.

ਸੰਤਾਂ ਦੇ ਕੌਤਕ .....?
(ਭਾਗ ਤੀਜਾ, ਕਿਸ਼ਤ ਨੰ: 49)

ਭਾਈ ਸੁਖਵਿੰਦਰ ਸਿੰਘ ‘ਸਭਰਾ’

ਕਰਤੂਤਾਂ ਵਿਹਲੜ ਪਾਖੰਡੀ ਅਖੌਤੀ ਬਾਬਿਆਂ ਦੀਆਂ

ਅਜੀਤ ਸਿੰਘ ਖੜਗ ਗਿਆਨੀ (ਟਿਪਟਨ ਇੰਗਲੈਂਡ)
ਚਿੱਟੇ ਚੋਲੇ ਪਾਂਦੇ ਬਾਬੇ, ਕਾਲੇ ਕਰਮ ਕਮਾਂਦੇ ਬਾਬੇ (ਅਖੋਤੀ)।
ਮਾਇਆ ਨੂੰ ਜੋ ਕਹਿੰਦੇ ਨਾਗਣ, ਸੁੰਦਰ ਡੇਰੇ ਬਣਾਉਂਦੇ ਬਾਬੇ।
ਦੂੱਧਾਧਾਰੀ ਨੇ ਜੋ ਅਖਵਾਂਦੇ, ਪਿਸਤਾ ਬਕਰੇ ਖਾਂਦੇ ਬਾਬੇ।
ਚਾਕੂ ਚੋਰਾਂ ਤੇ ਗੁੰਡਿਆਂ ਤੋਂ, ਹਰ ਸੇਵਾ ਕਰਵਾਂਦੇ ਬਾਬੇ।
ਰਿਸ਼ਵਤਖੋਰ ਸਮਗਲਰ ਵੱਡੇ, ਸੇਵਕ ਮੁਖੀ ਬਣਾਂਦੇ ਬਾਬੇ।
ਸੁੰਦਰ ਅਲ੍ਹੜ ਮੁਟਿਆਰਾਂ ਤੋਂ, ਆਪਣੇ ਚਰਨ ਘੁਟਾਂਦੇ ਬਾਬੇ।
ਜਾਦੂ ਟੂਣੇ ਦੇ ਚੱਕਰ ਵਿਚ, ਲੋਕਾਂ ਨੂੰ ਪਾਂਦੇ ਬਾਬੇ।
ਭੋਲੇ ਭਾਲੇ ਹਰ ਬੰਦੇ ਨੂੰ, ਜਾਲ ਵਿੱਚ ਰੋਜ਼ ਫਸਾਂਦੇ ਬਾਬੇ।
ਨਸ਼ਿਆਂ ਤੇ ਲਾ ਮੁੰਡੇ ਕੁੜੀਆਂ, ਚੰਦ ਨੇ ਰੋਜ਼ ਚੜਾਂਦੇ ਬਾਬੇ।
ਸੇਠ ਜਾਂ ਲੀਡਰਾਂ ਦੇ ਘਰ, ਆਪਣਾ ਡੇਰਾ ਲਾਂਦੇ ਬਾਬੇ।
ਕਹਿੰਦੇ ਨੇ ਜੋ ਕਰੋ ਸ਼ਾਂਤੀ, ਦੰਗੇ ਉਹ ਕਰਵਾਂਦੇ ਬਾਬੇ।
ਆਪਣੇ ਇੱਕ ਇਸ਼ਾਰੇ ਉੱਤੇ, ਲੀਡਰ ਕਈ ਨਚਾਂਦੇ ਬਾਬੇ।
ਕਿਸੇ ਦੇਸ਼ ਦੇ ਸ਼ਹਿਜ਼ਾਦੇ ਵਾਂਙੂ, ਆਪਣੇ ਤਾਈ ਸਜਾਂਦੇ ਬਾਬੇ।
ਖਾ ਹਲਵਾ ਪੂਰੀ ਮੁਰਗਾ ਮੱਛੀ, ਰਾਤੀ ਰੰਗ ਰਲੀਆਂ ਮਨਾਂਦੇ ਬਾਬੇ।
ਜ਼ਰੀ ਦੀ ਜੁਤੀ ਹਾਰ-ਨੌ ਲੱਖਾ, ਇਹ ਤਿਆਗੀ ਨੇ ਪਾਂਦੇ ਬਾਬੇ।
ਬਦਫੈਲੀ ਤੇ ਲੁੱਟ ਮਚਾਈ ਭਾਵੇਂ, ਫਿਰ ਵੀ ਨੇ ਅਖਵਾਂਦੇ ਬਾਬੇ (ਅਖੋਤੀ)।
