.

ਰਹਰਾਸਿ ਬਾਣੀ ਦੀ ਬਣਤਰ ਤੇ ਵਿਸ਼ਲੇਸ਼ਣ

ਰਹਰਾਸਿ ਸਿੱਖ ਦੀਆਂ ਨਿਤਨੇਮ ਦੀਆਂ ਬਾਣੀਆਂ ਵਿਚੋਂ ਸ਼ਾਮ ਨੂੰ ਪੜ੍ਹੀ ਜਾਣ ਵਾਲੀ ਬਾਣੀ ਹੈ। ਇਸਦੀ ਅਰੰਭਤਾ ਸੋ ਦਰੁ ਵਾਲੇ ਸ਼ਬਦ ਤੋਂ ਹੋਣ ਕਰਕੇ ਇਸ ਨੂੰ ਸੋ ਦਰੁ ਰਹਰਾਸਿ ਵੀ ਕਿਹਾ ਜਾਂਦਾ ਹੈ। ਪੁਰਾਤਨ ਰਹਿਤਨਾਮਿਆਂ ਵਿੱਚ ਇਸ ਬਾਣੀ ਦਾ ਜ਼ਿਕਰ ਮਿਲਦਾ ਹੈ। ਜਿਵੇਂ
“ਸੰਧਿਆ ਸਮੇ ਸੁਨੇ ਰਹਿਰਾਸ” ਅਤੇ ਬਿਨ ਰਹਿਰਾਸ ਸਮਾਂ ਜੋ ਖੋਵੇ …
ਭਾਈ ਗੁਰਦਾਸ ਜੀ ਗੁਰਸਿਖਾਂ ਦੇ ਇਸ ਬਾਣੀ ਦਾ ਨੇਮ ਨਾਲ ਪਾਠ ਕਰਨ ਬਾਰੇ ਲਿਖਦੇ ਹਨ –
ਸੰਝੇ ਸੋ ਦਰੁ ਗਾਵੀਐ ਮਨ ਮੇਲੀ ਕਰ ਮੇਲ ਮਿਲੰਦੇ॥
ਪੰਥ ਪ੍ਰਵਾਨਤ ਸਿੱਖ ਰਹਿਤ ਮਰਿਯਾਦਾ ਬਣਾਉਣ ਵੇਲੇ ਵਿਦਵਾਨਾਂ ਨੇ ਇਸ ਬਾਣੀ ਦੀ ਜੋ ਤਰਤੀਬ ਉਲੀਕੀ ਸੀ, ਉਹ ਇਸ ਤਰਾਂ ਹੈ –
ਸੋ ਦਰੁ ਰਹਿਰਾਸ- ਸ਼ਾਮ ਵੇਲੇ ਸੂਰਜ ਡੁੱਬੇ ਪੜ੍ਹਨੀ। ਇਸ ਵਿੱਚ ਇਹ ਬਾਣੀਆਂ ਸ਼ਾਮਲ ਹਨ:-
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖੇ ਹੋਏ ਨੌ ਸ਼ਬਦ ('ਸੋ ਦਰੁ' ਤੋਂ ਲੈ ਕੇ 'ਸਰਣਿ ਪਰੇ ਕੀ ਰਾਖਹੁ
ਸਰਮਾ' ਤਕ), ਬੇਨਤੀ ਚੌਪਈ ('ਹਮਰੀ ਕਰੋ ਹਾਥ ਦੇ ਰੱਛਾ' ਤੋਂ ਲੈ ਕੇ 'ਦੁਸਟ ਦੋਖ ਤੇ ਲੇਹੁ ਬਚਾਈ' ਤਕ, ਸ੍ਵੈਯਾ ('ਪਾਇ ਗਹੈ ਜਬ ਤੇ ਤੁਮਰੇ') ਅਤੇ ਦੋਹਰਾ ('ਸਗਲ ਦੁਆਰ ਕਉ ਛਾਡਿ ਕੈ')
ਅਨੰਦ ਦੀਆਂ ਪਹਿਲੀਆਂ ਪੰਜ ਪਉੜੀਆਂ ਤੇ ਅੰਤਲੀ ਇੱਕ ਪਉੜੀ', ਮੁੰਦਾਵਣੀ ਤੇ ਸਲੋਕ ਮਹਲਾ 5 `ਤੇਰਾ
ਕੀਤਾ ਜਾਤੋ ਨਾਹੀ। '
ਇਸ ਬਾਣੀ ਵਿੱਚ ਜੋ 9 ਸ਼ਬਦ ਅਰੰਭ ਵਿੱਚ ਸ਼ਾਮਲ ਹਨ। ਇਹਨਾਂ ਵਿਚੋਂ 5 ਸ਼ਬਦ ਸੋ ਦਰੁ ਦੇ ਸਿਰਲੇਖ ਅਤੇ ਚਾਰ ਸਬਦ ਸੋ ਪੁਰਖ ਦੇ ਸਿਰਲੇਖ ਹੇਠ ਹਨ। ਇਸ ਤਰਾਂ ਆਸਾ ਰਾਗ ਵਿੱਚ 7 ਸ਼ਬਦ ਹਨ ਤੇ ਗੂਜਰੀ ਵਿੱਚ 2 ਸ਼ਬਦ ਹਨ। ਇਹ 9 ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਪੰਨਾ 8 ਤੋਂ 12 ਤੱਕ ਦਰਜ ਹਨ। ਯਾਦ ਰਹੇ ਇਹ ਸਾਰੇ ਸ਼ਬਦ ਥੋੜੇ ਜਿਹੇ ਲਗਾਂ ਮਾਤਰਾਂ ਦੇ ਵਖਰੇਵੇਂ ਨਾਲ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਰਾਗ ਆਸਾ ਤੇ ਗੁਜਰੀ ਵਿੱਚ ਵੀ ਦਰਜ ਹਨ।
ਇਹਨਾਂ ਸ਼ਬਦਾਂ ਤੋਂ ਬਾਅਦ ਕਬਿਯੋਬਾਚ ਬੇਨਤੀ ਚੌਪਈ ਹੈ। ਇਹ ਚੌਪਈ ਦਸਮ ਗ੍ਰੰਥ ਦੀ ਲਿਖਤ ਚਰਿਤ੍ਰੋ ਪਾਖਿਆਨ ਦੇ ਵਿਚੋਂ ਲਈ ਗਈ ਹੈ। ਰਹਰਾਸਿ ਵਿੱਚ ਸ਼ਾਮਲ ਚੌਪਈ 311 ਤੋਂ ਸ਼ੁਰੂ ਹੁੰਦੀ ਹੈ। ਅਗਲਾ ਸਵੱਯਾ “ਪਾਇ ਗਹੇ ਜਬ ਤੇ ਤੁਮਰੇ ਤੇ ਦੋਹਰਾ ਸਗਲ ਦੁਆਰ ਕਉ ਛਾਡਿ ਕੈ” ਵਾਲਾ ਚੌਬੀਸ ਅਵਤਾਰ ਦੇ ਅਖੀਰਲੇ ਨੰ: 863 ਅਤੇ 864 ਤੇ ਹਨ।
ਯਾਦ ਰਹੇ ਰਹਰਾਸਿ ਵਿੱਚ ਦਸਮ ਗ੍ਰੰਥ ਦੀਆਂ ਇਹਨਾਂ ਤਿੰਨਾਂ ਹੀ ਲਿਖਤਾਂ ਬਾਰੇ ਵਿਦਵਾਨਾਂ ਵਿੱਚ ਡੂੰਘੇ ਮਤਭੇਦ ਹਨ। ਫਿਰ ਵੀ ਇਹ ਉਦੋਂ ਤੱਕ ਪੜ੍ਹੇ ਜਾਣੇ ਚਾਹੀਦੇ ਹਨ ਜਿੰਨ੍ਹਾਂ ਚਿਰ ਸ੍ਰੀ ਅਕਾਲ ਤਖਤ ਵਾਲੀ ਮਰਯਾਦਾ ਵਿੱਚ ਪੰਥਕ ਤਬਦੀਲੀ ਨਹੀਂ ਹੁੰਦੀ। ਇਸ ਤੋਂ ਅੱਗੇ ਅਨੰਦ ਸਾਹਿਬ ਦੀਆਂ ਪਹਿਲੀਆਂ ਪੰਜ ਪਉੜੀਆਂ ਤੇ ਇੱਕ ਅਖੀਰਲੀ ਪਉੜੀ ਸ਼ਾਮਲ ਹੈ। ਜੋ ਗੁਰੁ ਗ੍ਰੰਥ ਸਾਹਿਬ ਜੀ ਦੇ ਪੰਨਾ 918 ਤੋਂ 922 ਤੱਕ ਅਨੰਦ ਸਾਹਿਬ ਦੀ ਬਾਣੀ ਦਰਜ ਹੈ।
ਇਸਤੋਂ ਅੱਗੇ ਮੁੰਦਾਵਣੀ ਮ: 5 “ਥਾਲ ਵਿਚਿ ਤਿੰਨ ਵਸਤੂ ਪਈਓ ਸਤੁ ਸੰਤੋਖ ਵੀਚਾਰੋ” ਅਤੇ ਸਲੋਕ ਮਹਲਾ “ਤੇਰਾ ਕੀਤਾ ਜਾਤੋ ਨਾਹੀ” ਵਾਲਾ ਸਲੋਕ ਜੋ ਗੁਰੁ ਗ੍ਰੰਥ ਸਾਹਿਬ ਜੀ ਅਖੀਰ ਵਿੱਚ ਪੰਨਾ 1429 ਤੇ ਦਰਜ ਹੈ।
