.

ਅਬ ਗਿਆਨ ਪ੍ਰਬੋਧ

(ਦਸਮ ਗ੍ਰੰਥ ਪੰਨਾ 127 - 155)

ੴ ਸਤਿਗੁਰ ਪ੍ਰਸਾਦਿ।। ਸ੍ਰੀ ਭਗਉਤੀ ਜੀ ਸਹਾਇ।।

ਅਬ ਗਿਆਨ ਪ੍ਰਬੋਧ ਗ੍ਰੰਥ ਲਿਖਯਤੇ।। ਪਾ: 10. ।

ਮੰਗਲਾਚਰਣ ਵਿੱਚ ਕਵੀ ਨੇ ਲਿਖਿਆ ਹੈ ਸ੍ਰੀ ਭਗਉਤੀ ਜੀ ਸਹਾਇ। ਸਪਸ਼ਟ ਹੈ ਕਿ ਕਵੀ ਭਗਉਤੀ ਦੇਵੀ ਦਾ ਉਪਾਸ਼ਕ ਹੈ।

ਗੁਰੂ ਗੋਬਿੰਦ ਸਿੰਘ ਜੀ ਇੱਕੋ ਇੱਕ ਸਦੀਵ ਹਸਤੀ ਇੱਕ ਏਕੰਕਾਰ, ਅਕਾਲ ਪੁਰਖ ਦੇ ਉਪਾਸ਼ਕ ਹਨ। ਇਸ ਲਈ ਇਹ ਰਚਨਾ ਪਾ: 10 ਦੀ ਬਾਣੀ ਨਹੀਂ।

ਗਿਆਨੀ ਭਾਗ ਸਿੰਘ ਨੇ ਆਪਣੀ ਪੁਸਤਕ ‘ਦਸਮ ਗ੍ਰੰਥ ਦਰਪਣ’ ਵਿੱਚ ਇਸ ਰਚਨਾ ਦਾ ਨਿਰਣਾ ਕੀਤਾ ਹੈ, ਜਿਸ ਦੀ ਨਕਲ ਅਸੀਂ ਹੇਠਾਂ ਕੀਤੀ ਹੈ। ਇਹ ਵਿਚਾਰ ਦਸਮ ਗ੍ਰੰਥ ਦੀਆਂ ਸਭ ਰਚਨਾਵਾਂ ਤੇ ਲਾਗੂ ਹੈ।

ਉਪ੍ਰੋਕਤ ਸਿਰਲੇਖ ਨੂੰ ਸਾਧਾਰਨ ਦ੍ਰਿਸ਼ਟੀ ਨਾਲ ਵੇਖਿਆ ਇਹ ਭਾਸਦਾ ਹੈ ਕਿ ਇਸ ਰਚਨਾ ਵਿੱਚ ਈਸ਼ਵਰੀ ਗਿਆਨ ਪ੍ਰਬੋਧਿਆ ਹੈ ਅਤੇ ‘ਪਾਤਸ਼ਾਹੀ 10’ ਹੋਣ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਇਹ ਬਾਣੀ ਦਸ਼ਮੇਸ਼ ਕ੍ਰਿਤ ਹੈ ਪਰ ਦੀਰਘ ਵਿਚਾਰ ਕੀਤਿਆਂ ਇਸ ਰਚਨਾ ਵਿਚਲੀ ਸਮਗ੍ਰੀ ‘ਈਸ਼ਵਰ ਗਿਆਨ’ ਸਿੱਧ ਨਹੀਂ ਹੁੰਦੀ ਤੇ ਨਾ ਹੀ ਇਹ ਰਚਨਾ ਦਸ਼ਮੇਸ਼ ਕ੍ਰਿਤ ਹੈ। ਕਾਰਣ ਇਹ ਕਿ ਉਪ੍ਰੋਕਤ ਸਿਰਲੇਖ ਨਾਲ ‘ਸ੍ਰੀ ਭਗਉਤੀ ਜੀ ਸਹਾਇ’ ਵੀ ਲਿਖਿਆ ਹੈ ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਇਹ ਰਚਨਾ ਉਸ ਕਵੀ ਦੀ ਹੈ ਜੋ ਮਹਾਕਾਲ ਅਤੇ ਭਗੌਤੀ ਦੇਵੀ ਦਾ ਉਪਾਸ਼ਕ ਹੈ, ਜਿਸਨੇ ਇਸ ਰਚਨਾ ਦੀ ਸਫਲਤਾ ਹਿਤ ਆਰੰਭ ਵਿੱਚ ‘ਸ੍ਰੀ ਭਗੌਤੀ ਜੀ ਸਹਾਇ’ ਲਿਖ ਕੇ ਇਸ਼ਟ ਭਗੌਤੀ ਤੋਂ ਸਹਾਇਤਾ ਮੰਗੀ ਹੈ।

