.

ਦਸਮ ਗ੍ਰੰਥ ਦੀਆਂ ਰਚਨਾਵਾਂ

ਭੂਮਿਕਾ

ਜਿਸ ਗ੍ਰੰਥ ਨੂੰ ਅੱਜ ਦਸਮ ਗ੍ਰੰਥ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਇਸ ਗ੍ਰੰਥ ਜਾਂ ਪੁਸਤਕ ਦਾ ਨਾਮ ਪਹਿਲਾਂ ‘ਬਚਿਤ੍ਰ ਨਾਟਕ’ ਸੀ। ਅਸੀਂ ਅਨੁਮਾਨ ਲਗਾ ਸਕਦੇ ਹਾਂ ਕਿ ਨਾਮ ਦਸਮ ਗ੍ਰੰਥ ਲਗਭਗ 1885 ਈ. ਵਿੱਚ ਰਖਿਆ ਗਿਆ ਹੋਵੇਗਾ।

ਹਿੰਦੂਤਵਾ ਦੀਆਂ ਤਾਕਤਾਂ ਦੀ ਕੂਟ ਨੀਤੀ ਸਦਕਾ ਇਸ ਦਾ ਨਾਮ ਇੱਕ ਹੋਰ ਵਾਰ ਬਦਲ ਕੇ ਦਸਮ ਗੁਰੂ ਗ੍ਰੰਥ ਸਾਹਿਬ ਹੋ ਗਿਆ ਹੈ। ਇਸ ਤਰ੍ਹਾਂ ਵੇਦ ਮਤ ਦੇ ਗ੍ਰੰਥ ਬਚਿਤ੍ਰ ਨਾਟਕ ਨੂੰ ਹੁਣ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਦੇਣ ਦਾ ਉਪਰਾਲਾ ਹੋ ਰਿਹਾ ਹੈ। ਕੀ ਗੁਰਸਿੱਖ ਹੁਣ ਦੇਵੀ ਦੇਵਤਿਆਂ ਦੇ ਉਪਾਸ਼ਕ ਹੋ ਜਾਣਗੇ?

ਅਖੌਤੀ ਦਸਮ ਗ੍ਰੰਥ ਦੀ ਸੰਪਾਦਨਾ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਨਹੀਂ ਕੀਤੀ ਤੇ ਨਾ ਹੀ ਕਰਾਈ ਹੈ। ਇਸ ਗ੍ਰੰਥ ਦੀ ਸੰਪਾਦਨਾ ਪਾ: 10 ਦੇ ਜੋਤੀ ਜੋਤਿ ਸਮਾਉਣ ਤੋਂ ਬਾਦ 13 ਸਾਲ ਪਿਛੋਂ ਸੰਮਤ 1778 ਜਾਂ ਕਈ ਵਿਦਵਾਨਾਂ ਅਨੁਸਾਰ 17 ਸਾਲ ਪਿਛੋਂ ਹੋਈ।

ਦਸਮ ਗ੍ਰੰਥ, ਵੱਖ-ਵੱਖ ਰਚਨਾਵਾਂ ਦਾ ਸੰਗ੍ਰਹਿ ਹੈ। ਪੁਰਾਤਨ ਹਸਤ ਲਿਖਤ ਬੀੜਾਂ ਵਿੱਚ ਵੀ ਇਹ ਵੱਖ-ਵੱਖ ਰਚਨਾਵਾਂ ਦਾ ਸੰਗ੍ਰਹਿ ਸੀ। ਸ਼ੁਰੂ-ਸ਼ੁਰੂ ਵਿੱਚ ਇਸ ਗ੍ਰੰਥ ਦਾ ਨਾਮ ਬਚਿਤ੍ਰ ਨਾਟਕ ਸੀ। ਜਿਸ ਬੀੜ ਨੂੰ ਭਾਈ ਮਨੀ ਸਿੰਘ ਜੀ ਦੀ ਬੀੜ ਕਰਕੇ ਜਨਾਇਆ ਗਿਆ ਹੈ, ਉਸਦੇ ਤਤਕਰੇ ਵਿੱਚ ਲਿਖਿਆ ਹੈ -

ਤਤਕਰਾ ਬਚਿਤ੍ਰ ਨਾਟਕ ਗ੍ਰੰਥ ਜੀ ਕਾ।

ਬਚਿਤ੍ਰ ਨਾਟਕ ਦੇ ਵਿੱਚ ਅਵਤਾਰਾਂ ਤੇ ਰਾਜਿਆਂ ਦੇ ਅਨੇਕ ਇਤਿਹਾਸਕ ਪ੍ਰਸੰਗ ਹਨ ਜੋ ਨਾਟਕ ਦੀ ਰੀਤਿ ਅਨੁਸਾਰ ਲਿਖੇ ਗਏ ਹਨ। ਬਚਿਤ੍ਰ ਦੇ ਅਰਥ ਹਨ ਅਜੀਬ ਜਾਂ ਹੈਰਾਨ।

ਦਸਮ ਗ੍ਰੰਥ ਦੀਆਂ ਕੁਲ 12 ਰਚਨਾਵਾਂ ਵਿਚੋਂ 11 ਰਚਨਾਵਾਂ ਵਿੱਚ ਰਚਨਹਾਰ ਪਾ: 10 ਨੂੰ ਦਰਸਾਇਆ ਗਿਆ ਹੈ। ਰਚਨਾਵਾਂ ਦੇ ਮੰਗਲਾਚਰਣ ਵਿੱਚ ਅਕਾਲ ਉਸਤਤਿ, ਸ੍ਰੀ ਭਗਉਤੀ ਜੀ ਸਹਾਇ ਆਦਿ ਵੀ ਲਿਖਿਆ ਹੈ। ਰਚਨਹਾਰ ਨੇ ਭਗਉਤੀ ਜੀ ਸਹਾਇ, ਜਾਂ ਪ੍ਰਥਮ ਭਗਉਤੀ ਸਿਮਰਿ ਕੇ, ਜਾਂ ਕਾਲ ਜੂ ਕੀ ਉਸਤਤਿ ਲਿਖ ਕੇ ਆਪਣੇ ਇਸ਼ਟ ਦੀ ਜਾਣਕਾਰੀ ਵੀ ਦਿੱਤੀ ਹੈ। ਭਗਉਤੀ, ਕਾਲ ਆਦਿ ਲਿਖ ਕੇ ਰਚਨਾ ਵਿੱਚ ਹੀ ਇਸ਼ਟ ਦੇ ਅਰਥ ਵੀ ਸਮਝਾਏ ਹਨ। ਅਸੀਂ ਭਗਉਤੀ ਦੇ ਅਰਥ ਉਹ ਹੀ ਕਰ ਸਕਦੇ ਹਾਂ ਜੋ ਰਚਨਹਾਰ ਨੇ ਕੀਤੇ ਹਨ।

ਰਚਨਾਵਾਂ ਦੇ ਸਿਰਲੇਖ ਤੇ ਮੰਗਲਾਚਰਣ ਦੀ ਸੂਚੀ ਅਸੀਂ ਹੇਠਾਂ ਲਿਖੀ ਹੈ।

1. ਜਾਪੁ ਸਾਹਿਬ (ਦਸਮ ਗ੍ਰੰਥ ਪੰਨਾ 1 ਤੋਂ 10)

