.

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਗੁਰਮਤਿ ਵਿੱਚ ਆਤਮਾ ਦਾ ਸੰਕਲਪ

ਭਾਗ ਚੌਥਾ

ਆਤਮਾ ਨਾ ਕਿਤੋਂ ਆਉਂਦੀ ਹੈ ਤੇ ਨਾ ਕਿਤੇ ਜਾਂਦੀ ਹੈ—

ਮਿਰਤਕ ਸਰੀਰ ਦੀ ਸੰਭਾਲ਼ ਲਈ ਕੋਈ ਸਾੜ ਦੇਂਦਾ ਹੈ, ਕੋਈ ਦੱਬ ਦੇਂਦਾ ਹੈ ਤੇ ਕਈਆਂ ਦਿਆਂ ਸਰੀਰਾਂ ਨੂੰ ਕੁੱਤੇ ਖਾ ਜਾਂਦੇ ਹਨ। ਕੋਈ ਜਲ ਪਰਵਾਹ ਕਰਨ ਵਿੱਚ ਸੁਭਾਗ ਸਮਝਦਾ ਹੈ ਤੇ ਕੋਈ ਸੁੱਕਿਆਂ ਖੂਹਾਂ ਵਿੱਚ ਸੁੱਟ ਕੇ ਜੀਵ ਦੀ ਗਤੀ ਹੋਣੀ ਸਮਝੀ ਬੈਠਾ ਹੈ। ਗੁਰੂ ਸਾਹਿਬ ਜੀ ਕਹਿ ਰਹੇ ਹਨ ਬੰਦਿਆ! ਸਾੜ੍ਹਨ ਦੱਬਣ ਨਾਲ ਤੂੰ ਇਹ ਨਹੀਂ ਦਾਅਵਾ ਕਰ ਸਕਦਾ ਕਿ ਰੂਹਾਂ ਕਿੱਥੇ ਗਈਆਂ ਹਨ ---

ਇਕ ਦਝਹਿ ਇੱਕ ਦਬੀਅਹਿ ਇਕਨਾ ਕੁਤੇ ਖਾਹਿ॥

ਇਕਿ ਪਾਣੀ ਵਿਚਿ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ॥

ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ॥

ਸਲੋਕ ਮ: 1 ਪੰਨਾ 648--

ਗੁਰੂ ਨਾਨਕ ਸਾਹਿਬ ਜੀ ਫਿਰ ਇਸ ਦਾ ਆਪ ਹੀ ਉੱਤਰ ਦੇਂਦੇ ਹਨ ਕਿ ਸਾਡੀ ਹੋਂਦ ਕੇਵਲ ਸਵਾਸਾਂ `ਤੇ ਹੈ ਜੇ ਸੁਆਸ ਚੱਲ ਰਹੇ ਹਨ ਤਾਂ ਅਸੀਂ ਜ਼ਿਉਂਦੇ ਹਾਂ ਜੇ ਅਗਲਾ ਸੁਆਸ ਨਾ ਆਇਆ ਤਾਂ ਅਸੀਂ ਮਿੱਟੀ ਦੀ ਢੇਰੀ ਹਾਂ --- ਹਵਾ ਤੋਂ ਸਵਾਸ ਚੱਲੇ ਤੇ ਹਵਾ ਵਿੱਚ ਹੀ ਅਲੋਪ ਹੋ ਗਏ --

ਹਮ ਆਦਮੀ ਹਾਂ ਇੱਕ ਦਮੀ ਮੁਹਲਤਿ ਮੁਹਤੁ ਨ ਜਾਣਾ॥

ਨਾਨਕੁ ਬਿਨਵੈ ਤਿਸੈ ਸਰੇਵਹੁ ਜਾ ਕੇ ਜੀਅ ਪਰਾਣਾ॥

ਧਨਾਸਰੀ ਮਹਲਾ ੧ ਪੰਨਾ ੬੬੦—

ਅਸੀਂ ਆਦਮੀ ਇੱਕ ‘ਦਮ’ ਦੇ ਮਾਲਕ ਹਾਂ ਕੀ ਪਤਾ ‘ਦਮ’ ਕਦੋਂ ਮੁੱਕ ਜਾਏ ਜਾਂ ਅਗਲਾ ਦਮ ਆਵੇ ਹੀ ਨਾ। ਸਾਨੂੰ ਆਪਣੀ ਜ਼ਿੰਦਗੀ ਦੀ ਮਿਆਦ ਦਾ ਕੋਈ ਪਤਾ ਨਹੀਂ।

