.

ਸਵਾਗਤੀ ਸ਼ਬਦ

‘ਦਾਤਾਂ ਮੰਗਣ ਬਾਰੇ ਗੁਰਬਾਣੀ ਦਾ ਸਿੱਧਾਂਤ’ ਮਹਿੰਦਰ ਸਿੰਘ ਡਿੱਡਨ ਦਾ ਲਿਖਿਆ ਹੋਇਆ ਮੌਲਿਕ ਧਾਰਮਕ-ਲੇਖ ਹੈ ਜਿਸ ਵਿੱਚ ਦਾਤਾਂ ਮੰਗਣ ਸੰਬੰਧੀ ਗੁਰਬਾਣੀ ਦੇ ਸਿੱਧਾਂਤ ਨੂੰ ਬਾਖ਼ੂਬੀ ਸਪੱਸ਼ਟ ਕੀਤਾ ਗਿਆ ਹੈ। ਦਾਤਾਂ ਮੰਗਣ ਸੰਬੰਧੀ ਸਮੇਂ ਸਮੇਂ ਸਿਰ ਪੈਦਾ ਕੀਤੇ ਗਏ ਭੁਲੇਖਿਆਂ ਦਾ ਪਰਦਾ ਫ਼ਾਸ਼ ਕਰਦਿਆਂ ਡਿੱਡਨ ਹੁਰਾਂ ਨੇ, ਗੁਰਬਾਣੀ ਦੇ ਆਧਾਰ ਤੇ ਇਥੇ ਸਪੱਸ਼ਟ ਕੀਤਾ ਹੈ ਕਿ ਦਾਤਾਂ ਦੇ ਰੂਪ ਵਿੱਚ ਕਿਸ ਤੋਂ ਕੀ ਮੰਗਣਾ ਹੈ? ਇਸ ਮਸਲੇ ਸੰਬੰਧੀ ਗੁਰਬਾਣੀ ਦਾ ਨਜ਼ਰੀਆ ਪੂਰੀ ਤਰ੍ਹਾਂ ਸਪੱਸ਼ਟ ਹੈ:-

ਕਿਆ ਮਾਗਉ ਕਿਛੁ ਥਿਰੁ ਨ ਰਹਾਈ॥ ਦੇਖਤ ਨੈਨ ਚਲਿਓ ਜਗੁ ਜਾਈ॥

ਜਾਂ

ਮਾਗਨਾ ਮਾਗਨੁ ਨੀਕਾ ਹਰਿ ਜਸੁ ਗੁਰ ਤੇ ਮਾਗਨਾ॥

ਭਾਵ, ਮੰਗਣਾ ਹੈ ਤਾਂ ਪ੍ਰਮਾਤਮਾ ਦਾ ਜੱਸ, ਹਰੀ ਦਾ ਸਿਮਰਨ ਅਤੇ ਪ੍ਰਭੂ ਦਾ ਨਾਮ। ਉਹ ਵੀ ਸਿਰਫ਼ ਗੁਰੂ ਤੋਂ, ਇੱਕ ਅਕਾਲ ਪੁਰਖ ਤੋਂ ਹੀ ਮੰਗਣਾ ਹੈ। ਇਥੇ ਡਿੱਡਨ ਹੁਰਾਂ ਨੇ ਭਗਤ ਕਬੀਰ ਤੇ ਭਗਤ ਧੰਨਾ ਜੀ ਦੇ ਉਨ੍ਹਾਂ ਸ਼ਬਦਾਂ ਦੀ ਵੀ ਭਰਪੂਰ ਵਿਆਖਿਆ ਕੀਤੀ ਹੈ ਜਿਨ੍ਹਾਂ ਵਿੱਚ ਇਨ੍ਹਾਂ ਭਗਤਾਂ ਨੇ ਪ੍ਰਮਾਤਮਾ ਪਾਸੋਂ ਕੁੱਝ ਦੁਨਿਆਵੀ-ਪਦਾਰਥਾਂ ਦੀ ਮੰਗ ਕੀਤੀ ਹੈ। ਸਿੱਖ ਸਟੱਡੀਜ਼ ਨਾਲ ਸੰਬੰਧਤ ਪ੍ਰਸਿੱਧ ਵਿਦਵਾਨ ਪ੍ਰੋ. ਸਾਹਿਬ ਸਿੰਘ ਜੀ ਦੇ ਇਸ ਸੰਬੰਧੀ ਨਜ਼ਰੀਏ ਨੂੰ ਆਧਾਰ ਬਣਾਉਂਦਿਆਂ ਡਿੱਡਨ ਹੁਰਾਂ ਨੇ ਸੰਬੰਧਤ ਮਸਲੇ ਉਪਰ ਆਪਣਾ ਪ੍ਰਸਤਾਵ ਬੜੀ ਖ਼ੂਬਸੂਰਤੀ ਨਾਲ ਸਪੱਸ਼ਟ ਕੀਤਾ ਹੈ।

ਇਸ ਲੇਖ ਦੇ ਮਿਆਰ ਨੂੰ ਦੇਖਦੇ ਹਏ ਡਿੱਡਨ ਹੁਰਾਂ ਕੋਲੋਂ ਇਸ ਖੇਤਰ ਵਿਜ ਹੋਰ ਕੰਮ ਕਰਨ ਦੀ ਆਸ ਬੱਝਦੀ ਹੈ। ਆਸ ਹੈ ਕਿ ਉਹ ਭਵਿੱਖ `ਚ ਵੀ ਆਪਣੇ ਚਿੰਤਨ ਦੇ ਇਸ ਕਾਰਜ ਨੂੰ ਨਿਰੰਤਰ ਜਾਰੀ ਰਖਣਗੇ। ਇਨ੍ਹਾਂ ਸ਼ਬਦਾਂ ਨਾਲ ਮੈਂ ਇਸ ਲੇਖ ਦਾ ਦਿਲੋਂ ਸਵਾਗਤ ਕਰਦਾ ਹਾਂ।

ਡਾ. ਮਨਜੀਤ ਸਿੰਘ

ਰੀਡਰ, ਪੰਜਾਬੀ ਵਿਭਾਗ

ਦਿੱਲੀ ਯੂਨੀਵਰਸਿਟੀ, ਦਿੱਲੀ (ਭਾਰਤ)

ਫੋਨ: 011-25144124

ਧੰਨਵਾਦ

ਮੈਂ ਧੰਨਵਾਦੀ ਹਾਂ, ਡਾ. ਮਨਜੀਤ ਸਿੰਘ ਜੀ (ਰੀਡਰ, ਪੰਜਾਬੀ ਵਿਭਾਗ, ਦਿੱਲੀ ਯੂਨੀਵਰਸਿਟੀ, ਦਿੱਲੀ) ਦਾ ਜਿਨ੍ਹਾਂ ਨੇ ਮੈਨੂੰ ਇਹ ਹੱਥਲਾ ਲੇਖ ਲਿਖਣ ਦੀ ਪ੍ਰੇਰਨਾ ਤੇ ਸਹਿਯੋਗ ਦਿੱਤਾ।

ਮੈਂ ਧੰਨਵਾਦੀ ਹਾਂ ਗੁਰਮੁਖ ਪਿਆਰੇ ਸ: ਜੋਗਿੰਦਰ ਸਿੰਘ ਜੀ ਅਟੱਲ ਦਾ ਜਿਨ੍ਹਾਂ ਨੇ ਹੱਥਲੇ ਲੇਖ ਨੂੰ ਛਪਵਾ ਕੇ ਸੰਗਤਾਂ ਵਿੱਚ ਨਿਸ਼ੁਲਕ ਵੰਡਣ ਦੀ ਸੇਵਾ ਸੰਭਾਲੀ ਹੈ ਅਤੇ ਮੈਨੂੰ ਇਸ ਖੇਤਰ ਵਿੱਚ ਹੋਰ ਸੇਵਾ ਕਰਨ ਲਈ ਉਤਸ਼ਾਹਿਤ ਕੀਤਾ ਹੈ। ਆਪਣੇ ਇਸ ਨਿਮਾਣੇ ਜਿਹੇ ਯਤਨ ਲਈ ਮੈਨੂੰ ਸੰਗਤਾਂ ਦੇ ਹੁੰਗਾਰੇ ਦੀ ਹਮੇਸ਼ਾਂ ਉਡੀਕ ਰਹੇਗੀ।