ੴ ਸਤਿਗੁਰ ਪ੍ਰਸਾਦਿ, ੴ ਵਾਹਿਗੁਰੂ ਜੀ ਕੀ ਫਤਹ,

ਸ੍ਰੀ ਮੁਖਵਾਕ ਪਾ: 10

2. ਅਕਾਲ ਉਸਤਤਿ (ਪੰਨਾ 11 ਤੋਂ 38) ਪਾ: 10

3. ਬਚਿਤ੍ਰ ਨਾਟਕ ਸ੍ਰੀ ਮੁਖਵਾਕ ਪਾ: 10 (ਪੰਨਾ 39 ਤੋਂ 73)

4. ੴ ਵਾਹਿਗੁਰੂ ਜੀ ਕੀ ਫਤਹ

ਸ੍ਰੀ ਭਗਉਤੀ ਜੀ ਸਹਾਇ। ਵਾਰ ਸ੍ਰੀ ਭਗਉਤੀ ਜੀ ਕੀ ਪਾ: 10 . (ਪੰਨਾ 119 ਤੋਂ 127)

5. ੴ ਸਤਿਗੁਰ ਪ੍ਰਸਾਦਿ।। ਸ੍ਰੀ ਭਗਉਤੀ ਜੀ ਸਹਾਇ।।

ਅਬ ਗਿਆਨ ਪ੍ਰਬੋਧ ਲਿਖਯਤੇ ਪਾ: 10 (ਪੰਨਾ 127 ਤੋਂ 155)

6. ਅਬ ਚਉਬੀਸ ਅਵਤਾਰ (ਪੰਨਾ 155 ਤੋਂ 709)

ੴ ਸ੍ਰੀ ਵਾਹਿਗੁਰੂ ਜੀ ਕੀ ਫਤਹ ਪਾ: 10

7. ਰਾਮਕਲੀ ਪਾ: 10 (ਪੰਨਾ 709 ਤੋਂ 712)

8. 33 ਸਵੈਯੇ (ਪੰਨਾ 712 ਤੋਂ 716)

ੴ ਵਾਹਿਗੁਰੂ ਜੀ ਕੀ ਫਤਹ

ਸ੍ਰੀ ਮੁਖਵਾਕ ਸਵੈਯਾ ਪਾ: 10

9. ਖ਼ਾਲਸਾ ਮਹਿਮਾ (ਪੰਨਾ 716)

ੴ ਸ੍ਰੀ ਮੁਖਵਾਕ ਪਾ: 10

10. ਸ਼ਸਤਰ ਨਾਮ ਮਾਲਾ (ਪੰਨਾ 717 ਤੋਂ 808) ਸ੍ਰੀ ਭਗਉਤੀ ਸਹਾਇ।। ਪਾ: 10. ।

11. ਅਬ ਤ੍ਰਿਯਾ ਚਰਿਤ੍ਰ (ਪੰਨਾ 809 ਤੋਂ 1388) ੴ ਸ੍ਰੀ ਵਾਹਿਗੁਰੂ ਜੀ ਕੀ ਫਤਹ।।

ਸ੍ਰੀ ਭਗਉਤੀ ਜੀ ਸਹਾਇ।। ਅਬ ਪਖਿਆਨ ਚਰਿਤ੍ਰ ਲਿਖਯਤੇ ਪਾ: 10 12. ੴ ਹੁਕਮ ਸੱਤਿ, ਸ੍ਰੀ ਵਾਹਿਗੁਰੂ ਜੀ ਕੀ ਫ਼ਤਹ।।

ਜ਼ਫ਼ਰਨਾਮਾ ਸ੍ਰੀ ਮੁਖਵਾਕ ਪ: 10 (ਪੰਨਾ 1389 ਤੋਂ 1428)

ਜ਼ਫ਼ਰਨਾਮਹ ਪਾ: 10

ੴ ਹੁਕਮ ਸਤ

ਸ੍ਰੀ ਵਾਹਿਗੁਰੂ ਜੀ ਕੀ ਫਤਹ।। ਜ਼ਫ਼ਰਨਾਮਾ ਸ੍ਰੀ ਮੁਖਵਾਕ ਪਾ: 10

ਅਸੀਂ ਉਪਰ ਲਿਖੀਆਂ ਰਚਨਾਵਾਂ ਦੀ ਵਿਚਾਰ, ਇਹਨਾਂ ਰਚਨਾਵਾਂ ਵਿੱਚ ਜੋ ਲਿਖਿਆ ਹੈ, ਉਸ ਦੇ ਆਧਾਰ ਤੇ ਕਰਨ ਦਾ ਯਤਨ ਕਰਨਾ ਹੈ। ਰਚਨਾਵਾਂ ਲਿਖਨ ਵਾਲੇ ਦੇ ਵਿਚਾਰਾਂ ਦਾ ਮੂਲ ਤਿੰਨ ਪ੍ਰਕਾਰ ਦਾ ਹੋ ਸਕਦਾ ਹੈ

Ÿ ਨਿਰੋਲ ਗੁਰਬਾਣੀ

Ÿ ਨਿਰੋਲ ਵੇਦ ਸ਼ਾਸਤਰਾਂ ਸਿੰਮ੍ਰਿਤੀਆਂ, ਹਿੰਦੂ ਧਰਮ ਗ੍ਰੰਥ

Ÿ ਗੁਰਬਾਣੀ ਉਪਦੇਸ਼ ਤੇ ਹਿੰਦੂ ਧਰਮ ਗ੍ਰੰਥਾਂ ਦਾ ਮਿਲ-ਗੋਭਾ

ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਨਿਰੋਲ ਗੁਰਬਾਣੀ ਉਪਦੇਸ਼ ਅਨੁਕੂਲ ਹੋਵੇਗੀ। ਪਾ: 10 ਅਭੁੱਲ ਗੁਰੂ ਕਰਤਾਰ ਹਨ। ਉਹਨਾਂ ਦੀ ਬਾਣੀ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿਰੁੱਧ ਕੋਈ ਵਿਚਾਰ ਨਹੀਂ ਹੋ ਸਕਦਾ।

ਗੁਰਬਾਣੀ ਉਪਦੇਸ਼ ਤੇ ਹਿੰਦੂ ਧਰਮ ਗ੍ਰੰਥਾਂ ਦੇ ਉਪਦੇਸ਼ ਵਿੱਚ ਭੇਦਾਂ ਨੂੰ ਗੁਰਬਾਣੀ ਵਿੱਚ ਹੀ ਸਪਸ਼ਟ ਰੂਪ ਵਿੱਚ ਖੋਲ ਕੇ, ਗੁਰੂ ਸਾਹਿਬਾਨ ਨੇ ਬਿਆਨ ਕੀਤਾ ਹੈ। ਗੁਰਸਿੱਖ ਗੁਰਬਾਣੀ ਉਪਦੇਸ਼ ਨੂੰ ਸੱਤ ਮੰਨਦੇ ਹਨ।

