.

ਲੋਹੜੀ ਅਤੇ ਸਿੱਖ ਧਰਮ?

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿੰਸੀਪਲ ਗੁਰਮਤਿ ਐਜੁਕੇਸ਼ਨ ਸੈਂਟਰ, ਦਿੱਲੀ ਮੈਬਰ, ਧਰਮ ਪ੍ਰਚਾਰ ਕਮੇਟੀ, ਦਿ: ਸਿ: ਗੁ: ਪ੍ਰ: ਕ: ਦਿੱਲੀ: ਫਾਊਂਡਰ ਸਿੱਖ ਮਿਸ਼ਨਰੀ ਲਹਿਰ ਸੰਨ 1956

‘ਮਾਘੀ ਦੀ ਸੰਗ੍ਰਾਂਦ’ ਤੇ ਲੋਹੜੀ, ਦੋ ਦਿਨਾਂ `ਚ, ਦੋ ਜੁੱੜਵੇਂ ਬ੍ਰਾਹਮਣੀ ਤਿਉਹਾਰ ਹਨ। ਦੂਜੇ ਪਾਸੇ ‘ਸਾਕਾ ਮੁਕਤਸਰ’ ਜਿਹੜਾ ਕਿ ਅਸਲ `ਚ ਮਈ ਮਹੀਨੇ ਦਾ ਸਾਕਾ ਹੈ। ਉਸ ਨੂੰ ਵੀ ਇਤਿਹਾਸਕ ਰੱਲ ਗੱਡ ਕਾਰਨ ਮਾਘੀ ਦੀ ਸੰਗ੍ਰਾਂਦ ਦੇ ਦਿਨ ਹੀ ਮਨਾਇਆ ਜਾ ਰਿਹਾ ਹੈ। ਇਸ ਤਰ੍ਹਾਂ ‘ਮਾਘੀ ਦੀ ਸੰਗ੍ਰਾਂਦ’ ਨੂੰ ਵੀ ਸਿੱਖ ਤਿਉਹਾਰ ਹੋਣ ਦਾ ਹੀ ਭੁਲੇਖਾ ਦਿੱਤਾ ਜਾ ਰਿਹਾ ਹੈ। ਜਦਕਿ ਲੋਹੜੀ ਲਈ ਤਾਂ ਇਹ ਬਹਾਨਾ ਵੀ ਨਹੀਂ। ਫਿਰ ਵੀ ਅਗਿਆਨਤਾ ਵੱਸ ਅਨੇਕਾਂ ਸਿੱਖ ਲੋਹੜੀ `ਤੇ ਇਸ ਤਰ੍ਹਾਂ ਰੀਝੇ ਹੁੰਦੇ ਹਨ ਜਿਵੇਂ ਕਿ ‘ਲੋਹੜੀ’ ਹੈ ਹੀ ਸਿੱਖ ਤਿਉਹਾਰ। ਜਿਵੇਂ ਮਾਘੀ ਦੀ ਸੰਗ੍ਰਾਂਦ `ਚ ਉਲਝ ਕੇ ਸੰਗਤਾਂ ਲਈ ਮੁਕਤਸਰ ਦਾ ਸਾਕਾ ਮਨਾਉਣ ਦੀ ਸੀਮਾ, ਪ੍ਰਯਾਗ ਦੇ ਬਦਲੇ ਮੁਕਤਸਰ ਦਾ ਇਸ਼ਨਾਨ ਹੀ ਰਹਿ ਚੁੱਕੀ ਹੈ। ਇਸੇ ਤਰ੍ਹਾਂ ‘ਕਾਕੇ ਦੇ ਜਨਮ ਜਾਂ ਕਾਕੇ ਦੇ ਅਨੰਦ ਕਾਰਜ ਦੀ ਪਹਿਲੀ ਲੋਹੜੀ-ਜੇ ਉਹ ਨਹੀਂ ਤਾਂ ਬਹੁਤੇ ਸਿੱਖ, ਲੋਹੜੀ ਨੂੰ ਵੀ ਆਪਣਾ ਤਿਉਹਾਰ ਮੰਨ ਕੇ ਇਸ `ਚ ਪੂਰੀ ਤਰ੍ਹਾਂ ਉਲਝੇ ਹੁੰਦੇ ਹਨ। ਜਿਨ੍ਹਾਂ ਦਾ ਤਿਉਹਾਰ ਹੈ ਜੰਮ-ਜੰਮ ਮਨਾਉਣ, ਪਰ ਆਪਣੇ ਆਪ ਨੂੰ ਗੁਰੂ ਨਾਨਕ ਦੇ ਅਖਵਾਉਣ ਵਾਲੇ ਵੀ ਜਦੋਂ ਲੋਹੜੀ ਨੂੰ ਸਿੱਖ ਤਿਉਹਾਰ ਮੰਨੀ ਬੈਠੇ ਹੋਣ ਤਾਂ ਸੋਚਣਾ ਪਵੇਗਾ ਕਿ ਆਖਿਰ ਇਹ ਸਭ ਕਿਉਂ?