ਭੂਤਾਂ ਪ੍ਰੇਤਾਂ ਦੇ ਪਾਖੰਡਵਾਦ ਬਾਰੇ ਪ੍ਰਚਾਰਕਾਂ ਦੇ ਫਰਜ਼
ਵੈਸੇ ਤਾਂ ਹਰ ਰੋਜ਼ ਪਾਖੰਡੀ ਤੇ ਚਿਮਟਾ-ਕੁੱਟ ਬਾਬਿਆਂ ਦੀਆਂ ਦਿਲ-ਕੰਬਾਊ ਖਬਰਾਂ ਪਾਠਕ ਵਰਗ ਦਾ ਧਿਆਨ ਖਿੱਚਦੀਆਂ ਹੀ ਰਹਿੰਦੀਆਂ ਹਨ। ਸਾਡਾ ਵਾਰ ਵਾਰ ਐਸੀਆਂ ਖਬਰਾਂ ਦੇਣ ਦਾ ਮਕਸਦ ਵੀ ਇਹ ਹੈ ਕਿ ਦੁਨੀਆਂ ਇਸ ਪਾਖੰਡਵਾਦ ਤੋਂ ਛੁਟਕਾਰਾ ਪਾ ਲਵੇ ਕਿਉਂਕਿ ਗੁਰਬਾਣੀ ਵਿੱਚ ਵੀ ਐਸੀ ਵਿਚਾਰਧਾਰਾ ਨੂੰ ਪਾਖੰਡ ਕਰਮ ਦਸਿਆ ਹੈ। ਪਰ ਇਹ ਪਾਖੰਡ ਖੰਡ ਬਣ ਕੇ ਵਹਿਮੀ ਲੋਕਾਂ ਦੀਆਂ ਅਕਲਾਂ ਨੂੰ ਭੂਰੀਆਂ ਕੀੜੀਆਂ ਵਾਂਗ ਚਿੰਬੜਿਆਂ ਹੋਇਆ ਹੈ। ਬੀਤੇ ਦਿਨੀਂ ਲੁਧਿਆਣਾ ਦੀ ਸ਼ਿਮਲਾ ਕਾਲੋਨੀ ਵਿੱਚ ਬਾਬਾ ਬਣੀ ਔਰਤ ਨੇ ਦਲਜੀਤ ਕੌਰ ਨੂੰ ਉਸ ਦੇ ਪਤੀ, ਸਹੁਰੇ ਤੇ ਪਰਿਵਾਰ ਦੀ ਹਾਜ਼ਰੀ ਵਿੱਚ ਗਰਮ ਚਿਮਟਿਆਂ ਨਾਲ ਸਾਰੀ ਰਾਤ ਏਨਾ ਕੁਟਾਪਾ ਚਾੜ੍ਹਿਆ ਕਿ ਉਸ ਨੂੰ ਸ਼ਾਹਕੋਟ ਦੇ ਹਸਪਤਾਲ ‘ਚ ਦਾਖਲ ਕਰਵਾਉਣਾ ਪਿਆ।
ਗੱਲਾਂ ਦੀ ਗੱਲ ਤਾਂ ਇਹ ਹੈ ਇਹ ਕਸਰ, ਓਪਰੀ ਸ਼ੈਅ, ਛਾਇਆ ਜਾਂ ਭੂਤ ਜ਼ਿਆਦਾਤਰ ਆਰਥਕ ਤੌਰ ‘ਤੇ ਪਛੜੇ ਅਤੇ ਅਗਿਆਨੀ ਲੋਕਾਂ ਵਿੱਚ ਹੀ ਆਉਂਦੇ ਹਨ ਤੇ ਅਮੀਰ ਪਰਵਾਰਾਂ ਵਿੱਚ ਤੇ ਗਿਆਨਵਾਨ ਪਰਵਾਰਾਂ ਵਿੱਚ ਕਦੇ ਨਹੀਂ ਆਏ। ਮਾਨਸਿਕ ਰੋਗਾਂ ਤੋਂ ਅਨਜਾਣ ਲੋਕ ਅਜੇ ਤੱਕ ਇਹ ਨਹੀਂ ਸਮਝ ਸਕੇ ਕਿ ਸਾਡੀ ਅਗਿਆਨਤਾ ਹੀ ਭੂਤ ਹੈ। ਇਸੇ ਤਰ੍ਹਾ ਭੂਤਾਂ-ਪ੍ਰੇਤਾਂ ਦੇ ਸਪੈਸ਼ਲਿਸਟ ਬਾਬਿਆਂ ਤੋਂ ਗਲੀ-ਮੁਹੱਲੇ ਦੇ ਲੋਕ ਬਹੁਤ ਪ੍ਰੇਸ਼ਾਨ ਹੁੰਦੇ ਹਨ ਤੇ ਉਦੋਂ ਤਕ ਪ੍ਰੇਸ਼ਾਨ ਹੀ ਰਹਿਣਗੇ ਜਦੋਂ ਤਕ ਅਗਿਆਨਤਾ ਦੇ ਅੰਧ-ਵਿਸ਼ਵਾਸ਼ ਦੀਆਂ ਜੜ੍ਹਾਂ ਪੁੱਟੀਆਂ ਨਹੀਂ ਜਾਂਦੀਆਂ। ਇਸ ਪ੍ਰਤੀ ਸਮੁੱਚੇ ਸਮਾਜ ਨੂੰ ਹੰਭਲਾ ਮਾਰਨ ਦੀ ਲੋੜ ਹੈ। ਸਿੱਖ ਪੰਥ ਦੇ ਰਾਗੀਆਂ, ਢਾਡੀਆਂ, ਗ੍ਰੰਥੀ, ਕਥਾਵਾਚਕਾਂ ਤੇ ਪ੍ਰਚਾਰਕਾਂ ਨੂੰ ਇਹ ਗੱਲ ਜ਼ਰੂਰ ਕਰਦੇ ਰਹਿਣਾ ਚਾਹੀਦਾ ਹੈ ਕਿ ਇਹ ਸਭ ਪਾਖੰਡਵਾਦ ਹੈ। ਉਂਜ ਅੱਜਕਲ੍ਹ ਤਾਏ ਦੀ ਧੀ ਚੱਲੀ, ਮੈਂ ਕਿਉਂ ਰਹਾਂ ਕੱਲੀ’ ਵਾਂਗੂੰ ਕੁੱਝ ਕੁ ਪਾਖੰਡਵਾਦੀ ਸਿੱਖ ਬੀਬੀਆਂ ਤੇ ਬਾਬਿਆਂ ਵਿੱਚ ਬਾਬਾ ਦੀਪ ਸਿੰਘ ਦੀ ਚੌਂਕੀ ਵੀ ਆਉਣ ਲੱਗ ਪਈ ਹੈ। ਵੈਸੇ ਬਾਬੇ ਦੀਪ ਸਿੰਘ ਜਿਹੀ ਸਤਿਕਾਰਤ ਸਿੱਖ ਸ਼ਖਸੀਅਤ ਨੂੰ ਇਸ ਪਾਖੰਡਵਾਦ ਨਾਲ ਜੋੜਨਾ ਸਿੱਖੀ ਦਾ ਘੋਰ ਨਿਰਾਦਰ ਹੈ ਪਰ ਸਿੱਖ ਪੰਥ ਨੂੰ ਇਸ ਸੰਬੰਧੀ ਪਾਖੰਡੀ ਬੀਬੀਆਂ ਤੇ ਬਾਬਿਆਂ ਤੋਂ ਸੁਚੇਤ ਹੋਣ ਦੀ ਵੱਡੀ ਜ਼ਰੂਰਤ ਹੈ ਕਿਉਂਕਿ ਹੁਣ ਤਾਂ ਘਰ ਦੇ ਦੀਵਿਆਂ ਤੋਂ ਹੀ ਘਰ ਨੂੰ ਅੱਗ ਲੱਗਣੀ ਸ਼ੁਰੂ ਹੋ ਗਈ ਹੈ।
ਇੰਡੀਆ ਅਵੇਅਰਨੈੱਸ
ਪ੍ਰੋ. ਦਰਸ਼ਨ ਸਿੰਘ
ਪ੍ਰੋ. ਦਰਸ਼ਨ ਸਿੰਘ ਵਲੋਂ ਵੇਦਾਂਤੀ ਦੇ ਨਾਂਅ ਖੁੱਲ੍ਹਾ ਪੱਤਰ
