ਨਵਾ ਗੁਰਦੁਆਰਾ
ਬਾਬੇ ਫੋਜਾ ਸਿੰਘ ਦੇ ਮਿੱਤਰ-ਦੋਸਤ
ਉਸ ਕੋਲੇ ਇੱਕ ਦਿਨ ਨਵਾ ਗੁਰਦੁਆਰਾ ਖ੍ਹੋਲਣ ਦੀ ‘ਸਕੀਮ’ ਲੈ ਕੇ ਆਏ। ਬਾਬਾ ਝੱਟ ਸਹਿਮਤ ਹੋ ਗਿਆ ਕਿ
ਚਲੋ ਗੁਰੂ ਦਾ ਘਰ ਹੈ, ਉਂਝ ਵੀ ਹੁਣ ਵਿਹਲੇ ਹਾਂ। ਉਸ ਹਾਮੀ ਭਰ ਦਿੱਤੀ ਅਤੇ ਡੱਟ ਕੇ ਸਮਰਥਨ ਦੇਣ
ਦਾ ਵਾਅਦਾ ਕੀਤਾ। ਆਏ ਮਿੱਤਰਾਂ ਦੱਸਿਆ ਕਿ ਫਲਾਂ ਥਾਂ ਤੇ ਇੱਕ ਮਿਲੀਅਨ ਡਾਲਰ ਦੀ ਜਗ੍ਹਾ ਮਿਲਦੀ
ਹੈ, ‘ਲੁਕੇਸ਼ਨ’ ਬਹੁਤ ਵਧੀਆ ਹੈ, ਲੋਕ ਤੁਰਕੇ ਗੁਰਦੁਆਰੇ ਆ ਸਕਦੇ ਹਨ। ਬਾਬੇ ਪੁੱਛਿਆ ਕਿ ਐਨਾ ਪੈਸਾ
ਕਿਥੋਂ ਆਵੇਗਾ?
ਸਕੀਮੀਆਂ ਦੱਸਿਆ ਕਿ ਬਾਹਲਾ ਪੈਸਾ ਦੇਣ ਦੀ ਲੋੜ ਨਹੀ, ਲੋਨ ਦਾ ਪ੍ਰਬੰਧ ਹੋ ਜਾਵੇਗਾ।
ਪਰ ਕਿਸ਼ਤਾਂ ਏਨੀਆਂ ਕੌਣ ਦੇਵੇਗਾ? ਬਾਬੇ ਪੁੱਛਿਆ।
ਕਿਸ਼ਤਾਂ ਲੋਕ ਦੇਣਗੇ!
ਉਹ ਕਿਵੇਂ? ਬਾਬਾ ਹੈਰਾਨ ਸੀ।
ਦੇਖੋ ਬਾਬਿਉ! ਇਹ ਜਗ੍ਹਾ ਘਰਾਂ ਦੇ ਨੇੜੇ ਹੈ, ਰੋਜ ਸਵੇਰੇ ਸ਼ਾਮ ਜੇ ਸੌ ਕੁ ਲੋਕ ਵੀ ਆਉਂਣ ਤਾਂ
ਬਿੱਜਲੀ ਪਾਣੀ ਤਾਂ ਇਹਦੇ ਵਿਚੋਂ ਨਿਕਲ ਆਇਆ ਕਰਨਾ। ਵੀਕਐਂਡ ਤੇ ਵਿਆਹ, ਜੰਮਣਾ-ਮਰਨਾ, ਅਖੰਡ ਪਾਠ,
ਘਰਾਂ `ਚ ਸਮਾਗਮ ਇਨਕਮ ਬਥੇਰੀ ਹੋ ਜਾਇਆ ਕਰਨੀ ਤੁਸੀਂ ਘਬਰਾਂਦੇ ਕਿਉਂ ਹੋ? ਚਾਰ ਅਖੰਡ ਪਾਠ ਵੀ
ਹਰੇਕ ਹਫਤੇ ਆ ਜਾਣ ਤਾਂ ਇੱਕ ਹਜਾਰ ਵੀ ਮੰਨ ਕੇ ਚਲੋ ਤਾਂ ਚਾਰ ਹਜਾਰ ਵੀਕ ਦੇ ਹਿਸਾਬ 16 ਹਜਾਰ ਤਾਂ
ਇਹੀ ਹੋ ਗਿਆ ਬਾਕੀ…
ਇਸ ਦਾ ਮੱਤਲਬ ਤੁਸੀਂ ਗੁਰਦੁਆਰਾ ਨਹੀ ਬਿੱਜਨੈਸ ਖ੍ਹੋਲਣ ਦੀ ਸੋਚ ਰਹੇ ਹੋ?
