.

ਸ਼ਰਾਧ ਅਤੇ ਗੁਰਮਤਿ

ਹਰਜਿੰਦਰ ਸਿੰਘ ਸਭਰਾ

ਮੋ: 98555-98833

ਮਨੁੱਖ ਦੇ ਸੁਭਾਅ ਵਿੱਚ ਸੁਆਰਥ ਅਤੇ ਲੋਭ ਹਿਰਸ ਦੀ ਭਾਵਨਾ ਵੱਡੀਆਂ ਖ਼ਾਮੀਆਂ ਹਨ ਜਿਨ੍ਹਾਂ ਕਾਰਣ ਮਨੁੱਖ ਦੇ ਆਪਣੇ ਜੀਵਨ ਹੀ ਨਹੀਂ ਬਲਕਿ ਸਮੁੱਚੇ ਸਮਾਜੀ ਤਾਣੇ ਬਾਣੇ ਵਿੱਚ ਵੱਡੀ ਉਥਲ ਪੁਥਲ ਪੈਦਾ ਹੋ ਜਾਂਦੀ ਹੈ। ਸਮਾਜ, ਅਰਥਚਾਰਾ, ਰਾਜਨੀਤੀ ਜਿਥੇ ਇਸ ਮੈਲ ਨਾਲ ਪਲੀਤ ਹਨ ਉਥੇ ਧਰਮ ਦੀ ਦੁਨੀਆਂ ਵੀ ਇਸ ਦੇ ਪ੍ਰਭਾਵ ਤੋਂ ਅਛੋਤੀ ਨਹੀਂ ਰਹੀ। ਬਾਕੀ ਖੇਤਰਾਂ ਵਿੱਚ ਤਾਂ ਹੋ ਰਹੇ ਧੱਕੇ ਅਤੇ ਲੁੱਟ ਖਸੁੱਟ ਦਾ ਜ਼ਿਕਰ ਹਰ ਜ਼ੁਬਾਨ ਤੇ ਹੁੰਦਾ ਹੈ ਪਰ ਧਰਮ ਦੇ ਨਾਂ ਤੇ ਹੁੰਦੀ ਲੁੱਟ ਅਤੇ ਧੱਕੇਸ਼ਾਹੀ ਦਾ ਪਤਾ ਬਹੁਤ ਘੱਟ ਲੋਕਾਂ ਨੂੰ ਲਗਦਾ ਹੈ। ਇਸ ਤਰਾਂ ਇਹ ਕੂੜ ਪਸਾਰਾ ਤਰੱਕੀ ਵੱਲ ਵਧਦਾ ਚਲਿਆ ਜਾਂਦਾ ਹੈ। ਮਹਾਨ ਮਹਾਂਪੁਰਖਾਂ ਵਲੋਂ ਗੁਰਬਾਣੀ ਵਿੱਚ ਅਜਿਹੇ ਧਾਰਮਿਕ ਵਰਤਾਰੇ ਦੀ ਡੂੰਘਾਈ ਤੱਕ ਘੋਖਣਾ ਕਰਕੇ ਬੜੀ ਵਿਆਖਿਆ ਕਰਕੇ ਸਮਝਾਇਆ ਗਿਆ ਹੈ। ਇਨਾਂ ਵਰਤਾਰਿਆ ਵਿਚੋਂ ਇੱਕ ਹੈ ਸ਼ਰਾਧ ਦਾ ਅਡੰਬਰ ਜਿਸਨੂੰ ਸਦੀਆਂ ਤੋਂ ਧਰਮ ਦੇ ਨਾਂ ਤੇ ਮਨੁੱਖਤਾ ਤੇ ਥੋਪਿਆ ਗਿਆ ਹੈ। ਸਨਾਤਨੀ ਧਰਮ ਉਪੱਰ ਬ੍ਰਾਹਮਣ ਦੀ ਸਰਦਾਰੀ ਨਾਲ ਜਿਸ ਤਰਾਂ ਧਰਮ ਦੇ ਨਾਂ ਤੇ ਜ਼ੁਲਮੀ ਦੌਰ ਚੱਲਿਆ ਉਹ ਆਪਣੇ ਆਪ ਵਿੱਚ ਇੱਕ ਮਿਸਾਲ ਹੈ ਕਿ ਕਿਵੇਂ ਰੱਬ ਅਤੇ ਧਰਮ ਦੇ ਨਾਂ ਉੱਤੇ ਮਨੁੱਖਤਾ ਦੇ ਗ਼ਲ ਕਰਮਕਾਂਡਾਂ ਦਾ ਫੰਦਾ ਪਾਇਆ ਗਿਆ ਜਿਸਨੂੰ ਹਜ਼ਾਰਾਂ ਸਾਲਾਂ ਬਾਅਦ ਵੀ ਲੋਕ ਆਪਣੇ ਗਲੋਂ ਲਾਹ ਨਹੀਂ ਸਕੇ ਤੇ ਕਿਸੇ ਨਾ ਕਿਸੇ ਰੂਪ ਵਿੱਚ ਅੱਜ ਵੀ ਇਸਦੇ ਸ਼ਿਕਾਰ ਹਨ। ਮਰਨ ਤੋਂ ਬਾਅਦ ਮੁਕਤੀ ਦੇ ਸੰਕਲਪ ਦਾ ਪ੍ਰਭਾਵ ਪਾਗਲਪਨ ਦੀ ਹੱਦ ਤੱਕ ਵਹਿਮੀ ਜ਼ਿਹਨ ਦਾ ਹਿੱਸਾ ਬਣਿਆਂ ਹੋਇਆ ਹੈ। ਮੁਕਤੀ ਦੀ ਪ੍ਰਾਪਤੀ ਨੂੰ ਲੈ ਕੇ ਜਿਥੇ ਜੀਵਨ ਭਰ ਅਨੇਕ ਤਰਾਂ ਦੇ ਕਰਮਕਾਂਡ ਕੀਤੇ ਕਰਾਏ ਜਾਂਦੇ ਹਨ ਉਥੇ ਕਿਸੇ ਦੇ ਮਰਨ ਤੋਂ ਬਾਅਦ ਵੀ ਮ੍ਰਿਤਕ ਪ੍ਰਾਣੀ ਦੇ ਨਾਂ ਉੱਤੇ ਅਨੇਕਾਂ ਕਰਮਕਾਂਡਾਂ ਦਾ ਦੌਰ ਚੱਲਦਾ ਹੈ ਜਿਸ ਵਿੱਚ ਸ਼ਰਾਧ ਦਾ ਸਥਾਨ ਬੜਾ ਉੱਘਾ ਮੰਨਿਆਂ ਜਾਂਦਾ ਹੈ। ਸ਼ਰਾਧ ਦਾ ਅਰਥ ਸ਼ਰਧਾ ਨਾਲ ਕੀਤਾ ਹੋਇਆ ਕਾਰਜ ਅਥਵਾ ਆਪਣੇ ਪਿੱਤਰਾਂ (ਮਰ ਚੁੱਕੇ) ਸਕੇ ਸੰਬੰਧੀਆਂ ਨਮਿੱਤ ਭੋਜਨ ਬਸਤਰ ਆਦਿ ਹੈ। ਇਸ ਵਿੱਚ ਖ਼ਾਸ ਗੱਲ ਇਹ ਹੈ ਕਿ ਇਹ ਸਾਰਾ ਦਾਨ ਆਦਿਕ ਖ਼ਾਸ ਧਾਰਮਿਕ ਸ਼੍ਰੇਣੀ ਬ੍ਰਾਹਮਣ ਨੂੰ ਦਿੱਤਾ ਜਾਂਦਾ ਹੈ। ਬ੍ਰਾਹਮਣ ਜਿਸਨੂੰ ਧਾਰਮਿਕ ਮੁਖੀ ਹੀ ਨਹੀਂ ਬਲਕਿ ਦੇਵਤਾ ਅਤੇ ਰੱਬ ਦੀ ਖ਼ਾਸ ਕਿਰਤ ਮੰਨਿਆਂ ਜਾਂਦਾ ਹੈ। ਇਹੀ ਬ੍ਰਾਹਮਣ ਸ਼੍ਰੇਣੀ ਜਨਮ ਤੋਂ ਪਹਿਲਾਂ ਅਤੇ ਮਰਨ ਤੋਂ ਬਾਅਦ ਤੱਕ ਆਪਣੇ ਜਜ਼ਮਾਨ ਦੇ ਘਰ ਰੋਟੀ ਦਾ ਪਰਬੰਧ ਕਰੀ ਰੱਖਦੀ ਹੈ। ਇਸ ਕਿਰਿਆ ਵਿੱਚ ਇਸਦੀ ਮਦਦ ਸਭ ਤੋਂ ਜ਼ਿਆਦਾ ਉਹ ਧਾਰਮਿਕ ਗ੍ਰੰਥ ਕਰਦੇ ਹਨ ਜੋ ਇਸ ਦੀ ਆਪਣੀ ਲੋਟੂ ਸੋਚ ਵਿਚੋਂ ਉਪਜੇ ਹਨ। ਪੁਰਾਣਾਂ ਦੀਆਂ ਕਥਾ ਕਹਾਣੀਆਂ ਨੇ ਹਜ਼ਾਰਾਂ ਸਾਲਾ ਤੋਂ ਮਨੁੱਖਤਾ ਉੱਤੇ ਗੰਭੀਰ ਕਿਸਮ ਦਾ ਭਰਮ ਜਾਲ ਅਤੇ ਭੈਅ ਪਾਇਆ ਹੋਇਆ ਹੈ ਇਹੀ ਭੈਅ ਅਤੇ ਭਰਮ ਬਿਨਾਂ ਕਿਸੇ ਉਚੇਚ ਦੇ ਪੀੜੀ ਦਰ ਪੀੜੀ ਅੱਗੇ ਤੋਂ ਅੱਗੇ ਚਲਦਾ ਜਾਂਦਾ ਹੈ ਜਿਸਦੇ ਪ੍ਰਭਾਵ ਅਧੀਨ ਅਜਿਹੇ ਕਰਮਕਾਂਡਾਂ ਦੀ ਲੁੱਟ ਖਸੁੱਟ ਨੀਤੀ ਅੱਗੇ ਤੌ ਅੱਗੇ ਚਲਦੀ ਜਾਂਦੀ ਹੈ। ਇਨਾਂ ਗ੍ਰੰਥਾ ਰਾਹੀ ਹੀ ਬ੍ਰਾਹਮਣ ਨੇ ਸਮਾਜ ਤੇ ਇਹ ਪ੍ਰਭਾਵ ਪਾਇਆ ਹੋਇਆ ਹੈ ਕਿ ਮਰ ਚੁੱਕੇ ਪ੍ਰਾਣੀਆ ਦੀ ਗਤੀ ਲਈ ਕੁੱਝ ਕਰਮਕਾਂਡਾਂ ਦਾ ਕਰਨਾ ਬੇਹੱਦ ਜ਼ਰੂਰੀ ਹੁੰਦਾ ਹੈ ਇਨਾਂ ਕਰਮਾਂ ਨੂੰ ਕਰਨ ਤੋਂ ਬਿਨਾਂ ਮਰ ਚੁੱਕੇ ਪ੍ਰਾਣੀ ਦੀ ਮੁਕਤੀ ਨਹੀ ਹੋ ਸਕਦੀ ਅਤੇ ਉਸਦੀ ਆਤਮਾ ਕਈ ਜੂਨਾਂ ਵਿੱਚ ਭਟਕਦੀ ਹੈ ਅਤੇ ਨਰਕਾ ਦੇ ਰਾਹੇ ਪੈ ਜਾਦੀ ਹੈ। ਮਰੇ ਪ੍ਰਾਣੀ ਲਈ ਅੰਨ ਬਸਤਰ ਬਰਤਨ ਅਤੇ ਮਨੁੱਖ ਦੀਆਂ ਹੋਰ ਵਰਤੋਂ ਵਿਹਾਰ ਦੀਆ ਜ਼ਰਰੀ ਚੀਜ਼ਾ ਦਾ ਦਾਨ ਕਰਨਾ ਜ਼ਰੂਰੀ ਹੈ ਇਹ ਚੀਜ਼ਾਂ ਪ੍ਰਾਣੀ ਦੀ ਰੂਹ ਨੂੰ ਅੱਗੇ ਮਿਲ ਜਾਂਦੀਆ ਹਨ ਅਤੇ ਇਵੇਂ ਉਸਦੀ ਲੋੜ ਪੂਰੀ ਹੋ ਜਾਂਦੀ ਹੈ ਵਰਨਾ ਨਹੀਂ ਤਾਂ ਇਨਾਂ ਤੋਂ ਬਗ਼ੈਰ ਉਸ ਨੂੰ ਦੁੱਖ ਸਹਿਨ ਕਰਨਾ ਪੈਂਦਾ ਹੈ। ਇਸ ਭਾਵਨਾ ਦਾ ਪਚਾਰ ਸਮਾਜ ਵਿੱਚ ਹਜ਼ਾਰਾ ਸਾਲਾਂ ਤੋਂ ਕੀਤਾ ਜਾ ਰਿਹਾ ਹੈ ਅਤੇ ਬਿਨਾਂ ਕਿਸੇ ਝਿਜਕ ਅਤੇ ਸੋਚ ਵਿਚਾਰ ਦੇ ਆਮ ਆਦਮੀ ਇਹ ਸਾਰਾ ਕੁੱਝ ਕਰ ਰਿਹਾ ਹੈ। ਦਰਅਸਲ ਇਸ ਕਰਮਕਾਂਡ ਦੀ ਜੜ੍ਹ ਉਹ ਵੀਚਾਰਧਾਰਾ ਹੇ ਜੋ ਮਰਨ ਤੋਂ ਬਾਅਦ ਦੇ ਜੀਵਨ ਅਤੇ ਮੁਕਤੀ, ਨਰਕ ਸਵਰਗ ਆਦਿ ਉੱਤੇ ਜ਼ੋਰ ਦਿੰਦੀ ਹੈ। ਗਰੁੜ ਪੁਰਾਣ ਵਰਗੇ ਗ੍ਰੰਥ ਨਰਕਾਂ ਦਾ ਭਿਆਨਕ ਨਕਸ਼ਾ ਬਿਆਨ ਕਰਕੇ ਧਾਰਮਿਕ ਸ਼ਰਧਾ ਨੂੰ ਬਲੈਕਮੇਲ ਕਰਦੇ ਹਨ ਅਤੇ ਨਾਲ ਹੀ ਪਿੱਤਰੀ ਕਰਮਾਂ ਦੇ ਨਾ ਤੇ ਇੱਕ ਖ਼ਾਸ ਸ਼੍ਰਣੀ ਦਾ ਪੱਖ ਪੂਰਦਿਆ ਸਮਾਜ ਅੰਦਰ ਧਰਮ ਜਿਹੀ ਪਵਿੱਤਰ ਵੀਚਾਰਦਾਰਾ ਨੂੰ ਲੁੱਟ ਖਸੁੱਟ ਦਾ ਸਾਧਨ ਬਣਾਉਂਦੀ ਹੈ। ਇਸ ਵੀਚਾਰਧਾਰਾ ਦਾ ਪ੍ਰਭਾਵ ਨਾ ਕਬੂਲਣ ਵਾਲੇ ਕਿੰਨੇ ਲੋਕ ਹਨ? ਸ਼ਾਇਦ ਉਂਗਲਾਂ ਤੇ ਗਿਣੇ ਜਾਣ ਵਾਲੇ। ਗੁਰਮਤਿ ਸਿਧਾਂਤਾਂ ਨੇ ਇਸ ਵੀਚਾਰਧਾਰਾ ਨੂੰ ਆੜੇ ਹੱਥੀਂ ਲੈਂਦਿਆ ਇਸ ਦਾ ਭਰਪੂਰ ਖੰਡਨ ਕੀਤਾ ੳਤੇ ਇਸ ਦੀ ਸਤਹ ਤੱਕ ਪਹੁੰਚ ਕੇ ਇਸ ਦੇ ਦੋਸ਼ਾਂ ਦਾ ਮੁਲਾਂਕਣ ਕੀਤਾ ਹੈ।