ਅਤੇ--

ਰਾਮਕਲੀ ਮਹਲਾ 5॥ ਪਵਨੈ ਮਹਿ ਪਵਨੁ ਸਮਾਇਆ॥ ਜੋਤੀ ਮਹਿ ਜੋਤਿ ਰਲਿ ਜਾਇਆ॥

ਡਾਕਟਰ ਜੇਤਿੰਦਰ ਸਿੰਘ ਜੀ ਐਮ. ਡੀ. ਯੂ. ਐਸ. ਏ. ਵਾਲਿਆਂ ਨੇ ਸੌਖਿਆਂ ਸ਼ਬਦਾਂ ਵਿੱਚ ਸਮਝਾਇਆ ਕਿ ਜਿਸ ਤਰ੍ਹਾਂ ਕੋਈ ਮੋਟਰ ਗੱਡੀ ਜਾਂ ਮੋਟਰ ਸਾਇਕਲ ਦਾ ਜਦੋਂ ਨਵਾਂ ਢਾਂਚਾ ਤਿਆਰ ਕੀਤਾ ਜਾਂਦਾ ਹੈ ਤਾਂ ਉਸ ਵਿੱਚ ਤੇਲ ਪਾ ਕੇ ਉਸ ਨੂੰ ਸਟਾਰਟ ਕਰ ਲਿਆ ਜਾਂਦਾ ਹੈ ਤਾਂ ਉਹ ਇੱਕ ਜਾਨਦਾਰ ਚੀਜ਼ ਬਣ ਗਈ। ਤੇਲ ਤੇ ਹਵਾ ਦੇ ਪ੍ਰੈਸ਼ਰ ਨਾਲ ਮੋਟਰ ਗੱਡੀ ਇੱਕ ਥਾਂ ਤੋਂ ਦੂਜੀ ਥਾਂ `ਤੇ ਲਿਜਾਣ ਦੀ ਸਮਰੱਥਾ ਰੱਖਦੀ ਹੈ। ਕੁੱਝ ਇੰਜ ਹੀ ਸਾਡੇ ਸਰੀਰ ਦੀ ਬਣਤਰ ਹੈ--–ਮੂੰਹ ਵਿਚੋਂ ਹਵਾ ਬਾਹਰ ਕੱਢੀਏ ਤਾਂ ਉਹ ਹਵਾ ਵਿੱਚ ਹੀ ਲੀਨ ਹੋ ਜਾਂਦੀ ਹੈ। ਤੇ ਹਵਾ ਵਿਚੋਂ ਹੀ ਹਵਾ ਸਾਡੇ ਮੂੰਹ--ਨੱਕ ਰਾਂਹੀਂ ਅੰਦਰ ਜਾਂਦੀ ਹੈ ਜਿਸ ਨਾਲ ਸਾਡੀ ਜ਼ਿੰਦਗੀ ਹਰਕਤ ਕਰਦੀ ਨਜ਼ਰ ਆਉਂਦੀ ਹੈ।

ਆਮ ਪਰਚਾਰ ਕਰਦਿਆ ਸੁਣਿਆਂ ਜਾਂਦਾ ਹੈ ਕਿ ਭਈ ਤੂੰ ਮਾਤਾ ਦੇ ਗਰਭ ਵਿੱਚ ਪਰਮਾਤਮਾ ਦਾ ਨਾਮ ਸਿਮਰਦਾ ਸੀ ਹੁਣ ਤੂੰ ਪਰਮਾਤਮਾ ਦਾ ਨਾਮ ਨਹੀਂ ਜੱਪਦਾ ਤੇ ਇਹ ਪ੍ਰਮਾਣ ਦਿੱਤਾ ਜਾਂਦਾ ਹੈ ---

ਮਾਤ ਗਰਭ ਮਹਿ ਆਪਨ ਸਿਮਰਨੁ ਦੇ ਤਹ ਤੁਮ ਰਾਖਨਹਾਰੇ॥

ਪਾਵਕ ਸਾਗਰ ਅਥਾਹ ਲਹਰਿ ਮਹਿ ਤਾਰਹੁ ਤਾਰਨਹਾਰੇ॥

ਸੋਰਠਿ ਮਹਲਾ 5 ਪੰਨਾ 613—

ਮਾਤਾ ਦੇ ਗਰਭ ਵਿੱਚ ਬੱਚੇ ਨੂੰ ਸਵਾਸ ਮਾਤਾ, ਭਾਵ ਨਾੜੂਵੇ ਦੁਆਰਾ ਆਉਂਦੇ ਹਨ ਪਰ ਬੱਚਾ ਜਿਉਂ ਹੀ ਜਨਮ ਲੈਂਦਾ ਤੇ ਉਸ ਦਾ ਨਾੜੂਵਾ ਕੱਟਿਆ ਜਾਂਦਾ ਹੈ ਤਦ ਬੱਚਾ ਆਪਣੇ ਆਪ ਸੁਆਸ ਲੈਣ ਲੱਗਦਾ ਹੈ। ਸਾਰਾ ਟੱਬਰ ਜ਼ੋਰ ਲਗਾਵੇ ਤਾਂ ਜਾ ਕੇ ਕਿਤੇ ਬੱਚਾ ਦੋ ਸਾਲ ਉਪਰੰਤ ਬੋਲਣ ਦੇ ਸਮਰੱਥ ਹੁੰਦਾ ਹੈ। ਪਰ ਆਮ ਕਿਹਾ ਜਾਂਦਾ ਹੈ ਕਿ ਤੂੰ ਓੱਥੇ ਮਾਤਾ ਦੇ ਗਰਭ ਵਿੱਚ ਸਿਮਰਨ ਕਰਦਾ ਸੀ ਪਰ ਹੁਣ ਤੇਰਾ ਜਨਮ ਹੋ ਗਿਆ ਹੈ ਤੂੰ ਸਿਮਰਨ ਛੱਡ ਦਿੱਤਾ ਹੈ। ਜ਼ਰਾ ਦੇਖਣ ਵਾਲੀ ਗੱਲ ਹੈ ਕਿ ਜ਼ਬਾਨ ਤਾਂ ਚੱਲੀ ਦੋ ਸਾਲ ਉਪਰੰਤ, ਇਸ ਲਈ ‘ਮਾਤ ਗਰਭ ਮਹਿ ਆਪਨ ਸਿਮਰਨ ਦੇ’ ਦਾ ਭਾਵ ਅਰਥ ਹੈ ਕਿ ਪਰਮਾਤਮਾ ਦੀ ਨਿਹਸਚਤ ਕੀਤੀ ਹੋਈ ਕੁਦਰਤੀ ਨਿਯਮਾਵਲੀ ਦੇ ਅਧੀਨ ਹੀ ਬੱਚੇ ਦਾ ਜਨਮ ਹੋਇਆ ਹੈ। ਜਗਤ ਦੀ ਰਚਨਾ ਤਾਂ ਪਾਣੀ ਦੇ ਬੁਲਬਲੇ ਵਾਂਗ ਹੈ। ਪਾਣੀ ਤੇ ਬੁਲਬਲਾ ਦੇਖਣ ਨੂੰ ਦੋ ਲੱਗਦੇ ਹਨ ਪਰ ਅਸਲ ਵਿੱਚ ਇਹ ਦੋਨੋ ਇੱਕ ਹੀ ਹਨ ----