ਪਰ ਅਜ ਕਲ੍ਹ ਜੋ ਸਰੂਪ ਰਹਰਾਸਿ ਦੀ ਬਾਣੀ ਦਾ ਦੇਖਣ ਨੂੰ ਮਿਲ ਰਿਹਾ ਹੈ ਉਸ ਤੋਂ ਸਾਡੀ ਪੰਥਕ ਫੁੱਟ ਦਾ ਅੰਦਾਜਾ ਲਾਉਣਾ ਮੁਸ਼ਕਲ ਨਹੀਂ। ਰਹਰਾਸਿ ਦੇ ਪਾਠ ਦੇ ਵਖਰੇਵਿਆਂ ਬਾਰੇ ਸਿੱਖ ਪੰਥ ਦੇ ਮਹਾਨ ਖੋਜੀ ਵਿਦਵਾਨ ਪ੍ਰਿੰਸੀਪਲ ਹਰਭਜਨ ਸਿੰਘ ਚੰਡੀਗੜੁ ਸਾਬਕਾ ਪ੍ਰਿੰਸੀਪਲ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਵਾਲਿਆਂ ਨੇ ਲਿਖਿਆ ਸੀ – ਮੇਰੇ ਪਾਸ 10 ਤੋਂ ਵੱਧ ਗੁਟਕੇ ਹਨ ਜਿਹਨਾਂ ਵਿੱਚ ਰਹਰਾਸਿ ਦੀ ਬਣਤਰ ਇੱਕ ਦੂਜੇ ਤੋਂ ਵਖਰੀ ਹੈ। ਕਿਸੇ ਵੀ ਗੁਟਕੇ ਦੀ ਰਹਰਾਸਿ ਦੂਜੇ ਗੁਟਕੇ ਨਾਲ ਮੇਲ ਨਹੀਂ ਖਾਂਦੀ। ਸਾਡੀ ਹਾਲਤ ਤਾਂ ਤਿੰਨ ਪੂਰਬੀਏ ਤੇ ਤੇਰਾਂ ਚੁਲ੍ਹਿਆਂ ਵਾਲੀ ਬਣੀ ਹੋਈ ਹੈ। ਹਰ ਇੱਕ ਗੁਟਕੇ ਵਿੱਚ ਰਹਰਾਸਿ ਦਾ ਅਰੰਭ ਤੇ ਅੰਤ ਵੱਖਰਾ ਹੋਣਾ ਇਸ ਗੱਲ ਦਾ ਸਬੂਤ ਹੈ ਕੇ ਅਸੀਂ ਆਪੁਣੀ ਮਨ ਮਰਜੀ ਕਰਕੇ ਸਿੱਖ ਪੰਥ ਨੂੰ ਵੰਡਣ ਵਿੱਚ ਕੋਈ ਕਸਰ ਨਹੀਂ ਛੱਡ ਰਹੇ।
ਕਈ ਸੱਜਣ ਰਹਰਾਸਿ ਦੀ ਬਾਣੀ ਪੜ੍ਹਨ ਤੋਂ ਪਹਿਲਾਂ ਹਰਿ ਜੁਗ ਜੁਗ ਭਗਤ ਉਪਾਇਆ ਵਾਲਾ ਛੰਤ ਪੜ੍ਹਦੇ ਹਨ। ਕਈ “ਦੁਖ ਦਾਰੂ ਸੁਖ ਰੋਗ ਭਇਆ” ਤੋਂ ਅਰੰਭ ਕਰਦੇ ਹਨ। ਕਈ ਦੁਖ ਦਾਰੂ ਤੋਂ ਪਹਿਲਾਂ ਸੰਖੇਪ ਮੂਲ ਮੰਤਰ ਪੜ੍ਹਦੇ ਹਨ। ਇਸੇ ਤਰਾਂ ਰਹਰਾਸਿ ਦੀ ਸਮਾਪਤੀ ਵੀ ਵੱਖਰੇ-ਵੱਖਰੇ ਸ਼ਬਦਾਂ ਨਾਲ ਹੁੰਦੀ ਹੈ।
ਆਓ ਅਸੀਂ ਠਰੰਮੇ ਨਾਲ ਵਿਚਾਰ ਕਰੀਏ ਕਿ ਕੀ ਪੰਥਕ ਰਹਿਤ ਮਰਿਯਾਦਾ ਅਨੁਸਾਰ ਪੜ੍ਹੀ ਜਾਂਦੀ ਰਹਰਾਸਿ ਵਿੱਚ ਮਨਮਰਜੀ ਦੇ ਵਾਧੇ ਘਾਟੇ ਕਰਨੇ ਕਿੱਥੋਂ ਤੱਕ ਜਾਇਜ ਹਨ। ਜੋ ਸੱਜਣ ਹਰਿ ਜੁਗ ਜੁਗ ਭਗਤ ਉਪਾਇਆ ਵਾਲਾ ਛੰਤ ਪੜ੍ਹਦੇ ਹਨ। ਉਹ ਛੰਤ ਆਸਾ ਦੀ ਵਾਰ ਵਿੱਚ ਪੜ੍ਹਿਆ ਜਾਣ ਵਾਲਾ ਚੌਵੀਵਾਂ ਛੰਤ ਹੈ। ਜੋ ਗੁਰੁ ਗ੍ਰੰਥ ਸਾਹਿਬ ਜੀ ਦੇ ਪੰਨੇ 451 ਤੇ ਦਰਜ ਹੈ। ਜਰਾ ਵਿਚਾਰੋ ਜਪੁਜੀ ਦੇ ਉਪਰੰਤ ਪੰਨਾ 8 ਤੋਂ ਪੜ੍ਹੀ ਜਾਣ ਵਾਲੀ ਰਹਰਾਸਿ ਵਿੱਚ ਇਹ ਛੰਤ ਕਿਵੇਂ ਲਗਾ ਦਿਤਾ?
