.

ਸਤਿਗੁਰੁ ਜਿਨੀ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ॥ ਅੰਤਰਿ ਗਿਆਨੁ ਨ ਆਇਓ ਮਿਰਤਕੁ ਹੈ ਸੰਸਾਰਿ॥

Those who do not study, analyse and follow the Shabad Guru and do not serve according to the path shown by Gurbani, cannot achieve inner enlightment and are as if lifeless.

ਹਰੇਕ ਇਨਸਾਨ ਲਈ ਆਪਣੇ ਜੀਵਨ ਦਾ ਮੰਤਵ ਸਮਝਣਾਂ ਜਰੂਰੀ ਹੈ। ਸਾਰੀਆਂ ਜੂਨਾਂ ਵਿਚੋਂ ਮਨੁੱਖਾ ਜੂਨ ਹੀ ਐਸੀ ਹੈ, ਜਿਸ ਵਿੱਚ ਅਕਾਲ ਪੁਰਖੁ ਦਾ ਮੇਲ ਹੋ ਸਕਦਾ ਹੈ। ਇਸ ਮੰਤਵ ਨੂੰ ਪੂਰਾ ਕਰਨ ਲਈ ਇਹ ਸੋਹਣਾ ਮਨੁੱਖਾ ਸਰੀਰ ਮਿਲਿਆ ਹੈ। ਜੇ ਕਰ ਅਕਾਲ ਪੁਰਖੁ ਨੂੰ ਮਿਲਣ ਲਈ ਕੋਈ ਉੱਦਮ ਨਾ ਕੀਤਾ, ਤਾਂ ਹੋਰ ਸਾਰੇ ਕੰਮ ਕਿਸੇ ਵੀ ਅਰਥ ਨਹੀਂ, ਜਿੰਦ ਨੂੰ ਉਨ੍ਹਾਂ ਕੰਮਾਂ ਦਾ ਕੋਈ ਲਾਭ ਨਹੀਂ ਹੋ ਸਕਦਾ। ਇਸ ਲਈ ਗੁਰੂ ਸਾਹਿਬ ਇਹੀ ਸਿਖਿਆ ਦਿੰਦੇ ਹਨ ਕਿ, ਸਾਧ ਸੰਗਤਿ ਵਿੱਚ ਮਿਲ ਬੈਠਿਆ ਕਰ ਤੇ ਸਿਰਫ਼ ਅਕਾਲ ਪੁਰਖੁ ਦਾ ਨਾਮੁ ਯਾਦ ਕਰਿਆ ਕਰ, ਉਸ ਦੀ ਸਿਫ਼ਤਿ-ਸਾਲਾਹ ਵਿੱਚ ਜੁੜਿਆ ਕਰ। ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਦੇ ਆਹਰ ਵਿੱਚ ਲੱਗ, ਕਿਉਂਕਿ ਮਾਇਆ ਦੇ ਪਿਆਰ ਵਿੱਚ ਮਨੁੱਖਾ ਜਨਮ ਵਿਅਰਥ ਜਾ ਰਿਹਾ ਹੈ।

ਆਸਾ ਮਹਲਾ ੫॥ ਭਈ ਪਰਾਪਤਿ ਮਾਨੁਖ ਦੇਹੁਰੀਆ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥ ਅਵਰਿ ਕਾਜ ਤੇਰੈ ਕਿਤੈ ਨ ਕਾਮ॥ ਮਿਲੁ ਸਾਧਸੰਗਤਿ ਭਜੁ ਕੇਵਲ ਨਾਮ॥ ੧॥ ਸਰੰਜਾਮਿ ਲਾਗੁ ਭਵਜਲ ਤਰਨ ਕੈ॥ ਜਨਮੁ ਬ੍ਰਿਥਾ ਜਾਤ ਰੰਗਿ ਮਾਇਆ ਕੈ॥ ੧॥ ਰਹਾਉ॥ (੧੨)

ਉਹ ਸਦਾ ਕਾਇਮ ਰਹਿਣ ਵਾਲਾ ਇੱਕ ਅਕਾਲ ਪੁਰਖੁ ਸਾਰਿਆ ਵਿੱਚ ਵਸਦਾ ਹੈ, ਜੋ ਕੁੱਝ ਵੀ ਇਸ ਸ੍ਰਿਸ਼ਟੀ ਵਿੱਚ ਹੋ ਰਿਹਾ ਹੈ, ਉਸ ਦਾ ਕੀਤਾ ਹੀ ਹੋ ਰਿਹਾ ਹੈ। ਅਸਲੀ ਮਨੁੱਖ ਉਹੀ ਹੈ ਜੋ ਅਕਾਲ ਪੁਰਖੁ ਦੇ ਹੁਕਮੁ ਨੂੰ ਪਛਾਣਦਾ ਹੈ, ਉਸ ਇੱਕ ਨਾਲ ਸਾਂਝ ਪਾਉਂਦਾ ਹੈ, ਸਾਰਿਆ ਵਿੱਚ ਉਸ ਨੂੰ ਵੇਖਦਾ ਹੈ। ਅਜੇਹਾ ਮਨੁੱਖ ਹੀ ਉਸ ਅਕਾਲ ਪੁਰਖੁ ਦੇ ਭੇਦ ਨੂੰ ਸਮਝਣ ਦੀ ਦਿਸ਼ਾ ਵਲ ਜਾ ਸਕਦਾ ਹੈ।

ਸਭ ਮਹਿ ਸਚਾ ਏਕੋ ਸੋਈ ਤਿਸ ਕਾ ਕੀਆ ਸਭੁ ਕਛੁ ਹੋਈ॥ ਹੁਕਮੁ ਪਛਾਨੈ ਸੁ ਏਕੋ ਜਾਨੈ ਬੰਦਾ ਕਹੀਐ ਸੋਈ॥ ੩॥ (੧੩੫੦)

ਜੀਵਨ ਦਾ ਮੰਤਵ ਜਾਨਣ ਲਈ ਅਕਾਲ ਪੁਰਖੁ ਦਾ ਹੁਕਮੁ, ਨਿਯਮ ਜਾਂ ਧਰਮ ਦੀ ਜਾਣਕਾਰੀ ਬਹੁਤ ਜਰੂਰੀ ਹੈ। ਇਸ ਭੇਦ ਨੂੰ ਸਮਝਣ ਲਈ ਆਪਣਾ ਆਪ, ਗੁਰੂ ਦੇ ਅੱਗੇ ਅਰਪਨ ਕਰਨਾ ਪਵੇਗਾ। ਗੁਰੂ ਦੇ ਸਬਦ ਨੂੰ ਹਿਰਦੇ ਵਿੱਚ ਵਸਾਉਣ ਨਾਲ ਹੀ ਹੁਕਮੁ ਸਮਝਿਆ ਜਾ ਸਕਦਾ ਹੈ। ਇਸ ਲਈ ਗੁਰਬਾਣੀ ਨੂੰ ਗਾਇਨ ਕਰਨਾ ਹੈ, ਭਾਵ ਜੀਵਨ ਦਾ ਹਿੱਸਾ ਬਣਾਉਣਾਂ ਹੈ। ਅਕਾਲ ਪੁਰਖੁ ਦਾ ਹੁਕਮੁ, ਨਿਯਮ ਜਾਂ ਧਰਮ ਦੀ ਜਾਣਕਾਰੀ ਹਾਸਲ ਕਰਨ ਲਈ, ਗੁਰੂ ਦਾ ਗਿਆਨ ਜਰੂਰੀ ਹੈ। ਗੁਰੂ ਦੇ ਗਿਆਨ ਦਾ ਬੱਝਾ ਹੋਇਆ ਮਨ ਹੀ, ਇੱਕ ਥਾਂ ਟਿਕਿਆ ਰਹਿ ਸਕਦਾ ਹੈ, ਤੇ ਵਿਕਾਰਾਂ ਵਲ ਨਹੀਂ ਦੌੜੇਗਾ। ਜਿਵੇਂ ਪਾਣੀ ਤੋਂ ਬਿਨਾ ਘੜਾ ਨਹੀਂ ਬਣ ਸਕਦਾ, ਤਿਵੇਂ ਗੁਰੂ ਤੋਂ ਬਿਨਾ ਗਿਆਨ ਪੈਦਾ ਨਹੀਂ ਹੋ ਸਕਦਾ।

ਮਃ ੧॥ ਕੁੰਭੇ ਬਧਾ ਜਲੁ ਰਹੈ ਜਲ ਬਿਨੁ ਕੁੰਭੁ ਨ ਹੋਇ॥ ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ॥ ੫ ॥ (੪੬੯)

ਗੁਰੂ ਨੂੰ ਪਾਉਣ ਲਈ ਗੁਰੂ ਘਰ ਵਿੱਚ ਦਾਖਲਾ ਲੈਣਾਂ ਜਰੂਰੀ ਹੈ, ਗੁਰੂ ਨਾਲ ਪ੍ਰਣ ਕਰਨਾ ਜਰੂਰੀ ਹੈ। ਜੇ ਕਰ ਅਸੀਂ ਪ੍ਰਣ ਕੀਤਾ ਹੈ, ਤਾਂ ਉਸ ਤੇ ਕਾਇਮ ਰਹਾਂਗੇ। ਬਿਨਾਂ ਪ੍ਰਣ ਕੀਤਾ ਮਨੁੱਖ, ਕਦੀ ਵੀ ਆਪਣੇ ਮਾਰਗ ਤੋਂ ਥਿੜਕ ਸਕਦਾ ਹੈ।

ਦਾਗੇ ਹੋਹਿ ਸੁ ਰਨ ਮਹਿ ਜੂਝਹਿ ਬਿਨੁ ਦਾਗੇ ਭਗਿ ਜਾਈ॥ ਸਾਧੂ ਹੋਇ ਸੁ ਭਗਤਿ ਪਛਾਨੈ ਹਰਿ ਲਏ ਖਜਾਨੈ ਪਾਈ॥ ੩॥ (੯੬੯, ੯੭੦)

ਇਸ ਲਈ ਗੁਰੂ ਘਰ ਵਿੱਚ ਦਾਖਲਾ ਲੈਣ ਲਈ ਖੰਡੇ ਬਾਟੇ ਦੀ ਪਾਹੁਲ ਲੈਣੀ ਜਰੂਰੀ ਹੈ। ਗੁਰੂ ਅੱਗੇ ਸਿਰ ਭੇਟਾ ਕੀਤਾ ਜਾਏ, ਬਿਨਾ ਕਿਸੇ ਝਿਜਕ ਦੇ ਲੋਕ-ਲਾਜ ਅਤੇ ਹਉਮੈਂ ਛੱਡੀ ਜਾਏ।

ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥ ੨੦॥ (੧੪੧੨)

ਗੁਰੂ ਸਬਦ, ਅਕਾਲ ਪੁਰਖੁ ਦਾ ਉਹ ਹੁਕਮ ਜੋ ਸਤਿਗੁਰਾਂ ਦੁਆਰਾ ਸਾਨੂੰ ਪ੍ਰਾਪਤ ਹੋਇਆ ਹੈ। ਸਮੁੱਚੀ ਗੁਰਬਾਣੀ, ਗੁਰੂ ਸਬਦ ਹੈ, ਤੇ ਸਚਾਈ ਦਾ ਪ੍ਰਕਾਸ਼ ਹੈ। ਗੁਰੂ ਸਾਹਿਬ ਦੀ ਦਿਤੀ ਹੋਈ ਸਿਖਿਆ ਗੁਰਬਾਣੀ ਰਾਹੀਂ ਸਮਝੀ ਜਾ ਸਕਦੀ ਹੈ। ਡਿਗਰੀ ਹਾਸਲ ਕਰਨ ਲਈ ਸਿਰਫ ਦਾਖਲਾ ਲੈਣਾਂ ਹੀ ਕਾਫੀ ਨਹੀਂ, ਪੜ੍ਹਾਈ ਵੀ ਕਰਨੀ ਪੈਂਦੀ ਹੈ, ਮਿਹਨਤ ਕਰਕੇ ਸਿਖਿਆ ਵੀ ਲੈਣੀ ਪੈਂਦੀ ਹੈ। ਇਸੇ ਤਰ੍ਹਾਂ ਗੁਰਬਾਣੀ ਦੀ ਸਿਖਿਆਂ ਲੈਂਣ ਲਈ ਗੁਰੂ ਦੇ ਸਬਦ ਦੀ ਵੀਚਾਰ ਬਹੁਤ ਜਰੂਰੀ ਹੈ। ਸਿਰਫ ਦਰਸ਼ਨ ਕੀਤਿਆਂ ਮੁਕਤੀ ਨਹੀਂ ਮਿਲ ਸਕਦੀ, ਜਦ ਤਕ ਜੀਵ ਸਤਿਗੁਰੂ ਦੇ ਸਬਦ ਦੀ ਵੀਚਾਰ ਨਹੀਂ ਕਰਦਾ, ਕਿਉਂਕਿ ਸਬਦ ਵੀਚਾਰ ਕਰਨ ਤੋਂ ਬਿਨਾ ਅਹੰਕਾਰ ਰੂਪੀ ਮਨ ਦੀ ਮੈਲ ਨਹੀਂ ਉਤਰਦੀ ਤੇ ਅਕਾਲ ਪੁਰਖੁ ਦੇ ਨਾਮੁ ਨਾਲ ਪਿਆਰ ਨਹੀਂ ਪੈਂਦਾ।

॥ ਸਲੋਕੁ ਮਃ ੩॥ ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ॥ ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ॥ (੫੯੪)

ਮਨੁੱਖ ਅਤੇ ਪਸੂ ਵਿੱਚ ਇਹੀ ਫਰਕ ਹੈ ਕਿ ਮਨੁੱਖ ਵੀਚਾਰ ਕਰ ਸਕਦਾ ਹੈ, ਪਰ ਪਸੂ ਵੀਚਾਰ ਨਹੀਂ ਕਰਦਾ ਹੈ, ਪਸੂ ਆਪਣੇ ਮਨ ਦੀ ਮੱਤ ਅਨੁਸਾਰ ਚਲਦਾ ਰਹਿੰਦਾ ਹੈ। ਜੇ ਕਰ ਮਨੁੱਖ ਦੇ ਅੰਦਰ ਵੀਚਾਰ ਨਹੀਂ ਤਾਂ ਪਸੂ ਅਤੇ ਮਨੁੱਖ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ ਹੈ। ਆਪਣੀ ਮੱਤ ਅਨੁਸਾਰ ਚਲਣ ਵਾਲਾ ਮਨੁੱਖ ਜੀਵਨ ਵਿੱਚ ਨਾ ਤਾਂ ਸਫਲਤਾ ਪਾ ਸਕਦਾ ਹੈ ਤੇ ਨਾ ਹੀ ਸੁਖ ਪਾ ਸਕਦਾ ਹੈ।

ਜਿਨਾ ਸਤਿਗੁਰੁ ਪੁਰਖੁ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ॥ ਓਇ ਮਾਣਸ ਜੂਨਿ ਨ ਆਖੀਅਨਿ ਪਸੂ ਢੋਰ ਗਾਵਾਰ॥ (੧੪੧੮)

ਇਹ ਮਨੁੱਖਾ ਜਨਮ ਮਿਲਣ ਦੇ ਬਾਵਜੂਦ ਵੀ, ਜਿਨ੍ਹਾਂ ਜੀਵਾਂ ਨੇ ਸਤਿਗੁਰੂ ਦੀ ਸੇਵਾ ਨਹੀਂ ਕੀਤੀ ਤੇ ਸਤਿਗੁਰੂ ਦੇ ਸਬਦ ਦੁਆਰਾ ਅਕਾਲ ਪੁਰਖੁ ਦੇ ਨਾਮੁ ਦੀ ਵੀਚਾਰ ਨਹੀਂ ਕੀਤੀ, ਗੁਰਬਾਣੀ ਦੁਆਰਾ ਆਪਣੇ ਹਿਰਦੇ ਵਿੱਚ ਸੱਚਾ ਚਾਨਣ ਪੈਦਾ ਨਹੀਂ ਕੀਤਾ, ਅਜੇਹਾ ਜੀਵ ਸੰਸਾਰ ਵਿੱਚ ਜੀਊਂਦਾ ਦਿੱਸਦਾ ਹੋਇਆ ਵੀ ਮੋਇਆ ਦੀ ਤਰ੍ਹਾਂ ਹੀ ਹੈ।

ਸਲੋਕ ਮਃ ੩॥ ਸਤਿਗੁਰੁ ਜਿਨੀ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ॥ ਅੰਤਰਿ ਗਿਆਨੁ ਨ ਆਇਓ ਮਿਰਤਕੁ ਹੈ ਸੰਸਾਰਿ॥ (੮੮)