ਗੁਰਬਾਣੀ, 1, ਇਕੋ ਇੱਕ ਸਦੈਵੀ ਹਸਤੀ, ਏਕੰਕਾਰ ਜੋਤਿ ਰੂਪ ਪਾਰਬ੍ਰਹਮ, ਪਰਮ ਨਿਰਮਲ ਚੇਤਨਾ ਦਾ ਗਿਆਨ ਬਖਸ਼ਦੀ ਹੈ। ਇਹ ਹਸਤੀ ਸੱਚਾਈ ਹੈ, ਹੋਂਦ ਹੈ, ਮਨੋਕਲਪਿਤ, ਮਿਥਿਆ ਨਹੀਂ। ਇੱਕ ਏਕੰਕਾਰ ਜੋਤਿ ਹੈ, ਅਕਾਲ ਪੁਰਖ ਹੈ, ਆਦਿ ਪੁਰਖ ਹੈ, ਪਰਮ ਨਿਰਮਲ ਚੇਤਨਾ ਹੈ, ਅਬਿਨਾਸੀ ਹੈ, ਆਨੰਦ ਸਰੂਪ ਹੈ, ਸਦਾ ਸੱਤ ਹੈ। ਇੱਕ ਏਕੰਕਾਰ ਵਿੱਚ ਸਭ ਗੁਣ ਹਨ, ਕੋਈ ਅਵਗੁਣ ਵਿਕਾਰ ਕਾਮ ਕ੍ਰੋਧ ਆਦਿ ਨਹੀਂ, ਬਖਸ਼ੰਦ ਹੈ।

ਮੂਲ ਮੰਤ੍ਰ ਦਾ ਦੂਜਾ ਅਖਰ ਓਅੰਕਾਰ -

ਇਕ ਏਕੰਕਾਰ ਦੇ ਹੁਕਮ ਨਾਲ ਇੱਕ ਏਕੰਕਾਰ ਦਾ ਪਸਾਰੇ ਵਾਲਾ ਸਰੂਪ ਓਅੰਕਾਰ ਵਜੂਦ ਵਿੱਚ ਆਇਆ। ਓਅੰਕਾਰ ਸਰੂਪ ਦੀ ਹੋਂਦ ਵਿੱਚ ਆਉਣ ਦੇ ਨਾਲ ਹੀ ਕਾਲ ਸਮਾਂ ਸ਼ੁਰੂ ਹੋਇਆ। ਇੱਕ ਕਾਲ ਚੱਕਰ ਪੂਰਾ ਹੋਣ ਤੋਂ ਬਾਦ, ਇੱਕ ਏਕੰਕਾਰ ਦੇ ਹੁਕਮ ਨਾਲ ਸਮਾਂ ਖੈ ਹੋ ਜਾਂਦਾ ਹੈ ਤੇ ਸਾਰਾ ਸੰਸਾਰ, ਇੱਕ ਵਿੱਚ ਹੀ ਸਮਾ ਜਾਂਦਾ ਹੈ। ਓਅੰਕਾਰ ਸਰੂਪ ਸਦਾ ਸੱਤ ਨਹੀਂ। ਓਅੰਕਾਰ ਸਰੂਪ ਵਿੱਚ ਨਾਮ ਜੋਤਿ ਦਾ ਸੰਸਾਰ ਵਿੱਚ ਪਸਾਰਾ ਹੈ। ਨਾਮ ਜੋਤਿ ਪਰਮ ਨਿਰਮਲ ਚੇਤਨਾ ਹੈ। ਨਾਮ ਜੋਤਿ ਤੋਂ ਇੱਕ ਦੇ ਹੁਕਮ ਨਾਲ ਸ੍ਰਿਸ਼ਟੀ ਦੇ ਜੀਵ ਜੰਤ, ਹਉਂ ਦੇ ਭਰਮ ਨਾਲ ਪੈਦਾ ਹੁੰਦੇ ਹਨ, ਪਲਦੇ ਹਨ ਤੇ ਮਰਦੇ ਰਹਿੰਦੇ ਹਨ। ਇਹ 84 ਲੱਖ (ਬੇਅੰਤ) ਜੂਨਾਂ ਦਾ ਗੇੜ ਹੈ।)

ਗੁਰਬਾਣੀ ਇੱਕ ਏਕੰਕਾਰ, ਪਾਰਬ੍ਰਹਮ ਦੇ ਜਪ ਸਿਮਰਣ ਦਾ ਉਪਦੇਸ਼ ਦਿੰਦੀ ਹੈ। ਜਿਸ ਦੀ ਸਿਫਤ ਸਾਲਾਹ, ਜਪ ਸਿਮਰਨ ਧਿਆਨ ਕਰਾਂਗੇ, ਉਸ ਦੇ ਗੁਣ ਸੇਵਕ ਵਿੱਚ ਆ ਜਾਂਦੇ ਹਨ। ਗੁਰਮਤਿ ਨਾਮ ਸਿਮਰਨ ਕਰਕੇ ਤੇ ਗੁਰਬਾਣੀ ਦੁਆਰਾ ਉਸ ਦੀ ਸਿਫਤ ਸਾਲਾਹ, ਗੁਣ ਗਾ ਕੇ, ਉਸ ਨੂੰ ਨਮਸਕਾਰਾਂ ਕਰਕੇ, ਇੱਕ ਦੇ ਸਭ ਗੁਣ ਸਿੱਖ ਵਿੱਚ ਪ੍ਰਵੇਸ਼ ਕਰ ਜਾਂਦੇ ਹਨ ਤੇ ਉਹ ਇੱਕ ਵਿੱਚ ਹੀ ਸਮਾ ਜਾਂਦਾ ਹੈ, ਤੇ ਇੱਕ ਵਰਗਾ ਹੀ ਹੋ ਜਾਂਦਾ ਹੈ। ਜਦੋਂ ਇੱਕ ਗੁਣੀ ਭਰਪੂਰ, ਪਾਰਬ੍ਰਹਮ ਦੇ ਗੁਣ ਅੰਦਰ ਆਉਂਦੇ ਹਨ, ਤਾਂ ਅਵਗੁਣ ਨਾਸ਼ ਹੋ ਜਾਂਦੇ ਹਨ।

ਸੰਸਾਰ ਦੇ ਮੈਡੀਕਲ ਵਿਸ਼ਵ ਵਿਦਿਆਲੇ (Medical Universities) ਤੇ ਹੋਰ ਯੂਨੀਵਰਸਿਟੀਆਂ ਵਿੱਚ ਅਜਕਲ Consciousness, ਚੇਤਨਾ ਤੇ ਵਿਗਿਆਨਕ ਖੋਜ (Scientific Research) ਹੋ ਰਹੀ ਹੈ। Medical ਡਾਕਟਰ ਹੁਣ ਇਹ ਪਰਚਾਰ ਕਰ ਰਹੇ ਹਨ ਕਿ ਜਿਸ ਦਾ ਜਪ, ਸਿਮਰਣ, ਅਰਾਧਨਾ, ਗੁਣਾਣਵਾਦ, ਮਨੁੱਖ ਕਰਦਾ ਹੈ, ਉਸੀ ਦੇ ਗੁਣ/ਅਵਗੁਣ ਮਨੁੱਖ ਵਿੱਚ ਆ ਜਾਂਦੇ ਹਨ। ਇਥੋਂ ਤਕ ਕਿ ਜੇ ਸਿਗਰਟ (cigarrete) ਦਾ ਧਿਆਨ ਧਰਿਆ ਜਾਵੇਗਾ ਤੇ ਇਸ ਨਾਮ ਨੂੰ ਜਪਿਆ ਜਾਵੇਗਾ ਤਾਂ ਸਿਗਰਟ ਦੇ ਸਭ ਅਵਗੁਣ, ਰੋਗ, ਬੀਮਾਰੀਆਂ ਉਸ ਮਨੁੱਖ ਵਿੱਚ ਆ ਜਾਣਗੇ। ਇਸ ਲਈ ਇਹ ਗੱਲ ਬਹੁਤ ਜ਼ਰੂਰੀ ਹੈ ਕਿ ਅਸੀਂ ਕਿਸ ਦਾ ਨਾਮ ਜਪਦੇ ਹਾਂ ਤੇ ਕਿਸ ਦੀ ਸਿਫਤ ਸਾਲਾਹ ਕਰਦੇ ਹਾਂ।