ਸਨਮਾਨਯੋਗ ਸਿੰਘ ਸਾਹਿਬ ਭਾਈ ਜੋਗਿੰਦਰ ਸਿੰਘ ਵੇਦਾਂਤੀ ਜੀਉ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਸਿੰਘ ਸਾਹਿਬ ਜੀਉ, ਆਪ ਜੀ ਜਾਣਦੇ ਹੋ ਕਿ ਜਦੋਂ ਵੀ ਸਿੱਖ ਧਰਮ ਸਥਾਨ ਜਾਂ ਧਾਰਮਿਕ ਪਦਵੀਆਂ ਦੀ ਗਲਤ ਵਰਤੋਂ ਕਰਕੇ ਧਰਮ ਦੇ ਸਿਧਾਂਤ ਨੂੰ ਨੁਕਸਾਨ ਪਹੁੰਚਾਇਆ ਜਾਂਦਾ ਹੈ, ਤਾਂ ਮੈਂ ਖਾਮੋਸ਼ ਦਰਸ਼ਕ ਬਣ ਕੇ ਨਹੀਂ ਰਹਿ ਸਕਦਾ। ਆਪਣੇ ਇਸ ਕੋਰੇ ਸੁਭਾਅ ਲਈ ਆਪ ਪਾਸੋਂ ਖਿਮਾ ਮੰਗਦਾ ਹੋਇਆ, ਤੁਹਾਨੂੰ ਕੁੱਝ ਲਿਖਣ ਲਈ ਮਜ਼ਬੂਰ ਹੋਇਆ ਹਾਂ।
ਸਿੰਘ ਸਾਹਿਬ ਜੀ, ਅੱਜ ਤੁਹਾਨੂੰ, ਮੈਨੂੰ ਅਤੇ ਸਾਰੇ ਸਿੱਖ ਸੰਸਾਰ ਨੂੰ ਪਤਾ ਹੈ ਕਿ ਸਿੱਖ ਸਿਆਸਤ ਵਿੱਚ ਵਾਹਦ ਆਗੂ ਹੋਣ ਦਾ ਦਾਅਵਾ ਕਰਨ ਵਾਲੇ ਕੁੱਝ ਅਖੌਤੀ ਸਿੱਖ ਆਗੂ, ਜਿਨ੍ਹਾਂ ਦਾ ਕੋਈ ਦੀਨ, ਧਰਮ, ਇਮਾਨ ਨਹੀਂ, ਕੇਵਲ ਸਿਆਸੀ ਸ਼ਕਤੀ ਹਥਿਆਉਣ ਲਈ ਹੀ ‘ਅੰਤਰ ਪੂਜਾ ਪੜਹਿ ਕਤੇਬਾ ਸੰਜਮ ਤੁਰਕਾ ਭਾਈ’ ਦੇ ਗੁਰਵਾਕ ਅਨੁਸਾਰ ਹਰ ਦਰਵਾਜ਼ੇ ‘ਤੇ ਮੱਥਾ ਰਗੜ ਆਉਂਦੇ ਹਨ ਅਤੇ ਸਿੱਖ ਧਰਮ ਦੀ ਸ਼ਕਤੀ ਨੂੰ ਮਲੀਆਮੇਟ ਕਰਕੇ, ਧਾਰਮਕ ਪਦਵੀਆਂ ਨੂੰ ਆਪਣੀਆ ਉਂਗਲਾਂ ‘ਤੇ ਨਚਾ ਕੇ, ਸਿੱਖ-ਵਿਰੋਧੀ ਲੋਕਾਂ ਸਾਹਮਣੇ ਇਹ ਸਾਬਤ ਕਰਨਾ ਚਾਹੁੰਦੇ ਹਨ ਕਿ ਇਹ ਸਿੱਖ ਸ਼ਕਤੀ ਦੇ ਅਧੀਨ ਨਹੀਂ ਬਲਕਿ ਸਿੱਖ ਸ਼ਕਤੀਆਂ ਇਨ੍ਹਾਂ ਦੇ ਅਧੀਨ ਹਨ। ਇਸੇ ਲਈ ਉਹ ਆਪਣੇ ਆਪਣੇ ਅਧੀਨ ਚੱਲਣ ਵਾਲਾ ਜਥੇਦਾਰ ਹੀ ਚਾਹੁੰਦੇ ਹਨ। ਇੱਕ ਸਾਜਸ਼ ਅਧੀਨ, ਆਏ ਦਿਨ ਸ੍ਰੀ ਅਕਾਲ ਤਖਤ ਦੇ ਨਾਮ ਦੀ ਗਲਤ ਵਰਤੋਂ ਹੋ ਰਹੀ ਹੈ, ਜਿਸ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਮਾਨ ਸਨਮਾਨ ਘੱਟ ਰਿਹਾ ਹੈ। ਇਸ ਸਨਮਾਨ ਨੂੰ ਬੇਗਰਜ਼, ਬੇਪਰਵਾਹ ਅਤੇ ਬੇਮੁਹਤਾਜ ਹੋ ਕੇ ਬਹਾਲ ਰੱਖਣਾਂ, ਇਸ ਪਦਵੀ ‘ਤੇ ਬੈਠੇ ਜਥੇਦਾਰ ਸਾਹਿਬ ਦਾ ਫ਼ਰਜ਼ ਹੈ।
