ਮੈਂ ਦੁਖੀ ਕਿਉਂ ਹਾਂ?
ਮੇਰਾ ਇੱਕ ਬੜਾ ਪਿਆਰਾ ਮਿੱਤਰ
ਮਾਰਗੇਜ ਬਰੋਕਰ ਹੈ। ਉਸ ਕੋਲ ਇੱਕ ਬੰਦਾ ਆਉਂਦਾ ਹੈ ਕਿ ਮੈਨੂੰ 80 ਹਜਾਰ ਡਾਲਰ ਦੀ ਕਰੈਡਿਟ ਲਾਇਨ
ਚਾਹੀਦੀ ਹੈ। ਬਰੋਕਰ ਪੁੱਛਦਾ ਕਿ ਕਾਹਦੇ ਲਈ, ਤਾਂ ਪਤਾ ਲਗਦਾ ਕਿ ਉਸ ਨੇ ਮਰਸੀਡੀ ਕਾਰ ਲੈਣੀ ਹੈ. .
? ਪਰ ਇੰਨਾ ਕਰਜਾ ਚੁੱਕ ਕੇ? ਬਰੋਕਰ ਹੈਰਾਨ ਹੈ। ਪਰ ਕਰਜਾ ਲੈਣ ਵਾਲਾ ਦੱਸਦਾ ਕਿ ਪੈਸਾ ਕਿਹੜਾ ਨਾਲ
ਜਾਣਾ ਮੇਰੇ ਸਹੁਰੇ ਆਉਂਣੇ ਉਹ ਕੀ ਯਾਦ ਰੱਖਣਗੇ ਕਿ ਜਵਾਈ ਕਿਹੋ ਜਿਹਾ ਮਿਲਿਆ?
40 ਹਜਾਰ ਦਾ ਨਵਾ ਪਿੱਕਾ ਜਦ ਮੇਰੇ ਇੱਕ ਮਿੱਤਰ ਨੇ ਲਿਆ ਤਾਂ ਮੈ ਬੜਾ ਹੈਰਾਨ ਹੋਇਆ ਜਦ ਉਹ ਕਦੇ
ਕੰਮ ਤੇ ਲੈ ਕੇ ਨਹੀ ਸੀ ਆਇਆ ਬਲਕਿ ਪਹਿਲੀ ਪੁਰਾਣੀ ਕਾਰ ਤੇ ਹੀ ਆਉਂਦਾ ਰਿਹਾ। ਉਸ ਨੁੰ ਜਦ ਕਾਰਨ
ਪੁੱਛਿਆ ਤਾਂ ਕਹਿਣ ਲਗਾ ਕਿ ਟਰੱਕ ਦੇ ਇਸ ਗੰਦੇ ਯਾਰਡ ਵਿੱਚ ਲਿਆ ਕੇ ਇਸ ਦਾ ਸਤਿਆਨਾਸ ਥੋੜਾ ਕਰਨਾ?
ਪਰ ਇਹ ਫਿਰ ਲਿਆ ਕਾਹਤੋਂ? ਉਸ ਬੜਾ ਅਜੀਬ ਜਿਹਾ ਜਵਾਬ ਦਿਤਾ ਕਿ ਵੀਕਐਡ ਤੇ ‘ਗੇੜੀ-ਛੇੜੀ’ ਦੇਣ ਲਈ?
40 ਹਜਾਰ ਦੇ ਕਰਜੇ ਦਾ ਉਸ ਹੋਰ ਬੋਝ ਸਿਰ ਤੇ ਪਾ ਲਿਆ ਕੇਵਲ ਵੀਕ ਦੇ ਇੱਕ ਦਿਨ ਦੇ ਕੁੱਝ ਘੰਟੇ
‘ਗੇੜੀ-ਛੇੜੀ’ ਦੇਣ ਲਈ। ਛੇ ਦਿਨ ਉਹ ਪਹਿਲਾਂ ਹੀ ਕੰਮ ਕਰਦਾ। ਇੱਕ ਬਚੇ ਹੋਏ ਦਿਨ ਵਿੱਚ ਉਹ
ਕਿੰਨੀਆਂ ਕੁ ‘ਗੇੜੀਆਂ-ਛੇੜੀਆਂ’ ਦੇਵੇਗਾ, ਇਹ ਸੋਚਣ ਦਾ ਵਿਸ਼ਾ ਹੈ।
ਮੈਂ ਜੋ ਕਰ ਰਿਹਾ ਹਾਂ ਉਹ ਸਿਵਾਏ ਮੂਰਖਤਾ ਤੋਂ ਕੁੱਝ ਨਹੀ। ਫਿਰ ਮੈਂ ਸੋਚਦਾ ਕਿ ਦੁਖੀ ਕਿਉਂ ਹਾਂ?