ਕਈ ਸੱਜਣ ਇਸ ਛੰਤ ਤੋਂ ਪਹਿਲਾਂ ਮੂਲ ਮੰਤਰ ਪੜ੍ਹਦੇ ਹਨ ਤੇ ਕਈ ਗੁਟਕਿਆਂ ਵਿੱਚ “ਦੁਖ ਦਾਰੂ ਸੁੱਖ ਰੋਗ ਭਇਆ” ਤੋਂ ਪਹਿਲਾਂ ਮੂਲ ਮੰਤਰ ਲਿਖਿਆ ਵੀ ਹੋਇਆ ਹੈ। ਦੁਖ ਦਾਰੂ ਵਾਲਾ ਸਲੋਕ ਵੀ ਆਸਾ ਕੀ ਵਾਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 499 ਤੇ ਦਰਜ ਹੈ। ਕੀ ਇਸ ਸਲੋਕ ਤੋਂ ਪਹਿਲਾਂ ਮੂਲ ਮੰਤਰ ਦਾ ਪਾਠ ਹੈ? ਫਿਰ ਅਸੀਂ ਕਿੱਥੋ ਅਧਿਕਾਰ ਲਿਆ ਤੇ ਆਪਣੀ ਮਰਜੀ ਨਾਲ ਮੂਲ ਮੰਤਰ ਲਿਖ ਲਿਆ ਤੇ ਪੜ੍ਹ ਦਿੱਤਾ। ਇਸ ਸਲੋਕ ਤੋਂ ਅਗੇ ਦੋ ਸਲੋਕ ਅਤੇ ਇੱਕ ਪਉੜੀ ਵੀ ਹੈ। ਇਹ ਸਲੋਕ ਅਤੇ ਪਉੜੀ ਰਹਰਾਸਿ ਦੇ ਪਾਠ ਵਿੱਚੋਂ ਕਿਵੇਂ ਕੱਟ ਦਿੱਤੇ ਗਏ। ਜਦਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਲੋਕ ਪਉੜੀ ਸਮੇਤ ਹਨ।
ਸਿੱਖ ਰਹਿਤ ਮਰਿਯਾਦਾ ਵਿੱਚ ਹੁਕਮ ਲੈਣ ਦੀ ਮਰਿਯਾਦਾ ਹੇਠ ਲਿਖੇ ਅਨੁਸਾਰ ਹੈ—
ਹ) 'ਹੁਕਮ' ਲੈਣ ਲੱਗਿਆਂ ਖੱਬੇ ਪੰਨੇ ਦੇ ਉਤਲੇ ਪਾਸਿਓਂ ਪਹਿਲਾ ਸ਼ਬਦ ਜੋ ਜਾਰੀ ਹੈ, ਮੁੱਢ ਤੋਂ ਪੜਨ੍ਹਾ
ਚਾਹੀਏ। ਜੇ ਉਸ ਸ਼ਬਦ ਦਾ ਮੁੱਢ ਪਿਛਲੇ ਪੰਨੇ ਤੋਂ ਸ਼ੁਰੂ ਹੁੰਦਾ ਹੈ ਤਾਂ ਪੱਤਰਾ ਪਰਤ ਕੇ ਪੜਨ੍ਹਾ ਸ਼ੁਰੂ ਕਰੋ
ਅਤੇ ਸ਼ਬਦ ਸਾਰਾ ਪੜ੍ਹੋ। ਜੇ ਵਾਰ ਹੋਵੇ ਤਾਂ ਪਉੜੀ ਦੇ ਸਾਰੇ ਸਲੋਕ ਤੇ ਪਉੜੀ ਪੜਨ੍ਹੀ ਚਾਹੀਏ। ਸ਼ਬਦ ਦੇ
ਅੰਤ ਵਿੱਚ ਜਿਥੇ 'ਨਾਨਕ' ਨਾਮ ਆ ਜਾਵੇ, ਉਸ ਤੁਕ ਤੇ ਭੋਗ ਪਾਇਆ ਜਾਵੇ।
(ਸਿੱਖ ਰਹਿਤ ਮਰਿਯਾਦਾ ਪੰਨਾ 16)
ਜੇ ਹੁਕਮ ਲੈਣ ਵੇਲੇ ਪਉੜੀ ਦੇ ਸਾਰੇ ਸਲੋਕ ਪੜ੍ਹਨੇ ਜਰੂਰੀ ਹਨ ਤਾਂ ਰਹਰਾਸਿ ਦੇ ਪਾਠ ਵੇਲੇ ਇਸ ਨਿਯਮ ਦੀ ਪਾਲਣਾ ਕਿਉਂ ਨਹੀਂ ਕੀਤੀ ਜਾਂਦੀ?
