.

ਸਵਾਲ: ਕੀ ਅਰਦਾਸ ਵਿੱਚ ਹਰ ਇੱਕ ਪ੍ਰਾਣੀ ਲਈ ਖੜੇ ਹੋਣਾ ਜ਼ਰੂਰੀ ਹੈ?

ਉੱਤਰ: ਸਿੱਖ ਰਹਿਤ ਮਰਯਾਦਾ ਵਿੱਚ ਇਸ ਸਬੰਧੀ ਚਰਚਾ ਕਰਦਿਆਂ ਇਉਂ ਲਿਖਿਆ ਹੈ:- “ਅਰਦਾਸ ਹੋਣ ਸਮੇਂ ਸੰਗਤ `ਚ ਹਾਜ਼ਰ ਸਾਰੇ ਇਸਤਰੀ ਪੁਰਸ਼ਾਂ ਨੂੰ ਹੱਥ ਜੋੜ ਕੇ ਖਲੋਣਾ ਚਾਹੀਦਾ ਹੈ। ਜੋ ਸੱਜਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠਾ ਹੋਵੇ, ਉਹ ਭੀ ਉੱਠ ਕੇ ਚੌਰ ਕਰੇ।” ਸੋ ਸਿੱਖ ਰਹਿਤ ਮਰਯਾਦਾ ਵਿੱਚ ਸਪਸ਼ਟ ਹਿਦਾਇਤ ਹੈ ਕਿ ਅਰਦਾਸ ਸਮੇਂ ਹਰੇਕ ਪ੍ਰਾਣੀ ਨੂੰ ਖੜੇ ਹੋ ਜਾਣਾ ਚਾਹੀਦਾ ਹੈ। ਹਾਂ, ਜੇ ਕਰ ਕੋਈ ਪ੍ਰਾਣੀ ਸਰੀਰਕ ਕਮਜ਼ੋਰੀ ਜਾਂ ਕਿਸੇ ਹੋਰ ਅਜੇਹੇ ਕਾਰਣ ਅਰਦਾਸ ਸਮੇਂ ਖੜ੍ਹਾ ਨਹੀ ਹੋ ਸਕਦਾ ਜਾਂ ਖੜ੍ਹੇ ਹੋਣ ਵਿੱਚ ਕਠਿਨਾਈ ਮਹਿਸੂਸ ਕਰ ਰਿਹਾ ਹੈ ਤਾਂ ਅਜੇਹੇ ਵਿਅਕਤੀ ਲਈ ਅਰਦਾਸ ਸਮੇਂ ਖੜੇ ਹੋਣਾ ਜ਼ਰੂਰੀ ਨਹੀਂ। ਐਸੇ ਪ੍ਰਾਣੀ ਨੂੰ ਉੱਠਣ ਲਈ ਮਜਬੂਰ ਕਰਨਾ ਜਾਂ ਉਸ ਬਾਰੇ ਇਹ ਆਖਣਾ ਕਿ ਉਹ ਗੁਰੂ ਦੀ ਬੇਅਦਬੀ ਕਰ ਰਿਹਾ ਹੈ ਯੋਗ ਨਹੀਂ। (ਬੇਅਦਬੀ ਤਾਂ ਗੁਰੂ ਦੇ ਸਿੱਖ ਹੋਣ ਦਾ ਦਾਅਬਾ ਕਰਦਿਆਂ ਹੋਇਆਂ ਗੁਰੂ ਦੇ ਹੁਕਮ ਨੂੰ ਨਾ ਮੰਨਣ ਵਿੱਚ ਹੈ।) ਸਰੀਰਕ ਕਮਜ਼ੋਰੀ ਜਾਂ ਕਿਸੇ ਹੋਰ ਅਜਿਹੇ ਕਾਰਣ ਅਰਦਾਸ ਵਿੱਚ ਨਾ ਖੜੇ ਹੋ ਸਕਣਾ ਉਸ ਵਿਅਕਤੀ ਦੀ ਮਜ਼ਬੂਰੀ ਹੈ, ਨਾ ਕਿ ਹੰਕਾਰ ਜਾਂ ਕਿਸੇ ਹੋਰ ਅਜਿਹੇ ਆਤਮਕ ਰੋਗ ਦਾ ਸ਼ਿਕਾਰ ਹੋ ਕੇ ਹਉਮੈ ਦੀ ਪ੍ਰਦਰਸ਼ਨੀ। ਸੋ, ਐਸੀ ਹਾਲਤ ਵਿੱਚ ਅਜਿਹਾ ਪ੍ਰਾਣੀ ਬੈਠ ਕੇ ਹੀ ਅਰਦਾਸ ਵਿੱਚ ਸ਼ਾਮਲ ਹੋ ਸਕਦਾ ਹੈ।

