.

ਧਾਰਮਿਕ ਮੇਲੇ ਕਿੱਧਰ ਨੂੰ

ਅੱਜ ਦੇ ਧਾਰਮਿਕ ਮੇਲਿਆਂ ਦੀ ਦਿਸ਼ਾ ਅਤੇ ਦਸ਼ਾ

ਗੁਰਿੰਦਰ ਸਿੰਘ ਮਹਿੰਦੀਰੱਤਾ

ਪੰਜਾਬੀ ਦੀ ਬੜੀ ਮਸ਼ਹੂਰ ਕਹਾਵਤ ਹੈ, ਕਿ ‘ਪਿੰਡ ਗ੍ਹੀਰਿਆਂ ਤੋਂ ਪਛਾਣੇ ਜਾਂਦੇ ਹਨ’। ਕਿਸੇ ਇਲਾਕੇ ਦੀ ਖੁਸ਼ਹਾਲੀ ਦਾ ਮਿਆਰ ਉਥੋਂ ਦੀ ਜਵਾਨੀ ਹੁੰਦੀ ਹੈ ਤੇ ਜੇ ਜਵਾਨੀ ਦਾ ਰੁਝਾਨ ਵੇਖਣਾ ਹੋਵੇ ਤਾਂ ਉਸ ਇਲਾਕੇ ਦੇ ਸੱਭਿਆਚਾਰ ਨੂੰ ਘੋਖਣਾ ਜ਼ਰੂਰੀ ਹੁੰਦਾ ਹੈ। ਕਿਸੇ ਇਲਾਕੇ ਦਾ ਸੱਭਿਆਚਾਰ ਮਨੁੱਖ ਦੇ ਜਨਮ ਤੋਂ ਮਰਨ ਤੱਕ ਦੀਆਂ ਸਮੁੱਚੀਆਂ ਕਿਰਿਆਵਾਂ ਦਾ ਲੱਖਾਂ ਸਾਲਾਂ ਦਾ ਲੇਖਾ-ਜੋਖਾ ਹੈ। ਹੁਣ ਸੱਭਿਆਚਾਰ ਨੂੰ ਲੱਭਣ ਲਈ, ਉਸਦੀ ਝਲਕ ਪਾਉਣ ਲਈ ਉਪਰਾਲੇ ਕਰਨੇ ਜ਼ਰੂਰੀ ਹਨ। ਵੰਨਗੀ ਲਈ ਖੁਸ਼ੀ-ਗਮੀਂ ਦੇ ਸਾਰੇ ਮੌਕੇ ਕਾਫੀ ਹਨ। ਇਹਨਾਂ ਤੋਂ ਬਾਹਰ ਸੱਭਿਆਚਾਰ ਦਾ ਪ੍ਰਗਟਾਵਾ ਉਸ ਇਲਾਕੇ ਦੇ ਲੋਕ ਵਿਸ਼ਵਾਸ਼, ਲੋਕ ਰੀਤਾਂ, ਮੰਨਤਾਂ, ਮਨੌਤਾਂ ਅਤੇ ਵਹਿਮਾਂ-ਭਰਮਾਂ ਵਿੱਚੋਂ ਵੀ ਉਜਾਗਰ ਹੁੰਦਾ ਹੈ। ਇਥੇ ਇਹ ਗੱਲ ਵੀ ਵਰਨਣ ਯੋਗ ਹੈ ਕਿ ਕੋਈ ਵੀ ਸੱਭਿਆਚਾਰ ਸੌ ਫੀਸਦੀ ਸਥਿਰ ਨਹੀਂ ਰਹਿੰਦਾ। ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਅਦਲਾ-ਬਦਲੀਆਂ ਸੱਭਿਆਚਾਰ ਵਿੱਚ ਬਹੁਤ ਵੱਡੇ ਬਦਲਾਅ ਲਿਆਉਂਦੀਆਂ ਹਨ। ਲੋਕ ਆਪਣੀਆਂ ਲੋੜਾਂ ਅਨੁਸਾਰ ਆਪਣੇ ਵਿਸ਼ਵਾਸ਼, ਆਪਣੀਆਂ ਵਫਾਦਾਰੀਆਂ ਤੇ ਇਥੋਂ ਤੱਕ ਕਿ ਧਰਮ ਦੇ ਕੁੱਝ ਅਕੀਦੇ ਵੀ ਢਾਲ ਲੈਂਦੇ ਹਨ। ਇਥੇ ਇਹ ਗੱਲ ਵੀ ਅਣਗੌਲੀ ਨਹੀਂ ਕੀਤੀ ਜਾ ਸਕਦੀ ਕਿ ਜੇ ਕਿਸੇ ਖਿੱਤੇ ਵਿੱਚੋਂ ਉਥੋਂ ਦੇ ਧਰਮ ਨੂੰ ਬਾਹਰ ਰੱਖ ਕੇ ਸੱਭਿਆਚਾਰ ਦਾ ਮੁਲਾਂਕਣ ਕੀਤਾ ਜਾਵੇ ਤਾਂ ਉਹ ਪਾਣੀ `ਚ ਮਧਾਣੀ ਪਾਉਣ ਵਾਲੀ ਗੱਲ ਹੋਵੇਗੀ। ਕਿਸੇ ਇਲਾਕੇ, ਫਿਰਕੇ ਜਾਂ ਕੌਮ ਦੇ ਪੀਰ-ਫ਼ਕੀਰ, ਵਲੀ-ਔਲੀਏ ਅਤੇ ਗੁਰੂ ਉਥੋਂ ਦੇ ਸੱਭਿਆਚਾਰ ਦਾ ਮੁੱਖ ਧੁਰਾ ਹਨ। ਧਰਾਤਲ, ਮੌਸਮ, ਦਰਿਆ, ਨਦੀਆਂ ਆਦਿ ਸੱਭਿਆਚਾਰ ਨੂੰ ਪ੍ਰਭਾਵਿਤ ਕਰਨ ਵਾਲੇ ਗਹੁ-ਗੋਚਰੇ ਤੱਥ ਹਨ।
ਆਦਿ ਕਾਲ ਤੋਂ ਮੇਲੇ ਮਨ ਪਰਚਾਵੇ ਦੇ ਨਾਲ-ਨਾਲ ਲੋਕਾਂ ਵਿੱਚ ਗਿਆਨ ਦਾ ਪ੍ਰਸਾਰ ਕਰਦੇ ਰਹੇ ਹਨ। ਇਹਨਾਂ ਮੇਲਿਆਂ ਨੇ ਲੋਕ ਮਾਨਸਿਕਤਾਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਹੈ। ਪੰਜਾਬ ਦਾ ਕੋਈ ਅਜਿਹਾ ਪਿੰਡ ਨਹੀਂ ਮਿਲੇਗਾ ਜਿਥੇ ਕੋਈ ਮੇਲਾ ਨਾ ਲੱਗਦਾ ਹੋਵੇ। ਇਹ ਮੇਲੇ ਗੁਰੂਆਂ-ਪੀਰਾਂ ਦੀਆਂ ਯਾਦਾਂ, ਇਤਿਹਾਸਕ ਘਟਨਾਵਾਂ ਅਤੇ ਰੁੱਤਾਂ ਨਾਲ ਜ਼ਿਆਦਾ ਸਬੰਧਤ ਹਨ। ਲੋੜ ਅਨੁਸਾਰ ਲੋਕਾਂ ਨੇ ਇਹਨਾਂ ਮੇਲਿਆਂ ਨੂੰ ਵਪਾਰਕ ਕੇਂਦਰ ਵੀ ਬਣਾਇਆ ਹੋਇਆ ਹੈ। ਅੱਜ ਦੇ ਸਮੇਂ ਵਿੱਚ ਸਰਕਾਰੀ ਮੇਲੇ ਸਰਕਾਰ ਦੀਆਂ ਨੀਤੀਆਂ ਦਰਸਾਉਣ ਲਈ ਜ਼ਿਆਦਾ ਵਰਤੇ ਜਾਂਦੇ ਹਨ। ਕਿਸਾਨ ਮੇਲੇ, ਪਸ਼ੂ ਮੇਲੇ ਅਤੇ ਖੇਡ ਮੇਲੇ ਨਵੇਂ ਮੇਲਿਆਂ ਦੀ ਵੰਨਗੀ ਵਿੱਚ ਆਉਂਦੇ ਹਨ। ਸਮੇਂ ਦੇ ਨਾਲ-ਨਾਲ ਮੇਲਿਆਂ ਦਾ ਰੂਪ ਅਤੇ ਸਮਾਂ ਵੀ ਬਦਲਦਾ ਜਾ ਰਿਹਾ ਹੈ। 