ਦੁਖ ਕਦੇ ਮੈਂਨੂੰ ਬਾਹਰੋਂ ਨਹੀ ਲਗਦੇ ਦੁਖਾਂ ਦਾ ਕਾਰਨ ਮੈ ਖੁਦ-ਬਖੁਦ ਹਾਂ। ਪਰ ਦੋਸ਼ ਮੈਂ ਕਿਸੇ
ਕਿਸਮਤ ਤੇ ਦਿੰਦਾ ਹਾਂ। ਮੈ ਕਿਉਂ ਨਹੀ ਸੋਚਦਾ ਕਿ ਜਿਹੜੀ ਕਿਸਮਤ ਦੀ ਗੱਲ ਮੈਂ ਕਰ ਰਿਹਾ ਹਾਂ ਉਹ
ਕਿਸਮਤ ਰੱਬ ਨੇ ਨਹੀ ਮੇਰੀ ਘੜੀ। ਰੱਬ ਨੇ ਮੈਨੂੰ ਮੱਤ ਦਿਤੀ, ਸੋਝੀ ਦਿਤੀ ਦੋ ਅੱਖਾਂ ਵੇਖਣ ਨੂੰ ਤੇ
ਕੰਨ ਸੁਣਨ ਨੂੰ ਦਿਤੇ। ਉਸ ਨੇ ਮੈਨੂੰ ਅਜਾਦ ਸੋਚ ਦਿਤੀ ਫੈਸਲਾ ਕਰਨ ਨੂੰ ਕਿ ਅਗੂੰਰਾਂ ਦੀ ਚਾਹੇ
ਸ਼ਰਾਬ ਬਣਾ ਲੈ ਚਾਹੇ ਗੁਲੂਕੋਸ਼।
ਮਨਮੁੱਖ ਗੁਰੂ ਕੀਹਨੂੰ ਕਹਿ ਰਹੇ ਹਨ। ਜਿਹੜਾ ਹਰੇਕ ਗਲ ਅਪਣੇ ਮਨ ਦੀ ਚੰਚਲਤਾ ਦੀ ਮੰਨ ਕੇ ਉਸ ਦੀ
ਜੀ ਹਜੂਰੀ ਲਈ ਤਿਆਰ ਰਹਿੰਦਾ ਹੈ। ਮਨ ਕਹਿੰਦਾ ਕਿ ਅਮੀਰ ਹੋ ਦੁਨੀਆਂ ਕਿੰਨੀ ਅੱਗੇ ਲੰਘੀ ਜਾਂਦੀ
ਹੈ। ਗੁਰੂ ਦੀ ਮੱਤ ਕਹਿੰਦੀ ਲੰਘ ਲੈਣ ਦੇ ਕਿਥੇ ਚਲੀ ਜਾਏਗੀ ਲੰਘ ਕੇ ਦੁਨੀਆਂ? ਪਹਿਲੇ ਲੰਘੇ ਕਿਥੇ
ਗਏ ਜਿਹੜਾ ਹੁਣ ਤੂੰ ਲੰਘਣ ਦੀ ਤਿਆਰੀ ਕਰੀ ਫਿਰਦਾਂ? ਗੁਰੂ ਜੀ ਇਥੇ ਪ੍ਰਚਲਤ ਮਿਥਹਾਸਕ ਕਹਾਣੀ ਦੀ
ਮਿਸਾਲ ਦਿੰਦੇ ਹਨ ਕਿ ਤੂੰ ਹੀ ਬਣਾਈ ਫਿਰਦਾਂ ਕਿ ਰਾਵਣ ਦੀ ਸੋਨੇ ਦੀ ਲੰਕਾ ਸੀ, ਲੱਖਾਂ ਉਸ ਦੇ
ਪੁੱਤਰ ਪੋਤਰੇ ਸਨ ਤੇ ਚੰਦ ਸੂਰਜ ਉਸਦੇ ਕੱਪੜੇ ਧੋਂਦੇ ਸਨ ਤੇ ਆਪੇ ਹੀ ਤੂੰ ਕਹਿੰਨਾ ਕਿ ਉਸਦਾ ਕੋਈ
