.

ਅਬ ਚਉਬੀਸ ਅਵਤਾਰ

(ਦਸਮ ਗ੍ਰੰਥ ਪੰਨਾ 155- 709)

ੴ ਸ੍ਰੀ ਵਾਹਿਗੁਰੂ ਜੀ ਕੀ ਫਤਹ।। ਪਾਤਸ਼ਾਹੀ 10. ।

ਅਬ ਚਉਬੀਸ ਅਉਤਾਰ

ਭੂਮਿਕਾ

ਪੁਰਾਣਾਂ ਅਨੁਸਾਰ ਕਿਸੇ ਦੇਵਤਾ ਦਾ ਦੇਹ ਵਿੱਚ ਪ੍ਰਗਟ ਹੋਣਾ ਅਵਤਾਰ ਧਾਰਨਾ ਹੈ। ਕੁੱਝ ਅਵਤਾਰ 16 ਕਲਾ ਸੰਪੂਰਨ ਮੰਨੇ ਗਏ ਹਨ। ਅਸੀਂ ਕੁੱਝ ਅਵਤਾਰਾਂ ਦੀ ਵਿਚਾਰ ਤੇ ਅਰਥ ਕਰਕੇ ਇਹ ਜਾਣਕਾਰੀ ਹਾਸਿਲ ਕਰਾਂਗੇ। ਇਹ ਕਥਾਵਾਂ ਹਿੰਦੂ ਧਰਮ ਗ੍ਰੰਥਾਂ ਦੀਆਂ ਹਨ, ਇਹਨਾਂ ਵਿੱਚ ਅਵਤਾਰਾਂ ਦਾ ਚੰਗਾ ਜਾਂ ਮਾੜਾ ਜੀਵਨ ਚਰਿਤ੍ਰ ਹੈ। ਇਹਨਾਂ ਕਥਾਵਾਂ ਵਿੱਚ ਇਕੋ ਇੱਕ ਸਦੈਵੀ ਹਸਤੀ ਇੱਕ ਏਕੰਕਾਰ ਪਾਰਬ੍ਰਹਮ ਨੂੰ ਪਾਉਣ ਦਾ ਗੁਰਮਤਿ ਅਨੁਕੂਲ ਕੋਈ ਉਪਦੇਸ਼ ਨਹੀਂ।

ਮਹਾਨ ਕੋਸ਼ ਦੇ ਕਰਤਾ ਨੇ 52 ਕਵੀਆਂ ਦੇ ਨਾਮ ਦਿੱਤੇ ਹਨ ਜੋ ਗੁਰੂ ਗੋਬਿੰਦ ਸਿੰਘ ਜੀ ਦੀ ਹਜ਼ੂਰੀ ਵਿੱਚ ਰਹਿੰਦੇ ਸਨ। ਉਹਨਾਂ 52 ਕਵੀਆਂ ਦੇ ਨਾਮ ਦੇ ਕੇ ਤੇਰਵਾਂ ਕਵੀ ਸਯਾਮ ਤੇ 49ਵੇਂ ਕਵੀ ਦਾ ਨਾਮ ਸਿਯਾਮ ਦਿੱਤਾ ਗਿਆ ਹੈ। ਕਵੀਆਂ ਦੇ ਨਾਮ ਕੁੱਝ ਰਚਨਾਵਾਂ ਵਿੱਚ ਦਿੱਤੇ ਹਨ। ਇਹਨਾਂ ਵਿਚੋਂ ਕੁੱਝ ਕਵੀ ਗੁਰੂ ਜੀ ਦੇ ਸਿੱਖ ਸਨ, ਤੇ ਬਾਕੀ ਕਵੀ ਵੈਦਕ ਧਰਮ, ਵੇਦਾਂ ਸ਼ਾਸਤਰਾਂ ਸਿੰਮ੍ਰਿਤੀਆਂ ਨੂੰ ਮੰਨਨ ਵਾਲੇ ਵੀ ਸਨ, ਜਿੰਨ੍ਹਾਂ ਦੀਆਂ ਰਚਨਾਵਾਂ ਦਾ ਆਧਾਰ ਹਿੰਦੂ ਧਰਮ ਪੁਸਤਕਾਂ ਹਨ।

(ਪੰਨਾ 155 ਦਸਮ ਗ੍ਰੰਥ)

ੴ ਸ੍ਰੀ ਵਾਹਿਗੁਰੂ ਜੀ ਕੀ ਫਤਹ।। ਪਾਤਸ਼ਾਹੀ 10. ।

ਚਉਬੀਸ ਅਵਤਾਰ।।

ਚਉਪਈ।।

ਅਬ ਚਉਬੀਸ ਉਚਰੋ ਅਵਤਾਰਾ। ਜਿਹ ਬਿਧ ਤਿਨ ਕਾ ਲਖਾ ਅਪਾਰਾ।।

ਸੁਨੀਅਹੁ ਸੰਤ ਸਭੈ ਚਿਤ ਲਾਈ। ਬਰਨਤ ਸਯਾਮ ਜਥਾ ਮਤਿ ਭਾਈ।।

(ਇਹ ਕਥਾ ਸਯਾਮ ਕਵੀ ਨੇ ਉਚਾਰੀ ਹੈ। ਹੁਣ ਮੈਂ ਚੌਵੀ ਅਵਤਾਰਾਂ ਦੀ ਕਥਾ ਕਹਿੰਦਾ ਹਾਂ। ਜਿਸ ਤਰ੍ਹਾਂ ਉਹਨਾਂ ਦਾ ਅਪਾਰ ਖੇਲ ਜਾਨਿਆ ਹੈ, ਹੇ ਸਾਰੇ ਸੰਤੋ, ਚਿੱਤ ਲਾ ਕੇ ਸੁਣੋ। ਸਯਾਮ ਕਵੀ ਉਸ ਤਰ੍ਹਾਂ ਨਾਲ ਵਰਣਨ ਕਰਦਾ ਹੈ ਜਿਸ ਤਰ੍ਹਾਂ ਉਸ ਦੀ ਬੁਧ ਨੂੰ ਚੰਗਾ ਲੱਗਾ ਹੈ।)