ਮਾਇਆ ਵਿੱਚ ਫਸਿਆ ਹੋਣ ਕਰਕੇ ਜੀਵ ਅਉਗਣਾਂ ਨਾਲ ਭਰਿਆ ਰਹਿੰਦਾ ਹੈ, ਵੈਸੇ ਗੁਣ ਵੀ ਉਸ ਦੇ ਅੰਦਰ ਹੀ ਵੱਸਦੇ ਹਨ, ਕਿਉਂਕਿ ਗੁਣਾਂ ਦਾ ਖ਼ਜਾਨਾ, ਭਾਵ ਅਕਾਲ ਪੁਰਖੁ ਉਸ ਦੇ ਅੰਦਰ ਵੱਸ ਰਿਹਾ ਹੈ। ਪਰੰਤੂ ਸਤਿਗੁਰੂ ਤੋਂ ਬਿਨਾ ਗੁਣਾਂ ਦੀ ਸੂਝ ਨਹੀਂ ਪੈਂਦੀ, ਅਤੇ ਇਹ ਸੂਝ ਤਦ ਤਕ ਨਹੀਂ ਪੈਂਦੀ, ਜਦ ਤਕ ਗੁਰੂ ਦੇ ਸਬਦ ਦੀ ਵੀਚਾਰ ਨਾ ਕੀਤੀ ਜਾਏ। ਇਸ ਲਈ ਆਪਣੇ ਅੰਦਰਲੇ ਗੁਣ ਉਜਾਗਰ ਕਰਨ ਲਈ ਗੁਰੂ ਸਬਦ ਦੀ ਵੀਚਾਰ ਬਹੁਤ ਜਰੂਰੀ ਹੈ।

ਅਵਗੁਣੀ ਭਰਪੂਰ ਹੈ ਗੁਣ ਭੀ ਵਸਹਿ ਨਾਲਿ॥ ਵਿਣੁ ਸਤਗੁਰ ਗੁਣ ਨ ਜਾਪਨੀ ਜਿਚਰੁ ਸਬਦਿ ਨ ਕਰੇ ਬੀਚਾਰੁ॥ ੪੪॥ (੯੩੬)

ਅਕਸਰ ਲੋਕਾਂ ਨੂੰ ਲਗਦਾ ਹੈ ਕਿ ਕਿ ਸਭ ਪ੍ਰਚਾਰਕਾਂ ਦੇ ਵੀਚਾਰ ਵੱਖਰੇ ਵੱਖਰੇ ਹਨ। ਇਹ ਸਿੱਖਾਂ ਨੂੰ ਗੁਮਰਾਹ ਕਰਨ ਲਈ ਪ੍ਰਾਪੇਗੰਡਾ ਕੀਤਾ ਜਾ ਰਿਹਾ ਹੈ, ਜਰੂਰੀ ਨਹੀਂ ਕਿ ਸਭ ਦੇ ਵੀਚਾਰ ਵੱਖਰੇ ਹੋਣ। ਸਮੁੰਦਰ ਵਿੱਚ ਵੱਖ ਵੱਖ ਥਾਂ ਤੇ ਟੁੱਭੀ ਲਾਈ ਜਾਵੇ ਤਾਂ ਵੱਖ ਵੱਖ ਚੀਜ਼ਾਂ ਮਿਲਦੀਆਂ ਹਨ। ਇਸੇ ਤਰ੍ਹਾਂ ਪ੍ਰਚਾਰਕਾਂ ਦੀ ਵੱਖ ਵੱਖ ਵਿਸ਼ਿਆਂ ਦੀ ਖੋਜ਼ ਵੱਖ ਵੱਖ ਪਹਿਲੂਆਂ ਬਾਰੇ ਬਿਆਨ ਕਰਦੀ ਹੈ। ਇਹ ਵੀ ਹੋ ਸਕਦਾ ਹੈ ਕਿ ਪ੍ਰਚਾਰਕ ਆਪਣੀ ਗੱਲ ਦੂਸਰਿਆਂ ਤਕ ਸਹੀ ਤਰੀਕੇ ਨਾਲ ਨਹੀਂ ਪੇਸ਼ ਕਰ ਸਕਿਆ ਹੈ। ਆਮ ਤੌਰ ਤੇ ਲੋਕ ਵੀ ਗੁਰਦੁਆਰਾ ਸਾਹਿਬ, ਸਿਰਫ ਰਵਾਇਤਾਂ ਪੂਰੀਆਂ ਕਰਨ ਲਈ ਪ੍ਰੋਗਰਾਮ ਦੇ ਅਖੀਰਲੇ ਸਮੇਂ ਤੇ ਹੀ ਆਉਂਦੇ ਹਨ। ਇਸ ਲਈ ਜੇ ਕਰ ਪੂਰੀ ਗੱਲ, ਪੂਰੇ ਧਿਆਨ ਨਾਲ, ਨਾ ਸੁਣੀ ਜਾਵੇ ਤਾਂ ਬਹੁਤ ਵਾਰੀ ਪਤਾ ਹੀ ਨਹੀਂ ਲਗਦਾ ਹੈ, ਕਿ, ਕੀ ਸਮਝਾਇਆ ਜਾ ਰਿਹਾ ਹੈ। ਨਤੀਜਾ ਇਹ ਹੁੰਦਾਂ ਹੈ ਕਿ ਲੋਕ ਆਪਣੀ ਮੱਤ ਅਨੁਸਾਰ ਅੰਦਾਜੇ ਲਾਉਂਣੇ ਸ਼ੁਰੂ ਕਰ ਦਿੰਦੇ ਹਨ। ਗੁਮਰਾਹ ਕਰਨ ਵਾਲੇ, ਲੋਕਾਂ ਦੀ ਇਸ ਖਾਮੀ ਦਾ ਫਾਇਦਾ ਉਠਾਂਦੇ ਹਨ। ਦੁਨੀਆਂ ਤ੍ਰਿਸ਼ਨਾ ਦੀ ਸਾੜੀ ਹੋਈ ਦੁੱਖੀ ਹੋ ਰਹੀ ਹੈ, ਸੜ ਸੜ ਕੇ ਵਿਲਕ ਰਹੀ ਹੈ, ਅਜੇਹੇ ਲੋਕਾਂ ਨੂੰ ਜੇ ਕਰ ਕੋਈ ਕਰਾਮਾਤੀ ਗੱਲ ਸੁਣਾਈ ਜਾਵੇ, ਤਾਂ ਆਸਾਨੀ ਨਾਲ ਗੁਮਰਾਹ ਕੀਤਾ ਜਾ ਸਕਦਾ ਹੈ। ਅੱਜਕਲ ਦੇ ਡੇਰੇ ਵਾਲੇ, ਇਸੇ ਕਮਜੋਰੀ ਦਾ ਫਾਇਦਾ ਉਠਾ ਰਹੇ ਹਨ। ਗੁਰਬਾਣੀ ਤਾਂ ਵਾਰ ਵਾਰ ਸਮਝਾਂਉਂਦੀ ਹੈ ਕਿ, ਮਨੁੱਖ ਜਦੋਂ ਤਕ ਗੁਰੂ ਦੇ ਸਬਦ ਰਾਹੀਂ, ਅਕਾਲ ਪੁਰਖੁ ਦੇ ਗੁਣਾਂ ਦੀ ਵੀਚਾਰ ਨਹੀਂ ਕਰਦਾ ਹੈ, ਤਦ ਤਕ ਨਾਮੁ ਨਹੀਂ ਮਿਲਦਾ, ਤੇ ਨਾਮੁ ਤੋਂ ਬਿਨਾ ਕਿਸੇ ਦਾ ਵੀ ਡਰ ਨਹੀਂ ਮੁੱਕਦਾ। ਇਹ ਡਰ ਤੇ ਸਹਿਮ ਹੀ ਸਾਨੂੰ, ਮੁੜ ਮੁੜ ਤ੍ਰਿਸ਼ਨਾ ਦੇ ਅਧੀਨ ਕਰਦਾ ਹੈ, ਤੇ ਅਗਿਆਨਤਾ ਕਰਕੇ, ਲੋਕ ਗੁਮਰਾਹ ਹੁੰਦੇ ਰਹਿੰਦੇ ਹਨ।

ਸਲੋਕ ਮਃ ੩॥ ਤ੍ਰਿਸਨਾ ਦਾਧੀ ਜਲਿ ਮੁਈ ਜਲਿ ਜਲਿ ਕਰੇ ਪੁਕਾਰ॥ ਸਤਿਗੁਰ ਸੀਤਲ ਜੇ ਮਿਲੈ ਫਿਰਿ ਜਲੈ ਨ ਦੂਜੀ ਵਾਰ॥ ਨਾਨਕ ਵਿਣੁ ਨਾਵੈ ਨਿਰਭਉ ਕੋ ਨਹੀ ਜਿਚਰੁ ਸਬਦਿ ਨ ਕਰੇ ਵਿਚਾਰੁ॥ ੧॥ (੫੮੮)

ਗੁਰੂ ਸਾਹਿਬ ਨੇ ਤਾਂ ਜਪੁਜੀ ਸਾਹਿਬ ਵਿੱਚ ਹੀ ਸਚਖੰਡ ਦਾ ਰਸਤਾ ਸਮਝਾ ਦਿਤਾ ਹੈ। ਅਸੀਂ ਪਾਠ ਰੋਜਾਨਾਂ ਕਰੀਏ, ਸਚਖੰਡ ਦਾ ਰਸਤਾ ਰੋਜਾਨਾਂ ਸੁਣੀਏ, ਪਰ ਉਸ ਰਸਤੇ ਤੇ ਚਲੀਏ ਨਾ, ਤਾਂ ਕਿਸ ਤਰ੍ਹਾਂ ਮੰਜ਼ਲ ਤਕ ਪਹੁੰਚ ਸਕਦੇ ਹਾਂ। ਜੇ ਕਰ ਵੈਦ ਕੋਲੋਂ ਦਵਾਈ ਤਾਂ ਲੈ ਆਈਏ, ਪਰ ਵੈਦ ਦੇ ਦੱਸੇ ਹੋਏ ਸੰਜਮ ਨਾਲ ਦਵਾਈ ਨਾ ਖਾਧੀ ਜਾਵੇ, ਤਾਂ ਰੋਗ ਦੂਰ ਨਹੀਂ ਹੋ ਸਕਦਾ ਹੈ। ਸਿਰਫ ਵੈਦ ਦੀ ਤਸਵੀਰ ਵੇਖਣ ਨਾਲ ਰੋਗ ਦੂਰ ਨਹੀਂ ਹੋਣਾ ਹੈ। ਬਹੁਤ ਸਾਰੇ ਡਾਰਟਰਾਂ ਨੂੰ ਵੀ ਵਿਖਾ ਲਓ, ਟੈਸਟ ਵੀ ਸਭ ਕਰਵਾ ਲਓ, ਪਰ ਦਵਾਈ ਨਾ ਖਾਓ ਤਾਂ ਰੋਗ ਕਿਸ ਤਰ੍ਹਾਂ ਦੂਰ ਹੋ ਸਕਦਾ ਹੈ। ਸੁਹਾਗਣ ਕੋਲੋਂ, ਪਤੀ ਨੂੰ ਖੁਸ਼ ਕਰਨ ਦੇ ਤਰੀਕੇ ਤਾਂ ਪੁਛ ਲਉ, ਪਰ ਅੰਦਰਲਾ ਆਚਰਣ ਚੰਗਾ ਨਹੀਂ ਤੇ ਕਰਮ ਦੁਹਾਗਨਾਂ ਵਾਲੇ ਕਰੋ, ਤਾਂ ਕਿਸ ਤਰ੍ਹਾਂ ਪਤੀ ਦੀ ਮਿਹਰ ਹਾਸਲ ਕਰ ਸਕਦੇ ਹਾਂ। ਵਿਖਾਵੇ ਲਈ ਪਾਠ ਪੂਜਾ ਤਾਂ ਕਰ ਲਉ, ਤੇ ਨਾਲ ਹੀ ਸ਼ਰਾਬਾਂ ਪੀਓ, ਨਕਲੀ ਦਵਾਈਆਂ ਵੇਚੋ, ਰਿਸ਼ਵਤਾਂ ਲਓ, ਹੇਰਾ ਫੇਰੀਆਂ ਕਰੋ, “ਬਗਲ ਮਹਿ ਛੁਰੀ ਮੂੰਹ ਮਹਿ ਰਾਮ ਰਾਮ” ਵਾਲੇ ਕੰਮ ਕਰੋਂ। ਅਜੇਹਾ ਕਰਨ ਨਾਲ ਜੀਵਨ ਵਿੱਚ ਕਿਸ ਤਰ੍ਹਾਂ ਸੁਖ ਮਿਲ ਸਕਦਾ ਹੈ। ਸਿਰਫ ਵਿਖਾਵੇ ਤੇ ਰਵਾਇਤਾਂ ਪੂਰੀਆਂ ਕਰਨ ਨਾਲ ਮਸਲਾ ਹੱਲ ਨਹੀਂ ਹੋਣਾ ਹੈ। ਜਿੰਨੀ ਦੇਰ ਤਕ ਅਸੀਂ ਗੁਰਬਾਣੀ ਨੂੰ ਪੜ੍ਹਦੇ, ਸੁਣਦੇ, ਸਮਝਦੇ, ਵਿਚਾਰਦੇ, ਤੇ ਅਮਲੀ ਜੀਵਨ ਵਿੱਚ ਅਪਨਾ ਕੇ, ਸਬਦ ਦੀ ਕਮਾਈ ਨਹੀਂ ਕਰਦੇ ਹਾਂ, ਉਤਨੀ ਦੇਰ ਤਕ ਮੰਜ਼ਲ ਤੇ ਨਹੀਂ ਪਹੁੰਚ ਸਕਦੇ ਹਾਂ।

ਪੂਛਤ ਪਥਕਿ ਤਿਹ ਮਾਰਗ ਨ ਧਾਰੈ ਪਗਿ॥ ਪ੍ਰੀਤਮ ਕੈ ਦੇਸ ਕੈਸੇ ਬਾਤਨੁ ਕੇ ਜਾਈਐ। ਪੂਛਤ ਹੈ ਬੈਦ ਖਾਤ ਅਉਖਦ ਨ ਸੰਜਮ ਸੈ ਕੈਸੇ ਮਿਟੈ ਰੋਗ ਸੁਖ ਸਹਜ ਸਮਾਈਐ। ਪੂਛਤ ਸੁਹਾਗਨ ਕਰਮ ਹੈ ਦੁਹਾਗਨਿ ਕੈ ਰਿਦੈ ਬਿਬਿਚਾਰ ਕਤ ਸਿਹਜਾ ਬੁਲਾਈਐ। ਗਾਏ ਸੁਨੇ ਆਂਖੇ ਮੀਚੈ ਪਾਈਐ ਨ ਪਰਮਪਦੁ॥ ਗੁਰ ਉਪਦੇਸੁ ਗਹਿ ਜਉ ਲਉ ਨ ਕਮਾਈਐ॥ ੪੩੯॥

ਜਿਸ ਤਰ੍ਹਾਂ ਦੂਸਰੇ ਦੇ ਪਾਣੀ ਪੀਣ ਨਾਲ, ਆਪਣੀ ਪਿਆਸ ਨਹੀਂ ਬੁਝਦੀ ਹੈ। ਇਸੇ ਤਰ੍ਹਾਂ ਦੂਸਰੇ ਦੀ ਪੜ੍ਹੀ ਬਾਣੀ ਨਾਲ, ਆਪਣੇ ਆਪ ਨੂੰ ਫਾਇਦਾ ਨਹੀਂ ਹੋ ਸਕਦਾ ਹੈ। ਇਸ ਲਈ ਬਾਣੀ ਆਪ ਪੜ੍ਹਨੀ ਪਵੇਗੀ, ਆਪ ਸਮਝਣੀ ਪਵੇਗੀ। ਜਿਸ ਤਰ੍ਹਾਂ ਇਮਲੀ ਖਾਣ ਨਾਲ ਅੰਬ ਦਾ ਸਵਾਦ ਨਹੀਂ ਆ ਜਾਂਦਾ ਹੈ। ਇਸੇ ਤਰ੍ਹਾਂ ਅਪਣੇ ਪਿਤਾ ਦਾ ਪਿਆਰ, ਪੜੋਸੀ ਕੋਲੋਂ ਨਹੀਂ ਪਾਇਆ ਜਾ ਸਕਦਾ ਹੈ। ਗੁਰਬਾਣੀ ਰਾਹੀਂ ਆਪਣੇ ਪਿਤਾ, ਉਸ ਅਕਾਲ ਪੁਰਖੁ ਨਾਲ ਆਪ ਸਾਂਝ ਕਾਇਮ ਕਰਨੀ ਹੈ, ਉਸ ਨੂੰ ਆਪਣਾ ਗੁਰਦੇਵ ਪਿਤਾ ਬਨਾਉਣਾ ਹੈ।

