.

ਪ੍ਰਸ਼ਨ: ਇੱਕ ਪਾਸੇ ਅਸੀਂ ਆਖਦੇ ਹਾਂ ਕਿ ਗੁਰੂ ਗਰੰਥ ਸਾਹਿਬ ਦੀ ਵਿਚਾਰਧਾਰਾ ਅਨੁਸਾਰ ਕੁੜੀ ਮੁੰਡੇ ਵਿੱਚ ਕੋਈ ਫ਼ਰਕ ਨਹੀਂ ਹੈ, ਪਰ ਦੂਜੇ ਕਈ ਵਾਰ ਸਟੇਜਾਂ ਤੋ ਰਾਗੀਆਂ, ਢਾਢੀਆਂ, ਪਰਚਾਰਕਾਂ, ਕਥਾ ਵਾਚਕਾਂ, ਸੰਤ ਬਾਬਿਆਂ ਦੇ ਮੂੰਹੋਂ ਇਹ ਸੁਣਨ ਨੂੰ ਮਿਲਦਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਆਖਿਆ ਹੈ “ਪੁਤੀ ਗੰਢ ਪਵੈ ਸੰਸਾਰ”। ਇਸ ਵਿੱਚ ਕਿਹੜੀ ਗੱਲ ਨੂੰ ਸੱਚ ਮੰਨਿਆ ਜਾਏ।

