.

ਸੰਤਾਂ ਦੇ ਕੌਤਕ .....?
(ਭਾਗ ਤੀਜਾ, ਕਿਸ਼ਤ ਨੰ: 51)

ਭਾਈ ਸੁਖਵਿੰਦਰ ਸਿੰਘ ‘ਸਭਰਾ’

ਬਾਬਾ ਕਰਤਾਰ ਸਿੰਘ ਕੈਰੋਂ (ਝਾੜ ਸਾਹਿਬ ਵਾਲਾ)

ਸਰਬਜੀਤ ਸਿੰਘ ਸਰ੍ਹਾਲੀਮੰਡ (ਪੱਟੀ)

ਇਹ ਸਾਧ ਗੁਰੂ ਦਾ ਕਿੰਨਾਂ ਕੁ ਸਤਿਕਾਰ ਕਰਦੇ ਹਨ। ਸਾਡੇ ਪਿੰਡ ਸਰ੍ਹਾਲੀਮੰਡ ਤਹਿਸੀਲ ਪੱਟੀ (ਅੰਮ੍ਰਿਤਸਰ) ਦੀ ਹੱਡ ਬੀਤੀ ਆਪ ਪਾਠਕਾਂ ਨਾਲ ਸਾਂਝੀ ਕਰ ਰਿਹਾ ਹਾਂ ਤਾਂ ਕਿ ਪਤਾ ਲੱਗ ਸਕੇ ਕਿ ਇਹ ਸਾਧ-ਸੰਤ ਗੁਰੂ ਸਾਹਿਬ ਜੀ ਦਾ ਕਿੰਨਾ ਕੁ ਸਤਿਕਾਰ ਕਰਦੇ ਹਨ। ਜਿਹਨਾਂ ਬਾਰੇ ਆਮ ਕਿਹਾ ਜਾਂਦਾ ਹੈ ਕਿ ਗੁਰੂ ਦਾ ਸਤਿਕਾਰ ਸਾਧਾਂ ਸੰਤਾਂ ਤੋਂ ਬਿਨਾ ਕੋਈ ਕਰ ਨਹੀਂ ਸਕਦਾ। ਇਸ ਸਾਧ ਨੇ ਪਿੰਡ ਕੈਰੋਂ ਦੇ ਬਾਹਰ ਖਾਲੀ ਜਮੀਨ ਵੇਖ ਕੇ ਇੱਕ ਡੇਰਾ ਬਣਾ ਦਿੱਤਾ ਜਿਸ ਨੂੰ ਬਾਬਾ ਗੁਣੀਆਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਥੇ ਇੱਕ ਕਮਰਾ ਬਣਾ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਦਿੱਤਾ ਅਤੇ ਨਿਸ਼ਾਨ ਸਾਹਿਬ ਲਗਾ ਦਿੱਤਾ। ਕੈਰੋਂ ਪਿੰਡ ਦਾ ਗ੍ਰੰਥੀ ਬਿਠਾ ਦਿਤਾ ਜੋ ਸਵੇਰੇ ਪ੍ਰਕਾਸ਼ ਕਰ ਦਿੰਦਾ ਹੈ ਅਤੇ ਸ਼ਾਮ ਨੂੰ ਸੁਖ ਆਸਨ ਕਰ ਦਿੰਦਾ ਹੈ। ਬਾਕੀ ਸਾਰਾ ਦਿਨ ਜਿੰਦਰਾ ਵੱਜਾ ਰਹਿੰਦਾ ਹੈ। ਇਥੇ ਗੰਦਗੀ ਵੀ ਕਾਫੀ ਹੈ ਪਰ ਸਾਧ ਨੇ ਜਮੀਨ ਤੇ ਕਬਜ਼ਾ ਕਰਨ ਲਈ ਹੀ ਗੁਰੂ ਸਾਹਿਬ ਜੀ ਦਾ ਸਰੂਪ ਲਿਆਂਦਾ ਹੈ।