ਆਂਬਨ ਕੀ ਸਾਧ ਕਤ ਮਿਟਤ ਅਓਬਲੀ ਖਾਏ ਪਿਤਾ ਕੋ ਪਿਆਰ ਨ ਪਰੋਸੀ ਪਹਿ ਪਾਈਐ। ॥ ੪੭੨॥

ਮਨੁੱਖਾ ਜੀਵਨ ਵਿਅਰਥ ਗਵਾ ਲੈਣ ਨੂੰ ਅਕਲ ਨਹੀਂ ਆਖਿਆ ਜਾ ਸਕਦਾ ਹੈ, ਅਕਲ ਇਸ ਵਿੱਚ ਹੈ ਕਿ ਅਕਾਲ ਪੁਰਖੁ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇ। ਅਕਲ ਨਾਲ ਹੀ ਅਕਾਲ ਪੁਰਖੁ ਦੀ ਸੇਵਾ ਕੀਤੀ ਜਾ ਸਕਦੀ ਹੈ, ਤੇ ਅਕਲ ਨਾਲ ਹੀ ਉਸ ਦੇ ਦਰ ਤੇ ਮਾਨ ਪ੍ਰਾਪਤ ਕੀਤਾ ਜਾ ਸਕਦਾ ਹੈ। ਅਕਲ ਨਾਲ ਹੀ ਅਕਾਲ ਪੁਰਖੁ ਦੀ ਸਿਫ਼ਤਿ-ਸਾਲਾਹ ਵਾਲੀ ਬਾਣੀ ਪੜ੍ਹ ਕੇ, ਉਸ ਦੇ ਡੂੰਘੇ ਭੇਤ ਸਮਝੇ ਜਾ ਸਕਦੇ ਹਨ, ਤੇ ਹੋਰਨਾਂ ਨਾਲ ਸਾਂਝੇ ਕੀਤੇ ਜਾ ਸਕਦੇ ਹਨ। ਆਮ ਦੁਨਿਆਵੀ ਦਾਨ ਨਾਲ ਕੋਈ ਲਾਭ ਨਹੀਂ ਹੋਣਾ। ਇਸੇ ਲਈ ਅਰਦਾਸ ਵਿੱਚ “ਦਾਨਾਂ ਸਿਰ ਦਾਨ ਨਾਮ ਦਾਨ” ਦੀ ਬੇਨਤੀ ਕੀਤੀ ਜਾਂਦੀ ਹੈ। ਸਿੱਖ ਧਰਮ ਵਿੱਚ ਦਾਨ ਦੇਣ ਦੀ ਬਜਾਏ ਭੇਟਾ ਦੀ ਪਰੰਪਰਾ ਹੈ, ਕਿਉਂਕਿ ਨਿਮਰਤਾ ਨਾਲ ਦਿੱਤੀ ਗਈ ਭੇਟਾ, ਹੰਕਾਰ ਪੈਦਾ ਨਹੀਂ ਹੋਣ ਦਿੰਦੀ। ਲੋੜਵੰਦ ਗੁਰਸਿੱਖਾਂ ਦੀ ਸਹਾਇਤਾ ਕਰਨੀ ਹੈ। ਮੰਗਤੇ ਜਾਂ ਗਲਤ ਵਿਅਕਤੀ ਨੂੰ ਦਿੱਤੀ ਗਈ ਮਾਇਆ, ਉਸ ਅੰਦਰ ਵਿਕਾਰ ਹੀ ਪੈਦਾ ਕਰੇਗੀ। ਅੱਜਕਲ ਅਕਾਲ ਪੁਰਖੁ ਦੀ ਸਿਫ਼ਤਿ-ਸਾਲਾਹ ਕੱਚੀ ਬਾਣੀ ਨਾਲ ਹੋ ਰਹੀ ਹੈ, ਜਿਸ ਕਰਕੇ ਭੇਖੀ ਸੰਤ ਪੈਦਾ ਹੋ ਰਹੇ ਹਨ। ਅਕਲ ਤਾਂ ਸੱਚੀ ਬਾਣੀ ਪੜ੍ਹ ਕੇ, ਸਮਝ ਕੇ, ਅਤੇ ਉਸ ਅਨੁਸਾਰ ਦੱਸੇ ਗਏ ਮਾਰਗ ਤੇ ਚਲ ਕੇ ਹੀ ਆ ਸਕਦੀ ਹੈ, ਪਰ ਜਿਆਦਾ ਤਰ ਲੋਕ ਰਵਾਇਤਾਂ ਤਕ ਹੀ ਸੀਮਿਤ ਰਹਿ ਗਏ ਹਨ, ਕਿਉਂਕਿ ਸੋਝੀ ਨਹੀਂ ਹੈ। ਧਾਰਮਿਕ ਸਥਾਨਾਂ ਤੇ ਲੋਕ ਮੰਗਤਿਆਂ ਨੂੰ ਪੈਸੇ ਦਿੰਦੇ ਤਾਂ ਅਕਸਰ ਵੇਖੇ ਜਾ ਸਕਦੇ ਹਨ, ਪਰ ਲੋੜਵੰਦ ਦੀ ਕੋਈ ਵਿਰਲਾ ਹੀ ਸਹਾਇਤਾ ਕਰਦਾ ਹੈ। ਸਮਾਜ ਵਿੱਚ ਅਸੀਂ ਆਪ ਹੀ ਸ਼ੈਤਾਨ ਪੈਦਾ ਕਰਨ ਕਰੀ ਜਾ ਰਹੇ ਹਾਂ। ਇਸ ਲਈ ਗੁਰੂ ਸਬਦ ਦੀ ਵੀਚਾਰ ਕਰਨ ਲਈ ਧਿਆਨ, ਲਗਨ, ਅਤੇ ਅਕਲ਼ ਨਾਲ ਬਾਣੀ ਨੂੰ ਪੜ੍ਹਨਾਂ, ਸੁਣਨਾਂ ਅਤੇ ਸਮਝਣਾਂ ਬਹੁਤ ਜਰੂਰੀ ਹੈ।

ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ॥ ਅਕਲੀ ਪੜਿੑ ਕੈ ਬੁਝੀਐ ਅਕਲੀ ਕੀਚੈ ਦਾਨੁ॥ ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ॥ ੧ ॥ (੧੨੪੫)

ਜੁਗੋ ਜੁਗ ਅਟੱਲ ਗੁਰੂ ਗਰੰਥ ਸਾਹਿਬ ਵਿੱਚ ਕੋਈ ਬਦਲਾਵ ਕਰ ਸਕਦਾ ਹੈ? ਅੱਜਕਲ ਕਈ ਲੋਕ ਗੁਰਬਾਣੀ ਨੂੰ ਤੋੜ ਮਰੋੜ ਕਰਨ ਦੀਆਂ ਚਾਲਾਂ, ਕੀਰਤਨ ਦੁਆਰਾ ਕਰ ਰਹੇ ਹਨ, ਇਸ ਤੋਂ ਸਾਵਧਾਨ ਹੋਣ ਦੀ ਲੋੜ ਹੈ। ਬਿਹਤਰ ਇਹੀ ਹੈ ਕਿ ਅਸੀਂ ਸਬਦਾਂ ਦੀ ਪੋਥੀ ਕੋਲ ਰੱਖ ਕੇ ਕੀਤਰਨ ਸੁਣੀਏ, ਤਾਂ ਜੋ ਸਾਨੂੰ ਸਬਦ ਦੀ ਸਹੀ ਜਾਣਕਾਰੀ ਹੋ ਸਕੇ, ਅਤੇ ਨਾਲ ਦੇ ਨਾਲ ਸਾਨੂੰ ਇਹ ਵੀ ਪਤਾ ਲਗ ਸਕੇ ਕਿ ਗਾਇਨ ਕਰਨ ਵਾਲਾ, ਗੁਰਬਾਣੀ ਵਿੱਚ ਕੋਈ ਤੋੜ ਮਰੋੜ ਤਾਂ ਨਹੀਂ ਕਰ ਰਿਹਾ ਹੈ।

ਸਿਰਫ ਰਾਗ ਗਾਉਣ ਨਾਲ ਕੀਰਤਨ ਨਹੀਂ ਹੋ ਜਾਂਦਾ ਹੈ। ਕੀਰਤਨ ਰਾਹੀਂ ਅਕਾਲ ਪੁਰਖੁ ਦੀ ਉਸਤਤ ਹੋ ਰਹੀ ਹੁੰਦੀ ਹੈ, ਤਾਂ ਜੋ ਅਕਾਲ ਪੁਰਖੁ ਦੀ ਉਸਤਤ, ਗੁਰਬਾਣੀ ਦੁਆਰਾ ਸਾਡੇ ਹਿਰਦੇ ਵਿੱਚ ਵਸ ਜਾਏ। ਲੋਕ ਸਮਝਦੇ ਹਨ ਕਿ ਸਤਿਗੁਰੂ ਦਾ ਸਬਦ ਕੋਈ ਸਧਾਰਨ ਗੀਤ ਹੈ, ਪਰ ਇਹ ਤਾਂ ਅਕਾਲ ਪੁਰਖੁ ਦੇ ਗੁਣਾਂ ਦੀ ਵੀਚਾਰ ਹੈ। ਸਤਿਗੁਰੂ ਦਾ ਸਬਦ ਮਨੁੱਖ ਨੂੰ ਇਸ ਜੀਵਨ ਵਿੱਚ ਮੁਕਤ ਕਰਦਾ ਹੈ। ਗੁਰਬਾਣੀ ਦਾ ਕੀਰਤਨ, ਗੀਤ ਦੀ ਤਰ੍ਹਾਂ, ਮਨ ਨੂੰ ਖੁਸ਼ ਕਰਨ ਲਈ, ਵੱਖ ਵੱਖ ਟਿਊਨਾਂ ਵਿੱਚ ਗਾਇਨ ਨਹੀਂ ਕਰਨਾ ਹੈ। ਕੀਰਤਨ ਮਨ ਨੂੰ ਸਿਧੇ ਰਸਤੇ ਤੇ ਪਾਉਂਣ ਲਈ, ਰਹਾਉ ਦੀ ਪੰਗਤੀ ਦੀ ਟੇਕ ਲੈ ਕੇ ਕਰਨਾ ਹੈ, ਤਾਂ ਜੋ ਸਬਦ ਦੀ ਵੀਚਾਰ, ਮਨ ਵਿੱਚ ਟਿਕ ਸਕੇ ਤੇ ਸਾਡਾ ਸੁਧਾਰ ਹੋ ਸਕੇ। ਅੱਜਕਲ ਅਸੀਂ ਵੱਖ ਵੱਖ ਟਿਊਨਾਂ ਵਿੱਚ ਗਾਇਨ ਕਰਨ ਵਾਲੇ ਰਾਗੀਆਂ ਕਰਕੇ ਗੁਰਬਾਣੀ ਦੇ ਅਸਲੀ ਮੰਤਵ ਤੋਂ ਭਟਕੇ ਹੋਏ ਹਾਂ। ਹੋਰ ਟਿਊਨਾਂ ਵਰਤਣ ਨਾਲ, ਮਨ ਟਿਕਾ ਵਿੱਚ ਆਉਂਣ ਦੀ ਬਜਾਏ ਖਿੰਡਿਆ ਜਾਂਦਾ ਹੈ। ਇਸ ਲਈ ਜਰੂਰੀ ਹੈ ਕਿ ਸਬਦ ਉਸ ਰਾਗ ਅਤੇ ਉਸੇ ਘਰ ਵਿੱਚ ਹੀ ਗਾਇਨ ਕੀਤਾ ਜਾਵੇ, ਜਿਸ ਵਿੱਚ ਨਿਰਧਾਰਤ ਕੀਤਾ ਗਿਆ ਹੈ ਤਾਂ ਜੋ ਸਬਦ ਦਾ ਅਸਲੀ ਭਾਵ ਸਾਡੇ ਹਿਰਦੇ ਵਿੱਚ ਵਸ ਸਕੇ।

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ॥ ਜਿਉ ਕਾਸੀ ਉਪਦੇਸੁ ਹੋਇ ਮਾਨਸ ਮਰਤੀ ਬਾਰ॥ ੩॥ (੩੩੫)

ਸੋਹਿਲਾ ਸਾਹਿਬ ਵਿੱਚ ਗੁਰੂ ਸਾਹਿਬ ਇਹੀ ਸਮਝਾਉਂਦੇ ਹਨ ਕਿ, ਜਿਸ ਸਤਿਸੰਗ ਵਿੱਚ ਅਕਾਲ ਪੁਰਖੁ ਦੀ ਸਿਫ਼ਤਿ-ਸਾਲਾਹ ਕੀਤੀ ਜਾਂਦੀ ਹੈ ਤੇ ਕਰਤਾਰ ਦੇ ਗੁਣਾਂ ਦੀ ਵੀਚਾਰ ਹੁੰਦੀ ਹੈ, ਉਸ ਸਤਿਸੰਗ ਵਿੱਚ ਜਾ ਕੇ ਅਕਾਲ ਪੁਰਖੁ ਦੀ ਸਿਫ਼ਤਿ-ਸਾਲਾਹ ਦੇ ਸਬਦ ਗਾਇਆ ਕਰ, ਅਤੇ ਪੈਦਾ ਕਰਨ ਵਾਲੇ ਉਸ ਅਕਾਲ ਪੁਰਖੁ ਨੂੰ ਯਾਦ ਕਰਿਆ ਕਰ। ਸੋਹਿਲਾ ਸਾਹਿਬ ਦਾ ਇਹ ਸਬਦ, ਸਪੱਸ਼ਟ ਕਰਦਾ ਹੈ, ਕਿ ਕੀਰਤਨ ਉਥੇ ਹੈ, ਜਿਥੇ “ਕਰਤੇ ਕਾ ਹੋਇ ਬੀਚਾਰੋ” ਹੈ। (ਸੋਹਿਲਾ = ਕੀਰਤਿ + ਬੀਚਾਰੋ)। ਇਸ ਲਈ ਕੀਰਤਨ ਤਾਂ ਹੀ ਸਫਲ ਹੈ, ਜੇ ਕਰ ਉਸ ਰਾਹੀਂ ਅਸੀਂ ਆਪਣੇ ਹਿਰਦੇ ਵਿੱਚ ਕਰਤੇ ਦੀ ਵੀਚਾਰ ਪੈਦਾ ਕਰ ਸਕਦੇ ਹਾਂ।

ਜੈ ਘਰਿ ਕੀਰਤਿ ਆਖੀਐ ਕਰਤੇ ਕਾ ਹੋਇ ਬੀਚਾਰੋ॥ ਤਿਤੁ ਘਰਿ ਗਾਵਹੁ ਸੋਹਿਲਾ ਸਿਵਰਿਹੁ ਸਿਰਜਣਹਾਰੋ॥ (੧੨)