ਉੱਤਰ: ਗੁਰੂ ਗਰੰਥ ਸਾਹਿਬ ਦੀ ਸਿੱਖਿਆ ਅਨੁਸਾਰ ਨਿਰਸੰਦੇਹ ਕੁੜੀ ਮੁੰਡੇ ਵਿੱਚ ਕੋਈ ਫ਼ਰਕ ਨਹੀਂ ਹੈ। ਅਸੀਂ ਕੁੜੀਆਂ ਬਾਰੇ ਜੇਹੜੀ ਧਾਰਨਾ ਬਣਾਈ ਹੋਈ ਹੈ ਇਸ ਦਾ ਗੁਰੂ ਗਰੰਥ ਸਾਹਿਬ ਦੀ ਵਿਚਾਰਧਾਰਾ ਨਾਲ ਕਿਸੇ ਤਰ੍ਹਾਂ ਦਾ ਵੀ ਸਬੰਧ ਨਹੀਂ ਹੈ। ਜਿੱਥੋਂ ਤੱਕ “ਪੁਤੀ ਗੰਢ ਪਵੈ ਸੰਸਾਰ” ਪੰਗਤੀ ਦਾ ਸਵਾਲ ਹੈ, ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਪੰਗਤੀ ਗੁਰੂ ਨਾਨਕ ਸਾਹਿਬ ਦੇ ਉਚਾਰਣ ਕੀਤੇ ਸ਼ਲੋਕ `ਚੋ ਹੈ, ਜੇਹੜਾ ਗੁਰੂ ਗ੍ਰੰਥ ਸਾਹਿਬ ਦੇ 143 ਪੰਨੇ `ਤੇ ਦਰਜ ਹੈ। ਪਰ ਇਸ ਪੰਗਤੀ ਰਾਂਹੀ ਜਿਸ ਗੱਲ ਨੁੰ ਪਰਚਾਰਿਆ ਜਾ ਰਿਹਾ ਹੈ ਉਸ ਦਾ ਗੁਰੂ ਸਾਹਿਬ ਦੀ ਵਿਚਾਰਧਾਰਾ ਦਾ ਨਾਲ ਕੋਈ ਸਬੰਧ ਨਹੀਂ ਹੈ। ਇਸ ਪੰਗਤੀ ਨੂੰ ਹੀ ਨਹੀਂ ਬਲਕਿ ਗੁਰਬਾਣੀ ਦੀ ਕਿਸੇ ਵੀ ਪੰਗਤੀ ਨੂੰ ਸਮਝਣ ਲਈ ਜਿੱਥੋਂ ਉਹ ਪੰਗਤੀ ਲਈ ਗਈ ਹੈ, ਉਸ ਸਾਰੇ ਸ਼ਲੋਕ, ਸ਼ਬਦ, ਛੰਤ, ਪਉੜੀ ਆਦਿ ਨੂੰ ਧਿਆਨ ਨਾਲ ਵਿਚਾਰਿਆਂ ਹੀ ਉਸ ਪੰਗਤੀ ਨੂੰ ਠੀਕ ਤਰ੍ਹਾਂ ਨਾਲ ਸਮਝ ਸਕੀਦਾ ਹੈ। ਉਦਾਹਰਣ ਵਜੋਂ ਕਬੀਰ ਸਾਹਿਬ ਦੇ ਇੱਕ ਸ਼ਬਦ `ਚੋਂ ਇੱਕ ਪੰਗਤੀ ਦਾ ਜ਼ਿਕਰ ਕਰ ਰਿਹਾ ਹਾਂ:- “ਦਖਨ ਦੇਸਿ ਹਰੀ ਕਾ ਬਾਸਾ ਪਛਿਮਿ ਅਲਹ ਮੁਕਾਮਾ ॥” ਇਸ ਇੱਕਲੀ ਪੰਗਤੀ ਦਾ ਜੇਕਰ ਅਰਥ ਕਰਾਂ ਗੇ ਤਾਂ ਇਸ ਦਾ ਅਰਥ ਹੋਵੇ ਗਾ, ਕਿ ਦਖਣ ਦੇਸ਼ ਵਿੱਚ ਹਰੀ ਦਾ ਨਿਵਾਸ ਹੈ ਅਤੇ ਪੱਛਮ ਵਿੱਚ ਅੱਲ੍ਹਾ ਦਾ। ਪਰੰਤੂ ਕਬੀਰ ਸਾਹਿਬ ਤਾਂ ਇਸ ਸ਼ਬਦ ਵਿੱਚ ਇਹ ਕਹਿ ਰਹੇ ਹਨ ਕਿ ਰੱਬ ਦਾ ਨਿਵਾਸ ਕੇਵਲ ਜਗਨਨਾਥ ਪੁਰੀ ਜਾਂ ਕਾਬੇ `ਚ ਹੀ ਨਹੀਂ, ਉਹ ਤਾਂ ਸਾਰਿਆਂ ਹੀ ਥਾਂਵਾ ਵਿੱਚ ਮੌਜੂਦ ਹੈ। ਇਸ ਗੱਲ ਨੂੰ ਅਸੀਂ ਤਾਂ ਹੀ ਠੀਕ ਤਰ੍ਹਾਂ ਨਾਲ ਸਮਝ ਸਕਾਂ ਗੇ ਜੇਕਰ ਅਸੀਂ ਪੂਰਾ ਸ਼ਬਦ ਪੜ੍ਹਾਂ ਗੇ। ਪੂਰਾ ਸ਼ਬਦ ਇਸ ਤਰ੍ਹਾਂ ਹੈ:- ਪ੍ਰਭਾਤੀ ॥ ਅਲਹੁ ਏਕੁ ਮਸੀਤਿ ਬਸਤੁ ਹੈ ਅਵਰੁ ਮੁਲਖੁ ਕਿਸੁ ਕੇਰਾ ॥ ਹਿੰਦੂ ਮੂਰਤਿ ਨਾਮ ਨਿਵਾਸੀ ਦੁਹ ਮਹਿ ਤਤੁ ਨ ਹੇਰਾ ॥੧॥ ਅਲਹ ਰਾਮ ਜੀਵਉ ਤੇਰੇ ਨਾਈ ॥ ਤੂ ਕਰਿ ਮਿਹਰਾਮਤਿ ਸਾਈ ॥੧॥ ਰਹਾਉ ॥ ਦਖਨ ਦੇਸਿ ਹਰੀ ਕਾ ਬਾਸਾ ਪਛਿਮਿ ਅਲਹ ਮੁਕਾਮਾ ॥ ਦਿਲ ਮਹਿ ਖੋਜਿ ਦਿਲੈ ਦਿਲਿ ਖੋਜਹੁ ਏਹੀ ਠਉਰ ਮੁਕਾਮਾ ॥੨॥ ਬ੍ਰਹਮਨ ਗਿਆਸ ਕਰਹਿ ਚਉਬੀਸਾ ਕਾਜੀ ਮਹ ਰਮਜਾਨਾ ॥ ਗਿਆਰਹ ਮਾਸ ਪਾਸ ਕੈ ਰਾਖੇ ਏਕੈ ਮਾਹਿ ਨਿਧਾਨਾ ॥੩॥ ਕਹਾ ਉਡੀਸੇ ਮਜਨੁ ਕੀਆ ਕਿਆ ਮਸੀਤਿ ਸਿਰੁ ਨਾਂਏਂ ॥ ਦਿਲ ਮਹਿ ਕਪਟੁ ਨਿਵਾਜ ਗੁਜਾਰੈ ਕਿਆ ਹਜ ਕਾਬੈ ਜਾਂਏਂ ॥੪॥ ਏਤੇ ਅਉਰਤ ਮਰਦਾ ਸਾਜੇ ਏ ਸਭ ਰੂਪ ਤੁਮ੍ਹ੍ਹਾਰੇ ॥ ਕਬੀਰੁ ਪੂੰਗਰਾ ਰਾਮ ਅਲਹ ਕਾ ਸਭ ਗੁਰ ਪੀਰ ਹਮਾਰੇ ॥੫॥ ਕਹਤੁ ਕਬੀਰੁ ਸੁਨਹੁ ਨਰ ਨਰਵੈ ਪਰਹੁ ਏਕ ਕੀ ਸਰਨਾ ॥ ਕੇਵਲ ਨਾਮੁ ਜਪਹੁ ਰੇ ਪ੍ਰਾਨੀ ਤਬ ਹੀ ਨਿਹਚੈ ਤਰਨਾ ॥੬॥੨॥ {ਪੰਨਾ 1349}