ਬਿੱਜਨੈਸ ਹੋਰ ਲੋਕ ਨਹੀ ਕਰਦੇ ਜੇ ਆਪਾਂ ਕਰਲਾਂਗੇ ਤਾਂ ਕੀ ਆਖਰ ਆ ਚਲੀ।
ਦੇਖੋ ਭਾਈ ਮੈ ਸਹਿਮਤ ਹਾਂ, ਗੁਰਦੁਆਰਾ ਜਰੂਰ ਬਣੇ, ਪਰ ਨਿਰ੍ਹਾ ਪੂਜਾ ਦਾ ਅਸਥਾਨ ਹੀ ਜੇ ਬਣਾਉਂਣਾ
ਤਾਂ ਰਹਿਣ ਦਿਉ ਅੱਗੇ ਹੀ ਬਥੇਰੇ ਹਨ।
ਚਲ ਬਾਬਾ ਤੂੰ ਦਸ ਫਿਰ ਕਿਵੇਂ ਬਣੇ।
ਗੁਰਦੁਆਰਾ ਗੁਰਮਤਿ ਦਾ ਸਕੂਲ ਹੋਣਾ ਚਾਹੀਦਾ ਨਾ ਕਿ ਬਿੱਜਨੈਸ। ਇਥੇ ਅਖੰਡ ਪਾਠਾਂ ਦੀਆਂ ਲੜੀਆਂ ਦੀ
ਬਜਾਇ ਗੁਰੂ ਗਰੰਥ ਸਾਹਿਬ ਵਿੱਚ ਲਿਖਿਆ ਕੀ ਏ, ਇਸ ਗੱਲ ਨੂੰ ਸਮਝਣ ਲਈ ਜੇ ਗੁਰਦੁਆਰਾ ਬਣਾਉਂਣਾ ਤਾਂ
ਮੈਂ ਨਾਲ ਹਾਂ।
ਦੇਖ ਬਾਬਾ! ਇੰਝ ਗੁਰਦੁਆਰੇ ਨਹੀ ਚਲਦੇ ਹੁੰਦੇ, ਜੇ ਲੋਕ ਆਪ ਪਾਠ ਕਰਨ, ਸਿਖਣ ਜਾ ਸਮਝਣ ਲੱਗ ਜਾਣ
ਤਾਂ ਮਾਇਆ ਦੇ ਗੱਫੇ ਕਿਥੋਂ ਆਉਂਣਗੇ, ਕਿਸ਼ਤਾਂ ਕਿਥੋਂ ਦੇ ਹੋਣਗੀਆਂ, ਗੋਲਕਾਂ ਕਿੰਝ ਭਰਨਗੀਆਂ?
ਅਖੰਡ ਪਾਠਾਂ ਦੇ ਸਿਰ ਹੀ ਤਾਂ ਗੁਰੁਦੁਆਰੇ ਚਲ ਰਹੇ। ਅਸੀਂ ਹੋਰ ਖ੍ਹੋਲਣ ਨੂੰ ਫਿਰਦੇਂ ਤੂੰ ਪਹਿਲੇ
ਚਲਦਿਆਂ ਵਿੱਚ ਵੀ ਵਿਘਨ ਪਾ ਰਿਹੈਂ, ਇਹ ਕਾਮਰੇਡੀ ਸੋਚ ਹੈ। ਚਲ ਛੱਡ ਬਾਬਾ ਤੂੰ ਦੱਸ ਸਹਿਮਤ ਹੈਂ
ਕਿ ਨਹੀ?
ਮੈਂ ਗੁਰੂ ਦੀ ਮੱਤ ਸਿੱਖਣ ਦਾ ਸਕੂਲ ਬਣਾਉਣ ਲਈ ਸਹਿਮਤ ਹੋ ਸਕਦਾਂ ਪਰ ਲੋਕਾਂ ਲਈ ਪੂਜਾ ਅਸਥਾਨ ਅਤੇ
ਤੁਹਾਡੇ ਲਈ ਬਿੱਜਨੈਸ ਨਹੀ, ਤੁਹਾਡਾ ਰਾਹ ਹੋਰ ਮੇਰਾ ਹੋਰ ਗੁਰ ਫਤਹਿ ਔਹ ਦਰਵਾਜਾ ਖੁਲ੍ਹਾ! !
ਬਾਬੇ ਦੇ ਭਾਈਬੰਦ ਫਿਰ ਨਹੀ ਬਾਬੇ ਕੋਲੇ ਵੜੇ ਨਾ ਉਹਨੀ ਬਾਬੇ ਨੂੰ ਕਦੇ ਕਵਾਇਆ ਪਰ ‘ਉਹਨਾ ਦਾ’
ਗੁਰਦੁਆਰਾ ਬੜੀ ਸ਼ਾਨ ਚਲ ਰਿਹਾ ਹੈ।
ਮੰਗਤਾ
ਬਾਬਾ ਫੋਜਾ ਸਿੰਘ ਪੰਜਾਬ ਗਿਆ
ਲੁਧਿਆਣੇ ਰੇਲਵੇ ਸਟੇਸ਼ਨ ਉਪਰ ਮੰਗਤਿਆਂ ਦੀ ਭੀੜ ਸੀ। ਇੱਕ ਮੰਗਤਾ ਬਾਬੇ ਕੋਲੇ ਆਇਆ, ਢਿੱਡ ਦਾ
ਵਾਸਤਾ ਪਾਕੇ ਉਹ ਅਸੀਸਾਂ ਦੀਆਂ ਝੜੀਆਂ ਲਾਉਂਣ ਲੱਗਾ। ਬੜਾ ਨਿਮਰ ਤੇ ਨਿਮਾਣਾ ਹੋਕੇ ਉਸ ਸਾਰੀ
ਦੁਨੀਆਂ ਦੀਆਂ ਬਾਦਸ਼ਾਹੀਆਂ ਬਾਬੇ ਦੇ ਨਾਂ ਆਇਦ ਕਰ ਦਿੱਤੀਆਂ। ਬਾਬੇ ਬਥੇਰਾ ਖਹਿੜਾ ਛਡਾਇਆ ਪਰ
ਮੰਗਤਾ ਬਾਦਸ਼ਾਹੀਆਂ ਦੇਣਂ ਨਹੀਂ ਹਟਿਆ ਪਰ ਜਦ ਉਸ ਦੇਖਿਆ ਕਿ ਬਾਬਾ ਜ੍ਹੇਬ ਵਿੱਚ ਹੱਥ ਪਾਉਂਣ ਵਾਲਾ
ਨਹੀ ਤਾਂ ਕੁੱਝ ਪਲ ਪਹਿਲੇ ਬਾਦਸ਼ਾਹੀਆਂ ਅਤੇ ਅਸੀਸਾਂ ਦੇਣ ਵਾਲਾ ਮੰਗਤਾ, ‘ਆ ਜਾਂਦੇ ਨੇ ਮਾਰੇ ਭੁੱਖ