“ਇਕ ਦਝਹਿ ਇੱਕ ਦਬੀਅਹਿ ਇਕਨਾ ਕੁਤੇ ਖਾਹਿ॥ ਇਕਿ ਪਾਣੀ ਵਿਚਿ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ॥ ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ॥” (642)

ਭਾਵ: ਜੀਵ ਦੇ ਮਰਨ ਤੋਂ ਬਾਅਦ ਉਸਦੇ ਸਰੀਰ ਨੂੰ ਕਈ ਤਰੀਕਿਆ ਨਾਲ ਸਾਂਭਿਆ ਜਾਂਦਾ ਹੈ ਕੋਈ ਉਸ ਨੂੰ ਦਬਾਊਦਾ, ਸਾੜਦਾ, ਪਾਣੀ ਵਿੱਚ ਰੋੜਦਾ, ਜਾਂ ਜਾਨਵਰਾਂ ਦੇ ਖਾਣ ਲਈ ਰੱਖ ਦਿੰਦਾ ਹੈ ਪਰ ਇਹ ਨਹੀਂ ਕਿਹਾ ਜਾ ਸਕਦਾ ਕਿ ਮਰਨ ਤੋਂ ਬਾਅਦ ਉਹ ਕਿਥੇ ਚਲਾ ਜਾਦਾ ਹੈ।

“ਪਾਂਚ ਤਤ ਕੋ ਤਨੁ ਰਚਿਓ ਜਾਨਹੁ ਚਤੁਰ ਸੁਜਾਨ॥ ਜਿਹ ਤੇ ਉਪਜਿਓ ਨਾਨਕਾ ਲੀਨ ਤਾਹਿ ਮੈ ਮਾਨੁ॥” (1421)

ਭਾਵ: ਇਸ ਸਰੀਰ ਪੰਜਾਂ ਤੱਤਾਂ ਦਾ ਬਣਿਆਂ ਹੈ ਅਤੇ ਇਸ ਵਿੱਚ ਹੀ ਮਿਲ ਜਾਂਦਾ ਹੈ

ਸਵਾਲ ਪੈਦਾ ਹੁੰਦਾ ਹੈ ਕਿ ਕੀ ਭੋਜਨ ਸਰੀਰ ਦੀ ਲੋੜ ਹੈ ਜਾਂ ਆਤਮਾ ਦੀ, ਬਰਤਨ ਬਸਤਰ ਆਦਿ ਦਾ ਆਤਮਾ ਨਾਲ ਕੀ ਸੰਬੰਧ ਹੈ ਕੀ ਆਤਮਾ ਦਾ ਨੰਗੇਜ਼ ਵੀ ਸਰੀਰ ਵਾਗ ਹੀ ਦਿਖਾਈ ਦਿੰਦਾ ਹੈ? ਫਿਰ ਜਜ਼ਮਾਨਾਂ ਦਾ ਦਿੱਤਾ ਹੋਇਆ ਦਾਨ ਆਦਿਕ ਅਤੇ ਕੀਤਾ ਹੋਇਆ ਸਰਾਧ ਆਦਿਕ ਤਾਂ ਬ੍ਰਾਹਮਣ ਆਦਿ ਹੀ ਖਾ ਅਤੇ ਵਰਤ ਲੈਦਾ ਹੈ ਤਾਂ ਇਹ ਸਾਰੀਆਂ ਚੀਜਾਂ ਮਰੇ ਪ੍ਰਾਣੀ ਨੂੰ ਕਿਵੇਂ ਪਹੁੰਚ ਜਾਂਦੀਆਂ ਹਨ?

“ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ॥ ਅਗੈ ਵਸਤੁ ਸਿਞਾਣੀਐ ਪਿਤਰੀ ਚੋਰ ਕਰੇਇ॥
ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ॥ ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ॥” (466)