ਕਬਿਯੋਬਾਚ ਬੇਨਤੀ ਚੌਪਈ ਤੋਂ ਪਹਿਲਾਂ ਕਈ ਕਿਸਮ ਦੀਆਂ ਅੜਿਲ ਚੌਪਈਆਂ ਪੜ੍ਹੀਆਂ ਜਾਂਦੀਆਂ ਹਨ। ਜਿਥੇ ਇਹਨਾਂ ਚੌਪਈਆਂ ਦਾ ਪੜ੍ਹਿਆ ਜਾਣਾ ਸਿੱਖ ਰਹਿਤ ਮਰਿਯਾਦਾ ਦੀ ਉਲੰਘਣਾ ਹੈ ਉਥੇ ਕਿਸੇ ਗ੍ਰੰਥ ਨੂੰ ਪੂਰੇ ਕਰਨ ਦੀਆਂ ਗੱਲਾਂ ਵਾਧੂ ਕਥਾ ਕਹਾਣੀਆਂ ਤੋਂ ਬਿਨਾਂ ਕੁੱਝ ਨਹੀਂ ਹਨ। ਖਾਸ ਕਰਕੇ ਰਹਰਾਸਿ ਦੇ ਪਾਠ ਵਿੱਚ ਚਲਦੇ ਪਰਕਰਮ ਅਨੁਸਾਰ।
ਕਈਆਂ ਗੁਟਕਿਆਂ ਵਿੱਚ ਰਹਰਾਸਿ ਦੇ ਅੰਤ ਵਿੱਚ “ਨਾਨਕ ਨਾਮ ਮਿਲੈ ਤਾ ਜੀਵਾ” ਵਾਲੇ ਸਲੋਕ ਦੇ ਬਾਅਦ ਤਿਥੈ ਤੂ ਸਮਰਥ ਜਿਥੈ ਕੋਈ ਨਾਹਿ ਵਾਲੀ ਪਉੜੀ ਹੈ। ਯਾਦ ਰਹੇ ਇਹ ਪਉੜੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 961 ਰਾਮਕਲੀ ਕੀ ਵਾਰ ਮਹਲਾ 5 ਦੇ ਸਿਰਲੇਖ ਹੇਠ ਦਰਜ ਹੈ। ਇਸ ਪਉੜੀ ਤੋਂ ਪਹਿਲਾਂ ਗੁਰ ਅਰਜੁਨ ਸਾਹਿਬ ਜੀ ਦੇ 2 ਸਲੋਕ ਦਰਜ ਹਨ। ਇਨਾਂ ਦੋਨਾ ਸਲੋਕਾਂ ਨੂੰ ਛੱਡ ਦੇਣਾ ਕਿਥੋਂ ਦੀ ਸਿਆਣਪ ਹੈ?
“ਅੰਤਰ ਗੁਰੂ ਆਰਾਧਣਾ ਜਿਹਵਾ ਜਪਿ ਗੁਰ ਨਾਉ” ਵਾਲਾ ਸ਼ਲੋਕ ਗੁਰੂ ਗ੍ਰੰਥ ਸਾਹਿਬ ਪੰਨਾ 497 ਤੇ ਦਰਜ ਹੈ। ਇਹ ਸਲੋਕ ਰਾਗ ਗੂਜਰੀ ਦੀ ਵਾਰ ਦਾ ਪਹਿਲਾ ਸਲੋਕ ਹੈ। ਇਸ ਸਲੋਕ ਤੋਂ ਪਹਿਲਾਂ ਸੰਖੇਪ ਮੂਲ ਮੰਤਰ ਹੈ ਪਰ ਇਸ ਨੂੰ ਪਾਠ ਕਰਨ ਵੇਲੇ ਸਾਰੇ ਸਜਣ ਪੜ੍ਹਦੇ ਨਹੀ ਹਨ ਅਤੇ ਨਾਹੀਂ ਗੁਟਕਿਆਂ ਵਿੱਚ ਦਰਜ ਕੀਤਾ ਗਿਆ ਹੈ। ਕੀ ਆਪਣੇ ਮਨ ਮਰਜ਼ੀ ਨਾਲ ਮੂਲ ਮੰਤਰ ਇਸ ਸਲੋਕ ਤੋਂ ਪਹਿਲਾਂ ਕਟ ਦੇਣਾ ਗੁਰਬਾਣੀ ਦੀ ਬੇਅਦਬੀ ਨਹੀਂ ਹੈ?