ਗਿਆਨੀ ਭਾਗ ਸਿੰਘ ਅਨੁਸਾਰ, ਦਸਮ ਗ੍ਰੰਥ ਦਸਵੇਂ ਗੁਰੂ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਵੀ ਬਹੁਤ ਸਮਾਂ ਪਿਛੇ ਵਜੂਦ ਵਿੱਚ ਆਇਆ, ਜਿਸ ਵਿੱਚ ਅਡੋ-ਅੱਡ ਲਿਖਾਰੀਆਂ ਨੇ ਵਖੋ-ਵੱਖ ਬੀੜਾਂ ਅੰਦਰ ਆਪੋ-ਆਪਣੀ ਰੁਚੀ ਅਤੇ ਸੂਝ ਅਨੁਸਾਰ ਜਿਥੇ ਅਨੇਕ ਪਾਠਾਂ ਵਿੱਚ ਅੰਤਰੇ ਪਾ ਦਿੱਤੇ, ਉਥੇ ਸਿਰਲੇਖ ਦੇਣ ਵੇਲੇ ਵੀ ਯੋਗ-ਅਯੋਗ ਥਾਵਾ ਦੀ ਵਿਚਾਰ ਨਹੀਂ ਕੀਤੀ ਪਰ ‘ਸ੍ਰੀ ਭਗੌਤੀ ਜੀ ਸਹਾਇ’ ਜਾਂ ‘ਸ੍ਰੀ ਭਗੌਤੀ ਜੀ ਨਮਹ’ ਮੂਲਕ ਸਿਰਲੇਖਾਂ ਤੋਂ ਅਵੱਸ਼ ਹੀ ਪ੍ਰਤੱਖ ਹੋ ਜਾਂਦਾ ਹੈ ਕਿ ਇਹ ਕ੍ਰਿਤੀਆਂ ਭਗੌਤੀ ਉਪਾਸ਼ਕ ਸਾਕਤ ਕਵੀਆਂ ਦੀਆਂ ਹਨ।

ਪਾਠਕਾਂ ਦੀ ਗਿਆਤ ਲਈ ਸੰਖੇਪਕੀ ਵੇਰਵਾ ਇਹ ਹੈ ਕਿ ਇਸ ਰਚਨਾ ਦੇ ਕੁਲ 336 ਅੰਕ ਹਨ ਅਤੇ ਦੋ ਭਾਗਾਂ ਵਿੱਚ ਇਨ੍ਹਾਂ ਦੀ ਵੰਡ ਹੈ, ਜਿੰਨ੍ਹਾਂ ਵਿਚੋਂ ਮਹਾਕਾਲ ਅਤੇ ਕਾਲੀ ਦੇਵੀ ਦੇ ਉਪਾਸ਼ਕ ਸਾਕਤ ਕਵੀ ਨੇ 126 ਅੰਕ ਤਕ ਮਹਾਕਾਲ ਦੀ ਉਸਤਤਿ ਕੀਤੀ ਹੈ ਜਿਵੇਂ ਕਿ -

ਪੰਨਾ 128, ਦਸਮ ਗ੍ਰੰਥ -

ਸਿਰੰ ਕਿਰੀਟ ਧਾਰੀਯੰ।। ਦਿਨੋਸ਼ ਕ੍ਰਿਤ ਹਾਰੀਯੰ।। (ਅੰਕ 18)

ਬਿਸਾਲ ਲਾਲ ਲੋਚੰਨੰ।। ਮਨੋਜ ਮਾਨ ਮੋਚਨੰ।।

ਸੁਭੰਤ ਸੀਸ ਸੁ ਪ੍ਰਭਾ।। ਚਕ੍ਰਿਤ ਚਾਰ ਚੰਦਕਾ।। (ਅੰਕ 19)

ਕੰਜਲਕ ਨੈਨ, ਕੰਬ ਗ੍ਰੀਵ ਕਟਿ ਕੇਹਰ ਕੁਜਿੱਰ ਗਵਨ।।

ਕਦਲੀ ਕਰੰਕ ਕਰਪੂਰ ਗਤਿ ਬਿਨਿ ਅਕਾਲ ਦੁੱਜੋ ਕਵਨ।।

(ਅੰਕ 37)

ਸੁਭੰਤ ਦੰਤ ਪਦੁਤਕੰ।। ਜਲੰਤ ਸਾਮ ਸੁ ਘਟੰ।।

(ਅੰਕ 84)

ਸਿਰੀ ਸੁ ਸੀਸ ਸੁਭੀਯੰ।। ਘਟਾਕ ਥਾਨ ਉਭੀਯੰ।। (ਅੰਕ 85)

ਚਲੰਤ ਦੰਤ ਪੱਤਕੰ।। ਭਜੰਤ ਦੇਖਿ ਦੁਦਲੰ।। (ਅੰਕ 86)

