.

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

‘---ਗੋਬਿਦ ਨਾਮੁ ਮਤਿ ਬੀਸਰੈ’

ਭਾਗ ਪਹਿਲਾ

ਰੱਬੀ ਗੁਣਾਂ ਨੂੰ ਭੁਲਾ ਕੇ ਨੀਵੇਂ ਤਲ਼ ਦੇ ਸੁਭਾਅ ਵਿੱਚ ਅਖੀਰ ਕਰ ਦੇਵੇ ਇਸ ਨੂੰ ਆਤਮਕ ਮੌਤ ਕਿਹਾ ਜਾਂਦਾ ਹੈ, ਤੇ ਇਸ ਸੁਭਾਅ ਵਿੱਚ ਵਿਚਰਦਿਆਂ ਦੇਖਣ ਨੂੰ ਮਨੁੱਖ ਲੱਗਦਾ ਹੈ ਪਰ ਉਹ ਵੱਖ ਵੱਖ ਜੂਨਾਂ ਭੋਗ ਰਿਹਾ ਹੁੰਦਾ ਹੈ-- “ਮਾਣਸ ਮੂਰਤਿ ਨਾਨਕੁ ਨਾਮੁ॥ ਕਰਣੀ ਕੁਤਾ ਦਰਿ ਫੁਰਮਾਨੁ”॥

ਆਦਮੀ ਨੂੰ ਦਵਾਈ ਖਾਣੀ ਵਿਸਰ ਜਾਏ ਰੋਗ ਠੀਕ ਹੋਣ ਦੀ ਬਜਾਏ ਵਧਣ ਦੇ ਅਸਾਰ ਜ਼ਿਆਦਾ ਹਨ। ਰਾਹੋਂ ਭੁੱਲਿਆ ਹੋਇਆ ਮਨੁੱਖ ਅਕਸਰ ਖੱਜਲ਼ ਖੁਆਰ ਹੀ ਹੁੰਦਾ ਹੈ। ਵਿਦਿਆਰਥੀ ਨੂੰ ਇਮਤਿਹਾਨ ਵਿੱਚ ਬੈਠਿਆਂ ਜੇ ਸਵਾਲ ਵਿਸਰ ਜਾਣ ਤਾਂ ਪਾਸ ਹੋਣ ਦੀ ਬਜਾਏ ਫੇਹਲ ਹੋਣਾ ਵੱਟ `ਤੇ ਪਿਆ ਹੈ। ਬਾਹਰ ਦੇ ਮੁਲਕ ਨੂੰ ਆਉਣ ਲੱਗਿਆਂ ਜਦੋਂ ਬੰਦਾ ਘਰੋਂ ਚੱਲਦਾ ਹੈ ਤਾਂ ਹਰੇਕ ਚੀਜ਼ ਨੂੰ ਧਿਆਨ ਨਾਲ ਰੱਖਦਾ ਹੈ, ਪਰ ਏਅਰ ਪੋਰਟ `ਤੇ ਪਾਹੁੰਚ ਕੇ ਪਤਾ ਚੱਲਿਆ ਕਿ ਮੈਂ ਪਾਸਪੋਰਟ ਤਾਂ ਘਰੇ ਹੀ ਭੁੱਲ ਆਇਆ ਹਾਂ ਤਾਂ ਫਲਾਈਟ ਨਿਕਲ ਜਾਣ ਦੀ ਪਰੇਸ਼ਾਨੀ ਵੱਢ-ਵੱਢ ਕੇ ਖਾਂਦੀ ਹੈ। ਕਈ ਅਜੇਹੇ ਬੰਦੇ ਵੀ ਦੇਖੇ ਹਨ ਕਿ ਜਿਸ ਢਾਬੇ `ਤੇ ਰੋਟੀ ਖਾਧੀ ਓੱਥੇ ਹੀ ਆਪਣਾ ਬੈਗ ਭੁੱਲ ਜਾਂਦੇ ਹਨ ਤੇ ਪਰੇਸ਼ਾਨੀ ਨਾਲ ਠੰਡ ਦੇ ਦਿਨਾਂ ਵਿੱਚ ਵੀ ਪਸੀਨਿਓਂ ਪਸੀਨੀ ਹੋਏ ਹੁੰਦੇ ਹਨ ਤੇ ਇਹ ਸਜਾ ਮਾਨਸਕ ਤਲ਼ `ਤੇ ਸਿਰਫ ਭੁੱਲਣ ਕਰਕੇ ਹੋਈ। ਮਾਲਕ ਨੇ ਨੌਕਰ ਨੂੰ ਸਾਰੇ ਦਿਨ ਦੇ ਕੰਮਾਂ ਵਿਚੋਂ ਇੱਕ ਜ਼ਰੂਰੀ ਕੰਮ ਸਮਝਾ ਕੇ ਆਪ ਬਾਹਰ ਚਲਾ ਗਿਆ ਤੇ ਕਹਿ ਗਿਆ ਸ਼ਾਮ ਤਾਂਈ ਇਹ ਕੰਮ ਪਹਿਲਾਂ ਕਰਨਾ ਈਂ। ਨੌਕਰ ਹੋਰਨਾਂ ਕੰਮਾਂ ਵਿੱਚ ਇੰਨਾ ਰੁੱਝ ਗਿਆ ਕਿ ਜ਼ਰੂਰੀ ਕੰਮ ਦਾ ਉਸ ਨੂੰ ਚੇਤਾ ਭੁੱਲ ਗਿਆ। ਜ਼ਰੂਰੀ ਕੰਮ ਭੁੱਲਣ ਕਰਕੇ ਜੋ ਦੁਰਗਤ ਵਿਚਾਰੇ ਨੌਕਰ ਦੀ ਹੋਈ ਹੋਏਗੀ ਉਹ ਤਾਂ ਉਹ ਹੀ ਜਾਣਦਾ ਹੋਏਗਾ।

