.

ਸਵਾਲ: ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਦੀ ਮੂਰਤ ਵਿੱਚ ਧਿਆਨ ਜੋੜਨ ਲਈ ਤਾਗੀਦ ਕਰਦਿਆਂ ਆਖਿਆ ਹੈ: “ਗੁਰ ਮੂਰਤਿ ਸਿਉ ਲਾਇ ਧਿਆਨੁ ॥” ਗੁਰੂ ਦੀ ਉਹ ਕੇਹੜੀ ਮੂਰਤ ਹੈ ਜਿਸ ਵਿੱਚ ਧਿਆਨ ਜੋੜਨਾ ਹੈ?

ਉੱਤਰ: ਗੁਰੂ ਦੀ ਕੇਹੜੀ ਮੂਰਤ ਵਿੱਚ ਧਿਆਨ ਜੋੜਨਾ ਹੈ ਇਹ ਸਮਝਣ ਲਈ ਜਿਸ ਸ਼ਬਦ ਵਿੱਚੋਂ ਇਹ ਪੰਗਤੀ ਲਈ ਗਈ ਹੈ ਉਸ ਸਾਰੇ ਸ਼ਬਦ ਨੂੰ ਧਿਆਨ ਨਾਲ ਸਮਝਣ ਦੀ ਲੋੜ ਹੈ। ਇਹ ਸ਼ਬਦ ਗਉੜੀ ਰਾਗ ਵਿੱਚ ਗੁਰੂ ਅਰਜਨ ਸਾਹਿਬ ਦਾ ਉਚਾਰਣ ਕੀਤਾ ਹੋਇਆ ਹੈ। ਇਸ ਸ਼ਬਦ ਦੀਆਂ ਰਹਾਉ ਦੀਆਂ ਪੰਗਤੀਆਂ ਹਨ:- ਬਿਨੁ ਭਗਵੰਤ ਨਾਹੀ ਅਨ ਕੋਇ ॥ ਮਾਰੈ ਰਾਖੈ ਏਕੋ ਸੋਇ ॥੧॥ ਰਹਾਉ ॥

(ਹੇ ਭਾਈ!) ਭਗਵਾਨ ਤੋਂ ਬਿਨਾ (ਜੀਵਾਂ ਦਾ) ਹੋਰ ਕੋਈ ਆਸਰਾ ਨਹੀਂ ਹੈ। ਉਹ ਭਗਵਾਨ ਹੀ (ਜੀਵਾਂ ਨੂੰ) ਮਾਰਦਾ ਹੈ, ਉਹ ਭਗਵਾਨ ਹੀ (ਜੀਵਾਂ ਨੂੰ) ਪਾਲਦਾ ਹੈ। 1. ਰਹਾਉ।

ਉਹ ਵਾਹਿਗੁਰੂ ਜੇਹੜਾ ਸਾਰੇ ਹੀ ਜੀਵਾਂ ਦਾ ਆਸਰਾ ਹੈ ਉਸ ਦਾ ਆਸਰਾ ਹਿਰਦੇ ਵਿੱਚ ਕਿਵੇਂ ਪੱਕਾ ਕਰਨਾ ਹੈ ਇਸ ਗੱਲ ਦਾ ਉੱਤਰ ਸ਼ਬਦ ਦੀਆਂ ਬਾਕੀ ਪੰਗਤੀਆਂ ਵਿੱਚ ਦਿੱਤਾ ਗਿਆ ਹੈ:-

ਗੁਰ ਕਾ ਸਬਦੁ ਰਾਖੁ ਮਨ ਮਾਹਿ ॥ ਨਾਮੁ ਸਿਮਰਿ ਚਿੰਤਾ ਸਭ ਜਾਹਿ ॥੧॥ ਗੁਰ ਕੇ ਚਰਣ ਰਿਦੈ ਉਰਿ ਧਾਰਿ ॥ ਅਗਨਿ ਸਾਗਰੁ ਜਪਿ ਉਤਰਹਿ ਪਾਰਿ ॥੨॥ ਗੁਰ ਮੂਰਤਿ ਸਿਉ ਲਾਇ ਧਿਆਨੁ ॥ ਈਹਾ ਊਹਾ ਪਾਵਹਿ ਮਾਨੁ ॥੩॥ ਸਗਲ ਤਿਆਗਿ ਗੁਰ ਸਰਣੀ ਆਇਆ ॥ ਮਿਟੇ ਅੰਦੇਸੇ ਨਾਨਕ ਸੁਖੁ ਪਾਇਆ ॥੪॥