ਦਾਸ

ਮਹਿੰਦਰ ਸਿੰਘ ਡਿੱਡਨ

9811526843

ਦਾਤਾਂ ਮੰਗਣ ਬਾਰੇ ਗੁਰਬਾਣੀ ਦਾ ਸਿੱਧਾਂਤ

ਭਾਈ ਕਾਨ੍ਹ ਸਿੰਘ ਨਾਭਾ ਨੇ ਆਪਣੇ ‘ਮਹਾਨ ਕੋਸ਼’ ਦੇ ਪੰਨਾ ਨੰਬਰ 470 ਵਿੱਚ ਦਾਤ ਨੂੰ ਪਰਿਭਾਸ਼ਤ ਕਰਦਿਆਂ ਸਪੱਸ਼ਟ ਕੀਤਾ ਹੈ ਕਿ ‘ਦਾਤਿ’ ਦਾਨ ਕਰਨ ਯੋਗ ਵਸਤੂ ਦੀ ਸੰਗਿਆ ਹੈ। ਭਾਵ, ਦਾਨ ਕਰਨ ਯੋਗ ਵਸਤੂ “ਦੇਵਣ ਵਾਲੇ ਕੈ ਹਾਥਿ ਦਾਤਿ ਹੈ।।” ਦਾਤ ਦੇਣ ਵਾਲਾ ਮਨੁੱਖ ਨਹੀਂ ਹੋ ਸਕਦਾ। “ਦਾਤਾਂ” ਦੇਣ ਵਾਲਾ ਸਿਰਫ਼ ਦਾਤਾਰ ਹੈ। ਇਥੇ “ਦਾਤਿ ਪਿਆਰੀ ਵਿਸਰਿਆ ਦਾਤਾਰ।।” ਵਾਲੀ ਸਥਿਤੀ ਤੋਂ ਸਾਨੂੰ ਬਚਣ ਦਾ ਆਦੇਸ਼ ਹੈ। ਪਰ, ਜ਼ਮੀਨੀ ਹਕੀਕਤ ਇਹ ਹੈ ਕਿ ਮਨੁੱਖ ਸਦੀਵੀਂ ਕਾਲ ਤੋਂ ਹੀ ਜ਼ਰੂਰਤਾਂ ਦਾ ਮਾਰਿਆ ਹੋਇਆ ਹੈ, ਜਿਨ੍ਹਾਂ ਨੂੰ ਪੂਰੀਆਂ ਕਰਨ ਵਾਸਤੇ ਉਹ ਦੂਜਿਆਂ ਪਾਸੋਂ ਆਸ ਰਖਦਾ ਹੈ ਅਤੇ ਝੂਠੇ ਆਸਰੇ ਵੀ ਲੱਭਦਾ ਆ ਰਿਹਾ ਹੈ। ਇਸ ਪੱਖੋਂ ਮਨੁੱਖ ਇੱਕ ਸਦੀਵੀਂ ਮੰਗਤਾ ਹੈ। ਪਰ, ਹਿੰਦੂਸਤਾਨ ਵਿੱਚ ਬ੍ਰਾਹਮਣਾਂ ਨੇ ਮਨੁੱਖ ਨੂੰ ਦਾਨੀ ਬਣਾਉਣ ਤੋਂ ਪਹਿਲਾਂ ਮੰਗਤਾ ਬਣਾ ਲਿਆ ਹੋਇਆ ਸੀ। ਬ੍ਰਾਹਮਣਾਂ ਨੇ ਕੁੱਝ ਐਸੇ ਸਥਾਨ ਥਾਪ ਲਏ ਹੋਏ ਸਨ, ਜਿਥੋਂ ਮੰਗਿਆਂ ਹਰ ਚੀਜ਼ ਮਿਲਣ ਦਾ ਯਕੀਨ ਬੱਝਦਾ ਸੀ ਅਤੇ ਉਥੋਂ ਦੇ ਕਿਸੇ ਪ੍ਰਬੰਧਕ ਜਾਂ ਕਿਸੇ ਸੰਚਾਲਕ ਨੇ ਕਦੀ ਕਿਸੇ ਨੂੰ ਇਹ ਨਹੀਂ ਸੀ ਕਿਹਾ ਕਿ ਇਥੋਂ ਮੰਗਿਆਂ ਕੁੱਝ ਨਹੀਂ ਮਿਲਦਾ। ਮਨੁੱਖ ਦੇ ਇਸੇ ਵਿਸ਼ਵਾਸ ਅਤੇ ਭੁੱਖ ਦੇ ਆਸਰੇ ਲੋਕਾਂ ਨੂੰ ਪਾਪ-ਪੁੰਨ, ਸ੍ਵਰਗ-ਨਰਕ, ਚਾਰ ਪਦਾਰਥ, ਕਾਮਧੇਨ, ਪਾਰਜਾਤ, ਨੌ ਨਿਧੀਆਂ ਅਤੇ ਅਠ੍ਹਾਰਾਂ ਸਿਧੀਆਂ ਆਦਿ ਦੇ ਚੱਕਰ ਵਿੱਚ ਫਸਾ ਕੇ ਬ੍ਰਾਹਮਣਾਂ ਨੇ ਲੋਕਾਂ ਨੂੰ ਲੁਟਣਾ ਆਰੰਭਿਆ ਹੋਇਆ ਸੀ।

ਆਖਰ, ਸੰਸਾਰ ਵਿੱਚ ਇੱਕ ਐਸੀ ਸ਼ਖ਼ਸੀਅਤ ਦਾ ਆਗਮਨ ਹੋਇਆ ਜਿਸ ਦਾ ਨਾਉਂ ਗੁਰੂ ਨਾਨਕ ਦੇਵ ਸੀ। ਜਿਸ ਨੇ ਸਾਨੂੰ ਇੱਕ ਐਸੇ ਗਿਆਨ ਦਾ ਖਜ਼ਾਨਾ ਬਖਸ਼ਿਸ਼ ਕੀਤਾ ਜਿਸ ਦੇ ਅਨੁਸਾਰ ਜੀਵਨ ਨੂੰ ਢਾਲ ਲੈਣ ਮਗਰੋਂ, ਜੀਵਨ ਵਿੱਚ ਕਦੇ ਵੀ, ਕੁੱਝ ਵੀ ਮੰਗਣ ਦੀ ਲੋੜ ਹੀ ਨਹੀਂ ਸੀ ਪੈਣੀ।

ਗੁਰੂ ਜੀ ਨੇ ਦਸਿਆ “ਮਾਗਤ ਮਾਨੁ ਨ ਪਾਇ॥” ਅਤੇ “ਜੋ ਮਾਗੈ ਸੋ ਭੂਖਾ ਰਹੈ॥ ਇਸੁ ਸੰਗਿ ਰਾਚੈ ਸੁ ਕਛੂ ਨ ਲਹੈ॥” (ਸ੍ਰੀ ਗੁ. ਗ੍ਰੰ. ਸਾ. ੮੯੨) ਗੁਰੂ ਜੀ ਨੇ ਕਰਮ-ਕਾਂਡਾਂ ਤੋਂ ਵਰਜਦਿਆਂ ਸਮਝਾਇਆ:-

ਰਾਮ ਨਾਮ ਗੁਣ ਗਾਇ ਪੰਡਿਤ॥

ਕਰਮ ਕਾਂਡ ਅਹੰਕਾਰੁ ਨ ਕਾਜੈ ਕੁਸਲ ਸੇਤੀ ਘਰਿ ਜਾਹਿ ਪੰਡਿਤ॥

(ਸ੍ਰੀ ਗੁ. ਗ੍ਰ. ਸਾ. ੮੯੧)

ਪਰ, ਗੁਰੂ ਸਾਹਿਬ ਦੇ ਅਜਿਹੇ ਉਪਦੇਸ਼ਾਂ ਦੇ ਹੁੰਦਿਆਂ ਅੱਜ ਸਿੱਖ ਜਗਤ ਵਿੱਚ ਵੀ ਕਈ ਐਸੇ ਡੇਰੇ, ਗੁਰਦੁਆਰੇ ਅਤੇ ਤੀਰਥ ਅਸਥਾਨ ਬਣ ਗਏ ਹਨ ਜਿਥੇ ਸਾਲ ਵਿੱਚ ਇੱਕ ਵਾਰੀ ਜਾਂ ਕਿਤੇ ਪੰਜ ਮੰਗਲ ਵਾਰ ਜਾਂ ਪੰਜ ਸ਼ਨਿਚਰਵਾਰ ਮੱਥਾ ਟੇਕਣ ਨਾਲ ਜਾਂ ਅਰਦਾਸ ਕਰਨ ਨਾਲ ਕੁੱਝ ਵੀ ਮੰਗਿਆਂ ਮਿਲ ਸਕਦਾ ਹੈ। ਭਾਵੇਂ, ਉਹ ਮੰਗ ਗੁਰਮਤਿ ਦੇ ਅਨੁਕੂਲ ਹੈ ਜਾਂ ਨਹੀਂ, ਵੱਡੀ ਦੁੱਖ ਵਾਲੀ ਗੱਲ ਇਹ ਹੁੰਦੀ ਹੈ ਕਿ ਅਰਦਾਸੀਆ ਮਹਾਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਖੜਾ ਹੋ ਕੇ ਨਾਸ਼ਵੰਤ ਪਦਾਰਥਾਂ ਦੀ ਮੰਗ ਕਰ ਰਿਹਾ ਹੁੰਦਾ ਹੈ, ਜੋ ਕਿ ਗੁਰੂ ਆਸ਼ੇ ਤੋਂ ਉਲਟ ਹੈ।