ਚੌਪਈ।।

ਜਬ ਸਬ ਹੋਤ ਅਰਿਗਦ ਅਪਾਰਾ।।

ਤਬ ਤਬ ਦੇਹ ਧਰਮ ਅਵਤਾਰਾ।।

ਕਾਲ ਸਭਨ ਕੋ ਪੇਖ ਤਮਾਸਾ।। ਅੰਤਹ ਕਾਲ ਕਰਤ ਹੈ ਨਾਸਾ।।

(ਜਦੋਂ ਜਦੋਂ ਪਰਜਾ ਨੂੰ ਦੁਖ ਦੇਣ ਵਾਲੇ ਬਹੁਤੇ ਹੋ ਜਾਂਦੇ ਹਨ, ਤਦੋਂ ਤਦੋਂ ਅਵਤਾਰ ਦੇਹ ਧਾਰਦੇ ਹਨ। (ਸਤ ਅਵਤਾਰ ਬ੍ਰਹਮਾ ਵਿਸ਼ਨੂੰ ਮਹੇਸ਼ ਦੇਵਤਿਆਂ ਦੇ ਹਨ ਜੋ ਬਾਰ-ਬਾਰ ਜੰਮਦੇ ਮਰਦੇ ਰਹਿੰਦੇ ਹਨ)। ਕਾਲ ਸਭ ਤਮਾਸ਼ੇ ਨੂੰ ਵੇਖਦਾ ਹੈ, ਅੰਤ ਨੂੰ ਕਾਲ ਹੀ ਸਭ ਦਾ ਨਾਸ਼ ਕਰਦਾ ਹੈ।) (ਕਵੀ ਕਾਲ ਨੂੰ ਹੀ ਪਰਮੇਸਰ ਸਮਝਦਾ ਹੈ, ਤੇ ਉਸ ਨੂੰ ਸਭ ਤੋਂ ਉੱਚੀ ਹਸਤੀ ਮੰਨਦਾ ਹੈ। ਕਵੀ ਕਾਲ ਮਹਾਂਕਾਲ ਦਾ ਉਪਾਸ਼ਕ, ਮਹਾਂਕਾਲੀ, ਦੁਰਗਾ ਆਦਿ ਉਸੇ ਦੇ ਰੂਪ ਹਨ। ਸਾਕਤ ਕਵੀ ਮਹਾਕਾਲ ਨੂੰ ਅਕਾਲ ਵੀ ਕਹਿੰਦੇ ਹਨ।)

ਗੁਰਬਾਣੀ ਜੋਤਿ ਰੂਪ ਇਕੋ ਇੱਕ ਸਦੈਵੀ ਹਸਤੀ ਨੂੰ, ਅਕਾਲ ਪੁਰਖ ਕਹਿੰਦੀ ਹੈ, ਜੋ ਕਾਲ ਦਾ ਵੀ ਕਾਲ ਹੈ। ਇਹ ਕਵੀ ਨਹੀਂ ਜਾਣਦਾ ਤੇ ਵੇਦ ਸ਼ਾਸਤਰ ਨਹੀਂ ਜਾਣਦੇ। (“ਸਿਮ੍ਰਿਤਿ ਸਾਸਤ੍ਰ ਪੁੰਨ ਪਾਪ ਬੀਚਾਰਦੇ ਤਤੈ ਸਾਰ ਨ ਜਾਣੀ।।” (ਪੰਨਾ 920) ਸਿੰਮ੍ਰਿਤ ਸ਼ਾਸਤਰਾਂ ਦੀ ਵਿਚਾਰ ਸੰਸਾਰ ਦੇ ਪਾਪ ਪੁੰਨਾਂ ਤਕ ਸੀਮਤ ਹੈ। ਉਹ ਪੁੰਨ ਪਾਪਾਂ ਤੋਂ ਉਪਰ ਹਸਤੀ ਅਕਾਲ ਪੁਰਖ, ਜੋਤਿ ਰੂਪ ਪਰਮਤੱਤ ਦੀ ਸਾਰ ਨਹੀਂ ਜਾਣਦੇ।)

ਗੁਰਬਾਣੀ ਅਨੁਸਾਰ ਅਕਾਲ ਪੁਰਖ ਨੇ ਓਅੰਕਾਰ ਧੁੰਨ ਉਚਾਰ ਕੇ ਸੰਸਾਰ ਰਚਨਾ ਬਣਾਈ ਤੇ ਕਾਲ ਸ਼ੁਰੂ ਹੋਇਆ। ਸਾਰਾ ਜਨਮ ਮਰਨ ਪਲਨਾ, ਕਾਲ ਦੇ ਚੱਕਰ ਵਿੱਚ ਹੋ ਰਿਹਾ ਹੈ। ਪਰ ਇਹ ਜੁਗਾਂ ਜਗਾਂਤਰਾਂ ਦਾ ਚੱਕਰ ਅਕਾਲ ਪੁਰਖ ਦੇ ਹੁਕਮ ਵਿੱਚ ਹੈ, ਕਾਲ ਦੇ ਵੱਸ ਕੁੱਝ ਵੀ ਨਹੀਂ।

ਚਉਪਈ।।

ਕਾਲ ਸਭਨ ਕਾ ਕਰਤ ਪਸਾਰਾ।। ਅੰਤ ਕਾਲ ਸੋਈ ਖਾਪਣਹਾਰਾ।।

ਆਪਨ ਰੂਪ ਅਨੰਤਨ ਧਰ ਹੀ।। ਆਪਹਿ ਮਧਿ ਲੀਨ ਪੁਨ ਕਰਹੀ।।

(ਕਾਲ ਸਭ ਦਾ ਪਸਾਰਾ ਕਰਦਾ ਹੈ, ਅੰਤ ਨੂੰ ਕਾਲ ਹੀ ਉਹਨਾਂ ਨੂੰ ਖਪਾਉਨ ਵਾਲਾ ਹੈ। ਆਪਣੇ ਵਿਚੋਂ ਹੀ ਅਨੇਕਾਂ ਰੂਪ ਧਾਰਦਾ ਹੈ ਤੇ ਫੇਰ ਆਪਣੇ ਵਿੱਚ ਹੀ ਅਭੇਦ ਕਰ ਲੈਂਦਾ ਹੈ।) ਗੁਰਬਾਣੀ ਅਨੁਸਾਰ ਸੰਸਾਰ ਦਾ ਜੰਮਨ ਮਰਨਾ ਅਕਾਲ ਪੁਰਖ ਦੇ ਹੁਕਮ ਵਿੱਚ ਹੈ। (ਹੁਕਮੇ ਜੰਮਨ ਹੁਕਮੇ ਮਰਨਾ)

