.

ਪ੍ਰਸ਼ਨ: ਕਈ ਅਰਦਾਸ ਦੇ ਅਖ਼ੀਰ ਵਿੱਚ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਮੁਖ਼ਾਤਬ ਕਰਕੇ ਅਤੇ ਕਈ ਗੁਰੂ ਗਰੰਥ ਸਾਹਿਬ ਨੂੰ ਮੁਖ਼ਾਤਬ ਕਰਕੇ ਅਰਦਾਸ ਕਰਦੇ ਹਨ। ਬਾਕੀ ਅੱਠ ਗੁਰੂ ਸਾਹਿਬਾਨ ਦਾ ਨਾਮ ਨਹੀਂ ਲੈਂਦੇ। ਕੀ ਦੱਸ ਗੁਰੂ ਸਾਹਿਬਾਨ ਵਿਚੋਂ ਕੇਵਲ ਦੋ ਗੁਰੂ ਸਾਹਿਬਾਨ ਦਾ ਹੀ ਨਾਮ ਲੈਣਾ ਚਾਹੀਦਾ ਹੈ, ਬਾਕੀ ਅੱਠ ਗੁਰੂਆਂ ਦਾ ਨਹੀਂ?

ਉੱਤਰ: ਅਰਦਾਸ ਦੇ ਸਬੰਧ ਵਿੱਚ ਸਭ ਤੋਂ ਪਹਿਲਾਂ ਇਹ ਗੱਲ ਸਮਝਣੀ ਜ਼ਰੂਰੀ ਹੈ ਕਿ ਅਸੀਂ ਅਰਦਾਸ ਕਿਸ ਅੱਗੇ ਅਥਵਾ ਕਿਸ ਨੂੰ ਮੁਖ਼ਾਤਬ ਕਰਕੇ ਕਰਦੇ ਹਾਂ। ਗੁਰੂ ਗਰੰਥ ਸਾਹਿਬ ਦੀ ਸਿੱਖਿਆ ਅਨੁਸਾਰ ਅਰਦਾਸ ਕੇਵਲ `ਤੇ ਕੇਵਲ ਅਕਾਲ ਪੁਰਖ ਅੱਗੇ ਹੀ ਕਰਨੀ ਚਾਹੀਦੀ ਹੈ। ਹਜ਼ੂਰ ਦਾ ਫ਼ੁਰਮਾਨ ਹੈ:-

ਸੁਖਦਾਤਾ ਭੈ ਭੰਜਨੋ ਤਿਸੁ ਆਗੈ ਕਰਿ ਅਰਦਾਸਿ ॥ ਮਿਹਰ ਕਰੇ ਜਿਸੁ ਮਿਹਰਵਾਨੁ ਤਾਂ ਕਾਰਜੁ ਆਵੈ ਰਾਸਿ ॥(44)

ਅਥਵਾ: ਆਪੇ ਜਾਣੈ ਕਰੇ ਆਪਿ ਆਪੇ ਆਣੈ ਰਾਸਿ ॥ ਤਿਸੈ ਅਗੈ ਨਾਨਕਾ ਖਲਿਇ ਕੀਚੈ ਅਰਦਾਸਿ ॥੧॥ {ਪੰਨਾ 1093}

ਸੋ, ਸਤਿਗੁਰੂ ਜੀ ਦੀ ਬਖ਼ਸ਼ਿਸ਼ ਕੀਤੀ ਕਲਿਆਣਕਾਰੀ ਵਿਚਾਰਧਾਰਾ ਅਨੁਸਾਰ ਅਰਦਾਸ ਚੂੰਕਿ ਵਾਹਿਗੁਰੂ ਜੀ ਅੱਗੇ ਹੀ ਕਰਨੀ ਚਾਹੀਦੀ ਹੈ, ਇਸ ਲਈ ਅਰਦਾਸ ਦੇ ਅਖ਼ੀਰ ਵਿੱਚ ਕਿਸੇ ਵੀ ਗੁਰੂ ਸਾਹਿਬਾਨ ਦਾ ਨਾਮ ਅਰਥਾਤ ਉਹਨਾਂ ਨੂੰ ਮੁਖ਼ਾਤਬ ਨਹੀਂ ਕਰਨਾ ਚਾਹੀਦਾ; ਕਿਉਂਕਿ ਅਸੀਂ ਅਰਦਾਸ ਅਕਾਲ ਪੁਰਖ ਨੂੰ ਮੁਖ਼ਾਤਬ ਕਰਕੇ ਕਰਦੇ ਹਾਂ, ਗੁਰੂ ਸਾਹਿਬਾਨ ਨੂੰ ਨਹੀਂ। ਭਾਂਵੇ ਆਮ ਤੌਰ `ਤੇ ਅਰਦਾਸੀਏ ਅਰਦਾਸ ਵਿੱਚ ਗੁਰੂ ਸਾਹਿਬ ਨੂੰ ਸੰਬੋਧਨ ਕਰਨ ਲੱਗ ਪੈਂਦੇ ਹਨ, ਪਰੰਤੂ ਅਰਦਾਸ ਵਿੱਚ ਅਜਿਹਾ ਸਬੰਧੋਨ ਗੁਰਮਤਿ ਦੇ ਵਿਲੱਖਣ ਸਿਧਾਂਤ ਵਲੋਂ ਅਣਜਾਣ-ਪੁਣਾ ਹੀ ਜ਼ਾਹਰ ਕਰਦਾ ਹੈ। ਜੀ ਹਾਂ, ਅਰਦਾਸ ਵਿੱਚ ਗੁਰੂ ਸਾਹਿਬਾਨ ਨੂੰ ਮੁਖ਼ਾਤਬ ਕਰਨਾ ਸਾਡੀ ਅਗਿਆਨਤਾ ਦਾ ਹੀ ਲਖਾਇਕ ਹੈ; ਇਹ ਇਸ ਗੱਲ ਦਾ ਪ੍ਰਤੀਕ ਹੈ ਕਿ ਅਸੀਂ ਆਪਣੇ ਮੁੱਢਲੇ ਸਿਧਾਂਤਾਂ ਨੂੰ ਹੀ ਸਮਝਣ ਪ੍ਰਤੀ ਕਿੰਨੇ ਅਵੇਸਲੇ ਹਾਂ। ਇਹ ਆਮ ਹੀ ਦੇਖਣ ਵਿੱਚ ਆਉਂਦਾ ਹੈ ਕਿ ਇਤਿਹਾਸਕ ਗੁਰਦੁਆਰਿਆਂ ਵਿੱਚ ਵੀ ਅਰਦਾਸੀਆ, ਜਿਸ ਗੁਰੂ ਸਾਹਿਬ ਨਾਲ ਉਹ ਅਸਥਾਨ ਸਬੰਧਤ ਹੈ, ਅਰਦਾਸ ਦੇ ਅੰਤ ਵਿੱਚ ਉਹਨਾਂ ਨੂੰ ਹੀ ਸੰਬੋਧਨ ਕਰਦਾ ਹੋਇਆ ਜੋਦੜੀ ਕਰਦਾ ਹੈ। ਇੱਥੋ ਤੱਕ ਕਿ ਸ੍ਰੀ ਦਰਬਾਰ ਸਾਹਿਬ ਵਿੱਚ ਵੀ ਅਰਦਾਸ ਦੇ ਅੰਤ ਵਿੱਚ ਅਰਦਾਸੀਆ ਗੁਰੂ ਰਾਮਦਾਸ ਜੀ ਨੂੰ ਮੁਖ਼ਾਤਬ ਕਰਕੇ ਅਰਦਾਸ ਕਰਦਾ ਹੈ। ਗੁਰੂ ਸਾਹਿਬਾਨ ਨਾਲ ਸਬੰਧਤ ਗੁਰਦੁਆਰਿਆਂ ਵਿੱਚ ਜਿਸ ਤਰ੍ਹਾਂ ਗੁਰੂ ਸਾਹਿਬਾਨ ਨੂੰ ਮੁਖ਼ਾਤਬ ਹੁੰਦਿਆਂ ਅਰਦਾਸ ਕੀਤੀ ਜਾਂਦੀ ਹੈ, ਉਸੇ ਤਰ੍ਹਾਂ ਜੇਕਰ ਕਿਸੇ ਸ਼ਹੀਦ ਜਾਂ ਸਿੱਖ ਦੀ ਯਾਦ ਨਾਲ ਸਬੰਧਤ ਗੁਰਦੁਆਰਾ ਬਣਿਆ ਹੋਇਆ ਹੈ, ਤਾਂ ਉੱਥੇ ਅਰਦਾਸ ਕਰਨ ਵਾਲਾ ਸੱਜਨ ਅਰਦਾਸ ਦੇ ਅਖ਼ੀਰ ਵਿੱਚ ਉਨ੍ਹਾਂ ਦਾ ਨਾਮ ਲੈ ਕੇ ਉਹਨਾਂ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੈ। ਮਿਸਾਲ ਦੇ ਤੌਰ `ਤੇ ਜੇਕਰ ਗੁਰਦੁਆਰਾ ਬਾਬਾ ਬੁੱਢਾ ਜੀ ਨਾਲ ਸਬੰਧਤ ਹੈ, ਤਾਂ ਅਰਦਾਸ ਵਿੱਚ ਬਾਬਾ ਬੁੱਢਾ ਜੀ ਨੂੰ ਮੁਖ਼ਾਤਬ ਕੀਤਾ ਜਾਂਦਾ ਹੈ, ਜੇਕਰ ਬਾਬਾ ਦੀਪ ਸਿੰਘ ਜੀ ਨਾਲ ਸਬੰਧਤ ਹੈ ਤਾਂ ਬਾਬਾ ਦੀਪ ਸਿੰਘ ਜੀ ਨੂੰ ਮੁਖ਼ਾਤਬ ਕੀਤਾ ਜਾਂਦਾ ਹੈ। ਇੱਥੋ ਤੱਕ ਕਿ ਕਈ ਥਾਂਈ ਡੇਰੇਦਾਰਾਂ ਦੇ ਪੈਰੋਕਾਰ ਡੇਰੇ ਦੇ ਮੁੱਖੀ ਨੂੰ ਅਰਦਾਸ ਦੇ ਅੰਤ ਵਿੱਚ ਸੰਬੋਧਨ ਕਰਦੇ ਹੋਏ ਉਹਨਾਂ ਦੇ ਚਰਨਾਂ ਵਿੱਚ ਜੋਦੜੀ ਕਰਦੇ ਹਨ। ਇੱਥੇ ਇੱਕ ਪ੍ਰਸਿੱਧ ਵਿਦਵਾਨ (ਪ੍ਰੋ: ਗੁਰਬਚਨ ਸਿੰਘ ਜੀ) ਦਾ, ਪੰਜਾਬ ਦੇ ਇੱਕ ਪਿੰਡ `ਚ ਅੱਖੀਂ ਦੇਖੀ ਘਟਨਾ ਦਾ ਵਰਣਨ ਕੁਥਾਵਾਂ ਨਹੀਂ ਹੋਵੇ ਗਾ। ਆਪ ਲਿੱਖਦੇ ਹਨ: “ਜਦੋਂ ਮੇਰੇ ਫੁੱਫੜ ਜੀ ਚੜ੍ਹਾਈ ਕਰ ਗਏ ਤਾਂ ਉਹਨਾਂ ਦੇ ਭੋਗ ਤੇ ਜਾਣਾ ਪਿਆ। ਓਥੇ ਛੋਟੀ ਛੋਟੀ ਉਮਰ ਦੇ ਪਾਠੀ ਜੋ ਗੁਰਬਾਣੀ ਸੂਝ ਤੇ ਸਿੱਖੀ ਸਿਧਾਂਤ ਤੋਂ ਬਿਲਕੁਲ ਕੋਰੇ ਸਨ, ਉਹਨਾਂ ਨੇ ਅਖੰਡਪਾਠ ਦੀ ਸਮਾਪਤੀ ਵੇਲੇ ਅਰਦਾਸ ਕੀਤੀ ਹੇ ਧੰਨ ਧੰਨ ਬਾਬਾ ਹਜ਼ਾਰਾ ਸਿੰਘ ਜੀਉ ਇਸ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਥਾਂ ਦੇਣੀ, ਧੰਨ ਧੰਨ ਬਾਬਾ ਹਜ਼ਾਰਾ ਸਿੰਘ ਜੀਉ ਪਿੱਛੇ ਪਰਵਾਰ ਨੂੰ ਭਾਣਾ ਮੰਨਣ ਦਾ ਬਲ ਦੇਣਾ।” ਅਸੀਂ ਅਜੇ ਤੱਕ ਸਿੱਖ ਧਰਮ ਦਾ ਇਹ ਬੁਨਿਆਦੀ ਸਿਧਾਂਤ ਹੀ ਨਹੀਂ ਸਮਝਿਆ ਕਿ ਅਸੀਂ ਅਰਦਾਸ ਕੇਵਲ ਵਾਹਿਗੁਰੂ ਨੂੰ ਸਬੰਧੋਨ ਕਰਕੇ ਕਰਦੇ ਹਾਂ। ਗੁਰੂ ਗਰੰਥ ਸਾਹਿਬ ਜੀ ਦੇ ਹੀ ਸਨਮੁੱਖ ਖੜ੍ਹੇ ਹੋ ਕਥਿੱਤ ਬਾਬਿਆਂ ਦੇ ਚਰਨਾਂ ਵਿੱਚ ਅਰਦਾਸ ਕਰਨ ਵਾਲਿਆਂ ਸੱਜਣਾਂ ਬਾਰੇ ਇਹੀ ਆੱਖਿਆ ਜਾ ਸਕਦਾ ਹੈ ਕਿ ਗੁਰੂ ਗਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਸਮਝਣੋਂ ਬਿਲਕੁਲ ਹੀ ਅਸਮਰਥ ਹਨ। ਇਸ ਤਰ੍ਹਾਂ ਦੀ ਸ਼ਬਦਾਵਲੀ ਦੀ ਵਰਤੋਂ ਸਾਡੀ ਗੁਰੂ ਗਰੰਥ ਸਾਹਿਬ ਦੇ ਗਿਆਨ ਪ੍ਰਤੀ ਘੋਰ ਅਗਿਆਨਤਾ ਦਾ ਪ੍ਰਤੀਕ ਹੈ। ਇਹ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦਾ ਅਜੇ ਊੜਾ ਐੜਾ ਵੀ ਨਹੀਂ ਸਮਝਿਆ। ਖ਼ਾਲਸਾ ਪੰਥ ਨੂੰ ਇਸ ਪੱਖੋਂ ਵੀ ਸੁਚੇਤ ਹੋ ਕੇ ਗੁਰਮਤਿ ਦੇ ਇਸ ਸਿਧਾਂਤ ਨੂੰ ਆਮ ਸੰਗਤਾਂ ਵਿੱਚ ਪ੍ਰਚਾਰਨ ਦੀ ਜ਼ਰੂਰਤ ਹੈ। ਗੁਰੂ ਦੀ ਆਖੀ ਗੱਲ ਨੂੰ ਮੰਨਣ ਵਿੱਚ ਹੀ ਗੁਰੂ ਦੀ ਖ਼ੁਸ਼ੀ ਹੈ।

ਅੰਤ ਵਿੱਚ ਅਰਦਾਸ ਦੇ ਅੰਤਲੇ ਪਹਿਰੇ ਵਲ ਪਾਠਕਾਂ ਦਾ ਧਿਆਨ ਦਿਵਾਇਆ ਜਾ ਰਿਹਾ ਹੈ। ਅਰਦਾਸ ਦੇ ਅਖ਼ੀਰਲੇ ਪਹਿਰੇ `ਚ ਦਰਜ ਹੈ:-

“ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ! ਆਪ ਦੇ ਹਜ਼ੂਰ …ਦੀ ਅਰਦਾਸ ਹੈ ਜੀ।” ਅਤੇ ਅਖ਼ੀਰ ਵਿੱਚ ਉਸ ਵਾਹਿਗੁਰੂ ਜੀ ਤੋਂ ਹੀ ਇਹ ਮੰਗਿਆ ਜਾਂਦਾ ਹੈ ਕਿ, “ਸੇਈ ਪਿਆਰੇ ਮੇਲ, ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿਤ ਆਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।” ਇਤਨੀ ਸਪੱਸ਼ਟਤਾ ਦੇ ਹੁੰਦਿਆਂ ਵੀ ਜੇ ਕਰ ਕੋਈ ਗੁਰੂ ਸਾਹਿਬਾਨ ਨੂੰ ਮੁਖ਼ਾਤਬ ਕਰਕੇ ਅਰਦਾਸ ਕਰਦਾ ਹੈ ਤਾਂ ਇਹ ਗੁਰੂ ਦੀ ਮਤਿ ਨਹੀਂ ਆਪਣੀ ਮਤ ਹੀ ਆਖੀ ਜਾਵੇਗੀ। ਸਤਿਗੁਰੂ ਦੇ ਹੁਕਮ ਨੂੰ ਸਿਰ ਮੱਥੇ ਮੰਣਨਾ ਗੁਰਸਿੱਖ ਹੋਣ ਦੀ ਘੋਸ਼ਨਾ ਹੈ, ਗੁਰਮੁਖ - ਪੁਣਾ ਹੈ ਪਰੰਤੂ ਗੁਰੂ ਦੇ ਹੁਕਮ ਨੂੰ ਨਜ਼ਰ ਅੰਦਾਜ਼ ਕਰਕੇ ਆਪਣੀ ਮੱਤ ਨੂੰ ਮੁੱਖ ਰੱਖਣਾ ਮਨਮੁੱਖਤਾ ਹੈ। ਗੁਰੂ ਕੇ ਸਿੱਖ ਅਖਵਾਉਣ ਵਾਲੇ ਆਪਣੀ ਮਤ ਦੀ ਵਰਤੋਂ ਨਹੀਂ ਕਰਦੇ, ਮਨਮੱਤੀਏ ਕਰਿਆ ਕਰਦੇ ਹਨ।