ਇਹ ਅਕਸਰ ਵੇਖਣ ਵਿੱਚ ਆਇਆ ਹੈ ਕਿ ਮਨੁੱਖ ਤਾਂ ਪ੍ਰਮਾਤਮਾ ਕੋਲੋਂ ਸੰਸਾਰਿਕ ਪਦਾਰਥ ਹੀ ਮੰਗਦਾ ਹੈ, ਜਿਨ੍ਹਾਂ ਨਾਲ ਉਸ ਦੇ ਸੁੱਖ ਅਤੇ ਦੁੱਖ ਜੁੜੇ ਹੁੰਦੇ ਹਨ, ਪਰ, ਸੁੱਖ ਅਤੇ ਦੁੱਖ ਦੀ ਕੋਈ ਨਿਰਧਾਰਤ ਪਰਿਭਾਸ਼ਾ ਨਹੀਂ ਹੈ। ਇਹ ਤਾਂ ਮਾਨਸਿਕ ਸਥਿਤੀ ਤੇ ਨਿਰਭਰ ਕਰਦੇ ਹਨ। ਜਿਸ ਵਸਤੂ ਵਿੱਚ ਇੱਕ ਆਦਮੀ ਨੂੰ ਸੁੱਖ ਪ੍ਰਾਪਤ ਹੋ ਰਿਹਾ ਹੁੰਦਾ ਹੈ, ਉਸੇ ਵਿੱਚ ਦੂਸਰੇ ਨੂੰ ਦੁੱਖ ਮਹਿਸੂਸ ਹੋ ਰਿਹਾ ਹੁੰਦਾ ਹੈ। ਜਿਵੇਂ ਇੱਕ ਬੰਦੇ ਨੇ ਆਪਣੇ ਪੁੱਤਰ ਦੇ ਵਿਆਹ ਦੇ ਸਮਾਗਮ ਤੇ ਆਪਣੀ ਹੈਸੀਅਤ ਦੇ ਮੁਤਾਬਕ ਬੜਾ ਚੰਗਾ ਇੰਤਜ਼ਾਮ ਕੀਤਾ ਹੋਇਆ ਸੀ। ਇਸ ਗੱਲ ਦਾ ਖਾਸ ਖਿਆਲ ਰਖਿਆ ਗਿਆ ਸੀ ਕਿ ਕਿਸੀ ਮਹਿਮਾਨ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਗਰਮੀ ਡਾਢੀ ਸੀ ਤੇ ਹੈਸੀਅਤ ਤੋਂ ਵੱਧ ਕੂਲਰ ਵੀ ਲਵਾਏ ਹੋਏ ਸਨ। ਕਈ ਪ੍ਰਾਹੁਣੇ ਇਸ ਇੰਤਜ਼ਾਮ ਤੋਂ ਖ਼ੁਸ ਸਨ, ਪਰ ਕੁੱਝ ਪਰੇਸ਼ਾਨ ਵੀ ਸਨ। ਇੱਕ ਆਦਮੀ ਤਾਂ ਡਾਢਾ ਔਖਾ ਜਿਹਾ ਹੋ ਕੇ ਕੁੱਝ ਚਿਰ ਬਹਿਣ ਤੋਂ ਬਾਅਦ ਕਿਸੇ ਕੰਮ ਦਾ ਬਹਾਨਾ ਬਣਾ ਕੇ ਖਿੱਸਕ ਗਿਆ। ਜਾਂਦੇ ਨੂੰ ਇਹ ਕਹਿੰਦੇ ਸੁਣਿਆ ਗਿਆ ਭਾਈ ਮੈਂ ਤਾਂ ਘਰ ਏਅਰ ਕੰਡੀਸ਼ਨਰ ਲਾ ਕੇ ਬਹਿੰਦਾ ਹਾਂ ਇਥੇ ਤਾਂ ਮੈਂ ਐਵੇਂ ਹੀ ਫਸ ਗਿਆ ਸਾਂ। ਰਿਸ਼ਤੇਦਾਰੀ ਅਤੇ ਮੂੰਹ-ਮੁਨ੍ਹਾਝੇ ਕਰਕੇ ਆਉਣਾ ਪਿਆ। ਪਰ, ਫਰਕ ਉਦੋਂ ਪਤਾ ਲੱਗਿਆ ਜਦੋਂ ਇੱਕ ਹੋਰ ਵਿਅਕਤੀ ਇਹ ਕਹਿੰਦਾ ਸੁਣਿਆ ਗਿਆ ਭਾਈ ਕੂਲਰ ਅੱਗੇ ਬਹਿ ਕੇ ਆਨੰਦ ਆ ਗਿਆ। ਘਰ ਤਾਂ ਪੱਖਾ ਵੀ ਨਸੀਬ ਨਹੀਂ ਸੀ। ਹੁਣ ਵੇਖੋ ਕੂਲਰ ਉਹੀ ਹੈ ਪਰ ਦੋਹਾਂ ਬੰਦਿਆਂ ਦੀ ਮਾਨਸਿਕ ਸਥਿਤੀ ਵਿੱਚ ਕਿੰਨਾ ਵੱਡਾ ਫਰਕ ਹੈ। ਇਨ੍ਹਾਂ ਸੰਸਾਰਿਕ ਸੁੱਖਾਂ ਦੀ ਅਤੇ ਦੁੱਖਾਂ ਦੀ ਕੋਈ ਸੀਮਾ ਨਹੀਂ ਹੈ। ਇਸ ਲਈ ਸੰਸਾਰਕ ਚੀਜ਼ਾਂ ਦੇ ਮੰਗਣ ਦੀ ਵੀ ਕੋਈ ਸੀਮਾ ਨਹੀਂ ਹੈ। ਪਰ, ਨਿਰਵਾਹ ਤੋਂ ਜਿਆਦਾ ਵਸਤੂਆਂ ਦੀ ਲਾਲਸਾ, ਤ੍ਰਿਸ਼ਨਾ ਨੂੰ ਜਨਮ ਦੇਂਦੀ ਹੈ ਜੋ ਕਿ ਪਾਪਾਂ ਦਾ ਮੂਲ ਕਾਰਨ ਹੈ।

ਤਿਸਨਾ ਅੰਦਰਿ ਅਗਨਿ ਹੈ ਨਹ ਤਿਪਤੈ ਭੁਖਾ ਤਿਹਾਇਆ॥

(ਸ੍ਰੀ ਗੁ. ਗ੍ਰੰ. ਸਾ. ੧੩੮)

ਹਾਂ, ਇਨ੍ਹਾਂ ਮੰਗਾਂ ਉਤੇ ਕਾਬੂ ਪਾਇਆ ਜਾ ਸਕਦਾ ਹੈ ਅਗਰ ਲੋਭ ਅਤੇ ਤ੍ਰਿਸ਼ਨਾ ਨੂੰ ਲਗਾਮ ਦੇਈਏ। ਗੁਰੂ ਜੀ ਦਾ ਫੁਰਮਾਨ ਹੈ:

ਭੁਖਿਆ ਭੁਖ ਨ ਉਤਰੈ ਗਲੀ ਭੁਖ ਨ ਜਾਇ॥

ਨਾਨਕ ਭੁਖਾ ਤਾ ਰਜੈ ਜਾ ਗੁਣ ਕਹਿ ਗੁਣੀ ਸਮਾਇ॥ (ਸ੍ਰੀ ਗੁ. ਗ੍ਰੰ. ਸਾ. ੧੪੭)

ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ॥ (ਸ੍ਰੀ ਗੁ. ਗ੍ਰੰ. ਸਾ. ੧)

ਵੈਸੇ ਤਾਂ ਪ੍ਰਮਾਤਮਾ ਬਿਨਾ ਮੰਗੇ ਹੀ ਸਾਰੀਆਂ ਦਾਤਾਂ ਬਖਸ਼ਣ ਵਾਲਾ ਹੈ। ਇਸ ਸੰਦਰਭ ਵਿੱਚ ਗੁਰੂ ਜੀ ਨੇ ਸਾਰੇ ਜਗਤ ਨੂੰ ਸਮਝਾਇਆ ਹੈ ਕਿ ਕਿਸ ਤੋਂ ਮੰਗਣਾ ਹੈ ਅਤੇ ਕੀ ਮੰਗਣਾ ਹੈ? ਦੁਨਿਆਵੀ ਚੀਜਾਂ ਤਾਂ ਸਾਨੂੰ ਮਿਲਦੀਆਂ ਹਨ ਸਾਡੇ ਕੀਤੇ ਹੋਏ ਕਰਮਾਂ ਅਨੁਸਾਰ। ਆਪਣੀ ਮਿਹਨਤ, ਆਪਣੀ ਅਕਲ, ਆਪਣੀ ਹਿਕਮਤ ਨਾਲ ਕਿਸੇ ਨੂੰ ਕੁੱਝ ਵੀ ਨਹੀਂ ਮਿਲਦਾ:

ਆਪਣ ਲੀਆ ਜੇ ਮਿਲੈ ਤਾ ਸਭੁ ਕੋ ਭਾਗਠੁ ਹੋਇ॥

ਕਰਮਾ ਉਪਰਿ ਨਿਬੜੈ ਜੇ ਲੋਚੈ ਸਭੁ ਕੋਇ॥ (ਸ੍ਰੀ ਗੁ. ਗ੍ਰੰ. ਸਾ. ੧੫੭)

ਕਰਮੀ ਕਰਮੀ ਹੋਇ ਵੀਚਾਰੁ॥ (ਸ੍ਰੀ ਗੁ. ਗ੍ਰੰ. ਸਾ. ੭)।

ਜਿਤੁ ਕੋ ਲਾਇਆ ਤਿਤ ਹੀ ਲਾਗਾ॥

ਸੋ ਸੇਵਕੁ ਨਾਨਕ ਜਿਸੁ ਭਾਗਾ॥ (ਸ੍ਰੀ ਗੁ. ਗ੍ਰੰ. ਸਾ. ੨੩੯)

ਸੁਖੁ ਦੁਖੁ ਪੁਰਬ ਜਨਮ ਕੇ ਕੀਏ॥

ਸੋ ਜਾਣੈ ਜਿਨਿ ਦਾਤੈ ਦੀਏ॥ (ਸ੍ਰੀ ਗੁ. ਗ੍ਰੰ. ਸਾ. ੧੦੩੦)

“ਮਨ ਮੂਰਖ ਕਾਹੇ ਬਿਲਲਾਈਐ॥

ਪੁਰਬ ਲਿਖੇ ਕਾ ਲਿਖਿਆ ਪਾਈਐ॥” (ਸ੍ਰੀ ਗੁ. ਗ੍ਰੰ. ਸਾ. ੨੮੩)