ਦੇ ਬਾਹਰੋਂ’, ਵਰਗੀ ਬੁੜ-ਬੁੜ ਕਰਦਾ ਕਿਸੇ ਹੋਰ ਦੂਜੇ ਕੋਲੇ ਚਲਾ ਗਿਆ। ਬਾਬਾ ਸੁਣ ਰਿਹਾ ਸੀ ਕਿ
ਬਾਬੇ ਨੂੰ ਦੇ ਕੇ ਖੋਹੀਆਂ ਹੋਈਆਂ ਬਾਦਸ਼ਾਹੀਆਂ ਹੁਣ ਉਹ ਮੰਗਤਾ ਦੂਜੇ ਨੂੰ ਦੇ ਰਿਹਾ ਸੀ। ਦੁੱਧ
ਪੁੱਤ ਨਾਲ ਉਸਦੇ ਘਰ ਭਰ ਰਿਹਾ ਸੀ, ਉਮਰ ਦੇ ਹਿਸਾਬ ਜਿਥੇ ਬਾਬੇ ਨੂੰ ਉਹ ਪੋਤ-ਦੋਹਤ ਹੋਣ ਦੇ ‘ਵਰ’
ਦੇ ਰਿਹਾ ਸੀ ਉਥੇ ਨਾਲ ਵਾਲੇ ਦਾ ਘਰ ਮੁੰਡਿਆਂ ਨਾਲ ਭਰ ਰਿਹਾ ਸੀ।
ਬਾਬੇ ਨੂੰ ਕਨੇਡਾ ਰਹਿੰਦਾ ਅਪਣਾ ਇੱਕ ਗੁਆਂਢੀ ‘ਮੰਗਤਾ’ ਯਾਦ ਆਇਆ ਜਿਹੜਾ ਘਰੇ ਉਲਾਦ ਨਾ ਹੋਣ ਕਾਰਨ
ਪਹਿਲਾਂ ਗੁਰਦੁਆਰੇ ਦੀਆਂ ਸਰਦਲਾਂ ਰਗੜਿਆ ਕਰਦਾ ਸੀ, ਲੰਮੇ ਪੈ-ਪੈ ਅਰਦਾਸਾਂ, ਜੋੜਿਆਂ ਦੀ ਸੇਵਾ,
ਪਾਠਾਂ ਦੀਆਂ ਲੜੀਆਂ, ਘਰ ਕੀ, ਰੱਬ ਦਾ ਘਰ ਬਣਿਆ ਪਿਆ ਸੀ। ਪਰ ਉਸਨੂੰ ਜਾਪਿਆ ਐਵੇਂ ਗੱਲਾਂ ਹੀ ਨੇ
ਕਿ ਗੁਰੂ ਨੇ ਔਹਨੂੰ ਮੁੰਡਾ ਦਿੱਤਾ, ਔਹਨੂੰ ਵਰ ਦਿਤਾ ਲੱਗਦਾ ਕੁੱਝ ਨਹੀ ਦਿੱਤਾ ਵਿੱਤਾ ਤੇ ਹੁਣ
ਉਸਦਾ ਘਰ ਲਾਲਾਂ ਵਾਲੇ ਦਾ ਘਰ ਬਣ ਗਿਆ ਸੀ। ਹਰੇਕ ਹਫਤੇ ਲਾਲਾਂ ਵਾਲੇ ਦੇ ਰੋਟ ਪੱਕਦੇ, ਉਹੀ
ਮਹਿੰਮਾ ਜਿਹੜੀ ਗੁਰੂ ਦੀ ਗਾਈ ਜਾਂਦੀ ਸੀ ਹੁਣ ਉਹ ਲਾਲਾਂ ਵਾਲੇ ਦੀ ਗਾਈ ਜਾਣ ਲੱਗੀ, ਉਹੀ
ਡੰਡਾਉਤਾਂ ਜਿਹੜੀਆਂ ਗੁਰੂ ਅੱਗੇ ਕੀਤੀਆਂ ਜਾਂਦੀਆਂ ਸਨ, ਉਹ ਹੁਣ ਲਾਲਾਂ ਵਾਲੇ ਦੀਆਂ ਕੀਤੀਆਂ ਜਾਣ
ਲੱਗੀਆਂ ਪਰ ਲਾਲਾਂ ਵਾਲਾ ਵੀ ਕ੍ਰਿਪਾਲੂ ਨਾ ਹੋਇਆ ਉਸ ਤੋਂ ਬਾਅਦ ਕਈ ‘ਰੱਬ’ ਬਦਲੇ ਗਏ ਪਰ ਖੈਰ ਨਾ
ਪਈ।
ਮਰਦਾ ਕੀ ਨਹੀ ਕਰਦਾ ਤੇ ਉਸਨੂੰ ਪੰਜਾਬ ਰਹਿੰਦੇ ਕਿਸੇ ‘ਮਸ਼ਹੂਰ ਬਾਬਾ ਜੀ’ ਦੀ ਦਸ ਪਈ ਉਹ ਉਥੇ ਗਿਆ।
ਬਾਬੇ ਹੱਸੇ, ਖੂਬ ਹੱਸੇ, ਹੱਅਛਾ! ਇਹ ਗੱਲ ਐ, ਤੂੰ ਸੋਚਿਆ ਹੁਣ ਇਹਨਾ ਨੂੰ ਵੀ ਪਰਖ ਆਵਾਂ! ਹੈਂ?
ਤੇ ਦਿਆਲ ਹੋਏ ਬਾਬਾ ਜੀ ਨੇ ਬੀਬਾ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਆ, 28 ਦਿਨ ਵਾਲਾ ਸੰਪਟ ਪਾਠ
ਦੱਸਿਆ, ਜਿਹੜਾ ਡੇਰੇ ਵਿੱਚ ਹੀ ‘ਮਰਿਯਾਦਾ’ ਅਨੁਸਾਰ ਹੋਣਾ ਸੀ, ਬਾਬਾ ਜੀ ਨੇ ਸਾਰੀਆਂ ਵਿਧੀਆਂ
ਸਮਝਾ ਦਿਤੀਆਂ ਅਤੇ ਨਾਲ ਸਵਾ ਮਹੀਨਾ ਬੀਬਾ ਨੂੰ ਡੇਰੇ ਰਹਿਕੇ ਬਾਬਾ ਜੀ ਦੀ ਸੇਵਾ ਕਰਨ ਦੀ ਹਦਾਇਤ
ਕੀਤੀ…?
