.

ਰੱਬੀ ਮਿਲਾਪ

ਇਹ ਇੱਕ ਪੁਰਾਤਨ ਖਿਆਲ ਪ੍ਰਚਲਿਤ ਹੈ ਕਿ ਰੱਬ ਜੀ ਕਿਤੇ ਸਤਵੇਂ ਅਸਮਾਨ ਤੇ ਬੈਠ ਕੇ ਇਨਸਾਨਾ ਦੀ ਦੇਖਭਾਲ ਕਰ ਰਹੇ ਹਨ, ਇਸ ਲਈ ਤਰ੍ਹਾ ਤਰ੍ਹਾ ਦੇ ਕਰਮ ਕਾਂਡ ਕਰ ਕੇ ਰੱਬ ਜੀ ਨੂੰ ਖੁਸ਼ ਕੀਤਾ ਜਾਂਦਾ ਹੈ, ਪਰ ਗੁਰਮਤਿ ਸਦੀਆਂ ਤੋਂ ਚਲੀ ਆ ਰਹੀ ਇਸ ਪੁਰਾਤਨ ਸੋਚ ਅਤੇ ਕਰਮ ਕਾਂਡਾ ਨੂੰ ਰੱਦ ਕਰਦੀ ਹੈ, ਕਿਉਂਕਿ ਰੱਬ ਜੀ ਕਿਸੀ ਠੋਸ ਸ਼ਕਲ (ਫਿਜ਼ੀਕਲ ਫੌਰਮ) ਵਿੱਚ ਹੈ ਹੀ ਨਹੀਂ ਹਨ, ਗੁਰਮਤਿ ਰੱਬ ਜੀ ਨੂੰ ਆਪਣੇ ਮਨ ਅੰਦਰ ਖੋਜਨ ਲਈ ਪ੍ਰੇਰਦੀ ਹੈ, ਗੁਰਬਾਣੀ ਦਾ ਫੁਰਮਾਣ ਹੈ:

“ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥” ਪੰਨਾ 441

ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਰੱਬ ਜੀ ਮਨ ਵਿੱਚ ਹੀ ਵਸਦੇ ਹਨ ਤਾਂ ਉਨ੍ਹਾ ਨੂੰ ਕਿਸ ਤਰ੍ਹਾ ਪਰਾਪਤ ਕੀਤਾ ਜਾ ਸਕਦਾ ਹੈ। ਜਦੋ ਸਾਨੂੰ ਕੋਈ ਇਨਸਾਨ ਚੰਗਾ ਲਗਦਾ ਹੈ ਤਾਂ ਸਾਨੂੰ ਉਸ ਦੇ ਗੁਣ ਆਕਰਸ਼ਿਤ ਕਰਦੇ ਹਨ ਅਤੇ ਅਸੀ ਵੀ ਉਸ ਇਨਸਾਨ ਵਾਂਗ ਬਨਣ ਲਈ ਉਸ ਦੇ ਗੁਣਾ ਨੂੰ ਅਪਨਾੳਣਾ ਸ਼ੁਰੂ ਕਰ ਦੇਂਦੇ ਹਾਂ, ਇਸੇ ਤਰ੍ਹਾ ਗੁਰਬਾਣੀ ਸਾਨੂੰ ਸਮਝਾਉਂਦੀ ਹੈ ਕਿ, ਹੇ ਮਨ ਜੇ ਤੂੰ ਰੱਬ ਜੀ ਨੂੰ ਪਾਉਣਾ ਚਾਹੁੰਦਾ ਹੈਂ ਤਾਂ ਤੂੰ ਰੱਬ ਜੀ ਦੇ ਗੁਣਾ ਨੂੰ ਆਪਣੇ ਜੀਵਨ ਵਿੱਚ ਧਾਰਨ ਕਰ, ਇਸ ਤਰ੍ਹਾ ਤੂੰ ਰੱਬ ਜੀ ਵਰਗਾ ਹੀ ਹੋ ਜਾਏਂਗਾ ਭਾਵ ਰੱਬ ਜੀ ਨੂੰ ਪਰਾਪਤ ਕਰ ਲਵੇਂਗਾ।

