.

ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ……………

ਹਰਜਿੰਦਰ ਸਿੰਘ ‘ਸਭਰਾ’

ਅਗਿਆਨਤਾ ਇੱਕ ਐਸਾ ਘੋਰ ਅੰਧਾਰ ਹੈ ਜੋ ਹਮੇਸ਼ਾਂ ਮਨੁੱਖ ਦੀ ਜ਼ਿੰਦਗੀ ਤੇ ਛਾਇਆ ਰਹਿੰਦਾ ਹੈ। ਇਸ ਹਨੇਰੇ ਵਿੱਚ ਅਨੰਤ ਭਰਮ, ਵਹਿਮ, ਗੁਨਾਹ, ਟੱਕਰਾਂ ਜਿਹੀਆਂ ਅਲਾਮਤਾਂ ਪੈਦਾ ਹੁੰਦੀਆਂ ਹਨ। ਹਨੇਰੇ ਵਿੱਚ ਮਨੁੱਖ ਰੱਸੀ ਨੂੰ ਸੱਪ ਸਮਝਣ ਦਾ ਭੁਲੇਖਾ ਖਾ ਜਾਂਦਾ ਹੈ ਅਤੇ ਕਈ ਵਾਰ ਸੱਪ ਨੂੰ ਰੱਸੀ ਸਮਝਣ ਦੀ ਗਲਤੀ ਵੀ ਕਰ ਬੈਠਦਾ ਹੈ। ਝੂਠ ਨੂੰ ਸੱਚ ਅਤੇ ਸੱਚ ਨੂੰ ਝੂਠ ਸਮਝ ਬੈਠਣਾ ਸਭ ਅਗਿਆਨਤਾ ਕਾਰਨ ਹੀ ਵਾਪਰਦਾ ਹੈ। ਮਨੁੱਖ ਨੇ ਆਰੰਭ ਤੋਂ ਅੱਜ ਤਕ ਬੇਹੱਦ ਵਿਕਾਸ ਕੀਤਾ ਹੈ। ਦਿਮਾਗੀ ਕਸਰਤ ਦੇ ਕ੍ਰਿਸ਼ਮੇ ਸਾਡੇ ਸਾਹਮਣੇ ਹਨ। ਕਿਵੇਂ ਪਦਾਰਥਕ ਉਨਤੀ ਨੇ ਕਈ ਰੁਕਾਵਟਾਂ ਨੂੰ ਦੂਰ ਕੀਤਾ, ਕਈ ਮੁਸ਼ਕਲਾਂ ਦਾ ਹੱਲ ਕੱਢਿਆ ਹੈ, ਸੁੱਖ-ਸਾਧਨ ਮੁਹੱਈਆ ਕੀਤੇ ਹਨ। ਖਾਣ-ਪੀਣ, ਰਹਿਣ-ਸਹਿਣ, ਪੈਨਣ ਦੇ ਤੋਰ ਤਰੀਕੇ ਵੀ ਬਦਲ ਦਿੱਤੇ। ਬੇਅੰਤ ਕਾਢਾਂ ਨੇ ਮਨੁੱਖੀ ਜੀਵਨ ਦੀਆ ਬੇਅੰਤ ਸੁੱਖ-ਸਹੂਲਤਾਂ ਪੈਦਾ ਕਰ ਦਿੱਤੀਆਂ ਹਨ। ਪਰ ਇਹ ਸਾਰੀ ਉੱਨਤੀ ਪਦਾਰਥਕ ਹੈ ਤੇ ਇਤਨਾਂ ਕੁੱਝ ਹੋਣ ਤੇ ਵੀ ਮਨੁੱਖ ਦੁਖੀ ਅਸੰਤੁਸ਼ਟ ਤੇ ਭਟਕ ਰਿਹਾ ਹੈ, ਤਾਂ ਉਸ ਦਾ ਕਾਰਨ ਹੈ ਮਾਨਸਿਕ ਕੰਗਾਲੀ, ਮਨ ਦੀ ਅਗਿਆਨਤਾ। ਇਹ ਐਸੀ ਭੈੜੀ ਬਿਮਾਰੀ ਹੈ ਜੋ ਸੁੱਖ ਹੋਣ ਤੇ ਵੀ ਸੁਖੀ ਨਹੀਂ ਹੋਣ ਦਿੰਦੀ, ਇਸ ਰੋਗ ਦਾ ਇਲਾਜ ਕੇਵਲ ਤੇ ਕੇਵਲ ਸੱਚਾ ਗਿਆਨ ਹੈ। ਉਹ ਗਿਆਨ ਜੋ ਮਨ ਦੀਆਂ ਭਾਵਨਾਵਾਂ, ਸੁਭਾਅ ਤੇ ਰੁਝਾਨਾਂ ਨੂੰ ਸਮਝੇ ਤੇ ਮਨੁੱਖ ਦੀ ਅੰਤਰ ਆਤਮਾ ਨੂੰ ਸੂਝ-ਬੂਝ ਦੀ ਰੌਸ਼ਨੀ ਨਾਲ ਜਗਮਗਾ ਦੇਵੇ।

ਅਕਾਲ ਪੁਰਖ ਦੀ ਅਪਾਰ ਕਿਰਪਾ ਨਾਲ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਇਸ ਜਗਤ ਵਿੱਚ ਆਏ। ਜਿਨ੍ਹਾਂ ਆਪਣੇ ਜੀਵਨ ਵਿੱਚ ਭੁੱਲੇ-ਭਟਕਿਆਂ, ਖੁੰਝੇ ਹੋਇਆਂ ਨੂੰ ਸਹੀ ਮਾਰਗ ਦਿਖਾ ਕੇ ਮਹਾਨ ਪਰਉਪਕਾਰ ਕੀਤਾ।

ਕਰਤੇ ਨੂੰ ਛੱਡ ਕੇ ਕਿਰਤਮ ਦੀ ਪੂਜਾ, ਵਹਿਮ, ਭਰਮ, ਪਾਖੰਡ, ਕਰਮਕਾਂਡਾਂ ਦੀ ਜਿੱਲ੍ਹਣ ਵਿੱਚ ਫਸੀ ਲੋਕਾਈ ਨੂੰ ਸਤਿਗੁਰਾਂ ਨੇ ਆਪਣੇ ਗਿਆਨ ਅੰਮ੍ਰਿਤ ਦੁਆਰਾ, ਇਨ੍ਹਾਂ ਤਮਾਮ ਬੰਧਨਾਂ ਤੋਂ ਮੁਕਤ ਕਰ ਦਿੱਤਾ। ਸਤਿਗੁਰਾਂ ਦਾ ਪ੍ਰਭਾਵਸ਼ਾਲੀ ਜਲੌ, ਪ੍ਰਭਤਾ ਤੇ ਪ੍ਰਤਾਪ ਦੀ ਸਾਕਾਰ ਤਸਵੀਰ ਖਿੱਚਦਿਆਂ ਭਾਈ ਗੁਰਦਾਸ ਜੀ ਫੁਰਮਾਏ:

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥

ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥

ਸਿੰਘ ਬੁਕੇ ਮਿਰਗਾਵਲੀ ਭੰਨੀ ਜਾਏ ਨ ਧੀਰ ਧਰੋਆ॥ (ਭਾਈ ਗੁਰਦਾਸ ਜੀ, 1-27)

ਇਸ ਪ੍ਰਭਤਾ ਬਾਰੇ ਜਦ ਸਿੱਧਾਂ ਨੇ ਜਾਨਣਾ ਚਾਹਿਆ ਤਾਂ ਸਤਿਗੁਰਾਂ ਦਾ ਜਵਾਬ ਸੀ:

ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ॥ (ਭਾਈ ਗੁਰਦਾਸ ਜੀ, 1-42)

ਸਿੱਧਾਂ ਨਾਲ ਹੋਈ ਚਰਚਾ ਵਿੱਚ ਗੁਰੂ ਜੀ ਨੂੰ ਸਵਾਲ ਕੀਤਾ ਗਿਆ। ਤੁਹਾਡਾ ਗੁਰੂ ਕੌਣ ਹੈ? ਤੁਸੀਂ ਕਿਸ ਗੁਰੂ ਦੇ ਸਿੱਖ ਹੋ? ਕਿਸਦੇ ਦਰਸਾਏ ਰਾਹ ਤੇ ਚਲਦੇ ਹੋ? ਗੁਰੂ ਨਾਨਕ ਨਿਰੰਕਾਰੀ ਜੀ ਦਾ ਜਵਾਬ ਬੜਾ ਹੀ ਨਿਵੇਕਲਾ ਤੇ ਵੱਖਰਾ ਸੀ।

ਸਵਾਲ:- ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ॥ (942)

ਜਵਾਬ:- ਸਬਦੁ ਗੁਰੂ ਸੁਰਤਿ ਧੁਨਿ ਚੇਲਾ॥ (943)

ਭਾਵ, ਸ਼ਬਦ ਮੇਰਾ ਗੁਰੂ ਹੈ, ਮੇਰਾ ਮਾਰਗ ਦਰਸ਼ਕ ਹੈ, `ਤੇ ਮੇਰੀ ਸੁਰਤ (ਧਿਆਨ, ਲਗਨ) ਇਸ ਗੁਰੂ ਦਾ ਸਿੱਖ ਹੈ। ਹੈ ਨਾ ਕਮਾਲ! ! ਨਾ ਸਰੀਰ ਗੁਰੂ, ਨਾ ਸਰੀਰ ਸਿੱਖ। ਸ਼ਬਦ ਸੁਰਤ ਦੇ ਸੁਮੇਲ ਨੂੰ ਸਿੱਖੀ ਐਲਾਨ ਕੇ ਗੁਰੂ ਨਾਨਕ ਸਾਹਿਬ ਜੀ ਨੇ ਨਿਵੇਕਲੀ ਸੂਝ ਬਖ਼ਸ਼ ਦਿੱਤੀ। ਇਸ ਤਰ੍ਹਾਂ ਸ਼ਬਦ ਨੂੰ ਗੁਰੂ ਮੰਨਿਆ ਗਿਆ ਅਤੇ ਸ਼ਬਦ ਦੀ ਟੇਕ ਦ੍ਰਿੜ੍ਹ ਕਰਵਾ ਕੇ ਮਨੁੱਖ ਨੂੰ ਉਸ ਅਨੁਸਾਰ ਜੀਵਨ ਬਤੀਤ ਕਰਨ ਦੀ ਸਿੱਖਿਆ ਦ੍ਰਿੜ੍ਹ ਕਰਵਾਈ। ਜਿਸ ਨਾਲ ਜੀਵਨ ਦੀ ਸਭ ਅਗਿਆਨਤਾ, ਭਰਮ ਆਦਿ ਬਿਨਸ ਜਾਂਦੇ ਹਨ। ਸ਼ਬਦ ਸਿੱਖੀ ਜੀਵਨ ਦੀ ਬੁਨਿਆਦ ਹੈ, ਸਿੱਖੀ ਰੂਪੀ ਦਰਖਤ ਦੀ ਜੜ੍ਹ ਹੈ, ਸਿੱਖੀ ਮਹਿਲ ਦੀ ਨੀਂਹ ਹੈ। ਜੜ੍ਹ ਡੂੰਘੀ ਹੋਵੇਗੀ ਤਾਂ ਦਰਖਤ ਲੱਖਾਂ ਤੁਫਾਨਾਂ, ਹਨੇਰੀਆਂ, ਝੱਖੜਾਂ ਵਿੱਚ ਵੀ ਅਹਿੱਲ ਰਹੇਗਾ। ਨੀਂਹ ਪੱਕੀ ਅਤੇ ਡੂੰਘੀ ਹੋਵੇਗੀ ਤਾਂ ਮਕਾਨ ਸਲਾਮਤ ਰਹਿ ਸਕੇਗਾ। ਇਸੇ ਤਰ੍ਹਾਂ ਗੁਰੂ ਸ਼ਬਦ ਜੇਕਰ ਮਨੁੱਖ ਦੇ ਜੀਵਨ ਦੀ ਬੁਨਿਆਦ, ਅਧਾਰ ਬਣਦਾ ਹੈ, ਤਾਂ ਧਰਮੀ ਜੀਵਨ ਵੀ ਅਡੋਲ ਰਹੇਗਾ। ਇਸ ਲਈ ਸਿੱਖ ਨੇ ਹਮੇਸ਼ਾਂ ਗੁਰੂ-ਸ਼ਬਦ ਦੀ ਅਗਵਾਈ ਵਿੱਚ ਚਲਦੇ ਰਹਿਣਾ ਹੈ। ਆਖਰੀ ਦਮ ਤੱਕ ਸ਼ਬਦ ਦਾ ਪੱਲਾ ਨਹੀਂ ਛੱਡਣਾ:

ਮਾਈ ਸਤਿ ਸਤਿ ਸਤਿ ਹਰਿ ਸਤਿ ਸਤਿ ਸਤਿ ਸਾਧਾ॥

ਬਚਨੁ ਗੁਰੂ ਜੋ ਪੂਰੈ ਕਹਿਓ ਮੈ ਛੀਕਿ ਗਾਂਠਰੀ ਬਾਧਾ॥ (1204)

ਜਿਵੇਂ ਕਮਜ਼ੋਰ ਨੀਂਹ ਸੋਹਣੇ ਚਿਤਰੇ, ਪੱਕੇ, ਉੱਚੇ ਮਕਾਨ ਨੂੰ ਸਲਾਮਤ ਨਹੀਂ ਰੱਖ ਸਕਦੀ, ਇਵੇਂ ਕੱਚੇ ਬੋਲ ਸਿੱਖੀ (ਧਰਮੀ) ਜੀਵਨ ਨੂੰ ਸਲਾਮਤ ਨਹੀਂ ਰੱਖ ਸਕਦੇ। ਸਾਡੀ ਖ਼ੁਸ਼ਨਸੀਬੀ ਹੈ, ਗੁਰੂ ਸਾਹਿਬਾਨ ਨੇ ਸਾਨੂੰ ਉਸ ਗਿਆਨ ਦੀ ਦਾਤ ਬਖਸ਼ੀ, ਜੋ ਹਰ ਕਮਜ਼ੋਰੀ ਤੋਂ ਰਹਿਤ, ਸੰਪੂਰਨ ਹੈ `ਤੇ ਜਿਸਦੀ ਹਰ ਸਿੱਖਿਆ, ਅਧੂਰੇ, ਅਟਕੇ ਮਨੁੱਖ ਨੂੰ ਸੰਪੂਰਨ ਕਰ ਸਕਦੀ ਹੈ। ਸ਼ਬਦ ਗੁਰੂ ਦੀ ਪ੍ਰਭਤਾ ਤੇ ਅਥਾਰਟੀ ਦੇ ਸਪੱਸ਼ਟ ਸੰਕੇਤ ਗੁਰਬਾਣੀ ਵਿੱਚ ਇਰਸ਼ਾਦ ਫੁਰਮਾਏ ਗਏ ਹਨ:

