.

ਸਵਾਲ: ਕਈ ਸੱਜਣ ਇਹ ਆਖਦੇ ਹਨ ਕਿ ਛੇ ਵਾਰੀ ਮਾਲਾ (108 ਮਣਕਿਆਂ ਵਾਲੀ) ਮੂਲ ਮੰਤਰ ਦਾ ਪਾਠ ਕਰਦਿਆਂ ਫੇਰਨ ਨਾਲ ਭਾਵ 648 ਵਾਰ ਮੂਲ ਮੰਤਰ ਦਾ ਪਾਠ ਮਾਲਾ ਫੇਰ ਕੇ ਕਰਨ ਨਾਲ ਸ੍ਰੀ ਸਹਿਜ ਪਾਠ ਦਾ ਫਲ ਮਿਲ ਜਾਂਦਾ ਹੈ ਜਾਂ ਦਸ ਪਾਠ ਸੁਖਮਨੀ ਦੇ ਕਰਨ ਨਾਲ ਸ੍ਰੀ ਸਹਿਜ ਪਾਠ ਦਾ ਫਲ ਪਰਾਪਤ ਕਰ ਸਕੀਦਾ ਹੈ। ਕੀ ਇਹ ਗੱਲ ਠੀਕ ਹੈ? (ਲਹਿੰਬਰ ਸਿੰਘ ਵੈਨਕੂਵਰ)

ਉੱਤਰ: ਐਸਾ ਆਖਣ ਜਾਂ ਸੋਚਣ ਵਾਲਿਆਂ ਦਾ ਇਹ ਆਪਣਾ ਨਿਜੀ ਵਿਚਾਰ ਹੈ ਗੁਰਮਤ ਵਿੱਚ ਕਿਸੇ ਵੀ ਇਹੋ ਜਿਹੀ ਧਾਰਨਾ ਨੂੰ ਪ੍ਰਵਾਨ ਨਹੀਂ ਕੀਤਾ ਗਿਆ। ਸਾਨੂੰ ਗਿਣਤੀ ਮਿਣਤੀ ਦੇ ਅਜੇਹੇ ਪਾਠਾਂ ਰਾਂਹੀਂ ਕਥਿੱਤ ਫਲ ਪ੍ਰਾਪਤ ਕਰਨ ਦੀ ਬਜਾਏ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਕੇ ਜਾਂ ਸੁਣ ਕੇ ਗੁਰਬਾਣੀ ਵਿੱਚ ਦਰਸਾਈ ਜੀਵਨ ਜਾਚ ਨੂੰ ਸਮਝਣ ਦਾ ਉਪਰਾਲਾ ਕਰਨਾ ਚਾਹੀਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਦੱਸੀ ਹੋਈ ਜੀਵਨ ਜੁਗਤੀ ਨੂੰ ਸਮਝ ਕੇ ਇਸ ਅਨੁਸਾਰ ਜੀਵਨ ਗੁਜ਼ਾਰਨ ਹੀ ਪਾਠ ਦਾ ਮਹਾਤਮ ਹਾਸਲ ਕਰਨਾ ਹੈ।

ਪ੍ਰਸ਼ਨ: “ਲਖ ਖੁਸੀਆਂ ਪਾਤਸਾਹੀਆ ਜੇ ਸਤਿਗੁਰ ਨਦਰਿ ਕਰੇਇ” ਦਾ ਕੀ ਅਰਥ ਹੈ?

