ ਵਿੱਚ ਪਿਆ ਹੋਇਆ ਹੈ ਪਰ ਸੱਚੇ ਪਰਮਾਤਮਾ ਨਾਲ ਜੁੜਿਆਂ ਇਸ ਤੋਂ ਮੁਕਤੀ ਮਿਲ ਸਕਦੀ ਹੈ---

ਏ ਮਨ ਮੇਰਿਆ ਆਵਾਗਉਣੁ ਸੰਸਾਰੁ ਹੈ ਅੰਤਿ ਸਚਿ ਨਿਬੇੜਾ ਰਾਮ॥

ਵਡਹੰਸ ਮਹਲਾ ੩ ਪੰਨਾ ੫੭੧

ਹੇ ਮੇਰੇ ਮਨ ! ਜਗਤ (ਦਾ ਮੋਹ ਜੀਵ ਵਾਸਤੇ) ਨਿਤਾ ਪ੍ਰਤੀ ਆਤਮਕ ਤਲ਼ `ਤੇ ਜਨਮ ਮਰਨ (ਦਾ ਗੇੜ ਲਿਆਉਂਦਾ) ਹੈ, ਆਖ਼ਰ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿੱਚ ਜੁੜਿਆਂ ਹਰ ਘੜੀ ਦੇ (ਜਨਮ ਮਰਨ ਦੇ ਗੇੜ ਦਾ) ਖ਼ਾਤਮਾ ਹੋ ਜਾਂਦਾ ਹੈ।

ਜੇ ਵਰਤਮਾਨ ਜੀਵਨ ਵਲ ਝਾਤ ਮਾਰ ਕੇ ਦੇਖਣ ਦਾ ਯਤਨ ਕੀਤਾ ਜਾਏ ਤਾਂ ਆਵਾਗਉਣ ਦਾ ਚੱਕਰ ਸਾਡੇ ਆਪਣੇ ਸੁਭਾਅ ਕਰਕੇ ਹੀ ਪਿਆ ਹੋਇਆ ਹੈ। ਰਾਜਨੀਤੀ, ਸਮਾਜ ਤੇ ਧਰਮ ਦੀ ਦੁਨੀਆਂ ਵਿੱਚ ਆਵਾਗਉਣ ਭਰਪੂਰ ਸਥਿੱਤੀ ਵਿੱਚ ਦੇਖਿਆ ਜਾ ਸਕਦਾ ਹੈ। ਇੱਕ ਮਾਤਾ ਦੇ ਭੋਗ `ਤੇ ਵੱਡਾ ਇਕੱਠ ਵੇਖ ਆਪਣੇ ਆਪ ਵਲੋਂ ਹਮਦਰਦੀ ਪ੍ਰਗਟ ਕਰਨ ਆਇਆ ਨਾਮ ਧਰੀਕ ਪਰਚਾਰਕ ਤੇ ਰਾਗੀ ਜੱਥਾ ਨਾ-ਮਲੂਮ ਜੇਹੇ ਆਪੇ ਬਣੇ ਲੀਡਰ ਦੇ ਬਾਰ ਬਾਰ ਪੈਰ ਇਸ ਲਈ ਪਕੜ ਰਿਹਾ ਸੀ ਕਿ ਹਮ ਕੋ ਸਿਰਫ ਪਾਂਚ ਮਿੰਟ ਕਾ ਹੀ ਟੇਮ ਦਿੱਤਾ ਜਾਏ ਕਿਉਂਕਿ ਹਮਰਾ ਮਾਤਾ ਸੇ ਪਿਆਰ ਬਹੁਤ ਸੀ। ਭਾਵ ਇਸ ਇਕੱਠ ਵਿਚੋਂ ਚਾਰ ਪੈਸੇ ਵੱਧ ਇਕੱਠੇ ਹੋ ਜਾਣ। ਰਾਜਨੀਤਿਕ ਲੋਕ ਵੋਟਾਂ ਦੇ ਆਵਾਗਉਣ ਵਿੱਚ ਪਏ ਆਮ ਦਿਸਦੇ ਹਨ ਤੇ ਸਮਾਜ ਸਾਰਾ ਨੱਕ-ਨਮੂਜ ਦੀ ਖ਼ਾਤਰ ਮਰਿਆ ਪਿਆ ਹੋਇਆ ਹੈ। ਹਰ ਧਰਮ ਦਾ ਪੁਜਾਰੀ ਧਾਰਮਕ ਅਸਥਾਨ `ਤੇ ਬੈਠਾ ਹੋਇਆ ਵੀ ਆਵਾਗਉਣ ਦੇ ਚੱਕਰ ਦੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਨਿਭਾਅ ਰਿਹਾ ਹੈ ਕਿ ਅੱਜ ਕੋਈ ਚੰਗੀ ਜੇਹੀ ਸਾਮੀ ਉਘ੍ਹੜੀ ਨਹੀਂ ਹੈ।