ਸਾਰਾ ਸੰਸਾਰ ਇੱਕ ਬੱਝਵੇਂ ਨਿਯਮ ਵਿੱਚ ਚੱਲ ਰਿਹਾ ਹੈ ਤੇ ਜਿੰਨ੍ਹਾ ਮੁਲਕਾਂ ਨੇ ਇਸ ਬੱਝਵੇਂ ਨਿਯਮ ਦੀ ਪਾਲਣਾ ਕੀਤੀ ਹੈ ਉਹ ਤਰੱਕੀ ਦੀਆਂ ਮੰਜ਼ਲਾਂ ਤਹਿ ਕਰਕੇ ਨਿਸ਼ਾਨੇ ਤੇ ਪਹੁੰਚਣੋਂ ਨਹੀਂ ਖੁੰਝ੍ਹੇ। ਜਿਹੜੇ ਦੇਸ਼, ਸਮਾਜ, ਪਰਵਾਰ ਜਾਂ ਕੌਮਾਂ ਰੱਬ ਜੀ ਦੇ ਇਸ ਬੱਝਵੇਂ ਨਿਯਮ ਨੂੰ ਭੁੱਲ ਗਏ ਓੱਥੇ ਸਮਾਜਕ, ਰਾਜਨੀਤਕ, ਆਰਥਕ, ਧਾਰਮਕਤਾ ਦੀਆਂ ਕਦਰਾਂ ਕੀਮਤਾਂ ਤਬਾਹ ਹੁੰਦੀਆਂ ਆਮ ਦੇਖੀਆਂ ਜਾ ਸਕਦੀਆਂ ਹਨ। ਜੇ ਬੰਦੇ ਦੀ ਮਾਨਸਕਤਾ ਵਿਚੋਂ ਪਰਮੇਸਰ ਦੇ ਗੁਣ ਭੁੱਲ ਜਾਣ ਤਾਂ ਓੱਥੇ ਮਾਨਸਕ ਕੰਮਜ਼ੋਰੀਆਂ ਦੇ ਰੋਗਾਂ ਨੇ ਜਨਮ ਲੈਣਾ ਹੀ ਹੈ ਉਸ ਨੂੰ ਟਾਲਿਆ ਨਹੀਂ ਜਾ ਸਕਦਾ---

