.

ਬਚਿਤ੍ਰ ਨਾਟਕ

(ਦਸਮ ਗ੍ਰੰਥ ਪੰਨਾ 39 - 73)

ਅਬ ਬਚਿਤ੍ਰ ਨਾਟਕ ਗ੍ਰੰਥ ਲਿਖਯਤੇ। ਸ੍ਰੀ ਮੁਖਵਾਕ ਪਾ: 10

(ਹੁਣ ਬਚਿਤ੍ਰ ਨਾਟਕ ਗ੍ਰੰਥ ਲਿਖਦੇ ਹਾਂ, ਪਾ: 10 ਦੇ ਮੁਖ ਤੋ।)

ਪਹਿਲੇ ਅਧਿਆਏ ਦੇ 101 ਛੰਤ ਹਨ। ਇਸ ਤੋਂ ਅੱਗੇ ਕਵੀ ਲਿਖਦਾ ਹੈ - ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਸ੍ਰੀ ਕਾਲ ਜੀ ਕੀ ਉਸਤਤਿ ਪ੍ਰਥਮ ਧਿਆਇ ਸੰਪੂਰਨਮ।

ਸਭੁ ਸੁਭਮ ਸਤੁ।

ਕਵੀ ਕਹਿ ਰਿਹਾ ਹੈ ਕਿ ਪਹਿਲੇ ਧਿਆਏ ਵਿੱਚ ਕਾਲ ਜੀ ਦੀ ਉਸਤਤਿ ਹੈ। ਕਾਲ, ਕਾਲੀ, ਭਗਉਤੀ, ਚੰਡੀ ਆਦਿ ਵੇਦ ਮਤ ਦੇ ਦੇਵੀ ਦੇਵਤੇ ਹਨ। ਸ਼ਸਤਰ ਅਸਤਰ ਵੀ ਦੇਵੀ ਦੇ ਰੂਪ ਹਨ। ਵੇਦ ਮਤ ਵਿੱਚ ਸ਼ਸਤਰਾਂ ਦੀ ਪੂਜਾ ਵੀ ਹੁੰਦੀ ਹੈ।

ਤਵਪ੍ਰਸਾਦਿ ਦੋਹਰਾ

ਨਮਸਕਾਰ ਸ੍ਰੀ ਖੜਗ ਕੋ ਕਰੋਂ ਤੁ ਹਿਤ ਚਿੱਤ ਲਾਇ। ਪੂਰਣ ਕਰੋਂ ਗ੍ਰੰਥ ਇਹੁ ਤੁਮ ਮੁਹਿ ਕਰਹੁ ਸਹਾਇ।

ਦਸਮ ਗ੍ਰੰਥ ਪੰਨਾ 809 ਛੰਦ 1 ਵਿੱਚ ਕਵੀ ਦੇਵੀ ਨੂੰ ਖੜਗਧਾਰਾ ਕਹਿੰਦਾ ਹੈ।

(ਮੈ ਸ੍ਰੀ ਖੜਗ ਨੂੰ ਹਿੱਤ ਚਿੱਤ ਨਾਲ ਨਮਸਕਾਰ ਕਰਦਾਂ ਹਾਂ। ਜੇ ਤਸੀਂ ਮੇਰੀ ਸਹਾਇਤਾ ਕਰੋ ਤਾਂ ਮੈ ਇਸ ਗ੍ਰੰਥ ਨੂੰ ਪੂਰਾ ਕਰ ਲਵਂਗਾ।)

ਇਸ ਤੋਂ ਅਗੇ ਕਵੀ ਸ੍ਰੀ ਕਾਲ ਜੀ ਦੀ ਉਸਤਤਿ ਕਰਦਾ ਹੈ।

ਸ੍ਰੀ ਕਾਲ ਜੀ ਦੀ ਉਸਤਤਿ (ਦਸਮ ਗ੍ਰੰਥ ਪੰਨਾ 39)

ਤ੍ਰਿਭੰਗੀ ਛੰਦ।। ਕਵੀ ਕਾਲ ਜੀ ਦੀ ਉਸਤਤਿ ਕਰ ਰਿਹਾ ਹੈ।

ਖਗ ਖੰਡ ਬਿਹੰਡੰ ਖਲ ਦਲ ਖੰਡੰ ਅਤਿ ਰਣ ਮੰਡੰ ਬਰਬੰਡੰ।।

ਭੁਜ ਦੰਡ ਅਖੰਡੰ ਤੇਜ ਪ੍ਰਚੰਡੰ ਜੋਤਿ ਅਮੰਡੰ ਭਾਨ ਪ੍ਰਭੰ।।

ਸੁਖ ਸੰਤਾ ਕਰਣੰ ਦੁਰਮਤਿ ਦਰਣੰ ਕਿਲਬਿਖ ਹਰਣੰ ਅਸ ਸਰਣੰ।।

ਜੈ ਜੈ ਜਗ ਕਾਰਣ ਸ੍ਰਿਸ਼ਟ ਉਬਾਰਣ ਮਮ ਪ੍ਰਤਿਪਾਰਣ ਜੈ ਤੇਗੰ।।

(ਤਲਵਾਰ ਚੰਗੀ ਤਰ੍ਹਾਂ ਟੁਕੜੇ-ਟੁਕੜੇ ਕਰਦੀ ਹੈ। ਦੁਸ਼ਟਾਂ ਦੇ ਦਲਾਂ ਨੂੰ ਨਸ਼ਟ ਕਰਦੀ ਹੈ। ਯੁੱਧ ਨੂੰ ਸੁਸਜਤਿ ਕਰਦੀ ਹੈ, (ਅਜਿਹੀ) ਬਲਵਾਨ ਹੈ। ਇਹ ਅਖੰਡ ਤੇਜ ਵਾਲੀ ਭੁਜ-ਦੰਡ ਹੈ। ਪ੍ਰਚੰਡ ਤੇਜ ਵਾਲੀ ਹੈ, ਅਤੇ ਸੂਰਜ ਦੀ ਸ਼ੋਭਾ ਦੀ ਜੋਤਿ ਨੂੰ ਫਿਕਿਆਂ ਕਰ ਦਿੰਦੀ ਹੈ। (ਇਹ) ਸੰਤਾਂ ਨੂੰ ਸੁਖ ਦੇਣ ਵਾਲੀ, ਮਾੜੀ ਬੁੱਧੀ ਨੂੰ ਦਲਣ ਵਾਲੀ, ਪਾਪਾਂ ਦਾ ਨਾਸ਼ ਕਰਨ ਵਾਲੀ ਹੈ, (ਮੈ) ਇਸ ਦੀ ਸ਼ਰਨ ਵਿੱਚ ਹਾਂ। ਹੇ ਜਗ ਦਾ ਕਾਰਨ ਸਰੂਪ! ਤੇਰੀ ਜੈ-ਜੈਕਾਰ ਹੋਵੇ (ਕਿਉਂਕਿ ਤੂੰ) ਸ੍ਰਿਸ਼ਟੀ ਨੂੰ ਉਬਾਰਨ ਵਾਲੀ ਅਤੇ ਮੇਰੀ ਪਾਲਣਾ ਕਰਣ ਵਾਲੀ ਹੈ, (ਤਾਂ ਤੇ ਤੇਰੀ) ਹੇ ਤੇਗ! ਜੈ ਜੈ ਹੋਵੇ।)

ਜਦੋਂ ਗੁਰਸਿੱਖ ਉਪਰਲੀਆਂ ਤੁਕਾਂ ਦਾ ਕੀਰਤਨ ਕਰਦੇ ਹਨ ਤਾਂ ਉਹ ਕਾਲ ਜੀ ਦੀ ਉਸਤਤਿ ਕਰਦੇ ਹਨ।

ਗੁਰਬਾਣੀ ਕਾਲ ਦੀ ਅਰਾਧਨਾ ਉਸਤਤਿ ਦਾ ਉਪਦੇਸ਼ ਨਹੀਂ ਦਿੰਦੀ। ਕਾਲ ਸਮੇਂ ਦੀ ਚਾਲ ਹੈ। ਕਾਲ ਦੀ ਉਸਤਤਿ ਕਰਨ ਵਾਲਾ, ਨਮਸਕਾਰ ਕਰਨ ਵਾਲਾ, ਜਨਮ ਮਰਨ ਦੇ ਗੇੜ ਵਿੱਚ ਰਹਿੰਦਾ ਹੈ। ਵੇਦਾਂ ਨੇ ਕਾਲ ਨੂੰ ਮਹਾਕਾਲ, ਕਾਲੀ ਮਾਤਾ ਵੀ ਕਿਹਾ ਹੈ, ਉਸ ਨੂੰ ਸੰਘਾਰ ਕਰਨ ਵਾਲੀ ਦੇਵੀ ਕਿਹਾ ਹੈ।

ਦਸਵੇਂ ਜਾਮੇ ਵਿੱਚ ਗੁਰੂ ਨਾਨਕ ਸਾਹਿਬ ਦੇ ਸਰੂਪ ਗੁਰੂ ਗੋਬਿੰਦ ਸਿੰਘ ਜੀ, ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹਨ। ਪਾ: 10, ਗੁਰੂ ਨਾਨਕ ਸਾਹਿਬ ਤੇ ਗੁਰਬਾਣੀ ਦੇ ਹੁਕਮਾਂ ਦੇ ਵਿਰੁੱਧ ਕਾਲ ਦੀ ਉਸਤਤਿ ਨਹੀਂ ਕਰ ਸਕਦੇ।

ਵੇਦਾਂ ਸ਼ਾਸਤਰਾਂ ਸਿੰਮ੍ਰਿਤੀਆਂ ਨੂੰ ਸੱਤ ਮੰਨਨ ਵਾਲੇ ਹਿੰਦੂ ਕਵੀ ਕਾਲ ਦੀ ਉਸਤਤਿ ਕਰਦੇ ਹਨ, ਤੇ ਓਮ ਦੀ ਅਰਾਧਨਾ ਵੀ ਕਰਦੇ ਹਨ, ਇਹ ਓਮ ਨੂੰ ਸੱਤ ਕਹਿੰਦੇ ਹਨ। ਗੁਰਬਾਣੀ ਓਮ ਨੂੰ ਸੱਤ ਨਹੀਂ ਕਹਿੰਦੀ।

ਬਚਿਤ੍ਰ ਨਾਟਕ ਦੇ ਆਰੰਭਕ ਵਿਚਾਰ ਤੋਂ ਹੀ ਇਹ ਸਾਬਤ ਹੁੰਦਾ ਹੈ ਕਿ ਇਹ ਰਚਨਾ ਗੁਰੂ ਗੋਬਿੰਦ ਸਿੰਘ ਜੀ ਦੀ ਨਹੀਂ ਹੋ ਸਕਦੀ, ਕਿਸੇ ਕਾਲ, ਕਾਲੀਮਾਤਾ, ਦੇਵੀ, ਤਲਵਾਰ ਦੇ ਉਪਾਸ਼ਕ ਕਵੀ ਦੀ ਹੈ।

ਛੰਦ 26 ਕਈ ਮੇਟ ਡਾਰੇ ਉਸਾਰੇ ਬਨਾਏ।

ਉਪਾਰੇ ਗੜੇ ਫੇਰਿ ਮੇਟੇ ਉਪਾਏ।

ਕ੍ਰਿਯਾ ਕਾਲ ਜੂ ਕੀ ਕਿਨੂ ਨ ਪਛਾਨੀ।

ਘਨਿਯੋ ਪੈ ਬਿਹੈਹੈ ਘਨਿਯੋ ਪੈ ਬਿਹਾਨੀ।

(ਪੰਨਾ 41, ਦਸਮ ਗ੍ਰੰਥ)

(ਕਾਲ ਨੇ ਕਈ ਮੇਟ ਸੁੱਟੇ ਹਨ ਅਤੇ ਫੇਰ ਉਸਾਰ ਕੇ ਬਣਾ ਦਿੱਤੇ ਹਨ। ਮੁੜ ਕੇ ਮੁਢੋਂ ਪੁਟੇ ਹੋਇਆਂ ਨੂੰ ਘੜ ਦਿੰਦਾ ਹੈ, ਫਿਰ ਪੈਦਾ ਹੋਇਆਂ ਨੂੰ ਮੇਟ ਦਿੰਦਾ ਹੈ। ਕਾਲ ਜੀ ਦੀ ਇਸ ਤਰ੍ਹਾਂ ਦੀ ਕ੍ਰਿਯਾ ਨੂੰ ਕਿਸੇ ਨੇ ਭੀ ਨਹੀਂ ਪਛਾਣਿਆ, ਬਹੁਤਿਆਂ ਉਤੇ ਬੀਤੇਗੀ, ਬਹੁਤਿਆਂ ਉਤੇ ਬੀਤ ਚੁਕੀ ਹੈ।)

ਗੁਰਬਾਣੀ ਕਹਿੰਦੀ ਹੈ ਕਿ ਕਾਲ ਚੱਕਰ ਦੀ ਸਾਰੀ ਕ੍ਰਿਯਾ, ਏਕੰਕਾਰ ਜੋਤਿ ਰੂਪ ਪਾਰਬ੍ਰਹਮ ਦੇ ਹੁਕਮ ਵਿੱਚ ਹੁੰਦੀ ਹੈ। ਕਾਲ ਦੀ ਸਾਰੀ ਕਾਰ ਹੁਕਮ ਵਿੱਚ ਹੋ ਰਹੀ ਹੈ। ਕਵੀ ਅਕਾਲ ਪੁਰਖ ਨੂੰ ਨਹੀਂ ਜਾਣਦਾ। ਕਾਲ ਪੁਰਖ ਸੁਤੰਤਰ ਹਸਤੀ ਨਹੀ।

• ਹੁਕਮੀ ਸਭੇ ਊਪਜਹਿ ਹੁਕਮੀ ਕਾਰ ਕਮਾਹਿ॥

ਹੁਕਮੀ ਕਾਲੈ ਵਸਿ ਹੈ ਹੁਕਮੀ ਸਾਚਿ ਸਮਾਹਿ॥

(ਪੰਨਾ 55, ਗੁਰੂ ਗ੍ਰੰਥ ਸਾਹਿਬ)

• ਹੁਕਮਿ ਮਰੈ ਹੁਕਮੇ ਹੀ ਜੀਵੈ॥ (ਪੰਨਾ 962, ਗੁਰੂ ਗ੍ਰੰਥ ਸਾਹਿਬ)

• ਹੁਕਮੁ ਪਛਾਣਿ ਸਚੈ ਦਰਿ ਵਾਸੁ॥ ਕਾਲ ਬਿਕਾਲ ਸਬਦਿ ਭਏ ਨਾਸੁ॥

(ਪੰਨਾ 832, ਗੁਰੂ ਗ੍ਰੰਥ ਸਾਹਿਬ)

ਅਕਾਲ ਪੁਰਖ ਪਾਰਬ੍ਰਹਮ ਦੇ ਹੁਕਮ ਵਿੱਚ ਹੀ ਜੀਵ ਕਾਲ ਵੱਸ ਹੁੰਦੇ ਹਨ। ਵੇਦਾਂ ਸ਼ਾਸਤਰਾਂ ਨੂੰ, ਬ੍ਰਹਮਾ ਬਿਸਨ ਮਹੇਸ ਨੂੰ, ਤੇ ਕਵੀ ਨੂੰ ਉਸ ਅਕਾਲ ਪੁਰਖ ਦੇ ਹੁਕਮ ਦੀ ਪਛਾਣ ਨਹੀਂ, ਜੋ ਕਾਲ ਤੋਂ ਉਪਰ ਹੈ। ਕਵੀ ਤਾਂ ਸਮਝਦਾ ਹੈ ਕਿ ਸਭ ਕ੍ਰਿਯਾ ਕਾਲ ਦੀ ਹੈ। ਗੁਰੂ ਗੋਬਿੰਦ ਸਿੰਘ ਜੀ ਕਾਲ ਦੀ ਉਸਤਤਿ ਨਹੀਂ ਕਰ ਸਕਦੇ, ਨਾ ਹੀ ਉਸ ਦੀ ਕ੍ਰਿਪਾ ਦੇ ਜਾਚਕ ਹੋ ਸਕਦੇ ਹਨ।

ਛੰਦ 75 ਜਿਤੇ ਹੋਇ ਬੀਤੇ।। ਤਿਤੇ ਕਾਲ ਜੀਤੇ।।

ਜਿਤੇ ਸਰਨ ਜੈ ਹੈ।। ਤਿਤਿਓ ਰਾਖ ਲੈ ਹੈ।।

(ਜਿੰਨੇ ਵੀ ਹੋ ਗੁਜ਼ਰੇ ਹਨ, ਉਹ ਸਭਨਾਂ ਨੂੰ ਕਾਲ ਨੇ ਜਿੱਤ ਲਿਆ। ਜਿਹੜੇ ਕਾਲ ਦੀ ਸ਼ਰਨ ਜਾਣਗੇ, ਉਹਨਾਂ ਸਭ ਨੂੰ ਬਚਾ ਲਵੇਗਾ।)

ਕਵੀ ਨਹੀਂ ਜਾਣਦਾ ਕਿ ਕਾਲ ਕਿਸੇ ਨੂੰ ਵੀ ਬਚਾ ਨਹੀਂ ਸਕਦਾ। ਕਾਲ ਸ਼ਰਨ ਆਇਆਂ ਨੂੰ ਬਚਾ ਨਹੀਂ ਸਕਦਾ।

ਗੁਰਬਾਣੀ ਅਕਾਲ ਪੁਰਖ ਏਕੰਕਾਰ ਦੀ ਸ਼ਰਨ ਪੈਣ ਦਾ ਉਪਦੇਸ਼ ਦਿੰਦੀ ਹੈ। ਅਕਾਲ ਪੁਰਖ ਦੀ ਸ਼ਰਨ ਆਇਆਂ ਹੀ ਜਨਮ ਮਰਨ ਦਾ ਗੇੜ ਕੱਟਿਆ ਜਾਂਦਾ ਹੈ, ਤੇ ਕਾਲ ਨੂੰ ਜਿੱਤ ਕੇ ਸਦ ਜੀਵਤ ਹੋਈਦਾ ਹੈ।

ਹਰਿ ਹਰਿ ਨਾਮ ਜਪੰਤਿਆ ਕੁਛ ਨ ਕਹੈ ਜਮਕਾਲ।।

(ਪੰਨਾ 457 ਗੁਰ ਗ੍ਰੰਥ ਸਾਹਿਬ)

ਛੰਦ 84

(ਪੰਨਾ 44, ਦਸਮ ਗ੍ਰੰਥ)

ਕਾਲ ਹੀ ਪਾਇ ਭਯੋ ਭਗਵਾਨ ਸੁ ਜਾਗਤ ਯਾ ਜਗ ਜਾ ਕੀ ਕਲਾ ਹੈ।।

ਕਾਲ ਹੀ ਪਾਇ ਭਯੋ ਬ੍ਰਹਮਾ ਸ਼ਿਵ ਕਾਲ ਹੀ ਪਾਇ ਭਯੋ ਜੁਗੀਆ ਹੈ।।

ਕਾਲ ਹੀ ਪਾਇ ਸੁਰਾਸੁਰ ਗ੍ਰੰਧ੍ਰਬ ਜੱਛ ਭੁਜੰਗ ਦਿਸਾ ਬਿਦਿਸਾ ਹੈ।।

ਔਰ ਸਕਾਲ ਸਭੈ ਬਸਿ ਕਾਲ ਕੇ ਏਕ ਹੀ ਕਾਲ ਅਕਾਲ ਸਦਾ ਹੈ।।

(ਕਾਲ ਦਾ ਇਸ਼ਾਰਾ ਪਾ ਕੇ ਹੀ ਭਗਵਾਨ ਵਿਸ਼ਨੂੰ ਹੋਇਆ। ਇਸ ਜਗਤ ਵਿੱਚ ਜਿਸ ਦੀ ਕਲਾ (ਸ਼ਕਤੀ) ਪ੍ਰਗਟ ਹੋ ਰਹੀ ਹੈ। ਕਾਲ ਦਾ ਇਸ਼ਾਰਾ ਪਾ ਕੇ ਹੀ ਬ੍ਰਹਮਾ ਹੋਇਆ ਹੈ ਅਤੇ ਕਾਲ ਦਾ ਇਸ਼ਾਰਾ ਪਾ ਕੇ ਹੀ ਸ਼ਿਵਜੀ ਜੋਗੀ ਹੋਇਆ ਹੈ।

ਕਾਲ ਦਾ ਇਸ਼ਾਰਾ ਪਾ ਕੇ ਹੀ ਸੁਰ, ਅਸੁਰ, ਦੇਵਤੇ, ਦੈਤ, ਗੰਧ੍ਰਬ, ਜੱਛ, ਸਿੱਧ, ਦਿਸ਼ਾ ਤੇ ਕੋਨੇ ਪੈਦਾ ਹੋਏ ਹਨ। ਹੋਰ ਜਿੰਨੇ ਵਰਤਮਾਨ (ਕਾਲ) ਪਦਾਰਥ ਹਨ, ਸਾਰੇ ਕਾਲ ਮੌਤ ਦੇ ਵਿੱਚ ਹਨ। ਇੱਕ ਕਾਲ ਹੀ ਸਦਾ ਅਕਾਲ ਹੈ। ਕਵੀ ਕਾਲ ਨੂੰ ਸਦਾ ਅਕਾਲ ਸਮਝਦਾ ਹੈ।)

ਕਵੀ, ਕਾਲ ਦੇ ਰਚਨ ਵਾਲੇ ਅਕਾਲ ਨੂੰ, ਨਹੀਂ ਸਮਝਦਾ। ਗੁਰਬਾਣੀ ਅਨੁਸਾਰ ਵੇਦ ਸ਼ਾਸਤਰ ਆਦਿ ਵੀ ਅਕਾਲ ਨੂੰ ਨਹੀਂ ਪਛਾਣ ਸਕਦੇ। ਕੇਵਲ ਅਕਾਲ ਪੁਰਖ ਦਾ ਅਨੁਮਾਨ, ਕਿਆਸ ਕਰਦੇ ਹਨ। ਵੇਦ ਸ਼ਾਸਤਰ ਓਮ ਧੁੰਨ ਨੂੰ ਹੀ ਜਾਣਦੇ ਹਨ, ਤੇ ਸੱਤ ਮੰਨਦੇ ਹਨ। ਗੁਰਬਾਣੀ ਅਨੁਸਾਰ ਅਕਾਲ ਪੁਰਖ ਦੇ ਹੁਕਮ ਵਿੱਚ ਓਅੰਕਾਰ ਧੁੰਨ, ਅਕਾਲ ਪੁਰਖ ਦਾ ਆਤਮ ਪਸਾਰਾ ਹੈ, ਅਤੇ ਅਕਾਲ ਦੇ ਹੁਕਮ ਰੂਪ ਜਾਂ ਕਰਤਾ ਰੂਪ ਤੋਂ ਹੀ ਸੰਸਾਰ ਵਿੱਚ 84 ਲੱਖ ਜੂਨਾਂ ਦਾ ਕਾਲ ਚੱਕਰ ਚਲ ਰਿਹਾ ਹੈ।

ਸਭ ਦੇਵੀ ਦੇਵਤੇ ਅਵਤਾਰ ਜਨਮ ਮਰਨ ਦੇ ਗੇੜ ਵਿੱਚ ਘੁੰਮ ਰਹੇ ਹਨ। ਕੇਵਲ ਗੁਰਮਤਿ ਭਗਤੀ ਸਿਮਰਣ ਕਰਨ ਵਾਲਾ ਗੁਰਮੁਖ ਕਾਲ ਨੂੰ ਜਿੱਤ ਲੈਂਦਾ ਹੈ ਤੇ ਗੁਰਮੁਖ ਭਗਤ ਕਾਲ ਚੱਕਰ ਵਿਚੋਂ ਨਿਕਲ ਕੇ ਅਕਾਲ ਰੂਪ ਹੋ ਜਾਂਦਾ ਹੈ, ਸਦ ਜੀਵਤ ਹੋ ਜਾਂਦਾ ਹੈ।

ਛੰਦ 92 (ਪੰਨਾ 45, ਦਸਮ ਗ੍ਰੰਥ)

ਮੇਰੁ ਕਰੋ ਤ੍ਰਿਣੁ ਤੇ ਮੁਹਿ ਜਾਹਿ ਗਰੀਬ ਨਿਵਾਜ ਨ ਦੂਸਰ ਤੋਸੋ।।

ਭੂਲ ਛਿਮੋ ਹਮਰੀ ਪ੍ਰਭ ਆਪਨ ਭੂਲਨਹਾਰ ਕਹੂੰ ਕੋਊ ਮੋਸੋ।।

ਸੇਵ ਕਰੀ ਤੁਮਰੀ, ਤਿਨਕੇ ਸਭਹੀ ਗ੍ਰਹਿ ਦੇਖੀਅਤ ਦ੍ਰੱਬ ਭਰੋਸੇ।।

ਯਾ ਕਲ ਮੈ ਸਭ ਕਾਲ ਕ੍ਰਿਪਾਨ ਕੇ ਭਾਰੀ ਭੁਜਾਨ ਕੋ ਭਾਰੀ ਭਰੋਸੋ।।

(ਮੇਰੇ ਜਿਹੇ ਕਖਾਂ ਨੂੰ ਤੁਸੀਂ ਸੁਮੇਰ ਕਰਦੇ ਹੋ, ਤੁਹਾਡਾ ਜੇਹਾ ਹੋਰ ਕੋਈ ਦੂਜਾ ਗਰੀਬ ਨਿਵਾਜ ਨਹੀਂ ਹੈ। ਭਾਵ ਮੈਂ ਸਭ ਤੋਂ ਵਧੀਕ ਭੁੱਲਨ ਵਾਲਾ ਹਾਂ। ਹੇ ਕਾਲ ਜੀ ਜਿੰਨ੍ਹਾਂ ਨੇ ਤੁਹਾਡੀ ਸੇਵਾ ਕੀਤੀ ਹੈ, ਤਿੰਨ੍ਹਾਂ ਦਾ ਸਾਰਾ ਘਰ ਦੌਲਤ ਨਾਲ ਭਰਿਆ ਦਿੱਸਦਾ ਹੈ। ਇਸ ਕਲਜੁਗ ਵਿੱਚ ਮੇਨੂੰ ਕਾਲ ਦੀ ਕ੍ਰਿਪਾਣ ਅਤੇ ਉਸ ਦੀਆਂ ਭਾਰੀ ਭੁਜਾਵਾਂ ਦਾ ਵਡਾ ਭਰੋਸਾ ਹੈ।

ਛੰਦ 98 (ਪੰਨਾ 46, ਦਸਮ ਗ੍ਰੰਥ)

ਚੇਤ ਰੇ ਚੇਤ ਅਜੋ ਜੀਅ ਮੈ ਜੜ ਕਾਲ ਕ੍ਰਿਪਾ ਬਿਨੁ ਕਾਮ ਨ ਐਹੈ।।

(ਹੇ ਮੂਰਖ ਹੋਸ਼ ਕਰ ਅਜੇ ਭੀ ਦਿਲ ਵਿੱਚ ਸਮਝ, ਕਾਲ ਦੀ ਕ੍ਰਿਪਾ ਤੋਂ ਬਿਨਾ ਹੋਰ ਕੋਈ ਸਾਧਨ ਤੇਰੇ ਕੰਮ ਨਹੀਂ ਆਵੇਗਾ।

ਪਾਇ ਪਰੋ ਪਰਮੇਸਰ ਕੇ ਜੜ ਪਾਹਨ ਮੈ ਪਰਮੇਸਰ ਨਾਹੀ।।

(ਓਇ ਮੂਰਖ, ਪਰਮੇਸਰ ਦੀ ਸ਼ਰਨੀ ਪਉ। ਪਥਰਾਂ ਵਿੱਚ ਪਰਮੇਸਰ ਨਹੀਂ।)

ਸਾਰਾ ਮਜਮੂਨ ਕਾਲ ਉਸਤਤਿ ਦਾ ਹੈ, ਇਥੇ ਕਵੀ ਕਾਲ ਨੂੰ ਹੀ ਪਰਮੇਸਰ ਕਹਿੰਦਾ ਹੈ।

ਗੁਰਬਾਣੀ ਅਕਾਲ ਪੁਰਖ ਨੂੰ ਪਰਮੇਸ਼ਵਰ ਕਹਿੰਦੀ ਹੈ। ਕਵੀ ਕਾਲ ਨੂੰ ਪਰਮੇਸ਼ਵਰ ਕਹਿੰਦਾ ਹੈ।

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਸ੍ਰੀ ਕਾਲ ਜੀ ਕੀ ਉਸਤਤਿ

ਪ੍ਰਥਮ ਧਿਆਇ ਸੰਪੂਰਨਮ ਸਤੁ ਸੁਤਮ ਸੁਤ 1 ਅਫਜੂ।

(ਪੰਨਾ 46)

ਅੱਗੇ ਕਾਲ ਦੀ ਉਸਤਤਿ ਦਾ ਦੁਤੀਆ ਧਿਆਇ ਸ਼ੁਰੂ ਹੁੰਦਾ ਹੈ।

ਛੰਦ 1 (ਪੰਨਾ 47, ਦਸਮ ਗ੍ਰੰਥ, ਦੁਤੀਆ ਧਿਆਇ)

ਤੁਮਰੀ ਮਹਿਮਾ ਅਪਰ ਅਪਾਰਾ।। ਜਾ ਕਾ ਲਇਉ ਨ ਕਿਨਹੂ ਪਾਰਾ।।

ਦੇਵ ਦੇਵ ਰਾਜਨ ਕੇ ਰਾਜਾ।। ਦੀਨ ਦਇਆਲ ਗਰੀਬ ਨਿਵਾਜਾ।।

(ਕਵੀ ਕਾਲ ਜੀ ਦੀ ਉਸਤਤਿ ਵਿੱਚ ਕਹਿ ਰਿਹਾ ਹੈ ਰਾਜਿਆਂ ਦੇ ਰਾਜਾ ਹੋ, ਦੀਨ ਦਇਆਲ ਗਰੀਬ ਨਿਵਾਜ ਹੋ। ਕਵੀ ਕਾਲ ਤੋਂ ਉਪਰ ਅਕਾਲ ਪੁਰਖ ਨੂੰ ਨਹੀਂ ਸਿਆਣਦਾ।)

ਦੋਹਿਰਾ ਛੰਤ 2 (ਪੰਨਾ 47, ਦਸਮ ਗ੍ਰੰਥ)

ਮੂਕ ਊਚਰੈ ਸ਼ਾਸਤ੍ਰ ਖਟਿ ਪਿੰਗ ਗਿਰਨ ਚੜ੍ਹ ਜਾਇ।।

ਅੰਧ ਲਖੈ ਬਧਰੋ ਸੁਨੈ ਜੌ ਕਾਲ ਕ੍ਰਿਪਾ ਕਰਾਏ।।

ਚੌਪਈ ਕਹਾ ਬੁਧ ਪ੍ਰਭ ਤੁੱਛ ਹਮਾਰੀ।

ਬਰਨਿ ਸਕੈ ਮਹਿਮਾ ਜੁ ਤਿਹਾਰੀ।

ਹਮ ਨ ਸਕਤ ਕਰਿ ਸਿਫਤ ਤੁਮਾਰੀ।

ਆਪਿ ਲੇਹੁ ਤੁਮ ਕਥਾ ਸੁਧਾਰੀ।

(ਕਵੀ ਕਾਲ ਨੂੰ ਪ੍ਰਭ ਕਹਿੰਦਾ ਹੈ, ਕਾਲ ਦੀ ਕਥਾ ਕਰ ਰਿਹਾ ਹੈ ਤੇ ਕਾਲ ਨੂੰ ਕਥਾ ਸੁਧਾਰਨ ਲਈ ਯਾਚਨਾ ਕਰ ਰਿਹਾ ਹੈ।)

ਇਹ ਚੌਪਈ ਸਾਡੇ ਕਥਾਕਾਰ, ਗੁਰਬਾਣੀ ਕਥਾ ਕਰਨ ਤੋਂ ਪਹਿਲਾਂ ਪੜ੍ਹਦੇ ਹਨ। ਇਹ ਨਹੀਂ ਜਾਣਦੇ ਕਿ ਕਾਲ ਕਥਾਕਾਰ ਦੀ ਗੁਰਬਾਣੀ ਦੀ ਕਥਾ ਨਹੀ ਸੁਧਾਰ ਸਕਦਾ।

ਛੰਤ 10 (ਪੰਨਾ 47, ਦਸਮ ਗ੍ਰੰਥ)

ਪ੍ਰਿਥਮ ਕਾਲ ਜਬ ਕਰਾ ਪਸਾਰਾ।। ਓਅੰਕਾਰ ਤੇ ਸ੍ਰਿਸਟ ਉਪਾਰਾ।।

ਕਾਲਸੈਣ ਪ੍ਰਥਮੈ ਭਇਓ ਭੂਪਾ।। ਅਧਿਕ ਅਤੁਲ ਬਲਿ ਰੂਪ ਅਨੂਪਾ।।

(ਇਹ ਕਥਾ ਓੰਕਾਰ ਸਰੂਪ ਤੇ ਕਾਲ ਸੈਣ ਦੀ ਹੈ।)

ਅੱਗੇ ਇਸ ਤਰ੍ਹਾਂ ਹੋਰ ਰਾਜਿਆਂ ਦੀ ਕਥਾ ਹੈ। ਇਸ ਤਰ੍ਹਾਂ 36 ਛੰਦ ਦੂਜੇ ਧਿਆਏ ਦੇ ਹਨ। ਇਸ ਤੋਂ ਅੱਗੇ 52 ਛੰਦ ਤ੍ਰਿਤੀਆ ਧਿਆਇ ਦੇ ਹਨ।

ਭੁਜੰਗ ਪ੍ਰਯਾਤ ਛੰਦ।। (ਪੰਨਾ 52, ਦਸਮ ਗ੍ਰੰਥ)

ਜਿਨੇ ਬੇਦ ਪਠਿਓ ਸੁ ਬੇਦੀ ਕਹਾਏ।।

ਤਿਨੈ ਧਰਮ ਕੇ ਕਰਮ ਨੀਕੇ ਚਲਾਏ।।

ਪਠੇ ਕਾਗਦੰ ਮਦ੍ਰ ਰਾਜਾ ਸੁਧਾਰੰ।।

ਅਪੋ ਆਪ ਮੋ ਬੈਰ ਭਾਵੰ ਬਿਸਾਰੰ।।

ਚੌਥੇ ਧਿਆਏ ਵਿੱਚ 10 ਛੰਦ ਹਨ। ਅੱਗੇ ਪੰਜਵਾਂ ਧਿਆਇ ਹੈ। ਇਸ ਧਿਆਇ ਵਿੱਚ ਕਾਲ ਜੀ ਦੀ ਉਸਤਤਿ ਕਰਨ ਵਾਲਾ ਕਵੀ ਸਮੇਂ ਦੀ ਚਾਲ ਨਾਲ ਬੇਦੀ ਖਾਨਦਾਨ ਦੇ ਝਗੜੇ ਦੀ ਵਾਰਤਾ ਸੁਣਾਉਂਦਾ ਹੈ। ਫਿਰ ਕਹਿੰਦਾ ਹੈ ਬਹੁਤ ਸਮਾਂ ਬੀਤ ਗਿਆ ਤਾਂ ਨਾਨਕ ਦੇ ਆਉਣ ਦਾ ਸਮਾਂ ਆ ਗਿਆ। ਇਸ ਬੇਦੀਆਂ ਦੀ ਕੁਲ ਵਿੱਚ ਨਾਨਕ ਰਾਇ ਪ੍ਰਗਟ ਹੋਏ। ਇਸ ਤੋਂ ਅੱਗੇ ਕਵੀ ਨੌਵੇਂ ਪਾਤਸ਼ਾਹ ਤਕ ਦੀ ਤਵਾਰੀਖ ਬਿਆਨ ਕਰਦਾ ਹੈ। ਕਵੀ ਵੇਦਕ ਰੀਤੀ ਅਨੁਸਾਰ ਕਾਲ ਜੀ ਤੋਂ ਸਹਾਇਤਾ ਮੰਗਦਾ ਹੈ, ਇਹ ਪ੍ਰਸੰਗ ਲਊ-ਕੁਸ਼ ਤੇ ਬੇਦੀ ਵੰਸ਼ ਤੋਂ ਸਿੱਖ ਗੁਰੂਆਂ ਤਕ ਹੈ।

ਦੋਹਰਾ।। (ਪੰਨਾ 53, ਦਸਮ ਗ੍ਰੰਥ)

ਤਿਨ ਬੇਦੀਯਨ ਕੀ ਕੁਲ ਬਿਖੇ ਪ੍ਰਗਟੇ ਨਾਨਕ ਰਾਇ।।

ਸਭ ਸਿਖਨ ਕੋ ਸੁਖ ਦਏ ਜਹ ਤਹ ਭਏ ਸਹਾਇ।।

ਚੌਪਈ।।

ਤਿਨ ਇਹ ਕਲ ਮੋ ਧਰਮੁ ਚਲਯੋ।। ਸਭ ਸਾਧਨ ਕੋ ਰਾਹੁ ਬਤਾਯੋ।।

ਜੋ ਤਾਂਕੇ ਮਾਰਗ ਮਹਿ ਆਏ।। ਤੇ ਕਬਹੂੰ ਨਹੀ ਪਾਪ ਸੰਤਾਏ।।

ਜੇ ਜੇ ਪੰਥ ਤਵਨ ਕੋ ਪਰੇ।। ਪਾਪ ਤਾਪ ਤਿਨ ਕੇ ਪ੍ਰਭ ਹਰੇ।।

ਦੂਖ ਭੂਖ ਕਬਹੂੰ ਨ ਸੰਤਾਏ।। ਜਾਲ ਕਾਲ ਕੇ ਬੀਚ ਨ ਆਏ।।

ਨਾਨਕ ਅੰਗਦ ਕੋ ਬਪੁ ਧਰਾ।। ਧਰਮ ਪ੍ਰਚੁਰਿ ਇਹ ਜਗ ਮੋ ਕਰਾ।।

ਅਮਰਦਾਸ ਪੁਨਿ ਨਾਮੁ ਕਹਾਯਉ।। ਜਨ ਦੀਪਕ ਤੇ ਦੀਪ ਜਗਾਯੋ।।

ਜਬ ਬਰ ਦਾਨਿ ਸਮੈ ਵਹੁ ਆਵਾ।। ਰਾਮਦਾਸ ਤਬ ਗੁਰੂ ਕਹਾਵਾ।।

ਤਿਹ ਬਰ ਦਾਨ ਪੁਰਾਤਨਿ ਦੀਆ।। ਅਮਰਦਾਸ ਸਚਪੁਰਿਮਗੁਲੀਆ।।

(ਪਿਛਲੇ ਅਧਿਆਏ ਵਿੱਚ ਦੱਸਿਆ ਹੈ, ਜੋ ਬੇਦੀ ਨੇ ਰਾਜ ਲੈਣ ਵੇਲੇ ਵਰਦਾਨ ਦਿੱਤਾ ਸੀ ਕਿ ਕਲਜੁਗ ਵਿੱਚ ਚੌਥੇ ਜਨਮ ਗੁਰੂ ਤੋਹਿ ਕਰਿ ਹੈ। ਇਹ ਵਰਦਾਨ ਦਾ ਸਮਾਂ ਆ ਗਿਆ। ਤੀਸਰੇ ਗੁਰੂ ਜੀ ਨੇ ਸੋਢੀ ਕੋਲੋਂ ਲਿਆ ਹੋਇਆ ਰਾਜ, ਗੁਰਤਾ ਰੂਪ ਵਿੱਚ ਸੋਢੀ ਰਾਮਦਾਸ ਨੂੰ ਵਾਪਸ ਦੇ ਕੇ ਉਸ ਨੂੰ ਰਾਜੇ ਦੀ ਜਗ੍ਹਾ ਗੁਰੂ ਬਣਾ ਦਿੱਤਾ, ਅਤੇ ਆਪ ਸਚ ਖੰਡ ਜਾ ਬਿਰਾਜੇ।) ਇਹ ਵਿਚਾਰ ਪੰਡਤ ਨਾਰਾਇਣ ਸਿੰਘ ਦੇ ਟੀਕੇ ਦੀ ਹੈ।