ਭਾਵ - ਮਹਾਕਾਲ ਜੀ ਦਾ ਮੁਕਟ ਵੇਖ ਸੂਰਜ ਦੀਆਂ ਕਿਰਨਾਂ ਲਜਿੱਤ ਹੁੰਦੀਆਂ ਹਨ ਅਤੇ ਵੱਡੇ ਵੱਡੇ ਲਾਲ ਨੇਤ੍ਰ ਹਨ ਕੰਵਲ ਫੁਲ ਵਰਗੀਆਂ ਅੱਖਾਂ, ਸੰਖ ਵਰਗੀ ਗ੍ਰੀਵ (ਗਰਦਨ), ਸ਼ੇਰ ਵਰਗਾ ਲੱਕ, ਹਾਥੀ ਵਰਗੀ ਚਾਲ, ਕਪੂਰ ਜਿਹੀ ਸੁਗੰਧੀ, ਹਿਰਨ ਵਰਗੀਆਂ ਛਾਲਾਂ, ਚਿੱਟੇ-ਚਿੱਟੇ ਵੱਡੇ-ਵੱਡੇ ਦੰਦਾਂ ਦੀਆਂ ਪਾਲਾਂ, ਜਦੋਂ ਮਹਾਕਾਲ ਜੀ ਦੰਦ ਕਰੀਚਦੇ ਹਨ, ਉਦੋਂ ਭੈ ਖਾ ਕੇ ਫ਼ੌਜਾਂ ਨੱਸ ਜਾਂਦੀਆਂ ਹਨ ਆਦਿਕ। ਕਵੀ ਇਹ ਵੀ ਕਹਿੰਦਾ ਹੈ ਤੇਰੇ ਤੋਂ ਬਿਨਾ ਦੂਜਾ ਕਉਨ ਅਕਾਲ ਹੈ।

ਅਵੱਸ਼ ਮੰਨਣਾ ਪਵੇਗਾ ਕਿ ਇਹ ਨਿਸ਼ਾਨੀਆਂ ਸਾਕਤ ਮਤੀਏ ਕਵੀਆਂ ਦੇ ਇਸ਼ਟ ਮਹਾਂਕਾਲ ਦੀਆਂ ਹਨ ਅਤੇ ਇਸ ਮਹਾਂਕਾਲ ਨੂੰ ਸਾਕਤ ਲੋਕ ਨਿਰੰਕਾਰ, ਨਿਰਵਿਕਾਰ, ਅਕਾਲ ਅਸਕੇਤ, ਖੜਗਪਾਨ ਆਦਿਕ ਨਾਵਾਂ ਨਾਲ ਸੰਬੋਧਦੇ ਹਨ, ਜਿਵੇਂ ਕਿ ‘ਹਮਰੀ ਕਰੋ ਹਾਥ ਦੈ ਰਛਾ’ ਵਾਲੀ ਚੌਪਈ ਅਤੇ ਹੋਰ ਵੀ ਕਈ ਥਾਂਈ ਇਸੇ ਪੁਸਤਕ ਵਿੱਚ ਦੱਸਿਆ ਗਿਆ ਹੈ। (ਇਹ ਜਾਣਕਾਰੀ ਧਿਆਨ ਯੋਗ ਹੈ ਕਿ ਮਹਾਕਾਲ ਨੂੰ ਸਾਕਤ ਅਕਾਲ ਵੀ ਕਹਿੰਦੇ ਹਨ।)

ਇਸ ਤੋਂ ਅੱਗੇ 126ਵੇਂ ਬੰਦ ਤੋਂ 130ਵੇਂ ਅੰਕ ਤਕ ਆਤਮਾ ਰਾਮ ਦੀਆਂ ਪਰਮਾਤਮਾ ਤੋਂ ਭਗਵਤ ਗੀਤਾ ਦੇ ਇਸ਼ਾਰਿਆਂ ਉਤੇ ਅਧਾਰਿਤ ਕਵੀ ਵਲੋਂ ਪੁੱਛਾਂ ਹਨ। ਉਪ੍ਰੰਤ ਯੁਧਿਸ਼ਟਰ ਆਦਿਕ ਪਾਂਡਵਾਂ ਵੱਲੋਂ ਰਾਜਸੂਅ ਅਤੇ ਅਸ੍ਹਮੇਧ ਜੱਗ ਲਿਖੇ ਹਨ, ਫਿਰ ਰਾਜਾ ਪ੍ਰੀਛਤ ਵੱਲੋਂ ਗੱਜਮੇਧ ਅਤੇ ਉਸਦੇ ਪੁੱਤਰ ਰਾਜਾ ਜਨਮੇਜਾ ਵੱਲੋਂ ਅਹਿ (ਸਰੱਪ) ਮੇਧ ਜੱਗ ਦਾ ਵਰਨਣ ਹੈ।

ਨੋਟ - ਉਪ੍ਰੋਕਤ ਜੱਗਾਂ ਸਬੰਧੀ ਗਿਆਨੀ ਭਾਗ ਸਿੰਘ ਦੀ ਪੁਸਤਕ ਵਿੱਚ `ਚਾਰ ਜੱਗ’ ਸਿਰਲੇਖ ਹੇਠ ਸੰਕੋਚਵਾਂ ਵੇਰਵਾ ਹੈ।