ਹੁਣ ਉਸਦਾ ਘਰ ਬਾਬਾ ਜੀ ਦਾ ਘਰ ਸੀ, ਮਾਸਟਰ ਬੈੱਡਰੂਮ ਵਿੱਚ ਬਾਬਾ ਜੀ ਦਾ ਆਸਣ ਸੀ, ਆਦਮ ਕੱਦ ਬਾਬਾ
ਜੀ ਦੇ ਸਰੂਪ ਸਨ, ਦੋਵੇਂ ਵਕਤ ਧੂਪ-ਬੱਤੀ ਹੁੰਦੀ ਸੀ।
ਬਾਬੇ ਫੌਜਾ ਸਿੰਘ ਨੇ ਦੇਖਿਆ ਕਿ ਤੁਰੇ ਫਿਰਦੇ ਮੰਗਤੇ ਨੂੰ ਇੱਕ ਅਵਾਰਾ ਜਿਹੇ ਬੰਦੇ ਨੇ ਨਸ਼ੇ ਦੇ
ਲੋਰ ਵਿੱਚ ਵੀਹਾਂ ਦਾ ਨੋਟ ਦੇ ਦਿੱਤਾ ਸੀ ਉਹ ਸਾਰੇ ਸਟੇਸ਼ਨ ਤੇ ਅਪਣੇ ਭਾਈਬੰਦਾਂ ਵਿੱਚ ਸਾਰਾ ਦਿਨ
ਉਸ ਬੰਦੇ ਦੀਆਂ ਸਿਫਤਾਂ ਦੇ ਪੁੱਲ ਬੰਨਦਾ ਰਿਹਾ ਸੀ ਬਾਕੀਆਂ ਨੂੰ ਦਿਤੀਆਂ ਉਸਦੀਆਂ ਬਾਦਸ਼ਾਹੀਆਂ ਦਾ
ਕੋਈ ਅਰਥ ਨਹੀ ਸੀ!
ਭੋਰਾ
ਬਾਬਾ ਜੀ ਦੀ ਉਮਰ ਹਾਲੇ ਅਠਾਰਾਂ
ਸਾਲ ਹੀ ਸੀ ਜਦ ਉਹ ਰੱਬ ਦੀ ਭਗਤੀ ਕਰਨ ਭੋਰੇ ਵਿੱਚ ਵੜ ਗਏ। ਉਹਨਾ ਬੜਾ ਹੀ ਉਗਰ ਤੱਪ ਕੀਤਾ, ਸਰੀਰ
ਉਹਨਾ ਦਾ ਸੁੱਕ ਗਿਆ, ਹਡੀਆਂ ਬਾਲਣ ਬਣ ਗਈਆਂ, ਸਿਰ ਵਿੱਚ ਜਟਾਵਾ ਬੱਝ ਗਈਆਂ। ਉਹ 20 ਸਾਲ ਭੋਰੇ
ਵਿਚੋਂ ਨਾ ਨਿਕਲੇ। ਜਿਸ ਦਿਨ ਉਹਨੀ ਨਿਕਲਨਾ ਸੀ, ਲੋਕਾਂ ਵਿੱਚ ਬੜਾ ਭਾਰੀ ਉਤਸ਼ਾਹ ਤੇ ਉਮਾਹ ਸੀ।
ਬੈਂਡ ਵਾਜੇ, ਫੁਲਝੜੀਆਂ, ਢੋਲ ਨਗਾਰੇ, ਵੰਨ ਸੁਵੰਨੇ ਲੰਗਰ। ਲੋਕ ਟਰਾਲੀਆਂ ਦੀਆਂ ਟਰਾਲੀਆਂ ਭਰੀ
ਇੱਕਠੇ ਆਣ ਹੋਏ। ਧੱਕਾ ਪਿਆ ਪਵੇ, ਮਾਈਆਂ ਪਈਆਂ ਤਰਸਣ ਬਾਬਾ ਜੀ ਦੀ ਚਰਨ ਧੂੜ ਮੱਥੇ ਲਾਉਂਣ ਨੂੰ।
ਆਖਰ ਉਹ ਸੁਲੱਖਣੀ ਘੜੀ ਆ ਗਈ ਜਦ ਬਾਬਾ ਜੀ ਨੇ ਬਾਹਰ ਨਿਕਲਨਾ ਸੀ। ਬੜੇ ਢੋਲ ਢਮੱਕੇ ਨਾਲ ਹੱਡੀਆਂ
ਦੀ ਮੁੱਠ ਬਾਬਾ ਜੀ ਬਾਹਰ ਆਏ। ਲੋਕਾਂ ਦੇਖਿਆ ਕਿ ਚੋਗੇ ਵਿੱਚ ਬਾਬਾ ਜੀ ਪਤਾ ਨਹੀ ਹੈ ਵੀ ਸਨ ਕਿ
ਨਹੀ ਜਾਂ ਉਂਝ ਹੀ ਹੱਡੀਆਂ ਉਪਰ ਕੱਪੜਾ ਪਾ ਕੇ ਦੋ ਸੇਵਾਦਾਰ ਲਈ ਆ ਰਹੇ ਹਨ। ਬਾਹਰ ਦੀ ਰੌਸ਼ਨੀ ਨੇ
ਬਾਬਾ ਜੀ ਦੀਆਂ ਅੱਖਾਂ ਚੁੰਧਿਆ ਦਿਤੀਆਂ। ਬੜੀ ਮੁਸ਼ਕਲ ਨਾਲ ਬਾਬਾ ਜੀ ਨੂੰ ਉੱਚੀ ਥੈਂ ਲੱਗੇ ਹੋਏ
ਸੰਘਾਸਨ ਪਰ ਬੈਠਾਇਆ ਗਿਆ। ਲੋਕ ਉਤਾਵਲੇ ਸਨ ਕਿ ਬਾਬਾ ਜੀ ਕੋਈ ਬੱਚਨ ਕਰਨ ਪਰ ਬਾਬਾ ਜੀ ਦਾ ਕੱਠਨ