ਫੇਰ ਮੰਗਣਾਂ ਕੀ ਹੈ ਅਤੇ ਕਿਸ ਤੋਂ? ਇਸ ਬਾਰੇ ਗੁਰੂ ਜੀ ਦਾ ਫੁਰਮਾਨ ਹੈ

ਕਿਆ ਮਾਗਉ ਕਿਛੁ ਥਿਰੁ ਨ ਰਹਾਈ॥

ਦੇਖਤ ਨੈਨ ਚਲਿਓ ਜਗੁ ਜਾਈ॥ ੧ (ਸ੍ਰੀ ਗੁ. ਗ੍ਰੰ. ਸਾ. ੪੮੧)

ਅਗਰ ਕੁੱਝ ਵੀ ਸਾਡੇ ਨਾਲ ਨਹੀਂ ਨਿਭਣਾ ਤਾਂ ਫਿਰ ਮੰਗਣਾ ਕੀ ਹੈ? “ਮਾਗਨਾ ਮਾਗਨੁ ਨੀਕਾ ਹਰਿ ਜਸੁ ਗੁਰ ਤੇ ਮਾਗਨਾ॥” (ਸ੍ਰੀ ਗੁ. ਗ੍ਰੰ. ਸਾ. ੧੦੧੮)। ਅਗਰ ਪ੍ਰਮਾਤਮਾ ਤੋਂ ਕੁੱਝ ਮੰਗਣਾ ਹੈ ਤਾਂ ਉਸ ਪ੍ਰਮਾਤਮਾ ਦਾ ਜੱਸ, ਹਰੀ ਦਾ ਸਿਮਰਨ ਅਤੇ ਪ੍ਰਭੂ ਦਾ ਨਾਮ। ਅਗਰ ਕੋਈ ਨਾਸ਼ਵੰਤ ਚੀਜ਼ਾਂ ਦੀ ਮੰਗ ਕਰਦਾ ਹੈ ਤਾਂ ਉਸ ਦੀ ਆਤਮਕ ਮੌਤ ਹੋਣ ਵਿੱਚ ਚਿਰ ਨਹੀਂ ਲੱਗਦਾ, ਇਸੇ ਲਈ

ਵਿਣੁ ਤੁਧੁ ਹੋਰੁ ਜਿ ਮੰਗਣਾ ਸਿਰਿ ਦੁਖਾ ਕੈ ਦੁਖ॥

ਦੇਹਿ ਨਾਮੁ ਸੰਤੋਖੀਆ ਉਤਰੈ ਮਨ ਕੀ ਭੁਖ॥ (ਸ੍ਰੀ ਗੁ. ਗ੍ਰੰ. ਸਾ. ੯੫੮)

ਪ੍ਰਮਾਤਮਾ ਤੋਂ ਇਲਾਵਾ ਹੋਰ ਕੋਈ ਵੀ ਸਾਡੀਆਂ ਲੋੜਾਂ ਸਦਾ ਲਈ ਪੂਰੀਆਂ ਨਹੀਂ ਕਰ ਸਕਦਾ।

ਮਾਗਉ ਕਾਹਿ ਰੰਕ ਸਭ ਦੇਖਉ ਤੁਮੑ ਹੀ ਤੇ ਮੇਰੋ ਨਿਸਤਾਰੁ॥

(ਸ੍ਰੀ ਗੁ. ਗ੍ਰੰ. ਸਾ. ੮੫੬)

ਜੀਅਨ ਕਾ ਦਾਤਾ ਏਕੁ ਹੈ ਬੀਆ ਨਹੀ ਹੋਰੁ॥

ਨਾਨਕ ਕੀ ਬੇਨੰਤੀਆ ਮੈ ਤੇਰਾ ਜੋਰੁ॥ (ਸ੍ਰੀ ਗੁ. ਗ੍ਰੰ. ਸਾ. ੮੧੮)

ਏਕੁ ਦਾਤਾਰੁ ਸਗਲ ਹੈ ਜਾਚਿਕ ਦੂਸਰ ਕੈ ਪਹਿ ਜਾਵਉ॥

(ਸ੍ਰੀ ਗੁ. ਗ੍ਰੰ. ਸਾ. ੪੦੧)

ਇਨ੍ਹਾਂ ਸਾਰੀਆਂ ਗੱਲਾਂ ਤੋਂ ਇਹ ਪ੍ਰਮਾਣਿਤ ਹੁੰਦਾ ਹੈ ਕਿ ਅਸੀਂ ਮੰਗਣਾ ਹੈ ਸਿਰਫ ਪ੍ਰਮਾਤਮਾ ਕੋਲੋਂ ਅਤੇ ਮੰਗਣਾ ਹੈ ਤਾਂ ਸਿਰਫ ਤੇ ਸਿਰਫ ਉਸ ਦੇ ਨਾਮ ਦਾ ਸਿਮਰਨ।

ਪਰ, ਕਈ ਲੋਕੀਂ ਇਹ ਵੀ ਕਹਿੰਦੇ ਹਨ ਕਿ ਜੇਕਰ ਅਸੀਂ ਪ੍ਰਮਾਤਮਾ ਤੋਂ ਉਸ ਦਾ ਨਾਮ ਹੀ ਮੰਗਣਾ ਹੈ ਤਾਂ ਭਗਤਾਂ ਨੇ, ਭਗਤ ਕਬੀਰ ਜੀ ਅਤੇ ਭਗਤ ਧੰਨਾ ਜੀ ਨੇ ਦੁਨਿਆਵੀ ਪਦਾਰਥਾਂ ਦੀ ਮੰਗ ਕਿਉਂ ਕੀਤੀ? ਕਬੀਰ ਜੀ ਨੇ ਤਾਂ ਚੂਨਾਂ, ਘਿਉ, ਲੂਣ, ਦਾਲ, ਚਾਰਪਾਈ, ਸਿਰਹਾਣਾ, ਤਲਾਈ, ਰਜਾਈ ਆਦਿ ਸਭ ਕੁੱਝ ਮੰਗ ਲਿਆ ਅਤੇ ਧੰਨਾ ਜੀ ਨੇ ਵੀ ਇਸੇ ਤਰ੍ਹਾਂ ਦੀਆਂ ਮੰਗਾਂ ਕੀਤੀਆਂ ਹਨ। ਅੱਗੇ ਚਲਣ ਤੋਂ ਪਹਿਲਾਂ ਇਨ੍ਹਾਂ ਦੋਹਾਂ ਭਗਤਾਂ ਦੇ ਸ਼ਬਦ ਅਤੇ ਸ਼ਬਦਾਂ ਦੀ ਵਿਆਖਿਆ ਜੋ ਪ੍ਰੋ. ਸਾਹਿਬ ਸਿੰਘ ਜੀ ਨੇ ਕੀਤੀ ਹੈ, ਉਸ ਨੂੰ ਬੜੇ ਗਹੁ ਨਾਲ ਪੜ੍ਹ ਕੇ ਸਮਝ ਲਈਐ।

1. ਭਗਤ ਕਬੀਰ ਜੀ

ਭੂਖੇ ਭਗਤਿ ਨ ਕੀਜੈ॥

ਯਹ ਮਾਲਾ ਅਪਨੀ ਲੀਜੈ॥

ਹਉ ਮਾਂਗਉ ਸੰਤਨ ਰੇਨਾ॥

ਮੈ ਨਾਹੀ ਕਿਸੀ ਕਾ ਦੇਨਾ॥ ੧॥

ਮਾਧੋ ਕੈਸੀ ਬਨੈ ਤੁਮ ਸੰਗੇ॥

ਆਪਿ ਨ ਦੇਹੁ ਤ ਲੇਵਉ ਮੰਗੇ॥ ਰਹਾਉ॥

ਦੁਇ ਸੇਰ ਮਾਂਗਉ ਚੂਨਾ॥

ਪਾਉ ਘੀਉ ਸੰਗਿ ਲੂਨਾ॥

ਅਧ ਸੇਰੁ ਮਾਂਗਉ ਦਾਲੇ॥

ਮੋ ਕਉ ਦੋਨਉ ਵਖਤ ਜਿਵਾਲੇ॥ ੨॥

ਖਾਟ ਮਾਂਗਉ ਚਉਪਾਈ॥

ਸਿਰਹਾਨਾ ਅਵਰ ਤੁਲਾਈ॥

ਊਪਰ ਕਉ ਮਾਂਗਉ ਖੀਂਧਾ॥

ਤੇਰੀ ਭਗਤਿ ਕਰੈ ਜਨੁ ਥੀਂਦਾ॥ ੩॥

ਮੈ ਨਾਹੀ ਕੀਤਾ ਲਬੋ॥

ਇਕੁ ਨਾਉ ਤੇਰਾ ਮੈ ਫਬੋ॥

ਕਹਿ ਕਬੀਰ ਮਨੁ ਮਾਨਿਆ॥

ਮਨੁ ਮਾਨਿਆ ਤਉ ਹਰਿ ਜਾਨਿਆ॥ ੪॥ (ਸ੍ਰੀ ਗੁ. ਗ੍ਰੰ. ਸਾ. ੬੫੬)