(ਹੇ ਭਾਈ! ਜੇ ਉਸ ਭਗਵਾਨ ਦਾ ਆਸਰਾ ਮਨ ਵਿੱਚ ਪੱਕਾ ਕਰਨਾ ਹੈ, ਤਾਂ) ਗੁਰੂ ਦਾ ਸ਼ਬਦ (ਆਪਣੇ) ਮਨ ਵਿੱਚ ਟਿਕਾਈ ਰੱਖ (ਗੁਰ-ਸ਼ਬਦ ਦੀ ਸਹਾਇਤਾ ਨਾਲ ਭਗਵਾਨ ਦਾ) ਨਾਮ ਸਿਮਰ, ਤੇਰੇ ਸਾਰੇ ਚਿੰਤਾ-ਫ਼ਿਕਰ ਦੂਰ ਹੋ ਜਾਣਗੇ। 1.

(ਹੇ ਭਾਈ! ਜੇ ਭਗਵਾਨ ਦਾ ਆਸਰਾ ਲੈਣਾ ਹੈ, ਤਾਂ) ਆਪਣੇ ਹਿਰਦੇ ਵਿੱਚ ਦਿਲ ਵਿੱਚ ਗੁਰੂ ਦੇ ਚਰਨ ਵਸਾ (ਭਾਵ, ਨਿਮਤ੍ਰਾ ਨਾਲ ਗੁਰੂ ਦੀ ਸਰਨ ਪਉ)। (ਗੁਰੂ ਦੇ ਦੱਸੇ ਰਾਹ ਉਤੇ ਤੁਰ ਕੇ ਪਰਮਾਤਮਾ ਦਾ ਨਾਮ) ਜਪ ਕੇ ਤੂੰ (ਤ੍ਰਿਸ਼ਨਾ ਦੀ) ਅੱਗ ਦੇ ਸਮੁੰਦਰ ਤੋਂ ਪਾਰ ਲੰਘ ਜਾਏਂਗਾ। 2.

(ਹੇ ਭਾਈ! ਗੁਰੂ ਦਾ ਸ਼ਬਦ ਹੀ ਗੁਰੂ ਦੀ ਮੂਰਤਿ ਹੈ, ਗੁਰੂ ਦਾ ਸਰੂਪ ਹੈ) ਗੁਰੂ ਦੇ ਸ਼ਬਦ ਨਾਲ ਆਪਣੀ ਸੁਰਤਿ ਜੋੜ, ਤੂੰ ਇਸ ਲੋਕ ਵਿੱਚ ਤੇ ਪਰਲੋਕ ਵਿੱਚ ਆਦਰ ਹਾਸਲ ਕਰੇਂਗਾ। 3.

ਹੇ ਨਾਨਕ! ਜੇਹੜਾ ਮਨੁੱਖ ਹੋਰ ਸਾਰੇ ਆਸਰੇ ਛੱਡ ਕੇ ਗੁਰੂ ਦੀ ਸਰਨ ਆਉਂਦਾ ਹੈ, ਉਸ ਦੇ ਸਾਰੇ ਚਿੰਤਾ-ਫ਼ਿਕਰ ਮੁੱਕ ਜਾਂਦੇ ਹਨ, ਉਹ ਆਤਮਕ ਆਨੰਦ ਮਾਣਦਾ ਹੈ। 4॥ (ਸ੍ਰੀ ਗੁਰੂ ਗਰੰਥ ਦਰਪਣ ਪ੍ਰੋ: ਸਾਹਿਬ ਸਿੰਘ)

