.

ਅਕਾਲ ਉਸਤਤਿ

ਦਸਮ ਗ੍ਰੰਥ ਪੰਨਾ 11-34

ਸਿਰਲੇਖ ਅਕਾਲ ਉਸਤਤਿ ਹਸਤ ਲਿਖਤ ਬੀੜਾਂ ਵਿੱਚ ਨਹੀਂ ਮਿਲਦਾ।

ਭੂਮਿਕਾ

ਅਕਾਲ ਪੁਰਖ ਤੇ ਕਾਲ ਪੁਰਖ (ਕਾਲ, ਸਮਾਂ) ਦੀ ਵਿਚਾਰ ਗੁਰਬਾਣੀ ਆਧਾਰ ਤੇ

ਅਕਾਲ ਪੁਰਖ, ਵਾਹਿਗੁਰੂ ਹੈ, ਪਾਰਬ੍ਰਹਮ ਹੈ। ਗੁਰਬਾਣੀ ਉਸਨੂੰ ਇੱਕ ਏਕੰਕਾਰ ਕਹਿੰਦੀ ਹੈ। ਜੋਤਿ ਰੂਪ ਹੈ, ਪਰਮ ਨਿਰਮਲ ਚੇਤਨਾ ਹੈ, ਸੈਭੰ ਹੈ, ਉਸਨੇ ਆਪਣੇ ਆਪ ਨੂੰ ਆਪ ਸਾਜਿਆ, ਉਸਨੂੰ ਸਾਜਣ ਵਾਲਾ ਕੋਈ ਨਹੀਂ, ਉਸ ਵਿੱਚ ਆਪਣੀ ਮਰਜ਼ੀ ਹੈ। ਹੁਕਮ ਉਸ ਦਾ ਗੁਣ ਹੈ। ਸਭ ਚੀਜ਼ ਦਾ ਕਰਤਾ ਹੈ, ਸਭ ਕੰਮ ਹੁਕਮ ਸੱਤਾ ਨਾਲ ਕਰਦਾ ਤੇ ਕਰਾਉਂਦਾ ਹੈ। ਨਿਰਭੈ ਹੈ, ਨਿਰਵੈਰ ਹੈ। ਉਸ ਦੇ ਏਕੇ ਸਰੂਪ, ਨਿਰਗੁਣ ਸਰੂਪ ਵਿੱਚ ਪਾਪ ਪੁੰਨ ਨਹੀਂ, ਝਗੜੇ ਲੜਾਈ ਨਹੀਂ, ਸ਼ਸਤਰ ਅਸਤਰ ਨਹੀਂ, ਉਹ ਨਿਰਭਉ ਹੈ।

ਜਦੋਂ ਸੁੰਨ ਸਮਾਧ ਵਿੱਚ ਇੱਕ ਏਕੰਕਾਰ, ਜੋਤਿ ਰੂਪ ਪਾਰਬਹ੍ਰਮ ਦੀ ਮਰਜ਼ੀ ਹੋਈ ਤਾਂ ਉਸਨੇ ਹੁਕਮ ਨਾਲ ਓਅੰਕਾਰ ਧੁੰਨ ਉਚਾਰੀ, ਓਅੰਕਾਰ ਧੁੰਨ ਅਨਹਤ ਸ਼ਬਦ ਹੈ, ਅਨਹਦ ਸ਼ਬਦ ਹੈ, ਜੋ ਸੰਸਾਰ ਵਿੱਚ ਅਨੇਕਾਂ ਧੁੰਨਾਂ, ਰੂਪ ਵਿੱਚ ਪਸਰਿਆ ਹੈ। ਸ਼ਬਦ, ਓਅੰਕਾਰ ਧੁੰਨ ਵਿੱਚ, ਅਕਾਲ ਪੁਰਖ ਦਾ ਆਤਮ ਪਸਾਰਾ ਹੈ।

ਸਾਰੇ ਸੰਸਾਰ ਦੇ ਜੀਵ ਜੰਤ, ਅਕਾਲ ਪੁਰਖ ਦੇ ਹੁਕਮ ਵਿੱਚ ਜੰਮਦੇ ਮਰਦੇ ਹਨ। ਕਾਲ ਜਾਂ ਸਮਾਂ ਜਾਂ ਕਾਲ ਪੁਰਖ ਦਾ ਵਜੂਦ ਅਕਾਲ ਪੁਰਖ ਦੇ ਹੁਕਮ ਨਾਲ ਹੋਇਆ। ਕਾਲ ਪੁਰਖ, ਸੈਭੰ ਨਹੀਂ, ਨਿਰਭੈ ਨਹੀਂ, ਨਿਰਵੈਰ ਨਹੀਂ, ਸਦਾ ਸੱਤ ਨਹੀਂ, ਅਕਾਲ ਪੁਰਖ ਦੇ ਹੁਕਮ ਵਿੱਚ ਕਾਰ ਕਰਦਾ ਹੈ। ਕਾਲ ਪੁਰਖ ਓਅੰਕਾਰ ਸਰੂਪ ਤੋਂ ਉਪਜੀ ਪ੍ਰਕ੍ਰਿਤੀ, ਤੇ ਵੇਦ ਮਤ ਦਾ ਅਖਰ ਓਮ ਕਰਤੇ ਦੇ ਭੈ ਵਿੱਚ ਹੈ। ਸਭ ਜੀਵਨ ਮਰਨ ਹੁਕਮ ਵਿੱਚ ਹਨ। ਪ੍ਰਕ੍ਰਿਤੀ ਵਿੱਚ ਪਾਪ ਪੁੰਨ ਹਨ, ਸ਼ਸਤਰ ਅਸਤਰਾਂ ਦੀ ਲੋੜ ਵੀ ਹੈ, ਵੈਰ ਵਿਰੋਧ, ਝਗੜੇ ਵੀ ਹਨ, ਹਉਂ ਦਾ ਭਰਮ ਵੀ ਹੈ। ਇੱਕ ਕਾਲ ਦਾ ਚੱਕਰ ਖਤਮ ਹੋਣ ਤੋਂ ਬਾਦ ਕਾਲ ਸਮਾਂ ਖਤਮ ਹੋ ਜਾਂਦਾ ਹੈ। ਅਕਾਲ, ਕਾਲ ਦਾ ਵੀ ਕਾਲ ਹੈ।

ਵੇਦ ਸ਼ਾਸਤਰ ਕਾਲ ਨੂੰ ਅਕਾਲ ਕਹਿੰਦੇ ਹਨ। ਕਾਲ ਨੂੰ ਆਦਿ ਪੁਰਖ ਵੀ ਕਹਿੰਦੇ ਹਨ। ਗੁਰਬਾਣੀ ਅਨੁਸਾਰ ਅਕਾਲ ਦੇ ਹੁਕਮ ਨਾਲ ਕਾਲ ਉਪਜਿਆ ਹੈ। ਕਾਲ ਤੋਂ ਬ੍ਰਹਮਾ, ਵਿਸ਼ਨੂੰ, ਸ਼ਿਵ ਦੇਵਤੇ ਹੋਏ। ਵੇਦਾਂ ਸ਼ਾਸਤਰਾਂ ਅਨੁਸਾਰ ਬ੍ਰਹਮਾ ਸ੍ਰਿਸ਼ਟੀ ਨੂੰ ਸਾਜਦਾ ਹੈ, ਵਿਸ਼ਨੂੰ ਪਾਲਦਾ ਹੈ ਤੇ ਸ਼ਿਵ ਸੰਘਾਰ ਕਰਦਾ ਹੈ।

ਗੁਰਬਾਣੀ ਕਹਿੰਦੀ ਹੈ ਇਹ ਸਭ ਦੇਵਤੇ ਅਕਾਲ ਦੇ ਹੁਕਮ ਤੋਂ ਪੈਦਾ ਹੋਏ ਹਨ, ਮਾਇਆ ਹੈ। ਸੰਸਾਰ ਦੀ ਸਭ ਕਾਰ ਜੰਮਣਾ ਪਲਨਾ ਮਰਨਾ ਅਕਾਲ ਪੁਰਖ ਹੁਕਮ ਰੂਪ ਵਿੱਚ ਕਰਦਾ ਹੈ। ਜੀਵ ਦੇ ਕਰਮਾਂ ਅਨੁਸਾਰ, ਅਕਾਲ ਪੁਰਖ ਦੇ ਹੁਕਮ ਦੇ ਲੇਖ ਹਨ। ਇਸ ਤਰ੍ਹਾਂ 84 ਲੱਖ (ਬੇਅੰਤ) ਜੂਨਾਂ ਦਾ ਚੱਕਰ ਹੁਕਮ ਵਿੱਚ ਹੈ। ਇੱਕ ਏਕੰਕਾਰ ਅਕਾਲ ਪੁਰਖ ਦੀ ਅਰਾਧਨਾ, ਗੁਣਾਨਵਾਦ, ਜਪ, ਸਿਮਰਨ, ਸਤਿਗੁਰੂ ਤੋਂ ਉਪਦੇਸ਼ ਲੈ ਕੇ ਸਿੱਖ ਸੇਵਕ ਕਰਦਾ ਹੈ। ਚੌਥੇ ਪਦ ਵਿੱਚ ਭਰਮ ਚਲਾ ਜਾਂਦਾ ਹੈ। ਗੁਰਸਿੱਖ ਨੂੰ ਚਉਥੇ ਪਦ ਵਿੱਚ ਹੁਕਮ ਤੇ ਜੋਤਿ ਰੂਪ ਅਕਾਲ ਪੁਰਖ ਦੀ ਪਛਾਣ ਹੋ ਜਾਂਦੀ ਹੈ। ਗੁਰਮੁਖਿ ਬ੍ਰਹਮ ਗਿਆਨੀ ਚੌਥੇ ਪਦ ਦੀ ਅਵਸਥਾ ਵਿੱਚ ਕਾਲ ਉੱਤੇ ਜਿੱਤ ਪ੍ਰਾਪਤ ਕਰ ਲੈਂਦਾ ਹੈ ਤੇ ਸਦ ਜੀਵਤ ਹੋ ਜਾਂਦਾ ਹੈ। “ਬ੍ਰਹਮ ਗਿਆਨੀ ਸਦ ਜੀਵੈ ਨਹੀ ਮਰਤਾ”।

ਸਿਮ੍ਰਿਤ ਸਾਸਤ੍ਰ ਓਮ ਦੀ ਅਰਾਧਨਾ ਦਾ ਉਪਦੇਸ਼ ਦਿੰਦੇ ਹਨ। ਓਮ ਤੋਂ ਕਾਲ ਸਮਾਂ ਆਰੰਭ ਹੋਇਆ।

ਗੁਰਸਿੱਖ ਸਤਿਗੁਰੂ ਤੋਂ ਉਪਦੇਸ਼ ਲੈ ਕੇ ਗੁਰ ਸ਼ਬਦ ਦੁਆਰਾ ਇੱਕ ਅਕਾਲ ਪੁਰਖ ਦੀ ਅਰਾਧਨਾ ਕਰਦੇ ਹਨ, ਕਾਲ ਨਾਲ ਲੜਦੇ ਹਨ, ਪਰਮ ਪਦ ਵਿੱਚ ਕਾਲ ਨੂੰ ਮਾਰ ਦਿੰਦੇ ਹਨ, ਤੇ ਇੱਕ ਵਿੱਚ ਸਮਾ ਕੇ ਸਦ ਜੀਵਤ ਹੁੰਦੇ ਹਨ।

• ਗੁਰ ਉਪਦੇਸਿ ਕਾਲ ਸਿਉ ਜੁਰੈ॥

• ਕਾਲ ਪੁਰਖ ਕਾ ਮਰਦੈ ਮਾਨੁ॥

(ਪੰਨਾ 1159, ਗੁਰੂ ਗ੍ਰੰਥ ਸਾਹਿਬ)

(ਗੁਰਉਪਦੇਸ਼ ਲੈ ਕੇ ਕਾਲ ਨਾਲ ਲੜਦਾ ਹੈ, ਤੇ ਕਾਲ ਪੁਰਖ ਦੇ ਹੰਕਾਰ ਨੂੰ ਮਾਰ ਦਿੰਦਾ ਹੈ।)

• ਹਿਰਦੈ ਸਾਚੁ ਵਸੈ ਹਰਿ ਨਾਇ॥

ਕਾਲੁ ਨ ਜੋਹਿ ਸਕੈ ਗੁਣ ਗਾਇ॥

ਨਾਨਕ ਗੁਰਮੁਖਿ ਸਬਦਿ ਸਮਾਇ॥

(ਪੰਨਾ 227, ਗੁਰੂ ਗ੍ਰੰਥ ਸਾਹਿਬ)

ਜਿਸ ਮਨੁੱਖ ਦੇ ਹਿਰਦੇ ਵਿੱਚ ਅਕਾਲ ਪੁਰਖ ਦੇ ਗੁਣ ਗਾ ਕੇ ਤੇ ਗੁਰਮਤਿ ਨਾਮ ਸਿਮਰਨ ਕਰਕੇ ਨਾਮ ਵੱਸਿਆ ਹੈ, ਕਾਲ ਉਸ ਵੱਲ ਤੱਕ ਨਹੀਂ ਸਕਦਾ। ਪਰਮ ਪਦ ਤੇ ਪਹੁੰਚ ਕੇ ਗੁਰਮੁਖਿ (ਬ੍ਰਹਮ ਗਿਆਨੀ) ਸ਼ਬਦਿ ਵਿੱਚ ਸਮਾ ਜਾਂਦਾ ਹੈ।

• ਸਤਿਗੁਰ ਮਿਲੈ ਤ ਤਿਸ ਕਉ ਜਾਣੈ॥

ਰਹੈ ਰਜਾਈ ਹੁਕਮੁ ਪਛਾਣੈ॥

ਹੁਕਮੁ ਪਛਾਣਿ ਸਚੈ ਦਰਿ ਵਾਸੁ॥

ਕਾਲ ਬਿਕਾਲ ਸਬਦਿ ਭਏ ਨਾਸੁ॥

(ਪੰਨਾ 832, ਗੁਰੂ ਗ੍ਰੰਥ ਸਾਹਿਬ)