ਅਰਥ:- ਹੇ ਪ੍ਰਭੂ! ਤੈਥੋਂ ਸ਼ਰਮ ਕੀਤਿਆਂ ਨਹੀਂ ਨਿਭ ਸਕਣੀ, ਸੋ, ਜੇ ਆਪ ਨਾਂਹ ਦੇਵੇਂਗਾ, ਤਾਂ ਮੈਂ ਮੰਗ ਕੇ ਲੈ ਲਵਾਂਗਾ। (ਰਹਾਉ) ਜੇ ਮਨੁੱਖ ਦੀ ਰੋਟੀ ਵਲੋਂ ਹੀ ਤ੍ਰਿਸ਼ਨਾ ਨਹੀਂ ਮੁੱਕੀ, ਤਾਂ ਉਹ ਪ੍ਰਭੂ ਦੀ ਭਗਤੀ ਨਹੀਂ ਕਰ ਸਕਦਾ, ਫਿਰ ਉਹ ਭਗਤੀ ਵਿਖਾਵੇ ਦੀ ਹੀ ਰਹਿ ਜਾਂਦੀ ਹੈ। (ਪ੍ਰਭੂ) ਇੱਕ ਤਾਂ ਮੈਨੂੰ ਰੋਟੀ ਵਲੋਂ ਬੇ-ਫਿਕਰ ਕਰ, ਦੂਜੇ! ਮੈਂ ਸੰਤਾਂ ਦੀ ਚਰਨ ਧੂੜ ਮੰਗਦਾ ਹਾਂ, ਤਾਂਕਿ ਮੈਂ ਕਿਸੇ ਦਾ ਮੁਥਾਜ ਨਾਂਹ ਹੋਵਾਂ। ੧।

ਮੈਨੂੰ ਦੋ ਸੇਰ ਆਟੇ ਦੀ ਲੋੜ ਹੈ, ਇੱਕ ਪਾਉ ਘਿਉ ਤੇ ਕੁੱਝ ਲੂਣ ਚਾਹੀਦਾ ਹੈ, ਮੈਂ ਤੈਥੋਂ ਅੱਧ ਸੇਰ ਦਾਲ ਮੰਗਦਾ ਹਾਂ - ਇਹ ਚੀਜ਼ਾਂ ਮੇਰੇ ਦੋਹਾ ਵੇਲਿਆਂ ਦੀ ਗੁਜ਼ਰਾਨ ਲਈ ਕਾਫੀ ਹਨ। ੨।

ਸਾਬਤ ਮੰਜੀ ਮੰਗਦਾ ਹਾਂ, ਸਿਰਹਾਣਾ ਤੇ ਤਲਾਈ ਭੀ, ਉਪਰ ਲੈਣ ਲਈ ਰਜਾਈ ਦੀ ਲੋੜ ਹੈ ਬਸ! ਫਿਰ ਤੇਰਾ ਭਗਤ (ਸ਼ਰੀਰਕ ਲੋੜਾਂ ਵਲੋਂ ਬੇ-ਫਿਕਰ ਹੋ ਕੇ) ਤੇਰੇ ਪ੍ਰੇਮ ਵਿੱਚ ਭਿੱਜ ਕੇ ਤੇਰੀ ਭਗਤੀ ਕਰੇਗਾ। ੩।

ਕਬੀਰ ਆਖਦਾ ਹੈ - ਹੇ ਪ੍ਰਭੂ! ਮੈਂ (ਮੰਗਣ ਵਿਚ) ਕੋਈ ਲਾਲਚ ਨਹੀਂ ਕੀਤਾ, ਕਿਉਂਕਿ (ਉਹ ਚੀਜ਼ਾਂ ਤਾਂ ਸ਼ਰੀਰਕ ਨਿਰਬਾਹ - ਮਾਤਰ ਹਨ) ਅਸਲ ਵਿੱਚ ਤਾਂ ਮੈਨੂੰ ਤੇਰਾ ਨਾਮ ਹੀ ਪਿਆਰਾ ਹੈ। ਮੇਰਾ ਮਨ (ਤੇਰੇ ਨਾਮ ਵਿਚ) ਪਰਚਿਆ ਹੋਇਆ ਹੈ ਤੇ ਜਦੋਂ ਦਾ ਪਰਚਿਆ ਹੈ ਤਦੋਂ ਤੋਂ ਤੇਰੇ ਨਾਲ ਮੇਰੀ (ਡੂੰਘੀ) ਜਾਣ-ਪਛਾਣ ਹੋ ਗਈ ਹੈ। ੪। ੧੧।

ਸ਼ਬਦ ਦਾ ਭਾਵ:- ਜਦੋਂ ਤੱਕ ਮਨੁੱਖ ਦਾ ਮਨ ਤ੍ਰਿਸ਼ਨਾ ਦੇ ਅਧੀਨ ਹੈ, ਪ੍ਰਮਾਤਮਾ ਦੀ ਭਗਤੀ ਨਹੀਂ ਕੀਤੀ ਜਾ ਸਕਦੀ। ਤ੍ਰਿਸ਼ਨਾ ਤੇ ਭਗਤੀ ਦਾ ਕਦੇ ਜੋੜ ਨਹੀਂ ਹੋ ਸਕਦਾ।

2. ਭਗਤ ਧੰਨਾ ਜੀ

ਗੋਪਾਲ ਤੇਰਾ ਆਰਤਾ॥

ਜੋ ਜਨ ਤੁਮਰੀ ਭਗਤਿ ਕਰੰਤੇ

ਤਿਨ ਕੇ ਕਾਜ ਸਵਾਰਤਾ॥ ੧॥ ਰਹਾਉ॥

ਦਾਲਿ ਸੀਧਾ ਮਾਗਉ ਘੀਉ॥

ਹਮਰਾ ਖੁਸੀ ਕਰੈ ਨਿਤ ਜੀਉ॥

ਪਨੀੑਆ ਛਾਦਨੁ ਨੀਕਾ॥

ਅਨਾਜੁ ਮਗਉ ਸਤ ਸੀ ਕਾ॥ ੧॥

ਗਊ ਭੈਸ ਮਗਉ ਲਾਵੇਰੀ॥

ਇਕ ਤਾਜਨਿ ਤੁਰੀ ਚੰਗੇਰੀ॥

ਘਰ ਕੀ ਗੀਹਨਿ ਚੰਗੀ॥

ਜਨੁ ਧੰਨਾ ਲੇਵੈ ਮੰਗੀ॥ ੨॥ (ਸ੍ਰੀ ਗੁ. ਗ੍ਰੰ. ਸਾ. ੬੯੫)

ਅਰਥ:- ਹੇ ਪ੍ਰਿਥਵੀ ਦੇ ਪਾਲਣ ਵਾਲੇ ਪ੍ਰਭੂ! ਮੈਂ ਤੇਰੇ ਦਰ ਦਾ ਮੰਗਤਾ ਹਾਂ (ਮੇਰੀਆਂ ਲੋੜਾਂ ਪੂਰੀਆਂ ਕਰ), ਜੋ ਜੋ ਮਨੁੱਖ ਤੇਰੀ ਭਗਤੀ ਕਰਦੇ ਹਨ, ਤੂੰ ਉਹਨਾਂ ਦੇ ਕੰਮ ਸਿਰੇ ਚਾੜ੍ਹਦਾ ਹੈ। ੧। ਰਹਾਉ।

ਮੈਂ (ਤੇਰੇ ਦਰ ਤੋਂ) ਦਾਲ, ਆਟਾ ਤੇ ਘਿਉ ਮੰਗਦਾ ਹਾਂ, ਜੋ ਮੇਰੀ ਜਿੰਦ ਨੂੰ ਨਿਤ ਸੁੱਖੀ ਰੱਖੇ, ਜੁੱਤੀ ਤੇ ਸੁਹਣਾ ਕੱਪੜਾ ਭੀ ਮੰਗਦਾ ਹਾਂ, ਤੇ ਸੱਤਾਂ ਸੀਆਂ ਦਾ ਅਨ ਭੀ (ਤੈਥੋਂ ਹੀ) ਮੰਗਦਾ ਹਾਂ। ੧।

ਹੇ ਗੋਪਾਲ! ਮੈਂ ਗਾਂ, ਮਹਿ ਲਵੇਰੀ (ਭੀ) ਮੰਗਦਾ ਹਾਂ, ਤੇ ਇੱਕ ਚੰਗੀ ਅਰਬੀ ਘੋੜੀ ਭੀ ਚਾਹੀਦੀ ਹੈ। ਮੈਂ ਤੇਰਾ ਦਾਸ ਧੰਨਾ ਸੰਗ ਕੇ ਘਰ ਦੀ ਚੰਗੀ ਇਸਤ੍ਰੀ ਭੀ ਮੰਗਦਾ ਹਾਂ। ੨। ੧।

