ਵਿਸ਼ਵਾਸ਼ਘਾਤ
ਇੱਕ ਬੜੀ ਪਿਆਰੀ ਸਾਖੀ ਹੈ ਕਿ ਇੱਕ ਵਾਰ ਇੱਕ ਗੁਰੂ ਕਾ ਸਿੱਖ ਘੋੜੇ ਉਪਰ ਜਾ
ਰਿਹਾ ਸੀ। ਘੋੜਾ ਬੜਾ ਪਿਆਰਾ ਸੀ। ਘੋੜਾ ਦੇਖ ਇੱਕ ਚੋਰ ਦਾ ਮਨ ਲਲਚਾ ਗਿਆ। ਉਸ ਬੜੀ ਵਾਹ ਲਾਈ ਪਰ
ਚੋਰੀ ਦਾ ਕੋਈ ਸਬੱਬ ਨਾ ਬਣਿਆ। ਆਖਰ ਉਸ ਇੱਕ ਵਿਉਂਤ ਸੋਚੀ ਅਤੇ ਬੀਮਾਰ ਹੋਣ ਦਾ ਭੇਸ ਬਣਾ ਕੇ ਰਾਹ
ਵਿੱਚ ਬੈਠ ਗਿਆ। ਜਦ ਗੁਰੂ ਕਾ ਸਿੱਖ ਲਾਗੋਂ ਲੰਘਣ ਲਗਾ ਤਾਂ ਉਸ ਵਾਸਤਾ ਪਾਇਆ ਕਿ ਮੈ ਬਹੁਤ ਬੀਮਾਰ
ਹਾਂ, ਤੁਰਿਆ ਨਹੀ ਜਾ ਰਿਹਾ, ਵੇਲੇ ਸਿਰ ਮਦਦ ਨਾ ਮਿਲੀ ਤਾਂ ਮਰ ਜਾਵਾਂਗਾ ਕ੍ਰਿਪਾ ਕਰਕੇ ਮੈਨੂੰ
ਕਿਸੇ ਟਿਕਾਣੇ ਲੱਗਦਾ ਕਰ ਦੇਵੋ ਮੈ ਤੁਰ ਨਹੀ ਸਕਦਾ।
ਗੁਰੂ ਕੇ ਸਿੱਖ ਨੇ ਕੁੱਝ ਨਹੀ ਪੁੱਛਿਆ ਤੇ ਛਾਲ ਮਾਰ ਘੋੜਿਉਂ ਹੇਠਾਂ ਉਤਰ
ਆਇਆ। ਉਸ ਨੇ ਬੀਮਾਰ ਬਣੇ ਬੈਠੇ ਚੋਰ ਦੀ ਇਨਸਾਨੀਅਤ ਨਾਤੇ ਮਦਦ ਕਰਦਿਆਂ ਉਸ ਨੂੰ ਘੋੜੇ ਉਪਰ ਬੈਠਾਇਆ
ਅਤੇ ਆਪ ਪੈਦਲ ਨਾਲ ਚਲਣ ਲਗ ਪਿਆ। ਚੋਰ ਥੋੜੀ-ਥੋੜੀ ਵਿੱਥ ਕਰਦਿਆਂ ਜਦ ਦੇਖਿਆ ਕਿ ਹੁਣ ਘੋੜਾਂ ਪਕੜ
ਤੋਂ ਬਾਹਰ ਆ ਗਿਆ ਹੈ ਤਾਂ ਉਸ ਘੋੜੇ ਨੂੰ ਅੱਡੀ ਲਾ ਲਈ ਅਤੇ ਥੋੜੀ ਦੂਰ ਜਾ ਕੇ ਸਿੱਖ ਨੂੰ ਸੰਬੋਧਨ
ਹੋਇਆ ਕਿ ਐ ਗੁਰੂ ਕੇ ਸਿੱਖ! ਮੈਂ ਚੋਰ ਹਾਂ ਤੇ ਘੋੜਾ ਤੇਰਾ ਸਮਝ ਚੋਰੀ ਹੋ ਗਿਆ ਹੈ ਇਸ ਨੂੰ ਲੱਭਣ
ਦੀ ਕੋਸ਼ਿਸ਼ ਨਾ ਕਰੀਂ!
ਸਿੱਖ ਦੀ ਸਿਹਤ ਤੇ ਕੋਈ ਅਸਰ ਨਾ ਹੋਇਆ ਉਹ ਬੜੇ ਸਹਿਜ ਵਿੱਚ ਚੋਰ ਨੂੰ ਕਹਿਣ
ਲੱਗਾ ਕਿ ਵੀਰ ਮੇਰੇ! ਘੋੜਾ ਲੈ ਜਾ ਕੋਈ ਗੱਲ ਨਹੀ ਮੈਨੂੰ ਗੁਰੂ ਹੋਰ ਦੇ ਦੇਵੇਗਾ ਪਰ ਇਹ ਗੱਲ
ਦੱਸੀਂ ਨਾ ਕਿਸੇ ਨੂੰ ਕਿ ਮੈਂ ਬੀਮਾਰ ਬਣ ਕੇ ਘੋੜਾ ਚੋਰੀ ਕੀਤਾ ਹੈ ਕਿਉਂਕਿ ਤੇਰੇ ਇਸ ਝੂਠ ਕਾਰਨ
ਉਹ ਲੋਕ ਮਦਦ ਤੋਂ ਵਾਂਝੇ ਰਹਿ ਜਾਣਗੇ ਜੀਹਨਾ ਨੂੰ ਕਦੇ ਸੱਚਮੁਚ ਮਦਦ ਦੀ ਲੋੜ ਪਵੇਗੀ। ਕੋਈ ਬੀਮਾਰ
ਅਤੇ ਲੋੜਵੰਦ ਦੀ ਮਦਦ ਕਰਨ ਲਈ ਤਿਆਰ ਨਾ ਹੋਵੇਗਾ ਕਿ ਉਹ ਛਲਿਆ ਨਾ ਜਾਵੇ!
ਚੋਰ ਘੋੜਾ ਲੈ ਗਿਆ ਪਰ ਗੁਰੂ ਕੇ ਸਿੱਖ ਦੇ ਬੋਲ ਉਸ ਦੇ ਕੰਨੀ ਗੂੰਜਦੇ ਰਹੇ
ਤੇ ਆਖਰ ਉਹ ਥੋੜੇ ਚਿਰ ਬਾਅਦ ਹੀ ਘੋੜਾ ਵਾਪਸ ਲੈ ਕੇ ਸਿੱਖ ਦੇ ਪੈਰੀਂ ਆ ਡਿੱਗਾ ਕਿ ਉਸ ਦੇ ਬੱਚਨਾ
ਨੇ ਉਸਦੀ ਪੁੱਠੀ ਮੱਤ ਵਿੱਚ ਛੇਕ ਕਰਕੇ ਰੱਖ ਦਿਤਾ ਹੈ ਹੁਣ ਮੈ ਇਹ ਘੋੜਾ ਲੈ ਕੇ ਅੱਗੇ ਨਹੀ ਜਾ
ਸਕਿਆ ਤੇ ਕ੍ਰਿਪਾ ਕਰਕੇ ਮੈਨੂੰ ਵੀ ਸਿੱਖੀ ਦੀ ਸੋਝੀ ਪਾਵੋ।
ਬਾਬਾ ਫੌਜਾ ਸਿੰਘ ਨੇ ਜਦ ਇਹ ਗੁਰੂ ਕੇ ਸਿੱਖ ਦੀ ਸਾਖੀ ਪੜੀ ਤਾਂ ਮਨ ਉਸ ਦਾ
ਗਦ-ਗਦ ਹੋ ਉੱਠਿਆ ਪਰ ਨਾਲ ਹੀ ਉਸ ਨੂੰ ਖਿਆਲ ਆਇਆ ਧਾਰਮਿਕ ਅਸਥਾਨਾ ਉਪਰ ਬੈਠੇ ਉਹਨਾ ਲੋਕਾਂ ਦਾ
ਜਿਹੜੇ ਧਾਰਮਿਕ ਪਹਿਰਾਵਿਆਂ ਵਿੱਚ ਲੁੱਟ-ਮਾਰ ਕਰਦੇ, ਚੋਰੀਆਂ ਕਰਦੇ, ਇੱਕ ਦੂਜੇ ਨਾਲ ਝਗੜਦੇ,
ਕਬਜਿਆਂ ਪਿੱਛੇ ਕੋਟਾਂ ਕਚਹਿਰੀਆਂ ਵਿੱਚ ਖਾਕ ਛਾਣਦੇ ਧਰਮ ਵਿਚੋਂ ਲੁਕਾਈ ਦੀ ਸ਼ਰਧਾ ਨੂੰ ਭਾਰੀ ਸੱਟ
ਮਾਰ ਰਹੇ ਹਨ ਜਿਸ ਕਰਕੇ ਨੌਜਵਾਨ ਪੀਹੜੀ ਸਮੁੱਚੇ ਧਰਮ ਨੂੰ ਠੱਗੀ ਦੀ ਨਿਗਾਹ ਨਾਲ ਦੇਖਦੀ ਸਿੱਖੀ