ਪਦਾ 29 (ਪੰਨਾ 157, ਦਸਮ ਗ੍ਰੰਥ)

ਪ੍ਰਿਥਮ ਕਾਲ ਸਭ ਜਗ ਕੋ ਤਾਤਾ।। ਤਾ ਤੇ ਭਯੋ ਤੇਜ ਬਧਯਾਤਾ।।

ਸੋਈ ਭਵਾਨੀ ਨਾਮੁ ਕਹਾਈ ਜਿਨ ਸਗ੍ਰੀ ਇਹ ਸ੍ਰਿਸਟ ਉਪਾਈ।।

(ਜਦੋਂ ਸੰਸਾਰ ਦੀ ਸਿਰਜਨਾ ਹੋਈ, ਕਾਲ ਜੋ ਸਾਰੇ ਜਗਤ ਦਾ ਪਿਤਾ ਹੈ, ਉਸ ਤੋਂ ਇੱਕ ਤੇਜ ਪ੍ਰਕਾਸ਼ ਪ੍ਰਗਟ ਹੋਇਆ। ਉਹੀ ਭਵਾਨੀ ਨਾਮ ਕਹਾਉਣ ਲੱਗੀ ਜਿਸ ਨੇ ਇਹ ਸਾਰੀ ਸ੍ਰਿਸ਼ਟੀ ਪੈਦਾ ਕੀਤੀ।)

ਗੁਰਬਾਣੀ ਉਪਦੇਸ਼ ਹੈ, ਇੱਕ ਏਕੰਕਾਰ, ਪਾਰਬ੍ਰਹਮ ਜੋਤਿ ਰੂਪ ਹੈ। ਇੱਕ ਏਕੰਕਾਰ ਨੇ ਜਦੋਂ ਸੁੰਨ ਸਮਾਧ ਤੋਂ ਸੰਸਾਰ ਦੀ ਰਚਨਾ ਕਰਨ ਦਾ ਮੰਤਵ ਬਣਾਇਆ ਤਾਂ ਉਸ ਨੇ ਹੁਕਮ ਨਾਲ ਓਅੰਕਾਰ ਧੁੰਨ ਉਚਾਰੀ। ਇਸ ਓਅੰਕਾਰ ਧੁੰਨ ਤੋਂ ਸੰਸਾਰ ਦੇ ਜੀਵ ਜੰਤ ਪੈਦਾ ਹੋਣ, ਪਲਣ ਤੇ ਖੈ ਹੋਣ ਲੱਗੇ, ਤਾਂ ਸਾਰੇ ਸੰਸਾਰ ਦਾ ਕਾਲ ਚੱਕਰ ਉਸ ਇੱਕ ਏਕੇ ਦੇ ਹੁਕਮ ਵਿੱਚ ਚਲ ਰਿਹਾ ਹੈ।

ਪਦਾ 30 (ਪੰਨਾ 158, ਦਸਮ ਗ੍ਰੰਥ)

ਚਉਪਈ।।

ਪ੍ਰਿਥਮੇ ਓਂਅੰਕਾਰ ਤਿਨ ਕਹਾ।। ਸੋ ਧੁਨ ਪੂਰ ਜਗਤ ਮੇ ਰਹਾ।।

ਤਾ ਤੇ ਜਗਤ ਭਯੋ ਬਿਸਥਾਰਾ।। ਪੁਰਖ ਪ੍ਰਕ੍ਰਿਤ ਜਬ ਦੁਹਹੁ ਬਿਚਾਰਾ।।

(ਪਹਿਲੇ ਉਸ ਜਗਤ ਪਿਤਾ ਕਾਲ ਨੇ ਓਅੰਕਾਰ। ਓਮਕਾਰ ਕਿਹਾ। ਉਹ ਓਅੰਕਾਰ ਰੂਪ ਧੁਨ ਜਗਤ ਵਿੱਚ ਫੈਲ ਰਹੀ ਹੈ। ਉਸ ਤੋਂ ਜਗਤ ਦਾ ਪਸਾਰਾ ਹੋਇਆ। ਇਹ ਦੋਵੇਂ ਪੁਰਖ ਤੇ ਪ੍ਰਕ੍ਰਿਤਿ ਵੀਚਾਰਨੇ ਚਾਹੀਦੇ ਹਨ। ਕਵੀ ਓਅੰਕਾਰ ਨੂੰ ਪੁਰਖ ਕਹਿੰਦਾ ਹੈ ਜਿਸ ਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ।)

ਵੇਦ ਮਤ ਓਮ ਨੂੰ ਓਅੰਕਾਰ। ਓਮਕਾਰ ਵੀ ਕਹਿੰਦਾ ਹੈ। ਗੁਰੂ ਨਾਨਕ ਸਾਹਿਬ ਓਮ ਨੂੰ ਤ੍ਰਿਭਨ ਸਾਰ ਕਹਿੰਦੇ ਹਨ, ਜਿਸ ਦਾ ਅਰਥ ਹੈ ਮਾਇਆ ਦਾ ਜੰਜਾਲ। (ਬਾਣੀ ਬਾਵਨ ਅਖਰੀ)