ਇਨ੍ਹਾਂ ਦੋਹਾਂ ਸ਼ਬਦਾਂ ਦਾ ਵਿਸ਼ਲੇਸ਼ਣ ਕੀਤਿਆਂ ਇਹੀ ਸਿੱਧ ਹੁੰਦਾ ਹੈ ਕਿ ਦੋਹਾਂ ਭਗਤਾਂ ਨੇ ਮੰਗਿਆ ਹੈ, ਕੇਵਲ ਅਤੇ ਕੇਵਲ ਰੱਬ ਕੋਲੋਂ। ਇਥੇ ਇੱਕ ਹੋਰ ਗਲ ਖਿਆਲ ਰੱਖਣ ਵਾਲੀ ਹੈ ਕਿ ਧੰਨਾਂ ਜੀ ਦਾ ਸ਼ਬਦ “ਗੋਪਾਲ ਤੇਰਾ ਆਰਤਾ” ਵਿੱਚ ਆਰਤੀ ਵਾਲੀ ਕੋਈ ਗੱਲ ਨਹੀਂ ਹੈ। ਕਿਉਂਕਿ “ਆਰਤਾ” ਸ਼ਬਦ “ਆਰਤੀ” ਨਾਲ ਮਿਲਦਾ ਜੁਲਦਾ ਹੈ ਜਿਸ ਕਰਕੇ ਇਸ ਸ਼ਬਦ ਨੂੰ ਆਰਤੀ ਦੇ ਸ਼ਬਦਾਂ ਵਿੱਚ ਅਕਸਰ ਸ਼ਾਮਲ ਕਰ ਲਿਆ ਜਾਂਦਾ ਹੈ। ਆਰਤੀ ਵਿੱਚ ਫੁੱਲ, ਧੂਪ, ਦੀਵਾ ਆਦਿ ਦਾ ਹੋਣਾ ਜ਼ਰੂਰੀ ਹੁੰਦਾ ਹੈ ਜਦਕਿ ਇਸ ਸ਼ਬਦ ਵਿੱਚ ਇਨ੍ਹਾਂ ਚੀਜ਼ਾਂ ਦਾ ਕੋਈ ਜ਼ਿਕਰ ਨਹੀਂ ਹੈ। ਸ਼ਬਦ ਆਰਤਾ ਦਾ ਅਰਥ ਹੈ ਮੰਗਤਾ, ਦੁਖੀਆ, ਲੋੜਵੰਦ। ਹੇ ਪ੍ਰਭੂ, ਮੈਂ ਤੇਰਾ ਮੰਗਤਾ ਹਾਂ। ਇਨ੍ਹਾਂ ਸ਼ਬਦਾਂ ਨੂੰ ਗਹੁ ਨਾਲ ਪੜ੍ਹਿਆਂ ਅਤੇ ਸਮਝਿਆਂ ਇਹੀ ਸਿਧ ਹੁੰਦਾ ਹੈ ਕਿ ਦੋਵੇਂ ਭਗਤ ਸਿਰਫ ਪ੍ਰਮਾਤਮਾ ਤੋਂ ਮੰਗ ਰਹੇ ਹਨ ਅਤੇ ਰੋਜ਼ਾਨਾ-ਜੀਵਨ ਦੀਆਂ ਲੋੜਾਂ ਹੀ ਮੰਗ ਰਹੇ ਹਨ। ਸਿਰਫ ਉਤਨਾ ਹੀ ਮੰਗਿਆ ਹੈ ਜਿਤਨਾ ਜੀਵਨ-ਨਿਰਵਾਹ ਵਾਸਤੇ ਬਹੁਤ ਜ਼ਰੂਰੀ ਹੈ।

ਇਸ ਦਾ ਮਤਲਬ ਹਰਗਿਜ਼ ਇਹ ਨਹੀਂ ਲੈਣਾ ਚਾਹੀਦਾ ਕਿ ਭਗਤ ਕਮਾਉਣ ਜਾਂ ਮਿਹਨਤ ਕਰਨ ਤੋਂ ਬਚਣਾ ਚਾਹੁੰਦੇ ਸਨ। ਕਬੀਰ ਜੀ ਜਾਤ ਦੇ ਜੁਲਾਹੇ ਸਨ ਅਤੇ ਹੱਥੀਂ ਖੱਡੀ ਉਤੇ ਕੱਪੜਾ ਬੁਣਨ ਦਾ ਕੰਮ ਕਰਿਆ ਕਰਦੇ ਸਨ। ਧੰਨਾ ਜੀ ਜੱਟ ਸਨ ਜੋ ਖੇਤੀ ਕਰਦੇ ਸਨ। ਹੱਲ ਵਾਹੁਣਾ ਅਤੇ ਖੇਤੀ ਬੀਜਣੀ, ਉਨ੍ਹਾਂ ਦਾ ਕਿੱਤਾ ਸੀ। ਸਿਮਰਨ ਦੇ ਨਾਲ ਕੰਮ ਅਤੇ ਕੰਮ ਦੇ ਨਾਲ ਸਿਮਰਨ ਤੋਂ ਉਹ ਕਦੇ ਗੁਰੇਜ਼ ਨਹੀਂ ਸਨ ਕਰਦੇ।

ਮੇਰੇ ਵਿਚਾਰ ਵਿੱਚ ਉਨ੍ਹਾਂ ਦੇ ਮੰਗਣ ਦੇ ਪਿੱਛੇ ਇੱਕ ਬਹੁਤ ਵੱਡਾ ਸਿੱਧਾਂਤ ਛੁਪਿਆ ਹੋਇਆ ਹੈ। ਜਿਵੇਂ ਅੱਜ ਕੱਲ੍ਹ ਵੀ ਵੇਖਣ ਵਿੱਚ ਆਉਂਦਾ ਹੈ ਕਿ ਜਦੋਂ ਕੋਈ ਅਖੌਤੀ ਸੰਤ ਜਾਂ ਡੇਰੇਦਾਰ ਥੋੜ੍ਹਾ ਜਿਹਾ ਮਸ਼ਹੂਰ ਹੋ ਜਾਂਦਾ ਹੈ ਤਾਂ ਦੁੱਖੀ ਅਤੇ ਲੋੜਵੰਦ ਲੋਕ ਉਸਦੇ ਅੱਗੇ-ਪਿਛੇ ਝੁਰਮਟ ਪਾ ਲੈਂਦੇ ਹਨ ਅਤੇ ਉਨ੍ਹਾਂ ਤੋਂ ਆਪਣੀਆਂ ਲੋੜਾਂ ਪੂਰੀਆਂ ਕਰਨ ਦੇ ਸਾਧਨ ਪੁੱਛਦੇ ਹਨ। ਸੁਆਰਥੀ ਲੋਕ ਵਰ ਅਤੇ ਅਸੀਸਾਂ ਦੁਆਰਾ ਉਨ੍ਹਾਂ ਕੋਲੋਂ ਆਪਣੇ ਕੰਮ ਪੂਰੇ ਕਰਵਾਉਣਾ ਚਾਹੁੰਦੇ ਹਨ। ਜਦੋਂ ਇਨ੍ਹਾਂ ਅਖੌਤੀ ਭਗਤਾਂ-ਸੰਤਾਂ ਦੀ ਝੂਠੀ ਮਹਿਮਾ ਇਧਰ-ਉਧਰ ਖਿਲਰਦੀ ਹੈ ਤਾਂ ਉਨ੍ਹਾਂ ਦੇ ਦੁਆਲੇ ਅਜਿਹੇ ਲੋਕਾਂ ਦਾ ਆ ਜੁੜਨਾ ਅਤੇ ਉਨ੍ਹਾਂ ਕੋਲੋਂ ਦੁਖਾਂ ਦੇ ਨਿਵਾਰਣ ਤੇ ਸੁੱਖਾਂ ਦੀ ਪ੍ਰਾਪਤੀ ਲਈ ਮੰਗ ਕਰਨਾ ਸੁਭਾਵਿਕ ਹੈ। ਧੰਨਾ ਜੀ ਨੇ ਤਾਂ ਸਪਸ਼ਟ ਲਫਜ਼ਾਂ ਵਿੱਚ ਕਿਹਾ ਹੈ ਕਿ ਜਿਹੜੇ ਲੋਕ, ਪ੍ਰਮਾਤਮਾ ਦੀ ਭਗਤੀ ਕਰਦੇ ਹਨ, ਉਨ੍ਹਾਂ ਦੇ ਕੰਮ ਉਹ ਆਪ ਸੁਆਰਦਾ ਹੈ।

ਇਨ੍ਹਾਂ ਦੋਹਾਂ ਭਗਤਾਂ ਨੇ ਮੰਗਿਆ ਹੈ ਕੇਵਲ ਅਤੇ ਕੇਵਲ ਰੱਬ ਕੋਲੋਂ ਅਤੇ ਉਨ੍ਹਾਂ ਨੇ ਮੰਗਿਆ ਵੀ ਸ਼ਾਵਿਦ ਇਹ ਸਮਝਾਉਣ ਵਾਸਤੇ ਹੈ ਕਿ ਕਿਸੇ ਹੋਰ ਦੀ ਆਸ ਛੱਡ ਕੇ ਸਿਰਫ ਰੱਬ ਤੋਂ ਹੀ ਮੰਗਣਾ ਹੈ। ਅਤੇ ਮੰਗਣਾ ਵੀ ਸਿਰਫ ਉਤਨਾ ਹੀ ਹੈ ਜਿਤਨਾਂ ਕਿ ਜੀਵਨ-ਨਿਰਬਾਹ ਵਾਸਤੇ ਬਹੁਤ ਜਰੂਰੀ ਹੋਵੇ। ਇੱਕ ਮਕਾਨ ਦੇ ਹੁੰਦਿਆਂ ਕਿਸੇ ਵੱਡੀ ਕੋਠੀ ਦੀ ਮੰਗ ਨਹੀਂ ਕੀਤੀ। ਹੋਰ ਫਾਲਤੂ ਦੇ ਜ਼ਮੀਨ-ਜਾਇਦਾਦ, ਫੈਕਟਰੀ, ਦੁਕਾਨ ਦੀ ਮੰਗ ਨਹੀਂ ਕੀਤੀ। ਜੇਕਰ ਮੰਗਿਆ ਵੀ ਹੈ ਤੇ ਕਦੋਂ? ਜਦੋਂ ਭਗਤ ਜੀ ਦਾ ਪ੍ਰਾਮਤਮਾ ਨਾਲ ਇਤਨਾ ਗੂੜ੍ਹਾ ਪਿਆਰ ਪੈ ਚੁੱਕਿਆ ਸੀ ਕਿ ਦੋਵੇਂ ਇੱਕ ਦੂਜੇ ਵਿੱਚ ਅਭੇਦ ਹੋ ਚੁੱਕੇ ਹੋਏ ਸਨ। ਜਿਵੇਂ ਕਿ:-

ਅਬ ਤਉ ਜਾਇ ਚਢੇ ਸਿੰਘਾਸਨਿ

ਮਿਲੇ ਹੈ ਸਾਰਿੰਗਪਾਨੀ॥

ਰਾਮ ਕਬੀਰਾ ਏਕ ਭਏ ਹੈ

ਕੋਇ ਨ ਸਕੈ ਪਛਾਨੀ॥ (ਸ੍ਰੀ ਗੁ. ਗ੍ਰੰ. ਸਾ. ੯੬੯)