ਸਬਦੁ ਗੁਰ ਪੀਰਾ ਗਹਿਰ ਗੰਭੀਰਾ ਬਿਨੁ ਸਬਦੈ ਜਗੁ ਬਉਰਾਨੰ॥ (635)

ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥

ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥ (982)

ਸਤਿਗੁਰ ਬਾਣੀ ਪੁਰਖੁ ਪੁਰਖੋਤਮ ਬਾਣੀ ਸਿਉ ਚਿਤੁ ਲਾਵੈਗੋ॥

ਗੁਰਬਾਣੀ ਸੁਨਤ ਮੇਰਾ ਮਨੁ ਦ੍ਰਵਿਆ ਮਨੁ ਭੀਨਾ ਨਿਜ ਘਰਿ ਆਵੈਗੋ॥ (1308)

ਭਗਤ ਸਾਹਿਬਾਨ ਦੀ ਬਾਣੀ ਨੂੰ ਗੁਰੂ ਨਾਨਕ ਸਾਹਿਬ ਨੇ ਥਾਂ-ਥਾਂ ਤੇ ਜਾ ਕੇ ਆਪ ਇਕੱਤਰ ਕੀਤਾ ਤੇ ਆਪਣੀ ਇਲਾਹੀ ਬਾਣੀ ਦਰਜ ਕਰ ਮਾਨਵਤਾ ਦੇ ਭਲੇ ਲਈ ਸਾਂਭ ਲਈ। ਇਹ ਬਾਣੀ ਅਗਾਂਹ ਤੋਂ ਅਗਾਂਹ ਗੁਰੂ ਸਾਹਿਬਾਨ ਕੋਲ ਪਹੁੰਚਦੀ ਰਹੀ। ਸੰਸਾਰ ਦੀ ਸੁਆਰਥੀ ਤੇ ਅਗਿਆਨੀ ਸੋਚ ਵਾਲਿਆਂ ਨੇ ਹਮੇਸ਼ਾਂ ਸੱਚ ਨੂੰ ਕੱਚ ਵਿੱਚ ਬਦਲਣ ਦੇ ਸਿਰਤੋੜ ਯਤਨ ਕੀਤੇ ਹਨ। ਪੰਜਵੇਂ ਪਾਤਸਾਹ ਦੇ ਸਮੇਂ ਦਾ ਜ਼ਿਕਰ ਹੈ ਕਿ ਬਾਬਾ ਪ੍ਰਿਥੀ ਚੰਦ ਦਾ ਪੁੱਤਰ, ਜੋ ਆਪਣੇ ਪਿਤਾ ਪ੍ਰਿਥੀ ਚੰਦ ਵਰਗੇ ਸੁਭਾਅ ਤੇ ਆਦਤਾਂ ਦਾ ਸ਼ਿਕਾਰ ਸੀ ਤੇ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਆਪਣੀ ਕੱਚ ਘਰੜ ਬਾਣੀ ਲਿਖਣੀ ਤੇ ਪ੍ਰਚਾਰਨੀ ਸ਼ੁਰੂ ਕਰ ਦਿੱਤੀ। ਸਤਿਗੁਰਾਂ ਨੂੰ ਸ਼ਰਾਰਤੀ ਟੋਲੇ ਦੀ ਕਰੂਰ ਹਰਕਤ ਦਾ ਪਤਾ ਚੱਲਿਆ। ਸਤਿਗੁਰਾਂ ਸੰਗਤ ਨੂੰ ਸੰਬੋਧਨ ਕਰਦਿਆਂ ਕੱਚ ਤੇ ਸੱਚ ਦੀ ਪਛਾਣ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ।

ਬੰਸਾਵਲੀ ਨਾਮੇ ਦੇ ਲੇਖਕ ਕੇਸਰ ਸਿੰਘ ਛਿੱਬਰ ਦੇ ਹਵਾਲੇ ਮੁਤਾਬਕ:

ਮਿਹਰਵਾਨ ਪੁਤ ਪ੍ਰਿਥੀਏ ਕਾ, ਕਵੀਸ਼ਰੀ ਕਰੈ।

ਪਾਰਸੀ, ਹਿੰਦਵੀ, ਸਾਂਸਕ੍ਰਿਤ, ਨਾਲੇ ਗੁਰਮੁਖੀ ਪੜ੍ਹੈ।

ਤਿਨ ਭੀ ਬਾਣੀ ਬਹੁਤ ਬਣਾਈ, ਭੋਗ ਗੁਰੂ ਨਾਨਕ ਜੀ ਦਾ ਹੀ ਪਾਈ।

(ਚਰਨ ਪੰਜਵਾਂ, ਬੰਸਾਵਲੀ ਨਾਮਾ, ਕੇਸਰ ਸਿੰਘ ਛਿੱਬਰ)

ਸਪੱਸ਼ਟ ਹੈ ਕਿ ਰਲ੍ਹਾ ਪਾਉਣ ਦੇ ਯਤਨ ਆਰੰਭ ਤੋਂ ਹੁੰਦੇ ਆਏ, ਪਰ ਗੁਰੂ ਬਖ਼ਸ਼ਿਸ਼ ਸਕਦਾ ਸਿੱਖਾਂ ਨੇ ਉਦੋਂ ਧੋਖਾ ਨਾ ਖਾਧਾ (ਅੱਜ ਖਾ ਰਹੇ ਹਨ)

ਇਉਂ ਇਸ ਬਾਣੀ ਦੀ ਸੰਪਾਦਨਾ ਹੋਈ `ਤੇ ਇਸਨੂੰ ਪੋਥੀ ਸਾਹਿਬ ਕਹਿ ਕੇ ਸਨਮਾਨਿਆ ਗਿਆ:

ਪੋਥੀ ਪਰਮੇਸਰ ਕਾ ਥਾਨੁ॥ ਸਾਧਸੰਗਿ ਗਾਵਹਿ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨੁ॥ (1226)

ਇਹੀ ਬਾਣੀ ਪੋਥੀ ਸਾਹਿਬ ਦੇ ਰੂਪ ਵਿੱਚ ਦਸਮ ਪਾਤਸ਼ਾਹ ਤੱਕ ਪਹੁੰਚੀ, ਜਿਸ ਵਿੱਚ ਦਸਮ ਪਾਤਸ਼ਾਹ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਕਰਕੇ, ਇਸ ਉੱਤੇ ਸੰਪੂਰਨਤਾ ਦੀ ਮੋਹਰ ਲਾ ਕੇ ਇਸ ਵਿੱਚ ਤਮਾਮ ਵਾਧਿਆਂ-ਘਾਟਿਆਂ ਦੇ ਕਰਨ ਨੂੰ ਹਮੇਸ਼ਾਂ-ਹਮੇਸ਼ਾਂ ਲਈ ਖਤਮ ਕਰ ਦਿੱਤਾ। 1708 ਈ. ਨੂੰ ਨਾਂਦੇੜ ਦੀ ਧਰਤੀ ਤੇ ਇਸ ਗ੍ਰੰਥ ਸਾਹਿਬ ਨੂੰ ਗੁਰਗੱਦੀ ਬਖ਼ਸ਼ ਕੇ ਜ਼ਾਹਰਾ ਤੌਰ ਤੇ ਸਮੁੱਚੀ ਲੋਕਾਈ ਨੂੰ ਸ਼ਬਦ ਦੀ ਅਗਵਾਈ ਵਿੱਚ ਚੱਲਣ ਦੇ ਆਦੇਸ਼ ਦਿੱਤੇ।

ਆਗਿਆ ਭਈ ਅਕਾਲ ਕੀ, ਤਬੈ ਚਲਾਯੋ ਪੰਥ।

ਸਭਿ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਯੋ ਗ੍ਰੰਥ। (ਭਾਈ ਪ੍ਰਹਲਾਦ ਸਿੰਘ)

ਸਮੇਂ ਨੇ ਸਦਾ ਇੱਕ ਰੰਗੀ ਮਾਹੌਲ ਨਹੀਂ ਰਹਿਣ ਦਿੱਤਾ, ਤਵਾਰੀਖ ਨੇ ਕਾਫੀ ਉਤਰਾਅ-ਚੜ੍ਹਾਅ ਪੈਦਾ ਕੀਤੇ ਹਨ। ਕਲਗੀਧਰ ਸਵਾਮੀ ਦੇ ਜੋਤੀ-ਜੋਤਿ ਸਮਾਉਣ ਤੋਂ ਬਾਅਦ, ਬਾਬਾ ਬੰਦਾ ਸਿੰਘ ਬਹਾਦਰ ਦਾ ਸਮਾਂ ਅਤੇ ਉਸ ਤੋਂ ਬਾਅਦ ਸਿੱਖਾਂ ਦਾ ਲੰਮੇਰਾ ਸਮਾਂ (ਤਕਰੀਬਨ 150 ਸਾਲ) ਕਠਿਨ ਸੰਘਰਸ਼ `ਚ ਬੀਤਿਆ। ਸਿੱਖਾਂ ਦੇ ਸਿਰਾਂ ਦੇ ਮੁੱਲ ਪੈ ਗਏ। ਹੈਰਾਨੀ ਦੀ ਗੱਲ ਹੈ ਕਿ ਜਿਸ ਕੌਮ ਦੇ ਲੋਕਾਂ ਦੀਆਂ ਜ਼ਿੰਦਗੀਆਂ ਵੀ ਪੈਸਿਆਂ ਨਾਲ ਸਮੇਂ ਦੀਆਂ ਜ਼ਾਲਮ ਹਕੂਮਤਾਂ ਨੇ ਤੈਅ ਕਰ ਦਿੱਤੀਆਂ ਹੋਣ, ਉਸਦਾ ਵੈਰੀ ਕੌਣ ਨਹੀਂ ਬਣੇਗਾ? ਹਰ ਆਮ-ਖਾਸ ਆਦਮੀ ਦੀ ਦੌੜ ਮਾਇਆ ਹਥਿਆਉਣ ਅਤੇ ਸਰਕਾਰੇ-ਦਰਬਾਰੇ ਚੰਗੀ ਪਹੁੰਚ ਬਣਾਉਣ ਦੀ ਸੀ। ਫਿਰ ਇਸ ਸੁਆਰਥਾਂ ਮਾਰੀ ਦੁਨੀਆਂ ਵਿੱਚ ਕਿਤਨੇ ਕੁ ਨੇ ਜੋ ਅਜਿਹੇ ਖ਼ੂਨੀ ਦੌਰ ਵਿੱਚ ਸਿੱਖਾਂ ਦਾ ਸਾਥ ਤੋੜ ਨਿਭਾ ਸਕਦੇ? ਹਰ ਪਿੰਡ, ਸ਼ਹਿਰ, ਕਸਬੇ, ਰਾਹਾਂ, ਠਾਹਰਾਂ ਤੇ ਸਿੱਖੀ ਦੀ ਭਾਲ ਵਿੱਚ ਗਸ਼ਤੀ ਫ਼ੌਜਾਂ ਫਿਰਦੀਆਂ। ਹਰੇਕ ਸ਼ਖਸ ਦੀ ਨਜ਼ਰ ਗੁਰੂ ਨਾਨਕ ਨਾਮ ਲੇਵਾ ਸਿੱਖ ਦੀ ਜ਼ਿੰਦਗੀ ਚੰਦ ਟਕਿਆਂ ਵਿੱਚ ਬਰਬਾਦ ਕਰਨ ਤੇ ਲੱਗੀ ਰਹਿੰਦੀ। ਇਸ ਦੌਰ ਵਿੱਚ ਸਿੱਖ ਘਰ-ਘਾਟ, ਜ਼ਮੀਨ-ਜਾਇਦਾਦ ਸਭ ਕੁੱਝ ਛੱਡ-ਲੁਟਾ ਕੇ ਜੰਗਲਾਂ, ਛੰਭਾ ਅਤੇ ਪਹਾੜਾਂ ਦੀਆਂ ਓਟਾਂ ਵਿੱਚ ਜਾ ਬੈਠੇ। ਬਹੁਤਿਆਂ ਦੇ ਪਰਿਵਾਰ ਵੀ ਮੀਰ ਮੰਨੂੰ `ਤੇ ਹੋਰ ਜਾਲਮਾਂ ਦੇ ਅਕਹਿ-ਅਸਹਿ ਤਸੀਹੇ ਬਰਦਾਸ਼ਤ ਕਰ ਸ਼ਹੀਦੀਆਂ ਪਾ ਗਏ। ਜਾਲਮਾਂ ਜਨਮਦੇ ਬੱਚੇ ਤੋਂ ਲੈ ਕੇ ਹਰ ਇੱਕ ਨਾਨਕ ਨਾਮ ਲੇਵਾ ਨੂੰ ਮੂਲੋਂ ਮੁਕਾ ਦੇਣ ਦਾ ਤਹੱਈਆ ਕੀਤਾ ਹੋਇਆ ਸੀ। ਅਜਿਹੇ ਹਾਲਾਤਾਂ ਵਿੱਚ ਸਿੱਖਾਂ ਦੀ ਦਸ਼ਾ ਦਾ ਕਿਆਸ ਕਰਨਾ ਔਖਾ ਨਹੀਂ। ਗੁਰਧਾਮ, ਖਾਲੀ `ਤੇ ਸੁੰਨੇ ਪਏ ਵੇਖ ਕੇ, ਉਦਾਸੀ, ਨਿਰਮਲੇ-ਮਹੰਤਾਂ (ਜਿਨ੍ਹਾਂ `ਚ ਕਈ ਬਹੁਤ ਨੇਕ ਬਖ਼ਤ ਸਨ) ਨੇ ਗੁਰਧਾਮਾਂ ਦੀ ਸੇਵਾ ਸੰਭਾਲ ਕੀਤੀ। ਬਹੁਤਾਤ, ਹਿੰਦੂ ਫ਼ਿਲਾਸਫੀ ਦੇ ਮੰਨਣ ਵਾਲੇ ਕਰਮਕਾਂਡੀ ਸਾਧਾਂ ਦੀ ਸੀ। ਜੇ ਇੱਕ ਅੱਧੇ ਚੰਗੇ ਸਨ। ਉਨ੍ਹਾਂ ਤੋਂ ਬਾਅਦ ਆਉਣ ਵਾਲੇ ਉਨੇ ਹੀ ਗੁੰਡੇ ਤੇ ਬਦਮਾਸ਼ ਸਨ। (ਨਰੈਣ ਦਾਸ ਵਰਗੇ)। ਫਲਸਰੂਪ ਗੁਰਧਾਮਾਂ ਦੀ ਸੰਭਾਲ ਤਾਂ ਹੋਈ ਪਰ ਗੁਰਮਤਿ ਅਸੂਲ ਤੇ ਮਰਿਯਾਦਾ ਦਾ ਜੋ ਘਾਣ ਹੋਇਆ, ਉਸਦਾ ਘਾਟਾ ਅਜੇ ਤੱਕ ਪੂਰਾ ਨਹੀਂ ਹੋ ਸਕਿਆ। ਅਜਿਹੇ ਮਹੰਤੀ ਦੌਰ ਵਿੱਚ ਗੁਰਧਾਮਾਂ ਵਿੱਚ ਦੇਵੀਆਂ-ਦੇਵਤਿਆਂ ਦੀਆਂ ਮੂਰਤੀਆਂ ਤੇ ਪੂਜਾ, ਰਮਾਇਣ, ਮਹਾਂਭਾਰਤ, ਗਰੁੜ ਪੁਰਾਣ ਦੀ ਪਾਠ ਵਿਆਖਿਆ ਸ਼ੁਰੂ ਹੋਈ। ਮਹੰਤਾਂ ਤੋਂ ਗੁਰਧਾਮ ਤਾਂ ਅਜ਼ਾਦ ਹੋ ਗਏ, ਪਰ ਗੁਰਮਤਿ ਸਿਧਾਂਤ, ਗੁਰਮਤਿ ਮਰਯਾਦਾ, ਸਿੱਖ ਰਹੁ-ਰੀਤ, ਬ੍ਰਾਹਮਣਵਾਦ ਦੀ ਪਕੜ ਤੋਂ ਅਜੇ ਤੱਕ ਪੂਰੀ ਤਰ੍ਹਾਂ ਅਜ਼ਾਦ ਨਹੀਂ ਹੋ ਪਾਏ।