ਅਸਲ ਵਿੱਚ ਰੱਬੀ ਰਜ਼ਾ ਵਿੱਚ ਰਹਿਂਦੇ ਹੋਇਆਂ, ਰੱਬੀ ਗੁਣਾ ਨੂੰ ਧਾਰਨ ਕਰ ਕੇ ਆਪਣੇ ਰੋਜਾਨਾ ਜੀਵਨ ਵਿੱਚ ਅਮਲ ਵਿੱਚ ਲਿਆਉਣਾ, ਹੀ ਰੱਬ ਜੀ ਨੂੰ ਪਾਉਣਾ ਹੈ ਜਿਸ ਨਾਲ ਇਨਸਾਨ ਇੱਕ ਆਦਰਸ਼ਕ ਜੀਵਨ ਜੀ ਸਕੇ।

ਗੁਰਬਾਣੀ ਦਾ ਫੁਰਮਾਣ ਹੈ:

“ਜਾਇ ਪੁਛਹੁ ਸੋਹਾਗਣੀ ਤੁਸੀ ਰਾਵਿਆ ਕਿਨੀ ਗੁਣੀ॥

ਸਹਜਿ ਸੰਤੋਖਿ ਸੀਗਾਰੀਆ ਮਿਠਾ ਬੋਲਣੀ॥

ਪਿਰੁ ਰੀਸਾਲੂ ਤਾ ਮਿਲੈ ਜਾ ਗੁਰ ਕਾ ਸਬਦੁ ਸੁਣੀ॥” ਪੰਨਾ 17

ਸੋਹਾਗਣੀ ਉਹ ਜੀਵ ਇਸਤਰੀਆਂ ਹਨ ਜਿਨ੍ਹਾ ਨੇ ਪ੍ਰਭੂ ਪਤੀ ਨੂੰ ਪਾਅ ਲਿਆ ਹੈ, ਗੁਰੂ ਜੀ ਕਹਿ ਰਹੇ ਹਨ ਕਿ, ਹੇ ਮੇਰੇ ਮਨ, ਤੂੰ ਉਹ ਜੀਵ ਇਸਤਰੀਆਂ, ਜਿਨ੍ਹਾ ਨੇ ਪ੍ਰਭੂ ਪਤੀ ਨੂੰ ਪਾਅ ਲਿਆ ਹੈ, ਜਾ ਕੇ ਪੁੱਛ ਕਿ ਉਹ ਕਿਹੜੇ ਗੁਣ ਹਨ ਜਿਨ੍ਹਾ ਨੂੰ ਅਪਣਾਅ ਕੇ ਉਨ੍ਹਾ ਨੇ ਪ੍ਰਭੂ ਪਤੀ ਨੂੰ ਪਾਇਆ ਹੈ। ਅਗਲੀਆਂ ਪੰਕਤੀਆਂ ਵਿੱਚ ਗੁਰੂ ਜੀ ਸਮਝਾਅ ਰਹੇ ਹਨ ਕਿ, ਪ੍ਰਭੂ ਪਤੀ ਨੂੰ ਤਾਂ ਹਾਸਿਲ ਕੀਤਾ ਜਾ ਸਕਦਾ ਹੈ ਜੇ ਸੱਚ ਦਾ ਗਿਆਨ ਲੈ ਕੇ, ਸਹਜ, ਸੰਤੋਖ, ਮਿਠਾ ਬੋਲਣਾ ਵਰਗੇ ਸੱਚੇ ਗੁਣ ਆਪਣੇ ਰੋਜਾਨਾ ਜੀਵਨ ਵਿੱਚ ਅਪਣਾਏ ਜਾਣ। ਇਹ ਹੈ ਰੱਬ ਜੀ ਨੂੰ ਪਾਉਣਾ।

ਇਕ ਹੋਰ ਜਗਹ ਗੁਰਬਾਣੀ ਦਾ ਫੁਰਮਾਣ ਹੈ:

“ਕਵਣੁ ਸੁ ਅਖਰੁ ਕਵਣੁ ਗੁਣੁ ਕਵਣੁ ਸੁ ਮਣੀਆ ਮੰਤੁ॥

ਕਵਣੁ ਸੁ ਵੇਸੋ ਹਉ ਕਰੀ ਜਿਤੁ ਵਸਿ ਆਵੈ ਕੰਤੁ॥” ਪੰਨਾ 1384

ਭਾਵ ਉਹ ਕਿਹੜਾ ਅਖਰ ਹੈ, ਉਹ ਕਿਹੜਾ ਗੁਣ ਹੈ, ਉਹ ਕਿਹੜਾ ਮੰਤਰ ਹੈ ਅਤੇ ਉਹ ਕਿਹੜਾ ਪਹਿਰਾਵਾ ਹੈ ਜਿਸ ਨਾਲ ਮੇਰਾ ਖਸਮ ਮੇਰੇ ਵੱਸ ਵਿੱਚ ਆ ਜਾਵੇ। ਇਸ ਦਾ ਉਤਰ ਅਗਲੀਆਂ ਪੰਕਤੀਆਂ ਵਿੱਚ ਦਿਤਾ ਹੈ।

“ਨਿਵਣੁ ਸੁ ਅਖਰੁ ਖਵਣੁ ਗੁਣੁ ਜਿਹਬਾ ਮਣੀਆ ਮੰਤੁ॥

ਏ ਤ੍ਰੈ ਭੈਣੇ ਵੇਸ ਕਰਿ ਤਾਂ ਵਸਿ ਆਵੀ ਕੰਤੁ॥ ਪੰਨਾ 1384

ਭਾਵ ਨਿਮਰਤਾ ਅਖਰ ਹੈ, ਮਾਫ ਕਰਨਾ ਗੁਣ ਹੈ, ਮਿਠਾ ਬੋਲਣਾ ਮੰਤਰ ਹੈ ਇਹ ਤਿੰਨੇ ਗੁਣਾ ਦਾ, ਹੇ ਮੇਰੇ ਮਨ ਤੂੰ ਵੇਸ ਕਰ ਤਾਂ ਤੇਰੇ ਵੱਸ ਵਿੱਚ ਖਸਮ ਪ੍ਰਭੂ ਆ ਜਾਵੇਗਾ।

ਗੁਰਬਾਣੀ ਕੋਈ ਮੰਤਰ ਰਟਨ ਨਹੀਂ ਹੈ ਕਿ 108 ਜਾਂ ਹੋਰ ਬਹੁਤੀ ਵਾਰ ਪੜਿਆਂ ਅਸੀਂ ਸੋਚੀਏ ਕੀ ਮੇਰੇ ਕੋਲ ਬਹੁਤਾ ਧੰਨ ਆ ਜਾਵੇ ਜਾਂ ਮੇਰੀ ਬੀਮਾਰੀ ਦੂਰ ਹੋ ਜਾਵੇ ਜਾਂ ਮੇਰਾ ਫਲਾਨਾ ਜਾਂ ਡਮਕਾਨਾ ਕੰਮ ਸਿਰੇ ਚੜ ਜਾਵੇ, ਗੁਰਬਾਣੀ ਤਾਂ ਸੱਚ ਦਾ ਉਹ ਗਿਆਨ ਹੈ ਜਿਸ ਨੂੰ ਵੀਚਾਰ ਕੇ ਅਮਲ ਵਿੱਚ ਲਿਆਉਣ ਨਾਲ ਕੋਈ ਵੀ ਇਨਸਾਨ, ਭਾਵੇਂ ਉਹ ਕਿਸੇ ਵੀ ਜਾਤ, ਮਜ਼ਹਬ, ਰੰਗ, ਦੇਸ਼ ਆਦਿ ਦਾ ਹੋਵੇ ਆਪਣੀ ਆਤਮਾ ਨੂੰ ਬਲਵਾਨ ਕਰ ਸਕਦਾ ਹੈ।