(ਮੌਤ ਤੇ ਜਨਮ ਦਾ ਗੇੜ ਸ਼ਬਦ ਅਰਾਧਨ ਨਾਲ ਨਾਸ ਹੋ ਜਾਂਦਾ ਹੈ।)

• ਜਬ ਲਗੁ ਹੁਕਮੁ ਨ ਬੂਝਤਾ ਤਬ ਹੀ ਲਉ ਦੁਖੀਆ॥

ਗੁਰ ਮਿਲਿ ਹੁਕਮੁ ਪਛਾਣਿਆ ਤਬ ਹੀ ਤੇ ਸੁਖੀਆ॥

(ਪੰਨਾ 400, ਗੁਰੂ ਗ੍ਰੰਥ ਸਾਹਿਬ)

ਜਦ ਤਕ ਪਾਰਬ੍ਰਹਮ ਦੇ ਹੁਕਮ ਰੂਪ ਦੀ ਪਛਾਣ ਨਹੀਂ ਹੁੰਦੀ, ਤਦ ਤਕ ਸੰਸਾਰ ਦੇ ਦੁਖ ਸੁਖ ਵਿਆਪਦੇ ਹਨ। ਹੁਕਮ ਦੀ ਪਛਾਣ ਹੋਵੇ ਤਾਂ ਸਦ ਸੁਖੀ, ਆਨੰਦ ਸਰੂਪ ਅਵਸਥਾ ਦੀ ਪ੍ਰਾਪਤੀ ਹੋ ਜਾਂਦੀ ਹੈ।

ਵੇਦਾਂ ਸ਼ਾਸਤ੍ਰਾਂ ਅਨੁਸਾਰ ਦੁਰਗਾ, ਭਵਾਨੀ, ਭਗਉਤੀ, ਸ਼ਿਵ ਆਦਿ ਕਾਲ, ਮਹਾਂਕਾਲ ਦੇ ਹੀ ਰੂਪ ਹਨ। ਦਸਮ ਗ੍ਰੰਥ ਦੀਆਂ ਰਚਨਾਵਾਂ ਵਿੱਚ ਇਹ ਸ਼ਬਦ ਇਹਨਾਂ ਦੇਵੀਆਂ ਦੇਵਤਿਆਂ ਲਈ ਵਰਤੇ ਗਏ ਹਨ। ਵੇਦਾਂ ਸ਼ਾਸਤਰਾਂ ਨੂੰ ਇਕੋ ਇੱਕ ਹਸਤੀ ਅਕਾਲ ਪੁਰਖ ਦੀ ਪਛਾਨ ਨਹੀਂ, ਕੇਵਲ ਅਨੁਮਾਨ ਲਗਾਉਂਦੇ ਹਨ ਕਿ ਬ੍ਰਹਮਾ, ਬਿਸਨ ਤੇ ਮਹੇਸ ਨੂੰ ਰਚਨ ਵਾਲੀ ਇਹਨਾਂ ਤੋਂ ਉਪਰ ਕੋਈ ਹਸਤੀ ਹੈ। ਇਹ ਕਾਲ ਜਾਂ ਓਮ ਨੂੰ ਹੀ ਸੱਤ ਸਮਝ ਕੇ ਅਕਾਲ ਕਹਿ ਲੈਂਦੇ ਹਨ। ਗੁਰਬਾਣੀ ਅਕਾਲ ਤੇ ਕਾਲ ਨੂੰ ਵੱਖ ਵੱਖ ਬਿਆਨ ਕਰਦੀ ਹੈ।

ਓਅੰਕਾਰ ਧੁੰਨ ਤੋਂ ਸੰਸਾਰ ਦੇ ਜੀਵ ਜੰਤ ਉਪਜੇ। ਸੰਸਾਰ ਵਿੱਚ ਪੁੰਨ ਪਾਪ ਹਨ, ਲੜਾਈ ਝਗੜੇ ਹਨ, ਸ਼ਸਤਰ ਹਨ। ਪੁੰਨਾਂ ਪਾਪਾਂ ਦੇ ਲੇਖ ਅਕਾਲ ਪੁਰਖ ਦੇ ਹੁਕਮ ਵਿੱਚ ਹਨ। ਸਿੰਮ੍ਰਿਤ ਸ਼ਾਸਤਰ ਦੀ ਵਿਚਾਰ ਪੁੰਨ ਪਾਪ ਤਕ ਹੈ, ਉਸਨੂੰ ਤੱਤ ਬ੍ਰਹਮ ਤੇ ਹੁਕਮ ਦੀ ਪਛਾਨ ਨਹੀਂ।

• ਸਿਮ੍ਰਿਤਿ ਸਾਸਤ੍ਰ ਪੁੰਨ ਪਾਪ ਬੀਚਾਰਦੇ ਤਤੈ ਸਾਰ ਨ ਜਾਣੀ॥

ਤਤੈ ਸਾਰ ਨ ਜਾਣੀ ਗੁਰੂ ਬਾਝਹੁ ਤਤੈ ਸਾਰ ਨ ਜਾਣੀ॥

(ਪੰਨਾ 920, ਗੁਰੂ ਗ੍ਰੰਥ ਸਾਹਿਬ)

(ਤੱਤ ਬ੍ਰਹਮ ਜੋਤਿ ਤੇ ਹੁਕਮ ਦੀ ਸਾਰ ਪੂਰੇ ਗੁਰੂ ਦੇ ਉਪਦੇਸ਼ ਬਿਨਾ ਨਹੀਂ ਹੁੰਦੀ।)

• ਪੁੰਨ ਪਾਪ ਜੋ ਬੀਜਦੇ ਸਭ ਧਰਮ ਰਾਇ ਕੈ ਜਾਈ॥

(ਪੰਨਾ 1414, ਗੁਰੂ ਗ੍ਰੰਥ ਸਾਹਿਬ)

(ਪੁੰਨ ਪਾਪਾਂ ਨਾਲ ਲੇਖੇ ਵਿੱਚ ਰਹਿੰਦੇ ਹਨ, ਤੇ ਜੰਮਦੇ ਮਰਦੇ ਰਹਿੰਦੇ ਹਨ।)

ਅਕਾਲ ਉਸਤਤਿ (ਦਸਮ ਗ੍ਰੰਥ ਪੰਨਾ 11)

ੴ ਸਤਿਗੁਰ ਪ੍ਰਸਾਦਿ।।

ਉਤਾਰ ਖਾਸੇ ਦਸਖਤ ਕਾ ਪਾਤਿਸਾਹੀ 10. ।

ਕਵਿਤਾ ਇਸ ਮੰਗਲਾਚਰਣ ਤੋਂ ਸ਼ੁਰੂ ਹੁੰਦੀ ਹੈ।

ਅਕਾਲ ਪੁਰਖ ਕੀ ਰੱਛਾ ਹਮਨੈ।।

ਸਰਬ ਲੋਹ ਦੀ ਰੱਛਿਆ ਹਮਨੈ।।

ਸਰਬ ਕਾਲ ਜੀ ਦੀ ਰੱਛਿਆ ਹਮਨੈ।।

ਸਰਬ ਲੋਹ ਜੀ ਦੀ ਸਦਾ ਰੱਛਿਆ ਹਮਨੇ।।

ਦਸਮ ਗ੍ਰੰਥ ਦੀਆਂ ਰਚਨਾਵਾਂ ਵਿੱਚ ਸਰਬ ਕਾਲ ਜੀ, ਕਾਲ ਮਹਾਕਾਲ ਨੂੰ ਕਿਹਾ ਗਿਆ ਹੈ। ਸਰਬ ਲੋਹ ਕਾਲ ਦੇ ਰੂਪ ਚੰਡੀ ਆਦਿ ਨੂੰ ਕਿਹਾ ਗਿਆ ਹੈ। ਇਥੇ ਕਵੀ ਕਹਿ ਰਿਹਾ ਹੈ ਸਰਬ ਲੋਹ ਜੀ। (ਸਰਬ ਲੋਹ ਮਹਾ ਕਾਲ ਦਾ ਅਵਤਾਰ ਹੈ।)

ਕਵੀ ਇਕੋ ਇੱਕ ਅਬਿਨਾਸੀ ਹਸਤੀ ਅਕਾਲ ਪੂਰਖ ਨੂੰ ਨਹੀ ਜਾਣਦਾ। ਕਵੀ ਵੇਦ ਮਤ ਅਨੁਸਾਰ ਓਮ ਤੇ ਕਾਲ ਨੂੰ ਸੱਤ ਅਬਿਨਾਸੀ ਸਮਝਦਾ ਹੈ। ਕਵੀ ਕਾਲ ਨੂੰ ਅਕਾਲ ਵੀ ਕਹਿੰਦਾ ਹੈ। ਮੰਗਲਾਚਰਣ ਤੋ ਹੀ ਸਪਸ਼ਟ ਹੇ ਕਿ ਕਵੀ ਕਾਲ ਤੇ ਚੰਡੀ ਦਾ ਉਪਾਸ਼ਕ ਹੈ। ਦਸਮ ਗ੍ਰੰਥ ਪੰਨਾ 45 ਛੰਦ 84 ਵਿੱਚ ਕਵੀ ਕਹਿੰਦਾ ਹੈ ‘ਏਕ ਹੀ ਕਾਲ ਅਕਾਲ ਸਦਾ ਹੈ’।

ਅਕਾਲ ਉਸਤਤ ਦੇ ਛੰਦ 210 ਤੋਂ 230 ਤੱਕ ਕਵੀ ਕਾਲ ਤੇ ਦੁਰਗਾ ਦੇਵੀ ਦੀ ਉਸਤਤ ਤੇ ਸਰੂਪ ਦਾ ਵਰਣਨ ਕਰਦਾ ਹੈ। 210 ਤੋ 230 ਤਕ ਛੰਦਾ ਦੇ ਅਰਥ ਅਸੀਂ ਇਸ ਵਿਚਾਰ ਵਿੱਚ ਕੀਤੇ ਹਨ।

ਸਰਬ ਲੋਹ = ਸਾਰੇ ਲੋਹੇ ਦਾ ਖੰਡਾ, ਜਾਂ ਸਸਤਰ।

ਸਰਬ ਕਾਲ = ਸਭ ਦਾ ਕਾਲ, ਸਭ ਨੂੰ ਲੈ ਕਰਨ ਵਾਲਾ, ਕਾਲ ਸਮਾਂ, ਹਿੰਦੂ ਧਰਮ ਗ੍ਰੰਥਾਂ ਅਨੁਸਾਰ ਕਾਲੀ ਦੇਵੀ, ਕਾਲਕਾ, ਭਵਾਨੀ, ਦੁਰਗਾ ਆਦਿ।

ਗੁਰਬਾਣੀ ਉਪਦੇਸ਼ ਅਨੁਸਾਰ ਗੁਰਸਿੱਖ ਸਰਬ ਕਾਲ (ਸਭ ਦਾ ਕਾਲ) ਦੀ ਰਖਿਆ ਦੇ ਜਾਚਕ ਨਹੀਂ। ਗੁਰਸਿੱਖ - ਗੁਰਉਪਦੇਸ਼ ਲੈ ਕੇ, ਗੁਰਮੰਤ੍ਰ ਨਾਮ ਦਾ ਜਪ ਸਿਮਰਣ ਕਰਕੇ, ਕਾਲ ਉੱਤੇ ਜਿੱਤ ਪ੍ਰਾਪਤ ਕਰ ਲੈਂਦੇ ਹਨ, ਤੇ ਸਦਜੀਵਤ ਅਬਿਨਾਸੀ ਅਵਸਥਾ ਨੂੰ ਪ੍ਰਾਪਤ ਕਰ ਲੈਂਦੇ ਹਨ। ਗੁਰਬਾਣੀ ਇਸ ਤਰ੍ਹਾਂ ਸਮਝਾਉਂਦੀ ਹੈ:

ਗੁਰ ਉਪਦੇਸਿ ਕਾਲ ਸਿਉ ਜੁਰੈ॥

(ਗੁਰਉਪਦੇਸ਼ ਲੈ ਕੇ ਕਾਲ ਨਾਲ ਲੜੇ।)

ਕਾਲ ਪੁਰਖ ਕਾ ਮਰਦੈ ਮਾਨੁ॥

(ਪੰਨਾ 1159, ਗੁਰੂ ਗ੍ਰੰਥ ਸਾਹਿਬ)

(ਕਾਲ ਪੁਰਖ ਦੇ ਮਾਨ ਨੂੰ ਮਲ ਦੇਵੇ।)

ਵਿਚਾਰ ਨੂੰ ਅਸੀਂ ਭਗਤ ਕਬੀਰ ਜੀ ਦੀ ਬਾਣੀ ਨਾਲ ਸਮਾਪਤ ਕਰਦੇ ਹਾਂ ਜੋ ਗੁਰਮਤਿ ਤੇ ਵੇਦ ਮਤ ਦੇ ਭੇਦ ਨੂੰ ਸਮਝਾ ਦਿੰਦੀ ਹੈ।

ਬੇਦ ਕੀ ਪੁਤ੍ਰੀ ਸਿੰਮ੍ਰਿਤਿ ਭਾਈ॥

ਸਾਂਕਲ ਜੇਵਰੀ ਲੈ ਹੈ ਆਈ॥

(ਸਿੰਮ੍ਰਿਤੀਆਂ ਜੋ ਵੇਦਾਂ ਦੀ ਆਧਾਰ ਤੇ ਬਣੀਆਂ ਹਨ, ਆਪਣੇ ਸ਼ਰਧਾਲੂਆਂ ਵਾਸਤੇ ਸੰਗਲ ਤੇ ਰੱਸੀਆਂ ਲੈ ਕੇ ਆਈ ਹੈ।)