ਲੋਹੜੀ ਸਿੱਖ ਤਿਉਹਾਰ ਕਿਉਂ ਨਹੀਂ? -ਅਸਲ `ਚ ਬ੍ਰਾਹਮਣ ਮੱਤ ਦਾ ਆਧਾਰ ਹੀ ਦੇਵੀ-ਦੇਵਤਿਆਂ ਦੀ ਪੂਜਾ-ਅਰਚਾ ਤੇ ਯੱਗ-ਹਵਣ ਹਨ। ਲੋਹੜੀ ਦਾ ਮੂਲ ਵੀ ਯਗਾਂ ਦਾ ਅਰੰਭ ਤੇ ਦੇਵੀ-ਦੇਵਤਿਆਂ ਦੀ ਪੂਜਾ ਹੀ ਹੈ। ਜਦਕਿ ਸਿੱਖ ਧਰਮ ਦਾ ਅਰੰਭ ਹੀ ੴ ਤੋਂ ਹੁੰਦਾ ਹੈ। ਜਿੱਥੇ ਯੱਗਾਂ ਜਾਂ ਦੇਵੀ-ਦੇਵਤਿਆਂ ਦੀ ਪੂਜਾ ਨੂੰ ਉੱਕਾ ਹੀ ਪ੍ਰਵਾਣ ਨਹੀਂ ਕੀਤਾ ਗਿਆ। ਬਲਕਿ ਗੁਰਬਾਣੀ ਵਿਚਾਰਧਾਰਾ ਇਸਦੇ ਪੂਰੀ ਤਰ੍ਹਾਂ ਵਿਰੁਧ ਹੈ। ਸ਼ੱਕ ਨਹੀਂ, ਤਿਉਹਾਰ, ਕੌਮਾਂ ਦੀ ਜਾਨ ਹੋਇਆ ਕਰਦੇ ਹਨ ਪਰ ਸਿਧਾਂਤ ਵਿਰੁਧ ਮਨਾਏ ਜਾ ਰਹੇ ਤਿਉਹਾਰ-ਕੌਮਾਂ ਨੂੰ ਉਹਨਾਂ ਦੀ ਅਸਲੀਅਤ ਭੁਲਵਾਉਣ ਜਾਂ ਅਨਮਤੀਆਂ `ਚ ਖੱਲਤ-ਮੱਲਤ ਕਰਣ ਦਾ ਕਾਰਣ ਹੀ ਬਣਦੇ ਹਨ। ਅੱਜ ਬਹੁਤਾ ਇਹੀ ਹੋ ਰਿਹਾ ਹੈ।

ਲੋਹੜੀ ਤੇ ਬ੍ਰਹਮਣ ਮੱਤ-ਬ੍ਰਾਹਮਣ ਮੱਤ ਦਾ ਸਭ ਤੋਂ ਪੁਰਾਤਨ ਗ੍ਰੰਥ ਰਿਗ ਵੇਦ ਹੈ। ਭਾਈ ਕਾਹਨ ਸਿੰਘ ਨਾਭਾ ਅਨੁਸਾਰ-ਇਸ ਵੇਦ ਦਾ ਮੂਲ, ਦੇਵੀ ਦੇਵਤਿਆਂ ਦੀ ਸੱਤੁਤੀ (ਉਸਤਤ) `ਚ ਰਚੇ ਗਏ ਮੰਤ੍ਰਾਂ ਦਾ ਸੰਗ੍ਰਿਹ ਹੈ। ਜਦੋਂ ਮੰਤ੍ਰਾਂ ਦੀ ਰਚਨਾਂ ਹੋ ਗਈ ਤਾਂ ਸੁਆਲ ਸੀ ਕਿਸ ਦੇਵਤੇ ਦੀ ਸਤੁੱਤੀ `ਚ ਕਿਹੜੇ ਮੰਤ੍ਰਾਂ ਦਾ ਉਚਾਰਣ? ਇਸ ਤਰ੍ਹਾਂ ਮੰਤ੍ਰਾਂ ਦੀ ਸਮਾਨਤਾ ਦੱਸਣ ਲਈ ਦੂਜੇ ਨੰਬਰ ਤੇ ‘ਸਾਮਵੇਦ’ ਸੀ। ਉਪ੍ਰੰਤ ਮੱਸਲਾ ਸੀ, ਸੱਤੁਤੀ ਦਾ ਢੰਗ- ਤਾਂ ਇਸ `ਤੇ ਯੱਗਾਂ ਵਾਲਾ ਢੰਗ ਤੇ ਕਿਸ ਦੇਵਤੇ ਦੀ ਸਤੁਤੀ `ਚ ਕਿਹੜਾ ਯੱਗ ਕੀਤਾ ਜਾਵੇ, ਇਸ ਤੋਂ ‘ਯਜੁਰ ਵੇਦ’ ਹੋਂਦ `ਚ ਆਇਆ। ਕਿਉਂਕਿ ‘ਅਗਨੀ ਨੂੰ ਸਾਰੇ ਦੇਵਤਿਆਂ ਦੀ ਜੀਭ ਮੰਨਿਆ ਗਿਆ ਹੈ। ਇਸ ਤਰ੍ਹਾਂ ‘ਲੋਹੜੀ’ ਸਮੇਂ ਅਨਾਜ ਦੀ ਆਹੁਤੀ ਦੇ ਕੇ, ਅਗਨੀ ਰਾਹੀਂ ਦੇਵਤਿਆਂ ਦੀ ਪੂਜਾ, ਉਪ੍ਰੰਤ ਅਨਾਜ (ਮੂੰਗਫਲੀ ਆਦਿ) ਨੂੰ ਪ੍ਰਸ਼ਾਦ ਵਜੋਂ ਵੰਡਿਆ ਜਾਂਦਾ ਹੈ।

ਲੋਹੜੀ, ਫ਼ਸਲਾਂ ਲਈ ਸਗੁਨ-ਬ੍ਰਾਹਮਣੀ ਵਿਚਾਰਧਾਰਾ ਪੂਰੀ ਤਰ੍ਹਾਂ ਸਗਣਾਂ-ਅਪਸਗਣਾ `ਤੇ ਖੜੀ ਹੈ ਜਿਹੜੇ ਕਿ ਦੇਵੀ-ਦੇਵਤਿਆਂ ਦੀ ਪੂਜਾ-ਅਰਚਾ ਦੀ ਹੀ ਉਪਜ ਹਨ। ਦੂਜੇ ਪਾਸੇ ਗੁਰਬਾਣੀ ਦਾ ਵੈਸਲਾ ਹੈ "ਸਗੁਨ ਅਪਸਗੁਨ ਤਿਸ ਕਉ ਲਗਹਿ ਜਿਸੁ ਚੀਤਿ ਨ ਆਵੈ" (ਪੰ: ੪੦੧) ਭਾਵ ਸਗਨਾਂ-ਅਪਸਗਨਾਂ ਦੇ ਵਹਿਮਾਂ-ਭਰਮਾਂ `ਚ ਉਹੀ ਲੋਕ ਪੈਂਦੇ ਹਨ ਜਿਨ੍ਹਾਂ ਨੂੰ ਪ੍ਰਭੂ ਭੁਲਿਆ ਹੈ। ਜਿਥੋਂ ਤੀਕ ਲੋਹੜੀ ਦਾ ਸੰਬੰਧ ਹੈ ਗੱਲ ਇਥੇ ਵੀ ਇਹੀ ਹੈ। ਚੂੰਕਿ ਮਾਘੀ, ਫਸਲਾਂ ਦਾ ਵੀ ਅਰੰਭ ਹੈ, ਇਸ ਲਈ ਵਹਿਮੀ ਲੋਕ ਪਹਿਲਾਂ ਇਹ ਸਗਨ ‘ਲੋਹੜੀ’ ਦੇ ਤਿਉਹਾਰ ਨਾਲ ਹੀ ਕਰਦੇ ਹਨ। "ਪਿਊ ਰਿੱਧੀ ਤੇ ਮਾਂ ਖਾਧੀ" ਦੇ ਪੰਜਾਬੀ ਅਖਾਣ ਅਨੁਸਾਰ ਪੰਜਾਬ `ਚ ਪੋਹ ਮਹੀਨੇ ਦੀ ਰਾਤ ਨੂੰ (ਪੋਹ-ਪਿਉ) ਉਚੇਚੇ ਖਿੱਚੜੀ, ਗੰਦਲਾਂ ਦਾ ਸਾਗ, ਗੰਨੇ ਦੀ ਰੋਹ ਵਾਲੇ ਚਾਵਲ ਆਦਿ ਤਿਆਰ ਕਰਕੇ ਦੂਜੇ ਦਿਨ ਸਵੇਰੇ (ਮਾਘ-ਮਾਂ) ਮਾਘੀ ਦੀ ਸੰਗ੍ਰਾਂਦ ਨੂੰ ਖਾਂਦੇ ਹਨ। ਰਾਤ ਨੂੰ ਤਿਆਰ ਸਵੇਰੇ ਖਾਣ ਵਾਲੇ ਸਗੁਨ ਪਿਛੇ ‘ਅੰਨ ਦੇਵਤੇ’ ਪਾਸੋਂ ਕਾਮਨਾ ਹੈ ਕਿ ਜਿਸ ਤਰ੍ਹਾਂ ਨਵੀਂ ਫ਼ਸਲ ਬੀਜਣ ਤੋਂ ਪਹਿਲਾਂ ਅੰਨ ਮੌਜੂਦ ਸੀ, ਇਸੇ ਤਰ੍ਹਾਂ ਬਾਅਦ `ਚ ਵੀ ਸਾਡੇ ਅੰਨ ਭੰਡਾਰਾਂ `ਚ ਤੋਟਾ ਨਾ ਆਵੇ ਤੇ ਫ਼ਸਲਾਂ ਵੱਧਦੀਆਂ ਫੁਲਦੀਆਂ ਰਹਿਣ।

ਲੋਹੜੀ ਦੀ ਰਾਤ ਨੂੰ ਲੱਕੜੀਆਂ ਨੂੰ ਅਗਨ ਭੇਟ ਕੀਤਾ ਜਾਂਦਾ ਹੈ। ਪ੍ਰਵਾਰ ਵਾਲੇ ਆਸ ਪਾਸ ਬੈਠ ਕੇ ਅਗਨੀ (ਦੇਵਤੇ) ਨੂੰ ਤਿੱਲ, ਰੇਵੜੀ-ਫੁੱਲੇ-ਚਿੱੜਵੇ-ਮੁੰਗਫਲੀ ਆਦਿ ਦੇ ਰੂਪ `ਚ ਅੰਨ (ਅਨਾਜ) ਦੀ ਆਹੂਤੀ ਦੇਂਦੇ ਹਨ। ਉਪ੍ਰੰਤ ਉਸ ਦਾ ਪ੍ਰਸ਼ਾਦ ਵੰਡਦੇ ਹਨ। ਇਸ ਤਰ੍ਹਾਂ ਜਿਵੇਂ ਸਾਰੇ ਦੇਵਤਿਆਂ ਤੋਂ ਪ੍ਰਸੰਨਤਾ ਦੀ ਕਾਮਨਾ ਕੀਤੀ ਜਾਂਦੀ ਹੈ। ਰਿਵਾਜ ਅਨੁਸਾਰ ਅੱਗ ਬਾਲਣ ਲਈ ਲੱਕੜੀਆਂ-ਗੋਹੇ ਵੀ ਮੰਗ ਕੇ ਇਕੱਠੇ ਕੀਤੇ ਜਾਂਦੇ ਹਨ। ਭਾਵ, ਇਹ ਪੂਜਾ ਤੇ ਮੰਗ ਸਾਰੇ ਇਲਾਕੇ-ਪਿੰਡ ਵਾਲਿਆਂ ਦੀ ਹੈ। ਯੂ: ਪੀ: `ਚ ਲੋਹੜੀ ਨੂੰ ‘ਖਿੱਚੜੀ’ ਦੇ ਨਾਮ ਨਾਲ ਮਨਾਉਂਦੇ ਹਨ ਤੇ ਬਾਬਾ ਗੋਰਖਨਾਥ ਦੇ ਨਾਮ ਤੇ ਖਿੱਚੜੀ ਚੜ੍ਹਾ ਕੇ ਫਸਲਾਂ ਦੀ ਪ੍ਰਫੁਲਤਾ ਲਈ ਕਾਮਨਾ ਕਰਦੇ ਹਨ।

ਦੇਖਣਾ ਹੈ ਕਿ ਗੁਰਬਾਣੀ ਰਾਹੀਂ ਪਾਤਸ਼ਾਹ ਨੇ ਯਗਾਂ ਸਮੇਤ ਦੇਵੀ ਦੇਵਤਿਆਂ ਦੀ ਪੂਜਾ ਤੋਂ ਮਨ੍ਹਾਂ ਕੀਤਾ ਹੈ ਤੇ ਕੇਵਲ ਇੱਕ ਅਕਾਲਪੁਰਖ ਨਾਲ ਜੁੜਣ ਦੀ ਗੱਲ ਸਮਝਾਈ ਹੈ। ਫੁਰਮਾਨ ਹੈ "ਦੇਵੀ ਦੇਵਾ ਮੂਲੁ ਹੈ ਮਾਇਆ॥ ਸਿੰਮ੍ਰਿਤਿ ਸਾਸਤ ਜਿੰਨਿ ਉਪਾਇਆ" (ਪੰ: ੧੨੯)। ਤਾਂ ਤੇ ਸਿੱਖ ਰਾਹੀਂ ਲੋਹੜੀ ਦਾ ਮਨਾਉਣਾ ਪੂਰਨ ਤੌਰ ਤੇ ਗੁਰਬਾਣੀ ਵਲੋਂ ਨਾਸਮਝੀ ਦਾ ਪ੍ਰਗਟਾਵਾ ਹੈ, ਜਦਕਿ ‘ਸਿੱਖ’ ਦਾ ਅਰਥ ਹੀ ਗੁਰਬਾਣੀ ਸਿਖਿਆ (ਜੀਵਨ-ਜਾਚ) ਅਨੁਸਾਰ ਚਲਣ ਵਾਲਾ ਮਨੁੱਖ ਹੈ। ਇਸ ਤੋਂ ਵੱਧ ਇਹ ਵੀ ਸੋਚਣ ਦੀ ਲੋੜ ਹੈ ਕਿ ਆਖਿਰ ਗੁਰਬਾਣੀ ਵਿਰੋਧੀ ਆਪਣੀਆਂ ਇਹਨਾ ਕਰਣੀਆਂ ਨਾਲ ਅਸੀਂ ਆਪਣੀ ਸੰਤਾਨ ਨੂੰ ਵਿਰਾਸਤ `ਚ ਕਿਹੜੀ ਸਿੱਖੀ ਦੇ ਰਹੇ ਹਾਂ? ਜਾਂ ਕਿ ਦੇ ਰਹੇ ਨਿਰੋਲ ਬ੍ਰਾਹਮਣਵਾਦ?

