.

ਸਤਿਗੁਰ ਜਾਗਤਾ ਹੈ ਦੇਉ

ਦੁਨੀਆਂ ਦਾ ਪ੍ਰਸਿੱਧ ਵਿਦਵਾਨ ਖਲੀਲ ਜਿਬਰਾਨ ਕਹਿੰਦਾ ਹੈ- ਮੈ ਦੁਨੀਆਂ ਵੇਖੀ, ਜੰਗਲਾਂ ਤੋਂ ਸ਼ਹਿਰਾਂ ਵੱਲ, ਝੁੱਗੀਆਂ ਤੋਂ ਮਹਿਲਾਂ ਵੱਲ, ਕੌਮਾਂ ਨੂੰ ਵਧਦੇ ਵੇਖਿਆ ਹੈ। ਗਰੀਬ ਅਮੀਰ ਦਾ ਗੁਲਾਮ ਹੈ। ਅਮੀਰ ਸਿਪਾਹੀ ਦਾ ਗੁਲਾਮ ਹੈ। ਸਿਪਾਹੀ ਜਰਨੈਲ ਦਾ ਗੁਲਾਮ ਹੈ। ਜਰਨੈਲ ਰਾਜੇ ਦਾ ਗੁਲਾਮ ਹੈ। ਰਾਜਾ ਪੁਜਾਰੀ ਦਾ ਗੁਲਾਮ ਹੈ। ਪੁਜਾਰੀ ਮੂਰਤੀ ਦਾ ਗੁਲਾਮ ਹੈ। ਉਹ ਮੂਰਤੀ ਮਿੱਟੀ ਦੀ ਬਣੀ ਹੋਈ ਹੈ, ਜਿਸਨੂੰ ਸ਼ੇਤਾਨ ਨੇ ਮਨੁੱਖੀ ਖੁਨ ਵਿੱਚ ਰੰਗ ਕੇ ਮੁਰਦਾ ਖੋਪਰੀਆਂ ਦੇ ਢੇਰ ਉਪਰ ਟਿਕਾਇਆ ਹੋਇਆ ਹੈ। ਬੁਰਾਈ ਤੇ ਪਾਪ ਦਾ ਬੀਜ ਕੌਮਾ ਅੱਗੇ ਤੋਂ ਅੱਗੇ ਔਲਾਦ ਦੇ ਨਾਮ ਵਸੀਅਤ ਕਰ ਦਿੰਦੀਆਂ ਹਨ।

ਖਲੀਲ ਜਿਬਰਾਨ ਦੇ ਇਹਨਾ ਬੋਲਾਂ ਨੂੰ ਅੱਜ ਦੇ ਪੰਜਾਬ ਦੇ ਝਰੋਖੇ ਵਿਚੋਂ ਜਾਂ ਸਿੱਖ ਰਾਜਨੀਤੀ ਪੱਖੋਂ ਦੇਖਿਆ ਜਾਏ ਜਾਂ ਖਲੀਲ ਜਿਬਰਾਨ ਦੇ ਇਹ ਬੋਲ ਸਾਡੇ ਉਪਰ ਵੀ ਲਾਗੂ ਹੋ ਜਾਂਦੇ ਹਨ। ਪੰਜਾਬ, ਭਾਵ ਗਰੀਬ ਬਾਦਲ ਦਾ ਗੁਲਾਮ, ਬਾਦਲ ਅਗੋਂ ਸਿਪਾਹੀ, ਯਾਨੀ ਇੱਕ ਹਜਾਰ ਬਾਡੀਗਾਰਡ ਦਾ ਗੁਲਾਮ, ਉਹ ਅੱਗੋਂ ਦਿੱਲੀ ਦੇ ਗੁਲਾਮ ਤੇ ਦਿੱਲੀ ਵਾਲੇ ਹਿੰਦੂਤਵੀ ਬ੍ਰਾਹਮਣ ਦੇ ਗੁਲਾਮ ਤੇ ਬ੍ਰਾਹਮਣ ਅੱਗੋਂ ਪੱਥਰ ਦੀ ਮੂਰਤੀ ਦਾ ਗੁਲਾਮ। ਜਿਸ ਮੂਰਤੀ ਅਗੇ ਹਜਾਰਾਂ ਸਾਲਾਂ ਤੋਂ ਮੱਨੁਖੀ ਬਲੀ ਦਿਤੀ ਜਾਂਦੀ ਰਹੀ ਤੇ ਜਿਹੜੀ ਹੁਣ ਤੱਕ ਜਾਰੀ ਹੈ ਜਿਸ ਦੇ ਕਈ ਰੂਪ ਹਨ।

ਹਜਾਰਾਂ ਸਾਲਾਂ ਤੋਂ ਮਨੁੱਖਤਾ ਦੀਆਂ ਬਲੀਆਂ ਲੈ-ਲੈ ਕੇ ਇਹਨਾ ਮਨੁੱਖੀ ਲਹੂ ਨਾਲ ਰੰਗੀਆਂ ਪੱਥਰ ਦੀਆਂ ਮੂਰਤੀਆਂ ਤੋਂ ਗੁਰੂ ਸਾਹਿਬਾਨਾ ਨੇ ਬੜੀ ਕੱਠਨ ਘਾਲਣਾ ਘਾਲ ਕੇ ਮਨੁੱਖਤਾ ਨੂੰ ਬਚਾਇਆ ਸੀ ਤੇ ਇੱਕ ਨਵੀ ਦਿਸ਼ਾ ਪ੍ਰਦਾਨ ਕੀਤੀ ਸੀ ਕਿ ਜਿਹੜਾ ਪੱਥਰ ਖੁਦ ਨਹੀ ਤਰ ਸਕਦਾ ਉਹ ਹੋਰ ਕਿਸੇ ਨੂੰ ਕੀ ਤਾਰੇਗਾ। ਜਿਹੜਾ ਪੱਥਰ ਖੁਦ ਨਹੀ ਬੋਲ ਸਕਦਾ ਉਹ ਕਿਸੇ ਨੂੰ ਬੋਲਣ ਦੀ ਕੀ ਜੁਅਰਤ ਦੇਵੇਗਾ ਤੇ ਇਹੀ ਕਾਰਨ ਸੀ ਕਿ ਹਜਾਰਾਂ ਸਾਲ ਹਿੰਦੂ ਭਰਾ ਕੁੱਟ ਤਾਂ ਖਾਈ ਗਏ ਪਰ ਬੋਲਣ ਦੀ ਜੁਅਰਤ ਗਵਾ ਬੈਠੇ।