ਅਰਥ:-  ਹੇ ਅੱਲਾਹ! ਹੇ ਰਾਮ! ਹੇ ਸਾਈਂ! ਤੂੰ ਮੇਰੇ ਉੱਤੇ ਮਿਹਰ ਕਰ, (ਮੈਂ ਤੈਨੂੰ ਇੱਕ ਹੀ ਜਾਣ ਕੇ) ਤੇਰਾ ਨਾਮ ਸਿਮਰ ਕੇ ਜੀਵਾਂ (ਆਤਮਕ ਜੀਵਨ ਹਾਸਲ ਕਰਾਂ)। 1. ਰਹਾਉ।

ਜੇ (ਉਹ) ਇੱਕ ਖ਼ੁਦਾ (ਸਿਰਫ਼) ਕਾਹਬੇ ਵਿੱਚ ਵੱਸਦਾ ਹੈ ਤਾਂ ਬਾਕੀ ਦਾ ਮੁਲਕ ਕਿਸ ਦਾ (ਕਿਹਾ ਜਾਏ)? (ਸੋ, ਮੁਸਲਮਾਨ ਦਾ ਇਹ ਅਕੀਦਾ ਠੀਕ ਨਹੀਂ ਹੈ)। ਹਿੰਦੂ ਪਰਮਾਤਮਾ ਦਾ ਨਿਵਾਸ ਮੂਰਤੀ ਵਿੱਚ ਸਮਝਦਾ ਹੈ; (ਇਸ ਤਰ੍ਹਾਂ ਹਿੰਦੂ ਮੁਸਲਮਾਨ) ਦੋਹਾਂ ਵਿਚੋਂ ਕਿਸੇ ਨੇ ਪਰਮਾਤਮਾ ਨੂੰ ਨਹੀਂ ਵੇਖਿਆ। 1.

(ਹਿੰਦੂ ਆਖਦਾ ਹੈ ਕਿ) ਹਰੀ ਦਾ ਨਿਵਾਸ ਦੱਖਣ ਦੇਸ ਵਿੱਚ (ਜਗਨ ਨਾਥ ਪੁਰੀ ਵਿਚ) ਹੈ, ਮੁਸਲਮਾਨ ਆਖਦਾ ਹੈ ਕਿ ਖ਼ੁਦਾ ਦਾ ਘਰ ਪੱਛਮ ਵਲ (ਕਾਹਬੇ ਵਿਚ) ਹੈ। (ਪਰ ਹੇ ਸੱਜਣ!) ਆਪਣੇ ਦਿਲ ਵਿੱਚ (ਰੱਬ ਨੂੰ) ਭਾਲ, ਸਿਰਫ਼ ਦਿਲ ਵਿੱਚ ਹੀ ਲੱਭ, ਇਹ ਦਿਲ ਹੀ ਉਸ ਦਾ ਨਿਵਾਸ ਥਾਂ ਹੈ, ਉਸ ਦਾ ਮੁਕਾਮ ਹੈ। 2.