ਲੋਹੜੀ ਤੋਂ ਸਿੱਖ ਧਰਮ ਦਾ ਸਿੱਧਾ ਨੁਕਸਾਨ- ਚੂੰਕਿ ਲੋਹੜੀ ਦਾ ਸਿੱਖ ਸਿਧਾਂਤਾਂ ਨਾਲ ਉੱਕਾ ਮੇਲ ਨਹੀਂ। ਫ਼ਿਰ ਵੀ ਅਨ-ਅਧਿਕਾਰੀ ਪ੍ਰਚਾਰ ਤੇ ਗੁਰਦੁਆਰਾ ਪ੍ਰਬੰਧ ਕਾਰਨ ਅੱਜ ਸਿੱਖਾਂ ਅੰਦਰ ਗੁਰਬਾਣੀ ਜੀਵਨ ਬਾਰੇ ਭਰਵੀਂ ਅਗਿਆਨਤਾ ਹੈ। ਇਸੇ ਦਾ ਨਤੀਜਾ, ਅਜੋਕੇ ਵਿਗੜੇ ਹਾਲਾਤ `ਚ ਦੂਜਿਆਂ ਦੀ ਦੇਖਾ ਦੇਖੀ, ਅਨੇਕਾਂ ਸਿੱਖ ਵੀ ਇਸ ਨੂੰ ਸਿੱਖ, ਨਹੀਂ ਤਾਂ ਮੌਸਮੀ ਤਿਉਹਾਰ ਮੰਨ ਕੇ ਇਸ `ਚ ਕੁੱਦੇ ਹੁੰਦੇ ਹਨ। ਸਿੱਟਾ, ਇਹਨਾ `ਚੋਂ ਅਨੇਕਾਂ ਤਾਂ 15-15, 20-20 ਦਿਨ ਪਹਿਲਾਂ ਹੀ ਇਸਦੀ ਤਿਆਰੀ `ਚ ਜੁੱਟ ਜਾਂਦੇ ਹਨ। ਪੰਜਾਬ `ਚ ਖਾਸਕਰ ਕੱਚੀ ਤੇ ਪੱਕੀ ਸ਼ਰਾਬ ਉਡਾਈ ਜਾਂਦੀ ਹੈ। ਅਨੇਕਾਂ ਸਿੱਖੀ ਸਰੂਪ `ਚ ਹੁੰਦੇ ਹੋਏ ਵੀ ਸ਼ਰਾਬ ਪੀ-ਪੀ ਕੇ ਡਿੱਗੇ, ਚਾਂਗੜਾ ਮਾਰ ਰਹੇ ਹੁੰਦੇ ਹਨ। ਇਸ ਤਰ੍ਹਾਂ ਉਹ ਲੋਕ ਤਿਉਹਾਰ ਦੇ ਨਾਮ `ਤੇ ਸਿੱਖੀ ਸਰੂਪ ਦੀ ਬੇਅਦਬੀ ਦਾ ਕਾਰਣ ਬਣੇ ਹੁੰਦੇ ਹਨ। ਕਈ ਤਾਂ ਸ਼ਰਾਬ ਦੇ ਨਸ਼ੇ `ਚ ਧੁੱਤ ਲੜਾਈਆਂ-ਝਗੜੇ-ਕੱਤਲ-ਮਾਰ ਕੁਟਾਈਆਂ, ਮੁਕੱਦਮੇ ਬਾਜ਼ੀਆਂ ਦਾ ਕਾਰਨ ਬਣਦੇ ਹਨ-ਆਪਸੀ ਦੁਸ਼ਮਣੀਆਂ ਕੱਢਣ ਦਾ ਬਹਾਨਾ ਬਣਾਂਦੇ ਹਨ। ਜਿਸ ਦਾ ਨਤੀਜਾ, ਅਨੇਕਾਂ ਨੂੰ ਬਾਅਦ `ਚ ਵਕੀਲਾਂ ਦੀ ਪ੍ਰਕਰਮਾ ਤੇ ਲੰਮੀਆਂ ਜੇਲਾਂ ਤੇ ਹੋਰ ਵੀ ਬਹੁਤ ਕੁੱਝ ਭੁਗਤਨਾ ਪੈਂਦਾ ਹੈ।