ਤੋਂ ਦੂਰ ਜਾ ਰਹੀ ਹੈ।
ਲੰਮੀ ਉਮਰ
ਬਾਬਾ ਫੋਜਾ ਸਿੰਘ ਘਰ ਆ ਰਹੇ ਪ੍ਰਾਉਹਣਿਆਂ ਲਈ ਚਾਰ ਸਮੋਸੇ ਫੜਨ ਸਵੀਟ ਸ਼ਾਪ
ਗਿਆ। ਉਥੇ ਬੜੀ ਗਹਿਮਾ ਗਹਿਮ ਸੀ। ਲਾਈਨ ਵਿੱਚ ਖੜੋਤੀਆਂ ਬੀਬੀਆਂ ਦੇ ਰੰਗ ਰੂਪ ਹੀ ਬਦਲੇ ਪਏ ਸਨ।
ਬਾਬੇ ਨੂੰ ਪਤਾ ਲੱਗਾ ਕਿ ਇਹ ਵਰਵਾਚੌਥ ਜੀ ਦੀ ਕ੍ਰਿਪਾ ਹੈ ਦੂਜੇ ਰੂਪ ਵਿੱਚ ਬ੍ਰਹਾਮਣ ਜੀ ਦੀ
ਜਿਹੜਾ ਔਰਤ ਨੂੰ ਪੈਰ ਦੀ ਜੁੱਤੀ ਵੀ ਕਹਿੰਦਾ ਰਿਹਾ ਤੇ ਅਪਣੀ ਲੰਮੀ ਉਮਰ ਯਾਨੀ ਉਸ ਦਾ ਰਾਸ਼ਨ ਵੀ ਆਪ
ਛੱਕਣ ਲਈ ਉਸ ਨੂੰ ਭੁੱਖੀ ਵੀ ਰੱਖਦਾ ਰਿਹਾ। ਬੀਬੀਆਂ ਵਿਚਾਰੀਆਂ ਅਪਣੇ ਪਤੀਆਂ ਦੀਆਂ ਲੰਮੀਆਂ ਉਮਰਾਂ
ਦੇ ਗੇੜ ਵਿੱਚ ਮਠਿਆਈਆਂ, ਫੈਣੀਆਂ ਅਤੇ ਮੱਠਿਆਂ ਦੇ ਗੇੜ ਵਿੱਚ ਪਈਆਂ ਹੋਈਆਂ ਲੰਮੀ ਲਾਈਨ ਵਿੱਚ
ਲੱਗੀਆਂ ਹੋਈਆਂ ਸਨ। ਬਾਬੇ ਦੇ ਨਾਲ ਹੀ ਬਾਬੇ ਦਾ ਇੱਕ ਗੁਆਂਢੀ ਵੀ ਲਾਈਨ ਵਿੱਚ ਖੜੋਤਾ ਸੀ। ਬਾਬੇ
ਸੋਚਿਆ ਸ਼ਾਇਦ ਇਸ ਵੀ ਵਰਤ ਰੱਖਣਾ ਹੋਵੇ ਪਰ ਪੁੱਛਣ ਤੇ ਉਸ ਦੱਸਿਆ ਕਿ ਉਸ ਘਰੇ ‘ਮੰਗ’ ਪਾਈ ਹੋਈ ਹੇ
ਯਾਨੀ ਪਿਛੇ ਇੱਕ ਸ਼ੈੱਡ ਬਣਾ ਰਿਹਾ ਹੈ ਇਸ ਲਈ ਖਾਣ-ਪੀਣ ਤਾਂ ਫਿਰ ਚਾਹੀਦਾ ਹੀ ਹੈ!
ਕੌਂਟਰ ਤੇ ਖੜੀ ਬੀਬੀ ਨੇ ਜਦ ‘ਨੈਕਸਟ’ ਕਿਹਾ ਤਾਂ ਗੁਆਢੀ ਦੇ ਲਾਗੇ ਖੜੀ
ਬੀਬੀ, ਜਿਸ ਨੇ ਸੰਧੂਰ, ਟਿੱਕਾ ਅਤੇ ਪਤੀ ਨੂੰ ਸਾਲ ਬਾਅਦ ਸੁਹਣੀ ਲੱਗਣ ਲਈ ਚੰਗੀ ਪੋਚਾ ਪਾਚੀ ਕੀਤੀ
ਹੋਈ ਸੀ ਤੇ ਜਿਸ ਦਾ ਲੰਮੀ ਉਮਰ ਕਰਨ ਆਇਆ ਪਤੀ ਸ੍ਰੀ ਵੀ ਨਾਲ ਹੀ ਸੀ, ਨੇ ਨੈਸਕਟ ਕਹਿਣ ਤੇ ਮੂਹਰੇ
ਖੜੇ ਗੁਆਢੀ ਤੋਂ ਵੀ ਪਹਿਲਾਂ ਅਵਾਜ ਦੇ ਦਿਤੀ। ਗੁਆਂਢੀ ਪਹਿਲਾਂ ਹੀ ਕਾਹਲੀ ਚ’ ਸੀ ਘਰ ਬੰਦੇ ਲੱਗੇ
ਹੋਏ ਸਨ, ਇੱਕ ਉਂਝ ਰਸ਼ ਸੀ ਉਹ ਖਿਝ ਗਿਆ ਤੇ ਕਹਿਣ ਲੱਗਾ ਕਿ ਭੈਣ ਜੀ ਪਹਿਲਾਂ ਮੈਂ ਸਾਂ।
ਸੰਧੂਰ ਵਾਲੀ ਬੀਬੀ ਨੂੰ ਬੜਾ ਔਖਾ ਜਾਪਿਆ ਪਰ ਉਹ ਕਰਵਾਚੌਥ ਦੇ ਬਦਾਮਾ ਵਾਲੇ
ਦੁੱਧ ਵਾਂਗ ਵਿਚੇ ਪੀ ਗਈ ਤੇ ਫੁਸ-ਫੁਸ ਜਿਹੀ ਕਰਦੀ ਚੁੱਪ ਕਰ ਰਹੀ। ਪਰ ਉਸ ਦੇ ਪਤੀ ਨੂੰ ਜਾਪਿਆ ਕਿ
ਸ਼ਾਇਦ ਮੇਰੀ ਪਤਨੀ ਸਾਹਿਬਾਂ ਦੀ ਬੇਇੱਜਤੀ ਹੋਈ ਹੈ ਉਸ ਲਾ ਕੇ ਜਿਹੇ ਗੁਆਂਢੀ ਨੂੰ ਕਿਹਾ ਕਿ ਤੁਸੀਂ
ਭਾਵੇ ਦੋ ਹੋਰ ਡੱਬੇ ਲਓ ਜੀ ਅਸੀਂ ਹੋਰ ਪਿੱਛੇ……
ਅਵਾਜ ਇੱਕ ਦਮ ਬੰਦ ਹੋ ਗਈ ਤਾਂ ਬਾਬੇ ਨੇ ਪਿੱਛੇ ਭਉਂ ਕਿ ਦੇਖਿਆ ਕਿ ਲੰਮੀ
ਉਮਰ ਲੈਣ ਆਈ ਪਤਨੀ ਨੇ ਲੋਕਾਂ ਸਾਹਵੇਂ ਆਖੇ ਨਾ ਲੱਗਣ ਵਾਲੇ ਬੱਚੇ ਦੀ ਮਾਂ ਵਾਂਗ ਲੰਮੀ ਉਮਰ ਵਾਲੇ
ਦੀ ਵੱਖੀ ਵਿੱਚ ਚੰਗਾ ਇਕੱਠਾ ਜਿਹਾ ਕਰਨ ਵਰਗੀ ਚੂੰਡੀ ਭਰੀ ਕਿ ਜੇ ਮੈ ਨਹੀ ਬੋਲੀ ਤਾਂ ਮੇਰੇ
ਹੁੰਦਿਆਂ ਤੇਰਾ ਬੋਲਣਾ ਜਰੂਰੀ ਹੈ? ਪਤੀ ਜੀ ਵਿਚਾਰੇ ਕਸੀਸ ਵੱਟ ਕੇ ਪਤਨੀ ਵਲੋਂ ਆਈ ਬੇਇਜਤੀ ਨੂੰ
ਵਰਤ ਖ੍ਹੋਲਣ ਤੋਂ ਬਾਅਦ ਦੁੱਧ ਵਿੱਚ ਪਾਈਆਂ ਫੈਣੀਆਂ ਵਾਂਗ ਛੱਕ ਗਏ! ਬਾਬੇ ਨੂੰ ਵਿਚਾਰੇ ਪਤੀ ਤੇ
ਤਰਸ ਆ ਰਿਹਾ ਸੀ ਜਿਸਦੀ ਪਤਨੀ ਉਂਝ ਤਾਂ ਪਤੀ ਦੀ ਉਮਰ ਵਧਾ ਰਹੀ ਸੀ ਪਰ ਉਸਨੂੰ ਬੋਲ ਸਕਣ ਦਾ ਹੱਕ
ਨਹੀ ਸੀ ਦੇ ਰਹੀ!
