.

ਸਿੱਖ ਧਰਮ ਅਨੁਸਾਰ ਜਨਮ ਮਰਣ ਦਾ ਗੇੜ

“ਜਨਮ ਮਰਣ ਨਿਵਾਰਿ ਲੇਹੁ”

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ ਸੰਨ 1956

ਅੱਜ ਪੰਥ ਅੰਦਰ ਇੱਕ ਨਵੀਂ ਧਾਰਣਾ ਉਠ ਰਹੀ ਹੈ ਜਿਸ ਨੂੰ ਗੁਰਮਤਿ ਅਨੁਸਾਰ ਨਹੀਂ ਕਿਹਾ ਜਾ ਸਕਦਾ। ਚਿੰਤਾ ਦਾ ਵਿਸ਼ਾ ਇਸ ਲਈ ਵੀ ਹੈ ਕਿ ਇਹ ਧਾਰਣਾ ਉਠ ਰਹੀ ਹੈ ਸੁਲਝੇ ਸਿੱਖ ਵਿਦਵਾਨਾਂ ਵੱਲੋਂ ਅਤੇ ਇਸਦਾ ਪ੍ਰਚਾਰ ਵੀ ਜ਼ੋਰਾਂ `ਤੇ ਹੈ। ਖਤਰਨਾਕ ਇਸ ਲਈ, ਕਿਉਂਕਿ ਵਿਦਵਾਨਾਂ-ਪ੍ਰਚਾਰਕਾਂ ਦੀ ਸੋਚਣੀ ਦਾ ਅਸਰ ਹੀ ਤਾਂ ਸੰਗਤਾਂ `ਤੇ ਹੁੰਦਾ ਹੈ। ਪ੍ਰਚਾਰਿਆ ਜਾ ਰਿਹਾ ਹੈ ਕਿ “ਸਿੱਖ ਧਰਮ `ਚ ਜਨਮ ਮਰਨ ਦਾ ਗੇੜ ਹੈ ਹੀ ਨਹੀਂ। ਜੀਵਨ ਇਸ ਤਰ੍ਹਾਂ ਹੈ ਜਿਵੇਂ ਪਾਣੀ ਦਾ ਬੁਲਬੁਲਾ ਉਠਿਆ ਤੇ ਬੈਠ ਗਿਆ”। ਇਹ ਵੱਖਰੀ ਗੱਲ਼ ਹੈ ਜੇਕਰ ਇਸਦੇ ਬਦਲੇ ਕਿਹਾ ਜਾਂਦਾ ਕਿ ਠੀਕ ਹੈ ਕਿ ਗੁਰਮਤਿ `ਚ ‘ਜਨਮ ਮਰਣ ਦੇ ਗੇੜ’ ਬਾਰੇ ਉਹ ਵਿਸ਼ਵਾਸ ਉੱਕਾ ਹੀ ਪ੍ਰਵਾਣ ਨਹੀਂ ਹਨ ਜਿਹੜੇ ਬ੍ਰਾਹਮਣੀ ਜਾਂ ਅਨਮੱਤਾਂ ਦੇ ਹਨ। ਸਿੱਖ ਧਰਮ `ਚ ਜਨਮ-ਮਰਨ ਦੇ ਗੇੜ ਬਾਰੇ ਗੁਰਮਤਿ ਦੀ ਸੇਧ ਨਿਰੋਲ ਗੁਰਬਾਣੀ ਆਧਾਰਤ, ਦਲੀਲ ਭਰਪੂਰ ਤੇ ਨਿਵੇਕਲੀ ਹੈ। ਇਸਨੂੰ ਕੇਵਲ ਗੁਰਬਾਣੀ ਦੀ ਗਹਿਰਾਈ ਤੋਂ ਵਿਚਾਰ ਨਾਲ ਹੀ ਸਮਝਿਆ ਜਾ ਸਕਦਾ ਹੈ, ਉਂਝ ਨਹੀਂ।

ਇਸ `ਚ ਸ਼ਕ ਨਹੀਂ ਤੇ ਸਿੱਖ ਵਿਦਵਾਨਾਂ ਦੀ ਇਸ ਗੱਲ `ਚ ਤਾਂ ਸੱਚਾਈ ਹੈ ਕਿ ਮਨੁੱਖਾ ਜੀਵਨ ਨੂੰ ਗੁਰਬਾਣੀ `ਚ ਪਾਣੀ ਦਾ ਬੁਲਬੁਲਾ ਕਿਹਾ ਹੈ ਜਿਵੇਂ “ਜੈਸੇ ਜਲ ਤੇ ਬੁਦਬੁਦਾ ਉਪਜੈ ਬਿਨਸੈ ਨੀਤ॥ ਜਗ ਰਚਨਾ ਤੈਸੇ ਰਚੀ ਕਹੁ ਨਾਨਕ ਸੁਨਿ ਮੀਤ॥ ੨੫ (ਪੰ: ੧੪੨੭) ਫ਼ਿਰ ਮਨੁੱਖਾ ਸਰੀਰ ਹੀ ਕਿਉਂ ਬਲਕਿ “ਜਗ ਰਚਨਾ” ਭਾਵ ਸਾਰੀ ਰਚਨਾ ਜਿਸ `ਚ ਸਾਰੀ ਜੀਵ ਸ਼੍ਰੇਣੀ ਤੇ ਸੰਪੂਰਣ ਕੁਦਰਤ ਦਾ ਵਿਸਤਾਰ ਵੀ ਸ਼ਾਮਲ ਹੈ ਨੂੰ ਹੀ ਕਰਤੇ ਅਕਾਲਪੁਰਖ ਦਾ ਪ੍ਰਗਟਾਵਾ ਭਾਵ ਸਰਗੁਣ ਸਰੂਪ ਹੀ ਦਸਿਆ ਹੈ। ਇਸੇ ਸੰਬੰਧ `ਚ “ਜਲ ਤਰੰਗ ਅਰੁ ਫੇਨ ਬੁਦਬੁਦਾ ਜਲ ਤੇ ਭਿੰਨ ਨ ਹੋਈ॥ ਇਹੁ ਪਰਪੰਚੁ ਪਾਰਬ੍ਰਹਮ ਕੀ ਲੀਲਾ ਬਿਚਰਤ ਆਨ ਨ ਹੋਈ” (ਪੰ: ੪੮੫) ਕਿਉਂਕਿ ਰਚਨਾ ਦੇ ਜ਼ਰੇ ਜ਼ਰੇ `ਚ ਪ੍ਰਭੂ ਆਪ ਵਸ ਰਿਹਾ ਹੈ। ਇਸ ਲਈ ਕੇਵਲ ਮਨੁੱਖ ਹੀ ਪਾਣੀ ਦੇ ਬੁਲਬੁਲੇ ਦੀ ਨਿਆਈ ਨਹੀਂ ਬਲਕਿ “ਸਗਲ ਸਮਗ੍ਰੀ ਜਾ ਕੈ ਸੂਤਿ ਪਰੋਈ॥ ਘਟ ਘਟ ਅੰਤਰਿ ਰਵਿਆ ਸੋਈ” (ਪੰ: ੩੮੭) ਜਾਂ “ਤੂੰ ਪੇਡੁ ਸਾਖ ਤੇਰੀ ਫੂਲੀ॥ ਤੂੰ ਸੂਖਮੁ ਹੋਆ ਅਸਥੂਲੀ॥ ਤੂੰ ਜਲਨਿਧਿ ਤੂੰ ਫੇਨੁ ਬੁਦਬੁਦਾ, ਤੁਧੁ ਬਿਨੁ ਅਵਰੁ ਨ ਭਾਲੀਐ ਜੀਉ॥ ੧ ॥ ਤੂੰ ਸੂਤੁ ਮਣੀਏ ਭੀ ਤੂੰਹੈ॥ ਤੂੰ ਗੰਠੀ ਮੇਰੁ ਸਿਰਿ ਤੂੰਹੈ॥ ਆਦਿ ਮਧਿ ਅੰਤਿ ਪ੍ਰਭੁ ਸੋਈ, ਅਵਰੁ ਨ ਕੋਇ ਦਿਖਾਲੀਐ ਜੀਉ. .” (ਪੰ: ੧੦੨) ਇਸ ਤਰ੍ਹਾਂ ਸਾਰਾ ਪ੍ਰਭੂ ਦਾ ‘ਆਤਮ ਪਸਾਰਾ’ ਅਤੇ ਉਸੇ ਪ੍ਰਭੂ ਦਾ ਹੀ ਨੂਰ ਹੈ। ਇਸ ਲਈ ਬਿਨਸਨ ਉਪ੍ਰੰਤ ਵੀ ਉਸੇ `ਚ ਹੀ ਸਮਾ ਜਾਂਦਾ ਹੈ ਤੇ ਉਸ ਤੋਂ ਬਿਨਾ ਕੁੱਝ ਵੀ ਨਹੀਂ। ਕੇਵਲ ਪ੍ਰਭੂ ਆਪ ਹੀ “ਆਦਿ ਮਧਿ ਅੰਤਿ ਪ੍ਰਭੁ ਸੋਈ, ਅਵਰੁ ਨ ਕੋਇ ਦਿਖਾਲੀਐ ਜੀਉ” ਸਦੀਵਕਾਲੀ ਹੈ ਉਸਤੋਂ ਬਿਨਾ ਹੋਰ ਕੋਈ ਵੀ ਸਦੀਵਕਾਲੀ ਨਹੀਂ।