ਗੁਰੂ ਦਾ ਸ਼ਬਦ, ਗੁਰੂ ਦੇ ਚਰਨ, ਗੁਰੂ ਦੀ ਸ਼ਰਨ, ਗੁਰੂ ਦੀ ਮੂਰਤ ਇਨ੍ਹਾਂ ਦਾ ਇੱਕੋ ਹੀ ਅਰਥ ਹੈ ਕਿ ਹੇ ਪ੍ਰਾਣੀ ਜੇ ਕਰ ਤੂੰ ਉਸ ਅਕਾਲ ਪੁਰਖ ਦਾ ਆਸਰਾ ਲੈਣਾ ਹੈ ਤਾਂ ਆਪਾ ਭਾਵ ਤਿਆਗ ਕੇ ਗੁਰੂ ਦੀ ਸਰਨ ਵਿੱਚ ਆ ਕੇ ਗੁਰੂ ਦੇ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਵਸਾ। ਗੁਰੂ ਦੇ ਉਪਦੇਸ ਨੂੰ ਹਿਰਦੇ ਵਿੱਚ ਵਸਾਉਣਾ ਹੀ ਗੁਰੂ ਦੀ ਸ਼ਰਨ ਆਉਣਾ ਹੈ, ਗੁਰੂ ਦੇ ਚਰਨਾਂ ਨੂੰ ਹਿਰਦੇ ਵਿੱਚ ਵਸਾਉਣਾ ਹੈ, ਗੁਰੂ ਦੀ ਮੂਰਤਿ ਵਿੱਚ ਧਿਆਨ ਜੋੜਨਾ ਹੈ, ਅਤੇ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਟਿਕਾਉਣਾ ਹੈ।

ਭਾਈ ਗੁਰਦਾਸ ਗੁਰੂ ਦੀ ਮੂਰਤਿ ਕੀ ਹੈ ਇਸ ਸਬੰਧੀ ਚਰਚਾ ਕਰਦਿਆਂ ਆਖਦੇ ਹਨ:- ਗੁਰ ਮੂਰਤਿ ਗੁਰ ਸਬਦੁ ਹੈ ਸਾਧਸੰਗਤਿ ਵਿਚਿ ਪਰਗਟੀ ਆਇਆ॥ (ਵਾਰ 24 ਪਉੜੀ 25)

ਸੋ ਗੁਰ ਕੀ ਮੂਰਤਿ ਦਾ ਅਰਥ ਹੈ ਗੁਰੂ ਦਾ ਸ਼ਬਦ—ਰੂਪ ਮੂਰਤੀ। ਗੁਰ ਕੀ ਮੂਰਤਿ ਧਿਆਨੁ—ਗੁਰੂ ਦੇ ਸ਼ਬਦ—ਰੂਪ ਮੂਰਤੀ ਦਾ ਧਿਆਨ।

ਸਵਾਲ: ਕੀ ਸ੍ਰੀ ਸਹਿਜ ਪਾਠ ਸਮੇਂ ਵੀ ਮੱਧ ਦੀ ਅਰਦਾਸ ਕਰਨੀ ਜ਼ਰੂਰੀ ਹੈ?