ਗੁਰਬਾਣੀ ਮਨ ਨੂੰ ਸੰਭੋਧਨ ਹੋ ਕੇ ਮਨ ਵਿਚਲੇ ਕੂੜ (ਮਾੜੀ ਸੋਚ, ਝੂਠ, ਨਿੰਦਾ, ਤ੍ਰਿਸਨਾ, ਵਿਕਾਰਾਂ ਆਦਿ) ਨੂੰ ਠੀਕ ਕਰਨ ਵਾਸਤੇ ਪ੍ਰੇਰਦੀ ਹੈ ਕਿਉਂਕਿ ਜਿਤਨੇ ਵੀ ਚੰਗੇ ਜਾਂ ਮਾੜੇ ਖਿਆਲ ਫੁਰਦੇ ਹਨ ਉਹ ਮਨ ਵਿਚੋਂ ਹੀ ਉਤਪਨ ਹੁੰਦੇ ਹਨ ਇਸ ਲਈ ਜੇ ਮਨ ਨੂੰ ਹੀ ਠੀਕ ਕਰ ਲਿਆ ਜਾਏ ਤਾਂ ਇਨਸਾਨ ਗੁਣਾ ਭਰਭੂਰ ਇੱਕ ਆਦਰਸ਼ਕ ਜੀਵਨ ਜੀਅ ਸਕਦਾ ਹੈ। ਮਨ ਨੂੰ ਠੀਕ, ਸੱਚ ਦਾ ਗਿਆਨ ਦੇ ਕੇ ਕੀਤਾ ਜਾ ਸਕਦਾ ਹੈ ਨਾ ਕੀ ਕਿਸੇ ਤਰ੍ਹਾ ਦੇ ਕਰਮ ਕਾਂਡ ਕਰ ਕੇ ਅਤੇ ਸੱਚ ਦਾ ਗਿਆਨ ਸਾਨੂੰ ਦਸਦਾ ਹੈ ਕਿ:

“ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥

ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥” ਪੰਨਾ 1

ਭਾਵ ਮਨ ਦੀ ਕੂੜ ਦੀ ਕੰਧ ਰੱਬੀ ਰਜ਼ਾ, ਹੁਕਮ ਵਿੱਚ ਰਹਿ ਕੇ ਟੁੱਟ ਜਾਂਦੀ ਹੈ ਕਿਉਂਕਿ ਰੱਬੀ ਰਜ਼ਾ ਭਾਵ ਕੁਦਰਤ ਦੇ ਨਿਯਮ ਸੱਚੇ ਹਨ ਜਦੋ ਅਸੀ ਆਪਣੀ ਮੱਤ ਅਨੁਸਾਰ ਰੱਬੀ ਨਿਯਮਾ ਦੀ ਉਲੰਘਣਾ ਕਰਦੇ ਹਾਂ ਤਾਂ ਅਸੀ ਉਸ ਦੀ ਰਜ਼ਾ ਵਿੱਚ ਨਹੀਂ ਰਹਿੰਦੇ, ਜੇ ਕੁਦਰਤ ਨੇ ਸਾਨੂੰ ਸੋਹਣੇ ਕੇਸ ਦਿਤੇ ਤਾਂ ਸਾਨੂੰ ਉਹ ਪਸੰਦ ਨਹੀਂ ਆਉਂਦੇ ਇਸ ਲਈ ਕੇਸ ਕਟਾਅ ਕੇ ਅਸੀਂ ਰਜ਼ਾ ਤੋਂ ਉਲਟ ਚਲਦੇ ਹਾਂ, ਜੇ ਕੁਦਰਤੀ ਨਿਯਮਾਂ ਅਨੁਸਾਰ ਕਿਸੇ ਮਾਂ ਦੇ ਪੇਟ ਵਿੱਚ ਲੜਕੀ ਜਨਮ ਲੈਂਦੀ ਹੈ ਤਾਂ ਕਿਉਂਕਿ ਸਾਨੂੰ ਲੜਕਾ ਚਾਹੀਦਾ ਸੀ ਇਸ ਲਈ ਅਸੀ ਉਸ ਨੂੰ ਜਨਮ ਲੈਣ ਤੋਂ ਪਹਿਲਾ ਹੀ ਮਰਵਾ ਦੇਂਦੇ ਹਾਂ, ਆਪਣੀ ਮੱਤ ਚਲਾ ਕੇ ਰੱਬੀ ਨਿਯਮਾ ਦਾ ਉਲੰਘਣ ਕਰਨਾ ਰੱਬੀ ਰਜ਼ਾ ਤੋਂ ਮੁਨਕਰ ਹੋਣਾ ਹੈ। ਇਸ ਤਰ੍ਹਾ ਇਨਸਾਨ ਆਪਣੀ ਮਨਮੱਤ ਚਲਾ ਕੇ ਸਾਰੀ ਉਮਰ ਹੀ ਖੁਆਰ ਹੁੰਦਾ ਰਹਿੰਦਾ ਹੈ।