ਬੇੜੇ ਦੇ ਮਲਾਹ
ਹਾਂ ਬਈ ਅਗਲਾ ਪ੍ਰਧਾਨ! ਜੀ, ਦਾਸ ਹੇ! ਹਾਂ ਬਈ ਦਾਸ! ਪੰਜ ਪਿਆਰਿਆਂ ਦੇ
ਨਾਮ? ਜੀ, ਜੀ, ਭਾਈ ਦਇਆ ਸਿੰਘ, ਭਾਈ. ਈ. ਈ. ਉਦੇ ਸਿੰਘ? ਚਲ ਬਾਹਰ। ਹਾਂ ਬਈ ਅਗਲਾ! ਜੁਪਜੀ ਦੀਆਂ
ਪੰਜ ਪਉੜੀਆਂ ਜੁਬਾਨੀ ਸੁਣਾ ਬਈ! ਜੀ, ਜੀ ਉਹ ਤਾਂ ਹਾਲੇ ਯਾਦ ਕਰਨੀਆਂ! ਯਾਦ ਕਰਨੀਆਂ? ਕਿੰਨਾ ਚਿਰ
ਹੋਇਆ ਗੁਰਦੁਆਰੇ ਦਾ ਪ੍ਰਧਾਨ ਬਣਿਆ? ਜੀ ਹੋ ਹੀ ਚਲੇ ਦਾਸ ਨੂੰ ‘ਸੇਵਾ’ ਕਰਦਿਆਂ ਕੋਈ 8 ਸਾਲ? ਚਲ
ਹੋ ਬਾਹਰ।
ਚਲੋ ਬਈ ਅਗਲਾ? ਓ, ਪ੍ਰਧਾਨ ਤੇਰੇ ਮੂੰਹ ਤੇ ਦਾਹੜੀ ਕਿਧਰ ਗਈ ਬਈ?
ਜੀ ਮੈਂ ਸਹਿਜਧਾਰੀ ਸਿੱਖ ਹਾਂ!
ਅੱਛਾ! ਸਿੱਖ ਕਿੰਨੇ ਕਿਸਮ ਦੇ ਹੁੰਦੇ ਤੇ ਸਹਿਜਧਾਰੀ ਕਿਹੜੇ ਗਰੰਥ `ਚੋ
‘ਖੋਜਿਆ’ ਬਈ ਤੂੰ? ਜੀ ਮੈ ਸੁਣਿਆ ਕਿ ਸਾਹਿਜਧਾਰੀ ਸਿੱਖ ਵੀ ਹੋ ਸਕਦਾ!
ਠੀਕ ਏ ਚਲ ਦਸ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਤਿ ਛਕਾ ਕੇ ਖਾਲਸਾ ਕਦੋਂ
ਸਾਜਿਆ?
ਜੀ, ਸ਼ਾਇਦ ਵੇਸਾਖੀ ਤੇ!
ਬਹੁਤ ਅੱਛੇ! ਪਰ ਜਦੋਂ ਸਾਜਿਆ ਨਾਲ ਕੋਈ ਸਹਿਜਧਾਰੀ ‘ਪੰਥ’ ਵੀ ਸਾਜਿਆ ਸੀ?
ਜੀ. ਈ. ਈ
ਚਲ ਨਿਕਲ ਬਾਹਰ!
ਹਾਂ ਬਈ ਅਗਲਾ! ਚਲ ਦਸ ਗੁਰੂ ਗਰੰਥ ਸਾਹਿਬ ਜੀ ਵਿੱਚ ਕਿੰਨੇ ਭਗਤਾਂ ਦੀ
ਬਾਣੀ ਹੈ?
ਜੀ, ਜੀ,
ਚਲ ਸਰ ਗਿਆ! ਲਾਉਂਗੇ ਬੰਨੇ! ਹੱਛਾ ਗੁਰੂ ਗੋਬਿੰਦ ਸਿੰਘ ਜੀ ਦਾ ਸਭ ਤੋਂ
ਪਹਿਲਾਂ ਯੁੱਧ ਕਿਥੇ ਤੇ ਕਿਸ ਨਾਲ ਹੋਇਆ?
ਜੀ, ਭਾਈ ਸਾਹਬ ਤੁਸੀਂ ਕੀ ਆਹ ਲੜਾਈਆਂ-ਯੁੱਧਾਂ ਵਿੱਚ ਪੈ ਗਏ ਸਾਰਾ ਕੰਮ
ਬੜਾ ਸੁਹਣਾ ਚਲੀ ਤਾਂ ਜਾ ਰਿਹਾ। ਨਹੀ?
ਚਲ ਬਾਹਰ! ਅਪਣੀ ਸਿੱਖ ਮੱਤ ਕੋਲੇ ਰੱਖ।
ਚਲੋ ਬਈ ਅਗਲਾ! ਹਾਂ ਬਈ ਛੋਟੇ ਸਹਿਬਜਾਦਿਆਂ ਦੀ ਸ਼ਹੀਦੀ ਕਦੋਂ ਹੋਈ?
ਜੀ ਦੀਵਾਲੀ ਨੂੰ?
ਓ ਥੋਡਾ ਬੇੜਾ ਤਰਜੇ ਮਲਾਹੋ! ਤੁਸੀਂ ਕੀ ਕਿਸੇ ਨੂੰ ਪਾਰ ਲਾਉਂਗੇ? ਚਲ ਦਸ
ਟਰੰਟੋਂ ਦਾ ਸਭ ਤੋਂ ਵਧੀਆ ਵਕੀਲ ਕਿਹੜਾ?
ਲਉ ਜੀ, ਇਹ ਕਿਹੜਾ ਔਖਾ ਸਵਾਲ। ਡਾਉਨ-ਟਾਉਂਨ ਵਾਲਾ ਮਿਸਟਰ … …
ਬਾਬੇ ਫੌਜਾ ਸਿੰਘ ਨੇ ਦੇਖਿਆ ਕਿ ਇਹਨਾ ਸ਼ਰਤਾਂ ਅਧੀਨ ਜਦ ਗੁਰਦੁਆਰਾ ਪ੍ਰਬੰਧ
ਸੌਂਪਣ ਦੀ ਗੱਲ ਚਲੀ ਤਾਂ ਬਹੁਤੇ ਗੁਰਦੁਆਰਿਆਂ ਵਿਚੋਂ
ਇਹ ਸਾਮੀਆਂ ਖਾਲੀ ਹੋ ਗਈਆਂ। ਇਹ ਬੜਾ ਹੈਰਾਨੀ ਜਨਕ ਨਤੀਜਾ ਸੀ ਕਿ ਜਿਸ ਸਿਧਾਂਤ ਦੇ ਇਹ ਲੋਕ
ਪਹਿੇਦਾਰ ਸਨ ਉਸ ਬਾਰੇ ਉਹਨਾ ਦੀ ਜਾਣਕਾਰੀ ਨਾਂਹ ਬਰਾਬਰ ਸੀ। ਬੇਸ਼ਕ ਬਾਬੇ ਦੀਆਂ ਇਹ ਖਿਆਲੀਆਂ
ਉਡਾਰੀਆਂ ਸਨ ਪਰ ਹਕੀਕਤ ਦੇ ਬਹੁਤ ਨੇੜੇ ਸਨ ਵੈਸੇ ਤਰਜ਼ਬਾ ਕੀਤਾ ਜਾ ਸਕਦਾ ਹੈ। ਇੰਨੀਆਂ ਵੱਡੀਆਂ
ਸੰਸਥਾਵਾਂ ਨੂੰ ਚਲਾਉਂਣ ਵਾਲਿਆਂ ਲਈ ਕੋਈ ਮਾਪਦੰਡ ਨਹੀ? ਬਾਬਾ ਬੜਾ ਹੈਰਾਨ ਸੀ!