ਤੱਪਾਂ ਨਾਲ ਤੱਪਿਆ ਹੋਇਆ ਕਮਜੋਰ ਸਰੀਰ ਕੰਬ ਰਿਹਾ ਸੀ। ਉਹ ਕੁੱਝ ਬੋਲਣਾ ਚਾਹੁੰਦੇ ਸਨ ਪਰ ਬੋਲ ਨਹੀ
ਸਕੇ ਤੇ ਭੀੜ ਤੋਂ ਘਬਰਾਕੇ ਕੁਰਸੀ ਤੋਂ ਡਿੱਗ ਪਏ। ਲੋਕਾਂ ਵਿੱਚ ਹਾ-ਹਾ ਕਾਰ ਮੱਚ ਗਈ, ਮਾਈਆਂ
ਵਾਗੁਰੂ-ਵਾਗੁਰੂ ਕਰਨ ਲੱਗ ਗਈਆਂ, ਕੋਈ ਧੰਨ ਬਾਬਾ ਜੀ, ਧੰਨ ਬਾਬਾ ਜੀ ਕਰੀ ਜਾਵੇ ਪਰ ਅਮਲੀਆਂ ਦਾ
ਗੇਬੂ ਆਪਦਾ ਹੀ ਰੌਲਾ ਪਾਈ ਜਾ ਰਿਹਾ ਸੀ,
ਲ਼ੈ, ਹੇ ਖਾਂ ਲਾਈਲਗ ਮੁੱਲਖ, ਜਿਹੜਾ ਅਪਣਾ ਆਪ ਨਹੀ ਸੰਭਾਲ ਸਕਦਾ ਉਹ ਦੁਨੀਆਂ ਦਾ ਕੀ ਸੰਵਾਰੇਗਾ!
ਹੈਂ? ਬਾਬਾ ਜੀ ਦੇ 20 ਸਾਲ ਅਮਲੀ ਜਿਹੇ ਬੰਦੇ ਨੇ ਖੇਹ ਕਰ ਦਿੱਤੇ।
ਨਵੀ ਸਕੀਮ
ਬਾਬਾ ਫੋਜਾ ਸਿੰਘ ਦੀ ਨੂੰਹ ਨਾਲ
ਕੰਮ ਕਰਦੀ ਪ੍ਰੀਤੀ ਅੱਜ ਕੰਮ ਤੋਂ ਘੰਟਾ ਲੇਟ ਸੀ। ਜਦ ਉਹ ਪਹੁੰਚੀ ਤਾਂ ਸਾਹੋ-ਸਾਹੀ ਹੋਈ ਪਈ ਸੀ।
ਬਾਬੇ ਦੀ ਨੂੰਹ ਨੇ ਪੁੱਛਿਆ ਕਿ ਅੱਜ ਖੈਰ ਏ, ਲੇਟ ਵੀ ਤੇ ਸਾਹੋ ਸਾਹੀ ਵੀ?
ਨੀ ਕਾਹਦੀ ਸਾਹੋ-ਸਾਹੀ ਘਰੇ ਅਖੰਡ ਪਾਠ ਸਾਹਬ ਰੱਖ ਕੇ ਆਈ ਆਂ!
ਬਾਬੇ ਦੀ ਨੂੰਹ ਅਤੇ ਹੋਰ ਕੰਮ ਕਰਦੀਆਂ ਬੀਬੀਆਂ ਹੈਰਾਨ ਸਨ ਕਿ ਇਥੇ ਤਾਂ ਕੋਈ ਨਿੱਕੀ-ਮੋਟੀ ਪਾਰਟੀ
ਹੋਵੇ ਤਾਂ ਮਹੀਨਾ ਪਹਿਲਾਂ ਰੌਲਾ ਪਿਆ ਰਹਿੰਦਾ ਇਹਨੂੰ ਕੀ ਐਮਰਜੰਸੀ ਹੋ ਗਈ ਕਿ ਚੁੱਪ ਕੀਤੇ ਹੀ ਘਰੇ
ਪਾਠ ਰੱਖ ਤਾ।
ਪੁੱਛਣ ਤੇ ਪ੍ਰੀਤੀ ਨੇ ਦੱਸਿਆ ਕਿ ਕਾਹਨੂੰ ਨੀ ਭੈਣੇ, ਰਾਤੀਂ ਸੁਣਿਆ ਕਿ ਗੁਰੂ ਜੀ ਦੇ ਪੁਰਬ ਦਾ
ਅਖੰਡ ਪਾਠ ਰੇਡੀਉ ਟੀ. ਵੀ. ਉਪਰ ਚਲੇਗਾ, ਸਵੇਰੇ ਉਠਦਿਆਂ ਹੀ ਸੱਸ ਮੇਰੀ ਕਹਿਣ ਲੱਗੀ ਕਿ ਮੈ ਵੀ
ਅਖੰਡ ਪਾਠ ਸੁੱਖਿਆ ਵਿਆ ਏ ਕਿਉਂ ਨਾ ਆਪਾਂ ਇਸੇ ਪਾਠ ਦਾ ਹੀ ਲਾਹਾ ਲੈ ਲਈਏ। ਸੱਸ ਜੀ ਦੇ ਕਹਿਣ ਦੀ
ਦੇਰ ਸੀ ਕਿ ‘ਸਕੀਮ’ ਸਾਰਿਆ ਦੇ ਪਸੰਦ ਆ ਗਈ ਪਰ ਟਾਇਮ ਬੜਾ ਥੋੜਾ ਸੀ। ਭੱਜ ਦੌੜ ਕੇ ਨਾਰੀਅਲ,
ਕੁੰਭ, ਧੂਪ ਬੱਤੀ ਤਾਂ ਲੱਭ ਗਈ ਪਰ ਲਾਲ ਕੱਪੜਾ ਨਹੀ ਲੱਭ ਸਕਿਆ। ਬਥੇਰੀ ਵਾਹ ਲਾਈ ਪਰ ਕਾਹਨੂੰ।