ਬ੍ਰਾਹਮਣ ਚੌਵੀ ਇਕਾਦਸ਼ੀਆਂ (ਦੇ ਵਰਤ ਰੱਖਣ ਦੀ ਆਗਿਆ) ਕਰਦੇ ਹਨ, ਕਾਜ਼ੀ ਰਮਜ਼ਾਨ ਦੇ ਮਹੀਨੇ (ਰੋਜ਼ੇ ਰੱਖਣ ਦੀ ਹਿਦਾਇਤ) ਕਰਦੇ ਹਨ। ਇਹ ਲੋਕ (ਬਾਕੀ ਦੇ) ਗਿਆਰਾਂ ਮਹੀਨੇ ਲਾਂਭੇ ਹੀ ਰੱਖ ਦੇਂਦੇ ਹਨ, ਤੇ (ਕੋਈ) ਖ਼ਜ਼ਾਨਾ ਇੱਕੋ ਹੀ ਮਹੀਨੇ ਵਿਚੋਂ ਲੱਭਦੇ ਹਨ। 3.

(ਅਸਲ ਗੱਲ ਇਹ ਹੈ ਕਿ) ਜੇ ਦਿਲ ਵਿੱਚ ਠੱਗੀ ਫ਼ਰੇਬ ਵੱਸਦਾ ਹੈ ਤਾਂ ਨਾਹ ਤਾਂ ਉਡੀਸੇ ਪ੍ਰਾਂਤ ਦੇ ਤੀਰਥ ਜਗਨ ਨਾਥ ਪੁਰੀ ਵਿੱਚ ਇਸ਼ਨਾਨ ਕਰਨ ਦਾ ਕੋਈ ਲਾਭ ਹੈ, ਨਾਹ ਮਸੀਤ ਵਿੱਚ ਜਾ ਕੇ ਸਿਜਦਾ ਕਰਨ ਦਾ ਫ਼ਾਇਦਾ ਹੈ, ਨਾਹ ਨਮਾਜ਼ ਪੜ੍ਹਨ ਦਾ ਲਾਭ ਹੈ, ਨਾਹ ਹੀ ਕਾਹਬੇ ਦਾ ਹੱਜ ਕਰਨ ਦਾ ਕੋਈ ਗੁਣ ਹੈ। 4.

ਹੇ ਪ੍ਰਭੂ! ਇਹ ਸਾਰੇ ਇਸਤ੍ਰੀ ਮਰਦ ਜੋ ਤੂੰ ਪੈਦਾ ਕੀਤੇ ਹਨ, ਇਹ ਸਭ ਤੇਰਾ ਹੀ ਰੂਪ ਹਨ (ਤੂੰ ਹੀ ਆਪ ਇਹਨਾਂ ਵਿੱਚ ਵੱਸਦਾ ਹੈਂ)। ਤੂੰ ਹੀ, ਹੇ ਪ੍ਰਭੂ! ਅੱਲਾਹ ਹੈਂ ਤੇ ਰਾਮ ਹੈਂ। ਮੈਂ ਕਬੀਰ ਤੇਰਾ ਅੰਞਾਣ ਬੱਚਾ ਹਾਂ, (ਤੇਰੇ ਭੇਜੇ ਹੋਏ) ਅਵਤਾਰ ਪੈਗ਼ੰਬਰ ਮੈਨੂੰ ਸਭ ਆਪਣੇ ਦਿੱਸਦੇ ਹਨ। 5.

ਕਬੀਰ ਆਖਦਾ ਹੈ—ਹੇ ਨਰ ਨਾਰੀਓ! ਸੁਣੋ, ਇੱਕ ਪਰਮਾਤਮਾ ਦੀ ਸ਼ਰਨ ਪਵੋ (ਉਹੀ ਅੱਲਾਹ ਹੈ, ਉਹੀ ਰਾਮ ਹੈ)। ਹੇ ਬੰਦਿਓ! ਸਿਰਫ਼ ਨਾਮ ਜਪੋ, ਯਕੀਨ ਨਾਲ ਜਾਣੋ, ਤਾਂ ਹੀ (ਸੰਸਾਰ-ਸਾਗਰ ਤੋਂ) ਤਰ ਸਕੋਗੇ। 6. 2.

ਜੇਕਰ ਅਸੀਂ ਕਬੀਰ ਜੀ ਦੇ ਇਸ ਸ਼ਬਦ ਦੀ ਕੇਵਲ ਇੱਕ ਪੰਗਤੀ ਨੂੰ ਲੈ ਕੇ ਇਹ ਆਖਣ ਲੱਗ ਪਈਏ ਕਿ ਕਬੀਰ ਸਾਹਿਬ ਕਹਿੰਦੇ ਹਨ ਕਿ ਰੱਬ ਦਾ ਨਿਵਾਸ ਦੱਖਣ `ਚ ਅਤੇ ਖ਼ੁਦਾ ਦਾ ਨਿਵਾਸ ਕਾਅਬੇ ਵਿੱਚ ਹੈ ਤਾਂ ਕਬੀਰ ਜੀ ਵਿਚਾਰਧਾਰਾ ਨਾਲ ਅਸੀਂ ਕਿਹੋ ਜੇਹਾ ਇਨਸਾਫ ਕਰ ਰਹੇ ਹੋਵਾਂ ਗੇ।

ਸੋ, ਕਿਸੇ ਵੀ ਪੰਗਤੀ ਦੇ ਅਰਥ ਕਰਨ ਲਗਿਆਂ ਇਹ ਵੇਖਣ ਦੀ ਜ਼ਰੂਰਤ ਹੈ ਕਿ ਇਹ ਪੰਗਤੀ ਕਿੱਥੋਂ ਲਈ ਗਈ ਹੈ, ਉਸ ਦੀਆਂ ਪਹਿਲੀਆਂ ਅਤੇ ਬਾਅਦ ਦੀਆਂ ਪੰਗਤੀਆਂ ਵਿੱਚ ਕੀ ਆਖਿਆ ਗਿਆ ਹੈ ਅਥਵਾ ਕਿਸ ਵਿਸ਼ੇ ਉੱਤੇ ਗੱਲ ਚੱਲ ਰਹੀ ਹੈ ਆਦਿ। ਇੱਕਲੀ ਇੱਕ ਪੰਗਤੀ ਜਾਂ ਅੱਧੀ ਪੰਗਤੀ ਨੂੰ ਹੀ ਪੜ੍ਹ ਕੇ ਉਸ ਦੇ ਅਰਥ ਕਰਾਂ ਗੇ ਤਾਂ ਅਸੀਂ ਜ਼ਰੂਰ ਟਪਲਾ ਖਾ ਜਾਵਾਂ ਗੇ। ਜਿੱਥੋਂ ਤੱਕ “ਪੁਤੀ ਗੰਢੁ ਪਵੈ ਸੰਸਾਰਿ॥ਪੰਗਤੀ ਦਾ ਸਬੰਧ ਹੈ, ਇਹ ਪੰਗਤੀ ਗੁਰੂ ਨਾਨਕ ਸਾਹਿਬ ਦੇ ਉਚਾਰਣ ਕੀਤੇ ਹੋਏ ਸ਼ਲੋਕ ਵਿੱਚ ਦਰਜ ਹੈ। ਜੇ ਕਰ ਅਸੀਂ ਕੇਵਲ “ਪੁਤੀ ਗੰਢੁ ਪਵੈ ਸੰਸਾਰਿ॥ ਦਾ ਅਰਥ ਕਰਾਂ ਗੇ ਤਾਂ ਇਸ ਦਾ ਅਰਥ ਤਾਂ ਇਹੀ ਹੋਵੇ ਗਾ ਕਿ ਪੁਤਰਾਂ ਨਾਲ ਸੰਸਾਰ ਵਿੱਚ ਗੰਢ ਪੈਂਦੀ ਹੈ। ਪਰੰਤੂ ਜੇਕਰ ਇਸ ਤੁਕ ਤੋਂ ਪਹਿਲੀ ਪੰਗਤੀ ਵਲ ਧਿਆਨ ਨਹੀਂ ਦੇਵਾਂ ਗੇ ਤਾਂ ਗੁਰੂ ਨਾਨਕ ਸਾਹਿਬ ਜੋ ਇਸ ਸ਼ਲੋਕ ਵਿੱਚ ਜੋ ਸੁਨੇਹਾ ਦੇਣਾ ਚਾਹੁੰਦੇ ਹਨ ਉਸ ਨੂੰ ਅਸੀਂ ਗ੍ਰੁਹਿਣ ਨਹੀਂ ਕਰ ਸਕਾਂ ਗੇ। ਇਸ ਤੋਂ ਪਹਿਲੀ ਪੰਗਤੀ ਹੈ:- ਗੋਰੀ ਸੇਤੀ ਤੁਟੈ ਭਤਾਰੁ ॥ ਹੁਣ ਇਸ ਪੰਗਤੀ ਦਾ ਅਰਥ ਇਸ ਤਰ੍ਹਾਂ ਹੈ ਕਿ, ਜੇ ਵਹੁਟੀ ਨਾਲ ਖਸਮ ਨਾਰਾਜ਼ ਹੋ ਜਾਏ, ਤਾਂ “ਪੁਤੀ ਗੰਢੁ ਪਵੈ ਸੰਸਾਰਿ॥