ਪਦਾ 34

ਚੌਪਈ

ਜਿਤਿਕ ਜਗਤਿ ਕੇ ਜੀਵ ਬਖਾਨੋ।। ਏਕ ਜੋਤਿ ਸਭ ਹੀ ਮਹਿ ਜਾਨੋ।।

ਕਾਲ ਰੂਪ ਭਗਵਾਨ ਭਨੈਬੋ।। ਤਾ ਮਹਿ ਲੀਨ ਜਗਤਿ ਸਭ ਹਵੈਬੋ।।

(ਜਿੰਨੇ ਜਗਤ ਦੇ ਜੀਵ ਕਹੇ ਜਾਂਦੇ ਹਨ, ਇਹਨਾਂ ਸਭਨਾ ਵਿੱਚ ਇੱਕ ਦੀ ਹੀ ਜੋਤਿ ਜਾਨੋ, ਜੋ ਕਾਲ ਰੂਪ ਜਾਂ ‘ਭਗਵਾਨ’ ਨਾਮ ਕਰ ਕੇ ਕਿਹਾ ਜਾਂਦਾ ਹੈ। ਅੰਤ ਨੂੰ ਸਾਰੇ ਜਗਤ ਦੇ ਜੀਵ ਉਸ ਵਿੱਚ ਹੀ ਲੀਨ ਹੋ ਜਾਨਗੇ।)

ਕਵੀ ਕਾਲ ਰੂਪ ਨੂੰ ਭਗਵਾਨ ਕਹਿੰਦਾ ਹੈ। ਇਹ ਵਿਚਾਰ ਵੇਦਾਂ ਸ਼ਾਸਤਰਾਂ ਦੀ ਹੈ।

ਗੁਰੂ ਗੋਬਿੰਦ ਸਿੰਘ ਜੀ ਗੁਰਬਾਣੀ ਦੇ ਉਪਦੇਸ਼ ਅਨੁਕੂਲ ਪਰਚਾਰ ਕਰਦੇ ਸਨ। ਵੇਦਾਂ ਸ਼ਾਸਤਰਾਂ ਨੂੰ ਤੇ ਕਵੀ ਨੂੰ ਅਕਾਲ ਪੁਰਖ ਦਾ ਗਿਆਨ ਨਹੀਂ, ਅਨੁਮਾਨ ਜ਼ਰੂਰ ਲਗਾਉਂਦੇ ਹਨ। ਪਾ: 10 ਇਹ ਰਚਨਾ ਨਹੀਂ ਕਰ ਸਕਦੇ, ਨਾ ਹੀ ਗੁਰਸਿਖਾਂ ਨੂੰ ਇਹ ਰਚਨਾਵਾਂ ਪੜ੍ਹਨ ਦਾ ਉਪਦੇਸ਼ ਦੇ ਸਕਦੇ ਹਨ।

ਦਸਮ ਗ੍ਰੰਥ ਦੇ ਪੰਨਾ 188 ਤੋਂ ਰਾਮ ਅਵਤਾਰ ਸ਼ੁਰੂ ਹੁੰਦਾ ਹੈ। ਇਹ ਬੀਸਵਾਂ ਅਵਤਾਰ ਹੈ। ਰਾਮ ਕਥਾ ਦੇ ਅੰਤ ਵਿੱਚ ਪੰਨਾ 254 ਤੇ ਭਗਉਤੀ ਦਾ ਉਪਾਸ਼ਕ ਕਵੀ ਲਿਖਦਾ ਹੈ।

ਪਦਾ 863 ਸਵੈਯਾ।।

ਪਾਇ ਗਹੇ ਜਬ ਤੇ ਤੁਮਰੇ ਤਬ ਤੇ ਕਊ ਆਖ ਤਰੇ ਨਹੀ ਆਨਿਯੋ।।

ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈ ਮਤ ਏਕ ਨਾ ਮਾਨਿਯੋ।।

ਸਿਮ੍ਰਿੰਤ ਸਾਸਤ੍ਰ ਬੇਦ ਸਭੈ ਬਹੁ ਭੇਦ ਕਹੈ ਹਮ ਏਕ ਨਾ ਜਾਨਯੋ।।

ਸ੍ਰੀ ਅਸਪਾਨ ਕ੍ਰਿਪਾ ਤੁਮਰੀ ਕਰਿ ਮੈ ਨ ਕਹਯੋ ਸਬ ਤੋਹਿ ਬਖਾਨਯੋ।।

ਸ੍ਰੀ ਅਸਪਾਨ ਦੇ ਅਰਥ ਹਨ ਸੁੰਦਰ ਤਲਵਾਰ। ਸ਼੍ਰੀ ਅਸਪਾਨ ਦੁਰਗਾ ਜਾ ਭਵਾਨੀ ਨੂੰ ਕਿਹਾ ਗਿਆ ਹੈ।

ਪਦਾ 864 ਦੋਹਰਾ।।

ਸਗਲ ਦੁਆਰਿ ਕਉ ਛਾਡ ਕੈ, ਗਹਯੋ ਤੁਹਾਰੋ ਦੁਆਰ।।

ਬਾਹੇ ਗਹੇ ਕੀ ਲਾਜ ਅਸਿ, ਗੋਬਿੰਦ ਦਾਸ ਤੁਹਾਰ।।

ਗੋਬਿੰਦ ਦਾਸ, ਕਵੀ ਦਾ ਹੀ ਨਾਮ ਹੈ। ਇਹ ਸਵੈਯਾ ਤੇ ਦੋਹਰਾ, ਭਵਾਨੀ ਦੀ ਉਸਤਤਿ ਵਿੱਚ ਕਵੀ ਨੇ ਉਚਾਰੇ ਹਨ। (ਦੇਖੋ ਪਦਾ 29)

