.

ਦਸਮ ਗ੍ਰੰਥ ਦੀਆਂ ਰਚਨਾਵਾਂ (ਜਾਪੁ ਸਾਹਿਬ)

(ਦਸਮ ਗ੍ਰੰਥ ਪੰਨਾ 1-10)

ੴ ਸਤਿਗੁਰ ਪ੍ਰਸਾਦਿ

ਸ੍ਰੀ ਵਾਹਿਗੁਰੂ ਜੀ ਕੀ ਫਤਹ

ਜਾਪੁ

ਸ੍ਰੀ ਮੁਖਵਾਕ ਪਾ: 10

ਭੂਮਿਕਾ

ਵੇਦ ਸਿਮ੍ਰਿਤ ਸ਼ਾਸਤਰਾਂ ਦਾ ਇਸ਼ਟ ਪੂਜਨ ਯੋਗ ਹਸਤੀ ਦੇਵੀ ਦੇਵਤੇ, ਕਾਲ, ਭਗਉਤੀ ਆਦਿ ਹਨ। ਰਚਨਾਵਾਂ ਦਾ ਆਰੰਭ ਕਿਸੇ ਦੇਵੀ ਦੇਵਤੇ ਦੀ ਉਸਤਤਿ ਤੋਂ ਹੁੰਦਾ ਹੈ।

ਅਸੀਂ ਵਿਚਾਰ ਕਰ ਚੁਕੇ ਹਾਂ ਕਿ ਵੇਦ ਸ਼ਾਸਤਰ ਤੇ ਦਸਮ ਗ੍ਰੰਥ ਦੀਆਂ ਰਚਨਾਵਾਂ ਦਾ ਲਿਖਾਰੀ, ਗੁਰੂ ਨਾਨਕ ਸਾਹਿਬ ਦੀ ਦਰਸਾਈ ਇਕੋ ਇੱਕ ਹਸਤੀ, ਜੋਤਿ ਰੂਪ ਅਕਾਲ ਪੁਰਖ ਨੂੰ ਨਹੀਂ ਜਾਣਦੇ। ਕਾਲ ਨੂੰ ਹੀ ਅਕਾਲ ਕਹਿੰਦੇ ਹਨ ਤੇ ਕਾਲ ਨੂੰ ਅਕਾਲ ਪੁਰਖ ਦੇ ਗੁਣਾਂ ਵਾਲਾ ਵੀ ਕਹਿੰਦੇ ਹਨ।

ਜਾਪ ਸਾਹਿਬ ਦਾ ਲਿਖਾਰੀ, ਛੰਤ 52 ਵਿੱਚ ਸ਼ਸਤਰਾਂ ਅਸਤਰਾਂ ਨੂੰ ਧਾਰਣ ਕਰਨ ਵਾਲੀ ਦੇਵੀ ਨੂੰ ਨਮਸਕਾਰ ਕਰਦਾ ਹੈ। ਛੰਤ 54 ਵਿੱਚ ਚੰਡੀ ਦੇਵੀ ਨੂੰ ਨਮਸਕਾਰ ਕਰਦਾ ਹੈ।

ਜਾਪ ਸਾਹਿਬ ਦੇ ਮੰਗਲਾਚਰਣ ਵਿੱਚ ਕਵੀ ਨੇ ਲਿਖਿਆ ਹੈ, ਸ੍ਰੀ ਮੁਖਵਾਕ ਪਾ: 10, ਪਾਠਕ ਨੇ ਸਮਝ ਲਿਆ ਕਿ ਜਾਪ ਸਾਹਿਬ ਦੀ ਬਾਣੀ ਪਾ: 10 ਨੇ ਉਚਾਰੀ ਹੈ। ਦਸਮ ਗ੍ਰੰਥ ਦੀਆਂ ਸਾਰੀਆਂ ਰਚਨਾਵਾਂ ਦੇ ਅਰਥ ਇਸੇ ਭੁਲੇਖੇ ਵਿੱਚ ਕੀਤੇ ਗਏ ਹਨ।

ਛੰਤ 1 ਚਕ੍ਰ ਚਿਹਨ ਅਰ ਬਰਨ ਜਾਤਿ ਅਰ ਪਾਤਿ ਨਹਿਨ ਜਿਹ।

(ਜਿਸ ਦਾ ਚਕ੍ਰ, ਚਿੰਨ, ਵਰਨ, ਜਾਤੀ, ਬਰਾਦਰੀ ਆਦਿ ਕੁੱਝ ਭੀ ਨਹੀਂ ਹੈ।)

ਰੂਪ ਰੰਗ ਅਰ ਰੇਖ ਭੇਖ ਕੋਊ ਕਹ ਨ ਸਕਤ ਕਹ।

(ਜਿਸ ਦਾ ਰੂਪ ਰੰਗ, ਰੇਖ ਭੇਖ ਨੂੰ ਕੋਈ ਨਹੀਂ ਕਹਿ ਸਕਦਾ।)

ਅਚਲ ਮੂਰਤਿ ਅਨਭਉ ਪ੍ਰਕਾਸ ਅਮਿਤੋਜ ਕਹਿਜੈ।।

(ਉਹ ਅਚਲ ਹੈ, ਸੁਤੇ ਪ੍ਰਕਾਸ਼ਕ ਹੈ ਅਤੇ ਅਮਿਤ ਬਲ ਵਾਲਾ ਕਿਹਾ ਜਾਂਦਾ ਹੈ।)