, ਜਗਤ ਵਿੱਚ (ਇਹਨਾਂ ਦਾ) ਜੋੜ ਪੁੱਤ੍ਰਾਂ ਦੀ ਰਾਹੀਂ ਬਣਦਾ ਹੈ। “ਪੁਤੀ ਗੰਢੁ ਪਵੈ ਸੰਸਾਰਿ॥ ਇਸ ਪੰਗਤੀ ਨੂੰ ਆਮ ਹੀ ਗੁਰਦੁਆਰਿਆਂ ਦੀਆ ਸਟੇਜਾਂ ਤੋਂ ਅਸੀਂ ਪਰਚਾਰਕਾਂ, ਰਾਗੀਆਂ, ਢਾਢੀਆਂ ਅਤੇ ਬਾਬਿਆਂ ਆਦਿ ਦੇ ਮੂੰਹੋਂ ਸੁਣਦੇ ਹਾਂ। ਪਰ ਉਹ ਕਦੇ ਵੀ ਇਸ ਪੰਗਤੀ ਤੋਂ ਪਹਿਲੀ ਪੰਗਤੀ ਦਾ ਜ਼ਿਕਰ ਨਹੀਂ ਕਰਦੇ ਅਤੇ ਕੇਵਲ “ਪੁਤੀ ਗੰਢੁ ਪਵੈ ਸੰਸਾਰਿ॥ ਦੀ ਪੰਗਤੀ ਦਾ ਹੀ ਹਵਾਲਾ ਦੇਂਦੇ ਹਨ। ਚੂੰਕਿ ਜੇਕਰ ਐਸੇ ਸੱਜਣ ਪਹਿਲੀ ਤੁਕ ਨੂੰ ਵੀ ਪੜ੍ਹਦੇ ਹਨ ਤਾਂ ਉਹ ਜੋ ਆਖਣਾ ਚਾਹੁੰਦੇ ਹਨ ਉਹ ਨਹੀਂ ਆਖ ਸਕਣ ਗੇ। ਇਸ ਲਈ ਜਾਂ ਤਾਂ ਐਸੇ ਸੱਜਣ ਜਾਣ ਬੁੱਝ ਕੇ ਪਹਿਲੀ ਪੰਗਤੀ ਨੂੰ ਛੱਡ ਦੇਂਦੇ ਹਨ ਜਾਂ ਉਨ੍ਹਾਂ ਨੂੰ ਗੁਰਬਾਣੀ ਦੀ ਇਸ ਪੱਖੋਂ ਸਮਝ ਨਹੀਂ ਹੈ; ਦੋਵਾਂ ਵਿੱਚ ਇੱਕ ਗੱਲ ਹੀ ਹੋਵੇ ਗੀ। ਇੱਥੇ ਇੱਕ ਹੋਰ ਗੱਲ ਵੀ ਧਿਆਨ ਰੱਖਣ ਵਾਲੀ ਹੈ, ਕਿ ਗੁਰੂ ਨਾਨਕ ਸਾਹਿਬ ਇਸ ਸ਼ਲੋਕ ਜੋ ਗੱਲ ਸਮਝਾਉਣ ਲਈ ਇਹ ਦ੍ਰਿਸ਼ਟਾਂਤ ਦੇ ਰਹੇ ਹਨ ਕਿ: .ਕੈਹਾ ਕੰਚਨੁ ਤੁਟੈ ਸਾਰੁ ॥ ਅਗਨੀ ਗੰਢੁ ਪਾਏ ਲੋਹਾਰੁ ॥ ਗੋਰੀ ਸੇਤੀ ਤੁਟੈ ਭਤਾਰੁ ॥ ਪੁਤੀ ਗੰਢੁ ਪਵੈ ਸੰਸਾਰਿ ॥ ਰਾਜਾ ਮੰਗੈ ਦਿਤੈ ਗੰਢੁ ਪਾਇ ॥ ਭੁਖਿਆ ਗੰਢੁ ਪਵੈ ਜਾ ਖਾਇ ॥ ਕਾਲਾ ਗੰਢੁ ਨਦੀਆ ਮੀਹ ਝੋਲ ॥ ਗੰਢੁ ਪਰੀਤੀ ਮਿਠੇ ਬੋਲ ॥ ਬੇਦਾ ਗੰਢੁ ਬੋਲੇ ਸਚੁ ਕੋਇ ॥ ਮੁਇਆ ਗੰਢੁ ਨੇਕੀ ਸਤੁ ਹੋਇ ॥ ਏਤੁ ਗੰਢਿ ਵਰਤੈ ਸੰਸਾਰੁ ॥ ਮੂਰਖ ਗੰਢੁ ਪਵੈ ਮੁਹਿ ਮਾਰ ॥