ਇੱਕ ਦਿਨ ਸਾਡੇ ਪਿੰਡ ਦੇ ਵਿਅਕਤੀ ਨੇ ਜਿਸ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ। ਉਸ ਨੇ ਬਾਬੇ ਗੁਣੀਏ ਦੇ ਡੇਰਿਉਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਬੋਰੀ ਵਿੱਚ ਪਾ ਕੇ ਲੈ ਆਂਦਾ ਤੇ ਆਪਣੇ ਘਰ ਵਿੱਚ ਗੋਹੇ ਵਾਲੇ ਆਲ੍ਹੇ ਤੇ ਰੱਖ ਦਿੱਤਾ। ਉਪਰ ਗੰਦਗੀ ਨਾਲ ਭਰੇ ਕੱਪੜੇ ਦੇ ਦਿੱਤੇ। ਲਾਗੇ ਹੀ ਬੱਚੇ ਖੇਡ ਰਹੇ ਸਨ ਜਿਨ੍ਹਾਂ ਨੇ ਵੇਖਿਆ ਅਤੇ ਕੁੱਝ ਸਿੰਘਾਂ ਨੂੰ ਦੱਸਿਆ ਜਿਹਨਾਂ ਵਿੱਚ ਭਾਈ ਦਿਲਬਾਗ ਸਿੰਘ ਅਵਤਾਰ ਸਿੰਘ ਹਰਜਿੰਦਰ ਸਿੰਘ ਕੁਲਦੀਪ ਸਿੰਘ ਅਤੇ ਸਾਡੇ ਪਿੰਡ ਵਾਲੇ ਗੁਰਦੁਆਰੇ ਦਾ ਗ੍ਰੰਥੀ ਬਾਬਾ ਸ਼ਹੀਦ ਸਿੰਘ ਇਹਨਾਂ ਵੀਰਾਂ ਨੇ ਛੇਤੀ ਹੀ ਗੁਰਦੁਆਰੇ ਤੋਂ ਪੀੜ੍ਹਾ, ਰੁਮਾਲੇ ਤੇ ਚੌਰ ਲਿਆਕੇ ਗੁਰੂ ਸਾਹਿਬ ਜੀ ਦੇ ਸਰੂਪ ਨੂੰ ਗੁਰਦੁਆਰੇ ਲੈ ਆਂਦਾ ਜਿਥੇ ਜਾ ਕੇ ਗੁਰੂ ਸਾਹਿਬ ਜੀ ਦੇ ਸਰੂਪ ਨੂੰ ਲੱਗਾ ਹੋਇਆ ਗੋਹਾ ਮੈਲਾ ਭਾਈ ਕੁਲਦੀਪ ਸਿੰਘ ਨੇ ਆਪਣੇ ਹੱਥੀਂ ਸਾਫ ਕੀਤਾ। ਫਿਰ ਅਸੀਂ ਪਤਾ ਕੀਤਾ ਤੇ ਗੁਰੂ ਸਾਹਿਬ ਦਾ ਸਰੂਪ ਕਿਥੋਂ ਆਇਆ ਉਸ ਕਮਲੇ ਨੂੰ ਪੁਛਿਆ ਤਾਂ ਉਸ ਨੇ ਦੱਸਿਆ ਮੈਂ ਗੁਣੀਏ ਤੋਂ ਲਿਆਂਦਾ ਹੈ। ਅਸੀਂ ਗੁਣੀਏ ਡੇਰੇ ਪਹੁੰਚੇ ਜਿਥੇ ਇੱਕ ਬਾਪੂ ਬੈਠਾ ਸੀ ਅਸੀਂ ਪੁਛਿਆ ਕੇ ਬਾਪੂ ਜੀ ਇਥੇ ਕੋਈ ਚੋਰੀ ਹੋਈ ਹੈ ਤਾਂ ਬਾਪੂ ਕਹਿਣ ਲੱਗਾ ਚੋਰੀ ਤਾਂ ਕੋਈ ਨਹੀਂ ਹੋਈ ਇੱਕ ਗੁਰੂ ਸਾਹਿਬ ਦਾ ਸਰੂਪ ਨਹੀਂ ਲੱਭਦਾ ੩-੪ ਦਿਨਾਂ ਤੋਂ। ਅਸੀਂ ਕਿਹਾ ਤੁਸੀਂ ਪੁਛ ਪੜਤਾਲ ਨਹੀਂ ਕੀਤੀ ਬਾਪੂ ਕਹਿੰਦਾ ਕਿ ਬਾਬਾ ਜੀ ਕਹਿੰਦੇ ਸਨ ਚੁਪ ਰਿਹੋ ਜੇ ਕਿਤੇ ਕਿਸੇ ਨੂੰ ਪਤਾ ਨਾ ਲੱਗ ਜਾਵੇ। ਫਿਰ ਅਸੀਂ ਬਾਬੇ ਕੋਲ ਕੈਰੋਂ ਆਏ ਬਾਬਾ ਸਾਨੂੰ ਮਿਲ ਪਿਆ ਅਸੀਂ ਕਿਹਾ ਜੀ ਤੁਹਾਡੇ ਪ੍ਰਬੰਧ ਵਿੱਚ ਹੈ ਡੇਰਾ ਗੁਣੀਆਂ, ਉਥੋਂ ਗੁਰੂ ਸਾਹਿਬ ਜੀ ਦਾ ਸਰੂਪ ੩-੪ ਦਿਨਾਂ ਤੋਂ ਲੱਭ ਨਹੀਂ ਰਿਹਾ ਤੁਸੀਂ ਕੋਈ ਪੜਤਾਲ ਕੀਤੀ ਹੈ। ਬਾਬਾ ਕਹਿੰਦਾ ਮੈਂ ਗ੍ਰੰਥੀ ਸਿੰਘ ਨੂੰ ਕਿਹਾ ਸੀ ਕਿ ਉਹ ਪਤਾ ਕਰੇ ਲਾਗੇ ਘਰਾਂ ਵਾਲੇ ਤਾਂ ਨਹੀਂ ਲੈ ਗਏ। ਇਹ ਸੁਣ ਕੇ ਸਾਨੂੰ ਬੜਾ ਦੁਖ ਹੋਇਆ ਕਿ ਇਹ ਸਾਧ ਏਨਾ ਅਵੇਸਲਾ ਅਤੇ ਗੁਰੂ ਸਾਹਿਬ ਬਾਰੇ ਇਹ ਕਹਿ ਰਿਹਾ ਹੈ ਕਿ ਬਹਿਕਾਂ ਵਾਲਿਆ ਤੋਂ ਪੁਛਿਆ ਹੈ। ਕੀ ਘਰਾਂ ਵਾਲਿਆ ਨੇ ਆਪੇ ਸਰੂਪ ਲੈ ਜਾਣਾ ਸੀ? ਅਸੀਂ ਕੁੱਝ ਗੁੱਸੇ ਨਾਲ ਕਿਹਾ ਕਿ ਤੁਸੀਂ ਆਪਣੀ ਜੁੰਮੇਵਾਰੀ ਕਿਉਂ ਨਹੀਂ ਸਮਝੀ ਨਾਲੇ ਜਿਥੇ ਪ੍ਰਕਾਸ਼ ਕੀਤਾ ਹੈ ਪਹਿਲਾਂ ਇਹ ਤਾਂ ਵੇਖੋ ਉਹ ਜਗ੍ਹਾਂ ਪ੍ਰਕਾਸ਼ ਕਰਨ ਦੇ ਜੋਗ ਹੈ ਐਵੇਂ ਜ਼ਮੀਨਾਂ ਤੇ ਕਬਜ਼ੇ ਕਰਨ ਲਈ ਗੁਰੂ ਨੂੰ ਨਾ ਵਰਤੋ। ਫਿਰ ਅਸੀਂ ਦੱਸਿਆਂ ਕਿ ਗੁਰੂ ਸਾਹਿਬ ਜੀ ਦੇ ਸਰੂਪ ਮਿਲ ਗਏ ਹਨ। ਸਾਧ ਦਾ ਰੰਗ ਉੱਡ ਗਿਆ ਕਹਿੰਦਾ ਕਿਥੋ ਮਿਲੇ ਛੇਤੀ ਦੱਸੋ ਕੌਣ ਸੀ ਜਿਹੜਾ ਗੁਰੂ ਸਾਹਿਬ ਦਾ ਸਰੂਪ ਲੈ ਗਿਆ ਸੀ। ਅਸੀਂ ਕਿਹਾ ਕਿ ਸਾਡੇ ਪਿੰਡ ਦੇ ਕਮਲੇ ਬੰਦੇ ਨੇ ਖੜਿਆ ਸੀ। ੩-੪ ਦਿਨ ਗੁਰੂ ਸਾਹਿਬ ਜੀ ਸਰੂਪ ਬੋਰੀ ਵਿੱਚ ਪਾ ਕੇ ਉਹ ਫਿਰਦਾ ਰਿਹਾ ਹੁਣ ਅਸੀਂ ਪ੍ਰਾਪਤ ਕਰਕੇ ਪਿੰਡ ਵਾਲੇ ਗੁਰਦੁਆਰੇ ਸੇਵਾ ਕਰ ਦਿੱਤੀ ਹੈ।

ਸਾਧ ਬੜੀ ਚਲਾਕੀ ਨਾਲ ਗੱਡੀ ਤਿਆਰ ਕਰਕੇ ਸਾਡੇ ਪਿੰਡ ਗੁਰੂ ਸਾਹਿਬ ਜੀ ਨੂੰ ਲੈਣ ਆ ਗਿਆ ਕਿ ਗੱਲ ਠੱਪੀ ਜਾਏ ਪਰ ਅੱਗੋਂ ਸਿੰਘਾਂ ਨੇ ਚੰਗੀ ਤਰ੍ਹਾਂ ਭਜਾਇਆ। ਫਿਰ ਅਸੀਂ ਅਗਲੀ ਕਾਰਵਾਈ ਲਈ ਭਾਈ ਗੁਰਮੀਤ ਸਿੰਘ ਪੱਟੀ, ਭਾਈ ਸੁਖਵਿੰਦਰ ਸਿੰਘ ਸਭਰਾ ਅਤੇ ਸ੍ਰੋਮਣੀ ਕਮੇਟੀ ਦੇ ਮੈਂਬਰ ਅਤੇ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਨੂੰ ਵੀ ਦੱਸਿਆ ਉਹਨਾਂ ਨੇ ਕਾਰਵਾਈ ਕਰਦਿਆਂ ਉਸ ਕਮਲੇ ਬੰਦੇ ਨੂੰ ਲੱਭ ਕੇ ਪੁਲੀਸ ਦੇ ਹਵਾਲੇ ਕੀਤਾ ਜਿਸ ਨੂੰ ਜੇਲ੍ਹ ਭੇਜਿਆ ਗਿਆ। ਅਸੀਂ ਵਿਚਾਰ ਕਰਕੇ ਪਿੰਡ ਵਾਲੇ ਗੁਰਦੁਆਰੇ ਸਮਾਗਮ ਰੱਖ ਦਿਤਾ ਜਿਸ ਵਿੱਚ ਕਾਫੀ ਜਥੇਬੰਦੀਆਂ ਆਈਆਂ ਅਤੇ ਗੁਰੂ ਸਾਹਿਬ ਜੀ ਦੇ ਸਤਿਕਾਰ ਪ੍ਰਤੀ ਵਿਚਾਰਾਂ ਹੋਈਆ। ਨਾਲ ਹੀ ਉਸ ਸਾਧ ਦੀ ਕਰਤੂਤ ਲੋਕਾਂ ਸਾਹਮਣੇ ਲਿਆਂਦੀ ਕਿ ਕਿਵੇਂ ਇਹ ਸਾਧ ਟੋਲਾ ਗੁਰੂ ਸਾਹਿਬ ਜੀ ਦਾ ਨਿਰਾਦਰ ਕਰ ਰਿਹਾ ਹੈ। ਜਿਸ ਗੁਰੂ ਜੀ ਦੇ ਨਾਂ ਤੇ ਇਹ ਮੰਗਦੇ ਅਤੇ ਆਪਣੀਆਂ ਗੱਡੀਆਂ, ਜਾਇਦਾਦਾਂ, ਬਣਾਉਂਦੇ ਹਨ ਉਸ ਗੁਰੂ ਬਾਰੇ ਇਹਨਾਂ ਨੂੰ ਕੋਈ ਵੀ ਫਿਕਰ ਨਹੀਂ ਹੈ। ਇਹ ਕਾਰ ਸੇਵਾ ਦੇ ਨਾਂ ਤੇ ਵਪਾਰ ਸੇਵਾ ਕਰ ਰਹੇ ਹਨ। ਇਹਨਾਂ ਨੂੰ ਪਤਾ ਲੱਗ ਜਾਏ ਕੇ ਫਲਾਣੇ ਪਿੰਡ ਜਾਂ ਸ਼ਹਿਰ ਵਿਹਲੀ ਜਗ੍ਹਾ ਪਈ ਹੈ ਉਥੇ ਜਾ ਕੇ ਕਮਰਾ ਬਣਾ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਨਿਸ਼ਾਨ ਸਾਹਿਬ ਲਾ ਕੇ ਕੋਈ ਨਾ ਕੋਈ ਨਾਂ ਰੱਖ ਦੇਂਦੇ ਹਨ ਤੇ ਉਸ ਨਾਂ ਤੇ ਉਗਰਾਹੀ ਸ਼ੁਰੂ ਹੋ ਜਾਂਦੀ ਹੈ ਅਤੇ ਨਵੇਂ ਨਵੇਂ ਸ਼ਰਧਾਲੂ ਬਣ ਜਾਂਦੇ ਹਨ ਜੋ ਇਹਨਾਂ ਸਾਧਾਂ ਦੀ ਕਮਾਈ ਵਿੱਚ ਵਾਧਾ ਕਰਦੇ ਹਨ। ਸੋ ਅਸੀਂ ਸਾਰਿਆਂ ਨੂੰ ਇਹ ਬੇਨਤੀ ਕਰਾਂਗੇ ਕੇ ਆਪਣੇ-ਆਪਣੇ ਇਲਾਕੇ ਵਿੱਚ ਜਿਥੇ ਵੀ ਇਹਨਾਂ ਸੰਤ-ਬਾਬਿਆਂ ਵਲੋਂ ਗੁਰੂ ਦੀ ਬੇਅਦਬੀ ਹੋ ਰਹੀ ਹੈ ਉਹ ਲਿਖ ਕੇ ਭਾਈ ਸੁਖਵਿੰਦਰ ਸਿੰਘ ਸਭਰਾ ਨੂੰ ਪਹੁੰਚਾਉਣ ਜਿਨੇ ਸਚ ਸੁਣਾਇਸੀ ਸਚ ਕੇ ਬੇਲਾ ਅਨੁਸਾਰ ਇਹ ਕਾਜ ਅਰੰਭਿਆ ਹੈ। ਤਾਂ ਜੋ ਇਹਨਾਂ ਦੀਆਂ ਕਰਤੂਤਾਂ ਸੰਗਤਾਂ ਦੇ ਸਾਹਮਣੇ ਲਿਆਂਦੀਆਂ ਜਾਣ ਅਤੇ ਸੰਗਤਾਂ ਨੂੰ ਸੁਚੇਤ ਕੀਤਾ ਜਾਏ।