ਸਿੱਖ ਧਰਮ ਦਾ ਕੇਂਦਰੀ ਤੇ ਬੁਨਿਆਦੀ ਤੱਤ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਜਿਸਦੇ ਵਿਗਾੜ ਲਈ ਅਰੰਭਲੇ ਸਮੇਂ ਤੋ ਹੀ ਬੇਅੰਤ ਯਤਨ ਹੁੰਦੇ ਆਏ ਹਨ। ਝੂਠ ਗ੍ਰਸੇ ਲੋਕ ਸਦਾ ਹੀ ਇਸ ਮੂਲ ਤੱਤ ਨੂੰ ਭ੍ਰਿਸ਼ਟ ਅਤੇ ਨਸ਼ਟ ਕਰਨ ਦੀਆਂ ਕੋਝੀਆਂ ਹਰਕਤਾ ਕਰਦੇ ਆਏ ਹਨ। ਭਾਵੇਂ ਉਹ ਪ੍ਰਿਥੀ ਚੰਦ ਦਾ ਪੁੱਤਰ ਮਿਹਰਵਾਨ ਹੋਵੇ, ਰਾਮਰਾਇ ਨੂੰ ਭੜਕਾਉਣ ਵਾਲੇ ਸਰਕਾਰੀ ਲੋਕ ਹੋਣ ਤੇ ਜਾਂ ਫਿਰ ਅੱਜ ਦੇ ਦੇਹਧਾਰੀ ਗੁਰੂ ਅਤੇ ਅਖੌਤੀ ਸੰਤ ਹੋਣ। ਸਿੱਖ ਤਵਾਰੀਖ਼ (ਇਤਿਹਾਸ) ਦੱਸਦੀ ਹੈ ਕਿ ਸਿੱਖ ਕੌਮ ਦਾ ਹੁਣ ਤੱਕ ਤਿੰਨ ਧਿਰਾਂ, ਤਾਕਤਾਂ ਨਾਲ ਵਾਹ ਪਿਆ ਹੈ (1) ਮੁਗਲ ਹਕੂਮਤ, (2) ਅੰਗਰੇਜ਼, (3) ਹਿੰਦ ਹਕੂਮਤ।

ਤਿੰਨਾਂ ਵਿੱਚੋ ਕਿਸੇ ਨੇ ਵੀ ਇਹ ਕਸਰ ਨਹੀ ਛੱਡੀ ਕਿ ਜਿੱਥੇ ਇਨ੍ਹਾਂ ਦੇ ਸਰੂਪ ਦੀ ਹੋਂਦ ਮਿਟਾਈ ਜਾਵੇ, ਉਥੇ ਇਨ੍ਹਾਂ ਦੇ ਸਿਧਾਂਤ ਨੂੰ ਵੀ ਮਲੀਆ-ਮੇਟ ਕੀਤਾ ਜਾਵੇ। ਕਿਉਂਕਿ ਜਿਵੇਂ ਰੂਹ ਤੋਂ ਬਿਨਾਂ ਸ਼ਰੀਰ ਦੀ ਹੋਂਦ ਨਹੀ, ਇਸੇ ਤਰ੍ਹਾਂ ਸ਼ਬਦ (ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ) ਤੋਂ ਬਿਨ੍ਹਾਂ ਸਿੱਖੀ ਦੀ ਹੋਂਦ ਨਹੀ।

ਅਜੋਕੇ ਜਿਸ ਦੌਰ ਦੇ ਰੂਬਰੂ ਸਿੱਖ ਕੋਮ ਖੜੀ ਹੈ, ਨੀਝ ਲਾ ਕੇ ਪਰਖਿਆ ਜਾਏ, ਤਾਂ ਇਹ ਸਮਾਂ ਅਤੇ ਪ੍ਰਸਥਿਤੀ ਬੇਹੱਦ ਕਰੂਰ ਤੇ ਭਿਆਨਕ ਹੈ। ਇਥੇ ਸਿੱਖ ਸਰੂਪ ਅਤੇ ਸਿਧਾਂਤਾਂ ਨੂੰ ਮੁਗਲਸ਼ਾਹੀ ਨਾਲੋ ਵੀ ਜ਼ਿਆਦਾ ਖ਼ਤਰੇ ਹਨ। ਕਿਉਂਕਿ ਇੱਕ ਦੁਸ਼ਮਣ ਉਹ ਹੈ ਜੋ ਸਾਮ੍ਹਣੇ ਤੋਂ ਵਾਰ ਕਰਦਾ ਹੈ। ਜਿਸਦੀ ਪਛਾਣ ਕਰਨੀ ਔਖੀ ਨਹੀਂ, ਤੇ ਅਜਿਹੇ ਜਾਨ ਦੇ ਖੌਅ ਨਾਲ ਸਿੱਝਣਾ ਕਾਫੀ ਸੌਖਾ ਵੀ ਹੁੰਦਾ ਹੈ ਕਿਉਂਕਿ ਅਸੀਂ ਉਸ ਤੋਂ ਸੁਚੇਤ ਰਹਿੰਦੇ ਹਾਂ; ਪਰ ਉਹ ਦੁਸ਼ਮਣ ਜੋ ਸਾਡਾ ਮਿੱਤਰ ਬਣਿਆ ਹੋਵੇ, ਸਾਡੇ ਸਾਹਮਣੇ ਦੁਸ਼ਮਣਾਂ ਵਾਲੀ ਕਾਰਵਾਈ ਵੀ ਨਾ ਕਰੇ, ਪਰ ਅੰਦਰੋ-ਅੰਦਰੀ ਸਾਡੀ ਜੜ੍ਹ ਵੱਢਣ ਵਾਲਾ ਹੋਵੇ, ਉਹ ਸਭ ਤੋਂ ਵੱਧ ਖ਼ਤਰਨਾਕ ਦੁਸ਼ਮਣ ਹੁੰਦਾ ਹੈ। ਸਿੱਖ ਕੌਮ ਦਾ ਹਾਲ ਵੀ ਕੁੱਝ ਅਜਿਹਾ ਹੈ, ਝੌਲਾ ਬਾਹਰ ਦੇ ਦੁਸ਼ਮਣ ਦਾ ਪਾਇਆ ਜਾਂਦਾ ਹੈ, ਪਰ ਵਾਰ ਅੰਦਰੋਂ ਕੀਤਾ ਜਾਂਦਾ ਹੈ। ਇਸ ਵੈਰੀਪੁਣੇ ਵਿੱਚ ਜਾਣੇ ਜਾਂ ਅਨਜਾਣੇ ਸਾਡੇ ਆਪਣੇ ਸ਼ਰੀਕ ਹਨ, ਜਿਨ੍ਹਾਂ ਨਾਲ ਸਿੱਝਣਾ ਬੜਾ ਹੀ ਕਠਿਨ ਬਣਿਆ ਹੋਇਆ ਹੈ। ਮੈਂ ਨਹੀਂ ਕਹਿੰਦਾ ਕਿ ਸਾਰੇ ਹੀ ਦੁਸ਼ਮਣ ਹਨ, ਪਰ ਅਗਿਆਨਤਾ ਕਾਰਨ ਸਿੱਖ ਸਿਧਾਂਤਾਂ ਨਾਲ ਧ੍ਰੋਹ ਜ਼ਰੂਰ ਕਮਾ ਰਹੇ ਹਨ। ਬੇੜੀ ਨੂੰ ਡੋਬਣ ਲਈ ਇੱਕ ਨਿੱਕਾ ਜਿਹਾ ਸੁਰਾਖ਼, ਦੁੱਧ ਦੇ ਖ਼ਰਾਬ ਕਰਨ ਲਈ ਇੱਕ ਹੀ ਕਾਂਜੀ ਦੀ ਛਿੱਟ `ਤੇ ਮੌਤ ਲਿਆਉਣ ਲਈ ਜ਼ਹਿਰ ਦਾ ਇੱਕ ਕਤਰਾ ਹੀ ਕਾਫੀ ਹੁੰਦਾ ਹੈ। ਪਰ ਜਿਸ ਬੇੜੀ ਵਿੱਚ ਸੁਰਾਖ਼ ਦੀ ਜਗ੍ਹਾ ਵੱਡੇ-ਵੱਡੇ ਮਘੋਰੇ ਹੋਣ, ਜਿਸ ਦੁੱਧ ਵਿੱਚ ਇੱਕ ਛਿੱਟ ਦੀ ਥਾਂ ਕਾਂਜੀ ਦੇ ਭੰਡਾਰ `ਤੇ ਜਿਸ ਮਨੁੱਖ ਨੂੰ ਜ਼ਹਿਰ ਬੁੱਕੀਂ ਪਿਲਾਇਆ ਜਾ ਰਿਹਾ ਹੋਵੇ, ਉਸ ਬਾਰੇ ਤੁਸੀਂ ਕੀ ਆਖੋਗੇ? ਭਾਈ ਗੁਰਦਾਸ ਜੀ ਨੇ ਕਿਹਾ ਹੈ:

ਬਾਹਰ ਕੀ ਅਗਨਿ ਬੂਝਤ ਜਲ ਸਰਤਾ ਕੈ, ਨਾਉ ਮੈ ਜਉ ਅਗਨਿ ਲਾਗੈ ਕੈਸੇ ਕੈ ਬੁਝਾਈਐ।

ਬਾਹਰ ਸੈ ਭਾਗਿ ਓਟ ਲੀਜੀਅਤ ਕੋਟ ਗੜ, ਗੜ ਮੈ ਜਉ ਲੂਟਿ ਲੀਜੈ ਕਹੋ ਕਤ ਜਾਈਐ।

ਚੋਰਨ ਕੈ ਤ੍ਰਾਸ ਜਾਇ ਸਰਨਿ ਗਹੈ ਨਰਿੰਦ, ਮਾਰੈ ਮਹੀਪਤਿ ਜੀਉ ਕੈਸੇ ਕੈ ਬਚਾਈਐ।

ਮਾਇਆ ਡਰ ਡਰਪਤ ਹਾਰ ਗੁਰਦੁਅਰੈ ਜਾਵੈ, ਤਹਾ ਜਉ ਮਾਇਆ ਬਿਆਪੈ ਕਹਾ ਠਹਰਾਈਐ॥ ੫੪੪॥ (ਭਾਈ ਗੁਰਦਾਸ ਜੀ)

ਅਰਥ: ਨਦੀ ਦੇ ਬਾਹਰ ਦੀ ਅੱਗ ਤਾਂ ਨਦੀ ਦੇ ਪਾਣੀ ਨਾਲ ਬੁਝਾਈ ਜਾ ਸਕਦੀ ਹੈ, ਪਰ ਜੇ ਨਦੀ ਵਿਚਲੀ ਬੇੜੀ ਨੂੰ ਹੀ ਅੱਗ ਲੱਗ ਜਾਏ, ਤਾਂ ਉਹ ਕਿਵੇਂ ਬੁਝਾਈ ਜਾ ਸਕਦੀ ਹੈ? ਬਾਹਰੋਂ ਕਿਸੇ ਧਾੜਵੀ ਦੀ ਮਾਰ ਤੋਂ ਭੱਜ ਕੇ ਕਿਸੇ ਪਨਾਹ ਲੈਣ ਵਾਲੇ ਕਿਲ੍ਹੇ ਦੀ ਓਟ ਲਈ ਜਾਵੇ, ਪਰ ਜੇ ਕਿਲੇ ਵਿੱਚ ਹੀ ਕੋਈ ਲੁੱਟ ਲਵੇ, ਤਾਂ ਦੱਸੋ ਕਿਥੇ ਜਾਇਆ ਜਾਵੇ। ਚੋਰਾਂ ਦੇ ਡਰੋਂ ਜੇ ਕਿਸੇ ਰਾਜੇ ਦੀ ਸ਼ਰਨ ਲਈ ਜਾਵੇ, ਪਰ ਜੇ ਰਾਜਾ ਹੀ ਡੰਨ ਦੇਵੇ, ਤਾਂ ਕਿਸ ਤਰ੍ਹਾਂ ਬਚਿਆ ਜਾ ਸਕਦਾ ਹੈ?