ਅਕਾਲ ਪੁਰਖ ਦੇ ਦਰਸ਼ਨ ਸਭ ਜੁਗਾਂ ਵਿੱਚ ਕੇਵਲ ਉਹਨਾਂ ਮਨੁੱਖਾਂ ਨੂੰ ਹੋਏ ਜਿੰਨ੍ਹਾਂ ਨੇ ਕਿਸੇ ਜੁਗ ਵਿੱਚ ਵੀ ਪੂਰੇ ਸਤਿਗੁਰੂ ਤੋਂ ਉਪਦੇਸ਼ ਲੈ ਕੇ ਗੁਰਮਤਿ ਨਾਮ ਦਾ ਸਿਮਰਨ ਕੀਤਾ। ਐਸੇ ਭਗਤ, ਜਿਸ ਤਰ੍ਹਾਂ ਧ੍ਰੂ, ਪ੍ਰਹਿਲਾਦ, ਸਭ ਜੁਗਾਂ ਵਿੱਚ ਸਨ। ਕੇਵਲ ਐਸੇ ਸੰਤਾਂ ਭਗਤਾਂ ਨੇ ਸੰਸਾਰ ਦੇ ਮਨੁੱਖਾਂ ਨੂੰ ਅਵਗੁਣ, ਵਿਕਾਰਾਂ, ਪਾਪਾਂ, ਕ੍ਰੋਧ, ਹੰਕਾਰ ਆਦਿ ਤੋਂ ਬਚਾਇਆ: ਤੇ ਅਕਾਲ ਪੁਰਖ ਦੀ ਭਗਤੀ ਸਿਮਰਨ ਅਰਾਧਨਾ ਕਰਾ ਕੇ ਸਤ ਸੰਤੋਖ ਦਇਆ ਧਰਮ ਦੇ ਗੁਣ ਸੰਸਾਰੀ ਜੀਵਾਂ ਨੂੰ ਦਿੱਤੇ।

ਗੁਰਬਾਣੀ ਸਮਝਾਉਂਦੀ ਹੈ, ਜੁਗ ਚਾਰੇ ਗੁਰਸਬਦਿ ਪਛਾਤਾ - ਚੋਹਾਂ ਜੁਗ ਵਿੱਚ ਗੁਰੂ ਦਾ ਸ਼ਬਦ ਲੈ ਕੇ, ਇੱਕ ਏਕੇ ਅਕਾਲ ਪੁਰਖ ਦਾ ਸਿਮਰਨ ਭਗਤੀ ਕਰਕੇ, ਗੁਰਮੁਖ ਨੂੰ ਇੱਕ ਏਕੇ ਦੀ ਪਛਾਣ ਹੋਈ।

ਸਤਿਜੁਗ ਧਰਮੁ ਪੈਰ ਹੈ ਚਾਰਿ॥ ਗੁਰਮੁਖਿ ਬੂਝੈ ਕੋ ਬੀਚਾਰਿ॥

ਇਸ ਤੋਂ ਅੱਗੇ ਗੁਰਬਾਣੀ ਸਮਝਾਉਂਦੀ ਹੈ ਰਾਜਾ ਰਾਮ ਤੇ ਕ੍ਰਿਸ਼ਨ ਦੇ ਸਮੇਂ ਵਿੱਚ ਚੋਹਾਂ ਪੈਰਾਂ ਵਾਲੇ ਧਰਮ ਦੇ ਪੈਰ ਟੁੱਟਦੇ ਤੇ ਘੱਟਦੇ ਰਹੇ।

ਤ੍ਰੇਤੈ ਇੱਕ ਕਲ ਕੀਨੀ ਦੂਰਿ॥ ਪਾਖੰਡੁ ਵਰਤਿਆ ਹਰਿ ਜਾਣਨਿ ਦੂਰਿ॥

(ਤ੍ਰੇਤੈ ਵਿੱਚ ਧਰਮ ਦੀ ਇੱਕ ਕਲ ਦੂਰ ਹੋਈ, ਰਾਜਾ ਰਾਮ ਨੂੰ ਭਗਵਾਨ ਕਰਕੇ ਮੰਨਿਆ ਗਿਆ। ਇਸ ਸਮੇਂ ਪਾਖੰਡ ਵਰਤਿਆ, ਇਹਨਾਂ ਅਕਾਲ ਪੁਰਖ ਨੂੰ ਨਹੀਂ ਜਾਣਿਆ।)

ਦੁਆਪੁਰਿ ਧਰਮਿ ਦੁਇ ਪੈਰ ਰਖਾਏ।।

(ਪੰਨਾ 880, ਗੁਰੂ ਗ੍ਰੰਥ ਸਾਹਿਬ)

(ਦੁਆਪਰਿ ਵਿੱਚ ਦ੍ਹੈਤ ਭਾਵ ਹੋ ਗਏ, ਵੇਦਾਂ ਨੇ ਪ੍ਰਕ੍ਰਿਤੀ ਤੇ ਏਕਾ ਪੁਰਖ ਅਕਾਲ ਪੁਰਖ ਨੂੰ ਦੋ ਮੰਨਿਆ, ਦੁਬਿਧਾ ਹੋ ਗਈ, ਹਉਂ ਦੇ ਭਰਮ ਵਿੱਚ ਰਹੇ, ਧਰਮ ਦੇ ਦੋ ਪੈਰ ਹੋ ਗਏ।)

ਦਸਮ ਗ੍ਰੰਥ ਦੇ ਪੰਨਾ 254 ਤੋਂ 570 ਤਕ ਕ੍ਰਿਸ਼ਨ ਅਵਤਾਰ ਹੈ।

ੴ ਵਾਹਿਗੁਰੂ ਜੀ ਕੀ ਫਤਹ।।

ਅਬ ਕ੍ਰਿਸਨਾ ਅਵਤਾਰ ਇਕੀਸਮੋ ਅਵਤਾਰ ਕਥਨੰ।। ਚੌਪਈ।।

ਅਬ ਬਰਣੋ ਕ੍ਰਸਨਾ ਅਵਤਾਰੂ।। ਜੈਸੇ ਭਾਂਤ ਬਪੁ ਧੂਰੋ ਮੁਰਾਰੂ।।

ਪਰਮ ਪਾਪ ਤੇ ਭੂਮਿ ਡਰਾਨੀ।। ਭਗਮਗਾਤ ਬਿਧ ਤੀਰ ਸਿਧਾਨੀ।।

(ਹੁਣ ਕ੍ਰਿਸ਼ਨ ਅਵਤਾਰ ਦਾ ਪ੍ਰਸੰਗ ਕਥਨ ਕਰਦਾ ਹਾਂ। ਜਿਸ ਤਰ੍ਹਾਂ ਵਿਸ਼ਨੂੰ ਨੇ ਕ੍ਰਿਸ਼ਨ ਦਾ ਸ਼ਰੀਰ ਧਾਰਿਆ ਸੀ। ਘੋਰ ਪਾਪਾਂ ਕਰਕੇ ਧਰਤੀ ਡਰ ਗਈ ਅਤੇ ਡੱਕੋ ਡੋਲੇ ਖਾਂਦੀ ਹੋਈ ਬ੍ਰਹਮਾ ਦੇ ਕੋਲ ਚਲੀ ਗਈ।)