ਗੁਰਬਾਣੀ ਓਮ ਨੂੰ ਸੱਤ ਨਹੀਂ ਕਹਿੰਦੀ, ਓਮ ਨੂੰ ਅਕਾਲ ਪੁਰਖ, ਅਬਿਨਾਸੀ ਹਸਤੀ, ਆਦਿ ਪੁਰਖ ਨਹੀਂ ਕਹਿੰਦੀ। ਓਮ ਦਾ ਜਪ ਸਿਮਰਣ ਕਰਨ ਵਾਲੇ ਜਮਾਂ ਵੱਸ ਪੈਂਦੇ ਹਨ, ਜਨਮ ਮਰਨ ਦੇ ਗੇੜ ਵਿੱਚ ਪੈਂਦੇ ਹਨ, ਉਹਨਾਂ ਦਾ ਹਉਂ ਦਾ ਭਰਮ ਕਿਸੇ ਜਪ, ਤਪ, ਧਿਆਨ, ਸਾਧਨਾ ਨਾਲ ਨਹੀਂ ਜਾ ਸਕਦਾ। ਓਮ ਤੋਂ ਕਾਲ (ਸਮਾਂ) ਆਰੰਭ ਹੋਇਆ। ਓਮ ਹੀ ਕਾਲ ਪੁਰਖ ਹੈ।

ਹਿੰਦੂ ਧਰਮ ਸ਼ਾਸਤਰਾਂ ਅਨੁਸਾਰ, ਬ੍ਰਹਮਾ ਬਿਸਨ ਮਹੇਸ਼ ਕਾਲ ਤੋਂ ਉਪਜੇ ਦੇਵਤੇ ਹਨ। ਕਾਲ ਜਾਂ ਮਹਾਕਾਲ ਦਾ ਹੀ ਰੂਪ ਦੁਰਗਾ, ਭਵਾਨੀ, ਭਗਉਤੀ ਆਦਿ ਦੇਵੀਆਂ ਹਨ। ਹਿੰਦੂ ਧਰਮ ਗ੍ਰੰਥ ਦੇਵੀ ਦੇਵਤਿਆਂ ਦੀ ਪੂਜਾ, ਅਰਾਧਨਾ, ਧਿਆਨ, ਸਿਫਤ ਸਾਲਾਹ ਆਦਿ ਦਾ ਉਪਦੇਸ਼ ਦਿੰਦੇ ਹਨ।

ਬਚਿਤ੍ਰ ਨਾਟਕ ਦੇ ਛੰਤ 84 ਵਿੱਚ ਕਵੀ ਕਹਿੰਦਾ ਹੈ (ਵਿਸਥਾਰ ਨਾਲ ਵਿਚਾਰ ਬਚਿਤ੍ਰ ਨਾਟਕ ਦੀ ਵਿਚਾਰ ਵਿੱਚ ਕਰਾਂਗੇ) ਕਾਲ ਦਾ ਇਸ਼ਾਰਾ ਪਾ ਕੇ ਹੀ ਭਗਵਾਨ ਵਿਸ਼ਨੂੰ ਹੋਇਆ, ਇਸ ਜਗਤ ਵਿੱਚ ਜਿਸ ਦੀ ਕਾਲ ਸ਼ਕਤੀ ਪਰਗਟ ਹੋ ਰਹੀ ਹੈ। ਕਾਲ ਦਾ ਇਸ਼ਾਰਾ ਪਾ ਕੇ ਹੀ ਬ੍ਰਹਮਾ ਹੋਇਆ, ਅਤੇ ਕਾਲ ਦਾ ਇਸ਼ਾਰਾ ਪਾ ਕੇ ਹੀ ਸ਼ਿਵ ਜੀ ਹੋਇਆ। ਕਾਲ ਦਾ ਇਸ਼ਾਰਾ ਪਾ ਕੇ ਹੀ ਸੁਰ, ਅਸੁਰ (ਦੈਤ) ਹੋਏ। ਕਵੀ ਕਾਲ ਨੂੰ ਹੀ ਅਕਾਲ ਕਹਿੰਦਾ ਹੈ।

ਹਿੰਦੂ ਧਰਮ ਗ੍ਰੰਥ ਕਹਿੰਦੇ ਹਨ ਓਮ ਦੀ ਅਰਾਧਨਾ ਕਰਕੇ ਅਪਰ ਅਪਾਰ, ਇਕੋ ਇੱਕ ਹਸਤੀ, ਪਾਰਬ੍ਰਹਮ ਨੂੰ ਪਾਇਆ ਜਾਂਦਾ ਹੈ। ਜ਼ਾਹਰ ਹੈ ਕਿ ਵੇਦ ਪੁਰਾਣ ਸ਼ਾਸਤਰ ਰਚਨ ਵਾਲੇ ਰਿਸ਼ੀ ਮੁਨੀਆਂ ਨੇ ਅਨੁਮਾਨ ਲਗਾਇਆ ਹੈ ਕਿ ਬ੍ਰਹਮਾ ਬਿਸਨ ਮਹੇਸ਼ ਨੂੰ ਰਚਨ ਵਾਲੀ ਕੋਈ ਇੱਕ ਹਸਤੀ ਹੈ, ਪਰ ਉਹ ਇੱਕ ਨੂੰ ਜਾਣਦੇ ਪਛਾਣਦੇ ਨਹੀਂ, ਨਾ ਹੀ ਉਹਨਾਂ ਦੇ ਉਪਦੇਸ਼ ਉਤੇ ਅਮਲ ਕਰਕੇ ਇੱਕ ਨੂੰ ਪਾਇਆ ਜਾ ਸਕਦਾ ਹੈ। ਕਾਲ ਦਾ ਅਰਥ ਹੈ ਸਮਾਂ ਜੋ ਇਕੋ ਇੱਕ ਸਦੈਵੀ ਹਸਤੀ ਦੇ ਹੁਕਮ ਨਾਲ ਓਅੰਕਾਰ ਧੁੰਨ ਉਚਾਰਨ ਦੇ ਸਮੇਂ ਤੋਂ ਸ਼ੁਰੂ ਹੋਇਆ। ਉਸੀ ਸਮੇ ਓਅੰਕਾਰ ਦੇ ਹੁਕਮ ਨਾਲ ਹਿੰਦੂ ਮਤ ਦਾ ਓਮ ਸ਼ੁਰੂ ਹੋਇਆ। ਕਾਲ ਨੂੰ ਵੇਦ ਸ਼ਾਸਤਰ ਤੇ ਗੁਰਬਾਣੀ ਕਾਲ ਪੁਰਖ ਵੀ ਕਹਿੰਦੀ ਹੈ।