ਏਸੇ ਤਰ੍ਹਾਂ ਮਾਇਕੀ ਜੰਜਾਲਾਂ ਦੀ ਪਕੜ ਤੋਂ ਡਰਦਿਆਂ ਜੇ ਗੁਰੂਦੁਆਰੇ ਜਾਇਆ ਜਾਵੇ, ਪਰ ਜੇ ਉਥੇ ਵੀ ਮਾਇਆ ਪ੍ਰਭਾਵ ਪਾ ਲਵੇ, ਤਾਂ ਫਿਰ ਕਿਥੇ ਠਹਿਰਿਆ ਜਾ ਸਕਦਾ ਹੈ? ਭਾਵ ਕੋਈ ਬਚਾਅ ਨਹੀਂ।

ਭਾਵ, ਬਾਹਰ ਲੱਗੀ ਹੋਈ ਅੱਗ ਪਾਣੀ ਨਾਲ ਬੁਝਾਈ ਜਾ ਸਕਦੀ ਹੈ, ਪਰ ਜੇਕਰ ਪਾਣੀ ਨੂੰ ਹੀ ਅੱਗ ਲੱਗ ਜਾਵੇ?

ਸੋ ਜਦੋਂ ਧਰਮ ਪਹਿਰਾਵੇ ਵਾਲਾ, ਧਰਮ ਆਗੂ ਅਖਵਾਉਣ ਵਾਲਾ `ਤੇ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਦਾ ਮੁੱਦਈ ਬਣ ਕੇ ਵਿਚਰਨ ਵਾਲਾ, ਗੁਰਬਾਣੀ ਦੇ ਨਾਂ `ਤੇ ਪੰਥ ਦੀ ਝੋਲੀ `ਚ ਕੱਚ-ਘਰੜ, ਅਨਮਤ ਤੇ ਮਨਮਤ ਦਾ ਅਖੌਤੀ ਗਿਆਨ ਪ੍ਰਸ਼ਾਦ ਪਾ ਦੇਵੇ, ਜਿਸ ਨੂੰ ਖਾ ਕੇ ਪੰਥ ਆਤਮਿਕ, ਮਾਨਸਿਕ ਤੇ ਹੌਲੀ-ਹੌਲੀ ਸਦਾ ਦੀ ਨੀਂਦੇ ਸੌਂ ਜਾਵੇ, ਤਾਂ ਫਿਰ ਇਸ ਬਿਮਾਰੀ ਮਾਰੇ ਗਲ਼ੇ-ਸੜੇ ਅੰਗ ਨੂੰ ਸਿਆਣੇ ਡਾਕਟਰ ਦੀ ਭਾਂਤੀ ਕੱਟ ਦੇਣਾ ਠੀਕ ਨਹੀਂ ਰਹੇਗਾ? ਸਵਾਲ ਸਾਡੇ ਸਾਹਮਣੇ ਜਿੱਥੇ ਕੌਮੀ ਸਿਧਾਂਤਕ ਬਚਾਅ ਦਾ ਹੈ, ਉਥੇ ਇਸਦੇ ਵਾਧੇ ਦਾ ਵੀ ਹੈ। ਪਰ ਬਿਨਾਂ ਹੋਂਦ ਦੇ ਬਚਾਅ ਤੋਂ ਵਾਧੇ ਦੀ ਆਸ ਰੱਖਣਾ ਸੁਪਨਾ ਮਾਤਰ ਹੀ ਹੈ। ਗੁਰੂ ਗ੍ਰੰਥ ਸਾਹਿਬ ਸਿੱਖੀ ਜੀਵਨ ਦੀ ਹੋਂਦ ਹੈ, ਜਿਸ ਦੀ ਸਲਾਮਤੀ ਤੇ ਬੁਲੰਦੀ ਹੀ ਸਾਡਾ ਵਾਧਾ ਤੇ ਪ੍ਰਸਾਰ ਹੈ। ਗੁਰੂ ਗਰੰਥ ਸਾਹਿਬ ਦੇ ਬਰਾਬਰ ਜਦੋਂ ਕਈ ਗ੍ਰੰਥਾਂ `ਤੇ ਕਈ ਮਨ-ਘੜਤ ਬਾਣੀਆਂ ਦੀ ਭਰਮਾਰ ਹੋਵੇ, ਤਾਂ ਇਹ ਡੀਂਗ ਮਾਰਨ ਦਾ ਕੀ ਮਤਲਬ ਹੈ ਕਿ ਸਾਡਾ ਗੁਰੂ ਗ੍ਰੰਥ ਸਾਹਿਬ ਸਰਵਉੱਚ ਹੈ? ਜਦੋਂ ਕਿ ਜਿਹੜੇ ਉਸ ਪ੍ਰਤੀ ਬਣਦੀ ਸ਼ਰਧਾ ਅਤੇ ਪਿਆਰ ਨੂੰ ਬਾਕੀ ਚੀਜ਼ਾਂ ਵਿੱਚ ਵੰਡ ਕੇ ਹੋਰ ਅਨਮਤੀ, ਮਨਮਤੀ ਗ੍ਰੰਥਾਂ ਅਤੇ ਬਾਣੀਆਂ ਦੇ ਪਿਆਰੇ ਸ਼ਰਧਾਲੂ ਬਣ ਰਹੇ ਹਨ, ਤਾਂ ਉਨ੍ਹਾਂ ਨੂੰ ਬੇਈਮਾਨ (ਈਮਾਨ ਤੋਂ ਸੱਖਣੇ) ਕਹਿਣਾ ਕਿਵੇਂ ਗਲਤ ਹੈ? ਬੇਅੰਤ ਐਸੇ ਕਰਮ ਹਨ ਜਿਹੜੇ ਗੁਰੂ ਅਸੂਲਾਂ ਤੋਂ ਉਲਟ ਕੀਤੇ ਜਾਂਦੇ ਹਨ। ਪਰ ਇਥੇ ਮੈਂ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਬਰਾਬਰਤਾ ਦੇ ਹੋ ਰਹੇ ਵੱਡੇ ਗ਼ੁਨਾਹ ਦਾ ਹੀ ਜ਼ਿਕਰ ਕਰ ਰਿਹਾ ਹਾਂ।

ਕਾਫੀ ਅਰਸੇ ਤੋਂ ਕੁੱਝ ਅਜਿਹੇ ਯਤਨ ਹੋ ਰਹੇ ਹਨ ਜੋ ਸਿੱਖ ਕੌਮ ਲਈ ਬੇਹੱਦ ਮਾਰੂ ਕਿਸਮ ਦੇ ਹਨ। ਹੋਰ ਅਨਮਤੀ ਗ੍ਰੰਥਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਤੁੱਲ ਸਮਝਣ ਤੇ ਮੰਨਣ ਦੀ ਗੁਸਤਾਖ਼ੀ ਕਰਨੀ, ਗੁਰਬਾਣੀ ਦੀ ਸ਼ਾਨ ਨੂੰ ਖੋਰਾ ਲਾਉਣ ਦੇ ਤੁੱਲ ਹੈ। ਜਿੱਥੇ ਇਹ ਸਾਰਾ ਕੁੱਝ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹੈ, ਉਥੇ ਕੱਚੀਆਂ ਬਾਣੀਆਂ ਜਾਂ ਗੁਰੂ ਘਰ ਦੀ ਮਰਯਾਦਾ ਬਣਾਉਣ `ਤੇ ਪੜ੍ਹਨ-ਸੁਣਨ ਦੇ ਅਧਿਕਾਰ ਦੇਣ ਦਾ ਮਨਹੂਸ ਕਾਰਨਾਮਾ ਵੀ ਹੋ ਰਿਹਾ ਹੈ।

ਮਨੁੱਖ ਦੀ ਫਿਤਰਤ ਹੈ ਕਿ ਕਈ ਵਾਰ ਗ਼ਲਤ ਹੋਣ ਤੇ ਵੀ ‘ਮੈਂ ਨਾ ਮਾਨੂੰ’ ਦੀ ਰੱਟ ਲਾਈ ਰਖਦਾ ਹੈ, ਪਰ ਇਸ ਸੁਭਾਅ ਵਿੱਚ ਜਿਥੇ ਆਪਣਾ ਮੂਰਖਪੁਣਾ ਜ਼ਾਹਰ ਕਰਦਾ ਹੈ, ਉਥੇ ਕਈ ਵਾਰ ਉਸ ਦੀ ਅਜਿਹੀ ਬਿਰਤੀ ਨਾਲ ਹੋਰਨਾਂ ਨੂੰ ਵੀ ਖ਼ਮਿਆਜਾ ਭੁਗਤਣਾ ਪੈਂਦਾ ਹੈ। ਠੀਕ ਇਸੇ ਤਰ੍ਹਾਂ ਕੱਚੀ ਬਾਣੀ ਗਾਉਣ ਵਾਲੇ ਆਪਣੀ ਝੂਠੀ ਰੀਤ ਨੂੰ ਠੀਕ ਸਿੱਧ ਕਰਨ ਲਈ ਕਈ ਟੁੱਟੀਆਂ-ਭੱਜੀਆਂ ਦਲੀਲਾਂ ਦਿੰਦੇ ਹਨ। ਇਸ ਨਾਲ ਭਾਵੇਂ ਉਨ੍ਹਾਂ ਦੀ ਦੁਕਾਨ ਤਾਂ ਚੱਲਦੀ ਹੈ, ਪਰ ਮਰਯਾਦਾ ਦਾ ਘਾਣ ਹੋ ਜਾਂਦਾ ਹੈ।

ਜਿਵੇਂ ਕਿ ਮੈਂ ਪਹਿਲਾਂ ਚਰਚਾ ਕਰ ਚੁੱਕਿਆ ਹਾਂ ਕਿ ਗੁਰਬਾਣੀ (ਗੁਰੂ ਉਚਾਰੇ ਬੋਲ) ਸਿੱਖ ਦੇ ਜੀਵਨ ਦੀ ਥੰਮੀ ਹੈ। ਸ਼ਬਦ ਦੁਆਰਾ ਹੀ ਸਿੱਖ ਨੇ ਆਪਣੇ ਜੀਵਨ ਦੀ ਘਾੜਤ ਘੜਨੀ ਹੈ। ਪਰ ਜੇਕਰ ਗੁਰਬਾਣੀ ਦੀ ਜਗ੍ਹਾ ਹੋਰ ਕੱਚੀਆਂ ਤੇ ਮਨ-ਘੜਤ ਕਹਾਣੀਆਂ, ਕਥਾਵਾਂ, ਧਾਰਨਾਵਾਂ ਤੇ ਟੇਕ ਰੱਖ ਲਈ ਜਾਵੇ, ਤਾਂ ਉੱਚੇ ਸਿੱਖੀ ਜੀਵਨ ਦੀ ਘਾੜਤ-ਘੜਨ ਦੀ ਕੀ ਆਸ ਰੱਖੀ ਜਾ ਸਕਦੀ ਹੈ। ਜਿਸ ਮਨੁੱਖ ਨੂੰ ਖ਼ੁਰਾਕ ਹੀ ਮਾੜੀ ਮਿਲ ਰਹੀ ਹੋਵੇ ਉਸ ਦੇ ਤੰਦਰੁਸਤ, ਅਰੋਗ ਤੇ ਬਲਵਾਨ ਬਣਨ ਦੀ ਆਸ ਰੱਖਣੀ ਕੋਈ ਸਿਆਣਪ ਨਹੀਂ ਮੰਨੀ ਜਾ ਸਕਦੀ। ਇਸ ਲਈ ਸਾਨੂੰ ਸੋਚਣਾ ਪਵੇਗਾ ਕਿ ਆਖ਼ਰ ਗੁਰਬਾਣੀ ਦਾ ਲੜ ਛੱਡ ਕੇ ਸਿੱਖ ਕਿਹੜੇ ਰਾਹੇ ਪੈ ਰਹੇ ਹਨ? ਕੀ ਇਹ ਰਾਹ, ਸਿੱਖਾਂ ਅਤੇ ਗੁਰੂ ਵਿਚਕਾਰ ਵਿੱਥ ਤਾਂ ਨਹੀਂ ਪਾ ਰਿਹਾ? ਫਿਰ ਮਨਮੱਤ ਤੇ ਅੰਧ-ਵਿਸਵਾਸ਼ ਇਸ ਕਦਰ ਹਾਵੀ ਹੈ ਕਿ ਸੋਚਣ, ਸਮਝਣ ਅਤੇ ਮੰਨਣ ਦੀ ਬਜਾਏ ਕਈ ਘਟੀਆਂ ਦਲੀਲਾਂ ਦਿੱਤੀਆਂ ਜਾਂਦੀਆਂ ਹਨ। ਲੋਕਾਂ ਨੂੰ ਤਾਂ ਉਪਦੇਸ਼ ਦਿੱਤੇ ਜਾਂਦੇ ਨੇ ਗੁਰਮੁਖ ਬਣਨ ਦੇ, ਪਰ ਆਪ ਅਜਿਹੇ ਲੋਕ ਮਨਮਤ ਦਾ ਤਿਆਗ ਕਰਨ ਨੂੰ ਰਤੀ ਭਰ ਵੀ ਤਿਆਰ ਨਹੀਂ। ਐਸੇ ਮਹਾਂਪੁਰਖਾਂ (?) ਦਾ ਕਹਿਣਾ ਹੈ “ਅਖੇ ਬਾਣੀ ਵੀ ਕਦੀ ਕੱਚੀ ਹੁੰਦੀ ਹੈ” ਕਿੱਡੀ ਵੱਡੀ ਦਲੀਲ ਦਿੰਦੇ ਨੇ ਨਵ-ਜਨਮੇ ਮਹਾਂਪੁਰਖ! ਇਨ੍ਹਾਂ ਨੂੰ ਕੋਈ ਪੁੱਛੇ ਬਈ ਜੇ ਬਾਣੀ ਕੱਚੀ ਨਹੀਂ ਹੁੰਦੀ, ਤਾਂ ਗੁਰੂ ਅਮਰਦਾਸ ਜੀ ਨੇ ਕਿਉਂ ਲਿਖ ਦਿੱਤਾ:

ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ॥

ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ॥

ਕਹਦੇ ਕਚੇ ਸੁਣਦੇ ਕਚੇ ਕਚੀਂ ਆਖਿ ਵਖਾਣੀ॥

ਹਰਿ ਹਰਿ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ॥

ਚਿਤੁ ਜਿਨ ਕਾ ਹਿਰਿ ਲਇਆ ਮਾਇਆ ਬੋਲਨਿ ਪਏ ਰਵਾਣੀ॥

ਕਹੈ ਨਾਨਕੁ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ॥ (920)

ਇਨ੍ਹਾਂ ਗੁਰੂ ਫੁਰਮਾਨਾਂ ਤੋਂ ਸਪੱਸ਼ਟ ਹੈ ਕਿ ਬਾਣੀ ਵੀ ਕੱਚੀ ਹੋ ਸਕਦੀ ਹੈ। ਬਾਣੀ ਦਾ ਅਰਥ ਹੈ ‘ਬੋਲ’। ਮਨਮੁਖ ਦੇ ਬੋਲ ਕੱਚੇ ਹੁੰਦੇ ਹਨ। ਗੁਰਬਾਣੀ `ਚ ਗੁਰਦੇਵ ਫੁਰਮਾਉਂਦੇ ਹਨ:

ਮੇਰੇ ਮੋਹਨ ਸ੍ਰਵਨੀ ਇਹ ਨ ਸੁਨਾਏ॥ ਸਾਕਤ ਗੀਤ ਨਾਦ ਧੁਨਿ ਗਾਵਤ ਬੋਲਤ ਬੋਲ ਅਜਾਏ॥ 820)

ਕਰਤਾ ਪੁਰਖ ਤੇ ਗੁਰੂ ਕਦੀ ਨਹੀਂ ਭੁੱਲਦੇ, ਬਾਕੀ ਸਭ ਕੋਈ ਭੁੱਲਾਂ ਕਰਦਾ ਹੈ। ਕੇਵਲ ਗੁਰੂ ਦੇ ਬੋਲ ਗੁਰਬਾਣੀ ਹੀ ਸੱਚ ਹੈ, ਜੋ ਅਕਾਲ ਪੁਰਖ ਦੇ ਨਾਮ ਨਾਲ ਜੁੜ ਕੇ, ਅਭੇਦ ਹੋ ਕੇ ਉਚਾਰੀ ਗਈ:

ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ॥ (61)

ਧੁਰ ਕੀ ਬਾਣੀ ਆਈ॥ ਤਿਨਿ ਸਗਲੀ ਚਿੰਤ ਮਿਟਾਈ॥ (628)

ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ॥ (722)

ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ॥ (763)

ਕੀ ਕੱਚੀਆਂ-ਪਿੱਲੀਆਂ ਧਾਰਨਾਵਾਂ ਪੜ੍ਹਨ ਵਾਲੇ ਆਪਣੀ ਬਣਾਈ ਧਾਰਨਾ ਨੂੰ ਸੱਚੀ ਬਾਣੀ, ਧੁਰ ਕੀ ਬਾਣੀ, ਖਸਮ ਕੀ ਬਾਣੀ, ਕਹਿਣ ਦਾ ਹੱਕ ਰੱਖਦੇ ਹਨ? ਗੁਰੂ ਅਮਰਦਾਸ ਸਾਹਿਬ ਜੀ ਨੇ ਸਪੱਸ਼ਟ ਕਿਹਾ ਹੈ:

ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ॥ ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ॥ ਜਿਨ ਕਉ ਨਦਰਿ ਕਰਮੁ ਹੋਵੈ ਹਿਰਦੈ ਤਿਨਾ ਸਮਾਣੀ॥ ਪੀਵਹੁ ਅੰਮ੍ਰਿਤੁ ਸਦਾ ਰਹਹੁ ਹਰਿ ਰੰਗਿ ਜਪਿਹੁ ਸਾਰਿਗਪਾਣੀ॥ ਕਹੈ ਨਾਨਕੁ ਸਦਾ ਗਾਵਹੁ ਏਹ ਸਚੀ ਬਾਣੀ॥ (920)

ਸੱਚੀ ਬਾਣੀ ਕੇਵਲ ਪਰਮੇਸ਼ਰ ਸਰੂਪ ਗੁਰੂ ਦੀ ਹੈ।

ਫਿਰ ਇਹ ਵੀ ਦਲੀਲ ਦਿੱਤੀ ਜਾਂਦੀ ਹੈ ਕਿ “ਜੇਕਰ ਕਵੀਸ਼ਰੀ, ਕਵਿਤਾਵਾਂ ਅਤੇ ਵਾਰਾਂ ਆਦਿ ਗਾਇਨ ਹੋ ਸਕਦੀਆਂ ਹਨ, ਤਾਂ ਧਾਰਨਾ ਵਾਜੇ `ਤੇ ਪੜ੍ਹ ਲਈ ਜਾਵੇ ਤਾਂ ਕੀ ਹਰਜ ਹੈ?”

ਜ਼ਰਾ ਵੀਚਾਰੋ! ਕਵੀਸ਼ਰ, ਢਾਡੀ, ਕਵੀ ਆਪਣੀਆਂ ਕਵਿਤਾਵਾਂ ਨੂੰ ਕੀਰਤਨ ਨਹੀਂ ਆਖਦੇ। ਉਹ ਕਦੀ ਦਾਅਵਾ ਨਹੀਂ ਕਰਦੇ ਕਿ ਉਨ੍ਹਾਂ ਕੀਰਤਨ ਕੀਤਾ ਹੈ। ਪਰ ਧਾਰਨਾ ਪੜ੍ਹਨ ਵਾਲੇ ਇਨ੍ਹਾਂ ਕੱਚੀਆਂ, ਮਨਘੜਤ ਧਾਰਨਾ ਨੂੰ ਵੀ ਕੀਰਤਨ ਕਹਿੰਦੇ ਹਨ। ਇਨ੍ਹਾਂ ਦੇ ਲੰਮੇ ਇਸ਼ਤਿਹਾਰ ਤੇ ਅਨਾਊਂਸਮੈਂਟਸ `ਚ ਸਪੱਸ਼ਟ ਪੜ੍ਹਿਆ ਤੇ ਸੁਣਿਆ ਜਾ ਸਕਦਾ ਹੈ। ਜਿਥੇ ਇਨ੍ਹਾਂ ਥਾਂ-ਪੁਰ-ਥਾਂ ਧਾਰਨਾ ਨੂੰ ਕੀਰਤਨ ਕਹਿੰਦੇ, ਸੁਣਾਉਂਦੇ ਹਨ। ਜਦੋਂ ਕਿ ਪੰਥ ਪ੍ਰਵਾਣਿਤ ਮਰਯਾਦਾ `ਚ ਸਪੱਸ਼ਟ ਲਿਖਿਆ ਹੈ:

(ਅ) “ਕੀਰਤਨ ਗੁਰਬਾਣੀ ਨੂੰ ਰਾਗਾਂ ਵਿੱਚ ਉਚਾਰਨ ਨੂੰ ਕਹਿੰਦੇ ਹਨ।”

(ਸ) “ਸ਼ਬਦਾਂ ਨੂੰ ਜੋੜੀਆਂ ਜੋਟੀਆਂ ਦੀ ਧਾਰਨਾ ਜਾਂ ਰਾਗ ਨਾਲ ਪੜ੍ਹਦਿਆਂ ਬਾਹਰਲੀਆਂ ਮਨਘੜਤ ਤੇ ਵਾਧੂ ਤੁਕਾਂ ਲਾ ਕੇ ਧਾਰਨਾ ਲਾਉਣੀ ਜਾਂ ਗਾਉਣਾ ਅਯੋਗ ਹੈ। ਸ਼ਬਦ ਦੀ ਤੁਕ ਹੀ ਧਾਰਨਾ ਬਣਾਈ ਜਾਵੇ।” (ਸਿੱਖ ਰਹਿਤ ਮਰਯਾਦਾ)

ਫਿਰ ਵੀ ਇਹ ਕਿਹਾ ਜਾਂਦਾ ਹੈ ਕਿ ਅਸੀਂ ਬਾਣੀ ਨੂੰ ਸੌਖੇ ਢੰਗ ਨਾਲ ਸੁਣਾ ਕੇ, ਪੇਸ਼ ਕਰਕੇ ਸਮਝਾਉਂਦੇ ਹਾਂ, ਕਿਉਂਕਿ ਔਖੀ ਬਾਣੀ ਸਾਰਿਆਂ ਦੀ ਸਮਝ `ਚ ਨਹੀਂ ਆਉਂਦੀ।

ਕੀ ਗੁਰੂ ਨਾਨਕ ਸਾਹਿਬ ਜਾਂ ਹੋਰ ਗੁਰੂ ਸਾਹਿਬਾਨ ਜੀ ਪ੍ਰਚਾਰ ਕਰਦੇ ਸਨ, ਉਹ ਧਾਰਨਾ ਨਾਲ ਕਰਦੇ ਸਨ? ਕੀ ਉਹ ਬਾਣੀ ਨਹੀਂ ਸਨ ਉਚਾਰਦੇ? ਕੀ ਸੰਗਤਾਂ ਬਾਣੀ ਦੇ ਬੋਲ ਨਹੀਂ ਸੁਣਦੀਆਂ ਸਨ? ਕੀ ਪੰਜਾਬ ਦੇ ਰਹਿਣ ਵਾਲੇ, ਪੰਜਾਬੀ ਪੜ੍ਹੇ ਤੇ ਪੰਜਾਬੀ ਬੋਲਣ ਵਾਲੇ ਲੋਕਾਂ ਨੂੰ ਪੰਜਾਬੀ-ਗੁਰਮੁਖੀ ਭਾਸ਼ਾ ਹੀ ਸਮਝ ਨਹੀਂ ਆਉਂਦੀ? ਕੀ ਸਾਰੇ ਲੋਕ ਅਨਪੜ੍ਹ ਜਾਂ ਬੇਸਮਝ ਹਨ? ਫਿਰ ਕੋਈ ਪੁੱਛੇ ਕਿ ਡੇਰੇਦਾਰਾਂ ਆਪਣੀ-ਆਪਣੀ ਮਰਯਾਦਾ ਬਣਾਈ ਹੋਈ ਹੈ ਤੇ ਕਈ ਤਰ੍ਹਾਂ ਦੇ ਪਾਠ ਵੀ ਨੀਯਤ ਕੀਤੇ ਹੋਏ ਹਨ। ਸੰਪਟ ਪਾਠ, ਅਖੰਡ ਸੰਪਟ ਪਾਠ, ਪਾਠਾਂ ਦੀਆਂ ਇਕੋਤਰੀਆਂ ਕੀ ਇਹ ਸਾਰੇ ਪਾਠ ਲੋਕਾਂ ਦੀ ਸਮਝ ਵਿੱਚ ਆਉਂਦੇ ਹੋਣਗੇ? ਜਦੋਂ ਹੁਕਮਨਾਮਾ ਲਿਆ ਜਾਂਦਾ ਹੈ, ਉਹ ਸੰਗਤ ਦੀ ਸਮਝ `ਚ ਕਿਸ ਤਰ੍ਹਾਂ ਆਉਂਦਾ ਹੈ? ਉਹ ਵੀ ਸੌਖਿਆ ਕੱਚੀਆਂ ਧਾਰਨਾ ਨਾਲ ਕਿਉਂ ਨਹੀਂ ਪੜ੍ਹਿਆ ਜਾਂ ਸੁਣਾਇਆ ਜਾਂਦਾ? ਐਸੀਆਂ ਫਜੂਲ ਦੀਆਂ ਦਲੀਲਾਂ ਨਾਲ ਸੱਚ ਨਹੀਂ ਬਦਲ ਜਾਂਦਾ।