ਪਰ ਉਹਨਾ ਦੀ ਗੱਲ ਤਾਂ ਅਸੀਂ ਕਰ ਲੈਦੇ ਹਾਂ ਤੇ ਕਿਸੇ ਦੂਜੇ ਦੀ ਕਰਨ ਵਿੱਚ ਸੁਆਦ ਵੀ ਬੜਾ ਆਉਂਦਾ ਪਰ ਮੁਸ਼ਕਲ ਇਹ ਹੈ ਕਿ ਅਸੀ ਕੀ ਕਰ ਰਹੇ ਹਾਂ। ਇਹਨਾ ਪੱਥਰ ਦੀਆਂ ਮੂਰਤੀਆਂ ਦਾ ਮੋਹ ਕਿਸ ਕਦਰ ਸਿੱਖ ਦੇ ਅੰਦਰ ਘਰ ਕਰ ਚੁੱਕਾ ਹੈ ਇਸ ਦੀ ਮਿਸਾਲ ਗੁਰਦੁਆਰਿਆਂ ਵਿੱਚ ਗੁਰੂ ਸਾਹਿਬਾਨਾ ਦੇ ਆਦਮ ਕੱਦ ਮੂਰਤੀਆਂ ਤੋਂ ਇਲਾਵਾ ‘ਵੀਕਐਂਡ ਮਰਕਿਟ’ ਵਿੱਚ ਹੋ ਰਹੀਆਂ ਪੱਥਰ ਦੀਆਂ ਮੂਰਤੀਆਂ ਦੀ ਵਿੱਕਰੀ ਤੋਂ ਵੀ ਲਈ ਜਾ ਸਕਦੀ ਹੈ। ਉਥੇ ਵਿਕ ਰਹੀਆਂ ਗੁਰੂ ਸਾਹਿਬਾਨਾ ਦੀਆਂ ਮੂਰਤੀਆਂ ਦੇ ਗਾਹਕ ਸਿੱਖ ਹੀ ਹੋ ਸਕਦੇ ਹਨ ਹੋਰ ਤਾਂ ਕਿਸੇ ਉਹ ਬੁੱਤ ਕੀ ਕਰਨੇ ਹਨ ਤੇ ਇਹ ਵੀ ਕਿ ਗਾਹਕ ਹੋਣਗੇ ਤਾਂ ਚੀਜ ਮਾਰਕਿਟ ਵਿੱਚ ਆਵੇਗੀ।

16 ਕੁ ਸਾਲ ਦੀ ਬੱਚੀ ਰੋਜਬੀਰ ਅਪਣੀ ਮਾਂ ਨਾਲ ਸ਼ਾਪਿੰਗ ਕਰਨ ਉਥੇ ਜਾਂਦੀ ਹੈ ਤਾਂ ਉਹ ਉਥੇ ਗੁਰੂ ਨਾਨਕ ਸਾਹਿਬ ਦੀ ਪੱਥਰ ਜਾਂ ਮਿੱਟੀ ਦੀ ਮੂਰਤੀ ਦੇ ਹੱਥ ਉਪਰ ‘ਓਮ’ ਲਿਖਿਆ ਦੇਖ ਪ੍ਰੇਸ਼ਾਨ ਹੋ ਜਾਂਦੀ ਹੈ। ਉਹ ਬੱਚੀ ਅਪਣੀ ਮਾਂ ਨੂੰ ਪੁੱਛਦੀ ਹੈ ਕਿ ਅਸੀਂ ਕੌਣ ਹਾਂ? ਗੁਰੂ ਨਾਨਕ ਦੇਵ ਜੀ ਦਾ ‘ਏਕਾ’ ਕਿਧਰ ਗਿਆ? ਗੱਲ ਮਾਂ ਦੇ ਸਮਝ ਪੈ ਗਈ ਤੇ ਉਸ ਪੱਗ ਵਾਲੇ ‘ਸਰਦਾਰ’ ਯਾਨੀ ਦੁਕਾਨ ਵਾਲੇ ਨੂੰ ਕਿਹਾ ਕਿ ਵਪਾਰ ਦੇ ਨਾਂ ਤੇ ਤੂੰ ਗੁਰੂ ਨੂੰ ਪੱਥਰ ਬਣਾ ਕੇ ਵੇਚ ਰਿਹੈਂ? ਸ਼ਰਮ ਆਉਂਣੀ ਚਾਹੀਦੀ ਤੈਨੂੰ ਅਪਣੇ ਸਰਦਾਰ ਹੋਣ ਤੇ?

ਘਰ ਆ ਕੇ ਮਾਂ ਅਪਣੇ ਪਤੀ ਨਾਲ ਗੱਲ ਕਰਦੀ ਹੈ ਉਹ ਕਹਿੰਦਾ ਇਹਨਾ ਪੱਥਰ ਦੇ ਬੁੱਤਾਂ ਦੇ ਬੀਜ ਤਾਂ ਸਾਡੇ ਘਰ ਵਿੱਚ ਹੀ ਨੇ ਪਹਿਲਾਂ ਅਸੀਂ ਘਰੋਂ ਹੀ ਕਿਉਂ ਨਾ ਸ਼ੁਰੂ ਕਰੀਏ ਤੇ ਉਹ ਸਾਰੀਆਂ ਮੂਰਤੀਆਂ ਘਰੋਂ ਚੁੱਕ ਦਿੰਦਾ ਹੈ। ਘਰ ਵਿੱਚ ਰਹਿੰਦੇ ਬਜ਼ੁਰਗਾਂ ਨੂੰ ਜਾਪਦਾ ਹੈ ਜਿਵੇਂ ਮੂਰਤੀਆਂ ਨਹੀ ਬਲਕਿ ਗੁਰੁ ਨੂੰ ਘਰੋਂ ਕੱਢ ਦਿਤਾ ਹੋਵੇ ਤੇ ਉਹ ਕਈ ਦਿਨ ਪ੍ਰੇਸ਼ਾਨ ਰਹਿੰਦੇ ਹਨ। ਰਿਸ਼ਤੇਦਾਰਾਂ ਜਾਂ ਸੱਜਣਾ-ਮਿੱਤਰਾਂ ਨੂੰ ਜਦ ਪਤਾ ਲੱਗਾ ਕਿ ਗੁਰਮੁੱਖ ਸਿੰਘ ਨੇ ਮੂਰਤੀਆਂ ਘਰੋਂ ਬਾਹਰ ਕਰ ਦਿਤੀਆਂ ਹਨ ਤਾਂ ਉਹਨਾ ਨੂੰ ਇੰਝ ਜਾਪਿਆ ਜਿਵੇਂ ਉਸ ਬੇਜਾਨ ਬੁੱਤ ਨਹੀ ਸਗੋਂ ਸੱਚਮੁੱਚ ਦਾ ਗੁਰੂ ਘਰੋਂ ਕੱਢ ਦਿਤਾ ਹੋਵੇ। ਤੇ ਅਗੋਂ ਕਈ ਡਰਾਉਣੀਆਂ ਕਹਾਣੀਆਂ ‘ਨਾਸਤਿਕਾਂ’ ਦੇ ਬੁਰੇ ਹਾਲਾਂ ਦੀਆਂ ਉਸਨੂੰ ਸੁਣਾਈਆਂ ਗਈਆਂ ਪਰ ਉਹ ਇਕੇ ਗੱਲ ਤੇ ਦ੍ਰਿੜ ਰਿਹਾ ਕਿ ਮੇਰਾ ਗੁਰੂ ਬੋਲਦਾ ਹੈ, ਗੁਰਬਾਣੀ ਵਿੱਚ ਨਿੱਤ ਬੋਲਦਾ ਹੈ ਇਹ ਗੁੰਗਾ-ਬੋਲਾ ਗੁਰੂ, ਮੇਰਾ ਗੁਰੂ ਨਹੀ ਹੋ ਸਕਦਾ। ਜੇ ਮੇਰਾ ਗੁਰੂ ਪੱਥਰ ਦਾ ਹੀ ਗੁਰੂ ਹੋਣਾ ਸੀ ਤਾਂ ਪੱਥਰ ਦੇ ਰੱਬ ਤਾਂ ਪਹਿਲਾਂ ਹੀ ਮੌਜੂਦ ਸਨ। ਮੇਰੇ ਵਰਗਿਆਂ ਦੇ ਕਾਰਨ ਹੀ ਕਾਗਜਾਂ ਦੀਆਂ ਮੂਰਤੀਆਂ ਤੋਂ ਪੱਥਰਾਂ ਦਾ ਗੁਰੂ ਬਣਾ ਧਰਿਆ ਹੈ ਸਾਡੇ ਦੁਸ਼ਮਣਾ ਨੇ।