ਸ਼ਿਵਾ ਦੇ ਅਰਥ ਹਨ ਦੁਰਗਾ, ਭਵਾਨੀ। ਇਹ ਸ਼ਿਵਪਤਨੀ, ਦੇਵੀ ਹੈ, ਜਿਸ ਦੇ ਮਹਾ ਕਾਲੀ, ਸ਼ੀਤਲਾ, ਦੁਰਗਾ, ਚੰਡੀ ਆਦਿਕ ਅਨੇਕਾਂ ਨਾਮ ਹਨ। ਦੇਵੀ ਦੇਵਤਿਆਂ ਵਿੱਚ ਗੁਣ ਤੇ ਅਵਗੁਣ ਦੋਨੋਂ ਹਨ। ਦੇਵੀ ਦੇਵਤਿਆਂ ਦੀ ਅਰਾਧਨਾ ਕਰਨ ਨਾਲ ਇਹਨਾਂ ਦੇ ਅਵਗੁਣ ਵਿਕਾਰ, ਕਰੂਰ ਰੂਪ, ਕ੍ਰੋਧ ਆਦਿ ਇਹਨਾਂ ਦੇ ਉਪਾਸ਼ਕਾਂ ਵਿੱਚ ਆਉਂਦੇ ਹਨ। ਗੁਰੂ ਜੀ ਇਹਨਾਂ ਦੀ ਸਿਫਤ ਸਾਲਾਹ, ਅਰਾਧਨਾ ਤੋਂ ਸਿੱਖਾਂ ਨੂੰ ਵਰਜਦੇ ਹਨ।

ਦਸਮ ਗ੍ਰੰਥ ਦੀਆਂ ਸਭ ਰਚਨਾਵਾਂ ਵਿੱਚ ੳਮ, ਕਾਲ ਪੁਰਖ ਕਾਲ, ਕਾਲੀ, ਦੁਰਗਾ, ਭਵਾਨੀ ਆਦਿ ਦੇਵੀ ਦੇਵਤਿਆਂ ਆਦਿ ਦੀ ਸਿਫਤ ਸਾਲਾਹ, ਨਮਸਕਾਰ ਤੇ ਇਹਨਾ ਸਕਤੀਆਂ ਦੇ ਸਿਮਰਣ ਦਾ ਉਪਦੇਸ਼ ਹੈ।

ਵੇਦ ਸ਼ਾਸਤਰ ਸਿਮ੍ਰਤੀਆਂ ਓਮ ਨੂੰ ਸੱਤ ਕਹਿੰਦੇ ਹਨ ਤੇ ਅਕਾਲ ਕਰਤਾ, ਨਿਰਭਉ, ਨਿਰਵੈਰ, ਅਜੂਨੀ ਤੇ ਸੈਭੰ ਵੀ ਕਹਿੰਦੇ ਹਨ। ਹਿੰਦੂ ਧਰਮ ਦਾ ਇਸ਼ਟ ਜਾਂ ਸਿਮਰਨ/ਧਿਆਨਯੋਗ ਹਸਤੀ, ਓਮ ਹੈ ਜਿਸ ਨੂੰ ਉਹ ਕਹਿੰਦੇ ਹਨ ਓਮ ਸੱਤ, ਓਮ ਨਮੋ ਆਦਿ। ਓਮ ਦੇ ਵਜੂਦ ਵਿੱਚ ਆਉਣ ਸਮੇਂ ਤੋਂ ਕਾਲ ਸ਼ੁਰੂ ਹੋਇਆ। ਹਿੰਦੂ ਧਰਮ ਸ਼ਾਸਤਰ, ਕਾਲ, ਕਾਲੀ ਤੇ ਇਸ ਤੋਂ ਹੀ ਉਪਜੀਆਂ ਸਕਤੀਆ ਕਾਲੀ, ਦੁਰਗਾ, ਭਵਾਨੀ, ਭਗੳ. ੁਤੀ ਆਦਿ ਦਾ ਵਰਣਨ ਕਰਦੇ ਹਨ, ਤੇ ਇਨ੍ਹਾਂ ਦੀ ਸਿਫਤ ਸਲਾਹ ਤੇ ਸਿਮਰਨ ਧਿਆਨ ਦਾ ਉਪਦੇਸ਼ ਦਿੰਦੇ ਹਨ।

ਗੁਰਬਾਣੀ ਵਿੱਚ ਵਰਤੇ ਸ਼ਬਦਾਂ ਦੇ ਅਰਥ ਗੁਰਬਾਣੀ ਕਰਦੀ ਹੈ। ਇਸੀ ਤਰ੍ਹਾਂ ਵੇਦਬਾਣੀ ਵਿੱਚ ਵਰਤੇ ਸ਼ਬਦਾਂ ਦੇ ਅਰਥ ਵੇਦਬਾਣੀ ਕਰਦੀ ਹੈ।

ਉਦਾਹਰਣ ਲਈ ਅਸੀਂ ਦਸਮ ਗ੍ਰੰਥ ਦੀਆਂ ਕੁੱਝ ਰਚਨਾਵਾਂ ਵਿੱਚੋ ਕਾਲ ਤੇ ਹੋਰ ਦੇਵੀ ਦੇਵਤਿਆਂ ਦੇ ਨਾਮ ਤੇ ਅਰਥ ਰਚਨਾਵਾਂ ਤੋਂ ਲੈ ਕੇਂ ਹੇਠਾਂ ਲਿਖੇ ਹਨ।

ਦਸਮ ਗ੍ਰੰਥ ਕ੍ਰਿਸ਼ਨ ਅਵਤਾਰ ਵਿੱਚ ਦਿੱਤੇ ਦੇਵੀ ਦੇਵਤਿਆਂ ਦੇ ਨਾਮ ਦਸਮ ਗ੍ਰੰਥ ਪੰਨਾ 309

ਦਸਮ ਗ੍ਰੰਥ ਦੇ ਕ੍ਰਿਸ਼ਨ ਅਵਤਾਰ ਪ੍ਰਸੰਗ ਵਿੱਚ ਦੇਵੀ ਦੀ ਉਸਤਤ ਲਿਖੀ ਹੈ। ਤੇ ਦੇਵੀ ਦੇ ਅਨੇਕਾਂ ਨਾਮ ਵੀ ਲਿਖੇ ਹਨ। ਜਿਸ ਤਰਾਂ ਦੁਰਗਾ, ਚੰਡੀ ਆਦਿ। ਇਹ ਸਭ ਕਾਲ/ਕਾਲੀ ਦੇ ਨਾਮ ਹਨ।

ਛੰਦ 421 ਤੋ 432 ਤਕ

(ਅਸੜ੍ਹਾਂ ਅਤੇ ਸਸਤ੍ਰਾਂ ਵਾਲੀ ਤੇ ਭਿਆਨਕ ਰੂਪ ਵਾਲੀ, ਅੰਬਕਾ, ਸੀਤਲਾ ਤੇ ਤੋਤਲਾ ਦੇਵੀ ਦੇ ਨਾਮ ਹਨ।)

ਛੰਦ 422

(ਭਵਾਨੀ, ਕਾਲਕਾ, ਜਾਲਪਾ (ਸਾਰਦਾ) ਯੋਗ ਮਾਇਆ ਤੇ ਈਸ਼ਵਰ ਦੀ ਸ਼ਕਤੀ।)

ਛੰਦ 424

(ਸਸਤ੍ਰਾਂ ਵਾਲੀ ਅਸਤ੍ਰਾਂ ਨੂੰ ਧਾਰਨ ਕਰਨ ਵਾਲੀ ਯੋਗ ਮਾਇਆ ਅਤੇ ਸਰਸਵਤੀ।)