ਉੱਤਰ: ਇਸ ਪੰਗਤੀ ਦਾ ਭਾਵ ਅਰਥ ਠੀਕ ਤਰ੍ਹਾਂ ਸਮਝਣ ਲਈ ਜਿਸ ਸ਼ਬਦ ਵਿੱਚ ਇਹ ਪੰਗਤੀ ਦਰਜ ਹੈ ਉਸ ਦੀਆਂ ਰਹਾਉ ਵਾਲੀਆਂ ਪੰਗਤੀਆਂ ਨੂੰ ਪਹਿਲਾਂ ਸਮਝਣਾ ਜ਼ਰੂਰੀ ਹੈ। ਰਹਾਉ ਦੀਆਂ ਪੰਗਤੀਆਂ ਹਨ:- ਮੇਰੇ ਮਨ ਏਕਸ ਸਿਉ ਚਿਤੁ ਲਾਇ ॥ ਏਕਸ ਬਿਨੁ ਸਭ ਧੰਧੁ ਹੈ ਸਭ ਮਿਥਿਆ ਮੋਹੁ ਮਾਇ ॥੧॥ ਰਹਾਉ ॥

ਇਨ੍ਹਾਂ ਪੰਗਤੀਆਂ ਦਾ ਅਰਥ ਹੈ::- ਹੇ ਮੇਰੇ ਮਨ! ਸਿਰਫ਼ ਇੱਕ ਪਰਮਾਤਮਾ ਨਾਲ ਸੁਰਤਿ ਜੋੜ। ਇੱਕ ਪਰਮਾਤਮਾ (ਦੇ ਪਿਆਰ) ਤੋਂ ਬਿਨਾ (ਦੁਨੀਆ ਦੀ) ਸਾਰੀ (ਦੌੜ-ਭੱਜ) ਜੰਜਾਲ ਬਣ ਜਾਂਦੀ ਹੈ। (ਤੇ) ਮਾਇਆ ਦਾ ਮੋਹ ਹੈ ਭੀ ਸਾਰਾ ਵਿਅਰਥ। 1. ਰਹਾਉ।

ਸ਼ਬਦ ਦੇ ਬਾਕੀ ਚਾਰ ਪਦਿਆਂ ਵਿੱਚ ਰਹਾਉ ਵਾਲੀਆਂ ਪੰਗਤੀਆਂ ਵਿਚਲਾ ਖ਼ਿਆਲ ਹੀ ਵਿਸਥਾਰ ਨਾਲ ਬਿਆਨ ਕੀਤਾ ਗਿਆ ਹੈ। ਸ਼ਬਦ ਦੇ ਬਾਕੀ ਚਾਰ ਪਦੇ ਇਸ ਤਰ੍ਹਾ ਹਨ:-

ਸਿਰੀਰਾਗੁ ਮਹਲਾ ੫ ॥ ਸਭੇ ਥੋਕ ਪਰਾਪਤੇ ਜੇ ਆਵੈ ਇਕੁ ਹਥਿ ॥ ਜਨਮੁ ਪਦਾਰਥੁ ਸਫਲੁ ਹੈ ਜੇ ਸਚਾ ਸਬਦੁ ਕਥਿ ॥ ਗੁਰ ਤੇ ਮਹਲੁ ਪਰਾਪਤੇ ਜਿਸੁ ਲਿਖਿਆ ਹੋਵੈ ਮਥਿ ॥੧॥ ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ ॥ ਨਿਮਖ ਏਕ ਹਰਿ ਨਾਮੁ ਦੇਇ ਮੇਰਾ ਮਨੁ ਤਨੁ ਸੀਤਲੁ ਹੋਇ ॥ ਜਿਸ ਕਉ ਪੂਰਬਿ ਲਿਖਿਆ ਤਿਨਿ ਸਤਿਗੁਰ ਚਰਨ ਗਹੇ ॥੨॥ ਸਫਲ ਮੂਰਤੁ ਸਫਲਾ ਘੜੀ ਜਿਤੁ ਸਚੇ ਨਾਲਿ ਪਿਆਰੁ ॥ ਦੂਖੁ ਸੰਤਾਪੁ ਨ ਲਗਈ ਜਿਸੁ ਹਰਿ ਕਾ ਨਾਮੁ ਅਧਾਰੁ ॥ ਬਾਹ ਪਕੜਿ ਗੁਰਿ ਕਾਢਿਆ ਸੋਈ ਉਤਰਿਆ ਪਾਰਿ ॥੩॥ ਥਾਨੁ ਸੁਹਾਵਾ ਪਵਿਤੁ ਹੈ ਜਿਥੈ ਸੰਤ ਸਭਾ ॥ ਢੋਈ ਤਿਸ ਹੀ ਨੋ ਮਿਲੈ ਜਿਨਿ ਪੂਰਾ ਗੁਰੂ ਲਭਾ ॥ ਨਾਨਕ ਬਧਾ ਘਰੁ ਤਹਾਂ ਜਿਥੈ ਮਿਰਤੁ ਨ ਜਨਮੁ ਜਰਾ ॥੪॥੬॥੭੬॥