ਆਪਨ ਨਗਰੁ ਆਪ ਤੇ ਬਾਧਿਆ॥

ਮੋਹ ਕੈ ਫਾਸਿ ਕਾਲ ਸਰੁ ਸਾਂਧਿਆ॥

(ਸਿੰਮ੍ਰਿਤੀ ਨੇ ਆਪਣੇ ਸ਼ਰਧਾਲੂ ਆਪ ਹੀ ਜਕੜੇ ਹੋਏ ਹਨ। ਇਹਨਾਂ ਨੇ ਸੁਰਗ ਤੇ ਨਰਕ ਦੇ ਮੋਹ ਦੀ ਫਾਹੀ ਵਿੱਚ ਫਸਾ ਕੇ ਇਹਨਾਂ ਕਾਲ, ਮੌਤ ਦੇ ਸਹਿਮ ਤੇ ਘੇਰੇ ਵਿੱਚ ਰਖਿਆ ਹੈ।)

ਕਟੀ ਨ ਕਟੈ ਤੂਟਿ ਨਹ ਜਾਈ॥

ਸਾ ਸਾਪਨਿ ਹੋਇ ਜਗ ਕਉ ਖਾਈ॥

(ਸਿੰਮ੍ਰਿਤੀ ਦੀਆਂ ਲਗਾਈਆਂ ਕਰਮ ਜਾਲ ਦੀਆਂ ਫਾਹੀਆਂ ਵੱਢੀਆਂ ਨਹੀਂ ਜਾ ਸਕਦੀਆਂ। ਇਹ ਸੱਪਣੀ ਬਣ ਕੇ ਸ਼ਰਧਾਲੂਆਂ ਨੂੰ ਖਾ ਰਹੀ ਹੈ।)

ਹਮ ਦੇਖਤ ਜਿਨਿ ਸਭੁ ਜਗੁ ਲੂਟਿਆ॥

ਕਹੁ ਕਬੀਰ ਮੈ ਰਾਮ ਕਹਿ ਛੂਟਿਆ॥ (ਪੰਨਾ 329, ਗੁਰੂ ਗ੍ਰੰਥ ਸਾਹਿਬ)

(ਮੇਰੇ ਦੇਖਦਿਆਂ ਦੇਖਦਿਆਂ ਇਸਨੇ ਸੰਸਾਰ ਨੂੰ ਠੱਗ ਲਿਆ ਹੈ। ਮੈਂ ਮੌਤ ਤੇ ਜਿੱਤ ਕਿਵੇਂ ਪ੍ਰਾਪਤ ਕੀਤੀ, ਮੈਂ ਗੁਰਮਤਿ ਸਿਮਰਣ ਕਰਕੇ ਕਾਲ ਨੂੰ ਜਿੱਤ ਲਿਆ, ਤੇ ਜਨਮ ਮਰਨ ਦੇ ਗੇੜ ਚੋਂ ਛੁੱਟ ਗਿਆ।) (ਗੁਰਬਾਣੀ ਅਨੁਸਾਰ ਭਗਤ ਕਬੀਰ ਪੂਰੇ ਗੁਰੂ ਤੋਂ ਉਪਦੇਸ਼ ਲੈ ਕੇ ਗੁਰਮਤਿ ਨਾਮ ਸਿਮਰਣ ਕਰਕੇ ਤਰਿਆ।)

ਬੇਦ ਸਿੰਮ੍ਰਿਤ ਸਾਸਤ੍ਰ, ਓਮ ਸਰੂਪ ਕਾਲ ਪੁਰਖ ਨੂੰ ਜਾਣਦੇ ਹਨ, ਤੇ ਓਮ ਦੀ ਅਰਾਧਨਾ ਤੇ ਕਾਲ ਮਹਾਂਕਾਲ ਕਾਲੀ ਆਦਿ ਦੀ ਅਰਾਧਨਾ ਦਾ ਉਪਦੇਸ਼ ਦਿੰਦੇ ਹਨ। ਸਿੰਮ੍ਰਿਤ ਸ਼ਾਸਤਰ ਕਾਲ ਪੁਰਖ ਤੋਂ ਉਪਰ ਅਕਾਲ ਪੁਰਖ ਤੇ ਉਸਦੇ ਹੁਕਮਾਂ ਨੂੰ ਨਹੀਂ ਜਾਣਦੇ। ਇਹਨਾਂ ਗ੍ਰੰਥਾਂ ਦੀ ਵਿਚਾਰ ਪੁੰਨ ਪਾਪਾਂ ਤੇ, ਇਹਨਾਂ ਤੋਂ ਉਪਜੇ ਜਨਮ ਮਰਨ ਦੇ ਗੇੜ ਤਕ ਸੀਮਿਤ ਹੈ। ਬ੍ਰਹਮਾ ਨੂੰ ਵੀ ਹੁਕਮ ਦੀ ਪਛਾਣ ਨਹੀਂ ਹੋਈ।

ਚਾਰੇ ਵੇਦ ਬ੍ਰਹਮੇ ਕਉ ਦੀਏ ਪੜਿ ਪੜਿ ਕਰੇ ਵੀਚਾਰੀ॥

ਤਾ ਕਾ ਹੁਕਮੁ ਨ ਬੂਝੈ ਬਪੁੜਾ ਨਰਕਿ ਸੁਰਗਿ ਅਵਤਾਰੀ॥

(ਪੰਨਾ 423, ਗੁਰੂ ਗ੍ਰੰਥ ਸਾਹਿਬ)

ਸਤਿਗੁਰ ਮਿਲੈ ਤ ਤਿਸ ਕਉ ਜਾਣੈ॥

ਰਹੈ ਰਜਾਈ ਹੁਕਮੁ ਪਛਾਣੈ॥ (ਪੰਨਾ 832, ਗੁਰੂ ਗ੍ਰੰਥ ਸਾਹਿਬ)

(ਗੁਰਸਿੱਖ ਸਤਿਗੁਰੂ ਤੋਂ ਉਪਦੇਸ਼ ਲੈ ਕੇ ਗੁਰਮਤਿ ਨਾਮ ਸਿਮਰਣ ਕਰਦਿਆਂ ਅਕਾਲ ਪੁਰਖ ਦੀ ਅਰਾਧਨਾ ਕਰਦਾ ਹੈ, ਕਾਲ ਤੇ ਜਿੱਤ ਪ੍ਰਾਪਤ ਕਰਕੇ ਕਾਲ ਨੂੰ ਮਾਰ ਦਿੰਦਾ ਹੈ ਤੇ ਸਦ ਜੀਵਤ ਹੋ ਜਾਂਦਾ ਹੈ। ਗੁਰਸਿੱਖ ਨੂੰ ਹੁਕਮ ਦੀ ਪਛਾਣ ਹੋ ਜਾਂਦੀ ਹੈ।)

ਕਾਲ ਦੀ ਅਰਾਧਨਾ ਵਾਲੇ ਨੂੰ ਕਾਲ ਹੀ ਖਾਂਦਾ ਹੈ, ਤੇ ਉਹ ਜੰਮਦਾ ਮਰਦਾ ਰਹਿੰਦਾ ਹੈ, ਨਰਕਾਂ ਸੁਰਗਾਂ ਦੇ ਚੱਕਰ ਕਰਮ ਅਨੁਸਾਰ ਕੱਢਦਾ ਹੈ।

ਇਸ ਰਚਨਾ ਦੇ ਕਵੀ ਅਨੁਸਾਰ ਸਭ ਦੇਵੀ ਦੇਵਤੇ, ਕਾਲ ਨੇ ਪੈਦਾ ਕੀਤੇ ਤੇ ਕਾਲ ਨੇ ਹੀ ਮਾਰੇ। ਸਭ ਜਨਮ ਮਰਨ ਦੇ ਗੇੜ ਵਿੱਚ ਘੁੰਮ ਰਹੇ ਹਨ। ਇਸੇ ਤਰ੍ਹਾਂ ਸਭ ਪੀਰ ਪੈਗੰਬਰ ਅਉਲੀਏ, ਦੇਵੀ ਦੈਤ ਆਦਿ ਹਨ। ਕਾਲ ਬਹੁਤ ਬਲੀ ਹੈ।

ਗੁਰਬਾਣੀ ਸਮਝਾਉਂਦੀ ਹੈ ਕਿ ਸਭ ਦੇਵੀ ਦੇਵਤੇ ਆਦਿ ਕਾਲ ਪੁਰਖ ਤੋਂ ਹੀ ਬਣ ਪਲ ਮਰ ਰਹੇ ਹਨ, ਪਰ ਕਾਲ ਨੂੰ ਏਕੰਕਾਰ ਜੋਤਿ ਰੂਪ ਪਾਰਬ੍ਰਹਮ ਅਬਿਨਾਸੀ ਹਸਤੀ ਅਕਾਲ ਪੁਰਖ ਨੇ ਆਪਣੇ ਹੁਕਮ, ਬਲ ਨਾਲ ਸਾਜਿਆ ਤੇ ਕਾਲ ਪੁਰਖ ਸਰੂਪ ਤੋਂ ਸਾਰੇ ਦੇਵੀ ਦੇਵਤੇ ਆਦਿ ਇੱਕ ਅਕਾਲ ਪੁਰਖ ਦੇ ਹੁਕਮ ਵਿੱਚ ਬਣ ਪਲ ਮਰ ਰਹੇ ਹਨ। ਅਕਾਲ ਪੁਰਖ ਸੁਤੰਤਰ ਸੰਪੂਰਨ ਸ਼ਖਸੀਅਤ ਹੈ। ਸੰਸਾਰ ਦੀ ਖੇਡ, ਜਨਮ ਮਰਨ ਦੀ ਖੇਡ ਦਾ ਮੂਲ ਅਕਾਲ ਪੁਰਖ ਦੇ ਹੁਕਮ ਦੀ ਖੇਡ ਹੈ, ਅਕਾਲ ਪੁਰਖ ਹੀ ਸਾਰੀ ਖੇਡ ਹੁਕਮ ਰੂਪ ਹੋ ਕੇ ਕਰ ਰਿਹਾ ਹੈ। ਬ੍ਰਹਮਾ ਬਿਸਨ ਮਹੇਸ, ਦੇਵੀ ਦੇਵਤੇ ਸਭ ਕਾਇਨਾਤ ਵਿੱਚ ਸਰਗੁਨ ਸਰੂਪ ਹੋ ਕੇ ਆਪ ਖੇਡ ਰਿਹਾ ਹੈ। ਹੁਕਮ ਦੀ ਪਛਾਣ ਬੇਦਾਂ ਸ਼ਾਸਤ੍ਰਾਂ ਸਿੰਮ੍ਰਿਤੀਆਂ ਨੂੰ ਨਹੀਂ ਹੋਈ। ਹੁਕਮ ਦੀ ਪਛਾਣ ਪੂਰੇ ਗੁਰੂ ਤੋਂ ਉਪਦੇਸ਼ ਲੈ ਕੇ ਗੁਰਮਤਿ ਸਿਮਰਨ ਦੁਆਰਾ ਹੋ ਜਾਂਦੀ ਹੈ, ਹੁਕਮ ਦੀ ਪਛਾਣ ਹੋਵੇ ਤਾਂ ਇੱਕ ਦੀ ਪਛਾਣ ਹੁੰਦੀ ਹੈ, ਤੇ ਜੀਵ ਤੱਤ, ਪਰਮਤਤ, ਪਰਮ ਨਿਰਮਲ ਚੇਤਨਾ ਵਿੱਚ ਅਭੇਦ ਹੋ ਜਾਂਦਾ, ਫਿਰ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ। ਸਭ ਸਿੰਮ੍ਰਿਤ ਸ਼ਾਸਤ੍ਰ ਵਾਲੇ, ਕਾਲ ਦੀ ਅਰਾਧਨਾ ਵਾਲੇ, ਬ੍ਰਹਮਾ ਬਿਸਨ ਮਹੇਸ ਦੀ ਅਰਾਧਨਾ ਵਾਲੇ, ਕਾਲ ਚੱਕਰ ਵਿੱਚ ਹੀ 84 ਲੱਖ ਜੂਨਾਂ ਦੇ ਗੇੜੇ ਵਿੱਚ ਘੁੰਮਦੇ ਹਨ। ਇੱਕ ਕਾਲ ਚੱਕਰ ਤੋਂ ਬਾਦ, ਜਦੋਂ ਅਕਾਲ ਪੁਰਖ ਨੂੰ ਭਾਵੇ ਤਾਂ ਕਾਲ ਦਾ ਵੀ ਕਾਲ ਆ ਜਾਂਦਾ ਹੈ, ਤੇ ਕਾਲ ਪੁਰਖ ਵੀ ਹੁਕਮ ਨਾਲ ਅਕਾਲ ਪੁਰਖ ਵਿੱਚ ਹੀ ਸਮਾ ਜਾਂਦਾ ਹੈ। ਫਿਰ ਸੁੰਨ ਸਮਾਧ ਵਿੱਚ ਇੱਕ ਇਕੋ ਸਦੈਵੀ ਹਸਤੀ, ਜੋਤਿ ਰੂਪ ਪਾਰਬ੍ਰਹਮ ਪਰਮ ਪੁਰਖ ਹੀ ਰਹਿ ਜਾਂਦਾ ਹੈ। ਉਦੋਂ ਸੰਸਾਰ ਨਹੀਂ ਰਹਿੰਦਾ।

ਰਚਨਾ ਦੇ ਛੰਦ 211 ਤੋਂ 230 ਵਿੱਚ ਕਵੀ ਚੰਡੀ ਦੇਵੀ ਦੀ ਜੈ ਜੈਕਾਰ ਕਰਦਾ ਹੈ, ਦੈਂਤਾਂ ਨੂੰ ਮਾਰਨ ਵਾਲੀ, ਲਹੂ ਪੀਨ ਵਾਲੀ ਦੇਵੀ ਬਿਆਨ ਕਰਦਾ ਹੈ। ਕਵੀ ਦੇਵੀ ਨੂੰ ਪਾਪਾਂ ਦਾ ਨਾਸ ਕਰਨ ਵਾਲੀ ਵੀ ਕਹਿੰਦਾ ਹੈ, ਤੇ ਚੰਡੀ ਦੇਵੀ ਨੂੰ ਪਰਮੇਸਰ ਤੁੱਲ ਸਮਝਦਾ ਹੈ।