ਫਿਰ “ਰਖੇ ਰਖਣਹਾਰ ਆਪ ਉਬਾਰਿਅਨੁ ਵਾਲਾ ਸਲੋਕ ਤਾਂ ਪੜ੍ਹਿਆ ਜਾਂਦਾ ਹੈ ਪਰ ਅਗਲੀ ਪਉੜੀ “ਅਕੁਲ ਨਿਰੰਜਨਾ ਵਾਲੀ ਨਹੀ ਪੜ੍ਹੀ ਜਾਂਦੀ। ਜਦਕਿ ਅਜਿਹਾ ਕਰਨ ਵਾਲੇ ਸਾਰੇ ਸੱਜਣ ਬਾਣੀ ਵੱਧ ਤੋਂ ਵੱਧ ਪੜ੍ਹਨ ਦੀ ਵਕਾਲਤ ਕਰਦੇ ਹਨ। ਜੇ ਅਜਿਹੇ ਸੱਜਣਾਂ ਨੂੰ ਨਿਮਰਤਾ ਸਾਹਿਤ ਬੇਨਤੀ ਕੀਤੀ ਜਾਵੇ ਤਾਂ ਅੱਗੋ ਜਬਾਬ ਦਿੰਦੇ ਹਨ ਕਿ ਅਸੀਂ ਬਾਣੀ ਜਿਆਦਾ ਪੜ੍ਹਦੇ ਹਾਂ ਕੋਈ ਗਲਤੀ ਨਹੀਂ ਕਰਦੇ। ਫਿਰ ਕਹਿਣਗੇ ਇਹ ਸਾਡੇ ਮਹਾਂਪੁਰਖਾਂ ਦੀ ਜਥੇ ਜਾਂ ਬਾਬਿਆਂ ਦੀ ਮਰਿਯਾਦਾ ਹੈ। ਜੇ ਇਨ੍ਹਾਂ ਨੂੰ ਕਹੀਏ ਕਿ ਇਸ ਤਰਾਂ ਕਰਨ ਨਾਲ ਪੰਥਕ ਏਕਤਾ ਖੇਰੂੰ ਖੇਰੂੰ ਹੁੰਦੀ ਹੈ ਤੇ ਸਿੱਖ ਰਹਿਤ ਮਰਿਯਾਦਾ ਦੀ ਉਲੰਘਣਾ ਹੈ। ਅੱਗੋਂ ਜਬਾਬ ਦੇਣਗੇ ਅਸੀਂ ਅਕਾਲੀਆਂ ਦੀ ਮਰਿਯਾਦਾ ਨੂੰ ਨਹੀਂ ਮੰਨਦੇ। ਇਹ ਇਨ੍ਹਾਂ ਸੱਜਣਾਂ ਦੀ ਵੱਡੀ ਭੁੱਲ ਤੇ ਅਗਿਆਨਤਾ ਹੈ ਕਿਉਕਿ ਸਿੱਖ ਰਹਿਤ ਮਰਿਯਾਦਾ ਅਕਾਲੀਆਂ ਨੇ ਨਹੀਂ ਬਣਾਈ, ਸਗੋਂ ਪੰਥ ਦੇ ਉਚੇ ਕੋਟੀ ਦੇ ਵਿਦਵਾਨਾਂ ਨੇ ਇੱਕ ਦਹਾਕੇ ਤੋਂ ਵੱਧ ਸਮਾਂ ਲਗਾ ਕੇ ਮਰਿਯਾਦਾ ਨੂੰ ਅੰਤਮ ਰੂਪ ਦਿੱਤਾ। ਇਹ ਮਰਿਯਾਦਾ ਸ਼੍ਰੀ ਅਕਾਲ ਤਖਤ ਤੋਂ ਪ੍ਰਵਾਨਤ ਹੈ। ਇਸੇ ਕਰਕੇ ਸਮੇਂ ਸਮੇਂ ਅਕਾਲ ਤਖਤ ਤੋਂ ਕੌਮ ਦੇ ਨਾਂ ਆਦੇਸ ਜਾਰੀ ਕਰਨ ਸਮੇਂ ਇਸ ਮਰਿਯਾਦਾ ਦਾ ਵੇਰਵਾ ਦਿਤਾ ਜਾਂਦਾ ਹੈ।