ਜਦੋਂ ਭਗਤ ਅਤੇ ਪ੍ਰਮਾਤਮਾ ਦੋਵੇਂ ਇੱਕ ਹੋ ਗਏ ਸਨ। ਰੱਬ ਅਤੇ ਜਾਚਕ ਵਿੱਚ ਕੋਈ ਅੰਤਰ ਨਹੀਂ ਸੀ ਰਹਿ ਗਿਆ। ਜਦੋਂ ਅਜਿਹੀ ਅਭੇਦਤਾ ਹੋ ਜਾਏ ਤਾਂ

ਜੋ ਮਾਗਹਿ ਠਾਕੁਰ ਅਪੁਨੇ ਤੇ ਸੋਈ ਸੋਈ ਦੇਵੈ॥

ਨਾਨਕ ਦਾਸੁ ਮੁਖ ਤੇ ਜੋ ਬੋਲੈ ਈਹਾ ਊਹਾ ਸਚੁ ਹੋਵੈ॥ (ਸ੍ਰੀ ਗੁ. ਗ੍ਰੰ. ਸਾ. ੬੮੧)

ਬਿਰਥੀ ਕਦੇ ਨ ਹੋਵਈ ਜਨ ਕੀ ਅਰਦਾਸਿ॥ (ਸ੍ਰੀ ਗੁ. ਗ੍ਰੰ. ਸਾ. ੮੧੯)

ਪ੍ਰਮਾਤਮਾ ਮੰਗਾਂ ਪੂਰੀਆਂ ਕਰਦਾ ਹੈ, ਬਸ਼ਰਤੇ ਕਿ ਮੰਗਣ ਵਾਲਾ ਪ੍ਰਮਾਤਮਾ ਦਾ ‘ਜਨ’ ਜਾਂ ‘ਦਾਸ’ ਹੋਣ ਦੀ ਹੈਸੀਅਤ ਰਖਦਾ ਹੋਵੇ। ਆਤਮ-ਸਮਰਪਣ ਅਤੇ ਅਟੁਟ ਵਿਸ਼ਵਾਸ਼ ਬਿਨਾਂ ਇਹ ਸਭ ਕੁੱਝ ਸੰਭਵ ਨਹੀਂ। ਅਕਸਰ ਵੇਖਣ ਵਿੱਚ ਆਇਆ ਹੈ ਕਿ ਬਹੁਤ ਰਾਗੀ ਸਿੰਘ ਅਤੇ ਪ੍ਰਚਾਰਕ ਸ਼ਬਦਾਂ ਦੀਆਂ ਇਨ੍ਹਾਂ ਤੁਕਾਂ ਤੇ ਜ਼ੋਰ ਦੇ ਦੇ ਕੇ ਅਤੇ ਕਈ ਵਾਰੀ ਬੜੀ ਸੁਆਦਲੀ ਸੁਰ ਵਿੱਚ ਪੜ੍ਹਦੇ ਹਨ, ਪਰ ਬਾਕੀ ਦਾ ਸਾਰਾ ਸ਼ਬਦ ਐਵੇਂ ਹੀ ਛੇਤੀ ਛੇਤੀ ਪੜ੍ਹ ਜਾਂਦੇ ਹਨ। ਜਿਸ ਤੋਂ ਭੁਲੇਖਾ ਇਹੀ ਪੈਂਦਾ ਹੈ ਕਿ ਪ੍ਰਮਾਤਮਾ ਤੋਂ ਜੋ ਕੋਈ ਵੀ, ਕੁੱਝ ਵੀ ਮੰਗ ਲਵੇ, ਉਹ ਮੰਗ ਜਾਇਜ਼ ਹੋਵੇ ਜਾਂ ਨਾਜ਼ਾਇਜ, ਪ੍ਰਮਾਤਮਾ ਪੂਰੀ ਕਰਦਾ ਹੈ। ਪਰ, ਇੰਝ ਨਾ ਹੋਣ ਤੇ ਨਿਮਾਣੇ ਜਿਹੇ ਸ਼ਰਧਾਲੂ ਦਾ ਭਰੋਸਾ ਉਸ ਰੱਬ ਤੋਂ ਸਦਾ ਲਈ ਟੁੱਟ ਜਾਂਦਾ ਹੈ। ਪ੍ਰਮਾਤਮਾ ਤੋਂ ਕੁੱਝ ਵੀ ਮੰਗਣ ਤੋਂ ਪਹਿਲਾਂ ਉਸ ਦਾ ‘ਦਾਸ’ ਅਤੇ ‘ਜਨ’ ਹੋਣਾ ਲਾਜ਼ਮੀ ਸ਼ਰਤ ਹੈ। ਇਸ ਦੀ ਵਿਆਖਿਆ ਸੁਖਮਨੀ ਸਾਹਿਬ ਵਿੱਚ ਕੀਤੀ ਗਈ ਹੈ। ਸੁਖਮਨੀ ਦੀ ਨੌਵੀਂ ਅਸ਼ਟਪਦੀ ਦੇ ਛੇਵੇਂ ਪਦੇ ਵਿੱਚ ਦਾਸ ਦੀ ਵਿਆਖਿਆ ਇਸ ਪ੍ਰਕਾਰ ਕੀਤੀ ਗਈ ਹੈ:-

ਜਿਸ ਕੈ ਮਨਿ ਪਾਰਬ੍ਰਹਮ ਕਾ ਨਿਵਾਸੁ॥

ਤਿਸ ਕਾ ਨਾਮੁ ਸਤਿ ਰਾਮਦਾਸੁ॥

ਆਤਮ ਰਾਮੁ ਤਿਸੁ ਨਦਰੀ ਆਇਆ॥

ਦਾਸ ਦਸੰਤਣ ਭਾਇ ਤਿਨਿ ਪਾਇਆ॥

ਸਦਾ ਨਿਕਟਿ ਨਿਕਟਿ ਹਰਿ ਜਾਨੁ॥

ਸੋ ਦਾਸੁ ਦਰਗਹ ਪਰਵਾਨੁ॥

ਅਪੁਨੇ ਦਾਸ ਕਉ ਆਪਿ ਕਿਰਪਾ ਕਰੈ॥

ਤਿਸੁ ਦਾਸ ਕਉ ਸਭ ਸੋਝੀ ਪਰੈ॥

ਸਗਲ ਸੰਗਿ ਆਤਮ ਉਦਾਸੁ॥

ਐਸੀ ਜੁਗਤਿ ਨਾਨਕ ਰਾਮਦਾਸੁ॥ (ਸ੍ਰੀ ਗੁ. ਗ੍ਰੰ. ਸਾ. ੨੭੫)

ਇਸੀ ਤਰ੍ਹਾਂ ‘ਜਨ’ ਦੀ ਵਿਆਖਿਆ ਰਹਿਰਾਸ ਸਾਹਿਬ ਵਿੱਚ ਇਉਂ ਕੀਤੀ ਗਈ ਹੈ:-

ਹਰਿ ਕੇ ਜਨ ਸਤਿਗੁਰ ਸਤ ਪੁਰਖਾ (ਸ੍ਰੀ ਗੁ. ਗ੍ਰੰ. ਸਾ. ੪੯੨)

ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਗਉੜੀ ਰਾਗ ਵਿੱਚ ਇਸ ਬਾਬਤ ਇੰਝ ਫੁਰਮਾਇਆ ਹੈ:-

ਤਾ ਕਾ ਦਰਸੁ ਪਾਈਐ ਵਡਭਾਗੀ॥

ਜਾ ਕੀ ਰਾਮ ਨਾਮਿ ਲਿਵ ਲਾਗੀ॥ ੧॥

ਜਾ ਕੈ ਹਰਿ ਵਸਿਆ ਮਨ ਮਾਹੀ॥

ਤਾ ਕਉ ਦੁਖੁ ਸੁਪਨੈ ਭੀ ਨਾਹੀ॥ ੧॥ ਰਹਾਉ॥

ਸਰਬ ਨਿਧਾਨ ਰਾਖੇ ਜਨ ਮਾਹਿ॥

ਤਾ ਕੈ ਸੰਗਿ ਕਿਲਵਿਖ ਦੁਖ ਜਾਹਿ॥ ੨॥

ਜਨ ਕੀ ਮਹਿਮਾ ਕਥੀ ਨ ਜਾਇ॥

ਪਾਰਬ੍ਰਹਮੁ ਜਨੁ ਰਹਿਆ ਸਮਾਇ॥ ੩॥

ਕਰਿ ਕਿਰਪਾ ਪ੍ਰਭ ਬਿਨਉ ਸੁਨੀਜੈ॥

ਦਾਸ ਕੀ ਧੂਰਿ ਨਾਨਕ ਕਉ ਦੀਜੈ॥ (ਸ੍ਰੀ ਗੁ. ਗ੍ਰੰ. ਸਾ. ੧੯੩)