ਜੈਸੇ ਜਲ ਤੇ ਬੁਦਬੁਦਾ ਉਪਜੈ ਬਿਨਸੈ ਨੀਤ॥

ਜਗ ਰਚਨਾ ਤੈਸੇ ਰਚੀ ਕਹੁ ਨਾਨਕ ਸੁਨਿ ਮੀਤ॥

ਸਲੋਕ ਮਹਲਾ ੯ ਪੰਨਾ ੧੪੨੭—

ਕੀ ਬੁਲਬਲਾ ਤੇ ਪਾਣੀ ਵਿੱਚ ਕੋਈ ਜੋਤ ਬਾਹਰੋਂ ਆਈ ਹੈ? ਨਹੀਂ--ਜਿਸ ਤਰ੍ਹਾਂ ਮਨੁੱਖ ਸਵਾਸ ਲੈ ਰਿਹਾ ਹੈ ਏਸੇ ਤਰ੍ਹਾਂ ਹੀ ਬੁਲਬਲੇ ਨੇ ਆਪਣੇ ਸਵਾਸ ਹਵਾ ਵਿਚੋਂ ਲਏ ਹਨ। ਬੁਲਬਲੇ ਦੇ ਸਵਾਸ ਹਵਾ ਵਿੱਚ ਰਲ਼ ਗਏ ਬੁਲਬਲੇ ਦੀ ਹੋਂਦ ਖ਼ਤਮ ਹੋ ਗਈ। ਦੇਖਣ ਨੂੰ ਬੁਲਬਲਾ ਤੇ ਪਾਣੀ ਦੋ ਵੱਖੋ ਵੱਖਰੇ ਰੂਪ ਲੱਗਦੇ ਹਨ ਪਰ ਨਹੀਂ ਪਾਣੀ ਤੇ ਬੁਲਬਲਾ ਇੱਕ ਹੀ ਰੂਪ ਹਨ। ਪਾਣੀ ਵਿੱਚ ਹੀ ਬੁਲਬਲਾ ਜਨਮ ਲੈ ਰਿਹਾ ਹੈ ਤੇ ਪਾਣੀ ਵਿੱਚ ਹੀ ਬੁਲਬਲਾ ਖ਼ਤਮ ਹੋ ਰਿਹਾ ਹੈ। ਇਸ ਸਾਰੀ ਖੇਢ ਦਾ ਨਾਂ ‘ਜੋਤ’ ਹੈ, ਕਿਉਂਕਿ ਪਰਮਾਤਮਾ ਦੀ ਜੋਤ ਸਾਰਿਆਂ ਵਿੱਚ ਹੈ ਤੇ ਇਹ ਜੋਤ ਫਿਰ ਪਾਣੀ ਵਿੱਚ ਵੀ ਹੈ। ਫਿਰ ਇਸ ਦਾ ਅਰਥ ਹੈ ਕਿ ਪਾਣੀ ਵਿੱਚ ‘ਆਤਮਾ’ ਹੈ ਭਾਵ ਰੱਬ ਜੀ ਦੀ ਨਿਯਮਾਵਲੀ ਜਲ, ਥਲ ਤੇ ਅਕਾਸ਼ ਵਿੱਚ ਇਕਸਾਰ ਕੰਮ ਕਰ ਰਹੀ ਹੈ। ਜ਼ਰੇ ਜ਼ਰੇ ਵਿੱਚ ਉਸ ਦੀ ਜੋਤ (ਨੇਮ) ਕੰਮ ਕਰ ਰਹੀ ਹੈ ----

ਘਟ ਘਟ ਮੈ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ॥

ਕਹੁ ਨਾਨਕ ਤਿਹ ਭਜੁ ਮਨਾ ਭਉ ਨਿਧਿ ਉਤਰਹਿ ਪਾਰਿ॥

ਸਲੋਕ ਮਹਲਾ ੯ ਪੰਨਾ ੧੪੨੭—

ਤੇ ਇਸ ਨੂੰ ਹੋਰ ਸਮਝਣ ਲਈ ਕਿ ਪਰਮਾਤਮਾ ਦੀ ਜੋਤ ਸਾਰਿਆਂ ਵਿੱਚ ਹੈ ---

ਜਲਿ ਥਲਿ ਮਹੀਅਲਿ ਪੂਰਿਆ, ਰਵਿਆ ਵਿੱਚ ਵਣਾ॥

ਸੋ ਪ੍ਰਭੁ ਚਿਤਿ ਨ ਆਵਈ, ਕਿਤੜਾ ਦੁਖੁ ਗਣਾ॥

ਮਾਝ ਮਹਲਾ ੫ –ਪੰਨਾ ੧੩੩--

ਗੁਰੂ ਸਾਹਿਬ ਜੀ ਨੇ ਸੌਖੇ ਤਰੀਕੇ ਨਾਲ ਸਮਝਾ ਦਿੱਤਾ ਹੈ ਕਿ ਭਈ ਹਵਾ ਪਾਣੀ ਦੇ ਸੁਮੇਲ ਦੁਆਰਾ ਸੰਸਾਰ ਹੋਂਦ ਵਿੱਚ ਆਇਆ ਹੈ ਤੇ ਏਸੇ ਹੋਂਦ ਵਿਚੋਂ ਹੀ ਤੇਰੀ ਹੋਂਦ ਸਾਕਾਰ ਹੋਈ ਹੈ ----

ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ॥

ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ॥

ਸਿਰੀ ਰਾਗ ਮਹਲਾ ੧ ਪੰਨਾ ੧੯--

ਬੰਦਿਆ ਤੈਨੂੰ ਆਪਣੇ ਅਸਲੇ ਦੀ ਪਹਿਛਾਣ ਹੋਣੀ ਚਾਹੀਦੀ ਸੀ ਪਰ ਤੂੰ ਕਰਮ-ਕਾਂਡ ਦੇ ਚੱਕਰ ਵਿੱਚ ਉਲ਼ਝ ਕੇ ਰਹਿ ਗਿਆ ---

ਸਾਕਤ ਨਿਰਗੁਣਿਆਰਿਆ ਆਪਣਾ ਮੂਲੁ ਪਛਾਣੁ॥

ਰਕਤੁ ਬਿੰਦੁ ਕਾ ਇਹੁ ਤਨੋ ਅਗਨੀ ਪਾਸਿ ਪਿਰਾਣੁ॥

ਪਵਣੈ ਕੈ ਵਸਿ ਦੇਹੁਰੀ ਮਸਤਕਿ ਸਚੁ ਨੀਸਾਣੁ॥

ਸਿਰੀ ਰਾਗ ਮਹਲਾ 1 ਪੰਨਾ 63--

ਰਕਤ ਤੇ ਬਿੰਦ ਦਾ ਬਣਿਆ ਹੋਇਆ ਇਹ ਸਰੀਰ ਹੈ ਜੋ ਹਵਾ ਦੇ ਪੱਖੇ ਨਾਲ ਚੱਲ ਰਿਹਾ ਹੈ। ਆਪਣਾ ਮੂਲ ਪਛਾਣ ਭਾਵ ਸਦ ਗੁਣਾਂ ਨਾਲ ਸਦੀਵੀ ਸਾਂਝ ਪਉਣ ਦਾ ਯਤਨ ਕਰ। ਤੇਰੀ ਕੋਈ ਪਾਇਆਂ ਬਹੁਤ ਵੱਡੀ ਨਹੀਂ ਹੈ। ਜਿਸ ਤਰ੍ਹਾਂ ਕੰਪਿਊਟਿਰ ਦੀ ਚਿੱਪ ਵਿੱਚ ਪ੍ਰੋਗਰਾਮ ਪਿਆ ਹੁੰਦਾ ਹੈ ਓਸੇ ਤਰ੍ਹਾਂ ਮਾਂ ਦੇ ਖ਼ੂਨ ਤੇ ਪਿਤਾ ਦੀ ਬਿੰਦ ਦੁਆਰਾ ਤੇਰੇ ਜੋ ਦਿਮਾਗ ਦੀ ਚਿੱਪ ਉਤਪੰਨ ਹੋਈ ਹੈ ਉਸ ਵਿੱਚ ਸਾਰਾ ਪ੍ਰੋਗਰਾਮ ਨਿਸਚਿਤ ਕੀਤਾ ਹੋਇਆ ਹੈ। ਜਿੱਥੇ ਮਾਂ ਦੀ ਰਤ ਤੇ ਪਿਤਾ ਦੀ ਬਿੰਦ ਮਨੁੱਖੀ ਹੋਂਦ ਦੀ ਆਰੰਭਤਾ ਮੰਨੀ ਹੈ ਓਥੇ ਪੇਟ ਦੀ ਅਗਨੀ ਦੁਆਰਾ ਸਰੀਰ ਦੀ ਉਤਪਤੀ ਮੰਨੀ ਗਈ ਹੈ ---

ਰਕਤੁ ਬਿੰਦੁ ਕਰਿ ਨਿੰਮਿਆ ਅਗਨਿ ਉਦਰ ਮਝਾਰਿ॥

ਉਰਧ ਮੁਖੁ ਕੁਚੀਲ ਬਿਕਲੁ ਨਰਕਿ ਘੋਰਿ ਗੁਬਾਰਿ॥

ਪਉੜੀ ਜੈਤਸਰੀ ਕੀ ਵਾਰ ਮਹਲਾ ੫ ਪੰਨਾ ੭੦੬—

ਮਾਂ ਦੀ ਰਕਤ, ਪਿਤਾ ਦਾ ਵੀਰਜ ਤੇ ਪੇਟ ਦੀ ਅਗਨੀ ਵਿੱਚ ਐ ਮਨੁੱਖ ਤੂੰ ਉੱਗਿਆ ਸੈਂ, ਤੇਰਾ ਮੂੰਹ ਹੇਠਾਂ ਸੀ, ਗੰਦਾ ਤੇ ਡਰਾਉਣਾ ਸੈਂ, ਇੰਜ ਲੱਗਦਾ ਸੀ ਜਿਵੇਂ ਤੂੰ ਹਨੇਰੇ ਨਰਕ ਵਿੱਚ ਪਿਆ ਹੋਵੇਂ। ਨਵੇਂ ਸਰੀਰ ਦੀ ਹੋਂਦ ਤਿੰਨਾਂ ਦੇ ਸੁਮੇਲ ਤੋਂ ਹੋਈ ਹੈ।

