.

ਦਾੜ੍ਹਾ ਪ੍ਰਕਾਸ਼ ਜਾਂ ਬੱਝਾ ਹੋਇਆ?

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿੰਸੀਪਲ ਗੁਰਮਤਿ ਐਜੁਕੇਸ਼ਨ ਸੈਂਟਰ, ਦਿੱਲੀ ਮੈਬਰ, ਧਰਮ ਪ੍ਰਚਾਰ ਕਮੇਟੀ, ਦਿ: ਸਿ: ਗੁ: ਪ੍ਰ: ਕ: ਦਿੱਲੀ: ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

ਭਾਈ ਕਾਨ੍ਹ ਸਿੰਘ ਜੀ ਨਾਭਾ- ਗੁਰਮਤਿ ਮਾਰਤੰਡ ਭਾਗ ਪਹਿਲਾ ਦੇ ਪੰਨਾ 345 ਤੇ ਲਿਖਦੇ ਹਨ- "ਸਿਖਾਂ ਵਿੱਚ ਦਾੜ੍ਹੀ ਚੜਾਉਣ ਦਾ ਰਿਵਾਜ ਮਹਾਰਾਜਾ ਸ਼ੇਰ ਸਿੰਘ ਲਾਹੋਰ ਪਤਿ ਨੇ ਚਲਾਇਆ ਹੈ, ਪਰ ਦਾੜ੍ਹੀ ਦਾ ਨਿਰਮਲੇ ਸੰਤਾਂ ਵਾਂਙ ਇੱਕ ਪਾਸੇ ਚੜਾਉਣਾ ਜਾਂ ਜੂੜੀ ਕਰਨੀ ਅਰ ਜੂੜੀਆਂ ਨੂੰ ਦਾੜ੍ਹੀ ਵਿੱਚ ਉੜੰਗਨਾ ਅਥਵਾ ਹੋਰ ਕਿਸੇ ਢੰਗ ਨਾਲ ਦਾੜ੍ਹੀ ਬੰਨਣੀ ਧਰਮ ਵਿਰੁਧ ਨਹੀਂ, ਇਹ ਕੇਵਲ ਸਮੇਂ ਦੇ ਫੇਰ ਨਾਲ ਪੋਸ਼ਿਸ਼ ਦੀ ਤਬਦੀਲੀ ਜੇਹੀ, ਇੱਕ ਤਬਦੀਲੀ ਹੈ। ਸਿਖਾਂ ਵਿੱਚ ਦਾੜ੍ਹੀ ਦੇ ਰੋਮ ਨਾ ਕੱਟਕੇ, ਜਿਵੇਂ ਜਿਸਦੀ ਇਛਾ ਹੋਵੇ ਦਾੜ੍ਹੀ ਰਖ ਸਕਦਾ ਹੈ। ਦਾੜ੍ਹੀ ਚੜ੍ਹਾਉਣ ਵਾਲਾ ਰਹਿਤ ਵਿਰੁਧ ਕਰਮ ਨਹੀਂ"

ਦਾੜ੍ਹਾ ਪ੍ਰਕਾਸ਼ ਜਾਂ ਬੱਝਾ ਹੋਇਆ? ਇਸ ਸਮੇਂ ਪੰਥ `ਚ ਦੋਵੇਂ ਢੰਗ ਪ੍ਰਚਲਤ ਅਤੇ ਪ੍ਰਵਾਣ ਵੀ ਹਨ। ਦਾੜ੍ਹਾ ਬੰਨਣਾ ਇਉਂ ਹੀ ਹੈ ਜਿਵੇਂ ਸਿਰ `ਤੇ ਕੇਸਾਂ ਦਾ ਜੂੜਾ ਕਰਨਾ। ਇਹ ਨਾ ਹੀ ‘ਰਹਿਤ ਮਰਿਯਾਦਾ’ ਦੀ ਉਲੰਘਣਾ ਹੈ ਤੇ ਨਾ ਹੀ ਕੇਸਾਂ ਦਾੜ੍ਹੇ ਦੀ ਬੇਅਦਬੀ। ਫੌਜਾਂ ਵਿਚੋਂ ਸਰਕਾਰੀ ਤੌਰ ਤੇ ਪ੍ਰਾਪਤ ਚਿੱਠੀਆਂ ਦੇ ਉੱਤਰ ਵਿੱਚ ਖੁਦ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦਾੜ੍ਹਾ ਬੰਨਣ ਦੀ ਪ੍ਰਵਾਣਗੀ ਦੇ ਚੁੱਕੇ ਹਨ। ਦਾੜ੍ਹੇ ਦੀ ਕੱਟ ਵੱਢ ਵਾਲੀ ਕੁਰਹਿਤ ਅਤੇ ਦਾੜ੍ਹੀ ਰੰਗਣ ਵਾਲੀ ਭੁੱਲ, ਇਹ ਦੋਨੋਂ ਪੱਖ ਵੱਖਰੇ ਹਨ ਤੇ ਸਿੱਖੀ ਸਿਧਾਂਤਾਂ ਨਾਲ ਸਾਂਝ ਨਹੀਂ ਰਖਦੇ ਪਰ ‘ਦਾੜ੍ਹਾ ਪ੍ਰਕਾਸ਼ ਜਾਂ ਬੱਝਾ ਹੋਇਆ’ ਦੋਵੇਂ ਪ੍ਰਭਾਵ ਗੁਰਮਤਿ ਅਨੁਸਾਰ ਹਨ। ਇਕੋ ਸਰੂਪ ਦੇ ਦੋ ਪ੍ਰਗਟਾਵੇ ਹਨ, ਬਹਿਰੂਪੀਆਪਣ ਵੀ ਨਹੀਂ ਹਨ। ਗਹੁ ਨਾਲ ਦੇਖਿਆਂ, ਦਾੜ੍ਹੇ ਖੁਲੇ ਜਾਂ ਬੱਝੇ ਦਾ ਸੰਬੰਧ ਮਨੁਖ ਦੀ ਦਿੱਖ ਤੇ ਲੋੜ ਨਾਲ ਵੀ ਹੈ। ਜਦੋਂ ਦਾੜ੍ਹੇ ਦੇ ਪ੍ਰਕਾਸ਼ ਤੇ ਬਨ੍ਹਣ ਵਾਲੇ ਦੋਵੇਂ ਢੰਗ ਪ੍ਰਵਾਣਤ ਹਨ ਅਤੇ ਰਹਿਤ ਮਰਿਆਦਾ ਦੇ ਵਿਰੁਧ ਵੀ ਨਹੀਂ ਤਾਂ ਇਸਨੂੰ ਦਿੱਖ ਜਾਂ ਲੋੜ ਦੇ ਪਖੋਂ ਵੀ ਧਿਆਣ ਦੇਣ ਦੀ ਲੋੜ ਹੈ। ਸਾਡੇ ਵਿਚੋਂ ਅਨੇਕਾਂ ਅਜੇਹੇ ਮਿਲ ਜਾਣਗੇ ਜਿਨ੍ਹਾਂ ਦੀ ਦਿੱਖ ਉਘੜਦੀ ਹੀ ਉਦੋਂ ਹੈ ਜਦੋਂ ਉਹ ‘ਦਾੜ੍ਹਾ ਪ੍ਰਕਾਸ਼’ `ਚ ਵਿਚਰ ਰਹੇ ਹੁੰਦੇ ਹਨ। ਫਿਰ ਉਹ ਵੀ ਹਨ ਜਦੋਂ ਦਾੜ੍ਹਾ ਬਨ੍ਹਦੇ ਹਨ ਤਾਂ ੳਨ੍ਹਾਂ ਦੀ ਸ਼ਖਸੀਅਤ ਵਧੇਰੇ ਨਿੱਖਰਦੀ ਹੈ ਅਤੇ ਬੜੇ ਪ੍ਰਭਾਵਸ਼ਾਲੀ ‘ਸਰਦਾਰ ਸਾਹਿਬ’ ਨਜ਼ਰ ਆਉਂਦੇ ਹਨ।

‘ਸੇ ਦਾੜੀਆਂ ਸਚੀਆਂ ਜਿ ਗੁਰ ਚਰਣੀ ਲਗੰਨਿ’ ਇਸ ਸੰਬੰਧ `ਚ ਇੱਕ ਹੋਰ ਗਲ ਵੀ ਸਾਹਮਣੇ ਆਉਂਦੀ ਹੈ ਜਦੋਂ ਸਾਡੇ ਕੁੱਝ ਸੱਜਣ ਗੁਰਬਾਣੀ ਦੀ ਇਸ ਪੰਕਤੀ ਦੇ ਆਪਣੀ ਮਰਜ਼ੀ ਦੇ ਅਰਥ ਲੈ ਕੇ ਦਾੜ੍ਹਾ ਬੰਨਣ ਵਾਲਿਆ ਨੂੰ ਕੋਸਦੇ ਹਨ ਅਤੇ ਆਪਣੇ ਆਪ ਨੂੰ ਵੱਧੀਆ ਸਿੱਖ ਦਸਦੇ ਹਨ, ਕੇਵਲ ਇਸ ਲਈ ਕਿ ਓਨਾਂ ਦਾ ਦਾੜ੍ਹਾ ਪ੍ਰਕਾਸ਼ ਹੈ। ਗੁਰਮਤਿ ਪਖੋਂ, ਉਹਨਾਂ ਦੇ ਆਪਣੇ ਅੰਦਰ ਕਿੱਤਨੀ ਜਾਗ੍ਰਤੀ ਹੈ, ਕਈਂ ਵਾਰੀ ਤਾਂ, ਅਜੇਹੇ ਸੱਜਣ ਇਸ ਪਖੋਂ ਸੋਚਣ ਲਈ ਵੀ ਤਿਆਰ ਨਹੀਂ ਹੁੰਦੇ। ਸਲੋਕ ਹਨ- "ਸੇ ਦਾੜੀਆਂ ਸਚੀਆ ਜਿ ਗੁਰ ਚਰਨੀ ਲਗੰਨਿੑ॥ ਅਨਦਿਨੁ ਸੇਵਨਿ ਗੁਰੁ ਆਪਣਾ ਅਨਦਿਨੁ ਅਨਦਿ ਰਹੰਨਿੑ॥ ਨਾਨਕ ਸੇ ਮੁਹ ਸੋਹਣੇ ਸਚੈ ਦਰਿ ਦਿਸੰਨਿੑ॥ ੫੨॥ ਮੁਖ ਸਚੇ ਸਚੁ ਦਾੜੀਆ ਸਚੁ ਬੋਲਹਿ ਸਚੁ ਕਮਾਹਿ॥ ਸਚਾ ਸਬਦੁ ਮਨਿ ਵਸਿਆ ਸਤਿਗੁਰ ਮਾਂਹਿ ਸਮਾਂਹਿ॥ ਸਚੀ ਰਾਸੀ ਸਚੁ ਧਨੁ ਉਤਮ ਪਦਵੀ ਪਾਂਹਿ॥ ਸਚੁ ਸੁਣਹਿ ਸਚੁ ਮੰਨਿ ਲੈਨਿ ਸਚੀ ਕਾਰ ਕਮਾਹਿ॥ ਸਚੀ ਦਰਗਹ ਬੈਸਣਾ ਸਚੇ ਮਾਹਿ ਸਮਾਹਿ॥ ਨਾਨਕ ਵਿਣੁ ਸਤਿਗੁਰ ਸਚੁ ਨ ਪਾਈਐ ਮਨਮੁਖ ਭੂਲੇ ਜਾਂਹਿ॥ ੫੩॥ (ਪੰ: ੧੪੧੯)

ਸਚਾਈ ਇਹ ਹੈ-ਮਨੁੱਖਾ ਜੀਵਨ `ਚ ਜਦੋਂ ਚੇਹਰੇ ਤੇ ਦਾੜ੍ਹੀ ਫੁਟ ਪੈਂਦੀ ਹੈ ਤਾਂ ਮੰਨਿਆ ਜਾਂਦਾ ਹੈ ਕਿ ਮਨੁੱਖ ਆਪਣੇ ਬੱਚਪਨ ਦਾ ਅਲ੍ਹੜਪਣ ਛੱਡ ਕੇ ਸਿਆਣਾ ਹੋ ਗਿਆ ਹੈ, ਅਤੇ ਉਸਤੋਂ ਸੁਘੜ ਸੋਚਣੀ ਦੀ ਉਮੀਦ ਰਖੀ ਜਾਂਦੀ ਹੈ। ਇਥੇ ਪਾਤਸ਼ਾਹ ਜੀਵਨ ਦੇ ਬੱਚਪਨ ਦੀ ਹੱਦ ਟੱਪ ਚੁਕੇ ਮਨੁੱਖ ਨੂੰ ਚੇਤਾਵਨੀ ਦੇਂਦੇ ਹਨ "ਐ ਭਾਈ! ਤੇਰੇ ਚੇਹਰੇ ਤੇ ਦਾੜ੍ਹੀ ਆ ਚੁਕੀ ਹੈ (ਤੇਰਾ ਬੱਚਪਣ ਮੁੱਕ ਚੁਕਾ ਹੈ) ਸੰਸਾਰਕ ਮੋਹ-ਮਾਇਆ `ਚ ਡੁੱਬ ਕੇ ਤੇਰੇ ਜੀਵਨ ਦੀ ਸਚੀ ਸੁੰਦਰਤਾ ਨਹੀਂ ਉਭਰ ਸਕਦੀ ਅਤੇ ਤੇਰਾ ਚੇਹਰਾ ਪ੍ਰਭੁ ਦਰਗਾਹ `ਚ ਉਜਵਲ ਨਹੀਂ ਹੋ ਸਕਦਾ। ਅਸਲ `ਚ ਮੂੰਹ `ਤੇ ਦਾੜ੍ਹੀ ਦਾ ਆਉਣਾ (ਜੁਆਨੀ `ਚ ਕਦਮ ਰਖ ਲੈਣਾ) ਤਾਂ ਹੀ ਸਫ਼ਲਾ ਹੈ ਜੇ ਜੀਵਨ ਗੁਰੂ ਹੁਕਮਾਂ `ਚ ਚਲੇ ਤਾਂ" …। ਮੁਹਾਵਰਾ ਵੀ ਹੈ "ਤੇਰੇ ਮ੍ਹੂੰਹ ਤੇ ਦਾੜ੍ਹੀ ਆ ਗਈ ਹੈ ਹੁਣ ਤਾਂ ਸਿਆਣਿਆਂ ਵਾਲੀਆਂ ਗਲਾਂ ਕਰਿਆ ਕਰ"। ਦਰਅਸਲ ਇਥੇ ਵੀ ਇਹੀ ਵਿਸ਼ਾ ਹੈ।

ਦੋਨਾਂ ਹੀ ਸਲੋਕਾਂ ਦਾ ਦਾੜ੍ਹੀ ਲੰਮੀਂ ਜਾਂ ਛੋਟੀ, ਖੁਲੀ ਜਾਂ ਬੱਝੀ ਨਾਲ ਉੱਕਾ ਸੰਬੰਧ ਨਹੀਂ। ਜੇ ਅਜੇਹੇ ਗੁਰਬਾਣੀ ਵਿਰੁਧ ਬਦੋਬਦੀ ਅਰਥ ਲਏ ਜਾਣ, ਤਾਂ ਉਹਨਾਂ ਦਾ ਕੀ ਕਰੋਗੇ? ਜਿਨ੍ਹਾਂ ਨੂੰ ਦਾੜ੍ਹੀ ਅਜੇ ਫੁੱਟੀ ਹੀ ਨਹੀਂ। ਉਹਨਾਂ ਦਾ ਕੀ ਕਰੋਗੇ ਜਿਨ੍ਹਾਂ ਦੀ ਦਾੜ੍ਹੀ ਦਾ ਨਾਪ, ਸਾਰੀ ਉਮਰ ਹੀ ਇੰਨਾ ਛੋਟਾ ਰਹਿ ਜਾਂਦਾ ਹੈ ਕਿ ਬੱਝੀ ਦਾੜ੍ਹੀ ਵੀ ਉਸਤੋਂ ਵਧ ਫੈਲਾਅ ਰਖਦੀ ਹੈ। ਗੁਰੂਦਰ ਤੇ ਇਸਤ੍ਰੀ-ਪੁਰਖ ਦੋਨਾਂ ਦਾ ਦਰਜਾ ਬਰਾਬਰ ਹੈ, ਘੱਟ-ਵੱਧ ਨਹੀਂ। ਜੀਵਨ ਦੀ ਸਫਲਤਾ ਪਖੋਂ ਵੀ ਇਸ `ਚ ਰੱਤੀ ਫਰਕ ਨਹੀਂ। ਫ਼ਿਰ, ਦਾੜ੍ਹੀ ਤਾਂ ਇਸਤ੍ਰੀ ਸਰੀਰ ਦਾ ਅੰਗ ਹੀ ਨਹੀਂ। ਇਥੇ ਹੀ ਬਸ ਨਹੀਂ, ਸੰਸਾਰ `ਚ ਕਈ ਸੱਜਨ ਖੋਦੇ ਹੀ ਰਹਿ ਜਾਂਦੇ ਹਨ ਤੇ ਕਈ ਜੁਆਨੀ ਦੀ ਦਲਹੀਜ਼ ਵੀ ਪਾਰ ਨਹੀਂ ਕਰ ਸਕਦੇ। ਤਾਂ ਤੇ ਬਦੋਬਦੀ ਦੇ ਅਜੇਹੇ ਅਰਥਾਂ ਅਨੁਸਾਰ ਉਪ੍ਰੋਕਤ ਸੱਜਨਾਂ ਤੇ ਬੀਬੀਆਂ ਦਾ ਪਾਰ ਉਤਾਰਾ ਹੋ ਹੀ ਨਹੀਂ ਸਕਦਾ।

ਸਚਾਈ ਇਹ ਹੈ-ਸਾਨੂੰ ਅਜੇਹੀਆਂ ਸੋਚਣੀਆਂ ਤੋਂ ਉਭਰਣ ਦੀ ਲੋੜ ਹੈ। ਇਸ ਲਈ, ਦਾੜ੍ਹੀ ਪ੍ਰਕਾਸ਼ ਕਰਣਾ ਜਾਂ ਬਨ੍ਹਣਾ, ਗੁਰਬਾਣੀ ਸੇਧ ਜਾਂ ‘ਰਹਿਤ ਮਰਿਆਦਾ’ ਵਿਰੁਧ ਨਹੀਂ ਤੇ ਨਾ ਹੀ ਬਹਰੂਪੀਆਪਨ ਹੈ। ਦੋਵੇਂ, ਸਿੱਖੀ ਸਰੂਪ ਦੇ ਹੀ ਪ੍ਰਗਟਾਵੇ ਹਨ ਅਤੇ ਦੋਨਾਂ ਢੰਗਾਂ `ਚ ਕੇਸਾਂ ਦਾ ਬਰਾਬਰ ਦਾ ਸਤਿਕਾਰ ਹੈ। ਇਸਦੇ ਉਲਟ ਦਾੜ੍ਹੀ ਦੀ ਕੱਟ ਵੱਡ ਕੁਰਹਿਤ ਹੈ ਅਤੇ ਰੰਘਣਾ ਮਾਨਸਿਕ ਕਮਜ਼ੋਰੀ।

ਹੁਣ ਇਸੇ ਹੀ ਸੰਬੰਧ `ਚ ਗੁਰਬਾਣੀ ਦੇ ਉਹ ਫ਼ੁਰਮਾਨ ਵੀ ਲੈਣਾ ਚਾਹੁੰਦੇ ਹਾਂ ਜਿੱਥੇ ਪਾਤਸ਼ਾਹ ਨੇ ਲਫ਼ਜ਼ ਤਾਂ ਦਾੜ੍ਹੀ ਹੀ ਵਰਤਿਆ ਪਰ ਬਿਲਕੁਲ ਦੂਜੇ ਅਰਥਾਂ ਵਿਚ। ਮਿਸਾਲ ਵਜੋਂ "ਤਗੁ ਨ ਇੰਦ੍ਰੀ ਤਗੁ ਨ ਨਾਰੀ॥ ਭਲਕੇ ਥੁਕ ਪਵੈ ਨਿਤ ਦਾੜੀ" (ਪੰ: ੪੭੧) ਪ੍ਰਕਰਣ ਅਨੁਸਾਰ ਜਦੋਂ ਜੰਜੂ ਦਾ ਜ਼ਿਕਰ ਚਲ ਰਿਹਾ ਹੈ, ਗੁਰਦੇਵ, ਬ੍ਰਾਹਮਣ ਨੂੰ ਉਲ੍ਹਾਮਾ ਦੇਂਦੇ ਹਨ ਕਿ ਐ ਭਾਈ! ਲੋਕਾਂ ਨੂੰ ਤਾਂ, ਤੂੰ ਧਰਮ ਦੇਣ ਦਾ ਦਾਅਵੇਦਾਰ ਹੈ ਪਰ ਤੇਰਾ ਤਾਂ ਅਪਣੇ ਉਪਰ ਹੀ ਸੰਜਮ ਨਹੀਂ। ਮਾੜੇ ਕਰਮਾਂ ਤੋਂ ਨਾ ਹੀ ਤਾਂ ਤੇਰੇ ਹੱਥ, ਪੈਰ, ਅੱਖਾਂ ਆਦਿ ਇੰਦਰੇ ਰੁਕੇ ਹੋਏ ਹਨ, ਨਾ ਹੀ ਵਿਕਾਰਾ ਵਲੋਂ ਤੇਰੀ ਆਪਣੀ ਸੰਭਾਲ ਹੈ। ਸਮਾਜ `ਚ ਲੋਕ ਤੇਰੀ ਬੇਇਜ਼ਤੀ ਕਰਦੇ ਤੇ ਤੈਨੂੰ ਹੁੱਜਤਾਂ ਕਰਦੇ ਹਨ। ਭਾਵ ਧਾਰਮਿਕ ਆਗੂ ਹੋ ਕੇ ਵੀ, ਮਨ ਕਰ ਕੇ ਤੇਰੇ ਸ਼ਰਧਾਲੂ ਤੀਕ ਵੀ ਤੇਰਾ ਸਤਿਕਾਰ ਨਹੀਂ ਕਰਦੇ ਅਤੇ ਇਹੀ ਹੈ ਤੇਰਾ "ਭਲਕੇ ਥੁਕ ਪਵੈ ਨਿਤ ਦਾੜੀ"। ਹੋਰ ਦੇਖਿਆ ਜਾਵੇ ਤਾਂ ਅਜੋਕੇ ਚਲਣ `ਚ ਤਾਂ ਵਿਰਲਾ ਹੋਈ ਕੋਈ ਪੰਡਿਤ ਹੋਵੇਗਾ ਜਿਸਦੇ ਮੂੰਹ ਤੇ ਦਾੜ੍ਹੀ ਨਜ਼ਰ ਆਵੇ, ਲਗਭਗ ਸਫ਼ਾ ਚੱਟ ਹੀ ਹੁੰਦੇ ਹਨ ਫ਼ਿਰ ਵੀ ਗੁਰਦੇਵ ਨੇ ਇਥੇ ਲਫ਼ਜ਼ ਦਾੜ੍ਹੀ ਹੀ ਵਰਤਿਆ ਹੈ ਤਾਂ ਕਿਉਂਕਿ ਇਹ ਮੁਹਾਵਰਾ ਹੈ।

ਧਿਆਨ ਰਹੇ! ਗੁਰਬਾਣੀ, ਸਾਰੀ ਮਾਨਵਤਾ ਲਈ ਹੈ ਅਤੇ ਸੰਸਾਰ ਭਰ ਦੇ ਮਨੁੱਖ ਲਈ ਜੀਵਨ ਜਾਚ ਹੈ। ਜੇਕਰ ਸਿੱਖੀ ਸਰੂਪ ਤਾਂ ਧਾਰਣ ਕਰ ਲਿਆ, ਲੋਕਾਂ ਭਾਣੇ ਪੰਜ ਕਕਾਰੀ ਅਤੇ ਨਿੱਤਨੇਮੀ ਵੀ ਹੋ ਗਏ। ਇਸ ਤਰ੍ਹਾਂ ਸਾਡਾ ਪਹਿਰਾਵਾ ਤਾਂ ਸਿੱਖੀ ਤੇ ਗੁਰੂ ਦੇ ਅਨੁਕੂਲ ਹੋ ਗਿਆ। ਫ਼ਿਰ ਵੀ ਗੁਰਬਾਣੀ ਆਦੇਸ਼ਾਂ ਅਨੁਸਾਰ ਅਸਾਂ ਜੇਕਰ ਸਿੱਖੀ ਜੀਵਨ ਦੀ ਸੰਭਾਲ ਨਹੀਂ ਕੀਤੀ ਤਾਂ ਪ੍ਰਭੁ ਦੇ ਨਿਆਂ `ਚ ਸਾਡੀ ਹਾਲਤ ਵੀ "ਭਲਕੇ ਥੁਕ ਪਵੈ ਨਿਤ ਦਾੜੀ" ਹੈ ਕਿਉਂਕਿ ਪ੍ਰਭੂ ਦਰ ਤੇ ਤਾਂ "ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ" (ਬਾਣੀ ਜਪੁ) ਗੁਰਬਾਣੀ ਦਾ ਸਿਧਾਂਤ, ਸਾਰਿਆਂ ਲਈ ਹੀ ਹੈ। ਇਸ ਤਰ੍ਹਾਂ ਇਥੇ ਲਫ਼ਜ਼ ਦਾੜ੍ਹੀ ਇਸ ਅਰਥ `ਚ ਹੈ ਕਿ ਐ ਭਾਈ! ਤੇਰੇ ਮ੍ਹੂੰਹ ਤੇ ਦਾੜ੍ਹੀ ਆ ਚੁਕੀ ਹੈ ਫ਼ਿਰ ਵੀ ਤੂੰ ਬੇਇਜ਼ਤੀ ਕਰਵਾਈ ਫ਼ਿਰਦਾ ਹੈਂ।

ਹੋਰ ਲਵੋ! ਇੱਕ ਹੋਰ ਥਾਵੇਂ ਗੁਰਬਾਣੀ `ਚ ਲਫ਼ਜ਼ ਤਾਂ ‘ਦਾੜ੍ਹੀ’ ਹੀ ਹੈ ਪਰ ਪ੍ਰਕਰਣ ਦੂਜਾ ਹੈ। ਮੂੰਹ ਤੇ ਦਾੜ੍ਹੀ ਹੋਵੇ ਭਾਵੇਂ ਸਫ਼ਾ ਚੱਟ ਹੋਣ ਪਰ ਹੰਕਾਰੀ ਲੋਕ ਆਪਣੀ ਤਾਕਤ ਪੈਸੇ ਦੇ ਨਸ਼ੇ `ਚ ਆਪਣੀ ਦਾੜ੍ਹੀ ਤੇ ਹੱਥ ਮਾਰ ਕੇ ਮਜ਼ਲੂਮਾ, ਲੌੜਵੰਦਾ, ਕਮਜ਼ੋਰਾਂ ਤੇ ਦੂਜਿਆਂ ਤੇ ਅਪਣਾ ਵਾਧੂ ਦਾ ਰੋਅਬ ਪਾਂਦੇ ਤੇ ਧੱਕਾ ਕਰਦੇ ਹਨ। ਉਹਨਾਂ ਪ੍ਰਥਾਏ ਗੁਰਦੇਵ ਫ਼ੁਰਮਾਉਂਦੇ ਹਨ "ਗਰੀਬਾ ਉਪਰਿ ਜਿ ਖਿੰਜੈ ਦਾੜੀ॥ ਪਾਰਬ੍ਰਹਮਿ ਸਾ ਅਗਨਿ ਮਹਿ ਸਾੜੀ॥   ॥ ਪੂਰਾ ਨਿਆਉ ਕਰੇ ਕਰਤਾਰੁ॥ ਅਪੁਨੇ ਦਾਸ ਕਉ ਰਾਖਨਹਾਰੁ" (ਪੰ: ੧੯੯) ਜਦਕਿ ਇਥੇ ਵੀ ਪਾਤਸ਼ਾਹ ਨੇ ਲਫ਼ਜ਼ ਦਾੜ੍ਹੀ ਹੀ ਵਰਤਿਆ ਹੈ। ਤਾਂ ਤੇ ਸਾਨੂੰ ਇਹਨਾ ਵਾਧੂ ਦੀ ਖਿੱਚਾਤਾਣੀਆਂ ਚੋਂ ਨਿਕਲ ਕੇ ਸੰਸਰ ਤੀੰਕ ਇਮਾਨਦਾਰੀ ਤੇ ਲਗਣ ਨਾਲ ਨਿਰੋਲ ਗੁਰਮਤਿ ਸਿਧਾਂਤ ਅਤੇ ਜੀਵਨ-ਜਾਚ ਨੂੰ ਪਹੁੰਚਾਉਣ ਦੀ ਲੋੜ ਹੈ ਜਿਸਤੋਂ ਸੰਸਾਰ ਨੂੰ ਲਾਭ ਮਿਲ ਸਕੇ। ਕਿਉਂਕਿ ਸਿੱਖ ਧਰਮ, ਸਰਬਦੇਸ਼ੀ ਤੇ ਸਰਬਕਾਲੀ ਧਰਮ ਹੈ, ਇਸਦੇ ਇਸ ਮਹੱਤਵ ਨੂੰ ਸਮਝਣ ਦੀ ਲੋੜ ਹੈ। #11Gs02.4so8#
.