ਕੋਟਿ ਇੰਦ੍ਰ ਇੰਦ੍ਰਾਨ ਸਾਹਿ ਸਾਹਾਣਿ ਗਣਿਜੈ।।

(ਕ੍ਰੋੜਾਂ ਇੰਦ੍ਰਾਂ ਦਾ ਇੰਦ੍ਰ ਹੈ, ਅਤੇ ਸ਼ਾਹਾਂ ਦਾ ਭੀ ਸ਼ਾਹ ਗਿਣਿਆ ਜਾਂਦਾ ਹੈ।)

ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤਿ ਨੇਤਿ ਬਨ ਤ੍ਰਿਣ ਕਹਿਤ।।

(ਤਿੰਨਾ ਲੋਕਾਂ ਵਿੱਚ ਵੱਸਣ ਵਾਲੇ - ਦੇਵਤੇ, ਮਨੁੱਖ ਤੇ ਦੈਂਤਾਂ ਦਾ ਰਾਜਾ ਹੈ, ਅਤੇ ਬਨ ਦੇ ਕਖ ਵੀ ਉਸਨੂੰ ਬੇਅੰਤ ਬੇਅੰਤ ਕਹਿੰਦੇ ਹਨ।)

ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ।।

ਦਸਮ ਗ੍ਰੰਥ ਪੰਨਾ 39, ਸ੍ਰੀ ਕਾਲ ਜੀ ਕੀ ਉਸਤਤਿ ਵਿੱਚ ਕਵੀ ਨੇ ਵੇਦ ਮਤ ਦੇ ਦੇਵਤਾ ਕਾਲ ਦੇ, ਗੁਣ ਦਿੱਤੇ ਹਨ, ਜੋ ਛੰਤ 1 ਵਿੱਚ ਹਨ।

* ਨ ਰੂਪੰ ਨ ਰੇਖੰ, ਨ ਰੰਗੰ ਨ ਰਾਗੰ।। ਪਦਾ 5

(ਕਾਲਾਂ ਦਾ ਰੂਪ ਰੇਖ ਰੰਗ ਨਹੀਂ ਹੈ।)

* ਨ ਨਾਮੰ ਨ ਠਾਮੰ, ਮਹਾ ਜੋਤਿ ਜਾਗੰ।

(ਨਾਮ ਤੇ ਟਿਕਾਨਾ ਨਹੀਂ, ਉਸਦੀ ਵੱਡੀ ਜੋਤਿ ਜੱਗ ਰਹੀ ਹੈ।)

* ਨਮੋ ਦੇਵ ਦੇਵੇ, ਨਮੋ ਰਾਜ ਰਾਜੰ। ਪਦਾ 9

(ਨਮਸਕਾਰ ਹੈ ਦੇਵਤਿਆਂ ਦੇ ਦੇਵ ਨੂੰ, ਰਾਜਿਆਂ ਦੇ ਰਾਜੇ ਨੂੰ।)

* ਨਿਰਾਲੰਬ ਨਿਤਯੰ ਸੁ ਰਾਜਾ ਧਿਰਾਜੰ।।

(ਉਹ ਆਸਰੇ ਤੋਂ ਬਿਨਾ ਹੈ, ਰਾਜਿਆਂ ਦਾ ਰਾਜਾ ਹੈ।)

ਦਸਮ ਗ੍ਰੰਥ ਦੀਆਂ ਰਚਨਾਵਾਂ ਕਾਲ ਨੂੰ ਅਕਾਲ, ਨਿਰਭਉ, ਨਿਰਵੈਰ, ਅਜੂਨੀ, ਸੈਭੰ ਵੀ ਕਹਿੰਦੀਆਂ ਹਨ।

ਦਸਮ ਗ੍ਰੰਥ ਪੰਨਾ 45, ਛੰਤ 84

* ਔਰ ਸੁ ਕਾਲ ਸਭੈ ਬਸ ਕਾਲ ਕੇ ਏਕ ਹੀ ਕਾਲ ਅਕਾਲ ਸਦਾ ਹੈ।

(ਇੱਕ ਹੀ ਕਾਲ, ਅਕਾਲ ਹੈ।)

ਦਸਮ ਗ੍ਰੰਥ ਦੀਆਂ ਰਚਨਾਵਾਂ ਕਾਲ ਦੀ ਉਪਾਸਨਾ ਦਾ ਉਪਦੇਸ਼ ਦਿੰਦੀਆਂ ਹਨ। ਦਸਮ ਗ੍ਰੰਥ ਪੰਨਾ 44, ਪਦਾ 75-76 -

ਜਿਤੇ ਹੋਇ ਬੀਤੇ।। ਤਿਤੇ ਕਾਲ ਜੀਤੇ।।

ਜਿਤੇ ਸਰਨ ਜੈਹੰ।। ਤਿਤਿਓ ਰਾਖ ਲੈ ਹੈ।।

ਬਿਨਾ ਸ਼ਰਨ ਤਾਕੀ ਨ ਅਉਰੈ ਉਪਾਯੰ।।

ਛੰਤ 2 ਨਮਸੰਤ ਅਕਾਲੇ।। ਨਮਸਤੰ ਕ੍ਰਿਪਾਲੇ।।

ਨਮਸਤੰ ਅਰੂਪੇ।। ਨਮਸਤੰ ਅਨੂਪੇ।।

ਪੰਨਾ 45, ਛੰਤ 83-84 ਵਿੱਚ ਕਵੀ ਨੇ ਕਿਹਾ ਹੈ - ਏਕ ਹੀ ਕਾਲ ਅਕਾਲ ਸਦਾ ਹੈ। ਨਮਸਤੰ ਅਕਾਲੇ - ਕਾਲ ਨੂੰ ਹੀ ਨਮਸਕਾਰ ਹੈ।