ਅਰਥ: ਜੇ ਇੱਕ ਪਰਮਾਤਮਾ ਮਿਲ ਪਏ, ਤਾਂ (ਦੁਨੀਆ ਦੇ ਹੋਰ) ਸਾਰੇ ਪਦਾਰਥ ਮਿਲ ਜਾਂਦੇ ਹਨ (ਦੇਣ ਵਾਲਾ ਜੁ ਉਹ ਆਪ ਹੀ ਹੋਇਆ)। ਜੇ ਮੈਂ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਰਹਾਂ, ਤਾਂ ਇਹ ਕੀਮਤੀ ਮਨੁੱਖਾ ਜਨਮ ਕਾਮਯਾਬ ਹੋ ਜਾਏ।

(ਪਰ ਉਸੇ ਮਨੁੱਖ ਨੂੰ) ਗੁਰੂ ਪਾਸੋਂ (ਪਰਮਾਤਮਾ ਦੇ ਚਰਨਾਂ ਦਾ) ਨਿਵਾਸ ਪ੍ਰਾਪਤ ਹੁੰਦਾ ਹੈ ਜਿਸ ਦੇ ਮੱਥੇ ਉੱਤੇ (ਚੰਗਾ ਭਾਗ) ਲਿਖਿਆ ਹੋਇਆ ਹੋਵੇ। 1.

ਜੇ (ਮੇਰਾ) ਸਤਿਗੁਰੂ (ਮੇਰੇ ਉੱਤੇ) ਮਿਹਰ ਦੀ (ਇੱਕ) ਨਿਗਾਹ ਕਰੇ, ਤਾਂ (ਮੈਂ ਸਮਝਦਾ ਹਾਂ ਕਿ ਮੈਨੂੰ) ਲੱਖਾਂ ਪਾਤਿਸ਼ਾਹੀਆਂ ਦੀਆਂ ਖ਼ੁਸ਼ੀਆਂ ਮਿਲ ਗਈਆਂ ਹਨ (ਕਿਉਂਕਿ ਜਦੋਂ ਗੁਰੂ ਮੈਨੂੰ) ਅੱਖ ਦੇ ਝਮਕਣ ਜਿਤਨੇ ਸਮੇਂ ਵਾਸਤੇ ਭੀ ਪਰਮਾਤਮਾ ਦਾ ਨਾਮ ਬਖ਼ਸ਼ਦਾ ਹੈ, ਤਾਂ ਮੇਰਾ ਮਨ ਸ਼ਾਂਤ ਹੋ ਜਾਂਦਾ ਹੈ, ਮੇਰਾ ਸਰੀਰ ਸ਼ਾਂਤ ਹੋ ਜਾਂਦਾ ਹੈ (ਮੇਰੇ ਗਿਆਨ-ਇੰਦਰੇ ਵਿਕਾਰਾਂ ਦੀ ਭੜਕਾਹਟ ਵਲੋਂ ਹਟ ਜਾਂਦੇ ਹਨ)।