ਤੇ ਗੁਰੂ ਕੀ ਉਦੋਂ ਹੀ ਬੋਲਦਾ ਸੀ ਤੇ ਹੁਣ ਨਹੀ? ਉਹ ਹੁਣ ਵੀ ਬੋਲਦਾ ਹੈ ਪਰ ਪੱਥਰਾਂ ਦੇ ਬੁੱਤਾਂ ਦੇ ਰੌਲੇ ਵਿੱਚ ਸਾਨੂੰ ਸੁਣਦਾ ਨਹੀ। ਸਾਡੇ ਤੇ ਜਦ ਕੋਈ ਮੁਸ਼ਕਲ ਆਉਂਦੀ ਹੈ ਤਾਂ ਅਸੀਂ ਬਜਾਇ ਕਿ ਬਾਣੀ ਤੋਂ ਪੁੱਛੀਏ ਅਸੀਂ ਬੁੱਤਾਂ ਅੱਗੇ ਖੜੋ ਕੇ ਅਰਦਾਸ ਕਰਨ ਲੱਗ ਜਾਂਦੇ ਹਾਂ ਤੇ ਜਦ ਬੁੱਤ ਸਾਨੂੰ ਕੋਈ ਰਾਹ ਨਹੀ ਦਿੰਦਾ ਤੇ ਅਸੀਂ ਦੇਹਧਾਰੀ ਕਿਸੇ ਸਾਧ-ਸੰਤ ਜਾਂ ਨਕਲੀ ਗੁਰੂ ਦੀ ਤਲਾਸ਼ ਕਰਨ ਨਿਕਲ ਤੁਰਦੇ ਹਾਂ ਤੇ ਬੜੇ ਮਾਣ ਨਾਲ ਦੱਸਦੇ ਹਾਂ ਕਿ ਦੇਹ ਧਾਰੀ ਤੋਂ ਬਿਨਾ ਸੱਚ ਦੀ ਸਮਝ ਨਹੀ ਆ ਸਕਦੀ। ਇਹ ਕਹਿੰਦੇ ਅਸੀਂ ਅਨਜਾਣੇ ਹੀ ਗੁਰੂ ਦਾ ਅਪਮਾਨ ਕਰ ਰਹੇ ਹੁੰਦੇ ਹਾਂ ਜੀਹਨਾ ਸਬਦ ਨੂੰ ਮੱਥਾ ਟੇਕ ਦੇਹਧਾਰੀ ਦਾ ਮੂਲੋਂ ਹੀ ਫਸਤਾ ਵ੍ਹੱਡ ਦਿਤਾ।

‘ਮੂਰਤੀਆਂ ਮਨੁੱਖੀ ਖੂਨ ਵਿੱਚ ਰੰਗ ਕੇ ਮੁਰਦਾ ਖੋਪਰੀਆਂ ਉਪਰ ਟਿਕਾਈਆਂ ਹੋਈਆਂ ਹਨ’ ਕੀ ਇਹ ਸੱਚ ਨਹੀ? ਜਿਉਂਦੀ ਖੋਪਰੀ ਕਿਉਂ ਪੱਥਰ ਨੂੰ ਅਪਣੇ ਸਿਰ ਉਪਰ ਲੱਦੀ ਫਿਰੇਗੀ? ਜਿਉਂਦੇ ਸਿਰਾਂ ਨੇ ਪੱਥਰਾਂ ਨੂੰ ਸਿਰਾਂ ਉਪਰੋਂ ਲਾਹ ਦਿਤਾ ਤੇ ਉਹ ਜਿਉਂਦੇ ਗੁਰੂ ਦੇ ਮਗਰ ਹੋ ਪਏ। ਜਿਉਂਦੇ ਗੁਰੂ ਦੇ ਮਗਰ ਹੋਇਆਂ ਹੀ ਉਹ ਘੋੜਿਆਂ ਦੀਆਂ ਕਾਠੀਆਂ ਤੋਂ ਦਾ ਲੰਮਾ ਸਫਰ ਤਹਿ ਕਰਦੇ ਹੋਏ ਖ਼ੈਬਰਾਂ ਤੀਕ ਜਾ ਪਹੁੰਚੇ। ਜਿਉਂਦੇ ਸਿਰ ਹੀ ਜੁਲਮ ਨੂੰ ਵੰਗਾਰ ਸਕਦੇ ਹਨ, ਜਿਉਂਦੇ ਸਿਰ ਹੀ ਅਬਦਾਲੀ ਵਰਗੇ ਨੂੰ ਭਾਜੜਾਂ ਪਾ ਸਕਦੇ ਹਨ, ਜਿਉਂਦੇ ਸਿਰ ਕੇਵਲ 40 ਹੋਣ ਤੇ ਹੀ ਲੱਖਾਂ ਨਾਲ ਲੜ ਸਕਦੇ ਹਨ ਮੁਰਦਾ ਖੋਪਰੀਆਂ ਨਹੀ ਜਿਹੜੀਆਂ ਬੁੱਤਾਂ ਦੇ ਭਾਰ ਹੇਠ ਦੱਬੀਆਂ ਪਈਆਂ ਹੋਣ।

ਜੀਉਂਦਾ ਗੁਰੂ ਹੀ ਬਾਬਰ ਦੇ ਸਹਮਣੇ ਸੱਚ ਬੋਲ ਸਕਦਾ ਹੈ, ਜੀਂਦਾ ਗੁਰੂ ਹੀ ਪੁੱਤ-ਪਰਿਵਾਰ ਵਾਰ ਕੇ ਵੀ ਅਰੰਗਜੇਬ ਵਰਗੇ ਨੂੰ ਖਰੀਆਂ ਸੁਣਾ ਸਕਦਾ ਹੈ, ਮੁਰਦਾ ਨਹੀ? ਦਿੱਲੀ ਵਿੱਚ ਹਜਾਰਾਂ ਸਿੱਖ (ਮਨੁੱਖ) ਅੱਗ ਲਾ ਕੇ ਫੂਕ ਦਿੱਤੇ ਗਏ ਦਸੋ ਕਿਹੜਾ ‘ਗੁਰੂ’ ਬੋਲਿਆ? ਰਾਧਾ ਸੁਆਮੀ? ਨਾਮ ਧਾਰੀਆ? ਜੇਠੂਵਾਲੀਆ? ਨਰਕਧਾਰੀਆ? ਅੰਗਰੇਜਾਂ ਵੇਲੇ ਆਗਰੇ ਵਿੱਚ ਜਿਸ ਗਲੀ ਵਿਚੋਂ ਅੰਗਰੇਜਾਂ ਨੇ ਢਿੱਡ ਪਰਨੇ ਘਿਸਰ ਕੇ ਲੰਘਣ ਦੀ ਸ਼ਰਤ ਰੱਖੀ ਸੀ ਓਸ ਗਲੀ ਦੇ ਚੁਬਾਰੇ ਵਿੱਚ ਰਾਧਾਸੁਆਮੀਆਂ ਦਾ ਸਭ ਤੋਂ ਪਹਿਲਾ ‘ਗੁਰੂ’ ਸੁਆਮੀ ਦਿਆਲ ਜੀ ਰਹਿੰਦਾ ਸੀ ਪਰ ਉਸ ਵਿੱਚ ਇਨੀ ਜੁਅਰਤ ਨਹੀ ਪਈ ਕਿ ਇਨਾ ਹੀ ਕਹਿ ਸਕੇ ਕਿ ਇਹ ਮੇਰੇ ਭਰਾਵਾਂ ਤੇ ਜੁਲਮ ਹੈ?