ਇਸੇ ਪੁਸਤਕ ਦੇ ਲੇਖ ‘ਗੁਰਬਾਣੀ ਉਪਦੇਸ਼ ਤੋਂ ਅਕਾਲ ਪੁਰਖ ਤੇ ਕਾਲ ਪੁਰਖ ਦਾ ਭੇਦ’ ਵਿੱਚ ਅਸੀਂ ਗੁਰਬਾਣੀ ਦੇ ਅੱਖਰ ਇੱਕ, ਏਕੰਕਾਰ, ਅਕਾਲ ਪੁਰਖ, ਤੇ ਵੇਦ ਮਤ ਦੇ ਦੇਵਤਾ ਕਾਲ, ਮਹਾਕਾਲ, ਅਕਾਲ ਦੀ ਵਿਆਖਿਆ ਕੀਤੀ ਹੈ। ਗੁਰਬਾਣੀ ਦਾ ਆਧਾਰ ਅਕਾਲ ਪੁਰਖ, ਇਕੋ ਇੱਕ ਸਦੀਵ ਹਸਤੀ ਪਾਰਬ੍ਰਹਮ ਹੈ। ਵੇਦ ਮਤ ਦੇ ਅੱਖਰ ਕਾਲ, ਅਕਾਲ, ਮਹਾਂਕਾਲ, ਵੇਦ ਮਤ ਦੇ ਦੇਵਤਾ ਹਨ। ਕਾਲ ਦੇ ਅਨੇਕਾਂ ਨਾਮ ਹਨ।

ਗੁਰਬਾਣੀ ਤੇ ਵੇਦ ਮਤ ਦੇ ਸਮਾਨ (same) ਅੱਖਰਾਂ ਦੇ ਅਰਥ ਵੱਖ ਵੱਖ ਹਨ। ਇਸ ਲਈ ਅਰਥਾਂ ਵਿੱਚ ਮੁਗਾਲਤੇ ਲੱਗਦੇ ਹਨ।

ਗੁਰਬਾਣੀ ਕੇਵਲ ਅਕਾਲ ਪੁਰਖ ਇਕੋ ਇੱਕ ਅਬਿਨਾਸੀ ਹਸਤੀ, ਇੱਕ ਏਕੰਕਾਰ, ਤੇ ਨਿਰਗੁਣ ਸਰੂਪ ਦੀ ਅਰਾਧਨਾ, ਜਪ, ਸਿਮਰਣ ਧਿਆਨ ਦਾ ਉਪਦੇਸ਼ ਦਿੰਦੀ ਹੈ, ਤੇ ਉਸ ਨੂੰ ਨਮਸਕਾਰ ਕਰਨ ਦਾ ਉਪਦੇਸ਼ ਦਿੰਦੀ ਹੈ।

ਗੁਰਬਾਣੀ ਇੱਕ ਦੇ ਸਰਗੁਣ ਸਰੂਪ ਦੇ ਕਿਸੇ ਰੂਪ ਨੂੰ ਵੀ ਨਮਸਕਾਰ ਕਰਨ ਤੋਂ ਵਰਜਦੀ ਹੈ। ਇਹ ਸਭ ਇੱਕ ਦੇ ਹੁਕਮ ਨਾਲ ਉਪਜੇ ਹਨ ਤੇ ਦੂਜੇ ਹਨ। ਸੁਖਮਨੀ ਸਾਹਿਬ ਵਿੱਚ ਗੁਰੂ ਅਰਜਨ ਸਾਹਿਬ ਨੇ ਅਸ਼ਟਪਦੀ 21 ਦੇ ਸਲੋਕ ਵਿੱਚ ਕਿਹਾ ਹੈ “ਸਰਗੁਨ ਨਿਰਗੁਨ ਨਿਰੰਕਾਰ ਸੁੰਨ ਸਮਾਧੀ ਆਪਿ”। ਇਸ ਅਸ਼ਟਪਦੀ ਦੇ ਪਹਿਲੇ 6 ਪਦਿਆਂ ਵਿੱਚ ਨਿਰਗੁਣ ਬ੍ਰਹਮ ਦੀ ਪਛਾਣ ਦੱਸੀ ਹੈ। ਉਸ ਤੋਂ ਬਾਦ ਸਰਗੁਣ ਸਰੂਪ ਦੀ ਵਿਚਾਰ ਹੈ। ਸੰਸਾਰ ਉਸ ਦਾ ਕੂੜ ਰੂਪ ਹੈ, ਦੁਯੀ ਕੁਦਰਤਿ ਹੈ, ਮਾਯਾਵੀ ਸਰੂਪ ਹੈ। ਕਾਲ ਤੇ ਸਭ ਦੇਵੀ ਦੇਵਤੇ ਮਿਥਿਆ ਮਾਇਆ ਹਨ।

ਪਾ: 10 ਕਾਲ ਪੁਰਖ ਨੂੰ ਨਮਸਕਾਰ ਕਿਸੇ ਹਾਲਤ ਵਿੱਚ ਨਹੀਂ ਕਰ ਸਕਦੇ। ਪਾ: 10 ਕੇਵਲ ਅਕਾਲ ਪੁਰਖ ਨਿਰਗੁਣ ਬ੍ਰਹਮ ਨੂੰ ਨਮਸਕਾਰ ਕਰ ਸਕਦੇ ਹਨ।