ਸੱਚ ਦਾ ਗਿਆਨ (ਸਤਿਗੁਰ) ਸਾਨੂੰ ਰੱਬੀ ਰਜ਼ਾ ਵਿੱਚ ਰਹਿ ਕੇ ਆਪਣੇ ਅੰਦਰ ਚੰਗੇ (ਰੱਬੀ) ਗੁਣ ਧਾਰਨ ਕਰਨ ਵਾਸਤੇ ਪ੍ਰੇਰਦਾ ਹੈ, ਇਸ ਲਈ ਗੁਰਬਾਣੀ ਵਿਚਲੇ ਰੱਬ ਜੀ ਦੇ ਗੁਣ ਸਿਰਫ ਪੜਨ ਵਾਸਤੇ ਹੀ ਨਹੀਂ ਬਲਕਿ ਜੀਉਣ ਵਾਸਤੇ ਹਨ।

ਜੇ ਰੱਬ ਜੀ ਹਨ, ਤਾਂ ਸਭ ਇਨਸਾਨ ਇਕੋ ਰੱਬ ਜੀ ਦੇ ਹੀ ਬਣਾਏ ਹੋਏ ਹਨ ਤਾਂ ਫੇਰ ਕੋਈ ਉਚੀ ਜਾਤੀ ਦਾ ਨਹੀਂ ਕੋਈ ਨੀਵੀ ਜਾਤੀ ਦਾ ਨਹੀਂ, ਜੇ ਕੋਈ ਗੋਰਾ ਹੈ ਜਾਂ ਕਾਲਾ ਹੈ ਜਾਂ ਕਿਸੇ ਦੁਸਰੇ ਮਜ਼ਹਬ ਦਾ ਹੈ ਤਾਂ ਵੀ ਕੋਈ ਵਿਤਕਰਾ ਨਹੀਂ ਸਭ ਬਰਾਬਰ ਹੀ ਹਨ ਕਿਉਂਕਿ ਇਕੋ ਰੱਬ ਜੀ ਦੇ ਬਣਾਏ ਹੋਏ ਹਨ।

ਜੇ ਰੱਬ ਜੀ ਸਤਿਨਾਮੁ ਹਨ ਤਾਂ ਉਨ੍ਹਾ ਦੇ ਬਣਾਏ ਹੋਏ ਸਾਰੇ ਨਿਯਮ, ਕਾਨੂੰਨ ਵੀ ਸੱਚੇ ਹੀ ਹਨ ਉਨ੍ਹਾ ਵਿੱਚ ਕੋਈ ਉਕਾਈ ਨਹੀਂ ਹੋ ਸਕਦੀ ਫੇਰ ਸਾਨੂੰ ਆਪਣੀ ਮਨਮੱਤ ਤਿਆਗ ਕੇ ਰੱਬੀ ਨਿਯਮ, ਹੁਕਮ ਵਿੱਚ ਹੀ ਚਲਣਾ ਹੈ।

ਜੇ ਰੱਬ ਜੀ ਕਰਤਾ ਪੁਰਖੁ ਹਨ ਸਾਰੀ ਸ੍ਰਿਸ਼ਟੀ ਉਨ੍ਹਾ ਨੇ ਉਸਾਰੀ ਹੈ ਤਾਂ ਸਾਨੂੰ ਵੀ ਇਹ ਗੁਣ ਅਪਨਾਉਂਦੇ ਹੋਏ ਮਾਨਵਤਾ ਦੀ ਭਲਾਈ ਵਾਸਤੇ ਉਸਾਰੂ ਕੰਮ ਕਰਨੇ ਚਾਹੀਦੇ ਹਨ।

ਜੇ ਰੱਬ ਜੀ ਨਿਰਭਉ ਹਨ ਤਾਂ ਸਾਨੂੰ ਵੀ ਸਾਰੇ ਵਿਹਮ ਭਰਮ ਛਡ ਕੇ, ਦੁਖਾਂ ਦੇ ਡਰ ਤੋਂ ਧਾਗੇ ਤਵੀਤ, ਮੜੀ ਮਸਾਣੀ ਅਖੌਤੀ ਸੰਤ ਬਾਬਿਆਂ ਨੂੰ ਛੱਡ ਕੇ ਨਿਰਭਉ ਬਨਣਾ ਚਾਹੀਦਾ ਹੈ।

ਜੇ ਰੱਬ ਜੀ ਨਿਰਵੈਰੁ ਹਨ ਤਾਂ ਅਸੀ ਵੀ ਆਪਣੇ ਮਨ ਵਿੱਚ ਕਿਸੇ ਪ੍ਰਤੀ ਵੈਰ ਭਾਵਨਾ ਨਾ ਰਖੀਏ।

ਜੇ ਰੱਬ ਜੀ ਅਕਾਲ ਮੂਰਤਿ ਹਨ ਤਾਂ ਅਸੀ ਵੀ ਆਪਣੇ ਵਿਚੋਂ ਸਾਰੇ ਔਗੁਣ ਕੱਢ ਕੇ ਅਤੇ ਗੁਣਾ ਦਾ ਪ੍ਰਗਾਸ਼ ਕਰ ਕੇ ਆਤਮਕ ਤੋਰ ਤੇ ਅਕਾਲ ਮੂਰਤ ਬਣ ਸਕਦੇ ਹਾਂ ਕਿਉਂਕਿ ਜਦੋ ਵੀ ਸਾਡੀ ਸੋਚ ਵਿੱਚ ਕੋਈ ਮਾੜੀ ਗਲ ਆਉਂਦੀ ਹੈ ਜਾਂ ਸਾਡੇ ਤੇ ਕੋਈ ਵਿਕਾਰ ਭਾਰੂ ਪੈਂਦਾ ਹੈ ਤਾਂ ਉਸੇ ਵੇਲੇ ਹੀ ਸਾਡੀ ਆਤਮਕ ਮੌਤ ਹੋ ਜਾਂਦੀ ਹੈ। ਇਸ ਆਤਮਕ ਮੌਤ ਤੋਂ ਬਚਨ ਵਾਸਤੇ ਸਾਨੂੰ ਸੱਚ ਦਾ ਗਿਆਨ ਲੈ ਕੇ ਔਗੁਣਾ ਤੋਂ ਮੁਕਤੀ ਪਾਉਣੀ ਹੈ।

ਜੇ ਰੱਬ ਜੀ ਅਜੂਨੀ ਹਨ ਤਾਂ ਅਸੀ ਵੀ ਅਜੂਨੀ ਬਣੀਏ, ਜੇ ਔਗੁਣਾ ਤੋਂ ਛੁਟਕਾਰਾ ਪਾ ਲਿਆ ਜਾਏ ਅਤੇ ਵੀਕਾਰ ਵੱਸ ਵਿੱਚ ਕਰ ਲਏ ਜਾਣ ਤਾਂ ਇਨਸਾਨ ਮੁਕਤੀ ਪਾ ਲੇਂਦਾ ਹੈ ਹੋਰ ਮੁਕਤੀ ਕੋਈ ਮਰਨ ਤੋਂ ਪਿਛੋ ਨਹੀਂ ਮਿਲਦੀ, ਗੁਰਬਾਣੀ ਦਾ ਫੁਰਮਾਣ ਹੈ:

“ਮੂਏ ਹੂਏ ਜਉ ਮੁਕਤਿ ਦੇਹੁਗੇ ਮੁਕਤਿ ਨਾ ਜਾਨੈ ਕੋਇਲਾ॥” ਪੰਨਾ 1292

ਜੇ ਇਨਸਾਨ ਦੀ ਮੁਕਤੀ ਹੋ ਗਈ ਤਾਂ ਫੇਰ ਉਹ ਨਿਤ ਜੂਨਾ ਨਹੀਂ ਭੋਗਦਾ ਪਰ ਜੇ ਇਨਸਾਨ ਦੀ ਮੁਕਤੀ ਨਹੀਂ ਹੋਈ ਤਾਂ ਉਹ ਨਿਤ ਨਿਤ ਕਈ ਕਈ ਜੂਨਾ ਭੋਗਦਾ ਹੈ, ਗੁਰਬਾਣੀ ਦਾ ਫੁਰਮਾਣ ਹੈ:

“ਭਾਗਹੀਨ ਸਤਿਗੁਰੁ ਨਹੀਂ ਪਾਇਆ ਮਨਮੁਖੁ ਗਰਭ ਜੂਨੀ ਨਿਤਿ ਪਉਦਾ ਜੀਉ॥” ਪੰਨਾ 95

“ਮਨਮੁਖ ਤਤੁ ਨ ਜਾਣਨੀ ਪਸੂ ਮਾਹਿ ਸਮਾਨਾ॥

ਹਉਮੈ ਮੇਰਾ ਮਰੀ ਮਰੁ ਮਰਿ ਜੰਮੈ ਵਾਰੋ ਵਾਰ॥

ਗੁਰ ਕੈ ਸਬਦੇ ਜੇ ਮਰੈ ਫਿਰਿ ਮਰੈ ਨ ਦੂਜੀ ਵਾਰ॥” ਪੰਨਾ 1009

ਇਸ ਲਈ ਆਪਣੇ ਅੰਦਰੋਂ ਔਗੁਣ ਕੱਢ ਕੇ, ਰੱਬ ਜੀ ਦੇ ਗੁਣ ਧਾਰਨ ਕਰ ਕੇ, ਜੀਵਨ ਮੁਕੱਤ ਹੋ ਕੇ, ਆਤਮਕ ਮੌਤ ਅਤੇ ਜੂਨਾ ਭੋਗਨ ਤੋਂ ਬੱਚ ਕੇ ਅਸੀ ਅਜੂਨੀ ਬਣ ਸਕਦੇ ਹਾਂ।

ਜੇ ਰੱਬ ਜੀ ਸੈਭੰ ਹਨ ਤਾਂ ਅਸੀ ਵੀ ਆਪਣੇ ਅੰਦਰ ਵਸਦੇ ਰੱਬ ਜੀ (ਆਤਮਾਂ, ਜ਼ਮੀਰ) ਦੇ ਗੁਣਾ (ਜਤ, ਸਤ, ਦਇਆ, ਸਹਜ, ਸੰਤੋਖ, ਧੀਰਜ, ਉਚੀ ਮੱਤ, ਸੱਚ ਦਾ ਗਿਆਨ, ਉਸਾਰੂ ਕੰਮਾਂ ਵਾਸਤੇ ਉਦਮੀ ਹੋਣਾ (ਤਪਤਾਉ) ਨਿਰਭਉ, ਨਿਰਵੈਰ, ਮਿਠਾ ਬੋਲਣਾ, ਅਕਾਲ ਮੂਰਤਿ, ਅਜੂਨੀ) ਤੋਂ ਆਪਣਾ ਪ੍ਰਗਾਸ਼ ਕਰੀਏ ਤਾਂ ਜੋ ਅਸੀ ਆਪਣਾ ਜੀਵਨ ਗੁਰਬਾਣੀ ਅਨੁਸਾਰ ਕਾਮਯਾਬੀ ਨਾਲ ਜੀਅ ਕੇ ਅਪਣੀ ਮਸ਼ਕਤ ਘਾਲ ਕਰ ਜਾਈਏ।

ਜੇ ਅਸੀ ਰੱਬੀ ਗੁਣਾ ਅਨੁਸਾਰ ਆਪਣੀ ਜੀਵਨ ਜਾਂਚ ਬਣਾਈਏ ਤਾਂ ਅਸੀ ਰੱਬ ਜੀ ਦੀ ਮੇਹਰ, ਕ੍ਰਿਪਾ

ਗੁਰ ਪ੍ਰਸਾਦਿ ਹਾਸਲ ਕਰ ਲਵਾਂਗੇ ਇਸ ਤਰ੍ਹਾ ਅਸੀ ਰੱਬ ਜੀ ਨੂੰ ਪਰਾਪਤ ਕਰ ਲਵਾਂਗੇ।

ਹਰਮੀਤ ਸਿੰਘ ਖਾਲਸਾ




.