ਰੁਖ ਦੀ ਛਾਂ ਠੰਡੀ ਹੁੰਦੀ ਹੈ ਤੇ ਸੁਖ ਵੀ ਦਿੰਦੀ ਹੈ, ਪਰ ਘਰ ਦੀ ਛਾਂ ਠੰਡੀ ਨਹੀਂ ਹੁੰਦੀ ਤੇ ਸੁਖ ਵੀ ਨਹੀਂ ਦਿੰਦੀ ਹੈ। ਇਸੇ ਤਰ੍ਹਾਂ ਗੁਰੂ ਦੀ ਸੰਗਤ ਵਿੱਚ ਆਉਣ ਨਾਲ ਵਿਕਾਰ ਦੂਰ ਹੋ ਸਕਦੇ ਹਨ, ਪਰ ਆਪਣੇ ਮਨ ਦੀ ਸੋਚ ਵਿੱਚ ਬੈਠਿਆਂ ਸੰਭਵ ਨਹੀਂ। ਸਤਸੰਗਤਿ ਸਤਿਗੁਰੂ ਦੀ ਪਾਠਸ਼ਾਲਾ ਹੈ, ਜਿਥੇ ਅਕਾਲ ਪੁਰਖੁ ਦੇ ਗੁਣ ਸਿਖੇ ਜਾ ਸਕਦੇ ਹਨ। ਜਿਸ ਤਰ੍ਹਾਂ ਬੱਚੇ ਜਦੋਂ ਸਕੂਲ ਜਾਂਦੇ ਹਨ ਤਾਂ ਉਹ ਆਪਣੀਆਂ ਕਾਪੀਆਂ, ਕਿਤਾਬਾਂ, ਪੈਨ, ਪੈਨਸਲ ਨਾਲ ਲੈ ਕੇ ਜਾਂਦੇ ਹਨ। ਅਧਿਆਪਕ ਜੋ ਵੀ ਪੜਾਉਂਦਾ ਹੈ, ਬੱਚੇ ਉਸ ਨੂੰ ਨਾਲ ਨਾਲ ਨੋਟ ਕਰਦੇ ਹਨ, ਘਰ ਜਾਂ ਕੇ ਉਸ ਨੂੰ ਦੁਬਾਰਾ ਪੜ੍ਹਕੇ ਯਾਦ ਕਰਦੇ ਹਨ। ਅਸੀਂ ਵੀ ਸਤਿਗੁਰੂ ਦੀ ਪਾਠਸ਼ਾਲਾ, ਭਾਵ ਗੁਰਦੁਆਰਾ ਸਾਹਿਬ ਜਾਂਦੇ ਹਾਂ, ਪਰ ਕੀ ਅਸੀਂ ਕਦੇ ਆਪਣੇ ਨਾਲ ਕਾਪੀ, ਪੈਨ, ਪੈਨਸਲ ਲੈ ਕੇ ਗਏ ਹਾਂ? ਕੀ ਅਸੀਂ ਕਦੇ ਗੁਰਬਾਣੀ ਰਾਹੀ ਦੱਸੀ ਗਈ ਮੱਤ ਨੋਟ ਕੀਤੀ ਹੈ? ਗੁਰਦੁਆਰਾ ਸਾਹਿਬ ਵਿੱਚ ਜੋ ਸਬਦ ਗਾਇਨ ਕੀਤਾ ਗਿਆ, ਗੁਰਮਤਿ ਵੀਚਾਰ ਸਮਝਾਈ ਗਈ, ਗੁਰ ਇਤਿਹਾਸ ਸਬੰਧੀ ਜਾਣਕਾਰੀ ਦਿਤੀ ਗਈ, ਕੀ ਅਸੀਂ ਕਦੇ ਘਰ ਆ ਕੇ ਉਸ ਨੂੰ ਦੁਬਾਰਾ ਪੜ੍ਹਕੇ ਸਮਝਦੇ ਤੇ ਯਾਦ ਕਰਦੇ ਹਾਂ? ਜਿਹੜੇ ਬੱਚੇ ਘਰ ਦਾ ਕੰਮ ਤੇ ਸਬਕ ਯਾਦ ਨਹੀਂ ਕਰਦੇ, ਅਧਿਆਪਕ ਉਨ੍ਹਾਂ ਨੂੰ ਸਜਾ ਦਿੰਦਾ ਹੈ, ਅਜੇਹੇ ਬੱਚੇ ਅਕਸਰ ਫੇਲ ਹੋ ਜਾਂਦੇ ਹਨ। ਜੇ ਕਰ ਅਸੀਂ ਵੀ ਗੁਰੂ ਘਰ ਤੋਂ ਆ ਕੇ ਗੁਰਬਾਣੀ ਨੂੰ ਦੁਬਾਰਾ ਪੜ੍ਹਦੇ ਨਹੀਂ, ਸਮਝਦੇ ਨਹੀਂ ਤੇ ਵੀਚਾਰਦੇ ਨਹੀਂ, ਤਾਂ ਅਸੀਂ ਗੁਰੂ ਸਾਹਿਬ ਕੋਲ ਕਿਵੇਂ ਪਰਵਾਨ ਹੋ ਸਕਦੇ ਹਾਂ, ਫਿਰ ਤਾਂ ਅਕਾਲ ਪੁਰਖੁ ਦੇ ਦਰ ਤੇ ਸਜਾ ਹੀ ਮਿਲੇਗੀ।

ਸਤਸੰਗਤਿ ਸਤਿਗੁਰ ਚਟਸਾਲ ਹੈ ਜਿਤੁ ਹਰਿ ਗੁਣ ਸਿਖਾ॥ (੧੩੧੬)

ਹਰੇਕ ਜੀਵ ਅਕਾਲ ਪੁਰਖੁ ਦੇ ਜੋਰ ਵਿਚ, ਭਾਵ ਹੁਕਮੁ ਵਿੱਚ ਹੀ ਚਲ ਸਕਦਾ ਹੈ। ਜਦੋਂ ਜੀਵ ਅਕਾਲ ਪੁਰਖੁ ਦੀ ਸਿਫਤ ਸਾਲਾਹ ਦੀ ਬਾਣੀ ਨੂੰ ਵੀਚਾਰਦਾ ਹੈ, ਤਾਂ ਉਸ ਨੂੰ ਇਹ ਸਮਝ ਪੈਂਦੀ ਹੈ ਕਿ ਅਕਾਲ ਪੁਰਖੁ ਸਭ ਦੀ ਰੱਖਿਆ ਕਰਨ ਵਾਲਾ ਹੈ, ਇਸ ਲਈ ਹੋਰ ਕੋਈ ਸਾਡਾ ਕੀ ਵਿਗਾੜ ਸਕਦਾ ਹੈ।

ਕਰਤਾ ਸਭੁ ਕੋ ਤੇਰੈ ਜੋਰਿ॥ ਏਕੁ ਸਬਦੁ ਬੀਚਾਰੀਐ ਜਾ ਤੂ ਤਾ ਕਿਆ ਹੋਰਿ॥ ੧ ॥ ਰਹਾਉ॥॥ ੧੦ ॥ (੧੭, ੧੮)

ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ, ਗੁਰੂ ਸਾਹਿਬ ਨਾਲ ਸਬੰਧ ਪੈਦਾ ਕਰਨ ਲਈ, ਇਹ ਸਾਡੀ ਪਹਿਲੀ ਜਮਾਤ ਹੁੰਦੀ ਹੈ। ਇਸ ਤੋ ਅੱਗੇ ਜਦੋਂ ਅਸੀਂ ਗੁਰਮਤਿ ਦੇ ਸਿਧਾਂਤਾਂ ਨੂੰ ਸਮਝਣ ਲਈ ਉਪਰਾਲਾ ਕਰਦੇ ਹਾਂ, ਤਾਂ ਸਾਡੀ ਗੁਰੂ ਨਾਲ ਸਾਂਝ ਆਰੰਭ ਹੋ ਜਾਂਦੀ ਹੈ। ਸਮਝਣ ਦੇ ਨਾਲ ਨਾਲ ਜਦੋਂ ਅਸੀਂ ਗੁਰਬਾਣੀ ਨੂੰ ਆਪਣੇ ਜੀਵਨ ਵਿੱਚ ਅਪਨਾ ਕੇ ਵੀਚਾਰਦੇ ਹਾਂ ਤਾਂ ਜੀਵਨ ਦੀ ਅਸਲੀਅਤ ਸਮਝਣ ਦੀ ਦਿਸ਼ਾ ਵੱਲ ਵਧਦੇ ਹਾਂ।

ਗੁਰੂ ਦਾ ਸਿੱਖ ਅਖਵਾਉਂਣ ਦਾ ਹੱਕਦਾਰ ਉਹੀ ਮਨੁੱਖ ਹੋ ਸਕਦਾ ਹੈ, ਜਿਹੜਾ ਜੀਵਨ ਦੀ ਸਹੀ ਜੁਗਤਿ ਸਮਝਦਾ ਹੈ, ਤੇ ਪੰਜਾਂ ਵਿਕਾਰਾਂ ਨੂੰ ਆਪਣੇ ਕਾਬੂ ਕਰਕੇ, ਸਦਾ ਕਾਇਮ ਰਹਿਣ ਵਾਲੇ ਅਕਾਲ ਪੁਰਖੁ ਦੀ ਯਾਦ ਨੂੰ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ। ਗੁਰੂ ਘਰ ਵਿੱਚ ਬਹੁਤ ਸਾਰੀਆਂ ਸੇਵਾਵਾਂ (ਲੰਗਰ ਬਣਾਉਂਣਾਂ, ਲੰਗਰ ਵਰਤਾਉਂਣਾਂ, ਬਰਤਨਾਂ ਦੀ ਸਾਫ ਸਫਾਈ, ਚਾਦਰਾਂ ਦਰੀਆਂ ਦੀ ਸਫਾਈ ਤੇ ਵਿਛਾਈ, ਆਦਿ) ਕੀਤੀਆਂ ਜਾਂਦੀਆਂ ਹਨ ਤੇ ਪ੍ਰਵਾਨ ਵੀ ਹਨ। ਭਾਵੇਂ ਅਸਿਧੇ ਤੌਰ ਤੇ ਇਨ੍ਹਾਂ ਸੇਵਾਵਾਂ ਦਾ ਗੁਰਬਾਣੀ ਵਿੱਚ ਜਿਕਰ ਮਿਲ ਸਕਦਾ ਹੈ, ਪਰ ਸਿਧੇ ਤੌਰ ਤੇ ਇਨ੍ਹਾਂ ਦਾ ਗੁਰਬਾਣੀ ਵਿੱਚ ਬਹੁਤ ਘਟ ਜਿਕਰ ਹੈ। ਗੁਰੂ ਘਰ ਵਿੱਚ ਇਸ ਤਰ੍ਹਾਂ ਦੀਆਂ ਸੇਵਾਵਾਂ ਕਰਨ ਵਾਲੇ ਬਹੁਤ ਲੋਕ ਮਿਲਦੇ ਹਨ। ਇੱਕ ਸੇਵਾ ਹੈ “ਗੁਰ ਕੀ ਸੇਵਾ ਸਬਦੁ ਵੀਚਾਰੁ” ਜਿਸ ਦਾ ਗੁਰਬਾਣੀ ਵਿੱਚ ਸਿਧੇ ਤੌਰ ਤੇ ਬਹੁਤ ਵਾਰੀ ਜਿਕਰ ਹੈ, ਪਰ ਉਸ ਸੇਵਾ ਨੂੰ ਕਰਨ ਵਾਲੇ ਬਹੁਤ ਘਟ ਦਿਖਾਈ ਦਿੰਦੇ ਹਨ। ਸੰਗਤ ਨਾਲ ਗੁਰਮਤਿ ਸਾਂਝੀ ਕਰਨ ਵਾਲੇ ਬਹੁਤ ਘਟ ਮਿਲਦੇ ਹਨ, ਜਿਆਦਾ ਤਰ ਕਰਾਮਾਤੀ ਕਹਾਣੀਆਂ ਸੁਣਾਉਂਣ ਵਾਲੇ ਪ੍ਰਚਾਰਕ ਹੀ ਮਿਲਦੇ ਹਨ। ਦੂਸਰੇ ਪਾਸੇ ਗੁਰੂ ਸਾਹਿਬ ਦੀਆਂ ਸੱਚੀਆਂ ਤੇ ਸਪੱਸ਼ਟ ਸਿਖਿਆਵਾਂ ਸੁਣਨ ਵਾਲੀ ਸੰਗਤ ਵੀ ਬਹੁਤ ਘੱਟ ਮਿਲਦੀ ਹੈ। ਜੇ ਕਰ ਕੋਈ ਗੁਰਬਾਣੀ ਦੀ ਸਚਾਈ ਸਾਹਮਣੇ ਰੱਖਦਾ ਹੈ, ਤਾਂ ਕਈ ਵਾਰੀ ਇਹ ਸੱਚੀ ਬਾਣੀ, ਪ੍ਰਬੰਧਕਾਂ ਜਾਂ ਲੋਕਾਂ ਦੇ ਹਉਮੈਂ ਤੇ ਵਿਕਾਰਾਂ ਤੇ ਚੋਟ ਮਾਰਦੀ ਹੈ ਤਾਂ ਉਨ੍ਹਾਂ ਨੂੰ ਹਜ਼ਮ ਕਰਨਾ ਮੁਸ਼ਕਲ ਹੋ ਜਾਂਦਾ ਹੈ। ਨਤੀਜਾ ਇਹ ਹੁੰਦਾਂ ਹੈ ਕਿ ਗੁਰਬਾਣੀ ਦੀ ਸਚਾਈ ਨੂੰ ਬਿਆਨ ਕਰਨ ਵਾਲੇ ਪ੍ਰਚਾਰਕ ਨੂੰ ਅਗਲੀ ਵਾਰੀ ਬੁਲਾਇਆ ਹੀ ਨਹੀਂ ਜਾਂਦਾ। ਅਜੇਹਾ ਰਵਇਆ ਹੋਣ ਕਰਕੇ ਹੁਣ ਸਚਾਈ ਨੂੰ ਬਿਆਨ ਕਰਨ ਵਾਲਾ ਪ੍ਰਚਾਰਕ, ਕੋਈ ਵਿਰਲਾ ਹੀ ਦਿਖਾਈ ਦਿੰਦਾਂ ਹੈ। ਸਭ ਪਾਸੇ ਕਰਾਮਾਤੀ, ਰਵਾਇਤੀ ਤੇ ਲੋਕਾਂ ਨੂੰ ਭੜਕਾ ਕੇ ਗੁਮਰਾਹ ਵਾਲੇ ਪ੍ਰਚਾਰਕਾਂ ਦਾ ਬੋਲ ਬਾਲਾ ਹੋ ਗਿਆ ਹੈ। ਸੱਚੀ ਬਾਣੀ ਦੇ ਪ੍ਰਚਾਰ ਦੀ ਕਮੀ ਦਾ ਨਤੀਜਾ ਸਾਡੇ ਸਾਹਮਣੇ ਹੀ ਹੈ, ਹੁਣ ਪੰਜਾਬ ਵਿੱਚ ਡੇਰਿਆਂ ਦੀ ਗਿਣਤੀ ਕਈ ਗੁਣਾਂ ਵਧ ਗਈ ਹੈ, ਪਰ ਕੋਈ ਵਿਰਲਾ ਹੀ ਕੇਸਧਾਰੀ ਦਿਖਾਈ ਦਿੰਦਾਂ ਹੈ। ਗੁਰਦੁਆਰਾਂ ਸਾਹਿਬ ਦੇ ਹਾਲ ਵਿੱਚ ਵੀ ੪੦ ਸਾਲ ਤੋਂ ਘੱਟ ਉਮਰ ਵਾਲਾ ਕੋਈ ਵਿਰਲਾ ਹੀ ਦਿਖਾਈ ਦਿੰਦਾ ਹੈ। ਇਸ ਲਈ ਜੇ ਕਰ ਆਪਣਾ ਭਲਾ ਚਾਹੁੰਦੇ ਹਾਂ, ਤਾਂ ਸਾਨੂੰ ਰਵਾਇਤੀ ਕਹਾਣੀਆਂ ਤੇ ਵੱਖ ਵੱਖ ਟਿਊਂਨਾਂ ਵਾਲੇ ਕੀਰਤਨ ਬੰਦ ਕਰਨੇ ਪੈਣਗੇ। ਗੁਰਬਾਣੀ ਦੇ ਸਬਦਾਂ ਨੂੰ ਆਧਾਰਿਤ ਰਾਗ ਵਿੱਚ ਗਾਇਨ ਕਰਨਾ ਲਾਜ਼ਮੀ ਕਰਨਾ ਪਵੇਗਾ, ਤੇ ਨਾਲ ਨਾਲ ਉਨ੍ਹਾਂ ਸਬਦਾ ਦੀ ਸਹੀ ਤੇ ਸਪੱਸ਼ਟ ਗੁਰਮਤਿ ਵੀਚਾਰ ਵਾਲਾ ਤਰੀਕਾ ਅਪਨਾਉਂਣਾਂ ਪਵੇਗਾ। ਗੁਰੂ ਦੇ ਸਬਦ ਦੀ ਵੀਚਾਰ ਨਾਲ ਸਾਡਾ ਹਉਮੈਂ ਆਪਣੇ ਆਪ ਦੂਰ ਹੋ ਜਾਵੇਗਾ ਤੇ ਅੰਦਰ ਨਾਮੁ ਦਾ ਵਾਸਾ ਆਰੰਭ ਹੋ ਜਾਵੇਗਾ।

ਗੁਰ ਕੀ ਸੇਵਾ ਸਬਦੁ ਵੀਚਾਰੁ॥ ਹਉਮੈ ਮਾਰੇ ਕਰਣੀ ਸਾਰੁ॥ (੨੨੩)

ਜਿਨ੍ਹਾਂ ਨੇ ਇਹ ਸਿੱਖਿਆ ਗੁਰੂ ਦੀ ਵੀਚਾਰ ਦੁਆਰਾ ਲੈ ਲਈ ਹੈ, ਮਿਹਰ ਦੀ ਨਜ਼ਰ ਵਾਲਾ ਅਕਾਲ ਪੁਰਖੁ ਆਪਣੀ ਬਖ਼ਸ਼ਸ਼ ਦੁਆਰਾ, ਉਨ੍ਹਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ।

ਸਿਖੀ ਸਿਖਿਆ ਗੁਰ ਵੀਚਾਰਿ॥ ਨਦਰੀ ਕਰਮਿ ਲਘਾਏ ਪਾਰਿ॥ (੪੬੫)

ਇਸ ਜਗਤ ਵਿੱਚ ਅਕਾਲ ਪੁਰਖੁ ਦਾ ਨਾਮੁ ਹੀ ਹੈ, ਜੋ ਜਗਤ ਦੇ ਸਾਰੇ ਡਰਾਂ ਤੋਂ ਬਚਾਉਣ ਵਾਲਾ ਹੈ, ਪਰ ਇਹ ਨਾਮੁ ਗੁਰੂ ਦੀ ਦੱਸੀ ਹੋਈ ਵੀਚਾਰ ਦੀ ਬਰਕਤਿ ਸਦਕਾ ਮਿਲਦਾ ਹੈ। ਅਕਾਲ ਪੁਰਖੁ ਦੇ ਨਾਮੁ ਤੋਂ ਬਿਨਾ ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ ਆਤਮਕ ਮੌਤ ਦੇ ਕਾਬੂ ਵਿੱਚ ਰਹਿੰਦੀ ਹੈ, ਮਾਇਆ ਦੇ ਮੋਹ ਵਿੱਚ ਅੰਨ੍ਹੀ ਹੋਈ ਰਹਿੰਦੀ ਹੈ, ਤੇ ਮੂਰਖਾਂ ਦੀ ਤਰ੍ਹਾਂ ਮਨੁੱਖਾ ਜੀਵਨ ਬਰਬਾਦ ਕਰਦੀ ਹੈ।

ਇਸੁ ਜੁਗ ਮਹਿ ਨਿਰਭਉ ਹਰਿ ਨਾਮੁ ਹੈ ਪਾਈਐ ਗੁਰ ਵੀਚਾਰਿ॥ ਬਿਨੁ ਨਾਵੈ ਜਮ ਕੈ ਵਸਿ ਹੈ ਮਨਮੁਖਿ ਅੰਧ ਗਵਾਰਿ॥ ੨॥ (੩੬੫)

ਜਿਨ੍ਹਾਂ ਦੇ ਸਿਰ ਉਪਰ ਅਕਾਲ ਪੁਰਖੁ ਤੇ ਗੁਰੂ ਹੈ, ਡਰ ਤੇ ਚਿੰਤਾ ਉਨ੍ਹਾਂ ਦਾ ਕੀ ਵਿਗਾੜ ਸਕਦੇ ਹਨ? ਰੱਖਿਆ ਕਰਨ ਵਾਲਾ ਅਕਾਲ ਪੁਰਖੁ ਆਪ ਉਨ੍ਹਾਂ ਦੀ ਲਾਜ ਸਦਾ ਤੋਂ ਰੱਖਦਾ ਆਇਆ ਹੈ। ਗੁਰਸਿੱਖ ਹਮੇਸ਼ਾਂ ਸੁਖਾਂ ਦੇ ਦਾਤੇ ਅਤੇ ਸਭ ਦੀ ਪਰਖ ਕਰਨ ਵਾਲੇ ਅਕਾਲ ਪੁਰਖੁ ਦੀ, ਸੱਚੇ ਸਬਦ ਦੀ ਵੀਚਾਰ ਦੁਆਰਾ ਸੇਵਾ ਕਰਦੇ ਹਨ ਤੇ ਹਰੀ ਪ੍ਰੀਤਮ ਨੂੰ ਮਿਲ ਕੇ ਸੁਖ ਪਾਉਂਦੇ ਹਨ।

ਮਃ ੩॥ ਤਿਨੑ ਭਉ ਸੰਸਾ ਕਿਆ ਕਰੇ ਜਿਨ ਸਤਿਗੁਰੁ ਸਿਰਿ ਕਰਤਾਰੁ॥ ਧੁਰਿ ਤਿਨ ਕੀ ਪੈਜ ਰਖਦਾ ਆਪੇ ਰਖਣਹਾਰੁ॥ ਮਿਲਿ ਪ੍ਰੀਤਮ ਸੁਖੁ ਪਾਇਆ ਸਚੈ ਸਬਦਿ ਵੀਚਾਰਿ॥ ਨਾਨਕ ਸੁਖਦਾਤਾ ਸੇਵਿਆ ਆਪੇ ਪਰਖਣਹਾਰੁ॥ ੨॥ (੫੪੯)

ਸਤਿਗੁਰੂ ਨੇ ਸੱਚੇ ਸਬਦ ਦੀ ਵੀਚਾਰ ਦੁਆਰਾ, ਆਤਮਕ ਆਨੰਦ ਪ੍ਰਾਪਤ ਕਰਨ ਦਾ ਤਰੀਕਾ ਵਿਖਾ ਦਿੱਤਾ ਹੈ। ਗੁਰੂ ਦੇ ਸਬਦ ਦੀ ਵੀਚਾਰ ਦੁਆਰਾ ਇਹ ਸਮਝ ਆ ਜਾਂਦੀ ਹੈ, ਕਿ ਅਕਾਲ ਪੁਰਖੁ ਤੋਂ ਬਿਨਾ ਕੋਈ ਹੋਰ, ਇਹ ਬਖ਼ਸ਼ਸ਼ ਕਰਨ ਵਾਲਾ ਨਹੀਂ ਹੈ।

ਸਤਿਗੁਰਿ ਸੁਖੁ ਵੇਖਾਲਿਆ ਸਚਾ ਸਬਦੁ ਬੀਚਾਰਿ॥ ਨਾਨਕ ਅਵਰੁ ਨ ਸੁਝਈ ਹਰਿ ਬਿਨੁ ਬਖਸਣਹਾਰੁ॥ ੧॥ (੮੫੩)

ਗੁਰੂ ਦੇ ਸਬਦ ਨੂੰ ਸੋਚ-ਮੰਡਲ ਵਿੱਚ ਟਿਕਾ ਕੇ ਅਕਾਲ ਪੁਰਖੁ ਦੇ ਸੱਚੇ ਸੇਵਕ ਬਣ ਜਾਈਦਾ ਹੈ, ਮਨ ਵਿੱਚ ਗੁਰੂ ਦੀ ਸਿੱਖਿਆ ਪ੍ਰਬਲ ਹੋ ਜਾਂਦੀ ਹੈ ਤੇ ਭੈੜੀ ਮਤਿ ਦੂਰ ਹੋ ਜਾਂਦੀ ਹੈ। ਜਿਹੜੇ ਮਨੁੱਖ ਅਕਾਲ ਪੁਰਖੁ ਦੇ ਚਰਨਾਂ ਵਿੱਚ ਸੁਰਤਿ ਜੋੜ ਕੇ ਹਰ ਵੇਲੇ ਮਾਇਆ ਦੇ ਹੱਲਿਆਂ ਵੱਲੋਂ ਸੁਚੇਤ ਰਹਿੰਦੇ ਹਨ, ਉਹ ਆਪਣੇ ਅੰਦਰ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲੈਂਦੇ ਹਨ ਤੇ ਮਾਇਆ ਵਿੱਚ ਵਿਚਰਦਿਆਂ ਹੋਇਆਂ ਵੀ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਰਹਿੰਦੇ ਹਨ। ਇਸ ਦੁਨੀਆਂ ਵਿੱਚ ਜੀਵਨ ਮੁਕਤਿ ਹੋਣ ਲਈ, ਗੁਰੂ ਦੇ ਸਬਦ ਦੀ ਵੀਚਾਰੁ ਹੀ ਸਹਾਇਤਾ ਕਰ ਸਕਦੀ ਹੈ।

ਸਬਦੁ ਬੀਚਾਰਿ ਭਏ ਨਿਰੰਕਾਰੀ॥ ਗੁਰਮਤਿ ਜਾਗੇ ਦੁਰਮਤਿ ਪਰਹਾਰੀ॥ ਅਨਦਿਨੁ ਜਾਗਿ ਰਹੇ ਲਿਵ ਲਾਈ॥ ਜੀਵਨ ਮੁਕਤਿ ਗਤਿ ਅੰਤਰਿ ਪਾਈ॥ ੪॥ (੯੦੪)

ਜਦੋਂ ਅਸੀਂ ਇੱਕ ਦੂਸਰੇ ਨਾਲ ਸਾਂਝ ਕਰਦੇ ਤਾਂ ਬਹੁਤ ਸਾਰੇ ਸ਼ੰਕੇ ਦੂਰ ਹੋ ਜਾਂਦੇ ਹਨ। ਦੁਨੀਆਂ ਦੇ ਵਾਦ-ਵਿਵਾਦ ਤੋਂ ਖ਼ਲਾਸੀ ਗੁਰਬਾਣੀ ਦੀ ਸੰਗਤਿ ਕੀਤਿਆਂ ਹੀ ਮਿਲਦੀ ਹੈ। ਇਸ ਲਈ ਇੱਕ ਘੜੀ, ਅੱਧੀ ਘੜੀ, ਘੜੀ ਦਾ ਚੌਥਾ ਹਿੱਸਾ, ਭਾਵ ਜਿਤਨਾ ਚਿਰ ਵੀ ਸਮਾਂ ਮਿਲੇ, ਗੁਰਮੁੱਖਾਂ ਦੀ ਸੰਗਤਿ ਕਰਨੀ ਚਾਹੀਦੀ ਹੈ, ਤਾਂ ਜੋ ਗੁਰਮਤਿ ਦੁਆਰਾ ਸਾਡੇ ਸ਼ੰਕੇ ਦੂਰ ਹੋ ਸਕਣ। ਅਜੇਹਾ ਕਰਨ ਨਾਲ ਦੁਨਿਆਵੀ ਤੇ ਆਤਮਕ ਜੀਵਨ, ਦੋਵਾਂ ਵਿੱਚ ਬਹੁਤ ਲਾਭ ਹੁੰਦਾ ਹੈ।

ਕਬੀਰ ਏਕ ਘੜੀ ਆਧੀ ਘਰੀ ਆਧੀ ਹੂੰ ਤੇ ਆਧ॥ ਭਗਤਨ ਸੇਤੀ ਗੋਸਟੇ ਜੋ ਕੀਨੇ ਸੋ ਲਾਭ॥ ੨੩੨॥ (੧੩੭੭)

ਜਿਵੇਂ ਮਠੀ ਮਠੀ ਵਰਖਾ ਹੁੰਦੀ ਹੈ, ਤਾਂ ਪਾਣੀ ਧਰਤੀ ਅੰਦਰ ਸਿੰਮਦਾ ਜਾਂਦਾ ਹੈ, ਤੇ ਫਸਲ ਹਰੀ ਭਰੀ ਹੋ ਜਾਂਦੀ ਹੈ। ਇਸੇ ਤਰ੍ਹਾਂ ਜਦੋਂ ਆਤਮਕ ਅਡੋਲਤਾ ਦੀ ਹਾਲਤ ਵਿਚ, ਮਨੁੱਖ ਦਾ ਮਨ, ਗੁਰੂ ਦੇ ਸਬਦ ਦੁਆਰਾ ਅਕਾਲ ਪੁਰਖੁ ਦੇ ਗੁਣਾਂ ਦੀ ਵੀਚਾਰ ਸੁਣਦਾ ਹੈ, ਨਾਮੁ ਰੂਪੀ ਅੰਮ੍ਰਿਤ ਧਾਰਾ ਨੂੰ ਪੀਂਦਾ ਹੈ, ਤੇ ਗੁਰਬਾਣੀ ਨੂੰ ਆਪਣੇ ਅੰਦਰ ਟਿਕਾਈ ਜਾਂਦਾ ਹੈ, ਤਾਂ ਅਜੇਹੀ ਅਵਸਥਾ ਬਣ ਜਾਂਦੀ ਹੈ, ਕਿ ਮਨ ਹਰ ਵੇਲੇ ਆਤਮਕ ਆਨੰਦ ਮਾਣਦਾ ਰਹਿੰਦਾ ਹੈ, ਤੇ ਸਦਾ ਅਕਾਲ ਪੁਰਖੁ ਦੇ ਮਿਲਾਪ ਦਾ ਸੁਖ ਪ੍ਰਾਪਤ ਕਰਦਾ ਰਹਿੰਦਾਂ ਹੈ।

ਝਿਮਿ ਝਿਮਿ ਵਰਸੈ ਅੰਮ੍ਰਿਤ ਧਾਰਾ॥ ਮਨੁ ਪੀਵੈ ਸੁਨਿ ਸਬਦੁ ਬੀਚਾਰਾ॥ ਅਨਦ ਬਿਨੋਦ ਕਰੇ ਦਿਨ ਰਾਤੀ ਸਦਾ ਸਦਾ ਹਰਿ ਕੇਲਾ ਜੀਉ॥ (੧੦੨)

ਸਿੱਖੀ ਇੱਕ ਖੁਸ਼ਬੂ ਦੀ ਤਰ੍ਹਾਂ ਹੈ, ਜੋ ਕਿ ਸਾਰਿਆਂ ਵਿੱਚ ਵੰਡੀ ਜਾ ਸਕਦੀ ਹੈ। ਗੁਰੂ ਸਬਦ ਦੁਆਰਾ ਜੀਵਨ ਸਫਲ ਕੀਤਾ ਜਾ ਸਕਦਾ ਹੈ। ਜੀਵਨ ਵਿੱਚ ਆਨੰਦ ਪ੍ਰਾਪਤ ਕਰਨ ਦੀ ਜੁਗਤ ਸਿੱਖੀ ਜਾ ਸਕਦੀ ਹੈ। ਗੁਰੂ ਨਾਨਕ ਸਾਹਿਬ ਜਦੋਂ ਮੁਲਤਾਨ ਗਏ ਤਾਂ ਉਨ੍ਹਾਂ ਨੂੰ ਦੁੱਧ ਦਾ ਭਰਿਆ ਕਟੋਰਾ ਭੇਟ ਕੀਤਾ ਗਿਆ ਤਾਂ ਗੁਰੂ ਸਾਹਿਬ ਨੇ ਚਮੇਲੀ ਦੇ ਫੁੱਲ ਮਿਲਾ ਕੇ ਵਾਪਿਸ ਭੇਜ ਦਿਤਾ। ਸੰਦੇਸ਼ਾ ਦੇ ਦਿਤਾ ਕਿ ਅਸੀਂ ਤਾਂ ਖੁਸ਼ਬੂ ਸਾਂਝੀ ਕਰਨ ਆਏ ਹਾਂ। ਗੁਰੂ ਨਾਨਕ ਸਾਹਿਬ ਨੇ ਗੁਰੂ ਸਬਦ ਦੀ ਖੁਸ਼ਬੂ ਸਾਰਿਆਂ ਵਿੱਚ ਵੰਡ ਦਿਤੀ ਹੈ। ਹੁਣ ਇਹ ਸਾਡੇ ਤੇ ਨਿਰਭਰ ਕਰਦਾ ਹੈ, ਕਿ ਅਸੀਂ ਕਿੰਨੀ ਕੁ ਖੁਸ਼ਬੂ ਆਪਣੇ ਹਿਰਦੇ ਅੰਦਰ ਲੈਂਦੇ ਹਾਂ ਤੇ ਕਿੰਨੀ ਕੁ ਖੁਸ਼ਬੂ ਹੋਰਨਾਂ ਨਾਲ ਸਾਂਝੀ ਕਰਦੇ ਹਾਂ।

ਮੇਲਿਓਂ ਬਾਬਾ ਉਠਿਆ ਮੁਲਤਾਨੇ ਦੀ ਜ਼ਿਆਰਤ ਜਾਈ॥ ਅਗੋਂ ਪੀਰ ਮੁਲਤਾਨ ਦੇ ਦੁਧ ਕਟੋਰਾ ਭਰ ਲੈ ਆਈ॥ ਬਾਬੇ ਕਢ ਕਰ ਬਗਲ ਤੇ ਚੰਬੇਲੀ ਦੁੱਧ ਵਿੱਚ ਮਿਲਾਈ॥ ਜਿਉਂ ਸਾਗਰ ਵਿੱਚ ਗੰਗ ਸਮਾਈ॥ ੪੪॥ (੧-੪੪-੮)

ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਨੂੰ ਵੀਚਾਰ ਕੇ ਜੀਵਨ ਦੀ ਅਸਲੀਅਤ ਸਮਝੀ ਜਾ ਸਕਦੀ ਹੈ। ਭਾਈ ਗੁਰਦਾਸ ਜੀ ਦੀਆਂ ਵਾਰਾਂ ਅਤੇ ਕਬਿਤਾਂ ਦੁਆਰਾ ਦਿਤੀਆਂ ਗਈਆਂ ਉਦਾਹਰਣਾ ਰਾਹੀਂ, ਗੁਰਬਾਣੀ ਆਸਾਨੀ ਨਾਲ ਸਮਝੀ ਜਾ ਸਕਦੀ ਹੈ। ਭਾਈ ਨੰਦ ਲਾਲ ਸਿੰਘ ਜੀ ਦੀਆਂ ਰਚਨਾਵਾਂ ਦੁਆਰਾ ਸਿੱਖੀ ਆਸਾਨੀ ਨਾਲ ਸਮਝੀ ਜਾ ਸਕਦੀ ਹੈ।