ਅਖੌਤੀ ਸੰਤ ਦਲਜੀਤ ਸਿੰਘ ਸ਼ਿਕਾਗੋ ਦਾ ਪਰਦਾ ਫਾਸ਼

ਆਪਣੇ ਆਪ ਨੂੰ ਸੰਤ ਬਾਬਾ ਬ੍ਰਹਮਗਿਆਨੀ ਅਖਵਾਉਣ ਵਾਲਿਆ ਦੀ ਸਿੱਖ ਸਮਾਜ ਵਿੱਚ ਕੋਈ ਕਮੀ ਨਹੀਂ ਹੈ। ਧਾਰਮਿਕ ਸਟੇਜਾਂ `ਤੇ ਲੋਕਾਂ ਨੂੰ ਮਾਇਆ ਤੋਂ ਨਿਰਲੇਪ ਰਹਿਣ ਅਤੇ ਪਰਾਈ ਇਸਤ੍ਰੀ ਨੂੰ ਮਾਂ-ਭੈਣ ਵਜੋਂ ਜਾਨਣ ਦਾ ਉਪਦੇਸ਼ ਦੇਣ ਵਾਲੇ ਇਹ ਬਾਬੇ ਆਪਣੀ ਨਿਜੀ ਜ਼ਿੰਦਗੀ ਵਿੱਚ ਕੀ ਕੁੱਝ ਕਰਦੇ ਹਨ, ਇਸਦੀਆਂ ਮਿਸਾਲਾਂ ਸਮੇਂ-ਸਮੇਂ `ਤੇ ਮਿਲਦੀਆਂ ਰਹਿੰਦੀਆਂ ਹਨ। ਅਮਰੀਕਾ ਦੀ ਅਜਿਹੀ ਇੱਕ ਘਟਨਾ ਬਾਰੇ ਇੱਕ ਦਿਲਚਸਪ ਰਿਪੋਰਟ।

ਆਪਣੇ ਆਪ ਨੂੰ ਪਵਿੱਤਰ ਸੰਤ ਅਖਵਾਉਣ ਵਾਲਿਆਂ ਦੀ ਵੱਡੀ ਗਿਣਤੀ (ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਦੇ ਸਮੇਂ ਬਾਬਾ ਬਕਾਲਾ ਵਿਖੇ ਬਹੁਤ ਸਾਰੇ ਨਕਲੀ ਸੰਤ/ਗੁਰੂ ਸਥਾਪਿਤ ਹੋ ਗਏ ਸਨ), ਵਿਚੋਂ ਹੁਣ ਕੋਈ ‘ਸੰਤਾਂ’ ਦੇ ਚਿਹਰੇ ਤੋਂ ਨਕਾਬ ਹੱਟ ਕੇ, ਉਨ੍ਹਾਂ ਦਾ ਅਸਲ ਚਰਿੱਤਰ ਸੰਗਤਾਂ ਸਾਹਮਣੇ ਆ ਰਿਹਾ ਹੈ। ਕਿਉਂਕਿ ਇੱਕ ਝੂਠ ਹਮੇਸ਼ਾਂ ਲਈ ਸਫ਼ਲ ਨਹੀਂ ਹੋ ਸਕਦਾ, ਇਸ ਲਈ ਅਜਿਹੇ ਲੋਕਾਂ ਦਾ ਅਸਲ ਰੂਪ ਸਾਹਮਣੇ ਆ ਹੀ ਜਾਂਦਾ ਹੈ। ਵਿਵਾਦਾਂ ਵਿੱਚ ਘਿਰੇ ਸੰਤ ਬਾਬਾ ਧਨਵੰਤ ਸਿੰਘ (ਆਪਣੇ ਸ਼ਰਧਾਲੂ ਦੀ ਬੇਟੀ ਨਾਲ ਬਲਾਤਕਾਰ ਕਰਨ ਵਾਲਾ) ਦੀ ਤਰ੍ਹਾਂ ਹੁਣ ਗੁਰੂ ਨਾਨਕ ਮਿਸ਼ਨ ਆਫ਼ ਅਮਰੀਕਾ ਵਾਲੇ ਸੰਤ ਬਾਬਾ ਦਲਜੀਤ ਸਿੰਘ ਸ਼ਿਕਾਂਗੋ ਦਾ ਨਾਂ ਵੀ ਚਰਚਾ ਵਿੱਚ ਹੈ।

ਪਿਛਲੇ ਕਈ ਸਾਲਾਂ ਤੋਂ ਦਲਜੀਤ ਸਿੰਘ ਆਪਣੇ ਵੱਖਰੇ ਡੇਰੇ ਅਤੇ `ਚਮਤਕਾਰਾਂ’ ਦੇ ਵੱਖਰੇ ਬ੍ਰਾਂਡ ਰਾਹੀਂ ਆਪਣੇ ਆਪ ਨੂੰ ‘ਸੰਤ ਬਾਬਾ’ ਦੇ ਤੌਰ `ਤੇ ਸਥਾਪਿਤ ਕਰਨ ਵਿੱਚ ਸਫਲ ਰਿਹਾ ਹੈ। ਉਹ ਭਾਰਤ ਦੇ ਬਹੁਤ ਸਾਰੇ ਰਾਗੀਆਂ ਅਤੇ ਜਥੇਦਾਰਾਂ ਨੂੰ ਆਯੋਜਿਤ (ਸ਼ਪੋਨਸੋਰ) ਅਤੇ ਮੇਜ਼ਬਾਨੀ ਕਰਦਾ ਰਿਹਾ ਹੈ। ਉਨ੍ਹਾਂ ਨੂੰ ਸਿਰੋਪੇ ਦੇਣ ਅਤੇ ਮਿਹਮਾਨ ਨਵਾਜ਼ੀ ਕਰਨ ਉਪਰੰਤ, ਉਹ ਅਕਸਰ ਭਾਰਤ ਜਾਂਦਾ, ਜਿੱਥੇ ਇਹੀ ਰਾਗੀ ਅਤੇ ਜਥੇਦਾਰ ਉਸਦੀ ਪੁਚ-ਪੁਚ ਕਰਦੇ। ਦਲਜੀਤ ਸਿੰਘ ਆਪਣੀ ਮਸ਼ਹੂਰੀ ਕਰਵਾਉਣ ਦਾ ਉਸਤਾਦ ਰਿਹਾ ਹੈ ਅਤੇ ਅਜਿਹਾ ਜਾਪਦਾ ਹੈ ਕਿ ਉਸਨੇ ਕਈ ਪੰਜਾਬੀ ਅਖਬਾਰਾਂ ਵਿੱਚ ਥਾ (ਆਪਣੇ ਬਾਰੇ ਲੇਖ ਛਪਵਾਉਣ ਲਈ) ਸੁਰੱਖਿਅਤ ਕਰਵਾ ਰੱਖੀ ਹੈ। ਇਹ ਅਖ਼ਬਾਰ ਉਸਦੀਆਂ ਤਾਰੀਫਾਂ ਦੇ ਪੁੱਲ ਬੰਨ੍ਹਦੇ ਕਦੇ ਥੱਕਦੇ ਨਹੀਂ।