ਛੰਦ 426

(ਮਹਾ ਭੈਰਵੀ, ਭੂਤਨੇਸ਼ਵਰੀ, ਅਤੇ ਭਵਾਨੀ, ਤਿੱਨਾ ਕਾਲਾਂ ਵਿੱਚ ਵਿਆਪਕ ਕ੍ਰਿਪਾਣ ਰੂਪ। ਪਿੰਗਲਾ, ਸੀਤਲਾ ਅਤੇ ਤੋਤਲਾ।)

ਛੰਦ 427

(ਅਸਤ੍ਰਾਂ ਅਤੇ ਸਸਤ੍ਰਾਂ ਨੂੰ ਧਾਰਨ ਕਰਨ ਵਾਲੀ! ਤੂੰਹੀ ਤੀਰ, ਤਲਵਾਰ, ਕਾਤੀ ਅਤੇ ਕਟਾਰੀ ਹੈਂ।)

ਛੰਦ 428

(ਤੂੰ ਹੀ ਰਾਜਸੀ, ਸਾਤਵਿਕੀ ਅਤੇ ਤਾਮਸੀ ਸ਼ਕਤੀ ਹੈਂ। ਦੈਂਤਣ, ਦੇਵ ਇਸੜ੍ਹੀ ਯਕਸ਼ਣੀ, ਕਿਨਰਣੀ, ਮਛਣੀੇ ਅਤੇ ਕਛਣੀ।)

ਛੰਦ 429

(ਦੇਵਤਿਆਂ ਦੇ ਸੁਆਸੀ, ਇੰਦਰ ਦੀ ਸ਼ਕਤੀ, ਅਤੇ ਦਾਨਵਾਂ ਦੇ ਸੁਆਸੀ ਦੀ ਸ਼ਕਤੀ ਵੀ ਤੂੰ ਹੈਂ।)

ਛੰਦ 430

(ਤੁੰ ਹੀ ਬ੍ਰਹਮਾ ਦੀ ਸ਼ਕਤੀ, ਵਿਸ਼ਣੂ ਦੀ ਸ਼ਕਤੀ ਅਤੇ ਸਿਵ ਦੀ ਸ਼ਕਤੀ। ਤੂੰ ਹੀ ਅੰਬਿਕਾ, ਦੁਸ਼ਟਾ ਨੂੰ ਮਾਰਨ ਵਾਲੀ ਅਤੇ ਮੁੰਡਾ ਦੀ ਮਾਲਾ ਵਾਲੀ ਹੈਂ। ਤੂੰ ਹੀ ਕਸ਼ਟਾਂ ਨੂੰ ਹਰਨ ਵਾਲੀ ਹੈਂ ਅਤੇ ਕ੍ਰਿਪਾ ਕਰਨ ਵਾਲੀ ਕ੍ਰਿਪਾਲੂ ਹੈਂ।)

ਛੰਦ 431

(ਤੂੰ ਹੀ ਦੇਵਤੇ, ਦੈਤ, ਯਕਸ਼ ਥਾਪੇ ਹਨ।)

ਛੰਦ 432

(ਤੂੰ ਹੀਂ ਰਾਮ ਹੋ ਕੇ ਦਸਾਂ ਸਿਰਾਂ ਵਾਲੇ ਰਾਵਣ ਨੂੰ ਮਾਰਿਆ ਸੀ, ਤੂੰ ਕ੍ਰਿਸ਼ਨ ਹੋ ਕੇ ਕੰਸ ਨੂੰ ਖਤਮ ਕੀਤਾ ਸੀ। ਸਾਰੇ ਦਸਮ ਗ੍ਰੰਥ ਦਾ ਅਧਿਐਨ ਕਰਨ ਨਾਲ ਇਹ ਸਪਸ਼ਟ ਹੈ ਕਿ ਰਚਨਾਵਾਂ ਵਿੱਚ ਸ਼ਕਤੀ, ਕਾਲ, ਕਾਲੀ, ਦੇਵੀ ਦੀ ਉਸਤਤ ਤੇ ਉਪਾਸ਼ਨਾ ਦਾ ਵਰਣਨ ਹੈ।)

ਸ਼ਸਤਰ ਨਾਮ ਮਾਲਾ ਵਿੱਚ ਦਿੱਤੇ ਦੇਵੀ ਦੇਵਤਿਆਂ ਦੇ ਨਾਮ ਪੰਨਾ 717 ਦਸਮ ਗ੍ਰੰਥ

ਦਸਮ ਗ੍ਰੰਥ ਦੀ ਦਸਵੀ ਰਚਨਾ ਸਸਤ੍ਰ੍ਹਾ ਨਾਮ ਮਾਲਾ ਪੁਰਾਣ ਸ਼੍ਰੀ ਭਗਉਤੀ ਜੀ ਸਹਾਇ ਤੋ ਆਰੰਭ ਹੂੰਦੀ ਹੈ। ਇਸ ਪੁਰਾਣ ਵਿੱਚ ਲਿਖਿਆ ਹੈ ਇਹ ਦੇਵੀ ਦੀ ਉਸਤਤਿ ਹੈ।

ਛੰਦ 4 ਤੀਰ ਤੂਹੀ ਸੈਖੀ ਤੁਹੀ, ਤੁਹੀ ਤਬਰ ਤਰਵਾਰਿ।।

ਨਾਮ ਤਿਹਾਰੋ ਜੋ ਜਪੈ ਭਏ ਸਿੰਧ ਭਵ ਪਾਰ।।

(ਹੇ ਸ਼੍ਰੀ ਭਗਉਤੀ ਤੂੰ ਹੀ ਤੀਰ ਹੈ, ਬਰਛੀ ਹੈ, ਤੂੰ ਹੀ ਛਵੀ ਹੈਂ ਤੇ ਤਲਵਾਰ ਹੈਂ। ਜੋ ਤੇਰੇ ਨਾਮ ਨੂੰ ਜਪਦਾ ਹੈ ਉਹੀ ਸੰਸਾਰ ਸਮੁੰਦਰ ਤੋ ਪਾਰ ਹੋਵੇਗਾ)

ਛੰਦ 5 ਕਾਲ ਤੁਹੀ ਕਾਲੀ ਤੁਹੀ, ਤੁਹੀ ਤੇਗ ਅਰੁ ਤੀਰ।।

ਤੁਹੀ ਨਿਸ਼ਾਨੀ ਜੀਤ ਕੀ ਆਜ ਤੁਹੀ ਜਗਬੀਰ।।

(ਤੁੰਹੀ ਕਾਲ ਹੈਂ, ਤੁੰਹੀ ਕਾਲੀ ਹੈਂ ਅਤੇ ਤੁੰਹੀ ਤੇਗ ਤੇ ਤੀਰ ਹੈਂ।।

ਤੁੰਹੀਂ ਜਿਤ ਦੀ ਨਿਸ਼ਾਨੀ ਹੈ ਅਤੇ ਅਜ ਤੁੰਹੀ ਜਗਤ ਵਿੱਚ ਸੂਰਮਾ ਹੈਂ।)

ਛੰਦ 7 ਸ਼ਸਤ੍ਰ ਅਸਤ੍ਰ ਤੁਮਹੀ ਸਿਪਰ ਤੁਮਹੀ ਕਵਚ ਨਿਖੰਗ।।

(ਹੇ ਦੇਵੀ ਭਗਉਤੀ ਤੂੰ ਹੀ ਸ਼ਸਤ੍ਰ ਅਸਤ੍ਰ ਹੈ ਤੂੰਹੀ ਢਾਲ ਸੰਜੋਅ ਤੇ ਭੱਥਾ ਹੈਂ। ਤੂੰ ਹੀਂ ਕਵਚਾਂ ਨੂੰ ਤੋੜਣ ਵਾਲੀ ਹੈ, ਤੂੰਹੀ ਸਾਰੇ ਰੂਪਾਂ ਵਿੱਚ ਵਿਆਪਕ ਹੈ।)