ਹਰਿ ਜਸ ਸੁਨਤੇ ਬਾਤ ਸੁਨਾਵੇ ਕਹੈ ਗੋਬਿੰਦ ਸਿੰਘ ਸਿੱਖ ਨਾ ਕਹਾਵੇ। (ਭਾਈ ਨੰਦ ਲਾਲ ਸਿੰਘ ਜੀ)

ਲੋਕ ਔਗੁਣਾਂ ਦੀ ਪੋਟਲੀ ਬੰਨ੍ਹੀ ਜਾ ਰਹੇ ਹਨ, ਕੋਈ ਬੰਦਾ ਗੁਣਾਂ ਦਾ ਸੌਦਾ ਨਹੀਂ ਕਰਦਾ। ਪੂਰੇ ਜਗਤ ਵਿੱਚ ਗੁਣ ਖ਼ਰੀਦਣ ਵਾਲਾ ਕੋਈ ਵਿਰਲਾ ਹੀ ਹੁੰਦਾ ਹੈ। ਗੁਰੂ ਦੀ ਕਿਰਪਾ ਨਾਲ ਹੀ ਗੁਣ ਮਿਲਦੇ ਹਨ, ਪਰ ਮਿਲਦੇ ਉਸ ਨੂੰ ਹਨ, ਜਿਸ ਉਪਰ ਅਕਾਲ ਪੁਰਖੁ ਮਿਹਰ ਦੀ ਨਜ਼ਰ ਕਰਦਾ ਹੈ। ਗੁਰੂ ਦੇ ਸਬਦ ਦੀ ਰਾਹੀਂ ਵਿਚਾਰਵਾਨ ਹੋ ਕੇ ਅਕਾਲ ਪੁਰਖੁ ਦਾ ਹੁਕਮ ਮੰਨਿਆਂ ਸੁਖ ਮਿਲਦਾ ਹੈ, ਜਿਸ ਨੇ ਹੁਕਮ ਮੰਨਿਆ ਹੈ, ਉਸ ਨੂੰ ਲੋਕਾਂ ਵਲੋਂ ਕੀਤੇ ਗੁਣ ਤੇ ਔਗੁਣ ਭਾਵ, ਨੇਕੀ ਤੇ ਬਦੀ ਦਾ ਸਲੂਕ ਇਕੋ ਜਿਹੇ ਜਾਪਦੇ ਹਨ, ਕਿਉਂਕਿ ਉਹ ‘ਹੁਕਮੁ’ ਵਿੱਚ ਤੁਰਨ ਦੇ ਕਾਰਨ ਸਮਝਦਾ ਹੈ ਕਿ ਇਹ ਗੁਣ ਤੇ ਔਗੁਣ ਕਰਤਾਰ ਨੇ ਆਪ ਪੈਦਾ ਕੀਤੇ ਹਨ। ਇਸ ਲਈ ਗੁਰੂ ਕੋਲੋਂ ਗੁਣ ਪ੍ਰਾਪਤ ਕਰਨ ਲਈ, ਗੁਰੁ ਸਬਦ ਦੀ ਵੀਚਾਰ ਜਰੂਰੀ ਹੈ।

ਸਲੋਕੁ ਮਃ ੩॥ ਲੋਕੁ ਅਵਗਣਾ ਕੀ ਬੰਨੈੑ ਗੰਠੜੀ ਗੁਣ ਨ ਵਿਹਾਝੈ ਕੋਇ॥ ਗੁਣ ਕਾ ਗਾਹਕੁ ਨਾਨਕਾ ਵਿਰਲਾ ਕੋਈ ਹੋਇ॥ ਗੁਰ ਪਰਸਾਦੀ ਗੁਣ ਪਾਈਅਨਿੑ ਜਿਸ ਨੋ ਨਦਰਿ ਕਰੇਇ॥ ੧॥ ਮਃ ੩॥ ਗੁਣ ਅਵਗੁਣ ਸਮਾਨਿ ਹਹਿ ਜਿ ਆਪਿ ਕੀਤੇ ਕਰਤਾਰਿ॥ ਨਾਨਕ ਹੁਕਮਿ ਮੰਨਿਐ ਸੁਖੁ ਪਾਈਐ ਗੁਰ ਸਬਦੀ ਵੀਚਾਰਿ॥ ੨॥ (੧੦੯੨)

ਜੇ ਕਰ ਅਸੀਂ ਵੀ ਉੱਚੀ ਪਦਵੀ ਪਾਉਣੀ ਚਾਹੁੰਦੇ ਹਾਂ, ਆਪਣੇ ਹਿਰਦੇ ਅੰਦਰ ਗਿਆਨ ਦਾ ਚਾਨਣ ਪ੍ਰਗਟ ਕਰਨਾ ਚਾਹੁੰਦੇ ਹਾਂ, ਤਾਂ ਸਬਦ ਦੀ ਕਮਾਈ ਕਰਨੀ ਪਵੇਗੀ। ਅਕਾਲ ਪੁਰਖੁ ਨੂੰ ਮਿਲਣਾ ਚਾਹੁੰਦੇ ਹਾਂ, ਤਾਂ ਪਿਆਰ ਨਾਲ ਸਤਿਗੁਰੂ ਦੇ ਦੱਸੇ ਰਾਹ ਤੇ ਤੁਰਨਾ ਪਵੇਗਾ। ਪਰ ਕੋਈ ਵਿਰਲਾ ਗੁਰਮੁਖਿ ਹੀ ਸਤਿਗੁਰੂ ਦੀ ਬਾਣੀ ਨੂੰ ਵਿਚਾਰਦਾ ਹੈ, ਇਹ ਬਾਣੀ ਸਤਿਗੁਰੂ ਦੀ ਸੱਚੀ ਤੇ ਸੁਚੀ, ਧੁਰ ਕੀ ਬਾਣੀ ਹੈ, ਜਿਸ ਦੀ ਵੀਚਾਰ ਨਾਲ ਮਨੁੱਖ ਆਪਣੇ ਸ੍ਵੈ-ਸਰੂਪ ਵਿੱਚ ਟਿਕ ਜਾਂਦਾ ਹੈ।

ਬਾਣੀ ਬਿਰਲਉ ਬੀਚਾਰਸੀ ਜੇ ਕੋ ਗੁਰਮੁਖਿ ਹੋਇ॥ ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ॥ ੪੦॥ (੯੩੫)

ਸਬਦ ਵੀਚਾਰ ਕਰਨ ਲਈ ਕੀ ਕਰਨਾ ਹੈ ਤੇ ਕਿਸ ਤਰ੍ਹਾਂ ਕਰਨੀ ਹੈ, ਉਹ ਵੀ ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਸਮਝਾ ਦਿੱਤਾ ਹੈ। ਸਾਇੰਸ ਜਾਂ ਕਿਸੇ ਵੀ ਵਿਸ਼ੇ ਵਿੱਚ ਡਿਗਰੀ ਹਾਸਲ ਕਰਨ ਲਈ, ਅਤੇ ਉਸ ਨੂੰ ਕਿੱਤੇ ਦੇ ਤੌਰ ਤੇ ਅਪਨਾਉਂਣ ਲਈ, ਉਸ ਵਿਸ਼ੇ ਨੂੰ ਚੰਗੀ ਤਰ੍ਹਾਂ ਪੜ੍ਹਨਾ, ਸਮਝਣਾ, ਤੇ ਵੀਚਾਰਨਾ ਪੈਂਦਾ ਹੈ। ਡੂੰਘੀ ਜਾਣਕਾਰੀ ਲੈਂਣ ਲਈ ਉਸ ਦੀਆਂ ਉਦਾਹਰਣਾ ਜਾਂ ਪਰੈਕਟੀਕਲ ਵੀ ਕਰਨੇ ਪੈਂਦੇ ਹਨ। ਇਹੋ ਕੁੱਝ ਗੁਰਮਤਿ ਨੂੰ ਜੀਵਨ ਵਿੱਚ ਅਪਨਾਉਂਣ ਲਈ ਕਰਨਾ ਹੈ। ਗੁਰੂ ਸਾਹਿਬ ਇਹੀ ਸੱਦਾ ਦਿੰਦੇ ਹਨ ਕਿ ਆਓ, ਅਕਾਲ ਪੁਰਖ ਦੇ ਗੁਣ ਗਾਵੀਏ, ਸੁਣੀਏ, ਤੇ ਆਪਣੇ ਮਨ ਵਿੱਚ ਉਸ ਦਾ ਪ੍ਰੇਮ ਟਿਕਾਈਏ। ਜੋ ਮਨੁੱਖ ਇਹ ਆਹਰ ਕਰਦਾ ਹੈ, ਉਹ ਆਪਣਾ ਦੁਖ ਦੂਰ ਕਰਕੇ ਸੁਖ ਨੂੰ ਹਿਰਦੇ ਵਿੱਚ ਵਸਾ ਲੈਂਦਾ ਹੈ। ਜੇਕਰ ਅਕਾਲ ਪੁਰਖੁ ਦੇ ਗੁਣ ਗਾਇਨ ਵੀ ਕਰਨੇ ਹਨ ਅਤੇ ਸੁਣਨੇ ਵੀ ਹਨ, ਤਾਂ ਜਰੁਰੀ ਹੈ ਕਿ ਗੁਰਬਾਣੀ ਨੂੰ, ਹੋਲੀ ਹੌਲੀ ਸਮਝ ਕੇ ਪੜ੍ਹੀਏ, ਮਨ ਵਿੱਚ ਉਸਦਾ ਪ੍ਰੇਮ ਟਿਕਾਉਂਣ ਲਈ ਗੁਰਬਾਣੀ ਅਨੁਸਾਰ ਜੀਵਨ ਬਤੀਤ ਕਰੀਏ।

ਗਾਵੀਐ ਸੁਣੀਐ ਮਨਿ ਰਖੀਐ ਭਾਉ॥ ਦੁਖੁ ਪਰਹਰਿ ਸੁਖੁ ਘਰਿ ਲੈ ਜਾਇ॥ (੨)

ਉਸਤਾਦ ਕੋਲੋਂ ਸਿਖਣ ਲਈ ਆਪਣੇ ਆਪ ਨੂੰ ਨੀਵਾਂ ਕਰਨਾ ਪੈਂਦਾ ਹੈ। ਇਸੇ ਤਰ੍ਹਾਂ ਜੇ ਕਰ ਅਸੀਂ ਆਪਣੀ ਭਲਾਈ ਚਾਹੁੰਦੇ ਹਾਂ, ਤਾਂ ਚੰਗਾ ਕੰਮ ਕਰ ਕੇ ਵੀ ਆਪਣੇ ਆਪ ਨੂੰ ਨੀਵਾਂ ਅਖਵਾਉਂਣਾਂ ਪਵੇਗਾ, ਆਪਣੇ ਹਉਮੈਂ ਤੇ ਕਾਬੂ ਪਾਉਣਾਂ ਪਵੇਗਾ।

ਜੇ ਲੋੜਹਿ ਚੰਗਾ ਆਪਣਾ ਕਰਿ ਪੁੰਨਹੁ ਨੀਚੁ ਸਦਾਈਐ॥ (੪੬੫)

ਉਹ ਮਨੁੱਖ ਜਗਤ ਵਿੱਚ ਪੂਰੇ ਹਨ, ਜਿਨ੍ਹਾਂ ਤੋਂ ਅਕਾਲ ਪੁਰਖੁ ਆਪਣਾ ਹੁਕਮੁ ਮਨਾਉਂਦਾ ਹੈ, ਉਹ ਬੰਦੇ ਪੂਰੇ ਗੁਰੂ ਦੇ ਸਬਦ ਵਿੱਚ ਚਿੱਤ ਜੋੜ ਕੇ ਆਪਣੇ ਮਾਲਕ ਦੀ ਬੰਦਗੀ ਕਰਦੇ ਹਨ। ਅਕਾਲ ਪੁਰਖੁ ਦੀ ਬੰਦਗੀ, ਤਾਂ ਹੀ ਹੋ ਸਕਦੀ ਹੈ, ਜੇਕਰ ਸੱਚੇ ਸਬਦ ਨਾਲ ਪਿਆਰ ਪਾਈਏ। ਜੋ ਮਨੁੱਖ ਆਪਣੇ ਅੰਦਰੋਂ ਹਉਮੈ ਨੂੰ ਮਾਰਦੇ ਹਨ, ਉਨ੍ਹਾਂ ਨੂੰ ਅਕਾਲ ਪੁਰਖੁ ਦੀ ਹਜ਼ੂਰੀ ਪ੍ਰਾਪਤ ਹੁੰਦੀ ਹੈ।

ਸਲੋਕੁ ਮਃ ੩॥ ਪਉੜੀ॥ ਜਿਨਾ ਹੁਕਮੁ ਮਨਾਇਓਨੁ ਤੇ ਪੂਰੇ ਸੰਸਾਰਿ॥ ਸਾਹਿਬੁ ਸੇਵਨਿੑ ਆਪਣਾ ਪੂਰੈ ਸਬਦਿ ਵੀਚਾਰਿ॥ (੫੧੨)

ਇਹ ਸਬਦ ਸਪੱਸ਼ਟ ਕਰ ਦਿੰਦਾ ਹੈ, ਕਿ ਪੂਰੇ ਸਬਦ ਵਿੱਚ ਦਰਸਾਏ ਗਏ ਹੁਕਮੁ ਅਨੁਸਾਰ ਚਲਣਾ ਹੈ। ਇਸ ਵਿੱਚ ਕੱਚੀ ਬਾਣੀ ਦੀ ਮਿਲਾਵਟ ਨਹੀਂ ਕਰਨੀ ਹੈ, ਅਧੂਰਾ ਸਬਦ ਨਹੀਂ ਪੜ੍ਹਨਾਂ ਹੈ। ਪੂਰੇ ਸਬਦ ਨੂੰ ਪੜ੍ਹ ਕੇ, ਸਮਝ ਕੇ, ਅਰਥ ਤੇ ਭਾਵ ਅਰਥ ਕਰਨੇ ਹਨ। ਸਿਰਫ਼ ਇੱਕ ਅਕਾਲ ਪੁਰਖੁ ਨਾਲ ਸੁਰਤਿ ਜੋੜਨੀ ਹੈ। ਇੱਕ ਅਕਾਲ ਪੁਰਖੁ ਦੇ ਪਿਆਰ ਤੋਂ ਬਿਨਾ ਦੁਨੀਆਂ ਦੀ ਸਾਰੀ ਦੌੜ-ਭੱਜ ਜੰਜਾਲ ਬਣ ਜਾਂਦੀ ਹੈ, ਤੇ ਮਾਇਆ ਦਾ ਮੋਹ, ਜਿਸ ਵਿੱਚ ਅਸੀਂ ਸਾਰੇ ਫਸੇ ਹੋਏ ਹਾਂ, ਸਭ ਵਿਅਰਥ ਹੈ। ਮੰਤਵ ਇਹ ਹੋਣਾ ਚਾਹੀਦਾ ਹੈ, ਕਿ ਸਤਿਗੁਰੂ ਦੀ ਮਿਹਰ ਦੀ ਨਿਗਾਹ ਹੋ ਜਾਵੇ, ਤਾਂ ਫਿਰ ਸਮਝੋ ਕਿ ਲੱਖਾਂ ਪਾਤਿਸ਼ਾਹੀਆਂ ਦੀਆਂ ਖ਼ੁਸ਼ੀਆਂ ਮਿਲ ਗਈਆਂ ਹਨ।

ਮੇਰੇ ਮਨ ਏਕਸ ਸਿਉ ਚਿਤੁ ਲਾਇ॥ ਏਕਸ ਬਿਨੁ ਸਭ ਧੰਧੁ ਹੈ ਸਭ ਮਿਥਿਆ ਮੋਹੁ ਮਾਇ॥ ੧॥ ਰਹਾਉ॥ (੪੪)