ਦਲਜੀਤ ਸਿੰਘ ਦੇ ਗੁਰਦੁਆਰੇ’ ਅਤੇ ਮਿਸ਼ਨਰੀ ਸੈਂਟਰ ਵਲੋਂ ੧੩ ਤੋਂ ੨੦ ਨਵੰਬਰ ੨੦੦੫ ਤੱਕ ਇੱਕ ਵਿਸ਼ੇਸ਼ ਕੀਰਤਨ ਦਰਬਾਰ ਕਰਵਾਇਆ ਗਿਆ। ਅਜਿਹਾ ਜਾਪਦਾ ਹੈ ਕਿ ਇੱਕ ਗਲਤ ਵਿਅਕਤੀ ਨਾਲ ਗਲਤ ਸਮੇਂ ਤੇ ਗਲਤ ਥਾਂ ਤੇ ਪਹੁੰਚਣ ਲਈ ਦਲਜੀਤ ਸਿੰਘ ਨੇ ਇਸ ਪਵਿੱਤਰ ਪ੍ਰੋਗਰਾਮ ਵਿਚੋਂ ਛੁੱਟੀ ਲਈ ਸੀ। ਸਿੱਖ ਕੌਮ ਲਈ ਇਹ ਸ਼ਰਮ ਵਾਲੀ ਗੱਲ ਹੈ ਕਿ ਅਖੌਤੀ ਪਵਿੱਤਰ ਸਿੱਖ ਅਜਿਹੇ ਕਰਮ ਕਰਦੇ ਫੜੇ ਜਾਂਦੇ ਹਨ।

੧੭ ਨਵੰਬਰ ੨੦੦੫ ਦੀ ਦੇਰ ਰਾਤ ਨੂੰ ਸ਼ਿਕਾਗੋ ਦੇ ਇੱਕ ਸਿੱਖ ਨੂੰ ਕੈਲੀਫੋਰਨੀਆਂ ਤੋਂ ਇੱਕ ਵਿਅਕਤੀ ਦਾ ਫੋਨ ਆਇਆ। ਗੁਮਨਾਮ ਫੋਨਕਰਤਾ ਨੇ ‘ਸੰਤ ਬਾਬਾ’ ਦਲਜੀਤ ਸਿੰਘ ਦੇ ਉਸ ਸਮੇਂ ਇੱਕ ਵਿਸ਼ੇਸ਼ ਥਾਂ `ਤੇ ਹਾਜ਼ਿਰ ਹੋਣ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ। ਫੋਨ ਕਰਤਾ ਨੇ ਦੱਸਿਆ ਕਿ ਬਾਬਾ ਦਲਜੀਤ ਸਿੰਘ, ਰੈਂਡ ਰੋਡ ਵੋਕਾਂਡਾ ਵਿਖੇ ਸਥਿਤ ਮੋਟਲ (ਹੋਟਲ) ਵੋਕਾਂਡਾ ਵਿੱਚ ਆਪਣੀ ਇੱਕ ਔਰਤ ਸ਼ਾਗਿਰਦ ਨਾਲ ਮੌਜਾਂ ਮਾਣ ਰਿਹਾ ਸੀ। ਫੋਨ ਕਰਤਾ ਨੇ ਬਾਬੇ ਦੀ ਵੈਨ ਦੇ ਨੰਬਰ (ਟੀ ੩੧੩੨੨੮) ਬਾਰੇ ਵੀ ਜਾਣਕਾਰੀ ਦਿੱਤੀ।

ਇਹ ਜਾਣਕਾਰੀ ਮਿਲਣ `ਤੇ, ਸ਼ਿਕਾਗੋ ਦੀ ਸੰਗਤ ਨੇ ਸੱਚ ਜਾਨਣ ਲਈ ਤੁਰੰਤ ਇਕੱਤਰ ਹੋਣ ਦਾ ਨਿਰਣਾ ਲਿਆ ਅਤੇ ਭਾਈ ਮਹਿੰਦਰ ਸਿੰਘ (ਹੈੱਡ ਗ੍ਰੰਥੀ-ਗੁਰਦੁਆਰਾ ਸਾਹਿਬ ਪੈਲਾਟਾਈਨ), ਕੁਲਵੰਤ ਸਿੰਘ ਹੁੰਦਲ (ਧਾਰਮਿਕ ਸਕੱਤਰ, ਗੁਰਦੁਆਰਾ ਸਾਹਿਬ, ਪੈਲਾਟਾਈਨ), ਦਰਸ਼ਨ ਸਿੰਘ ਪੰਮਾ, ਪ੍ਰਭਜੋਤ ਸਿੰਘ ਬਾਂਸੀ, ਭੁਪਿੰਦਰ ਸਿੰਘ ਹੁੰਦਲ ਆਦਿ ਸੱਜਣ ਅਸਲੀਅਤ ਨੂੰ ਜਾਨਣ ਲਈ ਮੋਟਲ ਵੱਲ ਰਵਾਨਾ ਹੋ ਗਏ। ਮੋਟਲ ਦੇ ਕਮਰਾ ਨੰਬਰ ੫ ਦੇ ਬਾਹਰ ਡੇਰੇਦਾਰ ਦਲਜੀਤ ਸਿੰਘ ਦੀ ਸ਼ੈਵਰਲੇਟ ਵੈਨ (ਟੀ ੩੧੩੨੨੮) ਖੜੀ ਵੇਖ ਕੇ ਇਸ ਖ਼ਬਰ ਦੇ ਅਸਲ ਹੋਣ ਦੀ ਪੁਸ਼ਟੀ ਹੋ ਗਈ। ਸਿੱਖ ਸੰਗਤਾਂ ਕਾਫੀ ਦੇਰ ਹੋਟਲ ਦੇ ਕਮਰੇ ਦੇ ਬਾਹਰ ਖੜੀਆਂ ਹੋ ਕੇ ਡੇਰੇਦਾਰ ਦਲਜੀਤ ਸਿੰਘ ਦੇ ਬਾਹਰ ਆਉਣ ਦੀ ਉਡੀਕ ਕਰਦੀਆ ਰਹੀਆਂ। ਪਰ ਦਲਜੀਤ ਸਿੰਘ ਬਾਹਰ ਨਾ ਆਇਆ। ਕਾਫੀ ਦੇਰ ਤੱਕ ਉਡੀਕ ਤੋਂ ਬਾਅਦ, ਸੰਗਤਾਂ ਨੇ ਵਿਚਾਰ ਕਰਕੇ ਸੰਬੰਧਤ ਇਲਾਕੇ ਦੀ ਪੁਲਿਸ ਨਾਲ ਸੰਪਰਕ ਕੀਤਾ।

ਸਵੇਰ ਦੇ ੩ ਵੱਜ ਕੇ ੪੦ ਮਿੰਟ `ਤੇ ਇੱਕ ਸਿੱਖ ਸੱਜਣ ਨੇ ਪੁਲਿਸ ਨੂੰ ਫੋਨ ਕੀਤਾ ਅਤੇ ਕਿਹਾ ਕਿ ਪੁਲਿਸ ਇਹ ਚੈੱਕ ਕਰੇ ਕਿ ਕੀ ਮੋਟਲ ਵੋਕਾਂਡਾ ਵਿੱਚ ਦਲਜੀਤ ਸਿੰਘ ਨਾਂ ਦਾ ਸ਼ਖ਼ਸ਼ ਠਹਿਰਿਆ ਹੋਇਆ ਸੀ ਜਾਂ ਨਹੀਂ। ਫੋਨ ਕਰਤਾ ਨੇ ਕਿਹਾ ਕਿ ਉਸਨੂੰ ਸ਼ੱਕ ਸੀ ਕਿ ਦਲਜੀਤ ਸਿੰਘ ਇੱਕ ਨਾਬਾਲਿਗ ਲੜਕੀ ਨਾਲ ਕਮਰੇ ਵਿੱਚ ਠਹਿਰਇਆ ਹੋਇਆ ਸੀ।