ਛੰਦ 27 ਸੈਫ ਸਰੋਹੀ ਸ਼ੱਤ੍ਰ ਅਰਿ ਸਾਰੰਗਾਰਿ ਜਿਹ ਨਾਮ।।

ਸਦਾ ਹਮਾਰੇ ਚਿੱਤ ਬਸੋ ਸਦਾ ਕਰੋ ਮਮ ਕਾਮ।।

(ਸੈਫ ਸਰੋਹੀ ਸ਼ਤ੍ਰ-ਆਦਿ ਤੇ ਸਰਿਗਾਰਿ ਜਿਸਦਾ ਨਾਮ ਹੈ। ਉਹ ਸਦਾ ਮੇਰੇ ਚਿੱਤ ਵਿੱਚ ਵਸਦੀ ਹੈ ਅਤੇ ਸਦਾ ਹੀ ਮੇਰੇ ਕੰਮ ਪੁਰੇ ਕਰਦੀ ਹੈ)

(ਇਂਤਿ ਸ਼੍ਰੀ ਨਾਮ ਮਾਲਾ ਪੁਰਾਣੇ ਸ਼੍ਰੀ ਭਗਉਤੀ ਉਸਤਤਿ ਪ੍ਰਿਥਮ ਧਿਆਇ ਸਮਾਪਤ ਮਸਤੁ ਸੁਭ ਮਸਤੁ)

ਪਖਯਾਨ ਚਰਿਤ੍ਰ ਵਿੱਚ ਦਿੱਤੇ ਦੇਵੀ ਦੇਵਤਿਆਂ ਦੇ ਨਾਮ

(ਦਸਮ ਗ੍ਰੰਥ ਪੰਨਾ 809)

ਪਖਿਆਨ ਚਰਿਤ੍ਰ, ਸ਼੍ਰੀ ਭਗਉਤੀ ਜੀ ਸਹਾਇ ਤੋਂ ਸ਼ੁਰੂ ਹੁੰਦਾ ਹੈ।

ਭੁਜੰਗ ਛੰਦ।। ਤ੍ਹਪ੍ਰਸਾਦਿ।।

ਤਵ ਪ੍ਰਸਾਦਿ ਦੇ ਅਰਥ ਹਨ ਸ਼੍ਰੀ ਭਗਉਤੀ ਦੀ ਕਿਰਪਾ ਨਾਲ।

ਛੰਦ 1

ਤੁਹੀ ਖੜਗਧਾਰਾ, ਤੁਹੀ ਬਾਢਵਾਰੀ, ਤੁਹੀ ਤੀਰ ਤਰਵਾਰ ਕਾਤੀ ਕਟਾਰੀ। ਹਲੱਬੀ, ਜੁਲੱਬੀ ਮਗਰਬੀ ਤੁਹੀ ਹੈ। ਨਿਹਾਰੋ ਜਹਾ ਆਪੁ ਠਾਢੀ ਵਹੀ ਹੈ।

(ਹੇ ਭਗੋਤੀ ਮਾਂ ਤੁਹੀ ਖੜਗ ਦੀ ਧਾਰ ਅਤੇ ਤੁਹੀ ਵਢੰਣ ਵਾਲੀ ਤਲਵਾਰ ਹੈ। ਤੁਹੀ ਤੀਰ ਤਲਵਾਰ, ਕਾਤੀ, ਕਟਾਰੀ, ਹਲਬੀ, ਜਲਬੀ, ਮਗਰਬੀ (ਆਦਿ ਇਲਾਕਿਆਂ ਦੇ ਸ਼ਸਤ੍ਰ ਅਸਤ੍ਰ) ਹੈਂ। ਜਿਥੇ ਵੀ ਵੇਖਦਾਂ ਹਾਂ ਉਥੇ ਹੀ (ਤੂੰ) ਆਪ ਖੜੋਤੀ ਹੋਈ ਹੈਂ।)

ਛੰਦ 2

ਤੁਹੀ ਜੋਗ ਮਾਯਾ, ਤੁਹੀ ਬਾਕਬਾਣੀ, ਤੁਹੀ ਆਪ ਰੂਪਾ, ਤੂਹੀ ਸ੍ਰੀ ਭਵਾਨੀ। ਤੁਹੀ ਬਿਸਨ ਤੂ ਬ੍ਰਹਮ ਤੂ ਰੁਦ੍ਰ ਰਾਜੈ। ਤੁਹੀ ਬਿਸਵ ਮਾਤਾ ਸਦਾ ਹੈ ਬਿਰਾਜੈ।

(ਹੇ ਭਗਉਤੀ ਤੂੰਹੀ ਜੋਗ ਮਾਯਾ ਹੈ ਤੁੰਹੀ ਭਵਾਨੀ ਹੈ, ਤੁੰਹੀ ਵਿਸ਼ਣੂ, ਬ੍ਰਹਮਾ ਅਤੇ ਰੁਦ੍ਰ (ਦੇ ਰੂਪ ਵਿੱਚ) ਸੁਭਾਇਮਾਨ ਹੈਂ, ਤੂੰਹੀ ਵਿਸ਼ਵ ਮਾਤਾ (ਵਜੋਂ) ਸਦਾ ਵਿਜੈਈ (ਰੂਪ ਵਿੱਚ) ਬਿਰਾਜਮਾਨ ਹੈਂ।

ਛੰਦ 7

ਤੁਹੀ ਕਾਲ ਕੀ ਰਾਤ੍ਰਿ ਹਵੈ ਕੈ ਬਿਹਾਰੈ। ਤੁਹੀ ਆਦਿ ਉਪਾਵੈ ਤੁਹੀ ਅੰਤ ਮਾਰੈ।

ਤੁਹੀ ਰਾਜ ਰਾਜੇਸਵਰੀ ਕੈ ਬਖਾਨੀ। ਤੁਹੀ ਚੌਦਹੂੰ ਲੋਕ ਕੀ ਆਪੁ ਰਾਨੀ।

ਤੂੰ ਹੀ ਕਾਲ-ਰਾਤ੍ਰੀ ਹੋ ਕੇ ਵਿਚਰਦੀ ਹੈਂ। ਤੂੰ ਹੀ (ਸ੍ਰਿਸ਼ਟੀ ਦਾ) ਆਰੰਭ ਕਰਦੀ ਹੈਂ ਅਤੇ ਤੂੰ ਹੀ ਅੰਤ ਵਿੱਚ ਨਸ਼ਟ ਵੀ ਕਰਦੀ ਹੈਂ। ਤੂੰ ਹੀ ਰਾਜਿਆਂ ਦੀ ਰਾਜੇਸ਼ਵਰੀ ਵਜੋ ਬਖਾਨ ਕੀਤੀ ਜਾਂਦੀ ਹੈਂ। ਤੂੰ ਆਪ ਹੀ ਚੌਦਾਂ ਲੋਕਾਂ ਦੀ ਰਾਣੀ ਹੈ।