ਮਿਲਿਆ ਹੋਇ ਨ ਵੀਛੁੜੈ ਜੇ ਮਿਲਿਆ ਹੋਈ॥

ਆਵਾਗਉਣੁ ਨਿਵਾਰਿਆ ਹੈ ਸਾਚਾ ਸੋਈ॥ 3॥

ਹਉਮੈ ਮਾਰਿ ਨਿਵਾਰਿਆ ਸੀਤਾ ਹੈ ਚੋਲਾ॥

ਗੁਰ ਬਚਨੀ ਫਲੁ ਪਾਇਆ ਸਹ ਕੇ ਅੰਮ੍ਰਿਤ ਬੋਲਾ॥ 4॥

ਸੂਹੀ ਮਹਲਾ ੧ ਪੰਨਾ ੭੨੯

ਅਰਥ---ਜੇਹੜਾ ਜੀਵ ਪ੍ਰਭੂ-ਚਰਨਾਂ ਵਿੱਚ ਜੁੜ ਜਾਏ ਜੇ ਉਹ ਸਚ-ਮੁਚ ਦਿਲੋਂ ਮਿਲਿਆ ਹੋਇਆ ਹੈ ਤਾਂ ਫਿਰ ਕਦੇ ਉਹ ਉਸ ਮਿਲਾਪ ਵਿਚੋਂ ਵਿਛੁੜਦਾ ਨਹੀਂ। ਉਸ ਦਾ ਸੁਭਾਵਕ ਤੌਰ `ਤੇ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ, ਉਸ ਨੂੰ ਹਰ ਥਾਂ ਉਹ ਸਦਾ-ਥਿਰ ਪ੍ਰਭੂ ਹੀ ਦਿੱਸਦਾ ਹੈ। ਜਿਸ ਜੀਵ ਨੇ ਹਉਮੈ ਮਾਰ ਕੇ ਆਪਾ-ਭਾਵ ਦੂਰ ਕੀਤਾ ਹੈ ਤੇ (ਇਸ ਤਰ੍ਹਾਂ) ਆਪਣਾ ਆਪਾ ਸੰਵਾਰ ਲਿਆ ਹੈ, ਸਤਿਗੁਰੂ ਦੇ ਬਚਨਾਂ ਤੇ ਤੁਰ ਕੇ ਫਲ ਵਜੋਂ ਉਸ ਨੂੰ ਖਸਮ-ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਬੋਲ ਪ੍ਰਾਪਤ ਹੁੰਦੇ ਹਨ ਜੋ ਆਤਮਕ ਜੀਵਨ ਦੇਣ ਦੇ ਸਮਰੱਥ ਹਨ।

ਰੱਬੀ ਹੁਕਮ ਨੂੰ ਜੋ ਸਮਝ ਲੈਂਦਾ ਹੈ ਉਹ ਵਿਛੜਦਾ ਨਹੀਂ ਭਾਵ ਉਸ ਮਨੁੱਖ `ਤੇ ਸੰਸਾਰ ਦੇ ਵਿਕਾਰ ਅਸਰ ਨਹੀਂ ਪਾ ਸਕਦੇ। ਉਸ ਦੀ ਜ਼ਿੰਦਗੀ ਦਾ ਅਦਰਸ਼ ਲੋਕ ਭਲਾਈ ਦੇ ਕੰਮਾਂ ਵਿੱਚ ਜੁੜਨਾ ਹੱਕ ਸਚਾਈ ਦੀ ਅਵਾਜ਼ ਨੂੰ ਬੁਲੰਦ ਕਰਨਾ ਤੇ ਇਸ ਸ਼ੁਭ ਕਰਮ ਲਈ ਸ਼ਹਾਦਤ ਦੇਣੀ ਪਏ ਤਾਂ ਪਿੱਛੇ ਮੁੜ ਕੇ ਨਹੀਂ ਦੇਖਦਾ। ਇਸ ਦਾ ਅਰਥ ਹੈ ਕਿ ਉਹ ਮਹਾਨ ਸ਼ਖ਼ਸੀਅਤ ਆਵਾਗਉਣ ਦੇ ਚੱਕਰ ਵਿਚੋਂ ਨਿਕਲ ਚੁੱਕੀ ਹੈ।