ਪਰ ਉਸੇ ਮਨੁੱਖ ਨੇ ਸਤਿਗੁਰੂ ਦੇ ਚਰਨ ਫੜੇ ਹਨ (ਉਹੀ ਮਨੁੱਖ ਸਤਿਗੁਰੂ ਦਾ ਆਸਰਾ ਲੈਂਦਾ ਹੈ), ਜਿਸ ਨੂੰ ਪੂਰਬਲੇ ਜਨਮ ਦਾ ਕੋਈ ਲਿਖਿਆ ਹੋਇਆ (ਚੰਗਾ ਲੇਖ) ਮਿਲਦਾ ਹੈ (ਜਿਸ ਦੇ ਚੰਗੇ ਭਾਗ ਜਾਗਦੇ ਹਨ)। 2.

ਉਹ ਸਮਾ ਕਾਮਯਾਬ ਸਮਝੋ, ਉਹ ਘੜੀ ਭਾਗਾਂ ਵਾਲੀ ਜਾਣੋ, ਜਿਸ ਵਿੱਚ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨਾਲ ਪਿਆਰ ਬਣੇ। ਜਿਸ ਮਨੁੱਖ ਨੂੰ ਪਰਮਾਤਮਾ ਦਾ ਨਾਮ (ਜ਼ਿੰਦਗੀ ਦਾ) ਆਸਰਾ ਮਿਲ ਜਾਂਦਾ ਹੈ, ਉਸ ਨੂੰ ਕੋਈ ਦੁੱਖ, ਕੋਈ ਕਲੇਸ਼ ਪੋਹ ਨਹੀਂ ਸਕਦਾ।

ਜਿਸ ਮਨੁੱਖ ਨੂੰ ਗੁਰੂ ਨੇ ਬਾਂਹ ਫੜ ਕੇ (ਵਿਕਾਰਾਂ ਵਿਚੋਂ ਬਾਹਰ) ਕੱਢ ਲਿਆ, ਉਹ (ਸੰਸਾਰ-ਸਮੁੰਦਰ ਵਿਚੋਂ ਸਹੀ-ਸਲਾਮਤਿ) ਪਾਰ ਲੰਘ ਗਿਆ। 3.

(ਇਹ ਸਾਰੀ ਬਰਕਤਿ ਹੈ ਗੁਰੂ ਦੀ, ਸਾਧ ਸੰਗਤਿ ਦੀ) ਜਿੱਥੇ ਸਾਧ ਸੰਗਤਿ (ਜੁੜਦੀ) ਹੈ ਉਹ ਥਾਂ ਸੋਹਣਾ ਹੈ ਪਵਿਤ੍ਰ ਹੈ। (ਸਾਧ ਸੰਗਤਿ ਵਿੱਚ ਆ ਕੇ) ਜਿਸ ਮਨੁੱਖ ਨੇ ਪੂਰਾ ਗੁਰੂ ਲੱਭ ਲਿਆ ਹੈ, ਉਸੇ ਨੂੰ ਹੀ (ਪਰਮਾਤਮਾ ਦੀ ਹਜ਼ੂਰੀ ਵਿਚ) ਆਸਰਾ ਮਿਲਦਾ ਹੈ। ਹੇ ਨਾਨਕ! ਉਸ ਮਨੁੱਖ ਨੇ ਆਪਣਾ ਪੱਕਾ ਟਿਕਾਣਾ ਉਸ ਥਾਂ ਬਣਾ ਲਿਆ, ਜਿਥੇ ਆਤਮਕ ਮੌਤ ਨਹੀਂ; ਜਿੱਥੇ ਜਨਮ ਮਰਨ ਦਾ ਗੇੜ ਨਹੀਂ; ਜਿਥੇ ਆਤਮਕ ਜੀਵਨ ਕਦੇ ਕਮਜ਼ੋਰ ਨਹੀਂ ਹੁੰਦਾ। 4. (ਸ੍ਰੀ ਗੁਰੁ ਗਰੰਥ ਦਰਪਣ ਪ੍ਰੋ: ਸਾਹਿਬ ਸਿੰਘ)