ਸੱਸ ਮੇਰੀ ਕਹਿੰਦੀ ਲਾਲ ਕੱਪੜੇ ਤੋਂ ਬਿਨਾ ਮਰਿਯਾਦਾ ਨੀ ਰਹਿੰਦੀ। ਭੈਣੇ! ਹਾਰ ਕੇ ਘਰੇ ਕੋਈ ਗੋਟੇ
ਵਾਲੀ ਲਾਲ ਚੁੰਨ੍ਹੀ ਮਿਲ ਗਈ ਉਸੇ ਵਿੱਚ ਨਾਰੀਅਲ ਵਲੇਟ ਕੇ ਰੱਖਿਆ। ਦੇਗ ਵੀ ਬਣਾਉਂਣੀ ਸੀ, ਪਰ
ਸ਼ੁਕਰ ਏ ਮੇਰੇ ਰੱਬ ਦਾ ਕਿ ਪਾਠ ਦੇ ਸਮੇ ਤੱਕ ਸਾਰਾ ਕੰਮ ਹੋ ਗਿਆ ਪਰ ਫਿਰ ਹੋਰ ਰੌਲਾ ਪੈ ਗਿਆ,
ਸੌਹਰਾ ਕਹੇ ਪਾਠ ਟੀ. ਵੀ. ਜੀ ਅੱਗੇ ਰੱਖਣਾ ਨਾਲੇ ਗੁਰੂ ਜੀ ਦਰਸ਼ਨ ਹੁੰਦੇ ਰਹਿਣਗੇ ਬੰਦਾ ਦੋਵੇ ਵਕਤ
ਮੱਥਾ ਟੇਕ ਲੈਂਦਾ, ਸੱਸ ਕਹਿੰਦੀ ਲੈ, ਹੇ ਖਾਂ! ਮੇਰੇ ਡਰਾਮਿਆਂ ਦੀ ਲੜੀ ਟੁੱਟ ਜਾਣੀ ਰੇਡੀਉ ਤੇ ਵੀ
ਸੁਣਦਾ ਈ ਆ, ਉਪਰ ਵਾਲੇ ਕਮਰੇ ਵਿੱਚ ਪਾਠ ਚਲਦਾ ਈ ਰਹਿਣਾ, ਹਾਹੋ! ਤੇ ਆਹ ਲਉ ਭੈਣੇ ਪ੍ਰਸਾਦ ਭੋਗ
ਤੇ ਸਾਰੀਆਂ ਬਰ-ਜਰੂਰ ਆਉਂਣਾ। ਹਾਂਅ!
ਨਜ਼ਰੀਆ
ਟਰੇਨ ਜਾ ਰਹੀ ਸੀ ਇੱਕ ਗੁਰੂ ਕਾ
ਸਿੱਖ ਉਸ ਟਰੇਨ ਵਿੱਚ ਬੈਠਾ ਹੈ। ਅਗਲੇ ਸਟੇਸ਼ਨ ਤੇ ਟਰੇਨ ਰੁਕਦੀ ਹੈ ਤੇ ਇੱਕ ਬਹੁਤ ਸੋਹਣੀ ਬੀਬੀ
ਸਿੰਘ ਦੀ ਸਾਹਮਣੀ ਵਾਲੀ ਸੀਟ ਤੇ ਆ ਕੇ ਬੈਠ ਜਾਂਦੀ ਹੈ। ਅਚਾਨਕ ਸਿੰਘ ਜੀ ਦੀ ਨਿਗਾਹ ਉਸ ਬੀਬੀ ਤੇ
ਪੈਂਦੀ ਹੈ। ਉਹ ਉਸ ਵਲ ਵੇਖਦੇ ਹਨ। ਫਿਰ ਦੁਬਾਰਾ ਦੇਖਦੇ ਹਨ ਤੇ ਇੰਝ ਕਈ ਵਾਰ ਦੇਖਦੇ ਹੀ ਚਲੇ
ਜਾਂਦੇ ਹਨ।
ਬੀਬੀ ਨਜ਼ਰਾਂ ਬਚਾਉਂਦੀ ਪ੍ਰੇਸ਼ਾਨ ਹੋਣ ਲੱਗਦੀ ਹੈ ਪਰ ਸਿੱਖ ਦੀ ਦਿੱਖ ਅਤੇ ਰੋਅਬ ਅਤੇ ਦੇਖਣੀ ਵਿਚੋਂ
ਬੇਸ਼ਕ ਬੀਬੀ ਨੂੰ ਕੋਈ ਮਾੜੀ ਦੁਰਗੰਧ ਨਹੀ ਆ ਰਹੀ ਪਰ ਇੰਝ ਨਜ਼ਰਾਂ ਤੋਂ ਬਚਣਾ ਉਸ ਲਈ ਮੁਸ਼ਕਲ ਹੋ
ਰਿਹਾ ਹੈ। ਆਖਰ ਉਸ ਹੌਸਲਾ ਕੀਤਾ ਤੇ ਪੁੱਛ ਹੀ ਲਿਆ ਕਿ ਸਿੰਘ ਜੀ ਤੁਹਾਡੇ ਚਿਹਰੇ ਦੇ ਹਾਵਭਾਵਾਂ
ਤੋਂ ਬੇਸ਼ਕ ਮੈਨੂੰ ਕੋਈ ਮਾੜੇ ਨਿਸ਼ਾਨ ਨਹੀ ਨਜ਼ਰ ਆ ਰਹੇ ਪਰ ਕ੍ਰਿਪਾ ਕਰਕੇ ਦਸੋ ਕਿ ਤੁਸੀਂ ਕਿਉਂ
ਮੁੜ-ਮੁੜ ਮੇਰੇ ਵਲ ਦੇਖਦੇ ਮੇਰੀ ਪ੍ਰੇਸ਼ਾਨੀ ਵਿੱਚ ਵਾਧਾ ਕਰ ਰਹੇ ਹੋ!