ਗੁਲਾਮ
ਚਾਰ ਗੁਲਾਮ ਤਖਤ ਉਪਰ ਸੁੱਤੀ ਪਈ ਅਪਣੀ ਮਲਕਾ ਨੂੰ ਪੱਖਾ ਝਲ ਰਹੇ ਸਨ। ਮਲਕਾ
ਬੜੀ ਗੂੜੀ ਨੀਂਦ ਵਿੱਚ ਸੀ। ਉਸਦੀ ਗੋਦ ਵਿੱਚ ਇੱਕ ਬਿੱਲੀ ਲੇਟੀ ਹੋਈ ਗੁਰਰਾ ਰਹੀ ਸੀ ਤੇ ਉਹ
ਗੁਲਾਮਾ ਵਲ ਬੜੇ ਧਿਆਨ ਨਾਲ ਤੱਕ ਰਹੀ ਸੀ।
ਪਹਿਲੇ ਗੁਲਾਮ ਨੇ ਕਿਹਾ ਇਹ ਬੁੱਢੀ ਮਲਕਾ ਸੁਤੀ ਪਈ ਕਿੰਨੀ ਕਰੂਪ ਲਗ ਰਹੀ
ਹੈ। ਇਸਦਾ ਚਿਹਰਾ ਝੁਰੜੀਆਂ ਨਾਲ ਭਰਿਆ ਪਿਆ ਹੈ ਤੇ ਇਹ ਸਾਹ ਵੀ ਵਿਚਾਰੀ ਇੰਝ ਲੈ ਰਹੀ ਹੈ ਜਿਵੇਂ
ਸ਼ੈਤਾਨ ਇਸਦਾ ਗਲਾ ਘੁੱਟ ਰਿਹਾ ਹੋਵੇ।
ਬਿੱਲੀ ਨੇ ਗੁਰਾਉਂਦਿਆਂ ਹੋਇਆਂ ਕਿਹਾ, "ਇਹ ਨੀਂਦ ਵਿੱਚ ਵੀ ਇਤਨੀ ਭੈੜੀ
ਮਲੂਮ ਨਹੀ ਹੁੰਦੀ ਜਿੰਨੇ ਤੁਸੀਂ ਗੁਲਾਮ ਜਾਗਦੇ ਹੋਏ ਵੀ ਕੁਥਰੇ ਤੇ ਕੋਝੇ ਮਲੂਮ ਹੁੰਦੇ ਹੋ"।
ਦੂਸਰੇ ਨੇ ਕਿਹਾ ਤੁਸੀਂ ਸੋਚਦੇ ਹੋਵੋਂਗੇ ਕਿ ਨੀਂਦ ਵਿੱਚ ਇਸਦੇ ਚਿਹਰੇ
ਦੀਆਂ ਝੁਰੜੀਆਂ ਸਾਫ ਦਿਸ ਰਹੀਆਂ ਹਨ, ਇਹ ਜਰੂਰ ਭੈੜਾ ਸੁਪਨਾ ਦੇਖ ਰਹੀ ਹੋਵੇਗੀ’।
ਬਿੱਲੀ ਨੇ ਕਿਹਾ, ‘ਕਾਸ਼! ਕਿ ਤੁਸੀਂ ਸੌਂ ਕੇ ਵੀ ਅਪਣੀ ਅਜਾਦੀ ਦਾ ਸੁਪਨਾ
ਹੀ ਦੇਖ ਸਕਦੇ’।
ਤੀਸਰੇ ਗੁਲਾਮ ਨੇ ਕਿਹਾ, ‘ਸ਼ਾਇਦ ਇਹ ਉਹਨਾ ਲੋਕਾਂ ਦਾ ਝੁਰਮਟ ਦੇਖ ਰਹੀ ਹੈ
ਜੀਹਨਾ ਨੂੰ ਇਸਨੇ ਕਤਲ ਕੀਤਾ ਹੈ’।
ਬਿੱਲੀ ਨੇ ਗੁਰਾਉਂਦਿਆਂ ਹੋਇਆਂ ਕਿਹਾ, ‘ਹਾਂ, ਇਹ ਤੁਹਾਡੇ ਹੀ ਵਡੇ
ਵਡੇਰਿਆਂ ਦਾ ਜਲੂਸ ਤੱਕ ਰਹੀ ਹੈ’।
ਚੌਥੇ ਗੁਲਾਮ ਨੇ ਕਿਹਾ, ‘ਇਸ ਰਾਣੀ ਬਾਰੇ ਗੱਲਾਂ ਕਰਨੀਆਂ ਇੱਕ ਚੰਗਾ ਸ਼ੁਗਲ
ਹੈ, ਪਰ ਖੜਿਆਂ ਖੜਿਆਂ ਪੱਖਾ ਝਲਦੇ ਰਹਿਣਾ ਵੀ ਕਈ ਘੱਟ ਮੁਸੀਬਤ ਨਹੀ’।
ਬਿੱਲੀ ਨੇ ਫਿਰ ਕਿਹਾ, ‘ਤੁਸੀਂ ਕਿਆਮਤ ਪੱਖੇ ਝਲਦੇ ਰਹੋਗੇ, ਜਿਸ ਤਰ੍ਹਾਂ
ਦੇ ਤੁਸੀਂ ਧਰਤੀ ਤੇ ਹੋ ਇਸ ਤਰ੍ਹਾਂ ਦੇ ਹੀ ਤੁਸੀਂ ਅਸਮਾਨ ਤੇ ਰਹੋਗੇ’।
ਇਸੇ ਸਮੇ ਬੁੱਢੀ ਮਲਕਾ ਨੇ ਸੁੱਤਿਆਂ ਪਿਆਂ ਅਪਣਾ ਸਿਰ ਹਿਲਾਇਆ ਤੇ ਉਸਦਾ
ਤਾਜ ਭੁੰਜੇ ਡਿੱਗ ਪਿਆ।
ਇੱਕ ਗੁਲਾਮ ਨੇ ਕਿਹਾ ਕਿ ਇਹ ਤਾਂ ਭੈੜਾ ਸ਼ਗਨ ਹੋਇਆ ਹੈ।
ਬਿੱਲੀ ਨੇ ਗੁਰਰਾ ਕੇ ਕਿਹਾ, ‘ਇੱਕ ਲਈ ਭੈੜਾ ਸ਼ਗਨ ਹੀ ਦੂਜੇ ਲਈ ਚੰਗਾ
ਹੁੰਦਾ ਹੈ’।
ਦੂਸਰੇ ਨੇ ਕਿਹਾ, ‘ਅਗਰ ਇਹ ਜਾਗ ਪਵੇ ਤਾਂ ਸਾਨੂੰ ਸਾਰਿਆਂ ਨੂੰ ਕਤਲ ਕਰ
ਦੇਵੇਗੀ ਤੇ ਫਿਰ ਇਸ ਨੂੰ ਦੇਵਤਿਆਂ ਲਈ ਕੁਰਬਾਨੀ ਕੀਤੀ ਖਿਆਲ ਕਰੇਗੀ’।
ਬਿੱਲੀ ਨੇ ਗੁਰਾਉਂਦਿਆਂ ਹੋਇਆਂ ਕਿਹਾ, ‘ਤੁਹਾਨੂੰ ਤਾਂ ਇਹ ਜੰਮਣ ਸਮੇ ਤੋਂ
ਹੀ ਰੋਜ ਕਤਲ ਕਰਦੀ ਆ ਰਹੀ ਹੈ ਪਰ ਤੁਹਾਨੂੰ ਪਤਾ ਹੀ ਨਹੀ ਲਗਦਾ’।
ਤੀਸਰੇ ਗੁਲਾਮ ਨੇ ਕਿਹਾ ਕਿ ਹਾਂ! ਇਹ ਸੱਚਮੁਚ ਹੀ ਸਾਨੂੰ ਕਤਲ ਕਰ ਦੇਵਗੀ
ਤੇ ਦੇਵਤਿਆਂ ਲਈ ਕੁਰਬਾਨੀ ਕੀਤੀ ਖਿਆਲ ਕਰੇਗੀ’।
ਬਿੱਲੀ ਫਿਰ ਗੁਰਾਈ, ‘ਕੇਵਲ ਕਮਜੋਰ ਹੀ ਦੇਵਤਿਆਂ ਲਈ ਬਲੀ ਕੀਤੇ ਜਾਂਦੇ
ਹਨ’।
ਚੌਥੇ ਗੁਲਾਮ ਨੇ ਦੂਸਰਿਆਂ ਨੂੰ ਚੁੱਪ ਕਰਾਉਂਦਿਆਂ, ਮਲਕਾ ਨੂੰ ਬਿਨਾ ਜਗਾਏ
ਤਾਜ ਉਸਦੇ ਸਿਰ ਉੱਤੇ ਰੱਖ ਦਿਤਾ।
ਬਿੱਲੀ ਨੇ ਗੁਰਾਉਂਦਿਆਂ ਹੋਇਆ ਫਿਰ ਕਿਹਾ, ‘ਸਿਰਫ ਗੁਲਾਮ ਹੀ ਡਿੱਗੇ ਹੋਏ
ਤਾਜਾਂ ਨੂੰ ਦੁਬਾਰਾ ਰੱਖ ਸਕਦਾ ਹੈ’।
ਕੁਝ ਚਿਰ ਪਿੱਛੋਂ ਬੁੱਢੀ ਰਾਣੀ ਜਾਗ ਪਈ ਤੇ ਉਸ ਚੌਹੀਂ ਪਾਸੀਂ ਤੱਕਿਆ ਤੇ