ਦੀਵਾ ਬੱਤੀ ਜਗਾਉਂਣ ਵਾਲਾ ਵੀ ਨਹੀ ਰਿਹਾ ਤਾਂ ਦਸ ਫਿਰ ਇਨਿਆਂ ‘ਸਿਆਣਿਆ’ ਤੂੰ ਉਸ ਤੋਂ ਤਾਂ ਨਹੀ
ਕਿਤੇ ਅਗੇ ਲੰਘ ਚਲਿਆ। ਮਨ ਕਹਿੰਦਾ ਫਲਾਂ ਲੀਡਰ ਆਇਆ ਚਲ ਚਾਪਲੂਸੀ ਕਰ, ਜੀ-ਹਜੂਰੀ ਕਰ ਕਿਤੇ ਕੋਈ
ਕੰਮ ਹੀ ਪੈ ਜਾਂਦਾ ਕੰਮ ਨਾ ਵੀ ਪਵੇ ਲੋਕਾਂ ਜਾਂ ਰਿਸ਼ਤੇਦਾਰਾਂ ਵਿੱਚ ਟੌਹਰ ਹੀ ਮਾਣ ਨਹੀ। ਪਰ ਗੁਰੂ
ਦੀ ਮਤ ਕਹਿੰਦੀ ਕਿ ਲਗਦਿਆ ਟੌਹਰਾਂ ਦਿਆਂ ਦਰਯੋਧਨ ਨਾਲੋਂ ਤਾਂ ਵੱਡੀ ਨਹੀ ਤੇਰੀ ਟੌਹਰ ਹੋ ਚਲੀ। ਪਰ
ਪਤੈ! ਗਿਰਝਾਂ ਵੀ ਦੇਹ ਨਹੀ ਸੀ ਖਾਧੀ! ਚਾਪਲੁਸੀ ਬੰਦੇ ਨੂੰ ਅੰਦਰੋਂ ਮਾਰ ਦਿੰਦੀ ਹੈ ਜੇ ਤੂੰ
ਜਿਉਂਦਾ ਰਹਿਣਾ ਅਪਣੀ ਕਿਰਤ ਕਰ ਤੇ ਅਰਾਮ ਨਾਲ ਸਿੱਧਾ ਤੁਰਿਆ ਚਲ ਕਿਹੜੇ ਤੇਰੇ ਕੰਮ ਰੁਕ ਚਲੇ ਨੇ
ਤੇ ਜਿਹੜੀ ਟੌਹਰ ਪਿਛੇ ਤੂੰ ਪਿਆ ਇਹ ਤਾਂ ਤੈਨੂੰ ਹੋਰ ਆਪੇ ਤੋਂ ਦੂਰ ਲੈ ਜਾਏਗੀ। ਮਨ ਕਹਿੰਦਾ ਫਲਾਂ
ਬਾਬਾ ਜੀ ਆਏ ਨੇ ਫੂਕ ਮਾਰ ਕੇ ਬੇੜੇ ਬੰਨੇ ਲਾ ਦਿੰਦੇ ਨੇ ਚਲ ਢਹਿ ਪੈ ਚਰਨੀ! ਗੁਰੁ ਦੀ ਮੱਤ ਫਿਰ
ਹੋੜਦੀ ਹੈ ਕਿ ਭਲਿਆ ਇਸ ਦੇ ਉਜਲੇ ਕਪੜੇ ਤੇ ਬੀਬਾ ਮੁਹਾਦਰਾ ਨਾ ਦੇਖ ਇਹ ਬਗਲਾ ਈ ਤੇ ਦਾਅ ਲਗੇ
ਤੈਨੂੰ ਛਕ ਜਾਏਗਾ। ਮਨ ਕਹਿੰਦਾ ਫਲਾਂ ਜੋਤਸ਼ੀ ਆਇਆ ਲਾਟਰੀ ਚੋਂ ਅੰਡਾ ਕੱਢ ਕੇ ਲੱਖਾਂਪਤੀ ਕਰ
ਦਿੰਦਾ। ਤੇ ਚਲ ਦੌੜ। ਹੁਣ ਦਸੋ ਇਹ ਫੰਦਾ ਕਿਸ ਤਿਆਰ ਕੀਤਾ ਮੇਰੇ ਲਈ? ਇਹ ਲਬ ਦੀਆਂ ਲਹਿਰਾਂ ਦੀਆਂ
ਕਲੋਲਾਂ ਮੈਨੂੰ ਡੋਬਿਆ। ਮੈ ਇਸ ਕਰਕੇ ਨਹੀ ਲੁੱਟਿਆ ਜਾ ਰਿਹਾ ਕਿ ਲੁੱਟਣ ਵਾਲਾ ਕੋਈ ਬਹੁਤ ਸਿਆਣਾ
ਸੀ ਬਲਕਿ ਮੈ ਖੁਦ ਹੀ ਇਨਾ ਮੂਰਖ ਸੀ ਕਿ ਕੋਈ ਵੀ ਮੂਰਖ ਮੇਰੇ ਲੋਭ ਨੂੰ ਉਤੇਜਤ ਕਰਕੇ ਲੁੱਟ ਸਕਦਾ
ਹੈ।
ਮੇਰੀਆਂ ਮੁਸ਼ਕਲਾਂ ਇਸ ਕਾਰਨ ਨਹੀ ਕਿ ਮੈਨੂੰ ਇਹਨਾ ਮੁੱਲਖਾਂ ਵਿੱਚ ਰੋਟੀ ਜਾਂ ਛੱਤ ਦਾ ਫਿਕਰ ਹੈ
ਬਲਕਿ ਮੇਰਾ ਫਿਕਰ ਮੇਰੇ ਨੱਕ ਦਾ ਫਿਕਰ ਹੈ ਜਿਹੜਾ ਮੈ ਅਪਣੇ ਭਾਈਚਾਰੇ ਵਿੱਚ ‘ਉੱਚਾ’ ਲੈ ਕੇ ਤੁਰਨਾ
ਚਾਹੁੰਦਾ ਹਾਂ। ਮੇਰੀ ਪਤਨੀ ਨਾਲ ਕੰਮ ਕਰਦੀ ਬੀਬੀ ਇੱਕ ਦਿਨ ਬੜੀ ਪ੍ਰੇਸ਼ਾਨ ਸੀ। ਪਤਨੀ ਕਾਰਨ
ਪੁੱਛਦੀ ਹੈ ਤਾਂ ਕਾਰਨ ਸੁਣ ਕੇ ਸਮਝ ਨਹੀ ਸੀ ਆਉਂਦੀ ਕਿ ਹੱਸਿਆ ਜਾਏ ਜਾਂ ਰੋਇਆ। ਕਾਰਨ ਸੀ ਕਿ ਕੱਲ
ਨੂੰ ਸਾਡੀ ਕਿਸੇ ਰਿਸ਼ਤੇਦਾਰ ਨੇ ਸਾਨੂੰ ਡਿਨਰ ਤੇ ਸੱਦਿਆ ਹੈ ਪਰ ਹਾਲੇ ਮੈ ‘ਹੇਅਰ ਸਟਾਇਲ’ ਵੀ ਨਹੀ
ਕਰਾਇਆ ਤੇ ਬਾਹਵਾਂ ‘ਵੈਕਸ’ ਕਰਾਉਂਣ ਤੇ ਖਰਚ ਆ ਜਾਣਾ ਹੈ ਖਰਚੇ ਪਹਿਲਾਂ ਹੀ ਵਧੇ ਪਏ ਨੇ! ! ਹੁਣ
ਤੁਸੀਂ ਦਸੋ ਕਿ ਅਜਿਹੇ ਮਨੁੱਖ ਖੁਸ਼ ਕਿਵੇਂ ਰਹਿ ਲੈਣਗੇ ਜਿਹੜੇ ਅਜਿਹੀਆਂ ਬੇਕਾਰ ਗੱਲਾਂ ਲਈ ਹੀ
ਦੁਖੀ ਹੋਈ ਜਾ ਰਹੇ ਹਨ ਬਿਨਾ ਇਸ ਗੱਲ ਨੂੰ ਸਮਝੇ ਕਿ ਇਸ ਚਮੜੀ ਵਿੱਚ ਦਿਖਾਉਂਣ ਵਾਲਾ ਹੈ ਹੀ ਕੀ?