ਛੰਤ 14 ਨਮਸਤੰ ਤ੍ਰਿਬ੍ਰਗੇ

ਨਮਸਕਾਰ ਹੈ ਤੈਨੂੰ ਤ੍ਰਿਗੁਣ ਸਰੂਪ - ਸੰਸਾਰ/ਕੁਦਰਤਿ, ਇੱਕ ਏਕੇ ਦੀ ਉਪਾਈ ਤ੍ਰੈਗੁਣੀ ਮਾਇਆ ਹੈ। ਇੱਕ ਏਕੰਕਾਰ ਅਕਾਲ ਪੁਰਖ, ਤ੍ਰੈਗੁਣ ਅਤੀਤ ਹੈ। ਦਸਮ ਗ੍ਰੰਥ ਦੀਆਂ ਰਚਨਾਵਾਂ ਵਿੱਚ ਦੇਵੀ ਨੂੰ ਤ੍ਰਿਗੁਣ ਸਰੂਪ ਵਰਣਨ ਕੀਤਾ ਹੈ (ਦਸਮ ਗ੍ਰੰਥ ਪੰਨਾ 309-ਛੰਦ 424)।

ਤੁਹੀ ਰਾਜਸੀ ਸਾਤਕੀ ਤਾਮਸੀ ਹੈ। (ਇਹ ਮਾਇਆ ਦੇ ਤ੍ਰੈ ਗੁਣ ਹਨ।) ਇਹ ਨਮਸਕਾਰ ਦੇਵੀ ਨੂੰ ਹੈ।

ਛੰਤ 24 ਨਮੋ ਸਰਬ ਧੰਧੇ

ਨਮਸਕਾਰ ਹੈ ਸਭ ਵਿਹਾਰ ਰੂਪ ਨੂੰ। ਇੱਕ ਏਕੰਕਾਰ ਪਾਰਬ੍ਰਹਮ ਨਿਰਗੁਣ ਸਰੂਪ ਵਿੱਚ ਕੋਈ ਵਿਹਾਰ ਜਾਂ ਧੰਧਾ ਨਹੀਂ ਹੁੰਦਾ।

ਮਾਇਆ ਦੇ ਸਭ ਧੰਧੇ ਇੱਕ ਤੋਂ ਦ੍ਰਿਸ਼ਮਾਨ ਸੰਸਾਰ ਵਿੱਚ ਆਏ। ਗੁਰੂ ਗੋਬਿੰਦ ਸਿੰਘ ਜੀ ਮਾਇਆ ਦੇ ਕਿਸੇ ਰੂਪ ਨੂੰ ਨਮਸਕਾਰ ਨਹੀਂ ਕਰ ਸਕਦੇ।

ਛੰਤ 52 ਨਮੋ ਸਸਤ੍ਰ ਪਾਣੇ।। ਨਮੋ ਅਸਤ੍ਰ ਮਾਨੇ।।

ਇਹ ਨਮਸਕਾਰ ਸ਼ਸਤਰਾਂ ਨੂੰ ਧਾਰਨ ਕਰਨ ਵਾਲੀ ਦੇਵੀ ਨੂੰ ਹੈ। ਦਸਮ ਗ੍ਰੰਥ ਦੀ ਰਚਨਾ ਸ਼ਸਤ੍ਰ ਨਾਮ ਮਾਲਾ ਪੁਰਾਣ, ਸ੍ਰੀ ਭਗਉਤੀ ਜੀ ਸਹਾਇ ਤੋਂ ਆਰੰਭ ਹੁੰਦੀ ਹੈ ਤੇ ਭਗਉਤੀ ਦੇਵੀ ਦੀ ਉਸਤਤਿ ਹੈ। ਪੰਨਾ 717 ਦਸਮ ਗ੍ਰੰਥ।

ਛੰਦ 4 ਤੀਰ ਤੂਹੀ ਸੈਫੀ ਤੁਹੀ, ਤੁਹੀ ਤਬਰ ਤਰਵਾਰਿ।।

ਨਾਮ ਤਿਹਾਰੋ ਜੋ ਜਪੈ ਭਏ ਸਿੰਧ ਭਵ ਪਾਰ।।

(ਹੇ ਸ਼੍ਰੀ ਭਗਉਤੀ ਤੂੰ ਹੀ ਤੀਰ ਹੈ, ਬਰਛੀ ਹੈ, ਤੂੰ ਹੀ ਛਵੀ ਹੈਂ ਤੇ ਤਲਵਾਰ ਹੈਂ। ਜੋ ਤੇਰੇ ਨਾਮ ਨੂੰ ਜਪਦਾ ਹੈ ਉਹੀ ਸੰਸਾਰ ਸਮੁੰਦਰ ਤੋ ਪਾਰ ਹੋਵੇਗਾ)

ਛੰਦ 5 ਕਾਲ ਤੁਹੀ ਕਾਲੀ ਤੁਹੀ, ਤੁਹੀ ਤੇਗ ਅਰੁ ਤੀਰ।।

ਤੁਹੀ ਨਿਸ਼ਾਨੀ ਜੀਤ ਕੀ ਆਜ ਤੁਹੀ ਜਗਬੀਰ।।

(ਤੁੰਹੀ ਕਾਲ ਹੈਂ, ਤੁੰਹੀ ਕਾਲੀ ਹੈਂ ਅਤੇ ਤੁੰਹੀ ਤੇਗ ਤੇ ਤੀਰ ਹੈਂ।। ਤੁੰਹੀਂ ਜਿਤ ਦੀ ਨਿਸ਼ਾਨੀ ਹੈ ਅਤੇ ਅਜ ਤੁੰਹੀ ਜਗਤ ਵਿੱਚ ਸੂਰਮਾ ਹੈਂ।)