ਕਿਹਾ, ‘ਮੇਰਾ ਖਿਆਲ ਹੈ ਕਿ ਮੈ ਸੁਪਨਾ ਤੱਕ ਰਹੀ ਸੀ ਕਿ ਜਾਣੋ ਇੱਕ ਬਿੱਛੂ, ਇੱਕ ਬੋਹੜ ਦੇ ਬ੍ਰਿਛ
ਤੇ ਚਾਰ ਛੋਟੇ ਕੀੜਿਆਂ ਮਗਰ ਦੌੜਦਾ ਜਾ ਰਿਹਾ ਹੈ, ਇਹ ਖੁਆਬ ਮੈਨੂੰ ਪਸੰਦ ਨਹੀ ਆਇਆ’। ਇਹ ਕਹਿੰਦੀ
ਹੋਈ ਉਹ ਫਿਰ ਗੁਰਾੜੇ ਮਾਰਨ ਲੱਗ ਪਈ ਤੇ ਚਾਰੇ ਗੁਲਾਮ ਫਿਰ ਪੱਖਾ ਝਲਣ ਲੱਗ ਪਏ।
ਬਿੱਲੀ ਫਿਰ ਗੁਰਾਈ, ‘ਪੱਖਾ ਝੱਲਦੇ ਜਾਓ, ਝੱਲਦੇ ਜਾਓ, ਮੂਰਖੋ! ਤੇ ਉਸ ਅੱਗ
ਨੂੰ ਹਵਾ ਦੇਂਦੇ ਜਾਓ ਜੋ ਤੁਹਾਨੂੰ ਦਿਨ ਬਦਿਨ ਅਪਣੀ ਲਪੇਟ ਵਿੱਚ ਲੈਂਦੀ ਜਾ ਰਹੀ ਹੈ’।
ਬਾਬਾ ਫੋਜਾ ਸਿੰਘ ਖ਼ਲੀਲ ਜਿਬਰਾਨ ਦੀ ਜਦ ਇਹ ਕਹਾਣੀ ਪੜ ਰਿਹਾ ਸੀ ਤਾਂ ਉਸ
ਦਾ ਮਨ ਧਾਹੀਂ ਮਾਰ ਉੱਠਿਆ। ਉਸ ਨੂੰ ਜਾਪਿਆ ਜਿਵੇਂ ਉਸ ਨੇ ਇਹ ਕਹਾਣੀ ਕੇਵਲ ਮੇਰੀ ਕੌਮ ਲਈ ਹੀ
ਲਿਖੀ ਹੋਵੇ। ਬਾਬੇ ਨੇ ਦੇਖਿਆ ਕਿ ਧਰਮ ਤੋਂ ਲੈ ਕੇ ਰਾਜਨੀਤੀ ਤੱਕ ਚਾਹੇ ਉਹ ਪੰਜਾਬ ਦੀ ਚਾਹੇ
ਬਾਹਰਲੀ ਗੁਲਾਮ ਹੱਥਾਂ ਵਿੱਚ ਪੱਖੇ ਫੜੀ ਇੱਕ ਦੂਜੇ ਤੋਂ ਮੂਹਰੇ ਹੋ ਹੋ ਝੱਲਦੇ ਨਜਰ ਆ ਰਹੇ ਹਨ।
ਹਰੇਕ ਗੁਲਾਮ ਇਸ ਦੌੜ ਵਿੱਚ ਕਿ ਮੇਰਾ ਪੱਖਾ ਵੱਡਾ ਮੇਰਾ ਵੱਡਾ। ਤੇ ਉਹ ‘ਤਾਜ’ ਪਾਰਲੀਮੈਂਟ ਵਿੱਚ
ਜਾ ਕੇ ਇਹਨਾ ਦਾ ਹੀ ਵਢਾਂਗਾ ਕਰਦੇ ਜਾਂ ਸੌਂ ਕੇ ਆ ਜਾਂਦੇ, ਕਾਤਲਾਂ ਦੀਆਂ ਸਮਾਧਾਂ ਤੇ ਮੱਥੇ
ਰਗੜਦੇ ਤੇ ਬ੍ਰਹਾਮਣ ਜਾਂ ਅੰਗਰੇਜ ‘ਦੇਵਤਾ’ ਨੂੰ ਇਹਨਾ ਦੀਆਂ ਬਲੀਆਂ ਦਿੰਦੇ ਪਰ ਇਹ ਫਿਰ ਵੀ
ਅੰਨ੍ਹੇ ਵਾਹ ਪੱਖੇ ਝੱਲੀ ਜਾਂਦੇ, ਝੱਲੀ ਜਾਂਦੇ ਤੇ ਸ਼ਾਇਦ ‘ਕਿਆਮਤ’ ਤੱਕ ਝੱਲੀ ਜਾਂਦੇ ਰਹਿਣਗੇ! !
!
ਬੰਦਾ
ਮਿੱਲ ਵਿੱਚ ਉਹ ਕੰਮ ਕਰਦਾ ਸੀ। ਪੁਰਾਣੇ ਜਿਹੇ ਬੇਸਮਿੰਟ ਵਿੱਚ ਉਹ ਰਹਿੰਦਾ
ਸੀ। ਛੱਕੜਾ ਜਿਹੀ ਉਸ ਕੋਲੇ ਕਾਰ ਸੀ ਤੇ ਦੇਸੀ ਜਿਹੀ ਉਸ ਦੀ ਘਰਵਾਲੀ। ਯਾਰ-ਮਿੱਤਰ ਰਿਸ਼ਤੇਦਾਰ ਸਭ
ਕੰਨੀ ਕਤਰਾਉਂਦੇ ਸਨ ਉਸ ਕੋਲੋਂ। ਭੁੱਖ-ਨੰਗ ਕੋਲੋਂ ਕਿਸੇ ਨੂੰ ਕੀ ਗਰਜ ਬਈ!
ਓਵਰਟਾਈਮ ਨਾਲ ਜੋੜੇ ਪੈਸਿਆਂ ਦੀ ਇੱਕ ਵਾਰ ਉਸ ਜੰਗਲ ਜਿਹੇ ਵਿੱਚ ਛੋਟੀ
ਜਿਹੀ ਲਾਟ ਖਰੀਦ ਲਈ, ਉਹ ਦਿਨਾ `ਚ ਦੁਗਣੀ ਹੋ ਗਈ। ਉਸਦਾ ਹੱਥ ਖੁਲ੍ਹ ਗਿਆ, ਹੌਸਲਾ ਵੱਧ ਗਿਆ। ਫਿਰ
ਇੱਕ ਹੋਰ, ਇੱਕ ਹੋਰ, ਤੇ ਹੋਰ ਹੋਰ ਹੋਰ……ਹੁਣ ਉਹ ਬਿੱਜਨੈਸਮੈਨ ਬਣ ਗਿਆ।
ਹੁਣ ਘਰ ਵੱਡਾ, ਹੋਰ ਵਡਾ, ਕਾਰ ਮਹਿੰਗੀ, ਹੋਰ ਮਹਿੰਗੀ, ਪਰ ਹੁਣ ਘਰਵਾਲੀ
ਦੇਸੀ ਕਿਉਂ ਬਈ! ਤੇ ਘਰ ਵਾਲੀ ਵੀ ਵਲੈਤੀ ਆ ਗਈ। ਦੋਸਤ-ਮਿੱਤਰ ਸ਼ਹਿਦ ਚੋਂਦਾ ਦੇਖ ਮੱਖੀਆਂ ਵਾਂਗ ਆਣ
ਇਕੱਠੇ ਹੋਏ। ਮਿੱਲ ਵਾਲਾ ਪਸੀਨਾ ਪੂੰਝਿਆ ਗਿਆ। ਅਮੀਰੀ ਦੀ ਚਰਬੀ ਚੜ੍ਹ ਗਈ। ਵਲੈਤੀ ਮੇਮ ਦੇ ਵੀ
ਪੁਰਾਣੇ ਫਰੈਂਡ-ਫਰੈਢੀਆਂ ਜੁੜਨੇ ਸ਼ੁਰੂ ਹੋ ਗਏ। ਘਰ ਕੀ ਪੱਬ ਬਣ ਗਿਆ। ਰੰਗੀਨ ਲਾਇਟਾਂ ਵਾਲਾ ਡਾਂਸ
ਸ਼ੁਰੂ ਹੋ ਗਿਆ ਤੇ ਨਾਲ ਹੀ ਹੋ ਗਿਆ ਕਲੇਸ਼।
ਫਿਰ ਬਾਲੂ ਕੀ ਭੀਤ ਵਾਂਗ ਕਿਨਾਰੇ ਖੁਰਨੇ ਸ਼ੁਰੂ ਹੋ ਗਏ। ਇੱਕ ਘਰ ਗਿਆ, ਦੋ
ਗਏ, ਵੱਡਿਉਂ ਛੋਟੇ, ਕਾਰਾਂ ਵੀ ਦੌੜਨ ਲੱਗੀਆਂ, ਸੇਲਾਂ ਦੇ ਫੱਟੇ ਚਮਕਣ ਲੱਗੇ, ਪਤੀਲੇ ਕੱੜਛੀਆਂ
ਖੜਕਣ ਲੱਗੇ, ਡੁੱਬਦੇ ਜਹਾਜ ਵਿਚੋਂ ਮਿੱਤਰ-ਯਾਰ ਛਾਲਾਂ ਮਾਰ ਗਏ। ਅਮੀਰੀ ਦੀ ਚਰਬੀ ਦੀ ਅੱਖ ਖੁਲ੍ਹਣ
ਤੀਕ ਮੇਮ ਫੁਅਰ, ਚਿੜੀਆਂ ਤੋਤੇ ਸਭ ਫੁਅਰ. . ਘਰ-ਕਾਰਾਂ ਫੁਅਰ. .