ਪਰਮੇਸਰ ਤੇ ਭੁਲਿਆਂ, ਵਿਆਪਨਿ ਸਭੇ ਰੋਗੁ॥

ਪੰਨਾ ੧੩੪

ਅਰਥ-- ਪਰਮੇਸਰ (ਦੀ ਯਾਦ) ਭਾਵ ਉਸ ਦੇ ਗੁਣਾਂ ਤੋਂ ਖੁੰਝਿਆਂ (ਦੁਨੀਆ ਦੇ) ਸਾਰੇ ਦੁੱਖ-ਕਲੇਸ਼ ਜ਼ੋਰ ਪਾ ਲੈਂਦੇ ਹਨ। ਇਹਨਾਂ ਦੁੱਖਾਂ-ਕਲੇਸ਼ਾਂ ਦਾ ਨਾਂ ਹੀ ਰੋਗ ਹੈ।

ਗੁਰਬਾਣੀ ਬਹੁਤ ਸੁੰਦਰ ਫੈਸਲੇ ਦੇ ਰਹੀ ਹੈ ਜੋ ਦੋ ਦੂਣੀ ਚਾਰ ਵਾਂਗ ਸਤ ਹਨ, ਦੇਖੋ ਗੁਰਬਾਣੀ ਕਹਿ ਰਹੀ ਹੈ ਕਿ ਬਾਕੀ ਜੂਨਾਂ ਨੂੰ ਤਾਂ ਇੱਕ ਇੱਕ ਰੋਗ ਹੈ ਪਰ ਇਸ ਪਰਮਾਤਮਾ ਦੇ ਪੁੱਤਰ ਨੂੰ ਪੰਜਾਂ ਹੀ ਰੋਗਾਂ ਨੇ ਘੇਰਿਆ ਹੋਇਆ ਹੈ। ਕੀ ਫਿਰ ਇਹ ਸਮੇਂ ਸਮੇਂ ਆਪਣੇ ਸੁਭਾਅ ਕਰਕੇ ਕਿਤੇ ਵੱਖ ਵੱਖ ਜੂਨਾਂ ਤਾਂ ਨਹੀਂ ਭੋਗ ਰਿਹਾ?

ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ, ਏਕ ਦੋਖ ਬਿਨਾਸ॥

ਪੰਚ ਦੋਖ ਅਸਾਧ ਜਾ ਮਹਿ, ਤਾ ਕੀ ਕੇਤਕ ਆਸ॥

ਪੰਨਾ ੪੮੬

ਅਰਥ-- ਹਰਨ, ਮੱਛੀ, ਭੌਰਾ, ਭੰਬਟ, ਹਾਥੀ—ਇਕ ਇੱਕ ਐਬ ਦੇ ਕਾਰਨ ਇਹਨਾਂ ਦਾ ਨਾਸ ਹੋ ਜਾਂਦਾ ਹੈ, ਪਰ ਇਸ ਮਨੁੱਖ ਵਿੱਚ ਇਹ ਪੰਜੇ ਅਸਾਧ ਰੋਗ ਹਨ, ਇਸ ਦੇ ਬਚਣ ਦੀ ਕਦ ਤਕ ਆਸ ਹੋ ਸਕਦੀ ਹੈ ? ਇਸ ਦਾ ਕਰਾਣ ਹੈ ਕਿ ਇਸ ਮਨੁੱਖ ਦੇ ਪਾਸ ਬਿਬੇਕ ਦਾ ਦੀਵਾ ਨਹੀਂ ਹੈ, ਜਿਸ ਕਰਕੇ ਇਹ ਅਗਿਆਨਤਾ ਦੇ ਆਲਮ ਵਿੱਚ ਭਟਕ ਰਿਹਾ ਹੈ, ਤੇ ਇਸ ਅਗਿਆਨਤਾ ਦਾ ਨਾਂ ਹੀ ਵੱਖ ਵੱਖ ਜੂਨਾਂ ਹਨ।

ਮਾਧੋ, ਅਬਿਦਿਆ ਹਿਤ ਕੀਨ॥ ਬਿਬੇਕ ਦੀਪ ਮਲੀਨ॥

ਅਰਥ---ਹੇ ਪ੍ਰਭੂ ! ਜੀਵ ਅਗਿਆਨਤਾ ਨਾਲ ਪਿਆਰ ਕਰ ਰਹੇ ਹਨ; ਇਸ ਵਾਸਤੇ ਇਹਨਾਂ ਦੇ ਬਿਬੇਕ ਦਾ ਦੀਵਾ ਧੁੰਧਲਾ ਹੋ ਗਿਆ ਹੈ (ਭਾਵ, ਪਰਖ-ਹੀਣ ਹੋ ਰਹੇ ਹਨ, ਭਲੇ ਬੁਰੇ ਦੀ ਪਛਾਣ ਨਹੀਂ ਕਰਦੇ) ਜੇ ਮਨੁੱਖ ਦੇ ਪਾਸ ਅਗਿਆਨਤਾ ਹੈ ਤਾਂ ਇਹ ਮਨੁੱਖੀ ਤਲ਼ ਤੋਂ ਥੱਲੇ ਦੀ ਸੋਚੇਗਾ। ਅਜੇਹੀ ਨੀਚ ਸੋਚ ਸਾਨੂੰ ਸੁਭਾਅ ਕਰਕੇ ਟੇਢੀਆਂ ਜੂਨਾਂ ਜਾਂ ਪਸ਼ੂ ਬਿਰਤੀ ਦਿਸਦੀ ਹੈ। ਇਸ ਦਾ ਅਰਥ ਹੈ ਜੇ ਮਨੁੱਖ ਦੀ ਸੰਗਤ ਵਿਕਾਰਾਂ ਵਾਲ਼ੀ ਸੋਚ ਦੀ ਹੈ ਤਾਂ ਵਿਹਾਰ ਵੀ ਨੀਵੇਂ ਤਲ਼ ਦਾ ਹੋਏਗਾ—

ਤ੍ਰਿਗਦ ਜੋਨਿ ਅਚੇਤ, ਸੰਭਵ ਪੁੰਨ ਪਾਪ ਅਸੋਚ॥

ਮਾਨੁਖਾ ਅਵਤਾਰ ਦੁਲਭ, ਤਿਹੀ ਸੰਗਤਿ ਪੋਚ॥ ਪੰਨਾ 486

ਮਨੁੱਖਾ ਜੀਵਨ ਬਹੁਤ ਕੀਮਤੀ ਹੈ ਤਾਂ ਫਿਰ ਨੀਵੇਂ ਤਲ਼ ਦੀ ਸੰਗਤ ਕਿਉਂ ਕੀਤੀ ਜਾਏ? ਅਜੇਹੀ ਸੋਚ ਹੀ ਆਤਮਕ ਮੌਤ ਹੈ –

ਜੀਅ ਜੰਤ ਜਹਾ ਜਹਾ ਲਗੁ, ਕਰਮ ਕੇ ਬਸਿ ਜਾਇ॥

ਕਾਲ ਫਾਸ ਅਬਧ ਲਾਗੇ, ਕਛੁ ਨ ਚਲੈ ਉਪਾਇ॥

ਅਰਥ-- ਸੁਭਾਅ ਕਰਕੇ ਕੀਤੇ ਹੋਏ ਘਟੀਆ ਕਰਮਾਂ ਦੇ ਅਧੀਨ ਮਾਨਸਕ ਤਲ਼ ਤੇ ਸਾਡਾ ਜਦੋਂ ਜਨਮ ਹੁੰਦਾ ਤਾਂ ਉਹ ਜਨਮ ਲੈ ਕੇ ਅਸੀਂ ਜਿਥੇ ਜਿਥੇ ਭੀ ਹਾਂ, ਓੱਥੇ ਸਾਨੂੰ ਕਾਲ ਦੀ (ਆਤਮਕ ਮੌਤ ਦੀ) ਐਸੀ ਫਾਹੀ ਪਈ ਹੋਈ ਹੈ ਜੋ ਕੱਟੀ ਨਹੀਂ ਜਾ ਸਕਦੀ, ਇਹਨਾਂ ਦੀ ਕੁੱਝ ਪੇਸ਼ ਨਹੀਂ ਜਾਂਦੀ।