ਦੁਰਜਨ ਦਲ ਦੰਡਣ ਅਸੁਰ ਬਿਹੰਡਣ ਦੁਸ਼ਟ ਨਿਕੰਦਣ ਆਦਿ ਬ੍ਰਿਤੇ।।

(ਬੁਰੇ ਪੁਰਸ਼ਾਂ ਦੇ ਝੁੰਡਾਂ ਨੂੰ ਡੰਡ ਦੇਣਾ ਦੈਂਤਾਂ ਨੂੰ ਤਬਾਹ ਕਰਨਾ, ਜ਼ਾਲਮਾਂ ਨੂੰ ਮਾਰ ਦੇਣਾ (ਇਹ ਜਿਸ ਦਾ) ਸ਼ੁਰੂ ਤੋਂ ਹੀ (ਬ੍ਰਿਤੇ) ਸੁਭਾਵ ਹੈ।)

ਚਛਰਾਸੁਰ ਮਾਰਣ ਪਤਿਤ ਉਧਾਰਣ ਨਰਕ ਨਿਵਾਰਣ ਗੂੜ ਗਤੇ।।

((ਜੋ) ਚਿੱਛਰ ਦੈਂਤ ਨੂੰ ਮਾਰਨ ਵਾਲੀ ਹੈ, ਪਾਪੀਆਂ ਨੂੰ ਤਾਰਨ ਵਾਲੀ ਹੈ, ਨਰਕਾਂ ਤੋਂ ਬਚਾਉ ਵਾਲੀ ਹੈ, ਅਤੇ (ਜਿਸ ਦੀ) ਗੜੀ ਗੂੜ੍ਹ ਹੈ।)

ਅਛੇ ਅਖੰਡੇ ਤੇਜ ਪ੍ਰਕੰਡੇ ਖੰਡ ਉਦੰਡੇ ਅਲਖ ਮਤੇ।।

(ਜਿਸਦਾ ਨਾ ਖੰਡਨ ਹੋਣ ਵਾਲਾ (ਅਛੇ) ਚੰਗਾ (ਪ੍ਰਚੰਡ) ਪਰਕਾਸ਼ ਯੁਕਤ ਪ੍ਰਤਾਪ ਹੈ, ਅਤੇ ਨਾ ਦੰਡ ਹੇਠਾਂ ਆਉਣ ਵਾਲਿਆਂ ਦਾ ਖੰਡਨ ਕਰਨ ਵਾਲੀ ਹੈ, ਅਤੇ ਮਤੀ ਜਿਸ ਦੀ ਜਾਣੀ ਨਹੀਂ ਜਾਂਦੀ।)

ਜੈ ਜੈ ਹੋਸੀ ਮਹਖਾਸੁਰਿ ਮਰਦਨ ਰੰਮ ਕਪਰਦਨ ਛੱਤ੍ਰ ਛਿਤੇ।। 211.

(ਹੇ ਮਹਿਖਾਸੁਰ ਨੂੰ ਮਾਰਨ ਵਾਲੀ, ਸੁੰਦਰ ਕੇਸਾਂ ਦਾ ਜੂੜਾ ਧਾਰਨ ਵਾਲੀ ਤੇ ਪ੍ਰਿਥਵੀ ਉਤੇ ਛਤਰ (ਰੂਪ! ਤੇਰੀ) ਜੈ ਜੈ ਕਾਰ ਹੋਵੇ।)

ਆਸੁਰੀ ਬਿਹੰਡਣ ਦੁਸ਼ਟ ਨਿਕੰਦਣ ਪੁਸ਼ਟ ਉਦੰਡਣ ਰੂਪੰ ਅਤੇ।।

(ਹੇ ਅਸੁਰਾਂ ਨੂੰ ਮਾਰਣ ਵਾਲੀ, ਦੁਸ਼ਟਾਂ ਨੂੰ ਨਾਸ ਕਰਨ ਵਾਲੀ, (ਪੁਸਟ) ਮੋਟੇ ਤਾਜਿਆਂ ਨੂੰ ਦੰਡ ਦੇਣ ਵਾਲੀ ਅਤੇ ਅਤਿਯੰਤ ਮਹਾਨ ਰੂਪ ਵਾਲੀ ਹੈ।)

ਚੰਡਾਸੁਰ ਚੰਡਣ ਮੁੰਡ ਬਿਸੰਡਣ ਧੂਮ੍ਰ ਬਿੰਧੁਸਣ ਮਹਖ ਮਤੇ।।

(ਜੋ ਚੰਡ ਦੈਂਤ ਨੂੰ ਚੰਡਣ ਵਾਲੀ ਹੈ, ਮੂੰਡ ਦੈਂਤ ਨੂੰ ਕਟਨ ਵਾਲੀ ਹੈ, ਧੂਮਰ ਲੋਚਨ ਨੂੰ ਤਬਾਹ ਕਰਨ ਵਾਲੀ ਹੈ, ਅਤੇ ਮਹਖ ਦੈਂਤ ਨੂੰ ਗਰਦ (ਮਿਟੀ) ਨਾਲ ਮਿਲਾਨ ਵਾਲੀ ਹੈ।)

ਦਾਨਵ ਪ੍ਰਹਾਰਨ ਨਰਕ ਨਵਾਰਨ ਅਧਮ ਉਰਧ ਅਧੇ।।

(ਜੋ ਦੈਂਤਾਂ ਦਾ ਸੰਘਾਰ ਕਰਨ ਵਾਲੀ ਹੈ, ਨਰਕਾਂ ਤੋਂ ਬਚਾਨ ਵਾਲੀ ਹੈ, ਪਾਪੀਆਂ ਨੂੰ ਤਾਰਨ ਵਾਲੀ ਹੈ, ਅਤੇ ਉਰਧ ਅਕਾਸ ਤੇ ਅਧੇ ਪਾਤਾਲ ਵਿੱਚ ਪੂਰਨ ਹੈ।)

ਜੈ ਜੈ ਹੋਸੀ ਮਹਖਾਸੁਰ ਮਰਦਨ ਰੰਮ ਕਪਰਦਿਨ ਆਦਿ ਬ੍ਰਿਤੇ।। 212.

(ਹੇ ਮਹਿਖਾਸੁਰ ਨੂੰ ਮਾਰਨ ਵਾਲੀ, ਸੁੰਦਰ ਕੇਸਾਂ ਦੇ ਜੂੜੇ ਵਾਲੀ ਆਦ ਸ਼ਕਤੀ! (ਤੇਰੀ) ਜੈ ਹੋਵੇ ਜੈ ਹੋਵੇ।)

ਡਾਵਰੂ ਡਵੰਕੈ ਬਦਰ ਬਵੰਕੈ ਭੁਜਾ ਫਰੰਕੈ ਤੇਜ ਬਰੰ।।

((ਤੇਰਾ) ਡੋਰੂ (ਇਉਂ ਡੁਗ ਡੁਗ ਕਰਦਾ ਹੈ, (ਮਾਨੋਂ) ਸ਼ੇਰ ਭੱਬਕਦਾ ਹੈ, ਅਤੇ ਬਲ ਦੇ ਤੇਜ਼ (ਕਰਕੇ ਤੇਰੀਆਂ) ਬਾਹਾਂ ਫੁਰਕਦੀਆਂ ਹਨ।)

ਲੰਕੂੜੀਆ ਫਾਧੈ ਆਯੁਧ ਬਾਧੈ ਸੈਨ ਬਿਮਰਦਨ ਕਾਲ ਅਹੁਰੰ।।

(ਜਿਸ ਨੇ ਸਸਤਰ ਸਜਾਏ ਹੋਏ ਹਨ, ਉਹ ਲੌਕੁੜਾ (ਹਨੂੰਮਾਨ) ਤੇਰੇ ਅਗੇ (ਫਾਧੇ) ਟਪੋਸੀਆਂ ਮਾਰਦਾ ਜਾ ਰਿਹਾ ਹੈ, ਮਾਨੋਂ ਦੈਂਤਾਂ ਦੀ ਸੈਨਾ ਨੂੰ ਬਿਲਕੁਲ ਨਾਸ ਕਰਨ ਲਈ ਕਾਲ ਰੂਪ ਹੋ ਰਿਹਾ ਹੈ।)

ਅਸਟਾਇਧ ਚਮਕੈ ਭੂਖਨ ਦਮਕੈ ਅਤਸਿਤ ਝਮਕੈ ਫੂੰਕ ਫਨੰ।।

(ਹਥਾਂ ਵਿੱਚ ਅਠ ਸ਼ਸਤ੍ਰ ਚਮਕਦੇ ਹਨ, ਅਤੇ ਗਹਿਣੇ ਦਮਕਾਂ ਮਾਰਦੇ ਹਨ ਅਤੇ ਤੇਰੇ ਗਲ ਦੇ (ਅਤਸਿਤ) ਡਾਢੇ ਚਿਤੇ (ਫੱਨ) ਸਪ ਵੈਰੀਆਂ ਨੂੰ ਮਾਰਨ ਲਈ ਫੁੰਕਾਰੇ ਮਾਰਦੇ ਹਨ।)

ਜੈ ਜੈ ਹੋਸੀ ਮਹਖਾਸੁਰ ਮਰਦਨਿ ਰੰਪ ਕਪਰਦਿਨ ਦੈਤ ਜਿਣੰ।। 213.

(ਹੇ ਦੈਂਤਾਂ ਨੂੰ (ਜਿਣ) ਜਿਤਣ ਵਾਲੀ! ਹੇ ਮਹਿਖਾਸੁਰ ਨੂੰ ਮਾਰਨ ਵਾਲੀ! ਹੇ ਸੁੰਦਰ ਜੂੜੇ ਵਾਲੀ! (ਤੇਰੀ) ਜੈ ਜੈ ਕਾਰ ਹੋਵੇ।)

ਚੰਡਾਸੁਰ ਚੰਡਣ ਮੁੰਡ ਬਿਮੁੰਡਨ ਖੰਡ ਅਖੰਡਣ ਖੂਨ ਖਿਤੇ।।

(ਹੇ ਚੰਡ ਦੈਂਤ ਨੂੰ (ਖੂਨ ਖਿਤੇ) ਜੁਧ ਭੂਮਿ ਵਿੱਚ ਚਡਣ ਵਾਲੀ! ਹੇ ਮੂੰਡ ਦੈਂਤ ਨੂੰ ਮਾਰਨ ਵਾਲੀ ਅਤੇ ਟੋਟੇ ਨਾ ਹੋਣ ਵਾਲਿਆਂ ਦੇ ਟੋਟੇ ਕਰਨ ਵਾਲੀ।)

ਦਾਮਨੀ ਦਮੰਕਣ ਧੁਜਾ ਫਰੰਕਣ ਫਣੀ ਫੁਕਾਰਨ ਜੋਧ ਜਿਤੇ।।

(ਹੇ ਬਿਜਲੀ ਵਾਂਗੂੰ ਦਮਕਨ ਵਾਲੀ! ਤੇਰੇ ਝੰਡੇ ਝੂਲਦੇ ਹਨ, ਅਤੇ ਸਪ ਸੂਕਦੇ ਹਨ, ਤੂੰਹੀ ਜੁਧ ਦੇ ਜਿਤਨ ਵਾਲੀ ਹੈ।)

ਸਰ ਧਾਰ ਬਿਬਰਖਣ ਦੁਸ਼ਟ ਪ੍ਰਕਰਖਣ ਪੁਸਟ ਪ੍ਰਹਰਖਨ ਦੁਸਟ ਮਥੈ।।

(ਤੂੰ ਤੀਰਾਂ ਦਾ ਮੀਂਹ ਵਸਾਣ ਵਾਲੀ ਹੈਂ। ਦੁਸ਼ਟਾਂ ਨੂੰ ਰਣ ਭੂਮੀ ਵਿੱਚ ਰੁਲਾਨ ਵਾਲੀ ਹੈ, ‘ਪੁਸਿਟ’ ਯੋਗਨੀ ਨੂੰ ਵੱਡਾ ਅਨੰਦ ਦੇਣ ਵਾਲੀ ਹੈ ਅਤੇ ਜ਼ਾਲਮਾਂ ਨੂੰ ਮਾਰਨ ਵਾਲੀ ਹੈ।)

ਜੈ ਜੈ ਹੋਸੀ ਮਹਖਾਸੁਰ ਮਰਦਨ ਭੂਮ ਅਕਾਸ ਤਲ ਉਰਧ ਅਧੇ।। 214.

(ਹੇ ਮਹਿਖਾਸੁਰ ਮਰਦਨ! ਤੇਰੀ ਜੈ ਜੈ ਹੋਵੇ, ਤੂੰਹੀ ਅਕਾਸਾਂ, ਧਰਤੀ ਤੇ ਸਾਰੇ ਪਤਾਲਾਂ ਵਿੱਚ ਪੂਰਨ ਹੈਂ)

ਦਾਮਨੀ ਪ੍ਰਹਾਸਨ ਸੁ ਛਬ ਨਿਵਸਾਨ ਸ੍ਰਿਸਟ ਪ੍ਰਕਾਸਨ ਗੂੜ ਗਤੇ।।

(ਬਿਜਲੀ ਦੇ ਲਿਸ਼ਕਾਰੇ ਵਾਂਗੂੰ ਸੁੰਦਰ ਹਾਸੇ ਵਾਲੀ ਹੈਂ, ਸੁੰਦਰ ਛਬ ਵਿੱਚ ਨਿਵਾਸ ਰਖਣ ਵਾਲੀ ਹੈਂ, ਸ੍ਰਿਸ਼ਟੀ ਦੇ ਪ੍ਰਕਾਸ਼ ਕਰਨ ਵਾਲੀ ਹੈਂ, ਅਤੇ ਗੂੜ ਸਿਧਾਂਤ ਵਾਲੀ ਹੈਂ।)

ਰਕਤਾਸੁਰ ਆਚਨ ਜੁਧ ਪ੍ਰਮਾਚਨ ਨ੍ਰਿਦੈ ਨਰਾਚਨ ਧਰਮ ਬ੍ਰਿਤੇ।।

(ਤੂੰਹੀਂ ਰਕਤਬੀਜ ਨੂੰ ਖਾਣ ਵਾਲੀ ਹੈਂ, ਜੁਧ ਵਿੱਚ ਉਤਸ਼ਾਹ ਵਧਾਣ ਵਾਲੀ ਹੈਂ, ਨਿਰਭੈਤਾ ਵਿੱਚ ਫਿਰਨ ਵਹਲੀ ਹੈਂ ਅਤੇ ਧਰਮ ਦੇ ਸੁਭਾਵ ਵਾਲੀ ਹੈਂ।)

ਸ੍ਰੋਣੰਤ ਅਚਿੰਤੀ ਅਨਲ ਬਿਵੰਤੀ ਜੋਗ ਜਯੰਤੀ ਖੜਗ ਧਰੇ।।

(ਤੂੰਹੀ ਲਹੂ ਦੇ ਪੀਣ ਵਾਲੀ ਹੈਂ, ਅੱਗ ਮੂੰਹੋਂ ਉਲੱਛਨ ਵਾਲੀ ਹੈਂ, ਜੋਗ ਨੂੰ ਜਿਤਣ ਵਾਲੀ ਹੈਂ ਅਤੇ ਖੜਗ ਦੇ ਧਾਰਨ ਵਾਲੀ ਹੈਂ।)

ਜੈ ਜੈ ਹੋਸੀ ਮਹਖਾਸੂਰ ਮਰਦਨ ਪਾਪ ਬਿਨਾਸਿਨ ਧਰਮ ਕਰੇ।। 215.