ਪਦਾ 2 ਚੌਪਈ।।

ਬ੍ਰਹਮਾ ਗਯੋ ਛੀਰਨਿਧਿ ਜਹਾਂ। ਕਾਲ ਪੁਰਖ ਇਸਥਿਤ ਤੇ ਤਹਾਂ।।

ਕਹੋ ਬਿਸਨ ਕਹ ਨਿਕਟ ਬੁਲਾਈ। ਕ੍ਰਿਸਨ ਅਵਤਾਰ ਧਰੋ ਤੁਮ ਜਾਈ।।

(ਜਿਥੇ ਖੀਰ ਸਮੁੰਦਰ ਹੈ, ਉਥੇ ਬ੍ਰਹਮਾ ਗਿਆ ਕਿਉਂਕਿ ਕਾਲ ਪੁਰਖ ਜੀ ਉਥੇ ਹੀ ਬਿਰਾਜਦੇ ਸਨ। ਉਹਨਾਂ ਨੇ ਵਿਸ਼ਨੂੰ ਨੂੰ ਆਪਣੇ ਕੋਲ ਬੁਲਾ ਕੇ ਕਿਹਾ, ਤੁਸੀਂ ਕ੍ਰਿਸ਼ਨ ਅਵਤਾਰ ਧਾਰਨ ਕਰੋ ਅਤੇ ਮਾਤ ਲੋਕ ਵਿੱਚ ਜਾਓ।)

ਪਦਾ 3 ਦੋਹਰਾ

ਕਾਲ ਪੁਰਖ ਕੇ ਬਚਨ ਤੇ ਸੰਤਨ ਹੇਤ ਸਹਾਇ।।

ਮਥਰਾ ਮੰਡਲ ਕੇ ਬਿਖੈ ਜਨਮ ਧਰੋ ਹਰਿ ਰਾਇ।।

ਕਵੀ ਕਹਿ ਰਿਹਾ ਹੈ ਕਿ ਕਾਲ ਪੁਰਖ ਦੇ ਬਚਨ ਤੋ ਕ੍ਰਿਸ਼ਨ ਨੇ ਅਵਤਾਰ ਧਾਰਿਆ। ਕ੍ਰਿਸ਼ਨ ਵਿਸ਼ਨੂ ਦਾ ਅਵਤਾਰ ਹੈ।

ਪਦਾ 4 ਚੌਪਈ

ਜੇ ਜੇ ਕ੍ਰਿਸ਼ਨ ਚਰਿਤ੍ਰ ਦਿਖਾਇ।।

ਦਸਮ ਬੀਚ ਸਭ ਭਾਖ ਸੁਨਾਏ।।

ਗਯਾਰਾ ਸਹਸ ਬਾਨਵੇ ਛੰਦਾ।। ਕਹੇ ਦਸਮ ਪੁਰ ਬੈਠ ਅਨੰਦਾ।।

(ਜਿਹੜੇ ਜਿਹੜੇ ਚਰਿਤ੍ਰ ਕ੍ਰਿਸ਼ਨ ਜੀ ਦੇ ਹਨ, ਉਹ ਸਾਰੇ ਭਾਗਵਤ ਦੇ ਦਸਵੇਂ ਸਕੰਧ ਵਿੱਚ ਸੁਣਾਏ ਹਨ। ਉਸ ਦੇ ਯਾਰਾ ਸੌ ਬਾਨਵੇ ਛੰਦ ਅਸਾਂ ਅਨੰਦਪੁਰ ਵਿੱਚ ਬੈਠ ਕੇ ਕਹੇ ਹਨ ਅਤੇ ਬਾਕੀ ਦੇ 1300 ਛੰਦ ਪਾਉਂਟੇ ਸਾਹਿਬ ਉਚਾਰੇ ਹਨ। ਇਸ ਦਸਮ ਸਬੰਧ ਵਿੱਚ ਕ੍ਰਿਸ਼ਨ ਲੀਲਾ ਦੇ ਸਾਰੇ 2492 ਛੰਦ ਹਨ।)

ਰਚਨਾ ਮੁਤਾਬਕ ਇਹ ਬਾਣੀ ਪਾ: 10 ਦੀ ਉਚਾਰੀ ਹੈ। ਪਾ: 10 ਕਾਲ ਮਹਾਕਾਲ ਦੇਵੀ ਦੇਵੀਤੀਆ ਦਾ ਪ੍ਰਚਾਰ ਕਰਨ ਨਹੀਂ ਆਏ ਸਨ? ਇਸ ਤੋਂ ਅੱਗੇ ਦੇਵੀ ਦੀ ਉਸਤਤਿ ਹੈ। ਕੀ ਪਾ: 10 ਦੇਵੀ ਦੀ ਉਸਤਤਿ ਕਰ ਸਕਦੇ ਹਨ।

ਅਬ ਦੇਵੀ ਜੀ ਕੀ ਉਸਤਤਿ ਕਥਨ

ਪਦਾ 5 ਸਵੈਯਾ।।

ਹੋਇ ਕ੍ਰਿਪਾ ਤੁਮਰੀ ਹਮ ਪੈ ਤੁ ਸਬੈ ਸਗਨੰ ਗੁਨ ਹੀ ਧਰਿ ਹੋ।।

ਜੀਆਂ ਧਾਰ ਬਿਚਾਰ ਤਬੈ ਬਰ ਬੋਧਿ ਮਹਾ ਅਗਨੰਗੁਨ ਕੋ ਕਰਿ ਹੋਂ।।

ਬਿਨ ਚੰਡ ਕ੍ਰਿਪਾ ਤੁਮਰੀ ਕਬਹੂੰ ਮੁਖ ਤੇ ਨਹੀ ਅੱਛਰ ਹਉ ਕਰ ਹੋਂ।।

(ਹੇ ਚੰਡਕਾ, ਤੇਰੀ ਕ੍ਰਿਪਾ ਤੋਂ ਬਿਨਾ ਮੈਂ ਕਦੇ ਇੱਕ ਅਖਰ ਭੀ ਮੂੰਹੋਂ ਨਹੀਂ ਉਚਾਰ ਸਕਾਂਗਾ।)