ਹੁਣ ਸਪੱਸ਼ਟ ਹੁੰਦਾ ਹੈ ਆਗਿਆਨਤਾ ਦੇ ਕਾਰਣ ਬਿਬੇਕ ਬੁੱਧੀ ਵਾਲਾ ਦੀਵਾ ਗੁੱਲ ਹੋਇਆ ਪਿਆ ਹੈ, ਜਿਸ ਕਰਕੇ ਸਾਡੀ ਆਤਮਕ ਮੌਤ ਹੈ ਤੇ ਇਸ ਨੂੰ ਅੰਤ-ਕਾਲ ਜਾਂ ਕਾਲ ਫਾਸ ਕਿਹਾ ਗਿਆ ਹੈ। ਬਿਕੇਕ ਬੁੱਧੀ ਭਾਵ ਗਿਆਨ ਤੋਂ ਬਿਨਾ ਸੋਚਣ ਦਾ ਨਾਂ ਆਤਮਕ ਮੌਤ ਹੈ ਤੇ ਅਜੇਹੀ ਨੀਵੇਂ ਤਲ਼ ਦੀ ਸੋਚ ਨੂੰ ਜੂਨ ਭੋਗਣਾਂ ਕਿਹਾ ਹੈ।

ਸਮੁੱਚੀ ਵਿਚਾਰ ਦਾ ਭਾਵ ਅਰਥ ਏਹੀ ਹੈ ਕਿ ਜੇ ਪਰਮੇਸਰ ਵਿਸਰ ਜਾਏ ਤਾਂ ਆਤਮਕ ਰੋਗ ਜਨਮ ਲੈਂਦੇ ਹਨ ਜੋ ਆਤਮਕ ਮੌਤ ਜਾਂ ਅੰਤ ਕਾਲ ਦੇ ਨਾਂ ਨਾਲ ਜਾਣੇ ਜਾਂਦੇ ਹਨ। ਇਹ ਮਲੀਨ ਸੋਚ ਸਾਨੂੰ ਸੁਭਾਅ ਕਰਕੇ ਵੱਖ ਵੱਖ ਜੂਨਾਂ ਵਾਲੀ ਦਸ਼ਾ ਵਿੱਚ ਲਿਜਾਂਦੀ ਹੈ।

ਗੁਰਬਾਣੀ ਅਨੁਸਾਰ ਮਰਣਾ ਕੀ ਹੈ?

ਸਰੀਰ ਦੁਨੀਆਂ ਵਿੱਚ ਆਉਂਦਾ ਹੈ ਤੇ ਸਮੇਂ ਅਨੁਸਾਰ ਚਲਾ ਜਾਂਦਾ ਹੈ, ਸੰਸਾਰ ਦੀ ਬੋਲੀ ਵਿੱਚ ਇਸ ਨੂੰ ਜੰਮਣਾ ਤੇ ਮਰਣਾ ਕਿਹਾ ਗਿਆ ਹੈ ਜੋ ਇੱਕ ਕੁਦਰਤੀ ਨਿਯਮਾਵਲੀ ਹੈ ਭਾਵ ਜਿਹੜੀ ਚੀਜ਼ ਬਣੀ ਹੈ ਉਸ ਨੇ ਆਪਣੀ ਉਮਰ ਭੋਗ ਕੇ ਸੰਸਾਰ ਵਿਚੋਂ ਚਲੇ ਜਾਣਾ ਹੈ----

ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ ਕਾਲਿ॥

ਨਾਨਕ ਹਰਿ ਗੁਨ ਗਾਇ ਲੇ ਛਾਡਿ ਸਗਲ ਜੰਜਾਲ॥

ਪੰਨਾ ੧੪੨੯

ਪਰ ਗੁਰਬਾਣੀ ਹੋਰ ਵੀ ਜੰਮਣਾ-ਮਰਣਾ ਦੱਸ ਰਹੀ ਹੈ, ਇੱਕ ਤੇ ਹੰਕਾਰ ਵਿੱਚ ਅਸੀਂ ਮਰੇ ਪਏ ਹੋਏ ਹਾਂ ਦੂਜਾ ਤ੍ਰਿਸ਼ਨਾ ਵਿੱਚ ਨਿਤਾ ਪ੍ਰਤੀ ਜਨਮ ਲੈ ਰਹੇ ਹਾਂ। ਤੀਜਾ ਵਿਕਾਰਾਂ ਵਲੋਂ ਆਪਣੇ ਆਪ ਨੂੰ ਮਾਰਨਾ ਤੇ ਸ਼ੁਭ ਗੁਣਾਂ ਵਿੱਚ ਨਵੇਂ ਸਿਰੇ ਤੋਂ ਜਨਮ ਲੈਣਾ। ਬਜ਼ੁਰਗ ਕਹਿੰਦੇ ਹੁੰਦੇ ਸੀ ਕਿ “ਸਰੀਰ ਦੇ ਮਰ ਜਾਣ ਨੂੰ ਮੌਤ ਨਹੀਂ ਕਿਹਾ ਗਿਆ ਆਤਮਾ ਦਾ ਮਰ ਜਾਣਾ ਹੀ ਅਸਲ ਵਿੱਚ ਮੌਤ ਹੈ”। ਗੁਰਬਾਣੀ ਦੇ ਫਲਸਫ਼ੇ ਨੇ ਗ਼ੈਰਤ ਤੇ ਅਣਖ਼ ਨਾਲ ਜ਼ਿੰਦਗੀ ਜਿਉਣ ਦੀ ਜਾਚ ਦੱਸੀ ਹੈ ਜੋ ਰੋਜ਼ ਰਹਿਰਾਸ ਵਿੱਚ ਪੜ੍ਹਦੇ ਹਾਂ----

ਆਖਾ ਜੀਵਾ ਵਿਸਰੈ ਮਰਿ ਜਾਉ॥

ਪੰਨਾ ੯

ਮਨੁੱਖੀ ਆਤਮਕ ਗੁਣਾਂ ਦੇ ਦੁਸ਼ਮਣ ਵਿਕਾਰਾਂ ਨਾਲ ਹਰ ਮੁਹਾਜ `ਤੇ ਲੜਾਈ ਲੜਨੀ ਤੇ ਸ਼ੁਭ ਗੁਣਾਂ ਦੁਆਰਾ ਆਪਣੇ ਆਪ ਨੂੰ ਸੋਧ ਕੇ ਰੱਖਣਾ ਹੀ ਅਸਲ ਵਿੱਚ ਜ਼ਿੰਦਗੀ ਦੀ ਤਾਜ਼ੀ ਹਰਕਤ ਹੈ----

ਸਬਦਿ ਮਰਹੁ ਫਿਰਿ ਜੀਵਹੁ ਸਦ ਹੀ ਤਾ ਫਿਰਿ ਮਰਣੁ ਨ ਹੋਈ॥

ਅੰਮ੍ਰਿਤੁ ਨਾਮੁ ਸਦਾ ਮਨਿ ਮੀਠਾ ਸਬਦੇ ਪਾਵੈ ਕੋਈ॥

ਪੰਨਾ ੬੦੩

ਆਦਮੀ ਬਹੁਤ ਹੀ ਖੂਬਸੂਰਤ ਹੈ, ਉੱਚੀ ਕੁੱਲ ਦਾ ਮਾਲਕ ਏ, ਜ਼ਿੰਦਗੀ ਦੇ ਹਰ ਮੁਹਾਜ `ਤੇ ਕਾਮਯਾਬੀਆਂ ਹਾਸਲ ਕਰ ਰਿਹਾ ਹੈ ਪਰ ਜੇ ਇਸ ਵਿੱਚ ਸ਼ੁਭ ਗੁਣਾਂ ਦੀ ਭਾਵਨਾ ਨਹੀਂ ਹੈ ਤਾਂ ਅਸਲ ਮਰਿਆ ਹੋਇਆ ਇਸ ਨੂੰ ਕਹਿਣਾ ਚਾਹੀਦਾ ਹੈ ----