ਵਿਚਾਰਣ ਦਾ ਵਿਸ਼ਾ ਹੈ ਕਿ ਜੇ ਇਹ ਸਿੱਖ ਤਿਉਹਾਰ ਹੀ ਹੋਵੇ ਤਾਂ ਘੱਟੋ ਘੱਟ ਸੰਗਤਾਂ ਗੁਰਦੁਆਰਿਆਂ `ਚ ਤਾਂ ਪੁੱਜਣ। ਤਾਂ ਵੀ ਇਸ ਖੇਹ-ਖਰਾਬੀ ਤੋਂ ਤੋਂ ਬਚਿਆ ਜਾ ਸਕਦਾ ਸੀ। ਕਿਉਂਕਿ ਉਸ ਸਮੇਂ ਗੁਰਦੁਆਰਿਆਂ ਵਿਚਲੇ ਸਮਾਗਮ ਹੀ ਇਹਨਾ ਦੁਰਮੱਤਾਂ-ਹੂੜਮੱਤਾਂ ਤੋਂ ਬਚਾਉਣ ਦਾ ਕਾਰਣ ਬਣ ਸਕਦੇ ਸਨ। ਸਾਡਾ ਇਹ ਹਾਲ ਤਾਂ ਹੁੰਦਾ ਹੈ ਜਦੋਂ ਅਸੀਂ ਸਿੱਖ ਸਿਧਾਂਤਾਂ ਵਿਰੁਧ ਮਨਾਏ ਜਾ ਰਹੇ ਅਨਮਤੀ ਤਿਉਹਾਰਾਂ `ਚ ਬਦੋਬਦੀ ਕੁੱਦੇ ਹੁੰਦੇ ਹਾਂ। ਲੋੜ ਹੈ ਇਸ ਮਾਰੂ ਨੁਕਸਾਨ ਤੋਂ ਬਚਾਉਣ ਲਈ ਪੰਥਕ ਪੱਧਰ ਤੇ ਕੋਈ ਠੋਸ ਪ੍ਰੋਗਰਾਮ ਉਲੀਕਿਆ ਜਾਵੇ। #024Gs78.8s08#

ਹੋਰ ਵੇਰਵੇ ਲਈ ਗੁਰਮਤਿ ਪਾਠ ਨੰ: 61 "ਮੇਲਾ ਮਾਘੀ - ਲੋਹੜੀ ਅਤੇ ਸਿੱਖ ਧਰਮ" ਸੰਗਤਾਂ `ਚ ਵੰਡਣ ਲਈ (ਡੀਲਕਸ ਕਵਰ `ਚ) ਪ੍ਰਾਪਤ ਹੈ ਜੀ

ਨੋਟ: ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ ਜੀ ਦੀ ਆਗਿਆ ਨਾਲ ਸਨਿਮ੍ਰ ਬੇਨਤੀ ਹੈ ਕਿ ਪ੍ਰਿੰਸੀਪਲ ਸਾਹਿਬ ਜੀ ਦਾ ਕੋਈ ਵੀ ਗੁਰਮਤਿ ਪਾਠ-ਕੋਈ ਵੀ ਪੰਥਕ ਸੱਜਣ, ਸੰਸਥਾ, ਮੈਗ਼ਜ਼ੀਨ ਅਥਵਾ ਨੀਊਜ਼ ਪੇਪਰ ਜਾਂ ਵੈਬ ਸਾਈਟ; ਬਿਨਾ ਤਬਦੀਲੀ, ਹੂ-ਬ-ਹੂ ਅਤੇ ਲੇਖਕ ਨਾਮ ਸਹਿਤ, ਕੇਵਲ ਅਤੇ ਕੇਵਲ ਗੁਰਮਤਿ ਪ੍ਰਸਾਰ ਦੇ ਆਸ਼ੇ ਨੂੰ ਮੁੱਖ ਰਖਦੇ ਹੋਏ ਬਿਨਾ ਕਿਸੇ ਹੋਰ ਆਗਿਆ ਛਾਪ ਅਤੇ ਲੋਡ ਕਰ ਸਕਦਾ ਹੈ। ਬੇਨਤੀ ਕਰਤਾ-ਗੁਰਮਤਿ ਐਜੁਕੇਸ਼ਨ ਸੈਂਟਰ, ਦਿੱਲੀ
.