ਇਸਲਾਮ ਮਜ਼੍ਹਬ ਦਾ ਪਾਕ ਗ੍ਰੰਥ ਕੁਰਾਨ ਸ਼ਰੀਫ਼, ਜਿਸਨੂੰ ਮੁਸਲਮਾਨ ਖ਼ੁਦਾਈ ਗਿਆਨ ਮੰਨਦੇ ਹਨ। ਉਸ ਬਾਰੇ ਤਾਂ ਉਨ੍ਹਾਂ ਨੇ ਕਦੀ ਨਹੀਂ ਕਿਹਾ ਕਿ ਇਸ ਦੀਆਂ ਆਇਤਾਂ ਤੇ ਕਲਮੇ ਮੁਸਲਮਾਨਾਂ ਦੀ ਸਮਝ `ਚ ਨਹੀਂ ਆਉਂਦੇ। ਈਸਾਈਆਂ ਨੇ ਕਦੇ ਨਹੀਂ ਕਿਹਾ ਕਿ ਸਾਡੇ ਲੋਕਾਂ ਦੀ ਸਮਝ `ਚ ਸਾਡੀ ‘ਬਾਈਬਲ’ ਨਹੀਂ ਆਉਂਦੀ। ਈਸਾਈਆਂ, ਮੁਸਲਮਾਨਾਂ, ਹੋਰ ਕਈ ਮਜ਼੍ਹਬਾਂ ਨੇ ਆਪਣੇ ਗ੍ਰੰਥਾਂ ਪ੍ਰਤੀ ਕਦੇ ਇਹ ਗੱਲ ਨਹੀਂ ਕਹੀ ਅਤੇ ਨਾ ਹੀ ਸਿੱਖ ਡੇਰੇਦਾਰਾਂ ਵਾਂਗ ਆਪਣੇ ਪਵਿੱਤਰ ਗ੍ਰੰਥ ਨੂੰ ਛੁਟਿਆਉਣ ਦੀ ਕੋਸ਼ਿਸ਼ ਕੀਤੀ ਹੈ। ਪਰ ਸਾਡੇ ਲੋਕ ਇਹ ਦਲੀਲਾਂ ਦੇ ਕੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਸ਼ੰਕੇ ਖੜ੍ਹੇ ਕਰਦੇ ਹਨ, ਜੋ ਸ਼ਰੇਆਮ ਗੁਰਮਤਿ ਨਾਲ ਧ੍ਰੋਹ ਕਮਾਉਣ ਦੇ ਬਰਾਬਰ ਹੈ। ਮਾਤ ਭਾਸ਼ਾ ਉਰਦੂ ਹੋਣ ਤੇ ਵੀ ਇੱਕ ਮੁਸਲਮਾਨ ਅਰਬੀ ਭਾਸ਼ਾ `ਚ ਕੁਰਾਨ ਪੜ੍ਹ ਸਕਦਾ ਹੈ, ਕੋਈ ਗੈਰ ਅੰਗਰੇਜ਼ ਬਾਈਬਲ ਪੜ੍ਹ ਸਕਦਾ ਹੈ, ਪਰ ਸਿੱਖ ਨੂੰ ਕੀ ਦਿੱਕਤ ਹੈ ਆਪਣੀ ਹੀ ਮਾਤ ਭਾਸ਼ਾ ਵਿੱਚ ਲਿਖੀ ਗੁਰਬਾਣੀ ਪੜ੍ਹਨ ਵਿਚ? ਮਨੁੱਖ ਹੋਰ ਕਈ ਔਖੇ-ਸੌਖੇ ਕੰਮ ਸਿੱਖਦਾ ਹੈ, ਤਾਂ ਇਹ ਅਹਿਮ ਕੰਮ ਕਿਉਂ ਨਹੀਂ ਸਿੱਖ ਸਕਦਾ, ਜੋ ਕਿ ਜੀਵਨ ਦਾ ਮੂਲ ਅਧਾਰ ਹੈ। ਕੱਚੀ ਬਾਣੀ ਗਾਉਣ ਵਾਲੇ ਏਨਾ ਜ਼ੋਰ ਜੇ ਸੰਗਤ ਨੂੰ ਗੁਰਬਾਣੀ ਸਿਖਾਉਣ ਤੇ ਲਾ ਦੇਣ ਤਾਂ ਪੰਥ ਕਿਥੋਂ ਤੋਂ ਕਿਥੇ ਪਹੁੰਚ ਜਾਏ। ਪਰ ਜਿਵੇਂ ਅਜਿਹੇ ਢੁੱਚਰ ਖੜ੍ਹੇ ਕਰਨ ਵਾਲਿਆਂ ਨੇ ਸਹੁੰ ਹੀ ਖਾਧੀ ਹੋਈ ਹੈ ਕਿ ਸਿੱਖਾਂ ਨੂੰ ਬਾਣੀ ਨਾਲੋਂ ਤੋੜ ਹੀ ਦੇਣਾ ਹੈ। ਅਗਿਆਨਤਾ ਦੀ ਸਿਖਰ ਇਹ ਹੈ ਕਿ ਫਿਰ ਇਹ ਵੀ ਢਕਵੰਜ ਖੜ੍ਹਾ ਕੀਤਾ ਜਾਂਦਾ ਹੈ ਕਿ “ਭਾਈ ਗੁਰਦਾਸ ਜੀ ਦੀ ਬਾਣੀ ਵੀ ਤਾਂ ਕੱਚੀ ਹੀ ਹੈ, ਉਹ ਕਿਹੜਾ ਗੁਰਬਾਣੀ ਹੈ, ਫਿਰ ਉਸਦਾ ਕੀਰਤਨ ਕਿਉਂ ਹੁੰਦਾ ਹੈ? ਸਮੁੱਚੇ ਪੰਥ ਨੇ ‘ਸਿੱਖ ਰਹਿਤ ਮਰਯਾਦਾ’ ਤਿਆਰ ਕੀਤੀ, ਜਿਸ ਵਿੱਚ ਇਹ ਮਦ ਮੌਜੂਦ ਹੈ:

(ੲ) ਸੰਗਤ ਵਿੱਚ ਕੀਰਤਨ ਕੇਵਲ ਗੁਰਬਾਣੀ ਜਾਂ ਇਸ ਦੀ ਵਿਆਖਿਆ ਸਰੂਪ ਰਚਨਾ ਭਾਈ ਗੁਰਦਾਸ ਜੀ ਤੇ ਭਾਈ ਨੰਦ ਲਾਲ ਜੀ ਦੀ ਬਾਣੀ ਦਾ ਹੀ ਹੋ ਸਕਦਾ ਹੈ। (ਸਿੱਖ ਰਹਿਤ ਮਰਯਾਦਾ, ਪੰਨਾ-15)

ਕਿਧਰੇ ਵੀ ਧਾਰਨਾ, ਕੱਚੀ ਬਾਣੀ ਗਾਉਣ ਦਾ ਹੁਕਮ ਨਹੀਂ ਹੈ। ਜਿਹੜੇ ਲੋਕ ਭਾਈ ਗੁਰਦਾਸ ਜੀ ਵਰਗੇ ਮਹਾਨ ਸਿੱਖ ਵਿਦਵਾਨ ਦਾ ਨਾਮ ਵਰਤ ਕੇ ਆਪਣੀ ਫੋਕੀ ਦਲੀਲ ਨੂੰ ਸੱਚ ਸਾਬਤ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਭਾਈ ਗੁਰਦਾਸ ਉਹ ਗੁਰਸਿੱਖ ਸਨ, ਜਿਨ੍ਹਾਂ ਦੀ ਜ਼ਿੰਦਗੀ ਮਾਨਵਤਾ ਨੂੰ ਗੁਰਬਾਣੀ ਦੀ ਸੂਝ ਦਿੰਦਿਆਂ ਬਤੀਤ ਹੋਈ। ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਬੀੜ ਉਨ੍ਹਾਂ ਆਪਣੇ ਹੱਥੀਂ ਲਿਖੀ, ਉਨ੍ਹਾਂ ਦੀਆਂ ਲਿਖੀਆਂ ਹੋਈਆਂ ਵਾਰਾਂ `ਤੇ ਕਬਿੱਤ ਗੁਰਬਾਣੀ ਦੀ ਵਿਆਖਿਆ ਦੀ ਇੱਕ ਉੱਤਮ ਮਿਸਾਲ ਹਨ। ਕੀ ਕੱਚੀਆਂ ਧਾਰਨਾ ਪੜ੍ਹਨ ਵਾਲਿਆਂ ਦੀਆਂ ਕੱਚ-ਘਰੜ ਧਾਰਨਾਵਾਂ ਭਾਈ ਗੁਰਦਾਸ ਜੀ ਦੀ ਰਚਨਾ ਤੁੱਲ ਪਹੁੰਚ ਸਕਦੀਆਂ ਹਨ? ਫਿਰ ਅਜਿਹੇ ਢੁੱਚਰ ਡਾਹ ਕੇ ਭਾਈ ਸਾਹਿਬ ਜੀ ਦੇ ਨਾਮ ਤੇ ਆਪਣੇ ਝੂਠ ਨੂੰ ਸੱਚ ਬਣਾਉਣ ਦਾ ਕੀ ਮਤਲਬ?

ਕੁੱਝ ਐਸੇ ਸੱਜਣ ਵੀ ਹਨ ਜਿਨ੍ਹਾਂ ਦਾ ਕਹਿਣਾ ਹੈ ਕਿ ਧਾਰਨਾ ਪੜ੍ਹਨ ਦੀ ਪ੍ਰਪਾਟੀ ਬਾਬਾ ਅਤਰ ਸਿੰਘ ਜੀ ਨੇ ਸ਼ੁਰੂ ਕੀਤੀ। ਪਰ ਉਨ੍ਹਾਂ ਕਿਥੇ ਕਿਹਾ ਕਿ ਅਸੀਂ ਅਥਾਰਟੀ ਹਾਂ ਜੋ ਅਸੀਂ ਕਿਹਾ ਹੈ, ਕੀਤਾ ਹੈ, ਇਹੀ ਅਖੀਰ ਹੈ। ਜੇਕਰ ਉਨ੍ਹਾਂ ਕਿਸੇ ਸਮੇਂ ਅਜਿਹੀਆਂ ਧਾਰਨਾਵਾਂ ਪੜ੍ਹੀਆਂ ਸਨ, ਤਾਂ ਉਹਨਾਂ ਕਿਥੇ ਇਨ੍ਹਾਂ ਨੂੰ ਬਾਣੀ ਕੀਰਤਨ ਦਾ ਨਾਮ ਦਿੱਤਾ। ਮੰਨ ਲਉ ਜੇ ਕੋਈ ਅਨਪੜ੍ਹ ਮਨੁੱਖ ਹੋਵੇ, ਜਿਸਨੂੰ ਪੜ੍ਹਨਾ-ਲਿਖਣਾ ਨਹੀਂ ਆਉਂਦਾ, ਉਸ ਨੂੰ ਅਸੀਂ ਬਾਣੀ ਸੁਣਨ ਅਤੇ ਵਾਹਿਗੁਰੂ-ਵਾਹਿਗੁਰੂ ਕਹਿਣ ਦੀ ਸਲਾਹ ਦਿੰਦੇ ਹਾਂ। ਪਰ ਇਹ ਸਲਾਹ ਮਰਯਾਦਾ ਨਹੀਂ ਬਣ ਜਾਂਦੀ ਹੈ `ਤੇ ਨਾ ਹੀ ਪ੍ਰੰਪਰਾ। ਇਹ ਚੀਜ਼ਾਂ ਵਕਤੀ ਹੁੰਦੀਆਂ ਹਨ, ਕਿਸੇ ਮਾਹੌਲ ਅਨੁਸਾਰ ਜਾਣਬੁੱਝ ਕੇ, ਕਿਸੇ ਦਾ ਨਾਮ ਵਰਤ ਕੇ ਝੂਠ ਬੋਲਣਾ, ਕੋਈ ਗੁਰਸਿੱਖੀ ਵਾਲੀ ਗੱਲ ਨਹੀਂ।

ਸਾਨੂੰ ਇਹ ਚੰਗੀ ਤਰ੍ਹਾਂ ਵੀਚਾਰਨਾ ਪਵੇਗਾ ਕਿ ਗੁਰਬਾਣੀ ਦੇ ਨਾਮ ਤੇ ਆਪਣੀਆਂ ਘੜੀਆਂ ਮਨਘੜਤ ਰਚਨਾਵਾਂ ‘ਸ਼ਬਦ ਗੁਰੂ’ ਦੀ ਬਰਾਬਰੀ ਦੀਆਂ ਭਾਗੀ ਕਿਵੇਂ ਬਣ ਸਕਦੀਆਂ ਹਨ? ਫਿਰ ਕੱਚੀਆਂ ਧਾਰਨਾ ਪੜ੍ਹਨ ਵਾਲਿਆਂ ਦੀਆਂ 95% ਧਾਰਨਾ ਐਸੀਆ ਹਨ ਜੋ ਆਮ ਗੱਲਬਾਤ ਤੋਂ ਵੀ ਗਈਆਂ-ਗੁਜਰੀਆਂ ਤੇ ਅਰਥਹੀਣ ਹਨ। ਯਾਦ ਰਹੇ ਗੁਰੂ ਅਰਜਨ ਸਾਹਿਬ ਜੀ ਕੋਲ 4 ਅਖੌਤੀ ਭਗਤਾਂ ਦੇ ਆਉਣ ਦਾ ਜ਼ਿਕਰ ਇਤਿਹਾਸ `ਚ ਆਉਂਦਾ ਹੈ, ਜਿਨ੍ਹਾਂ ਨੇ ਆਪਣੀ ਰਚਨਾ ਨੂੰ ਪੋਥੀ ਸਾਹਿਬ ਵਿੱਚ ਦਰਜ ਕਰਾਉਣ ਦੀ ਫੁਰਮਾਇਸ਼ ਗੁਰੂ ਸਾਹਿਬ ਜੀ ਕੋਲ ਕੀਤੀ ਸੀ। ਸਤਿਗੁਰੂ ਜੀ ਨੇ ਚਾਰਾਂ ਨੂੰ ਹੀ ਆਪਣੀਆਂ ਰਚਨਾਵਾਂ ਸੁਣਾਉਣ ਲਈ ਕਿਹਾ।

ਕਾਨ੍ਹਾ:- ਓਹੀ ਏ, ਮੈਂ ਓਹੀ ਰੇ! ਜਾ ਕਉ ਸੁਰਿ ਨਰ ਮੁਨਿ ਜਨ ਗਾਵਤ, ਸਗਲੀ ਸ੍ਰਿਸ਼ਟੀ ਮੋਹੀ।

ਜਾ ਕਉ ਬੇਦ ਪੁਰਾਨ ਸਭ ਗਾਵਹਿਂ, ਖੋਜਤ ਖੋਜਤ ਕੋਇ ਰੇ।

ਪੀਲੂ:- ਅਸਾਂ ਨਾਲੋਂ ਸੇ ਭਲੇ, ਜੰਮਦਿਆਂ ਜੋ ਮੂਏ। ਚਿੱਕੜ ਪਾਂਵ ਨ ਬੋੜਿਆ, ਨ ਆਲੂਦ ਭਏ।

ਛੱਜੂ:- ਜੋ ਸੁਖ ਛੱਜੂ ਦੇ ਚੁਬਾਰੇ, ਨਾ ਬਲਖ ਨਾ ਬੁਖਾਰੇ। ਕਾਗਦ ਸੰਦੀ ਪੂਤਰੀ, ਤਉ ਨ ਤ੍ਰਿਆ ਨਿਹਾਰ।