ਨੋਟ: ਹਿੰਦੂ ਧਰਮ ਗ੍ਰੰਥਾਂ ਅਨੁਸਾਰ ਬ੍ਰਹਮਾ ਵਿਸ਼ਨੂੰ ਸ਼ਿਵ ਦੇ ਅਵਤਾਰ ਰਾਜੇ ਹੋ ਕੇ ਆਉਂਦੇ ਸਨ ਤੇ ਆਪੋ ਆਪਣਾ ਧਰਮ ਚਲਾਉਂਦੇ ਸਨ।

ਗੁਰੂ ਨਾਨਕ ਸਾਹਿਬ ਬੇਦੀਆਂ ਦੀ ਕੁਲ ਵਿੱਚ ਆਏ। ਗੁਰੂ ਨਾਨਕ ਸਾਹਿਬ “ਆਪ ਨਾਰਾਇਣ ਕਲਾਧਾਰਿ ਜਗ ਮਹਿ ਪਰਵਰਿਓ” ਸੀ। ਗੁਰੂ ਜੀ ਨੂੰ ਕਿਸੇ ਕੁਲ ਨਾਲ ਵਾਸਤਾ ਨਹੀਂ ਸੀ। ਗੁਰੂ ਜੀ ਕੋਈ ਅਵਤਾਰ ਨਹੀਂ ਸਨ, ਉਹ ਤਾਂ ਆਪ ਪਰਮੇਸਰ ਸਨ, ਗੁਰੂ ਜੀ ਪਰ ਉਪਕਾਰ ਲਈ ਸੰਸਾਰ ਵਿੱਚ ਆਏ ਸਨ।

ਸਿਰਫ ਵੇਦ ਸ਼ਾਸਤਰਾਂ ਨੂੰ ਮੰਨਨ ਵਾਲਾ ਕਵੀ ਹੀ ਅਵਤਾਰਾਂ ਨੂੰ ਸਿੱਖ ਗੁਰੂਆਂ ਨਾਲ ਤੁਲਨਾ ਦੇ ਸਕਦਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਰਾਮ ਕ੍ਰਿਸ਼ਨ ਆਦਿ ਕਿਸੇ ਅਵਤਾਰ ਨੂੰ ਵੀ ਪਰਮੇਸਰ ਪਾਰਬ੍ਰਹਮ ਦਾ ਗਿਆਨ ਨਹੀਂ ਸੀ ਤੇ ਉਹ ਜੰਮਦੇ ਮਰਦੇ ਰਹਿੰਦੇ ਹਨ। ਗੁਰੂ ਜੀ ਜਨਮ ਮਰਨ ਵਿੱਚ ਨਹੀਂ ਤੇ ਕਿਸੇ ਵਰਦਾਨ ਨਾਲ ਸੰਸਾਰ ਵਿੱਚ ਨਹੀਂ ਆਏ। ( “ਜਨਮ ਮਰਣ ਦੁਹਹੂ ਮਹਿ ਨਾਹੀ ਜਨ ਪਰਉਪਕਾਰੀ ਆਏ।। ਜੀਅ ਦਾਨੁ ਦੇ ਭਗਤੀ ਲਾਇਨਿ ਹਰਿ ਸਿਉ ਲੈਨਿ ਮਿਲਾਏ।।” (ਪੰਨਾ 749, ਗੁਰੂ ਗ੍ਰੰਥ ਸਾਹਿਬ))

ਗੁਰੂ ਜੀ ਸਿੱਖ ਸੇਵਕ ਨੂੰ ਵੀ ਉਪਦੇਸ਼ ਦੇ ਕੇ ਤੇ ਗੁਰਮੰਤ੍ਰ ਨਾਮ ਦਾ ਜਪ ਸਿਮਰਨ ਕਰਾ ਕੇ, ਬ੍ਰਹਮ ਗਿਆਨ ਦੀ ਅਵਸਥਾ ਤਕ ਪਹੁੰਚਾ ਦਿੰਦੇ ਹਨ। ਬ੍ਰਹਮ ਗਿਆਨੀ ਜਨਮ ਮਰਨ ਵਿੱਚ ਨਹੀਂ, ਸਦ ਜੀਵਤ ਹੈ। “ਬ੍ਰਹਮ ਗਿਆਨੀ ਆਪਿ ਪਰਮੇਸਰ” ਹੈ।

ਸਿੱਖ ਗੁਰੂਆਂ ਨੇ ਕਿਸੇ ਵਰਦਾਨ ਨਾਲ ਕਿਸੇ ਗੁਰੂ ਨੂੰ ਗੁਰਗੱਦੀ ਨਹੀਂ ਸੌਂਪੀ। ਕਵੀ ਨੇ ਵੇਦਮਤ ਦਾ ਰੰਗ ਤੇ ਵਿਚਾਰ, ਗੁਰੂ ਸਾਹਿਬਾਨਾ ਦੀਆਂ ਸਾਖੀਆਂ ਤੇ ਚਾੜ੍ਹਿਆ ਹੈ। ਜਿਸ-ਜਿਸ ਨੇ ਗੁਰਦਰਬਾਰ ਵਿੱਚ ਆ ਕੇ ਗੁਰੂ ਦੀ ਸੇਵਾ, ਭਗਤੀ, ਅਰਾਧਨਾ ਕੀਤੀ, ਨਾਮ ਜਪਿਆ, ਸਮਾਂ ਆਉਣ ਤੇ ਉਸ ਦੇ ਇਮਤਿਹਾਨ ਲੈ ਕੇ ਉਸ ਨੂੰ ਗੁਰਗੱਦੀ ਸੌਂਪੀ ਤੇ ਆਪਣਾ ਜਿਹਾ ਬਣਾ ਲਿਆ। ਗੁਰੂ ਤੇਗ਼ ਬਹਾਦਰ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਨੂੰ ਵੀ ਗੁਰਗੱਦੀ ਉਹਨਾਂ ਨੂੰ ਗੁਰੂ ਜੋਤਿ ਸੌਂਪ ਕੇ ਦਿੱਤੀ ਸੀ। ਗੁਰੂ ਨਾਨਕ ਸਾਹਿਬ ਨੇ ਸੱਚੇ ਨਾਮ ਧਰਮ ਦਾ ਉਪਦੇਸ਼ ਦੇ ਕੇ ਗੁਰਮੁਖਾਂ ਨੂੰ ਤਾਰਿਆ। ਗੁਰੂ ਜੀ ਭਾਵੇਂ ਬੇਦੀ ਕੁਲ ਵਿੱਚ ਆਏ ਸਨ, ਪਰ ਉਹਨਾਂ ਨੇ ਭੁਲੇ ਮਾਰਗ ਵੇਦਕ ਧਰਮ ਦਾ ਖੰਡਨ ਕੀਤਾ। ਗੁਰਮਤਿ ਦੀ ਇਸ ਡੂੰਘੀ ਵਿਚਾਰ ਨੂੰ ਇੱਕ ਅਨਮਤੀ ਕਵੀ ਨਹੀਂ ਸਮਝ ਸਕਦਾ।

ਅੱਗੇ ਜੋ ਵਿਚਾਰ ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹੀਦੀ ਬਾਰੇ ਹਨ, ਉਹ ਕਵੀ ਦੇ ਹਨ, ਗੁਰੂ ਗੋਬਿੰਦ ਸਿੰਘ ਜੀ ਦੀ ਉਚਾਰੀ ਬਾਣੀ ਨਹੀਂ:

ਛੰਦ 13 (ਪੰਨਾ 54, ਦਸਮ ਗ੍ਰੰਥ)

ਤਿਲਕ ਜੰਞੂ ਰਾਖਾ ਪ੍ਰਭ ਤਾਕਾ।। ਕੀਨੋ ਬਡੋ ਕਲੂ ਮਹਿ ਸਾਕਾ।।

ਸਾਧਨਿ ਹੇਤਿ ਇਤੀ ਜਿਨ ਕਰੀ।। ਸੀਸੁ ਦੀਆ ਪਰ ਸੀ ਨ ਉਚਰੀ।।

ਧਰਮ ਹੇਤ ਸਾਕਾ ਜਿਨਿ ਕੀਆ।। ਸੀਸੁ ਦੀਆ ਪਰ ਸਿਰਰੁ ਨ ਦੀਆ।।

ਨਾਟਕ ਚੇਟਕ ਕੀਏ ਕੁਕਾਜਾ।। ਪ੍ਰਭ ਲੋਗਨ ਕਹ ਆਵਤ ਲਾਜਾ।।

ਦੋਹਰਾ ਠੀਕਰ ਫੋਰਿ ਦਿਲੀਸਿ ਸਿਰਿ ਪ੍ਰਭ ਪੁਰ ਕੀਯਾ ਪਯਾਨ।

ਤੇਗ਼ ਬਹਾਦਬ ਸੀ ਕ੍ਰਿਯਾ ਕਰੀ ਨਾ ਕਿਨਹੂੰ ਆਨ।

ਤੇਗ਼ ਬਹਾਦਰ ਕੇ ਚਲਤ ਭਯੋ ਜਗਤ ਕੋ ਸੋਕ।

ਹੈ ਹੈ ਹੈ ਸਭ ਜਗ ਭਯੋ ਜੈ ਜੈ ਜੈ ਸੁਰ ਲੋਕ।

ਇਹ ਸਾਰੀ ਕਾਲ ਦੇ ਉਪਾਸਕ ਕਵੀ ਦੀ ਬਾਣੀ ਹੈ। ਗੁਰੂ ਜੀ ਨਾ ਹੀ ਸੁਰਲੋਕ ਗਏ ਤੇ ਨਾਹੀ ਗੁਰੂ ਜੀ ਦੀ ਜੈਕਾਰ ਸੁਰਲੋਕ ਦੇ ਵਾਸੀਆਂ, ਬ੍ਰਹਮ ਲੋਕ, ਬਿਸਨ ਲੋਕ ਤੇ ਸ਼ਿਵ ਲੋਕ ਦੇ ਵਾਸੀਆਂ ਨੇ ਕੀਤੀ। ਗੁਰੂ ਤੇਗ਼ ਬਹਾਦਰ ਸਾਹਿਬ ਜੋਤੀ ਜੋਤਿ ਸਮਾਏ, ਬ੍ਰਹਮ ਵਿੱਚ ਲੀਨ ਹੋ ਗਏ ਸਨ। ਜੋ ਸਿਖ ਕਥਾਕਾਰ ਕਥਾ ਦਾ ਅਧਾਰ ਦਸਮ ਗ੍ਰੰਥ ਦੀਆਂ ਰਚਨਾਵਾਂ ਨੂੰ ਬਣਾਉਂਦੇ ਹਨ ਉਹ ਗੁਰਮਤਿ ਵਿਰੁਧ ਕਥਾ ਕਰਦੇ ਹਨ।

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਪਾਤਸ਼ਾਹੀ ਬਰਣਨੰ ਨਾਮ

ਪੰਚਮੋ ਧਿਆਇ ਸਮਾਪਤ ਮਸਤੁ ਸੁਭ ਮਸਤ ਅਫਜੂ

ਅੱਗੇ ਬਚਿਤ੍ਰ ਨਾਟਕ ਦਾ ਛੇਵਾਂ ਅਧਿਆਏ ਸ਼ੁਰੂ ਹੁੰਦਾ ਹੈ।

ਚੌਪਈ।। (ਪੰਨਾ 54, ਦਸਮ ਗ੍ਰੰਥ)

ਅਬ ਮੈ ਅਪਨੀ ਕਥਾ ਬਖਾਨੋ।। ਤਪ ਸਾਧਤ ਜਿਹ ਬਿਧਿ ਮੁਹਿ ਆਨੋ।।

ਹੇਮਕੁੰਟ ਪਰਬਤ ਹੈ ਜਹਾ।। ਸਪਤ ਸ੍ਰਿੰਗ ਸੋਭਿਤ ਹੈ ਤਹਾਂ।।

ਸਪਤ ਸਿੰਗ ਤਿਹ ਨਾਮ ਕਹਾਵਾ।। ਪੰਡਰਾਜ ਜਹ ਜੋਗੁ ਕਮਾਵਾ।।

ਤਹ ਹਮ ਅਧਿਕ ਤਪਸਿਆ ਸਾਧੀ।। ਮਹਾਕਾਲ ਕਾਲਕਾ ਅਰਾਧੀ।।

ਕਵੀ ਨੇ ਪਾ: 10 ਦੇ ਮੁਖ ਤੋਂ ਇਹ ਅਖਵਾਇਆ ਹੈ ਕਿ ਮੈਂ ਮਹਾ ਕਾਲ ਕਾਲਕਾ ਅਰਾਧੀ।

ਗਿਆਨੀ ਭਾਗ ਸਿੰਘ ਲਿਖਦੇ ਹਨ ਇਹ ਰਚਨਾ ਕਾਲਕਾ (ਮਹਾਕਾਲੀ) ਦੇ ਅਰਾਧਕ ਇੱਕ ਸਾਕਤ ਕਵੀ ਵਲੋਂ ਰਚੀ ਹੋਈ ਰਚਨਾ ਹੈ। ਖੋਜ ਕੀਤਿਆਂ ਇਹ ਪਤਾ ਲਗਾ ਹੈ ਕਿ ਇਹ ਰਚਨਾ ਗੁਰੂ ਦਸ਼ਮੇਸ਼ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਪਿਛੋਂ ਰਚੀ ਗਈ। ਮਹਾਕਾਲ ਦੇ ਉਪਾਸਕ ਕਵੀ ਦੀ ਆਪਣੀ ਰਚਨਾ ਨੂੰ ਦਸਮ ਪਾਤਸ਼ਾਹ ਜੀ ਵਲੋਂ ਉਚਰੀ ਦਰਸਾਉਣ ਤੋਂ ਮਨੋਰਥ ਇਹ ਹੈ ਕਿ ਸਿੱਖ ਪੰਥ ਨੂੰ ਇਹ ਨਿਸ਼ਚਾ ਹੋ ਜਾਵੇ ਕਿ ਦਸਮ ਪਾਤਸ਼ਾਹ ਪਿਛਲੇ ਜਨਮ ਵਿੱਚ ਮਹਾਕਾਲ ਅਤੇ ਕਾਲਿਕਾ ਦੇ ਅਰਾਧਕ ਸਨ।

ਇਸ ਰਚਨਾ ਨੂੰ ਦਸਮ ਪਾਤਸ਼ਾਹ ਦੀ ਉਚਾਰੀ ਰਚਨਾ, ਤੇ ਦਸਮ ਪਾਤਸ਼ਾਹ ਦੀ ਪਿਛਲੇ ਜਨਮਾਂ ਦੀ ਕਥਾ ਮੰਨਨ ਵਾਲੇ ਵਿਦਵਾਨ ਆਪਣੀਆਂ ਆਪਣੀਆਂ ਦਲੀਲਾਂ ਦਿੰਦੇ ਹਨ। ਇਹ ਆਪਸ ਵਿੱਚ ਵਿਰੋਧੀ ਵਿਚਾਰਾਂ ਕਿਸੇ ਨਿਸ਼ਚਤ ਨਤੀਜੇ ਤੇ ਪੰਥ ਨੂੰ ਪਹੁੰਚਨ ਨਹੀਂ ਦਿੰਦੀਆਂ।

ਅਸੀਂ ਵਿਚਾਰ ਦਾ ਆਧਾਰ ਕੇਵਲ ਸਿੱਖ ਮਤ, ਗੁਰਬਾਣੀ ਉਪਦੇਸ਼ ਨੂੰ ਰਖ ਕੇ, ਕਿਸੇ ਨਿਸ਼ਚਤ ਫੈਸਲੇ ਤੇ ਪਹੁੰਚ ਸਕਦੇ ਹਾਂ। ਪੰਥ ਵਿੱਚ ਵਿਰੋਧੀ ਵਿਚਾਰਾਂ ਮਿਟਾਉਣ ਦਾ ਇਹ ਹੀ ਇੱਕ ਮਾਤ੍ਰ ਤਰੀਕਾ ਹੈ ਤੇ ਇਸ ਤਰ੍ਹਾਂ ਹੀ ਸਾਰਾ ਪੰਥ ਇੱਕ ਮਤ ਹੋ ਸਕਦਾ ਹੈ। ਪਿਛਲੇ ਸਮੇਂ ਦੀ ਤਰ੍ਹਾਂ ਹੁਣ ਵੀ ਵਿਰੋਧੀ ਤਾਕਤਾਂ ਤੇ ਬ੍ਰਾਹਮਣੀ ਵੇਦ ਸ਼ਾਸਤਰਾਂ ਨੂੰ ਮੰਨਨ ਵਾਲਿਆਂ ਦਾ ਪੂਰਾ ਯਤਨ ਹੈ ਕਿ ਸਿੱਖ ਪੰਥ ਦੋ ਜਾਂ ਕਈ ਧੜਿਆਂ ਵਿੱਚ ਵੰਡਿਆ ਜਾਵੇ ਤੇ ਨਿਰਬਲ ਹੋ ਕੇ ਹਿੰਦੂ ਧਰਮ ਵਿੱਚ ਹੀ ਸਮਾ ਜਾਵੇ। ਨਿਰੋਲ ਗੁਰਬਾਣੀ ਵਿਚਾਰ ਇਹਨਾਂ ਪੰਥ ਵਿਰੋਧੀ ਤਾਕਤਾਂ ਦੇ ਮਨਸੂਬਿਆਂ ਨੂੰ ਰੋਕ ਸਕਦੀ ਹੈ।

ਪਾ: 10 ਦੀ ਆਤਮ ਕਥਾ ਸਿਧ ਕਰਨ ਲਈ ਕਵੀ ਕਹਿ ਰਿਹਾ ਹੈ:

ਅਬ ਮੈ ਅਪਨੀ ਕਥਾ ਬਖਾਨੋ।। ਤਪ ਸਾਧਤ ਜਿਹ ਬਿਧ ਮੁਹਿ ਆਨੋ।।

ਹੇਮਕੁੰਟ ਪਰਬਤ ਹੈ ਜਹਾ।। ਸਪਤ ਸ੍ਰਿੰਗ ਸੋਭਤ ਹੈ ਤਹਾ।।

(ਹੁਣ ਮੈਂ ਆਪਣੀ ਵਾਰਤਾ ਦੱਸਦਾ ਹਾਂ। ਜਿਸ ਤਰ੍ਹਾਂ ਮੈਨੂੰ ਤਪ ਕਰਦਿਆਂ ਨੂੰ ਇਥੇ ਲਿਆਂਦਾ ਗਿਆ।)