ਛੰਦ 7 ਸ਼ਸਤ੍ਰ ਅਸਤ੍ਰ ਤੁਮਹੀ ਸਿਪਰ ਤੁਮਹੀ ਕਵਚ ਨਿਖੰਗ।।

(ਹੇ ਦੇਵੀ ਭਗਉਤੀ ਤੂੰ ਹੀ ਸ਼ਸਤ੍ਰ ਅਸਤ੍ਰ ਹੈ ਤੂੰਹੀ ਢਾਲ ਸੰਜੋਅ ਤੇ ਭੱਥਾ ਹੈਂ। ਤੂੰ ਹੀਂ ਕਵਚਾਂ ਨੂੰ ਤੋੜਣ ਵਾਲੀ ਹੈ, ਤੂੰਹੀ ਸਾਰੇ ਰੂਪਾਂ ਵਿੱਚ ਵਿਆਪਕ ਹੈ।)

ਛੰਦ 27 ਸੈਫ ਸਰੋਹੀ ਸ਼ੱਤ੍ਰ ਅਰਿ ਸਾਰੰਗਾਰਿ ਜਿਹ ਨਾਮ।।

ਸਦਾ ਹਮਾਰੇ ਚਿੱਤ ਬਸੋ ਸਦਾ ਕਰੋ ਮਮ ਕਾਮ।।

(ਸੈਫ ਸਰੋਹੀ ਸ਼ਤ੍ਰ-ਆਦਿ ਤੇ ਸਰਿਗਾਰਿ ਜਿਸਦਾ ਨਾਮ ਹੈ। ਉਹ ਸਦਾ ਮੇਰੇ ਚਿੱਤ ਵਿੱਚ ਵਸਦੀ ਹੈ ਅਤੇ ਸਦਾ ਹੀ ਮੇਰੇ ਕੰਮ ਪੁਰੇ ਕਰਦੀ ਹੈ)

(ਇਂਤਿ ਸ਼੍ਰੀ ਨਾਮ ਮਾਲਾ ਪੁਰਾਣੇ ਸ਼੍ਰੀ ਭਗਉਤੀ ਉਸਤਤਿ ਪ੍ਰਿਥਮ ਧਿਆਇ ਸਮਾਪਤ ਮਸਤੁ ਸੁਭ ਮਸਤੁ)

ਅਕਾਲ ਪੁਰਖ ਦੇ ਨਿਰਗੁਣ ਸਰੂਪ ਵਿੱਚ ਕੋਈ ਵੈਰ ਵਿਰੋਧ ਝਗੜਾ ਲੜਾਈ ਨਹੀਂ। ਉਹ ਇਕੋ ਇੱਕ ਸੰਪੂਰਨ ਹਸਤੀ ਹੈ। ਫਿਰ ਝਗੜਾ ਲੜਾਈ ਕਿਸ ਨਾਲ, ਉਹ ਨਿਰਭਉ ਨਿਰਵੈਰ ਹੈ। ਲੜਾਈ, ਝਗੜੇ, ਸ਼ਸਤ੍ਰਾਂ ਅਸਤ੍ਰਾਂ ਦੀ ਲੋੜ, ਇੱਕ ਦੇ ਕੂੜ ਰੂਪ ਸਰਗੁਣ ਸਰੂਪ ਵਿੱਚ ਪੈਂਦੀ ਹੈ। ਗੁਰਬਾਣੀ ਕਿਤੇ ਵੀ ਸ਼ਸਤਰਾਂ ਨੂੰ ਨਮਸਕਾਰ ਦਾ ਉਪਦੇਸ਼ ਨਹੀਂ ਦਿੰਦੀ।

ਨਮੋ ਪਰਮ ਗਿਆਤਾ ਨਮੋ ਲੋਕ ਮਾਤਾ।।

ਦਸਮ ਗ੍ਰੰਥ ਪੰਨਾ 118 ਛੰਤ 259 ਵਿੱਚ ਕਵੀ ਚੰਡੀ ਨੂੰ ਲੋਕ ਮਾਤਾ ਕਹਿੰਦਾ ਹੈ ‘ਲੋਕ ਮਾਤਾ ਤਵੇ ਸਤ੍ਰ ਜੀਤੇ’ - ਇਹ ਦੇਵੀ ਉਸਤਤਿ ਹੈ।

ਛੰਤ 54 ਨਮੋ ਨਿੱਤ ਨਾਰਾਇਣੇ ਕਰੂਰ ਕਰਮੇ।।

ਦਸਮ ਗ੍ਰੰਥ ਪੰਨਾ 115 ਵਿੱਚ ਚੰਡੀ ਦੇਵੀ ਦੀ ਉਸਤਤਿ ਹੈ। ਕਵੀ ਚੰਡੀ ਦੇਵੀ ਨੂੰ ਨਾਰਾਇਣੀ, ਕ੍ਰੋਧ ਕਰਨ ਵਾਲੀ ਤੇ ਕਰੂਰ ਕਰਮਾਂ ਵਾਲੀ ਕਹਿੰਦਾ ਹੈ। ਚੰਡੀ ਦੀ ਵਾਰ -