ਅਤਿ ਸੁੰਦਰ ਕੁਲੀਨ ਚਤੁਰ ਮੁਖਿ ਙਿਆਨੀ ਧਨਵੰਤ॥

ਮਿਰਤਕ ਕਹੀਅਹਿ ਨਾਨਕਾ ਜਿਹ ਪ੍ਰੀਤਿ ਨਹੀ ਭਗਵੰਤ॥

ਪੰਨਾ ੨੫੩

ਅਰਥ--- ਜੇ ਕੋਈ ਬੜੇ ਸੁੰਦਰ, ਚੰਗੀ ਕੁਲ ਵਾਲੇ, ਸਿਆਣੇ, ਗਿਆਨਵਾਨ ਤੇ ਧਨਵਾਨ ਬੰਦੇ ਭੀ ਹੋਣ, ਪਰ, ਹੇ ਨਾਨਕ ! ਜਿਨ੍ਹਾਂ ਦੇ ਅੰਦਰ ਭਗਵਾਨ ਦੀ ਪ੍ਰੀਤਿ ਨਹੀਂ ਹੈ, ਉਹ ਮੁਰਦੇ ਹੀ ਆਖੇ ਜਾਂਦੇ ਹਨ (ਭਾਵ, ਵਿਕਾਰਾਂ ਵਿੱਚ ਮਰੀ ਹੋਈ ਆਤਮਾ ਵਾਲੇ) ਅਸਲ ਵਿੱਚ ਇਹ ਲੋਕ ਮਰੇ ਹੋਏ ਹਨ ਤੇ ਇਹਨਾਂ ਵਾਸਤੇ ਹੀ ਅੰਤ ਕਾਲ ਸ਼ਬਦ ਵਰਤਿਆ ਗਿਆ ਹੈ।

ਆਤਮਕ ਤਲ਼ `ਤੇ ਮਰਿਆਂ ਹੋਇਆਂ ਦੀ ਲੰਬੀ ਦਾਸਤਾਂ ਹੈ ---

ਮਿਰਤਕ ਦੇਹ ਸਾਧ ਸੰਗ ਬਿਹੂਨਾ॥ ਆਵਤ ਜਾਤ ਜੋਨੀ ਦੁਖ ਖੀਨਾ॥ 1॥

ਪੰਨਾ ੧੯੦

ਅਰਥ----ਹੇ ਭਾਈ ! ਜੇਹੜਾ ਮਨੁੱਖ ਸਾਧ ਸੰਗਤਿ ਭਾਵ ਗੁਰ-ਉਪਦੇਸ਼ ਤੋਂ ਵਾਂਜਿਆ ਰਹਿੰਦਾ ਹੈ, ਉਸ ਦਾ ਸਰੀਰ ਭਾਵ (ਗਿਆਨ ਇੰਦ੍ਰੇ) ਮੁਰਦਾ ਹੈ (ਕਿਉਂਕਿ ਉਸ ਦੇ ਅੰਦਰ ਆਤਮਕ ਮੌਤੇ ਮਰੀ ਹੋਈ ਜਿੰਦ ਹੈ), ਉਹ ਮਨੁੱਖ ਜ਼ਿਉਂਦਿਆਂ ਹੀ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ, ਜੂਨਾਂ ਦੇ ਦੁੱਖਾਂ ਦੇ ਕਾਰਨ ਉਸ ਦਾ ਆਤਮਕ ਜੀਵਨ ਹੋਰ ਕਮਜ਼ੋਰ ਹੁੰਦਾ ਜਾਂਦਾ ਹੈ। ਸੋ ਸਮਝਿਆ ਜਾ ਸਕਦਾ ਹੈ ਕਿ ਗੁਰਬਾਣੀ ਆਤਮਕ ਤਲ਼ ਦੇ ਮਰੇ ਹੋਏ ਤੇ ਜੂਨਾਂ ਭੋਗ ਰਹੇ ਇਨਸਾਨ ਦੀ ਗੱਲ ਕਰ ਰਹੀ ਹੈ ਇਸ ਭੂਮਿਕਾ ਦੁਆਰਾ ਇਹ ਸਮਝਣ ਦਾ ਯਤਨ ਕੀਤਾ ਹੈ ਕਿ ਅਸਲ ਵਿੱਚ ਮਰਿਆ ਹੋਇਆ ਕੌਣ ਹੈ?