ਸਪਤ ਸ੍ਰਿੰਗ ਤਿਹ ਨਾਮੁ ਕਹਾਵਾ।। ਪੰਡ ਰਾਜ ਜਹ ਜੋਗ ਕਮਾਵਾ।।

ਤਹ ਹਮ ਅਧਿਕ ਤਪਸਿਆ ਸਾਧੀ।। ਮਹਾਕਾਲ ਕਾਲਕਾ ਅਰਾਧੀ।।

(ਉਸਦਾ ਨਾਮ ‘ਸਪਤ ਸ੍ਰਿੰਗ’ ਕਿਹਾ ਜਾਂਦਾ ਹੈ, ਜਿਥੇ ਪੰਡੂ ਰਾਜ ਨੇ ਜੋਗ ਕਮਾਇਆ ਸੀ। ਉਥੇ ਅਸੀਂ ਵੀ ਬਹੁਤ ਤਪਸਿਆ ਸਾਧੀ, ਕਾਲਕਾ ਮਹਾਕਾਲ ਦੀ ਅਰਾਧਨਾ ਕੀਤੀ ਸੀ।

(ਮਹਾਭਾਰਤ ਵਿੱਚ ਇਹ ਸਥਾਨ ਪਾਂਡੂ (ਪਾਂਡਵਾਂ ਦੇ ਪਿਤਾ) ਰਾਜਾ ਦੇ ਤਪ ਕਰਨ ਦਾ ਅਸਥਾਨ ਸੀ। ਕਾਲਿਕਾ = ਕਾਲ ਭਗਵਾਨ ਦੀ ਉਹ ਸ਼ਕਤੀ ਜਿਸ ਨਾਲ ਉਹ ਸਾਰੇ ਸੰਸਾਰ ਨੂੰ ਲੈ ਕਰਦਾ ਹੈ, ਸੰਹਾਰ ਸ਼ਕਤੀ।)

ਮਹਾਕਾਲ ਕਾਲਕਾ ਦੀ ਅਰਾਧਨਾ ਕਰ ਕੇ ਕਿਸੇ ਯੁੱਗ ਵਿੱਚ ਵੀ ਕੋਈ, ਜੋਤਿ ਰੂਪ ਪਾਰਬ੍ਰਹਮ ਵਿੱਚ ਅਭੇਦ ਨਹੀਂ ਹੋ ਸਕਿਆ।)

ਇਹ ਬਿਧ ਕਰਤ ਤਪਸਿਆ ਭਯੋ।। ਦ੍ਹੈ ਤੇ ਏਕ ਰੂਪ ਹ੍ਹੈ ਗਯੋ।।

(ਇਸ ਤਰ੍ਹਾਂ ਤਪਸਿਆ ਕਰਦਿਆਂ ਦੋ ਤੋਂ ਇੱਕ ਰੂਪ ਹੋ ਗਿਆ।)

ਗੁਰੂ ਗੋਬਿੰਦ ਸਿੰਘ ਜੀ ਕਿਸੇ ਜਨਮ ਵਿੱਚ ਵੀ ਤਪਸਿਆ ਸਾਧ ਕੇ ਦ੍ਹੈ ਤੋਂ ਏਕ ਰੂਪ ਨਹੀਂ ਹੋਏ। ਕੋਈ ਕਦੇ ਕਿਸੇ ਜੁਗ ਵਿੱਚ ਵੀ ਜਪ ਤਪ ਕਰਕੇ, ਤਪਸਿਆ ਕਰਕੇ, ਦ੍ਹੈ ਤੇ ਏਕ ਰੂਪ ਨਹੀਂ ਹੋਇਆ। ਗੁਰਬਾਣੀ ਇਸ ਤਰ੍ਹਾਂ ਸੇਧ ਬਖਸ਼ਦੀ ਹੈ:

ਜਪੁ ਤਪੁ ਸੰਜਮੁ ਕਰਮ ਨ ਸਾਧਾ॥

ਨਾਮੁ ਪ੍ਰਭੂ ਕਾ ਮਨਹਿ ਅਰਾਧਾ॥

(ਪੰਨਾ 388, ਗੁਰੂ ਗ੍ਰੰਥ ਸਾਹਿਬ)

(ਸਿਮ੍ਰਿਤ ਸਾਸਤਰ ਪੁੰਨ ਪਾਪ ਦੀ ਵਿਚਾਰ ਸਮਝਾਉਂਦੇ ਹਨ, ਤੇ ਜਪੁ ਤਪੁ ਸੰਜਮ ਦਾ ਉਪਦੇਸ਼ ਦਿੰਦੇ ਹਨ।)

ਗੁਰਮਤਿ ਉਪਦੇਸ਼ ਹੈ ਮੈਂ ਗੁਰਮਤਿ ਨਾਮ ਸਿਮਰਨ ਕੀਤਾ, ਹੋਰ ਕੋਈ ਜਪ ਤਪ ਆਦਿ ਨਹੀਂ ਕੀਤਾ।)

ਹਿੰਦੂ ਧਰਮ ਵਿੱਚ, ਸਨਾਤਨ ਧਰਮ ਦੇ ਇਹਨਾਂ ਪ੍ਰਸੰਗਾਂ ਵਿੱਚ ਰਾਜਿਆਂ, ਬ੍ਰਹਮਾ, ਵਿਸ਼ਨੂੰ, ਮਹੇਸ਼ ਦੇ ਅਵਤਾਰਾਂ, ਜੁਗਾਂ ਦੇ ਰਾਜਿਆਂ ਨੂੰ ਭਗਵਾਨ ਕਰਕੇ ਮੰਨਿਆ ਗਿਆ ਹੈ ਤੇ ਇਹਨਾਂ ਦੀ ਪੂਜਾ ਦਾ ਵਿਧਾਨ ਹੈ। ਇਹਨਾਂ ਸਮਿਆਂ ਵਿੱਚ ਜਪ, ਤਪ, ਕਾਲ, ਮਹਾਕਾਲ, ਕਾਲੀ, ਚੰਡੀ ਆਦਿ ਦੀ ਪੂਜਾ ਹੁੰਦੀ ਸੀ। ਹੋਮ, ਯੱਗ, ਤੀਰਥ ਯਾਤਰਾਵਾਂ ਵੀ ਹੁੰਦੀਆਂ ਸਨ।

ਰਾਮ ਚੰਦ੍ਰ, ਸ਼੍ਰੀ ਕ੍ਰਿਸ਼ਨ ਆਦਿ ਦੇ ਸਮਿਆਂ ਵਿੱਚ ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ, ਜਾਤ ਪਾਤ ਦਾ ਭੇਦ ਭਾਵ ਵੀ ਸੀ। ਇਸਤਰੀ ਜਾਤੀ, ਮਰਦ ਜਾਤੀ ਤੋਂ ਨੀਵੀਂ ਵੀ ਸੀ। ਇਸਤਰੀ ਦਾ ਕਲਿਆਨ ਤਾਂ ਹੀ ਹੋ ਸਕਦਾ ਸੀ ਜੇ ਉਹ ਮਰਦ ਜੂਨੀ ਵਿੱਚ ਆਵੇ। ਹਿੰਦੂ ਧਰਮ ਦੀ ਭਗਤੀ, ਰਾਮ, ਕ੍ਰਿਸ਼ਨ ਆਦਿ ਨੂੰ ਭਗਵਾਨ ਜਾਣ ਕੇ, ਇਹਨਾਂ ਦੇ ਨਾਮ ਜਪਣਾ ਆਦਿ ਹੀ ਕਲਿਆਨ ਦੇ ਸਾਧਨ ਸਨ।

ਗੁਰੂ ਨਾਨਕ ਸਾਹਿਬ ਨੇ ਬੇਦੀ ਕੁਲ ਵਿੱਚ ਜਨਮ ਲਿਆ। ਗੁਰੂ ਨਾਨਕ ਸਾਹਿਬ ਆਪ ਪਰਮੇਸਰ ਸਨ,’ ਆਪਿ ਨਰਾਇਨ ਕਲਾਧਾਰ ਜਗ ਮਹਿ ਪਰਵਰਿਓ’। ਗੁਰੂ ਨਾਨਕ ਸਾਹਿਬ ਤੇ ਦਸ ਪਾਤਸ਼ਾਹੀਆਂ ਰਾਜੇ ਨਹੀਂ ਸਨ, ਨਾ ਹੀ ਕਿਸੇ ਦੇਵਤਾ (ਬ੍ਰਹਮਾ, ਬਿਸਨ, ਮਹੇਸ) ਦੇ ਅਵਤਾਰ ਸਨ। ਉਹਨਾਂ ਨੇ ਸਭ ਪੁਰਾਤਨ ਹਿੰਦੂ ਧਰਮ ਦੀ ਵਿਚਾਰਾਂ ਦਾ ਖੰਡਨ ਕੀਤਾ। ਇਹਨਾਂ ਸਭ ਤਰੀਕਿਆਂ ਨਾਲ ਮੁਕਤੀ ਪ੍ਰਾਪਤ ਨਹੀਂ ਹੋ ਸਕਦੀ, ਜਨਮ ਮਰਨ ਦਾ ਗੇੜ ਬਣਿਆ ਰਹਿੰਦਾ ਹੈ। ਇਹਨਾਂ ਧਰਮਾਂ ਕਰਮਾਂ ਨਾਲ ਦ੍ਹੈ ਤੇ ਏਕ ਰੂਪ ਕੋਈ ਵੀ ਨਹੀਂ ਹੋ ਸਕਿਆ। ਦਸ ਗੁਰੂ ਪਾਤਸ਼ਾਹੀਆਂ ਨੇ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇਸੇ ਉਪਦੇਸ਼ ਨੂੰ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਦ੍ਰਿੜ ਕਰਾਇਆ। ਗੁਰੂ ਨਾਨਕ ਸਾਹਿਬ ਨੇ ਨਾਮ ਧਰਮ ਦਾ ਉਪਦੇਸ਼ ਦਿੱਤਾ। ਸਭ ਜੁਗਾਂ ਵਿੱਚ ਪੂਰਾ ਸਤਿਗੁਰੂ ਸੀ, ਤੇ ਪੂਰੇ ਗੁਰੂ ਤੋਂ ਗੁਰਮੰਤ੍ਰ ਨਾਮ ਲੈ ਕੇ ਇੱਕ ਏਕੰਕਾਰ, ਇਕੋ ਇੱਕ ਸਦੈਵੀ ਹਸਤੀ ਜੋਤਿ ਰੂਪ ਪਾਰਬ੍ਰਹਮ ਦਾ ਨਾਮ ਜਪਾਇਆ ਜਾਂਦਾ ਸੀ। ਇਹ ਕਹਿਣਾ ਕਿ ਗੁਰੂ ਗੋਬਿੰਦ ਸਿੰਘ ਜੀ ਪਿਛਲੇ ਜਨਮ ਵਿੱਚ ਕਾਲ ਮਹਾਕਾਲ ਕਾਲੀ ਦੀ ਅਧਿਕ ਤਪਸਿਆ ਕਰਕੇ ਦ੍ਹੈ ਤੇ ਏਕ ਰੂਪ ਹੋਏ, ਗੁਰਬਾਣੀ ਉਪਦੇਸ਼ ਦੇ ਵਿਰੁੱਧ ਵਿਚਾਰ ਹੈ।

ਸਪਸ਼ਟ ਹੈ ਇਹ ਸਾਰੀ ਰਚਨਾ ਕਾਲੀ (ਮਹਾਕਾਲ), ਚੰਡੀ ਆਦਿ ਦੇ ਉਪਾਸ਼ਕ ਦੀ ਹੈ, ਤੇ ਇਸ ਰਚਨਾ ਨੂੰ ਪਾ: 10 ਦੀ ਰਚਨਾ ਕਰਕੇ ਜਣਾਇਆ ਗਿਆ ਹੈ।

ਗੁਰਬਾਣੀ ਸਮਝਾਉਂਦੀ ਹੈ ਕਿ

ਚਹੁੰ ਜੁਗਾਂ ਵਿੱਚ ਗੁਰਉਪਦੇਸ਼ ਲੈ ਕੇ ਤੇ ਗੁਰਮੰਤ੍ਰ ਨਾਮ ਜਪ ਕੇ ਸਿੱਖ ਸੇਵਕ ਭਵਸਾਗਰ ਤੋਂ ਪਾਰ ਹੋਏ।

ਜੁਗ ਚਾਰੇ ਗੁਰ ਸਬਦਿ ਪਛਾਤਾ।।

ਗੁਰਮੁਖਿ ਮਰੈ ਨ ਜਨਮੇ ਗੁਰਮੁਖਿ ਗੁਰਮੁਖਿ ਸਬਿਦ ਸਮਾਹਾ ਹੈ।

ਗੁਰਮੁਖਿ ਨਾਮਿ ਸਬਦਿ ਸਾਲਾਹੇ।। ਅਗਮ ਅਗੋਚਰ ਵੇਪਰਵਾਹੇ।।

ਏਕ ਨਾਮਿ ਜੁਗ ਚਾਰਿ ਉਧਾਰੇ ਸਬਦੇ ਨਾਮ ਵਿਸਾਹਾ ਹੇ।।

(ਪੰਨਾ 1055 ਗੁਰੂ ਗੰ. ਥ ਸਾਹਿਬ)

(ਚਹੁੰ ਜੁਗਾਂ ਵਿੱਚ ਗੁਰੂ ਤੋਂ ਨਾਮ ਲੈ ਕੇ ਸਿਮਰਣ ਕਰਕੇ ਉਧਾਰ ਹੁੰਦਾ ਹੈ। ਪੂਰਾ ਸਤਿਗੁਰੂ ਸ਼ਬਦ/ਨਾਮ ਦੀ ਦਾਤ ਦਿੰਦਾ ਹੈ।)

ਗੁਰਬਾਣੀ ਗੁਰੂ ਤੋਂ ਨਾਮ ਲੈ ਕੇ ਜਪਣ, ਤੇ ਅਵਤਾਰਾਂ ਦੇ ਨਾਮ ਜਪਨ ਵਿੱਚ ਫਰਕ ਸਮਝਾ ਦਿੰਦੀ ਹੈ।

ਨਾਮੁ ਤੇਰਾ ਸਭੁ ਕੋਈ ਲੇਤੁ ਹੈ ਜੇਤੀ ਆਵਣ ਜਾਣੀ॥

ਜਾ ਤੁਧੁ ਭਾਵੈ ਤਾ ਗੁਰਮੁਖਿ ਬੂਝੈ ਹੋਰ ਮਨਮੁਖਿ ਫਿਰੈ ਇਆਣੀ॥

(ਜਦੋਂ ਤੈਨੂੰ ਚੰਗਾ ਲਗਦਾ ਹੈ ਗੁਰੂ ਤੋਂ ਉਪਦੇਸ਼ ਲੈ ਕੇ ਤੇਰਾ ਨਾਮ ਜਪਦਾ ਹੈ, ਉਹ ਤੈਨੂੰ ਬੁਝ ਲੈਂਦਾ ਹੈ (ਦ੍ਹੈ ਤੇ ਏਕ ਰੂਪ ਹੋ ਜਾਂਦਾ ਹੈ), ਹੋਰ ਸਭ ਮਨਮੁਖ ਹਨ।)

ਚਾਰੇ ਵੇਦ ਬ੍ਰਹਮੇ ਕਉ ਦੀਏ ਪੜਿ ਪੜਿ ਕਰੇ ਵੀਚਾਰੀ॥

ਤਾ ਕਾ ਹੁਕਮੁ ਨ ਬੂਝੈ ਬਪੁੜਾ ਨਰਕਿ ਸੁਰਗਿ ਅਵਤਾਰੀ॥

(ਬ੍ਰਹਮਾ ਇਨਾ ਵੱਡਾ ਦੇਵਤਾ ਮੰਨਿਆ ਗਿਆ ਹੈ, ਬ੍ਰਹਮਾ ਨੇ ਚਾਰੇ ਵੇਦ ਰਚੇ, ਇਹਨਾਂ ਨੂੰ ਪੜ੍ਹ ਪੜ੍ਹ ਕੇ ਪਰਮੇਸਰ ਨੂੰ ਸਮਝਨ ਦੀ ਕੋਸ਼ਿਸ਼ ਕਰਦਾ ਰਿਹਾ। ਬ੍ਰਹਮਾ ਨੂੰ ਇਕੋ ਇੱਕ ਹਸਤੀ ਜੋਤਿ ਰੂਪ ਦੇ ਹੁਕਮ ਰੂਪ ਦੀ ਪਛਾਣ ਨਹੀਂ ਹੋਈ, ਤੇ ਉਸਨੇ ਇੱਕ ਨੂੰ ਨਹੀਂ ਪਛਾਣਿਆ, ਉਹ ਨਰਕਾਂ ਸੁਰਗਾਂ ਵਿੱਚ ਹੀ ਘੁੰਮਦਾ ਰਿਹਾ।)

ਜੁਗਹ ਜੁਗਹ ਕੇ ਰਾਜੇ ਕੀਏ ਗਾਵਹਿ ਕਰਿ ਅਵਤਾਰੀ॥

ਤਿਨ ਭੀ ਅੰਤੁ ਨ ਪਾਇਆ ਤਾ ਕਾ ਕਿਆ ਕਰਿ ਆਖਿ ਵੀਚਾਰੀ

(ਪੰਨਾ 423, ਗੁਰੂ ਗ੍ਰੰਥ ਸਾਹਿਬ)

(ਇਕ ਹਸਤੀ ਪਾਰਬ੍ਰਹਮ ਅਕਾਲ ਪੁਰਖ ਨੇ ਜੁਗਾਂ ਜੁਗਾਂ ਦੇ ਰਾਜੇ ਪੈਦਾ ਕੀਤੇ, ਲੋਕ ਉਹਨਾਂ ਨੂੰ ਪਰਮਾਤਮਾ ਦਾ ਅਵਤਾਰ ਮੰਨ ਕੇ ਸਲਾਹੁੰਦੇ ਆ ਰਹੇ ਹਨ। ਗੁਰੂ ਜੀ ਰਾਮ, ਕ੍ਰਿਸ਼ਨ ਆਦਿ ਨੂੰ ਜੁਗ-ਜੁਗ ਦੇ ਰਾਜੇ ਕਹਿੰਦੇ ਹਨ। ਉਹਨਾਂ ਨੂੰ ਵੀ ਤੇਰੇ ਗੁਣਾਂ ਦਾ ਅੰਤ ਨ ਲੱਭਾ।)

ਗੁਰਬਾਣੀ ਰਾਮ, ਕ੍ਰਿਸ਼ਨ ਆਦਿ ਜੁਗਾਂ ਦੇ ਰਾਜਿਆਂ ਨੂੰ ਰਾਜਾ ਕਹਿੰਦੀ ਹੈ, ਇਹਨਾਂ ਦੇ ਧਰਮਾਂ ਕਰਮਾਂ ਨੂੰ ਸਲਾਹੁੰਦੀ ਨਹੀਂ। ਚਹੁ ਜੁਗਾਂ ਦੇ ਅਵਤਾਰਾਂ ਦੀ ਵਿਚਾਰ ਗੁਰੂ ਜੀ ਇਸ ਤਰ੍ਹਾਂ ਸਮਝਾਉਂਦੇ ਹਨ, ਇਹ ਵੀ ਦੱਸਦੇ ਹਨ ਕਿ ਰਾਮ ਕ੍ਰਿਸ਼ਨ ਆਦਿ ਅਵਤਾਰਾਂ ਦੇ ਰਾਜ ਕਰਦਿਆਂ ਸਚੇ ਧਰਮ ਵਿੱਚ ਕੀ ਵਿਗਾੜ ਪੈ ਗਏ।