ਹਾਂ, ਜੇ ਕਰ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਸੰਗਤ ਦੀ ਮੌਜੂਦਗੀ ਵਿੱਚ ਕੋਈ ਖ਼ਾਸ ਅਰਦਾਸ ਕਿਸੇ ਇੱਕ ਜਾਂ ਵਧੇਰੇ ਵਿਅਕਤੀਆਂ ਵਲੋਂ ਹੋ ਰਹੀ ਹੋਵੇ ਤਾਂ ਸਾਰੀ ਸੰਗਤਾਂ ਦਾ ਉਠਣਾ ਜ਼ਰੂਰੀ ਨਹੀਂ ਹੁੰਦਾ। ਜਿਵੇਂ ਅਨੰਦ ਕਾਰਜ ਸਮੇਂ ਪ੍ਰਾਰਭੰਕ ਅਰਦਾਸ ਸਮੇਂ ਕੇਵਲ ਲੜਕੀ ਲੜਕਾ ਅਤੇ ਉਨ੍ਹਾਂ ਦੇ ਮਾਤਾ ਪਿਤਾ ਹੀ ਖੜੇ ਹੁੰਦੇ ਹਨ। ਮਾਤਾ ਪਿਤਾ ਹਾਜ਼ਰ ਨਾ ਹੋਣ ਤਾਂ ਕੋਈ ਵੀ ਨਿਕਟ ਵਰਤੀ ਰਿਸ਼ਤੇਦਾਰ ਜਾਂ ਸੱਜਣ ਆਦਿ ਹੀ ਖੜੇ ਹੁੰਦੇ ਹਨ, ਬਾਕੀ ਸਾਰੀ ਸੰਗਤ ਬੈਠੀ ਰਹਿੰਦੀ ਹੈ।

ਸਿੱਖ ਰਹਿਤ ਮਰਯਾਦਾ ਵਿੱਚ ਇਸ ਸਬੰਧੀ ਲਿਖਿਆ ਹੈ:- “ਜਦੋਂ ਕੋਈ ਖਾਸ ਅਰਦਾਸ ਕਿਸੇ ਇੱਕ ਜਾਂ ਵਧੀਕ ਆਦਮੀਆਂ ਵਲੋਂ ਹੋਵੇ, ਤਾਂ ਉਹਨਾਂ ਤੋਂ ਬਿਨਾਂ ਸੰਗਤ ਵਿੱਚ ਬੈਠੇ ਹੋਰਨਾਂ ਦਾ ਉਠਣਾ ਜ਼ਰੂਰੀ ਨਹੀਂ।”

ਨੋਟ: ਅਸੀਂ ਪਾਠਕਾਂ ਦਾ ਧਿਆਨ ਫਿਰ ਇਸ ਪਹਿਲੂ ਵੱਲ ਦੁਆਉਣਾ ਚਾਹੁੰਦੇ ਹਾਂ ਕਿ ਇਹੋ ਜਿਹੀ ਮਰਯਾਦਾ ਦਾ ਮਨੋਰਥ ਪੰਥ ਵਿੱਚ ਇਕਸਾਰਤਾ ਦਾ ਭਾਵ ਪੈਦਾ ਕਰਨਾ ਹੈ ਤਾਂ ਕਿ ਖ਼ਾਲਸਾ ਪੰਥ ਇੱਕ ਪਲੇਟ ਫਾਰਮ ਤੇ ਇਕੱਠਿਆਂ ਹੋ ਕੇ ਉਨਤੀ ਦੀਆਂ ਟੀਸੀਆਂ ਨੂੰ ਛੂਹ ਸਕੇ। ਵਿਕਾਰਾਂ ਤੋਂ ਛੁਟਕਾਰਾ ਤਾਂ ਗੁਰੂ ਸਾਹਿਬਾਨ ਵਲੋਂ ਦਰਸਾਏ ਹੋਏ ਮਾਰਗ ਉੱਤੇ ਚਲਿਆਂ ਹੀ ਹੁੰਦਾ ਹੈ।

ਪ੍ਰਸ਼ਨ: ਕੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਗੁਰਦੁਆਰੇ ਤੋਂ ਘਰ ਜਾਂ ਘਰ ਤੋਂ ਗੁਰਦੁਆਰਾ ਸਾਹਿਬ ਲੈ ਕੇ ਜਾਣ ਸਮੇਂ ਨੰਗੇ ਪੈਰੀਂ ਹੀ ਜਾਣਾ ਚਾਹੀਦਾ ਹੈ?