ਤੇ ਉਹ ਹੁਣ ਉਸੇ ਪੁਰਾਣੇ ਜਿਹੇ ਬੇਸਮਿੰਟ ਵਿੱਚ ਸਦਮੇ ਨਾਲ ਬੀਮਾਰ ਪਿਆ
ਦੇਸੀ ਘਰ ਵਾਲੀ ਤੋਂ ਪਾਣੀ ਦੀ ਘੁੱਟ ਮੰਗ ਰਿਹਾ ਸੀ।
ਟਿੱਡਾ
ਰਾਗਾ ਸਿੰਘ ਜੀ ਕੀਰਤਨ ਬੜਾ ਆਹਲਾ ਕਰਦੇ। ਕੋਲੋਂ ਜੋੜੇ ਟੋਟਕੇ ਸੁਣਾ-ਸੁਣਾ
ਸੰਗਤਾਂ ਨੂੰ ਨਿਹਾਲ ਕਰ ਛੱਡਦੇ। ਸੱਸੇ ਨੂੰ ਛਛਾ ਕਹਿ ਜਦ ਉਹ ਵਿਆਖਿਆ ਕਰਦੇ ਤਾਂ ਸੰਗਤਾਂ ਧੰਨ ਧੰਨ
ਕਰ ਉਠਦੀਆਂ। ਉਹਨਾ ਦੇ ‘ਵੈਰਾਗਮਈ’ ਚਿਹਰੇ ਦੇ ਐਕਸ਼ਨ ਬੰਬੇ ਦੇ ਐਕਟਰਾਂ ਨੂੰ ਵੀ ਮਾਤ ਪਾਉਂਦੇ। ਅੱਜ
ਉਹਨਾ ਦੀ ਕਥਾ ਦਾ ਵਿਸ਼ਾ ਸੀ ‘ਪਾਪ ਦਾ ਫਲ’।
ਤੇ ਹਾਂ! ਸ਼ਾਧ ਸ਼ੰਗਤ ਜੀ, ਫਕੀਰ ਨੂੰ ਜਦ ਸ਼ੁਲੀ ਚੜਾਇਆ ਗਿਆ ਤਾਂ ਉਹ ਸ਼ੋਚਣ
ਲੱਗਾ ਕਿ ਮੈ ਤਾਂ ਕੋਈ ਪਾਪ ਨਾ ਕੀਤਾ ਹਈ। ਫਿਰ ਇਹ ਸ਼ਜਾ ਮੈਨੂੰ ਕੈਸ਼ੀ ਮਿਲਦੀ ਪਈ ਏ। ਜਦ ਉਸ਼ ਅੰਤਰ
ਦਿਆਨ ਹੋ ਕੇ ਦੇਖਿਆ ਹਈ ਤਾਂ ਬੱਚਪਨ ਵਿੱਚ ਇੱਕ ਟਿੱਡੇ ਨੂੰ ਸ਼ੁਲੀ ਤੇ ਟੰਗ ਕੇ ਖੇਡਦਾ ਪਿਆ ਏ। ਉਸ਼
ਦੇ ਕਪਾਟ ਖੁਲ੍ਹ ਗਏ ਕਿ ਕਿਸ਼ੇ ਜੀਵ ਨੂੰ ਦੁੱਖ ਦਿੱਤਿਆਂ ਫਲ ਅਵੱਸ਼ ਮਿਲਦਾ ਏ ਬਈ, ਭਾਵੇਂ ਸ਼ੌ ਸ਼ਾਲ
ਬਾਅਦ ਹੀ ਮਿਲੇ ਪਿਆ।
ਆਖੋ ਸ਼ਤਿਨਾਮ ਸ਼੍ਰੀ ਵਾਹਿਗੁਰੂ।
ਭੋਗ ਉਪਰੰਤ ਗੁਰੂ ਕਾ ਲੰਗਰ ਵਰਤਦਾ ਛੱਡ ਰਾਗਾ ਸਿਉਂ ਹੁਰੀਂ ਆਪਦੇ ਸਾਜ-ਬਾਜ
ਤੇ ਮਾਇਆ ਸੰਭਾਲਦੇ ਵਾਹੋ-ਦਾਹੀ ਘਰ ਨੂੰ ਪੱਤਰੇ ਵਾਚ ਗਏ ਅਤੇ ਮੁੱਛਾਂ ਨੂੰ ਵੱਟ ਦਿੰਦੇ ਅਪਣੀ ਪਤਨੀ
ਸਾਹਿਬਾਂ ਨੂੰ ਸੰਬੋਧਨ ਹੋਏ।
ਓਏ ਮੁੜ ਕੁੱਕੜ ਨੇ ਬਾਂਗ ਦਿੱਤੀ ਹਈ ਕਿ ਨਹੀ? ਉਹਨਾ ਦਾ ਮੱਤਲਬ ਸੀ ਕਿ
‘ਤਰੀ’ ਬਣ ਗਈ ਕਿ ਨਹੀ।
ਜੀ! ਕੁੱਕੜ ਤਾਂ ਦੁਹਾਈਆਂ ਪਿਆ ਪਾਂਦਾ ਜੇ, ਪਰ ਮੈਂ ਅੰਤਰ-ਧਿਆਨ ਹੋ ਕੇ
ਕੁੱਕੜ ਅਤੇ ਟਿੱਡੇ ਦਾ ਫਰਕ ਪਿਆ ਦੇਖਨੀ ਆਂ। ਘਰਵਾਲੀ ਨੇ ਨਖਰਾ ਜਿਹਾ ਕਰਦਿਆਂ ਸਾਂਗ ਲਾਈ।
ਓ ਟਿੱਡਾ ਪੈਂਦਾ ਈ ਡੱਠੇ ਖੁਹ ਵਿਚ, ਤੂੰ ਸੰਖੀਆਂ ਪਾ ਕੇ ਲਿਆ।
ਬੰਦਿਆਂ ਵਾਲਾ ਕੰਮ?