ਇਉਂ ਮਾਰ ਲੈ ਜਾਏਗੀ, ਜਿਉਂ ਬਲੋਚਾਂ ਦੀ ਧਾੜ॥

ਸ਼ਾਹ ਹੁਸੈਨ:- ਚੁੱਪ ਵੇ ਅੜਿਆ, ਚੁੱਪ ਵੇ ਅੜਿਆ, ਬੋਲਣ ਦੀ ਨਹੀਂ ਜਾਇ ਵੇ ਅੜਿਆ। ਬੋਲਣ ਦੀ ਜਾਇ ਨਹੀਂ।

(ਇਨ੍ਹਾਂ ਦੀ ਵੱਖਰੀ ਪੋਥੀ ਵੀ ਸਤਿਗੁਰੂ ਜੀ ਨੇ ਤਿਆਰ ਨ ਕਰਾਈ, ਪਰ ਸਾਡੇ ਅਖੌਤੀ ਮਹਾਂਪੁਰਖ ਆਪਣੀਆਂ ਕੱਚ-ਘਰੱੜ ਤੇ ਮਨਮਤੀ ਧਾਰਨਾਂ ਦੀਆਂ ਕਿਤਾਬਾਂ ਵੀ ਛਾਪਣ ਲੱਗ ਪਏ ਹਨ। ਇਹ ਬਾਣੀ ਨਾਲ ਸ਼ਰੀਕੇਬਾਜ਼ੀ ਨਹੀਂ ਤਾਂ ਹੋਰ ਕੀ ਹੈ? ਸਿੱਖ ਸੰਗਤ ਗੁਰਬਾਣੀ ਪੜ੍ਹੇਗੀ ਕਿ ਇਨ੍ਹਾਂ ਧਾਰਨਾਵਾਂ ਦਾ ਪਾਠ ਕਰਿਆ ਕਰੇਗੀ? ਕੀ ਇਹ ਰਚਨਾਵਾਂ ਹੌਲੀ-ਹੌਲੀ ਦੇਹਧਾਰੀ ਗੁਰੂਆਂ ਦੇ ਗ੍ਰੰਥਾਂ ਵਰਗੀਆਂ ਧਿਰਾਂ ਨਹੀਂ ਬਣ ਜਾਣਗੀਆਂ, ਜਿਵੇਂ ਰਾਧਾ ਸੁਆਮੀ, ਨਿਰੰਕਾਰੀ, ਭਨਿਆਰੇ ਵਾਲਿਆਂ ਦੇ ਗ੍ਰੰਥ)

ਜਦੋਂ ਸਤਿਗੁਰੂ ਜੀ ਨੇ ਅਜਿਹੀ ਰਚਨਾ ਨੂੰ ਸੁਣਿਆ ਤਾਂ ਸਾਫ ਨਾਂਹ ਕਰ ਦਿੱਤੀ ਸੀ। ਕਿਉਂਕਿ ਜਿਹੜਾ ਸ਼ਬਦ ਰੂਪ ਜਹਾਜ ਸੰਸਾਰ ਭਵਜਲ ਤੋਂ ਪਾਰ ਉਤਾਰੇ ਲਈ ਤਿਆਰ ਹੋ ਰਿਹਾ ਸੀ, ਉਸ ਵਿੱਚ ਰੰਚਕ ਮਾਤਰ ਵੀ ਛੇਕ ਨਹੀਂ ਹੋਣ ਦੇਣਾ ਚਾਹੁੰਦੇ ਸਨ। ਕੱਚ ਦਾ ਸੱਚ ਨਾਲ ਕੋਈ ਮੇਲ ਨਹੀਂ। ਕਲਪਨਾਂ ਦੀਆਂ ਬਾਤਾਂ ਦਾ ਹਕੀਕਤ ਨਾਲ ਕੋਈ ਸਬੰਧ ਨਹੀਂ। ਤਲਖੀ, ਹੰਕਾਰ, ਸੁਆਰਥ ਤੇ ਮਨਮਤੀ ਉਪਦੇਸ਼ਾਂ ਨਾਲ ਕਿਸੇ ਦੀ ਜ਼ਿੰਦਗੀ ਵੀ ਨਹੀਂ ਸੰਵਰ ਸਕਦੀ। ਗੁਰਬਾਣੀ ਉਹ ਸੱਚ ਹੈ, ਜੋ ਕੁਦਰਤੀ ਅਸੂਲਾਂ ਦੀ ਵਿਆਖਿਆ ਕਰਦੀ ਹੈ, ਰੱਬੀ ਹੁਕਮ ਨਾਲ ਜੋੜਦੀ ਹੈ। ਜੀਵਨ ਦੇ ਵੱਖ-ਵੱਖ ਪਹਿਲੂਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦੇ ਕੇ ਸਤਿਗੁਰਾਂ ਨੇ ਮਨੁੱਖ ਨੂੰ ਕਰਤੇ ਦੇ ਹੁਕਮ ਵਿੱਚ ਚੱਲਣ ਦੀ ਜੁਗਤ ਦੱਸੀ ਹੈ। ਗੁਰੂ ਹਰਿ ਰਾਇ ਸਾਹਿਬ ਨੇ ਜਦੋਂ ਇਹ ਗੱਲ ਸੁਣੀ ਸੀ ਕਿ ਬਾਬਾ ਰਾਮਰਾਏ ਨੇ ਗੁਰਬਾਣੀ ਦੇ ਫੇਰਬਦਲ ਦੀ ਜੁਰਅੱਤ ਕੀਤੀ ਹੈ, ਤਾਂ ਸਤਿਗੁਰਾਂ ਨੇ ਉਸ ਕੋਲੋਂ ਗੁਰਮਤਿ ਪ੍ਰਚਾਰ ਦੇ ਸਭ ਹੱਕ ਵਾਪਸ ਲੈ ਲਏ ਸਨ ਅਤੇ ਗੁਰੂ ਘਰ ਦੀਆਂ ਤਮਾਮ ਜ਼ਿੰਮੇਵਾਰੀਆਂ ਤੋਂ ਵਾਂਝੇ ਕਰ ਦਿੱਤਾ ਸੀ, ਕਿਉਂਕਿ ਜਦੋਂ ਔਰੰਗਜ਼ੇਬ ਨੇ ਬਾਬਾ ਰਾਮ ਰਾਇ ਨੂੰ ਇਹ ਸਵਾਲ ਕੀਤਾ ਸੀ ਕਿ ਤੁਹਾਡੇ ਗੁਰੂ ਸਾਹਿਬ ਦੀ ਬਾਣੀ ਵਿੱਚ ਜੋ ਤੁਕ ਆਉਂਦੀ ਹੈ “ਮਿੱਟੀ ਮੁਸਲਮਾਨ ਕੀ” ਇਸ ਦਾ ਕੀ ਅਰਥ ਹੈ? ਤਾਂ ਬਾਬਾ ਰਾਮਰਾਏ ਨੇ ਖੁਸ਼ਾਮਦ ਦੀਆਂ ਹੱਦਾਂ ਟੱਪਦਿਆਂ “ਮਿੱਟੀ ਮੁਸਲਮਾਨ ਕੀ” ਦੀ ਥਾਂ ਮਿੱਟੀ ਬੇਈਮਾਨ ਕੀ ਕਹਿ ਕੇ ਅਰਥ ਕੀਤੇ ਸਨ। ਪਰ ਇਤਨੀ ਗੁਸਤਾਖ਼ੀ ਵੀ ਗੁਰੂ ਘਰ ਨੇ ਪ੍ਰਵਾਨ ਨਾ ਕੀਤੀ ਕਿਉਂਕਿ ਸਿੱਖ ਭਾਵੇਂ ਹੋਰ ਅਨੰਤ ਭੁੱਲਾਂ ਕਰਦਾ ਹੈ, ਗੁਰੂ ਬਾਰ-ਬਾਰ ਸਮਝਾਉਂਦਾ ਤੇ ਬਖਸ਼ਦਾ ਹੈ। ਪਰ ਜਦੋਂ ਕੋਈ ਗੁਰੂ ਅਸੂਲਾਂ ਦੇ ਹੀ ਉਲਟ ਖੜਾ ਹੋ ਜਾਵੇ, ਤਾਂ ਉਸ ਕੋਲੋਂ ਅਧਿਕਾਰ ਵਾਪਸ ਖੋਹਣ ਤੋਂ ਕੋਈ ਗੁਰੇਜ਼ ਨਹੀਂ ਕਰਨਾ ਚਾਹੀਦਾ। ਕਿਉਂਕਿ ਸੁੱਚੇ-ਸੱਚੇ ਅਸੂਲ ਹੀ ਸਿੱਖ ਧਰਮ ਦੀ ਬੁਨਿਆਦ ਹਨ। ਅਗਰ ਅਸੂਲਾਂ ਨਾਲ ਹੀ ਖਿਲਵਾੜ ਹੋਵੇਗਾ, ਤਾਂ ਸਿੱਖੀ ਜੀਵਨ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਸਾਨੂੰ ਚੇਤਾ ਰੱਖਣਾ ਚਾਹੀਦਾ ਹੈ ਕਿ ਦੇਹਧਾਰੀ ਗੁਰੂ ਦੰਭ ਚਲਾਉਣ ਵਾਲੇ ਵੀ ਕਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੱਕ ਵਿੱਚ ਚੱਲਦੇ ਹਨ, ਪਰ ਹਊਮੈ, ਸੁਆਰਥ ਤੇ ਵਿਕਾਊ ਸੋਚ ਨੇ ਉਨ੍ਹਾਂ ਨੂੰ ਐਸਾ ਲੀਹੋਂ ਲਾਹਿਆ ਕਿ ਅੱਜ ਉਨ੍ਹਾਂ ਦੇ ਆਪਣੇ ਸਿਰਜੇ ਤੇ ਉਚਾਰੇ ਗ੍ਰੰਥ ਵੀ ਗੁਰਬਾਣੀ ਦੀ ਤਰ੍ਹਾਂ ਹੀ ਪੜ੍ਹੇ ਜਾ ਰਹੇ ਹਨ। ਕਿਉਂਕਿ ਜਦੋਂ ਗੁਰਬਾਣੀ ਦੇ ਸਿਧਾਂਤਾਂ ਨੂੰ ਤੋੜਨ ਅਤੇ ਉਸ ਦੀ ਬਰਾਬਰੀ ਦੀ ਜ਼ਰਾ ਜਿੰਨੀ ਖੁੱਲ੍ਹ ਮਿਲਦੀ ਹੈ, ਤਾਂ ਇਹ ਖੁੱਲ੍ਹ, ਇਲਾਜ ਨਾ ਕਰਾਉਣ ਕਰਕੇ ਵਧਦੀ ਬਿਮਾਰੀ ਦੀ ਤਰ੍ਹਾਂ ਵਧਦੀ ਹੀ ਜਾਂਦੀ ਹੈ ਤੇ ਇਸਦਾ ਸਿੱਟਾ ਇਹ ਨਿਕਲਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਦੇ ਪੰਥ ਦੀ ਸ਼ਰੀਕ ਇੱਕ ਹੋਰ ਧਿਰ ਪੈਦਾ ਹੋ ਜਾਂਦੀ ਹੈ। ਇਸ ਲਈ ਸੂਝ ਤੋਂ ਕੰਮ ਲੈਂਦਿਆਂ ਬਹਾਨੇ ਘੜਨ ਦੀ ਬਜਾਏ ਗੁਰਬਾਣੀ ਦੀ ਸਹੀ ਵਿਚਾਰਧਾਰਾ ਅਤੇ ਸਹੀ ਉਚਾਰਨ ਦਾ ਪ੍ਰਚਾਰ ਕਰਕੇ ਸੰਗਤ ਨੂੰ ਸਿੱਖ ਸਿਧਾਂਤ ਦੀ ਸੂਝ ਦੇਣੀ ਜ਼ਿਆਦਾ ਅਕਲਮੰਦੀ ਹੋਵੇਗੀ।