(ਹੇ ਪਾਪ ਦੇ ਨਾਸ ਕਰਨ ਵਾਲੀ, ਧਰਮ ਨੂੰ ਪੈਦਾ ਕਰਨ ਵਾਲੀ, ਮਹਿਖਾਸੁਰ ਨੂੰ ਮਾਰਨ ਵਾਲੀ! ਤੇਰੀ ਜੈ ਜੈ ਕਾਰ ਹੋਵੇ।)

ਅਘ ਓਘ ਨਿਵਾਰਨ ਦੁਸਟ ਪ੍ਰਜਾਰਨ ਸ੍ਰਿਸਟ ਉਬਾਰਨ ਸੁਧ ਮਤੇ।।

(ਸਾਰੇ ਪਾਪਾਂ ਨੂੰ ਦੂਰ ਕਰਨ ਵਾਲੀ ਹੈਂ, ਬੁਰਿਆਂ ਨੂੰ ਚੰਗੀ ਤਰ੍ਹਾਂ ਫੂਕਨ ਵਾਲੀ ਹੈਂ, ਸ੍ਰਿਸ਼ਟੀ ਦੀ ਰਖਿਆ ਕਰਨ ਵਾਲੀ ਹੈਂ ਅਤੇ ਸੁਧ ਮਤ ਦੇਣ ਵਾਲੀ ਹੈਂ।)

ਫਣੀਅਰ ਫੁੰਕਾਰਨ ਬਾਘ ਬਕਾਰਣ ਸਸਤ੍ਰ ਪ੍ਰਹਾਰਣ ਸਾਧ ਮਤੇ।।

((ਤੇਰੇ ਗਲ ਵਿੱਚ) ਸੱਪ ਸੂਕਦੇ ਹਨ, (ਤੇਰਾ ਘੋੜਾ) ਸ਼ੇਰ ਭੱਬਕਦਾ ਹੈ, (ਤੂੰ ਆਪ) ਸ਼ਸਤਰ ਚਲਾਉਨ ਵਾਲੀ ਅਤੇ ਸਾਧੂ ਮਤੇ ਵਾਲੀ ਹੈਂ, ਭਾਵ - ਰਾਗ ਦ੍ਹੈਖ ਰਹਿਤ ਹੈਂ।)

ਸੈਹਥੀ ਸਨਾਹਨ ਅਸਟ ਪ੍ਰਬਾਹਨ ਬੋਲ ਨਿਬਾਹਨ ਤੇਜ ਅਤੁਲੰ।।

(ਤੇਰੀਆਂ ਅਠਾਂ (ਪਰ) ਲੰਮੀਆਂ ਬਾਹਾਂ ਵਿੱਚ ਸੈਹਥੀ (ਆਦਿਕ ਸ਼ਸਤਰ ਹਨ), ਤਨ ਉਪਰ ਮੰਜਯ (ਪਹਿਨੀ ਹੋਈ ਹੈ, ਤੇਰਾ) ਬਲ ਅਤੁਲ ਹੈ (ਹੈ, ਅਤੇ ਕੀਤੇ) ਬੋਲ ਨੂੰ ਪੂਰਾ ਕਰਨ ਵਾਲੀ ਹੈਂ।)

ਜੈ ਜੈ ਹੋਸੀ ਮਹਖਾਸੁਰ ਮਰਦਨ ਭੂਮ ਅਕਾਸ ਪਤਾਲ ਜਲੰ।। 216.

(ਹੇ ਮਹਿਖਾਸੁਰ ਨੂੰ ਮਾਰਨ ਵਾਲੀ! (ਤੇਰੀ) ਜੈ ਜੈ ਕਾਰ ਹੋਵੇ, ਧਰਤੀ, ਅਕਾਸ਼ ਤੇ ਪਤਾਲ (ਵਿੱਚ ਤੇਰਾ ਹੀ) (ਜਲੰ=ਜ੍ਹਲੰ) ਪ੍ਰਕਾਸ਼ ਹੈ।))

ਚਾਚਰ ਚਮਕਾਰਨ ਚਿਛੁਰ ਹਾਰਨ ਧੂਮ ਧੁਕਾਰਨ ਦ੍ਰਪ ਮਥੇ।।

((ਤੂੰ) (ਚਾਚਰ) ਤਲਵਾਰ ਚਮਕਾਨ ਵਾਲੀ ਹੈਂ, ਚਿਛੁਰ (ਦੈਂਤ ਨੂੰ) ਹਰਾਨ ਵਾਲੀ ਹੈਂ, ਧੂਮਰ (ਲੋਚਨ ਦੈਂਤ ਦੇ) (ਧੁੰਕਾਰਨ) ਤੂੰਬੇ ਤੂੰਬੇ ਉਡਾਨ ਵਾਲੀ ਹੈਂ ਅਤੇ ਹੰਕਾਰ ਨੂੰ ਮਥਨੇ ਵਾਲੀ ਹੈਂ।)

ਦਾੜਵੀ ਪ੍ਰਦੰਤੇ ਚੰਦ ਪ੍ਰਕਾਸਨ ਸੂਰਜ ਪ੍ਰਤੇਜਨ ਅਸਟਭੁਜੇ।।

(ਅਨਾਰ ਦੇ ਦਾਣਿਆਂ ਨਾਲੋਂ ਸੋਹਣੇ ਦੰਦਾਂ ਵਾਲੀ ਹੈਂ, ਜੰਗ ਦੇ ਜਿਤਣ ਵਾਲੇ ਮਨੁੱਖਾਂ ਨੂੰ ਮਰਦਨ ਕਰਨ ਵਾਲੀ ਹੈਂ, ਅਤੇ ਗੂੜ੍ਹ ਸਿਧਾਂਤ ਵਾਲੀ ਹੈਂ।)

ਘੁੰਘਰੂ ਘਮੰਕਣ ਸਸਤ੍ਰ ਝਮੰਕਣ ਫਨੀਅਰ ਫੁੰਕਾਰਣ ਧਰਮ ਧੁਜੇ।।

(ਹੇ ਧਰਮ ਦੀ ਧੁਜਾ! ਤੇਰੇ ਪੈਰਾਂ ਦੇ ਘੁੰਗਰੂ (ਘਮੰਕਣ) ਛਣ ਛਣ ਕਰਦੇ ਹਨ, ਤੇਰੇ ਹਥ ਦੇ ਸ਼ਸਤਰ ਲਿਸ਼ਕਾਂ ਮਾਰਦੇ ਹਨ, ਅਤੇ ਤੇਰੇ ਗਲ ਦੇ ਸੱਪ ਫੁੰਕਾਰੇ ਮਾਰਦੇ ਹਨ।)

ਅਸ ਟਾਟ ਪ੍ਰਹਾਸਨ ਸ੍ਰਿਸਟ ਨਿਵਾਸਨ ਦੁਸਟ ਪ੍ਰਣਾਸਨ ਚਕ੍ਰ ਗਤੇ।।

((ਤੂੰ) ਖਿੜ ਖਿੜ ਕਰਕੇ ਹਸਣ ਵਾਲੀ ਹੈਂ, ਸ੍ਰਿਸ਼ਟੀ ਵਿੱਚ ਵੱਸਣ ਵਾਲੀ ਹੈ, ਦੁਸ਼ਟਾਂ ਨੂੰ ਚਕਰ ਵਾਂਗੂੰ ਚੁਫੇਰੇ ਨਾਸ ਕਰਨ ਵਾਲੀ ਹੈਂ।)

ਕੇਸਰੀ ਪ੍ਰਵਾਹੇ ਸੁਧ ਸਨਾਹੇ ਅਗਮ ਅਥਾਹੇ ਏਕ ਬ੍ਰਿਤੇ।।

((ਜੋ) ਸ਼ੇਰ ਪੁਰ ਸਵਾਰ ਹੈ, ਸੁਧ ਸੰਜਯ ਵਾਲੀ ਹੈ, ਅਗਮ ਤੇ ਅਗਾਧ ਹੈ, ਇੱਕ (ਨਿਰੰਕਾਰ ਦੀ) (ਬ੍ਰਿਤੇ) ਸ਼ਕਤੀ ਹੈ।)

ਜੈ ਜੈ ਹੋਸੀ ਮਹਖਾਸੁਰ ਮਰਦਨ ਆਦਿ ਕੁਮਾਰੀ ਅਗਾਧ ਬ੍ਰਿਤੇ।। 218.

(ਹੇ ਅਗਾਧ ਬ੍ਰਿਤੀ ਵਾਲੀ ਆਦ ਕੁਮਾਰੀ ਤੇ ਮਹਖਾਸੁਰ ਨੂੰ ਮਾਰਨ ਵਾਲੀ! (ਤੇਰੀ ਦੋਹਾਂ ਲੋਕਾਂ ਵਿੱਚ) ਜੈ ਜੈ ਕਾਰ ਹੋਵੇ।)

ਸੁਰ ਨਰ ਮੁਨ ਬੰਦਨ ਦੁਸਟ ਨਿਕੰਦਨ ਭ੍ਰਿਸਟ ਬਿਨਾਸਨ ਮ੍ਰਿਤ ਮਥੇ।।

(ਤੈਨੂੰ) ਦੇਵਤੇ, ਮਨੁੱਖ ਤੇ ਮੁਨੀ ਬੰਦਨਾ ਕਰਦੇ ਹਨ, (ਤੂੰ) ਦੁਸ਼ਟਾਂ ਨੂੰ ਕਟਨ ਵਾਲੀ ਹੈਂ, ਬੁਰਿਆਂ ਨੂੰ ਨਾਸ ਕਰਨ ਵਾਲੀ ਹੈਂ ਅਤੇ ਮੌਤ ਦਾ ਮਲੀਆਮੇਟ ਕਰਨ ਵਾਲੀ ਹੈਂ।

ਕਾਵਰੂ ਕੁਮਾਰੇ ਅਧਮ ਉਧਾਰੇ ਨਰਕ ਨਿਵਾਰੇ ਆਦ ਕਥੇ।।

(ਹੇ ਕਾਮਖਯਾ ਦੇਵੀ! (ਤੂੰਹੀ) ਨੀਚਾਂ ਨੂੰ ਤਾਰਦੀ ਹੈਂ, ਨਰਕ ਤੋਂ ਬਚਾਂਦੀ ਹੈਂ, ਮੁੱਢ ਤੋਂ (ਹੀ ਅਜਿਹੀ) ਕਹੀ ਜਾਂਦੀ ਹੈ।)

ਕਿੰਕਣੀ ਪ੍ਰਸੋਹਣ ਸੁਰ ਨਰ ਮੋਹਣ ਸਿੰਘਾ ਰੋਹਣ ਬਿਤਲ ਤਲੇ।।

((ਤੇਰੇ ਲੱਕ ਦੀ) ਕਿੰਕਨੀ ਡਾਢੀ ਸੋਹਣੀ ਹੈ, (ਜੋ) ਦੇਵਤੇ ਤੇ ਮਨੁੱਖਾਂ ਨੂੰ ਮੋਹਨ (ਵਾਲੀ ਹੈ, ਤੂੰ) ਸ਼ੇਰ ਪੁਰ ਸਵਾਰ ਹੈਂ ਅਤੇ ਬਿਤਲ ਦੇ ਥਲ (ਭੀ) ਪੂਰਨ ਹੈ।)

ਜੈ ਜੈ ਹੋਸੀ ਸਬ ਠਉਰਨਿ ਵਾਸਨ ਬਾਇਪਤਾਲ ਅਕਾਸ ਨਲੇ।। 219.