੩. ੪੮ ਵਜੇ ਇੱਕ ਪੁਲਿਸ ਅਧਿਕਾਰੀ ਘਟਨਾ-ਸਥਾਨ ਦੇ ਨੇੜੇ ਦੇ ਇੱਕ ਹੋਰ ਹੋਟਲ ਵਿਖੇ ਪੁੱਜ ਗਿਆ। ਉਸਨੇ ਹੋਟਲ ਦੀ ਪਾਰਕਿੰਗ ਵਿੱਚ ਖੜੀਆਂ ੯ ਕਾਰਾਂ ਦੀਆਂ ਨੰਬਰ ਪਲੇਟਾਂ ਦੀ ਜਾਣਕਾਰੀ ਨੂੰ ਆਪਣੇ ਕੰਪਿਊਟਰ ਵਿੱਚ ਭਰਿਆ ਪਰ ਕੋਈ ਵੀ ਕਾਰ ਦਲਜੀਤ ਸਿੰਘ ਦੇ ਨਾਮ ਤੋਂ ਰਜਿਸਟਰਡ ਨਹੀਂ ਸੀ। ਪਰ ਕੁੱਝ ਹੀ ਦੇਰ ਬਾਅਦ ਇੱਕ ਸਿੱਖ ਸੱਜਣ ਨੇ ਪੁਲਿਸ ਅਧਿਕਾਰੀ ਨੂੰ ਦੁਬਾਰਾ ਫੋਨ ਕਰਕੇ ਕਿਹਾ ਕਿ ਉਹ ਗਲਤ ਹੋਟਲ ਵਿਖੇ ਪੁੱਜ ਗਿਆ ਸੀ। ਫੋਨ ਕਰਤਾ ਨੇ ਦੱਸਿਆ ਕਿ ਉਹ ਨਾਲ ਵਾਲੇ ਹੋਟਲ ਦੀ ਪਾਰਕਿੰਗ ਵਾਲੀ ਥਾਂ ਤੋਂ ਪੁਲਿਸ ਅਧਿਕਾਰੀ ਦੀ ਕਾਰ ਨੂੰ ਵੇਖ ਸਕਦਾ ਸੀ। ਅਜਿਹਾ ਸੁਣ ਕੇ ਪੁਲਿਸ ਅਧਿਕਾਰੀ ਨਾਲ ਵਾਲੇ ਹੋਟਲ (ਹੋਟਲ ਵੋਕਾਂਡਾ) ਵਿਖੇ ਚਲਾ ਗਿਆ।

ਵੋਕਾਂਡਾ ਹੋਟਲ ਵਿਖੇ ਪੁਲਿਸ ਅਧਿਕਾਰੀ ਨੇ ਸ਼ੈਵਰਲੇਟ ਵੈਨ ਨੰਬਰ ਟੀ ੩੧੩੨੨੮ ਨੂੰ ਕੰਪਿਊਟਰ ਵਿੱਚ ਭਰਿਆ ਤਾਂ ਪਤਾ ਲੱਗਾ ਕਿ ਇਹ ਵੈਨ ਗੁਰੂ ਨਾਨਕ ਸਿੱਖ ਮਿਸ਼ਨ ਆਫ਼ ਅਮਰੀਕਾ ਦੇ ਨਾਂ ਤੋਂ ਰਜਿਸਟਰਡ ਸੀ। ਪੁਲਿਸ ਅਧਿਕਾਰੀ ਨੇ ਦੁਬਾਰਾ ਫੋਨ ਕਰਨ ਵਾਲੇ ਸੱਜਣ ਨੂੰ ਸੰਪਰਕ ਕੀਤਾ ਤਾਂ ਉਸਨੇ ਤਾਕੀਦ ਕੀਤੀ ਕਿ ਪੁਲਿਸ ਅਧਿਕਾਰੀ ਨੇ ਸਹੀ ਵਾਹਨ ਨੂੰ ਢੂੰਢ ਲਿਆ ਸੀ। ਸ਼ਿਕਾਇਤ ਕਰਤਾ ਨੇ ਕਿਹਾ ਕਿ ਉਸਨੂੰ ਯਕੀਨ ਸੀ ਕਿ ਬਾਬਾ ਦਲਜੀਤ ਸਿੰਘ ਹੋਟਲ ਦੇ ਕਮਰਾ ਨੰਬਰ ੫ ਵਿੱਚ ਇੱਕ ਨਾਬਾਲਿਗ ਲੜਕੀ ਨਾਲ ਠਹਿਰਿਆ ਹੋਇਆ ਸੀ।

ਪੁਲਿਸ ਅਧਿਕਾਰੀ ਨੇ ਕਮਰਾ ਨੰਬਰ ੫ ਦਾ ਦਰਵਾਜਾ ਖੜਕਾਇਆ। ਲਗਭਗ ਦੋ ਮਿੰਟ ਬਾਅਦ ਅੰਦਰੋਂ ਇੱਕ ਆਦਮੀ ਵਲੋਂ ਬੋਲਣ ਦੀ ਆਵਾਜ਼ ਸੁਣਾਈ ਦਿੱਤੀ। ਪੁਲਿਸ ਅਧਿਕਾਰੀ ਨੇ ਕਮਰੇ ਦੇ ਅੰਦਰ ਆਉਣ ਦੀ ਇਜਾਜ਼ਤ ਮੰਗੀ, ਜਿਸ ਦੀ ਪ੍ਰਵਾਨਗੀ ਉਸ ਆਦਮੀ ਨੇ ਦੇ ਦਿੱਤੀ। ਅੰਦਰ ਜਾਣ `ਤੇ ਪੁਲਿਸ ਅਧਿਕਾਰੀ ਨੇ ਵੇਖਿਆ ਕਿ ਕਮਰੇ ਵਿੱਚ ਇੱਕ ਮਰਦ ਅਤੇ ਇੱਕ ਔਰਤ ਮੌਜੂਦ ਸਨ ਅਤੇ ਉਹ ਦੋਵੇਂ ਉਸਨੂੰ ਵੇਖ ਕੇ ਹਿਚਕਿਚਾਹਟ ਮਹਿਸੂਸ ਕਰ ਰਹੇ ਸਨ। ਪੁਲਿਸ ਅਧਿਕਾਰੀ ਨੇ ਕਿਹਾ ਕਿ ਉਹ ਜਾਨਣਾ ਚਾਹੁੰਦਾ ਸੀ ਕਿ ਔਰਤ ਦੀ ਉਮਰ ੧੮ ਸਾਲ ਤੋਂ ਜ਼ਿਆਦਾ ਹੈ ਜਾਂ ਨਹੀਂ। ਉਸਨੇ ਦੋਹਾਂ ਤੋਂ ਉਨ੍ਹਾਂ ਦੇ ਡਰਾਈਵਿੰਗ ਲਾਇਸੈਂਸ ਮੰਗੇ, ਜੋ ਉਨ੍ਹਾ ਨੇ ਪੁਲਿਸ ਅਧਿਕਾਰੀ ਨੂੰ ਸੌਂਪ ਦਿੱਤੇ। ਔਰਤ ਨੇ ਕਿਹਾ ਕਿ ਉਹ ਨਿਊਯਾਰਕ ਸ਼ਹਿਰ ਤੋਂ ਆਈ ਸੀ। ਇਸ `ਤੇ ਪੁਲਿਸ ਅਧਿਕਾਰੀ ਨੇ ਨਿਊ ਯਾਰਕ ਅਤੇ ਇਲੀਨਾਜ਼ (ਉਹ ਰਾਜ, ਜਿਥੇ ਇਹ ਹੋਟਲ ਸਥਿਤ ਹੈ), ਦੇ ਵਾਰੰਟ ਚੈੱਕ ਕਰਵਾਏ। ਵਾਰੰਟ ਚੈੱਕ ਤੋਂ ਪਤਾ ਲੱਗਿਆ ਕਿ ਇਨ੍ਹਾ ਦੋਹਾਂ ਵਿਚੋਂ ਕਿਸੇ ਖਿਲਾਫ਼ ਕੋਈ ਵਾਰੰਟ ਜਾਰੀ ਨਹੀਂ ਹੋਇਆ ਸੀ।