“ਦਰਿ ਲਏ ਲੇਖਾ ਪੀੜਿ ਛੁਟੈ’ -ਸੁਆਲ ਪੈਦਾ ਹੁੰਦਾ ਹੈ ਤਾਂ ਫ਼ਿਰ ਗੁਰਮਤਿ ਸਿਧਾਂਤ ਬਾਰੇ ਉਠੇ ਭਰਮ ਕਿ “ਸਿੱਖ ਧਰਮ ਅਥਵਾ ਗੁਰਮਤਿ `ਚ ਜਨਮ ਮਰਨ ਦੇ ਗੇੜ ਨੂੰ ਮੰਨਿਆ ਹੀ ਨਹੀਂ ਗਿਆ” ਤਾਂ ਫ਼ਿਰ ਇਸ ਦਾ ਮੁੱਢ ਕਿਥੇ ਹੈ” ? ਕਿਉਂਕਿ ਇਥੇ ਗੱਲ ਆਮ ਵਿਦਵਾਨਾ ਦੀ ਵੀ ਨਹੀਂ, ਬਲਕਿ ਇਸ ਦਾ ਅਰੰਭ ਸੁਲਝੇ ਪੰਥਕ ਵਿਦਵਾਨਾ ਤੋਂ ਹੋਇਆ ਹੈ। ਜਦਕਿ ਸੰਪੂਰਣ ਗੁਰਬਾਣੀ `ਚ (ੳ) ਮਨੁੱਖ ਦੇ ਜਨਮ ਤੋਂ ਪਹਿਲਾਂ ਤੇ ਬਾਅਦ ਦੀ ਗੱਲ ਬੇਅੰਤ ਵਾਰੀ ਆਈ ਹੈ। (ਅ) ਮਨੁੱਖਾ ਜਨਮ ਨੂੰ ਬਾਕੀ ਜੂਨੀਆਂ ਤੋਂ ਵਿਸ਼ੇਸ਼ ਤੇ ਨਿਵੇਕਲਾ ਦਸਿਆ ਹੀ ਨਹੀਂ, ਬਲਕਿ ਸੈਂਕੜੇ ਵਾਰੀ ਸਾਬਤ ਵੀ ਕੀਤਾ ਹੈ (ੲ) ਗੁਰਬਾਣੀ ਅਨੁਸਾਰ ਅਨੇਕਾਂ ਵਾਰੀ ਮਨੁੱਖਾ ਜੂਨੀ ਦਾ ਬਾਕੀ ਜੂਨੀਆਂ ਨਾਲ ਸੰਬੰਧ ਵੀ ਦਸਿਆ ਹੈ ਤਾਂ ਉਹ ਕੀ ਹੈ? ਅਜੇਹੇ ਪ੍ਰਤੀਕ, ਇਸੇ ਜਨਮ ਲਈ ਤਾਂ ਹੈਣ ਹੀ ਬਲਕਿ ਇਸ ਜਨਮ ਤੋਂ ਇਲਾਵਾ ਗੱਲ ਪਿਛਲੇ ਜਨਮਾਂ ਦੀ ਵੀ ਹੈ। (ਸ) ਮਨੁੱਖਾ ਜੂਨੀ ਮਨੁੱਖ ਲਈ ਰੈਣ ਬਸੇਰਾ, ਵਾਲੀ ਗੱਲ ਵੀ ਅਨੰਤ ਵਾਰੀ ਪੱਕੀ ਕੀਤੀ ਹੈ। ਜਿਸਦਾ ਸਿੱਧਾ ਅਰਥ ਹੈ ਕਿ ਮਨੁੱਖ ਇਸ ਸੰਸਾਰ `ਚ ਕਿਧਰੋਂ ਆਇਆ ਹੈ ਕੇਵਲ ਜੀਵਨ ਰੂਪੀ ਰਾਤ ਨੂੰ ਬਿਤਾਉਣ ਲਈ। ਇਥੇ ਆ ਕੇ ਵੀ ਜੇ ਕਰ ਅਸਲੇ ਪ੍ਰਭੂ `ਚ ਅਭੇਦ ਨਾ ਹੋਇਆ ਤਾਂ ਇਸਨੂੰ ਫ਼ਿਰ ਤੋਂ ਕਿਧਰੇ ਜਾਣਾ ਹੋਵੇਗਾ (ਹ)। ਮਨੁੱਖ ਦੇ ਚੰਗੇ-ਮੰਦੇ ਕਰਮਾਂ ਦੇ ਨਿਬੇੜੇ “ਦੀਬਾਨੁ ਏਕੋ ਕਲਮ ਏਕਾ ਹਮਾ ਤੁਮਾੑ ਮੇਲੁ॥ ਦਰਿ ਲਏ ਲੇਖਾ ਪੀੜਿ ਛੁਟੈ ਨਾਨਕਾ ਜਿਉ ਤੇਲੁ” (ਪੰ: ੪੭੩) ਵਾਲੀ ਗੱਲ ਵੀ ਹਜ਼ਾਰਾਂ ਵਾਰੀ ਕਹੀ ਹੈ। (ਕ) ਪ੍ਰਭੂ ਦੇ ਨਿਆਂ (ਇਨਸਾਫ਼) ਵਾਲਾ ਵਿਸ਼ਾ ਵੀ ਗੁਰਬਾਣੀ `ਚ ਅਨੰਤ ਵਾਰੀ ਹੈ, ਤਾਂ ਉਹ ਨਿਆਂ ਕੀ ਹੈ? ਜੇਕਰ ਇਹ ਪਾਣੀ ਦਾ ਬੁਲਬੁਲਾ ਹੀ ਹੈ ਅਤੇ ਗੱਲ ਕੇਵਲ ਇਸੇ ਜਨਮ ਤੀਕ ਹੈ ਤਾਂ ਮੁਸਲੋਨੀ, ਹਿਟਲਰ ਆਦਿ ਦੇ ਜ਼ੁਲਮਾ ਦਾ ਹਿਸਾਬ ਕਿਵੇਂ? ਕੀ ਔਰੰਗਜ਼ੇਬ, ਵਜ਼ੀਦੇ ਵਰਗਿਆਂ ਦੇ ਜ਼ੁਲਮ ਦਾ ਹਿਸਾਬ ਕੇਵਲ ਸਿੰਘਾਂ ਹਥੋਂ ਉਹਨਾਂ ਨੂੰ ਖਤਮ ਕਰਣ ਤੀਕ ਹੀ ਸੀਮਤ ਹੈ? ਯਾਹਯਾ ਖਾਂ, ਮੀਰ ਮੰਨੂੰ, ਜਹਾਂਗੀਰ, ਔਰੰਗਜ਼ੇਬ, ਫ਼ਰਖ਼ਸੀਅਰ, ਚੰਦੂ, ਗੰਗੂ, ਸੁਚਾਨੰਦ ਆਦਿ ਦੇ ਜ਼ੁਲਮਾਂ ਬਾਰੇ ਕੀ ਕਿਹਾ ਜਾਏ? ਇਸੇ ਤਰ੍ਹਾਂ ਗੁਰਬਾਣੀ ਆਧਾਰਤ ਇਸ ਬਾਰੇ ਹੋਰ ਵੀ ਕਈ ਸੁਆਲ।

“ਤੁਮਰੀ ਕ੍ਰਿਪਾ ਤੇ ਮਾਨੁਖ ਦੇਹ ਪਾਈ ਹੈ” -ਧਿਆਨ ਨਾਲ ਵਿਚਾਰੋ ਤਾਂ ਮਨੁੱਖਾ ਜੀਵਨ ਦੇ ਅੱਗੇ-ਪਿੱਛੇ ਦੇ ਵਿਸ਼ੇ ਨਾਲ ਗੁਰਬਾਣੀ ਭਰਪੂਰ ਹੈ। ਮਨੁੱਖ ਦੇ ਜਨਮ ਤੋਂ ਪਹਿਲਾਂ ਵੀ ਜੀਵ ਕਿਧਰੇ ਵਸਦਾ ਸੀ ਤੇ ਮਨੁੱਖਾ ਜਨਮ ਲੈ ਕੇ ਵੀ ਜੇਕਰ “ਦੇਹੁ ਦਰਸੁ ਹਰਿ ਰਾਇਆ” ਵਾਲੀ ਗੱਲ ਨਾ ਬਣੀ ਤਾਂ ਇਸਨੂੰ ਇਸ ਤੋਂ ਬਾਅਦ ਵੀ ਕਿਧਰੇ ਜਾਣਾ ਹੋਵੇਗਾ। ਤਾਂ ਫ਼ਿਰ ਉਹ ਕਿਥੇ ਜਾਣਾ ਹੈ? ਫ਼ੁਰਮਾਨ ਹੈ “ਅਨਿਕ ਜਨਮ ਬਹੁ ਜੋਨੀ ਭ੍ਰਮਿਆ, ਬਹੁਰਿ ਬਹੁਰਿ ਦੁਖੁ ਪਾਇਆ॥ ਤੁਮਰੀ ਕ੍ਰਿਪਾ ਤੇ ਮਾਨੁਖ ਦੇਹ ਪਾਈ ਹੈ, ਦੇਹੁ ਦਰਸੁ ਹਰਿ ਰਾਇਆ” (ਪੰ: ੨੦੭) ਭਾਵ ਪ੍ਰਭੂ ਪ੍ਰਾਪਤੀ ਲਈ ਕੇਵਲ ‘ਮਾਨਸ ਦੇਹੀ’ ਦਾ ਹੋਣਾ ਹੀ ਜ਼ਰੂਰੀ ਹੈ। ਜਿਹੜਾ ਕਿ ਖਾਸ ਹੈ ਅਤੇ ਇਹ ਪ੍ਰਭੂ ਦੀ ਵਿਸ਼ੇਸ਼ ਬਖ਼ਸ਼ਿਸ਼ ਬਿਨਾ ਨਹੀਂ ਮਿਲਦੀ। ਇਹ ਇਕੱਲਾ ਪ੍ਰਮਾਣ ਹੀ ਸਾਬਤ ਕਰ ਰਿਹਾ ਹੈ ਕਿ ਮਨੁੱਖਾ ਜਨਮ ਦਾ ਦੂਜੀਆਂ ਜੂਨੀਆਂ ਨਾਲ ਵੀ ਰਿਸ਼ਤਾ ਹੈ ਕਿਉਂਕਿ “ਤੁਮਰੀ ਕ੍ਰਿਪਾ ਤੇ ਮਾਨੁਖ ਦੇਹ ਪਾਈ ਹੈ”। ਇਸੇ ਤਰ੍ਹਾਂ “ਸਮਰਥ ਅਗਥ ਅਪਾਰ ਨਿਰਮਲ ਸੁਣਹੁ ਸੁਆਮੀ ਬਿਨਉ ਏਹੁ॥ ਕਰ ਜੋੜਿ ਨਾਨਕ ਦਾਨੁ ਮਾਗੈ, ਜਨਮ ਮਰਣ ਨਿਵਾਰਿ ਲੇਹੁ” (ਪੰ: ੪੫੭) ਤਾਂ ਫ਼ਿਰ “ਮਾਨੁਖ ਦੇਹ ਪਾਈ ਹੈ” ਤੇ “ਜਨਮ ਮਰਣ ਨਿਵਾਰਿ ਲੇਹੁ” ਦੇ ਅਰਥਾਂ `ਚ ਕਿਵੇਂ ਵਾਧਾ-ਘਾਟਾ ਕੀਤਾ ਜਾ ਸਕੇਗਾ ਜਾਂ ਫ਼ਿਰ ਸਪਸ਼ਟ ਅਰਥਾਂ ਨੂੰ ਜ਼ਬਰਦਸਤੀ ਕਿਸੇ ਹੋਰ ਪਾਸੇ ਮੋੜਾਂਗੇ?