ਉਪਰੋਕਤ ਗੁਰਵਾਕਾਂ ਵਿੱਚ ਇਹ ਸਪੱਸ਼ਟ ਹੈ ਕਿ ਅਜਿਹੇ ਸਾਰੇ ਕਰਮ ਅਖੌਤੀ ਧਾਰਮਿਕ ਸ਼੍ਰੇਣੀ ਦੀ ਲੁੱਟ ਭਰੀ ਸੋਚ ਵਿਚੋਂ ਹੀ ਉਪਜਦੇ ਹਨ ਅਜਿਹੀ ਦਾਨ ਅਤੇ ਸ਼ਰਾਧ ਆਦਿਕ ਦੀ ਪਰਪਾਟੀ ਦਾ ਮਨੁੱਖ ਦੀ ਆਤਮਾ ਆਦਿ ਨਾਲ ਦੂਰ ਦਾ ਵੀ ਵਾਹ ਵਾਸਤਾ ਨਹੀਂ ਹੈ। ਅਫ਼ਸੋਸ ਦੀ ਗੱਲ ਤਾਂ ਇਹ ਹੈ ਕਿ ਗਰੁਬਾਣੀ ਸਿਧਾਤਾਂ ਦੀ ਅਣਦੇਖੀ ਕਰਕੇ ਸਿਖ ਸੰਗਤਾਂ ਵੀ ਇਸੇ ਹੀ ਕੁਰੀਤ ਦਾ ਸ਼ਿਕਾਰ ਹੋਈ ਜਾ ਰਹੀਆਂ ਹਨ। ਕੇਵਲ ਤੇ ਕੇਵਲ ਬਾਹਰੀ ਰੰਗ ਢੰਗ ਹੀ ਬਦਲਿਆ ਹੈ ਬਾਕੀ ਅੰਦਰੂਨੀ ਭਾਵਨਾ ਅਤੇ ਕਰਮਕਾਂਡੀ ਰੁਚੀ ਉਹੀ ਹੈ। ਬ੍ਰਾਹਮਣ ਦੀ ਥਾਂ ਤੇ ਭਾਈ ਜੀ ਇਸ ਕਿਰਿਆ ਦਾ ਹਿੱਸਾ ਬਣ ਜਾਂਦੇ ਹਨ ਅਤੇ ਬਾਕੀ ਸਾਰਾ ਕੁੱਝ ਵੀ ਉਸੇ ਤਰਾਂ ਹੀ ਹੁੰਦਾ ਹੈ ਪਰ ਬਦਲਵੇਂ ਰੂਪ ਵਿਚ। ਇਵੇਂ ਖੁਦ ਗੁਰਬਾਣੀ ਸਿਧਾਂਤਾਂ ਨੂੰ ਦ੍ਰਿੜ ਕਰਵਾਉਣ ਵਾਲੇ ਅਤੇ ਆਮ ਸੰਗਤਾਂ ਦੋਨੋ ਹੀ ਇਸ ਕਰਮਕਾਂਡ ਨੂੰ ਨਿਭਾ ਰਹੀਆਂ ਹੁੰਦੀਆਂ ਹਨ ਜਿਸ ਦਾ ਕਿ ਸਿਖ ਧਰਮ ਵਿੱਚ ਉੱਕਾ ਹੀ ਕੋਈ ਥਾਂ ਨਹੀਂ ਹੈ।

“ਜੀਵਤ ਪਿਤਰ ਨ ਮਾਨੈ ਕੋਊ ਮੂਏਂ ਸਿਰਾਧ ਕਰਾਹੀ॥ ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ਕਊਆ ਕੂਕਰ ਖਾਹੀ॥” (326)

ਗੁਰਮਤਿ ਵਿੱਚ ਸਮਾਕ ਮਨੁੱਖਤਾ ਦੀ ਸੇਵਾ ਕਰਨ ਨੂਮ ਮਹਾਨ ਕਾਰਜ ਦੱਸਿਆ ਗਿਆ ਹੈ ਅਤੇ ਜੀਵਤ ਲੋਕਾਂ ਪ੍ਰਤੀ ਤਿਆਗ ਸੇਵਾ ਦੀ ਭਾਵਨਾ ਦ੍ਰਿੜ ਕਰਾਈ ਗਈ ਹੈ

“ਵਿਚਿ ਦੁਨੀਆ ਸੇਵ ਕਮਾਈਐ॥ ਤਾ ਦਰਗਹ ਬੈਸਣੁ ਪਾਈਐ॥ ਕਹੁ ਨਾਨਕ ਬਾਹ ਲੁਡਾਈਐ॥” (26)




.