ਗੁਰੂ ਬਣਨਾ ਕਿਹੜਾ ਔਖਾ? ਉਹ ਵੀ ਅੱਜ ਦੇ ਜੁੱਗ ਵਿਚ? ਇਥੇ ਇੱਕ ਕਹਾਣੀ ਯਾਦ ਆਈ। ਕਹਿੰਦੇ ਕਿ ਇਦਾਂ ਦੇ ਹੀ ਇੱਕ ਨਕਲੀ ਗੁਰੂ ਨੇ ਅਪਣਾ ਨਾਂ ‘ਜਗਤ ਗੁਰੂ’ ਰੱਖ ਲਿਆ। ਜਿਵੇਂ ਅੱਜ ਕੱਲ ਵੀ ਇੱਕ ‘ਗੁਰੂ ਮਾਤਾ’ ਨਾਂ ਦੀ ਔਰਤ ਹੈ ਆਮ ਲੋਕ ਤਾਂ ਉਸ ਨੂੰ ‘ਗੁਰੂ ਮਾਤਾ’ ਕਹਿੰਦੇ ਹੀ ਹਨ ਮੀਡੀਆ ਵੀ ਬੜੇ ਸ਼ੋਕ ਨਾਲ ਉਸਨੂੰ ‘ਗੁਰੂ ਮਾਤਾ’ ਨਾਲ ਹੀ ਪੇਸ਼ ਕਰਦਾ ਹੈ ਬਿਨਾ ਇਹ ਜਾਣੇ ਕਿ ਇਹ ਕਿਹੜੇ ਗੁਰੂ ਦੀ ਮਾਤਾ ਹੈ? ਕੀ ਉਹ ਗੁਰੂ ਪ੍ਰਗਟ ਹੋ ਚੁੱਕਾ ਜਾਂ ਹਾਲੇ ਕੋਈ ‘ਨੇਹਕਲੰਕ’ ਆਉਂਣਾ ਜਿਸ ਦੀ ਉਹ ਮਾਤਾ ਹੈ। ਉਹ ‘ਗੁਰੂ ਮਾਤਾ’ ਹੀ ਇੱਕ ਦਿਨ ‘ਸੁਰਸਾਗਰ’ ਤੇ ਕਥਾ ਕਰ ਰਹੀ ਸੀ ਕਿ ਗੁਰੂ ਨਾਨਕ ਸਾਹਿਬ ਉਪਰ ਸ਼ੇਸ਼ ਨਾਗ ਨੇ ਛਾਇਆ ਕੀਤੀ। ਕਿਉਕਿ ਵਿਸ਼ਨੂੰ ਭਗਵਾਨ ਕੀ ਸੇਜਾ ਵੀ ਸ਼ੇਸ਼ ਨਾਗ ਹੀ ਥੀ। ਤੇ ਉਹੀ ਹਰੀ ਕਲੱਯੁਗ ਮੇਂ ਜਬ ਆਏ ਤੋ ਵਹੀ ਸ਼ੇਸ਼ ਨਾਗ ਫਿਰ ਛਾਇਆ ਕਰਨੇ ਪ੍ਰਗਟ ਆਣ ਹੂਆ? ਵਿਸ਼ਨੂੰ ਜੀ ਮਹਾਰਾਜ ਬਾਰੇ ਬ੍ਰਹਾਮਣ ਦੇ ਅਪਣੇ ਗਰੰਥਾਂ ਦੇ ਹਵਾਲੇ ਨਾਲ ਹੀ ਪੰਜਾਬ ਗਾਰਡੀਅਨ ਵਿੱਚ ਬਹੁਤ ਕੁੱਝ ਲਿਖਿਆ ਜਾ ਚੁੱਕਾ ਹੈ ਕਿ ਉਹਨਾ ਸ੍ਰੀ ਮਾਨ ਜੀ ਨੇ ਕਿਸ-ਕਿਸ ਦੀ ਔਰਤ ਨਾਲ ਬਲਾਤਕਾਰ ਕੀਤੇ ਪਰ ਹੁਣ ਜਿਹੜੇ ਖੀਰ ਸਮੁੰਦਰ ਵਿੱਚ ਹਰੀ ਵਿਸ਼ਨੂੰ ਜੀ ਰਹਿੰਦੇ ਸਨ ਉਹ ਖੀਰ ਸਮੁੰਦਰ ਅਤੇ ਖੀਰ ਸਮੁੰਦਰ ਵਿੱਚ ਸ਼ੇਸ਼ ਨਾਗ ਜੀ ਦੀ ਸੇਜਾ ਕਿਸ ਧਰਤੀ ਤੇ ਸੀ ਜਾਂ ਹੈ, ਇਹ ਤਾਂ ਜਾਂ ‘ਗੁਰੂ ਮਾਤਾ’ ਜੀ ਦਸ ਸਕਦੇ ਹਨ ਜਾਂ ਸੁਰਸਾਗਰ ਵਾਲੇ ਕਿਉਂਕਿ ਉਹ ਵੀ ਕਾਫੀ ਖੋਜਾਂ ਕਰਦੇ ਰਹਿੰਦੇ ਹਨ ਤੇ ਸ਼ਾਇਦ ਇਹ ਖੋਜ ਵੀ ਕਰ ਮਾਰਨ?

ਖੈਰ ਅਸੀ ਗੱਲ ਰਹੇ ਸੀ ‘ਜਗਤ ਗੁਰੂ’ ਦੀ। ਲੋਕ ਉਸ ਨੂੰ ਜਗਤ ਗੁਰੂ ਹੀ ਕਹਿਣ ਲਗ ਪਏ। ਇੱਕ ਤੁਰਦਾ ਫਿਰਦਾ ਕੋਈ ‘ਕਮਲਾ’ ਆਣ ਨਿਕਲਿਆ ਉਹ ਪੁੱਛਣ ਲਗਾ ਕਿ ਕ੍ਰਿਪਾ ਕਰਕੇ ਇਹ ਤਾਂ ਦੱਸੋ ਕਿ ਜਗਤ ਨੇ ਕੀ ਤੁਹਾਨੂੰ ਗੁਰੂ ਮੰਨ ਲਿਆ ਕਿ ਤੁਸੀਂ ਸਾਰੇ ਜਗਤ ਦੇ ਗੁਰੂ ਹੋ ਨਿਬੜੇ ਜਾਂ ਸ਼ੌਕੀਆਂ ਹੀ ਜਗਤ ਗੁਰੂ ਹੋ? ਉਹ ਬੜੇ ਮਾਣ ਨਾਲ ਕਹਿਣ ਲੱਗਾ ਕਿ ਮੈ ਕੋਈ ਐਸਾ-ਵੈਸਾ ਗੁਰੂ ਨਹੀ ਕਿ ਬਿਨਾ ਜਗਤ ਨੂੰ ਅਪਣੇ ਗੁਰੂ ਹੋਣ ਦਾ ਲੋਹਾ ਮੰਨਵਾਇਆਂ ਜਗਤ ਗੁਰੂ ਬਣ ਬੈਠਾਂ। ਆਉ ਮੇਰੇ ਨਾਲ। ਤੇ ਉਹ ਅਪਣੇ ਇੱਕ ਪੱਕੇ ਚੇਲੇ ਕੋਲੇ ਉਸ ਨੂੰ ਲੈ ਗਿਆ ਜਿਸ ਦਾ ਨਾਮ ਉਸ ਨੇ ਜਗਤ ਰੱਖ ਲਿਆ ਹੋਇਆ ਸੀ। ਕਹਿਣ ਲੱਗਾ ਕਿ ਪੁੱਛੋ ਏਸ ਨੂੰ ਮੈਂ ਇਸ ਦਾ ਗੁਰੂ ਹਾਂ ਕਿ ਨਹੀ?

ਇੰਝ ਦੇ ਜਗਤ ਗੁਰੂ ਜਾਂ ਗੁਰੂ ਮਾਤਾ ਸਿੱਖ ਕੌਮ ਵਿੱਚ ਪੈਦਾ ਹੁੰਦੇ ਹੀ ਰਹਿਣਗੇ ਜਿੰਨਾ ਚਿਰ ਸਿੱਖ ਬੁੱਤਾਂ ਤੋਂ ਹੱਟਕੇ ਸਬਦ ਗੁਰੂ ਦੇ ਨਾਲ ਨਹੀ ਜੁੜਦਾ ਤੇ ਸਬਦ ਨੇ ਚਾਹੇ ਕੋਈ ਜੁੱਗ ਹੋਵੇ ਜਾਂ ਜਾਲਮ ਹੋਵੇ ਉਸ ਬੋਲਣੋ ਨਹੀ ਹਟਣਾ ਜਿੰਨੇ ਹਟਣਾ ਉਹ ਅਪਣਾ ਰਾਹ ਬਦਲ ਲਏ ਪਰ ਇਹ ਸੱਚ ਬਦਲਿਆ ਨਹੀ ਜਾਣਾ। ਦੱਸੋ ਕਿੰਝ ਕਰਾਉਂਗੇ ਚੁੱਪ ਏਸ ਬੋਲਦੇ ਗੁਰੂ ਨੂੰ? ਗੂੰਗੇ ਬੁੱਤਾਂ ਬਾਰੇ ਗੁਰਬਾਣੀ ਸਪੱਸ਼ਟ ਹੈ ਜਾਂ ਇਸ ਨੂੰ ਬਦਲੋ ਜਾਂ ਅਪਣੇ ਆਪ ਨੂੰ ਨਹੀ ਤਾਂ ਅਸੀਂ ਅਨਜਾਣੇ ਹੀ ਗੁਰੁ ਸਾਹਿਬਾਨਾ ਦੇ ਖੁਬਸੂਰਤ ਸਿਧਾਂਤ ਨੂੰ ਵਿਗਾੜਨ ਕੇ ਪਾਪਾਂ ਦੇ ਭਾਗੀ ਬਣ ਰਹੇ ਹਾਂ। ਗੁਰੁ ਸਾਹਿਬਾਨਾ ਦੇ ਉਪਕਾਰਾਂ ਦੇ ਅਸੀਂ ਪਲ-ਪਲ ਰਿਣੀ ਹਾਂ ਤੇ ਏਸ ਰਿਣ ਨੂੰ ਚੁਕਾਉਂਣ ਦਾ ਸਭ ਤੋਂ ਉਤਮ ਰਸਤਾ ਗੁਰੁ ਦੇ ਹੁਕਮ ਨੂੰ ਮੰਨਣਾ ਤੇ ਗੁਰੁ ਦਾ ਹੁਕਮ ਹੈ ਪੱਥਰਾਂ ਤੋਂ, ਮੂਰਤੀਆਂ ਅਤੇ ਗੂੰਗੇ ਬੁੱਤਾਂ ਦੀ ਪੂਜਾ ਤੋਂ ਦੂਰ ਰਹਿਣਾ ਉਹ ਮੂਰਤੀਆਂ, ਬੁੱਤ ਜਾਂ ਪੱਥਰ ਚਾਹੇ ਖੁਦ ਗੁਰੁ ਦੇ ਹੀ ਕਿਉਂ ਨਾ ਹੋਣ। ਜਿਹੜੀ ਗੱਲ ਰੱਦ ਹੀ ਕਰ ਦਿਤੀ ਗਈ ਉਸਦਾ ਬਦਲਵਾਂ ਰੂਪ ਬਣਾ ਕੇ ਅਸੀਂ ਕਿਉਂ ਗੁਰੁ ਦੇ ਵਿਰੋਧ ਵਿੱਚ ਜਾਈਏ? ਇੱਕ ਵੀ ਸਬਦ ਜਾਂ ਪੰਗਤੀ ਗੁਰੂ ਗਰੰਥ ਸਾਹਿਬ ਜੀ ਵਿਚੋਂ ਕੋਈ ਸਾਧ-ਸੰਤ ਜਾਂ ਬ੍ਰਹਗਿਆਨੀ ਜਾਂ ਗੁਰਦੁਆਰੇ ਵਾਲਾ ਲੈ ਕੇ ਦਸ ਦੇਵੇ ਕਿ ਗੁਰੂ ਸਾਹਿਬਾਨ ਨੇ ਕੇਵਲ ਬ੍ਰਹਾਮਣ ਦੇ ਗੁੰਗ ਵੱਟੇ ਹੀ ਰੱਦ ਕੀਤੇ ਪਰ ਅਪਣੀ ਮੂਰਤੀ ਜਾਂ ਬੁੱਤ ਰੱਖ ਲੈਣ ਦੀ ਇਜਾਜਤ ਦਿਤੀ ਤਾਂ ਅਸੀਂ ਇਹਨਾ ਬਾਬਿਆਂ ਨਾਲੋਂ ਵੀ ਵੱਡੇ ਬੁੱਤ ਬਣਾਉਂਣ ਵਿੱਚ ਸਭ ਤੋਂ ਅਗੇ ਹੋਵਾਂਗੇ। ਸਾਡਾ ਗੁਰੂ ਜਾਗਦਾ ਹੈ ਤੇ ਬੋਲਦਾ ਹੈ ਜੇ ਇੰਝ ਕਿਸੇ ਦੇ ਘਰ ਰੱਖਿਆ ਬੁੱਤ ਬੋਲਿਆ ਹੋਵੇ ਤਾਂ ਕ੍ਰਿਪਾ ਕਰਕੇ ਜਰੂਰ ਸਾਨੂੰ ਵੀ ਦਸਣਾ ਅਸੀਂ ਵੀ ਉਹ ਲਿਆ ਕੇ ਸਜਾ ਲਈਏ। ਗੁਰਬਾਣੀ ਦੇ ਕੁੱਝ ਫੁਰਮਾਨ ਸਾਡੀ ਜਾਣਕਾਰੀ ਵਿੱਚ ਵਾਧਾ ਕਰਨ ਹਿੱਤ।