ਵੱਡਾ ਫ਼ਰਕ ਕਿਥੇ? – (ਗੁਰਮਤਿ ਅਨੁਸਾਰ ਕਿਸੇ ਸੂਖਮ ਸਰੀਰ ਦੀ ਹੋਂਦ ਨੂੰ ਪ੍ਰਵਾਣ ਨਹੀਂ ਕੀਤਾ ਗਿਆ) - ਸ਼ੱਕ ਨਹੀਂ ਬ੍ਰਾਹਮਣ (ਵੈਦਿਕ) ਮੱਤ ਨੇ ਮਨੁੱਖ ਦੇ ਜਨਮ-ਮਰਣ (ਆਵਾਗਉਣ) ਸੰਬੰਧੀ ਜੋ ਵਿਚਾਰਧਾਰਾ ਦਿੱਤੀ ਹੈ ਉਸਨੂੰ ਗੁਰਮਤਿ ਨੇ ਨਕਾਰਿਆ ਹੈ। ਵੈਦਿਕ ਮੱਤ ਅਨੁਸਾਰ (ਮਨੁੱਖ ਸਮੇਤ) ਸੰਪੂਰਣ ਜੀਵ ਸ਼੍ਰੇਣੀ ਅਨਾਦੀ ਹੈ, ਜੀਵ ਕਦੇ ਖਤਮ ਨਹੀਂ ਹੁੰਦਾ। ਸਦਾ ਕਾਲਚਕਰ (ਜਨਮ ਮਰਨ) ਦੇ ਗੇੜ (ਆਵਾਗਉਣ) `ਚ ਹੀ ਫ਼ਸਿਆ ਰਹਿੰਦਾ ਹੈ। ਉਥੇ ਕਾਦਿਰ, ਕੁਦਰਤ ਤੇ ਜੀਵ ਤਿੰਨੇ ਅਨਾਦੀ (ਸਦੀਵੀ) ਦੱਸੇ ਹਨ, ਨਾਸ਼ਵਾਨ ਨਹੀਂ। ਇਹੀ ਕਾਰਨ ਹੈ, ਉਥੇ ਮਰਨ ਤੋਂ ਬਾਅਦ ਵੀ ਮਨੁੱਖ ਦਾ ਅੰਤ ਨਹੀਂ ਹੁੰਦਾ ਤੇ ਨਾ ਪ੍ਰਭੂ `ਚ ਅਭੇਦ ਹੋਣ ਵਾਲਾ ਉਥੇ ਨਿਯਮ ਹੀ ਲਾਗੂ ਨਹੀਂ ਹੁੰਦਾ ਹੈ। ਮਰਣ ਤੋਂ ਬਾਅਦ ਮਨੁੱਖ, ਸੂਖਮ ਸਰੀਰ ਧਾਰਨ ਕਰ ਲੈਂਦਾ ਹੈ ਜਦਕਿ ਗੁਰਮਤਿ ਨੇ ਅਜੇਹੇ ਸੂਖਮ ਸਰੀਰ ਵਾਲੀ ਸੋਚ ਨੂੰ ਹੀ ਪ੍ਰਭੂ ਬਾਰੇ ਅਗਿਆਣਤਾ ਦੀ ਉਪਜ ਦਸਿਆ ਹੈ। ਉਥੇ ਸਰੀਰ, ਆਪਣੇ ਕੀਤੇ ਕਰਮਾ ਮੁਤਾਬਕ, ਬ੍ਰਾਹਮਣ ਰਾਹੀਂ ਪ੍ਰਗਟੇ ਸੁਰਗ-ਨਰਕ ਦੇ ਚੱਕਰਾਂ `ਚ ਹੀ ਫ਼ਸਿਆ ਰਹਿੰਦਾ ਹੈ। ਇਸ ਤਰ੍ਹਾਂ ਆਪਣੇ ਨਿਯਤ ਸਮੇਂ ਦੇ ਸੁਰਗ-ਨਰਕ ਭੁਗਤਾਉਣ ਤੋਂ ਪਹਿਲਾਂ ਤੇ ਬਾਅਦ `ਚ ਵੀ ਉਦੋਂ ਤੀਕ ਜਦ ਤੀਕ ਉਸ ਨੂੰ ਕੋਈ ਦੂਜਾ ਸਰੀਰ ਹੀ ਨਾ ਮਿਲ ਜਾਵੇ, ਸਦ-ਰੂਹਾਂ ਤੇ ਬਦ-ਰੂਹਾਂ (ਭੂਤ ਪ੍ਰੇਤ) ਬਣ ਕੇ ਭਟਕਦਾ ਰਹਿੰਦਾ ਹੈ। ਜਦਕਿ ਗੁਰਮਤਿ ਨੇ ਅਜੇਹੀ ਕਿਸੇ ਵੀ ਸੋਚਣੀ ਨੂੰ ਨਹੀਂ ਮੰਨਿਆ। ਵੈਦਿਕ ਮੱਤ `ਚ ਇਸ ਸਾਰੇ ਦਾ ਮੂਲ ਕਾਰਨ ਇਕੋ ਹੀ ਹੈ ਕਿ ਜੀਵ-ਆਤਮਾ ਅਨਾਦੀ ਪਰ ਪ੍ਰਭੂ ਤੋਂ ਭਿੰਨ ਹੈ, ਬਿਨਸਦੀ ਨਹੀਂ। ਇਸੇ ਲਈ ਬ੍ਰਾਹਮਣ ਅਨੁਸਾਰ ਮੁਕਤੀ ਅਥਵਾ ਮੋਖ ਦਾ ਮਤਲਬ ਵੀ ਪ੍ਰਭੂ `ਚ ਅਭੇਦ ਹੋਣਾ ਨਹੀਂ, ਕੇਵਲ ਦਸੇ ਗਏ ਸੁਰਗ ਦਾ ਵਾਸਾ ਹੀ ਉਹਨਾਂ ਲਈ ਮੁਕਤੀ ਜਾਂ ਮੋਖ ਹੈ, ਇਸ ਤੋਂ ਵੱਧ ਨਹੀਂ।

ਇਸ ਕਾਲ-ਚਕਰ ਦਾ ਆਧਾਰ ਕਾਲ ਦੇਵਤੇ (ਮਹਾਕਾਲ) ਨੂੰ ਦਸਿਆ ਹੈ; ਜਿਸ ਦੀ ਕੁਲ ਉਮਰ ਚਾਰ ਜੁਗਾਂ-ਸਤਿਜੁਗ, ਤ੍ਰੇਤਾ, ਦੁਆਪਰ, ਕਲਜੁਗ `ਚ ਵੰਡ ਕੇ 43, 20, 000 (ਤ੍ਰਿਤਾਲੀ ਲਖ, ਵੀਹ ਹਜ਼ਾਰ) ਸਾਲ ਦਸੀ ਹੈ। ਉਸਤੋਂ ਬਾਅਦ ਫ਼ਿਰ ਸਤਿਜੁਗ ਦਾ ਹੀ ਆਰੰਭ ਹੋ ਜਾਂਦਾ ਹੈ। ਉਪ੍ਰੰਤ ਇਸੇ ਕਾਲ-ਮਹਾਕਾਲ ਦੇ ਵਿਸ਼ਵਾਸ ਦਾ ਹੀ ਅਗਲਾ ਫੈਲਾਅ ਹਨ-ਬ੍ਰਹਮਾ, ਵਿਸ਼ਨੂੰ, ਮਹੇਸ਼ (ਤ੍ਰਿਮੂਰਤੀ), ਇੰਦਰ ਲੋਕ, ਦੇਵ ਲੋਕ, ਤੇਤੀ ਕਰੋੜ ਦੇਵੀਆਂ-ਦੇਵਤੇ ਤੇ ਰਾਕਸ਼ (ਸੁਰ-ਅਸੁਰ) ਪਿਤ੍ਰ ਲੋਕ, ਜਮ ਲੋਕ, ਜਮ ਰਾਜ, ਧਰਮ ਰਾਜ, ਸਦ ਤੇ ਬਦ ਰੂਹਾਂ, ਭੂਤ-ਪ੍ਰੇਤ, ਵੇਤਰਨੀ ਨਦੀ, ਕਲਪ ਬਿਰਖ, ਕਾਮਧੇਨ ਗਊ, ਧਨਵੰਤ੍ਰੀ ਵੈਦ, ਅਪਸ੍ਰਾਵਾਂ, ਗੰਧਰਵ-ਕਿੰਨਰ ਆਦਿ ਬਹੁਤ ਕੁਝ।

ਉਪ੍ਰੰਤ ਇਹਨਾ ਦਾ ਹੀ ਹੋਰ ਫੈਲਾਅ ਹਨ- ਦੇਵੀ ਦੇਵ ਪੂਜਾ, ਭਗਵਾਨ ਵਾਦ, ਥਿਤ-ਵਾਰ, ਸੰਗ੍ਰਾਂਦਾਂ, ਪੂਰਨਮਾਸ਼ੀਆਂ, ਮਸਿਆਵਾਂ, ਸਰਾਧ-ਨਰਾਤੇ, ਚੰਗੇ-ਮਾੜੇ ਦਿਨ-ਮਹੂਰਤ, ਸਵੇਰ ਸ਼ਾਮ, ਮੰਗਲ-ਸਨੀਚਰ, ਸਗਨ-ਅਪਸਗਨ, ਸੁੱਚਾਂ-ਭਿੱਟਾਂ, ਟੂਣੇ-ਪ੍ਰਛਾਵੇਂ ਆਦਿ। ਇਸੇ ਅਨਾਦੀ ਵਾਲੇ ਵਿਸ਼ਵਾਸ ਦੀ ਹੀ ਦੇਣ ਹੈ ਜਦੋਂ ਕਈ ਵਾਰੀ ਹਿੰਦੂ ਕਹਿੰਦੇ ਸੁਣੀਂਦੇ ਹਨ ਕਿ ਮਰਣ ਤੋਂ ਬਾਅਦ ਮਨੁੱਖ ਆਪਣੇ ਸੁਰਗਬਾਸੀ ਵਿਛੜਿਆਂ (ਪਿੱਤਰਾਂ) ਨੂੰ ਜਾ ਮਿਲਦਾ ਹੈ। ਇਹਨਾ ਹੀ ਵਿਸ਼ਵਾਸਾਂ ਦੇ ਆਧਾਰ `ਤੇ ਅਨੇਕਾਂ ਫ਼ਿਲਮਾਂ, ਸੀਰੀਅਲ, ਨਾਵਲ ਆਦਿ ਰਚੇ ਤੇ ਪ੍ਰਚਾਰੇ ਜਾਂਦੇ ਹਨ ਕਿ ਕਿਵੇਂ ਆਤਮਾਵਾਂ, ਆਪਣੇ ਬਦਲੇ ਕਢਦੀਆਂ ਹਨ। ਇਸ ਤਰ੍ਹਾਂ ਇਸ ਸਾਰੀ ਵਿਚਾਰਧਾਰਾ ਅਤੇ ਬ੍ਰਾਹਮਣੀ ਜਨਮ ਮਰਣ ਦੇ ਗੇੜ ਦਾ ਇਕੋ ਹੀ ਸਿਰਾ ਹੈ-ਜੀਵ ਅਨਾਦੀ ਹੈ, ਜਨਮ ਮਰਣ ਦੇ ਚਕਰ `ਚੋਂ ਨਿਕਲਦਾ ਹੀ ਨਹੀਂ। ਆਪਣੇ ਕਰਮਾਂ ਅਨੁਸਾਰ ਸੁਰਗਾਂ ਦੇ ਆਨੰਦ ਮਾਣਦਾ ਜਾਂ ਨਰਕਾਂ ਦੇ ਦੁਖ ਭੋਗਦਾ ਹੈ।

“ਜੋਤੀ ਮਹਿ ਜੋਤਿ ਰਲਿ ਜਾਇਆ” -ਇਸ ਦੇ ਉਲਟ ਗੁਰਮਤਿ ਅਨੁਸਾਰ ਨਾ ਜੀਵ ਅਨਾਦੀ ਹੈ ਤੇ ਨਾ ਹੀ ਗੁਰਮਤਿ ਕਿਸੇ ਅਜੇਹੇ ਸੁਰਗ-ਨਰਕ ਦੀ ਹੋਂਦ ਨੂੰ ਹੀ ਪ੍ਰਵਾਨ ਨਹੀਂ ਕਰਦੀ ਹੈ, ਜਿਥੇ ਕਿ ਬ੍ਰਾਹਮਣ, ਮਰਣ ਤੋਂ ਬਾਅਦ ਜਾਣ ਦੀ ਗੱਲ ਕਰ ਰਿਹਾ ਹੈ। ਇਥੇ ਆਤਮਾ ਪ੍ਰਭੂ ਦਾ ਹੀ ਅੰਸ਼ ਹੈ ਅਤੇ ਜਨਮ-ਮਰਣ `ਚ ਨਹੀਂ ਆਉਂਦੀ। ਇਥੇ ਤਾਂ “ਪਵਨੈ ਮਹਿ ਪਵਨੁ ਸਮਾਇਆ॥ ਜੋਤੀ ਮਹਿ ਜੋਤਿ ਰਲਿ ਜਾਇਆ॥ ਮਾਟੀ ਮਾਟੀ ਹੋਈ ਏਕ॥ ਰੋਵਨਹਾਰੇ ਕੀ ਕਵਨ ਟੇਕ” (ਪੰ: ੮੮੫) ਫ਼ਿਰ ਵੀ ਗੁਰਮਤਿ ਅਨੁਸਾਰ ਜਨਮ ਮਰਣ ਕੀ ਹੈ? ਬਹੁਤਾ ਕਰਕੇ ਇਹੀ, ਇਸ ਗੁਰਮਤਿ ਪਾਠ ਰਾਹੀਂ ਸਮਝਣ ਦਾ ਜੱਤਨ ਕਰਨਾ ਹੈ। ਦਰਅਸਲ ਇਸ ਵਿਸ਼ੇ `ਤੇ ਮਨੁੱਖਾ ਸਰੀਰ ਬਾਰੇ ਅੱਜ ਜੋ ਪ੍ਰਚਾਰ ਅਸੀਂ ਕਰ ਰਹੇ, ਗਹੁ ਨਾਲ ਵਿਚਾਰਿਆ ਜਾਵੇ ਤਾਂ ਬਿਨਾ ਸੋਚੇ ਸਾਡਾ ਅਜੋਕਾ ਪ੍ਰਚਾਰ ਗੁਰਮਤਿ ਦੇ ਨਹੀਂ; ਕਮਿਉਨਿਸਟਾਂ (Communism- ਨਾਸਤਿਕਾਂ) ਦੇ ਨੇੜੇ ਚਲਾ ਜਾਂਦਾ ਹੈ। ਉਹਨਾਂ ਦਾ ਸਮੂਚਾ ਸਾਹਿਤ, ਬਲਕਿ ਉਹਨਾਂ ਲੋਕਾਂ ਰਾਹੀਂ, ਗੁਰਬਾਣੀ ਦੇ ਅਰਥ ਬੋਧ ਇਹੀ ਕਹਿ ਰਹੇ ਹਨ, ਜੋ ਸਾਡਾ ਵਿਦਵਾਨ ਅੱਜ ਕਹਿ ਰਿਹਾ ਹੈ। ਉਹਨਾਂ ਦਾ ਤੇ ਸਾਡਾ ਵੱਡਾ ਫ਼ਰਕ ਹੈ ਕਿ ਜਦੋਂ ਸਾਡੇ ਵਿਦਵਾਨ ਕਹਿੰਦੇ ਤਾਂ ਸੋਚ ਹੁੰਦੀ ਹੈ- ਮਨੁੱਖ ਦੀ ਮੌਤ ਤੋਂ ਬਾਅਦ ਪ੍ਰਭੂ ਦਾ ਨੂਰ, ਪ੍ਰਭੂ `ਚ ਸਮਾ ਜਾਂਦਾ ਹੈ ਅਤੇ ਸਰੀਰ ਮਿੱਟੀ (ਪੰਜ ਤੱਤਾਂ) `ਚ ਮਿਲ ਜਾਂਦਾ ਹੈ, ਬਾਕੀ ਕੁੱਝ ਨਹੀਂ ਬਚਦਾ। ਇਸ ਦੇ ਉਲਟ ਇਹੀ ਗੱਲ ਜਦੋਂ ਨਾਸਤਿਕ ਕਹਿੰਦੇ ਹਨ ਤਾਂ ਉਹ ਲੋਕ ਪ੍ਰਭੂ ਦੇ ਅੰਸ਼ ਤੋਂ ਹੀ ਇਨਕਾਰੀ ਹੁੰਦੇ ਹਨ, ਜਦਕਿ ਬਾਕੀ ਗੱਲ ਉਹੀ ਕਹਿੰਦੇ ਹਨ ਜੋ ਸਾਡੇ ਵਿਦਵਾਨ।