ਸੋ, ਸ਼ਬਦ ਦੀਆਂ ਰਹਾਉ ਵਾਲੀਆਂ ਪੰਗਤੀਆਂ ਨੂੰ ਵਿਚਾਰਨ ਉਪਰੰਤ ਸ਼ਬਦ ਦੀਆਂ ਬਾਕੀਆਂ ਪੰਗਤੀਆਂ ਨੂੰ ਵਿਚਾਰਿਆਂ “ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ ॥” ਵਾਲੀ ਪੰਗਤੀ ਦਾ ਭਾਵ ਸਪਸ਼ਟ ਹੋ ਗਿਆ ਹੈ ਕਿ ਇਸ ਪੰਗਤੀ ਦਾ ਇਹ ਅਰਥ ਨਹੀਂ ਕਿ ਜੇ ਕਰ ਸਤਿਗੁਰ ਮਿਹਰ ਦੀ ਨਦਰਿ ਕਰ ਦੇਵੇ ਤਾਂ ਲੱਖਾਂ ਖ਼ੁਸ਼ੀਆਂ ਤੇ ਪਾਤਸ਼ਾਹੀਆਂ ਮਿਲ ਜਾਂਦੀਆਂ ਹਨ ਬਲਕਿ ਇਸ ਤੋਂ ਉਲਟ ਹੈ ਕਿ:-ਜੇ (ਮੇਰਾ) ਸਤਿਗੁਰੂ (ਮੇਰੇ ਉੱਤੇ) ਮਿਹਰ ਦੀ (ਇੱਕ) ਨਿਗਾਹ ਕਰੇ, ਤਾਂ (ਮੈਂ ਸਮਝਦਾ ਹਾਂ ਕਿ ਮੈਨੂੰ) ਲੱਖਾਂ ਪਾਤਿਸ਼ਾਹੀਆਂ ਦੀਆਂ ਖ਼ੁਸ਼ੀਆਂ ਮਿਲ ਗਈਆਂ ਹਨ। ਅੰਤ ਵਿੱਚ ਪਾਠਕਾਂ ਦਾ ਧਿਆਨ ਗੁਰੂ ਅਰਜਨ ਸਾਹਿਬ ਦੀ ਰਚਿਤ ਰਾਗ ਗਉੜੀ ਦੀ ਵਾਰ ਦੀ ਅਖੀਰਲੀ ਪਉੜੀ ਵਲ ਦਿਵਾਇਆ ਜਾਂਦਾ ਹੈ, ਜਿਸ ਵਿੱਚ ਹਜ਼ੂਰ ਇਸ ਭਾਵ ਨੂੰ ਇਸ ਤਰ੍ਹਾਂ ਦਰਸਾਉਂਦੇ ਹਨ:-

ਪਉੜੀ ॥ ਮਨੁ ਰਤਾ ਗੋਵਿੰਦ ਸੰਗਿ ਸਚੁ ਭੋਜਨੁ ਜੋੜੇ ॥ ਪ੍ਰੀਤਿ ਲਗੀ ਹਰਿ ਨਾਮ ਸਿਉ ਏ ਹਸਤੀ ਘੋੜੇ ॥ ਰਾਜ ਮਿਲਖ ਖੁਸੀਆ ਘਣੀ ਧਿਆਇ ਮੁਖੁ ਨ ਮੋੜੇ ॥ ਢਾਢੀ ਦਰਿ ਪ੍ਰਭ ਮੰਗਣਾ ਦਰੁ ਕਦੇ ਨ ਛੋੜੇ ॥ ਨਾਨਕ ਮਨਿ ਤਨਿ ਚਾਉ ਏਹੁ ਨਿਤ ਪ੍ਰਭ ਕਉ ਲੋੜੇ ॥੨੧॥ {ਪੰਨਾ 323}