ਅਰਥ:- ਜੇ ਕੈਹਾਂ, ਸੋਨਾ ਜਾਂ ਲੋਹਾ ਟੁੱਟ ਜਾਏ, ਅੱਗ ਨਾਲ ਲੋਹਾਰ (ਆਦਿਕ) ਗਾਂਢਾ ਲਾ ਦੇਂਦਾ ਹੈ, ਜੇ ਵਹੁਟੀ ਨਾਲ ਖਸਮ ਨਾਰਾਜ਼ ਹੋ ਜਾਏ, ਤਾਂ ਜਗਤ ਵਿੱਚ (ਇਹਨਾਂ ਦਾ) ਜੋੜ ਪੁੱਤ੍ਰਾਂ ਦੀ ਰਾਹੀਂ ਬਣਦਾ ਹੈ। ਰਾਜਾ (ਪਰਜਾ ਪਾਸੋਂ ਮਾਮਲਾ) ਮੰਗਦਾ ਹੈ (ਨਾਹ ਦਿੱਤਾ ਜਾਏ ਤਾਂ ਰਾਜਾ ਪਰਜਾ ਦੀ ਵਿਗੜਦੀ ਹੈ, ਮਾਮਲਾ) ਦਿੱਤਿਆਂ (ਰਾਜਾ ਪਰਜਾ ਦਾ) ਮੇਲ ਬਣਦਾ ਹੈ। ਭੁੱਖ ਨਾਲ ਆਤੁਰ ਹੋਏ ਬੰਦੇ ਦਾ (ਆਪਣੇ ਸਰੀਰ ਨਾਲ ਤਾਂ ਹੀ) ਸੰਬੰਧ ਬਣਿਆ ਰਹਿੰਦਾ ਹੈ ਜੇ ਉਹ (ਰੋਟੀ) ਖਾਏ। ਕਾਲਾਂ ਨੂੰ ਗੰਢ ਪੈਂਦੀ ਹੈ (ਭਾਵ, ਕਾਲ ਮੁੱਕ ਜਾਂਦੇ ਹਨ) ਜੇ ਬਹੁਤੇ ਮੀਂਹ ਪੈ ਕੇ ਨਦੀਆਂ ਚੱਲਣ। ਮਿੱਠੇ ਬਚਨਾਂ ਨਾਲ ਪਿਆਰ ਦੀ ਗੰਢ ਪੈਂਦੀ ਹੈ (ਭਾਵ, ਪਿਆਰ ਪੱਕਾ ਹੁੰਦਾ ਹੈ। ਵੈਦ (ਆਦਿਕ ਧਰਮ ਪੁਸਤਕਾਂ) ਨਾਲ (ਮਨੁੱਖ ਦਾ ਤਦੋਂ) ਜੋੜ ਜੋੜਦਾ ਹੈ ਜੇ ਮਨੁੱਖ ਸੱਚ ਬੋਲੇ। ਮੁਏ ਬੰਦਿਆਂ ਦਾ (ਜਗਤ ਨਾਲ) ਸੰਬੰਧ ਬਣਿਆ ਰਹਿੰਦਾ ਹੈ (ਭਾਵ, ਪਿਛੋਂ ਲੋਕ ਯਾਦ ਕਰਦੇ ਹਨ) ਜੇ ਮਨੁੱਖ ਭਲਾਈ ਤੇ ਦਾਨ ਕਰਦਾ ਰਹੇ। (ਸੋ) ਇਸ ਤਰ੍ਹਾਂ ਦੇ ਸੰਬੰਧ ਨਾਲ ਜਗਤ (ਦਾ ਵਿਹਾਰ) ਚੱਲਦਾ ਹੈ। ਮੂੰਹ ਤੇ ਮਾਰ ਪਿਆਂ ਮੂਰਖ (ਦੇ ਮੂਰਖ-ਪੁਣੇ) ਨੂੰ ਰੋਕ ਪਾਂਦੀ ਹੈ।