ਫਿਰ ਜਨਮੇਜਾ ਦੇ ਪੁੱਤਰਾਂ ਵੱਲੋਂ ਕੀਤੇ ਪਸੂਮੇਧ ਜੱਗ ਅਤੇ ਆਪੋ ਵਿਚਲੀ ਲੜਾਈ-ਭਿੜਾਈ ਦਰਸਾ ਕੇ 336 ਅੰਕ ਉਤੇ ਕਵੀ ਨੇ ਗਿਆਨ ਪ੍ਰਬੋਧ ਵਾਲੀ ਰਚਨਾ ਦੀ ਸਮਾਪਤੀ ਕੀਤੀ ਹੈ। ਜਿਸ ਤੋਂ ਸਪਸ਼ਟ ਹੋਇਆ ਕਿ ਗਿਆਨ ਪ੍ਰਬੋਧ ਵਾਲੀ ਰਚਨਾ ਈਸ਼ਵਰੀ ਗਿਆਨ ਨਹੀਂ ਤੇ ਨਾ ਹੀ ਗੁਰੂ ਦਸ਼ਮੇਸ਼ ਜੀ ਇਸ ਦੇ ਰਚੈਤਾ ਹਨ।

ਗਿਆਨ ਪ੍ਰਬੋਧ ਵਿਚਲੇ ਜੱਗਯ

ਗੁਰੂ ਘਰ ਵਿੱਚ ਅਸ੍ਹਮੇਧ, ਗਜ ਮੇਧ, ਆਦਿਕ ਫੋਕਟ ਕਰਮ ਮਿੱਥੇ ਗਏ ਹਨ, ਜਿੰਨ੍ਹਾਂ ਦਾ ਸਬੂਤ ਪਾਠਕ ਗੁਰਬਾਣੀ ਵਿੱਚ ਅਨੇਕਾਂ ਥਾਈਂ ਵੇਖ ਸਕਦੇ ਹਨ, ਯਥਾ -

ਅਸੁਮੇਧ ਜਗਨੇ॥ ਤੁਲਾ ਪੁਰਖ ਦਾਨੇ॥ ਪ੍ਰਾਗ ਇਸਨਾਨੇ॥

ਤਉ ਨ ਪੁਜਹਿ ਹਰਿ ਕੀਰਤਿ ਨਾਮਾ॥

ਅਪੁਨੇ ਰਾਮਹਿ ਭਜੁ ਰੇ ਮਨ ਆਲਸੀਆ॥

(ਪੰਨਾ 873, ਗੁਰੂ ਗ੍ਰੰਥ ਸਾਹਿਬ)

ਬਾਨਾਰਸੀ ਤਪੁ ਕਰੈ ਉਲਟਿ ਤੀਰਥ ਮਰੈ

ਅਗਨਿ ਦਹੈ ਕਾਇਆ ਕਲਪੁ ਕੀਜੈ॥

ਅਸੁਮੇਧ ਜਗੁ ਕੀਜੈ ਸੋਨਾ ਗਰਭ ਦਾਨੁ ਦੀਜੈ

ਰਾਮ ਨਾਮ ਸਰਿ ਤਊ ਨ ਪੂਜੈ॥

(ਪੰਨਾ 973, ਗੁਰੂ ਗ੍ਰੰਥ ਸਾਹਿਬ)

ਸਭਿ ਤੀਰਥ ਵਰਤ ਜਗ ਪੁੰਨ ਤ+ਲਾਹਾ॥

ਹਰਿ ਹਰਿ ਨਾਮ ਨ ਪੁਜਹਿ ਪੁਜਾਹਾ॥

(ਪੰਨਾ 699, ਗੁਰੂ ਗ੍ਰੰਥ ਸਾਹਿਬ)

ਹੋਮ, ਜੱਗ, ਭੋਗ, ਨਈਵੇਦ ਕੈ ਅਨੇਕ ਪੂਜਾ,

ਜਪੁ, ਤਪੁ, ਸੰਜਮ, ਅਨੇਕ ਪੁੰਨ ਦਾਨ ਕੈ।।

ਜਲ, ਥਲ, ਗਿਰ, ਤਰ, ਤੀਰਥ, ਭਵਨ ਭੂਅ,

ਹਿਮਾਚਲ ਧਾਰਾ ਅਗ੍ਰ ਅਰਪਨ ਪ੍ਰਾਣ ਕੈ।।

ਸਿਮਰਤ, ਪੁਰਾਨ, ਬੇਦ, ਸ਼ਾਸਤ੍ਰ, ਸੰਗੀਤ ਬਹੁ,

ਸਹਜ ਸਮਾਧ ਸਾਧ ਕੋਟ ਜੋਗ ਧਿਆਨ ਕੈ।।

ਗੁਰਸਿੱਖ ਸਾਧ ਸੰਗ ਨਿਮਖਿਕ ਪ੍ਰੇਮ ਪਰੈ,

ਵਾਰ ਡਰਿਉਂ ਨਿਗ੍ਰ ਹਿ ਹੱਠ ਕੋਟਨ ਕੋਟਾਨ ਕੈ।।

(ਵਾਰ, ਭਾ: ਗੁਰਦਾਸ ਜੀ)