ਜਦੋਂ ਮਾਂ ਵੀ ਨਹੀਂ ਸੀ ਤੇ ਪਿਤਾ ਵੀ ਨਹੀਂ ਸੀ ਤਾਂ ਓਦੋਂ ਇਹ ਜੀਵ ਆਤਮਾ ਕਿੱਥੇ ਰਹਿੰਦੀ ਸੀ? -- ਰਕਤੁ ਬਿੰਦੁ ਕੀ ਮੜੀ ਨ ਹੋਤੀ, ਮਿਤਿ ਕੀਮਤਿ ਨਹੀ ਪਾਈ॥

ਗੁਰਦੇਵ ਪਿਤਾ ਜੀ ਸਮਝਉਂਦੇ ਹਨ ਕਿ ਓਦੋਂ ਆਤਮਾ ਪਰਮਾਤਮਾ ਦੀ ਸਦਾ ਬਹਾਰ ਨਿਯਮਾਵਲੀ ਭਾਵ ਹਵਾ ਦੇ ਰੂਪ ਵਿੱਚ ਰਹਿ ਰਹੀ ਸੀ – ਨਾਭਿ ਕਮਲੁ ਅਸਥੰਭੁ ਨ ਹੋਤੋ, ਤਾ ਨਿਜ ਘਰਿ ਬਸਤਉ ਪਵਨੁ ਅਨਰਾਗੀ॥ ਜਿਵੇਂ ਸੰਸਾਰ ਦਾ ਵਿਕਾਸ ਹੋਇਆ ਤਿਵੇਂ ਤਿਵੇਂ ਸਰੀਰਾਂ ਦੀ ਹੋਂਦ ਸੰਸਾਰ ਵਿੱਚ ਆਉਂਦੀ ਗਈ। ਇਹ ਸਾਰੀ ਖੇਢ "ਤਾ ਨਿਜ ਘਰਿ ਬਸਤਉ ਪਵਨ ਅਨਰਾਗੀ" ਭਾਵ ਪਵਨ ਅਨੁਰਾਗੀ ਪ੍ਰੇਮ ਨਾਲ ਹਵਾ ਵਿੱਚ ਵੱਸਦਾ ਸੀ।

ਗੁਰੂ ਸਾਹਿਬ ਜੀ ਬਾਰ ਬਾਰ ਕਹਿ ਰਹੇ ਹਨ ਕਿ ਐ ਬੰਦੇ ਤੇਰੀ ਹੋਂਦ ਮਾਂ ਅਤੇ ਪਿਤਾ ਦੁਆਰਾ ਹੀ ਉਤਪੰਨ ਹੋਈ ਹੈ ---