ਇੱਕ ਹੋਰ ਵਾਕ ਦੀ ਵਿਚਾਰ ਦੇਖੀਏ ਤਾਂ ਇਸ ਦੇ ਅਖਰੀਂ ਅਰਥ ਏਹੋ ਹੀ ਬਣਗੇ ਕਿ ਸੰਸਾਰ ਸਾਰਾ ਹੀ ਆਵਗਉਣ ਦੇ ਚੱਕਰ ਵਿੱਚ ਪਿਆ ਹੋਇਆ ਹੈ ---

ਕਾਇਆ ਅੰਦਰਿ ਬ੍ਰਹਮਾ ਬਿਸਨੁ ਮਹੇਸਾ ਸਭ ਓਪਤਿ ਜਿਤੁ ਸੰਸਾਰਾ॥

ਸਚੈ ਆਪਣਾ ਖੇਲੁ ਰਚਾਇਆ ਆਵਾਗਉਣ ਪਾਸਾਰਾ॥

ਪੂਰੈ ਸਤਿਗੁਰਿ ਆਪਿ ਦਿਖਾਇਆ ਸਚਿ ਨਾਮਿ ਨਿਸਤਾਰਾ॥

ਪੰਨਾ ੭੫੪

ਅਰਥ-- ਹੇ ਭਾਈ ! ਇਸ ਸਰੀਰ ਵਿੱਚ ਉਹ ਪਰਮਾਤਮਾ ਵੱਸ ਰਿਹਾ ਹੈ, ਜਿਸ ਤੋਂ ਬ੍ਰਹਮਾ, ਬਿਸ਼ਨ, ਸ਼ਿਵ ਅਤੇ ਹੋਰ ਸਾਰੀ ਸ੍ਰਿਸ਼ਟੀ ਦੀ ਉਤਪਤੀ ਹੋਈ ਹੈ। ਸਦਾ-ਥਿਰ ਪ੍ਰਭੂ ਨੇ (ਇਹ ਜਗਤ) ਆਪਣਾ ਇੱਕ ਤਮਾਸ਼ਾ ਰਚਿਆ ਹੋਇਆ ਹੈ ਇਹ ਜੰਮਣ ਮਰਨ ਇੱਕ ਖਿਲਾਰਾ ਖਿਲਾਰ ਦਿੱਤਾ ਹੈ। ਜਿਸ ਮਨੁੱਖ ਨੂੰ ਪੂਰੇ ਗੁਰੂ ਨੇ (ਇਹ ਅਸਲੀਅਤ) ਵਿਖਾ ਦਿੱਤੀ, ਸਦਾ-ਥਿਰ ਪ੍ਰਭੂ ਦੇ ਨਾਮ ਵਿੱਚ ਜੁੜ ਕੇ ਉਸ ਮਨੁੱਖ ਦਾ ਪਾਰ-ਉਤਾਰਾ ਹੋ ਗਿਆ।

ਬਿਪਰਵਾਦੀ ਮਿੱਥਹਾਸ ਕਹਿੰਦਾ ਹੈ ਕਿ ਬ੍ਰਹਮਾ ਜਨਮ, ਵਿਸ਼ਨੂ ਰੋਟੀ ਤੇ ਸ਼ਿਵ ਦੇਵਤਾ ਮੌਤ ਦੇਂਦਾ ਹੈ। ਜੇ ਸਰੀਰ ਦੀ ਪ੍ਰਕਿਰਿਆ ਨੂੰ ਦੇਖਿਆ ਜਾਏ ਤਾਂ ਜੋ ਸੈੱਲ਼ ਬਣ ਰਹੇ ਹਨ ਉਹ ਬ੍ਰਹਮਾ ਦਾ ਹੀ ਕੰਮ ਕਰ ਰਹੇ ਹਨ ਦਿੱਲ ਪੰਪ ਕਰਕੇ ਵਿਸ਼ਨੂੰ ਦੇਵਤੇ ਦਾ ਫ਼ਰਜ਼ ਅਦਾ ਕਰਕੇ ਸਾਰੇ ਸਰੀਰ ਨੂੰ ਖ਼ੂਨ ਸਪਲਾਈ ਕਰਦਾ ਹੈ ਤੇ ਸਰੀਰ ਦੇ ਅੰਦਰਲੇ ਸੈੱਲ ਜੋ ਟੁੱਟ ਰਹੇ ਹਨ ਉਹ ਸਾਰੇ ਸ਼ਿਵ ਦੇ ਜ਼ਿੰਮੇ ਆਉਂਦੇ ਹਨ।