ਹੁਣ ਉਸ ਸ਼ਬਦ ਦੀ ਵਿਚਾਰ ਕਰਦੇ ਹਾਂ ਜਿਸ ਨੂੰ ਇਹ ਸਮਝਿਆ ਗਿਆ ਹੈ ਕਿ ਇਸ ਵਿੱਚ ਮਰਣ ਤੋਂ ਮਗਰੋਂ ਦੀਆਂ ਜੂਨਾਂ ਦਾ ਜ਼ਿਕਰ ਕੀਤਾ ਗਿਆ ਹੈ। ਜ਼ਰਾ ਕੁ ਗਹਿਰਾਈ ਵਿੱਚ ਉੱਤਰਨ ਦਾ ਯਤਨ ਕਰਾਂਗੇ ਤਾਂ ਸਾਨੂੰ ਇਹ ਪਤਾ ਚੱਲਦਾ ਹੈ ਕਿ ਇਸ ਸ਼ਬਦ ਵਿੱਚ ਬ੍ਰਾਹਮਣੀ ਕਰਮ-ਕਾਂਡ ਦੀ ਰਵਾਇਤ ਅਨੁਸਾਰ ਮਰਣ ਤੋਂ ਉਪਰੰਤ ਵਾਲੀਆਂ ਜੂਨਾਂ ਦੀ ਸ਼ਬਦਾਵਲੀ ਵਰਤ ਕੇ ਅਜੋਕੇ ਸਮੇਂ ਵਿੱਚ ਭਾਵ ਹੱਥਲੇ ਜੀਵਨ ਵਿੱਚ ਮਰੀ ਹੋਈ ਆਤਮਾ ਦੁਆਰਾ ਵੱਖ ਵੱਖ ਸੁਭਾਵਾਂ ਨੂੰ ਭੋਗਣ ਦੀ ਗੱਲ ਸਪੱਸ਼ਟ ਕੀਤੀ ਗਈ ਹੈ ਕਿਉਂਕਿ ਨੀਵੇਂ ਸੁਭਾਅ ਨੂੰ ਭੋਗਣ ਦੀ ਅਤ ਕਰ ਦਿੱਤੀ ਹੈ। ਇਸ ਦਾ ਅਰਥ ਇਹ ਨਹੀਂ ਕਿ ਭਗਤ ਜੀ ਕੋਈ ਬ੍ਰਹਾਮਣੀ ਵਿਚਾਰਧਾਰਾ ਨੂੰ ਮਾਨਤਾ ਦੇ ਰਹੇ ਹਨ, ਸਿਰਫ ਸ਼ਬਦਾਵਲੀ ਪੁਰਾਣੀ ਵਰਤ ਹਰੇ ਹਨ। ਇਸ ਅੰਦਰ ਤਾਂ ਹੱਥਲੇ ਜੀਵਨ ਵਿੱਚ ਜੇ ਰੱਬ ਵਿਸਰ ਜਾਏ ਤਾਂ ਮਨੁੱਖ ਦੀ ਮਾਨਸਕ ਦਸ਼ਾ ਕਿਹੋ ਜੇਹੀ ਹੁੰਦੀ ਹੈ, ਇਸ ਦਾ ਵਿਸਥਾਰ ਸਹਿਤ ਜ਼ਿਕਰ ਕੀਤਾ ਗਿਆ ਹੈ।
.