(ਹੇ ਹਵਾ, ਪਤਾਲ, ਅਕਾਸ਼ ਤੇ (ਅਨਲੇ) ਅੱਗ (ਆਦਿਕ) : ਭਨਾਂ ਜਗਾਂ ਵਿੱਚ ਵਾਸਾ ਕਰਨ ਵਾਲੀ! (ਤੇਰੀ) ਜੈ ਜੈ ਕਾਰ ਹੋਵੇ।)

ਸੰਕਟੀ ਨਿਵਾਰਨ ਅਧਮ ਉਧਾਰਨ ਤੇਜ ਪਰਕ੍ਰਖਣ ਤੁੰਦ ਤਬੇ।।

(ਦੁਖਾਂ ਦੇ ਦੂਰ ਕਰਨ ਵਾਲੀ ਹੈਂ, ਨੀਚਾਂ ਨੂੰ ਤਾਰਨ ਵਾਲੀ ਹੈਂ, (ਤੇਰੇ) ਤੇਜ ਦੀ ਅਪਿਕਤਾ ਹੈ, ਅਤੇ ਸੁਭਾਵ ਛੇਤੀ ਭੜਕ ਪੈਣ ਵਾਲਾ ਹੈ।)

ਦੁਖ ਦੋਖ ਦਹੰਤੀ ਜੁਆਲ ਜਯੰਤੀ ਆਦ ਅਨਾਦ ਅਗਾਧ ਅਛੇ।।

(ਦੁੱਖਾਂ ਦੋਖਾਂ ਨੂੰ ਸਾੜਨ ਵਾਲੀ ਹੈਂ, (ਜ੍ਹਾਲ) ਅੱਗ ਨੂੰ ਜਿਤਨ ਵਾਲੀ ਹੈਂ, ਆਦ ਅਨਾਦ ਤੋਂ ਮਹਾਨ ਡੂੰਘੀ ਤੇ ਅਛੇਦ (ਕਹੀ ਜਾਂਦੀ ਹੈ)।)

ਸੁਧਤਾ ਸਮਰਪਣ ਤਰਕ ਬਿਤਰਕਣ ਤਪਤ ਪ੍ਰਤਾਪਣ ਜਪਤ ਜਿਵੇ।।

(ਸੂਰਜ ਨੂੰ ਤੇਜਵਾਨ ਕਰਨ ਵਾਲੀ ਹੈਂ, ਜਿਵੇਂ (ਕੋਈ) ਜਪਦਾ ਹੈ, (ਤੇਹਾ ਹੀ ਫਲ ਦੇਂਦੀ ਹੈਂ।))

ਜੈ ਜੈ ਹੋਸੀ ਸਸਤ੍ਰ ਪ੍ਰਕ੍ਰਖਣ ਆਦ ਅਨੀਲ ਅਗਾਧ ਅਭੇ।। 220.

(ਜੋ ਸ਼ਸਤ੍ਰ (ਪ੍ਰਕ੍ਰਖਣ) ਚਲਾਉਣ ਵਾਲੀ! (ਸਭ ਦਾ) ਮੁੱਢ, ਗਿਣਤੀ ਤੋਂ ਪਰੇ, ਮਹਾਨ ਡੂੰਘੀ ਤੇ ਡਰ ਤੋਂ ਰਹਿਤ! (ਤੇਰੀ) ਜੈ ਜੈ ਕਾਰ ਹੋਵੇ।)

ਚੰਚਲਾ ਚਖੰਗੀ ਅਲਕ ਭੁਜੰਗੀ ਤੁੰਦ ਤੁਰੰਗਣਿ ਤਿਛ ਸਰੇ।।

((ਤੇਰੀਆਂ) ਅਖਾਂ ਤੀਰ ਨਾਲੋਂ ਤਿੱਖੀਆਂ ਤੇ ਬਿਜਲੀ ਸਮਾਨ (ਚੰਚਲ ਹਨ, ਅਤੇ ਤੇਰੀਆਂ ਟੇਡੀਆਂ ਜ਼ੁਲਫਾਂ ਚਲਾਕ ਘੋੜੀ ਨਾਲੋਂ ਭੀ) ਚਲਾਕ ਹਨ, ਭਾਵ - ਹਵਾ ਦੇ ਜ਼ੋਰ ਨਾਲ ਜ਼ੁਲਫਾਂ ਇਉਂ ਹਿਲਦੀਆਂ ਹਨ, ਜਿਵੇਂ ਤੁੰਦ ਤੁਰੰਗਣੀ ਹੁੰਦੀ ਹੈ।)

ਕਰ ਕਸਾ ਕੁਠਾਰੇ ਨਰਕ ਨਿਵਾਰੇ ਅਧਮ ਉਧਾਰੇ ਤੂਰ ਭੁਜੇ।।

((ਤੇਰੇ) ਹੱਥ ਵਿੱਚ ਕੁਹਾੜਾ ਫੜਿਆ ਹੈ, ਤੇ ਨਰਕਾਂ ਤੋਂ ਬਚਾਉਣ ਵਾਲੀ ਹੈਂ, ਪਾਪੀਆਂ ਨੂੰ ਤਾਰਨ ਵਾਲੀ ਹੈਂ, (ਤੇਰੀਆਂ) ਬਾਹਾਂ ਲੰਮੀਆਂ ਹਨ।)

ਦਾਮਨੀ ਦਮੰਕੇ ਕੇਹਰ ਲੰਕੇ ਆਦ ਅਤੰਕੇ ਕ੍ਰੂਰ ਕਥੇ।।

(ਬਿਜਲੀ (ਵਰਗੀ ਤੇਰੀ) ਦਮਕ ਹੈ, ਸ਼ੇਰ ਵਰਗਾ ਪਤਲਾ ਲੱਕ ਹੈ, ਤੁੰ ਮੁੱਢ ਤੋਂ ਹੀ (ਅਤੰਕੇ) ਭਰ ਦੇਣ ਵਾਲੀ ਭਿਆਨਕ ਕਹੀ ਜਾਂਦੀ ਹੈਂ।)

ਜੈ ਜੈ ਹੋਸੀ ਰਕਤਾਸੁਰ ਖੰਡਣ ਮੁੰਭ ਚਕ੍ਰਤ ਨਸੁੰਭ ਮਥੇ।। 221.

(ਹੇ ਰਕਤ ਬੀਜ ਨੂੰ ਮਾਰਨ ਵਾਲੀ! ਸੁੰਭ ਨੂੰ ਚੀਰ ਦੇਣ ਵਾਲੀ! ਨਿਸੁੰਭ ਨੂੰ ਪੀਹ ਸੁੱਟਣ ਵਾਲੀ! ਤੇਰੀ ਜੈ ਜੈ ਕਾਰ ਹੋਵੇ।)

ਬਾਰਜ ਬਿਲੋਚਨ ਬ੍ਰਿਤਨ ਬਿਮੋਚਨ ਸੋਚ ਬਿਸੋਚਨ ਕਉਚ ਕਸੇ।।

(ਕਮਲ ਜੇਹੀਆਂ ਸੁੰਦਰ ਅੱਖਾਂ ਹਨ, ਉਦਾਸੀਆਂ ਨੂੰ ਕੱਟਨ ਵਾਲੀ ਹੈਂ, ਫਿਕਰਾਂ ਤੋਂ ਬੇਫਿਕਰ ਕਰਨ ਵਾਲੀ ਹੈਂ, ਅਤੇ ਦੁਸ਼ਟਾਂ ਨੂੰ ਗ੍ਰਸਣ ਵਾਲੀ ਹੈਂ।)

ਦਾਮਨੀ ਪ੍ਰਹਾਸੇ ਸੁਕ ਸਰ ਨਾਸੇ ਸੁਬ੍ਰਿਤ ਸੁਬਾਸੇ ਦੁਸਟ ਗ੍ਰਸੇ।।

(ਬਿਜਲੀ ਵਾਂਗੂੰ ਹਾਸਾ ਹੈ, ਤੋਤੇ ਵਰਗੀਆਂ ਨਾਸਾਂ ਹਨ, ਉਤਮ ਆਚਾਰ ਹਨ, ਸੁੰਦਰ ਲਿਬਾਸ ਹਨ, ਅਤੇ ਦੁਸ਼ਟਾਂ ਨੂੰ ਗ੍ਰਸਣ ਵਾਲੀ ਹੈਂ।)

ਚੰਚਲਾ ਪ੍ਰਅੰਗੀ ਬੇਦ ਪ੍ਰਸੰਗੀ ਤੇਜ ਤੁਰੰਗੀ ਖੰਡ ਸੁਰੰ।।

(ਬਿਜਲੀ ਸਮਾਨ (ਪ੍ਰਯ=ਅੰਗੀ) ਸੁੰਦਰ ਸਰੀਰ ਵਾਲੀ ਹੈਂ, ਬਦ ਦੇ (ਪ੍ਰਸੰਗੀ) ਸਬੰਧ ਵਾਲੀ ਹੈਂ, ਤੇਜ (ਤਰੰਗੀ) ਚਾਲ ਵਾਲੀ ਹੈਂ, ਅਤੇ (ਖੰਡਸੁਰੰ) ਦੈਂਤਾਂ ਨੂੰ ਮਾਰਨ ਵਾਲੀ ਹੈਂ।)

ਜੈ ਜੈ ਹੋਸੀ ਮਹਖਾਸੁਰ ਮਰਦਨ ਆਦ ਅਨਾਦ ਅਗਾਧ ਉਰਧੰ।। 222.

(ਹੇ ਮਹਿਖਾਸੁਰ ਮਰਦਨੀ! (ਤੇਰੀ) ਜੈ ਜੈ ਹੋਵੇ, (ਤੈਨੂੰ) ਆਦ ਅਨਾਦ ਤੋਂ ਅਗਾਧ (ਜਾਣ ਕੇ) (ਉਰੈਧ) ਹਿਰਦੇ ਵਿੱਚ ਰਖਿਆ ਹੈ।)

ਘੰਟਕਾ ਬਿਰਾਜੈ ਰੁਣ ਝੁਣ ਬਾਜੈ ਭ੍ਰਮ ਭੈ ਭਾਜੈ ਸੁਨਤ ਸੁਰੰ।।

(ਤੇਰੇ ਲੱਕ ਵਿੱਚ ਜੋ (ਘੰਟਕਾ) ਕਿੰਕਨੀ ਬਿਰਾਜਦੀ ਹੈ, (ਉਹ) (ਰੁਣ ਝੁਣ) ਇੱਕ ਰਸ ਵੱਜਦੀ ਹੈ, (ਜਿਸਦੀ) (ਸੁਰ) ਅਵਾਜ਼ ਨੂੰ ਸੁਣਦਿਆਂ ਭਰਮ ਤੇ ਡਰ ਦੂਰ ਹੋ ਜਾਂਦਾ ਹੈ।)

ਕੋਕਲ ਸੁਨ ਲਾਜੈ ਕਿਲ ਬਿਖ ਭਾਜੈ ਸੁਖ ਉਪਰਾਜੈ ਮਧ ਉਰੰ।।

(ਉਸ ਅਵਾਜ਼ ਨੂੰ ਸੁਣ ਕੇ ਕੋਇਲ ਸ਼ਰਮਿੰਦੀ ਹੁੰਦੀ ਹੈ, ਪਾਪ ਦੂਰ ਹੋ ਜਾਂਦੇ ਹਨ ਅਤੇ ਹਿਰਦੇ ਵਿੱਚ ਸੁਖ ਪੈਦਾ ਹੁੰਦਾ ਹੈ।)

ਦੁਰਜਨ ਦਲ ਦਝੈ ਮਨ ਤਨ ਰਿਝੈ ਸਭੈ ਨ ਭਜੈ ਰੋਹ ਰਣੰ।।

(ਵੈਰੀਆਂ ਦੀ ਫੌਜ ਨੂੰ ਸਾੜਦੀ ਹੈ, (ਵੈਰੀ ਲੋਕ ਜੋਰ ਨਾ ਚਲਦਾ ਵੇਖ ਕੇ) ਮਨ ਤਨ ਵਿੱਚ ਰਿਝਦੇ ਹਨ, ਤੂੰ (ਜਦੋਂ) ਜੁਧ ਵਿੱਚ ਰੋਹ (ਕਰਦੀ ਹੈਂ ਤਾਂ) (ਸਭੈ) ਡਰ ਨਾਲ ਭਜਦੀ ਨਹੀਂ ਹੈਂ।)

ਜੈ ਜੈ ਹੋਸੀ ਮਹਖਾਸੁਰ ਮਰਦਨ ਚੰਡ ਚਕ੍ਰਦਨ ਆਦ ਗੁਰੰ।। 223.

(ਹੇ ਮਹਿਖਾਸੁਰ ਮਰਦਨ! ਹੇ ਚੰਡ ਨੂੰ ਚਾਕ ਕਰਨ ਵਾਲੀ! ਹੇ ਆਦ ਤੋਂ ਪੂਜਨੀਕ! (ਤੇਰੀ) ਜੈ ਜੈ ਕਾਰ ਹੋਵੇ।)

ਚਾਚਰੀ ਪ੍ਰਜੋਧਨ ਦੁਸਟ ਬਿਰੋਧਨ ਰੋਸ ਅਰੋਧਨ ਕ੍ਰਰ ਬ੍ਰਿਤੇ।।

(ਤਲਵਾਰ (ਆਦਿਕ) ਚੰਗੇ ਸ਼ਸਤਰਾਂ ਅਸਤਰਾਂ ਵਾਲੀ ਹੈਂ, ਦੁਸ਼ਟਾਂ ਦੀ ਵੈਰਣ ਹੈਂ, ਰੋਹ ਨਾਲ ਰੁਕਨ ਵਾਲੀ ਹੈਂ, ਅਤੇ ਭਿਆਨਕ ਸੁਭਾਵ ਵਾਲੀ ਹੈਂ।)

ਧੂਮ੍ਰਾਛ ਬਿਧੁੰਸਨ ਪ੍ਰਲੈ ਪ੍ਰਜੰਸਨ ਜਗ ਬਿਧੁੰਸਨ ਸੁਧ ਮਤੇ।।

(ਧੂਮਰ ਦੈਂਤ ਦੇ ਨਾਸ ਕਰਨ ਵਾਲੀ ਹੈਂ, ਪ੍ਰਲੈ ਕਾਲ (ਸਮੇਂ) ਪ੍ਰਜਾ ਨੂੰ ਖਾਨ ਵਾਲੀ ਹੈਂ, ਪ੍ਰਜਾਪਤੀ ਦੇ ਜਗ ਦਾ ਨਾਸ ਕਰਨ ਵਾਲੀ ਹੈਂ, ਸ਼ੁਧ ਮਤ ਵਾਲੀ ਹੈਂ।)

ਜਾਲਪਾ ਜਯੰਤ੍ਰੀ ਸੱਤ੍ਰ ਮਥੰਤੀ ਦੁਸਟ ਪ੍ਰਦਾਹਨ ਗਾੜ ਮਤੇ।।

(ਤੂੰਹੀ) ਜਾਲਪੇਸਵਰੀ ਦੁਰਗਾ ਹੈਂ, ਸ਼ਤਰੂਆਂ ਨੂੰ ਮਲੀਆਮੇਟ ਕਰਨ ਵਾਲੀ ਹੈਂ, ਦੁਸ਼ਟਾਂ ਨੂੰ ਚੰਗੀ ਤਰ੍ਹਾਂ ਸਾੜਨ ਵਾਲੀ ਹੈਂ ਅਤੇ ਬਹੁਤ ਹੀ ਮਸਤੀ ਵਾਲੀ ਹੈਂ।)

ਜੈ ਜੈ ਹੋਸੀ ਮਹਖਾਸੁਰ ਮਰਦਨ ਆਦਿ ਜੁਗਾਦਿ ਅਗਾਧ ਗਤੇ।। 224.