ਸੋ, ਅਰਦਾਸ ਦੇ ਅੰਤ ਵਿਚ, ਨਾ ਤਾਂ ਗੁਰੂ ਨਾਨਕ ਦੇਵ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਸ਼ਬਦ ਵਰਤਣ ਦੀ ਜ਼ਰੂਰਤ ਹੈ, ਅਤੇ ਨਾ ਹੀ ਧੰਨ ਧੰਨ ਗੁਰੂ ਗਰੰਥ ਸਾਹਿਬ ਜੀ ਮਹਾਰਾਜ ਸ਼ਬਦ ਦਾ ਪ੍ਰਯੋਗ ਕਰਨ ਦੀ, (ਨੋਟ: ਕਥਿੱਤ ਬਾਬਿਆਂ ਆਦਿ ਦਾ ਜ਼ਿਕਰ ਇਸ ਲਈ ਨਹੀਂ ਕਰ ਰਿਹਾ ਕਿ ਅਰਦਾਸ ਵਿੱਚ ਉਹਨਾਂ ਨੂੰ ਮੁਖ਼ਾਤਬ ਕਰਨਾ ਘੋਰ ਅਗਿਆਨਤਾ ਅਤੇ ਮਹਾ ਮੂਰਖਤਾ ਹੈ। ਇਹੋ ਜਿਹੇ ਸਬੰਧੋਨ ਨੂੰ ਸਿੱਖੀ ਵਿੱਚ ਕਿਸੇ ਵੀ ਰੂਪ ਵਿੱਚ ਪ੍ਰਵਾਨ ਨਹੀਂ ਕੀਤਾ ਗਿਆ।) ਕੇਵਲ ਵਾਹਿਗੁਰੂ ਜੀ ਨੂੰ ਮੁਖ਼ਾਤਬ ਕਰਦਿਆਂ ਅਰਦਾਸ ਵਿੱਚ ਦਰਜ ਇਹਨਾਂ ਸ਼ਬਦਾਂ ਨੂੰ ਹੀ ਕਿ, “ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ! ਆਪ ਦੇ ਹਜ਼ੂਰ …ਦੀ ਅਰਦਾਸ ਹੈ ਜੀ।” (ਸਿੱਖ ਰਹਿਤ ਮਰਯਾਦਾ `ਚੋਂ।) ਕੇਵਲ ਇਹ ਸ਼ਬਦ ਹੀ ਵਰਤਣੇ ਯੋਗ ਹਨ।