ਕੰਪਿਊਟਰ ਤੋਂ ਇਹ ਜਾਣਕਾਰੀ ਮਿਲੀ ਕਿ ਬਾਬਾ ਦਲਜੀਤ ਸਿੰਘ, ਜਿਸਦਾ ਡਰਾਈਵਿੰਗ ਲਾਈਸੈਂਸ ਨੰਬਰ ਐਸ ੫੨੦-੦੬੪੬-੦੧੫੪, ਦੀ ਜਨਮ ਦੀ ਮਿਤੀ ੬-੦੩-੧੯੬੦, ਪਤਾ ੨੧੧, ਡਬਲਿਊ ਸਟੇਟ ਰੋਡ, ਆਈਲੈੱਡ ਲੇਕ, ਇਲਾਨਾਜ਼-੬੦੪੨, ਕੱਦ ੫ ਫੁੱਟ ੬ ਇੰਚ, ਕਾਲੇ ਬਾਲ ਅਤੇ ਭੂਰੀਆਂ ਅੱਖਾਂ ਸਨ। ਔਰਤ ਬਾਰੇ ਜਾਣਕਾਰੀ ਮਿਲੀ ਕਿ ਉਸਦਾ ਨਾਮ ਮੀਨਾ ਸਿੰਘ, ਜਨਮ ਦੀ ਮਿਤੀ ੦੮-੦੮-੧੯੬੨, ਕੱਦ ੫ ਫੁੱਟ ੬ ਇੰਚ ਅਤੇ ਭੂਰੀਆਂ ਅੱਖਾਂ ਸਨ। ਇਹ ਨਿਰਣਾ ਹੋਣ `ਤੇ ਉਨ੍ਹਾਂ ਦੋਹਾਂ ਵਿਚੋਂ ਕੋਈ ਵੀ ੧੮ ਸਾਲ ਤੋਂ ਘੱਟ ਉਮਰ ਦਾ ਨਹੀਂ ਸੀ ਅਤੇ ਦੋਵੇਂ ਧਿਰਾਂ ਰਜ਼ਾਮੰਦੀ ਨਾਲ ਕਮਰੇ ਵਿੱਚ ਹਾਜ਼ਿਰ ਸਨ, ਪੁਲਿਸ ਅਧਿਕਾਰੀ ਕਮਰੇ ਤੋਂ ਬਾਹਰ ਆ ਗਿਆ। ਉਸਨੇ ਬਾਹਰ ਮੌਜੂਦ ਲੋਕਾਂ ਨੂੰ ਕਿਹਾ ਕਿ ‘ਬਾਬਾ ਦਲਜੀਤ ਸਿੰਘ’ ਨਾਲ ਪਾਈ ਗਈ ਔਰਤ ਨਾਬਾਲਗ ਨਹੀਂ ਹੈ, ਇਸ ਕਰਕੇ ਕਾਨੂੰਨਨ ਤੌਰ `ਤੇ ਤਾਂ ਕੁੱਝ ਨਹੀਂ ਕੀਤਾ ਜਾ ਸਕਦਾ। ਪਰ ਸਿੱਖ ਸੰਗਤਾਂ ਅਤੇ ਗੁਰਦੁਆਰੇ ਨਾਲ ਸੰਬੰਧਤ ਮਸਲਾ ਹੋਣ ਕਰਕੇ ਤੁਸੀਂ ਆਪਣੇ ਪੱਧਰ ਉੱਤੇ ਲੋੜੀਂਦੀ ਯੋਗ ਕਾਰਵਾਈ ਕਰ ਲਵੋ। ਉਪਰੰਤ ਪੁਲਿਸ ਅਧਿਕਾਰੀ ਬਾਹਰ ਆ ਕੇ ਆਪਣੀ ਕਾਰ ਵਿੱਚ ਬੈਠ ਗਿਆ ਅਤੇ ਇਸ ਨੂੰ ਹੋਟਲ ਦੀ ਪਾਰਕਿੰਗ ਤੋਂ ਥੋੜੀ ਦੂਰ ਖੜਾ ਕਰਕੇ ਸਥਿਤੀ ਦਾ ਮੁਆਇਨਾ ਕਰਨ ਲੱਗਾ।

ਹੋਟਲ ਵਿਖੇ ਇਕੱਤਰ ਹੋਏ ਸਿੰਘ ਨੇ ਡੇਰੇਦਾਰ ਦੀ ਵੈਨ ਪਿੱਛੇ ਆਪਣੀ ਵੈਨ ਲਗਾ ਕੇ ਉਸ ਦੇ ਭੱਜਣ ਦੀਆਂ ਸੰਭਾਵਨਾਵਾਂ ਨੂੰ ਖਤਮ ਕਰ ਦਿੱਤਾ ਸੀ। ਕਾਫੀ ਸਿੰਘ ਆਲੇ-ਦੁਆਲੇ ਨਿਗਰਾਨੀ ਕਰ ਰਹੇ ਸਨ ਅਤੇ ਹੋਰ ਸੱਜਣ ਵੀ ਲਗਾਤਾਰ ਉੱਥੇ ਪਹੁੰਚ ਰਹੇ ਸਨ। ਸਭ ਚੌਕਸ ਸਨ ਕਿ ਰੰਗੀਲਾ ਡੇਰੇਦਾਰ ਕਿਧਰੇ ਬਾਰੀ ਰਾਹੀਂ ਨਿਕਲ ਕੇ ਦੌੜ ਨਾ ਜਾਵੇ। ਡੇਰੇਦਾਰ ਵੀ ਹੈਰਾਨ-ਪ੍ਰੇਸ਼ਾਨ ਹੋ ਕਿ ਆਪਣੇ ਕਮਰੇ ਵਿਚੋਂ ਬਾਹਰ ਦੇ ਸਾਰੇ ਹਾਲਾਤ ਵੇਖ ਰਿਹਾ ਸੀ ਅਤੇ ਵਾਰ-ਵਾਰ ਰਿਮੋਟ ਨਾਲ ਆਪਣੀ ਵੈਨ ਸਟਾਰਟ ਕਰਨ ਦੇ ਅਸਫਲ ਯਤਨ ਕਰ ਰਿਹਾ ਸੀ। ਕਈ ਵਾਰ ਵੈਨ ਸਟਾਰਟ ਹੋਈ ਅਤੇ ਕਈ ਵਾਰ ਫਿਰ ਬੰਦ ਹੋਈ। ਅਖੀਰ ਨੂੰ ਆਪਣੇ ਭੱਜ ਨਿਕਲਣ ਦੇ ਉਪਰਾਲਿਆਂ ਨੂੰ ਕਾਮਯਾਬ ਨਾ ਹੁੰਦਿਆਂ ਵੇਖ ਕੇ ਉਸ ਨੇ ਆਪ ਹੀ ਪੁਲਿਸ ਨੂੰ ਬੁਲਾਉਣ ਦਾ ਨਿਰਣਾ ਲਿਆ।

ਸਵੇਰ ਦੇ ੫. ੦੯ ਮਿੰਟ `ਤੇ ਦਲਜੀਤ ਸਿੰਘ ਨੇ ਪੁਲਿਸ ਕੰਟਰੋਲ ਰੂਮ ਨੂੰ ਫੋਨ `ਤੇ ਸ਼ਿਕਾਇਤ ਕੀਤੀ ਕਿ ਉਹ ਵੋਕਾਂਡਾ ਹੋਟਲ ਦੇ ਕਮਰਾ ਨੰਬਰ ੫ ਵਿੱਚ ਠਹਿਰਿਆ ਹੋਇਆ ਹੈ ਅਤੇ ਕਮਰੇ ਦੇ ਬਾਹਰ ਖੜੇ ਕੁੱਝ ਲੋਕ ਉਸ ਨੂੰ ਪਰੇਸ਼ਾਨ ਕਰ ਰਹੇ ਹਨ। ਇਸ `ਤੇ ਮੌਕੇ `ਤੇ ਪਹਿਲਾਂ ਮੌਜੂਦ ਪੁਲਿਸ ਦੇ ਇਲਾਵਾ ਦੋ ਹੋਰ ਯੂਨਿਟਾਂ ਨੂੰ ਵੀ ਉੱਥੇ ਭੇਜ ਦਿੱਤਾ ਗਿਆ। ਪੁਲਿਸ ਨੇ ਮੌਕੇ `ਤੇ ਮੌਜੂਦ ਸਿੱਖ ਸੰਗਤਾਂ ਨੂੰ ਬਾਬੇ ਦੀ ਵੈਨ ਦਾ ਰਸਤਾ ਰੋਕਣ ਵਾਲੀ ਕਾਰ ਹਟਾਉਣ ਦਾ ਨਿਰਦੇਸ਼ ਦਿੱਤਾ। ਪੁਲਿਸ ਦੇ ਹੁਕਮ ਦੀ ਪਾਲਣਾ ਕਰਦੇ ਹੋਏ ਸੰਗਤਾਂ ਨੇ ਬਾਬੇ ਦੀ ਵੈਨ ਦਾ ਰਸਤਾ ਸਾਫ ਕਰ ਦਿਤਾ। ਅਜਿਹਾ ਹੋਣ `ਤੇ ਪੁਲਿਸ ਨੇ ਇੱਕ ਸੁਰੱਖਿਅਤ ਜ਼ੋਨ ਬਣਾ ਕੇ ਬਾਬੇ ਦਲਜੀਤ ਸਿੰਘ ਦਾ ਬਾਹਰ ਨਿਕਲਣਾ ਆਸਾਨ ਕਰ ਦਿੱਤਾ। ਪਰੇਸ਼ਾਨ ਅਤੇ ਘਬਰਾਇਆ ਹੋਇਆ ਬਾਬਾ ਹੋਟਲ ਦੇ ਕਮਰੇ ਵਿਚੋਂ ਬਾਹਰ ਨਿਕਲਿਆ ਅਤੇ ਪੁਲਿਸ ਅਧਿਕਾਰੀਆ ਨਾਲ ਗੱਲਬਾਤ ਕੀਤਿਆਂ ਬਗੈਰ ਹੀ ਆਪਣੀ ਵੈਨ ਵੱਲ ਦੌੜਿਆ। ਸੂਤਰਾਂ ਮੁਤਾਬਿਕ ਵੈਨ ਤੱਕ ਪਹੁੰਚਦਿਆਂ ਪਹੁੰਚਦਿਆਂ, ਤਿੰਨ ਵਾਰ ਬਾਬੇ ਦੀ ਦਸਤਾਰ ਗਿਰੀ ਅਤੇ ਬੜੀ ਮੁਸ਼ਕਿਲ ਵੈਨ ਚਲਾ ਕੇ ਭੱਜ ਨਿਕਲਿਆ। ਬਾਬੇ ਦੀਆਂ ਐਸੀਆਂ ਕਰਤੂਤਾਂ ਨੂੰ ਵੇਖਣ ਵਾਲੇ ਜੋ ਚਸ਼ਮਦੀਦ ਗਵਾਹ ਮੌਕੇ ਉੱਤੇ ਮੌਜੂਦ ਸਨ, ਉਨ੍ਹਾਂ ਨੇ ਮੌਕੇ `ਤੇ ਆਪਣੀ ਹਾਜ਼ਰੀ ਨੂੰ ਆਪਣੇ ਦਸਤਖਤਾਂ ਨਾਲ ਪਰਮਾਣਿਤ ਕਰ ਦਿੱਤਾ।

ਸੂਤਰਾਂ ਮੁਤਾਬਿਕ, ਹੋਟਲ ਵਿੱਚ ਬਾਬੇ ਨਾਲ ਮੌਜੂਦ ਔਰਤ ਕੈਲੀਫੋਰਨੀਆਂ ਤੋਂ ਉਸਦੇ ਡੇਰੇ ਆਉਣ ਵਾਲੀ ਚੇਲੀ ਸੀ। ਇਹ ਵੀ ਦੱਸਿਆ ਜਾਂਦਾ ਹੈ ਕਿ ਬਾਬੇ ਨੇ ਹੋਟਲ ਦੇ ਸਾਰੇ ੧੮ ਕਮਰੇ ਬੁੱਕ ਕਰਵਾ ਲਏ ਸਨ ਅਤੇ ਹੋਟਲ ਦੇ ਬਾਹਰ ‘ਨੋ ਵੇਕੈਂਸੀ’ (ਕੋਈ ਕਮਰਾ ਖਾਲੀ ਨਹੀਂ) ਦਾ ਬੋਰਡ ਲਗਾ ਦਿੱਤਾ ਗਿਆ। ਵਰਣਨਯੋਗ ਹੈ ਕਿ ਇਸ ਕਿੱਸੇ ਦੇ ਸਾਹਮਣੇ ਆਉਣ ਤੋਂ ਪਹਿਲਾਂ ਦਲਜੀਤ ਬਾਬਾ ਸ਼ਿਕਾਗੋ ਦੀ ਇੱਕ ਔਰਤ ਨਾਲ ਰਹਿਣ ਲਈ ਆਪਣੀ ਅੰਮ੍ਰਿਤਧਾਰੀ ਪਤਨੀ ਨੂੰ ਭਾਰਤ ਛੱਡ ਕੇ ਸ਼ਿਕਾਗੋ ਵਿਖੇ ਆ ਗਿਆ ਸੀ। ਦਲਜੀਤ ਸਿੰਘ ਦੀ ਪਤਨੀ ਉਸ ਨਾਲ ਰਹਿਣ ਲਈ ਪੰਜਾਬ ਤੋਂ ਅਮਰੀਕਾ ਆਈ ਪਰ ਦਲਜੀਤ ਸਿੰਘ ਨੇ ਉਸਨੂੰ ਵਾਪਿਸ ਮੋੜ ਦਿੱਤਾ।

ਸਿੱਖ ਰਿਲੀਜੀਅਸ ਸੋਸਾਇਟੀ, ਪੈਲਾਟੀਨ ਅਤੇ ਖਾਲਸਾ ਐਲਾਇੰਸ ਦੇ ਸੇਵਾਦਾਰਾਂ ਨੇ ਦੱਸਿਆ ਕਿ ਇਸ ਘਟਨਾ ਤੋਂ ਪਹਿਲਾਂ ਵੀ ਉਹ ਪੰਥਕ ਜਥੇਬੰਦੀਆਂ, ਜਥੇਦਾਰ ਸਾਹਿਬਾਨ ਅਤੇ ਹੋਰ ਆਗੂਆਂ ਨੂੰ ਬਾਬੇ ਦੀਆਂ ਮਨਮਤੀ ਕਰਤੂਤਾਂ ਬਾਰੇ ਚੇਤਾਵਨੀ ਦਿੰਦੇ ਰਹੇ। ਪਰ ਇਨ੍ਹਾਂ ਚੇਤਾਵਨੀਆਂ `ਤੇ ਧਿਆਨ ਨਹੀਂ ਦਿੱਤਾ ਗਿਆ ਅਤੇ ਸੰਗਤ ਇਸ ‘ਸੰਤ ਬਾਬੇ’ ਦੀ ਅਸਲੀਅਤ ਬਾਰੇ ਸ਼ੰਕੇ ਵਿੱਚ ਹੀ ਰਹੀ ਪਰ ਉਪਰੋਕਤ ਘਟਨਾਲ਼ਮ ਤੋਂ ਉਸਦਾ ਅਸਲ ਚਿਹਰਾ ਸੰਗਤ ਸਾਹਮਣੇ ਬੇਨਕਾਬ ਹੋ ਗਿਆ ਹੈ।

ਸਥਾਨਕ ਜਥੇਬੰਦੀਆਂ ਦਾ ਕਹਿਣਾ ਹੈ ਕਿ ਇਸ ਪ੍ਰਚਾਰ ਅਤੇ ਜ਼ਰੂਰਤਮੰਦਾਂ ਦੀ ਸਹਾਇਤਾ ਦੇ ਬਹਾਨੇ ਇਸ ਸੰਤ-ਬਾਬੇ ਨੇ ਸੰਗਤ ਨੂੰ ਕਰੜੀ ਮਿਹਨਤ ਨਾਲ ਕਮਾਏ ਗਏ ਹਜ਼ਾਰਾਂ ਡਾਲਰਾਂ ਦਾ ਧੋਖਾ ਦਿੱਤਾ ਹੈ। ਜ਼ਰੂਰਤਮੰਦਾਂ ਦੀ ਸਹਾਇਤਾ ਕਰਨ ਦੀ ਬਜਾਏ, ਬਾਬੇ ਨੇ ਇਸ ਦੌਲਤ ਦਾ ਉਪਯੋਗ ਐਸ਼ੋ-ਇਸ਼ਰਤ ਲਈ ਕੀਤਾ।