ਗੁਰੁ ਕਾ ਸਿੰਘ ਮੁਸਕਾਰਿਆ ਤੇ ਕਹਿਣ ਲੱਗਾ ਕਿ ਬੀਬਾ! ਮੈਨੂੰ ਪਤੈ ਕਿ ਤੈਨੂੰ ਪ੍ਰੇਸ਼ਾਨੀ ਹੋ ਰਹੀ
ਪਰ ਮੇਰੀ ਮਜਬੂਰੀ ਬਣ ਗਈ ਕਿ ਮੈਂ ਅਪਣੀਆਂ ਨਜ਼ਰਾਂ ਨਹੀ ਹਟਾ ਪਾ ਰਿਹਾ ਉਸ ਦਾ ਕਾਰਨ ਇਹ ਕਿ ਮੈਂ
ਜਿਉਂ-ਜਿਉਂ ਤੈਨੂੰ ਦੇਖਦਾ ਹਾਂ ਮੇਰਾ ਮਨ ਵਿਸਮਾਦ ਵਿੱਚ ਜਾ ਰਿਹਾ ਹੈ ਉਸ ਕਾਦਰ ਦੀ ਕਲਾ ਤੋਂ ਜਿਸ
ਇੱਕ ਹੱਡ, ਮਾਸ, ਆਂਤੜੀਆਂ, ਮਿੱਝ ਅਤੇ ਲਹੂ ਉਪਰ ਚਮੜੀ ਨੂੰ ਇਸ ਕਲਾ ਨਾਲ ਸਿਉਂਣਾਂ ਮਾਰੀਆਂ ਹਨ ਕਿ
ਦੁਨੀਆਂ ਦੇ ਆਲਮ-ਫਾਜ਼ਲ, ਰਿਸ਼ੀ-ਮੁਨੀ, ਦੇਵਤੇ, ਬਾਦਸ਼ਾਹ, ਵਜੀਰ, ਅਮੀਰ ਤੇ ਕਹਿੰਦੇ ਕਹਾਉਂਦੇ
ਖੱਬੀਖਾਨ ਇਸ ਕਲਾ ਨੇ ਰੋਂਦ ਕੇ ਰੱਖ ਦਿਤੇ। ਬੀਬਾ! ਤੇਰੇ ਵਲ ਮੁੜ-ਮੁੜ ਤਕ ਜਿਥੇ ਮੇਰੀਆਂ ਅੱਖਾਂ
ਅਗੋਂ ਲਹੂ ਲੁਹਾਨ ਹੋਏ ਪਏ ਧਰਤੀ ਦੇ ਉਹ ਸੂਰਮੇ ਯਾਦ ਆ ਰਹੇ ਹਨ ਜਿਹੜੇ ਇੰਨੀ ਕੁ ਕਹਾਣੀ ਪਿੱਛੇ
ਖੂਹਣੀਆਂ ਖਪਾ ਗਏ ਉਥੇ ਮੈਂ ਉਸ ਬਾਰੇ ਵੀ ਸੋਚ ਰਿਹਾਂ ਜਿਸ ਤੈਨੂੰ ਬਣਾਇਆ ਕਿ ਜਿਸ ਦੀ ਕਿਰਤ ਹੀ
ਇੰਨੀ ਕੋਮਲ ਤੇ ਖੂਬਸੂਰਤ ਹੈ ਉਹ ਆਪ ਕਿਹੋ ਜਿਹਾ ਹੋਵੇਗਾ!
ਗੁਲਾਮੀ
ਬਾਬਾ ਫੌਜਾ ਸਿੰਘ ਕਹਾਣੀ ਪੜ ਰਿਹਾ
ਹੈ। ਇਨਕਲਾਬ ਦੇ ਦਿਨ ਹਨ ਤੇ ਕੋਈ 50 ਦੇ ਕਰੀਬ ਜੋਸ਼ੀਲੇ ਇਨਕਲਾਬੀ ਹਕੂਮਤ ਨੇ ਫੜ ਕੇ ਜੇਹਲ ਵਿੱਚ
ਸੁੱਟ ਦਿਤੇ। ਕਿਸੇ ਨਹੀ ਗੌਲਿਆ ਉਹਨਾ ਨੂੰ। ਸਮਾ ਲੰਮਾ ਹੋ ਗਿਆ। ਲੋਕ ਭੁੱਲ ਗਏ ਕਿ ਕੋਈ ਸਾਡੇ ਲਈ
ਜਿਹਲਾਂ ਵਿੱਚ ਸੜ ਰਹੇ ਹਨ। 40-50 ਸਾਲ ਦੇ ਲੰਮੇ ਸਮੇ ਨੇ ਕੈਦੀਆਂ ਦਾ ਜਿਹਲ ਦੀਆਂ ਕੰਧਾਂ ਨਾਲ
ਮੋਹ ਪਾ ਦਿਤਾ। ਉਹਨਾ ਨੂੰ ਜਿਹਲ ਹੀ ਅਪਣਾ ਘਰ ਜਾਪਣ ਲਗ ਪਈ। ਉਹਨਾ ਨੂੰ ਉਹ ਮੱਕਸਦ ਭੁੱਲ ਗਿਆ ਜਿਸ
ਲਈ ਲੜਦੇ ਇਥੋਂ ਤਕ ਪਹੁੰਚੇ ਸਨ। ਬਾਹਰ ਦੀਆਂ ਹਵਾਵਾਂ ਵਿੱਚ ਉਹਨਾ ਦਾ ਦਮ ਘੁੱਟਦਾ। ਖੁਲ੍ਹੇ ਅਕਾਸ਼