ਜੇ ਕਰ ਅਸੀਂ ਪਹਿਲਾਂ ਹੀ ਆਪੋ ਆਪਣੇ ਫ਼ਰਜ਼ ਨੂੰ ਚੇਤੇ ਰੱਖੀਏ ਤਾਂ ਬਾਅਦ ਵਿੱਚ ਸਜ਼ਾ ਕਿਉਂ ਮਿਲੇ? ਅੱਜ ਤੋਂ ੫੦੦ ਸਾਲ ਪਹਿਲਾਂ ਇਸ ਦੇਸ ਦੇ ਹਾਕਮਾਂ ਨੇ ਐਸ਼, ਤਮਾਸ਼ਿਆਂ ਦੇ ਚਾਅ ਵਿੱਚ ਆਪਣਾ ਫ਼ਰਜ਼ ਭੁਲਾ ਦਿੱਤਾ ਸੀ। ਫਿਰ ਜਦੋਂ ਬਾਬਰ ਨੇ ਹਮਲਾ ਕੀਤਾ, ਤਾਂ ਹੋਰ ਪਰਜਾ ਤਾਂ ਕਿਤੇ ਰਹੀ, ਕੋਈ ਪਠਾਣ-ਸ਼ਾਹਜ਼ਾਦਾ ਵੀ ਕਿਤੋਂ ਮੰਗ ਕੇ ਰੋਟੀ ਨਹੀਂ ਖਾ ਸਕਦਾ ਸੀ। ਅੱਜਕਲ ਵੀ ਸਾਡੇ ਦੇਸ ਦਾ ਓਹੀ ਹਾਲ ਹੋ ਰਿਹਾ ਹੈ। ਲੋਕ ਵਿਕਾਰਾਂ ਵਿੱਚ ਫਸੇ ਹਨ, ਹਰ ਕੋਈ ਧੋਖੇ ਹੇਰਾਫੇਰੀ ਨਾਲ ਦੁਸਰਿਆਂ ਨੂੰ ਲੁਟਣ ਦੀ ਕੋਸ਼ਿਸ ਕਰ ਰਿਹਾ ਹੈ, ਤਾਕਤਵਰ ਕਮਜੋਰ ਨੂੰ ਦਬਾ ਰਿਹਾ ਹੈ, ਫਿਲਮੀ ਨਾਚ ਗਾਣਿਆਂ ਲਈ ਪੈਸਾ ਤੇ ਕੀਮਤੀ ਸਮਾਂ ਬਰਬਾਦ ਹੋ ਰਿਹਾ ਹੈ। ਇਸ ਲਈ, ਜਾਂ ਤਾਂ ਆਪਣੇ ਆਪ ਨੂੰ ਸੁਧਾਰੋ, ਨਹੀਂ ਤਾਂ ਸਜ਼ਾ ਲਈ ਤਿਆਰ ਰਹੋ। ਫਿਰ ਅਕਾਲ ਪੁਰਖੁ ਤੇ ਦੋਸ ਨਹੀਂ ਮੜਨਾਂ, ਕਿਉਕਿ ਉਸ ਨੇ ਤਾਂ ਆਪਣੇ ਹੁਕਮੁ ਅਨੁਸਾਰ ਕਰਨਾ ਹੈ, ਤੇ ਸਜ਼ਾ ਦੇਣੀ ਹੈ।

ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ॥ ਸਾਹਾਂ ਸੁਰਤਿ ਗਵਾਈਆ ਰੰਗਿ ਤਮਾਸੈ ਚਾਇ॥ ਬਾਬਰਵਾਣੀ ਫਿਰਿ ਗਈ ਕੁਇਰੁ ਨ ਰੋਟੀ ਖਾਇ॥ ੫॥ (੪੧੭)

ਅਸੀਂ ਗੁਰੂ ਸਾਹਿਬ ਕੋਲੋ ਮੱਤ ਲੈਣ ਦੀ ਬਜਾਏ, ਆਪਣੀ ਮੱਤ ਦੇਣ ਤੇ ਜਿਆਦਾ ਜੋਰ ਦਿੰਦੇ ਰਹਿੰਦੇ ਹਾਂ। ਜੇ ਕਰ ਅਸੀਂ ਗੁਰੂ ਸਾਹਿਬ ਦੀ ਮੱਤ ਲੈਣ ਲਈ ਤਿਆਰ ਨਹੀਂ ਹਾਂ, ਤਾਂ ਗੁਰੂ ਦੇ ਸਿੱਖ ਕਿਸ ਤਰ੍ਹਾਂ ਕਹਿਲਾ ਸਕਦੇ ਹਾਂ, ਗੁਰੂ ਸਾਹਿਬ ਦੀ ਮਿਹਰ ਤੇ ਖੁਸ਼ੀਆਂ ਕਿਸ ਤਰ੍ਹਾਂ ਮਿਲ ਸਕਦੀਆਂ ਹਨ?

ਸੇਵਕ ਅਖਵਾਣ ਵਾਲੇ ਸਿੱਖ ਸਾਰੇ ਗੁਰੂ-ਦਰ ਤੇ ਅਕਾਲ ਪੁਰਖੁ ਦੀ ਪੂਜਾ-ਭਗਤੀ ਕਰਨ ਆਉਂਦੇ ਹਨ, ਅਤੇ ਅਕਾਲ ਪੁਰਖੁ ਦੀ ਸਿਫ਼ਤਿ-ਸਾਲਾਹ ਨਾਲ ਭਰਪੂਰ ਸ੍ਰੇਸ਼ਟ ਗੁਰਬਾਣੀ ਗਾਉਂਦੇ ਹਨ। ਪਰ ਅਕਾਲ ਪੁਰਖੁ ਉਨ੍ਹਾਂ ਮਨੁੱਖਾਂ ਦਾ ਬਾਣੀ ਗਾਉਣਾ ਤੇ ਸੁਣਨਾ ਕਬੂਲ ਕਰਦਾ ਹੈ, ਜਿਨ੍ਹਾਂ ਗੁਰੂ ਦੇ ਹੁਕਮ ਨੂੰ ਬਿਲਕੁਲ ਸਹੀ ਜਾਣ ਕੇ ਉਸ ਉਤੇ ਅਮਲ ਕੀਤਾ ਹੈ। ਇਸ ਲਈ ਰਵਾਇਤਾ ਪੂਰੀਆਂ ਕਰਨ ਨਾਲ ਗਲ ਨਹੀਂ ਬਣਨੀ, ਕਿਉਂਕਿ ਅਕਾਲ ਪੁਰਖੁ ਦੇ ਦਰ ਤੇ ਉਨ੍ਹਾਂ ਮਨੁੱਖਾਂ ਦੀ ਚੰਗੀ ਸੋਭਾ ਹੁੰਦੀ ਹੈ, ਜਿਨ੍ਹਾਂ ਮਨੁੱਖਾਂ ਨੇ ਅਕਾਲ ਪੁਰਖੁ ਦੀ ਸਿਫ਼ਤਿ-ਸਾਲਾਹ ਨਾਲ ਡੂੰਘੀ ਸਾਂਝ ਪਾਈ ਹੈ।

ਧਨਾਸਰੀ ਮਹਲਾ ੪॥ ਸੇਵਕ ਸਿਖ ਪੂਜਣ ਸਭਿ ਆਵਹਿ ਸਭਿ ਗਾਵਹਿ ਹਰਿ ਹਰਿ ਊਤਮ ਬਾਨੀ॥ ਗਾਵਿਆ ਸੁਣਿਆ ਤਿਨ ਕਾ ਹਰਿ ਥਾਇ ਪਾਵੈ ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ॥ ੧॥ (੬੬੯)

ਸਾਰੀ ਸ੍ਰਿਸ਼ਟੀ ਵਿੱਚ ਅਕਾਲ ਪੁਰਖੁ ਵਿਆਪਕ ਹੈ, ਸ੍ਰਿਸ਼ਟੀ ਨੂੰ ਆਪ ਹੀ ਪੈਦਾ ਕਰ ਕੇ ਸਾਰੀ ਸ੍ਰਿਸ਼ਟੀ ਦੀ ਕਦਰ ਵੀ ਆਪ ਹੀ ਜਾਣਦਾ ਹੈ। ਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ, ਉਹ ਮਨੁੱਖ ਅਕਾਲ ਪੁਰਖੁ ਦੇ ਗੁਣਾਂ ਨੂੰ ਆਪਣੇ ਮਨ ਵਿੱਚ ਵਸਾਉਂਦਾ ਹੈ। ਸਦਾ-ਥਿਰ ਹਰਿ-ਨਾਮ ਦੀ ਯਾਦ, ਅਤੇ ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਬਚਾਈ ਰੱਖਣ ਦਾ ਉੱਦਮ, ਉਸ ਮਨੁੱਖ ਦਾ ਨਿੱਤ ਦਾ ਕਰਤੱਵ ਅਤੇ ਨਿੱਤ ਦੀ ਕਾਰ ਹੋ ਜਾਂਦੀ ਹੈ।

ਗੁਰਮੁਖਿ ਹੋਵੈ ਸੁ ਕਰੈ ਬੀਚਾਰੁ॥ ਸਚੁ ਸੰਜਮੁ ਕਰਣੀ ਹੈ ਕਾਰ॥ (੮੪੧)

ਸੋਚ ਤੇ ਵੀਚਾਰ ਕਰਨ ਲਈ ਪ੍ਰਭਾਤ ਵੇਲਾ ਦਾ ਸਮਾਂ ਬਹੁਤ ਉੱਤਮ ਹੈ। ਇਸ ਲਈ ਅੰਮ੍ਰਿਤ ਵੇਲੇ ਸੱਚੇ ਨਾਮੁ ਦੀ ਵਡਿਆਈ ਅਤੇ ਵੀਚਾਰ ਕਰਨੀ ਹੈ। ਇਸ ਤਰ੍ਹਾਂ ਕਰਨ ਨਾਲ ਅਕਾਲ ਪੁਰਖੁ ਦੀ ਮਿਹਰ ਨਾਲ ‘ਸਿਫਤਿ’ ਰੂਪੀ ਪਟੋਲਾ ਮਿਲਦਾ ਹੈ, ਉਸ ਦੀ ਕ੍ਰਿਪਾ-ਦ੍ਰਿਸ਼ਟੀ ਨਾਲ ‘ਕੂੜ ਦੀ ਪਾਲਿ’ ਤੋਂ ਖ਼ਲਾਸੀ ਹੁੰਦੀ ਹੈ ਤੇ ਅਕਾਲ ਪੁਰਖੁ ਦਾ ਦਰ ਪ੍ਰਾਪਤ ਹੋ ਜਾਂਦਾ ਹੈ। ਇਸ ਤਰ੍ਹਾਂ ਇਹ ਸਮਝ ਆ ਜਾਂਦੀ ਹੈ ਕਿ ਉਹ ਹੋਂਦ ਦਾ ਮਾਲਕ, ਅਕਾਲ ਪੁਰਖੁ ਸਭ ਥਾਈਂ ਭਰਪੂਰ ਹੈ।

ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ॥ ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ॥ ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ॥ ੪॥ (੨)

ਗੁਰੂ ਦੇ ਸਬਦ ਦੀ ਵੀਚਾਰ ਰਾਹੀਂ ਕੀਰਤਨ ਕਰਨਾ ਹੈ, ਗੁਰੂ ਦੇ ਸਬਦ ਦੀ ਵੀਚਾਰ ਦੁਆਰਾ, ਉਸ ਦੇ ਸਬਦ ਵਿੱਚ ਸੁਰਤਿ ਜੋੜ ਕੇ ਆਪਣੇ ਖਸਮ, ਅਕਾਲ ਪੁਰਖੁ ਦੀ ਸਿਫ਼ਤਿ-ਸਾਲਾਹ ਕਰਨੀ ਹੈ। ਆਪਣੇ ਪ੍ਰੀਤਮ, ਅਕਾਲ ਪੁਰਖੁ ਨੂੰ ਮਿਲ ਕੇ ਜਿਸ ਜੀਵ-ਇਸਤ੍ਰੀ ਨੇ ਆਤਮਕ ਆਨੰਦ ਪ੍ਰਾਪਤ ਕਰ ਲਿਆ, ਉਸ ਨੇ ਲੋਕ ਪਰਲੋਕ ਵਿੱਚ ਸੋਭਾ ਖੱਟ ਲਈ।

ਪਿਰੁ ਸਾਲਾਹੀ ਆਪਣਾ ਗੁਰ ਕੈ ਸਬਦਿ ਵੀਚਾਰਿ॥ ਮਿਲਿ ਪ੍ਰੀਤਮ ਸੁਖੁ ਪਾਇਆ ਸੋਭਾਵੰਤੀ ਨਾਰਿ॥ ੧੫॥ (੭੫੫)

ਆਪਣੇ ਮਨੁੱਖਾ ਜੀਵਨ ਨੂੰ ਸਫਲ ਕਰਨ ਲਈ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਅਨਮੋਲਕ ਬਾਣੀ ਆਪ ਵੀਚਾਰਨੀ ਹੈ। ਜਿਹੜਾ ਮਨੁੱਖ ਆਪਣੇ ਅੰਦਰ ਵਸਦੇ ਨਾਮੁ ਰੂਪੀ ਅੰਮ੍ਰਿਤ ਨੂੰ ਗੁਰਬਾਣੀ ਦੀ ਵੀਚਾਰ ਦੁਆਰਾ ਖੋਜਦਾ ਹੈ, ਉਹ ਹੀ ਅਕਾਲ ਪੁਰਖੁ ਦੇ ਸ੍ਰੇਸ਼ਟ ਨਾਮੁ ਦੀ ਕਦਰ ਪਛਾਣ ਸਕਦਾ ਹੈ। ਉਸ ਨੂੰ ਪੂਰਾ ਗੁਰੂ ਮੇਹਰ ਦੀ ਨਿਗਾਹ ਨਾਲ ਮੋਹ ਦੇ ਸਮੁੰਦਰ ਤੋਂ ਪਾਰ ਲੰਘਾਂਦਾ ਹੈ, ਜੇਹੜਾ ਮਨੁੱਖ ਸੱਚੇ ਦਿਲੋਂ ਗੁਰੂ ਉਤੇ ਸਰਧਾ ਲਿਆਉਂਦਾ ਹੈ, ਉਸ ਦਾ ਮਨ ਮਾਇਆ ਦੇ ਮੋਹ ਨਾਲ ਡੋਲਦਾ ਨਹੀਂ।

ਰਾਗੁ ਆਸਾ ਮਹਲਾ ੧॥ ਆਪੁ ਵੀਚਾਰੈ ਸੁ ਪਰਖੇ ਹੀਰਾ॥ ਏਕ ਦ੍ਰਿਸਟਿ ਤਾਰੇ ਗੁਰ ਪੂਰਾ॥ ਗੁਰੁ ਮਾਨੈ ਮਨ ਤੇ ਮਨੁ ਧੀਰਾ॥ (੪੧੩, ੪੧੪)

ਜੇ ਕਰ ਵਿਚਾਰਧਾਰਾ ਇੱਕ ਹੈ ਤਾਂ ਆਪਸ ਵਿੱਚ ਬਣਦੀ ਹੈ, ਨਹੀਂ ਤਾਂ ਆਪਸੀ ਸਾਂਝ ਬਹੁਤ ਮੁਸ਼ਕਲ ਹੋ ਜਾਦੀ ਹੈ। ਅੱਜਕਲ ਪੂਰੀ ਦੁਨੀਆਂ ਵਿੱਚ ਕਲੇਸ਼ ਦਾ ਕਾਰਨ ਇਹੀ ਹੈ ਕਿ ਆਪਸੀ ਵਿਚਾਰਧਾਰਾ ਇੱਕ ਨਹੀਂ ਹੈ। ਪਰਿਵਾਰ ਇਸ ਲਈ ਟੁਟ ਰਹੇ ਹਨ, ਕਿਉਂਕਿ ਪਤੀ ਪਤਨੀ ਦੀ ਆਪਸੀ ਵਿਚਾਰਧਾਰਾ ਇੱਕ ਦੂਜੇ ਨਾਲ ਮਿਲਦੀ ਨਹੀਂ ਹੈ। ਪੂਰੇ ਗੁਰੂ ਗਰੰਥ ਸਾਹਿਬ ਵਿਚ, “ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ” ਤੋਂ ਲੈ ਕੇ “ਮੁੰਦਾਵਣੀ ਮਹਲਾ ੫” ਤਕ ਵਿਚਾਰਧਾਰਾ ਇੱਕ ਹੀ ਹੈ।

ਮਃ ੩॥ ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ॥ (੬੪੬)