“ਜੋ ਬ੍ਰਹਮੰਡੇ ਸੋਈ ਪਿੰਡੇ” ? -ਮਨੁੱਖ ਹੋਵੇ ਜਾਂ ਪਸ਼ੂ, ਪੰਛੀ ਕੀੜਾ, ਮਕੌੜਾ, ਪੌਦਾ, ਪਰਬਤ, ਨਦੀਆਂ ਸਮੁੰਦਰ, ਪਹਾੜ, ਸੂਰਜ, ਚੰਦ ਤਾਰੇ ਭਾਵ ਸਾਰੀ ਕੁਦਰਤ ਤੇ ਸੰਪੂਰਨ ਜੀਵ ਰਚਨਾ `ਚ ਕਰਤਾਰ ਦਾ ਇਕੋ ਹੀ ਨਿਯਮ ਕੰਮ ਕਰ ਰਿਹਾ ਹੈ। ਇਹ ਨਿਯਮ ਹੈ “ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ॥ ਪੀਪਾ ਪ੍ਰਣਵੈ ਪਰਮ ਤਤੁ ਹੈ ਸਤਿਗੁਰੁ ਹੋਇ ਲਖਾਵੈ” (ਪੰ: ੩੯੫) ਦੂਜੇ ਲਫ਼ਜ਼ਾਂ `ਚ ਮਨੁੱਖਾ ਸਰੀਰ ਤੋਂ ਲੈ ਕੇ ਸੰਪੂਰਨ ਰਚਨਾ `ਚ ਕਰਤੇ ਦਾ ਪੰਜ ਤੱਤਾਂ ਵਾਲਾ ਨਿਯਮ ਹੀ ਕੰਮ ਕਰ ਰਿਹਾ ਹੈ ਜਿਵੇਂ “ਪੰਚ ਤਤੁ ਕਰਿ ਤੁਧੁ ਸ੍ਰਿਸਟਿ ਸਭ ਸਾਜੀ, ਕੋਈ ਛੇਵਾ ਕਰਿਉ ਜੇ ਕਿਛੁ ਕੀਤਾ ਹੋਵੈ” (ਪੰ: ੭੩੬) ਖੂਬੀ ਇਹ ਕਿ ਰਚਨਾ ਤਾਂ ਬਿਨਸਨਹਾਰ ਹੈ, ਇਸਦਾ ਆਪਣਾ ਵਜੂਦ ਨਹੀਂ। ਜੇਕਰ ਇਸਦਾ ਵਜੂਦ ਹੈ ਤਾਂ ਤਦ ਤੀਕ, ਜਦ ਤੀਕ ਇਸ ਅੰਦਰ ਕਰਤੇ ਦਾ ਨੂਰ (ਪਰਮ ਤੱਤ) ਮੌਜੂਦ ਹੈ। ਨੌਵੇਂ ਪਾਤਸ਼ਾਹ ਇਸ ਨੂੰ ਇਸ ਤਰ੍ਹਾਂ ਬਿਆਨਦੇ ਹਨ “ਪਾਂਚ ਤਤ ਕੋ ਤਨੁ ਰਚਿਓ ਜਾਨਹੁ ਚਤੁਰ ਸੁਜਾਨ॥ ਜਿਹ ਤੇ ਉਪਜਿਓ ਨਾਨਕਾ ਲੀਨ ਤਾਹਿ ਮੈ ਮਾਨੁ” (ਪੰ: ੧੪੨੮) ਕਿਉਂਕਿ ਇਸ ਅੰਦਰੋਂ ਪ੍ਰਭੂ ਦਾ ਨੂਰ ਜੋ ਸਦੀਵੀ ਹੈ, ਬਿਨਸਨਹਾਰ ਨਹੀਂ “ਲੀਨ ਤਾਹਿ ਮੈ ਮਾਨੁ” ਭਾਵ ਅਖੀਰ ਸਮਾਉਂਦਾ ਪ੍ਰਭੂ ਅੰਦਰ ਹੀ ਹੈ।

ਆਵਤ ਜਾਵਤ ਹੁਕਮਿ ਅਪਾਰਿ” -ਇਸ ਤਰ੍ਹਾਂ ਮਨੁੱਖ ਸਮੇਤ ਰਚਨਾ ਦਾ ਹਰੇਕ ਅੰਗ-ਫ਼ੁਰਮਾਨ ਹੈ “ਪਵਨੈ ਮਹਿ ਪਵਨੁ ਸਮਾਇਆ॥ ਜੋਤੀ ਮਹਿ ਜੋਤਿ ਰਲਿ ਜਾਇਆ॥ ਮਾਟੀ ਮਾਟੀ ਹੋਈ ਏਕ…” (ਪੰ: ੮੮੫) ਇਸ ਸਾਰੇ ਦਾ ਕਾਰਨ ਇਕੋ ਹੈ, “ਜੋਤੀ ਮਹਿ ਜੋਤਿ ਰਲਿ ਜਾਇਆ” ਤਾਂ ਤੇ ਜੋਤ ਦੇ ਅੱਡ ਹੋਣ ਤੇ ਹੀ ਮਨੁੱਖ ਦੀ ਵੀ ਮੌਤ ਹੋ ਜਾਂਦੀ ਹੈ ਤੇ ਉਸ ਰੱਬੀ ਨਿਯਮ ਅਨੁਸਾਰ ਪੰਜ ਤੱਤ ਵਾਪਸ ਤੱਤਾਂ `ਚ ਰੱਲ ਜਾਂਦੇ ਹਨ। ਪਰ ਇਹ ਸਭ ਹੁੰਦਾ ਹੈ ਕਿਉਂਕਿ “ਇਹੁ ਤਉ ਰਚਨੁ ਰਚਿਆ ਕਰਤਾਰਿ॥ ਆਵਤ ਜਾਵਤ ਹੁਕਮਿ ਅਪਾਰਿ” (ਪੰ: ੮੮੫) ਪ੍ਰਭੂ ਦੇ ਹੁਕਮ ਦੀ ਖੇਡ `ਚ। ਹੋਰ “ਆਪਿ ਸਤਿ ਕੀਆ ਸਭੁ ਸਤਿ॥ ਤਿਸੁ ਪ੍ਰਭ ਤੇ ਸਗਲੀ ਉਤਪਤਿ॥ ਤਿਸੁ ਭਾਵੈ ਤਾ ਕਰੇ ਬਿਸਥਾਰੁ॥ ਤਿਸੁ ਭਾਵੈ ਤਾ ਏਕੰਕਾਰੁ” (ਪੰ: ੨੮੪) ਕਿਉਂਕਿ “ਜੋਤੀ ਮਹਿ ਜੋਤਿ ਰਲਿ ਜਾਇਆ” ਅਨੁਸਾਰ ਪ੍ਰਭੂ ਦਾ ਅੰਸ਼, ਉੇਸਦੀ ਕਲਾ, ਜੋਤ ਜਾਂ ਚੇਤਨਾ ਸ਼ਕਤੀ ‘ਪਰਮ ਤਤੁ’ ਭਾਵ ਫ੍ਰਭੂ `ਚ ਹੀ ਲੀਨ ਜਾਂਦਾ ਹੈ।

ਮਨੁੱਖਾ ਜਨਮ ਵਿਸ਼ੇਸ਼ ਜੂਨੀ ਹੈ-ਗੁਰਮਤਿ ਅਨੁਸਾਰ ਮਨੁੱਖ ਜੂਨੀ ਬਾਕੀ ਜੂਨੀਆਂ ਵਾਂਗ ਨਹੀਂ, ਵਿਸ਼ੇਸ਼ ਹੈ। ਠੀਕ ਹੈ ਕਿ ਮਨੁੱਖਾ ਸਰੀਰ ਅੰਦਰ ਵੀ “ਜੋ ਬ੍ਰਹਮੰਡੇ ਸੋਈ ਪਿੰਡੇ” ਜਾਂ “ਪਾਂਚ ਤਤ ਕੋ ਤਨੁ ਰਚਿਓ ਜਾਨਹੁ ਚਤੁਰ ਸੁਜਾਨ” ਵਾਲਾ ਪ੍ਰਭੂ ਦਾ ਉਹੀ ਨਿਯਮ ‘ਪੰਜ ਤੱਤਾਂ ਤੋਂ ਸਰੀਰ ਤੇ ਉਸ `ਚ ਪ੍ਰਭੂ ਦੀ ਜੋਤ’ ਕੰਮ ਕਰ ਰਿਹਾ ਹੈ। ਇਹੀ ਕਾਰਨ ਹੈ, ਜਦੋਂ ਇਸ ਅੰਦਰੋਂ ਵੀ ਬਾਕੀ ਰਚਨਾ ਵਾਂਗ ਪ੍ਰਭੂ ਦੀ ਜੋਤ ਅੱਡ ਹੋ ਜਾਂਦੀ ਹੈ ਤਾਂ ਸਿਰ `ਤੇ ਖੜੇ ਵੱਡੇ ਵੱਡੇ ਡਾਕਟਰ ਤੇ ਸਮੇਂ ਨਾਲ ਉਹਨਾਂ ਡਾਕਟਰਾਂ ਦੇ ਸਰੀਰ ਵੀ “ਹੋਇ ਭਸਮੜਿ ਭਉਰੁ ਸਿਧਾਇਆ” (ਪੰ: ੪੬੪) ਮਿਟੀ ਦਾ ਢੇਰ ਹੋ ਜਾਂਦੇ ਹਨ ਕਿਉਂਕਿ ਅੰਦਰੋਂ ਪ੍ਰਭੂ ਦਾ ਅੰਸ਼, ਚੇਤਨਾ ਸ਼ਕਤੀ ‘ਭਉਰੁ’ ਉਡਾਰੀ ਮਾਰ ਜਾਂਦਾ ਹੈ। ਇਸੇ ਲਈ “ਏ ਸਰੀਰਾ ਮੇਰਿਆ ਹਰਿ ਤੁਮ ਮਹਿ ਜੋਤਿ ਰਖੀ, ਤਾ ਤੂ ਜਗ ਮਹਿ ਆਇਆ” (ਪੰ: ੯੨੧) ਜਾਂ “ਹਰਿ ਜੀਉ ਗੁਫਾ ਅੰਦਰਿ ਰਖਿ ਕੈ ਵਾਜਾ ਪਵਣੁ ਵਜਾਇਆ” (ਪੰ: ੯੨੨) ਇਤਿਆਦਿ। ਤਾਂ ਤੇ ਜੇਕਰ ਮਨੁੱਖ ਲਈ ਵੀ ਇਤਨੀ ਹੀ ਗੱਲ ਸੀ ਤਾਂ ਰਚਨਾ ਦੇ ਬਾਕੀ ਅੰਗਾਂ ਵਾਂਘ ਇਥੇ ਵੀ ਮੌਤ ਤੋਂ ਬਾਅਦ ਗੱਲ ਮੁੱਕ ਜਾਨੀ ਚਾਹੀਦੀ ਸੀ, ਪਰ ਮੁੱਕਦੀ ਨਹੀਂ।