ਅਰਥ:- (ਜੋ ਮਨੁੱਖ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ ਉਸ ਦਾ) ਮਨ ਪਰਮਾਤਮਾ ਨਾਲ ਰੰਗਿਆ ਜਾਂਦਾ ਹੈ ਉਸ ਨੂੰ ਪ੍ਰਭੂ ਦਾ ਨਾਮ ਹੀ ਚੰਗੇ ਭੋਜਨ ਤੇ ਪੁਸ਼ਾਕੇ ਹੈ। ਪਰਮਾਤਮਾ ਦੇ ਨਾਮ ਨਾਲ ਉਸ ਦਾ ਪਿਆਰ ਬਣ ਜਾਂਦਾ ਹੈ, ਇਹੀ ਉਸ ਲਈ ਹਾਥੀ ਤੇ ਘੋੜੇ ਹੈ। ਪ੍ਰਭੂ ਨੂੰ ਸਿਮਰਨ ਤੋਂ ਕਦੇ ਉਹ ਅੱਕਦਾ ਨਹੀਂ, ਇਹੀ ਉਸ ਲਈ ਰਾਜ ਜ਼ਮੀਨਾਂ ਤੇ ਬੇਅੰਤ ਖ਼ੁਸ਼ੀਆਂ ਹਨ, ਉਹ ਢਾਡੀ ਪ੍ਰਭੂ ਦੇ ਦਰ ਤੋਂ ਸਦਾ ਮੰਗਦਾ ਹੈ, ਪ੍ਰਭੂ ਦਾ ਦਰ ਕਦੇ ਛੱਡਦਾ ਨਹੀਂ। ਹੇ ਨਾਨਕ! ਸਿਫ਼ਤਿ-ਸਾਲਾਹ ਕਰਨ ਵਾਲੇ ਦੇ ਮਨ ਵਿੱਚ ਤਨ ਵਿੱਚ ਸਦਾ ਚਾਉ ਬਣਿਆ ਰਹਿੰਦਾ ਹੈ; ਉਹ ਸਦਾ ਪ੍ਰਭੂ ਨੂੰ ਮਿਲਣ ਲਈ ਹੀ ਤਾਂਘਦਾ ਹੈ। 21

ਨੋਟ: ਕੀਰਤਨ ਕਰਨ ਵਾਲੇ ਵੀਰਾਂ ਭੈਣਾਂ ਨੂੰ ਚਾਹੀਦਾ ਹੈ ਕਿ ਜਿਨ੍ਹਾਂ ਸ਼ਬਦਾਂ ਵਿੱਚ ਰਹਾਉ ਹੈ, ਉਨ੍ਹਾਂ ਸ਼ਬਦਾਂ ਦਾ ਗਾਇਣ ਕਰਨ ਸਮੇਂ ਰਹਾਉ ਵਾਲੀਆਂ ਪੰਗਤੀਆਂ ਨੂੰ ਹੀ ਅਸਥਾਈ ਵਜੋਂ ਗਾਉਣ ਤਾਂ ਕਿ ਸ਼ਬਦ ਦਾ ਭਾਵ ਸਪਸ਼ਟ ਰੂਪ ਵਿੱਚ ਸ਼੍ਰੋਤਿਆਂ ਦੀ ਸਮਝ ਵਿੱਚ ਆ ਸਕੇ। ਜਿਨ੍ਹਾਂ ਸ਼ਬਦਾਂ ਵਿੱਚ ਦੋ ਜਾਂ ਦੋ ਤੋਂ ਵਧੀਕ ਰਹਾਉ ਹਨ ਉੱਥੇ ਕਿਸੇ ਵੀ ਇੱਕ ਰਹਾਉ ਵਾਲੀਆਂ ਪੰਗਤੀਆਂ ਨੂੰ ਅਸਥਾਈ ਵਜੋਂ ਗਾਇਆ ਜਾ ਸਕਦਾ ਹੈ।

ਜਸਬੀਰ ਸਿੰਘ ਵੈਨਕੂਵਰ
.