ਛੰਦ 16

ਤੁੰਹੀ ਆਪ ਕੋ ਨਿਹਕਲੰਕੀ ਬਨੈ ਹੈ।।

ਸਭੈ ਹੀ ਮਲੇਛਾਨ ਕੋ ਨਾਸ ਕੈ ਹੈਂ।।

ਮਾਇਯਾ ਜਾਨ ਚੇਰੋ ਮਯਾ ਮੋਹਿ ਕੀਜੈ। ਚਹੌ ਚਿਤ ਮੈ ਜੋ ਵਹੈ ਮੋਹਿ ਦੀਜੈ।

ਹੇ ਭਗੌਤੀ ਮਾਂ ਤੂੰ ਹੀ ਆਪਣੇ ਆਪ ਨੂੰ ਨਿਹਕਲੰਕੀ (ਅਵਤਾਰ) ਬਣਾਏਂਗੀ ਅਤੇ ਸਾਰਿਆਂ ਮਲੇਛਾਂ ਦਾ ਨਾਸ਼ ਕਰੇਂਗੀ। ਹੇ ਮਾਤਾ! (ਮੈਨੂੰ) ਆਪਣਾ ਸੇਵਕ ਸਮਝ ਕੇ ਮੇਰੇ ਉਤੇ ਕਿਰਪਾ ਕਰੋ। ਮੈਂ ਜੋ ਚਿਤ ਵਿੱਚ ਚਾਹੁੰਦਾ ਹਾਂ, ਉਹੀ ਮੈਨੂੰ ਪ੍ਰਦਾਨ ਕਰੋ।

ਛੰਦ 91

ਤੁਮ ਹੋ ਸਕਲ ਲੋਕ ਸਿਰਤਾਜਾ। ਗਰਬਨ ਗੰਜ ਗਰੀਬ ਨਿਵਾਜਾ।

ਆਦਿ ਅਕਾਲ ਅਜੋਨਿ ਬਿਨਾ ਭੈ। ਨਿਰਬਿਕਾਰ ਨਿਰਲੰਬ ਜਗਤ ਮੈ।

ਨਿਰਬਿਕਾਰ ਨਿਰਜੁਰ ਅਬਿਨਾਸੀ। ਪਰਮ ਜੋਗ ਕੇ ਤਤੁ ਪ੍ਰਕਾਸੀ।

ਨਿਰੰਕਾਰ ਨਵ ਨਿਤ੍ਰਯ ਸੁਯੰਭਵ। ਤਾਤ ਮਾਤ ਜਹ ਜਾਤ ਨ ਬੰਧਵ।

(ਹੇ ਭਗਉਤੀ ਮਾਂ ਤੁਸੀਂ ਸਾਰਿਆਂ ਲੋਕਾਂ ਦੇ ਸਿਰਤਾਜ ਹੋਂ। ਹੰਕਾਰੀਆਂ ਨੂੰ ਨਸ਼ਟ ਕਰਨ ਵਾਲੇ ਅਤੇ ਗਰੀਬਾੰ ਨੂੰ ਨਿਵਾਜਣ ਵਾਲੇ ਹੋ। (ਤੁਸੀਂ) ਜਗਤ ਵਿੱਚ ਆਦਿ (ਮੁਢ ਕਦੀਮ ਦੇ), ਅਕਾਲ ਅਜੂਨੀ, ਨਿਰਭੈ, ਨਿਰਵਿਕਾਰ, ਨਿਰਲੰਬ (ਬਿਨਾ ਸਹਾਰੇ ਦੇ) ਹੋ।

ਵੇਦ ਮਤ ਅਨੁਸਾਰ ਇਹ ਸਭ ਗੁਣ ਕਾਲ ਭਗਉਤੀ ਦੇ ਹਨ।

ਗੁਰਬਾਣੀ ਅਨੁਸਾਰ ਉਪਰ ਦਿਤੇ ਗੁਣ ਇਂਕ ਏਕੰਕਾਰ ਅਕਾਲ ਪੁਰਖ ਦੇ ਹਨ।

ਕੁਝ ਅਰਥ (ਮਹਾਨ ਕੋਸ਼) -

ਭਗਵਤੀ = ਦੁਰਗਾ ਦੇਵੀ

ਖੜਗ, ਤਲਵਾਰ (ਲਈ ਭਗਉਤੀ ਦੁਰਗਸ਼ਾਹ)

ਭਵਾਨੀ = ਸ਼ਿਵ ਦੀ ਇਸਤ੍ਰੀ।

ਕਾਲੀ = ਕਾਲਿਕਾ। ਕਾਲੇ ਰੰਗ ਦੀ ਦੇਵੀ। ਕਾਲ ਮਹਾਕਾਲ

ਹੀ ਭਵਾਨੀ ਦੇਵੀ ਹੈ।

ਕਾਲੀ = ਮਹਾਕਾਲੀ। (ਪ੍ਰਥਮ ਕਾਲ ਸਭ ਜਗਹੋਂ ਤਾਤਾ।

ਤਾਂਤੇ ਭਯੋ ਤੇਜ ਵਿਖਿਆਤਾ।

ਸੋਈ ਭਵਾਨੀ ਨਾਮ ਕਹਾਈ।)

ਦੁਰਗ ਸਪਤਸਤੀ - (ਸਤ ਸੌ ਸਲੋਕਾਂ ਦੀ ਦੁਰਗ ਮਹਿਮਾ

ਮਾਰਕੰਡੇ ਪੁਰਾਣ ਦਾ ਅਧਯਾਯ 81 ਤੋਂ 93 ਤਕ।)

ਚੰਡੀ = ਦੁਰਗਾ, ਚੰਡ ਦੈਤ ਦੇ ਮਾਰਨ ਵਾਲੀ।

ਕਾਲ = ਸ਼ਿਵ = ਲੋਹਾ। ਮਹਾਕਾਲ ਜੋ ਵਿਸ਼ਵ ਨੂੰ ਲੈ ਕਰਦਾ ਹੈ।

ਚੰਡਿਕਾ = ਕ੍ਰੋਧ ਵਾਲੀ ਇਸਤਰੀ।

ਕਾਲੀ ਦੇ ਅਨੇਕਾਂ ਨਾਮ ਹਨ।

ਗੁਰਬਾਣੀ ਇਕੋ ਇੱਕ ਸਦੈਵੀ ਹਸਤੀ ਜੋਤਿ ਰੂਪ ਪਾਰਬਹ੍ਰਮ ਦੀ ਸਿਫਤ ਸਾਲਾਹ, ਜਪ ਸਿਮਰਣ ਧਿਆਨ ਦਾ ਉਪਦੇਸ਼ ਦਿੰਦੀ ਹੈ। ਗੁਰਬਾਣੀ ਸਭ ਦੇਵੀ ਦੇਵਤਿਆਂ ਦੇ ਜਪ ਸਿਮਰਨ, ਅਰਾਧਨਾ, ਦੁਰਗ ਸਪਤਸਤੀ ਦੇ ਪਾਠ ਤੋਂ ਵਰਜਦੀ ਹੈ। ਇਸ ਤਰ੍ਹਾਂ ਇਹਨਾਂ ਦੇ ਸਭ ਅਵਗੁਣ ਵਿਕਾਰ ਇਹਨਾਂ ਦੀ ਅਰਾਧਨਾ ਕਰਨ ਵਾਲਿਆਂ ਵਿੱਚ ਆਉਂਦੇ ਹਨ।

ਡਾ: ਗੁਰਮੁਖ ਸਿੰਘ.