.

ਵਾਰ ਸ੍ਰੀ ਭਗਉਤੀ ਜੀ ਕੀ

(ਦਸਮ ਗ੍ਰੰਥ ਪੰਨਾ 119)

ੴ ਵਾਹਿਗੁਰੂ ਜੀ ਕੀ ਫਤਹ।। ਸ੍ਰੀ ਭਗਉਤੀ ਜੀ ਸਹਾਇ।।

ਵਾਰ ਸ੍ਰੀ ਭਗਉਤੀ ਜੀ ਕੀ।। ਪਾਤਸ਼ਾਹੀ 10. ।

ਭੂਮਿਕਾ

ਇਸ ਭਗਉਤੀ ਕੀ ਵਾਰ ਵਿੱਚ, ਕਵੀ ਨੇ ਦੇਵੀ ਭਗਉਤੀ ਦੇ ਰਾਖਸਾਂ ਨਾਲ ਜੰਗ ਅਤੇ ਰਾਖਸਾਂ ਦੇ ਸੰਘਾਰ ਦਾ ਵਰਣਨ ਕੀਤਾ ਹੈ। ‘ੴ ਵਾਹਿਗੁਰੂ ਜੀ ਕੀ ਫਤਹ’ ਲਿਖ ਕੇ ਕਵੀ ਸ੍ਰੀ ਭਗਉਤੀ ਤੋਂ ਸਹਾਇਤਾ ਦਾ ਜਾਚਕ ਹੈ।

ਪ੍ਰਿਥਮ ਭਗਉਤੀ ਸਿਮਰਿ ਕੈ ਗੁਰ ਨਾਨਕ ਲਈ ਧਿਆਇ।।

ਕਵੀ ਦਾ ਇਸ਼ਟ ਭਗਉਤੀ ਹੈ। ਆਪਣੇ ਇਸ਼ਟ ਨੂੰ ਸਿਮਰ ਕੇ ਕਵੀ ਗੁਰੂ ਨਾਨਕ ਤੋਂ ਗੁਰੂ ਤੇਗ਼ ਬਹਾਦਰ ਤਕ ਦਾ ਨਾਮ ਲੈਂਦਾ ਹੈ।

ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ।।

ਅਰਜਨ ਹਰਿ ਗੋਬਿੰਦ ਨੂੰ ਸਿਮਰੋਂ ਸ੍ਰੀ ਹਰਿ ਰਾਇ।।

ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸੁ ਡਿਠੇ ਸਭ ਦੁਖ ਜਾਇ।।

ਤੇਗ ਬਹਾਦਰ ਸਿਮਰੀਐ ਘਰਿ ਨਉ ਨਿਧਿ ਆਵੈ ਧਾਇ।।

ਸਭ ਥਾਈ ਹੋਇ ਸਹਾਇ।।

ਜੋ ਮਨੁੱਖ ਭਗਉਤੀ ਨੂੰ ਜਾਣੇ ਅਨਜਾਣੇ ਸਿਮਰਦੇ ਹਨ, ਉਹਨਾਂ ਵਿੱਚ ਭਗਉਤੀ ਦੇ ਕਰੂਰ ਰੂਪ, ਹਿੰਸਕ ਗੁਣ ਜ਼ਰੂਰ ਆ ਜਾਂਦੇ ਹਨ। ਭਗਉਤੀ ਵਿੱਚ ਅਕਾਲ ਪੁਰਖ ਦੇ ਤੇ ਗੁਰੂ ਨਾਨਕ ਸਾਹਿਬ ਦੇ ਦਇਆ ਤੇ ਖਿਮਾ ਦੇ ਗੁਣ ਨਹੀਂ ਹਨ।

ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਬਾਦ, ਸਿੱਖਾਂ ਦੇ ਸਿਰਾਂ ਦੇ ਮੁੱਲ ਮੁਗਲੀਆ ਸਰਕਾਰ ਦਿੰਦੀ ਸੀ। ਇਕੱਲਾ ਇਕੱਲਾ ਯਾ ਦੋ ਦੋ ਸਿੱਖ ਜੰਗਲਾਂ ਵਿੱਚ ਭੁੱਖੇ ਘੁੰਮਦੇ ਸਨ। ਉਹ ਗੁਰਬਾਣੀ ਪੜ੍ਹਦੇ ਸਨ ਤੇ ਗੁਰੂ ਨਾਨਕ ਤੇ ਗੁਰਮੰਤ੍ਰ ਨਾਮ (ਵਾਹਿਗੁਰੂ) ਨੂੰ ਸਿਮਰਦੇ ਸਨ। ਉਹਨਾਂ ਧਰਮ ਨਹੀਂ ਹਾਰਿਆ, ਕੇਸਾਂ ਨੂੰ ਜਾਨ ਤੋਂ ਵੱਧ ਸੰਭਾਲਿਆ। ਉਹ ਆਪਣੀ ਜਾਨ ਤਲੀ ਤੇ ਰੱਖ ਕੇ, ਦੀਨ ਦੁਖੀਆਂ ਦੀ ਸਹਾਇਤਾ, ਬਿਨਾ ਲਿਹਾਜ਼ ਮਜ਼ਹਬ ਦੇ ਕਰਦੇ ਸਨ। ਉਹ ਦਯਾਵਾਨ ਸਨ, ਉਹਨਾਂ ਵਿੱਚ ਦਇਆ ਤੇ ਖਿਮਾ ਦੇ ਗੁਣ ਸਨ, ਸੱਚ ਆਚਾਰ ਸੀ।