ਮਾਤ ਪਿਤਾ ਸੰਜੋਗਿ ਉਪਾਏ ਰਕਤੁ ਬਿੰਦੁ ਮਿਲਿ ਪਿੰਡੁ ਕਰੇ॥

ਮਾਰੂ ਮਹਲਾ ੧ ਪੰਨਾ ੧੦੧੩—

ਇਸ ਵਿਚਾਰ ਨੂੰ ਹੋਰ ਖੋਹਲਦਿਆਂ ਹੋਇਆਂ ਗੁਰੂ ਸਾਹਿਬ ਜੀ ਫਰਮਾ ਰਹੇ ਹਨ ਕਿ ----

ਮਾ ਕੀ ਰਕਤੁ ਪਿਤਾ ਬਿਦੁ ਧਾਰਾ॥

ਮੂਰਤਿ ਸੂਰਤਿ ਕਰਿ ਆਪਾਰਾ॥

ਜੋਤਿ ਦਾਤਿ ਜੇਤੀ ਸਭ ਤੇਰੀ ਤੂ ਕਰਤਾ ਸਭ ਠਾਈ ਹੇ॥ 4

ਰਾਗ ਮਾਰੂ ਮਹਲਾ ੧ ਪੰਨਾ ੧੦੨੨-

ਅਤੇ --

ਬਿੰਦੁ ਰਕਤੁ ਮਿਲਿ ਪਿੰਡੁ ਸਰੀਆ॥ ਪਉਣੁ ਪਾਣੀ ਅਗਨੀ ਮਿਲਿ ਜੀਆ॥

ਮਾਰੂ ਮਹਲਾ ੧ ਪੰਨਾ ੧੦੨੬—

--- ਉਸ ਪਰਮਾਤਮਾ ਦੇ ਹੁਕਮ ਵਿੱਚ ਹੀ) ਪਿਤਾ ਦੇ ਵੀਰਜ ਦੀ ਬੂੰਦ ਤੇ ਮਾਂ ਦੇ ਪੇਟ ਦੇ ਲਹੂ ਨੇ ਮਿਲ ਕੇ (ਮਨੁੱਖਾ) ਸਰੀਰ ਬਣਾ ਦਿੱਤਾ । ਹਵਾ ਪਾਣੀ ਅੱਗ (ਆਦਿਕ ਤੱਤਾਂ ਨੇ ਮਿਲ ਕੇ ਜੀਵ ਰਚ ਦਿੱਤੇ 

ਮਾਂ ਦੀ ਰਕਤ ਤੇ ਪਿਤਾ ਦੇ ਬਿੰਦ ਵਿੱਚ ਜ਼ਿਉਂਦੀ ਹਰਕਤ ਹੀ ਨਵਾਂ ਸਰੀਰ ਪੈਦਾ ਕਰ ਸਕਦੀ ਹੈ। ਜੇਹਾ ਕਿ ਫਰਮਾਣ ਹੈ ----

ਗਰਭ ਅਗਨਿ ਮਹਿ ਜਿਨਹਿ ਉਬਾਰਿਆ॥

ਰਕਤ ਕਿਰਮ ਮਹਿ ਨਹੀ ਸੰਘਾਰਿਆ॥

ਮਾਰੂ ਮਹਲਾ ੫ ਪੰਨਾ ੧੦੨੬—

ਭਾਈ ! ਜਿਸ ਪਰਮਾਤਮਾ ਨੇ (ਜੀਵ ਨੂੰ) ਮਾਂ ਦੇ ਪੇਟ ਦੀ ਅੱਗ ਵਿੱਚ ਬਚਾਈ ਰੱਖਿਆ, ਜਿਸ ਨੇ ਮਾਂ ਦੀ ਰੱਤ ਦੇ ਕਿਰਮਾਂ ਵਿੱਚ (ਜੀਵ ਨੂੰ) ਮਰਨ ਨਾਹ ਦਿੱਤਾ ਉਸ ਨੇ (ਤਦੋਂ) ਆਪਣੇ (ਨਾਮ ਦਾ) ਸਿਮਰਨ ਦੇ ਕੇ ਰੱਖਿਆ ਕੀਤੀ 

ਸੋ ਇਹ ਸਮਝਿਆ ਜਾ ਸਕਦਾ ਹੈ ਕਿ ਆਤਮਾ ਕੋਈ ਬਾਹਰ ਨਹੀਂ ਭੱਜੀ ਫਿਰਦੀ ਨਾ ਹੀ ਕਿਸੇ ਅਸਮਾਨ ਤੋਂ ਹੇਠਾਂ ਇਸ ਨੇ ਆਉਣਾ ਹੈ। ਸੰਸਾਰ ਦੀ ਬਣੀ ਹੋਈ ਕੁਰਦਤੀ ਨਿਯਮਾਵਲੀ ਅਨੁਸਾਰ ਜੀਵਾਂ ਦੀ ਉਤਪਤੀ ਹੋ ਰਹੀ ਹੈ। ਹਾਂ ਮਾਨਸਿਕ ਕੰਮਜ਼ੋਰੀਆਂ ਕਰਕੇ ਤੇ ਮਾਨਸਿਕ ਤਲ਼ `ਤੇ ਹੀ ਅਸੀਂ ਕਈ ਜੂਨਾਂ ਵਿੱਚ ਹਰ ਰੋਜ਼ ਦਿਨੇ ਰਾਤ ਭਟਕਦੇ ਰਹਿੰਦੇ ਹਾਂ।
.