ਸਿੰਘ ਸਾਹਿਬ ਜੀ, ਆਪਣੀ ਸਿਆਸਤ ਲਈ ਤੁਹਾਡੀ ਵਰਤੋਂ ਕਰਕੇ ਅੱਜ ਇੱਕ ਵਾਰ ਫਿਰ ਸ੍ਰੀ ਅਕਾਲ ਤਖ਼ਤ ਦੇ ਸਨਮਾਨ ਨੂੰ ਦਾਅ ‘ਤੇ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਦਿੱਲੀ ਕਮੇਟੀ ਦੇ ਪ੍ਰਧਾਨ ਨੇ ੧੫ ਨਵੰਬਰ ਨੂੰ ਭਰੇ ਦੀਵਾਨ ਵਿੱਚ ੧੮ ਜਨਵਰੀ ਦੀ ਇਲੈਕਸ਼ਨ ਰੱਖਣ ਦਾ ਐਲਾਨ ਕਰ ਦਿੱਤਾ ਸੀ। ਉਸ ਤੋਂ ਬਾਅਦ, ਉਸ ਦੀ ਗੈਰ-ਹਾਜ਼ਰੀ ਵਿੱਚ, ੨੮ ਨਵੰਬਰ ਨੂੰ ਵਿਰੋਧੀ ਧੜੇ ਦਾ ਸਕੱਤਰ ੧੯ ਦਸੰਬਰ ਦੇ ਇਲੈਕਸ਼ਨ ਦਾ ਐਲਾਨ ਕਰਦਾ ਹੈ। ਜੇ ਤੁਹਾਨੂੰ ਇਨ੍ਹਾਂ ਦੋ ਤਰੀਕਾਂ ਦਾ ਟਕਰਾਉ ਦਿੱਸਦਾ ਸੀ, ਤਾਂ ਉਸੇ ਵਕਤ ਆਦੇਸ਼ ਭੇਜਣਾ ਚਾਹੀਦਾ ਸੀ, ਜੋ ਠੀਕ ਹੁੰਦਾ। ਅੱਜ ਹਰ ਸਮਝਦਾਰ ਸਿੱਖ ਸਮਝ ਸਕਦਾ ਹੈ ਕਿ ਇਹ ਆਦੇਸ਼ ੧੭ ਦਸੰਬਰ ਤੱਕ ਕਿਉਂ ਰੁਕਿਆ ਰਿਹਾ ਅਤੇ ੧੭ ਦਸੰਬਰ ਨੂੰ ਹੀ ਕਿਉਂ ਜਾਰੀ ਹੋਇਆ। ਆਉ ਸੰਭਲੋ, ਸੁਚੇਤ ਹੋਵੋ, ਅਪਣਾ ਫ਼ਰਜ਼ ਪਛਾਣੋ। ਇਨ੍ਹਾਂ ਪਦਵੀਆਂ ਜਾਂ ਇਨ੍ਹਾਂ ਸਿਆਸੀ ਲੀਡਰਾਂ ਦੇ ਨਾਲ ਨਹੀਂ ਜਾਣਾ। ਕਦੀ ਗੁਰੂ ਨੂੰ ਵੀ ਹਿਸਾਬ ਦੇਣਾ ਹੈ। ਤੁਸਾਂ ਦੇਖਿਆ ਹੀ ਹੈ ਕਿ ਤੁਹਾਡੇ ਤੋਂ ਪਹਿਲਾਂ ਕਿੰਨੇ ਜਥੇਦਾਰਾਂ ਨੂੰ ਇਨ੍ਹਾਂ ਨੇ ਵਰਤਿਆ ਅਤੇ ਫਿਰ ਪਲਾਂ ਵਿੱਚ ਵਗਾਹ ਸੁੱਟਿਆ।