ਉੱਤਰ: ਸਿੱਖ ਰਹਿਤ ਮਰਯਾਦਾ ਵਿੱਚ ਇਸ ਸਬੰਧੀ ਇਉਂ ਲਿੱਖਿਆ ਹੋਇਆ ਹੈ, “ਜਿਸ ਨੇ ਸਿਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚੁੱਕਿਆ ਹੋਵੇ, ਉਹ ਨੰਗੇ ਪੈਰੀਂ ਚਲੇ, ਪਰ ਜੇ ਕਰ ਕਿਸੇ ਮੌਕੇ ਜੋੜੇ ਪਾਣ ਦੀ ਅਤਿ ਲੋੜ ਪੈ ਜਾਵੇ ਤਾਂ ਭਰਮ ਨਹੀਂ ਕਰਨਾ”। ਭਾਈ ਕਾਨ੍ਹ ਸਿੰਘ ਨਾਭਾ ਗੁਰਮਤ ਮਾਰਤੰਡ ਵਿੱਚ ਲਿੱਖਦੇ ਹਨ, “ਕਿਤਨੇ ਪ੍ਰੇਮੀ ਸਿਖ, ਗੁਰੂ ਗ੍ਰੰਥ ਜੀ ਨੂੰ ਸਿਰ ਤੇ ਰਖ ਕੇ ਸਫਰ ਕਰਦੇ ਹੋਏ ਅਥਵਾ ਗੁਰੂ ਸਾਹਿਬ ਦੀ ਪਾਲਕੀ ਉਠਾਉਂਦੇ ਹੋਏ ਜੱਤੀ ਉਤਾਰ ਕੇ ਨੰਗੇ ਪੈਰੀਂ ਜਾਂਦੇ ਹਨ, ਅਰ ਚੌਰ ਕਰਨ ਵਾਲਾ ਅਤੇ ਕੀਰਤਨੀਏ ਸਿਖ ਜੁੱਤੀ ਉਤਾਰ ਦੇਂਦੇ ਹਨ, ਪਰ ਇਹ ਅਵਿਦਯਾ ਅਤੇ ਭ੍ਰਮ ਮੂਲਕ ਕਰਮ ਹੈ, ਰਸਤੇ ਵਿੱਚ ਜੁੱਤੀ ਉਤਾਰ ਕੇ ਜਾਣਾ ਯੋਗਯ ਨਹੀਂ, ਜੇ ਜੁੱਤੀ ਦੀ ਭਿੱਟ ਅਪਵਿਤ੍ਰਤਾ ਦਾ ਕਾਰਣ ਹੋ ਸਕਦੀ ਹੈ, ਤਦ ਰਸਤੇ ਵਿੱਚ ਪਿਆ ਖੰਘਾਰ, ਕੁੱਤੇ ਆਦਿ ਜੀਵਾਂ ਦਾ ਮਲ ਮੂਤ੍ਰ ਪੈਰਾਂ ਨੂੰ ਕਿਤਨਾ ਵਧ ਕੇ ਅਪਵਿਤ੍ਰ ਕਰ ਸਕਦਾ ਹੈ? ਕੰਕਰ, ਕੰਡਾ ਆਦਿ ਪੈਰਾਂ ਨੂੰ ਦੁੱਖ ਦਾ ਕਾਰਨ ਹੋਂਦੇ ਹਨ। ਸ੍ਰੀ ਗੁਰੂ ਸਾਹਿਬਾਨ ਦੀ ਅੜਦਲ ਵਿੱਚ ਜੋ ਸਿਖ ਸੇਵਕ ਚਲਦੇ ਸਨ, ਉਹ ਨਗਨ ਚਰਨ ਨਹੀਂ ਹੋਇਆ ਕਰਦੇ ਸਨ, ਗੁਰੁਸਿਖਾਂ ਨੂੰ ਗੁਰੂ ਨਾਨਕ ਦੇਵ ਦਾ ਵਾਕ - ‘ਪਗ ਉਪੇ ਤਾਣਾ ਅਪਣਾ ਕੀਆ ਕਮਾਣਾ॥’ ਅਤੇ ਦਸਮੇਸ਼ ਦਾ ਵਾਕ –- ‘ਬੰਦਰਾ ਸਦੀਵ ਪਾਯ ਨਾਂਗੇਈ ਫਿਰਤ ਹੈ॥’ ਸਦਾ ਮਨ ਵਿੱਚ ਵਸਾ ਕੇ ਪਾਖੰਡ ਕਰਮਾਂ ਤੋਂ ਬਚਣਾ ਚਾਹੀਏ।” ਸੋ, ਸੰਖੇਪ ਵਿੱਚ ਇਹੀ ਆਖਿਆ ਜਾ ਸਕਦਾ ਹੈ ਕਿ ਜੇ ਕਰ ਕੋਈ ਪ੍ਰਾਣੀ ਨੰਗੇ ਪੈਰੀਂ ਜਾਂਦਾ ਹੈ ਤਾਂ ਇਹ ਉਸ ਦੀ ਆਪਣੀ ਨਿੱਜੀ ਸੋਚ ਅਥਵਾ ਸ਼ਰਧਾ ਹੈ, ਜੋ ਉਸ ਨੂੰ ਮੁਬਾਰਕ ਹੈ; ਪਰੰਤੂ ਅਜੇਹੀ ਸ਼ਰਧਾ ਨੂੰ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਆਖਦਿਆਂ ਜੋੜਾ ਪਾ ਕੇ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਦੇ ਨਾਲ ਜਾਣ ਵਾਲਿਆਂ ਨੂੰ ਅਸ਼ਧਰਕ ਆਖ ਕੇ ਉਨ੍ਹਾਂ ਨੂੰ ਕੋਸਨਾ ਕਿਸੇ ਤਰ੍ਹਾਂ ਵੀ ਯੋਗ ਨਹੀਂ ਹੈ।

ਜਸਬੀਰ ਸਿੰਘ ਵੈਨਕੂਵਰ
.