7-7 ਦਿਨਾਂ ਦੇ ਮੇਲੇ ਕੁੱਝ ਘੰਟਿਆਂ ਵਿੱਚ ਹੀ ਨੇਪਰੇ ਚੜ੍ਹਨ ਲੱਗ ਪਏ ਹਨ। ਕਈ ਮੇਲੇ ਤਾਂ ਕੇਵਲ ਖਾਨਾਪੂਰਤੀ ਹੋ ਕੇ ਰਹਿ ਗਏ ਹਨ। ਕਲੱਬਾਂ ਦੀ ਭਰਮਾਰ ਨੇ ਤਾਂ ਇਹਨਾਂ ਮੇਲਿਆਂ ਨੂੰ ਇੱਕ ਰਸਮ ਬਣਾ ਕੇ ਰੱਖ ਦਿੱਤਾ ਹੈ।
ਉਂਝ ਤਾਂ ਹਰ ਮੇਲੇ ਵਿੱਚ ਹੀ ਕੁੱਝ ਅਜਿਹਾ ਵੇਖਣ ਨੂੰ ਮਿਲਦਾ ਹੈ ਜਿਸ ਦਾ ਜਿਕਰ ਕਰਨਾ ਵੀ ਕੋਝਾ ਜਿਹਾ ਲੱਗਦਾ ਹੈ। ਮੇਲਿਆਂ ਦੇ ਨਾਂਅ `ਤੇ ਹਰ ਕਿਸਮ ਦੀ ਲੁੱਟ, ਲੱਚਰਪੁਣਾ, ਜੂਆ, ਸ਼ਰਾਬ ਦੇ ਦੌਰ ਅਤੇ ਹੋਰ ਅਨੇਕਾਂ ਬੁਰਾਈਆਂ ਮਿਲ ਜਾਣਗੀਆਂ। ਕੁੱਝ ਮੇਲੇ ਨਿਰੋਲ ਧਾਰਮਿਕ ਹੁੰਦੇ ਹਨ ਜਾਂ ਧਾਰਮਿਕ ਮਹਾਂਪੁਰਸ਼ਾਂ, ਪੀਰਾਂ-ਫ਼ਕੀਰਾਂ ਅਤੇ ਸ਼ਹੀਦਾਂ ਦੇ ਨਾਂਅ `ਤੇ ਲੱਗਦੇ ਹਨ। ਕੁੱਝ ਮੇਲੇ ਨਿਰੋਲ ਅੰਧ ਵਿਸ਼ਵਾਸ਼ ਦੇ ਆਧਾਰ `ਤੇ ਲੱਗਦੇ ਹਨ ਅਤੇ ਸ਼ਾਇਦ ਲੱਗਦੇ ਹੀ ਰਹਿਣ ਕਿਉਂਕਿ ਇਹ ਲੋਕਾਂ ਦਾ ਨਿਜੀ ਮਸਲਾ ਮੰਨ ਲਿਆ ਜਾਂਦਾ ਹੈ। ਪੰਜਾਬ ਦੇ ਮੇਲਿਆਂ ਵਿੱਚ ਮੇਲਾ ਮਾਘੀ ਮੁਕਤਸਰ, ਮੇਲਾ ਘੁਮਾਣ ਭਗਤ ਨਾਮਦੇਵ ਜੀ, ਪਟਿਆਲੇ ਦਾ ਬਸੰਤ ਦਾ ਮੇਲਾ ਆਦਿ ਕੁੱਝ ਇਤਿਹਾਸਕ ਘਟਨਾਵਾਂ ਨਾਲ ਜੁੜੇ ਹੋਏ ਹਨ। ਦੂਜੇ ਪਾਸੇ ਕੁੱਝ ਅਜਿਹੇ ਮੇਲੇ ਹਨ ਜਿਹੜੇ ਨਿਰੋਲ ਮਿਥਿਹਾਸਕ ਘਟਨਾਵਾਂ ਜਾਂ ਅੰਧ ਵਿਸ਼ਵਾਸ਼ `ਤੇ ਅਧਾਰਿਤ ਹਨ ਪਰ ਇਹਨਾਂ ਸਾਰੇ ਮੇਲਿਆਂ ਦਾ ਹੀ ਅੰਦਰੂਨੀ ਤੇ ਬਾਹਰੀ ਰੂਪ ਬਦਲ ਗਿਆ ਹੈ। ਇਸ ਸੰਦਰਭ ਵਿੱਚ ਫਰੀਦਕੋਟ ਦਾ ਬਾਬਾ ਫਰੀਦ ਮੇਲਾ ਹੀ ਲੈ ਲਈਏ। ਇਹ ਮੇਲਾ ਬਾਬਾ ਫਰੀਦ ਜੀ ਦੀ 13 ਵੀਂ ਸਦੀ ਦੇ ਸ਼ੁਰੂ ਵਿੱਚ ਬਾਬਾ ਫਰੀਦ ਜੀ ਦੀ ਫਰੀਦਕੋਟ ਫੇਰੀ ਨਾਲ ਸਬੰਧਤ ਦੱਸਿਆ ਜਾਂਦਾ ਹੈ। 1969 ਤੋਂ ਪਹਿਲਾਂ ਇੱਥੇ ਕੋਈ ਬਹੁਤਾ ਵੱਡਾ ਮੇਲਾ ਨਹੀਂ ਸੀ ਲੱਗਦਾ। 23 ਮਾਰਚ ਨੂੰ ਲੋਕ “ਚਿੱਲ੍ਹਾ ਬਾਬਾ ਫਰੀਦ” ਫਰੀਦਕੋਟ ਵਿਖੇ ਮੱਥਾ ਟੇਕਦੇ ਸਨ, ਭਾਵੇਂ ਕਿ ਹਰ ਵੀਰਵਾਰ ਚਿੱਲ੍ਹਾ ਸਾਹਿਬ ਤੇ ਗੋਦੜੀ ਸਾਹਿਬ ਵਿਖੇ ਸੰਗਤਾਂ ਆਮ ਹੀ ਜਾਂਦੀਆਂ ਰਹਿੰਦੀਆਂ ਸਨ ਪਰ ਪਿਛਲੇ 20 ਕੁ ਸਾਲਾਂ ਤੋਂ ਇਹ ਮੇਲਾ ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕਰ ਚੁੱਕਾ ਹੈ। ਕੁੱਝ ਸਾਲ ਤੱਕ ਇਹ ਮੇਲਾ 9-10 ਦਿਨ ਦਾ ਲੱਗਦਾ ਸੀ ਪਰ ਪ੍ਰਸ਼ਾਸ਼ਨ ਨੇ ਆਪਣੀ ਸਹੂਲਤ ਲਈ ਇਹ ਮੇਲਾ ਮਿਤੀ 19 ਤੋਂ 23 ਭਾਵ 5 ਦਿਨਾਂ ਦਾ ਕਰ ਦਿੱਤਾ। ਮੇਲੇ ਦੌਰਾਨ ਲਗਭਗ ਸਾਰੇ ਸਰਕਾਰੀ ਵਿਭਾਗ ਆਪਣੀਆਂ-ਆਪਣੀਆਂ ਨੁਮਾਇਸ਼ਾਂ ਲਾਉਂਦੇ ਹਨ ਅਤੇ ਸਾਰੀਆਂ ਹੀ ਖੇਡ ਕਲੱਬਾਂ ਖੇਡਾਂ ਦਾ ਪ੍ਰਬੰਧ ਕਰਦੀਆਂ ਹਨ। ਮੇਲੇ ਦੌਰਾਨ ਲੋਕਾਂ ਵੱਲੋਂ ਬੜੀ ਸ਼ਰਧਾ ਨਾਲ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ, ਹਰ ਖੇਡ ਮੈਦਾਨ ਤੇ ਪੰਡਾਲ ਤੱਕ ਲੰਗਰ ਪਹੁੰਚਾਇਆ ਜਾਂਦਾ ਹੈ। ਪੇਂਡੂ ਸੱਭਿਆਚਾਰ, ਪੇਡੂ ਖੇਡਾਂ, ਭੁਲੇ ਵਿਸਰੇ ਵਿਰਸੇ ਦੀਆਂ ਯਾਦਾਂ ਇਸ ਮੇਲੇ ਦਾ ਮੁੱਖ ਪਹਿਲੂ ਬਣਦੀਆਂ ਹਨ। ਸੱਭਿਆਚਾਰ ਦੇ ਨਾਂ `ਤੇ ਵੱਖ-ਵੱਖ ਵੰਨਗੀਆਂ ਪੇਸ਼ ਕੀਤੀਆਂ ਜਾਂਦੀਆਂ ਹਨ। ਬਾਰੀਕੀ ਨਾਲ ਵੇਖਣ `ਤੇ ਅੱਜ ਜਿਸ ਤਰ੍ਹਾਂ ਇਸ ਮੇਲੇ ਦਾ ਰੂਪ ਬਦਲਿਆ ਹੈ ਅਤੇ ਲੋਕਾਂ ਨੇ ਇਸ ਦੇ ਆਪਣੇ ਹੀ ਅਰਥ ਕੱਢ ਲਏ ਹਨ, ਉਹ ਚਿੰਤਾ ਦਾ ਵਿਸ਼ਾ ਹੈ। ਮੰਨਿਆ ਤਾਂ ਇਹ ਜਾਂਦਾ ਹੈ ਕਿ ਬਾਬਾ ਫਰੀਦ ਮੇਲੇ `ਤੇ ਜਿਹੋ-ਜਿਹੀ ਭਾਵਨਾ ਲੈ ਕੇ ਕੋਈ ਵਿਅਕਤੀ ਮੇਲਾ ਵੇਖਣ ਜਾਂਦਾ ਹੈ ਉਸ ਨੂੰ ਉਹੀ ਕੁੱਝ ਮਿਲਦਾ ਹੈ, ਪਰ ਜੇ ਲੋਕਾਂ ਦੀ ਭਾਵਨਾ ਹੀ ਗਰਕ ਜਾਵੇ ਤਾਂ ਕਿਧਰ ਨੂੰ ਜਾਈਏ? ਲੋਕ ਗਾਇਕੀ ਦੇ ਨਾਂ `ਤੇ ਜੋ ਲੁੱਚਪੁਣਾ ਲੋਕਾਂ ਨੂੰ ਪਰੋਸਿਆ ਜਾਂਦਾ ਹੈ ਉਹ ਅੱਜ ਦੀ ਜਵਾਨੀ ਨੂੰ ਕਿੱਧਰ ਲਿਜਾ ਰਿਹਾ ਹੈ। ਡਰਾਮਿਆਂ ਵਿੱਚ ਫਿਲਮਾਂ ਨਾਲੋਂ ਵੀ ਵੱਧ ਨੰਗੇਜ ਪੇਸ਼ ਕੀਤਾ ਜਾ ਰਿਹਾ ਹੈ, ਭਾਵੇਂ ਕਿ ਹਦਾਇਤਾਂ ਇਹ ਹਨ ਕਿ ਧਾਰਮਿਕ ਤੇ ਅਗਾਂਹ ਵਧੂ ਨਾਟਕ ਹੀ ਪੇਸ਼ ਕੀਤੇ ਜਾਣ। ਸ਼ਹਿਰ ਦੀਆਂ ਮੁੱਖ ਸੜਕਾਂ ਦੇ ਨਾਲ-ਨਾਲ ਜੂਏ ਦੇ ਅੱਡੇ ਆਮ ਦੇਖਣ ਨੂੰ ਮਿਲਦੇ ਹਨ। ਤੰਬਾਕੂਨੋਸ਼ੀ `ਤੇ ਪਾਬੰਦੀ ਲੱਗੇ ਹੋਣ ਦੇ ਬਾਵਜੂਦ ਮੇਲੇ ਦੀ ਭੀੜ ਵਿੱਚੋਂ ਲੰਘਦਿਆਂ ਧੂੜ ਅਤੇ ਧੂੰਏ ਨਾਲ ਸਾਹ ਬੰਦ ਹੁੰਦਾ ਹੈ। ‘ਸੁਰਾ’ ਦਾ ਛੇਵਾਂ ਦਰਿਆ ਪੰਜ ਦਰਿਆਵਾਂ ਦੀ ਧਰਤੀ `ਤੇ ਇੰਝ ਲੱਗਦਾ ਹੈ ਜਿਵੇਂ ਇਹ ਫਰੀਦਕੋਟ ਦੀ ਧਰਤੀ `ਤੇ ਹੀ ਆ ਗਿਆ ਹੋਵੇ। ਫਰੀਦਕੋਟ ਸ਼ਹਿਰ ਅਤੇ ਇਸਦੇ 10 ਕਿ: ਮੀ: ਦੇ ਘੇਰੇ ਵਿੱਚੋਂ ਜਿਧਰ ਵੀ ਜਾਉ, ਨਹਿਰਾਂ ਦੇ ਪੁਲ, ਸੜਕਾਂ ਦੇ ਮੋੜ, ਹੋਟਲ-ਢਾਬੇ ਤੇ ਇਥੋਂ ਤੱਕ ਕਿ ਸੜਕਾਂ ਕਿਨਾਰੇ ਖੜੀਆਂ ਗੱਡੀਆਂ ਸ਼ਰਾਬ ਦੇ ਅਹਾਤੇ ਨਜ਼ਰ ਆਉਂਦੀਆਂ ਹਨ। ਡਿਊਟੀ ਦੇ ਰਹੇ ਮੁਲਾਜ਼ਮ ਬਹੁ ਗਿਣਤੀ ਨਸ਼ੇ ਵਿੱਚ ਧੁੱਤ ਹੁੰਦੇ ਹਨ। ਇਹੀ ਹਾਲ ਖੇਡਾਂ, ਡਰਾਮੇ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਾਉਣ ਵਾਲਿਆਂ ਦਾ ਹੁੰਦਾ ਹੈ। ਸੱਭਿਆਚਾਰਕ ਪ੍ਰੋਗਰਾਮ ਦੇ ਪੰਡਾਲਾਂ ਵਿੱਚ ਜਿਥੇ ਅਸ਼ਲੀਲਤਾ ਪਰੋਸੀ ਜਾਂਦੀ ਹੈ ਉਥੇ ਆਮ ਆਦਮੀ ਤਾਂ ਸ਼ਰਾਬ ਦੀ ਬਦਬੂ ਕਰਕੇ ਠਹਿਰ ਹੀ ਨਹੀਂ ਸਕਦਾ। ਅਫਸੋਸ ਦੀ ਹੱਦ ਤਾਂ ਉਦੋਂ ਹੋ ਜਾਂਦੀ ਹੈ ਜਦੋਂ ਨਗਰ ਕੀਰਤਨ ਸਮੇਂ ਬਾਬਾ ਫਰੀਦ ਦੀ ਬਾਣੀ ਦਾ ਕੀਰਤਨ ਹੁੰਦਾ ਹੈ ਤੇ ਸੜਕਾਂ ਦੇ ਬਿਲਕੁਲ ਨਾਲ ਬੀੜੀਆਂ-ਸਿਗਰਟਾਂ ਦਾ ਧੂੰਆਂ ਤੇ ਸ਼ਰਾਬ ਦੀ ਬਦਬੂ ਸਾਰੇ ਮੇਲੇ `ਤੇ ਪ੍ਰਸ਼ਨ ਚਿੰਨ ਲਾ ਦਿੰਦੀ ਹੈ। ਹੁਣ ਤਾਂ ਰੂਹਾਂ ਕੂਕਦੀਆਂ … …. ਮੋੜੀ ਬਾਬਾ ਡਾਂਗ ਵਾਲਿਆ … … …!
ਗੁਰਿੰਦਰ ਸਿੰਘ ਮਹਿੰਦੀਰੱਤਾ, ਮੁਹੱਲਾ ਹਰਨਾਮਪੁਰਾ, ਕੋਟਕਪੂਰਾ
ਮੋਬ: 98728-10153
.