ਇਤਿਆਦਿਕ ਜੰਗ ਅਤੇ ਕਰਮ ਕਾਂਡਾਂ ਦਾ ਗੁਰੂ ਘਰ ਵਿੱਚ ਮੁੱਲ ਕੱਚੀ ਕੌਡੀ ਵੀ ਨਹੀਂ, ਪ੍ਰੰਤੂ ਦਸਮ ਗ੍ਰੰਥ ਵਿਚਲੀ ਗਿਆਨ ਪ੍ਰਬੋਧ ਨਾਮ ਦੀ ਰਚਨਾ (ਜੋ ਪੰਨਾ 127 ਤੋਂ ਆਰੰਭ ਹੋ ਕੇ 155 ਤੇ ਮੁੱਕਦੀ ਹੈ, ਜਿਸ ਦੇ 336 ਅੰਕ ਹਨ) ਵਿੱਚ ਰਾਜਸੂਅ ਅਤੇ ਅਸ੍ਹਮੇਧ ਤਥਾ ਗੱਜਮੇਧ ਪੁਨਾ ਅਹਿ (ਸਰਪ) ਮੇਧ ਚਾਰ ਜੱਗ ਲਿਖੇ ਹਨ ਜੋ ਪੁਰਾਣਕ ਕਥਾਵਾਂ ਨੂੰ ਵੀ ਪਿੱਛੇ ਸੁੱਟਦੇ ਹਨ, ਜਿੰਨ੍ਹਾਂ ਦਾ ਵੇਰਵਾ ਕੇਵਲ ਵੰਨਗੀ ਮਾਤ੍ਰ ਹੀ ਹੇਠ ਦਿੱਤਾ ਜਾਂਦਾ ਹੈ।

ਰਾਜਸੂਅ ਜੱਗ

ਪਾਂਡਵਾਂ ਵੱਲੋਂ ਜੋ ਪਹਿਲਾ ਰਾਜਸੂਅ ਜੱਗ ਕੀਤਾ ਗਿਆ, ਉਸਦਾ ਥੋੜਾ ਜਿਹਾ ਵੇਰਵਾ, ਦਸਮ ਗ੍ਰੰਥ ਦੇ ਹਾਮੀਆਂ ਨੂੰ ਉਚੇਚਾ ਦੱਸਿਆ ਜਾਂਦਾ ਹੈ। ਉਹ ਮੇਰੇ ਵੀਰ ਧਿਆਨ ਨਾਲ ਪੜ੍ਹਨ ਯਥਾ -

ਕਰੋੜਾਂ ਰਿੱਤਜ (ਰਿਗ ਵੇਦ ਅਨੁਸਾਰ ਜੱਗ ਕਰਾਉਣ ਵਾਲੇ ਬ੍ਰਾਹਮਣ) ਅਤੇ ਕਰੋੜਾਂ ਹੀ ਕਈ-ਕਈ ਜਾਤੀਆਂ ਦੇ ਹੋਰ ਬ੍ਰਾਹਮਣ ਸੱਦੇ ਗਏ … ਇਕ-ਇਕ ਬ੍ਰਾਹਮਣ ਨੂੰ ਸੌ-ਸੌ ਹਾਥੀ ਅਤੇ ਸੌ-ਸੌ ਰਥ ਤੇ ਦੋ-ਦੋ ਹਜ਼ਾਰ ਘੋੜੇ ਤਥਾ ਸੋਨੇ ਦੇ ਸਿੰਗਾਂ ਨਾਲ ਜੜੀਆਂ ਹੋਈਆਂ ਚਾਰ-ਚਾਰ ਹਜ਼ਾਰ ਮਹਿਖੀਆਂ (ਮੱਝਾਂ) ਤੇ ਨਾਲ ਹੀ ਹਰੇਕ ਬ੍ਰਾਹਮਣ ਨੂੰ ਇਕ-ਇਕ ਭਾਰ (ਢਾਈ-ਢਾਈ ਮਣ ਪੱਕਾ) ਸੋਨਾ … ਰੁਕਮ (ਚਾਂਦੀ) … ਤਾਬਾ …. ਅੰਨ …. ਰੇਸ਼ਮੀ ਬਸਤ੍ਰ ਆਦਿਕ ਇਤਨੇ ਦਿੱਤੇ ਜੋ ਮੰਗਤੇ ਵੀ ਰਾਜੇ ਹੋ ਗਏ।