ਪਦਾ 6 ਦੋਹਰਾ

ਰੇ ਮਨ ਭਜ ਤੂ ਸਾਰਦਾ ਅਨਗਨ ਗੁਨ ਹੈ ਜਾਹਿ।।

ਰਚੌਂ ਗ੍ਰੰਥ ਇਹ ਭਾਗਵਤ ਜਉ ਵੈ ਕ੍ਰਿਪਾ ਕਰਾਹਿ।।

(ਹੇ ਮਨ, ਤੂੰ ਸਾਰਦਾ ਦਾ ਸਿਮਰਨ ਕਰ ਜਿਸ ਦੇ ਅਣਗਿਣਤ ਗੁਣ ਹਨ। ਜਦ ਉਹ ਮੇਰੇ ਉਤੇ ਕ੍ਰਿਪਾ ਕਰੇਗੀ, ਤਦ ਮੈਂ ਭਾਗਵਤ ਰੂਪ ਗ੍ਰੰਥ ਬਨਾਵਾਂਗਾ।)

ਇਥੇ ਪਾ: 10 ਦੇ ਮੁਖੋਂ ਇਹ ਕਹਾਇਆ ਗਿਆ ਹੈ, ਹੇ ਮਨ ਤੂੰ ਸਾਰਦਾ ਦੇਵੀ ਦਾ ਸਿਮਰਨ ਕਰ, ਜਦੋਂ ਉਹ ਮੇਰੇ ਉੱਤੇ ਕ੍ਰਿਪਾ ਕਰੇਗੀ, ਤਾਂ ਮੈਂ ਭਾਗਵਤ ਗ੍ਰੰਥ ਰਚਾਂਗਾ। ਦੇਵੀ ਦੇਵਤਿਆਂ ਦਾ ਸਿਮਰਨ ਤੇ ਉਸਤਤਿ ਗੁਰਬਾਣੀ ਉਪਦੇਸ਼ ਵਿਰੁੱਧ ਹੈ। ਪਾ: 10 ਇਸ ਤਰ੍ਹਾਂ ਦੀ ਬਾਣੀ ਨਹੀਂ ਰਚ ਸਕਦੇ।

ਇਥੋਂ ਇਸ ਵਿਚਾਰ ਵਿੱਚ ਕੋਈ ਸ਼ੱਕ ਨਹੀਂ ਕਿ ਦਸਮ ਗ੍ਰੰਥ ਦੀਆਂ ਰਚਨਾਵਾਂ ਨੂੰ ਵਿਉਂਤ ਅਨੁਸਾਰ, ਪਾ: 10 ਦੀਆਂ ਰਚਨਾਵਾਂ ਕਹਿ ਕੇ, ਦਸਮ ਗ੍ਰੰਥ ਵਿੱਚ, ਦਰਜ ਕੀਤਾ ਗਿਆ।

ਗੁਰਸਿੱਖਾਂ ਵਿੱਚ ਆਈਆਂ ਕਮਜ਼ੋਰੀਆਂ ਦਾ ਕਾਰਣ ਇਹ ਹੀ ਹੋ ਸਕਦਾ ਹੈ ਕਿ ਪਹਿਲੇ ਸਾਡੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਦਾ ਕੰਮ ਬ੍ਰਾਹਮਣੀ ਵਿਚਾਰ ਵਾਲੇ ਮਹੰਤਾਂ ਦੇ ਹੱਥ ਵਿੱਚ ਸੀ। ਉਹ ਹਮੇਸ਼ਾ ਤੋਂ ਨਿਰੋਲ ਸਿੱਖੀ ਪ੍ਰਚਾਰ ਦੇ ਵਿਰੁਧ ਸਨ, ਤੇ ਗੁਰੂ ਨਾਨਕ ਸਾਹਿਬ ਦੇ ਤੇ ਦਸ ਪਾਤਸ਼ਾਹੀਆਂ ਦੇ ਪ੍ਰਚਾਰ ਨੂੰ ਹਿੰਦੂ ਪਰੰਪਰਾ ਵਿੱਚ ਜਜ਼ਬ ਕਰਨਾ ਚਾਹੁੰਦੇ ਸਨ। ਇਹ ਪਹਿਲੇ ਵੀ ਭਾਰਤ ਦੀ ਤਵਾਰੀਖ ਵਿੱਚ ਹੁੰਦਾ ਆਇਆ ਹੈ। ਜਿਵੇਂ ਵੇਦਾਂ ਸ਼ਾਸਤਰਾਂ ਦੇ ਪ੍ਰਚਾਰ ਦੀ ਮੁਖਾਲਫ਼ਤ ਕਰਨ ਵਾਲੇ ਬੁਧ ਧਰਮ ਦਾ ਭਾਰਤ ਵਿੱਚ ਬਹੁਤ ਪ੍ਰਸਾਰ ਹੋ ਗਿਆ, ਕੋਈ ਵਿਰਲਾ ਹਿੰਦੂ ਰਹਿ ਗਿਆ। ਫਿਰ ਸ਼ੰਕਰਾਚਾਰਯਾ ਆਇਆ, ਲੜਾਈਆਂ ਜੰਗਾਂ ਹੋਈਆਂ, ਬਹੁਤ ਬੁਧ ਮਾਰੇ ਗਏ ਤੇ ਵੇਦ ਧਰਮ ਵਿੱਚ ਫੇਰ ਭਾਰਤ ਵਰਸ਼ ਦੇ ਲੋਕਾਂ ਨੂੰ ਜਬਰਦਸਤੀ ਲਿਆਂਦਾ ਗਿਆ। ਫਿਰ ਬੁੱਧ ਧਰਮ ਭਾਰਤ ਵਿੱਚ ਨਾਮ ਮਾਤ੍ਰ ਰਹਿ ਗਿਆ ਤੇ ਬੁੱਧ ਮਤ ਦਾ ਪ੍ਰਸਾਰਨ ਚੀਨ ਤੇ ਜਾਪਾਨ ਵਿੱਚ ਹੋ ਗਿਆ।