ਵਿੱਚ ਉਹਨਾ ਨੂੰ ਭੈਅ ਆਉਂਣ ਲਗ ਪਿਆ।
ਪਰ ਉਹਨਾ ਦਾ ਸੁਚੇਤ ਮੋਹਰੀ ਕਿਸੇ ਤਰੀਕੇ ਜਿਹਲ ਵਿਚੋਂ ਨਿਕਲਣ ਵਿੱਚ ਸਫਲ ਹੋ ਗਿਆ। ਉਸ ਭੁੱਲ ਚੁਕੇ
ਲੋਕਾਂ ਨੂੰ ਦੋਬਾਰਾ ਇਕੱਠਿਆਂ ਕਰਕੇ ਸੰਗਠਨ ਕੀਤਾ। ਅਜਾਦੀ ਦੀ ਅੱਗ ਉਹਨਾ ਵਿੱਚ ਫਿਰ ਬਾਲੀ।
ਇਨਕਲਾਬ ਫਿਰ ਅਪਣੇ ਜੋਬਨ ਤੇ ਜਦ ਪਹੁੰਚ ਗਿਆ ਤਾਂ ਉਸ ਮੋਹਰੀ ਨੇ ਜਿਹਲ ਵਿੱਚ ਸੁਟੇ ਹੋਏ ਅਪਣੇ
ਪੁਰਾਣੇ ਸਾਥੀਆਂ ਦੀ ਸਾਰ ਲੈਂਦਿਆਂ ਜਿਹਲ ਤੇ ਧਾਵਾ ਬੋਲ ਦਿਤਾ। ਪਰ ਉਸ ਦੀ ਹੈਰਾਨੀ ਦੀ ਹੱਦ ਨਾ
ਰਹੀ ਜਦ ਉਸ ਦੇ ਸਾਥੀਆਂ ਨੇ ਉਸ ਨੂੰ ਪਾਗਲ ਆਖਕੇ ਦਫਾ ਹੋ ਜਾਣ ਲਈ ਕਹਿ ਦਿਤਾ ਜਿਹੜਾ ਉਹਨਾ ਦੇ
‘ਸੁੱਖ’ ਵਿੱਚ ‘ਵਿਘਨ’ ਪਾ ਰਿਹਾ ਸੀ। ਉਸ ਬੜਾ ਸਮਝਾਇਆ ਕਿ ਇਨਕਲਾਬ ਸਾਡੇ ਬੂਹੇ ਤੇ ਦਸਤਖੱਤ ਦੇ
ਰਿਹਾ ਹੈ ਅਸੀਂ ਜਿਸ ਮੱਕਸਦ ਲਈ ਤੁਰੇ ਸਾਂ ਉਹ ਮੰਜਲ ਸਾਡੇ ਪੈਰਾਂ ਹੇਠ ਹੈ ਪਰ ਲੰਮੇ ਸਮੇ ਤੋਂ
ਜਿਹਲ ਦੀਆਂ ਕੰਧਾਂ ਨਾਲ ਮੁਹੱਬਤਾਂ ਪਾਈ ਬੈਠੇ ਪੁਰਾਣੇ ਇਨਕਲਾਬੀਆਂ ਇਹ ਕਹਿ ਕੇ ਜਾਣ ਤੋਂ ਨਾਂਹ ਕਰ
ਦਿਤੀ ਕਿ ਤੇਰਾ ਸਿਰ ਖਰਾਬ ਹੈ, ਤੇਰੇ ਪਾਗਲ ਦੇ ਆਖੇ ਲੱਗ ਅਸੀਂ ਅਪਣਾ ‘ਘਰ’ ਕਿਉਂ ਛੱਡੀਏ!
ਬਾਬੇ ਫੌਜਾ ਸਿੰਘ ਨੂੰ ਕਹਾਣੀ ਪੜਦਿਆਂ ‘ਅਪਣੇ ਕੈਦੀ’ ਯਾਦ ਆ ਗਏ ਜਿਹੜੇ ਇਨਕਲਾਬ ਲਈ ਘਰੋਂ ਨਿਕਲੇ
ਸਨ ਪਰ ਥੋੜੇ ਸਮੇ ਵਿੱਚ ਹੀ ਜੀਹਨਾ ਨੂੰ ਫਿਰ ਤੋਂ ਉਹੀ ‘ਪਿੰਜਰੇ ਦੀ ਚੂਰੀ’ ਸਵਾਦ ਲਗਣ ਲਗ ਪਈ ਸੀ।
ਉਸੇ ‘ਜਿਹਲ’ ਨੂੰ ਹੀ ਨਮਸਤਕ ਹੋਣ ਲਗ ਪਏ ਸਨ ਜਿਸ ਵਿਚੋਂ ਨਿਕਲਣ ਲਈ ਉਹ ਬਾਹਾਂ ਮਾਰ-ਮਾਰ ਸੰਘ
ਪਾੜਦੇ ਰਹੇ ਸਨ। ਜਦ ਉਹਨਾ ਨੂੰ ਹੁਣ ਕੋਈ ਚੇਤੇ ਕਰਾਉਂਦਾ ਹੈ ਤਾਂ ਉਹ ‘ਸਮਾ ਬਦਲ ਗਿਆ’ ਦੱਸ ਕੇ
ਕਹਿਣ ਵਾਲੇ ਨੂੰ ਹੀ ਪਾਗਲ ਜਾਂ ਸਿਰ ਫਿਰਿਆ ਸਮਝਣ ਦੀ ‘ਸਿਆਣਪ’ ਵਰਤਣੀ ਠੀਕ ਸਮਝਦੇ ਹਨ!
ਗੁਰਦੇਵ ਸਿੰਘ ਸੱਧੇਵਾਲੀਆ