(ਹੇ ਮਹਿਖਾਸੁਰ ਨੂੰ ਮਲਨ ਦਲਨ ਵਾਲੀ! ਆਦ ਜੁਗਾਦ ਤੋਂ (ਤੇਰੀ) ਜੈ ਜੈ ਹੋ ਰਹੀ ਹੈ, ਅਤੇ (ਤੇਰੀ) ਗਤੀ ਅਗਾਧ ਹੈ।)

ਖਤ੍ਰੀਆਣ ਖਤੰਗੀ ਅਭੈ ਅਭੰਗੀ ਆਦਿ ਅਨੰਗੀ ਅਗਾਧ ਗਤੇ।।

(ਖਤਰੀ ਵਰਗੀ (ਆਣ) ਅਣਖ ਵਾਲੀ ਹੈਂ, (ਖਤੰਗੀ) ਬਾਣਣਾਂ ਵਾਲੀ ਹੈਂ, ਡਰ ਤੋਂ ਬਿਨਾ ਤੇ ਨਾਸ ਤੋਂ ਰਹਿਤ ਹੈਂ, ਮੁੱਢ ਤੋਂ ਹੀ (ਅਨੁੈਅਗੀ) ਸਰੀਰ ਤੋਂ ਬਿਨਾ ਤੇ ਅਗਾਧਗਤੀ, ਵਾਲੀ ਹੈਂ।)

ਬ੍ਰਿੜਾਲਾਛ ਬਿਹੰਡਣ ਚਛਨ ਦੰਡਣ ਤੇਜ ਪ੍ਰਚੰਡਣ ਆਦਿ ਬ੍ਰਿਤੇ।।

(ਬਿਡਾਲ ਨਾਮ ਵਾਲੇ ਦੈਂਤ ਨੂੰ ਮਾਰਨ ਵਾਲੀ ਹੈਂ, ਚਿੱਛਰ ਅਸੁਰ ਨੂੰ ਦੰਡ ਦੇਣ ਵਾਲੀ ਹੈਂ, ਵਡੇ ਪ੍ਰਚੰਡ ਤੇਜ ਵਾਲੀ ਹੈਂ, ਮੁੱਢ ਤੋਂ ਹੀ ਤੇਰਾ ਐਸਾ ਸੁਭਾਵ ਹੈ।)

ਸੁਰਨਰ ਪ੍ਰਤਪਾਰਣ ਪਤਤ ਉਧਾਰਣ ਦੁਸਟ ਨਿਵਾਰਣ ਦੋਖ ਹਰੇ।।

(ਦੇਵਤੇ ਤੇ ਮਨੁੱਖ ਨੂੰ ਹਰ ਰੋਜ਼ ਪਾਲਣ ਵਾਲੀ ਹੈਂ, ਪਾਪੀਆਂ ਨੂੰ ਤਾਰਣ ਵਾਲੀ ਹੈਂ, ਦੁਸ਼ਟਾਂ ਨੂੰ ਮੁਕਾਉਣ ਵਾਲੀ ਹੈਂ, ਦੋਖਾਂ ਨੂੰ ਨਾਸ ਕਰਨ ਵਾਲੀ ਹੈਂ।)

ਜੈ ਜੈ ਹੋਸੀ ਮਹਖਾਸੁਰ ਮਰਦਨ ਬਿਸੁਬਿਧੁੰਸਨ ਸ੍ਰਿਸਟਕਰੇ।। 225.

(ਹੇ ਮਹਿਖਾਸੁਰ ਨੂੰ ਨਾਸ ਕਰਨ ਵਾਲੀ! ਤੇਰੀ ਜੈ ਜੈ ਹੋ ਰਹੀ ਹੈ, (ਤੂੰਹੀ) ਵਿਸਵ (ਜਗਤ) ਨੂੰ ਨਾਸ ਕਰਨ ਵਾਲੀ ਹੈਂ, ਅਤੇ ਦੁਨੀਆ ਨੂੰ ਬਨਾਵੁਣ ਵਾਲੀ ਹੈ।)

ਦਾਮਨੀ ਪ੍ਰਕਾਸੇ ਉਨਤਨ ਨਾਸੇ ਜੋਤ ਪ੍ਰਕਾਸੇ ਅਤੁਲ ਬਲੇ।।

(ਬਿਜਲੀ ਵਰਗੀ ਤੇਰੀ ਰੌਸ਼ਨੀ ਹੈ, (ਉਨਤਨ) ਉਚੀਆਂ ਤੇ ਲੰਮੀਆਂ ਨਾਸਾਂ ਹਨ, (ਜੋਤ) ਚੇਹਰੇ ਦੀ ਆਭਾ ਦਾ ਉਜਾਲਾ ਹੋ ਰਿਹਾ ਹੈ, ਅਤੇ ਤੇਰਾ ਬਲ ਅਤੁਲ ਹੈ।)

ਦਾਨਵੀ ਪ੍ਰਕ੍ਰਖਣ ਸਰਵਰ ਵਰਖਣ ਦੁਸਟ ਪ੍ਰਧ੍ਰਖਣ ਬਿਤਲ ਤਲੇ।।

(ਦੈਂਤਾਂ ਦੀ ਫੌਜ ਨੂੰ (ਰਣਭੂਮੀ ਵਿੱਚ) ਰੁਲਾਉਣ ਵਾਲੀ ਹੈਂ, (ਸਰਵਰ) ਤਿਖੇ ਤੀਰਾਂ ਦੀ ਬਰਖਾ ਕਰਨ ਵਾਲੀ ਹੈਂ, ਦੁਸ਼ਟਾਂ (ਦੇ ਕਲੇਜੇ) ਧੜਕਾਉਣ ਵਾਲੀ ਹੈਂ, ਅਤੇ ‘ਬਿਤਲ’ ਨਾਮ, ਵਾਲੇ ਪਤਾਲ ਦੇ ਹੇਠਾਂ ਵੀ ਪੂਰਨ ਹੈਂ।)

ਅਸਟਾਬਿਧ ਬਾਹਣ ਬੋਲ ਨਿਭਾਹਣ ਸੰਤ ਪਨਾਹਣ ਗੂੜ ਗਤੇ।।

(ਅਠਾਂ ਸ਼ਸਤਰਾਂ ਦੇ ਚਲਾਉਣ ਵਾਲੀ ਹੈਂ, ਬਚਨ ਪੂਰਾ ਕਰਨ ਵਾਲੀ ਹੈਂ, ਸੰਤਾਂ ਦੀ ਓਟ ਹੈਂ, ਅਤੇ ਗੂੜ ਗਤੀ ਵਾਲੀ ਹੈਂ।)

ਜੈ ਜੈ ਹੋਸੀ ਮਹਖਾਸੁਰ ਮਰਦਨ ਆਦ ਅਨਾਦਿ ਅਗਾਧ ਬ੍ਰਿਤੇ।। 226.

(ਹੇ ਮਹਿਖਾਸੁਰ ਮਰਦਨੀ! ਤੇਰੀ ਜੈ ਜੈ ਕਾਰ ਹੋਵੇ, ਆਦਿ ਅਨਾਦਿ ਤੋਂ ਤੇਰਾ ਸੁਭਾਉ ਅਗਾਧ ਹੈ।)

ਦੁਖ ਦੋਖ ਪ੍ਰਭਛਣ ਸੇਵਕ ਰਛਣ ਸੰਤ ਪ੍ਰਤਛਣ ਸੁਧ ਸਰੇ।।

(ਦੁਖਾਂ ਤੇ ਦੋਖਾਂ ਨੂੰ ਬਿਲਕੁਲ ਖਾ ਜਾਣ ਵਾਲੀ ਹੈਂ, ਸੇਵਕਾਂ ਦੀ ਰਖਿਆ ਕਰਨ ਵਾਲੀ ਹੈਂ, ਸੰਤਾਂ ਨੂੰ ਪ੍ਰਤੱਖ ਹੁੰਦੀ ਹੈਂ ਅਤੇ ਤਿਖੇ ਤੀਰਾਂ ਵਾਲੀ ਹੈਂ।)

ਸਾਰੰਗ ਸਨਾਹੇ ਦੁਸਟ ਪ੍ਰਦਾਹੇ ਅਰਿ ਦਲ ਗਾਹੇ ਦੋਖ ਹਰੇ।।

((ਸਾਰੰਗ) ਤਲਵਾਰ ਤੇ ਸਜੋਇ ਧਾਰਨ ਵਾਲੀ ਹੈਂ, ਦੁਸ਼ਟਾਂ ਨੂੰ ਚੰਗੀ ਤਰ੍ਹਾਂ ਸਾੜਨ ਵਾਲੀ ਹੈਂ, ਵੈਰੀਆਂ ਦੀ ਫੌਜ ਨੂੰ ਗਾਹੁਣ ਵਾਲੀ ਹੈਂ ਅਤੇ ਦੋਖਾਂ (ਪਾਪਾਂ) ਦੇ ਨਾਸ ਕਰਨ ਵਾਲੀ ਹੈਂ।)

ਗੰਜਨ ਗੁਮਾਨੇ ਅਤੁਲ ਪ੍ਰਵਾਨੇ ਸੰਤ ਜਮਾਨੇ ਆਦਿ ਅੰਤੇ।।

(ਹੰਕਾਰੀਆਂ ਦਾ ਨਾਸ ਕਰਨ ਵਾਲੀ ਹੈਂ, (ਤੇਰੇ) ਅਤੁਲ ਹੀ ਪ੍ਰਵਾਨੇ ਚਲ ਰਹੇ ਹਨ। ਤੂੰ ਹੀ ਅੰਤ ਸਮੇਂ ਦੀ ਜ਼ਾਮਨ ਹੈਂ, ਅਤੇ (ਸਭ ਦਾ) ਆਦਿ ਤੇ ਅੰਤ ਭੀ ਤੁਹੀ ਹੈਂ।)

ਜੈ ਜੈ ਹੋਸੀ ਮਹਖਾਸੁਰ ਮਰਦਨਿ ਸਾਧ ਪ੍ਰਦਛਨ ਦੁਸਟ ਹੰਤੇ।। 227.

(ਹੇ ਮਹਿਖਾਸੁਰ ਮਰਦਨੀ! ਤੇਰੀ ਜੈ ਜੈ ਹੋ ਰਹੀ ਹੈ, ਤੂੰਹੀ ਸਾਧਾਂ ਨੂੰ ਪ੍ਰਤੱਖ ਹੋਣ ਵਾਲੀ ਅਤੇ ਦੁਸ਼ਟਾਂ ਨੂੰ ਹਤਨ ਵਾਲੀ ਹੈਂ।)

ਕਾਰਣ ਕਰੀਲੀ ਗਰਬ ਗਹੀਲੀ ਜੇਤ ਜਥੀਲੀ ਤੰਦ ਮਤੇ।।

(ਤੂੰ ਕਾਰਣਾਂ ਦੇ ਕਰਨ ਵਾਲੀ ਹੈਂ, ਹੰਕਾਰੀਆਂ ਨੂੰ ਫੜਨ ਵਾਲੀ ਹੈਂ, (ਜੋਤੀਆਂ) ਪ੍ਰਕਾਸ਼ ਕਰਨ ਵਾਲੇ ਸੂਰਜ ਆਦਿ ਨੂੰ ਜਿਤਨ ਵਾਲੀ ਹੈਂ, ਭਾਵ ਤੇਰੇ ਚਾਨਣੇ ਅਗੇ ਸੂਰਜ ਆਦਿਕਾ ਚਾਨਣਾ ਫਿਕਾ ਹੈ ਅਤੇ ਤਿਖੀ ਮਤਿ ਵਾਲੀ ਹੈਂ।)

ਅਸਟਾਇ ਚਮਕਨ ਸਸਤ੍ਰ ਝਮਕਣ ਦਾਮਨ ਦਮਕਣ ਆਦਿ ਬ੍ਰਿਤੇ।।

(ਤੇਰੇ ਅਠ ਸ਼ਸਤਰ ਚਮਕਦੇ ਹਨ, ਉਹਨਾਂ ਸ਼ਸਤਰਾਂ ਦਾ ਝਮਕਣਾ ਐਸਾ ਹੈ, ਮਾਨੋਂ ਬਿਜਲੀ ਦਮਕਦੀ ਹੈ, ਮੁੱਢ ਤੋਂ ਹੀ ਤੇਰਾ ਐਸਾ ਸੁਭਾਵ ਹੈ।)

ਡੁਕਡੁਕੀ ਦਮੰਕੈ ਬਾਘ ਬਬੰਕੈ ਭੁਜਾ ਫਰੰਕੈ ਸੁਧ ਗਤੇ।।

(ਤੇਰੇ ਹਥ ਵਿੱਚ ਡੁਗ-ਡੁਗੀ (ਦਮੰਕੇ) ਵੱਜ ਰਹੀ ਹੈ, ਤੇਰਾ ਘੋੜਾ ਸ਼ੇਰ ਭੱਬਕ ਰਿਹਾ ਹੈ, ਤੇਰੀਆਂ ਬਾਹਾਂ ਫਰਕ ਰਹੀਆਂ ਹਨ, (ਇਸ ਤਰ੍ਹਾਂ ਦੀ ਤੇਰੀ) ਪਵਿਤਰ ਗਤੀ ਹੈ।)

ਜੈ ਜੈ ਹੋਸੀ ਮਹਖਾਸੁਰ ਮਰਦਨ ਆਦਿ ਜੁਗਾਦਿ ਅਨਾਦ ਮਤੇ।। 228.