ਆਪ ਜੀ ਨੂੰ ਯਾਦ ਹੋਵੇਗਾ ਕਿ ਜਥੇਦਾਰ ਭਾਈ ਰਣਜੀਤ ਸਿੰਘ ਨੇ ਏਸੇ ਹੀ ਸਿਆਸੀ ਆਗੂ ਨੂੰ, ਏਹੋ ਹੀ ਆਖਿਆ ਸੀ ਕਿ ਖ਼ਾਲਸੇ ਨੂੰ ਖ਼ਾਲਸੇ ਦੀ ਤੀਸਰੀ ਸ਼ਤਾਬਦੀ ਖੁਸ਼ੀ-ਖੁਸ਼ੀ ਮਨਾ ਲੈਣ ਦਿਉ ਤੇ ਪੰਦਰਾਂ ਅਪ੍ਰੈਲ ਤੱਕ ਮਿਲ ਬੈਠੋ। ਕੇਡਾ ਚੰਗਾ ਆਦੇਸ਼ ਸੀ, ਪਰ ਕੀ ਇਨ੍ਹਾਂ ਨੇ ਹੁਕਮ ਮੰਨਿਆ? ਕੀ ਉਦੋਂ ਉਹ ਅਕਾਲ ਤਖਤ ਦੇ ਜਥੇਦਾਰ ਨਹੀਂ ਸਨ? ਬਲਕਿ ਟੌਹੜੇ ਨੂੰ ਪ੍ਰਧਾਨਗੀ ਤੋਂ ਲਾਹੁਣਾ ਤਾਂ ਕਿਤੇ ਰਿਹਾ, ਜਥੇਦਾਰ ਨੂੰ ਵੀ ਰਾਤੋ-ਰਾਤ ਤੁਰਦਾ ਕਰ ਦਿੱਤਾ। ਅੱਜ ਉਹੀ ਲੋਕ ਕਿਸ ਮੂੰਹ ਨਾਲ ਕਹਿੰਦੇ ਹਨ ਕਿ ਜਥੇਦਾਰ ਦਾ ਆਦੇਸ਼ ਨਹੀਂ ਮੰਨਿਆ, ਇਸ ਲਈ ਛੇਕ ਦਿਉ। ਜਥੇਦਾਰ ਜੀ, ਇਹੋ ਜਿਹੀਆਂ ਖੇਡਾਂ ਖੇਡ ਕੇ ਧਾਰਮਿਕ ਪਦਵੀਆਂ ਦੀ ਦੁਰਵਰਤੋਂ ਕਰਨੀ, ਇਨ੍ਹਾਂ ਦੀ ਪੁਰਾਣੀ ਰੀਤ ਹੈ।
ਤੁਹਾਡੀ ਗਿਆਤ ਲਈ ਦੱਸ ਰਿਹਾ ਹਾਂ ਕਿ ਇਨ੍ਹਾਂ ਲੋਕਾਂ ਦੇ ਇਸ ਸੁਭਾਅ ਨੂੰ ਵੇਖ ਕੇ ਮਾਰਚ ੧੯੯੦ ਵਿੱਚ ਮੈਂ ਆਪੇ ਹੀ ਜਥੇਦਾਰੀ ਤੋਂ ਅਸਤੀਫਾ ਦੇ ਦਿੱਤਾ ਸੀ। ਮਾਰਚ ਤੋਂ ਜੂਨ ਚੜ੍ਹ ਪਈ। ਮੇਰਾ ਅਸਤੀਫਾ ਇਹ ਮਨਜ਼ੂਰ ਨਾ ਕਰ ਸਕੇ। ਜੂਨ ਵਿੱਚ ਦਿੱਲੀ ਕਮੇਟੀ ਦੀ ਇਲੈਕਸ਼ਨ ਆ ਗਈ ਸੀ। ਅਸਤੀਫਾ ਅਜੇ ਨਾ ਮਨਜ਼ੂਰ ਹੋਣ ਕਾਰਨ ਨਿਗਰਾਨ ਵਜੋਂ ਮੈਂ ਇਹ ਚੋਣ ਕੰਟਰੋਲ ਕਰਨੀ ਸੀ। ਮੈਨੂੰ ਵੱਡੇ-ਵੱਡੇ ਲਾਲਚ ਦਿੱਤੇ ਗਏ ਕਿ ਆਪਣੇ ਵੱਲੋਂ ਫੈਸਲਾ ਸੁਣਾ ਕੇ ਸਾਡਾ ਪ੍ਰਧਾਨ ਬਣਾ ਦਿਉ। ਜਦੋਂ ਇਨ੍ਹਾਂ ਨੇ ਵੇਖਿਆ ਕਿ ਇਹ ਵਿਕਾਊ ਮਾਲ ਨਹੀਂ ਤਾਂ ਰਾਤੋ ਰਾਤ ਵਾਪਸ ਪੰਜਾਬ ਜਾ ਕੇ ਇਨ੍ਹਾਂ ਵਿਚੋਂ ਮੁਖੀ ਲੀਡਰ ਨੇ ਦਿੱਲੀ ਇਲੈਕਸ਼ਨ ਤੋਂ ਦੋ ਦਿਨ ਪਹਿਲਾਂ, ਰਾਤ ਨੂੰ ਮੇਰਾ ਅਸਤੀਫਾ ਮਨਜ਼ੂਰ ਕਰਵਾ ਦਿੱਤਾ ਅਤੇ ਇਲੈਕਸ਼ਨ ਤੋਂ ਇੱਕ ਦਿਨ ਪਹਿਲਾਂ ਭਾਈ ਰਣਜੀਤ ਸਿੰਘ ਜੀ, ਜੋ ਉਸ ਵਕਤ ਜੇਲ੍ਹ ਵਿੱਚ ਸਨ, ਦਾ ਨਾਮ ਡਿਕਲੇਅਰ ਕਰ ਦਿੱਤਾ।
ਨੇਮ ਮੁਤਾਬਕ, ਇੱਕ ਦਿਨ ਪਹਿਲਾਂ ਮੈਂ ਆਪ ਹੀ ਵਕਤ ਦੇ ਗ੍ਰੰਥੀ ਗਿਆਨੀ ਜਗਤਾਰ ਸਿੰਘ ਜਾਚਕ ਜੀ ਨੂੰ ਚਿੱਠੀ ਜਾਰੀ ਕੀਤੀ ਕਿ ਸਵੇਰੇ ਇਲੈਕਸ਼ਨ ਸਮੇਂ ਤੁਸਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਅਤੇ ਕੜਾਹ ਪ੍ਰਸ਼ਾਦ ਦੀ ਦੇਗ ਦਾ ਇੰਤਜ਼ਾਮ ਕਰਨਾ ਹੈ। ਉਸ ਚਿੱਠੀ ਦੀ ਨਕਲ ਮੇਰੇ ਕੋਲ ਮੌਜੂਦ ਹੈ। ਗਿਆਨੀ ਜੀ ਨੇ ਸਮੇਂ ਸਿਰ ਸਾਰਾ ਇੰਤਜ਼ਾਮ ਕਰ ਲਿਆ। ਇਲੈਕਸ਼ਨ ਲਈ ਮੈਂਬਰ ਪੁੱਜ ਗਏ। ਇੱਕ ਪਾਸੇ ਅੰਦਰ ਇਲੈਕਸ਼ਨ ਹੋ ਗਿਆ, ਦੂਜੇ ਪਾਸੇ ਬਾਹਰ ਇਨ੍ਹਾਂ ਹੀ ਅੱਜ ਵਾਲੇ ਲੀਡਰਾਂ ਨੇ ਆਪਣੀ ਹਾਰ ਵੇਖ ਕੇ ਬੋਰਡ ‘ਤੇ ਇੱਕ ਸਲਿਪ ਲਗਾ ਦਿੱਤੀ ਕਿ ਜੇਲ੍ਹ ਵਿਚੋਂ ਜਥੇਦਾਰ ਭਾਈ ਰਣਜੀਤ ਸਿੰਘ ਜੀ ਦਾ ਆਦੇਸ਼ ਆਇਆ ਹੈ ਕਿ ਅੱਜ ਇਲੈਕਸ਼ਨ ਨਾ ਕੀਤੀ ਜਾਵੇ। ਭਾਈ ਰਣਜੀਤ ਸਿੰਘ ਕੋਲੋਂ ਚਿੱਠੀ ਦੂਜੇ ਦਿਨ ਜੇਲ੍ਹ ਅੰਦਰੋਂ ਜਾ ਕੇ ਲਿਆਂਦੀ ਗਈ। ਅਜਿਹੀ ਗਲਤ ਗੱਲ ਕਰਦੇ ਵਕਤ ਇਹ ਵੀ ਨਾ ਸੋਚਿਆ ਕਿ ਮਰਯਾਦਾ ਮੁਤਾਬਿਕ ਭਾਈ ਰਣਜੀਤ ਸਿੰਘ ਨੂੰ ਅਜੇ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਤੇ ਅਰਦਾਸ ਕਰਕੇ ਸਿਰਪਾਉ ਦੀ ਰਸਮ ਨਾਲ ਸੇਵਾ ਸੰਭਾਲ ਸੌਂਪੀ ਨਹੀਂ ਸੀ ਗਈ। ਅਜੇ ਉਹ ਜੇਲ੍ਹ ਵਿੱਚ ਸਨ। ਪਰ ਮਰਿਆਦਾ ਛਿੱਕੇ ‘ਤੇ ਟੰਗ ਕੇ, ਅੱਜ ਵਾਂਗੂੰ ਹੀ ਅਕਾਲ ਤਖ਼ਤ ਦੇ ਜਥੇਦਾਰ ਦੀ ਚਿੱਠੀ ਦੀ ਵਰਤੋਂ ਕੀਤੀ ਗਈ। ਜਥੇਦਾਰ ਜੀ, ਇਹ ਸਭ ਕੁੱਝ ਲਿਖਣ ਦੀ ਜਰੂਰਤ ਇਸ ਲਈ ਪਈ ਕਿਉਂਕਿ ਦਾਸ ਆਪ ਨੂੰ ਕਹਿਣਾ ਚਾਹੁੰਦਾ ਹੈ ਕਿ ਇਨ੍ਹਾਂ ਦੇ ਆਖੇ ਕੋਈ ਅਗਲਾ ਕਦਮ ਉਠਾਉਣ ਤੋਂ ਪਹਿਲਾਂ ਸਾਡੇ ਹਾਲਾਤ ਨੂੰ ਜਾਣ ਲਉ ਅਤੇ ਇਨ੍ਹਾਂ ਤੋਂ ਪ੍ਰਭਾਵ-ਮੁਕਤ ਹੋ ਕੇ ਆਪਣਾ ਫਰਜ਼ ਪਛਾਣਦਿਆ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਉੱਤੇ ਪਹਿਰਾ ਦਿਉ ਤਾਂ ਕਿ ਗੁਰੂ ਅੰਗ ਸੰਗ ਹੋਵੇ ਤੇ ਮੁਖ ਉਜਲਾ ਹੋਵੇ।
ਲਿਖਣ ਨੂੰ ਹੋਰ ਬਹੁਤ ਕੁੱਝ ਹੈ। ਬਹੁਤ ਸਾਰੇ ਐਸੇ ਕੌਮੀ ਮਸਲੇ ਤੁਹਾਡੀ ਵਿਹਲ ਅਤੇ ਧਿਆਨ ਦੇ ਮੁਥਾਜ, ਤੁਹਾਡੀ ਟੋਕਰੀ ਵਿੱਚ ਅਣਗੌਲੇ ਹੀ ਪਏ ਹਨ, ਜਿਸ ਕਾਰਨ ਸਿੱਖੀ ਸਰੂਪ ਅਤੇ ਸਿੱਖੀ ਸਿਧਾਂਤ ਨਾਲ ਖਿਲਵਾੜ ਹੋ ਰਿਹਾ ਹੈ। ਆਉਣ ਵਾਲੇ ਸਮੇਂ ਵਿੱਚ ਕਿਸੇ ਵੇਲੇ ਤੁਹਾਡੇ ਧਿਆਨ ਗੋਚਰੇ ਕਰਾਂਗਾ। ਪਰ ਭੁੱਲ-ਚੁੱਕ ਦੀ ਖਿਮਾ ਮੰਗਦਾ, ਅੱਜ ਏਥੇ ਹੀ ਸਮਾਪਤ ਕਰਦਾ ਹਾਂ।
ਗੁਰੂ ਪੰਥ ਦਾ ਦਾਸ
ਦਰਸ਼ਨ ਸਿੰਘ ਖਾਲਸਾ
ਸਾਬਕਾ ਜਥੇਦਾਰ,
ਸ੍ਰੀ ਅਕਾਲ ਤਖ਼ਤ ਸਾਹਿਬ, ਅੰਮ੍ਰਿਤਸਰ
ਜਨਵਰੀ ੨੦੦੬
.