ਸਤਿਜੁਗ ਸਚੁ ਕਹੈ ਸਭੁ ਕੋਈ॥ ਘਰਿ ਘਰਿ ਭਗਤਿ ਗੁਰਮੁਖਿ ਹੋਈ॥

ਸਤਿਜੁਗ ਧਰਮੁ ਪੈਰ ਹੈ ਚਾਰਿ॥ ਗੁਰਮੁਖਿ ਬੂਝੈ ਕੋ ਬੀਚਾਰਿ॥

(ਸਤਿਜੁਗ ਵਿੱਚ ਧਰਮ ਦੇ ਚਾਰ ਪੈਰ ਸਨ, ਘਰਿ ਵਿੱਚ ਪੂਰੇ ਗੁਰੂ ਤੋਂ ਨਾਮ ਲੈ ਕੇ ਇੱਕ ਦੀ ਅਰਾਧਨਾ ਹੁੰਦੀ ਸੀ।)

ਜੁਗ ਚਾਰੇ ਨਾਮਿ ਵਡਿਆਈ ਹੋਈ॥

ਜਿ ਨਾਮਿ ਲਾਗੈ ਸੋ ਮੁਕਤਿ ਹੋਵੈ ਗੁਰ ਬਿਨੁ ਨਾਮੁ ਨ ਪਾਵੈ ਕੋਈ॥

(ਚਹੁਾਂ ਜੁਗਾਂ ਵਿੱਚ ਨਾਮ ਦੀ ਵਡਿਆਈ ਸੀ। ਜੋ ਗੁਰੂ ਤੋਂ ਨਾਮ ਲੈ ਕੇ ਜਪਦੇ ਸਨ, ਉਹ ਮੁਕਤ ਹੋਏ, ਪੂਰੇ ਗੁਰੂ ਤੋਂ ਬਿਨਾ ਕਿਸੇ ਨੂੰ ਨਾਮ ਦੀ ਪ੍ਰਾਪਤੀ ਨਹੀਂ ਹੋਈ।)

ਇਸ ਤੋਂ ਅੱਗੇ ਸਤਿਗੁਰੂ ਜੀ ਕਹਿੰਦੇ ਹਨ ਰਾਜਾ ਰਾਮ ਤੇ ਕ੍ਰਿਸ਼ਨ ਦੇ ਸਮੇਂ ਵਿੱਚ ਚੋਹਾਂ ਪੈਰਾਂ ਵਾਲੇ ਧਰਮ ਦੇ ਪੈਰ ਟੁੱਟਦੇ ਰਹੇ।

ਤ੍ਰੇਤੈ ਇੱਕ ਕਲ ਕੀਨੀ ਦੂਰਿ॥ ਪਾਖੰਡੁ ਵਰਤਿਆ ਹਰਿ ਜਾਣਨਿ ਦੂਰਿ॥

(ਤ੍ਰੈਤੇ ਜੁਗ ਵਿੱਚ ਧਰਮ ਦੀ ਇੱਕ ਕਲ ਦੂਰ ਹੋਈ, ਰਾਜਾ ਰਾਮ ਭਗਵਾਨ ਕਰਕੇ ਮੰਨਿਆ ਗਿਆ। ਇਸ ਸਮੇਂ ਪਾਖੰਡ ਵਰਤਿਆ, ਇਹਨਾਂ ਨੇ ਪਰਮੇਸਰ ਨੂੰ ਨਹੀਂ ਜਾਣਿਆ।)

ਗੁਰਮੁਖਿ ਬੂਝੈ ਸੋਝੀ ਹੋਈ॥ ਅੰਤਰਿ ਨਾਮੁ ਵਸੈ ਸੁਖੁ ਹੋਈ॥

(ਇਸ ਜੁਗ ਵਿੱਚ ਵੀ ਜਿਸਨੇ ਪੂਰੇ ਗੁਰੂ ਤੋਂ ਉਪਦੇਸ਼ ਲੈ ਕੇ ਨਾਮ ਜਪਿਆ, ਉਸ ਨੇ ਇੱਕ ਨੂੰ ਬੁਝਿਆ ਤੇ ਬ੍ਰਹਮ ਗਿਆਨੀ ਹੋਏ। ਅੰਦਰ ਨਾਮ ਵਸਿਆ ਤਾਂ ਸੁਖ ਹੋਇਆ।)

ਦੁਆਪੁਰਿ ਦੂਜੈ ਦੁਬਿਧਾ ਹੋਇ॥ ਭਰਮਿ ਭੁਲਾਨੇ ਜਾਣਹਿ ਦੋਇ॥

ਦੁਆਪੁਰਿ ਧਰਮਿ ਦੁਇ ਪੈਰ ਰਖਾਏ॥ ਗੁਰਮੁਖਿ ਹੋਵੈ ਤ ਨਾਮੁ ਦ੍ਰਿੜਾਏ॥

(ਪੰਨਾ 880, ਗੁਰੂ ਗ੍ਰੰਥ ਸਾਹਿਬ)

(ਦਵਾਪਰਿ ਵਿੱਚ ਦਵੈਤ ਭਾਵ ਹੋ ਗਿਆ, ਵੇਦਾਂ ਨੇ ਪ੍ਰਕ੍ਰਿਤੀ ਤੇ ਇੱਕ ਪੁਰਖ ਨੂੰ ਦੋ ਮੰਨਿਆ, ਦੁਬਿਧਾ ਹੋ ਗਈ, ਹਉਂ ਦੇ ਭਰਮ ਵਿੱਚ ਰਹੇ। ਦੁਆਪਰਿ ਵਿੱਚ ਧਰਮ ਦੇ ਦੋ ਪੈਰ ਰਹਿ ਗਏ।)

ਸਤਜੁਗਿ ਸਭੁ ਸੰਤੋਖ ਸਰੀਰਾ ਪਗ ਚਾਰੇ ਧਰਮੁ ਧਿਆਨੁ ਜੀਉ॥

ਮਨਿ ਤਨਿ ਹਰਿ ਗਾਵਹਿ ਪਰਮ ਸੁਖੁ ਪਾਵਹਿ॥

ਹਰਿ ਹਿਰਦੈ ਹਰਿ ਗੁਣ ਗਿਆਨੁ ਜੀਉ॥

ਗੁਣ ਗਿਆਨੁ ਪਦਾਰਥੁ ਹਰਿ ਹਰਿ ਕਿਰਤਾਰਥੁ ਸੋਭਾ ਗੁਰਮੁਖਿ ਹੋਈ॥

ਅੰਤਰਿ ਬਾਹਰਿ ਹਰਿ ਪ੍ਰਭੁ ਏਕੋ ਦੂਜਾ ਅਵਰੁ ਨ ਕੋਈ॥

ਹਰਿ ਹਰਿ ਲਿਵ ਲਾਈ ਹਰਿ ਨਾਮੁ ਸਖਾਈ

ਹਰਿ ਦਰਗਹ ਪਾਵੈ ਮਾਨੁ ਜੀਉ॥

ਸਤਜੁਗਿ ਸਤੁ ਸੰਤੋਖ ਸਰੀਰਾ ਪਗ ਚਾਰੇ ਧਰਮ ਧਿਆਨੁ ਜੀਉ॥ 1॥

ਤੇਤਾ ਜੁਗੁ ਆਇਆ ਅੰਤਰਿ ਜੋਰੁ ਪਾਇਆ

ਜਤੁ ਸੰਜਮ ਕਰਮ ਕਮਾਇ ਜੀਉ॥

ਪਗੁ ਚਉਥਾ ਖਿਸਿਆ ਤ੍ਰੈ ਪਗ ਟਿਕਿਆ

ਮਨਿ ਹਿਰਦੈ ਕ੍ਰੋਧੁ ਜਲਾਇ ਜੀਉ॥

ਮਨਿ ਹਿਰਦੈ ਕ੍ਰੋਧੁ ਮਹਾ ਬਿਸਲੋਧੁ ਨਿਰਪ ਧਾਵਹਿ ਲੜਿ ਦੁਖੁ ਪਾਇਆ॥

(ਤ੍ਰੈਤੇ ਜੁਗ ਵਿੱਚ ਰਾਮ ਚੰਦ੍ਰ ਜੀ ਦਾ ਪਹਿਰਾ ਸੀ, ਛੱਤ੍ਰੀ ਰਾਜੇ (ਰਾਮ ਚੰਦ੍ਰ ਵਰਗੇ) ਬਹੁਤ ਸਨ, ਜੋ ਕ੍ਰੋਧ ਕਰਕੇ ਇਧਰ ਉਧਰ ਭੱਜੇ ਫਿਰਦੇ ਸਨ ਤੇ ਲੜ-ਲੜ ਕੇ ਦੁਖ ਪਾਉਂਦੇ ਸਨ। ਇਹ ਸੂਰਜ ਵੰਸ਼ੀ ਰਾਜੇ ਸਨ। ਰਾਜਾ ਰਾਮ ਨੇ ਸੀਤਾ ਦੀ ਖਾਤਰ ਲੜਾਈ ਕੀਤੀ ਸੀ।)

ਤੇਤਾ ਜੁਗੁ ਆਇਆ ਅੰਤਰਿ ਜੋਰੁ ਪਾਇਆ ਜਤੁ ਸੰਜਮ ਕਰਮ ਕਮਾਇ ਜੀਉ॥

(ਤ੍ਰੇਤੇ ਜੁਗ ਵਿੱਚ ਜਤੀ ਰਹਿਣਾ ਤੇ ਹੋਰ ਧਰਮਾਂ ਦੇ ਕਰਮ ਹੁੰਦੇ ਸਨ।)

ਜੁਗੁ ਦੁਆਪੁਰੁ ਆਇਆ ਭਰਮਿ ਭਰਮਾਇਆ ਹਰਿ ਗੋਪੀ ਕਾਨ੍ਯ੍ਯੁ ਉਪਾਇ ਜੀਉ॥

(ਦੁਆਪਰ ਵਿੱਚ ਹਉਂ ਦੇ ਭਰਮ ਕਰਕੇ ਜੀਵ ਭਟਕਦੇ ਰਹੇ। ਪਰਮੇਸਰ ਨੇ ਕ੍ਰਿਸ਼ਨ ਤੇ ਗੋਪੀਆਂ ਪੈਦਾ ਕੀਤੇ।)

ਤਪੁ ਤਾਪਨ ਤਾਪਹਿ ਜਗ ਪੁੰਨ ਆਰੰਭਹਿ

ਅਤਿ ਕਿਰਿਆ ਕਰਮ ਕਮਾਇ ਜੀਉ॥

(ਇਸ ਜੁਗ ਵਿੱਚ ਲੋਕ ਤਪ ਕਰਨ ਲਗੇ, ਸ਼ਾਸਤਰਾਂ ਦੇ ਦੱਸੇ ਖ਼ਾਸ ਪੁੰਨ ਕਰਮ ਸ਼ੁਰੂ ਹੋਏ।)

ਕਿਰਿਆ ਕਰਮ ਕਮਾਇਆ ਪਗ ਦੁਇ ਖਿਸਕਾਇਆ

ਦੁਇ ਪਗ ਟਿਕੈ ਟਿਕਾਇ ਜੀਉ॥

(ਕ੍ਰਿਸ਼ਨ ਦੇ ਯੁਗ ਵਿੱਚ ਵੇਦਾਂ ਸ਼ਾਸਤਰਾਂ ਦੇ ਦੱਸੇ ਕਰਮ ਆਦਿ ਹੋਣ ਲਗੇ, ਧਰਮ ਦੇ ਦੋ ਪੈਰ ਖਿਸਕ ਗਏ, ਤੇ ਦੋ ਹੀ ਰਹਿ ਗਏ।)

ਮਹਾ ਜੁਧ ਜੋਧ ਬਹੁ ਕੀਨ੍ਯ੍ਯੇ ਵਿਚਿ ਹਉਮੈ ਪਚੈ ਪਚਾਇ ਜੀਉ॥

(ਜੋਧੇ ਹੰਕਾਰ ਵਿੱਚ ਗਲਦੇ ਸੜਦੇ ਰਹੇ (ਮਹਾਭਾਰਤ ਦਾ ਯੁੱਧ ਹੋਇਆ) ਇਹ ਜੋਧੇ ਹਉਮੈ ਵਿੱਚ ਗਲਦੇ ਸੜਦੇ ਰਹੇ।)

ਦੀਨ ਦਇਆਲਿ ਗੁਰੁ ਸਾਧੁ ਮਿਲਾਇਆ

ਮਿਲਿ ਸਤਿਗੁਰ ਮਲੁ ਲਹਿ ਜਾਇ ਜੀਉ॥

(ਪੰਨਾ 445, ਗੁਰੂ ਗ੍ਰੰਥ ਸਾਹਿਬ)

(ਇਸ ਜੁਗ ਵਿੱਚ ਵੀ ਸਤਿਗੁਰੂ ਨੂੰ ਮਿਲ ਕੇ, ਹਉਮੈ ਦੀ ਮੈਲ ਉਤਰੀ ਤੇ ਦ੍ਹੈ ਤੇ ਏਕ ਰੂਪ ਹੋਏ।)

ਉਪਰ ਦਿੱਤੀ ਗੁਰਬਾਣੀ ਵਿਚਾਰ, ਗੁਰਮਤਿ ਉਪਦੇਸ਼ ਨੂੰ ਦ੍ਰਿੜਾਉਂਦੀ ਹੈ। ਚਹੁ ਜੁਗਾਂ ਵਿੱਚ ਪੂਰੇ ਸਤਿਗੁਰੂ ਤੋਂ ਨਾਮ ਲੈ ਕੇ ਸਿੱਖ ਸੇਵਕ ਗੁਰਮੁਖ ਬਣੇ ਤੇ ਸੰਸਾਰ ਸਾਗਰ ਤੋਂ ਪਾਰ ਹੋਏ, ਤੇ ਦ੍ਹੈ ਤੇ ਏਕ ਰੂਪ ਹੋਏ। ਕਿਸੇ ਸਮੇਂ ਜਾਂ ਜੁਗ ਵਿੱਚ ਵੀ ਕੋਈ ਕਾਲੀ ਦੀ ਅਰਾਧਨਾ ਕਰਕੇ ਜਾਂ ਤਪ ਸਾਧ ਕੇ ਦ੍ਹੈ ਤੇ ਏਕ ਰੂਪ ਨਹੀਂ ਹੋਇਆ। ਤਪ ਸਾਧਨੇ, ਕਾਲੀ ਆਦਿ ਦੀ ਅਰਾਧਨਾ, ਵੇਦਾਂ ਸ਼ਾਸਤਰਾਂ ਦੇ ਦਰਸਾਏ ਕਰਮ, ਰਾਮ ਕ੍ਰਿਸ਼ਨ ਆਦਿ ਦੇ ਜੁਗਾਂ ਵਿੱਚ ਹੋਏ, ਤੇ ਇਹਨਾਂ ਨੇ ਹਉਮੈ ਵਧਾਈ। ਇਹਨਾਂ ਨੂੰ ਭਗਵਾਨ ਮੰਨਨ ਵਾਲੇ ਲੋਕ ਭੁਲੇ ਮਾਰਗ ਤੇ ਪੈ ਕੇ ਭਟਕਦੇ ਰਹੇ।

ਛੇਵੇਂ ਅਧਿਆਏ ਦੀ ਆਤਮ ਕਥਾ (ਪੰਨਾ 54, ਦਸਮ ਗ੍ਰੰਥ)

ਅਬ ਮੈ ਅਪਨੀ ਕਥਾ ਬਖਾਨੋ।। ਤਪ ਸਾਧਤ ਜਿਹ ਬਿਧ ਮੁਹਿ ਆਨੋ।।

ਕਿਸੇ ਕਾਲੀ ਨੂੰ ਪੂਜਾ ਕਰਨ ਵਾਲੇ, ਵੇਦਾਂ ਸ਼ਾਸਤਰ ਦੇ ਉਪਦੇਸ਼ ਨੂੰ ਸੱਤ ਮੰਨਨ ਵਾਲੇ, ਰਾਮ ਕ੍ਰਿਸ਼ਨ ਆਦਿ ਅਵਤਾਰਾਂ ਨੂੰ ਭਗਵਾਨ ਕਰਕੇ ਪੂਜਨ ਵਾਲੇ ਕਵੀ ਦੀ ਹੈ। ਗੁਰਉਪਦੇਸ਼ ਮੁਤਾਬਕ ਇਹ ਕਥਾ ਪਾ: 10 ਦੀ ਕਿਸੇ ਤਰ੍ਹਾਂ ਵੀ ਸਿਧ ਨਹੀਂ ਕੀਤੀ ਜਾ ਸਕਦੀ।

ਬਚਿਤ੍ਰ ਨਾਟਕ ਵਿੱਚ ਚਉਬੀਸ ਅਵਤਾਰਾਂ ਦੀ ਕਥਾ ਵੀ ਵੇਦਾਂ, ਸ਼ਾਸਤਰਾਂ, ਸਿੰਮ੍ਰਿਤੀਆਂ ਦੀਆਂ ਕਥਾਵਾਂ ਹਨ ਤੇ ਕਵੀ ਉਹਨਾਂ ਨੂੰ ਬਿਆਨ ਕਰ ਰਿਹਾ ਹੈ। ਗੁਰਬਾਣੀ ਇਹਨਾਂ ਸਭ ਤਪਾਂ, ਜਪਾਂ, ਜਤ ਸੰਜਮ, ਰਾਮ ਕ੍ਰਿਸ਼ਨ ਦਾ ਨਾਮ ਜਪਣਾ ਆਦਿ ਵਾਲਿਆਂ ਬਾਬਤ ਕਹਿੰਦੀ ਹੈ ਕਿ ਇਹ ਸਭ ਹਉਮੈ ਦੇ ਕਰਮ ਹਨ, ਭੁਲੇ ਰਾਹ ਹਨ, ਜੀਵ ਜਨਮ ਮਰਨ ਦੇ ਗੇੜ ਤੋਂ ਛੁੱਟ ਨਹੀਂ ਸਕਦਾ। ਪਾ: 10 ਇਹ ਰਚਨਾਵਾਂ ਰਚ ਕੇ ਗੁਰਬਾਣੀ ਦਾ ਵਿਰੋਧੀ ਪ੍ਰਚਾਰ ਨਹੀਂ ਕਰ ਸਕਦੇ। ਪਾ: 10 ਤਾਂ ਨਾਮ ਧਰਮ ਦਾ ਉਪਦੇਸ਼ ਦੇਣ ਆਏ ਸਨ।

ਇਸ ਤਰ੍ਹਾਂ ਸਾਡੀ ਵਿਚਾਰ ਪ੍ਰਕਾਸ਼ਤ ਦਸਮ ਗ੍ਰੰਥ ਦੇ ਪੰਨਾ 669 ਤਕ ਸਮਾਪਤ ਹੋਈ। ਇਹ ਰਚਨਾਵਾਂ ਪਾ: 10 ਦੀਆਂ ਨਹੀਂ ਹਨ। ਇਹਨਾਂ ਰਚਨਾਵਾਂ ਨੂੰ ਪੜ੍ਹਨ ਵਾਲੇ ਗੁਰਸਿੱਖ ਗੁਮਰਾਹ ਹੋ ਜਾਣਗੇ। ਇਹ ਰਚਨਾਵਾਂ ਬਿਖ ਰੂਪ ਹਨ। ਨਾਮ ਧਰਮ ਹੀ ਇਕੋ ਇੱਕ ਸੱਚਾ ਮਾਰਗ ਪ੍ਰਭੂ ਪ੍ਰਾਪਤੀ ਦਾ, ਚਹੁ ਜੁਗਾਂ ਵਿੱਚ ਰਿਹਾ ਹੈ। ਇਹਨਾਂ ਰਚਨਾਵਾਂ ਨੂੰ ਪੜ੍ਹਨ ਵਾਲੇ ਗੁਰਸਿੱਖ ਗੁਰਮਤਿ ਭਗਤੀ ਮਾਰਗ ਤੋਂ ਖੁੰਝ ਜਾਣਗੇ। ਕੋਈ ਵੀ ਦੋ ਬੇੜੀਆਂ ਵਿੱਚ ਪੈਰ ਰਖ ਕੇ ਤਰ ਨਹੀਂ ਸਕਦਾ। ਗੁਰਬਾਣੀ ਉਪਦੇਸ਼ ਹੈ ਕਿ ਜਿਸ ਨੇ ਵੀ ਗੁਰਸਿੱਖੀ ਵਿੱਚ ਕਦਮ ਰੱਖਣਾ ਹੋਵੇ, ਉਹ ਆਪਣੇ ਹੋਰ ਕਿਸੇ ਧਰਮ ਦੇ ਵਿਸ਼ਵਾਸਾਂ ਨੂੰ ਤਿਆਗ ਕੇ ਆਵੇ।

ਬਚਿਤ੍ਰ ਨਾਟਕ ਦੀਆਂ ਤੇ ਦਸਮ ਗ੍ਰੰਥ ਦੀਆਂ ਕੁੱਝ ਰਚਨਾਵਾਂ ਗੁਰਬਾਣੀ ਪਾਠ ਦੇ ਗੁਟਕਿਆਂ, ਕੀਰਤਨੀ ਸ਼ਬਦਾਂ ਦੇ ਗੁਟਕਿਆਂ ਤੇ ਨਿਤਨੇਮ ਦੇ ਪਾਠ ਵਿੱਚ ਸ਼ਾਮਲ ਹਨ। ਇਥੇ ਤਕ ਕਿ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਨ ਵੇਲੇ ਭੀ ਮਹਾਕਾਲ ਕਾਲੀ ਦੇ ਉਪਾਸਕ ਕਵੀ ਦੀ ਰਚਨਾ ‘ਕਬਿਯੋਬਾਚ ਬੇਨਤੀ ਚੌਪਈ’ ਪੜ੍ਹੀ ਜਾਂਦੀ ਹੈ। ਕਬਿਯੋਬਾਚ ਬੇਨਤੀ ਚੌਪਈ, ਦਸਮ ਗ੍ਰੰਥ ਦੇ ਪੰਨਾ 1386 ਤੇ ਹੈ। ਇਸਦੀ ਵਿਚਾਰ ਅਸੀਂ ਚਿਤ੍ਰ ਪਖਿਆਨ ਵਿੱਚ ਕਰਾਂਗੇ।

ਗੁਰਸਿੱਖ ਇਹਨਾਂ ਰਚਨਾਵਾਂ ਦਾ ਪਾਠ, ਕੀਰਤਨ ਆਦਿ ਬੜੇ ਪ੍ਰੇਮ ਤੇ ਸ਼ਰਧਾ ਨਾਲ ਕਰਦੇ ਹਨ, ਤੇ ਅਨਜਾਣੇ ਇਹਨਾਂ ਦਾ ਭਾਵ ਸਮਝੇ ਬਿਨਾ ਹੀ ਦੇਵੀ ਦੇਵਤਿਆਂ ਦੀ ਉਸਤਤਿ ਅਰਾਧਨਾ ਕਰਦੇ ਹਨ। ਦੇਵੀ ਦੇਵਤਿਆਂ ਦੀ ਅਰਾਧਨਾ ਤੇ ਉਸਤਤਿ ਗੁਰਮਤਿ ਉਪਦੇਸ਼ ਅਨੁਸਾਰ ਕੂੜ ਦੀ ਅਰਾਧਨਾ ਹੈ, ਬਿਖ ਰੂਪ ਹੈ। ਇਹਨਾਂ ਰਚਨਾਵਾਂ ਦੇ ਨਾਲ ਅਸੀਂ ਨਿਰੋਲ ਅੰਮ੍ਰਿਤ ਰੂਪ ਗੁਰਬਾਣੀ ਵੀ ਪੜ੍ਹਦੇ ਹਾਂ ਤੇ ਉਸਦਾ ਕੀਰਤਨ ਵੀ ਕਰਦੇ ਹਾਂ। ਨਿਰੋਲ ਗੁਰਬਾਣੀ ਅੰਮ੍ਰਿਤ ਰੂਪ ਹੈ। ਗੁਰਬਾਣੀ ਵਿਚਾਰ ਵੀ ਅੰਮ੍ਰਿਤ ਰੂਪ ਹੈ, ਇਸ ਵਿੱਚ ਕਰਤੇ ਇੱਕ ਏਕੰਕਾਰ ਜੋਤਿ ਰੂਪ ਇਕੋ ਇੱਕ ਸਦੈਵੀ ਹਸਤੀ, ਸਤਿਗੁਰੂ ਦੀ ਸਿਫਤ ਸਾਲਾਹ ਹੈ ਤੇ ਸਾਨੂੰ ਕਰਤੇ ਅਕਾਲ ਪੁਰਖ ਦੇ ਸ਼ਬਦ/ਨਾਮ/ਹੁਕਮ ਰੂਪ ਨਾਲ ਜੋੜਦੀ ਹੈ। ਹਮੇਸ਼ਾ ਜਨਮ ਮਰਨ ਦੇ ਗੇੜ ਵਿੱਚ ਰਹਿਣ ਵਾਲੇ ਦੇਵੀ ਦੇਵਤਾ ਕਾਲ ਵੱਸ ਹਨ, ਕਾਲ ਚੱਕਰ ਵਿੱਚ ਘੁੰਮਦੇ ਹਨ। ਇਹਨਾਂ ਦੀ ਜਾਣੇ-ਅਨਜਾਣੇ ਅਰਾਧਨਾ ਕਰਨ ਵਾਲੇ ਜਨਮ ਮਰਨ ਦੇ ਗੇੜ ਵਿੱਚ ਰਹਿੰਦੇ ਹਨ। ਬਿਖ ਰੂਪ, ਕਵੀਆਂ ਦੀਆਂ ਰਚਨਾਵਾਂ ਨੂੰ ਅੰਮ੍ਰਿਤ ਰੂਪ ਗੁਰਬਾਣੀ ਦੇ ਨਾਲ ਪੜ੍ਹਨ ਨਾਲ, ਬਿਖ ਦਾ ਅਸਰ ਜ਼ਰੂਰ ਹੁੰਦਾ ਹੈ।

ਸ਼ਾਇਦ ਇਹੀ ਕਾਰਣ ਹੈ ਕਿ ਸਚੇ ਨਾਮ ਧਰਮ ਦਾ ਉਪਦੇਸ਼ ਸਾਰੇ ਸੰਸਾਰ ਵਿੱਚ ਨਹੀਂ ਹੋ ਸਕਿਆ, ਬਲਕਿ ਸਿੱਖੀ ਗਿਰਾਵਟ ਵਿੱਚ ਜਾ ਰਹੀ ਹੈ। ਪੜ੍ਹੇ ਲਿਖੇ ਗੁਰਸਿੱਖ, ਬੱਚੇ ਬਚੀਆਂ ਹਿੰਦੂ ਧਰਮ ਵਿੱਚ ਪਰਵਿਰਤ ਹੋ ਰਹੇ ਹਨ। ਪਤਿਤਪੁਨਾ ਵੱਧ ਰਿਹਾ ਹੈ। ਉਹ ਨਹੀਂ ਜਾਣਦੇ ਕਿ ਸਿੱਖ ਧਰਮ ਵਿੱਚ ਪੈਦਾ ਹੋ ਕੇ ਉਹ ਆਪਣੀ ਆਤਮਾ ਦੀ ਪਹਿਚਾਨ ਦੇ ਉਸ ਅਸਥਾਨ ਤੇ ਪਹੁੰਚੇ ਸਨ ਜਿਥੋਂ ਗੁਰਮਤਿ ਭਗਤੀ ਸਿਮਰਨ ਕਰਕੇ ਉਹ ਜਨਮ ਮਰਨ ਦੇ ਗੇੜ ਤੋਂ ਛੁੱਟ ਸਕਦੇ ਹਨ। ਇਸ ਤਰ੍ਹਾਂ ਦੇ ਧਰਮ ਪਰਿਵਰਤਨ ਨਾਲ ਕਈ ਜਨਮ ਪਿਛੇ ਧਕੇਲੇ ਗਏ, ਅਤੇ ਪਤਾ ਨਹੀਂ ਫਿਰ ਉਹ ਸਿੱਖ ਘਰਾਂ ਵਿੱਚ ਜਨਮ ਲੈ ਕੇ ਕਦੋਂ ਆਤਮ ਗਿਆਨ ਦੇ ਸੱਚੇ ਮਾਰਗ ਤੇ ਚਲ ਸਕਨ।

ਇਸ ਦਾ ਮੂਲਕ ਇਲਾਜ ਹੈ ਨਿਰੋਲ ਗੁਰਬਾਣੀ ਦਾ ਸੰਸਾਰ ਵਿੱਚ ਪਰਚਾਰ ਤੇ ਦੇਵੀ ਦੇਵਤਿਆਂ ਨੂੰ ਅਰਾਧਨ ਵਾਲੀ ਕਵੀਆਂ ਦੀ ਬਾਣੀ ਨੂੰ ਨਿਰੋਲ ਗੁਰਬਾਣੀ ਤੋਂ ਨਿਖੇੜ ਕੇ ਸਮਝਨ ਤੇ ਵੱਖ ਕਰਨਾ। ਕੀ ਪੰਥਕ ਆਗੂ, ਪ੍ਰਚਾਰਕ, ਵਿਦਵਾਨ ਤੇ ਸਾਰੇ ਗੁਰਸਿੱਖ ਇਸ ਕੰਮ ਲਈ ਜਾਗਰੂਕ ਹੋ ਸਕਦੇ ਹਨ ਤੇ ਸਹੀ, ਸਾਹਸੀ ਕਦਮ ਚੁੱਕ ਸਕਦੇ ਹਨ।

ਅਕਾਲ ਪੁਰਖ ਬਾਚ ਚੌਪਈ

(ਕਵੀ ਅਨੁਸਾਰ ਇਹ ਬਚਨ ਅਕਾਲ ਪੁਰਖ ਦੇ ਹਨ।)

(ਪੰਨਾ 57, ਦਸਮ ਗ੍ਰੰਥ)

ਮੈ ਅਪਨਾ ਸੁਤ ਤੋਹਿ ਨਿਵਾਜਾ।। ਪੰਥ ਪ੍ਰਚੁਰ ਕਰਬੇ ਕਹ ਸਾਜਾ।।

ਜਾਹਿ ਤਹਾਂ ਤੈ ਧਰਮ ਚਲਾਏ।। ਕਬੁਧਿ ਕਰਨ ਤੇ ਲੋਕ ਹਟਾਇ।।

ਦੋਹਰਾ ਠਾਢ ਭਯੋ ਮੈਂ ਜੋਰ ਕਰਿ ਬਚਨ ਕਹਾ ਸਿਰ ਨਿਯਾਇ।।

ਪੰਥ ਚਲੈ ਤਬ ਜਗਤ ਮੈ ਜਬ ਤੁਮ ਕਰਹੁ ਸਹਾਇ।।

ਇਹ ਸਭ ਕਵੀ ਨੇ ਕਿਹਾ ਹੈ। ਪਾ: 10 ਨੂੰ, ਅਕਾਲ ਪੁਰਖ ਨੇ ਪੁੱਤਰ ਬਣਾ ਕੇ ਨਹੀਂ ਭੇਜਿਆ। ਕਵੀ ਕਾਲ ਪੁਰਖ ਨੂ ਅਕਾਲ ਪੁਰਖ ਕਹਿ ਰਿਹਾ ਹੈ। ਪਾਤਸ਼ਾਹੀ ਦਸਵੀਂ ਦੀ ਦੇਹ ਵਿੱਚ ਬ੍ਰਹਮ ਦੀ ਗੁਰੂ ਜੋਤਿ ਦਾ ਨਿਵਾਸ ਸੀ। ਪਾ: 10 ਆਪ ਪਰਮੇਸਰ ਸਨ।

ਸਤਵਾਂ ਅਧਿਆਇ

(ਪੰਨਾ 59, ਦਸਮ ਗ੍ਰੰਥ)

ਅਬ ਕਬਿ ਜਨਮ ਕਥਨੰ।। ਮੁਰ ਪਿਤ ਪੂਰਬ ਕਿਯਸਿ ਪਯਾਨਾ।।

ਭਾਂਤਿ ਭਾਂਤਿ ਕੇ ਤੀਰਥਿ ਨਾਨਾ।। ਜਬ ਹੀ ਜਾਤਿ ਤ੍ਰਿਬੇਣੀ ਭਏ।। ਪੁੰਨ ਦਾਨ ਦਿਨ ਕਰਤ ਬਿਤਏ।। ਤਹੀਂ ਪ੍ਰਕਾਸ਼ ਹਮਾਰਾ ਭਯੋ।। ਪਟਨਾ ਸ਼ਹਿਰ ਬਿਖੈ ਭਵ ਲਯੋ।।

ਗੁਰੂ ਤੇਗ਼ ਬਹਾਦਰ ਸਾਹਿਬ ਤੀਰਥ ਇਸ਼ਨਾਨ, ਪੁੰਨ ਦਾਨ ਕਰਨ ਲਈ ਨਹੀਂ ਗਏ ਸਨ। ਉਹ ਗੁਰੂ ਨਾਨਕ ਸਾਹਿਬ ਦੀ ਤਰ੍ਹਾਂ ਹਿੰਦੂ ਤੀਰਥਾਂ ਆਦਿ ਤੇ ਨਾਮ ਧਰਮ ਦਾ ਉਪਦੇਸ਼ ਦੇਣ ਗਏ ਸਨ। (ਤੀਰਥ ਨਾਵਣੁ ਜਾਓ ਤੀਰਥ ਨਾਮ ਹੈ।।)

ਇਸ ਤੋਂ ਅੱਗੇ ਪਹਾੜੀ ਰਾਜਿਆਂ ਨਾਲ ਜੰਗਾਂ ਦੀ ਕਥਾ ਹੈ। ਕਵੀ ਗੁਰੂ ਦਰਬਾਰ ਦਾ ਸੀ। ਕਵੀ ਨੇ ਜੰਗਾਂ ਦੀ ਵਾਰਤਾ ਆਪਣੀ ਸਮਝ ਅਨੁਸਾਰ ਲਿਖੀ ਹੈ।

ਅਬ ਰਾਜ ਸਾਜ ਕਥਨੰ (ਪੰਨਾ 60 ਦਸਮ ਗ੍ਰੰਥ)

ਇਸ ਸਿਰਲੇਖ ਹੇਠ ਕਵੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪਹਾੜੀ ਰਾਜਿਆਂ ਤੇ ਮੁਗਲ ਫੋਜਾਂ ਨਾਲ ਧੁੱਧਾਂ ਦਾ ਵਰਣਨ ਆਪਣੀ ਸਮਝ ਅਨੁਸਾਰ ਕੀਤਾ ਹੈ।

ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਥ ਚੰਡੀ ਚਰਿਤ੍ਰ ਉਕਤਿਬਿਲਾਸ

(ਪੰਨਾ 74, ਦਸਮ ਗ੍ਰੰਥ)

ਪ੍ਰਥਮ ਧਿਯਾਇ - ਸ੍ਰੀ ਮਾਰਕੰਡੇ ਪੁਰਾਨੇ ਸ੍ਰੀ ਚੰਡੀ ਚਰਿਤ੍ਰ ਉਕਤਿ ਬਿਲਾਸ

ਇਸ ਧਿਆਇ ਵਿੱਚ ਚੰਡੀ ਦੇਵੀ ਦੇ ਮਧੁ ਕੈਟਭ ਦੈਤ ਨੂੰ ਬਧਿ ਕਰਣ ਦਾ ਵਰਣਨ ਹੈ।

ਦੋਹਰਾ ਕ੍ਰਿਪਾ ਸਿੰਧ ਤੁਮਰੀ ਜੌ ਕਛੁ ਮੌ ਪਰ ਹੋਇ।।

ਰਚੋਂ ਚੰਡਕਾ ਕੀ ਕਥਾ ਬਾਣੀ ਸੁਭ ਸਭ ਹੋਇ।।

ਕਵੀ ਕਾਲ ਨੂੰ ਕਹਿ ਰਿਹਾ ਹੈ, ਹੇ ਕ੍ਰਿਪਾ ਦੇ ਸਾਗਰ ਜੀ, ਜੇ ਤੇਰੀ ਕ੍ਹਿਪਾ ਮੇਰੇ ਤੇ ਹੋਏ ਤਾਂ ਚੰਡਕਾ ਦੀ ਕਥਾ ਦੀ ਰਚਨਾ ਕਰਾਂ ਅਤੇ ਸਾਰੀ ਕਵਿਤਾ ਸ੍ਰੇਸ਼ਟ ਹੋ ਜਾਏ।

ਇਸ ਤੋਂ ਅਗੇ ਮਹਖਾਸੁਰ ਬਧਹਿ ਨਾਮ ਦੁਤੀਆ ਧਿਆਇ ਹੈ।

(ਚੰਡੀ ਦੁਰਗਾ, ਚੰਡ ਦੈਤ ਨੂੰ ਮਾਰਣ ਕਰਕੇ ਦੁਰਗਾ ਦਾ ਨਾਮ ਚੰਡੀ ਹੋਇਆ ਹੈ। ਇਹ ਮਾਰਕੰਡੇ ਪੁਰਾਣ ਦਾ ਅਨੁਵਾਦ ਹੈ।)

ਛੰਤ 51 (ਪੰਨਾ 78, ਦਸਮ ਗ੍ਰੰਥ)

ਦੋਹਰਾ- ਜਬ ਮੁਹਾਖਾਸੁਰ ਮਾਰਿਓ ਸਬ ਦੈਤਨ ਕੋ ਰਾਜ।।

ਤਬ ਕਾਇਰ ਭਾਜੇ ਸਭੈ ਛਾਡਿਓ ਸਕਲ ਸਮਾਜ।।

(ਜਦ ਚੰਡੀ (ਦੁਰਗਾ) ਨੇ ਸਾਰੇ ਦੈਂਤਾਂ ਦੇ ਰਾਜੇ ਮਹਖਾਸੁਰ ਨੂੰ ਮਾਰ ਲਿਆ, ਤਦ ਸਭੈ ਕਾਇਰ ਡਰ ਨਾਲ ਭੱਜ ਗਏ ਅਤੇ ਸਾਰਾ ਸਮਾਜ ਛੱਡ ਗਏ।)

ਛੰਤ 52 ਕਬਿੱਤ ਮਹਾਬੀਰ ਕਹਰੀ ਦੁਪਹਰੀ ਕੋ ਤਾਨ ਮਾਨੋ

ਦੇਵਨ ਕੇ ਕਾਜ ਦੇਵੀ ਡਾਰਿਓ ਦੈਤ ਮਾਰਿ ਕੈ।।

(ਜੋ ਵੱਡੇ ਸੂਰਮਾ, ਕ੍ਰੋਧੀ ਦੁਪੈਹਰ ਦੇ ਸੂਰਜ ਵਾਂਗੂ ਮੰਨਿਆ ਜਾਂਦਾ ਸੀ, ਉਸ ਦੈਤ ਮਖਹਾਸੁਰ ਨੂੰ ਦੇਵੀ ਨੇ ਦੇਵਤਿਆਂ ਦੇ ਕਾਰਜ ਸਵਾਰਨ ਲਈ ਮਾਰ ਸੁਟਿਆ।)