ਤਿੰਨ ਬੈੱਡਰੂਮ ਵਾਲੇ ਘਰ ਨਾਲ ਜੇ ਸਰਦਾ ਹੈ ਤਾਂ ਕੇਵਲ ਦਿਖਾਉਂਣ ਲਈ ਜਦ ਮੈ ‘ਚਿੱਟਾ ਹਾਥੀ’ ਕਿਲੇ
ਨਾਲ ਬੰਨ ਬੈਠਦਾਂ ਹਾਂ ਤਾਂ ਰਾਤਾਂ ਦੀ ਨੀਦ ਤਾਂ ਉਡੇਗੀ ਹੀ, ਘਰ ਵਿੱਚ ਕਲੇਸ਼ ਤਾਂ ਪਵੇਗੀ ਹੀ।
ਬਹੁਤੇ ਕਲੇਸ਼ਾਂ ਦਾ ਜਨਮ ਚਿੰਤਾ ਯਾਨੀ ਫਿਕਰਾਂ ਵਿਚੋਂ ਹੁੰਦਾ ਹੈ। ਚਿੰਤਾ ਵਿੱਚ ਤੁਹਾਡਾ ਕਿਸੇ ਨਾਲ
ਗੱਲ ਕਰਨ ਨੂੰ ਦਿਲ ਨਹੀ ਕਰਦਾ ਹਸਣ ਤਾਂ ਦੂਰ ਦੀ ਗੱਲ। ਬਿਨਾ ਕਾਰਨ ਖਿੱਝ ਆਉਂਣ ਲਗਦੀ ਹੈ ਐਵੇਂ
ਲੜਨ ਨੂੰ ਦਿਲ ਕਰੀ ਜਾਊ। ਪਰ ਇਹ ਚਿੰਤਾ ਮੈ ਲਈ ਕਿੱਥੋਂ? ਵੱਡੇ ਨੱਕ ਤੋਂ ਸ਼ੁਰੂ ਹੋ ਕੇ ਜਦ ਚਿੰਤਾ
ਕਲੇਸ਼ ਵਿੱਚ ਬਦਲਦੀ ਹੈ ਤਾਂ ਫਿਰ ਵੀ ਸਹੀ ਰਸਤਾ ਚੁਣਨ ਦੀ ਬਜਾਇ ਮੈ ਕਿਸੇ ਬਾਬਾ ਜੀ ਕੋਲੇ ਜਾਂਦਾ
ਹਾਂ, ਕਿਸੇ ਜੋਤਸ਼ੀ ਨੂੰ ਪੁੱਛਦਾ ਹਾਂ ਕਿ ਮੇਰੀ ਘਰਵਾਲੀ ਜਾਂ ਘਰਵਾਲਾ ਲੜਦਾ ਬਹੁਤ। ਜੋਤਸ਼ੀ ਦੇ
ਅੰਦਰ ਤੇ ਚਲਦੀਆਂ ਫੁੱਲਝੜੀਆਂ ਜਦ ਕੋਈ ਅਜਿਹੇ ਮੂਰਖ ਉਸ ਕੋਲੇ ਜਾਂਦੇ। ਉਹ ਸੋਚਦਾ ਕਿ ਇਹਨਾ
ਪਾਗਲਾਂ ਨੂੰ ਹੁਣ ਕੌਣ ਸਮਝਾਵੇ ਕਿ ਮੇਰੀ ਤਾਂ ਖੁਦ ਦੀ ਲੜ ਕੇ ਦੌੜੀ ਹੋਈ, ਇਹ ਮੇਰੇ ਕੋਲੋਂ ਸ਼ਾਂਤੀ