ਸਾਡੀ ਅੱਜ ਦੀ ਅਰਦਾਸ ਦਾ ਮੁੱਢ ਪ੍ਰਿਥਮ ਭਗਉਤੀ ਸਿਮਰਿ ਕੇ ਹੈ।

ਇਹ ਸਭ ਬ੍ਰਾਹਮਨੀ ਮਤ ਦੇ ਆਧਾਰ ਤੇ ਅਰਦਾਸ ਜੋ ਦਸਮ ਗ੍ਰੰਥ ਵਿੱਚ ਲਿਖੀ ਹੈ, ਭਗਉਤੀ ਅੱਗੇ ਹੋ ਰਹੀ ਹੈ। ਗੁਰੂ ਜੀ ਬਖਸ਼ੰਦ ਹਨ, ਭੁੱਲਾਂ ਬਖਸ਼ ਦਿੰਦੇ ਹਨ।

ਪਰ ਹੁਣ ਇਤਨੀ ਜਾਣਕਾਰੀ ਤੋਂ ਬਾਦ ਭੁੱਲ ਕਰੀ ਜਾਣਾ, ਬਖਸ਼ਨ ਲਾਇਕ ਭੁੱਲ ਨਹੀਂ। ਪਹਿਲਾਂ ਅਸੀਂ ਆਪਣੀ ਭੁੱਲ ਨੂੰ ਸੁਧਾਰੀਏ ਤਾਂ ਹੀ ਗੁਰੂ ਜੀ ਬਖਸ਼ ਦੇਣਗੇ। ਸਿੱਖ ਪੰਥ ਅੱਗੇ ਇਹ ਵੱਡੀ ਚੁਣੌਤੀ ਹੈ। ਇਸ ਪੱਖ ਨੂੰ ਗੰਭੀਰਤਾ ਨਾਲ ਵਿਚਾਰਨ ਤੇ ਸੋਧਣ ਦੀ ਲੋੜ ਹੈ।

ਇਸ ਚਲਦੀ ਰਚਨਾ ਵਿੱਚ ਅਰਦਾਸ ਤੋਂ ਅੱਗੇ ਕਵੀ ਲਿਖਦਾ ਹੈ -

ਛੰਤ 4 (ਪੰਨਾ 119, ਦਸਮ ਗ੍ਰੰਥ)

ਪਉੜੀ ਇਕ ਦਿਹਾੜੇ ਨ੍ਹਾਵਣ ਆਈ ਦੁਰਗਸ਼ਾਹ।।

ਇੰਦ੍ਰ ਬ੍ਰਿਥਾ ਸੁਣਾਈ ਅਪਣੇ ਹਾਲ ਦੀ।। …

ਛੀਨ ਲਈ ਠੁਕਰਾਈ ਸਾਤੇ ਦਾਨਵੀ।।

ਲੋਕੀ ਤਿਹੀ ਫਿਰਾਈ ਦੋਹੀ ਆਪਣੀ।।

ਦਿਤੈ ਦੇਵ ਭਜਾਈ ਸਭਨਾ ਰਾਖਸ਼ਾਂ।।

ਕਿਨੈ ਨ ਜਿੱਤਾ ਜਾਈ ਮਰਖੇ ਦੈਤ ਨੂੰ।।

ਤੇਰੀ ਸਾਮ ਤਕਾਈ ਦੇਵੀ ਦੁਰਗਸ਼ਾਹ।। (4)

ਪਉੜੀ ਛੰਤ 55 (ਪੰਨਾ 127, ਦਸਮ ਗ੍ਰੰਥ)

ਸੁੰਭ ਨਿਸੁੰਭ ਪਠਾਇਆ ਜਮ ਦੇ ਧਾਮ ਨੋ।।

ਇੰਦ੍ਰ ਸਦਿ ਬੁਲਾਇਆ ਰਾਜ ਅਭਿਖੇਖ ਨੋ।।

ਸਿਰ ਪਰ ਛਤ੍ਰ ਫਿਰਾਇਆ ਰਾਜੇ ਇਦ੍ਰ ਦੈ।।

ਚਉਦੀ ਲੋਕਾ ਛਾਇਆ ਜਸੁ ਜਗਮਾਤ ਦਾ।।

ਦੁਰਗਾ ਪਾਠ ਬਣਾਇਆ ਸਭੇ ਪਉੜੀਆ।।

ਫੇਰ ਨ ਜੂਨੀ ਆਇਆ ਜਿਨ ਇਹ ਗਾਇਆ।।

ਵਾਰ ਸ੍ਰੀ ਭਗਉਤੀ ਵਿੱਚ 55 ਪਉੜੀਆਂ ਹਨ। ਕਵੀ ਭਗਉਤੀ ਨੂੰ ਜਗਮਾਤਾ ਕਹਿੰਦਾ ਹੈ। ਅੰਤਲੀ ਵਾਰ ਵਿੱਚ ਕਵੀ ਕਹਿੰਦਾ ਹੈ, ਇਹ ਸਭ ਪਉੜੀਆਂ ਦੁਰਗਾ ਪਾਠ ਹੈ। ਕਵੀ ਕਹਿੰਦਾ ਹੈ ਜੋ ਇਹ ਪਾਠ ਪੜ੍ਹੇਗਾ, ਉਹ ਜੂਨਾਂ ਵਿੱਚ ਨਹੀਂ ਆਵੇਗਾ। ਇਸ ਰਚਨਾਂ ਵਿੱਚ ਕਵੀ ਭਗੋਤੀ ਦੇ ਅਰਥ ਦੁਰਗਾ, ਜਗਮਾਤਾ ਕਰਦਾ ਹੈ। ਸਿਖਾਂ ਨੇ ਭਗੋਤੀ ਦੇ ਅਰਥ ਅਕਾਲ ਪੁਰਖ ਇਸ ਭੁੱਲ ਵਿੱਚ ਕਰ ਲਏ ਕਿ ਰਚਨਾ ਪਾ: 10 ਦੀ ਹੈ।

ਗੁਰੂ ਗੋਬਿੰਦ ਸਿੰਘ ਜੀ ਗੁਰਮਤਿ ਉਪਦੇਸ਼ ਵਿਰੁੱਧ ਕੋਈ ਰਚਨਾ ਨਹੀਂ ਕਰ ਸਕਦੇ, ਨਾ ਹੀ ਗੁਰਸਿੱਖਾਂ ਨੂੰ ਇਸ ਤਰ੍ਹਾਂ ਦੇ ਪਾਠ ਦੀ ਆਗਿਆ ਦੇ ਸਕਦੇ ਹਨ।

ਇਕ ਵੱਡੀ ਭੁੱਲ ਪੰਜਾਬੀ ਸਾਹਿਤ ਦੇ ਵਿਦਵਾਨਾਂ ਤੋਂ ਹੋਈ ਹੈ। ਪੰਜਾਬ ਤੇ ਫਿਰ ਪੰਜਾਬੀ ਯੂਨੀਵਰਸਿਟੀ ਅਤੇ ਇਸ ਨਾਲ ਸਬੰਧਿਤ ਸਾਰੇ ਸਕੂਲਾਂ ਕਾਲਜਾਂ ਵਿੱਚ ਪੰਜਾਬੀ ਦੀਆਂ ਪੁਸਤਕਾਂ ਵਿੱਚ ਚੰਡੀ ਦੀ ਵਾਰ ਪੂਰੀ ਜਾਂ ਅਧੂਰੀ ਜਾਂ ਕੁੱਝ ਛੰਦ, ਪਾਠਕਰਮ ਵਜੋਂ ਪੜ੍ਹਾਏ ਜਾਂਦੇ ਹਨ। ਐਸਾ ਪਿਛਲੇ ਪੰਜਾਹ ਸਾਲਾਂ ਤੋਂ ਹੋ ਰਿਹਾ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਪੰਜਾਬੀ ਦੇ ਵਿਦਵਾਨਾਂ ਨੇ ਭੀ ਇਸੇ ਪਾਠਕਰਮ ਨੂੰ ਚਲਾਇਆ ਹੈ। ਅੱਜ ਇਹ ਰਚਨਾਵਾਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਮੰਨ ਕੇ ਪੜ੍ਹੀਆਂ ਪੜ੍ਹਾਈਆਂ ਜਾ ਰਹੀਆਂ ਹਨ। ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਤੇ ਸਭ ਗੁਰਦੁਆਰਿਆਂ ਵਿੱਚ ਇਹਨਾਂ ਰਚਨਾਵਾਂ ਦਾ ਪਾਠ, ਕੀਰਤਨ ਹੋ ਰਿਹਾ ਹੈ। ਸਾਡੇ ਪਾਠ, ਕੀਰਤਨ, ਸਕੂਲ ਕਾਲਜਾ ਦੇ ਵਿੱਚ ਸੁਧਾਰ ਅਤਿ ਜਰੂਰੀ ਹੈ।

ਡਾ: ਗੁਰਮੁਖ ਸਿੰਘ




.