ਸੋ! ਸਾਡਾ ਗੁਰੂ ਮਹਾਰਾਜ ਦਾ ਧੰਨਵਾਦ ਕਰਨਾ ਬਣਦਾ ਹੈ ਜਿਨ੍ਹਾਂ ਨੇ ਪੰਜ ਕੁ ਸਦੀਆਂ ਦੇ ਦੌਰਾਨ ਰਚੇ ਗਏ ਇਲਾਹੀ ਕਲਾਮ ਨੂੰ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸੰਪਾਦਿਤ ਕੀਤਾ ਜੋ ਸਾਡੀ ਆਤਮਕ-ਪ੍ਰੇਰਨਾ ਦਾ ਪ੍ਰਮੁੱਖ ਤੇ ਸਦੀਵੀ ਸਰੋਤ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਦਾ ਆਪਣਾ ਗਿਆਨ-ਸ਼ਾਸਤਰ ਹੈ ਜੋ ਸ਼ੁਰੂ ਤੋਂ ਸਾਡੀ ਅਗਵਾਈ ਕਰਦਾ ਆ ਰਿਹਾ ਹੈ। ਜਦੋਂ ਜਦੋਂ ਸਾਡੀ ਪ੍ਰੇਰਨਾ ਦਾ ਸਰੋਤ ਗੁਰਬਾਣੀ ਦਾ ਇਹ ਗਿਆਨ-ਸ਼ਾਸਤਰ ਬਣੇਗਾ, ਉਦੋਂ ਉਦੋਂ ਸਾਨੂੰ ਰਬ ਤੋਂ ਛੁਟ ਕਿਸੇ ਹੋਰ ਕੋਲੋਂ ਮੰਗਣ ਦੀ ਲੋੜ ਮਹਿਸੂਸ ਨਹੀਂ ਹੋਵੇਗੀ। ਪਰ, ਇਹ ਸਾਡੀ ਕਿਤਨੀ ਵੱਡੀ ਬਦਕਿਸਮਤੀ ਹੈ ਜੋ ਅਸੀਂ ਸਤਿਗੁਰਾਂ ਦੇ ਇਸ ਮਹਾਨ ਪਰਉਪਕਾਰ ਦੀ ਜ਼ਰਾ ਵੀ ਪ੍ਰਵਾਹ ਨਾ ਕਰਦੇ ਹੋਏ ਦੁਨਿਆਵੀ ਪਦਾਰਥਾਂ ਦੀਆਂ ਮੰਗਾਂ ਸਾਧਾਂ, ਸੰਤਾਂ, ਮੜੀਆਂ-ਮਸਾਣਾਂ, ਪੀਰਾਂ-ਫਕੀਰਾਂ, ਕਬਰਾਂ, ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਆਦਿ ਕੋਲੋਂ ਮੰਗਦੇ ਖੱਜਲ-ਖਵਾਰ ਹੁੰਦੇ ਰਹਿੰਦੇ ਹਾਂ। ਉਸ ਇੱਕ ਅਕਾਲ ਪੁਰਖ ਦੀ ਅਪਾਰ ਕ੍ਰਿਪਾ ਦਵਾਰਾ ਮਿਲ ਰਹੀਆਂ ਦਾਤਾਂ ਨੂੰ ਕਿਸੇ ਵਿਅਕਤੀ ਜਾਂ ਕਿਸੇ ਹੋਰ ਸ਼ਕਤੀ ਨਾਲ ਜੋੜਨ ਦਾ ਪਾਪ ਆਪਣੇ ਸਿਰ ਮੜੀ ਜਾ ਰਹੇ ਹਾਂ। ਸਾਨੂੰ ਚਾਹੀਦਾ ਹੈ ਕਿ ਅਸੀਂ ਇੱਕ ਅਕਾਲ ਪੁਰਖ ਦੀ ਸੇਵਾ ਤੇ ਸਿਮਰਨ ਕਰੀਏ। ਸਾਨੂੰ ਉਸੇ ਕੋਲੋਂ ਹੀ ਮੰਗਣਾ ਚਾਹੀਦਾ ਹੈ ਜਿਸ ਪਾਸੋਂ ਮੰਗੀ ਮੁਰਾਦ ਮਿਲ ਜਾਏ। ਜੇ ਕਿਸੇ ਹੋਰ ਕੋਲੋਂ ਮੰਗੀਏ ਤਾਂ ਉਸ ਤੋਂ ਚੰਗਾ ਹੈ ਸ਼ਰਮ ਨਾਲ ਮਰ ਜਾਈਏ। ਜਿਸ ਮਨੁੱਖ ਨੇ ਵੀ ਹਰੀ ਨੂੰ ਸੇਵਿਆ ਹੈ ਉਸੇ ਨੇ ਫੱਲ ਪਾ ਲਿਆ ਹੈ ਅਤੇ ਉਸ ਮਨੁੱਖ ਦੀ ਸਾਰੀ ਤ੍ਰਿਸ਼ਨਾ ਦੂਰ ਹੋ ਗਈ ਹੈ। ਜਿਵੇਂ ਕਿ:-

ਹਰਿ ਇਕੋ ਦਾਤਾ ਸੇਵੀਐ ਹਰਿ ਇਕੁ ਧਿਆਈਐ॥

ਹਰਿ ਇਕੋ ਦਾਤਾ ਮੰਗੀਐ ਮਨ ਚਿੰਦਿਆ ਪਾਈਐ॥

ਜੇ ਦੂਜੇ ਪਾਸਹੁ ਮੰਗੀਐ ਤਾ ਲਾਜ ਮਰਾਈਐ॥

ਜਿਨਿ ਸੇਵਿਆ ਤਿਨ ਫਲੁ ਪਾਇਆ

ਤਿਸੁ ਜਨ ਕੀ ਸਭ ਭੁਖ ਗਵਾਈਐ॥

(ਸ੍ਰੀ ਗੁ. ਗ੍ਰੰ. ਸਾ. ੫੯੦)

ਸੋ, ਅੰਤ ਵਿੱਚ ਇਹੀ ਕਹਿਣਾ ਠੀਕ ਜਾਪਦਾ ਹੈ ਕਿ ਸਾਡਾ ਸ਼ਰੀਰ, ਸ਼ਰੀਰ ਦਾ ਇੱਕ ਇੱਕ ਅੰਗ, ਉਸ ਪ੍ਰਭੂ ਦੀ ਦਿੱਤੀ ਹੋਈ ਸਾਨੂੰ ਅਮੋਲਕ ਦਾਤ ਹੈ। ਉਸ ਅਕਾਲ ਪੁਰਖ ਦੀਆਂ ਦਿੱਤੀਆਂ ਦਾਤਾਂ ਇਤਨੀਆਂ ਮਹਾਨ ਹਨ ਕਿ ਜੇਕਰ ਉਨ੍ਹਾਂ ਬਾਰੇ ਸੋਚਣਾ ਸ਼ੁਰੂ ਕਰੀਏ ਤਾਂ ਵਿਸਮਾਦ ਦੀ ਅਵੱਸਥਾ ਤੇ ਪੁੱਜ ਜਾਈਦਾ ਹੈ। ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਸ ਇੱਕ ਅਕਾਲ ਪੁਰਖ ਦੀ ਦਿੱਤੀ ਹਰ ਦਾਤ ਨੂੰ ਉਸਦਾ ‘ਨਿਸਾਣੁ’ “ਗਾਵੈ ਕੋ ਦਾਤਿ ਜਾਣੈ ਨੀਸਾਣੁ।।” (ਜਪੁਜੀ ਸਾਹਿਬ) ਜਾਣ ਕੇ, ਉਸ ਦਾ ਚਿਤਵਨ ਕਰੀਏ। ਰੋਜ਼ਮਰਾ ਦੀ ਜ਼ਿੰਦਗੀ ਨੂੰ ਸਲੀਕੇ ਨਾਲ ਨਿਭਾਉਣ ਲਈ ਜੇਕਰ ਸਾਨੂੰ ਕੋਈ ਹੋਰ ਪਦਾਰਥਕ ਸੁੱਖ ਜਾਂ ਦਾਤ ਲੋੜੀਂਦੀ ਵੀ ਹੈ ਤਾਂ ਅਸੀਂ ਸਿਰਫ ਅਤੇ ਸਿਰਫ ਉਸ ਪਾਸੋਂ ਹੀ ਮੰਗੀਏ। ਝੂਠੇ ਤੇ ਨਾਸ਼ਮਾਨ ਆਸਰੇ ਨਾ ਭਾਲੀਏ। ਉਸ ਤੋਂ ਛੁੱਟ ਕਿਸੇ ਹੋਰ ਪਾਸੋ ਮੰਗਣਾ, ਆਪਣੇ ਅੰਦਰ ਹੀਣ-ਭਾਵਨਾ (Inferiority-Complex) ਨੂੰ ਪੈਦਾ ਕਰਨ ਬਰਾਬਰ ਹੈ। ਸੋ! ਲੋੜ ਹੈ ਕਿ ਅਸੀਂ ਦਾਤਾਂ ਮੰਗਣ ਬਾਰੇ ਗੁਰਬਾਣੀ ਦੇ ਸਿੱਧਾਂਤ ਨੂੰ ਸਮਝੀਏ ਅਤੇ ਅਮਲੀ ਜਾਮਾ ਪਹਿਨਾਈਏ। ਇਸੇ ਵਿੱਚ ਹੀ ਸਾਡੀ ਗੱਤ ਹੈ। ਇਸੇ ਵਿੱਚ ਹੀ ਸਾਡੀ ਪੱਤ ਹੈ। ਇਹ ਗੁਰਮਤਿ ਦੀ ਦਸੀ ਹੋਈ ਪ੍ਰਮਾਣਿਕ ਜੀਵਨ-ਜਾਚ ਹੈ। ਇਹੋ ਹੀ ਦਾਤਾਂ ਮੰਗਣ ਬਾਰੇ ਗੁਰਬਾਣੀ ਦਾ ਅਸਲ ਸਿੱਧਾਂਤ ਹੈ।

ਦਾਸ

ਮਹਿੰਦਰ ਸਿੰਘ ਡਿੱਡਨ

ਫੋਨ:-9811526843
.