ਪਰ ਜੇ ਇਹਨਾਂ ਵਾਕਾਂ ਨੂੰ ਅਸੀਂ ਆਪਣੇ ਤੇ ਢੁਕਾਅ ਕੇ ਦੇਖੀਏ ਤਾਂ ਸਾਡੇ ਮਨ ਵਿੱਚ ਹੀ ਤਿੰਨ ਬਿਰਤੀਆਂ ਕੰਮ ਕਰ ਰਹੀਆਂ ਹਨ। ਇਸ ਸਾਰੇ ਵਾਕ ਦੀ ਵਿਚਾਰ ਤਾਂ ਬਹੁਤ ਲੰਬੀ ਹੋ ਜਾਣੀ ਹੈ ਪਰ ਸੰਖੇਪ ਸ਼ਬਦਾਂ ਵਿੱਚ ਇਹਨਾਂ ਵਾਕਾਂ ਵਿੱਚ – “ਪੂਰੈ ਸਤਿਗੁਰਿ ਆਪਿ ਦਿਖਾਇਆ ਸਚਿ ਨਾਮਿ ਨਿਸਤਾਰਾ”॥ ਸਤਿਗੁਰਿ ਦੇ ਰਾਰੇ ਨੂੰ ਸਿਹਾਰੀ ਹੈ ਇਸ ਲਈ ਇਸ ਦਾ ਭਾਵ ਅਰਥ ਹੈ ਸਤਿਗੁਰ ਦੇ ਗਿਆਨ ਦੁਆਰਾ ਜ਼ਿੰਦਗੀ ਦਾ ਸਹੀ ਰਸਤਾ ਦਿੱਸਣ ਲੱਗ ਪਿਆ ਜਨੀ ਕਿ ਵਿਕਾਰਾਂ ਵਲੋਂ ਮੁਕਤੀ ਹੋ ਗਈ। ਜਿਹੜਾ ਆਵਾਗਉਣ ਦਾ ਅੰਦਰ ਖੇਲ ਮੱਚਿਆ ਪਿਆ ਸੀ ਉਹ ਖਤਮ ਹੋ ਗਿਆ। ਬ੍ਰਹਮਾ, ਬਿਸਨ ਜਾਂ ਸ਼ਿਵ ਦੇ ਮਿਥਿਹਾਸ ਵਿੱਚ ਉਹ ਕਿਰਦਾਰ ਮਿਲਦੇ ਹਨ ਜਿੰਨ੍ਹਾਂ ਨੂੰ ਸਮਾਜ ਵਿੱਚ ਕੋਈ ਮਾਨਤਾ ਨਹੀਂ। ਭਾਵ ਵਿਕਾਰੀ ਬਿਰਤੀਆਂ ਜਿਹੜੀਆਂ ਜਨਮ ਲੈ ਰਹੀਆਂ ਸਨ ਉਹ ਸਾਰੀਆਂ ਖ਼ਤਮ ਹੋ ਗਈਆਂ। ਆਪਣਿਆਂ ਘਟੀਆ ਖ਼ਿਆਲਾਂ ਕਰਕੇ ਜੋ ਆਵਾਗਉਣ ਦਾ ਚੱਕਰ ਸਿਰਜਿਆ ਹੋਇਆ ਸੀ ਉਹ ਸਾਰਾ— “ਪੂਰੈ ਸਤਿਗੁਰਿ ਆਪਿ ਦਿਖਾਇਆ ਸਚਿ ਨਾਮਿ ਨਿਸਤਾਰਾ” ਦੇ ਰਾਂਹੀ ਸਮਾਪਤ ਕਰ ਲਿਆ ਹੈ।
.