ਮਃ 1॥ ਹਿੰਦੂ ਮੂਲੇ ਭੂਲੇ ਅਖੁਟੀ ਜਾਂਹੀ॥ ਨਾਰਦਿ ਕਹਿਆ ਸਿ ਪੂਜ ਕਰਾਂਹੀ॥ ਅੰਧੇ ਗੁੰਗੇ ਅੰਧ ਅੰਧਾਰੁ॥ ਪਾਥਰੁ ਲੇ ਪੂਜਹਿ ਮੁਗਧ ਗਵਾਰ॥ ਓਹਿ ਜਾ ਆਪਿ ਡੁਬੇ ਤੁਮ ਕਹਾ ਤਰਣਹਾਰੁ॥ 2॥ {ਪੰਨਾ 556}

ਅਰਥ : —ਹਿੰਦੂ ਉੱਕਾ ਹੀ ਭੁੱਲੇ ਹੋਏ ਖੁੰਝੇ ਜਾ ਰਹੇ ਹਨ, ਜੋ ਨਾਰਦ ਨੇ ਆਖਿਆ ਉਹੀ ਪੂਜਾ ਕਰਦੇ ਹਨ, ਇਹਨਾਂ ਅੰਨ੍ਹਿਆਂ ਗੁੰਗਿਆਂ ਵਾਸਤੇ ਹਨੇਰਾ ਘੁਪ ਬਣਿਆ ਪਿਆ ਹੈ (ਭਾਵ, ਨਾਹ ਇਹ ਸਹੀ ਰਸਤਾ ਵੇਖ ਰਹੇ ਹਨ ਤੇ ਨਾਹ ਮੂੰਹੋਂ ਪ੍ਰਭੂ ਦੇ ਗੁਣ ਗਾਉਂਦੇ ਹਨ), ਇਹ ਮੂਰਖ ਗਵਾਰ ਪੱਥਰ ਲੈ ਕੇ ਪੂਜ ਰਹੇ ਹਨ।

(ਹੇ ਭਾਈ ! ਜਿਨ੍ਹਾਂ ਪੱਥਰਾਂ ਨੂੰ ਪੂਜਦੇ ਹਉ) ਜਦੋਂ ਉਹ ਆਪ (ਪਾਣੀ ਵਿਚ) ਡੁੱਬ ਜਾਂਦੇ ਹਨ (ਤਾਂ ਉਹਨਾਂ ਨੂੰ ਪੂਜ ਕੇ) ਤੁਸੀ (ਸੰਸਾਰ-ਸਮੁੰਦਰ ਤੋਂ) ਕਿਵੇਂ ਤਰ ਸਕਦੇ ਹਉ ?

ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰੁ 1

ੴ ਸਤਿਗੁਰ ਪ੍ਰਸਾਦਿ॥ ਬੁਤ ਪੂਜਿ ਪੂਜਿ ਹਿੰਦੂ ਮੂਏ, ਤੁਰਕ ਮੂਏ ਸਿਰੁ ਨਾਈ॥ ਓਇ ਲੇ ਜਾਰੇ, ਓਇ ਲੇ ਗਾਡੇ, ਤੇਰੀ ਗਤਿ ਦੁਹੂ ਨ ਪਾਈ॥ 1॥ ਮਨ ਰੇ, ਸੰਸਾਰੁ ਅੰਧ ਗਹੇਰਾ॥ ਚਹੁ ਦਿਸ ਪਸਰਿਓ ਹੈ, ਜਮ ਜੇਵਰਾ॥ 1॥ ਰਹਾਉ॥

ਅਰਥ : —ਹੇ ਮੇਰੇ ਮਨ ! (ਅਗਿਆਨਤਾ ਦੇ ਕਾਰਨ) ਸਿਮਰਨ ਤੋਂ ਖੁੰਝ ਕੇ ਜਗਤ ਇੱਕ ਹਨੇਰਾ ਖਾਤਾ ਬਣਿਆ ਪਿਆ ਹੈ, ਅਤੇ ਚੌਹੀਂ ਪਾਸੀਂ ਜਮਾਂ ਦੀ ਫਾਹੀ ਖਿਲਰੀ ਪਈ ਹੈ (ਭਾਵ, ਲੋਕ ਉਹ ਉਹ ਕੰਮ ਹੀ ਕਰ ਰਹੇ ਹਨ ਜਿਨ੍ਹਾਂ ਨਾਲ ਹੋਰ ਵਧੀਕ ਅਗਿਆਨਤਾ ਵਿੱਚ ਫਸਦੇ ਜਾਣ)। 1. ਰਹਾਉ।

ਹਿੰਦੂ ਲੋਕ ਬੁਤਾਂ ਦੀ ਪੂਜਾ ਕਰ ਕਰ ਕੇ ਖ਼ੁਆਰ ਹੋ ਰਹੇ ਹਨ, ਮੁਸਲਮਾਨ (ਰੱਬ ਨੂੰ ਮੱਕੇ ਵਿੱਚ ਹੀ ਸਮਝ ਕੇ ਉਧਰ) ਸਿਜਦੇ ਕਰ ਰਹੇ ਹਨ, ਹਿੰਦੂਆਂ ਨੇ ਆਪਣੇ ਮੁਰਦੇ ਸਾੜ ਦਿੱਤੇ ਤੇ ਮੁਸਲਮਾਨਾਂ ਦੇ ਦੱਬ ਦਿੱਤੇ (ਇਸੇ ਵਿੱਚ ਹੀ ਝਗੜਦੇ ਰਹੇ ਕਿ ਸੱਚਾ ਕੌਣ ਹੈ)। (ਹੇ ਪ੍ਰਭੂ) ਤੂੰ ਕਿਹੋ ਜਿਹਾ ਹੈਂ ? ਇਹ ਸਮਝ ਦੋਹਾਂ ਧਿਰਾਂ ਨੂੰ ਨਾਹ ਪਈ। 1.