ਕਿਉਂਕਿ ਗੁਰਦੇਵ ਫ਼ੁਰਮਾਅ ਰਹੇ ਹਨ “ਅਗੈ ਕਰਣੀ ਕੀਰਤਿ ਵਾਚੀਐ” (ਪੰ: ੪੬੪) ਤਾਂ ਫ਼ਿਰ ਅੱਗੇ ਵਾਲੀ ਗੱਲ, ਕੀ ਚੀਜ਼ ਹੈ ਜਿਸਨੂੰ ਸਮਝਣਾ ਜ਼ਰੂਰੀ ਹੈ? ਜਿਸ ਦੇ ਲਈ ਫ਼ੁਰਮਾਇਆ ਹੈ “ਪੀਪਾ ਪ੍ਰਣਵੈ ਪਰਮ ਤਤੁ ਹੈ, ਸਤਿਗੁਰੁ ਹੋਇ ਲਖਾਵੈ” ਅਥਵਾ “ਜਾਨਹੁ ਚਤੁਰ ਸੁਜਾਨ”। ਜਦ ਸਾਰੀ ਰਚਨਾ ਲਈ ਨਿਯਮ ਇਕੋ “ਜੋ ਬ੍ਰਹਮੰਡੇ ਸੋਈ ਪਿੰਡੇ” ਅਥਵਾ “ਆਤਮ ਮਹਿ ਰਾਮੁ, ਰਾਮ ਮਹਿ ਆਤਮੁ” (ਪੰ: ੧੧੫੩) ਹੈ ਤਾਂ ਫ਼ਿਰ ਮਨੁੱਖ ਲਈ ਹੀ ਵੱਖਰੀ ਗੱਲ ਕਿਉਂ ਕਹੀ ਜਾ ਰਹੀ ਹੈ “ਜੋ ਖੋਜੈ ਸੋ ਪਾਵੈ”। ਵਿਚਾਰਨ ਦਾ ਵਿਸ਼ਾ ਹੈ ਕਿ ਅਜੇਹੇ ਸੰਬੋਧਨ ਜਾਂ ਚੇਤਾਵਣੀਆਂ ਕਿਸੇ ਹੋਰ ਜੂਨੀ ਲਈ ਕਿਉਂ ਨਹੀਂ? ‘ਗੁਰਮੁਖ’ ਤੇ ‘ਮਨਮੁਖ’ ਵਾਲੀ ਵੰਡ ਦੀ ਲੋੜ ਪਈ ਤਾਂ ਉਹ ਵੀ ਮਨੁੱਖ ਲਈ, ਕਿਸੇ ਹੋਰ ਜੂਨੀ ਲਈ ਨਹੀਂ? ਜਦਕਿ ਮਨੁੱਖ `ਚ ਵੀ ਪੰਜ ਤੱਤ ਤੇ ਪ੍ਰਭੂ ਦੀ ਜੋਤ (ਨੂਰ, ਚੇਤਨਾ ਸ਼ਕਤੀ) ਵਾਲਾ ਨਿਯਮ, ਸਾਰੀ ਰਚਨਾ ਵਾਲਾ ਹੀ ਹੈ।

“ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ” -ਯਕੀਨਣ ਇਹ ਰੱਬੀ ਸੱਚਾਈ ਉਹਨਾਂ ਲੋਕਾਂ ਦੀ ਸਮਝ `ਚ ਨਹੀਂ ਆ ਸਕਦੀ ਜਿਨ੍ਹਾਂ ਜਾਚੇ ਮਨੁੱਖ ਸਮੇਤ ਜੀਵ ਅਨਾਦੀ ਤੇ ਸਦਾ ਕਾਲ ਚਕਰ `ਚ ਹੀ ਰਹਿੰਦਾ ਹੈ। ਜਿਨ੍ਹਾਂ ਲਈ ਮੁਕਤੀ-ਮੋਖ ਦੀ ਸੀਮਾਂ ਵੀ ਫ਼ਰਜ਼ੀ ਸੁਰਗ-ਨਰਕ ਹੀ ਹਨ। “ਭਈ ਪਰਾਪਤਿ ਮਾਨੁਖ ਦੇਹੁਰੀਆ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ” (ਪੰ: ੧੨) ਜਾਂ “ਪ੍ਰਾਣੀ ਤੂੰ ਆਇਆ ਲਾਹਾ ਲੈਣਿ॥ ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ” (ਪੰ: ੪੩) ਹੋਰ “ਜਾ ਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ॥ ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ” (ਪੰ: ੧੩) ਭਾਵ ਗੁਰਬਾਣੀ ਰਾਹੀਂ ਮਨੁੱਖ ਨੂੰ ਬਾਰ ਬਾਰ ਚੇਤਾਵਨੀ ਹੈ, ਐ ਮਨੁੱਖ! ਤੇਰਾ ਜਨਮ ਪ੍ਰਭੂ ਮਿਲਾਪ ਲਈ ਮੌਕਾ ਹੈ। ਸਪਸ਼ਟ ਹੈ ਜੇ ਕਰ ਸਾਡੇ ਹੀ ਵਿਦਵਾਨਾਂ ਅਨੁਸਾਰ ਮਨੁੱਖ ਵੀ ਕੇਵਲ ਪਾਣੀ ਦੇ ਬੁਲਬੁਲੇ ਤੀਕ ਸੀਮਤ ਜਿਸਦਾ ਕਿ ਅਦਿ-ਅੰਤ ਇਹ ਜਨਮ ਹੀ ਹੈ ਤਾਂ “ਪ੍ਰਾਣੀ ਤੂੰ ਆਇਆ”, “ਜਾ ਕਉ ਆਏ ਸੋਈ ਬਿਹਾਝਹੁ”, ਬਹੁਰਿ ਨ ਹੋਇਗੋ ਫੇਰਾ” ਜਾਂ “ਜਿਸੁ ਵਖਰ ਕਉ ਲੈਨਿ ਤੂ ਆਇਆ” (ਪੰ: ੨੮੩) ਦੇ ਕੀ ਅਰਥ ਰਹਿ ਗਏ? ਜੇ ਕਰ ਸਾਰੀ ਗੱਲ ਹੈ ਹੀ ਇਥੋਂ ਤੀਕ, ਤਾਂ ਇਸ ਤਰ੍ਹਾਂ ਕਿਹੜੀ ਚੇਤਵਨੀ ਦਿੱਤੀ ਜਾ ਰਹੀ ਹੈ? ਆਖਿਰ ਗੁਰਬਾਣੀ ਵਿਚਲੇ ਅਜੇਹੇ ਪ੍ਰਮਾਣ ਮਨੁੱਖ ਨੂੰ ਕਿਹੜੀ ਵੰਗਾਰ ਹਨ? ਅਜੇਹੇ ਬੇਅੰਤ ਫ਼ੁਰਮਾਨਾਂ ਤੋਂ ਸਪਸ਼ਟ ਹੁੰਦਾ ਹੈ ਕਿ ਮਨੁੱਖਾ ਜੂਨੀ ਵਿਸ਼ੇਸ਼ ਹੈ, ਇਸਦਾ ਕੋਈ ਵਿਸ਼ੇਸ਼ ਮਕਸਦ ਹੈ ਜੋ ਦੂਜੀਆਂ ਜੂਨੀਆਂ `ਚ ਨਹੀਂ। ਮਨੁੱਖ ਕਿਧਰੋਂ ਆਇਆ ਵੀ ਹੈ ਤੇ ਇਸਨੇ ਕਿਧਰੇ ਪੁੱਜਣਾ ਵੀ ਹੈ। ਇਸ ਲਈ ਮਨੁੱਖਾ ਜਨਮ, ਮੰਜ਼ਿਲ ਨਹੀਂ।

ਮਨੁੱਖਾ ਜੂਨ ਲਈ ਗੁਰਦੇਵ ਨੇ ਫ਼ੁਰਮਾਇਆ ਹੈ “ਅਵਰ ਜੋਨਿ ਤੇਰੀ ਪਨਿਹਾਰੀ॥ ਇਸੁ ਧਰਤੀ ਮਹਿ ਤੇਰੀ ਸਿਕਦਾਰੀ” (ਪੰ: ੩੭੪) ਜਾਂ “ਅਬ ਕਲੂ ਆਇਓ ਰੇ॥ ਇਕੁ ਨਾਮੁ ਬੋਵਹੁ ਬੋਵਹੁ॥ ਅਨ ਰੂਤਿ ਨਾਹੀ ਨਾਹੀ॥ ਮਤੁ ਭਰਮਿ ਭੂਲਹੁ ਭੂਲਹੁ” (ਪੰ: ੧੧੮੫) ਇਹ ਗਲਾਂ ਕਿਸੇ ਹੋਰ ਜੂਨੀ ਲਈ ਨਹੀਂ। ਜੇਕਰ ਮਨੁੱਖਾ ਜੂਨ ਦੀ ਗੱਲ਼ ਵੀ ਪੰਜ ਤੱਤਾਂ ਦੇ ਮਿਲਾਪ ਤੇ ਇਸ `ਚ ਪ੍ਰਭੂ ਦੇ ਨੂਰ-ਸੱਤਾ ਤੀਕ ਹੀ ਸੀਮਿਤ ਹੁੰਦੀ ਤਾਂ ਗੁਰਦੇਵ ਨੂੰ ਇਤਨੀਆ ਚੇਤਾਵਣੀਆਂ ਦੇਣ ਦੀ ਲੋੜ ਹੀ ਨਾ ਪੈਂਦੀ। ਇਸ ਸੰਬੰਧ `ਚ ਜੇਕਰ ਅਸਾਂ ਗੁਰਬਾਣੀ ਦਾ ਮੁੱਖ ਵਿਸ਼ਾ “ਗੁਰਮੁਖ ਤੇ ਮਨਮੁਖ” ਹੀ ਵਿਚਾਰਿਆ ਹੁੰਦਾ ਤਾਂ ਵੀ ਟੱਪਲਾ ਨਾ ਖਾਂਦੇ। ਫ਼ੁਰਮਾਨ ਹੈ “ਮਨਹਠਿ ਕਰਮ ਕਮਾਵਣੇ ਫਿਰਿ ਫਿਰਿ ਜੋਨੀ ਪਾਇ॥ ਗੁਰਮੁਖਿ ਜਨਮੁ ਸਫਲੁ ਹੈ ਜਿਸ ਨੋ ਆਪੇ ਲਏ ਮਿਲਾਇ” (ਪੰ: ੮੫੦)