ਕਹਾਣੀ ਹੈ ਕਿ ਇੱਕ ਜਿੰਮੀਦਾਰ ਨੇ ਬਹੁਤ ਵੱਡਾ ਵਫਾਦਾਰ ਅਤੇ ਕੌੜ ਕੁੱਤਾ
ਰੱਖਿਆ। ਆਲੇ-ਦੁਆਲੇ ਉਸ ਕੁੱਤੇ ਦੀ ਇੰਨ੍ਹੀ ਧੁੰਮ ਸੀ ਕਿ ਰਾਤ ਤਾਂ ਕੀ ਕੋਈ ਦਿਨੇ ਵੀ ਜਿੰਮੀਦਾਰ
ਦੇ ਘਰ ਵਲ ਮੂੰਹ ਨਾ ਕਰਦਾ। ਇੱਕ ਚੋਰਾਂ ਦਾ ਟੋਲਾ ਉਸ ਇਲਾਕੇ ਵਿੱਚ ਘੁੰਮ ਰਿਹਾ ਸੀ ਚੋਰ ਜਦ ਉਸ
ਜਿੰਮੀਦਾਰ ਦੇ ਘਰ ਕੋਲੋਂ ਲੰਘੇ ਤਾਂ ਚੋਰਾਂ ਦੇ ਸਰਦਾਰ ਨੇ ਉਸ ਘਰ ਚੋਰੀ ਕਰਨ ਦਾ ਮਨ ਬਣਾਇਆ ਪਰ
ਨਾਲ ਦਿਆਂ ਰੋਕਦਿਆਂ ਕਿਹਾ ਕਿ ਸਰਦਾਰ ਇਸ ਘਰ ਦਾ ਕੁੱਤਾ ਬੜਾ ਜਾਲਮ ਹੈ ਉਸ ਬੂਹਾ ਨਹੀ ਟੱਪਣ ਦੇਣਾ
ਪਰ ਸਰਦਾਰ ਨੇ ਤਸੱਲੀ ਦਿਵਾਈ ਕਿ ਕੁੱਤੇ ਦੀ ਜਿੰਮੇਵਾਰੀ ਮੇਰੀ ਹੈ ਅੱਜ ਹੀ ਰਾਤੀਂ ਚੋਰੀ ਜਰੂਰ
ਹੋਵੇਗੀ।
ਰਾਤ ਪਈ, ਚੋਰੀ ਹੋਈ ਚੋਰ ਸਭ ਕੁੱਝ ਲੁੱਟ ਲੈ ਗਏ ਪਰ ਕੁੱਤਾ ਚੁੱਪ। ਸਵੇਰੇ
ਜਦ ਲੋਕਾਂ ਨੂੰ ਪਤਾ ਲੱਗਾ ਤਾਂ ਉਹ ਬੜੇ ਹੈਰਾਨ ਕਿ ਓਸ ਕੁੱਤੇ ਦੇ ਹੁੰਦਿਆਂ ਉਸ ਘਰ ਵਿੱਚ ਚੋਰੀ
ਬਾਰੇ ਸੋਚਿਆ ਵੀ ਨਹੀ ਜਾ ਸਕਦਾ। ਕੁੱਤੇ ਦੇ ਭਾਈਚਾਰੇ ਨੂੰ ਵੀ ਜਦ ਪਤਾ ਚਲਿਆ ਤਾਂ ਉਹਨਾ ਬੜਾ
ਅਫਸੋਸ ਜਾਹਰ ਕੀਤਾ ਕਿ ਸਾਡੇ ਇੰਨੇ ਵਫਾਦਾਰ ਭਾਈਬੰਦ ਦੇ ਹੁੰਦਿਆਂ ਚੋਰੀ ਕਿਵੇਂ ਹੋ ਗਈ! ਉਹ ਸਾਰੇ
ਰਲ ਕੇ ਜਿੰਮੀਦਾਰ ਦੇ ਕੁੱਤੇ ਕੋਲੇ ਗਏ ਅਤੇ ਪੁੱਛਿਆ ਕਿ ਗਦਾਰਾ ਤੂੰ ਰਾਤ ਬੋਲਿਆ ਕਿਉਂ ਨਹੀ
ਸਾਰਿਆਂ ਦੀ ਵਫਾਦਾਰੀ ਤੂੰ ਸ਼ੱਕ ਵਿੱਚ ਪਾ ਦਿੱਤੀ? ਜਿੰਮੀਦਾਰ ਦੇ ਕੁੱਤੇ ਨੇ ਜਵਾਬ ਦਿੱਤਾ,
"ਯਾਰ ਕੀ ਦੱਸਾਂ! ਇੱਕ ਬੰਦਾ ਰਾਤੀਂ ਕੰਧ ਚੜ੍ਹਿਆ, ਮੈਂ ਹਾਲੇ ਉਸਦੇ
ਮੌਰ੍ਹੀਂ ਚੜ੍ਹਨ ਹੀ ਲੱਗਾ ਸੀ ਕਿ ਉਸ ਉਪਰੋਂ ਇੱਕ ਪਰੌਠਾਂ ਸੁੱਟਿਆ ਉਸ ਦੀ ਮਹਿਕ ਨੇ ਪਾਗਲ ਕਰ
ਦਿਤਾ। ਜਦ ਮੂੰਹ ਲਾਇਆ ਤਾਂ ਕੀਮੇ ਦੀਆਂ ਬੋਟੀਆਂ ਨਾਲ ਮੂੰਹ ਭਰ ਗਿਆ। ਮੈਂ ਕਿਹਾ ਚਲ ਇਹਨੂੰ ਮੁਕਾ
ਕੇ ਇਸ ਨਾਲ ਨਿਬੜਦੇ ਆਂ ਪਰ ਉਸ ਇੱਕ ਹੋਰ ਸੁੱਟ ਦਿੱਤਾ। ਪਹਿਲੇ ਦੋ ਸਬੂਤੇ ਸੁੱਟ ਕੇ ਜਦ ਉਸ ਦੇਖਿਆ
ਕਿ ਚਾਟੇ ਲੱਗ ਗਿਆ ਹਾਂ ਤਾਂ ਉਹ ਬੁਰਕੀ-ਬੁਰਕੀ ਕਰਕੇ ਸੁੱਟਣ ਲੱਗ ਗਿਆ ਉਨ੍ਹਾਂ ਚਿਰ ਚੋਰ ਅਪਣਾ
ਕੰਮ ਕਰ ਗਏ।
ਲੱਖ ਲਾਹਨਤ ਤੇਰੇ! ਕੀਤਾ ਨਾਂ ਬੰਦਿਆ ਵਾਲਾ ਕੰਮ? ਤੇ ਕੁੱਤੇ ਦੇ ਭਾਈਚਾਰੇ
ਨੇ ਉਹਨੂੰ ਅਪਣੇ ਵਿਚੋਂ ਛੇਕ ਦਿੱਤਾ ਤਾਂ ਕਿ ਕੋਈ ਅੱਗੇ ਤੋਂ ਬੇਵਫਾਈ ਕਰਨ ਦੀ ਜੁਅਰਤ ਨਾ ਕਰੇ!
ਭਾਈ ਜੋਗਾ ਸਿੰਘ
ਜੋਗਾ ਸਿੰਘ ਰੋਜਾਨਾ ਗੁਰੂ ਘਰ ਜਾਂਦਾ ਹੈ, ਬੜੀ ਸੇਵਾ ਕਰਦਾ ਹੈ ਬੜੀ ਗੁਰੂ
ਤੋਂ ਕੁਰਬਾਨ ਹੋਣ ਵਾਲੀ ਸ਼ਰਧਾ ਹੈ ਜੋਗਾ ਸਿੰਘ ਦੀ, ਪਰ ਗੁਰੂ ਘਰ ਵਿੱਚ ਹੁੰਦੇ ਘਾਲੇ-ਮਾਲਿਆਂ ਤੋਂ
ਉਹ ਉਚਾਟ ਹੋ ਜਾਂਦਾ ਹੈ। ਉਹ ਜਦ ਘੁਰ-ਘੁਰ ਕਰਨ ਲੱਗਦਾ ਹੈ ਤਾਂ ਚੌਧਰੀ ਭਾਈਬੰਦਾਂ ਨੂੰ ਫਿਕਰ ਹੋਣ
ਲੱਗਦਾ ਹੈ ਕਿ ਇਥੇ ਘੁਰ-ਘੁਰ ਦਾ ਕੀ ਕੰਮ? ਸੇਵਾ ਕਰੋ, ਜਨਮ ਸਫਲਾ ਕਰੋ, ਪਰ ਚੁੱਪ-ਚਾਪ। ਪਤਾ ਨਹੀ
ਲੋਕਾਂ ਨੂੰ ‘ਸ਼ਾਤੀਂ’ ਕਿਉਂ ਨਹੀ ਚੰਗੀ ਲਗਦੀ। ਸੇਵਾ ਕੀ ਚੁੱਪ ਰਹਿ ਕੇ ਨਹੀ ਹੋ ਸਕਦੀ। ਸਿਮਰਨ ਕਰੋ
ਨਾਲੇ ਸੇਵਾ! ਪੁੰਨ ਅਤੇ ਫਲੀਆਂ ਦੋਵਾਂ ਦੇ ਬੁੱਲੇ ਲੁੱਟੋ ਪਰ ਚੁੱਪ ਕਰਕੇ। ਬਥੇਰਾ ਜੋਗਾ ਸਿੰਘ ਨਾਲ
ਮੱਥਾ ਮਾਰਿਆ ਪਰ ਜੋਗਾ ਸਿੰਘ ਅੜੀਅਲ ਸਿੰਘ ਹੋਣ ਕਾਰਨ ਚੁੱਪ ਨਾ ਰਿਹਾ। ਤੇ ਭਾਈਬੰਦਾਂ ਪੁਜਾਰੀ ਦੀ
ਡਿਉਟੀ ਲਾ ਦਿੱਤੀ।
ਪੁਜਾਰੀ ਨੇ ਇੱਕ ਦਿਨ ਜੋਗਾ ਸਿੰਘ ਨੂੰ ਕੋਲ ਸੱਦਿਆ ਅਤੇ ਕਹਿਣ ਲੱਗਾ ਕਿ
ਭਾਈ ਜੋਗਾ ਸਿੰਘ ਜੀ ਤੁਸੀਂ ਬੜੇ ਗੁਰਮੁੱਖ ਹੋ, ਤੁਹਾਡੀ ਸੇਵਾ ਪ੍ਰਵਾਨ ਹੋਈ ਹੈ, ਗੁਰੂ ਸਾਹਿਬ
ਰਾਤੀਂ ਮੈਨੂੰ ਘੋੜੇ ਤੇ ਚੜੇ ਸੁਪਨੇ ਵਿੱਚ ਮਿਲੇ ਸਨ ਉਹਨਾ ਹੁਕਮ ਕੀਤਾ ਕਿ ਭਾਈ ਜੋਗਾ ਸਿੰਘ ਨੂੰ
ਸਾਡਾ ਹੁਕਮ ਪਹੁੰਚਾ ਦੇਣਾ ਕਿ ਉਹ ਛੇ ਕੁ ਮਹੀਨੇ ਗੁਰੂ ਘਰ ਨਾ ਆਵੇ। ਹਾਂਅ!