ਗੂਜਰੀ ਸ੍ਰੀ ਨਾਮਦੇਵ ਜੀ ਕੇ ਪਦੇ ਘਰੁ 1

ੴ ਸਤਿਗੁਰ ਪ੍ਰਸਾਦਿ॥ ਜੌ ਰਾਜੁ ਦੇਹਿ ਤ ਕਵਨ ਬਡਾਈ॥ ਜੌ ਭੀਖ ਮੰਗਾਵਹਿ ਤ ਕਿਆ ਘਟਿ ਜਾਈ॥ 1॥ ਤੂੰ ਹਰਿ ਭਜੁ ਮਨ ਮੇਰੇ ਪਦੁ ਨਿਰਬਾਨੁ॥ ਬਹੁਰਿ ਨ ਹੋਇ ਤੇਰਾ ਆਵਨ ਜਾਨੁ॥ 1॥ ਰਹਾਉ॥ ਸਭ ਤੈ ਉਪਾਈ ਭਰਮ ਭੁਲਾਈ॥ ਜਿਸ ਤੂੰ ਦੇਵਹਿ ਤਿਸਹਿ ਬੁਝਾਈ॥ 2॥ ਸਤਿਗੁਰੁ ਮਿਲੈ ਤ ਸਹਸਾ ਜਾਈ॥ ਕਿਸੁ ਹਉ ਪੂਜਉ ਦੂਜਾ ਨਦਰਿ ਨ ਆਈ॥ 3॥ ਏਕੈ ਪਾਥਰ ਕੀਜੈ ਭਾਉ॥ ਦੂਜੈ ਪਾਥਰ ਧਰੀਐ ਪਾਉ॥ ਜੇ ਓਹੁ ਦੇਉ ਤ ਓਹੁ ਭੀ ਦੇਵਾ॥ ਕਹਿ ਨਾਮਦੇਉ ਹਮ ਹਰਿ ਕੀ ਸੇਵਾ॥ 4॥ 1॥ {ਪੰਨਾ 525}

ਅਰਥ : — (ਸੁਖ ਮੰਗਣ ਲਈ ਤੇ ਦੁੱਖਾਂ ਤੋਂ ਬਚਣ ਲਈ, ਅੰਞਾਣ ਲੋਕ ਆਪਣੀ ਹੀ ਹੱਥੀਂ ਪੱਥਰਾਂ ਤੋਂ ਘੜੇ ਹੋਏ ਦੇਵਤਿਆਂ ਅੱਗੇ ਨੱਕ ਰਗੜਦੇ ਹਨ; ਪਰ) ਹੇ ਮੇਰੇ ਮਨ ! ਤੂੰ ਇੱਕ ਪ੍ਰਭੂ ਨੂੰ ਸਿਮਰ; ਉਹੀ ਵਾਸ਼ਨਾ-ਰਹਿਤ ਅਵਸਥਾ (ਦੇਣ ਵਾਲਾ) ਹੈ, (ਉਸ ਦਾ ਸਿਮਰਨ ਕੀਤਿਆਂ) ਫਿਰ ਤੇਰਾ (ਜਗਤ ਵਿਚ) ਜੰਮਣਾ ਮਰਨਾ ਮਿਟ ਜਾਇਗਾ। 1. ਰਹਾਉ।

(ਹੇ ਮਨ ! ਇੱਕ ਪ੍ਰਭੂ ਦੇ ਦਰ ਤੇ ਇਉਂ ਆਖ—ਹੇ ਪ੍ਰਭੂ !) ਜੇ ਤੂੰ ਮੈਨੂੰ ਰਾਜ (ਭੀ) ਦੇ ਦੇਵੇਂ, ਤਾਂ ਮੈਂ ਕਿਸੇ ਗੱਲੇ ਵੱਡਾ ਨਹੀਂ ਹੋ ਜਾਵਾਂਗਾ ਤੇ ਜੇ ਤੂੰ ਮੈਨੂੰ ਕੰਗਾਲ ਕਰ ਦੇਵੇਂ, ਤਾਂ ਮੇਰਾ ਕੁੱਝ ਘਟ ਨਹੀਂ ਜਾਣਾ। (ਹੇ ਪ੍ਰਭੂ !) ਸਾਰੀ ਸ੍ਰਿਸ਼ਟੀ ਤੂੰ ਆਪ ਹੀ ਪੈਦਾ ਕੀਤੀ ਹੈ ਤੇ ਭਰਮਾਂ ਵਿੱਚ ਕੁਰਾਹੇ ਪਾਈ ਹੋਈ ਹੈ, ਜਿਸ ਜੀਵ ਨੂੰ ਤੂੰ ਆਪ ਮੱਤ ਦੇਂਦਾ ਹੈਂ ਉਸੇ ਨੂੰ ਮੱਤ ਆਉਂਦੀ ਹੈ। 1, 2.

(ਜਿਸ ਭਾਗਾਂ ਵਾਲੇ ਨੂੰ) ਸਤਿਗੁਰੂ ਮਿਲ ਪਏ (ਦੁੱਖਾਂ ਸੁਖਾਂ ਬਾਰੇ) ਉਸ ਦੇ ਦਿਲ ਦੀ ਘਬਰਾਹਟ ਦੂਰ ਹੋ ਜਾਂਦੀ ਹੈ (ਤੇ ਉਹ ਆਪਣੇ ਹੀ ਘੜੇ ਹੋਏ ਦੇਵਤਿਆਂ ਅੱਗੇ ਨੱਕ ਨਹੀਂ ਰਗੜਦਾ ਫਿਰਦਾ)। (ਮੈਨੂੰ ਗੁਰੂ ਨੇ ਸੂਝ ਬਖ਼ਸ਼ੀ ਹੈ) ਪ੍ਰਭੂ ਤੋਂ ਬਿਨਾ ਕੋਈ ਹੋਰ (ਦੁੱਖ ਸੁਖ ਦੇਣ ਵਾਲਾ) ਮੈਨੂੰ ਦਿੱਸਦਾ ਹੀ ਨਹੀਂ, (ਇਸ ਵਾਸਤੇ) ਮੈਂ ਕਿਸੇ ਹੋਰ ਦੀ ਪੂਜਾ ਨਹੀਂ ਕਰਦਾ। 3.

(ਕਿਆ ਅਜਬ ਗੱਲ ਹੈ ਕਿ) ਇੱਕ ਪੱਥਰ (ਨੂੰ ਦੇਵਤਾ ਬਣਾ ਕੇ ਉਸ) ਨਾਲ ਪਿਆਰ ਕੀਤਾ ਜਾਂਦਾ ਹੈ ਤੇ ਦੂਜੇ ਪੱਥਰਾਂ ਉੱਤੇ ਪੈਰ ਧਰਿਆ ਜਾਂਦਾ ਹੈ। ਜੇ ਉਹ ਪੱਥਰ (ਜਿਸ ਦੀ ਪੂਜਾ ਕੀਤੀ ਜਾਂਦੀ ਹੈ) ਦੇਵਤਾ ਹੈ ਤਾਂ ਦੂਜਾ ਪੱਥਰ ਭੀ ਦੇਵਤਾ ਹੈ (ਉਸ ਨੂੰ ਕਿਉਂ ਪੈਰਾਂ ਹੇਠ ਲਤਾੜੀਦਾ ਹੈ ? ਪਰ) ਨਾਮਦੇਉ ਆਖਦਾ ਹੈ (ਅਸੀ ਕਿਸੇ ਪੱਥਰ ਨੂੰ ਦੇਵਤਾ ਥਾਪ ਕੇ ਉਸ ਦੀ ਪੂਜਾ ਕਰਨ ਨੂੰ ਤਿਆਰ ਨਹੀਂ), ਅਸੀ ਤਾਂ ਪਰਮਾਤਮਾ ਦੀ ਬੰਦਗੀ ਕਰਦੇ ਹਾਂ। 4. 1.