ਇਹਨਾਂ ਸਜਨਾਂ ਦੇ ਇਸ ਤਰਾਂ ਕਰਨ ਦਾ ਇੱਕ ਹੋਰ ਕਾਰਣ ਵੀ ਮੈਂ ਸੋਚਦਾ ਹਾਂ ਇਹ ਸੱਜਣ ਬਹੁਤ ਦੇਰ ਤੋਂ ਜਿਹੜੀ ਰਹਰਾਸਿ ਨੂੰ ਪੜੁਦੇ ਆ ਰਹੇ ਹਨ ਉਸ ਆਦਤ ਨੂੰ ਬਦਲਣਾ ਨਹੀਂ ਚਾਹੁੰਦੇ। ਉਨਾਂ ਦੇ ਮਨਾਂ ਵਿੱਚ ਇੱਕ ਵਹਿਮ ਵੀ ਬਣ ਚੁੱਕਾ ਹੈ ਕਿ ਜੇ ਪਹਿਲਾਂ ਪੜ੍ਹੀ ਜਾਂਦੀ ਰਹਰਾਸਿ ਨਾ ਪੜ੍ਹੀ ਗਈ ਤਾ ਪਤਾ ਨਹੀਂ ਕਿਤੇ ਗੁਰੂ ਸਾਹਿਬ ਨਰਾਜ ਨਾ ਹੋ ਜਾਣ ਜਾਂ ਸ਼ਾਇਦ ਕੋਈ ਵੱਡੀ ਭੁੱਲ ਨਾ ਹੋ ਜਾਵੇ। ਗੁਰਬਾਣੀ ਵਿੱਚ ਇਸ ਤਰਾਂ ਦੇ ਵਹਿਮ ਭਰਮ ਲਈ ਕੋਈ ਥਾਂ ਨਹੀਂ ਹੈ। ਗੁਰੂ ਜੀ ਦਾ ਹੁਕਮ ਹੈ
ਸਾਚੇ ਨਿਰਮਲ ਮੈਲੁ ਨ ਲਾਗੈ॥ ਗੁਰ ਕੈ ਸਬਦਿ ਭਰਮ ਭਉ ਭਾਗੈ॥ (ਪੰ: 686)
ਬਾਕੀ ਰਹੀ ਵੱਧ ਬਾਣੀ ਪੜੁਨ ਵਾਲੀ ਗੱਲ, ਇਹ ਸੱਜਣ ਸਲੋਕਾਂ ਨੂੰ ਪਉੜੀਆਂ ਤੇ ਪਉੜੀਆਂ ਨੂੰ ਸਲੋਕਾਂ ਤੋਂ ਬਿਨਾਂ ਪੜੁਨ ਲਗੇ ਕਿਉਂ ਨਹੀਂ ਸੋਚਦੇ। ਦਰਅਸਲ ਇਹ ਲੋਕ ਲਕੀਰ ਦੇ ਫਕੀਰ ਹਨ। ਬਾਣੀ ਨੂੰ ਵੱਧ ਰਹਰਾਸਿ ਦੇ ਪਾਠ ਵੇਲੇ ਹੀ ਪੜੁਨ ਦੀ ਜਿੱਦ ਕਿਉਂ ਕੀਤੀ ਜਾਂਦੀ ਹੈ? ਸਿੱਖ ਤਾਂ ਭਾਵੇਂ ਹਰ ਵੇਲੇ ਹੀ ਬਾਣੀ ਪੜ੍ਹੇ। ਇੰਜ ਲੱਗਦਾ ਹੈ ਕਿ ਇਨ੍ਹਾਂ ਸੱਜਣਾਂ ਨੂੰ ਬਾਣੀ ਬਾਰੇ ਜਿਆਦਾ ਸੂਝ ਨਹੀਂ ਹੈ। ਨਾਹੀ ਬਾਣੀ ਨੂੰ ਧਿਆਨ ਨਾਲ ਪੜੁਦੇ ਹਨ। ਜਾਂ ਫਿਰ ਇਹ ਸਾਰਾ ਕੁੱਝ ਜਾਣ ਬੁਝਕੇ ਕਰਦੇ ਹਨ ਤੇ ਪੰਥਕ ਏਕਤਾ ਇਨ੍ਹਾਂ ਨੂੰ ਸੁਖਾਂਦੀ ਨਹੀਂ ਅਸਲ ਵਿੱਚ ਅਜਿਹੇ ਸੱਜਣ ਹੀ ਜਾਣੇ-ਅਨਜਾਣੇ ਵਿੱਚ ਪੰਥ ਨੂੰ ਖੇਰੂੰ ਖੇਰੂੰ ਕਰਨ ਤੇ ਸੰਗਤ ਨੂੰ ਅਕਾਲ ਤਖਤ ਨਾਲੋਂ ਤੋੜਨ ਦੇ ਜੁੰਮੇਵਾਰ ਹਨ।
ਬਾਣੀ ਅਸੀਂ ਕਿੰਨੀ ਪੜੁਦੇ ਹਾਂ ਇਸ ਨਾਲ ਗੁਰੂ ਸਾਹਿਬ ਨੂੰ ਕੋਈ ਫਰਕ ਨਹੀਂ। ਪਰ ਗੁਰੁ ਪਾਤਸ਼ਾਹ ਇਹ ਦੇਖਦੇ ਹਨ ਕਿ ਜੋ ਬਾਣੀ ਅਸੀਂ ਪੜੁਦੇ ਹਾਂ ਉਸ ਤੇ ਅਮਲ ਕਿੰਨਾ ਕੀਤਾ ਜਾਂਦਾ ਹੈ। ਸਤਿਗੁਰੂ ਰਾਮਦਾਸ ਜੀ ਦਾ ਧਨਾਸਰੀ ਰਾਗ ਵਿੱਚ ਫੁਰਮਾਨ ਹੈ-