ਚਾਰ ਕੋਹਾਂ ਵਿੱਚ ਹਵਨ-ਕੁੰਡ ਬਣਾਇਆ, ਇੱਕ ਹਜ਼ਾਰ ਪਰਨਾਲਾ ਆਹੂਤੀਆਂ ਵਾਸਤੇ ਲਵਾਇਆ, ਇਕ-ਇਕ ਪਰਨਾਲੇ ਵਿੱਚੋਂ ਹਾਥੀ ਦੇ ਸੁੰਡ ਜਿਤਨੀ ਵੱਡੀ ਘਿਉ ਦੀ ਧਾਰ, ਹੀਰੇ, ਮੋਤੀ, ਕਸਤੂਰੀ ਆਦਿਕ ਸੁਗੰਧਤ ਸਮੱਗ੍ਰੀ …. ਸਮੂਹ ਤੀਰਥਾਂ ਦੀ ਮਿੱਟੀ …. ਅਤੇ ਸਾਰੇ ਮੁਲਕਾਂ ਦੀਆਂ ਲਕੜੀਆਂ ਤਥਾ ਸਾਰੇ ਮੁਲਕਾਂ ਦੀ ਅੱਗ, ਹਰ ਦੇਸ਼ ਦਾ ਪਾਣੀ ਆਦਿਕ ਵਸਤੂਆਂ ਇਕਤ੍ਰ ਕੀਤੀਆਂ ਗਈਆਂ, ਯਥਾ -

ਕੋਟਿ ਕੋਟਿ ਬੁਲਾਹਿ ਰਿਤੱਜ ਕੋਟਿ ਬ੍ਰਹਮ ਬੁਲਾਇ।।

ਕੋਟਿ ਕੋਟਿ ਬਨਾਇ ਬਿੰਜਨ ਭੋਗੀਅਹਿ ਬਹੁ ਭਾਇ।।

ਜੰਤ੍ਰ ਤੱਤ੍ਰ ਸਮਗ੍ਰਕਾ ਕਹੂੰ ਲਾਗ ਹੈ ਨ੍ਰਿਪਰਾਇ।।

ਰਾਜਸੂ ਇੱਕ ਕਹਿ ਲਗੇ ਸਭ ਧਰਮ ਕੋ ਚਿਤ ਚਾਇ।। 142.

ਏਕ ਏਕ ਸੁਵਰਨ ਕੋ ਦਿਜ ਏਕ ਦੀਜੈ ਭਾਰ।।

ਏਕ ਸਉ ਗਜ ਏਕ ਸਉ ਰਣਿ ਦੁਇ ਸਹੰਸ੍ਰ ਤੁਖਾਰ।।

ਸਹੰਸ੍ਰ ਚਤੁਰ ਸੁਵਰਨ ਸਿੰਗੀ ਮਹਿਖਦਾਨ ਅਪਾਰ।।

ਏਕ ਏਕਹਿ ਦੀਜੀਐ ਸੁਨ ਰਾਜ ਅਉਤਾਰ।। 143.

ਸੁਵਰਨ ਦਾਨ ਸੁ ਰੁਕਮ ਦਾਨ ਸੁ ਤਾਂਬ੍ਰ ਦਾਨ ਅਨੰਤ।।

ਅੰਨ ਦਾਲ ਅਨੰਤ ਦੀਜਤ ਦੇਖ ਦੀਨ ਦੁਰੰਤ।।

ਬਸਤ੍ਰ ਦਾਨ, ਪਟੰਬਰ ਦਾਨ, ਸੁ ਸ਼ਸਤ੍ਰ ਦਾਨ ਦਿਹੰਤ।।

ਭੂਪ ਭਿੱਛਕ ਹੋਇ ਗਏ ਸਭ ਦੇਸ ਦੇਮ ਦੁਰੰਤ।। 144.

ਚਤ੍ਰ ਕੋਸ ਬਨਾਇ ਕੁੰਡਕ ਸਹਸ੍ਰ ਲਾਇ ਪਰਨਾਰ।।

ਸਹਸ੍ਰ ਹੋਮ ਕਰੈ ਲਗੈ ਦਿਜ ਬੇਦ ਬਿਆਸ ਅਉਤਾਰ।।

ਹਸਤ ਸੁੰਡ ਪ੍ਰਮਾਨ ਘ੍ਰਿਤ ਕੀ ਪਰਤ ਧਾਰ ਅਪਾਰ।। 145.

ਹੋਤ ਭਸਮ ਅਨੇਕ ਬਿੰਜਨ ਲਪਟ, ਝਪਟ ਕਰਾਲ।।

ਮ੍ਰਿਤਕਾ ਸਭ ਤੀਰਥ ਕੀ ਸਭ ਤੀਰਥ ਕੋ ਲੈ ਬਾਰ।।

ਕਾਸਟਕਾ ਸਭ ਦੇਸ ਕੀ, ਸਭ ਦੇਸ ਕੀ ਜਿਊਨਹਾਰ।।

ਭਾਂਤ ਭਾਂਤਨ ਕੈ ਮਹਾਰਸ ਹੋਮੀਐ ਤਿਹ ਮਾਹਿ।। 146. …

ਅਸ੍ਹਮੇਧ

ਫੇਰ ਕੈ ਸਭ ਦੇਸ ਮੈ ਹੈ (ਘੋੜਾ) ਮਾਰਿਓ ਮੱਖ ਜਾਇ।।

ਕਾਟ ਹੈ ਤਿਹ ਕੋ ਤਬੈ ਪਲ (ਮਾਸ) ਕੈ ਕਰੈ ਚਤੁ ਭਾਇ।।

ਏਕ ਬਿਪ੍ਰਨ, ਏਕ ਛਤ੍ਰਨ, ਏਕ ਬਿਸਤ੍ਰਨ ਦੀਨ।।

ਚਤ੍ਰ ਅੰਸ ਬਚਿਯੋ ਜੁ ਤਾਂ ਤੇ ਹੋਮ ਮੈ ਵਹ ਕੀਨ।। 155.