(ਹੇ ਮਹਿਖਾਸੁਰ ਮਰਦਨੀ! ਤੇਰੀ ਜੈ ਜੈ ਹੋ ਰਹੀ ਹੈ, ਤੂੰ ਹੀ ਸਭ ਦਾ ਆਦ ਹੈਂ, ਜੁਗਾਂ ਦਾ ਆਦ ਹੈਂ, ਅਤੇ ਕਦੇ ਭੀ ਤੇਰਾ ਆਦ ਨਹੀਂ ਮਿਲਦਾ ਹੈ।)

ਚਛਰਾਸੁਰ ਮਾਰਣ ਨਰਕ ਨਿਵਾਰਣ ਪਤਤ ਉਧਾਰਨ ਏਕ ਭਟੇ।।

(ਚਿਛੁਰ ਅਸੁਰ ਦੇ ਮਾਰਨ ਵਾਲੀ ਹੈਂ, ਨਰਕਾਂ ਤੋਂ ਬਚਾਉਨ ਵਾਲੀ ਹੈਂ, ਪਾਪੀਆਂ ਨੂੰ ਤਾਰਨ ਵਾਲੀ ਹੈਂ, ਤੂੰ ਇੱਕ ਐਸੀ (ਭਟੇ) ਸੂਰਮਾ ਹੈਂ।)

ਪਾਪਾਨ ਬਿਹੰਡਨ ਦੁਸਟ ਪ੍ਰਚੰਡਣ ਖੰਡ ਅਖੰਡਣ ਕਾਲ ਕਟੇ।।

(ਪਾਪਾਂ ਨੂੰ ਨਾਸ ਕਰਨ ਵਾਲੀ ਹੈਂ, ਦੁਸ਼ਟਾਂ ਨੂੰ ਚੰਗੀ ਤਰ੍ਹਾਂ ਚੰਡਨ (ਸਿਧੇ ਕਰਨ) ਵਾਲੀ ਹੈਂ, ਨਾ ਖੰਡਣ ਹੋਣ ਵਾਲਿਆਂ ਨੂੰ ਖੰਡਨ ਵਾਲੀ ਹੈਂ, ਅਤੇ ਕਾਲ ਨੂੰ ਭੀ ਕਟਨ ਵਾਲੀ ਹੈਂ।)

ਚੰਦ੍ਰਾਨਨ ਚਾਰੈ ਨਰਕ ਨਿਵਾਰੇ ਪਤਿਤ ਉਧਾਰੇ ਮੁੰਡ ਮਥੇ।।

(ਚਦ੍ਰਸਾਂ ਨਾਲੋਂ ਭੀ ਤੇਰਾ ਆਨਨ ਮੂੰਹ (ਚਾਰੇ) ਸੋਹਣਾ ਹੈ, ਨਰਕ ਤੋਂ ਬਚਾਉਂਦੀ ਹੈ, ਪਾਪੀਆਂ ਨੂੰ ਤਾਰਦੀ ਹੈ ਅਤੇ ਮੂੰਡ ਦੈਂਤ ਨੂੰ ਤੂੰਹੀ ਫਨਾਹ ਕੀਤਾ ਹੈ।)

ਜੈ ਜੈ ਹੋਸੀ ਮਹਖਾਸੁਰ ਮਰਦਨ ਧੂਮ੍ਰ ਬਿਧੁੰਸਨ ਆਦਿ ਕਥੇ।। 229.

(ਹੇ ਮਹਿਖਾਸੁਰ ਮਰਦਨੀ! ਤੇਰੀ ਜੈ ਜੈ ਹੋ ਰਹੀ ਹੈ, ਤੂੰ ਧੂਮਰ ਦੈਂਤ ਦਾ ਨਾਸ ਕਰਨ ਵਾਲੀ ਹੈਂ ਤੇ ਸਭ ਦਾ ਮੁੱਢ ਕਹੀ ਜਾਂਦੀ ਹੈਂ।)

ਰਕਤਾਸੁਰ ਮਰਦਨ ਚੰਡ ਚਕ੍ਰਦਨ ਦਾਵਣ ਅਰਦਨ ਬਿੜਾਲ ਬਧੇ।।

(ਹੇ ਰਕਤ ਬੀਜ ਦੈਂਤ ਨੂੰ ਮਾਰਨ ਵਾਲੀ! ਹੇ ਚੰਡ ਦੈਂਤ ਨੂੰ ਚਾਕ ਕਰਨ (ਚੀਰਨ) ਵਾਲੀ! ਹੇ ਦੈਂਤਾਂ ਨੂੰ (ਅਰਦਨਿ) ਨਾਸ ਕਰਨ ਵਾਲੀ! ਬਿੜਾਲ ਦਾ ਬੱਧ ਕਰਨ ਵਾਲੀ!)

ਸਰਧਾਰ ਦਿਬਰਖਣ ਦੁਰਜਨ ਧਰਖਣ ਅਤੁਲ ਅਮਰਖਣ ਧਰਨ ਧੁਜੇ।।

(ਹੇ ਤੀਰਾਂ ਦਾ ਮੀਂਹ ਵਰਸਾਉਣ ਵਾਲੀ! ਹੇ ਬੁਰੇ ਪੁਰਸ਼ਾਂ ਨੂੰ ਧੜਕਾਉਣ ਵਾਲੀ! ਹੇ ਅਤੁਲ (ਅਮਰਖਣ) ਕ੍ਰੋਧ ਵਾਲੀ! ਹੇ ਧਰਮ ਦੀ ਧਜਾ ਰੂਪ!)

ਧੂਮ੍ਰਾਛ ਬਿਧੁੰਸਨ ਸ੍ਰੋਣਤ ਚੁਸੰਨ ਨਪਾਤ ਨਿਸੁੰਭ ਮਥੇ।।

(ਹੇ ਧਮਰ ਨੈਨ ਦਾ ਨਾਸ ਕਰਨ ਵਾਲੀ! ਹੇ (ਸਰੌਣਤ) ਲਹੂ ਪੀਣ ਵਾਲੀ! ਹੇ ਸੁੰਭ ਨੂੰ (ਨਪਾਤਿ) ਮਾਰਨ ਵਾਲੀ! ਹੇ ਨਿਸੁੰਭ ਦਾ ਮੰਥਨ ਕਰਨ ਵਾਲੀ!)

ਜੈ ਜੈ ਹੋਸੀ ਮਹਖਾਸੁਰ ਮਰਦਨ ਆਦ ਅਨੀਲ ਅਗਾਧ ਕਥੇ।। 230.

(ਹੇ ਮਹਖਾਸੁਰ ਮਰਦਨੀ! ਤੇਰੀ ਜੈ ਜੈਕਾਰ ਹੋਵੇ, ਤੂੰ ਸਭ ਦਾ ਆਦਿ ਹੈਂ, ਗਿਣਤੀ ਤੋਂ ਪਰੇ ਹੈਂ ਅਤੇ ਅਗਾਧ ਕਥਾ ਵਾਲੀ ਹੈਂ।)

ਕਵਿਤਾ ਦੇ ਛੰਦ 211 ਤੋਂ 230 ਤਕ ਦੇਵੀ ਚੰਡੀ ਦੀ ਜੈ ਜੈਕਾਰ ਕੀਤੀ ਗਈ ਹੈ। ਕਵਿਤਾ ਅਨੁਸਾਰ ਦੇਵੀ ਚੰਡੀ ਦੇ ਇਹ ਗੁਣ ਹਨ, ਚੰਡ ਦੈਂਤ ਨੂੰ ਮਾਰਨ ਵਾਲੀ, ਮੁੰਡ ਦੈਂਤ ਨੂੰ ਕਟਨ ਵਾਲੀ, ਦੇਵੀ ਨੂੰ ਸੁੰਦਰ ਕੇਸਾਂ ਦੇ ਜੂੜੇ ਵਾਲੀ, ਆਦਿ ਸ਼ਕਤੀ ਕਿਹਾ ਗਿਆ ਹੈ। (ਛੰਦ 212)

ਜਿਸ ਨੇ ਸ਼ਸਤਰ ਸਜਾਏ ਹਨ, ਉਹ ਲੋਕੁਤ੍ਰਾ ਹਨੂਮਾਨ ਤੇਰੇ ਅੱਗੇ ਟਪੋਸਿਆਂ ਮਾਰਦਾ ਜਾ ਰਿਹਾ ਹੈ, ਮਾਨੋ ਦੈਤਾਂ ਦੀ ਸੈਨਾ ਨੂੰ ਬਿਲਕੁਲ ਨਾਸ ਕਰਨ ਲਈ ਕਾਲ ਰੂਪ ਹੋ ਰਿਹਾ ਹੈ। (ਛੰਦ 213)

ਜਿਸ ਨੇ ਰਕਤ ਬੀਜ ਦਾ ਲਹੂ ਪੀਤਾ ਸੀ, ਤੂੰ ਹੀ ਸਾਰੇ ਅਕਾਸ਼ਾਂ, ਧਰਤੀ ਤੇ ਸਾਰੇ ਪਾਤਾਲਾਂ ਵਿੱਚ ਪੂਰਨ ਹੈ। ਸ੍ਰਿਸ਼ਟੀ ਦੇ ਪ੍ਰਕਾਸ਼ ਕਰਨ ਵਾਲੀ ਹੈ, ਤੂੰ ਹੀ ਲਹੂ ਦੇ ਪੀਣ ਵਾਲੀ ਹੈ, ਅੱਗ ਮੂੰਹੋਂ ਉਗਲੱਨ ਵਾਲੀ ਹੈ, ਖੜਗ ਦੇ ਧਾਰਨ ਵਾਲੀ ਹੈ, ਤੇਰੇ ਗਲੇ ਵਿੱਚ ਸੱਪ ਸੂਕਦੇ ਹਨ, ਤੇਰੀਆਂ ਲੰਮੀਆਂ ਬਾਹਾਂ ਵਿੱਚ ਸਸਤਰ ਹਨ (ਛੰਦ 216), ਜੋ ਸ਼ੇਰ ਪੁਰ ਸਵਾਰ ਹੈ (ਛੰਦ 218), ਬਿਜਲੀ ਵਾਂਗੂ ਹਾਸਾ ਹੈ, ਤੋਤੇ ਵਰਗੀਆਂ ਨਾਸਾਂ ਹਨ (ਛੰਦ 222), ਪ੍ਰਲੈ ਥਾਲ (ਸਮੇਂ) ਪ੍ਰਜਾ ਨੂੰ ਖਾਨ ਵਾਲੀ ਹੈ, ਤੂੰ ਹੀ ਜਾਲੇਪਸਵਰੀ ਦੁਰਗਾ ਹੈ, ਤੂੰ ਕਾਰਣਾਂ ਦੇ ਕਰਨ ਵਾਲੀ ਹੈ। ਕਵੀ ਚੰਡੀ ਦਾ ਹੋਰ ਨਾਮ ਦੁਰਗਾ ਹੀ ਦੱਸਦਾ ਹੈ ਤੇ ਚੰਡੀ ਨੂੰ ਹੀ ਕਾਰਣਾਂ ਦੇ ਕਰਨ ਵਾਲੀ ਪਰਮੇਸਰ ਰੂਪ ਮੰਨਦਾ ਹੈ।

ਗੁਰੂ ਗੋਬਿੰਦ ਸਿੰਘ ਜੀ ਐਸੇ ਗੁਣਾਂ ਵਾਲੀ ਦੇਵੀ ਦੀ ਜੈ ਜੈਕਾਰ ਨਹੀਂ ਕਰ ਸਕਦੇ, ਗੁਰੂ ਜੀ ਇਸ ਤਰ੍ਹਾਂ ਦੀ ਕਾਵਿ ਰਚਨਾ ਨੂੰ ਪੜ੍ਹਨ ਸੁਨਨ ਦਾ ਉਪਦੇਸ਼ ਵੀ ਨਹੀਂ ਦੇ ਸਕਦੇ। ਇਹ ਗੁਰਮਤਿ ਵਿਰੁੱਧ ਹੈ। ਜੋ ਚੰਡੀ/ਦੁਰਗਾ ਆਦਿ ਦਾ ਗੁਣਗਾਨ ਕਰਨਗੇ, ਜੋ ਉਸ ਦੀ ਸਿਫਤ ਸਾਲਾਹ ਤੇ ਜੈ ਜੈ ਕਾਰ ਕਰਨਗੇ, ਉਹਨਾਂ ਵਿੱਚ ਚੰਡੀ ਦੇ ਗੁਣ ਆ ਜਾਣਗੇ। ਇਹ ਰਚਨਾ ਵੇਦਾਂ ਸ਼ਾਸਤਰ ਸਿੰਮ੍ਰਿਤੀਆਂ ਦੇ ਉਪਦੇਸ਼ ਨਾਲ ਮੇਲ ਖਾਂਦੀ ਹੈ, ਪਰ ਮੂਲੋਂ ਹੀ ਗੁਰਬਾਣੀ ਉਪਦੇਸ਼ ਵਿਰੁੱਧ ਹੈ।

ਇਹਨਾਂ ਰਚਨਾਵਾਂ ਦੇ ਰਚਨਹਾਰ ਕਵੀ ਸਾਕਤ ਲੋਕ, ਨਿਰੰਕਾਰ, ਨਿਰਵਿਕਾਰ, ਅਕਾਲ, ਅਸ਼ਕੇਤ, ਖੜਗਪਾਨ, ਕਾਲ, ਮਹਾਕਾਲ, ਕਾਲ ਹੀ ਅਕਾਲ, ਕਰਤਾ ਕਹਿ ਕੇ ਆਪਣੀਆਂ ਰਚਨਾਵਾਂ ਵਿੱਚ ਆਪਣੇ ਇਸ਼ਟ ਨੂੰ ਪੁਕਾਰਦੇ ਹਨ, ਆਪਣੇ ਇਸ਼ਟ ਨੂੰ ਰਚਨਾਵਾਂ ਵਿੱਚ ਭਗਵਾਨ ਵੀ ਕਹਿੰਦੇ ਹਨ।

ਡਾ: ਗੁਰਮੁਖ ਸਿੰਘ
.