ਲਭੱਦੇ ਫਿਰਦੇ। ਤੇ ਜਾਂ ਦੂਜਾ ਰਾਹ ‘ਵਕੀਲ ਬਾਬਾ ਜੀ’ ਦਾ ਹੁੰਦਾ। ਡਾਇਵੋਰਸ ਕੇਸਾਂ ਉਪਰ ਜਦੋਂ
ਵਕੀਲ ਦਾ ‘ਉਸਤਰਾ’ ਫਿਰਦਾ ਤਾਂ ਬੰਦਾ ਮਾੜੇ ਜੱਟ ਦੇ ਕੁੜੀ ਵਿਹਾਉਂਣ ਵਾਂਗ ਕਈ ਸਾਲ ਤਾਬ ਨਹੀਂ
ਆਉਂਦਾ। ਸਾਡੇ ਵਕੀਲ ਸਾਹਬ ਨੇ ਇੱਕ। ਲੋਕ ਉਹਨਾ ਨੂੰ ਸ਼ਾਇਦ ‘ਕਮਲਾ’ ਕਹਿੰਦੇ ਨੇ ਕੁਰੱਪਟ ਲੋਕਾਂ ਦੇ
ਹਿਸਾਬ ਉਹ ਹੈਨ ਵੀ ਕਮਲੇ। ਇੱਕ ਇੰਝ ਦਾ ਹੀ ਕੇਸ ਉਹਨਾ ਕੋਲੇ ਗਿਆ ਉਹ ਅੱਗੋਂ ਉਸ ਭਾਈ ਨੂੰ ਕਹਿਣ
ਲਗੇ ਸੁਖਮਨੀ ਸਾਹਿਬ ਦਾ ਪਾਠ ਕਰਿਆ ਕਰ ਮੇਰੇ ਤੋਂ ਬਿਨਾ ਹੀ ਤੇਰਾ ਕੇਸ ਹੱਲ ਹੋ ਜੂ। ਜਿਸਨੇ ਉਸ
ਨੂੰ ਵਕੀਲ ਕੋਲੇ ਭੇਜਿਆ ਸੀ ਉਹ ਆ ਕੇ ਉਸਨੂੰ ਉਲਾਮ੍ਹਾ ਦਿੰਦਾ ਹੈ ਕਿ ‘ਉਹ ਕੋਈ ਵਕੀਲ ਹੈ? ਉਹ ਤਾਂ
ਅੱਗੋਂ ਪਾਠ ਕਰਨ ਦੀਆਂ ਸਕੀਮਾ ਦਸ ਰਿਹਾ ਇੰਝ ਕਿਵੇਂ ਕੇਸ ਹੱਲ ਹੋ ਜੂ’ ? ਤੇ ਉਸ ਕੋਈ ਹੋਰ ਵਕੀਲ
ਕਰ ਲਿਆ ਤੇ ਕੇਸ ਉਸ ਦਾ ਵਾਕਿਆ ਹੀ ਹੱਲ ਹੋ ਗਿਆ? ਬੱਚੇ ਬੀਵੀ ਕੋਲ, ਭਾਈ ਬੂਹਿਉਂ ਬਾਹਰ, ਹਜਾਰਾਂ
ਡਾਲਰ ਖਰਚਾ, ਲੋਕਾਂ `ਚ ਵੱਖ ਚਰਚਾ ਤੇ ਹੁਣ ਹੋਰ ਵਹੁਟੀ ਲੱਭਣ ਦੀਆਂ ਤਿਆਰੀਆਂ! ਨਵੀ ਲੱਭੀ ਕੀ
ਕਰੇਗੀ, ਕੁੱਝ ਪਤਾ ਨਹੀ। ਜਿੰਦਗੀ ਵਹੁਟੀਆਂ ਬਦਲਦਿਆਂ ਹੀ ਗਈ ਇੱਕ ‘ਕਮਲੇ’ ਵਕੀਲ ਕਾਰਨ?