ਭਾਵ - ਘੋੜੇ ਦਾ ਮਾਸ ਇੱਕ ਹਿੱਸਾ ਬ੍ਰਾਹਮਣਾਂ ਅਤੇ ਛਤ੍ਰੀਆਂ, ਇਕ-ਇਕ ਹਿੰਸਾ ਜੱਗ ਵਿੱਚ ਬੈਠੇ ਹੋਏ ਸਾਰਿਆਂ ਲੋਕਾਂ ਨੇ ਖਾਧਾ। ਤਥਾ ਚੌਥਾ ਹਿੱਸਾ ਅਗਨ ਵਿੱਚ ਹੋਮ ਕੀਤਾ ਗਿਆ।

ਘੋੜੇ ਦਾ ਮਾਸ ਖਾਣਾ ਪੜ੍ਹ ਕੇ ਪਾਠਕ ਅਸਚਰਜ ਨਾ ਹੋਣ ਕਿਉਂਕਿ ਘੋੜਾ ਮਾਰ ਕੇ ਖਾਣਾ ਤਾਂ ਕਿਤੇ ਰਿਹਾ, ਦਸਮ ਗ੍ਰੰਥ ਵਿੱਚ ਲਿਖੇ ਅਨੁਸਾਰ ਕਾਲੀ ਦੇਵੀ (ਮਹਾਂਕਾਲੀ) ਕਲਕੱਤੇ ਵਾਲੀ ਦੇ ਭਵਨ ਵਿੱਚ ਸਾਲ ਦੇ ਸਾਲ ਮਹਿਖਾ (ਭੈਂਸਾ) ਭਾਵ ਝੋਟਾ ਮਾਰ ਕੇ ਭੇਟ ਕਰਨ ਪਿਛੋਂ ਖਾਂਦੇ ਹਨ, ਯਥਾ -

ਮਹਿਖਾਸੁਰ ਕੱਹ ਮਾਰ ਕਰਿ ਪ੍ਰਫੁਲਤਭੀ ਜਗ ਮਾਇ।।

ਤਾਂ ਦਿਨ ਤੇ ਮਹਿਖੈ ਬਲੈ, ਦੇਤ ਜਗਤ ਸੁਖ ਪਾਇ।।

(ਚੰਡੀ ਚਰਿਤ੍ਰ ਅਧਿਆਇ 1, ਅੰਕ 38)

ਕੇਵਲ ਭੈਂਸਾ ਹੀ ਨਹੀਂ ‘ਪਸ਼ੂ ਮੇਧ’ ਜੱਗ ਵਿੱਚ ਹਾਥੀ, ਖੋਤੇ, ਬਕਰੇ, ਰਿੱਛ, ਭੇਡ, ਗਊਆਂ ਆਦਿਕ ਪੂੰਛ ਵਾਲੇ ਜਾਨਵਰ ਮਾਰੇ ਜਾਂਦੇ ਸਨ।

ਗੱਜਮੇਧ

ਚਿੱਟੇ ਦੰਦਾਂ ਵਾਲੇ ਅਨਗਿਣਤ ਹਾਥੀ ਹੋਮਨ ਵਾਸਤੇ …. ਅੱਠਾਂ ਕੋਹਾਂ ਵਿੱਚ ਕੁੰਡ ਬਣਾਇਆ …. ਅੱਠ ਹਜ਼ਾਰ ਰਿੱਤਜ (ਜੱਗ ਕਰਾਵੁਣ ਵਾਲੇ ਬ੍ਰਾਹਮਣ) ਅਤੇ ਅੱਠ ਲੱਖ ਹੋਰ ਬ੍ਰਾਹਮਣ ਬੁਲਾਏ …. ਅੱਠ ਹਜ਼ਾਰ ਪਰਨਾਲਾ ਜਿੰਨ੍ਹਾਂ ਰਾਹੀਂ ਹਾਥੀ ਸੁੰਡ ਜਿਤਨੀ ਘਿਉ ਦੀ ਧਾਰ ਪਾਈ ਗਈ, ਯਥਾ -

ਅਸਟ ਸਹੰਸ੍ਰ ਬੁਲਾਇ ਰਿੱਤਜੁ, ਅਸ਼ਟ ਲੱਛ ਦਿਜਾਨ।।

ਭਾਂਤ ਭਾਂਤ ਬਨਾਇ ਕੈ ਤਹਾਂ ਅਸ਼ਟ ਸਹੰਸ੍ਰ ਪਰਨਾਰ।।

ਹਸਤ ਸੁੰਡ ਪ੍ਰਮਾਨ ਤਾਮਹਿ ਹੋਮੀਐ ਘ੍ਰਿਤ ਹਾਰ।। 158.