ਇਸ ਲਈ ਸਾਨੂੰ ਆਪਣੇ ਆਪ ਨੂੰ ਬਦਲਣਾ ਪਵੇਗਾ, ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਨੂੰ ਆਪ ਪੜ੍ਹਨਾ, ਸੁਣਨਾ, ਸਮਝਣਾ, ਵਿਚਾਰਨਾ ਤੇ ਅਮਲੀ ਜੀਵਨ ਵਿੱਚ ਅਪਨਾਉਂਣਾਂ ਪਵੇਗਾ। ਇਸ ਲਈ ਆਓ ਸਾਰੇ ਜਾਣੇ ਆਪਣਾ ਫਰਜ਼ ਪਛਾਣੀਏ ਤੇ ਸਤਿਗੁਰੂ ਦੀ ਸੱਚੀ ਬਾਣੀ ਦੇ ਵੀਚਾਰ ਦੁਆਰਾ ਆਪਣੇ ਅੰਦਰ ਚਾਨਣ ਪੈਦਾ ਕਰੀਏ ਤੇ ਪੂਰੀ ਦੁਨੀਆਂ ਵਿਚੋਂ ਅਗਿਆਨਤਾ ਦਾ ਅੰਧੇਰਾ ਦੂਰ ਕਰਨ ਲਈ, ਇੱਕ ਗੁਰਸਿੱਖ ਦੇ ਜੀਵਨ ਦਾ ਮੰਤਵ ਪੂਰਾ ਕਰੀਏ।

ਜੇ ਕਰ ਉਪਰ ਲਿਖੀਆਂ, ਗੁਰਬਾਣੀ ਦੀਆਂ ਸਿਖਿਆਵਾਂ, ਨੂੰ ਇਕੱਠਾ ਕਰੀਏ ਤਾਂ ਅਸੀਂ ਸੰਖੇਪ ਵਿੱਚ ਕਹਿ ਸਕਦੇ ਹਾਂ ਕਿ

· ਸਾਰੀਆਂ ਜੂਨਾਂ ਵਿਚੋ ਮਨੁੱਖਾਂ ਜੂਨ ਹੀ ਐਸੀ ਹੈ। ਜਿਸ ਵਿੱਚ ਅਕਾਲ ਪੁਰਖੁ ਦਾ ਮੇਲ ਹੋ ਸਕਦਾ ਹੈ।

· ਅਸਲੀ ਮਨੁੱਖ ਉਹੀ ਹੈ ਜੋ ਅਕਾਲ ਪੁਰਖੁ ਦੇ ਹੁਕਮੁ ਨੂੰ ਪਛਾਣਦਾ ਹੈ, ਉਸ ਇੱਕ ਨਾਲ ਸਾਂਝ ਪਾਉਂਦਾ ਹੈ, ਸਾਰਿਆ ਵਿੱਚ ਉਸ ਨੂੰ ਵੇਖਦਾ ਹੈ।

· ਸਿਰਫ ਦਰਸ਼ਨ ਕੀਤਿਆਂ ਮੁਕਤੀ ਨਹੀਂ ਮਿਲ ਸਕਦੀ, ਜਦ ਤਕ ਜੀਵ ਸਤਿਗੁਰੂ ਦੇ ਸਬਦ ਦੀ ਵੀਚਾਰ ਨਹੀਂ ਕਰਦਾ।

· ਜਿਨ੍ਹਾਂ ਜੀਵਾਂ ਨੇ ਸਤਿਗੁਰੂ ਦੀ ਸੇਵਾ ਨਹੀਂ ਕੀਤੀ ਤੇ ਸਤਿਗੁਰੂ ਦੇ ਸਬਦ ਦੁਆਰਾ ਅਕਾਲ ਪੁਰਖੁ ਦੇ ਨਾਮੁ ਦੀ ਵੀਚਾਰ ਨਹੀਂ ਕੀਤੀ, ਅਜੇਹਾ ਜੀਵ ਸੰਸਾਰ ਵਿੱਚ ਜੀਊਂਦਾ ਦਿੱਸਦਾ ਹੋਇਆ ਵੀ ਮੋਇਆ ਦੀ ਤਰ੍ਹਾਂ ਹੀ ਹੈ।

· ਸਤਿਗੁਰੂ ਤੋਂ ਬਿਨਾ ਗੁਣਾਂ ਦੀ ਸੂਝ ਨਹੀਂ ਪੈਂਦੀ, ਤੇ ਇਹ ਸੂਝ ਤਦ ਤਕ ਨਹੀਂ ਪੈਂਦੀ, ਜਦ ਤਕ ਗੁਰੂ ਦੇ ਸਬਦ ਦੀ ਵੀਚਾਰ ਨਾ ਕੀਤੀ ਜਾਏ।

· ਮਨੁੱਖ ਜਦੋਂ ਤਕ ਗੁਰੂ ਦੇ ਸਬਦ ਰਾਹੀਂ, ਅਕਾਲ ਪੁਰਖੁ ਦੇ ਗੁਣਾਂ ਦੀ ਵੀਚਾਰ ਨਹੀਂ ਕਰਦਾ ਹੈ, ਤਦ ਤਕ ਨਾਮੁ ਨਹੀਂ ਮਿਲਦਾ, ਤੇ ਨਾਮੁ ਤੋਂ ਬਿਨਾ ਕਿਸੇ ਦਾ ਵੀ ਡਰ ਨਹੀਂ ਮੁੱਕਦਾ।

· ਅਕਲ ਨਾਲ ਹੀ ਅਕਾਲ ਪੁਰਖੁ ਦੀ ਸੇਵਾ ਕੀਤੀ ਜਾ ਸਕਦੀ ਹੈ, ਤੇ ਅਕਲ ਨਾਲ ਹੀ ਉਸ ਦੇ ਦਰ ਤੇ ਮਾਨ ਪ੍ਰਾਪਤ ਕੀਤਾ ਜਾ ਸਕਦਾ ਹੈ। ਅਕਲ ਨਾਲ ਹੀ ਅਕਾਲ ਪੁਰਖੁ ਦੀ ਸਿਫ਼ਤਿ-ਸਾਲਾਹ ਵਾਲੀ ਬਾਣੀ ਪੜ੍ਹ ਕੇ, ਉਸ ਦੇ ਡੂੰਘੇ ਭੇਤ ਸਮਝੇ ਜਾ ਸਕਦੇ ਹਨ।

· ਕੀਰਤਨ ਉਥੇ ਹੈ, ਜਿਥੇ “ਕਰਤੇ ਕਾ ਹੋਇ ਬੀਚਾਰੋ” ਹੈ। ਇਸ ਲਈ ਕੀਰਤਨ ਤਾਂ ਹੀ ਸਫਲ ਹੈ, ਜੇ ਕਰ ਉਸ ਰਾਹੀਂ ਅਸੀਂ ਆਪਣੇ ਹਿਰਦੇ ਵਿੱਚ ਕਰਤੇ ਦੀ ਵੀਚਾਰ ਪੈਦਾ ਕਰ ਸਕਦੇ ਹਾਂ।

· ਗੁਰ ਕੀ ਸੇਵਾ ਸਬਦੁ ਵੀਚਾਰੁ” ਦਾ ਜਿਕਰ ਗੁਰਬਾਣੀ ਵਿੱਚ ਸਿਧੇ ਤੌਰ ਤੇ ਬਹੁਤ ਵਾਰੀ ਆਇਆ ਹੈ, ਪਰ ਉਸ ਸੇਵਾ ਨੂੰ ਕਰਨ ਵਾਲੇ ਬਹੁਤ ਘਟ ਦਿਖਾਈ ਦਿੰਦੇ ਹਨ।

· ਜੇ ਕਰ ਆਪਣਾ ਭਲਾ ਚਾਹੁੰਦੇ ਹਾਂ ਤਾਂ ਸਾਨੂੰ ਰਵਾਇਤੀ ਕਹਾਣੀਆਂ ਤੇ ਵੱਖ ਵੱਖ ਟਿਊਂਨਾਂ ਵਾਲੇ ਕੀਰਤਨ ਬੰਦ ਕਰਨੇ ਪੈਣਗੇ। ਸਬਦਾਂ ਨੂੰ ਆਧਾਰਿਤ ਰਾਗ ਵਿੱਚ ਗਾਇਨ ਕਰਨਾ ਲਾਜ਼ਮੀ ਕਰਨਾ ਪਵੇਗਾ ਤੇ ਨਾਲ ਨਾਲ ਉਨ੍ਹਾਂ ਸਬਦਾ ਦੀ ਗੁਰਮਤਿ ਵੀਚਾਰ ਕਰਨ ਲਈ ਸਹੀ ਤਰੀਕਾ ਅਪਨਾਉਂਣਾਂ ਪਵੇਗਾ।

· ਅਕਾਲ ਪੁਰਖੁ ਦਾ ਨਾਮੁ ਜਗਤ ਦੇ ਸਾਰੇ ਡਰਾਂ ਤੋਂ ਬਚਾਉਣ ਵਾਲਾ ਹੈ, ਪਰ ਇਹ ਨਾਮੁ ਗੁਰੂ ਦੀ ਦੱਸੀ ਹੋਈ ਵੀਚਾਰ ਦੀ ਬਰਕਤਿ ਸਦਕਾ ਮਿਲਦਾ ਹੈ।

· ਸਤਿਗੁਰੂ ਨੇ ਸੱਚੇ ਸਬਦ ਦੀ ਵੀਚਾਰ ਦੁਆਰਾ ਆਤਮਕ ਆਨੰਦ ਪ੍ਰਾਪਤ ਕਰਨ ਦਾ ਤਰੀਕਾ ਵਿਖਾ ਦਿੱਤਾ ਹੈ।

· ਇਸ ਦੁਨੀਆਂ ਵਿੱਚ ਜੀਵਨ ਮੁਕਤਿ ਹੋਣ ਲਈ, ਗੁਰੂ ਦੇ ਸਬਦ ਦੀ ਵੀਚਾਰ ਹੀ ਸਹਾਇਤਾ ਕਰ ਸਕਦੀ ਹੈ।

· ਸਿੱਖੀ ਇੱਕ ਖੁਸ਼ਬੂ ਦੀ ਤਰ੍ਹਾਂ ਹੈ, ਜੋ ਕਿ ਸਾਰਿਆਂ ਵਿੱਚ ਵੰਡੀ ਜਾ ਸਕਦੀ ਹੈ। ਹੁਣ ਇਹ ਸਾਡੇ ਤੇ ਨਿਰਭਰ ਕਰਦਾ ਹੈ, ਕਿ ਅਸੀਂ ਕਿੰਨੀ ਕੁ ਖੁਸ਼ਬੂ ਆਪਣੇ ਹਿਰਦੇ ਅੰਦਰ ਲੈਂਦੇ ਹਾਂ ਤੇ ਕਿੰਨੀ ਕੁ ਖੁਸ਼ਬੂ ਹੋਰਨਾਂ ਨਾਲ ਸਾਂਝੀ ਕਰਦੇ ਹਾਂ।

· ਕੋਈ ਵਿਰਲਾ ਗੁਰਮੁਖਿ ਹੀ ਸਤਿਗੁਰੂ ਦੀ ਬਾਣੀ ਨੂੰ ਵਿਚਾਰਦਾ ਹੈ, ਇਹ ਬਾਣੀ ਸਤਿਗੁਰੂ ਦੀ ਸੱਚੀ ਤੇ ਸੁਚੀ ਧੁਰ ਕੀ ਬਾਣੀ ਹੈ, ਜਿਸ ਦੀ ਵੀਚਾਰ ਨਾਲ ਮਨੁੱਖ ਆਪਣੇ ਸ੍ਵੈ-ਸਰੂਪ ਵਿੱਚ ਟਿਕ ਜਾਂਦਾ ਹੈ।

· ਜੇਕਰ ਅਕਾਲ ਪੁਰਖੁ ਦੇ ਗੁਣ ਗਾਇਨ ਵੀ ਕਰਨੇ ਹਨ ਅਤੇ ਸੁਣਨੇ ਵੀ ਹਨ, ਤਾਂ ਜਰੁਰੀ ਹੈ ਕਿ ਗੁਰਬਾਣੀ ਨੂੰ, ਹੋਲੀ ਹੌਲੀ ਸਮਝ ਕੇ ਪੜ੍ਹਨਾਂ ਪਵੇਗਾ। ਮਨ ਵਿੱਚ ਉਸਦਾ ਪ੍ਰੇਮ ਟਿਕਾਉਂਣ ਲਈ ਗੁਰਬਾਣੀ ਅਨੁਸਾਰ ਜੀਵਨ ਬਤੀਤ ਕਰਨਾ ਪਵੇਗਾ।

· ਪੂਰੇ ਸਬਦ ਵਿੱਚ ਦਰਸਾਏ ਗਏ ਹੁਕਮੁ ਅਨੁਸਾਰ ਚਲਣਾ ਹੈ, ਕੱਚੀ ਬਾਣੀ ਦੀ ਮਿਲਾਵਟ ਨਹੀਂ ਕਰਨੀ ਹੈ, ਅਧੂਰਾ ਸਬਦ ਨਹੀਂ ਪੜ੍ਹਨਾਂ ਹੈ। ਪੂਰੇ ਸਬਦ ਨੂੰ ਪੜ੍ਹ ਕੇ, ਸਮਝ ਕੇ, ਅਰਥ ਤੇ ਭਾਵ ਅਰਥ ਕਰਨੇ ਹਨ।

· ਜੇ ਕਰ ਅਸੀਂ ਪਹਿਲਾਂ ਹੀ ਆਪੋ ਆਪਣੇ ਫ਼ਰਜ਼ ਨੂੰ ਚੇਤੇ ਰੱਖੀਏ ਤਾਂ ਬਾਅਦ ਵਿੱਚ ਸਜ਼ਾ ਕਿਉਂ ਮਿਲੇ? ਫਿਰ ਅਕਾਲ ਪੁਰਖੁ ਤੇ ਦੋਸ ਨਹੀਂ ਮੜਨਾਂ, ਕਿਉਕਿ ਉਸ ਨੇ ਤਾਂ ਆਪਣੇ ਹੁਕਮੁ ਅਨੁਸਾਰ ਕਰਨਾ ਹੈ, ਤੇ ਸਜ਼ਾ ਦੇਣੀ ਹੈ।

· ਅਕਾਲ ਪੁਰਖੁ ਉਨ੍ਹਾਂ ਮਨੁੱਖਾਂ ਦਾ ਬਾਣੀ ਗਾਉਣਾ ਤੇ ਸੁਣਨਾ ਕਬੂਲ ਕਰਦਾ ਹੈ, ਜਿਨ੍ਹਾਂ ਗੁਰੂ ਦੇ ਹੁਕਮ ਨੂੰ ਬਿਲਕੁਲ ਸਹੀ ਜਾਣ ਕੇ ਉਸ ਉਤੇ ਅਮਲ ਕੀਤਾ ਹੈ।

· ਅੰਮ੍ਰਿਤ ਵੇਲੇ ਸੱਚੇ ਨਾਮੁ ਦੀ ਵਡਿਆਈ ਅਤੇ ਵੀਚਾਰ ਕਰਨੀ ਹੈ। ਜਿਸ ਸਦਕਾ ਪ੍ਰਭੂ ਦੀ ਮਿਹਰ ਨਾਲ ‘ਸਿਫਤਿ’ ਰੂਪੀ ਪਟੋਲਾ ਮਿਲਦਾ ਹੈ, ਤੇ ‘ਕੂੜ ਦੀ ਪਾਲਿ’ ਤੋਂ ਖ਼ਲਾਸੀ ਹੁੰਦੀ ਹੈ

· ਗੁਰੂ ਦੇ ਸਬਦ ਦੀ ਵੀਚਾਰ ਦੁਆਰਾ, ਉਸ ਦੇ ਸਬਦ ਵਿੱਚ ਸੁਰਤਿ ਜੋੜ ਕੇ ਆਪਣੇ ਖਸਮ, ਅਕਾਲ ਪੁਰਖੁ ਦੀ ਸਿਫ਼ਤਿ-ਸਾਲਾਹ ਕਰਨੀ ਹੈ, ਤਾਂ ਜੋ ਆਤਮਕ ਆਨੰਦ ਪ੍ਰਾਪਤ ਕਰੀਏ ਤੇ ਲੋਕ ਪਰਲੋਕ ਵਿੱਚ ਸੋਭਾ ਖੱਟੀ ਜਾ ਸਕੇ।

· ਪੂਰੇ ਗੁਰੂ ਗਰੰਥ ਸਾਹਿਬ ਵਿਚ, “ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ” ਤੋਂ ਲੈ ਕੇ “ਮੁੰਦਾਵਣੀ ਮਹਲਾ ੫” ਤਕ ਵਿਚਾਰਧਾਰਾ ਇੱਕ ਹੀ ਹੈ।

“ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ”

(ਡਾ: ਸਰਬਜੀਤ ਸਿੰਘ)

(Dr. Sarbjit Singh)

ਆਰ ਐਚ ੧ / ਈ - ੮, ਸੈਕਟਰ - ੮,

RH1 / E-8, Sector-8,

ਵਾਸ਼ੀ, ਨਵੀਂ ਮੁੰਬਈ - ੪੦੦੭੦੩.

Vashi, Navi Mumbai - 400703.

http://www.geocities.com/sarbjitsingh/, http://www.gurbani.us




.