ਨੋਟ : —ਕੀ ਅਸਾਂ ਨਾਮਦੇਵ ਜੀ ਦੇ ਇਹਨਾਂ ਲਫ਼ਜ਼ਾਂ ਉੱਤੇ ਇਤਬਾਰ ਕਰਨਾ ਹੈ, ਜਾਂ, ਸੁਆਰਥੀ ਲੋਕਾਂ ਦੀਆਂ ਘੜੀਆਂ ਕਹਾਣੀਆਂ ਉੱਤੇ ?

ਮਹਲਾ 5॥ ਜੋ, ਪਾਥਰ ਕਉ ਕਹਤੇ ਦੇਵ॥ ਤਾ ਕੀ ਬਿਰਥਾ ਹੋਵੈ ਸੇਵ॥ ਜੋ, ਪਾਥਰ ਕੀ ਪਾਂਈ ਪਾਇ॥ ਤਿਸ ਕੀ ਘਾਲ ਅਜਾਂਈ ਜਾਇ॥ 1॥ ਠਾਕੁਰੁ ਹਮਰਾ ਸਦ ਬੋਲੰਤਾ॥ ਸਰਬ ਜੀਆ ਕਉ ਪ੍ਰਭੁ ਦਾਨੁ ਦੇਤਾ॥ 1॥ ਰਹਾਉ॥ ਅੰਤਰਿ ਦੇਉ ਨ ਜਾਨੈ ਅੰਧੁ॥ ਭ੍ਰਮ ਕਾ ਮੋਹਿਆ ਪਾਵੈ ਫੰਧੁ॥ ਨ ਪਾਥਰੁ ਬੋਲੈ, ਨਾ ਕਿਛੁ ਦੇਇ॥ ਫੋਕਟ ਕਰਮ ਨਿਹਫਲ ਹੈ ਸੇਵ॥ 2॥ ਜੇ ਮਿਰਤਕ ਕਉ ਚੰਦਨੁ ਚੜਾਵੈ॥ ਉਸ ਤੇ ਕਹਹੁ ਕਵਨ ਫਲ ਪਾਵੈ॥ ਜੇ ਮਿਰਤਕ ਕਉ ਬਿਸਟਾ ਮਾਹਿ ਰੁਲਾਈ॥ ਤਾਂ ਮਿਰਤਕ ਕਾ ਕਿਆ ਘਟਿ ਜਾਈ॥ 3॥ ਕਹਤ ਕਬੀਰ, ਹਉ ਕਹਉ ਪੁਕਾਰਿ॥ ਸਮਝਿ ਦੇਖੁ ਸਾਕਤ ਗਾਵਾਰ॥ ਦੂਜੈ ਭਾਇ ਬਹੁਤੁ ਘਰ ਗਾਲੇ॥ ਰਾਮ ਭਗਤ ਹੈ ਸਦਾ ਸੁਖਾਲੇ॥ 4॥ 4॥ 12॥ {ਪੰਨਾ 1160}

ਅਰਥ: —ਸਾਡਾ ਠਾਕੁਰ ਸਦਾ ਬੋਲਦਾ ਹੈ, ਉਹ ਪ੍ਰਭੂ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ। 1. ਰਹਾਉ। ਜੋ ਮਨੁੱਖ ਪੱਥਰ (ਦੀ ਮੂਰਤੀ) ਨੂੰ ਰੱਬ ਆਖਦੇ ਹਨ, ਉਹਨਾਂ ਦੀ ਕੀਤੀ ਸੇਵਾ ਵਿਅਰਥ ਜਾਂਦੀ ਹੈ। ਜੋ ਮਨੁੱਖ ਪੱਥਰ (ਦੀ ਮੂਰਤੀ) ਦੇ ਪੈਰੀਂ ਪੈਂਦੇ ਹਨ, ਉਹਨਾਂ ਦੀ ਮਿਹਨਤ ਅਜਾਈਂ ਚਲੀ ਜਾਂਦੀ ਹੈ। 1. ਅੰਨ੍ਹਾ ਮੂਰਖ ਆਪਣੇ ਅੰਦਰ-ਵੱਸਦੇ ਰੱਬ ਨੂੰ ਨਹੀਂ ਪਛਾਣਦਾ, ਭਰਮ ਦਾ ਮਾਰਿਆ ਹੋਇਆ ਹੋਰ ਹੋਰ ਜਾਲ ਵਿਛਾਉਂਦਾ ਹੈ। ਇਹ ਪੱਥਰ ਨਾਹ ਬੋਲਦਾ ਹੈ, ਨਾਹ ਕੁੱਝ ਦੇ ਸਕਦਾ ਹੈ, (ਇਸ ਨੂੰ ਇਸ਼ਨਾਨ ਕਰਾਣ ਤੇ ਭੋਗ ਆਦਿਕ ਲਵਾਣ ਦੇ) ਸਾਰੇ ਕੰਮ ਵਿਅਰਥ ਹਨ, (ਇਸ ਦੀ ਸੇਵਾ ਵਿਚੋਂ ਕੋਈ ਫਲ ਨਹੀਂ ਮਿਲਦਾ। 2. ਜੇ ਕੋਈ ਮਨੁੱਖ ਮੁਰਦੇ ਨੂੰ ਚੰਦਨ (ਰਗੜ ਕੇ) ਲਾ ਦੇਵੇ, ਉਸ ਮੁਰਦੇ ਨੂੰ ਕੋਈ (ਇਸ ਸੇਵਾ ਦਾ) ਫਲ ਨਹੀਂ ਮਿਲ ਸਕਦਾ। ਤੇ, ਜੇ ਕੋਈ ਮੁਰਦੇ ਨੂੰ ਗੰਦ ਵਿੱਚ ਰੋਲ ਦੇਵੇ, ਤਾਂ ਭੀ ਉਸ ਮੁਰਦੇ ਦਾ ਕੋਈ ਵਿਗਾੜ ਨਹੀਂ ਹੋ ਸਕਦਾ। 3. ਕਬੀਰ ਆਖਦਾ ਹੈ—ਮੈਂ ਪੁਕਾਰ ਪੁਕਾਰ ਕੇ ਆਖਦਾ ਹਾਂ ‘ਹੇ ਰੱਬ ਨਾਲੋਂ ਟੁੱਟੇ ਹੋਏ ਮੂਰਖ! ਸਮਝ ਕੇ ਵੇਖ, ਰੱਬ ਨੂੰ ਛੱਡ ਕੇ ਹੋਰ ਹੋਰ ਵਿੱਚ ਪਿਆਰ ਪਾ ਕੇ ਬਥੇਰੇ ਜੀਵ ਤਬਾਹ ਹੋ ਗਏ। ਸਦਾ ਸੁਖੀ ਜੀਵਨ ਵਾਲੇ ਸਿਰਫ਼ ਉਹੀ ਹਨ ਜੋ ਪ੍ਰਭੂ ਦੇ ਭਗਤ ਹਨ’। 4. 4. 12.

ਗੁਰਦੇਵ ਸਿੰਘ ਸੱਧੇਵਾਲੀਆ




.