ਧਰਤੀ ਥਾਪਿ ਰਖੀ ਧਰਮ ਸਾਲ- ਲੋਕੀਂ ਦੂਰ-ਦੁਰੇਡੇ ਜਾਂਦੇ ਤਾਂ ਕਿਧਰੇ ਰਾਤ ਕੱਟਣ ਦੀ ਲੋੜ ਵੀ ਪੈਂਦੀ। ਇਸ ਲਈ ਸਫ਼ਰਾਂ ਦੌਰਾਨ ਰਾਤ ਕੱਟੀ ਲਈ ਧਰਮਸ਼ਾਲਾਵਾਂ ਹੁੰਦੀਆਂ। ਪਹਿਲੇ ਪਾਤਸ਼ਾਹ ਦੇ ਜੀਵਨ ਨਾਲ ਜੋ ਸੱਜਨ ਠੱਗ ਉਪ੍ਰੰਤ ਪ੍ਰਚਾਰਕ ਵਾਲੀ ਜੋ ਸਾਖੀ ਹੈ, ਸੱਜਨ ਨੇ ਵੀ ਤਾਂ ਧਰਮਸਾਲ ਹੀ ਬਣਵਾ ਰਖੀ ਸੀ। ਪਿਛਲੇ ਸਮੇਂ ਦੀਆਂ ਬਹੁਤੇਰੀਆਂ ਧਰਮਸ਼ਾਲਾਵਾਂ ਅਜੇ ਵੀ ਮਿਲਦੀਆਂ ਹਨ। ਇਸੇ ਤਰ੍ਹਾਂ ਗੁਰਬਾਣੀ `ਚ ਜੀਵਨ ਰੂਪੀ ਰਾਤ ਕੱਟਣ ਲਈ, ਧਰਤੀ ਨੂੰ ਵੀ ਧਰਮਸਾਲ ਕਿਹਾ ਹੈ ਜਿਵੇਂ “ਹੁਕਮੇ ਧਰਤੀ ਸਾਜੀਅਨੁ, ਸਚੀ ਧਰਮ ਸਾਲਾ” (ਪੰ: ੭੮੫) ਜਾਂ “ਧਰਤਿ ਉਪਾਇ ਧਰੀ ਧਰਮ ਸਾਲਾ” (ਪੰ: ੧੦੩੩) ਪੁਨਾ “ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮ ਸਾਲ” (ਜਪੁ)। ਇਸੇ ਤਰ੍ਹਾਂ ਗੁਰਬਾਣੀ `ਚ ਮਨੁੱਖਾ ਜੀਵਨ ਨੂੰ ਅਨੇਕਾਂ ਵਾਰੀ ਜੀਵ ਦੀ ਰਾਤ (ਰੈਣ) ਵੀ ਕਿਹਾ ਹੈ। ਜਿਸਦਾ ਸਪਸ਼ਟ ਅਰਥ ਹੈ, ਜੇਕਰ ਇਹ ਰਾਤ ਹੈ ਤਾਂ ਅੱਗੇ ਦਿਨ ਵੀ ਚੜ੍ਹਣਾ ਹੈ। ਫ਼ੁਰਮਾਨ ਹੈ “ਗੁਰ ਪੂਛਿ ਜਾਗੇ ਨਾਮਿ ਲਾਗੇ ਤਿਨਾ ਰੈਣਿ ਸੁਹੇਲੀਆ” (ਪੰ: ੧੧੧੦) “ਨਿਸਿ ਅੰਧਿਆਰੀ ਸੁਤੀਏ, ਕਿਉ ਪਿਰ ਬਿਨੁ ਰੈਣਿ ਵਿਹਾਇ” (ਪੰ: ੫੪) ਭਾਵ ਐ ਜੀਵ ਇਸਤ੍ਰੀ! ਜੇ ਕਰ ਤੂੰ ਅਗਿਆਨਤਾ ਦੀ ਨੀਂਦ `ਚ ਹੀ ਸੁੱਤੀ ਰਹੀ ਤਾਂ ਤੇਰਾ ਪਤੀ ਪ੍ਰਮੇਸ਼ਵਰ ਨਾਲ ਮਿਲਾਪ ਨਹੀਂ ਹੋ ਸਕੇਗਾ। ਇਥੋਂ ਤੀਕ “ਗੁਰ ਪੂਛਿ ਜਾਗੇ, ਨਾਮਿ ਲਾਗੇ, ਤਿਨਾ ਰੈਣਿ ਸੁਹੇਲੀਆ” (ਪੰ: ੧੧੧੦) ਭਾਵ ਜਿਹੜੀਆਂ ਜੀਵ ਇਸਤ੍ਰੀਆਂ ਗੁਰੂ-ਗੁਰਬਾਣੀ ਦੀ ਆਗਿਆ `ਚ ਚਲਦੀਆਂ ਹਨ ਉਹਨਾਂ ਦੀ ਜੀਵਨ ਰੂਪੀ ਰਾਤ ਸੁਹਾਵਣੀ ਹੋ ਜਾਂਦੀ ਹੈ। ਇਸੇ ਤਰ੍ਹਾਂ ਮਨੁੱਖਾ ਜੀਵਨ ਲਈ ਧਰਮਸਾਲ, ਜੀਵਨ ਰੂਪੀ ਰਾਤ ਦੇ ਪ੍ਰਤੀਕਾਂ ਤੋਂ ਇਲਾਵਾ ਇਸ ਨੂੰ ਸੋਹਰੇ-ਪੇਕੇ ਦੇ ਪ੍ਰਤੀਕ `ਚ ਵੀ ਲਿਆ ਹੈ। ਇਸ ਸੰਸਾਰ ਨੂੰ ਜੀਵ ਇਸਤ੍ਰੀ ਦਾ ਪੇਕਾ ਤੇ ਜੀਵਨ ਉਪ੍ਰੰਤ ਸਫ਼ਲ ਜੀਵਨ ਲਈ ਲਫ਼ਜ਼ ਸੋਹਰਾ ਘਰ ਵੀ ਵਰਤਿਆ ਹੈ ਜਿਵੇਂ “ਪੇਈਅੜੈ ਸਹੁ ਸੇਵਿ ਤੂੰ, ਸਾਹੁਰੜੈ ਸੁਖਿ ਵਸੁ॥ ਗੁਰ ਮਿਲਿ ਚਜੁ ਅਚਾਰੁ ਸਿਖੁ, ਤੁਧੁ ਕਦੇ ਨ ਲਗੈ ਦੁਖੁ॥ ੩ ॥ ਸਭਨਾ ਸਾਹੁਰੈ, ਵੰਞਣਾ ਸਭਿ ਮੁਕਲਾਵਣਹਾਰ॥ ਨਾਨਕ ਧੰਨੁ ਸੋਹਾਗਣੀ, ਜਿਨ ਸਹ ਨਾਲਿ ਪਿਆਰੁ” (ਪੰ: ੫੦)

“ਜਨਮ ਮਰਣ ਦੁਹਹੂ ਮਹਿ ਨਾਹੀ” -ਇਹ ਵੀ ਠੀਕ ਹੈ ਕਿ ਗੁਰਬਾਣੀ ਅਨੁਸਾਰ ਜਨਮ ਮਰਣ ਦਾ ਗੇੜ ਨਹੀਂ ਹੈ-ਪਰ ਕਿਨ੍ਹਾਂ ਵਾਸਤੇ? ਜੋ ਜੀਉਂਦੇ ਜੀਅ ਜੀਵਨ ਦੀ ਸਫ਼ਲ ਅਵਸਥਾ ਨੂੰ ਪ੍ਰਾਪਤ ਹੋ ਜਾਂਦੇ ਹਨ, ਇਹ ਨਹੀਂ ਕਿ ਜਨਮ ਮਰਣ ਦਾ ਗੇੜ ਹੈ ਹੀ ਨਹੀਂ ਸੀ। ਅਜੇਹੇ ਜੀਉੜਿਆਂ ਲਈ ਫ਼ੁਰਮਾਨ ਹੈ “ਹੈਨਿ ਵਿਰਲੇ ਨਾਹੀ ਘਣੇ ਫੈਲ ਫਕੜੁ ਸੰਸਾਰੁ” (ਪੰ: ੧੪੧੧)। ਕਾਰਨ ਹੁੰਦਾ ਹੈ ਕਿ ਗੁਰਬਾਣੀ-ਗੁਰੂ ਤੋਂ ਸਿਖਿਆ ਲੈ ਕੇ, ਸਾਧਸੰਗਤ ਰਾਹੀਂ ਜੀਵਨ ਦੀ ਸੰਭਾਲ ਕਾਰਨ ਉਹਨਾਂ ਦਾ ‘ਜਨਮ ਮਰਣ’ ਵਾਲਾ ਗੇੜ ਕਟਿਆ ਜਾ ਚੁੱਕਾ ਹੁੰਦਾ ਹੈ। ਫ਼ੁਰਮਾਨ ਹੈ “ਜਪੁ ਤਪੁ ਸੰਜਮੁ ਦਇਆ ਧਰਮੁ, ਜਿਸੁ ਦੇਹਿ ਸੁ ਪਾਏ॥ ਜਿਸੁ ਬੁਝਾਇਹਿ ਅਗਨਿ ਆਪਿ, ਸੋ ਨਾਮੁ ਧਿਆਏ॥ ਅੰਤਰਜਾਮੀ ਅਗਮ ਪੁਰਖੁ, ਇੱਕ ਦ੍ਰਿਸਟਿ ਦਿਖਾਏ॥ ਸਾਧਸੰਗਤਿ ਕੈ ਆਸਰੈ, ਪ੍ਰਭ ਸਿਉ ਰੰਗੁ ਲਾਏ॥ ਅਉਗਣ ਕਟਿ ਮੁਖੁ ਉਜਲਾ, ਹਰਿ ਨਾਮਿ ਤਰਾਏ” ਅਤੇ ਇਸੇ ਦਾ ਨਤੀਜਾ ਹੁੰਦਾ ਹੈ ਕਿ “ਜਨਮ ਮਰਣ ਭਉ ਕਟਿਓਨੁ, ਫਿਰਿ ਜੋਨਿ ਨ ਪਾਏ॥ ਅੰਧ ਕੂਪ ਤੇ ਕਾਢਿਅਨੁ, ਲੜੁ ਆਪਿ ਫੜਾਏ॥ ਨਾਨਕ ਬਖਸਿ ਮਿਲਾਇਅਨੁ ਰਖੇ ਗਲਿ ਲਾਏ” (ਪੰ: ੯੬੬) ਜਾਂ “ਜਨਮ ਮਰਣ ਦੁਖੁ ਕਟੀਐ ਪਿਆਰੇ ਜਬ ਭੇਟੈ ਹਰਿ ਰਾਇ” (ਪੰ: ੪੩੧) ਜੇਕਰ ਗੁਰਬਾਣੀ ਨੂੰ ਇਸ ਪੱਖੋਂ ਗੁਹ ਨਾਲ ਵਿਚਾਰ ਕੇ ਗੱਲ ਕਰੀਏ ਤਾਂ ਕਦੇ ਨਹੀਂ ਕਹਿ ਸਕਾਂਗੇ, ਗੁਰਬਾਣੀ-ਗੁਰਮਤਿ ਨੇ ਜਨਮ ਮਰਣ ਦੇ ਗੇੜ ਨੂੰ ਪ੍ਰਵਾਣ ਨਹੀਂ ਕੀਤਾ। ਇਸ ਲਈ ਜਿਹੜੇ ਜੀਉੜੇ ਮਨੁੱਖਾ ਜੀਵਨ ਦੀ ਸੰਭਾਲ ਕਰਦੇ ਹਨ ਉਹਨਾਂ ਦਾ ‘ਜਨਮ ਮਰਣ’ ਕਟਿਆ ਜਾਂਦਾ ਹੈ “ਜਨਮ ਮਰਣ ਦੁਹਹੂ ਤੇ ਛੂਟਹਿ, ਭਵਜਲੁ ਜਗਤੁ ਤਰਾਇਣ” (ਪੰ: ੭੧੪) ਅਥਵਾ “ਜਨਮ ਮਰਣ ਦੁਹਹੂ ਮਹਿ ਨਾਹੀ, ਜਨ ਪਰਉਪਕਾਰੀ ਆਏ॥ ਜੀਅ ਦਾਨੁ ਦੇ ਭਗਤੀ ਲਾਇਨਿ, ਹਰਿ ਸਿਉ ਲੈਨਿ ਮਿਲਾਏ” (ਪੰ: ੭੪੯) ਅਜੇਹੇ ਵਡਭਾਗੀਆਂ ਦਾ ਜੀਵਨ, ਦੂਜਿਆਂ ਦੇ ਜੀਵਨ ਨੂੰ ਵੀ ਸਿਧੇ ਰਾਹ ਪਾ ਦੇਂਦਾ ਹੈ।