ਉਹ ਸ਼ਲੋਕ ਦੀਆਂ ਅਖ਼ੀਰਲੀਆਂ ਪੰਗਤੀਆਂ ਵਿੱਚ ਹੈ: ਨਾਨਕੁ ਆਖੈ ਏਹੁ ਬੀਚਾਰੁ ॥ ਸਿਫਤੀ ਗੰਢੁ ਪਵੈ ਦਰਬਾਰਿ ॥ ਇਹ ਗੱਲ ਕਿ, “ਸਿਫਤੀ ਗੰਢੁ ਪਵੈ ਦਰਬਾਰਿ ॥” ਸਮਝਾਉਣ ਲਈ ਜੇਹੜੇ ਦ੍ਰਿਸ਼ਟਾਂਤ ਦਿੱਤੇ ਹਨ ਉਹ ਸਮੇਂ ਅਤੇ ਸਥਾਨ ਨਾਲ ਸਬੰਧਤ ਹਨ, ਸਮੇਂ ਦੇ ਬੀਤਣ ਨਾਲ ਉਨ੍ਹਾਂ ਦਾ ਰੂਪ ਅਥਵਾ ਸੱਚ ਬਦਲ ਸਕਦਾ ਅਰਥਾਤ ਬਦਲ ਜਾਂਦਾ ਹੈ, ਪਰੰਤੂ ਜਿਸ ਸੱਚ ਨੂੰ ਸਮਝਾਉਣ ਲਈ ਇਹ ਦ੍ਰਿਸ਼ਟਾਂਤ ਦਿੱਤੇ ਗਏ ਹਨ ਉਹ ਸਦੈਵੀ ਹੈ। ਉਹ ਪਹਿਲਾਂ ਵੀ ਸੱਚ ਸੀ, ਹੁਣ ਵੀ ਸੱਚ ਹੈ, ਅਤੇ ਆਉਣ ਵਾਲੇ ਸਮੇਂ ਵੀ ਸੱਚ ਹੀ ਰਹੇ ਗਾ; ਸਮੇਂ ਦੇ ਬੀਤਣ ਨਾਲ ਇਸ ਵਿੱਚ ਕਿਸੇ ਤਰ੍ਹਾਂ ਦਾ ਪਰਿਵਰਤਨ ਨਹੀਂ ਆਵੇ ਗਾ।

ਸੋ, ਇਹ ਵਿਚਾਰਧਾਰਾ ਗੁਰੂ ਗਰੰਥ ਸਾਹਿਬ ਦੀ ਨਹੀਂ ਹੈ ਕਿ ਪੁੱਤਰਾਂ ਨਾਲ ਸੰਸਾਰ ਵਿੱਚ ਗੰਢ ਪੈਂਦੀ ਹੈ। ਅਸੀਂ ਆਮ ਤੌਰ `ਤੇ ਦੂਜਿਆਂ ਦੇ ਇਸ ਤਰ੍ਹਾਂ ਦੇ ਵਿਚਾਰਾਂ ਨੂੰ ਮੱਲੋਮੱਲੀ ਗੁਰੂ ਸਾਹਿਬਾਨ ਦੇ ਨਾਮ ਨਾਲ ਜੋੜ ਦੇਂਦੇ ਹਾਂ। ਸਾਨੂੰ ਗੁਰੂ ਗਰੰਥ ਸਾਹਿਬ ਦਾ ਸੱਚ ਸਮਝ ਕੇ ਉਸ ਨਾਲ ਹੀ ਜੁੜਨ ਦੀ ਲੋੜ ਹੈ। ਗੁਰਬਾਣੀ ਵਿਚਲੇ ਸੱਚ ਨੂੰ ਸਮਝਣ ਵਿੱਚ ਹੀ ਸਤਿਗੁਰੂ ਜੀ ਦੀ ਖ਼ੁਸ਼ੀ ਹੈ, ਸਿੱਖੀ ਦਾ ਰੱਹਸ ਹੈ ਅਤੇ ਇਸੇ ਵਿੱਚ ਹੀ ਖ਼ਾਲਸੇ ਦਾ ਨਿਆਰਾਪਣ ਹੈ।

ਜਸਬੀਰ ਸਿੰਘ ਵੈਨਕੂਵਰ
.