ਛੰਤ 228 ਨਮੋ ਜੁਧਨੀ ਕ੍ਰੁਧਨੀ ਕਰੂਰ ਕਰਮਾ।

ਛੰਤ 234 ਨਮੋ ਨਿੱਤ ਨਾਰਾਇਣੀ ਦੁਸਟ ਖਾਪੀ।

ਪਾ: 10 ਦੇਵੀ ਨੂੰ ਨਮਸਕਾਰ ਨਹੀਂ ਕਰ ਸਕਦੇ। ਇਹ ਕਵੀ ਰਚਨਾ ਹੈ।

ਛੰਤ 54 ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ।।

ਪ੍ਰੇਤ = ਬਹੁਤ ਚਾਲਾਕ ਤੇ ਕੰਜੂਸ ਆਦਮੀ। ਅਪ੍ਰੇਤ = ਨੇਕ ਅਤੇ ਉਦਾਰ ਆਤਮਾ, ਪੁਰਖ। ਦੇਵਸੁ = ਰਾਜਾ ਇੰਦ੍ਰ। ਸੁਧਰਮਾ = ਦੇਵ ਸਭਾ।

ਨਮਸਕਾਰ ਹੈ ਜੋ ਪ੍ਰੇਤ ਅਪ੍ਰੇਤ, ਇੰਦਰ ਅਤੇ ਦੇਵ ਸਭਾ ਰੂਪ ਹੈ।

(ਇਹ ਨਮਸਕਾਰ ਇੰਦਰ ਦੀ ਦੇਵ ਸਭਾ ਵਿੱਚ ਦੇਵੀਆ ਨੂੰ ਹੈ) ਗੁਰਬਾਣੀ ਵਿਰੁੱਧ ਵਿਚਾਰ ਹੈ - ਪਾ: 10 ਇੰਦ੍ਰ ਦੀ ਦੇਵ ਸਭਾ ਨੂੰ ਨਮਸਕਾਰ ਨਹੀਂ ਕਰ ਸਕਦੇ।

ਛੰਤ 57 ਨਮੋ ਮੰਤ੍ਰ ਮੰਤ੍ਰੰ।। ਨਮੋ ਜੰਤ੍ਰ ਜੰਤ੍ਰੰ।।

ਨਮੋ ਇਸਟ ਇਸਟੇ।। ਨਮੋ ਤੰਤ੍ਰ ਤੰਤ੍ਰੰ।।

ਮੰਤ੍ਰ = ਕਿਸੇ ਦੇਵਤੇ ਨੂੰ ਖੁਸ਼ ਕਰਨ ਲਈ ਬਾਰ ਬਾਰ ਜਪੇ ਜਾਣ ਵਾਲੇ ਸ਼ਬਦ। ਜੰਤ੍ਰ = ਤਵੀਤ, ਟੂਣਾ, ਕਾਗਜ਼ ਆਦਿ ਉੱਤੇ ਖਾਨੇ ਬਣਾ ਕੇ ਉਹਨਾਂ ਵਿੱਚ ਅੰਕ ਜਾਂ ਅੱਖਰ ਲਿਖ ਕੇ ਤਵੀਤ ਤਿਆਰ ਕਰਨਾ ਤੇ ਇਸ ਨੂੰ ਪਾਸ ਰਖਣਾ। ਇਸਟ = ਪੂਜਨ ਯੋਗ ਹਸਤੀ। ਤੰਤ੍ਰ = ਇਸ਼ਟ ਦੇਵ ਨੂੰ ਖੁਸ਼ ਕਰਨ ਲਈ ਖਾਸ ਰਸਮਾਂ।

(ਨਮਸਕਾਰ ਹੈ ਤੈਨੂੰ ਤੂੰ ਮੰਤ੍ਰਾਂ ਦਾ ਵੱਡਾ ਮੰਤ੍ਰ ਹੈ, ਜੰਤ੍ਰਾਂ ਦਾ ਵੱਡਾ ਜੰਤ੍ਰ ਹੈ ਅਤੇ ਤੰਤ੍ਰਾਂ ਦਾ ਵੱਡਾ ਤੰਤ੍ਰ ਹੈ। ਹੇ ਮੇਰੇ ਸਭ ਤੋਂ ਪਿਆਰੇ ਦੇਵਤੇ, ਤੈਨੂੰ ਨਮਸਕਾਰ ਹੈ। ਇਹ ਨਮਸਕਾਰ ਦੇਵੀ ਦੇਵਤਿਆ ਨੂੰ ਹੈ) ਪਾ: 10 ਦੇਵੀ ਦੇਵਤਿਆਂ ਨੂੰ ਨਮਸਕਾਰ ਨਹੀਂ ਕਰ ਸਕਦੇ।

ਇਸ ਵਿਸ਼ੇ ਤੇ ਸੰਸਕ੍ਰਿਤ ਵਿੱਚ ਅਨੇਕ ਗ੍ਰੰਥ ਹਨ। ਵੇਦਕ ਤੰਤ੍ਰ ਸ਼ਾਸਤ੍ਰ ਗ੍ਰੰਥ ਵਿੱਚ ਜਾਦੂ ਟੂਣੇ, ਅਤੇ ਸਕਤਿ ਦਾ ਵਰਣਨ ਹੈ, ਅਤੇ ਸਕਤਿ ਦੀ ਉਪਾਸਨਾ ਪ੍ਰਧਾਨ ਹੈ। ਇਹ ਸ਼ਾਸਤ੍ਰ ਸ਼ਿਵ ਜੀ ਦੀ ਰਚਨਾ ਦੱਸੀ ਜਾਂਦੀ ਹੈ। ਰਚਨਾ ਕਿਸੇ ਸਕਤਿ ਦੇ ਉਪਾਸ਼ਕ, ਕਾਲ, ਮਹਾਕਾਲ ਸ਼ਿਵ ਜੀ ਦੇ ਉਪਾਸ਼ਕ ਦੀ ਹੈ। ਪਾਤਸ਼ਾਹੀ ਦਸਵੀਂ ਇਸ ਤਰ੍ਹਾਂ ਦੀ ਨਮਸਕਾਰ ਨਹੀਂ ਕਰ ਸਕਦੇ। ਗੁਰਬਾਣੀ ਉਪਦੇਸ਼ ਹੈ “ਅਉਖਦ ਮੰਤ੍ਰ ਤੰਤ੍ਰ ਸਭ ਛਾਰ”। ਮੰਤ੍ਰ ਅਤੇ ਟੂਣੇ ਸਭ ਸੁਆਹ ਹਨ।