ਅਉਰ ਦਲ ਭਾਜਿਓ ਜੈਸੇ ਪਉਨ ਹੂੰ ਤੇ ਭਾਜੇ ਮੇਘ।।

ਇੰਦ੍ਰ ਦੀਨੋ ਰਾਜ ਬਲੁ ਆਪਨੋ ਸੋ ਧਾਰਿ ਕੈ।।

(ਹੋਰ ਦੈਂਤਾਂ ਦਾ ਦਲ (ਇਉਂ) ਭੱਜ ਗਿਆ, ਜਿਵੇਂ ਹਵਾ ਨਾਲ ਬੱਦਲ ਭੱਜ ਜਾਂਦੇ ਹਨ, (ਦੁਰਗਾ ਨੇ) ਆਪਣੇ ਬਲ ਨਾਲ ਇੰਦ੍ਰ ਨੂੰ ਰਾਜ ਦੇ ਦਿੱਤਾ।)

(ਪੰਨਾ 79, ਦਸਮ ਗ੍ਰੰਥ)

ਦੇਸ ਦੇਸ ਕੇ ਨਰੇਸ਼ ਡਾਰੇ ਹੈ ਸੁਰੇਸ਼ ਪਾਇ।।

ਕੀਨੋ ਅਭਖੇਕ ਸੁਰ ਮੰਡਲ ਬਿਚਾਰਿ ਕੈ।।

(ਦੇਸਾਂ ਦੇਸਾਂ ਦੇ ਰਾਜੇ (ਸੁਰੇਸ) ਇੰਦ੍ਰ ਦੇ ਚਰਨੀ ਪਾ ਦਿੱਤੇ ਹਨ ਅਤੇ (ਮੰਡਲ) ਸਾਰੇ ਦੇਵਤਿਆਂ ਨਾਲ ਵਿਚਾਰ ਕਰਕੇ (ਇੰਦ੍ਰ ਨੂੰ) (ਅਭਖੇਕ) ਰਾਜ ਤਿਲਕ ਕੀਤਾ ਹੈ।)

ਈਹਾ ਗੁਪਤਿ ਪ੍ਰਗਟਿ ਜਾਇ ਤਹਾ ਭਈ।।

ਜਹਾ ਬੈਠੇ ਹਰਿ ਹਰਿ ਅੰਬਰਿ ਕੋ ਡਾਰ ਕੈ।।

(ਹਰਿ = ਸ਼ਿਵ ਜੀ, ਹਰਿ ਅੰਬਰ = ਸ਼ੇਰ ਦੀ ਖਲੜੀ)

(ਇਥੋਂ ਦੁਰਗਾ ਗੁਪਤ ਹੋ ਗਈ, ਉਥੇ ਜਾ ਕੇ ਪ੍ਰਗਟ ਹੋ ਗਈ ਜਿਥੇ ਸ਼ਿਵ ਜੀ ਸ਼ੇਰ ਦੀ ਖੱਲ ਵਿਛਾ ਕੇ ਬੈਠੇ ਸਨ। (ਅਰਥਾਤ ਇੰਦ੍ਰ ਨੂੰ ਰਾਜ ਤਿਲਕ ਦੇ ਕੇ ਚੰਡੀ/ਦੁਰਗਾ ਲੋਪ ਹੋ ਗਈ, ਅਤੇ ਕੈਲਾਸ਼ ਉਤੇ ਸ਼ਿਵ ਜੀ ਦੇ ਖੱਬੇ ਅੰਗ ਜਾ ਬਿਰਾਜੀੇ।)

ਮਾਰਕੰਡੇ ਪੁਰਾਨੇ ਸ੍ਰੀ ਚੰਡੀ ਚਰਿਤ੍ਰ ਉਕਤਿ ਬਿਲਾਸ।।

ਤ੍ਰਿਤੀਆ ਧਿਆਇ।।

ਛੰਤ 53 ਲੋਪ ਚੰਡਕਾ ਹੋਇ ਗਈ ਸੁਰਪਤਿ ਕੌ ਦੇ ਰਾਜ।।

ਦਾਨਵ ਮਾਰ ਅਭੇਖ ਕਰਿ ਕੀਨੇ ਸੰਤਨ ਕਾਜ।।

(ਸਵਰਗ ਦਾ ਰਾਜ ਇੰਦ੍ਰ ਨੂੰ ਦੇ ਕੇ ਦੁਰਗਾ ਲੋਪ ਹੋ ਗਈ। ਦੈਤਾਂ ਨੂੰ ਮਾਰ ਕੇ ਉਹਨਾਂ ਮਲੀਆ ਮੇਟ ਕਰ ਦਿੱਤਾ, ਇਸ ਤਰ੍ਹਾਂ ਸੰਤਾਂ ਦੇ ਕੰਮ ਕੀਤੇ ਹਨ।)

ਸਵੈਯਾ

ਯਾਤੇ ਪ੍ਰਸੰਨ ਭਏ ਹੈ ਮਹਾ ਮੁਨਿ ਦੇਵਨ ਕੇ ਤਪ ਮੈ ਸੁਖ ਪਾਵੈ।

(ਇਸ ਤਰ੍ਹਾਂ ਰਿਸ਼ੀ ਮੁਨੀ ਖੁਸ਼ ਹੋਏ ਹਨ, ਕਿਉਂਕਿ ਦੇਵਤਿਆਂ ਦੇ ਤਪ ਤੇਜ਼ ਨਾਲ ਪ੍ਰਤਾਪ ਵਿੱਚ ਸਾਰੇ ਸੁਖ ਪਾਂਦੇ ਹਨ)।

ਜਗਯ ਕਰੈ ਇੱਕ ਬੇਦ ਰਚੈ ਤਵ ਤਾਪ ਹਰੈ ਮਿਲਿ ਧਿਆਨਹਿ ਲਾਵੈ।

(ਕਈ ਇੱਕ ਜੱਗ ਕਰਦੇ ਹਨ, ਕਈ ਇੱਕ ਵੇਦ (ਰਚੈ) ਪੜ੍ਹਦੇ ਹਨ, ਅਤੇ (ਭਵ) ਤਾਪ, ਜਨਮ ਮਰਨ ਦੇ ਦੁਖ (ਹਰੈ) ਨਾਸ਼ ਕਰਨ ਅਤੇ ਹਰੀ ਨੂੰ ਮਿਲਨ ਲਈ ਉਸ ਦੇ ਧਿਆਨ ਵਿੱਚ ਮਨ ਨੂੰ ਲਾਉਂਦੇ ਹਨ।)

ਝਾਲਰ ਤਾਲ ਮ੍ਰਿਦੰਗ ਉਪੰਗ ਰਬਾਬ ਲੀਏ ਸੁਰ ਸਾਜ ਮਿਲਾਵੈ।

(ਛੈਣੇ, ਕੈਂਸੀਆਂ, ਮਿੰਦ੍ਰੰਗ, ਢੋਲਕ, ਰਬਾਬ ਲਏ ਹੋਏ ਦੇਵਤੇ ਇਹਨਾਂ ਸਾਜਾਂ ਦੀ ਸੁਰ ਨੂੰ ਮਿਲਾਉਂਦੇ ਹਨ।)

ਕਿੰਨਰ ਗੰਧ੍ਰਬ ਗਾਨ ਕਰੈ ਅਨਿ ਜਛ ਅਪੱਛਰ ਨਿਰਤ ਦਿਖਾਵੈ।

(ਕਿੰਨਰ ਤੇ ਜਛ, ਅਤੇ ਗੰਧ੍ਰਬ ਗਾਯਨ ਕਰਦੇ ਹਨ ਅਤੇ (ਅਨਿ = ਸਮੂਹ) ਸਾਰੀਆਂ ਅਪੱਛਰਾਂ ਨਾਚ ਕਰਕੇ ਦਿਖਾਉਂਦੀਆਂ ਹਨ।)

ਸੰਖਨ ਕੀ ਧੁਨ ਘੰਟਨਿ ਕੀ ਕਰਿ ਫੂਲਨ ਕੀ ਬਰਖਾ ਬਰਖਾਵੈ।

(ਸੰਖਾਂ ਦੀ ਤੇ ਘੰਟਿਆਂ ਦੀ ਧੁੰਨ ਗੁੰਜਾਰ ਕਰਦੇ ਹਨ, ਅਤੇ ਫੁਲਾਂ ਦੀ ਬਰਖਾ ਬਰਖਾਉਂਦੇ ਹਨ।)

ਆਰਤੀ ਕੋਟ ਕਰੈ ਸੁਰ ਸੁੰਦਰ ਪੇਖ ਪੁਰੰਦਰ ਕੇ ਬਲਿ ਜਾਵੈ।

(ਕਰੋੜਾਂ ਸੁੰਦਰ ਦੇਵਤੇ ਆਰਤੀ ਕਰਦੇ ਹਨ ਅਤੇ (ਪੁਰੰਦਰ) ਇੰਦ੍ਰ ਨੂੰ ਵੇਖ ਕੇ ਉਸ ਤੋਂ ਕੁਰਬਾਨ ਜਾਂਦੇ ਹਨ।)

ਇਸ ਅਰਥ ਵਿਚਾਰ ਤੋਂ ਆਪਣੇ ਆਪ ਸਿਧ ਹੁੰਦਾ ਹੈ ਕਿ ਆਰਤੀ ਇੰਦ੍ਰ ਦੇਵਤਾ ਦੀ ਹੈ।

ਗੁਰਬਾਣੀ ਕਹਿੰਦੀ ਹੈ ਇੰਦ੍ਰ ਇਕੋ ਇੱਕ ਹਸਤੀ ਜੋਤਿ ਰੂਪ ਪਾਰਬ੍ਰਹਮ ਸਦਜੀਵਤ ਨੇ ਉਪਾਇਆ ਤੇ ਹੁਕਮ ਵਿੱਚ ਕਰਮ ਜਾਲ ਵਿੱਚ ਪੈ ਕੇ ਜਨਮ ਮਰਨ ਦੇ ਗੇੜ ਕੱਢ ਰਿਹਾ ਹੈ।

ਕੋਈ ਗੁਰਸਿੱਖ ਜਿਸਨੂੰ ਉਪਰ ਦਿੱਤੀ ਵਿਚਾਰ ਸਮਝ ਆ ਜਾਵੇਗੀ, ਇਹ ਆਰਤੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਨਹੀਂ ਪੜ੍ਹੇਗਾ। ਨਾ ਛੈਣੇ ਕੈਂਚੀਆਂ ਰਬਾਬ ਢੋਲਕ ਨਾਲ ਇੰਦ੍ਰ ਦੀ ਆਰਤੀ ਨੂੰ ਪੜ੍ਹ ਕੇ, ਗੁਰੂ ਗ੍ਰੰਥ ਸਾਹਿਬ ਉਤੇ ਫੁਲਾਂ ਦੀ ਬਰਖਾ ਕਰੇਗਾ।

ਸਿੱਖ ਤਾਂ ਇਕੋ ਇੱਕ ਹਸਤੀ ਪਾਰਬ੍ਰਹਮ ਤੇ ਗੁਰਪਾਰਬ੍ਰਹਮ ਦੀ ਉਸਤਤਿ ਕਰਦਾ ਹੈ। ਦੂਜਿਆਂ ਦੀ ਉਸਤਤਿ, ਆਰਤੀ, ਜਨਮ ਮਰਨ ਦੇ ਗੇੜ ਵਿੱਚ ਰਹਿਣ ਵਾਲੇ ਇੰਦ੍ਰ ਦੀ ਆਰਤੀ, ਜਨਮ ਮਰਨ ਦੇ ਗੇੜ ਵਿੱਚ ਹੀ ਰਖੇਗੀ। ਵੇਦਾਂ ਸ਼ਾਸਤਰਾਂ ਨੂੰ, ਦੇਵੀ ਦੇਵਤਿਆਂ ਨੂੰ ਮੰਨਨ ਵਾਲੇ ਤੇ ਮੂਰਤੀ ਪੂਜਾ ਕਰਨ ਵਾਲੇ ਮੰਦਰਾਂ ਵਿੱਚ ਇੰਦਰ ਦੀ ਆਰਤੀ, ਉਹਨਾਂ ਦੇ ਧਰਮ ਦੇ ਅਕੀਦੇ ਦੇ ਅਨੁਕੂਲ ਹੈ।

ਗੁਰਸਿੱਖ ਇੱਕ ਸਦੈਵੀ ਹਸਤੀ ਸਤਯ ਸਰੂਪ ਦੀ ਆਰਤੀ ਕਰਦਾ ਹੈ। ਗੁਰੂ ਨਾਨਕ ਸਾਹਿਬ ਦੀ ਉਚਾਰੀ ਆਰਤੀ:

ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ॥

ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ॥

ਕੈਸੀ ਆਰਤੀ ਹੋਇ ਭਵ ਖੰਡਨਾ ਤੇਰੀ ਆਰਤੀ॥

ਅਨਹਤਾ ਸਬਦ ਵਾਜੰਤ ਭੇਰੀ॥ (ਪੰਨਾ 663, ਗੁਰੂ ਗ੍ਰੰਥ ਸਾਹਿਬ)

(ਜਨਮ ਮਰਨ ਦਾ ਗੇੜ ਕਟਣ ਵਾਲੇ ਸੁਆਮੀ, ਇਕੋ ਇੱਕ ਹਸਤੀ ਜੋਤਿ ਰੂਪ ਪਾਰਬ੍ਰਹਮ ਜੀ, ਤੁਹਾਡੀ ਆਰਤੀ ਸ੍ਰਿਸ਼ਟੀ ਵਿੱਚ ਸਦਾ ਹੋ ਰਹੀ ਹੈ, ਅਨਹਦ ਸ਼ਬਦ ਦੀ ਧੁੰਨ ਲਗਾਤਾਰ ਹੋ ਰਹੀ ਹੈ, ਜਿਸ ਵਿੱਚ ਅਨੇਕਾਂ ਮਨਮੋਹਕ ਸੰਗੀਤਕ ਬਿਨਾ ਵਜਾਈਆਂ ਧੁੰਨਾਂ ਹਨ। (ਜੋਤਿ ਰੂਪ ਪਾਰਬ੍ਰਹਮ, ਇਹਨਾਂ ਸ਼ਬਦ ਧੁੰਨਾਂ ਰਾਹੀਂ ਸੰਸਾਰ ਵਿੱਚ ਪਸਰਿਆ ਹੈ।) ਸੰਸਾਰ ਦੇ ਰੂਪ ਰੰਗ ਬਨਸਪਤੀ ਫੁਲ ਆਦਿ ਪਰਮੇਸਰ ਦੇ ਹੀ ਰੂਪ ਹਨ, ਇਹ ਸਭ ਰੂਪ ਰੰਗ ਸਦਾ ਨਿਰਗੁਣ ਬ੍ਰਹਮ ਦੀ ਆਰਤੀ ਕਰ ਰਹੇ ਹਨ। ਇਹ ਅਕਾਲ ਪੁਰਖ ਦੀ ਆਰਤੀ ਹੈ।)

ਜਗਨਨਾਥ ਪੁਰੀ ਦੇ ਮੰਦਰ ਵਿੱਚ ਆਰਤੀ ਕਰ ਰਹੇ ਪੰਡਤਾਂ ਦੇ ਨਾਲ ਗੁਰੂ ਨਾਨਕ ਦੇਵ ਜੀ ਸ਼ਾਮਲ ਨਹੀਂ ਹੋਏ। ਉਥੇ ਪੰਡਤਾਂ ਨੂੰ ਇਸ ਸ਼ਬਦ ਰਾਹੀਂ ਉਪਦੇਸ਼ ਦਿੱਤਾ ਕਿ ਪਾਰਬ੍ਰਹਮ ਦੀ ਆਰਤੀ ਸਦਾ ਹੋ ਰਹੀ ਹੈ। ਵੇਦਮਤ ਤੇ ਗੁਰਮਤਿ ਵਿੱਚ ਭੇਦ ਸਪਸ਼ਟ ਹੈ।

ਪਦਾ 229 (ਪੰਨਾ 99, ਦਸਮ ਗ੍ਰੰਥ)

ਕਬਿਤ ਪ੍ਰਥਮ ਮਧੁਕੈਟ ਮਦ ਮਥਨ ਮਹਿਖਾਸੁਰੈ ਮਾਨ ਮਰਦਨ

ਕਰਨ ਤਰਨ ਬਰ ਬੰਡ ਕਾ।। ਧੁਮ੍ਰ ਦ੍ਰਿਗ ਧਰੁਨ ਧਰ।।

ਧੂਰ ਪਾਨੀ ਕਰਨ ਚੰਡ ਅਰੁ ਮੁੰਡ ਕੇ ਮੁੰਡ ਖੰਡ ਖੰਡ ਕਾ।।

ਰਕਤ ਬੀਜ ਹਰਨ ਰਕਤ ਭੱਛਨ ਕਰਨ ਦਰਨ

ਅਨ ਸੁੰਭ ਰਨ ਰਾਰ ਰਿਸ ਮੰਡਕਾ।।

ਸੁੰਭ ਬਲ ਧਾਰ ਸੰਘਾਰ ਕਰਵਾਰ ਕਰ ਸਕਲ ਖਲੁ

ਅਸੁਰ ਦਲ ਜੈਤ ਜੈ ਚੰਡਕਾ।।

(ਸੋ ਪਹਿਲੇ ਮਧੁਕੈਟ ਦੇ ਹੰਕਾਰ ਨੂੰ ਤੋੜਨ ਵਾਲੀ ਹੈ, ਫਿਰ ਮਹਿਖਾਸੁਰ ਦੇ ਮਾਨ ਨੂੰ ਮਰਦਨ ਕਰਨ ਵਾਲੀ ਹੈਂ ਅਤੇ ਵਰ ਦੇ ਵੰਡਨ ਨੂੰ ਫੁਰਤੀਲੀ ਹੈ। ਜੋ ਡੰਡ ਰੌਲੀ ਕਰਨ ਵਾਲੇ ਧੂਮ੍ਰ ਦ੍ਰਿਗ ਨੂੰ ਧਰਤੀ ਪਰ ਪਟਕਾਉਨ ਵਾਲੀ ਹੈ ਅਤੇ ਦੈਤ ਤੇ ਮੁੰਡ ਦੇ ਸਿਰਾਂ ਨੂੰ ਦੋ ਟੋਟੇ ਕਰਨ ਵਾਲੀ ਹੈ। ਜੋ ਰਕਤ ਬੀਜ ਨੂੰ ਮਾਰਨ ਵਾਲੀ ਹੈ, ਲਹੂ ਪੀਣ ਵਾਲੀ ਹੈ … ਉਸ ਦੁਰਗਾ ਦੀ ਜੈ ਹੋਵੇ।)

ਛੰਦ 231

ਮਾਰਕੰਡੇ ਪੁਰਾਨ ਦੇ ਚੰਡੀ ਚਰਿਤ੍ਰ ਬਿਲਾਸ ਦਾ ਅਠਵਾਂ ਅਧਿਆਏ।

ਦੇਹ ਸਿਵਾ ਬਰ ਮੋਹਿ ਇਹੈ

(ਸਿਵਾ ਦੇ ਅਰਥ ਹਨ ਸ਼ਿਵ ਦੀ ਪਤਨੀ ਚੰਡੀ/ਦੁਰਗਾ/ਕਾਲੀ)