ਗੁਰਮਤਿ ਸਿਧਾਂਤਾਂ ਦੀ ਵਿਲੱਖਣਤਾ ਦਾ ਇੱਕ ਰੂਪ ਇਹ ਵੀ ਹੈ ਕਿ ਸਤਿਗੁਰੂ ਜੀ ਨੇ ਮਨੁੱਖ ਨੂੰ ਵੀ ਉਸ ਅਕਾਲ ਪੁਰਖ ਦੇ ਲੜ੍ਹ ਲਾਇਆ ਹੈ, ਜਿਸ ਦਾ ਪੱਲਾ ਉਹਨਾਂ ਨੇ ਆਪ ਫੜਿਆ ਹੋਇਆ ਸੀ। ਜਿਸ ਪ੍ਰਭੂ ਦਾ ਆਪ ਆਸਰਾ ਲਿਆ, ਸਿੱਖ ਨੂੰ ਵੀ ਉਸੇ ਦੀ ਓਟ ਲੈਣ ਲਈ ਆਖਿਆ। ਜਿਸ ਅੱਗੇ ਉਹ ਆਪ ਅਰਦਾਸ ਕਰਦੇ ਸਨ ਸਿੱਖ ਨੂੰ ਵੀ ਉਸੇ ਅੱਗੇ ਅਰਦਾਸ ਕਰਨ ਲਈ ਕਿਹਾ ਹੈ। ਸੋ, ਸਾਨੂੰ ਸਤਿਗੁਰੂ ਜੀ ਦੀ ਇਸ ਇਲਾਹੀ ਬਖ਼ਸ਼ਿਸ਼ ਨੂੰ ਇਸੇ ਰੂਪ ਵਿੱਚ ਹੀ ਸਵੀਕਾਰ ਕਰਕੇ ਗੁਰੂ ਮਹਾਰਾਜ ਦੀ ਖ਼ੁਸ਼ੀ ਦਾ ਪਾਤਰ ਬਣਨਾ ਚਾਹੀਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਸਮੁੱਚੀ ਮਨੁੱਖਤਾ ਨੂੰ ਹੀ ਇਹ ਗੱਲ ਦ੍ਰਿੜ ਕਰਵਾਈ ਗਈ ਹੈ ਕਿ ਦਾਤਾ ਕੇਵਲ ਤੇ ਕੇਵਲ ਅਕਾਲ ਪੁਰਖ ਹੀ ਹੈ, ਹੋਰ ਕੋਈ ਕਿਸੇ ਨੂੰ ਕੁੱਝ ਦੇਣ ਦੇ ਸਮਰਥ ਨਹੀਂ ਹੈ, ਅਤੇ ਇਸ ਲਈ ਅਰਦਾਸ ਉਸ ਕਰਣ ਕਾਰਣ ਸਰਬੱਗ ਵਾਹਿਗੁਰੂ ਦੇ ਚਰਨਾਂ ਵਿੱਚ ਹੀ ਕਰਨੀ ਚਾਹੀਦੀ ਹੈ।

ਨੋਟ: ਇੱਥੇ ਅਰਦਾਸ ਨਾਲ ਸਬੰਧਤ ਕੇਵਲ ਇੱਕ ਪਹਿਲੂ ਦੀ ਹੀ ਚਰਚਾ ਕੀਤੀ ਗਈ ਹੈ; ਅਰਦਾਸ ਨਾਲ ਜੁੜੇ ਦੂਜੇ ਪਹਿਲੂਆਂ ਦੀ ਨਹੀਂ।

ਜਸਬੀਰ ਸਿੰਘ ਵੈਨਕੂਵਰ
.