ਛੰਤ 68 ਨਮੋ ਰੋਖ ਰੋਖੇ

ਨਮਸਕਾਰ ਹੋਵੇ ਤੈਨੂੰ ਕ੍ਰੋਧ ਦੇ ਕ੍ਰੋਧ ਨੂੰ। ਇਹ ਨਮਸਕਾਰ ਚੰਡੀ, ਦੁਰਗਾ ਆਦਿ ਨੂੰ ਹੈ। ਇੱਕ ਏਕੰਕਾਰ ਨਿਰਗੁਣ ਬ੍ਰਹਮ ਵਿੱਚ ਕੋਈ ਅਵਗੁਣ ਵਿਕਾਰ, ਕ੍ਰੋਧ ਆਦਿ ਨਹੀਂ ਹਨ। ਦਸਮ ਗ੍ਰੰਥ ਦੀਆਂ ਰਚਨਾਵਾਂ ਵਿੱਚ ਕਵੀ ਦੇਵੀ ਨੂੰ ਕ੍ਰੁਧਨੀ, ਕ੍ਰੋਧ ਵਾਲੀ ਕਹਿੰਦਾ ਹੈ। ਪੰਨਾ 115 ਛੰਤ 228 - ਨਮੋ ਜੁਧਨੀ ਕ੍ਰੁਧਨੀ ਕਰੂਰ ਕਰਮਾ।। ਇਹ ਕਵੀ ਰਚਨਾ ਹੈ।

ਛੰਤ 185 ਨਮੋ ਅੰਧਕਾਰੇ

ਅੰਧਕਾਰ ਰੂਪ ਨੂੰ ਨਮਸਕਾਰ। (ਨਿਰਗੁਣ ਬ੍ਰਹਮ ਵਿੱਚ ਕੋਈ ਅੰਧਕਾਰ ਨਹੀਂ - ਗੁਰਬਾਣੀ ਅੰਧਕਾਰ ਨੂੰ ਨਮਸਕਾਰ ਨਹੀਂ ਕਰਦੀ। ਕਵੀ ਰਚਨਾ ਹੈ।)

ਛੰਤ 187 ਨਮੋ ਕਲਹ ਕਰਤਾ ਨਮੋ ਸਾਂਤ ਰੂਪੇ।।

ਨਮੋ ਇੰਦ੍ਰ ਇੰਦ੍ਰ ਅਨਾਦੰ ਬਿਭੂਤੇ।।

(ਝਗੜਾ, ਲੜਾਈ ਕਰਨ ਵਾਲੇ ਨੂੰ ਨਮਸਕਾਰ ਹੈ, ਸ਼ਾਤ ਰੂਪ ਵਾਲੇ ਨੂੰ ਨਮਸਕਾਰ ਹੈ। ਇੰਦ੍ਰਿਆਂ ਵਿੱਚ ਇੰਦ੍ਰ ਰੂਪ ਅਤੇ ਰਹਿਤ ਸੰਪਦਾ ਵਾਲੇ ਨੂੰ ਨਮਸਕਾਰ ਹੈ।)

ਨਿਰਗੁਣ ਬ੍ਰਹਮ ਵਿੱਚ ਕੋਈ ਲੜਾਈ ਝਗੜਾ ਨਹੀਂ, ਉਹ ਆਪੇ ਆਪ ਹੈ, ਲੜਾਈ ਕਿਸ ਨਾਲ। ਪਾਤਸ਼ਾਹੀ ਦਸਵੀਂ ਇੰਦਰ ਨੂੰ ਨਮਸਕਾਰ ਨਹੀਂ ਕਰ ਸਕਦੇ।

ਇਸ ਰਚਨਾ ਦੀ ਸਮੁੱਚੀ ਵਿਚਾਰ ਤੋਂ ਸਿੱਧ ਹੁੰਦਾ ਹੈ ਕਿ ਕਵੀ, ਕਾਲ ਕਾਲੀ, ਝਗੜੇ ਕ੍ਰੋਧ ਵਾਲੀ ਦੇਵੀ, ਇੰਦ੍ਰ ਆਦਿ ਦਾ ਉਪਾਸ਼ਕ ਹੈ, ਤੇ ਉਹਨਾਂ ਰੂਪਾਂ ਨੂੰ ਕਹਿ ਕੇ ਨਮਸਕਾਰ ਕਰਦਾ ਹੈ। ਇਹ ਸਾਰਾ ਵੇਦ ਸ਼ਾਸਤ੍ਰ ਸਿੰਮ੍ਰਿਤੀਆਂ ਪੁਰਾਣਾਂ ਦਾ ਮਤ ਹੈ। ਗੁਰਬਾਣੀ ਕੇਵਲ ਅਕਾਲ ਪੁਰਖ, ਇੱਕ ਏਕੰਕਾਰ ਪਾਰਬ੍ਰਹਮ, ਨਿਰਗੁਣ ਸਰੂਪ, ਗੁਣੀ ਨਿਧਾਨ ਦੀ ਸਿਫਤ ਸਾਲਾਹ, ਜਪ ਸਿਮਰਣ ਭਗਤੀ ਦਾ ਉਪਦੇਸ਼ ਦਿੰਦੀ ਹੈ। (ਏਕੋ ਜਪ ਏਕੋ ਸਾਲਾਹਿ।।)