ਮਨ ਸਾਧੇ ਸਿਧਿ ਹੋਇ” -ਹੁਣ ਦੇਖਣਾ ਹੈ ਸਾਡੇ ਵਿਦਵਾਨ ਜਿਹੜੇ ਹੱਠ ਕਰ ਰਹੇ ਹਨ ਕਿ ਸਿੱਖ ਧਰਮ (ਗੁਰਮਤਿ) ਨੇ ‘ਜਨਮ ਮਰਣ ਦੇ ਗੇੜ’ ਨੂੰ ਪ੍ਰਵਾਣ ਹੀ ਨਹੀਂ ਕੀਤਾ। ਅਜੇਹੇ ਕੁੱਝ ਸੱਜਨਾਂ ਨਾਲ ਜਦੋਂ ਵਿਚਾਰ ਵਿਟਾਂਦਰਾ ਹੋਇਆ ਤਾਂ ਉਹ ਬਹੁਤਾ ਕਰਕੇ ਮਨੁੱਖਾ ਸਰੀਰ ਅੰਦਰ ਆਤਮਾ ਤੇ ਸਰੀਰ ਦੀ ਸੀਮਾ `ਤੇ ਹੀ ਰੁਕੇ ਹੋਏ ਸਨ। ਬਲਕਿ ਉਹਨਾਂ ਨੇ ਗੁਰਬਾਣੀ ਵਿਚਲੇ ਫ਼ੁਰਮਾਨ “ਪਵਨੈ ਮਹਿ ਪਵਨੁ ਸਮਾਇਆ॥ ਜੋਤੀ ਮਹਿ ਜੋਤਿ ਰਲਿ ਜਾਇਆ॥ ਮਾਟੀ ਮਾਟੀ ਹੋਈ ਏਕ…” (ਪੰ: ੮੮੫) ਦੀ ਟੇਕ ਲੈ ਕੇ ਕਿਹਾ ਵੀਰ ਜੀਓ! ਜਦੋਂ ਮਿੱਟੀ, ਪਵਣ (ਪੰਜੇ ਤੱਤ), ਤੱਤਾਂ `ਚ ਤੇ ਜੋਤ, ਜੋਤ `ਚ ਰੱਲ ਗਈ ਤਾਂ ਬਾਕੀ ਬਚਿਆ ਕੀ? ਗੁਰਮੁਖੋ! ਸ਼ਾਇਦ ਇਥੇ ਆ ਕੇ ਹੀ ਅਸੀਂ ਧੋਖਾ ਖਾ ਰਹੇ ਹਾਂ। ਸਾਡੇ ਸਰੀਰ `ਚ ਤੀਜੀ ਚੀਜ਼ ਵੀ ਹੈ ਤੇ ਉਹ ਹੈ ਸਾਡਾ ‘ਮਨ’ ਜਿਸ ਤੋਂ ਪੈਦਾ ਹੋਈ ‘ਸੁਰਤ’ ਦੀਆਂ ਦੋ ਵਿਰੋਧੀ ਦਿਸ਼ਾਵਾਂ ਹਨ। ਮਨ “ਜੇਹਾ ਵੇਖਹਿ ਤੇਹਾ ਵੇਖੁ” (ਪੰ: ੪੬੭) ਅਨੁਸਾਰ ਜਦੋਂ ਇਸਦੀ ਸੁਰਤ ਸੰਸਾਰ ਵਲ ਫੈਲਦੀ ਹੈ ਤਾਂ ਇਸ ਦੇ ‘ਸੰਸਕਾਰ’ ਸੰਸਾਰੀ ਬਣ ਜਾਂਦੇ ਹਨ। ਇਹੀ ਸੁਰਤ ਜਦੋਂ “ਮਨ ਤੂੰ ਜੋਤਿ ਸਰੂਪੁ ਹੈ ਅਪਣਾ ਮੂਲੁ ਪਛਾਣੁ (ਪੰ: ੪੪੧) ਅਨੁਸਾਰ ਗੁਰਬਾਣੀ-ਗੁਰੂ ਦੀ ਸਿਖਿਆ ਵੱਲ ਜਾਂਦੀ ਹੈ ਤਾਂ ਜੀਵਨ ਦਾਤੇ, ਪ੍ਰਮਾਤਮਾ `ਚ ਸਮਾ ਜਾਂਦੀ ਹੈ, ਇਸਦੀ ਵੱਖਰੀ ਹੋਂਦ ਮੁੱਕ ਜਾਂਦੀ ਹੈ। ਜੀਵਨ ਦੀ ਅਜੇਹੀ ਅਵਸਥਾ ਸਮੇਂ “ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ” (ਪੰ: ੧੨) ਵਾਲੀ ਪ੍ਰਤਖ ਪਛਾਣ ਵੀ ਆ ਜਾਂਦੀ ਹੈ। ਇਹੀ ਵਿਸ਼ਾ ਹੈ ਜਦੋਂ ਜੋਗੀਆਂ ਨੇ ਸੁਆਲ ਕੀਤਾ ਤਾਂ ਪਾਤਸ਼ਾਹ ਨੇ ਸਪਸ਼ਟ ਕੀਤਾ, ਐ ਜੋਗੀਓ! ਸਰੀਰ ਤਾਂ ਆਪਣੇ ਆਪ `ਚ ਕੇਵਲ ਇੱਕ ਸਾਧਨ ਹੈ। ਗੁਰੂ ਤਾਂ ਗੁਰੂ, ਸਰੀਰ ਤਾਂ ਚੇਲਾ ਹੋਣ ਦੇ ਯੋਗ ਵੀ ਨਹੀਂ ਜਦ ਤੀਕ ਕਿ ਇਸ ਅੰਦਰ ਪ੍ਰਭੂ ਬਖਸ਼ੇ ਮਨ ਦੀ ਸੁਰਤ, ਸ਼ਬਦ-ਗੁਰੂ ਨਾਲ ਨਾ ਜੁੜੇ। ਫ਼ੁਰਮਾਨ ਸੀ “ਪਵਨ ਅਰੰਭੁ ਸਤਿਗੁਰ ਮਤਿ ਵੇਲਾ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ” (ਪੰ: ੯੪੩) ਭਾਵ ਜਦ ਤੋਂ ਵੀ ਅਕਾਪੁਰਖ ਨੇ ਸੁਆਸਾਂ ਦਾ ਮੂਲ ਬੰਨਿਆ ਹੈ, ਸਰੀਰ ਕੇਵਲ ਸਾਧਨ ਹੈ, ਦਰਅਸਲ ਇਹ ਵਿਸ਼ਾ ਹੀ ਸ਼ਬਦ-ਸੁਰਤ ਦੇ ਮਿਲਾਪ ਦਾ ਹੈ। ‘ਆਸਾ ਕੀ ਵਾਰ’ `ਚ ਵੀ ਗੁਰਦੇਵ ਫ਼ੁਰਮਾਉਂਦੇ ਹਨ “ਨਾਨਕ ਮੇਰੁ ਸਰੀਰ ਕਾ ਇਕੁ ਰਥੁ ਇਕੁ ਰਥਵਾਹੁ” (ਪੰ: ੪੭੦) ਜਿਸਦਾ ਭਾਵ ਇਹੀ ਹੈ ਕਿ ਕਿਸੇ ਚੰਗੀ-ਮੰਦੀ ਰਹਿਣੀ ਲਈ ਸਰੀਰ ਨੂੰ ਦੋਸ਼ ਦੇਣ ਦਾ ਲੋੜ ਨਹੀਂ ਕਿਉਂਕਿ ਇਹ ਵਿਸ਼ਾ ਸਰੀਰ ਨੂੰ ਮਿਲ ਰਹੀ ਮਨ ਦੀ ਅਗਵਾਈ ਦਾ ਹੈ। ਇਸ ਲਈ ਜਿਵੇਂ ਮਨ (ਰਥਵਾਹ) ਦੀ ਤਿਆਰੀ ਹੋਵੇਗੀ ਉਸੇ ਤਰ੍ਹਾਂ ਦਾ ਉੇਚਾ ਜਾਂ ਨੀਵਾਂ ਮਨੁੱਖ ਦਾ ਜੀਵਨ ਬਣ ਜਾਵੇਗਾ।

ਇਹੁ ਮਨੁ ਪੰਚ ਤਤੁ ਤੇ ਜਨਮਾ” -ਇਸ ਤਰ੍ਹਾਂ ਮਨ ਤੋਂ ਪੈਦਾ ਹੋਈ ਸੁਰਤ ਅਧੀਨ ਚਲ ਰਹੇ ਗਿਆਨ ਇੰਦਰੇ “ਤਤੁ ਚੁਗਹਿ ਮਿਲਿ ਏਕਸੇ, ਤਿਨ ਕਉ ਫਾਸ ਨ ਰੰਚ” (ਪੰ: ੯੩੪) ਤਾਂ ਮਨੁੱਖ ਪਭੂ ਦਾ ਹੀ ਰੂਪ ਹੋ ਜਾਂਦਾ ਹੈ, ਜੀਵਨ ਸਫ਼ਲ ਹੋ ਜਾਂਦਾ ਹੈ। ਇਸਦੇ ਉਲਟ ਜਦੋਂ ਇਹੀ ਗਿਆਨ ਇੰਦਰੇ ਤ੍ਰਿਸ਼ਨਾ-ਵਿਕਾਰਾਂ ਵੱਲ “ਉਡਹਿ ਤ ਬੇਗੁਲ ਬੇਗੁਲੇ, ਤਾਕਹਿ ਚੋਗ ਘਣੀ॥ ਪੰਖ ਤੁਟੇ ਫਾਹੀ ਪੜੀ, ਅਵਗੁਣਿ ਭੀੜ ਬਣੀ” (ਉਹੀ) ਇਕੱਠਾ ਕਰ-ਕਰ ਕੇ ਵੀ ਰੱਜ ਨਹੀਂ ਹੁੰਦਾ। ਮੋਹ ਮਾਇਆ ਦੀ ਦੌੜ `ਚ ਫ਼ਸੇ ਜੀਵਾਂ ਦੇ ਜੀਵਨ ਤਾਂ ਮੁੱਕ ਜਾਂਦੇ ਹਨ। ਜੀਵਨ `ਚ “ਅਵਗੁਣਿ ਭੀੜ ਬਣੀ” ਅਉਗਣਾ ਦਾ ਹੀ ਵਾਧਾ ਹੁੰਦਾ ਹੈ। ਇਸੇ ਤਰ੍ਹਾਂ “ਇਹੁ ਮਨੁ ਕਰਮਾ, ਇਹੁ ਮਨੁ ਧਰਮਾ॥ ਇਹੁ ਮਨੁ ਪੰਚ ਤਤੁ ਤੇ ਜਨਮਾ॥ ਸਾਕਤੁ ਲੋਭੀ ਇਹੁ ਮਨੁ ਮੂੜਾ” (ਪੰ: ੪੧੫) ਭਾਵ ਮਨੁੱਖੀ ਮਨ ਦੀ ਜਦੋਂ ਸਾਰੀ ਦੌੜ ਹੀ ਪੰਜ ਤੱਤਾਂ ਦੀ ਸੀਮਾ `ਚ ਹੁੰਦੀ ਹੈ, ਤਾਂ ਸ਼ਕਤੀ ਦਾ ਪੁਜਾਰੀ ਬਣ ਚੁੱਕੇ ਮਨ ਦਾ ਧਰਮ ਹੀ, “ਗੁਰਮੁਖਿ ਨਾਮੁ ਜਪੈ ਮਨੁ ਰੂੜਾ” (ਪੰ: ਉਹੀ) ਗੁਰਮੁਖੀ ਨਹੀਂ, ਬਲਕਿ ਅਗਿਆਣਤਾ ਕਾਰਨ ਵਿਕਾਰਾਂ ਮੋਹ-ਮਾਇਆ `ਚ ਡੁੱਬਾ, ਤਬਾਹ ਹੋ ਜਾਂਦਾ ਹੈ।