ਜੇਕਰ ਗੁਰਬਾਣੀ ਪ੍ਰਤੀ ਅਜਿਹਾ ਨਜ਼ਰੀਆ ਰੱਖਿਆ ਜਾਂਦਾ ਰਿਹਾ, ਤਾਂ ਇਹ ਕਹਿਣਾ ਔਖਾ ਨਹੀਂ ਹੋਵੇਗਾ ਕਿ ਗੁਰੂ ਦਰਬਾਰਾਂ ਵਿਚ, ਦੀਵਾਨਾਂ ਵਿੱਚ ਹਰ ਕਵਿਤਾ ਤੇ ਗ੍ਰੰਥ ਗੁਰਬਾਣੀ ਦੀ ਬਰਾਬਰੀ ਪਾ ਜਾਵੇਗਾ। ਫਿਰ ਅਜਿਹੇ ਹਲਾਤਾਂ ਵਿੱਚ ਜਿੱਥੇ ਕੋਈ ਕਿਸੇ ਵੀ ਕਵਿਤਾ ਜਾਂ ਗ੍ਰੰਥ ਦੀ ਬਾਣੀ ਦਾ ਕੀਰਤਨ ਕਰੇ; ਉਸ ਨੂੰ ਕਿਵੇ ਰੋਕਿਆ ਜਾ ਸਕੇਗਾ? ਗੁਰਮਤਿ ਪ੍ਰੇਮੀ ਸੱਜਣ ਜਾਣਦੇ ਹਨ ਕਿ ਕਈ ਗੁਰੂ ਗ੍ਰੰਥ ਸਾਹਿਬ ਦੀਆ ਹੱਥ ਲਿਖਤ ਬੀੜਾਂ ਵਿੱਚ ‘ਹਕੀਕਤ ਰਾਹ ਮੁਕਾਮ ਰਾਜੇ ਸ਼ਿਵਨਾਭ ਕੀ’ ‘ਰਤਨਮਾਲਾ’ ‘ਪ੍ਰਾਣ ਸੰਗਲੀ’ ਆਦਿ ਰਚਨਾਵਾਂ ਵੀ ਦਰਜ ਮਿਲਦੀਆਂ ਹਨ ਪਰ ਪੰਥ ਨੇ ਇਨ੍ਹਾਂ ਰਚਨਾਵਾਂ ਨੂੰ ਕੋਈ ਮਾਨਤਾ ਨਹੀ ਦਿੱਤੀ। ਕਿਉਂਕਿ ਗੁਰਬਾਣੀ ਦੇ ਬਰਾਬਰ ਕੋਈ ਹੋਰ ਰਚਨਾਂ ਪੰਥ ਨੂੰ ਪਰਵਾਨ ਨਹੀ। ਪਰ ਸੋਚਣ ਵਾਲੀ ਗੱਲ ਇਹ ਹੈ ਕਿ ਕੱਚੀਆਂ ਧਾਰਨਾ ਦੀ ਤੇ ਕੁੱਝ ਅਖੌਤੀ ਗ੍ਰੰਥਾਂ ਦੀ ਆੜ ਵਿੱਚ ਸ਼ਰੇਆਮ ਗੁਰਬਾਣੀ ਦੀ ਬੇਦਅਬੀ ਕੀਤੀ ਜਾਂਦੀ ਹੈ। ਪਤਾ ਨਹੀ ਸਿੱਖ ਕੌਮ ਇੰਨ੍ਹਾਂ ਨੂੰ ਕਿਉਂ ਪ੍ਰਵਾਨ ਕਰ ਰਹੀ ਹੈ? ਭਾਈ ਗੁਰਦਾਸ ਜੀ ਨੇ ਬੜਾ ਸੁੰਦਰ ਬਚਨ ਕੀਤਾ ਹੈ, ‘ਕਿ ਇੱਕ ਸੱਚਾ ਗੁਰਸਿੱਖ ਜਿਸਦਾ ਗੁਰ ਸ਼ਬਦ ਨਾਲ ਪਿਆਰ ਹੈ ਤੇ ਗੁਰ ਸ਼ਬਦ ਦਾ ਪ੍ਰੇਮੀ ਹੈ। ਲੱਖਾਂ ਕੱਚੀਆਂ ਰਚਨਾਵਾਂ ਵਿਚੋਂ ਆਪਣੇ ਗੁਰੂ ਦੀ ਬਾਣੀ ਦੀ ਪਹਿਚਾਣ ਕਰ ਲੈਂਦਾ ਹੈ’, ਕਿੰਨੀਆਂ ਸੁੰਦਰ ਉਦਾਹਰਨਾ ਨਾਲ ਉਨ੍ਹਾਂ ਨੇ ਸਿੱਖ ਦਾ ਗੁਰਬਾਣੀ ਨਾਲ ਪਿਆਰ ਤੇ ਪਹਿਚਾਣ ਨੂੰ ਦਰਸਾਇਆ ਹੈ:

 ਜੈਸੇ ਅਨਚਰ ਨਰਪਤ ਕੀ ਪਛਾਨੈਂ ਭਾਖਾ, ਬੋਲਤ ਬਚਨ ਖਿਨ ਬੂਝ ਬਿਨ ਦੇਖ ਹੀ।

 ਜੈਸੇ ਜੌਹਰੀ ਪਰਖ ਜਾਨਤ ਹੈ ਰਤਨ ਕੀ, ਦੇਖਤ ਹੀ ਕਹੈ ਖਰੌ ਖੋਟੋ ਰੂਪ ਰੇਖ ਹੀ।

 ਜੈਸੇ ਖੀਰ ਨੀਰ ਕੋ ਨਿਬੇਰੋ ਕਰਿ ਜਾਨੈ ਹੰਸ, ਰਾਖੀਐ ਮਿਲਾਇ ਭਿੰਨ ਭਿੰਨ ਕੈ ਸਰੇਖ ਹੀ।

 ਤੈਸੇ ਗੁਰਸਬਦ ਸੁਨਤ ਪਹਿਚਾਨੈ ਸਿਖ, ਆਨ ਬਾਨੀ ਕ੍ਰਿਤਮੀ ਨ ਗਨਤ ਹੈ ਲੇਖ ਹੀ॥ ੫੭੦॥ (ਭਾਈ ਗੁਰਦਾਸ ਜੀ)

ਸਨਮਾਨਯੋਗ ਭਾਈ ਸਾਹਿਬ ਜੀ ਉਪਰੋਕਤ ਕਬਿੱਤ ਵਿੱਚ ਸਪੱਸ਼ਟ ਕਹਿ ਰਹੇ ਹਨ ਕਿ ਜਿਵੇਂ ਬਿਨਾਂ ਦੇਖਿਆਂ ਵਜ਼ੀਰ (ਨੌਕਰ) ਰਾਜੇ ਦੇ ਬੋਲਾਂ ਨੂੰ ਪਹਿਚਾਣ ਲੈਂਦਾ ਹੈ, ਜੌਹਰੀ ਹੀਰੇ ਦੀ ਪਰਖ, ਹੰਸ ਦੁੱਧ ਤੇ ਪਾਣੀ ਦਾ ਨਬੇੜਾ ਕਰ ਲੈਂਦਾ ਹੈ, ਠੀਕ ਏਸੇ ਤਰ੍ਹਾਂ ਸ਼ਬਦ ਨਾਲ ਪ੍ਰੀਤ ਰੱਖਣ ਵਾਲਾ ਸਿੱਖ ਹੋਰ ਕਿਸੇ ਵੀ ਰਚਨਾ ਨੂੰ ਗੁਰਬਾਣੀ ਤੁੱਲ ਨਹੀਂ ਜਾਣਦਾ।

ਜਦੋਂ ਸਤਿਗੁਰੂ ਇਹ ਹੁਕਮ ਕਰਦੇ ਹਨ:

ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ॥ (304)

ਤਾਂ ਫਿਰ ਸ਼ੱਕ ਦੀ ਗੁੰਜਾਇਸ਼ ਹੀ ਕੀ ਰਹਿ ਜਾਂਦੀ ਹੈ ਕਿ ਸਿੱਖ ਕਿਸੇ ਹੋਰ ਕੱਚ-ਘਰੜ ਤੇ ਮਨਘੜ੍ਹਤ ਬੋਲਾਂ ਦਾ ਆਸਰਾ ਤੱਕੇ। ਯਾਦ ਰਹੇ ਗੁਰੂ ਅਮਰਦਾਸ ਜੀ ਨੇ ਕੱਚੀ ਬਾਣੀ ਗਾਉਣ ਵਾਲਿਆਂ, ਸੁਣਨ ਵਾਲਿਆਂ ਤੇ ਇਸਦਾ ਗੁਣਗਾਨ ਕਰਨ ਵਾਲਿਆਂ ਨੂੰ ਸਮੁੱਚੇ ਤੌਰ ਤੇ ਕੱਚੇ ਕਿਹਾ ਹੈ। ਕਿਉਂਕਿ ਕੱਚੇ ਬੋਲ ਸਿੱਖੀ ਜੀਵਨ ਦੀ ਘਾੜਤ-ਘੜਨ ਦੀ ਸਮਰੱਥਾ ਨਹੀਂ ਰੱਖਦੇ, ਭਾਵੇਂ ਕੋਈ ਲੱਖ ਦਲੀਲਾਂ ਦੇਵੇ, ਲੱਖ ਢੁੱਚਰ ਖੜ੍ਹੇ ਕਰੇ, ਪਰ ਜੋ ਸੱਚ ਹੈ, ਉਹ ਸੱਚ ਹੀ ਰਹੇਗਾ। ਗੁਰਬਾਣੀ ਤੁੱਲ ਹੋਰ ਕਿਸੇ ਰਚਨਾ ਨੂੰ ਵਡਿਆਉਣਾ ਜਾਂ ਉਸ ਦੀ ਪੱਖ ਪੂਰਤੀ ਕਰਨੀ ਗ਼ੁਨਾਹ ਹੀ ਨਹੀਂ, ਪੰਥ ਨਾਲ ਧ੍ਰੋਹ ਵੀ ਹੈ। ਸਦਾ ਯਾਦ ਰੱਖਣਾ ਚਾਹੀਦਾ ਹੈ ਕਿ ਸਤਿਗੁਰਾਂ ਨੇ ਗੁਰਬਾਣੀ ਵਿੱਚ ਸਿੱਖ ਨੂੰ ਅਕਲਮੰਦ ਬਣਨ ਦੀ ਪ੍ਰੇਰਨਾ ਕੀਤੀ ਹੈ। ਬਿਨਾਂ ਅਕਲ ਤੋਂ ਰੱਬ ਨਹੀਂ ਸਿਮਰਿਆ ਜਾ ਸਕਦਾ। ਬਿਨਾਂ ਸੂਝ ਤੋਂ ਇੱਜ਼ਤ ਨਹੀਂ ਮਿਲਦੀ, ਬਿਨਾਂ ਇਲਮ ਤੋਂ ਪੜ੍ਹਿਆ ਪ੍ਰਵਾਨ ਨਹੀਂ `ਤੇ ਬਿਨਾਂ ਅਕਲ ਤੋਂ ਕੀਤਾ ਦਾਨ ਨੇਕੀ ਨਹੀਂ, ਬਿਨਾਂ ਅਕਲ ਤੋਂ ਕੀਤਾ ਕੰਮ ਸ਼ੈਤਾਨੀਅਤ ਹੈ:

ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ॥

ਅਕਲੀ ਪੜਿ ਕੈ ਬੁਝੀਐ ਅਕਲੀ ਕੀਚੈ ਦਾਨੁ॥

ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ॥ (1245)

ਸਤਿਗੁਰ ਦੇ ਇਨ੍ਹਾਂ ਹੁਕਮਾਂ ਨੂੰ ਮੰਨ ਕੇ ਹੀ ਆਪਣਾ, ਪੰਥ ਦਾ ਅਤੇ ਮਾਨਵਤਾ ਦਾ ਭਲਾ ਹੋ ਸਕਦਾ ਹੈ। ਸੋਹਣੇ ਭੇਖਾਂ, ਸਮਾਧੀਆਂ `ਚ ਮਸਤ ਤੇ ਹਜ਼ਾਰਾਂ ਲੋਕਾਂ ਨੂੰ ਗੁਰੂ ਨਾਲ ਜੋੜਨ ਦੇ ਫੋਕੇ ਦਾਅਵਿਆਂ ਨੂੰ ਸੁਣਨ ਦੇ ਸੁਪਨਿਆਂ ਵਿਚੋਂ ਬਾਹਰ ਨਿਕਲ ਕੇ ਕਦੇ ਹਕੀਕਤ ਨੂੰ ਵੀ ਦੇਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਨਸ਼ੇ, ਪਤਿਤਪੁਣਾ ਤੇ ਹੋਰ ਲੱਖਾਂ ਲਾਹਨਤਾਂ ਨਾਲ ਜਿੱਥੇ ਮਾਨਵਤਾ ਜੂਝ ਰਹੀ ਹੈ, ਇਸ ਨਰਕ ਚੋਂ ਮੁਕਤੀ ਲਈ ਸਹੀ ਗੁਰਮਤਿ ਸਿਧਾਂਤ ਬਾਰੇ ਜਾਣਕਾਰੀ ਬੇਹੱਦ ਜ਼ਰੂਰੀ ਹੈ। ਬਹੁਤੇ ਦਮਗਜੇ ਮਾਰਨ ਦੀ ਥਾਂ ਜੇ ਅੱਖਾਂ ਖੋਲ੍ਹ ਕੇ ਹਕੀਕਤ ਨੂੰ ਤੱਕਿਆ ਜਾਵੇ, ਤਾਂ ਸਭ ਭੁਲੇਖੇ ਦੂਰ ਹੋ ਜਾਣਗੇ। ਗੁਰਮਤਿ ਵਿਚਾਰਧਾਰਾ ਸਦਾ ਹੀ ਸਾਡੀ ਅਗਵਾਈ ਕਰਦੀ ਹੈ, ਇਹ ਕਦੇ ਪੁਰਾਣੀ ਨਹੀਂ ਹੁੰਦੀ, ਕਿਉਂਕਿ ਇਹ ਪਰਮ ਸੱਚ ਹੈ। ਇਸਨੂੰ ਪੁਰਾਣਾ, ਔਖਾ ਜਾਂ ਕਠਿਨ ਆਖਣਾ ਸੱਚ ਦੀ ਬੇਅਦਬੀ ਹੈ, ਕਿਉਂਕਿ ਸਤਿਗੁਰੂ ਜੀ ਨੇ ਫੁਰਮਾਇਆ ਹੈ:

ਸਚੁ ਪੁਰਾਣਾ ਹੋਵੈ ਨਾਹੀ ਸੀਤਾ ਕਦੇ ਨ ਪਾਟੈ॥ (956)

ਗੁਰਬਾਣੀ ਸੱਚ ਬਾਰੇ ਅਜਿਹਾ ਨਿਸ਼ਚਾ `ਤੇ ਅਡੋਲ ਵਿਸ਼ਵਾਸ਼ ਹੀ ਪੰਥ ਦੀ ਬੇੜੀ ਨੂੰ ਮੰਝਧਾਰ ਚੋਂ ਕੱਢ ਸਕਦਾ ਹੈ। ਉਹ ਦਿਨ ਦੂਰ ਨਹੀਂ ਜਦੋਂ ਗੁਰਬਾਣੀ ਦਾ ਲੜ ਪਕੜ, ਗੁਰਮਤਿ ਸਿਧਾਂਤ ਦੀ ਅਗਵਾਈ `ਚ ਚੱਲ ਕੇ ਖ਼ਾਲਸਾਈ ਜਲੌ ਨੂੰ ਅਸੀਂ ਸਾਰੀ ਦੁਨੀਆਂ ਸਾਹਮਣੇ ਮੂਲ ਰੂਪ ਵਿੱਚ ਪ੍ਰਗਟ ਕਰ ਸਕਾਂਗੇ।




.