ਅਹਿ (ਸਰਪ) ਮੇਧ

ਰਾਜੇ ਜਨਮੇਜਾ ਨੇ ਆਪਣੇ ਪਿਤਾ ਰਾਜੇ ਪ੍ਰੀਛਤ ਦਾ ਤੱਛਕ ਸਰਪ ਤੋਂ ਬਦਲਾ ਲੈਣ ਹਿਤ ਅਹਿਮੇਧ ਜੱਗ ਅਰੰਭਿਆ, ਯਥਾ -

ਪਿਤਰ ਕੇ ਬੱਧ ਕੋਪ ਤੇ ਸਭ ਬਿਪ੍ਰ ਲੀਨ ਬੁਲਾਇ।।

ਸਰਪ ਮੇਧ ਕਰਯੋ ਲਗੇ, ਮੱਖ ਘਰਮ ਕੇ ਚਿਤ ਚਾਇ।। 164.

ਏਕ ਕੋਸ ਪ੍ਰਮਾਨ ਲੌ ਮੱਖ ਕੁੰਡ ਕੀਨ ਬਨਾਇ।।

ਮੰਤ੍ਰ ਸਕਤ ਕਰਨੈ ਲਗੇ ਤਿਹ ਸਰਪ ਕੋਟ ਅਪਾਰ।।

ਜਤ੍ਰ ਤਤ੍ਰ ਉਠੀ ਜੈਤ ਧੁਨ ਭਮ, ਭੂਰ ਉਦਾਰ।। 166.

ਭਾਵ - ਇਸ ਹਵਨ-ਕੁੰਡ ਵਿੱਚ ਮੰਤ੍ਰਾਂ ਦੀ ਸ਼ਕਤੀ ਨਾਲ ਕਰੋੜਾਂ ਸੱਪ ਆ ਕੇ ਗਿਰੇ ਤੇ ਸੜਨ ਲਗੇ ਜੋ ਕਿ ਇੱਕ ਹੱਥ, ਦੋ ਹੱਥ ਤੋਂ ਲੈ ਕੇ ਹਜ਼ਾਰ-ਹਜ਼ਾਰ ਹੱਥ ਲੰਮੇ ਤਥਾ ਛੋਟਿਆਂ ਤੋਂ ਛੋਟੇ ਅੰਗੁਸ਼ਟ ਪਰਮਾਣ (ਹੱਥ ਦੇ ਅੰਗੂਠੇ ਜਿਤਨੇ ਛੋਟੇ) …. ਫਿਰ ਸੰਡਿਆਂ ਤੋਂ ਵੱਡੇ ਹਜ਼ਾਰ-ਹਜ਼ਾਰ, ਦੋ-ਦੋ ਹਜ਼ਾਰ, ਤਿੰਨ-ਤਿੰਨ ਹਜ਼ਾਰ ਯੋਜਨ ਲੰਮੇ ਤੇ ਚੌੜੇ ਸੱਪ ਆ ਕੇ ਸੜਨ ਲਗੇ। (ਅੰਕ 167 ਤੋਂ 171)

ਨੋਟ - ਕਵੀ ਜੀ ਨੇ ਇੱਕ ਕੋਸ (ਕੋਹ) ਦਾ ਹਵਨ-ਕੁੰਡ ਦੱਸਿਆ ਹੈ, ਪ੍ਰੰਤੂ ਦੋ-ਦੋ, ਤਿੰਨ-ਤਿੰਨ ਹਜ਼ਾਰ ਯੋਜਨ ਲੰਮੇ ਸੱਪ ਕੁੰਡ ਵਿੱਚ ਸੜਦੇ ਲਿਖੇ ਹਨ, ਕਿਤਨਾ ਹਾਸੋ ਹੀਣਾ ਝੂਠ ਹੈ।

ਡਾ: ਗੁਰਮੁਖ ਸਿੰਘ

(ਇਹ ਗ੍ਰੰਥ ਧਰਮ ਦੇ ਨਾਮ ਤੇ ਰੱਜ ਕੇ ਝੂਠ ਬੋਲਣ ਵਾਲੇ ਝੂਠੇ ਮਹਾਂਪੁਰਸ਼ਾਂ ਅਤੇ ਉਹਨਾ ਦੇ ਝੂਠੇ ਤੇ ਪਖੰਡੀ ਚੇਲਿਆਂ ਦਾ ਗ੍ਰੰਥ ਹੈ ਜੋ ਕਿ ਅਤੀ ਢੀਠ ਹੋ ਕਿ ਇਸ ਨੂੰ ਦਸਵੇਂ ਪਾਤਸ਼ਾਹ ਦੀ ਕਿਰਤ ਕਹਿ ਕੇ ਦਸਵੇਂ ਪਾਤਸ਼ਾਹ ਦੇ ਨਾਮ ਨੂੰ ਕਲੰਕਤ ਕਰਦੇ ਹਨ-ਸੰਪਾਦਕ)




.