ਸ਼ੁਭ ਕਰਮਨ ਤੇ ਕਬਹੂ ਨ ਟਰੋ।।

ਨ ਡਰੋ ਅਰਿ ਸੋ ਜਬ ਜਾਇ ਲਰੋ,

ਨਿਸਚੈ ਕਰਿ ਅਪਨੀ ਜੀਤ ਕਰੋ।।

ਅਰੁ ਸਿਖ ਹੋ ਆਪਨੇ ਹੀ ਮਨ ਕੋ ਕਉ,

ਇਹ ਲਾਲਚ ਹਉ ਗੁਨ ਤਉ ਉਚਰੋਂ।।

ਜਬ ਆਵ ਕੀ ਅਉਧ ਨਿਦਾਨ ਬਨੈ,

ਅਤਿ ਹੀ ਰਨ ਮੈ ਤਬ ਜੂਝ ਮਰੋਂ।।

ਇਹ ਸਵੈਯਾ ਸ੍ਰੀ ਮਾਰਕੰਡੇ ਚੰਡੀ ਚਰਿਤ੍ਰ ਬਧਹਿ ਅਠਵੇਂ ਧਿਆਇ ਵਿੱਚ ਹੈ। ਸਿਆਮ ਕਵੀ ਨੇ ਕ੍ਰਿਸ਼ਨ ਅਵਤਾਰ ਦੇ 2489ਵੇਂ ਅੰਕ ਵਿੱਚ ਵੀ ਵਰ ਮੰਗਿਆ ਹੈ। (ਪੰਨਾ 570, ਦਸਮ ਗ੍ਰੰਥ)

ਛਤ੍ਰੀ ਕੋ ਪੂਤ ਹੋ ਬਾਮਨ ਕੋ ਨਹਿ, ਕੈ ਤਪੁ ਆਵਤ ਹੈ ਜੁ ਕਰੋ।।

ਅਰ ਅਉਰ ਜੰਜਾਰ ਜਿਤੋ ਗ੍ਰਹ ਕੋ, ਤੋਹਿ ਤਿਆਗ ਕਹਾ ਚਿਤ ਤਾਮੈ ਧਰੋ।।

ਅਬ ਰੀਝਕੈ ਦੇਹੁ ਵਹੈ ਹਮ ਕਉ, ਜੋਊ ਹਉ ਬਿਨਤੀ ਕਰ ਜੋਰ ਕਰੋ।।

ਜਬ ਆਉ ਕੀ ਅਉਧ ਨਿਧਾਨ ਬਨੈ, ਅਤਿ ਹੀ ਰਨ ਮੈ ਤਬ ਜੂਝ ਮਰੋ।।

ਪਾ: 10 ਛਤ੍ਰੀ ਦੇ ਪੁੱਤਰ ਨਹੀਂ ਸਨ। ਗੁਰਮਤਿ ਅਨੁਸਾਰ ਵਰਣਵੰਡ ਦਾ ਭੇਦ ਮੁੱਕ ਚੁੱਕਾ ਸੀ।

ਇਸ ਸਵੈਯੇ ਵਿੱਚ ਇਹ ਵਰ ਸ਼ਿਵਪਤਨੀ ਨੇ ਸ਼ਿਵਾ ਤੋਂ ਮੰਗਿਆ ਹੈ।

ਚੰਡੀ ਚਰਿਤ੍ਰ ਚਲਦਾ ਪ੍ਰਸੰਗ ਹੈ ਜਿਸ ਵਿੱਚ ਮਹਾਕਾਲ ਕਾਲੀ ਦੁਰਗਾ, ਸ਼ਿਵ ਦੀ ਕਥਾ, ਜੰਗ ਤੇ ਉਸਤਤਿ ਹੈ। ਕਵੀ ਉਸ ਤੋਂ ਹੀ ਵਰ ਮੰਗਦਾ ਹੈ ਤੇ ਇਸ ਦੇ ਹੀ ਗੁਣ ਉਚਾਰਨ ਕਰਨਾ ਮੰਗਦਾ ਹੈ।

‘ਦੇਹ ਸਿਵਾ ਬਰ ਮੁਹਿ ਇਹੈ’ ਵਾਲਾ ਸਵੈਯਾ ਅਸੀਂ ਇਹ ਸਮਝ ਕੇ ਪੜ੍ਹਦੇ ਹਾਂ ਕਿ ਇਹ ਪਾ: 10 ਦੀ ਰਚਨਾ ਹੈ। ਇਸ ਭੁੱਲ ਵਿੱਚ ਅਸੀਂ ਦੁਰਗਾ ਕੋਲੋਂ ਵਰ ਮੰਗਦੇ ਹਾਂ, ਇਸ ਸਵੈਯੇ ਦਾ ਪਾਠ ਤੇ ਕੀਰਤਨ ਵੀ ਕਰਦੇ ਹਾਂ। ਇਸ ਕਾਰਨ ਸਾਡੇ ਵਿੱਚ ਲਹੂ ਪੀਣ ਵਾਲੀ ਤੇ ਖੋਪਰੀਆਂ ਦੇ ਹਾਰ ਪਾਉਣ ਵਾਲੀ ਦੁਰਗਾ ਦੇ ਹਿੰਸਾ ਦੇ ਗੁਣ ਗੁਰਸਿੱਖ ਵਿੱਚ ਆ ਜਾਣਗੇ ਤੇ ਉਹ ਆਤੰਕਵਾਦੀ ਬਣ ਜਾਣਗੇ। 10 ਪਾਤਸ਼ਾਹੀਆਂ ਨੇ ਨਾਮ ਜਪਾ ਕੇ ਖਾਲਸੇ ਨੂੰ ਨਿਰਭੈ ਯੋਧਾ ਬਣਾਇਆਂ ਸੀ। ਖਾਲਸਾ ਜੰਗਾ ਵਿੱਚ ਜੂਝਿਆ ਤੇ ਦਇਆਵਾਨ ਵੀ ਰਿਹਾ। ਭਾਈ ਘਨੈਯਾ ਨੇ ਦੁਸ਼ਮਨਾ ਨੂੰ ਵੀ ਪਾਣੀ ਪਿਲਾਇਆ ਤੇ ਮਲ੍ਹਮ ਪੱਟੀ ਕੀਤੀ।

ਗੁਰਬਾਣੀ ਉਪਦੇਸ਼

ਮਹਾ ਮਾਈ ਕੀ ਪੂਜਾ ਕਰੈ॥ ਨਰ ਸੈ ਨਾਰਿ ਹੋਇ ਅਉਤਰੈ॥

ਤੂ ਕਹੀਅਤ ਹੀ ਆਦਿ ਭਵਾਨੀ॥

ਮੁਕਤਿ ਕੀ ਬਰੀਆ ਕਹਾ ਛਪਾਨੀ॥

(ਪੰਨਾ 874, ਗੁਰੂ ਗ੍ਰੰਥ ਸਾਹਿਬ)

ਚੰਡੀ ਚਰਿਤ੍ਰ ਦੇ ਅਠਵੇਂ ਧਿਆਇ ਵਿੱਚ ਚੰਡੀ, ਦੇਵੀ, ਸ਼ਿਵਪਤਨੀ, ਸ਼ਿਵਾ, ਦੁਰਗਾ, ਭਵਾਨੀ ਦੀ ਉਸਤਤਿ ਹੈ।

ਛੰਤ 257 (ਪੰਨਾ 118, ਦਸਮ ਗ੍ਰੰਥ)

ਅਬ ਚੰਡੀ ਚਰਿਤ੍ਰ ਉਸਤਤਿ ਬਰਨਨੰ।। ਭੁਜੰਗ ਪ੍ਰਯਾਤ ਛੰਦ।।

ਭਰੇ ਜੋਗਣੀ ਪੱਤ੍ਰ ਚਓਸਠ ਚਾਰੰ।। ਚਲੀ ਠਾਮ ਠਾਮੰ ਡਕਾਰੇ ਡਕਾਰੰ।।

ਭਰੇ ਨੇਹ ਗਏ ਬੰਕ ਬੰਕੰ।। ਰੁਲੇ ਸੂਰਬੀਰੰ ਅਹਾੜੰ ਨ੍ਰਿਸੰਕੰ।।

(ਬੰਕੰ = ਛੋਟੀਆਂ ਗਿਰਝਾਂ। ਚੌਸਠ ਜੋਗਣੀਆਂ ਨੇ (ਚਾਰੰ) ਨਕੋ ਨਕੋ ਖਪਰ (ਲਹੂ ਦੇ) ਭਰੇ ਹਨ। ਡਕਾਰ ਤੇ ਡਕਾਰ ਮਾਰਦੀਆਂ ਹੋਈਆਂ, ਆਪੋ ਆਪਣੀਆਂ ਜਗ੍ਹਾ ਜਗ੍ਹਾ ਨੂੰ ਤੁਰੀਆਂ ਜਾਂਦੀਆਂ ਹਨ। ਨੇਹ ਦੇ ਭਰੇ ਹੋਏ ਕਾਂ ਤੇ ਗਿਰਝ ਘਰ ਨੂੰ ਚਲੇ ਗਏ ਹਨ। ਰਣ ਭੂਮੀ ਵਿੱਚ ਸੂਰਬੀਰ ਨਿਸੰਗ ਰੁਲ ਰਹੇ ਹਨ।)

ਛੰਤ 258 ਚਲੇ ਨਾਰਦਊ ਊ ਹਾਥ ਬੀਨਾ ਸੁਹਾਏ।।

ਬਨੇ ਬਾਰਦੀ ਡੰਕ ਡਉਰੂ ਬਜਾਏ।।

ਗਿਰੇ ਬਾਜਿ ਗਾਜੀ ਗਜੀ ਬੀਰਖੇਤੰ।।

ਰੁਲੇ ਤੱਛ ਮੁਛੰਨਚੇ ਭੂਤ ਪ੍ਰੇਤੰ।।

(ਉਹ ਨਾਰਦ ਭੀ ਚਲਾ ਗਿਆ, ਜਿਸ ਦੇ ਹੱਥ ਵਿੱਚ ਬੀਨਾ ਸੋਭਦੀ ਹੈ। ਸਜੇ ਹੋਏ (ਬਾਰਦ) ਬਲਦ ਵਾਲਾ ਸ਼ਿਵ ਜੀ ਭੀ ਡੁਕ ਡੁਕ ਡਉਰੂ ਵਜਾਉਂਦਾ ਚਲਾ ਗਿਆ ਹੈ। ਰਣਭੂਮੀ ਵਿੱਚ ਬਾਜੀ, ਘੋੜਿਆਂ, ਵਾਜੇ ਗਾਜੀ ਤੇ (ਗਜਬੀਰ), ਹਾਥੀਆਂ ਵਾਲੇ ਸੂਰਮੇ ਡਿੱਗ ਪਏ ਹਨ। ਵੱਡੇ ਟੁਕੇ ਮਰਦੇ ਰੁਲ ਰਹੇ ਹਨ ਅਤੇ ਭੂਤ ਪ੍ਰੇਤ ਨੱਚ ਰਹੇ ਹਨ।)

ਸਾਡੇ ਕੁੱਝ ਵਿਦਵਾਨ ਇਸਨੂੰ ਬਹੁਤ ਗੌਰਵਮਈ ਸਾਹਿਤ ਕਹਿੰਦੇ ਹਨ। ਵਿਚਾਰ ਕਰਨ ਯੋਗ ਗੱਲ ਹੈ ਕਿ ਕੀ ਇਹ ਸਾਹਿਤ ਸਭਿਅਤਾ, ਇਤਿਹਾਸ ਉਤੇ ਸਾਨੂੰ ਮਾਣ ਹੋ ਸਕਦਾ ਹੈ। ਵੇਦਾਂ ਸ਼ਾਸਤਰਾਂ ਨੂੰ ਮੰਨਨ ਵਾਲਿਆਂ ਲਈ ਇਹ ਪੁਰਾਤਨ ਸੰਸਕ੍ਰਿਤੀ ਹੈ, ਤੇ ਉਹਨਾਂ ਨੂੰ ਇਸ ਤੇ ਗੌਰਵ ਹੈ। ਗੁਰੂ ਨਾਨਕ ਸਾਹਿਬ ਨੇ ਇਸ ਸਾਰੀ ਪੁਰਾਤਨ ਸੰਸਕ੍ਰਿਤੀ ਦਾ ਖੰਡਨ ਕੀਤਾ ਤੇ ਗੁਰਬਾਣੀ ਨੇ ਸੰਸਾਰ ਨੂੰ ਇੱਕ ਨਵਾਂ ਸਚਾ ਸੁੱਚਾ, ਨਿਯਾ ਪੂਰਨ, ਇਤਿਹਾਸ ਤੇ ਸੰਸਕ੍ਰਿਤੀ ਬਖਸ਼ੀ।

ਛੰਤ 259

ਨਚੇ ਬੀਰ ਬੈਤਾਲ ਅੱਧੰ ਕਮੱਧੰ।। ਬਧੇ ਬੱਧ ਗੋਪਾ ਗੁਲਿਤ੍ਰਾਣ ਬਧੰ।।

ਭਏ ਸਾਧੁ ਸੰਬੂਹ ਭੀਤੰ ਅਭੀਤੇ।। ਨਮੋ ਲੋਕ ਮਾਤਾ ਭਵੇ ਸਤ੍ਰ ਜੀਤੰ।।

(ਬੀਰ ਬੇਤਾਲ ਤੇ ਅੱਧੇ ਹੋਏ ਧੜ ਨੱਚ ਰਹੇ ਹਨ, ਜਿੰਨ੍ਹਾਂ ਨੇ ਵੈਰੀ ਨੂੰ ਬੱਧ (ਮਾਰਨ ਵਾਸਤੇ) ਹਥਾਂ ਨਾਲ ਗੋਪੀਏ ਬਧੇ ਹੋਏ ਹਨ ਅਤੇ ਹਥਾਂ ਉਤੇ ਗੁਲਿਸਤਾਨ (ਦਸਤਾਨੇ) ਬਧੇ ਹੋਏ ਹਨ। ਜਗਤ ਮਾਤਾ ਦੁਰਗਾ ਨੂੰ ਨਮਸਕਾਰ ਹੈ ਜਿਸ ਨੇ ਭਲੀ ਤਰ੍ਹਾਂ ਨਾਲ ਵੈਰੀ ਜਿੱਤੇ ਹਨ।)

ਗੁਰੂ ਗੋਬਿੰਦ ਸਿੰਘ ਜੀ ਦੇ ਧਰਮ ਹਿਤ ਜੰਗਾਂ ਵਿੱਚ ਭਾਈ ਘਨਈਆ ਜ਼ਖ਼ਮੀ ਮੁਗ਼ਲਾਂ ਤੇ ਸਿੱਖਾਂ ਨੂੰ ਬਿਨਾ ਮਜ਼ਹਬ ਦੇ ਵਿਤਕਰੇ ਪਾਣੀ ਪਿਲਾਉਂਦੇ ਸੀ ਤੇ ਮਲਹਮ ਪੱਟੀ ਕਰਦੇ ਸੀ। ਗੁਰੂ ਜੀ ਨੇ ਭਾਈ ਘਨਈਆ ਨੂੰ ਸਾਬਾਸ ਦਿੱਤੀ ਤੇ ਮਾਨਵਤਾ ਦਾ ਸਬਕ ਦਿੱਤਾ।

ਛੰਤ 260

ਪੜੈ ਮੂੜ ਯਾਕੋ ਧਨੰ ਧਾਮ ਬਾਢੇ।।

ਸੁਨੈ ਸੂਮ ਸੋਫੀ ਲਰੈ ਜੁਧ ਗਾਢੈ।।

ਜਗੈ ਰੈਣ ਜੋਗੀ ਜਪੈ ਜਾਪ ਯਾਕੋ।।

ਧਰੈ ਪਰਮ ਜੋਗੰ ਲਹੈ ਸਿਧਤਾ ਕੋ।।

(ਜੋ ਮੂਰਖ ਭੀ ਇਸ ਚਰਿਤ੍ਰ ਨੂੰ ਪੜ੍ਹੇਗਾ, ਉਸਦੇ ਘਰ ਧਨ ਵੱਧੇਗਾ। ਜੋ ਮਹਾਂ ਕਾਇਰ ਭੀ ਇਸ ਚਰਿਤ੍ਰ ਨੂੰ ਸੁਣੇਗਾ, ਉਸ ਵਿੱਚ ਬੀਰ ਰਸ ਜਾਗੇਗਾ ਅਤੇ ਉਹ ਮਹਾ ਜੰਗ ਵਿੱਚ ਅੱਗੇ ਹੋ ਕੇ ਲੜੇਗਾ। ਜੋ ਜੋਗੀ ਇਸ ਨਾਮ ਨੂੰ ਜਪੇਗਾ, ਦੁਰਗਾ ਨੂੰ ਧਿਆਏਗਾ, ਉਹ ਸਿਧਤਾ ਨੂੰ ਪ੍ਰਾਪਤ ਕਰ ਲਏਗਾ।)

ਸ਼ਾਇਦ ਸਾਡੇ ਵਿਦਵਾਨ ਇਸੇ ਲਈ ਕਹਿੰਦੇ ਹਨ ਕਿ ਬਾਣੀ ਪਾ: 10 ਦੀ ਹੈ, ਤੇ ਬੀਰ ਰਸ ਜਗਾਉਣ ਲਈ ਹੈ। ਸਾਰੀ ਰਚਨਾ ਨੂੰ ਧਿਆਨ ਨਾਲ ਪੜ੍ਹੀਏ ਤਾਂ ਇਹ ਸਾਰੀ ਗੁਰਉਪਦੇਸ਼ ਵਿਰੁਧ ਹੈ, ਤੇ ਕਿਸੇ ਕਵੀ ਦੀ ਰਚਨਾ ਹੀ ਹੋ ਸਕਦੀ ਹੈ।

ਛੰਤ 262

ਦੋਹਰਾ

ਜੇ ਜੇ ਤੁਮਰੇ ਧਿਆਨ ਕੋ ਨਿਤ ਉਠਿ ਧਿਐਹੈ ਸੰਤ।।

ਅੰਤ ਲਹੈਗੇ ਮੁਕਤਿ ਫਲ ਪਾਵਹਿਗੇ ਭਗਵੰਤ।

(ਹੇ ਦੁਰਗਾ ਮਾਂ, ਸ਼ਕਤੀ ਰੂਪ ਜਿਹੜੇ ਜਿਹੜੇ ਸੰਤ, ਰੋਜ਼ ਉਠ ਕੇ ਤੇਰੇ ਧਿਆਨ ਨੂੰ ਧਰਨਗੇ, ਉਹ ਅੰਤ ਨੂੰ ਮੁਕਤ ਰੂਪ ਫਲ ਲੱਭ ਲੈਣਗੇ, ਤੇ ਭਗਵੰਤ ਵਿੱਚ ਅਭੇਦਤਾ ਪਾ ਲੈਣਗੇ।)

ਇਸ ਦੋਹਰੇ ਵਿੱਚ ਦੁਰਗਾ ਮਾਂ ਨੂੰ ਧਿਆਉਣ ਵਾਲੇ ਕਵੀ ਨੇ ਦੁਰਗਾ ਨੂੰ ਭਗਵੰਤ ਕਿਹਾ ਹੈ। ਇਸ ਦੋਹਰੇ ਨੂੰ ਪੜ੍ਹਣ ਵਾਲੇ ਦੁਰਗਾ ਨੂੰ ਹੀ ਪਾਉਣਗੇ। ਗੁਰਬਾਣੀ ਨੇ ਅਕਾਲ ਪੁਰਖ ਨੂੰ ਭਗਵੰਤ ਕਿਹਾ ਹੈ।

ਡਾ: ਗੁਰਮੁਖ ਸਿੰਘ




.