ਇਥੇ ਇੱਕ ਕਹਾਣੀ ਯਾਦ ਆਈ। ਕਹਿੰਦੇ ਕਿ ਇੱਕ ਗਿਦੜ ਅਤੇ ਗਧੇ ਦੀ ਯਾਰੀ ਪੈ ਗਈ। ਉਹ ਰਾਤ ਨੂੰ ਮਲਕੜੇ
ਜਿਹੇ ਜੱਟ ਦੇ ਖ਼ਰਬੂਜਿਆਂ ਦੇ ਵਾੜੇ ਜਾ ਵੜਿਆ ਕਰਨ ਤੇ ਦਿਨ ਚੜਨ ਤਕ ਚੰਗਾ ਲੇਹੜ ਕੇ ਦੌੜ ਜਾਇਆ
ਕਰਨ। ਚੰਗਾ ਭਲਾ ‘ਕੰਮ’ ਚਲੀ ਜਾਂਦਾ ਸੀ ਕਿ ਇੱਕ ਦਿਨ ਗਧਾ ਕਹਿਣ ਲਗਾ ਕਿ ਯਾਰ ਗਿਦੜਾ ਅੱਜ ਮੇਰਾ
ਗਾਣਾ ਗਾਉਂਣ ਨੂੰ ਦਿਲ ਕਰਦਾ। ਦੇਖ ਕਿਵੇਂ ਚਾਨਣੀ ਰਾਤ ਖਿੜੀ ਹੋਈ ਹੈ, ਮੌਸਮ ਕਿੰਨਾ ਮਸਤ ਹੈ, ਤੇ
ਮੈਂ ਚਾਹੁੰਨਾ ਕਿ ਕਿਉਂ ਨਾ ਅੱਜ ਅਜਿਹੇ ਸੁਹਾਣੇ ਮੌਸਮ ਵਿੱਚ ਗਾਣਾ ਵਜਾਣਾ ਹੋ ਜੇ! ਗਿਦੜ ਸਿਆਣਾ
ਸੀ ਕਹਿਣ ਲਗਾ ਕਿ ਗਧੇ ਭਰਾ ਆਪਾਂ ਖਾ ਰਹੇ ਆਂ ਚੋਰੀ ਦਾ ਮਾਲ। ਚੋਰ ਕਦੇ ਗਾਣੇ ਨਹੀਂ ਗਾਉਂਦੇ ਉਹਨਾ
ਨੂੰ ਮੌਤ ਵਰਗੀ ਚੁੱਪ ਚਾਹੀਦੀ ਤੂੰ ਕਿਹੜੇ ਚੱਕਰਾਂ `ਚ ਪੈ ਗਿਆ? ਅਰਾਮ ਨਾਲ ਖਾਹ ਪੀ ਤੇ ਇਥੋਂ
ਨਿਕਲੀਏ। ਪਰ ਗਧਾ ਨਾ ਮੰਨਿਆ ਤੇ ਉਸ ਨਿੱਤ ਨਵੇ ਬਣਦੇ ਪੰਜਾਬੀ ਗਾਇਕਾਂ ਵਾਂਗ ਬੇਸੁਰੀ ਜਿਹੀ ਧੁਰ
ਉਪਰਲੀ ‘ਸਾ’ ਤੇ ਹਵਾਕਣਾਂ ਸ਼ੁਰੂ ਕਰ ਦਿਤਾ। ਗਿਦੜ ਤਾਂ ਗਧੇ ਦੀ ਪਹਿਲੀ ਤਾਨ ਸੁਣਕੇ ਹੀ ਦੌੜ ਗਿਆ।
ਜੱਟਾਂ ਨੇ ਗੱਧਾ ਘੇਰ ਲਿਆ ਤੇ ਡਾਂਗ ਫੇਰਨ ਤੋਂ ਬਾਅਦ ਗਲ ਵਿੱਚ ਇੱਕ ਭਾਰਾ ‘ਡਹਿਣਾ’ ਬੰਨ ਦਿਤਾ।
ਗਧਾ ਅੱਖ ਬਚਾ ‘ਡਹਿਣੇ’ ਸਮੇਤ ਦੌੜਦਾ ਗਿਦੜ ਭਰਾ ਨੂੰ ਜਾ ਮਿਲਿਆ। ਗਿਦੜ ਅੱਗੋਂ ਹੱਸ ਕੇ ਕਹਿਣ ਲਗਾ
ਕਿ ਭਰਾ ਅਪਣੀ ਵਿਤੋਂ ਬਾਹਰਾ ਕੰਮ ਕਦੇ ਨਹੀ ਕਰੀਦਾ ਨਹੀ ਤਾਂ ਇੰਝ ਦੇ ਹੀ ‘ਮੈਡਲ’ ਮਿਲਦੇ ਨੇ ਤੇ
ਹੁਣ ਪਾਈ ਫਿਰ ਗਲ ਵਿਚ!