ਇਸ ਸਮੇਂ ਦੀ ਨਿਰਪੱਖ ਵਿਚਾਰ ਤੋਂ ਇਹ ਸਿੱਧ ਹੁੰਦਾ ਹੈ ਕਿ ਜਾਪ ਸਾਹਿਬ ਪਾ: 10 ਦੀ ਰਚਨਾ ਨਹੀਂ।

ਜਦੋਂ ਦਾਸ ਨੇ ਜਾਪ ਸਾਹਿਬ ਦੀ ਕਥਾ ਕੀਤੀ, ਤਾਂ ਸਮਝ ਆਈ ਕਿ ਕੁੱਝ ਛੰਦਾਂ ਵਿੱਚ ਨਿਰਗੁਣ ਬ੍ਰਹਮ, ਅਕਾਲ ਪੁਰਖ ਨੂੰ ਨਮਸਕਾਰ ਕੀਤੀ ਗਈ ਹੈ ਤੇ ਕੁੱਝ ਛੰਦਾਂ ਵਿੱਚ ਬ੍ਰਹਮ ਦੇ ਅਨੇਕ ਸਰਗੁਣ ਸਰੂਪਾਂ ਨੂੰ ਨਮਸਕਾਰ ਕੀਤੀ ਗਈ ਹੈ। ਇਹ ਜਾਣਦੇ ਹੋਏ ਵੀ ਕਿ ਇਹ ਨਮਸਕਾਰਾਂ ਗੁਰਬਾਣੀ ਉਪਦੇਸ਼ ਦੇ ਵਿਰੁੱਧ ਹਨ, ਦਾਸ ਨੂੰ ਇਹ ਵਿਚਾਰ ਨਹੀਂ ਫੁਰੀ ਕਿ ਬਾਣੀ ਪਾਤਸ਼ਾਹੀ ਦਸਵੀਂ ਨੇ ਨਹੀਂ ਉਚਾਰੀ, ਨਾ ਹੀ ਇਹ ਹਿੰਮਤ ਹੋਈ ਕਿ ਪਰੰਪਰਾਗਤ ਵਿਚਾਰ ਤੋਂ ਉਲਟ ਮੈਂ ਕੋਈ ਵਿਚਾਰ ਪੇਸ਼ ਕਰਾਂ। ਦਾਸ ਨੇ ਦਸਮ ਗ੍ਰੰਥ ਦੀ ਵਿਚਾਰ ਕਰਦਿਆਂ ਵੀ ਇਹ ਸਮਝ ਕਾਇਮ ਰੱਖੀ ਕਿ ਪਾ: 10 ਦੀ ਬਾਣੀ ਦੀ ਵਿਚਾਰ ਕਰ ਰਿਹਾ ਹਾਂ। ਪੂਰੇ ਦਸਮ ਗ੍ਰੰਥ ਦੀ ਵਿਚਾਰ ਕਰਨ ਤੋਂ ਬਾਦ ਦਾਸ ਨੇ ਜਾਪ ਸਾਹਿਬ ਦੀ ਵਿਚਾਰ ਦੋਬਾਰਾ ਸ਼ੁਰੂ ਕੀਤੀ, ਤਾਂ ਇਹ ਚਾਨਣ ਹੋਇਆ ਕਿ ਰਚਨਾ ਵਿੱਚ ਸਰਗੁਣ ਬ੍ਰਹਮ ਨੂੰ ਨਮਸਕਾਰ ਕੋਈ ਕਵੀ ਹੀ ਕਰ ਸਕਦਾ ਹੈ। ਪਾ: 10 ਕੇਵਲ ਨਿਰਗੁਣ ਬ੍ਰਹਮ ਅਕਾਲ ਪੁਰਖ ਨੂੰ ਗੁਰਬਾਣੀ ਅਨੁਕੂਲ ਨਮਸਕਾਰ ਕਰ ਸਕਦੇ ਹਨ। ਬਾਣੀ ਕਰਮਵਾਰ ਛੰਤ 1 ਤੋਂ 199 ਤਕ ਹੈ। ਗੁਰੂ ਗੋਬਿੰਦ ਸਿੰਘ ਜੀ ਗੁਰਬਾਣੀ ਅਨੁਕੂਲ ਨਮਸ਼ਕਾਰ ਕਰ ਸਕਦੇ ਹਨ ਪਰ ਗੁਰਬਾਣੀ ਵਿਰੁੱਧ ਨਮਸਕਾਰਾਂ ਨਹੀਂ ਕਰ ਸਕਦੇ। ਫਿਰ ਇਹ ਕਹਿਣ ਵਿੱਚ ਭੈ ਕਿਉਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜਾਪੁ ਸਾਹਿਬ ਦੀ ਬਾਣੀ ਨਹੀਂ ਰਚੀ।

ਡਾ: ਗੁਰਮੁਖ ਸਿੰਘ




.