ਉੱਤਰ: ਜੀ ਨਹੀਂ। ਮੱਧ ਦੀ ਅਰਦਾਸ ਦੀ ਕੇਵਲ ਸ੍ਰੀ ਸਹਿਜ ਪਾਠ ਸਮੇਂ ਹੀ ਨਹੀ ਬਲਕਿ ਅਖੰਡ ਪਾਠ ਸਮੇਂ ਵੀ ਅਰਦਾਸ ਦੀ ਮਰਯਾਦਾ ਨਹੀਂ ਹੈ। ਅਰਦਾਸ ਕੇਵਲ ਪਾਠ ਦੇ ਪ੍ਰਾਰੰਭਤਾ ਸਮੇਂ ਅਤੇ ਫਿਰ ਸਮਾਪਤੀ ਸਮੇਂ ਕਰਨ ਦੀ ਹੀ ਮਰਯਾਦਾ ਹੈ। ਸਿੱਖ ਰਹਿਤ ਮਰਯਾਦਾ ਵਿੱਚ ਅਖੰਡ ਪਾਠ ਦੇ ਪ੍ਰਾਰੰਭ ਅਤੇ ਸਮਾਪਤੀ ਸਮੇਂ ਅਰਦਾਸ ਦਾ ਜ਼ਿਕਰ ਹੈ, ਮੱਧ ਦੀ ਅਰਦਾਸ ਦਾ ਕੋਈ ਵਰਣਨ ਨਹੀਂ ਹੈ। ਹਾਂ, ਕੜਾਹ ਪ੍ਰਸ਼ਾਦ ਤਿਆਰ ਕਰਕੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਲਿਆਂਦਾ ਜਾਂਦਾ ਹੈ ਤਾਂ ਉਸ ਸਮੇਂ ਕੜਾਹ ਪ੍ਰਸ਼ਾਦ ਦੀ ਦੇਗ ਦੀ ਅਰਦਾਸ ਕੀਤੀ ਜਾਂਦੀ ਹੈ; ਇਸ ਅਰਦਾਸ ਨੂੰ ਹੀ ਕਈ ਸੱਜਨ ਮੱਧ ਦੀ ਅਰਦਾਸ ਆਖ ਦੇਂਦੇ ਹਨ। ਇਸ ਸਮੇਂ ਅਰਦਾਸ ਕਰਨ ਵਾਲੇ ਸੱਜਣਾਂ ਨੂੰ ਕੇਵਲ ਦੇਗ ਦੀ ਅਰਦਾਸ ਹੀ ਕਰਨੀ ਚਾਹੀਦੀ ਹੈ; ਅਤੇ ਅਰਦਾਸ ਵਿੱਚ ਸ੍ਰੀ ਅਖੰਡ ਪਾਠ ਦੇ ਮੱਧ ਦੀ ਅਰਦਾਸ ਆਦਿ ਸ਼ਬਦ ਵਰਤਣ ਤੋਂ ਸੰਕੋਚ ਕਰਦਿਆਂ ਹੋਇਆਂ ਪਰਵਾਰ ਨੂੰ ਵੀ ਸਪਸ਼ਟ ਕਰ ਦੇਣਾ ਚਾਹੀਦਾ ਹੈ ਕਿ ਇਹ ਗੁਰੂ ਗ੍ਰੰਥ ਸਾਹਿਬ ਦੇ ਮੱਧ ਦੀ ਨਹੀਂ ਕੜਾਹ ਪ੍ਰਸ਼ਾਦ ਦੀ ਦੇਗ ਦੀ ਅਰਦਾਸ ਹੈ ਤਾਂ ਕਿ ਮੱਧ ਦੇ ਸਬੰਧ ਜੋ ਭਰਮ ਹੈ ਉਹ ਦੂਰ ਹੋ ਸਕੇ।। ਇਸ ਭਰਮ ਦੇ ਦੂਰ ਹੋਣ ਨਾਲ ਸਮੇਂ ਅਤੇ ਗੁਰੂ ਗ੍ਰੰਥ ਸਾਹਿਬ ਦੇ ਮੁਕਰਰ ਪੰਨਿਆਂ ਤੇ ਪਾਠ ਕਰਨ ਸਮੇਂ ਹੀ ਅਰਦਾਸ ਦੇ ਭਰਮ ਤੋਂ ਆਮ ਸਿੱਖ ਵੀ ਉਪਰ ਉੱਠ ਸਕਣ; ਅਤੇ ਜਿਸ ਸਮੇਂ ਵੀ ਕੜਾਹ ਪ੍ਰਸ਼ਾਦ ਦੀ ਦੇਗ ਦੀ ਜ਼ਰੂਰਤ ਹੋਵੇ (ਸਵੇਰ ਸਮੇਂ, ਦੁਪਹਿਰ ਸਮੇਂ ਜਾਂ ਸ਼ਾਮ ਸਮੇਂ) ਅਰਦਾਸ ਕੀਤੀ ਜਾ ਸਕੇ। ਜੇ ਕਰ ਕੁੱਝ ਸਮਾਂ ਪਹਿਲਾਂ ਹੀ ਦੇਗ ਦੀ ਅਰਦਾਸ ਹੋ ਚੁਕੀ ਹੈ ਤਾਂ ਦੋਬਾਰਾ ਦੇਗ ਦੀ ਉਚੇਚੇ ਤੌਰ ਤੇ ਅਰਦਾਸ ਦੀ ਲੋੜ ਨਾ ਪਵੇ ਅਤੇ ਉਹੀ ਦੇਗ ਵਰਤਾਈ ਜਾ ਸਕੇ।