ਚਿੰਤਾ ਫਿਕਰਾਂ ਦੇ ‘ਡਹਿਣੇ’ ਗਲ ਵਿੱਚ ਮੈ ਖੁਦ ਪਾਏ ਨੇ ਜਦ ਅਪਣੀ ਵਿਤੋਂ ਬਾਹਰ ਜਾ ਕੇ ਮੈ
ਚਿੰਤਾ-ਫਿਕਰਾਂ ਦੇ ਸਮਾਨ ਇਕੱਠੇ ਕੀਤੇ ਹਨ। ਇਹ ਡਹਿਣੇ ਗਲ ਵਿੱਚ ਪਾਈ ਮੈ ਠੇਡੇ ਖਾਦਾਂ ਫਿਰਦਾ ਹਾਂ
ਪਰ ਅਪਣੇ ਦੁੱਖਾਂ ਦੇ ਕਾਰਨ ਨਹੀ ਲਭਣ ਦੀ ਕੋਸ਼ਿਸ ਕਰ ਰਿਹਾ। ਡਾਕਟਰ ਚਾਹੇ ਕਿੰਨਾ ਵੀ ਲੁਕਮਾਨ ਦਾ
ਵੱਡਾ ਕਿਉਂ ਨਾ ਹੋਵੇ ਪਰ ਬੀਮਾਰੀ ਜਾਣੇ ਤੋਂ ਬਿਨਾ ਉਹ ਇਲਾਜ ਕਰ ਹੀ ਨਹੀ ਸਕਦਾ। ਮੈ ਜਿੰਨਾ ਚਿਰ
ਅਪਣੀਆਂ ਚਿੰਤਾਵਾਂ ਦੇ ਕਾਰਨ ਨਹੀ ਜਾਣਦਾ ਉਨਾ ਚਿਰ ਮੈਨੂੰ ਕੋਈ ਸਾਧ-ਸੰਤ ਦੀ ਅਸ਼ੀਰਵਾਦ, ਕਿਸੇ
ਜੋਤਸ਼ੀ-ਪੰਡਤ ਦਾ ਉਪਾਅ ਜਾਂ ਸਯਦ-ਸ਼ੇਖ ਦੀ ਫੂਕ ਮੇਰਾ ਕੁੱਝ ਨਹੀਂ ਸਵਾਰ ਸਕਦੀ। ਮੈ ਜਿੰਨੇ ਮਰਜੀ
ਪਾਠ-ਕੀਰਤਨ ਸੁੱਖ ਲਵਾਂ ਮੇਰਾ ਕੋਈ ਬੰਦੋਬਸਤ ਨਹੀ ਹੋ ਸਕਦਾ ਜਿੰਨਾ ਚਿਰ ਮੈਂ ਗੁਰੁ ਨੂੰ ਖੁਦ ਆਪ
ਪੁੱਛਕੇ ਤੁਰਨ ਦੀ ਕੋਸ਼ਿਸ਼ ਨਹੀਂ ਕਰਦਾ। ਗੁਰੁ ਤਾਂ ਕਹਿ ਰਿਹਾ ਬਾਬਾ ਫਰੀਦ ਵਿਚਦੀ ਕਿ ਕਮਲਿਆ ਕਦੇ
ਕਿੱਕਰ ਬੀਜ ਕੇ ਵੀ ਦਾਖਾਂ ਦੇ ਫਲ ਲੱਗੇ ਨੇ। ਇਸ ਦਾ ਮੱਤਲਬ ਸਾਫ ਹੈ ਕਿ ਜੇ ਮੇਰੀ ਜਿੰਦਗੀ ਵਿੱਚ
ਕੰਡੇ ਉਗ ਰਹੇ ਨੇ ਤਾਂ ਇਹ ਜਰੂਰ ਮੇਰੇ ਹੀ ਬੀਜੇ ਹੋਏ ਨੇ ਤੇ ਇਸੇ ਲਈ ਮੈ ਦੁਖੀ ਹਾਂ ਪਰ ਬਜਾਇ ਇਸ
ਦੇ ਕਿ ਮੈ ਉਹਨਾ ਨੂੰ ਸੁਧਾਰਨ ਦੀ ਕੋਸ਼ਿਸ਼ ਕਰਾਂ, ਮੈ ਕਿਸੇ ਪਿਛਲੇ ਜਨਮਾ ਦੇ ਫਲ ਆਖ ਕੇ ਗਲੋਂ
ਲਾਹੁਣ ਦੀ ਕੋਸ਼ਿਸ਼ ਕਰਦਾ ਹੋਇਆ ਅੱਗੇ ਤੋਂ ਹੋਰ ਅਜਿਹੇ ਬੰਧਨਾ ਵਿੱਚ ਫਸਦਾ ਹੀ ਤੁਰਿਆ ਜਾਂਦਾ ਹਾਂ।
ਗੁਰਦੇਵ ਸਿੰਘ ਸੱਧੇਵਾਲੀਆ