ਮਨੁਖਾ ਸਰੀਰ ਤੇ ਹੋਰ ਜੀਵ ਸ਼੍ਰੇਣੀਆਂ-ਇਥੋਂ ਤੀਕ ਸਪਸ਼ਟ ਹੋ ਜਾਣਾ ਚਾਹੀਦਾ ਹੈ ਕਿ ਗੁਰੂ ਦਰ `ਤੇ ਬ੍ਰਾਹਮਣੀ ਸੂਖਮ-ਸਰੀਰ ਵਾਲੀ ਪ੍ਰੀਭਾਸ਼ਾ ਤੇ ਉਸਦੇ ਦਸੇ ਕਰਮਕਾਂਡ ਲਾਗੂ ਨਹੀਂ ਹੁੰਦੇ। ਮਨੁੱਖ ਦੀ ਮੌਤ ਹੋ ਜਾਂਦੀ ਹੈ ਤਾਂ ਪੰਜੇ ਤੱਤ, ਤੱਤਾਂ `ਚ ਵਾਪਸ ਰੱਲ ਜਾਂਦੇ ਹਨ, ਪਭੂ ਦਾ ਨੂਰ (ਜੋਤ, ਜੀਵਨ ਸੱਤਾ, ਚੇਤਨਾ ਸ਼ਕਤੀ, ਅੰਸ਼) ਪ੍ਰਭੂ `ਚ ਸਮਾ ਜਾਂਦਾ ਹੈ। ਉਪ੍ਰੰਤ “ਪੁੰਨੀ ਪਾਪੀ ਆਖਣੁ ਨਾਹਿ॥ ਕਰਿ ਕਰਿ ਕਰਣਾ ਲਿਖਿ ਲੈ ਜਾਹੁ॥ ਆਪੇ ਬੀਜਿ ਆਪੇ ਹੀ ਖਾਹੁ॥ ਨਾਨਕ ਹੁਕਮੀ ਆਵਹੁ ਜਾਹੁ” -ਕਚ ਪਕਾਈ ਓਥੈ ਪਾਇ॥ ਨਾਨਕ ਗਇਆ ਜਾਪੈ ਜਾਇ” - “ਵਡੀ ਵਡਿਆਈ ਜਾ ਸਚੁ ਨਿਆਉ” - “ਅਗੈ ਕਰਣੀ ਕੀਰਤਿ ਵਾਚੀਐ” (ਪੰ: ੪੬੪) ਆਦਿ ਗੁਰਵਾਕਾਂ ਅਨੁਸਾਰ ਇਨਸਾਨ (ਜੀਵ) ਨੂੰ ਉਸਦੇ ਚੰਗੇ ਜਾਂ ਮੰਦੇ ਸੰਸਕਾਰਾਂ ਅਨੁਸਾਰ ਭਿੰਨ-ਭਿੰਨ ਸਰੀਰਾਂ ਰਸਤੇ ਸਜ਼ਾਵਾਂ ਤੇ ਕਰਣੀਆਂ ਦੇ ਫੱਲ ਮਿਲਦੇ ਹਨ। ਚੇਤਾ ਰਹੇ! ਇਥੇ ਵੀ ਨਿਯਮ ਉਹੀ ਹੈ, ਪੰਜ ਤੱਤਾਂ ਦੇ ਮਿਲਾਪ ਤੋਂ ਜੀਵਾਂ ਦੇ ਸਰੀਰ ਬਣਦੇ ਹਨ ਜਿਸ `ਚ “ਸਭ ਮਹਿ ਜੋਤਿ ਜੋਤਿ ਹੈ ਸੋਇ” (ਪੰ: ੧੩) ਪ੍ਰਭੂ ਦੇ ਅਟੱਲ ਨਿਯਮ ਅਨੁਸਾਰ ਉਹਨਾਂ ਸਰੀਰਾਂ `ਚ ਪ੍ਰਭੂ ਦਾ ਨੂਰ ਪ੍ਰਵੇਸ਼ ਕਰਦਾ ਹੈ। ਜਦਕਿ ਦੁਖ-ਸੁਖ ਭੋਗਣ ਦਾ ਰਸਤਾ ਜੀਵਾਂ ਦੇ ਭਿੰਨ ਭਿੰਨ ਸਰੀਰ ਹੀ ਹੁੰਦੇ ਹਨ। ਇਸ ਪਖੋਂ ਨਜ਼ਰ ਮਾਰੀਏ ਤਾਂ ਕੇਵਲ ਮਨੁੱਖ ਹੀ ਨਹੀਂ ਬਲਕਿ ਹਰੇਕ ਜੀਵ ਸ਼੍ਰੇਣੀ `ਚ ਅਉਖੀ ਤੇ ਸੌਖੀ ਜ਼ਿੰਦਗੀ ਜਿਵੇਂ ਮਨੁੱਖਾਂ `ਚ ਅਮੀਰ-ਗ਼ਰੀਬ, ਦੁਖਦਾਈ ਤੇ ਸੁਖਦਾਈ ਜੀਵਨ ਹੁੰਦੇ ਹਨ; ਵਾਲਾ ਨਿਯਮ, ਮਨੁੱਖਾ ਜੀਵਨ ਵਾਲਾ ਹੀ ਹੁੰਦਾ ਹੈ। ਫ਼ਰਕ ਹੈ ਤਾਂ ਕੇਵਲ ਇਤਨਾ ਕਿ ਬਾਕੀ ਜੂਨੀਆਂ ਕੇਵਲ ਕਰਮ ਭੋਗਣ ਲਈ ਹੁੰਦੀਆਂ ਹਨ। ਜਦਕਿ ਮਨੁੱਖਾ ਜੂਨੀ ਸਾਧਸੰਗਤ ਤੇ ਗੁਰੂ-ਗੁਰਬਾਣੀ ਦੀ ਸਾਂਝ ਰਾਹੀਂ, ਕਰਮਾਂ ਦੇ ਜਾਲ `ਚੋਂ ਨਿਕਲਣ ਲਈ ਵੀ ਹੈ। ਜੇਕਰ ਮਨੁੱਖਾ ਜੂਨੀ `ਚ ਵੀ ਇਸਦਾ ਲਾਭ ਨਹੀਂ ਲਿਆ ਤਾਂ “ਚੋਰਾ ਜਾਰਾ ਤੈ ਕੂੜਿਆਰਾ, ਖਾਰਾਬਾ ਵੇਕਾਰ॥ ਇਕਿ ਹੋਦਾ ਖਾਇ ਚਲਹਿ ਐਥਾਊ, ਤਿਨਾ ਭੀ ਕਾਈ ਕਾਰ” (ਪੰ: ੪੬੫)। ਭਾਵ ਭਿੰਨ ਭਿੰਨ ਸਰੀਰਾਂ ਰਾਹੀਂ “ਸਜ਼ਾਵਾ ਜੀਵ ਨੇ ਹੀ ਭੋਗਨੀਆਂ ਹੁੰਦੀਆਂ ਹਨ, ਜੀਵਾਤਮਾ ਨੇ ਨਹੀਂ”। ਇਹ ਵੱਖਰੀ ਗੱਲ ਹੈ ਕਿ ਸਰੀਰ ਚਾਹੇ ਕੋਈ ਤੇ ਕਿਸੇ ਵੀ ਸ਼੍ਰੇਣੀ ਦਾ ਕਿਉਂ ਨਾ ਹੋਵੇ, ਦੁੱਖ ਜਾਂ ਸੁਖ ਮਹਿਸੂਸ ਕਰਣ ਅਥਵਾ ਭੋਗਣ ਲਈ ਕਿਸੇ ਨਾ ਕਿਸੇ ਸਰੀਰ ਦਾ ਹੋਣਾ ਜ਼ਰੂਰੀ ਹੈ ਤੇ ਦੂਜਾ ਉਸ ਅੰਦਰ ਕਰਤੇ ਦਾ ਨੂਰ। ਕਿਉਂਕਿ “ਮਾਟੀ ਏਕ ਅਨੇਕ ਭਾਂਤਿ ਕਰਿ ਸਾਜੀ ਸਾਜਨਹਾਰੈ” (ਪ: ੧੩੫੧) ਦੁਖ ਜਾਂ ਸੁਖ ਦਾ ਪਤਾ ਵੀ ਉਦੋਂ ਤੀਕ ਹੀ ਲਗਦਾ ਹੈ ਜਦੋਂ ਤੀਕ ਜੀਵ `ਚ ਪ੍ਰਭੂ ਦਾ ਨੂਰ ਕਾਇਮ ਹੁੰਦਾ ਹੈ। ਇਸ ਲਈ ਦੁਖ ਜਾਂ ਸੁਖ ਭੋਗਤ ਲਈ ਕਿਸੇ ਜੀਉਂਦੇ ਸਰੀਰ ਦਾ ਹੋਣਾ ਹੀ ਲਾਜ਼ਮੀ ਹੈ। ਵਿਸ਼ੇ ਨਾਲ ਸੰਬੰਧਤ ਪਾਪਤ ਹੋਰ ਗੁਰਮਤਿ ਪਾਠ ਹਨ 82, 108, 127, 128, 129, 130, 160, 164, ਨੰਬਰਵਾਰ “ਮਨ ਅਤੇ ਆਤਮਾ ਦਾ ਸੁਮੇਲ ਕਿੱਥੇ?”, “ਸਰੀਰਕ ਮੌਤ ਅਤੇ ਆਤਮਕ ਮੌਤ”, “ਆਵਾ ਗਵਨੁ ਮਿਟੈ ਪ੍ਰਭ ਸੇਵ. .”, “ਕਵਨੁ ਨਰਕੁ ਕਿਆ ਸੁਰਗੁ ਬਿਚਾਰਾ” “ਬਾਣੀ ‘ਅਲਾਹਣੀਆ’ ਵਾਲੀ ਪੰਥ ਨੂੰ ਦੇਣ”, “ਰੱਬ ਦਾ ਸੰਸਾਰ ਬਨਾਮ ਸਾਡਾ ਸੰਸਾਰ”, “ਮਨ ਅਤੇ ਇਸਦੇ ਦੋ ਵਿਰੋਧੀ ਸਫ਼ਰ”, “ਦਸਮ ਗ੍ਰੰਥ ਦੀ ਅਸਲੀਅਤ?” #155s08.01s08#

Including this Self Learning Gurmat Lesson No 155

“ਜਨਮ ਮਰਣ ਨਿਵਾਰਿ ਲੇਹੁ” (ਪੰ: ੪੫੭)

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- per hundred copies. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.org
.