ਜਿੱਥੋਂ ਤੱਕ ਆਦਿ ਪੂਰਨ ਮਧਿ ਪੂਰਨ ਅੰਤਿ ਪੂਰਨ ਪਰਮੇਸੁਰਹ ॥ ਸਿਮਰੰਤਿ ਸੰਤ ਸਰਬਤ੍ਰ ਰਮਣੰ ਨਾਨਕ ਅਘਨਾਸਨ ਜਗਦੀਸੁਰਹ ॥੧॥ ਸ਼ਲੋਕ ਦਾ ਸਵਾਲ ਹੈ, ਇਸ ਦਾ ਗੁਰੂ ਗ੍ਰੰਥ ਸਾਹਿਬ ਦੇ ਮੱਧ ਨਾਲ ਕੋਈ ਸਬੰਧ ਨਹੀ ਹੈ। ਇਸ ਸ਼ਲੋਕ ਦਾ ਅਰਥ ਹੈ: ਸੰਤ ਜਨ ਉਸ ਸਰਬ-ਵਿਆਪਕ ਪਰਮੇਸਰ ਨੂੰ ਸਿਮਰਦੇ ਹਨ ਜੋ ਜਗਤ ਦੇ ਸ਼ੁਰੂ ਤੋਂ ਹਰ ਥਾਂ ਮੌਜੂਦ ਹੈ, ਹੁਣ ਭੀ ਸਰਬ-ਵਿਆਪਕ ਹੈ ਤੇ ਅਖ਼ੀਰ ਵਿਚ ਭੀ ਹਰ ਥਾਂ ਹਾਜ਼ਰ ਨਾਜ਼ਰ ਰਹੇਗਾ। ਹੇ ਨਾਨਕ! ਉਹ ਜਗਤ ਦਾ ਮਾਲਕ ਪ੍ਰਭੂ ਸਭ ਪਾਪਾਂ ਦੇ ਨਾਸ ਕਰਨ ਵਾਲਾ ਹੈ।੧। (ਸ੍ਰੀ ਗੁਰੂ ਗਰੰਥ ਦਰਪਣ ਪ੍ਰੋ: ਸਾਹਿਬ ਸਿੰਘ)

ਨੋਟ:-ਧਿਆਨ ਰਹੇ ਕਿ ਇਹੋ ਜੇਹੇ ਸਮੇਂ ਮਰਯਾਦਾ ਦਾ ਇਹ ਰੂਪ ਪੰਥ ਵਿੱਚ ਇਕਸਾਰਤਾ ਰੱਖਣ ਲਈ ਹੁੰਦਾ ਹੈ ਇਸ ਦਾ ਅਧਿਆਤਮਕਤਾ ਨਾਲ ਸਬੰਧ ਨਹੀਂ ਹੁੰਦਾ। ਵਿਕਾਰਾਂ ਤੋਂ ਖ਼ਲਾਸੀ ਸਤਿਗੁਰੂ ਦੇ ਉਪਦੇਸ਼ ਨੂੰ ਮਨ ਵਿੱਚ ਵਸਾਉਣ ਨਾਲ ਹੀ ਹੁੰਦੀ ਹੈ। ਇਕ ਸਾਰਤਾ ਵਾਲੇ ਭਾਵ ਨੂੰ ਹੀ ਮੁੱਖ ਰੱਖਦਿਆਂ ਸਬੰਧਤ ਪ੍ਰਸ਼ਨ ਦਾ ਉੱਤਰ ਪੰਥਕ ਰਹਿਤ ਮਰਯਾਦਾ ਦੀ ਰੌਸ਼ਨੀ ਵਿੱਚ ਦਿੱਤਾ ਗਿਆ ਹੈ, ਖ਼ਾਲਸਾ ਪੰਥ ਨੂੰ ਪੰਥਕ ਰਹਿਤ ਮਰਯਾਦਾ ਦਾ ਪਾਲਣ ਹੀ ਕਰਨਾ ਚਾਹੀਦਾ ਹੈ ਤਾਂ ਕਿ ਪੰਥ ਵਿੱਚ ਇਸ ਪੱਖੋ ਇਕਸਾਰਤਾ ਬਣੀ ਰਹੇ।

ਜਸਬੀਰ ਸਿੰਘ ਵੈਨਕੂਵਰ
.