ਸੇਵਕ ਸਿਖ ਪੂਜਣ ਸਭਿ ਆਵਹਿ ਸਭਿ ਗਾਵਹਿ ਹਰਿ ਹਰਿ ਊਤਮ ਬਾਨੀ॥
ਗਾਵਿਆ ਸੁਣਿਆ ਤਿਨ ਕਾ ਹਰਿ ਥਾਇ ਪਾਵੈ ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ॥ 1॥
(ਪੰਨਾ 669)

ਹਰ ਸਿੱਖ ਜਿੰਨਾ ਨਿਤਨੇਮ ਸਿੱਖ ਰਹਿਤ ਮਰਯਾਦਾ ਵਿੱਚ ਦਸਿਆ ਗਿਆ ਹੈ ਘੱਟੋ-ਘੱਟ ਜਰੂਰ ਕਰੇ। ਬਾਕੀ ਜਿੰਨਾ ਵੀ ਸਮਾਂ ਗੁਰਬਾਣੀ ਦੀ ਸੰਗਤ ਵਿੱਚ ਲੱਗੇ ਬਹੁਤ ਚੰਗੀ ਗੱਲ ਹੈ।
ਅੰਤ ਵਿੱਚ ਸਾਰੇ ਸਿੱਖਾਂ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਹੈ ਕਿ ਰਹਰਾਸਿ ਦੇ ਪਾਠ ਦੀ ਜੋ ਬਣਤਰ ਪੰਥ ਪ੍ਰਵਾਨਤ ਸਿੱਖ ਰਹਿਤ ਮਰਿਯਾਦਾ ਵਿੱਚ ਦਰਸਾਈ ਗਈ ਹੈ ਉਸ ਨੂੰ ਅਪਨਾਇਆ ਜਾਵੇ। ਗੁਰਦੁਆਰਿਆ ਵਿੱਚ ਤੇ ਨਿੱਜੀ ਤੌਰ ਤੇ ਉਸੇ ਅਨੁਸਾਰ ਪਾਠ ਕੀਤਾ ਜਾਵੇ। ਇਸ ਤਰ੍ਹਾਂ ਹੀ ਪੰਥਕ ਏਕਤਾ ਦੇ ਅਸਾਰ ਬਣ ਸਕਦੇ ਹਨ। ਸ੍ਰੀ ਅਕਾਲ ਤਖਤ ਨੂੰ ਵੀ ਬੇਨਤੀ ਹੈ ਕਿ ਜਿਨ੍ਹਾਂ ਗੁਟਕਿਆਂ ਵਿੱਚ ਪੰਥਕ ਰਹਿਤ ਮਰਿਯਾਦਾ ਦੀ ਉਲੰਘਣਾ ਕੀਤੀ ਗਈ ਹੈ ਉਨ੍ਹਾਂ ਨੂੰ ਜਬਤ ਕੀਤਾ ਜਾਵੇ ਤੇ ਅੱਗੇ ਤੋਂ ਸਖਤ ਚਿਤਾਵਨੀ ਦਿੱਤੀ ਜਾਵੇ ਤਾਂ ਜੋ ਪੰਥ ਪ੍ਰਵਾਨਤ ਰਹਿਤ ਮਰਿਯਾਦਾ ਦੀ ਉਲੰਘਣਾ ਕਰਨ ਦੀ ਕੋਈ ਜੁਰਅਤ ਨਾ ਕਰ ਸਕੇ। ਇਸੇ ਤਰ੍ਹਾਂ ਹੀ ਸਮੁੱਚੀ ਕੌਮ ਇੱਕ ਮਰਿਯਾਦਾ ਦੀ ਧਾਰਨੀ ਬਣ ਸਕਦੀ ਹੈ।
ਭੁਲਾਂ ਚੁਕਾਂ ਲਈ ਖਿਮਾਂ – ਗੁਰੁ ਪੰਥ ਦੀ ਏਕਤਾ ਦਾ ਜਾਚਕ
ਨਰਿੰਦਰਪਾਲ ਸਿੰਘ
ਬਰਿਸਬਨ
ਆਸਟਰੇਲੀਆ
ਮੋਬਾਇਲ: 0434 348 453
.