ਬਾਬੇ ਦਲਜੀਤ ਸਿੰਘ ਦੇ ਅਜਿਹੇ ਵਿਵਾਦਗ੍ਰਸਤ ਚਰਿੱਤਰ ਕਾਰਨ ਸਿੱਖ ਰਿਲੀਜੀਅਸ ਸੁਸਾਇਟੀ ਅਤੇ ਖਾਲਸਾ ਐਲਾਇੰਸ ਦੇ ਸਿੰਘ ਸਿੰਘਣੀਆਂ ਨੇ ੧੧ ਦਸੰਬਰ ੨੦੦੫ ਨੂੰ ਬਾਬੇ ਦੇ ਡੇਰੇ ਸਾਹਮਣੇ ਜ਼ੋਰਦਾਰ ਮੁਜ਼ਾਹਰਾ ਕੀਤਾ। ਪੁਲਿਸ ਵਲੋਂ ਮੁਜ਼ਾਹਰਾਕਾਰੀਆਂ ਦੀ ਇਜਾਜ਼ਤ ਕੇਵਲ ੧੦੦ ਦੀ ਸੀ ਪਰ ਸੰਗਤਾਂ ਦੇ ਸ਼ਾਂਤਮਈ ਵਤੀਰੇ ਨੂੰ ਮੱਦੇ ਨਜ਼ਰ ਰੱਖਦਿਆਂ, ਹੋਰ ਵਾਧੂ ਆਈ ਸੰਗਤ ਨੂੰ ਪੁਲਿਸ ਵਲੋਂ ਵਰਜਿਤ ਨਹੀਂ ਕੀਤਾ ਗਿਆ। ਸੰਗਤ ਨੇ ਗੁਰਬਾਣੀ ਦੀਆਂ ਤੁਕਾਂ ਵਾਲੀਆਂ ਫੱਟੀਆਂ ਚੁੱਕੀਆਂ ਹੋਈਆਂ ਸਨ, ਜੋ ਬਾਬੇ ਦਲਜੀਤ ਸਿੰਘ ਦੀ ਚਰਿਤਰਹੀਣਤਾ ਨੂੰ ਪ੍ਰਗਟ ਕਰਦੀਆਂ ਸਨ। ਫੱਟੀਆਂ `ਤੇ ਲਿਖੀਆ ਤੁਕਾਂ ਸਨ:

ਘਰ ਕੀ ਨਾਰਿ ਤਿਆਗੈ ਅੰਧਾ॥

ਪਰ ਨਾਰੀ ਸਿਉ ਘਾਲੇ ਧੰਧਾ॥

ਗਲੀ ਅਸੀ ਚੰਗੀਆ ਆਚਾਰੀ ਬੁਰੀਆਹ॥

ਮਨਹੁ ਕੁਸੁਧਾ ਕਾਲੀਆ ਬਾਹਰਿ ਚਿਟਵੀਆਹ॥

ਕਰਤੂਤਿ ਪਸੂ ਕੀ ਮਾਨਸ ਜਾਤਿ॥

ਲੋਕ ਪਚਾਰਾ ਕਰੈ ਦਿਨ ਰਾਤਿ॥

ਇਸ ਮੌਕੇ ਮਿਲਵਾਕੀ, ਡਾਟਿਰਾਟ, ਇੰਡੀਆਨਾ, ਮਿਸ਼ੀਗਨ ਦੀਆਂ ਸੰਗਤਾਂ ਹਾਜ਼ਰ ਸਨ। ਸਿੱਖ ਰਿਲੀਜੀਅਸ ਸੁਸਾਇਟੀ ਦੇ ਧਾਰਮਿਕ ਸਕੱਤਰ ਨੇ ਸੰਗਤਾਂ ਦੇ ਮੁਜ਼ਾਹਰੇ `ਚ ਸ਼ਾਮਲ ਹੋਣ ਦਾ ਧੰਨਵਾਦ ਕਰਦਿਆਂ ਕਿਹਾ, “ਸਾਡਾ ਕਿਸੇ ਨਾਲ ਕੋਈ ਨਿੱਜੀ ਵਿਰੋਧ ਨਹੀਂ। ਸਾਡਾ ਮਿਸ਼ਨ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਦੀ ਖਾਲਸ ਨੁਹਾਰ ਨੂੰ ਨਿਗਲ ਰਹੇ ਸਿੱਖੀ ਸਰੂਪ `ਚ ਡੇਰੇਦਾਰ ਦਲਜੀਤ ਸਿੰਘ ਦੇ ਦੋਹਰੇ ਕਿਰਦਾਰ ਨੂੰ ਸਿੱਖ ਸੰਗਤਾਂ ਸਾਹਮਣੇ ਪ੍ਰਗਟ ਕਰਨਾ ਹੈ।”

ਖਾਲਸਾ ਐਲਾਇੰਸ ਦੇ ਭਾਈ ਭਰਪੂਰ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ, “ਖਾਲਸਾ ਐਲਾਇੰਸ ਸਿਰਫ ਦਲਜੀਤ ਬਾਬੇ `ਤੇ ਹੀ ਨਹੀਂ ਰੁਕੇਗਾ ਬਲਕਿ ਸਿੱਖ ਸੰਤਾਂ ਦੇ ਭੇਖ ਵਿੱਚ ਵਿਚਰ ਰਹੇ ਹੋਰਨਾਂ ਪਾਖੰਡੀਆਂ ਦਾ ਵੀ ਪਰਦਾ ਫਾਸ਼ ਕਰੇਗਾ ਅਤੇ ਉਨ੍ਹਾਂ ਨੂੰ ਚੁਣੌਤੀ ਦੇਵੇਗਾ, ਜੋ ਸਿੱਖ ਸੰਗਤਾਂ ਦੀ ਸ਼ਰਧਾ ਦਾ ਨਾਜਾਇਜ਼ ਲਾਭ ਉਠਾ ਰਹੇ ਹਨ। ਅਸੀਂ ਸਿੱਖ ਸੰਗਤ ਨੂੰ ਇਨ੍ਹਾਂ ਝੂਠੇ ਸੰਤਾਂ ਬਾਰੇ ਸੁਚੇਤ ਕਰਦੇ ਰਹਾਂਗੇ ਅਤੇ ਖਾਲਸਾ ਪੰਥ ਨੂੰ ਇਸ ਕੈਂਸਰ ਤੋਂ ਮੁਕਤੀ ਦਿਵਾਉਣ ਲਈ ਕੰਮ ਕਰਦੇ ਰਹਾਂਗੇ, ਜਿਸਨੂੰ ਹਾਲਾਂ ਤੱਕ ਕੋਈ ਚੁਣੌਤੀ ਨਹੀਂ ਮਿਲੀ।”

ਵਿਚਾਰ—ਸੋ ਹੁਣ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਇਹਨਾਂ ਸਾਧਾਂ ਸੰਤਾਂ, ਬ੍ਰਹਮਗਿਆਨੀਆਂ ਦੀ ਹਰ ਗੱਲ, ਹਰ ਕੰਮ ਗੁਰਬਾਣੀ ਦੇ ਉਲਟ ਹੈ। ਕਈ ਭੋਲੇ ਲੋਕ ਜੋ ਗੁਰਬਾਣੀ ਨਹੀ ਜਾਣਦੇ ਉਹ ਕਹਿਣਗੇ ਕਿ ਸੰਤ ਸਾਧ ਵੀ ਗੁਰਬਾਣੀ ਦੇ ਉਲਟ ਹੁੰਦੇ ਹਨ? ਇਸ ਕਰਕੇ ਇਹ ਸਾਰਾ ਕੁੱਝ ਲਿਖਤੀ ਰੂਪ ਵਿੱਚ ਦੁਨੀਆਂ ਭਰ ਦੇ ਸਿੱਖਾਂ ਨੂੰ ਜਾਗ੍ਰਿਤ ਕਰਨ ਕਰਕੇ ਕਰਨਾ ਪਿਆ ਅਤੇ ਕਰਦੇ ਰਹਾਂਗੇ। ਹੋਰ ਵੀ ਬਹੁਤ ਕੁੱਝ ਹੈ ਜੋ ਇਹ ਸੰਤ, ਗੁਰਬਾਣੀ ਦੇ ਉਲਟ ਕਰਦੇ ਹਨ। (ਸਮਾਪਤ)
.