ਕਿਉਂ ਨਾ ਆਵੇ? ਇਹ ਗੱਲ ਜੋਗਾ ਸਿੰਘ ਸੁਪਨੇ ਵਿੱਚ ਵੀ ਨਹੀ ਸੀ ਪੁੱਛ ਸਕਦਾ।
ਉਹ ਸ਼ਰਧਾਵਾਨ ਸਿੱਖ ਸੀ ਬੱਅਸ ਉਸਦੇ ਗੁਰੂ ਦਾ ਹੁਕਮ ਸੀ! ਭਾਈ ਜੋਗਾ ਸਿੰਘ ਛੇ ਮਹੀਨੇ ਤਾਂ ਕੀ ਕਈ
ਸਾਲ ਹੀ ਗੁਰੂ ਘਰ ਨਾ ਵੜਿਆ ਉਨ੍ਹੇ ਚਿਰ `ਚ ਤਾਂ ਕਈ ਕਮੇਟੀਆਂ ਬਣ-ਢੱਠ ਚੁੱਕੀਆਂ ਸਨ।
ਕਈ ਚਿਰ ਬਾਅਦ ਬਜਾਰ ਤੁਰੇ ਜਾਂਦੇ ਪੁਜਾਰੀ ਨੂੰ ਮਸਤੀ ਜਿਹੀ ਵਿੱਚ ਤੁਰਿਆ
ਜਾਂਦਾ ਜੋਗਾ ਸਿੰਘ ਮਿਲਿਆ। ਪੁਜਾਰੀ ਜੋਗਾ ਸਿੰਘ ਨੂੰ ਦੇਖ ਕੇ ਅੰਦਰ ਹੀ ਅੰਦਰ ਪਛਤਾਵਾ ਕਰਨ ਲੱਗਾ
ਕਿ ਇੱਕ ਸ਼ਰਧਾਵਾਨ ਗੁਰਸਿੱਖ ਨੂੰ ਮੈ ਗੁਰੂ ਘਰ ਆਉਂਣੋ ਰੋਕ ਕੇ ਚੰਗਾ ਨਹੀ ਕੀਤਾ। ਉਸ ਜੋਗਾ ਸਿੰਘ
ਨੂੰ ਨੀਵੀ ਨਜਰ ਫਤਹਿ ਬੁਲਾਈ ਤੇ ਆਖਣ ਲੱਗਾ ਕਿ ਜੋਗਾ ਸਿੰਘ ਤੂੰ ਹੁਣ ਗੁਰੂ ਘਰ ਹੀ ਛੱਡ ਦਿੱਤਾ
ਗੁਰੂ ਸਾਹਿਬ ਨੇ ਤਾਂ ਤੈਨੂੰ ਹੁਕਮ ਛੇ ਮਹੀਨੇ ਦਾ ਕੀਤਾ ਸੀ। ਜੋਗਾ ਸਿੰਘ ਹੱਸਿਆ! ਅੱਖ ਪਾਕੇ ਕਹਿਣ
ਲੱਗਾ, ਪੁਜਾਰੀ ਜੀ ਗੁਰੂ ਸਾਹਿਬ ਮੈਨੂੰ ਵੀ ਮਿਲੇ ਸਨ?
ਹੇਂ? ਖੁਦ? ਸੁਪਨੇ ਵਿਚ?
ਦੇਖ ਭਾਈ, ਸੁਪਨੇ ਵਿਹਲੜ ਅਤੇ ਮੂਰਖ ਲੋਕ ਲੈਂਦੇ ਹਨ ਮੇਰਾ ਗੁਰੂ ਸੁਪਨਿਆਂ
ਵਿੱਚ ਮਿਲਣ ਵਾਲਾ ਨਹੀ ਉਹ ਸਿੱਧਾ ਵੱਜਦਾ ਤੀਰ ਵਾਂਗ। ਸਮਝੇ?
ਉਹ ਕਿਵੇਂ? ਜੋਗਾ ਸਿੰਘ ਦੇ ਬਦਲੇ ਤੇਵਰ ਦੇਖ ਪੁਜਾਰੀ ਦੀਆਂ ਅੱਖਾਂ ਅੱਡੀਆਂ
ਗਈਆਂ।
ਪੁਜਾਰੀ ਜੀ, ਜਦ ਤੂੰ ਗੁਰੂ ਦੇ ਸੁਪਨੇ ਵਾਲੀ ਝੂਠੀ ਕਹਾਣੀ ਜੋੜ ਕੇ ਮੈਨੂੰ
ਗੁਰੂ ਘਰ ਤੋਂ ਦੂਰ ਕਰ ਦਿਤਾ ਤਾਂ ਮੈਂ ਬੜਾ ਤੜਫਿਆ ਕਿ ਮੇਰੇ ਕੋਲੋਂ ਕੀ ਗਲਤੀ ਹੋ ਗਈ ਕਿ ਗੁਰੂ
ਮੈਨੂੰ ਅਪਣੇ ਘਰ ਆਉਂਣੋ ਰੋਕ ਰਿਹਾ ਹੈ। ਫਿਰ ਮੈਂ ਗੁਰੂ ਗਰੰਥ ਸਾਹਿਬ ਘਰੇ ਲਿਆਂਦਾ। ਜਿਉਂ ਲੱਗਾ
ਗੁਰੂ ਨੂੰ ਪੁੱਛਣ, ਜਿਉਂ ਸਮਝ-ਸਮਝ ਕੇ ਗੁਰੂ ਦੇ ਬੱਚਨ ਸੁਣਨ ਲੱਗਾ ਤਾਂ ਮੈਂ ਹੈਰਾਨ ਰਹਿ ਗਿਆ ਉਸ
ਗੱਲ ਤੇ ਜਿਹੜੀ ਗੁਰੂ ਨੇ ਮੈਨੂੰ ਦੱਸੀ। ਉਸ ਦੱਸਿਆ ਕਿ ਭਾਈ ਜੋਗਾ ਸਿਆਂ ਤੂੰ ਉਥੇ ਕਿਧਰ ਲੱਭਣ ਤੁਰ
ਗਿਆ ਮੈਨੂੰ! ਇਹਨਾ ਪੁਜਾਰੀਆਂ ਅਤੇ ਧਰਮ ਦੇ ਠੇਕੇਦਾਰਾਂ ਤਾਂ ਮੈਨੂੰ ਨਹੀ ਉਥੇ ਰਹਿਣ ਦਿੱਤਾ ਤੈਨੂੰ
ਕਿਥੇ ਰਹਿਣ ਦਿੰਦੇ! ! ਮੇਰੀ ਦੇਹ ਵੀ ਇਹਨਾ ਭੋਲੀ ਲੁਕਾਈ ਨੂੰ ਲੁੱਟਣ ਲਈ ਰੱਖੀ ਹੈ ਨਹੀ ਤਾਂ ਇਹ
ਉਹ ਵੀ ਉਥੋਂ ਕੱਢ ਦੇਣ! ਦੇਖਦਾ ਨਹੀ ਕਿਵੇਂ ਪੁਜਾਰੀ ਮੈਨੂੰ ਘਰ ਘਰ ਚੁੱਕੀ ਫਿਰਦਾ ਅਤੇ ਧਰਮ ਦਾ
ਠੇਕੇਦਾਰ ਕਿਵੇਂ ਥੁੱਕ ਲਾ-ਲਾ ਮੇਰੀ ਹੋਈ ਵੱਟਕ ਗਿਣਦਾ। ਸੋ ਪੁਜਾਰੀ ਜੀ, ਤੁਹਾਡਾ ਸੁਪਨਿਆਂ ਵਾਲਾ
ਗੁਰੂ ਤੁਹਾਨੂੰ ਮੁਬਾਰਕ ਹੋਵੇ ਮੈਨੂੰ ਮੇਰਾ ਜਿਉਂਦਾ ਜਾਗਦਾ ਗੁਰੂ, ਗੁਰੂ ਗਰੰਥ ਸਾਹਿਬ ਵਿਚੋਂ ਮਿਲ
ਗਿਆ ਹੈ ਜੇ ਕੋਈ ਮੁਸ਼ਕਲ ਹੋਵੇ ਤਾਂ ਮੈਂ ਉਸਨੂੰ ਪੁੱਛ ਲੈਂਦਾ ਹਾਂ। ਹਾਂਅ!
ਤੇ ਪੁਜਾਰੀ ਨੀਵੀਂ ਪਾਈ ਬਿਨਾ ਕੋਈ ਜਵਾਬ ਦਿਤੇ ਤੁਰ ਗਿਆ।
ਗੁਰਦੇਵ ਸਿੰਘ ਸੱਧੇਵਾਲੀਆ