ਕੀ ਗੁਰੂ ਗ੍ਰੰਥ ਸਾਹਿਬ ਦੇ ਹੁੰਦਿਆ ਹੋਇਆਂ ਇਹ ਬ੍ਰਾਹਮਣੀ ਵਿਚਾਰਧਾਰਾ, ਸੱਚੇ ਨਾਮ ਧਰਮ ਨੂੰ ਖਤਮ ਕਰ ਸਕੇਗੀ? ਇਹ ਖ਼ਾਲਸਾ ਪੰਥ ਤੇ ਨਿਰਭਰ ਹੈ।

ਦਸਮ ਗ੍ਰੰਥ ਨੂੰ ਪਾ: 10 ਦੀ ਬਾਣੀ ਮੰਨ ਲੈਣ ਦੇ ਕਾਰਨ ਤੇ ਨਿਰਮਲੇ ਤੇ ਵੇਦਕ ਵਿਚਾਰਧਾਰਾ ਨੂੰ ਮੰਨਨ ਵਾਲੇ ਹਿੰਦੂ ਮਹੰਤਾਂ ਦੇ ਪਰਚਾਰ ਦੇ ਕਾਰਨ, ਸਿੱਖ ਧਰਮ ਵਿੱਚ ਵੇਦਾਂ ਸ਼ਾਸਤਰਾਂ ਦੀ ਵਿਚਾਰਧਾਰਾ ਘਰ ਕਰ ਗਈ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਵੇਦਾਂ ਸ਼ਾਸਤਰਾਂ, ਦੇਵੀ ਦੇਵਤਿਆਂ ਦੀ ਪੂਜਾ ਤੇ ਮੂਰਤੀ ਪੂਜਾ ਦਾ ਖੰਡਨ ਗੁਰਬਾਣੀ ਨੇ ਕੀਤਾ ਸੀ।

ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਉਨ ਤੋਂ ਬਾਦ, ਦਸਮ ਗ੍ਰੰਥ, ਨਿਰਮਲੇ ਤੇ ਮਹੰਤਾਂ ਦੀ ਪਰਚਾਰ ਨੇ ਨਿਰੋਲ ਗੁਰਬਾਣੀ ਪਰਚਾਰ ਨੂੰ ਬਹੁਤ ਠੇਸ ਪਹੁੰਚਾਈ। ਬ੍ਰਾਹਮਣੀ ਮਤ ਨੇ ਵਿਉਂਤ ਅਨੁਸਾਰ, ਬਚਿਤ੍ਰ ਨਾਟਕ ਨੂੰ ਦਸਮ ਗ੍ਰੰਥ ਕਰਕੇ ਗੁਰਬਾਣੀ ਤੁੱਲ ਕਰਾਰ ਦਿੱਤਾ ਤੇ ਦਸਮ ਗ੍ਰੰਥ ਨੂੰ ਸਿੱਖਾਂ ਦਾ ਗ੍ਰੰਥ ਬਣਾ ਦਿੱਤਾ। ਇਸ ਤਰ੍ਹਾਂ ਦਸਮ ਗ੍ਰੰਥ ਸਿੱਖਾਂ ਵਿੱਚ ਗਿਰਾਵਟ ਦਾ ਮੁੱਢ ਕਾਰਨ ਬਣ ਗਿਆ।

ਗੁਰੂ ਗ੍ਰੰਥ ਸਾਹਿਬ ਜੀ ਤਾਂ ਅਜੇ ਵੀ ਅਗਵਾਈ ਦੇ ਰਹੇ ਹਨ, ਲੋੜ ਕੇਵਲ ਇਤਨੀ ਹੈ, ਕਿ ਸੱਚੇ - ਸੁੱਚੇ ਆਚਾਰ ਵਾਲੇ ਭਗਤੀ ਵਿੱਚ ਪਰਪੱਕ ਗੁਰਸਿੱਖ, ਨਿਰੋਲ ਸਿੱਖੀ ਦਾ ਪਰਚਾਰ ਕਰਨ। ਪਤਿਤ ਸਿੱਖਾਂ ਨੂੰ ਤੇ ਹਿੰਦੂਆਂ ਨੂੰ ਗੁਰਬਾਣੀ ਉਪਦੇਸ਼ ਸਮਝਾਇਆ ਜਾਵੇ ਕਿ ਨਾਮ ਧਰਮ ਹੀ ਇੱਕ ਮਾਤ੍ਰ, ਉੱਤਮ ਧਰਮ ਹੈ। ਜੋ ਨਾਮ ਧਰਮ ਵਿੱਚ ਆਉਣਗੇ, ਉਹ ਹੀ ਮਾਇਆ ਦੇ ਹੱਲਿਆਂ ਤੋਂ ਬਚ ਸਕਨਗੇ। ਪਤਿਤ ਸਿੱਖਾਂ ਨੂੰ ਇਹ ਸਮਝਣ ਦੀ ਲੋੜ ਹੈ, ਕਿ ਗੁਰੂ ਨਾਨਕ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਐਸੇ ਸਿੱਖਾਂ ਨੂੰ ਸਿੱਖ ਪਰਵਾਨ ਨਹੀਂ ਕਰਦੇ। ਅਜੇ ਵੀ ਉਹ ਭੁੱਲ ਬਖਸ਼ਾ ਕੇ ਸਿੱਖ ਸੱਜ ਸਕਦੇ ਹਨ।

ਡਾ: ਗੁਰਮੁਖ ਸਿੰਘ
.